.

ਮਨੁੱਖਾ ਜੂਨੀ ਅਤੇ ਬੇਅੰਤ ਜੂਨੀਆਂ

(ਭਾਗ ੨)

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਵਿਰੋਧੀ ਭੋਜਨ, ਤਾਂ ਵੀ ਸਾਂਝੀਆਂ ਕੜੀਆਂ- ਚਲਦੇ ਵਿਸ਼ੇ `ਤੇ ਇਸ ਗੁਰਮਤਿ ਪਾਠ ਦੇ ਭਾਗ ਪਹਿਲਾ ਤੀਕ ਵਿਚਾਰ ਕਰਦੇ ਚੰਗੀ ਤਰ੍ਹਾਂ ਦੇਖ ਚੁੱਕੇ ਹਾਂ ਕਿ ਕਰਤਾਰ ਦੀ ਬੇਅੰਤ ਰਚਨਾ `ਚ ਹਰੇਕ ਜੀਵ ਸ਼੍ਰੇਣੀ ਲਈ ਰਿਜ਼ਕ ਅਥਵਾ ਭੋਜਨ, ਜੋ ਵੀ ਪ੍ਰਭੂ ਨੇ ਉਸ ਜੀਵ ਲਈ ਮਿਥਿਆ ਹੈ, ਉਸ ਜੀਵ ਲਈ ਉਸੇ ਹੀ ਭੋਜਣ ਦਾ ਵੱਡਾ ਮਹੱਤਵ ਹੈ। ਇਹ ਵੀ ਦੇਖ ਚੁੱਕੇ ਹਾਂ ਕਿ ਅਰਬਾਂ-ਖਰਬਾਂ ਜੂਨੀਆਂ ਦੇ ਜੀਵਨ ਵਿਚਕਾਰ, ਰਿਜ਼ਕ ਅਜਿਹੀ ਸਾਂਝੀ ਕੜੀ ਹੈ, ਜਿਸ ਤੋਂ ਬਿਨਾ ਕਿਸੇ ਵੀ ਸਰੀਰ ਦਾ ਜ਼ਿੰਦਾ ਰਹਿਣਾ ਤੇ ਉਸ ਦਾ ਵਿਕਾਸ ਹੀ ਸੰਭਵ ਨਹੀਂ। ਇਸੇ ਲਈ ਹਰੇਕ ਜੀਵ ਸ਼੍ਰੇਣੀ ਲਈ ਰਿਜ਼ਕ ਬਾਰੇ ਗੁਰਬਾਣੀ ਦਾ ਇਥੋਂ ਤੀਕ ਫ਼ੈਸਲਾ ਵੀ ਆਇਆ ਹੈ “ਖਾਣਾ ਪੀਣਾ ਪਵਿਤ੍ਰੁ ਹੈ ਦਿਤੋਨੁ ਰਿਜਕੁ ਸੰਬਾਹਿ” ਸੰਬਾਹਿ ਭਾਵ ਸਾਰਿਆਂ ਜੀਵਾਂ ਨੂੰ। ਇਸ ਤੋਂ ਇਲਾਵਾਪਹਿਲੋ ਦੇ ਤੈਂ ਰਿਜਕੁ ਸਮਾਹਾ॥ ਪਿਛੋ ਦੇ ਤੈਂ ਜੰਤੁ ਉਪਾਹਾ” (ਪੰ: ੧੩੦) ਅਤੇ “ਜੀਅ ਜੰਤ ਸਭਿ ਪਾਛੈ ਕਰਿਆ, ਪ੍ਰਥਮੇ ਰਿਜਕੁ ਸਮਾਹਾ” (ਪੰ: ੧੨੩੫) ਭਾਵ ਪ੍ਰਭੂ ਕਿਸੇ ਵੀ ਜੀਵ ਨੂੰ ਜਨਮ ਤਾਂ ਬਾਅਦ `ਚ ਦਿੰਦਾ ਹੈ ਜਦਕਿ ਉਸ ਦੇ ਰਿਜ਼ਕ ਵਾਲੀ ਲੋੜ, ਉਸ ਦੇ ਜਨਮ ਤੋਂ ਪਹਿਲਾਂ ਹੀ ਪੂਰੀ ਕਰਦਾ ਹੈ। ਇਸ ਤਰ੍ਰ੍ਹਾਂ ਜੀਵਾਂ ਦੇ ਰਿਜ਼ਕ ਛਕਣ ਤੇ ਰਿਜ਼ਕ ਨੂੰ ਸਰੀਰ ਅੰਦਰ ਪਹੁੰਚਾਉਣ ਪੱਖੋਂ ਵੀ ਮਨੁੱਖ ਸਮੇਤ ਹਰੇਕ ਜੀਵ ਸ਼੍ਰੇਣੀ `ਚ ਬਹੁਤੇਰੀਆਂ ਸਾਂਝੀਆਂ ਕੜੀਆਂ ਹਨ। ਇਥੋਂ ਤੀਕ ਹੁੰਦਾ ਹੈ ਕਿ ਡਾਕਟਰੀ ਖੋਜਾਂ ਤਾਂ ਕਰਣੀਆਂ ਹੁੰਦੀਆਂ ਹਨ ਮਨੁੱਖਾ ਸਰੀਰ ਅਤੇ ਇਸ ਦੇ ਇਲਾਜ ਲਈ। ਫ਼ਿਰ ਵੀ ਤਜੁਰਬੇ ਕੀਤੇ ਜਾਂਦੇ ਹਨ ਡਡੂਆਂ, ਚੂਹਿਆਂ ਦੇ ਸਰੀਰਾਂ `ਤੇ। ਜਦਕਿ ਸਾਡੇ ਹੱਥਲੇ ਗੁਰਮਤਿ ਪਾਠ ਦੀ ਸਾਰੀ ਦੌੜ ਦੀ ਉਪਰਲੀਆਂ ਉਪਰਲੀਆਂ ਸਾਂਝੀਆਂ ਕੜੀਆਂ ਤੀਕ ਹੈ। ਇਸ ਲਈ ਲੋੜ ਹੈ ਇਹਨਾ ਸਾਂਝੀਆਂ ਕੜੀਆਂ ਨੂੰ ਸਮਝਣ ਅਤੇ ਇਹਨਾ ਵੱਲ ਪੂਰਾ ਧਿਆਣ ਦੇਣ ਦੀ। ਬਲਕਿ ਇਸ ਤੋਂ ਇਹ ਵੀ ਪਤਾ ਲੱਗ ਸਕੇ ਗਾ, ਆਖਿਰ ਕਰਤਾਰ ਦੀ ਰਚਨਾ `ਚ ਸ਼੍ਰੇਣੀਆਂ ਅਨੁਸਾਰ ਜੀਵ-ਜੀਵ ਦੇ ਭੋਜਨਾਂ ਦੀ ਜੋ ਸਾਂਝੀ ਲੋੜ ਮਿੱਥੀ ਗਈ ਹੈ ਹਰੇਕ ਜੀਵ ਲਈ ਉਸ ਦੀ ਵੱਖ ਵੱਖ ਪਛਾਣ ਕੀ ਹੈ? ਇਥੋਂ ਤੀਕ ਪਤਾ ਲਗੇ ਗਾ ਕਿ ਕੁੱਝ ਜੀਵ ਸ਼੍ਰੇਣੀਆਂ ਦਾ ਰਿਜ਼ਕ, ਦੂਜੀ ਜੀਵ ਸ਼੍ਰੇਣੀ ਲਈ ਬਿਲਕੁਲ ਵਿਰੋਧੀ ਤੇ ਮਾਰੂ ਹਨ। ਉਪ੍ਰੰਤ ਜਦੋਂ ਉਹਨਾਂ ਵਿਰੋਧੀ ਧਿਰਾਂ ਦੇ ਸਰੀਰ ਪ੍ਰਫ਼ੁਲਤ ਹੋ ਜਾਂਦੇ ਹਨ ਤਾਂ ਕਈ ਵਾਰੀ ਇੱਕ ਦਾ ਸਰੀਰ ਦੂਜੇ ਲਈ ਸਵਾਸਥ ਵਰਧਕ ਸਾਬਤ ਹੁੰਦਾ ਹੈ। ਜਦ ਕਿ ਇਸ ਪੱਖੋਂ ਵੀ ਉਹਨਾਂ ਸ਼੍ਰੇਣੀਆਂ ਵਿਚਾਲੇ ਸਾਂਝੀਆਂ ਕੜੀਆਂ ਉਸੇ ਤਰ੍ਹਾਂ ਹੀ ਹਨ। ਇਸ ਵਿਸ਼ੇ `ਤੇ ਕੁੱਝ ਵਿਚਾਰ:

() ਭੋਜਨ ਨਲੀ (Food Pipe)-ਇਸ ਵਿਸ਼ੇ ਵੱਲ ਵੱਧਣ ਲਈ ਪਹਿਲੀ ਗੱਲ ਹੈ ਕਿ ਹਰੇਕ ਜੀਵ ਸ਼੍ਰੇਣੀ ਲਈ ਭੋਜਨ ਅਜਿਹਾ ਹੋਵੇ ਜੋ ਸਬੰਧਤ ਸ਼੍ਰੇਣੀ ਦੇ ਜੀਵਾਂ ਦੀ ਜੀਭਾ, ਦੰਦਾਂ ਅਤੇ ਭੋਜਨ ਨਲੀ (Food Pipe) ਰਸਤੇ ਉਸ ਸਰੀਰ ਦੇ ਅੰਦਰ ਤੀਕ ਪੁੱਜ ਸਕੇ। ਇਸੇ ਤਰ੍ਹਾਂ ਫੁਲ, ਬਨਸਪਤੀ ਆਦਿ ਨੂੰ ਭੋਜਨ ਵੀ ਉਹਨਾਂ ਦੀਆਂ ਜੜ੍ਹਾਂ ਤੋਂ ਪੁੱਜਦਾ ਹੇ। ਉਪ੍ਰੰਤ ਖਨਿਜ ਪਦਾਰਥ ਤੇ ਹੋਰ ਬੇਅੰਤ ਜੂਨੀਆਂ ਭਾਵ ਅਜਿਹੀਆਂ ਜੀਵ ਸ਼੍ਰੇਣੀਆਂ ਦੇ ਸਰੀਰ `ਚ ਭੋਜਣ ਪਹੁੰਚਾਉਣ ਲਈ ਜੋ ਵੀ ਪ੍ਰਭੂ ਵੱਲੋਂ ਢੰਗ ਨਿਯਤ ਕੀਤੇ ਗਏ ਹਨ ਉਹ ਕੇਵਲ ਪ੍ਰਭੂ ਹੀ ਜਾਣਦਾ ਹੈ, ਮਤਲਬ ਇਕੋ ਹੈ ਕਿ ਹਰੇਕ ਜੀਵ ਸ਼੍ਰੇਣੀ ਦੇ ਸਰੀਰ ਅੰਦਰ ਉਸ ਦਾ ਭੋਜਣ ਪੁੱਜਦਾ ਹੈ ਜਿਸ ਤੋਂ ਬਿਨਾ ਕਿਸੇ ਵੀ ਜੀਵ ਸ਼੍ਰੇਣੀ `ਚ ਸਰੀਰ ਦਾ ਵਿਕਾਸ ਹੀ ਸੰਭਵ ਨਹੀਂ।

() ਪਾਚਨ ਸ਼ਕਤੀ (Stomach)- ਦੂਜਾ ਇਹ ਵੀ ਜ਼ਰੂਰੀ ਹੈ ਕਿ ਭੋਜਨ ਨੂੰ ਉਸ ਜੀਵ ਸ਼੍ਰੇਣੀ ਦਾ ਮੇਅਦਾ (Stomach) ਅਥਵਾ ਪਾਚਨ ਸ਼ਕਤੀ ਪ੍ਰਵਾਣ `ਤੇ ਹਜ਼ਮ ਕਰਦੀ ਹੋਵੇ। ਅਜਿਹੀਆਂ ਵਸਤਾਂ ਜੋ ਕਿਸੇ ਜੀਵ ਸ਼੍ਰੇਣੀ ਦੀ ਪਾਚਨ-ਸ਼ਕਤੀ ਭਾਵ ਮੇਅਦੇ ਦੀ ਲੋੜ ਅਨੁਸਾਰ ਨਾ ਹੋਣ ਉਹ ਵਸਤਾਂ ਉਸ ਸ਼੍ਰੇਣੀ ਦੇ ਸਰੀਰ `ਚ ਤਾਂ ਭਾਵੇਂ ਪੁੱਜ ਜਾਣ ਅਤੇ ਉਹਨਾਂ ਦੇ ਸਰੀਰਕ ਵਾਧੇ ਲਈ ਕੰਮ ਵੀ ਕਰ ਦੇਣ ਪਰ ਸਰੀਰਾਂ ਨੂੰ ਨੁਕਸਾਨ ਵਧੇਰੇ ਪਹੁੰਚਾਦੀਆਂ ਹਨ ਜਿਵੇਂ ਮਨੁੱਖਾ ਸਰੀਰ `ਚ ਸ਼ਰਾਬ, ਨਸ਼ੇ ਆਦਿ।

ਸਰੀਰਕ ਵਿਕਾਸ- ਇਸ ਸਬੰਧ `ਚ ਹਰੇਕ ਜੀਵ ਸ਼੍ਰੇਣੀ ਅਥਵਾ ਜੂਨੀ ਦੇ ਭੋਜਨ ਦੀ ਤੀਜੀ ਸਾਂਝ ਹੈ ਕਿ ਉਸ ਜੀਵ ਸ਼੍ਰੇਣੀ ਨੂੰ ਦਿੱਤਾ ਜਾ ਰਿਹਾ/ ਉਸ ਲਈ ਵਰਤਿਆ/ ਉਸ ਰਾਹੀਂ ਲਿਆ ਜਾ ਰਿਹਾ ਭੋਜਨ, ਉਸ ਜੀਵ ਸ਼੍ਰੇਣੀ ਦੇ ਸਰੀਰ `ਚ ਵਾਧਾ ਕਰਦਾ ਹੋਵੇ ਅਤੇ ਸਰੀਰ ਦੀਆਂ ਭਿੰਨ ਭਿੰਨ ਲੋੜਾਂ ਨੂੰ ਪੂਰਾ ਕਰਦਾ ਹੋਵੇ।

ਇਸ ਦੇ ਉਲਟ ਜੋ ਭੋਜਨ ਕਿਸੇ ਸ਼੍ਰੇਣੀ ਦੇ ਸਰੀਰ ਲਈ ਯੋਗ ਨਹੀਂ ਹੁੰਦੇ, ਦਰਅਸਲ ਅਜਿਹੇ ਭੋਜਨਾਂ ਦੇ ਵੀ ਕੁੱਝ ਆਪਣੇ ਹੀ ਲੱਛਣ ਹੁੰਦੇ ਹਨ। ਅਜਿਹੇ ਭੋਜਨ ਉਸ ਜੀਵ ਸ਼੍ਰੇਣੀ ਦੇ ਦੰਦਾਂ, ਜਿਹਬਾ ਤੇ ਭੋਜਨ ਦੀ ਨਲੀ ਜਾਂ ਅਮੁੱਕੀ ਜੀਵ ਸ਼੍ਰੇਣੀ ਦੇ ਸਰੀਰ ਅੰਦਰ ਭੋਜਨ ਪਹੁੰਚਾਉਣ ਲਈ ਕਰਤਾਰ ਵਲੋਂ ਜੋ ਵੀ ਨਿਯਤ ਢੰਗ ਹੈ, ਉਸ ਢੰਗ ਰਾਹੀਂ ਸਰੀਰ ਅੰਦਰ ਜਾਂਦੇ ਹੀ ਨਹੀਂ।

ਉਪ੍ਰੰਤ ਜੇਕਰ ਸਰੀਰ ਅੰਦਰ ਪੁੱਜ ਵੀ ਜਾਣ ਪਰ ਉਸ ਜੀਵ ਸ਼੍ਰੇਣੀ ਦੀ ਪਾਚਨ ਸ਼ਕਤੀ, ਮੇਅਦਾ ਅਥਵਾ (Stomach) ਉਸ ਵਸਤ ਨੂੰ ਪ੍ਰਵਾਣ ਨਹੀਂ ਕਰਦਾ। ਉਪ੍ਰੰਤ ਜੇ ਮੇਅਦਾ ਪ੍ਰਵਾਣ ਕਰ ਲਵੇ, ਪਰ ਅਮੁੱਕੀ ਵਸਤ, ਸਬੰਧਤ ਸਰੀਰ ਦੇ ਵਿਕਾਸ `ਤੇ ਹੀ ਉਲਟਾ ਅਸਰ ਪਾਉਂਦੀ ਹੋਵੇ। ਇਥੋਂ ਤੀਕ ਕਿ ਕਈ ਵਾਰੀ ਅਜਿਹੀ ਵਸਤ ਉਸ ਜੀਵ ਦੀ ਮੌਤ ਦਾ ਕਾਰਨ ਵੀ ਬਣ ਜਾਂਦੀ ਹੋਵੇ, ਤਾਂ ਉਸ ਜੀਵ ਸ਼੍ਰੇਣੀ ਦਾ ਅਜਿਹੇ ਵਿਰੋਧੀ ਭੋਜਨਾਂ ਜਾਂ ਵਸਤੂਆਂ ਤੋਂ ਬਚਣਾ ਜਾਂ ਉਸ ਨੂੰ ਉਸ ਤੋਂ ਬਚਾਉਣਾ ਵੀ ਜ਼ਰੂਰੀ ਹੁੰਦਾ ਹੈ।

ਠੀਕ ਇਸੇ ਤਰ੍ਹਾਂ ਜਿਵੇਂ ਸ਼ਰਾਬ, ਭੰਗ, ਅਫ਼ੀਮ, ਪੋਸਤ, ਭੁੱਕੀ, ਬਰਾਉਣ ਸ਼ੂਗਰ ਆਦਿ ਅਨੇਕਾਂ ਨਸ਼ੇ ਅਜਿਹੇ ਹਨ ਜੋ ਮਨੁੱਖਾ ਸਰੀਰ ਲਈ ਯੋਗ ਨਹੀਂ। ਗੁਰਬਾਣੀ `ਚ ਵੀ ਅਜਿਹੀਆਂ ਨਸ਼ੀਲੀਆਂ ਵਸਤਾਂ ਦਾ ਮਨੁੱਖੀ ਭੋਜਨ ਵਜੋਂ ਭਰਵਾਂ ਵਿਰੋਧ ਹੈ ਜਿਵੇਂ ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ॥ ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ॥ ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ॥ ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ(ਪੰ: ੫੫੪)। ਸਪਸ਼ਟ ਹੈ ਕਿ ਗੁਰੂ ਕੇ ਸਿੱਖ ਲਈ ਅਜਿਹੀਆਂ ਵਸਤਾਂ ਵਰਜਤ ਹਨ। ਦੇਖਣਾ ਹੈ ਕਿ ਇਹ ਸਭ ਵਸਤਾਂ ਸਾਡੀ ‘ਭੋਜਨ ਨਲੀ’ (Food Pipe) ਰਾਹੀਂ ਸਰੀਰ ਅੰਦਰ ਚਲੀਆਂ ਜਾਂਦੀਆਂ ਹੈ ਉਪ੍ਰੰਤ ਸਾਡਾ ਸਰੀਰ ਉਹਨਾਂ ਵਸਤਾਂ ਨੂੰ ਪ੍ਰਵਾਣ ਵੀ ਕਰ ਲੈਂਦਾ ਹੈ। ਪਰ ਸਾਡੇ ਦਿਮਾਗ਼ੀ ਸੰਤੁਲਣ (Mental Balance) ਅਤੇ ਸਾਡੇ ਸਰੀਰਕ ਵਿਕਾਸ ਦੀ ਬਜਾਇ, ਕਈ ਪੱਖਾਂ ਤੋਂ ਸਾਡੇ ਸਰੀਰ ਦੀ ਕੁਦਰਤੀ ਕਿਰਿਆ ਨੂੰ ਖ਼ਰਾਬ ਕਰਦੀਆਂ ਹਨ। ਸਾਡੀ ਵਿਚਾਰ ਸ਼ਕਤੀ ਤੇ ਸਮੂਹਿਕ ਤੌਰ `ਤੇ ਸਾਡੇ ਜੀਵਨ ਲਈ ਸਦਾਚਾਰਕ ਤੇ ਆਚਰਣਕ ਪੱਖੋਂ ਵੀ ਸਾਡੀ ਤਬਾਹੀ ਦਾ ਕਾਰਨ ਬਣਦੀਆਂ ਹਨ ਤੇ ਉਮਰ ਨੂੰ ਵੀ ਘਟਾਉਂਦੀਆਂ ਹਨ।

ਇਸੇ ਤਰ੍ਹਾਂ ਅੱਕ-ਧਧੂਰਾ ਆਦਿ ਸਬਜ਼ੀਆਂ ਹੋਣ ਦੇ ਬਾਵਜੂਦ ਸਾਡੀ ਖੁਰਾਕ ਬਨਣ ਦੀ ਬਜਾਏ, ਸਾਡੇ ਸਰੀਰ ਨੂੰ ਖਤਮ ਕਰਣ ਤੇ ਸਾਡੀ ਮੌਤ ਤੀਕ ਦਾ ਕਾਰਨ ਬਣ ਜਾਂਦੇ ਹਨ। ਜਦਕਿ ਕਰਤਾਰ ਦੀ ਰਚਨਾ `ਚ ਇਹ ਵੀ ਕਮਾਲ ਹੈ ਕਿ ਇਹੀ ਅੱਕ-ਧਧੂਰਾ ਉਸ ਬਕਰੀ ਦੀ ਖ਼ੁਰਾਕ ਹਨ, ਜਿਸ ਦੇ ਮਾਸ ਦਾ ਭੋਜਣ, ਮਨੁੱਖ ਕਰਦਾ ਹੈ ਅਤੇ ਉਸ ਮਾਸ ਦੇ ਭੋਜਨ ਨੂੰ ਡਾਕਟਰਾਂ ਅਨੁਸਾਰ ਵੀ ਮਨੁੱਖ ਲਈ ਪੋਸ਼ਟਿਕ ਭੋਜਣ ਸਾਬਤ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਮੁਰਗੇ ਵੀ ਬੜੇ-ਬੜੇ ਜ਼ਹਿਰੀਲੇ ਕੀੜੇ ਤੇ ਜੀਵ ਖਾ ਜਾਂਦੇ ਹਨ। ਉਹੀ ਜ਼ਹਿਰੀਲੇ ਕੀੜੇ ਜੇ ਮਨੁੱਖ ਖਾ ਲਵੇ ਤਾਂ ਮਨੁੱਖ ਦੀ ਮੌਤ ਵੀ ਹੋ ਸਕਦੀ ਹੈ। ਜਦਕਿ ਮੁਰਗਿਆਂ ਦੀ ਪਾਚਨ ਸ਼ਕਤੀ, ਉਹਨਾਂ ਜ਼ਹਿਰੀਲੇ ਕੀੜਿਆਂ ਨੂੰ ਕੇਵਲ ਮਨਜ਼ੂਰ ਹੀ ਨਹੀਂ ਕਰਦੀ; ਬਲਕਿ ਮੁਰਗਿਆਂ ਦੀ ਖ਼ੁਰਾਕ ਬਣ ਕੇ ਉਹਨਾਂ ਦੇ ਸਰੀਰਕ ਵਾਧੇ `ਚ ਵੀ ਮਦਦਗਾਰ ਹੁੰਦੀ ਹੈ। ਇਸ ਤੋ ਵੱਧ ਹੈਰਾਨੀ ਦੀ ਗੱਲ ਕਿ ਉਹਨਾਂ ਹੀ ਮੁਰਗਿਆਂ ਤੋਂ ਬਣੇ ਭੋਜਨ ਜਦੋਂ ਮਨੁੱਖ ਕਰਦਾ ਹੈ ਤਾਂ ਉਸ ਲਈ ਸੇਹਤ ਪੱਖੋਂ ਡਾਕਟਰਾਂ ਅਨੁਸਾਰ ਵੀ ਲਾਭਕਾਰੀ ਭੋਜਣ ਹੁੰਦੇ ਹਨ।

