.

ੴ ਸਤਿ ਗੁਰ ਪ੍ਰਸਾਦਿ
ਗੁਰਦੁਆਰਿਆਂ ਵਿੱਚ ਹੁੱਲੜ ਬਾਜ਼ੀ

ਵਿਦੇਸ਼ਾਂ ਦੇ ਗੁਰਦਵਾਰਿਆਂ ਵਿਚਲੀਆਂ ਵਾਪਰ ਚੁੱਕੀਆਂ ਦੋ ਘਟਨਾਵਾਂ, ਜਿਨ੍ਹਾਂ ਵਿੱਚ ਕਈ ਸਿੱਖ ਜ਼ਖਮੀ ਹੋਏ। ਗੁਰਦਵਾਰਿਆਂ ਵਿੱਚ ਹੀ ਪੱਗਾਂ ਉਤਾਰੀਆਂ ਗਈਆਂ, ਪੈਰਾਂ ਹੇਠ ਰੋਲੀਆਂ ਗਈਆਂ। ਇਹ ਸਿੱਖ ਪੰਥ ਲਈ ਖਤਰੇ ਦੀ ਘੈਂਟੀ ਹੈ, ਜਿਸ ਬਾਰੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ। ਇਸ ਦੇ ਕਈ ਪੱਖ ਹਨ, ਜਿਵੇਂ:
ਜ਼ਾਹਰਾ ਤਾਂ ਇਹੀ ਜਾਪਦਾ ਹੈ ਕਿ, ਇਹ ਘਟਨਾ ਪ੍ਰੋ: ਦਰਸ਼ਨ ਸਿੰਘ ਦੇ ਪ੍ਰੋਗ੍ਰਾਮ ਨੂੰ ਲੈ ਕੇ ਵਾਪਰੀ, ਪਰ ਇਹ ਘਟਨਾ ਬਹੁਤ ਸਾਰੇ ਸਵਾਲਾਂ ਨੂੰ ਜਨਮ ਦਿੰਦੀ ਜਾਪਦੀ ਹੈ, ਜਿਵੇਂ:
ਜੇ ਗੁਰਦਵਾਰਿਆਂ ਵਿੱਚ ਹੀ ਸਿੱਖਾਂ ਦੀਆਂ ਦਸਤਾਰਾਂ ਉਤਰਨਗੀਆਂ ਤਾਂ ਸਿੱਖਾਂ ਦੀ ਦਸਤਾਰ, ਕਿੱਥੇ ਮਹਿਫੂਜ਼ ਰਹਿ ਸਕੇਗੀ?
ਕੀ ਕਿਸੇ ਨੂੰ ਹੱਕ ਹੈ ਕਿ ਉਹ, ਕਿਸੇ ਸਿੱਖ ਨੂੰ ਗੁਰਦਵਾਰੇ ਵਿਚੋਂ, ਨਰੋਲ ਗੁਰਬਾਣੀ ਦਾ ਕੀਰਤਨ ਕਰਨ, ਉਸ ਦੀ ਵਿਆਖਿਆ ਕਰਨ ਤੋਂ ਰੋਕ ਸਕੇ?
ਕੀ ਅਖੌਤੀ ਸਿੰਘ ਸਾਹਿਬਾਂ ਨੂੰ ਕੋਈ ਹੱਕ ਹੈ ਕਿ ਉਹ, ਕਿਸੇ ਗੁਰਸਿੱਖ ਵਲੋਂ ਗੁਰਦਵਾਰੇ ਵਿਚ, ਨਰੋਲ ਗੁਰਬਾਣੀ ਦਾ ਕੀਰਤਨ ਕਰਨ, ਸ਼ਬਦ ਦੀ ਵਿਆਖਿਆ ਕਰਨ ਤੇ ਪਾਬੰਦੀ ਲਗਾ ਸਕਣ?
