.

ਕੀ ਵੈਦ, ਡਾਕਟਰ, ਦਵਾਈਆਂ, ਦਵਾਖਾਨੇ ਅਤੇ ਹਸਪਤਾਲ ਬੰਦ ਹੋ ਜਾਣਗੇ?
ਅਵਤਾਰ ਸਿੰਘ ਮਿਸ਼ਨਰੀ (510) 432-5827

ਆਦਿ ਕਾਲ ਤੋਂ ਜਦੋਂ ਤੋਂ ਦੁਨੀਆਂ ਹੋਂਦ ਵਿੱਚ ਆਈ ਅਤੇ ਸਰੀਰਧਾਰੀ ਜੀਵ ਜੰਤ ਪੈਦਾ ਹੋਏ, ਪ੍ਰਮਾਤਮਾਂ ਨੇ ਸਭ ਲਈ ਖਾਣ-ਪੀਣ ਅਤੇ ਰਹਿਣ-ਸਹਿਣ ਦੇ ਸਾਧਨ ਵੀ ਪੈਦਾ ਕਰ ਦਿੱਤੇ ਬਲਕਿ ਬੱਚੇ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਮਾਂ ਦੇ ਅਸਥਣਾਂ ਵਿੱਚ ਦੁੱਧ ਪੈਦਾ ਹੋ ਜਾਂਦਾ ਹੈ। ਫਿਰ ਜਿਉਂ ਜਿਉਂ ਬੱਚਾ ਵਧਦਾ-ਫੁਲਦਾ ਹੈ ਉਸ ਦੀ ਖੁਰਾਕ ਅਤੇ ਪੁਸ਼ਾਕ ਵੀ ਬਦਲਦੀ ਜਾਂਦੀ ਹੈ। ਮਨੁੱਖ ਨੂੰ ਖਾਣ ਪੀਣ ਲਈ ਭੋਜਨ, ਪਹਿਨਣ ਲਈ ਕਪੜੇ ਅਤੇ ਰਹਿਣ ਲਈ ਘਰ ਦੀ ਜਰੂਰਤ ਹੈ। ਮਾਂ ਬਾਪ ਨੂੰ ਬੱਚੇ ਦੀ ਪਾਲਣਾ ਕਰਨੀ ਪੈਂਦੀ ਹੈ। ਵਿਦਿਆ ਹੁਨਰ ਆਦਿਕ ਸਿੱਖਣ ਲਈ ਸਕੂਲ, ਕਾਲਜ, ਵਿਦਿਆਲੇ ਅਤੇ ਯੂਨੀਵਰਸਿਟੀਆਂ ਵਿੱਚ ਜਾਣਾਂ ਪੈਂਦਾ ਹੈ। ਇਵੇਂ ਹੀ ਬੇਨਿਯਮੀਆਂ ਕਰਕੇ ਜਾਂ ਕੁਦਰਤੀ ਆਫਤਾਂ ਕਰਕੇ ਸਰੀਰ ਨੂੰ ਆ ਲੱਗੇ ਰੋਗਾਂ ਤੋਂ ਬਚਣ ਲਈ ਸਿਆਣੇ ਵੈਦ, ਡਾਕਟਰ ਆਦਿ ਤੋਂ ਰੋਗ ਮੁਤਾਬਿਕ ਦਵਾਈ ਲੈ ਕੇ ਨੇਮ ਨਾਲ ਖਾਣੀ ਅਤੇ ਕੁੱਝ ਗੱਲਾਂ ਦਾ ਪਰਹੇਜ ਵੀ ਰੱਖਣਾ ਪੈਂਦਾ ਹੈ ਤਾਂ ਸਰੀਰ ਤੰਦਰੁਸਤ ਹੋ ਜਾਂਦਾ ਹੈ ਪਰ ਜੇ ਪਰਹੇਜ ਨਾਂ ਰੱਖਿਆ ਜਾਵੇ ਤਾਂ ਰੋਗ ਦੂਰ ਨਹੀਂ ਹੁੰਦਾ ਸਗੋਂ ਹੋਰ ਵਧ ਜਾਂਦਾ ਹੈ-ਪੂਛਤ ਹੈ ਵੈਦ ਔਖਧ ਖਾਹਿ ਨਾ ਸੰਜਮ ਸੇ, ਕੈਸੇ ਮਿਟੇ ਰੋਗ ਸੁਖੁ ਸਹਜੁ ਸਮਾਈਐ॥ (ਭਾ. ਗੁ.) ਆਧਿ, ਬਿਆਧਿ ਅਤੇ ਉਪਾਧਿ ਕਰਕੇ ਰੋਗ ਹਨ। ਆਧਿ ਮਨ, ਬਿਆਧਿ ਸਰੀਰ ਅਤੇ ਉਪਾਧਿ ਸਰਦੀ-ਗਰਮੀ ਆਦਿਕ ਦੇ ਅਸਰ ਜਾਂ ਉਪਦ੍ਰਵਾਂ ਤੋਂ ਪੈਦਾ ਹੋਏ ਰੋਗ ਹਨ ਅਤੇ ਇਨ੍ਹਾਂ ਦਾ ਇਲਾਜ ਵੀ ਵੱਖ ਵੱਖ ਪ੍ਰਕਾਰ ਦਾ ਹੈ।
ਜਿੱਥੇ ਅੱਜ 21 ਵੀਂ ਸਦੀ ਵਿੱਚ ਵਿਗਿਆਨ ਖੋਜ ਦੀਆਂ ਸਿਖਰਾਂ ਛੂਹ ਰਿਹਾ ਹੈ ਓਥੇ ਧਰਮ ਦੇ ਨਾਂ ਤੇ ਵੱਖ ਵੱਖ ਦੁਕਾਨਾਂ ਖੋਲ੍ਹੀ ਬੈਠੇ ਸੰਤ ਬਾਬੇ ਅਤੇ ਪੀਰ ਜੋਤਸ਼ੀ ਜਨਤਾ ਨੂੰ ਗੁਮਰਾਹ ਕਰਨ ਦੀਆਂ ਵੀ ਸਿਖਰਾਂ ਛੋਹ ਰਹੇ ਹਨ। ਅਣਹੋਣੀਆਂ ਅਫਵਾਹਾਂ ਫਲਾਅ ਕੇ ਬਿਨਾ ਕਿਸੇ ਵੈਦ, ਡਾਕਟਰ ਅਤੇ ਦਵਾਈ ਦੇ ਰੋਗ ਨਾਸ ਕਰਨ ਦੇ ਦਾਅਵੇ ਕਰਦੇ ਹਨ। ਕਿਸੇ ਨੂੰ ਮੰਤ੍ਰਿਆ ਤਵੀਤ, ਧਾਗਾ ਜਾਂ ਪਾਣੀ ਦਿੰਦੇ ਹਨ, ਕਿਸੇ ਨੂੰ ਆਪਣੇ ਡੇਰਿਆਂ ਦੀਆਂ ਚੌਂਕੀਆਂ ਭਰਾਉਂਦੇ ਹਨ, ਕਿਸੇ ਨੂੰ ਧਰਮ ਗ੍ਰੰਥਾਂ ਦੇ ਗਿਣਤੀ ਮਿਣਤੀ ਦੇ ਪਾਠ ਕਰਾਉਣ ਦੀ ਸਿਖਿਆ ਦਿੰਦੇ ਹਨ, ਕਿਸੇ ਨੂੰ ਗਿਣਤੀ ਦੀਆਂ ਮਾਲਾ ਫੇਰਨ ਨੂੰ ਕਹਿੰਦੇ ਹਨ, ਕਿਸੇ ਨੂੰ ਬਕਰੇ-ਛਤਰੇ-ਮੁਰਗੇ ਕਿਸੇ ਖਾਸ ਜਗ੍ਹਾ ਤੇ ਚੜ੍ਹਾਉਣ ਲਈ ਕਹਿੰਦੇ ਹਨ ਅਤੇ ਕਿਸੇ ਨੂੰ ਚੌਰਸਤਿਆਂ ਅਤੇ ਘਰਾਂ ਵਿੱਚ ਵੱਖ ਵੱਖ ਕਿਸਮ ਦੇ ਟੂਣੇ ਕਰਕੇ ਰੋਗਾਂ ਤੋਂ ਮੁਕਤ ਹੋਣ ਦੀ ਸਿਖਿਆ ਦੇ ਕੇ, ਮਨ ਚਾਹੀਆਂ ਭੇਟਾ ਅਤੇ ਪੈਸੇ ਲੈ ਕੇ ਆਪ ਐਸ਼ੋ-ਇਸ਼ਰਤ ਅਤੇ ਅਰਾਮ ਦੀ ਜਿੰਦਗੀ ਮਾਣਦੇ ਹਨ। ਸੌ ਵਿੱਚੋਂ ਜੇ ਕੋਈ ਇੱਕ ਅੱਧਾ ਕੁਦਰਤੀ ਠੀਕ ਵੀ ਹੋ ਜਾਵੇ ਤਾਂ ਇਹ ਲੋਕ ਆਪਣੇ ਰੱਖੇ ਚੇਲਿਆਂ ਰਾਹੀਂ ਰਾਈ ਦਾ ਪਹਾੜ ਬਣਾਉਂਦੇ ਹੋਏ ਜਨਤਾ ਵਿੱਚ ਉਸ ਦਾ ਵੱਧ ਚੜ੍ਹ ਕੇ ਪ੍ਰਚਾਰ ਕਰਦੇ ਹਨ ਤਾਂ ਕਿ ਅੰਧ ਵਿਸ਼ਵਾਸ਼ੀ ਲੋਕ ਵਹੀਰਾਂ ਘੱਤ ਕੇ ਇਨ੍ਹਾਂ ਦੇ ਡੇਰਿਆਂ ਤੇ ਆ ਕੇ ਆਪਣੀ ਖੂਨ ਪਸੀਨੇ ਦੀ ਕਮਾਈ ਨੂੰ ਲੁਟੌਣ। ਇਉਂ ਅੰਧ ਵਿਸ਼ਵਾਸ਼ ਵਿੱਚ ਫਸ ਕੇ ਠੀਕ ਇਲਾਜ ਨਾ ਕਰਾਉਣ ਕਰਕੇ ਬਹੁਤੇ ਰੋਗ ਗ੍ਰਸਤ ਲੋਕ ਆਪਣੀ ਜਿੰਦਗੀ ਤੋਂ ਹੱਥ ਵੀ ਧੋ ਬੈਠਦੇ ਹਨ ਅਤੇ ਇਹ ਸਾਧਾਂ ਨੁਮਾਂ ਠੱਗ ਖਚਰਾ ਜਿਹਾ ਹਾਸਾ ਹੱਸ ਕੇ ਇਹ ਕਹਿ ਦਿੰਦੇ ਹਨ ਕਿ ਇਨ੍ਹਾਂ ਦੀ “ਲਿਖੀ” ਏਨੀ ਸੀ। ਫਿਰ ਮਰਿਆਂ ਦੇ ਮਰਨੇ-ਪਰਨਿਆਂ ਤੇ ਵੀ ਇਹ ਪਾਠ ਅਰਦਾਸਾਂ ਕਰਕੇ ਪੈਸੇ ਬਟੋਰਨ ਦਾ ਧੰਦਾ ਚਲਾਈ ਰੱਖਦੇ ਹਨ।
ਆਪ ਇਹ ਢੌਂਗੀ ਸਾਧ, ਸ਼ੂਗਰ, ਬਲੱਡ ਪ੍ਰੈਸ਼ਰ, ਕੈਸਟਰੋਲ ਆਦਿਕ ਬੀਮਾਰੀਆਂ ਦੇ ਮਰੀਜ ਵੀ ਹੁੰਦੇ ਹਨ ਅਤੇ ਮਹਿੰਗੇ ਤੋਂ ਮਹਿੰਗੇ ਹਸਪਤਾਲਾਂ ਵਿੱਚ ਮਹਿੰਗੇ ਤੋਂ ਮਹਿੰਗੀ ਦਵਾਈ ਅਤੇ ਚੰਗੇ ਤੋਂ ਚੰਗੇ ਡਾਕਟਰਾਂ ਕੋਲੋਂ ਆਪਣਾ ਇਲਾਜ ਕਰਵਾਉਂਦੇ ਹਨ ਪਰ ਲੋਕਾਂ ਨੂੰ ਉਪਦੇਸ਼ ਦਿੰਦੇ ਹਨ ਕਿ ਸਵਾ ਲੱਖ ਜਪੁਜੀ ਦੇ ਪਾਠਾਂ ਦੀ ਮਾਲਾ ਫੇਰੋ, ਅਖੰਡ ਪਾਠਾਂ ਦੀ ਇੱਕੋਤਰੀ ਕਰਾਓ, ਦੁਖਭੰਜਨੀ ਦੇ ਪਾਠ ਕਰੋ ਅਤੇ ਫਲਾਨੇ ਮੰਤਰ ਦਾ ਸਾਡੀ ਦੱਸੀ ਵਿਧੀ ਦੁਆਰਾ ਜਾਪ ਕਰੋ, ਤੁਹਾਡੇ ਰੋਗ ਹਟ ਜਾਣਗੇ, ਵੈਦਾਂ ਡਾਕਟਰਾਂ ਕੋਲ ਜਾਣ ਦੀ ਲੋੜ ਨਹੀਂ। ਜਰਾ ਸੋਚੋ! ਸਾਡੇ ਗੁਰੂਆਂ ਨੇ ਤਾਂ ਸਰੀਰ ਦੇ ਇਲਾਜ ਵਾਸਤੇ ਸੰਗਤ-ਪੰਗਤ ਦੇ ਨਾਲ ਦਵਾਖਾਨੇ ਵੀ ਖੋਲ੍ਹੇ ਹੋਏ ਸਨ ਜਿੱਥੇ ਲੋੜਵੰਦਾਂ ਦਾ ਇਲਾਜ ਕੀਤਾ ਜਾਂਦਾ ਸੀ। ਪ੍ਰੇਮੇ ਕੋਹੜੀ ਦਾ ਇਲਾਜ ਗੁਰੂ ਅਮਰਦਾਸ ਜੀ ਨੇ ਕੀਤਾ, ਗੁਰੂ ਅਰਜਨ ਸਹਿਬ ਜੀ ਨੇ ਕੋਹੜੀਆਂ ਦੇ ਇਲਾਜ ਲਈ ਦਵਾਖਾਨੇ ਖੋਲ੍ਹੇ ਜਿੱਥੇ ਚੰਗੇ ਚੰਗੇ ਵੈਦ ਰੋਗੀਆਂ ਦਾ ਇਲਾਜ ਕਰਦੇ ਸਨ। ਗੁਰੂ ਹਰਰਾਇ ਸਾਹਿਬ ਜੀ ਦਾ ਦਵਾਖਾਨਾਂ ਬੜਾ ਮਸ਼ਹੂਰ ਸੀ। ਕਹਿੰਦੇ ਹਨ ਕਿ ਇੱਕ ਵਾਰ ਗੁਰੂ ਦੋਖੀ ਔਰੰਗਜ਼ੇਬ ਦਾ ਵੱਡਾ ਭਾਈ ਦਾਰਾਸ਼ਕੋਹ ਜੋ ਸੂਫੀ ਖਿਆਲਾਂ ਦਾ ਸੀ ਕਿਸੇ ਭਿਆਨਕ ਰੋਗ ਦਾ ਸ਼ਿਕਾਰ ਹੋ ਗਿਆ, ਰਾਜੇ ਦਾ ਪੁੱਤ ਸੀ ਬੜੇ ਮਹਿੰਗੇ ਇਲਾਜ ਕਰਾਏ ਠੀਕ ਨਾ ਹੋਇਆ ਆਖਰ ਗੁਰੂ ਹਰਰਾਇ ਸਾਹਿਬ ਜੀ ਦੇ ਦਵਾਖਾਨੇ ਚੋਂ ਇਲਾਜ ਕਰਾ ਕੇ ਠੀਕ ਹੋਇਆ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਮਰੀਜਾਂ ਦੀ ਸੇਵਾ ਨੂੰ ਨਿਰੰਤਰ ਜਾਰੀ ਰੱਖਿਆ ਜਿਸ ਦੀ ਮਿਸਾਲ ਭਾਈ ਘਨੱਈਆ ਜੀ ਹਨ ਜੋ ਜ਼ਖਮੀਆਂ ਦੀ ਮਲ੍ਹਮ-ਪੱਟੀ ਕਰਿਆ ਕਰਦੇ ਸਨ। ਬਾਬਾ ਬੰਦਾ ਸਿੰਘ ਬਹਾਦਰ, ਸ੍ਰ. ਜੱਸਾ ਸਿੰਘ ਆਹਲੂਵਾਲੀਆ ਸੁਲਤਾਨੁਲ ਕੌਮ ਅਤੇ ਮਹਾਂਰਾਜਾ ਰਣਜੀਤ ਸਿੰਘ ਨੇ ਵੀ ਅੱਛੇ ਅੱਛੇ ਵੈਦ ਰੱਖੇ ਹੋਏ ਸਨ। ਅੱਜ ਵੀ ਇੰਡੀਆ ਵਿੱਚ ਕਈ ਗੁਰਦੁਆਰਿਆਂ ਵਿੱਚ ਫਰੀ ਡਿਸਪੈਂਸਰੀਆਂ ਅਤੇ ਹਸਪਤਾਲ ਚਲ ਰਹੇ ਹਨ।
ਧਿਆਨ ਨਾਲ ਪੜ੍ਹੋ! ਜੇ ਅਨੇਕ ਭਾਂਤੀ ਪਾਠ-ਪੂਜਾ, ਟੂਣੇ ਟਾਮਣ, ਮੰਤ੍ਰ ਜੰਤ੍ਰ, ਝੜਾਵੇ ਅਤੇ ਝਾੜ-ਫੂਕ ਨਾਲ ਹੀ ਜ਼ਖਮੀ ਅਤੇ ਰੋਗੀ ਠੀਕ ਹੋਣੇ ਹਨ, ਤਾਂ ਫਿਰ ਵੈਦਾਂ, ਡਾਕਟਰਾਂ, ਹਸਪਾਤਾਲਾਂ ਅਤੇ ਦਵਾਖਾਨਿਆਂ ਦੀ ਕੋਈ ਲੋੜ ਨਹੀਂ ਹੈ। ਇਸ ਤਰੀਕੇ ਨਾਲ ਸਰਕਾਰਾਂ ਅਤੇ ਲੋਕ ਲੱਖਾਂ ਡਾਲਰ ਬਚਾ ਸਕਦੇ ਹਨ। ਭਲਿਓ ਗੁਰਬਾਣੀ ਦਾ ਪਾਠ ਅਤੇ ਅਰਦਾਸ ਸਾਡੇ ਮਨ ਨੂੰ ਬਲਵਾਨ ਕਰਦੇ ਹਨ ਜੇ ਅਸੀਂ ਬਾਣੀ ਦੀ ਵਿਚਾਰ ਕਰਕੇ ਅਮਲ ਕਰੀਏ। ਦੇਖੋ! ਬਹੁਤੇ ਮਾਨਸਿਕ ਰੋਗ ਪ੍ਰਮੇਸ਼ਰ ਨੂੰ ਭੁਲਣ ਤੇ ਹੀ ਲਗਦੇ ਹਨ-ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ॥ (135) ਸੋ ਇਸ ਕਰਕੇ ਗਿਣਤੀ-ਮਿਣਤੀ ਦੇ ਪਾਠਾਂ ਅਤੇ ਸਾਧਾਂ ਦੇ ਦੱਸੇ ਮੰਤ੍ਰ ਜਾਪਾਂ ਅਤੇ ਝਾੜ-ਫੂਕਾਂ ਨਾਲੋਂ ਪ੍ਰਮਾਤਮਾਂ ਨੂੰ ਹਰ ਵੇਲੇ ਯਾਦ ਰੱਖੋ, ਮਨ ਬਲਵਾਨ ਹੋਵੇਗਾ। ਸਿਆਣੇ ਕਹਿੰਦੇ ਹਨ ਕਿ ਮਨ ਤੋਂ ਵਿਸਾਰਿਆ ਹੋਇਆ ਰੋਗ ਤਨ ਤੋਂ ਦੂਰ ਹੋ ਜਾਂਦਾ ਹੈ। ਦੁਖ-ਸੁਖ ਤਾਂ ਸਰੀਰ ਦੇ ਭੋਗ ਹਨ ਜਿਵੇਂ ਸਰੀਰ ਨੂੰ ਭੁੱਖ ਲੱਗਣ ਤੇ ਭੋਜਨ, ਪਿਆਸ ਲੱਗਣ ਤੇ ਪਾਣੀ, ਠੰਡ ਲੱਗਣ ਤੇ ਗਰਮ ਕਪੜਿਆਂ, ਇੱਕ ਥਾਂ ਤੋਂ ਦੂਰ ਜਾਣ ਵਾਸਤੇ ਮੌਕੇ ਦੀ ਸਵਾਰੀ ਦੀ ਲੋੜ ਹੈ ਇਵੇਂ ਹੀ ਕੋਈ ਰੋਗ ਲੱਗਣ ਤੇ ਵੈਦ, ਹਕੀਮ, ਡਾਕਟਰ, ਦਵਾਈ, ਦਵਾਖਾਨਾ ਅਤੇ ਹਸਪਤਾਲ ਦੀ ਲੋੜ ਹੈ। ਗੁਰਬਾਣੀ ਨੂੰ ਡੀਪਲੀ ਸਮਣ ਦੀ ਲੋੜ ਹੈ ਨਾਂ ਕਿ ਇਨ੍ਹਾਂ ਡੇਰੇਦਾਰ ਠੱਗਾਂ ਦੇ ਮਗਰ ਲੱਗ ਕੇ ਜੋ ਗੁਰਬਾਣੀ ਦੇ ਸਮੁੱਚੇ ਭਾਵ ਨੂੰ ਛੱਡ ਕੇ ਕਿਸੇ ਇੱਕ ਪੰਗਤੀ ਦਾ ਨਾਂ ਵਰਤ ਕੇ ਜਨਤਾ ਨੂੰ ਬੁਧੂ ਬਣਾ ਕੇ ਜਿੱਥੇ ਲੁੱਟ ਰਹੇ ਹਨ ਓਥੇ ਗੁਰਬਾਣੀ ਵਿਚਾਰਧਾਰਾ ਦਾ ਵੀ ਕਤਲ ਕਰ ਰਹੇ ਹਨ। ਗੁਰਬਾਣੀ ਮਨ- ਰੂਹ ਦੀ ਖੁਰਾਕ ਹੈ ਸਰੀਰ ਦੀ ਨਹੀਂ। ਸਰੀਰ ਬਾਰੇ ਤਾਂ ਲਿਖਿਆ ਹੈ-ਸਾਢੇ ਤ੍ਰੈ ਮਣ ਦੇਹੁਰੀ ਚਲੈ ਪਾਣੀ ਅੰਨਿ॥ (1383)
ਅੱਜ ਦਾ ਪੜ੍ਹਿਆ ਲਿਖਿਆ ਸਿੱਖ ਵੀ ਏਨਾ ਆਲਸੀ ਹੋ ਚੁੱਕਾ ਹੈ ਕਿ ਆਪ ਗੁਰਬਾਣੀ ਪੜ੍ਹਨ-ਵਿਚਾਰਨ ਦੀ ਥਾਂ ਡੇਰੇਦਾਰ ਸਾਧਾਂ ਸੰਤਾਂ ਦੇ ਦੱਸੇ ਮੁਤਾਬਕ ਭਾੜੇ ਦੇ ਪਾਠ ਹੀ ਕਰਵਾ ਰਿਹਾ ਹੈ ਤਾਂ ਹੀ ਅਗਿਆਨਤਾ ਕਰਕੇ ਕੋਈ ਸਰੀਰਕ ਰੋਗ ਹੋਣ ਤੇ ਵੀ ਡਾਕਟਰ ਕੋਲ ਜਾਣ ਦੀ ਬਜਾਏ ਸਾਧਾਂ ਕੋਲ ਜਾਂਦਾ ਹੈ ਜੋ ਗੁਰਬਾਣੀ ਦੇ ਕਿਸੇ ਸ਼ਬਦ ਨੂੰ ਕਿਸੇ ਖਾਸ ਵਿਧੀ ਦੁਆਰਾ ਸੰਪਟ ਲਾ ਕੇ ਚਾਲੀ ਦਿਨ ਪੜ੍ਹਨ ਦੀ ਸਿਖਿਆ ਦੇਣ ਦੇ ਨਾਲ, ਆਪਣੇ ਹਲਵੇ ਮੰਡੇ ਦੇ ਪ੍ਰਬੰਧ ਲਈ ਡੇਰੇ ਵਿੱਚ ਅਖੰਡ ਪਾਠ ਜਾਂ ਸੰਪਟ ਪਾਠ ਕਾਰਉਣ ਲਈ ਫੁਰਮਾਨ ਜਾਰੀ ਕਰ ਦਿੰਦੇ ਹਨ। ਅੱਜ ਦੇ ਗੁਰਬਾਣੀ ਵਿਚਾਰਧਾਰਾ ਨਾਲੋਂ ਟੁੱਟੇ ਸਿੱਖਾਂ ਨੂੰ ਕੌਣ ਸਮਝਾਵੇ ਕਿ ਅਜੋਕੇ ਸਾਧ ਡੇਰੇਦਾਰ ਗੁਰੂਆਂ-ਭਗਤਾਂ ਤੋਂ ਵੱਡੇ ਜਾਂ ਸਿਆਣੇ ਨਹੀਂ ਹਨ ਜਿਨ੍ਹਾਂ ਦੇ ਮੱਗਰ ਲੱਗ ਕੇ ਅਸੀਂ ਗੁਰੂ ਪ੍ਰਮੇਸ਼ਰ ਨੂੰ ਭੁਲੀ ਜਾ ਰਹੇ ਹਾਂ ਜਿਸ ਸਦਕਾ ਪਹਿਲਾਂ ਮਾਨਸਕ ਤੇ ਫਿਰ ਸਰੀਰਕ ਰੋਗਾਂ ਦੇ ਗ੍ਰਸਤ ਹੋ ਜਾਂਦੇ ਹਾਂ। ਗੁਰਬਾਣੀ ਤਾਂ ਬਾਰ ਬਾਰ ਸੇਧ ਦੇ ਰਹੀ ਹੈ ਕਿ-ਖਸਮੁ ਵਿਸਾਰਿ ਕੀਏ ਰਸ ਭੋਗ ਤਾਂ ਤਨਿ ਉਠਿ ਖਲੋਏ ਰੋਗ॥ (1256) ਸੋ ਜਿਵੇਂ ਸਾਡੀ ਰੂਹ ਨੂੰ ਨਾਮ-ਬਾਣੀ-ਵਿਚਾਰ-ਰੱਬੀ ਯਾਦ ਦੀ ਲੋੜ ਹੈ ਇਵੇਂ ਹੀ ਰੋਗ ਗ੍ਰਸਤ ਸਰੀਰ ਨੂੰ ਦਵਾ-ਦਾਰੂ ਦੀ ਲੋੜ ਹੈ ਜੋ ਨੀਮਾਂ-ਹਕੀਮਾਂ ਨੂੰ ਛੱਡ ਕੇ ਕਿਸੇ ਚੰਗੇ ਵੈਦ, ਡਾਕਟਰ ਕੋਲੋਂ ਹੀ ਲੈਣੀ ਚਾਹੀਦੀ ਹੈ ਨਾਂ ਕਿ ਨੀਮ-ਹਕੀਮਾਂ ਵਾਂਗ ਸਾਧਾਂ ਦੇ ਮਗਰ ਲੱਗ ਕੇ ਰੋਗ ਵਧਾ ਲੈਣਾ ਚਾਹੀਦਾ ਹੈ। ਇਸ ਲਈ ਵੈਦ, ਡਾਕਟਰ, ਦਵਾਈ, ਦਵਾਖਨੇ ਜਾਂ ਹਸਪਤਾਲ ਬੰਦ ਨਹੀਂ ਹੋਣਗੇ ਸਗੋਂ ਖੋਜ ਨਾਲ ਇਨ੍ਹਾਂ ਵਿੱਚ ਹੋਰ ਸੁਧਾਰ ਹੁੰਦਾ ਰਹੇਗਾ ਹਾਂ ਜਦ ਲੋਕ ਸੁਚੇਤ ਹੋ ਗਏ ਡੇਰੇ ਜਰੂਰ ਬੰਦ ਹੋ ਸਕਦੇ ਹਨ। ਗੁਰੂ ਭਲੀ ਕਰੇ ਸੁਮਤਿ ਬਖਸ਼ੇ! ਆਪਾਂ ਸਬਜਬਾਗੀ ਚਮਤਕਾਰਾਂ ਨੂੰ ਛੱਡ ਕੇ ਗੁਰਬਾਣੀ ਚਿੰਤਕ ਬਣ ਕੇ ਆਪਣਾ ਅਤੇ ਲੋਕਾਈ ਦਾ ਭਲਾ ਕਰੀਏ।
.