ਦੰਦਾਂ-ਦਾੜ੍ਹਾਂ ਵਾਲੀ ਦਾਤ ਤੇ ਭਿੰਨ ਭਿੰਨ ਜੀਵ ਸ਼੍ਰੇਣੀਆਂ- ਜੇਕਰ ਕਾਦਿਰ ਦੀ ਕਰਣੀ `ਚੋਂ ਭਿੰਨ ਭਿੰਨ ਜੀਵ ਸ਼੍ਰੇਣੀਆਂ ਵਿਚਾਲੇ ਉਸ ਦੀ ਦਾਤ ਦੰਦਾਂ-ਦਾੜ੍ਹਾਂ ਵਾਲੀ ਖੇਡ ਨੂੰ ਦੇਖਿਆ ਜਾਵੇ ਤਾਂ ਇਹ ਹੋਰ ਵੀ ਹੈਰਾਣ ਕਰਣ ਵਾਲੀ ਹੈ। ਕਰਤੇ ਦੀ ਬੇਅੰਤ ਰਚਣਾ `ਚ ਭੋਜਣ ਦੇ ਇਸ ਵਿਸ਼ੇ ਨੂੰ ਲੈ ਕੇ, ਸੰਸਾਰ `ਚ ਮੋਟੇ ਤੌਰ `ਤੇ ਤਿੰਨ ਸ਼੍ਰੇਣੀਆਂ ਮਿਲਦੀਆਂ ਹਨ। ਪਹਿਲਾ-ਉਹ ਜੀਵ ਜੋ ਕੇਵਲ ਘਾਸ, ਫੂਸ ਤੇ ਪੱਤੇ ਆਦਿ ਖਾ ਸਕਦੇ ਹਨ, ਮਾਸ ਵਾਲਾ ਭੋਜਨ ਕਰ ਹੀ ਨਹੀਂ ਸਕਦੇ। ਦੂਜੇ - ਜੋ ਕੇਵਲ ਮਾਸ ਵਾਲਾ ਭੋਜਨ ਕਰ ਸਕਦੇ ਹਨ ਅਤੇ ਘਾਸ, ਫੂਸ, ਪੱਤੇ, ਹਰੀਆਂ ਸਬਜ਼ੀਆਂ ਆਦਿ ਨੂੰ ਖਾ ਹੀ ਨਹੀਂ ਸਕਦੇ। ਤੀਜੇ-ਜੋ ਮਾਸ ਦੇ ਭੋਜਣ ਵੀ ਅਤੇ ਘਾਸ, ਫ਼ੂਸ, ਪੱਤੇ, ਹਰੀ ਸਬਜ਼ੀਆਂ ਆਦਿ ਭਾਵ ਦੋਨਾਂ ਕਿਸਮਾ ਦੇ ਭੋਜਨ ਆਸਾਨੀ ਨਾਲ ਕਰਦੇ ਹਨ।

ਪਹਿਲੀ ਸ਼੍ਰੇਣੀ `ਚ ਆਉਂਦੇ ਹਨ ਹਾਥੀ, ਘੋੜੇ, ਦਰਿਆਈ ਘੋੜਾ, ਬੱਕਰੀਆਂ ਆਦਿ। ਅਜਿਹੇ ਜਾਨਵਰਾਂ ਸਾਹਮਣੇ ਜੇਕਰ ਉਹਨਾਂ ਦੇ ਕੁਦਰਤੀ ਭੋਜਨ ਦੀ ਬਜਾਇ, ਮਾਸ ਦੇ ਭੋਜਨ ਰੱਖ ਦਿਤੇ ਜਾਣ ਤਾਂ ਉਹ ਭੁੱਖੇ ਮਰ ਜਾਣ ਗੇ ਪਰ ਮਾਸ ਵਾਲਾ ਭੋਜਣ ਨਹੀਂ ਛੱਕ ਸਕਣ ਗੇ। ਇਸ ਤੋਂ ਬਾਅਦ ਦੂਜੀ ਗਿਣਤੀ `ਚ ਆਉਂਦੇ ਹਨ ਸ਼ੇਰ, ਚੀਤਾ, ਬਘਿਆੜ ਆਦਿ। ਅਜਿਹੇ ਜੀਵਾਂ ਸਾਹਮਣੇ ਘਾਸ, ਫੂਸ, ਅਨਾਜ, ਪੱਤੇ ਆਦਿ ਦੇ ਢੇਰ ਲਗਾ ਦਿਉ; ਭੁੱਖੇ ਮਰ ਜਾਣ ਗੇ ਪਰ ਮਾਸ ਤੋਂ ਬਿਨਾ ਕੁੱਝ ਵੀ ਨਹੀਂ ਖਾਣ ਗੇ। ਇਸੇ ਤਰ੍ਹਾਂ ਤੀਜੀ ਕਿਸਮ ਹੈ ਜੋ ਘਾਹ, ਪੱਤੇ, ਅਨਾਜ ਵੀ ਖਾ ਸਕਦੇ ਹਨ ਅਤੇ ਮਾਸ ਵੀ। ਜਿਵੇਂ ਕੁੱਤੇ, ਬਿੱਲੀਆਂ ਆਦਿ ਤੇ ਮਨੁੱਖ ਜਾਤੀ ਵੀ, ਇਹ ਸਾਰੇ ਇਸੇ ਸ਼੍ਰੇਣੀ `ਚ ਆਉਂਦੇ ਹਨ। ਇਸ ਸਚਾਈ ਨੂੰ ਸਮਝਣ ਲਈ ਇੰਨ੍ਹਾਂ ਤਿੰਨਾਂ ਨੂੰ ਕਰਤੇ ਨੇ ਜੋ ਦੰਦਾਂ-ਜਬਾੜੇ ਵਾਲੀ ਦਾਤ ਬਖਸ਼ੀ ਹੈ, ਉਸ ਨੂੰ ਦੰਦਾਂ ਦੇ ਡਾਕਟਰਾਂ ਕੋਲੋਂ ਸਮਝਣ ਦੀ ਲੋੜ ਹੈ। ਇਸ ਵਿਸ਼ੇ `ਤੇ ਜੋ ਇਲਾਹੀ ਸਿਧਾਂਤ ਕੰਮ ਕਰ ਰਿਹਾ ਹੈ ਉਹ ਤਾਂ ਹੋਰ ਵੀ ਕਮਾਲ ਦਾ ਅਤੇ ਵਿਸਮਾਦ ਪੈਦਾ ਕਰਣ ਵਾਲਾ ਹੈ।

ਜੋ ਜੀਵ ਕੇਵਲ ਮਾਸ ਖਾ ਸਕਦੇ ਹਨ, ਹਰੀ ਸਬਜ਼ੀਆਂ ਆਦਿ ਨਹੀਂ ਖਾ ਸਕਦੇ। ਉਹਨਾਂ ਦੇ ਜਬਾੜੇ `ਚ ਦੰਦ ਹੈਣ ਹੀ ਨਹੀਂ, ਵੱਡੀ, ਛੋਟੀ ਲੋੜ ਅਤੇ ਕੱਚੇ-ਪੱਕੇ ਮਾਸ ਦੀ ਲੋੜ ਅਨੁਸਾਰ ਉਹਨਾਂ ਕੋਲ ਕੇਵਲ ਦਾੜ੍ਹਾਂ ਹੀ ਹੁੰਦੀਆਂ ਹਨ। ਉਪ੍ਰੰਤ ਇਹ ਵੱਖਰੀ ਗੱਲ ਹੈ ਕਿ ਉਹਨਾਂ ਦੀ ਰੱਬੋਂ ਮਿਥੀ ਖੁਰਾਕ ਮੁਤਾਬਕ ਉਹਨਾਂ ਦੇ ਜਬਾੜੇ ਵੀ, ਭਾਰੇ-ਹਲਕੇ, ਵੱਡੇ-ਛੋਟੇ ਹੋਣਗੇ ਤੇ ਕੱਚਾ ਜਾਂ ਪੱਕਾ ਮਾਸ ਚਬਾਉਣ-ਪਚਾਉਣ ਲਈ ਉਹਨਾਂ ਦੇ ਸਰੀਰ ਦਾ ਤਾਪਮਾਨ ਵੀ ਇਕੋ ਜਿਹਾ ਨਹੀਂ ਬਲਕਿ ਵੱਧ ਜਾਂ ਘਟ ਹੋਵੇਗਾ। ਦੂਜੇ ਜੋ ਮਾਸ ਖਾ ਹੀ ਨਹੀਂ ਸਕਦੇ, ਉਹਨਾਂ ਦੇ ਜਬਾੜੇ `ਚ ਕੇਵਲ ਦੰਦ ਹੀ ਹੁੰਦੇ ਹਨ, ਦਾੜ੍ਹਾਂ ਹੁੰਦੀਆਂ ਹੀ ਨਹੀਂ। ਤੀਜੀ ਕਿਸਮ `ਚ ਆਉਂਦੇ ਹਨ ਕੁੱਤੇ-ਬਿੱਲੀਆਂ ਆਦਿ ਤੇ ਮਨੁੱਖ ਸ਼੍ਰੇਣੀ, ਜੋ ਦੋਵੇਂ ਤਰ੍ਹਾਂ ਦੇ ਭੋਜਨ ਕਰ ਸਕਦੇ ਹਨ; ਮਾਸਾਹਾਰੀ ਭੋਜਣ ਵੀ ਅਤੇ ਸ਼ਾਕਾਹਾਰੀ ਭੋਜਣ ਵੀ। ਕਿਉਂਕਿ ਇਹਨਾ ਦੇ ਜਬਾੜੇ `ਚ ਕਰਤੇ ਨੇ ਉਹਨਾਂ ਦੀ ਲੋੜ ਅਨੁਸਾਰ ਦੰਦ ਵੀ ਦਿੱਤੇ ਹਨ ਤੇ ਦਾੜ੍ਹਾਂ ਵੀ।

ਜਿਤੁ ਖਾਧੈ ਤਨੁ ਪੀੜੀਐ” - ਸਿਰੀਰਾਗੁ ਮਹਲਾ ੧ ਵਾਲੇ ਸ਼ਬਦ “ਬਾਬਾ ਹੋਰੁ ਖਾਣਾ ਖੁਸੀ ਖੁਆਰੁ॥ ਜਿਤੁ ਖਾਧੈ ਤਨੁ ਪੀੜੀਐ, ਮਨ ਮਹਿ ਚਲਹਿ ਵਿਕਾਰ” (ਪੰ: ੧੬) `ਚ ਦਰਅਸਲ ਗੁਰਦੇਵ ਨੇ ਮਨੁੱਖਾ ਜੀਵਨ ਲਈ ਹੀ ਗੱਲ ਕੀਤੀ ਹੈ। ਦਸਿਆ ਹੈ ਕਿ ਮਨੁੱਖ ਹੋਣ ਦੇ ਨਾਤੇ ਮਨੁੱਖ ਲਈ ਖਾਣ-ਪਾਣ, ਪਹਿਰਾਵੇ, ਸੁਆਰੀ, ਸੌਣਾ ਆਦਿ ਜੀਵਨ ਦੇ ਅਤਿ ਜ਼ਰੂਰੀ ਪੱਖ ਹਨ: ਇਸ ਲਈ ਮਨੁੱਖ ਨੇ ਖਾਸ ਤੌਰ `ਤੇ ਇਹਨਾ ਪੱਖਾਂ `ਚ, ਸ਼ਬਦ ਦੇ ਆਸ਼ੇ ਅਨੁਸਾਰ ਆਪਣੇ ਜੀਵਨ ਦੀ ਸੰਭਾਲ ਕਰਣੀ ਹੈ। ਸੰਭਾਲ ਇਸ ਲਈ ਕਰਣੀ ਹੈ ਤਾ ਕਿ ਉਸ ਦੀ ਸੇਹਤ ਵੀ ਠੀਕ ਰਹੇ ਅਤੇ ਮਨ ਕਰਕੇ ਵੀ ਉਸ ਦੇ ਜੀਵਨ ਰਹਿਣੀ `ਚ ਗਿਰਾਵਟ ਨਾ ਆਵੇ। ਮਨੁੱਖ, ਸੇਹਤ ਪੱਖੋਂ ਵੀ ਅਰੋਗ, ਰਿਸ਼ਟ ਪੁਸ਼ਟ ਤੇ ਰਹਿਣੀ ਪੱਖੋਂ ਵੀ ਸਦਾਚਾਰਕ, ਉੱਚ ਆਚਰਣ ਵਾਲਾ, ਪਰ ਉਪਕਾਰੀ, ਸੰਤੋਖੀ ਭਾਵ ਇਲਾਹੀ ਗੁਣਾਂ ਨਾਲ ਭਰਪੂਰ; ਮਾਨਸਿਕ ਟਿਕਾਅ ਤੇ ਸ਼ਾਂਤੀ ਵਾਲਾ ਜੀਵਨ ਬਤੀਤ ਕਰ ਸਕੇ। ਇਸ ਤਰ੍ਹਾਂ ਇਸ ਸ਼ਬਦ `ਚ ਗੁਰਦੇਵ ਨੇ ਮਨੁੱਖਾ ਜੀਵਨ ਦੇ ਖਾਸ-ਖਾਸ ਵਿਸ਼ੇ ਭਾਵ ਖਾਣ ਪਾਣ, ਪਹਿਰਾਵੇ, ਸੁਆਰੀ, ਸੌਣਾ ਤੇ ਆਰਾਮ ਕਰਣਾ ਆਦਿ ਪ੍ਰਤੀ ਸਿਧਾਂਤਕ ਚੇਤਾਵਣੀ ਦਿੱਤੀ ਹੈ।

“ਸਰਬ ਜੀਆ ਨੋ ਰਿਜਕੁ ਦੀਆ” (ਪੰ: ੧੩੩੪) - ਰਿਜ਼ਕ ਵਾਲਾ ਪੱਖ ਚੂੰਕਿ, ਕੇਵਲ ਮਨੁੱਖਾ ਜੀਵਨ ਨਾਲ ਹੀ ਸਬੰਧਤ ਨਹੀਂ, ਬਲਕਿ ਹਰੇਕ ਜੂਨੀ ਨਾਲ ਸਬੰਧਤ ਹੈ। ਇਸ ਲਈ ਸਿਧਾਂਤਕ ਪੱਖੋਂ ਸ਼ਬਦ ਵਿਚਲਾ ਖਾਣ-ਪਾਣ ਵਾਲਾ ਅਸੂਲ ਹਰੇਕ ਜੂਨੀ ਦੇ ਖਾਣ-ਪਾਣ `ਤੇ ਇਕੋ ਜਿਹਾ ਲਾਗੂ ਹੁੰਦਾ ਹੈ। ਫ਼ਰਕ ਹੈ ਤਾਂ ਕੇਵਲ ਇਤਨਾ ਕਿ ਮਨੁੱਖ ਨੂੰ ਛੱਡ ਕੇ ਬਾਕੀ ਅਰਬਾਂ-ਖਰਬਾਂ ਜੂਨੀਆਂ ਦਾ ਜੀਵਨ, ਪਿਛਲੇ ਮਨੁੱਖਾ ਜਨਮ ਸਮੇਂ ਕੀਤੇ ਕਰਮਾਂ-ਸੰਸਕਾਰਾਂ ਦਾ ਲੇਖਾ-ਜੋਖਾ ਹੀ ਹੁੰਦਾ ਹੈ। ਇਸ ਲਈ ਉਹਨਾਂ ਸਾਰਿਆਂ ਦੇ ਜੀਵਨ ਤਾਂ ਪਿਛਲੇ ਮਨੁੱਖਾ ਜਨਮ ਸਮੇਂ ਕੀਤੇ ਕਰਮਾਂ-ਸੰਸਕਾਰਾਂ ਦੀਆਂ ਸਜ਼ਾਵਾਂ ਵਜੋਂ, ਵੱਖ-ਵੱਖ ਕੋਠਰੀਆਂ (Cells) ਹੁੰਦੀਆਂ ਹਨ। ਕੁਦਰਤੀ ਤੌਰ `ਤੇ ਉਥੇ ਹਰੇਕ ਜੂਨੀ ਆਪਣੇ ਆਪ ਹੀ ਪ੍ਰਭੂ ਦੀ ਰਜ਼ਾ `ਚ ਬੱਝੀ ਹੁੰਦੀ ਹੈ। ਉਹਨਾਂ ਵਿਚੋਂ ਇੱਕ ਵੀ ਜੂਨੀ ਅਜਿਹੀ ਨਹੀਂ ਜੋ ਪ੍ਰਭੂ ਵੱਲੋਂ ਨੀਯਤ, ਉਸ ਦੇ ਜੀਵਨ ਢੰਗ ਤੇ ਰਹਿਣੀ ਦੀ ਸੀਮਾਂ ਚੋਂ ਇਧਰ ਉਧਰ ਜਾ ਸਕਦੀ ਹੋਵੇ।

ਇਹੀ ਕਾਰਨ ਹੈ ਕਿ ਉਥੇ “ਕੁਤੇ ਚੰਦਨੁ ਲਾਈਐ, ਭੀ ਸੋ ਕੁਤੀ ਧਾਤੁ(ਪੰ: ੧੪੩) ਅਨੁਸਾਰ ਉਹਨਾਂ ਜੂਨੀਆਂ ਬਾਰੇ ਗੁਰਬਾਣੀ `ਚ ਹੋਰ ਵੀ ਅਨੇਕਾਂ ਮਿਸਾਲਾਂ ਆਈਆਂ ਹਨ। ਇਸ ਲਈ ਦੂਜੀਆਂ ਜੂਨਾਂ ਬਾਰੇ ਜੇ ਕਰ ਖਾਣ-ਪਾਣ ਦੀ ਗੱਲ ਕਰੀਏ ਤਾਂ ੳੇੁਥੇ ਦੂਜੀਆਂ ਸੰਪੂਰਣ ਜੂਨੀਆਂ `ਚ ਇਹੀ ਨਿਯਮ ਮਿਲੇਗਾ। ਸ਼ਹਿਦ ਦੀ ਮੱਖੀ ਨੇ ਫੁਲਾਂ `ਤੇ ਹੀ ਜਾ ਕੇ ਬੈਠਣਾ ਤੇ ਆਪਣਾ ਭੋਜਣ ਕਰਣਾ ਹੈ, ਕਦੇ ਵਿਸ਼ਟਾ `ਤੇ ਨਹੀਂ ਜਾਵੇਗੀ। ਜਦਕਿ ਦੂਜੇ ਪਾਸੇ ਵੀ ਮੱਖੀ ਦੀ ਜੂਨ ਹੀ ਹੈ ਜਿਸ ਨੇ ਜਾਣਾ ਹੀ ਵਿਸ਼ਟਾ `ਤੇ ਹੈ। ਇਸੇ ਤਰ੍ਹਾਂ ਕੀੜੀ ਵੀ ਜੂਨ ਹੈ ਜੋ ਵਿਸ਼ਟਾ ਆਦਿ `ਤੇ ਜਾਂਦੀ ਹੀ ਨਹੀਂ। ਇਸੇ ਤਰ੍ਹਾਂ ਜਦੋਂ ਕਿਸੇ ਨੂੰ ਜੂਨ ਹੀ ਗੰਦਗੀ ਦੇ ਕੀੜੇ ਵਾਲੀ ਮਿਲੀ ਹੋਈ ਹੈ ਤਾਂ ਉਸ ਨੂੰ ਗੰਦਗੀ `ਚ ਹੀ ਜੀਵਨ ਬਤੀਤ ਕਰਣਾ ਪਵੇਗਾ, ਬਾਹਿਰ ਰਹਿ ਨਹੀਂ ਸਕੇਗਾ ਨਹੀਂ ਤਾਂ ਮੁੜ ਗੰਦਗੀ `ਚ ਚਲਾ ਜਾਵੇਗਾ। ਇੱਕ ਪਾਸੇ ਹਾਥੀ, ਦਰੀਆਈ ਘੋੜਾ, ਊਂਟ ਆਦਿ ਜੂਨਾਂ ਹਨ ਜੋ ਹਰੇ ਪਤੇ ਹੀ ਖਾਣ ਗੀਆਂ। ਦੂਜੇ-ਸ਼ੇਰ, ਚੀਤਾ, ਬਘਿਆੜ ਆਦਿ ਵੀ ਜੂਨੀਆਂ ਹਨ ਜੋ ਹਰੇ ਪਤੇ ਸਬਜ਼ੀਆਂ ਜੀਵਨ ਭਰ ਨਹੀਂ ਖਾ ਸਕਦੇ, ਮਾਸ ਦਾ ਭੋਜਣ ਹੀ ਕਰਣਗੇ।

ਇਸੇ ਤਰ੍ਹਾਂ ਗੁਰਬਾਣੀ ਫ਼ੁਰਮਾਨ ਬਹੁਤ ਹਨ ਜਿਵੇਂ ਮੀਨ ਨਿਵਾਸ ਉਪਜੈ ਜਲ ਹੀ ਤੇ, ਸੁਖ ਦੁਖ ਪੁਰਬਿ ਕਮਾਈ॥ ਖਿਨੁ ਤਿਲੁ ਰਹਿ ਨ ਸਕੈ ਪਲੁ, ਜਲ ਬਿਨੁ ਮਰਨੁ ਜੀਵਨੁ ਤਿਸੁ ਤਾਂਈ(ਪੰ: ੧੨੭੩) ਇਸੇ ਹੀ ਉਸੇ ਸ਼ਬਦ `ਚ ਗੁਰਦੇਵ ਨੇ ਚਕਵੀ, ਪਾਪੀਹਾ, ਕਮਲ ਦੇ ਫੁਲ ਆਦਿ ਦੀ ਮਿਸਾਲ ਦੇ ਕੇ ਵੀ ਇਸੇ ਇਲਾਹੀ ਸਿਧਾਂਤ “ਸੁਖ ਦੁਖ ਪੁਰਬਿ ਕਮਾਈ ਨੂੰ ਹੀ ਪ੍ਰਕਟ ਕੀਤਾ ਹੈ। ਗੁਰਬਾਣੀ `ਚ ਹੀ ਅਣਹੋਦਾ ਅਜਗਰੁ ਭਾਰੁ ਉਠਾਏ ਨਿੰਦਕੁ. ਅਗਨੀ ਮਾਹਿ ਜਲਾਵੈ (ਪੰ: ੧੦੪੩) ਭਾਵ ਨਿੰਦਕ ਸੁਭਾਅ ਵਾਲਾ ਮਨੁੱਖ ਤਾਂ ਉਲਟਾ ਦੂਜਿਆਂ ਦੇ ਅਉਗੁਣਾਂ ਦੇ ਭਾਰ ਨੂੰ ਵੀ ਚੁੱਕੀ ਫ਼ਿਰਦਾ ਹੈ ਜਿਵੇਂ ਅਜਗਰ ਨੂੰ ਕੀਤੇ ਕਰਮਾਂ ਕਾਰਨ, ਆਪਣੇ ਸਰੀਰ ਦਾ ਇਨਾਂ ਜ਼ਿਆਦਾ ਭਾਰ ਚੁੱਕ ਕੇ ਚਲਣਾ ਪੈਂਦਾ ਹੈ (ਕਿ ਇਸੇ ਕਾਰਨ ਉਸ ਨੂੰ ਆਪਣੇ ਰਿਜ਼ਕ ਲਈ ਵੀ ਪ੍ਰੇਸ਼ਾਨੀ ਹੀ ਭੋਗਣੀ ਹੁੰਦੀ ਹੈ)। ਹੋਰ ਹਉਮੈ ਬਿਖੁ ਮਨੁ ਮੋਹਿਆ, ਲਦਿਆ ਅਜਗਰ ਭਾਰੀ(ਪੰ: ੧੨੬੦) ਭਾਵ ਜਦੋਂ ਮਨੁੱਖ ਦੇ ਜੀਵਨ ਅੰਦਰ ਮੋਹ ਮਾਇਆ ਹਉਮੈ ਆਦਿ ਵਿਕਾਰ ਭਰੇ ਹੁੰਦੇ ਹਨ ਤਾਂ ਅਜਿਹੇ ਮਨੁੱਖ ਦਾ ਜੀਵਨ ਵੀ ਇਉਂ ਹੀ ਭਾਰਾ ਰਹਿੰਦਾ ਹੈ ਜਿਵੇਂ ਅਜਗਰ ਦਾ। ਕਿਉਂਕਿ ਅਜਗਰ ਆਪਣੇ ਭਾਰੇ ਸਰੀਰ ਕਾਰਨ ਦੁਖੀ ਤਾਂ ਬਹੁਤ ਰਹਿੰਦਾ ਹੈ ਪਰ ਉਸ ਨੂੰ ਪ੍ਰਾਪਤ ਅਜਗਰ ਵਾਲੀ ਜੂਨ, ਜਿਤਨੇ ਵੀ ਉਸ ਦੇ ਸੁਆਸ ਕਰਤੇ ਨੇ ਉਸ ਨੂੰ ਦਿੱਤੇ ਹਨ, ਮਜਬੂਰਨ ਭੁਗਤਾਉਣੇ ਹੀ ਹਨ ਤੇ ਉਸ `ਚ ਵਾਧਾ-ਘਾਟਾ ਨਹੀਂ ਹੋ ਸਕਦਾ।