ਕੀ ਪੁਜਾਰੀ ਲਾਣੇ ਦਾ ਇੱਕ ਪਾਸੜ ਫੈਸਲਾ, ਏਨੀ ਅਹਿਮੀਅਤ ਰੱਖਦਾ ਹੈ ਕਿ ਕੁੱਝ ਭੁੱਲੜ ਸਿੱਖ, ਉਸ ਫੈਸਲੇ ਨੂੰ ਲਾਗੂ ਕਰਵਾਉਣ ਲਈ, ਹੁੱਲੜ ਬਾਜ਼ੀ ਦਾ ਆਸਰਾ ਲੈਂਦਿਆਂ, ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਦਵਾਰੇ ਦੀ ਮਰਯਾਦਾ ਦੀਆਂ ਧੱਜੀਆਂ ਉੜਾ ਦੇਣ?
ਇਸ ਘਟਨਾ ਮਗਰੋਂ ਪੁਜਾਰੀਆਂ ਦਾ ਇਹ ਬਿਆਨ ਕਿ ਉਨ੍ਹਾਂ ਸਿੱਖਾਂ ਨੇ, ਅਕਾਲ ਤਖਤ ਸਾਹਿਬ ਦਾ ਹੁਕਮ ਮਨਵਾਉਣ ਲਈ ਇਹ ਸਭ ਕੁੱਝ ਕੀਤਾ ਹੈ, ਕਿਸ ਗੱਲ ਵਲ ਇਸ਼ਾਰਾ ਕਰਦਾ ਹੈ?
ਕੀ ਅਕਾਲ ਤਖਤ ਤੇ ਕਾਬਜ਼ ਲਾਣੇ ਦਾ ਹੁਕਮ, ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮ ਨਾਲੋਂ ਵੱਡਾ ਹੈ?
ਕੀ ਇਹ ਕਾਰੇ ਪੁਜਾਰੀਆਂ ਦੀ ਸ਼ਹਿ ਤੇ, ਸਿੱਖਾਂ ਵਿਚਲੀ ਖਾਨਾ ਜੰਗੀ ਦਾ ਬਿਗਲ ਤਾਂ ਨਹੀਂ? ਇਸ ਨੂੰ ਕੌਣ ਰੋਕੇਗਾ?
ਕੀ ਇਸ ਨਾਲ ਵਦੇਸ਼ਾਂ ਵਿਚ, ਅਪਣੀ ਦਸਤਾਰ, ਅਪਣੇ ਕਕਾਰਾਂ ਦੀ ਲੜਾਈ ਲੜ ਰਹੇ ਸਿੱਖਾਂ, ਸਿੱਖ ਜਥੇਬੰਦੀਆਂ ਦੇ ਸੰਘਰਸ਼ ਨੂੰ ਬਹੁਤ ਵੱਡੀ ਢਾਅ ਤਾਂ ਨਹੀਂ ਲੱਗੇ ਗੀ?
ਕੀ ਇਹ ੧੮੦੦ ਈਸਵੀ ਤੋਂ ਚੱਲ ਰਹੀ, ਸਿੱਖ ਵਰੋਧੀ ਲਹਿਰ ਦਾ ਆਖਰੀ ਕਾਰਾ ਤਾਂ ਨਹੀਂ ਜਿਸ ਨਾਲ ਸਿੱਖੀ ਦਾ ਹਾਲ ਵੀ ਸਹਿਜੇ ਹੀ ਬੁੱਧ ਅਤੇ ਜੈਨ ਧਰਮ ਵਾਲਾ ਕੀਤਾ ਜਾ ਸਕੇ?
ਕੀ ਹੁਣ ਸਿੱਖਾਂ ਦੇ ਆਪਸੀ ਫੈਸਲੇ ਵਿਚਾਰਾਂ ਦੀ ਥਾਂ ਡਾਂਗਾਂ ਅਤੇ ਕਿਰਪਾਨਾਂ ਨਾਲ ਹੋਇਆ ਕਰਨਗੇ? ਜੇ ਸਿੱਖਾਂ ਵਿੱਚ ਅਜਿਹੀ ਪਿਰਤ ਪੈ ਗਈ ਤਾਂ ਉਸ ਦਾ ਸਿੱਟਾ ਕੀ ਨਿਕਲੇਗਾ? ਪੰਥ ਦਾ ਭਵਿੱਖ ਕੈਸਾ ਹੋਵੇਗਾ?
ਕੀ ਇਸ ਨਾਲ ਵਦੇਸ਼ੀ ਸਰਕਾਰਾਂ ਅਤੇ ਭਾਰਤ ਸਰਕਾਰ ਨੂੰ ਸਿੱਖਾਂ ਦੀ ਕਿਰਪਾਨ ਤੇ ਪਾਬੰਦੀ ਲਗਾਉਣ ਦਾ ਬਹਾਨਾ ਮਿਲਣ ਦੀ ਸੰਭਾਵਨਾ ਤਾਂ ਨਹੀਂ?
ਇਸ ਦੇ ਨਾਲ ਹੀ ਕੁੱਝ ਹੋਰ ਮੁੱਦੇ ਵਿਚਾਰਨ ਵਾਲੇ ਹਨ,
ਕੀ ਇਹ ਕਮਲ ਨਾਥ ਦੇ ਕੀਤੇ ਵਰੋਧ ਦੇ ਪ੍ਰਤੀ ਕਰਮ ਵਜੋਂ, ਭਾਰਤ ਤੋਂ ਬਾਹਰ ਰਹਿ ਰਹੇ, ਭਾਰਤ ਸਰਕਾਰ ਦੀਆਂ ਕਾਲੀਆਂ ਬਿੱਲੀਆਂ ਅਤੇ ਆਰ, ਐਸ, ਐਸ, ਦੇ ਟੁੱਕੜ ਬੋਚਾਂ ਦੀ ਮਿਲੀ ਭੁਗਤ ਨਾਲ ਕੀਤਾ ਕਾਰਾ ਤਾਂ ਨਹੀੰ? ਤਾਂ ਜੋ ਵਦੇਸ਼ਾਂ ਵਿਚਲੇ ਸਿੱਖਾਂ ਦਾ ਮਨੋਬਲ ਡੇਗਿਆ ਜਾ ਸਕੇ। ਦੂਸਰੇ ਮੁਲਕਾਂ ਦੀ ਨਿਗਾਹ ਵਿੱਚ ਸਿੱਖਾਂ ਦਾ ਅਕਸ ਖਰਾਬ ਕੀਤਾ ਜਾ ਸਕੇ। ਜਿਸ ਨਾਲ ਪੰਜਾਬ ਅਤੇ ਭਾਰਤ ਵਿੱਚ ਕੀਤੇ ਜਾਂਦੇ ਸਿੱਖੀ ਦੇ ਖਾਤਮੇ ਦੇ ਰਾਹ ਵਿੱਚ ਕੋਈ ਵੀ ਰੋੜਾ ਬਣਨ ਦਾ ਉਪ੍ਰਾਲਾ ਨਾ ਕਰੇ?
