.

ਸੱਚ ਤੋਂ ਬਿਨਾਂ ਮਨੁੱਖ ਹੀ ਭੂਤ ਹੈ।
ਪ੍ਰੋ: ਸਰਬਜੀਤ ਸਿੰਘ ਧੂੰਦਾ
98555,98851

ਜਦੋਂ ਕਿਸੇ ਰਾਜ ਵਿੱਚ ਕਾਲ ਪੈ ਜਾਵੇ ਤਾਂ ਦੂਸਰੇ ਰਾਜ ਦੇ ਰਾਜੇ ਕੋਲੋਂ ਅੰਨ, ਕਪੜੇ, ਆਦਿਕ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾਦੀਆਂ ਹਨ। ਪਰ ਜੇ ਕਿਤੇ ਸੱਚ ਦਾ ਕਾਲ ਪੈ ਜਾਵੇ ਤਾਂ ਇਹ ਲੋੜ ਤਾਂ ਉਹੀ ਮਨੁੱਖ ਕਿਸੇ ਦੀ ਪੂਰੀ ਕਰੇਗਾ ਜਿਸ ਦੇ ਕੋਲ ਪਹਿਲਾਂ ਆਪਣੇ ਕੋਲ ਸੱਚ ਹੋਵੇਗਾ। ਭੂਤ ਪ੍ਰੇਤ, ਕੋਈ ਵੱਖਰੀ ਜੂਨ ਨਹੀ ਮਨੁੱਖ ਦੇ ਜੀਵਨ ਵਿੱਚੋਂ ਜਦੋਂ ਸੱਚ ਖੰਭ ਲਾਕੇ ਉਡ ਜਾਂਦਾ ਹੈ ਮਨੁੱਖ ਨਾਲੋਂ ਹੋਰ ਕੋਈ ਵੀ ਵੱਡਾ ਭੂਤਨਾਂ ਬੇਤਾਲਾਂ ਨਹੀ। ਸੱਚ ਨਾ ਹੋਣ ਕਰਕੇ ਇਹ ਮਨੁੱਖ ਆਪਣਾਂ ਜੀਵਨ ਕੋਝਾ ਬਣਾ ਚੁੱਕਾ ਹੈ ਤੇ ਗੁਰੂ ਜੀ ਆਸਾ ਕੀ ਵਾਰ ਅੰਦਰ ਇਸ ਸਚਾਈ ਨੂੰ ਬਹੁਤ ਹੀ ਸੁੰਦਰ ਤਰੀਕੇ ਨਾਲ ਸਮਝਾਉਦੇ ਹਨ।
ਸਲੋਕੁ ਮਃ ੧ ॥ ਸਚਿ ਕਾਲੁ ਕੂੜੁ ਵਰਤਿਆ ਕਲਿ ਕਾਲਖ ਬੇਤਾਲ ॥ ਬੀਉ ਬੀਜਿ ਪਤਿ ਲੈ ਗਏ ਅਬ ਕਿਉ ਉਗਵੈ ਦਾਲਿ ॥ਜੇ ਇਕੁ ਹੋਇ ਤ ਉਗਵੈ ਰੁਤੀ ਹੂ ਰੁਤਿ ਹੋਇ ॥ਨਾਨਕ ਪਾਹੈ ਬਾਹਰਾ ਕੋਰੈ ਰੰਗੁ ਨ ਸੋਇ ॥ ਭੈ ਵਿਚਿ ਖੁੰਬਿ ਚੜਾਈਐ ਸਰਮੁ ਪਾਹੁ ਤਨਿ ਹੋਇ ॥ ਨਾਨਕ ਭਗਤੀ ਜੇ ਰਪੈ ਕੂੜੈ ਸੋਇ ਨ ਕੋਇ ॥੧॥