ਇਸ ਵਿਸ਼ੇ ਨੂੰ, ਇਸੇ ਤਰ੍ਹਾਂ ਗੁਰਬਾਣੀ `ਚ ਹੋਰ ਵੀ ਅਨੇਕਾਂ ਥਾਵੇਂ ਸਪਸ਼ਟ ਕੀਤਾ ਹੈ ਜਿਵੇਂ ਸਾਕਤੁ ਸੁਆਨੁ, ਸਭੁ ਕਰੇ ਕਰਾਇਆ॥ ਜੋ ਧੁਰਿ ਲਿਖਿਆ, ਸੁ ਕਰਮ ਕਮਾਇਆ(ਪੰ: ੪੮੧) ਇਥੇ ਇਸ ਸ਼ਬਦ `ਚ ਕਬੀਰ ਸਾਹਿਬ ਫ਼ੁਰਮਾਅ ਰਹੇ ਹਨ ਕਿ ਕੁੱਤਾ ਹੋਵੇ ਜਾਂ ਨਾਸਤਿਕ ਸੁਭਾਅ ਵਾਲਾ ਮਨੁੱਖ, ਕਊਆ, ਨਿੰਮ ਆਦਿ ਸਾਰੇ ਆਪਣੇ, ਆਪਣੇ ਸੁਭਾਅ ਨਹੀਂ ਤਿਆਗ ਸਕਦੇ ਕਿਉਂਕਿ ਉਹ ਸਾਰੇ ਜੋ ਧੁਰਿ ਲਿਖਿਆ, ਸੁ ਕਰਮ ਕਮਾਇਆਅਨੁਸਾਰ ਪਿਛਲੇ ਮਨੁੱਖਾ ਜਨਮ ਸਮੇਂ ਕੀਤੇ ਕਰਮ-ਸੰਸਕਾਰ ਹੀ ਭੋਗ ਰਹੇ ਹੁੰਦੇ ਹਨ। ਦਰਅਸਲ ਉਸ ਸ਼ਬਦ `ਚ ਅਸਲ ਵਿਸ਼ਾ ਹੀ ਇਹੀ ਹੈ ਕਿ ਜਿਹੜੇ ਜੀਵ ਇਹ ਜੂਨੀਆਂ ਭੋਗ ਰਹੇ ਹਨ; ਉਹਨਾਂ ਦੀ ਗੱਲ ਤਾਂ ਵੱਖਰੀ ਹੈ, ਪਰ ਜੋ ਮਨੁੱਖਾ ਜੂਨੀ `ਚ ਹੁੰਦੇ ਹੋਏ ਵੀ ਅਜਿਹੇ ਪਸ਼ੂਆਂ ਵਾਲੇ ਸੁਭਾਵਾਂ `ਚ ਜੀਅ ਰਹੇ ਹਨ, ਰਾਮ ਰਾਮ, ਰਾਮ ਰਮੇ ਰਮਿ ਰਹੀਐ (ਪੰ: ੪੮੧) ਅਨੁਸਾਰ ਉਹਨਾਂ ਨੂੰ ਚਾਹੀਦਾ ਹੈ ਕਿ ਸਾਧਸੰਗਤ `ਚ ਆ ਕੇ ਪ੍ਰਭੂ ਦੀ ਸਿਫ਼ਿਤ ਸਲਾਹ ਨਾਲ ਜੁੜਣ, ਤਾ ਕਿ ਆਪਣੇ ਜੀਵਨ ਨੂੰ ਸਫ਼ਲਾ ਕਰ ਸਕਣ। ਇਸ ਦੇ ਨਾਲ ਇਥੇ ਇਹ ਵੀ ਚੇਤਾਵਣੀ ਹੈ ਕਿ ਜਿਹੜੇ ਮਨੁੱਖਾ ਜੂਨੀ `ਚ ਹੁੰਦੇ ਹੋਏ ਵੀ ਪ੍ਰਭੂ ਵਲੋਂ ਹੀ ਨਾਸਤਿਕਤਾ ਦੀ ਖੱਡ `ਚ ਧੱਕੇ ਹੋਏ ਹਨ, ਸਾਕਤ ਸਿਉ ਭੂਲਿ ਨਹੀਂ ਕਹੀਐ(ਪੰ: ੪੮੧) ਅਨੁਸਾਰ ਅਜਿਹੇ ਲੋਕਾਂ ਦੇ ਜੀਵਨ ਨੂੰ ਸੁਆਰਣ ਲਈ ਮਿਹਣਤ ਕਰਣ ਦਾ ਵੀ ਕੋਈ ਲਾਭ ਨਹੀਂ ਹੁੰਦਾ।

ਮਨੁੱਖਾ ਜੂਨੀ ਦੇ ਦੋ ਰੁਖ- ਇਹ ਕੇਵਲ ਮਨੁੱਖ ਜੂਨ ਹੀ ਹੈ ਜਿਸ ਦੇ ਜੀਵਨ ਦੇ ਦੋ ਰੁਖ ਹੁੰਦੇ ਹਨ ਗੁਰਮੁਖ ਤੇ ਮਨਮੁਖ ਅਤੇ ਪ੍ਰਭੂ ਦੀ ਇਹ ਦੇਣ ਹੋਰ ਕਿਸੇ ਵੀ ਜੂਨੀ ਨੂੰ ਨਹੀਂ। ਇਸ ਦੇ ਬਾਵਜੂਦ, ਮਨੁੱਖਾ ਜੂਨ `ਚ ਵੀ ਵਿਰਲੇ ਹੀ ‘ਗੁਰਮੁਖ’ ਹੁੰਦੇ ਹਨ ਜੋ ਆਪਣੇ ਮਨੁੱਖਾ ਜਨਮ ਨੂੰ ਸਫ਼ਲ ਕਰਕੇ ਜਾਂਦੇ ਹਨ। ਇਸ ਦੇ ਉਲਟ ‘ਮਨਮੁੱਖ’ ਭਾਵ ਮਨਮੱਤੀਏ, ਹੂੜਮੱਤੀਏ, ਆਪਹੁੱਦਰੇ, ਅਨਮੱਤੀਏ ਤੇ ਹੋਛੇ ਜੀਵਨ ਵਾਲੇ ਹੀ ਵੱਡੀ ਗਿਣਤੀ `ਚ ਹੁੰਦੇ ਹਨ। ਅਜਿਹੇ ਮਨਮੁਖ ਆਪਣੇ ਮਨੁੱਖਾ ਜਨਮ ਨੂੰ ਬਿਰਥਾ ਕਰਕੇ ਜਾਂਦੇ ਤੇ ਮੁੜ ਜੂਨਾਂ ਦੇ ਗੇੜ੍ਹ `ਚ ਪਾ ਦਿੱਤੇ ਜਾਂਦੇ ਹਨ। ਫ਼ੁਰਮਾਨ ਹਨ ਜਿਵੇਂ ਨਾਗੋ ਆਇਆ ਨਾਗੋ ਜਾਸੀ, ਵਿਣੁ ਨਾਵੈ ਦੁਖੁ ਪਾਇਦਾ(ਪੰ: ੧੦੬੪) ਭਾਵ ਪਿਛਲਾ ਮਨੁੱਖਾ ਜਨਮ ਤਾਂ ਗੁਆ ਹੀ ਚੁੱਕੇ ਸਨ ਪਰ ਇਸ ਵਾਰੀ ਵੀ ਮਨੁੱਖਾ ਜਨਮ ਦੀ ਬਾਜ਼ੀ ਹਾਰ ਕੇ ਮੁੜ ਜੂਨਾ ਦੇ ਗੇੜ੍ਹ `ਚ ਹੀ ਪੈਂਦੇ ਹਨ। ਇਸੇ ਲਈ ਗੁਰਬਾਣੀ `ਚ ਮਨੁੱਖਾ ਜੀਵਨ ਨੂੰ ਸਿੱਧੇ ਰਾਹ ਪਾਉਣ ਲਈ, ਗੁਰੂ-ਗੁਰਬਾਣੀ ਦੀ ਸਿੱਖਿਆ `ਤੇ ਚਲਣ ਦੀ ਲੋੜ ਲਈ ਹੀ ਬਾਰ ਬਾਰ ਪ੍ਰੇਰਿਆਂ ਗਿਆ ਹੈ।

ਦੁਖ ਹੈ, ਤਾਂ ਇਸ ਗੱਲ ਦਾ ਕਿ ਅਜੋਕੇ ਸਿੱਖ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਵਰਗੀ ਮਹਾਨ ਹਸਤੀ ਹੋਣ ਦੇ ਬਾਵਜੂਦ; ਅੱਜ ਦੂਜੇ ਤਾਂ ਕੀ ਬਲਕਿ ਸਿੱਖ ਵੀ ਆਪਣੀ ਸੰਭਾਲ ਨਹੀਂ ਕਰ ਰਿਹਾ। ਚੇਤੇ ਰਹੇ! ਕਿਸੇ ਮਨੁੱਖ ਲਈ, ਚਾਹੇ ਉਹ ਕਿਸੇ ਵੀ ਧਰਮ, ਦੇਸ਼, ਲਿੰਗ, ਜਾਤ ਜਾਂ ਰੰਗ ਦਾ ਹੋਵੇ, ਇਸ ਪੱਖੋਂ ਗੁਰੂ ਦਰ `ਤੇ ਦੋ ਪੈਮਾਣੇ ਨਹੀਂ ਹਨ। ਜਿਹੜੇ ਸੱਜਨ, ਗੁਰੂ-ਗੁਰਬਾਣੀ ਦੀ ਆਗਿਆ `ਚ ਚਲਣ ਵਾਲੇ ਹਨ ਜਾਂ ਫ਼ਿਰ ਆਗਿਆ `ਚ ਨਹੀਂ ਚਲਦੇ; ਦੋਨਾਂ ਲਈ ਫ਼ੈਸਲਾ ਅਟੱਲ ਤੇ ਸਪਸ਼ਟ ਹੈ। ਫ਼ੁਰਮਾਨ ਹੈ “ਚੰਗਿਆਈਆ ਬੁਰਿਆਈਆ, ਵਾਚੈ ਧਰਮੁ ਹਦੂਰਿ॥ ਕਰਮੀ ਆਪੋ ਆਪਣੀ, ਕੇ ਨੇੜੈ ਕੇ ਦੂਰਿ॥ ਜਿਨੀ ਨਾਮੁ ਧਿਆਇਆ, ਗਏ ਮਸਕਤਿ ਘਾਲਿ॥ ਨਾਨਕ ਤੇ ਮੁਖ ਉਜਲੇ, ਕੇਤੀ ਛੁਟੀ ਨਾਲਿ(ਬਾਣੀ ਜਪੁ) ਭਾਵ ਅਕਾਲਪੁਰਖ (ਧਰਮੁ) ਦੀ ਦਰਗਾਹ ਅਥਵਾ ਕਰਤੇ ਦੇ ਸੱਚੇ ਨਿਆਂ `ਚ ਜੀਵਨ ਕੇਵਲ ਉਹਨਾਂ ਦਾ ਹੀ ਸਫ਼ਲ ਹੋਣਾ ਹੈ ਜਿਨ੍ਹਾਂ ਨੇ ਜੀਵਨ ਦੀ ਕਮਾਈ ਕੀਤੀ ਹੈ। ਬਲਕਿ ਇਥੋਂ ਤੀਕ ਫ਼ੁਰਮਾਇਆ ਹੈ ਕਿ ਜੀਵਨ ਦੀ ਕਮਾਈ ਕਰਣ ਵਾਲੇ ਆਪਣਾ ਜੀਵਨ ਤਾਂ ਸਫ਼ਲ ਕਰਦੇ ਹੀ ਹਨ, ਨਾਲ ਅਨੇਕਾਂ ਦਾ ਜੀਵਨ ਵੀ ਸੁਆਰ ਦਿੰਦੇ ਹਨ, ਉਹਨਾਂ ਦੇ ਜੀਵਨ ਵੀ ਸਫ਼ਲ ਕਰ ਦਿੰਦੇ ਹਨ। ਉਪ੍ਰੰਤ, ਗੁਰਬਾਣੀ ਦਾ ਇਹ ਵੀ ਫ਼ੈਸਲਾ ਹੈ ਕਿ ਰਜ਼ਾ-ਭਾਣੇ ਵਾਲਾ ਜੀਵਨ ਜੀਊਣ ਵਾਲੇ ਅਤੇ ਜੀਵਨ ਨੂੰ ਸਫ਼ਲ ਕਰਣ ਵਾਲੇ ਵਿਰਲੇ ਹੀ ‘ਗੁਰਮੁਖ’ ਸਾਬਤ ਹੁੰਦੇ ਹਨ ਫ਼ੁਰਮਾਨ ਹੈ ਸਤਿਗੁਰੁ ਸੇਵਨਿ ਆਪਣਾ, ਤੇ ਵਿਰਲੇ ਸੰਸਾਰਿ॥ ਹਉਮੈ ਮਮਤਾ ਮਾਰਿ ਕੈ, ਹਰਿ ਰਾਖਿਆ ਉਰ ਧਾਰਿ(ਪੰ: ੨੬)। ਜਦਕਿ ਇਸ ਦੇ ਉਲਟ ਅਉਗਣ ਫਿਰਿ ਲਾਗੂ ਭਏ, ਕੂਰਿ ਵਜਾਵੈ ਤੂਰੁ॥ ਬਿਨੁ ਸਬਦੈ ਭਰਮਾਈਐ, ਦੁਬਿਧਾ ਡੋਬੇ ਪੂਰੁ (ਪੰ: ੧੯) ਜਾਂ ਕੂੜੁ ਮਿਠਾ ਕੂੜੁ ਮਾਖਿਉ ਕੂੜੁ ਡੋਬੇ ਪੂਰੁ(ਪੰ: ੪੬੮) ਅਨੁਸਾਰ ਪੂਰਾਂ ਦੇ ਪੂਰ, ਕਰਮਾਂ-ਸੰਸਕਾਰਾਂ ਤੇ ਅਉਗੁਣਾ ਦਾ ਬੋਝ ਲੈ ਕੇ ਹੀ ਸੰਸਾਰ ਤੋਂ ਜਾਂਦੇ ਤੇ ਮੁੜ ਜਨਮ-ਮਰਣ ਦੇ ਗੇੜ `ਚ ਹੀ ਪਏ ਰਹਿੰਦੇ ਹਨ।