ਕੀ ਇਹ ਭਾਰਤ ਦੀ ਕੇਂਦਰ ਸਰਕਾਰ ਨੂੰ ਖੁਸ਼ ਕਰਨ ਵਾਲਾ ਕੀਤਾ ਕਾਰਾ ਤਾਂ ਨਹੀਂ ਤਾਂ ਕਿ ਦੁਨੀਆਂ ਨੂੰ ਦੱਸਿਆ ਜਾ ਸਕੇ ਕਿ ਸਿੱਖ ਧੱਕੇ ਨਾਲ ਕਨੂੰਨ ਤੋੜਨ ਵਾਲੇ ਹਨ ਅਤੇ ਇਹ ਸਖ਼ਤੀ ਤੋਂ ਬਿਨਾਂ ਠੀਕ ਹੋਣ ਵਾਲੇ ਨਹੀਂ ਇਸੇ ਲਈ ਭਾਰਤ ਸਰਕਾਰ ਨੂੰ ਲਾਅ ਐਂਡ ਆਰਡਰ ਕਾਇਮ ਰੱਖਣ ਲਈ ਇਹਨਾ ਤੇ ਸਖਤੀ ਵਰਤਣੀ ਪੈਂਦੀ ਹੈ ਕਿਉਂਕਿ ਇਹ ਬੰਦਿਆਂ ਵਾਂਗ ਬੈਠ ਕੇ ਅਕਲ ਨਾਲ ਗੱਲ ਕਰਨ ਨਾਲੋਂ ਡਾਂਗ ਵਰਤਣ ਨੂੰ ਪਹਿਲ ਦਿੰਦੇ ਹਨ? ਕਨੇਡਾ ਸਾਰੀ ਦੁਨੀਆਂ ਦੇ ਪਹਿਲੇ ਕੁੱਝ ਦੇਸ਼ਾਂ ਵਿੱਚ ਆਉਂਦਾ ਹੈ ਜਿੱਥੇ ਆਉਣ ਲਈ ਸਾਰੀ ਦੁਨੀਆਂ ਦੇ ਲੋਕ ਤਰਸਦੇ ਹਨ। ਕਾਰਨ ਇਹ ਹੈ ਕਿ ਇੱਥੇ ਦਾ ਰਹਿਣ ਸਹਿਣ ਅਤੇ ਕਾਨੂੰਨ ਦੀ ਪਾਲਣਾ ਹੈ। ਇਸ ਦਾ ਮਤਲਬ ਇਹ ਨਹੀਂ ਕਿ ਇੱਥੇ ਜ਼ੁਰਮ ਨਹੀਂ ਹੁੰਦੇ। ਪਰ ਜੋ ਸਿੱਖ, ਪੁਲੀਸ ਦੀ ਹਾਜ਼ਰੀ ਵਿੱਚ ਕਨੂੰਨ ਨੂੰ ਆਪਣੇ ਹੱਥ ਵਿੱਚ ਲੈ ਕੇ ਕਰਦੇ ਹਨ ਇਸ ਤਰ੍ਹਾਂ ਦੂਸਰੇ ਬਹੁਤ ਘੱਟ ਕਰਦੇ ਹਨ। ਅਤੇ ਕਰਦੇ ਵੀ ਉਹ ਹਨ ਜੋ ਆਪਣੇ ਆਪ ਨੂੰ ਦੂਸਰਿਆਂ ਨਾਲੋਂ ਵੱਧ ਧਰਮੀ ਦੱਸਣ ਦੀ ਕੋਸ਼ਿਸ਼ ਕਰਦੇ ਹਨ। ਸਿਤਮ ਦੀ ਗੱਲ ਇਹ ਹੈ ਕਿ ਇਸ ਤਰ੍ਹਾਂ ਦੀ ਚਿੱਟੀ ਅਤੇ ਨੰਗੀ ਗੁੰਡਾ ਗਰਦੀ ਨੂੰ ਤਖਤਾਂ ਦੇ ਪੁਜਾਰੀ ਜ਼ਾਇਜ਼ ਠਹਿਰਾਉਂਦੇ ਹਨ। ਕਨੇਡਾ ਦੇ ਸਿੱਖ ਲਹਿਰ ਸੈਂਟਰ ਵਿੱਚ ਜੋ ਕੁੱਝ ਹਇਆ ਸੀ ਉਸ ਦਾ ਫੋਟੋਆਂ ਸਮੇਤ ਕੁੱਝ ਵੇਰਵਾ ਦੇਖਣ ਲਈ ਇਸ ਸੰਪਾਦਕੀ ਵਾਲੇ ਪੰਨੇ ਦੇ ਹੇਠਾਂ ਦਿਤੇ ਲਿੰਕ ਤੇ ਤੁਸੀਂ ਕਲਿਕ ਕਰਕੇ ਦੇਖ ਸਕਦੇ ਹੋ। ਇੱਕ ਪਾਸੇ ਤਾਂ ਇਸ ਤਰ੍ਹਾਂ ਦੇ ਸਿੱਖ ਭਾਰਤ ਸਰਕਾਰ ਅਤੇ ਹਿੰਦੂਆਂ ਨੂੰ ਬੁਰਾ ਭਲਾ ਕਹਿੰਦੇ ਹਨ ਅਤੇ ਦੂਸਰੇ ਪਾਸੇ ਇਹ ਰੋਜ਼ ਹੀ ਸ਼ਾਮ ਨੂੰ ਰਹਿਰਾਸ ਵਿੱਚ ਉਹਨਾ ਦੀ ਦੇਵੀ, ‘ਕਿਰਪਾ ਕਰੀ ਹਮ ਪਰ ਜਗ ਮਾਤਾ’ ਪੜ੍ਹਨ ਨੂੰ ਪਹਿਲ ਦਿੰਦੇ ਹਨ, ਕਈ ਦੇਵੀਆਂ ਦੀਆਂ ਭੇਟਾਂ ਵੀ ਗਉਂਦੇ ਹਨ ਅਤੇ ਜੋ ਇਸ ਦੇਵੀਆਂ ਦੇ ਉਸਤਤ ਵਾਲੇ ਗ੍ਰੰਥ ਨੂੰ ਨਹੀਂ ਮੰਨਦਾ ਉਹਨਾਂ ਤੇ ਇਹ ਕਿਰਪਾਨਾ ਨਾਲ ਹਮਲੇ ਕਰਦੇ ਹਨ। ਫਿਰ ਦੱਸੋ ਜਿਸ ਨੂੰ ਮਾੜੀ ਮੋਟੀ ਸਿੱਖੀ ਦੀ ਅਕਲ ਹੈ, ਉਹ ਕਰੇ ਤਾਂ ਕੀ ਕਰੇ?
ਇਸ ਤਰ੍ਹਾਂ ਦੇ ਹੋਰ ਵੀ ਕਈ ਸਵਾਲ ਹਨ, ਇਨ੍ਹਾਂ ਸਵਾਲਾਂ ਦਾ ਜਵਾਬ ਕੌਣ ਦੇਵੇਗਾ, ਇਨ੍ਹਾਂ ਦਾ ਹੱਲ ਕੌਣ ਲੱਭੇਗਾ? ਕੀ ਉਹ ਸਿੱਖ, ਜੋ ਅਪਣੀ ਹਉਮੈ ਅਧੀਨ, ਕਿਸੇ ਦੂਸਰੇ ਨਾਲ ਬੈਠ ਕੇ ਵਿਚਾਰ ਕਰਨ ਨੂੰ ਹੀ ਅਪਣੀ ਹੇਠੀ ਸਮਝਦੇ ਹਨ? ਜਾਂ ਉਹ ਸਿੱਖ, ਜੋ ਕਿਸੇ ਦੂਸਰੇ ਨਾਲ ਜੁੜੇ ਸਿਖਾਂ ਨੂੰ ਤੋੜਨ ਲਈ ਹੀ ਸਾਰਾ ਟਿੱਲ ਲਾਉਂਦੇ ਹਨ, ਤਾਂ ਜੋ ਦੂਸਰਾ ਬੰਦਾ ਉਸ ਨਾਲੋਂ ਅੱਗੇ ਨਾ ਲੰਘ ਜਾਏ? ਜਾਂ ਉਹ ਸਿੱਖ, ਜੋ ਕਿਸੇ ਦੂਸਰੇ ਦਾ ਸਾਥ ਸਿਰਫ ਇਸ ਲਈ ਛੱਡ ਦੇਂਦੇ ਹਨ, ਕਿਉਂਕਿ ਉਨ੍ਹਾਂ ਬੰਦਿਆਂ ਨੇ ਉਸ ਦੇ ਥੱਲੇ ਲਗ ਕੇ ਵਗਣ ਤੋਂ ਇੰਕਾਰ ਕਰ ਦਿੱਤਾ ਹੁੰਦਾ ਹੈ?