ਛੋਲਿਆਂ ਦਾ ਦਾਣਾ ਸਾਬਤ ਹੋਵੇ ਤਾਂ ਹੀ ਉਗਦਾ ਹੈ ਜੇ ਉਸ ਦੀ ਦਾਲ ਬਣ ਜਾਵੇ ਤਾਂ ਉਹ ਉਗਣ ਦੀ ਤਾਕਤ ਗੁਆ ਬੈਠਦਾ ਹੈ। ਇਸੇ ਤਰਾਂ ਅਸੀ ਵੀ ਆਪਣੇ ਮਨ ਦੀ ਦਾਲ ਬਣਾਂ ਲਈ ਹੈ, ਭਾਵ ਸਾਡਾ ਮਨ ਵੀ ਦਾਲ ਦੀ ਤਰਾਂ ਦੋ ਫਾੜ ਹੋਗਿਆ ਹੈ ਅੱਧਾ ਮਨ ਸਾਡਾ ਸ਼ਬਦ ਗੁਰੂ ਅੱਗੇ ਝੁਕਦਾ ਹੈ ਤੇ ਅੱਧਾ ਕਿਸੇ ਅਖੌਤੀ ਸਾਧ, ਅਖੌਤੀ ਧਾਰਮਿਕ ਗ੍ਰੰਥ (ਬਚਿਤ੍ਰ ਨਾਟਕ) ਜਾਂ ਕਿਸੇ ਮੜ੍ਹੀ ਕਬਰ ਅੱਗੇ ਝੁਕ ਰਿਹਾ ਹੈ। ਸਾਡਿਆਂ ਮਨਾਂ ਨੂੰ ਦਾਲ ਦੀ ਤਰਾਂ ਦੋਫਾੜ ਕਰਨ ਵਿੱਚ ਸਾਡਿਆਂ ਆਪਣਿਆਂ ਹੀ ਪ੍ਰਚਾਰਕਾਂ ਰਾਗੀਆਂ, ਜਥੇਦਾਰਾਂ, ਪ੍ਰਧਾਨਾਂ, ਅਖੌਤੀ ਸਾਧਾਂ ਨੇ ਆਪਣਾ ਵੱਡਮੁਲਾ ਯੋਗਦਾਨ ਪਾਇਆ ਹੈ।
ਸਾਰੀ ਗੁਰਬਾਣੀ ਵਿੱਚ ਬਾਰ ਬਾਰ ਇੱਕ ਅਕਾਲ ਪੁਰਖ ਦੀ ਹੀ ਗੱਲ ਕੀਤੀ ਹੈ ਹਰ ਰਾਗ ਜਾਂ ਕਿਸੇ ਬਾਣੀ ਦੇ ਅਰੰਭ ਵਿੱਚ ਵੀ ੴ ਦੀ ਹੀ ਵਰਤੋਂ ਕੀਤੀ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਉਸ ਇੱਕ ਨੂੰ ਪਾਉਣ ਲਈ ਵੀ ਪਹਿਲਾਂ ਆਪਣੇ ਆਪ ਨੂੰ ਇੱਕ ਕਰਨ ਦੀ ਲੋੜ ਹੈ ਅਜੋਕੇ ਦੌਰ ਅੰਦਰ ਜੇ ਸਾਡੀਆਂ ਪ੍ਰਵਾਰਕ ਮੁਸਕਲਾਂ ਵੱਧ ਰਹੀਆਂ ਹਨ ਤਾਂ ਉਸ ਦਾ ਵੀ ਮੁਖ ਕਾਰਨ ਇਹੋ ਹੀ ਹੈ ਕਿ ਸਾਡੇ ਆਪਣੇ ਮਨ ਹੀ ਸੱਚ ਤੋਂ ਦੂਰ ਹੋ ਗਏ ਹਨ ਜਿਸ ਲਈ ਅਸੀ ਜਿੰਦਗੀ ਦੇ ਤਾਲ ਤੋਂ ਖੁੰਝਣ ਕਰਕੇ ਬੇਤਾਲੇ ਹੋ ਗਏ ਹਾਂ ਸਾਨੂੰ ਆਪਣੇ ਆਪ ਤੋਂ ਵੀ ਡਰ ਲਗ ਰਿਹਾ ਹੈ ਤੇ ਸਾਡੇ ਆਪਣੇ ਪਰਵਾਰਕ ਮੈਬਰ, ਸਮਾਜ, ਆਦਿਕ ਸਾਰੇ ਹੀ ਸਾਡੇ ਜੀਵਨ ਤੋਂ ਨਾ ਖੁਸ ਹਨ।
ਹੁਣ ਇਸ ਉਦਾਸੀ ਵਾਲੇ ਜੀਵਨ ਤੋਂ ਛੁਟਕਾਰਾ ਪਾਉਣ ਦਾ ਇੱਕੋ ਹੀ ਰਸਤਾ ਹੈ ਗੁਰੂ ਨਾਨਕ ਸਾਹਿਬ ਜੀ ਨੇ ਆਸਾ ਕੀ ਵਾਰ ਦੇ ਸਲੋਕ ਅੰਦਰ ਪਹਿਲਾਂ ਤਾਂ ਆਪਣਾਂ ਮਨ ਇੱਕ ਨਾਲ ਜੋੜਣ ਦੀ ਸਿਖਿਆ ਦਿੱਤੀ ਹੈ ਫਿਰ ਇਸ ਮਨ ਨੂੰ ਉਸ ਸੱਚ ਦੀ ਮੂਰਤ ਅਕਾਲ ਪੁਰਖ ਦੇ ਪ੍ਰੇਮ ਨਾਲ ਰੰਗਣ ਦਾ ਤਰੀਕਾ ਦਸਿਆ ਹੈ।
ਕਪੜੇ ਨੂੰ ਰੰਗਣ ਤੋਂ ਪਹਿਲਾਂ ਖੁੰਬ ਚੜਾਉਣੀ ਪੈਂਦੀ ਹੈ, ਫੜਕੜੀ ਆਦ ਦੀ ਪਾਹ ਲਾਉਣੀ ਪੈਂਦੀ ਹੈ ਫਿਰ ਕਪੜੇ ਨੂੰ ਰੰਗ ਚਾੜ੍ਹੀਦਾ ਦਾ ਹੈ। ਇਸੇ ਤਰਾਂ ਸਾਨੂੰ ਵੀ ਆਪਣੇ ਇਸ ਮਨ ਨੂੰ ਸੱਚ ਦਾ ਰੰਗ ਚਾੜਣ ਲਈ ਇਹੋਹੀ ਤਰੀਕਾ ਅਪਣਾਉਣਾ ਪਵੇਗਾ।
(1) ਆਪਣੇ ਮਨ ਵਿੱਚ ਨਿਰਮਲ ਭਉ ਰੱਖਣਾ ਜਿਵੇਂ ਔਰਤ ਅਤੇ ਮਰਦ ਜੇ ਇੱਕ ਦੂਜੇ ਦਾ ਨਿਰਮਲ ਭਉ ਆਪਣੇ ਮਨ ਰੱਖਣ ਤਾਂ ਉਹਨ੍ਹਾਂ ਦਾ ਜੀਵਨ ਕਦੇ ਵੀ ਵਿਭਚਾਰੀ ਨਹੀ ਹੋਵੇਗਾ ਇੱਕ ਦੂਜੇ ਪ੍ਰਤੀ ਨਿਰਮਲ ਭਉ ਹੀ ਉਹਨਾਂ ਦੇ ਜੀਵਨ ਨੂੰ ਸੁੰਦਰ ਬਣਾਉਦਾ ਹੈ। ਜਿੰਨਾਂ ਦੇ ਪਰਵਾਰਾਂ ਵਿੱਚ ਨਿਰਮਲ ਭਉ ਦੀ ਘਾਟ ਨਜਰ ਆੳਦੀ ਹੈ ਉਹ੍ਹਨਾਂ ਘਰਾਂ ਵਿੱਚ ਉਹ ਆਪਣੀ ਜਿੰਦਗੀ ਨਰਕਾਂ ਤੋਂ ਵੀ ਭੈੜੀ ਬਤੀਤ ਕਰ ਰਹੇ ਹਨ ਉਹ ਪਰਵਾਰ ਹੀ ਅਸਲ ਵਿੱਚ ਜਿਊਂਦੇ ਭੂਤ ਹਨ। ਜੇ ਅਸੀ ਆਪਣੇ ਮਨ ਅੰਦਰ ਇੱਕ ਦੂਸਰੇ ਲਈ ਨਿਰਮਲ ਭਉ ਹੋਵੇਗਾ ਅਸੀ ਕਦੀ ਵੀ ਕਿਸੇ ਨਾਲ ਧੋਖਾ ਨਹੀ ਕਰਾਂਗੇ ਇਹ ਹੈ ਮਨ ਨੂੰ ਖੁੰਭ ਚਾੜਣਾਂ।
(2) ਆਪਣੇ ਹੱਕ ਦੀ ਹੀ ਕਮਾਈ ਆਪ ਅਤੇ ਆਪਣੇ ਪਰਵਾਰਕ ਮੈਬਰਾਂ ਨੂੰ ਖਵਾਉਣੀ ਭਾਵ ਹੱਡ ਹਰਾਮੀ ਨਾ ਬਣਨਾ ਅੱਜ ਕੰਮੀਆਂ ਦੀ ਕਮਾਈ ਤੇ ਕਮੀਨੇ ਐਸ਼ ਕਰ ਰਹੇ ਹਨ, ਭਾਈ ਲਾਲੋ ਕੰਮੀ ਸੀ ਤੇ ਮਲਕ ਭਾਗੋ ਕੰਮੀਨਾ ਸੀ ਜੋ ਕਿਰਤੀਆਂ ਦੀ ਕਮਾਈ ਨਾਲ ਵੇਲੜ ਸਾਧਾਂ ਨੂੰ ਖਵਾ ਰਿਹਾ ਸੀ ਅੱਜ ਵੀ ਕਿਰਤੀ ਪਰਵਾਰਾਂ ਦੇ ਬੱਚਿਆਂ ਦੇ ਮੂੰਹ ਵਿੱਚੋਂ ਖੋਹ ਕੇ ਕੰਮੀਆਂ ਦੀ ਕਮਾਈ ਨਾਲ ਵੇਲੜ੍ਹ ਸਾਧ ਰਜਾਏ ਜਾ ਰਹੇ ਹਨ, ਕਿਸੇ ਸਾਧ ਨੂੰ ਜਿਆਦਾ ਖਾਣ ਨਾਲ ਸੂਗਰ ਹੋ ਗਈ ਹੈ, ਤੇ ਕਿਸੇ ਅੰਦਰ ਕਸ਼ਟਰੌਲ ਬਣਦਾ ਹੈ ਤੇ ਕਿਸੇ ਨੂੰ ਦਿਲ ਦੀ ਬਿਮਾਰੀ ਹੈ। ਖੈਰ ਅਸੀ ਆਪਣੀ ਹੱਢ ਭੰਨਵੀ ਮਿਹਨਤ ਜਰੂਰ ਕਰਨੀ ਪਰ ਅਕਲ ਦੀ ਵਰਤੋਂ ਕਰਨ ਤੋਂ ਬਿਨ੍ਹਾਂ ਐਵੇਂ ਕਿਸੇ ਵਿਲਹੜ੍ਹ ਨੂੰ ਮੱਥਾ ਨਹੀ ਟੇਕ ਦੇਣਾ ਅਕਲੀ ਕੀਚੈ ਦਾਨ ਦੇ ਮਹਾਵਾਕ ਅਨੁਸਾਰ ਕਿਸੇ ਲੋੜਵੰਦ ਤੇ ਖਰਚ ਕਰਨਾ ਹੈ।
(3) ਜਦੋਂ ਇਸ ਤਰਾਂ ਸਾਨੂੰ ਨਿਰਮਲ ਭਉ ਰੱਖਣਾ ਆ ਗਿਆ ਧਰਮ ਦੀ ਕਿਰਤ ਕਰਨ ਦੀ ਆਦਿਤ ਬਣ ਗਈ ਫਿਰ ਸਾਡੇ ਮਨ ਨੂੰ ਅਸਲ ਭਗਤੀ ਵਿੱਚ ਰੰਗਿਆ ਜਾਵੇਗਾ ਤੇ ਕੋਈ ਵੀ ਬੁਰਾਈ ਸਾਡੇ ਮਨਾਂ ਤੇ ਅਸਰ ਨਹੀ ਕਰ ਸਕੇਗੀ ਇਹੋ ਹੀ ਅਸਲ ਤਰੀਕਾ ਹੈ ਜਿਸ ਨਾਲ ਅਸੀ ਆਪਣੇ ਜੀਵਨ ਵਿੱਚੋਂ ਬੁਰਾਈਆਂ ਦੂਰ ਕਰ ਸਕਦੇ ਹਾਂ। ਗੁਰਬਾਣੀ ਨੂੰ ਖੁਦ ਪੜ੍ਹਣ ਅਤੇ ਵੀਚਾਰਨ ਦੀ ਆਦਿਤ ਪਾਉਣੀ ਚਾਹੀਦੀ ਹੈ ਤਾਂ ਕਿ ਅਸੀ ਗੁਰਬਾਣੀ ਅਨੁਸਾਰ ਆਪਣਾ ਜੀਵਨ ਬਣ੍ਹਾ ਸਕੀਐ।




.