ਭਖ ਤੇ ਅਭਖ `ਚ ਫ਼ਰਕ-ਜੀਵਾਂ ਦੇ ਰਿਜ਼ਕ ਸਬੰਧੀ ਇੱਕ ਹੋਰ ਸਾਂਝਾ ਪੱਖ ਤੇ ਸਾਂਝੀ ਕੜੀ ਇਹ ਵੀ ਹੈ ਕਿ ਮਨੁੱਖ ਸਮੇਤ ਹਰੇਕ ਜੂਨੀ ਫ਼ਿਰ ਚਾਹੇ ਕਿਸੇ ਕੀੜੇ, ਮਕੋੜੇ, ਪਸ਼ੂ ਪੰਛੀ, ਫਲ, ਪੈਧੇ, ਫੁਲ, ਬਨਸਪਤੀ, ਖਨਿਜ ਅਦਿ, ਕੋਈ ਵੀ ਹੋਵੇ, ਦੇਖ ਚੁੱਕੇ ਹਾਂ ਕਿ ਉਸ ਜੀਵ ਲਈ ਪ੍ਰਭੂ ਵਲੋਂ ਉਹੀ ਭੋਜਣ ਨੀਯਤ ਹੁੰਦਾ ਹੈ ਜੋ ਉਸ ਜੀਵ ਦੀ ਪਾਚਨਸ਼ਕਤੀ (Stomach) ਅਨੁਸਾਰ ਹੋਵੇ ਅਤੇ ਉਸ ਦੇ ਸਰੀਰ ਦੇ ਵਾਧੇ ਲਈ ਖੁਰਾਕ ਦਾ ਕੰਮ ਕਰਦਾ ਹੋਵੇ। ਇਸੇ ਲਈ ਇਸ ਸ਼ਬਦ `ਚ ਗੁਰਦੇਵ ਸਪਸ਼ਟ ਕਰ ਰਹੇ ਹਨ “ਬਾਬਾ ਹੋਰੁ ਖਾਣਾ ਖੁਸੀ ਖੁਆਰੁ॥ ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ” (ਪੰ: ੧੬)। ਗੁਰਦੇਵ ਫ਼ੁਰਮਾਉਂਦੇ ਹਨ “ਹੇ ਭਾਈ! ਜਿਨ੍ਹਾਂ ਪਦਾਰਥਾਂ ਦੇ ਖਾਣ ਨਾਲ ਤੇਰਾ ਸਰੀਰ ਰੋਗੀ ਹੁੰਦਾ ਹੈ ਅਤੇ ਮਨ `ਚ ਕਈ ਤਰ੍ਹਾਂ ਦੇ ਵਿਕਾਰ (ਮੰਦੇ ਖਿਆਲ) ਤੁਰ ਪੈਂਦੇ ਹਨ, ਉਹਨਾਂ ਪਦਾਰਥਾਂ ਨੂੰ ਤੂੰ ਨਹੀਂ ਵਰਤਣਾ। ਇਸ ਤਰ੍ਹਾਂ ਗੁਰਬਾਣੀ ਅਨੁਸਾਰ ਮਨੁੱਖ ਲਈ ਕੇਵਲ ਅਜਿਹੇ ਪਦਾਰਥ ਹੀ ਵਰਜਿਤ ਹਨ ਜੋ ਉਸ ਦੇ ਜੀਵਨ ਨੂੰ ਗੰਦਾ ਕਰਣ, ਸਰੀਰ `ਚ ਵਿਗਾੜ ਪੈਦਾ ਕਰਣ, ਗ੍ਰੀਵਾ ਰਾਹੀਂ ਸਰੀਰ ਅੰਦਰ ਨਾ ਜਾਂਦੇ ਹੋਣ, ਮਨੁੱਖ ਦੀ ਪਾਚਨ ਸ਼ਕਤੀ ਉਹਨਾਂ ਨੂੰ ਕਬੂਲ ਨਾ ਕਰਦੀ ਹੋਵੇ ਅਤੇ ਅਜਿਹੇ ਭੋਜਣ ਜੋ ਸਰੀਰਕ ਵਾਧੇ `ਚ ਰੁਕਾਵਟ ਹੋਣ।

ਧਿਆਣ ਦੇਣ ਦੀ ਗੱਲ ਹੈ ਕਿ ਸਬੰਧਤ ਸ਼ਬਦ `ਚ ਗੁਰਦੇਵ ਨੇ ਭੋਜਨ ਦੇ ਛਕਣ ਬਾਰੇ ਸੇਧ ਅਤੇ ਸਿਧਾਂਤ ਹੀ ਬਖਸ਼ਿਆ ਹੈ, ਕਿਸੇ ਵਿਸ਼ੇਸ਼ ਮਨੁੱਖ ਲਈ, ਕਿਸੇ ਵਿਸ਼ੇਸ਼ ਵਸਤੂਆਂ ਦੇ ਛਕਣ ਜਾਂ ਨਾ ਛਕਣ ਵਾਲੀਆਂ ਵਸਤਾਂ ਨੂੰ ਨਹੀਂ ਗਿਣਵਾਇਆ। ਠੀਕ ਇਸੇ ਤਰ੍ਹਾਂ, ਜਿਵੇਂ ਅਸੀਂ ਜਦੋਂ ਕਿਸੇ ਸਰੀਰਕ ਰੋਗ ਦਾ ਸ਼ਿਕਾਰ ਹੁੰਦੇ ਹਾਂ ਤੇ ਰੋਗ ਦੇ ਨਿਵਾਰਣ ਲਈ ਡਾਕਟਰ ਕੋਲ ਜਾਂਦੇ ਹਾਂ। ਉਪ੍ਰੰਤ ਡਾਕਟਰ ਵੱਲੋਂ ਵੀ ਹਰੇਕ ਬਿਮਾਰੀ ਤੇ ਹਰੇਕ ਬਿਮਾਰ ਲਈ, ਖਾਣ-ਪਾਣ ਤੇ ਪ੍ਰਹੇਜ਼ ਸਬੰਧੀ ਇਕੋ ਜਿਹੀ ਸਲਾਹ ਨਹੀਂ ਹੁੰਦੀ। ਸਮੇਂ, ਸੇਹਤ ਤੇ ਬਿਮਾਰੀ ਮੁਤਾਬਕ, ਹਰੇਕ ਮਰੀਜ਼ ਲਈ ਦਵਾਈ, ਪ੍ਰਹੇਜ਼ ਤੇ ਖਾਣ-ਪਾਣ ਲਈ ਸਲਾਹ ਵੀ ਵੱਖ ਵੱਖ ਹੀ ਹੁੰਦੀ ਹੈ। ਬਹੁਤ ਵਾਰੀ ਤਾਂ ਡਾਕਟਰ ਨੂੰ ਵੀ ਇਕੋ ਮਰੀਜ਼ ਅਤੇ ਉਸ ਦੀ ਇਕੋ ਬਿਮਾਰੀ ਦੌਰਾਨ, ਉਸ ਦੀ ਖੁਰਾਕ ਆਦਿ `ਚ ਕਈ ਵਾਰ ਤਬਦੀਲੀਆਂ ਕਰਣ ਦੀ ਲੋੜ ਵੀ ਪੈ ਜਾਂਦੀ ਹੈ।

ਇਸੇ ਤਰ੍ਹਾਂ ਕਿਸੇ ਵੀ ਜੀਵ ਨੂੰ ਚਾਹੇ ਉਹ ਕਿਸੇ ਵੀ ਜੀਵ ਸ਼੍ਰੇਣੀ ਦਾ ਹੋਵੇ, ਪ੍ਰਭੂ ਵਲੋਂ ਨਿਯਤ ਉਸ ਦੀ ਪਾਚਨ ਸ਼ਕਤੀ ਜਾਂ ਖ਼ੁਰਾਕ ਦੇ ਉਲਟ ਕੋਈ ਚੀਜ਼ ਖੁਆ ਦੇਵੋ ਜਾਂ ਖਾ ਲਵੇ ਤਾਂ ਉਹ ਵੀ ਬਿਮਾਰ ਹੋ ਜਾਂਦਾ ਹੈ ਬਲਕਿ ਕਈ ਵਾਰੀ ਤਾਂ ਉਸ ਦੀ ਮੌਤ ਤੀਕ ਵੀ ਹੋ ਜਾਂਦੀ ਹੈ। ਬਹੁਤ ਵਾਰੀ ਦੇਖਣ `ਚ ਆਇਆ ਹੈ ਕਿ ਇਲਾਕਿਆਂ `ਚ ਆਵਾਰਾ ਘੁੰਮ ਰਹੀਆਂ ਗਉਆਂ ਰਾਹੀਂ, ਭੁਖ ਦੀ ਅੱਗ ਨੂੰ ਬੁਝਾਉਣ ਦੇ ਨਾਲ ਨਾਲ, ਕੂੜੇ ਦੇ ਢੇਰਾਂ ਚੋਂ ਜਿਥੋਂ ਕਿ ਆਪਣਾ ਰਿਜ਼ਕ ਢੂੰਡ ਰਹੀਆ ਹੁੰਦੀਆਂ ਹਨ, ਉਹਨਾਂ ਦੇ ਪੇਟ `ਚ ਪਲਾਸਟਿਕ ਦੀਆਂ ਥੈਲੀਆਂ ਦਾ ਚਲਾ ਜਾਣਾ ਹੀ ਉਹਨਾਂ ਦੀ ਮੌਤ ਦਾ ਕਾਰਨ ਬਣਿਆ ਹੈ। ਬਿਰਖਾਂ-ਪੋਦਿਆਂ `ਚ ਤਾਂ ਇਹ ਗੱਲ ਆਮ ਦੇਖਣ ਨੂੰ ਮਿਲਦੀ ਹੈ ਜਦੋਂ ਕਿਸੇ ਸਥਾਨ `ਤੇ ਕਿਸੇ ਰਾਹੀਂ ਪੌਦਾ ਲਗਾਉਣ `ਚ, ਜੇ ਕੋਈ ਦੂਜਾ ਮਨੁੱਖ ਉਸ `ਤੇ ਸਾੜਾ ਰਖਦਾ ਹੈ ਤਾਂ ਉਸ ਪੋਦੇ ਦੀਆਂ ਜੜ੍ਹਾਂ `ਚ ਕੋਈ ਤੇਜ਼ਾਬ, ਨਮਕ, ਤੇਲ ਆਦਿ ਵਿਰੋਧੀ ਵਸਤ ਪਾ ਦਿੰਦਾ ਹੈ ਜਿਸ ਤੋਂ ਅਮੁੱਕਾ ਪੋਦਾ ਉਗਣ ਦੇ ਨਾਲ ਹੀ ਕੁਮਲਾ ਜਾਂ ਸੜ ਜਾਂਦਾ ਹੈ। ਮਨੁੱਖ-ਮਨੁੱਖ ਵਿਚਾਲੇ ਦੁਸ਼ਮਣੀਆਂ ਦੋਰਾਨ ਤਾਂ ਇਹ ਗੱਲਾਂ ਆਮ ਦੇਖੀਆਂ-ਸੁਣੀਆਂ ਜਾਂਦੀਆਂ ਹਨ ਜਦੋਂ ਕਿ ਕਿਸੇ ਦੇ ਖਾਣੇ-ਭੋਜਣ, ਪੇਅ ਆਦਿ `ਚ ਸ਼ਰਾਬ ਜਾਂ ਜ਼ਹਿਰ ਆਦਿ ਵਿਰੋਧੀ ਵਸਤਾਂ ਮਿਲਾਅ ਦਿੱਤੀਆਂ ਜਾਂਦੀਆਂ ਹਨ, ਜਿਥੋਂ ਕਿ ਬਹੁਤ ਵਾਰੀ ਮੌਤਾਂ ਤੀਕ ਵੀ ਹੋ ਜਾਂਦੀਆਂ ਹਨ।