ਜੇ ਭਾਰਤ ਸਰਕਾਰ, ਭਾਰਤ ਦੀ ਬਹੁ ਗਿਣਤੀ, ਸਿੱਖਾਂ ਵਿਚਲੇ ਗੱਦਾਰ, ਅਪਣੇ ਇਰਾਦਿਆਂ ਵਿੱਚ ਕਾਮਯਾਬ ਹੋ ਗਏ ਤਾਂ ਸਿੱਖੀ ਦਾ ਕੀ ਹੋਵੇਗਾ?
ਜੇ ਕੁੱਝ ਅਜਿਹੇ ਸਿੱਖ ਹਨ, ਜੋ ਵਾਕਿਆ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨੂੰ ਸਮਰਪਿਤ ਹਨ, ਜਿਨ੍ਹਾਂ ਦਾ ਟੀਚਾ, ਸਿਰਫ ਮਾਇਆ ਇਕੱਠੀ ਕਰਨਾ ਹੀ ਨਹੀਂ ਹੈ? ਇਸ ਗੱਲ ਤੇ ਗੰਭੀਰਤਾ ਨਾਲ ਵਿਚਾਰ ਕਰਨ। ਖਾਲੀ ਮਨ ਨੂੰ ਤਿਫਲ ਤਸੱਲੀਆਂ ਦੇਣ ਨਾਲ ਕੁੱਝ ਨਹੀਂ ਹੋਣ ਵਾਲਾ। ਜੇ ਸਿੱਖਾਂ ਦਾ ਅਕਸ, ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ ਆਦਿ ਦੇਸ਼ਾਂ ਵਿੱਚ ਖਰਾਬ ਹੋ ਜਾਂਦਾ ਹੈ, ਤਾਂ ਬ੍ਰਾਹਮਣਵਾਦ ਦਿਨ ਦੀਵੀਂ ਸਿੱਖਾਂ ਨੂੰ ਬੋਧੀਆਂ ਵਾਙ ਨਿਗਲ ਜਾਵੇਗਾ।
ਚਲੋ ਅਸੀਂ ਤੁਹਾਡੀ ਹੀ ਗੱਲ ਮੰਨ ਲੈਂਦੇ ਹਾਂ ਕਿ ਕੁੱਝ ਨਹੀਂ ਹੋਣ ਵਾਲਾ, ਤਾਂ ਇਨ੍ਹਾਂ ਤਿਆਰੀਆਂ ਨਾਲ ਤੁਹਾਡਾ ਕੀ ਵਿਗੜ ਜਾਵੇਗਾ? ਜੇ ਕਰ ਤੁਸੀਂ ਇਸ ਦੇ ਮੁਕਾਬਲੇ ਲਈ ਕੋਈ ਤਿਆਰੀ ਨਹੀਂ ਕਰਦੇ, ਅਤੇ ਇਹ ਵਾਪਰ ਜਾਂਦਾ ਹੈ ਤਾਂ ਤੁਹਾਡਾ ਕੀ ਬਚੇਗਾ?