ਉਪ੍ਰੰਤ ਡਾਕਟਰ ਗੁਰੂ -ਹੁਣ ਸਬੰਧਤ ਸ਼ਬਦ `ਚ ਹੀ ਦੇਖ ਲਵੀਏ! ਇਥੇ ਵਿਸ਼ਾ ਤਾਂ ਸਰੀਰ ਦੇ ਸੰਸਾਰਿਕ ਡਾਕਟਰ ਤੋਂ ਵੀ ਬਹੁਤ ੳੇੱਚਾ ਤੇ ਵੱਡਾ ਹੈ। ਏਥੇ ਗੁਰੂ-ਡਾਕਟਰ ਨੇ ਤਾਂ ਮਨੁੱਖ ਦੇ ਕੇਵਲ ਸਰੀਰਕ ਰੋਗਾਂ ਦਾ ਹੀ ਇਲਾਜ ਨਹੀਂ ਕਰਣਾ ਬਲਕਿ ਜਗਿਆਸੂ ਦੇ ਜੀਵਨ ਤੇ ਸਰੀਰ ਦੋਨਾਂ ਨੂੰ, ਮਾਨਸਿਕ ਪੱਖੋਂ ਘੜਣਾ ਹੈ। ਇਥੇ ਤਾਂ ਸੰਸਾਰਿਕ ਡਾਕਟਰ ਲਈ ਵੀ ਗਰੂ-ਗੁਰਬਾਣੀ ਦਾ ਉਪਦੇਸ਼ ਹੈ “ਰੋਗੁ ਗਵਾਇਹਿ ਆਪਣਾ, ਤ ਨਾਨਕ ਵੈਦੁ ਸਦਾਇ (ਪੰ: ੧੨੭੯) ਕਿਉਂਕਿ ਇਹ ਰੋਗ ਤਾਂ ਖਸਮੁ ਵਿਸਾਰਿ ਕੀਏ ਰਸ ਭੋਗ॥ ਤਾਂ ਤਨਿ ਉਠਿ ਖਲੋਏ ਰੋਗ॥ ਮਨ ਅੰਧੇ ਕਉ ਮਿਲੈ ਸਜਾਇ॥ ਵੈਦ ਨ ਭੋਲੇ ਦਾਰੂ ਲਾਇ” (ਪੰ: ੧੨੫੬)। ਇਸ ਤਰ੍ਹਾਂ ਗੁਰੂ ਪਿਤਾ ਨੇ ਤਾਂ ਮਨੁੱਖ ਦੇ ਸੁਭਾਉ ਨੂੰ ਵਿਕਾਰਾਂ ਤੋਂ ਬਚਾਉਣਾ ਤੇ ਉਸ ਨੂੰ ਇਲਾਹੀ ਗੁਣਾਂ ਨਾਲ ਭਰਪੂਰ ਕਰਣਾ ਹੈ। ਇਸ ਲਈ ਉਸ ਨੂੰ ਆਤਮਕ ਤੇ ਸਰੀਰਕ, ਦੋਵੇਂ ਤਰ੍ਹਾਂ ਦੇ ਰੋਗਾਂ ਤੋਂ ਬਚਾਉਣਾ ਹੈ। ਇਹ ਤਾਂ ਮਨੁੱਖਾ ਜੀਵਨ ਦੀ ਉਹ ਅਵਸਥਾ ਹੈ ਜਿੱਥੇ ਸੰਸਾਰਕ ਡਾਕਟਰ ਤਾਂ ਪੁੱਜ ਹੀ ਨਹੀਂ ਸਕਦੇ। ਕਿਉਂਕਿ ਇਹ ਕੰਮ ਸੰਸਾਰੀ ਡਾਕਟਰਾਂ ਦੇ ਵੱਸ ਦਾ ਹੈ ਨਹੀਂ ਬਲਕਿ ਆਤਮਕ ਡਾਕਟਰਾਂ ਦਾ ਹੈ ਜਾਂ ਫ਼ਿਰ ਗੁਰੂ ਡਾਕਟਰ ਦਾ ਹੈ।

ਹੋਰ ਤਾਂ ਹੋਰ, ਇਥੇ ਕਿਸੇ ਇੱਕ ਮਨੁੱਖ ਜਾਂ ਕਿਸੇ ਖਾਸ ਇੱਕ ਮਰੀਜ਼ ਦੀ ਗੱਲ ਵੀ ਨਹੀਂ। ਇਥੇ ਸਮੇਂ, ਸਥਾਨ ਅਨੁਸਾਰ, ਡਾਕਟਰ-ਗੁਰੂ ਨੇ ਸਾਰੇ ਮਨੁੱਖ ਵਰਗ ਦੀ ਸੰਭਾਲ ਕਰਣੀ ਹੈ। ਸੰਗਤਾ `ਚ ਆਚਰਣਕ ਉੱਚਤਾ ਤੇ ਸਦਾਚਾਰਕ ਜੀਵਨ ਨੂੰ ਸੀਂਚਣਾ ਹੈ। ਇਸ ਤੋਂ ਬਾਅਦ, ਦੂਜੇ ਪਾਸੇ ਇਥੇ ਤਾਂ ਹਰੇਕ ਮਨੁੱਖ ਦੇ ਸੁਭਾਅ, ਰਹਿਣੀ, ਜੀਵਨ ਭਾਵ ਹਰ ਪੱਖੋਂ ਆਪਸੀ ਫ਼ਰਕ ਵੀ ਹੁੰਦੇ ਹਨ। ਦਰਅਸਲ ਇਸ ਸ਼ਬਦ ਰਾਹੀਂ ਗੁਰਦੇਵ ਨੇ ਮਨੁੱਖ ਨੂੰ ਉਹ ਸਿਧਾਂਤ ਬਖਸ਼ਿਆ ਹੈ ਜੋ ਹਰੇਕ ਮਨੁੱਖ ਦੇ ਜੀਵਨ, ਹਰੇਕ ਦੇਸ਼ ਤੇ ਹਰੇਕ ਸਥਾਨ `ਤੇ ਲਾਗੂ ਹੁੰਦਾ ਹੋਵੇ। ਮਨੁੱਖ ਅੰਦਰ ਉੱਚੇ-ਸੁੱਚੇ ਇਲਾਹੀ ਤੇ ਸਰਬਪੱਖੀ ਜੀਵਨ ਦਾ ਵਿਕਾਸ ਹੋ ਸਕੇ। ਇਥੇ ਇਹ ਵਿਸ਼ਾ ਸਰਬਪੱਖੀ ਹੈ, ਨਾ ਕਿ ਕੁੱਝ ਬੰਦਿਆਂ ਲਈ ਜਾਂ ਕਿਸੇ ਖਾਸ ਇਲਾਕੇ ਲਈ ਜਾਂ ਕਿਸੇ ਖਾਸ ਕਿਸਮ ਦੇ ਭੋਜਣ ਲਈ।

ਖੂਬੀ ਇਹ ਕਿ ਇਸ ਸ਼ਬਦ `ਚ ਰਹਾਉ ਦਾ ਬੰਦ ਵੀ ਇੱਕ ਨਹੀਂ ਹੈ, ਬਲਕਿ ਚਾਰ ਬੰਦ ਹਨ। ਫ਼ਿਰ ਸ਼ਬਦ `ਚ ਵਿਸ਼ਾ ਕੇਵਲ ਖਾਣ-ਪਾਣ ਤੀਕ ਹੀ ਸੀਮਤ ਨਹੀਂ, ਇਥੇ ਤਾਂ ਪਹਿਰਾਵੇ, ਸੁਆਰੀ, ਸ਼ਸਤ੍ਰਾਂ ਦੀ ਵਰਤੋਂ, ਨਿੰਦਰਾ (ਸਰੀਰਕ ਆਰਾਮ) ਸਬੰਧੀ ਵੀ ਸੇਧ ਹੈ। ਕਿਉਂਕਿ ਇਹ ਸਾਰੇ ਵਿਸ਼ੇ ਮੂਲ ਰੂਪ `ਚ ਮਨੁੱਖ ਦੇ ਮਨ ਤੇ ਸੋਚਣੀ ਨਾਲ ਹੀ ਸਬੰਧਤ ਹਨ, ਸਰੀਰਾਂ `ਤੇ ਤਾਂ ਇਹਨਾ ਦਾ ਕੇਵਲ ਪ੍ਰਭਾਵ ਹੀ ਹੁੰਦਾ ਹੈ। ਇਸੇ ਲਈ ਸ਼ਬਦ `ਚ ਗੱਲ ਸਰੀਰ ਦੇ ਨਾਲ “ਮਹਿ ਚਲਹਿ ਵਿਕਾਰ” ਭਾਵ ਮਨ ਦੀ ਕੀਤੀ ਹੈ ਜਿਵੇਂ:

“ਬਾਬਾ ਹੋਰੁ ਪੈਨਣੁ ਖੁਸੀ ਖੁਆਰੁ॥ ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ”

“ਬਾਬਾ ਹੋਰੁ ਚੜਣਾ ਖੁਸੀ ਖੁਆਰੁ॥ ਜਿਤੁ ਚੜਿਐ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ”

“ਬਾਬਾ ਹੋਰੁ ਸਉਣਾ ਖੁਸੀ ਖੁਆਰੁ॥ ਜਿਤੁ ਸੁਤੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ” (ਪੰ: ੧੬)।

ਇਸ ਲਈ ਪੂਰੇ ਸ਼ਬਦ `ਚ ਪ੍ਰਵਾਰਕ ਜ਼ਿਮੇਂਵਾਰੀਆਂ, ਪਹਿਰਾਵਾ, ਸੁਆਰੀ ਤੇ ਸਰੀਰਕ ਆਰਾਮ (ਨਿੰਦਰਾ) ਆਦਿ, ਦੂਜੇ ਪੱਖਾਂ ਤੋਂ ਵੀ ਗੱਲ ਸਮਝਾਈ ਹੈ। ਸ਼ਬਦ ਰਾਹੀਂ, ਸਮੁਚੇ ਤੌਰ `ਤੇ ਸੁਚੇਤ ਕੀਤਾ ਹੈ ਕਿ ਮਨੁੱਖਾ ਜੀਵਨ ਦੀ ਤਬਾਹੀ ਅਤੇ ਅਸਫ਼ਲਤਾ ਦਾ ਕਾਰਨ, ਮਨੁੱਖ ਦਾ, ਜੀਵਨ ਦੀ ਮੌਲਿਕ ਸੋਝੀ ਤੋਂ ਅਚੇਤ ਹੋ ਕੇ ਅਤੇ ਇਸ ਬਾਰੇ ਲਾਪਰਵਾਹ ਹੋ ਕੇ ਹੀ ਚਲਣਾ ਹੁੰਦਾ ਹੈ। ਇਸੇ ਦਾ ਨਤੀਜਾ ਹੁੰਦਾ ਹੈ ਕਿ ਇਸ ਪੱਖੋਂ ਲਾਪਰਵਾਹ ਰਹਿਣ ਕਰਕੇ ਬਹੁਤ ਵਾਰੀ ਚੰਗਾ ਭਲਾ ਮਨੁੱਖ ਵੀ ਮੋਹ ਮਾਇਆ, ਵਿਕਾਰਾਂ `ਚ ਖਚਤ ਰਹਿ ਕੇ ਚੋਰ, ਡਾਕੂ, ਕਾਤਲ, ਵਿੱਭਚਾਰੀ, ਠੱਗ, ਜ਼ਾਲਮ ਆਦਿ ਬੇਅੰਤ ਮਾਨਸਕ-ਸਰੀਰਕ ਰੋਗਾਂ ਦਾ ਸ਼ਿਕਾਰ ਹੋ ਜਾਂਦਾ ਹੈ। ਮਨੁੱਖ ਆਪਣਾ ਹੀਰੇ ਵਰਗਾ ਜਨਮ ਤਬਾਹ ਕਰ ਕੇ ਸੰਸਾਰ ਤੋਂ ਚਲਾ ਜਾਂਦਾ ਹੈ ਤੇ ਮੁੜ ਜਨਮਾਂ ਦੇ ਗੇੜ੍ਹ `ਚ ਫ਼ੱਸ ਜਾਂਦਾ ਹੈ।