ਕੁੱਝ ਬਜ਼ੁਰਗਾਂ ਨੇ ਦੱਸਿਆ ਸੀ ਕਿ ਜਦ ੧੯੪੭ ਵਿੱਚ ਦੇਸ਼ ਦੀ ਵੰਡ ਹੋਣ ਵਾਲੀ ਸੀ ਤਾਂ ਇੱਕ ਸਿੱਖ ਅਕਸਰ ਸਿੱਖਾਂ ਨੂੰ ਕਿਹਾ ਕਰਦਾ ਸੀ ਕਿ ਅਪਣਾ ਬਚਾਅ ਕਰੋ, ਦੇਸ਼ ਵੰਡਿਆ ਜਾਣਾ ਹੈ, ਤੁਹਾਨੂੰ ਏਥੋਂ ਜਾਣਾ ਪੈਣਾ ਹੈ, ਤਾਂ ਸਿੱਖ ਉਸ ਨੂੰ ਪਾਗਲ ਕਹਿੰਦੇ ਉਸ ਦਾ ਮਜ਼ਾਕ ਉਡਾਇਆ ਕਰਦੇ ਸਨ। ਫਿਰ ਕੀ ਹੋਇਆ? ਸਭ ਨੇ ਵੇਖਿਆ ਹੀ ਨਹੀਂ, ਅੱਧੇ ਕਰੀਬ ਸਿੱਖਾਂ ਨੇ ਹੰਢਾਇਆ ਵੀ ਹੈ।
ਸਿਆਣੇ ਉਹੀ ਹੁੰਦੇ ਹਨ ਜੋ ਹਾਲਾਤ ਨੂੰ ਵਿਚਾਰਦਿਆਂ ਉਸ ਦੇ ਮੁਕਾਬਲੇ ਲਈ ਵਿਉਂਤ ਬਨਾਉਣ। ਜੇ ਸੰਯੋਗ ਵੱਸ ਕੁੱਝ ਨਹੀਂ ਵਾਪਰਦਾ, ਤਾਂ ਵੀ ਇਸ ਬਹਾਨੇ ਉਨ੍ਹਾਂ ਵਿੱਚ ਚੇਤਨਾ ਤਾਂ ਆ ਜਾਂਦੀ ਹੈ। ਮੂਰਖਾਂ ਹੱਥ ਸਮਾ ਬੀਤ ਜਾਣ ਮਗਰੋਂ ਪਛਤਾਵੇ ਤੋਂ ਛੁੱਟ ਕੁੱਝ ਵੀ ਨਹੀਂ ਆਉਂਦਾ। ਕੁਦਰਤ ਦਾ ਨਿਯਮ ਹੈ ਕਿ ਸੰਸਾਰ ਵਿੱਚ ਉਹੀ ਜੀਵ ਬਚਦਾ ਹੈ ਜੋ ਅਪਣਾ ਬਚਾਉ ਕਰਨ ਦੇ ਸਮਰੱਥ ਹੋਵੇ। ਜੋ ਅਪਣਾ ਬਚਾਉ ਕਰਨ ਦੇ ਸਮਰੱਥ ਨਹੀਂ ਹੁੰਦੇ, ਉਨ੍ਹਾਂ ਦੀ ਹਸਤੀ, ਸੰਸਾਰ ਤੋਂ ਮਿਟ ਜਾਂਦੀ ਹੈ, ਉਹ ਇਤਿਹਾਸ ਦੀ ਧੂੜ ਬਣ ਜਾਂਦੇ ਹਨ।
ਪਹਿਰੇਦਾਰ ਦਾ ਕੰਮ ਹੁੰਦਾ ਹੈ ਪਹਿਰਾ ਦੇ ਕੇ ਲੋਕਾਈ ਨੂੰ ਜਾਗਰਤ ਕਰਨਾ, ਉਹ ਅਸੀਂ ਕਰ ਰਹੇ ਹਾਂ। ਘਰ ਦਾ ਮਾਲਕ ਸੁਚੇਤ ਹੋ ਕੇ ਬਚ ਜਾਂਦਾ ਹੈ ਜਾਂ ਅਵੇਸਲਾ ਰਹਿ ਕੇ ਮਾਰਿਆਂ ਜਾਂਦਾ ਹੈ ਇਹ ਉਸ ਦੀ ਮਰਜ਼ੀ ਹੈ।
ਸੰਪਾਦਕੀ ਬੋਰਡ
(ਨੋਟ:- ਕਨੇਡਾ ਦੇ ਸਿੱਖ ਲਹਿਰ ਸੈਂਟਰ ਵਿੱਚ ਜੋ ਕੁੱਝ ਹਇਆ ਸੀ ਉਸ ਦਾ ਫੋਟੋਆਂ ਸਮੇਤ ਕੁੱਝ ਵੇਰਵਾ ਦੇਖਣ ਲਈ ਇੱਥੇ ਕਲਿਕ ਕਰੋ ਜੀ)
.