ਮਨੁੱਖਾ ਸਰੀਰ ਅਤੇ ਵਿਕਾਰ- ਇਥੇ ਸ਼ਬਦ `ਚ ਮੁਖ ਵਿਸ਼ਾ ਹੀ “ਮਨ ਮਹਿ ਚਲਹਿ ਵਿਕਾਰ” ਭਾਵ ਮਨ `ਚ ਚਲਣ ਵਾਲੇ ਵਿਕਾਰ ਤੇ ਉਹਨਾਂ ਤੋਂ ਮਨ ਨੂੰ ਬਚਾਉਣ ਦਾ ਹੈ ਤਾ ਕਿ ਜੀਵਨ ਠੀਕ ਰਸਤੇ ਚਲੇ। ਇਸ ਲਈ ਇਹ ਦੇਖਣਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਗੁਰਬਾਣੀ `ਚ ਵਿਕਾਰ ਕਿਹਾ ਕਿਸ ਨੂੰ ਹੈ? ਗੁਰਬਾਣੀ ਅਨੁਸਾਰ ਸ਼ਬਦ ‘ਵਿਕਾਰਾਂ’ ਬਾਰੇ ਕੁੱਝ ਵੇਰਵਾ ਦੇਣ ਦੀ ਲੋੜ ਇਸ ਲਈ ਵੀ ਪਈ; ਕਿਉਂਕਿ ਸਾਡੇ ਕਈ ਸਤਿਕਾਰਯੋਗ ‘ਮਾਸ ਵਿਰੋਧੀ’ ਸੱਜਨਾਂ ਨੇ ਇਸ ਸ਼ਬਦ ਨੂੰ ਉਚੇਚੇ ਮਾਸ ਦੇ ਭੋਜਨਾਂ ਵਿਰੁਧ ਲਿਆ ਹੈ ਜਦਕਿ ਪੂਰੇ ਸ਼ਬਦ `ਚ ਮਾਸ ਦਾ ਇਸ਼ਾਰੇ ਮਾਤ੍ਰ ਵੀ ਜ਼ਿਕਰ ਨਹੀਂ। ਬਲਕਿ ਇਥੇ ਤਾਂ ਸਾਰੀ ਗੱਲ ਹੀ “…ਮਨ ਮਹਿ ਚਲਹਿ ਵਿਕਾਰ” `ਤੇ ਆਧਾਰਿਤ ਅਤੇ ਸਿਧਾਂਤਕ ਹੈ। ਦੇਖਣਾ ਹੈ ਕਿ ਪਾਤਸ਼ਾਹ ਨੇ ਗੁਰਬਾਣੀ `ਚ ਜਿੱਥੇ-ਕਿੱਥੇ ਵੀ ਵਿਕਾਰਾਂ ਦੀ ਗੱਲ ਕੀਤੀ ਹੈ ਵਿਕਾਰਾਂ ਦੀ ਗਿਣਤੀ ਵੀ ਪੰਜ ਦੱਸੀ ਹੈ ਅਤੇ ਜੋ ਵਿਕਾਰ ਦਸੇ ਹਨ, ਉਹ ਹਨ “ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ”। ਇਸ ਤੋਂ ਬਾਅਦ, ਗੁਰਬਾਣੀ `ਚ ਵਿਕਾਰ ਲਫ਼ਜ਼ ਬਹੁਤ ਵਾਰੀ ਆਇਆ ਹੈ ਪਰ ਮਾਸ ਦੇ ਭੋਜਨਾਂ ਲਈ ਵਿਕਾਰ ਜਾਂ ਮਾਸਾਹਾਰੀ ਲਈ ‘ਵਿਕਾਰੀ’ ਲਫ਼ਜ਼ ਇੱਕ ਵਾਰੀ ਵੀ ਅਤੇ ਕਿਧਰੇ ਵੀ ਨਹੀਂ ਆਇਆ, ਜਿਵੇਂ:-

“ਇਸੁ ਦੇਹੀ ਅੰਦਰਿ ਪੰਚ ਚੋਰ ਵਸਹਿ ਕਾਮੁ ਕ੍ਰੋਧੁ ਲੋਭੁ ਮੋਹੁ ਅਹੰਕਾਰਾ॥

ਅੰਮ੍ਰਿਤੁ ਲੂਟਹਿ ਮਨਮੁਖ ਨਹੀਂ ਬੂਝਹਿ ਕੋਇ ਨ ਸੁਣੈ ਪੂਕਾਰਾ” (ਪੰ: ੫੦੦)।

“ਕਾਮੁ ਕ੍ਰੋਧੁ ਲੋਭੁ ਮੋਹੁ ਅਭਿਮਾਨੁ ਬਿਖੈ ਰਸ ਇਨ ਸੰਗਤਿ ਤੇ ਤੂ ਰਹੁ ਰੇ” (ਪੰ: ੧੧੧੮)। ਜਾਂ

“ਪਰ ਦਾਰਾ ਪਰ ਧਨੁ ਪਰ ਲੋਭਾ ਹਉਮੈ ਬਿਖੈ ਬਿਕਾਰ॥ ਦੁਸਟ ਭਾਉ ਤਜਿ ਨਿੰਦ ਪਰਾਈ ਕਾਮੁ ਕ੍ਰੋਧੁ ਚੰਡਾਰ” (ਪੰ: ੧੨੫੫)

ਭਾਵ “ਪਰਾਈ ਇਸਤ੍ਰੀ ਦਾ ਸੰਗ, ਪਰਾਇਆ ਧਨ, ਪਰਾਈ ਵਸਤੂ ਦਾ ਲੋਭ, ਹਉਮੈ-ਵਿਭਚਾਰ, ਮੰਦੇ ਕੰਮ, ਦੂਜਿਆਂ ਦੀ ਨਿੰਦਾ-ਬਖੀਲੀ ਤੇ ਕਾਮ-ਕ੍ਰੋਧ ਆਦਿ ਵਾਲੇ ਸੁਭਾਉ ਨੂੰ ਤਿਆਗਣ ਦੀ ਗੱਲ ਹੀ ਕਹੀ ਹੈ। ਇਹੀ ਨਹੀਂ ਗੁਰਬਾਣੀ `ਚ ਹੀ ਇੰਨ੍ਹਾਂ ਵਿਕਾਰਾਂ ਲਈ ਪੰਜ ਚੋਰ, ਤਸਕਰ, ਚੰਡਾਲ ਆਦਿ ਹੋਰ ਵੀ ਬਹੁਤੇਰੇ ਲਫ਼ਜ਼ ਆਏ ਹਨ। ਇਸ ਤਰ੍ਹਾਂ ਗੁਰਬਾਣੀ `ਚ ਵਿਕਾਰਾਂ ਬਾਰੇ ਲੰਮੇਂ-ਚੌੜੇ ਵਰਨਣ ਤਾਂ ਬਹੁਤ ਹਨ ਪਰ ‘ਮਾਸ’ ਦੇ ਭੋਜਨ ਲਈ ਲਫ਼ਜ਼ ‘ਵਿਕਾਰ’ ਇੱਕ ਵਾਰੀ ਵੀ ਨਹੀਂ।

ਦੂਜਾ, ਇਸ ਸ਼ਬਦ ਤੋਂ ਇਸ ਤਰ੍ਹਾਂ ਵੀ ਪ੍ਰਭਾਵ ਦਿੱਤਾ ਜਾ ਰਿਹਾ ਜਿਵੇਂ ਕਿ ਸ਼ਬਦ `ਚ ਵਿਕਾਰ ਲਫ਼ਜ਼ ਦਾ ਅਰਥ ਹੀ ਜੀਵਨ ਦੀ ਕਾਮੁਕ ਉਥਲ ਪੁਥਲ ਹੈ। ਜਦਕਿ ਗੁਰਬਾਣੀ ਜਾਂ ਕਿਸੇ ਵੀ ਆਧਾਰ `ਤੇ ਇਹ ਗੱਲ ਵੀ ਠੀਕ ਸਾਬਤ ਨਹੀਂ ਹੁੰਦੀ।

ਸਚਮੁਚ ਜੇਕਰ ਉਹੀ ਗੱਲ ਹੋਵੇ ਕਿ ਮਾਸ ਕਾਮ ਭੁੱਖ ਵਜੋਂ ਵਿਕਾਰੀ ਭੋਜਣ ਹੈ ਤਾਂ ਕਰਤੇ ਦੀ ਰਚਨਾ `ਚ ਅਤੇ ਗੁਰਬਾਣੀ ਪ੍ਰਮਾਣਾਂ `ਚ ਵੀ ਸਭ ਤੋਂ ਵੱਧ ਕਾਮੀ, ਹਾਥੀ ਨੂਂ ਮੰਣਿਆਂ ਗਿਆ ਹੈ। ਇਥੋਂ ਤੀਕ ਕਿ ਹਾਥੀ ਦਾ ਸ਼ਿਕਾਰ ਵੀ ਕਾਗਜ਼ ਦੀ ਹਥਣੀ ਬਣਾ ਕੇ ਉਸ ਦੀ ਇਸੇ ਕਮਜ਼ੋਰ ਭਾਵ ਕਾਮ ਬਿਰਤੀ ਦਾ ਹੀ ਲਾਭ ਲਿਆ ਜਾਂਦਾ ਹੈ। ਇਸ ਪੱਖੋਂ ਵੀ ਗੁਰਬਾਣੀ `ਚ ਕੁੱਝ ਮਿਸਾਲਾਂ ਆਈਆਂ ਹਨ। ਜਦਕਿ ਕਰਤੇ ਨੇ ਹਾਥੀ ਦਾ ਭੋਜਣ ਹੀ ਹਰੇ ਪਤੇ ਨਿਯਤ ਕੀਤਾ ਹੈ। ਜੇ ਕਰ ਇਹੀ ਸੱਚ ਹੈ ਤਾਂ ਹਾਥੀ ਨੂੰ ਤਾਂ ਉੱਕਾ ਹੀ ਕਾਮੀ ਪਸ਼ੂ ਨਹੀਂ ਸੀ ਹੋਣਾ ਚਾਹੀਦਾ। ਦੂਜੇ ਪਾਸੇ ਸ਼ੇਰ, ਜਿਸ ਦਾ ਕਿ ਭੋਜਣ ਹੀ ਪੱਕਿਆ ਹੋਇਆ ਵੀ ਨਹੀਂ ਬਲਕਿ ਕੱਚਾ ਮਾਸ ਹੀ ਹੈ; ਪਰ ਉਹ ਸਭ ਤੋਂ ਘੱਟ ਕਾਮੀ ਜਾਨਵਰ ਮੰਨਿਆਂ ਜਾਂਦਾ ਹੈ। ਸ਼ੇਰ ਤਾਂ ਸਾਲ ਭਰ `ਚ ਕੇਵਲ ਇੱਕ ਵਾਰੀ ਹੀ ਸੰਭੋਗ ਕਰਦਾ ਹੈ ਤੇ ਉਹ ਵੀ ਆਪਣੀ ਔਲਾਦ ਦੀ ਇਛਾ ਕਾਰਨ।

ਹੋਰ ਤਾਂ ਹੋਰ ਕਰਤੇ ਦੀ ਰਚਨਾ `ਚ ‘ਦੁਧ’ ਇੱਕ ਅਜਿਹੀ ਵਸਤ ਹੈ ਜਿਸ ਨੂੰ ਕਾਮ ਭੁਖ ਦੇ ਵਧਾਉਣ ਲਈ ਸਭ ਤੋਂ ਉਪਰ ਮੰਣਿਆ ਜਾਂਦਾ ਹੈ, ਇਹੀ ਕਾਰਨ ਹੈ ਕਿ ਨਵੇਂ ਵਿਆਹੇ ਜੋੜੇ ਨੂੰ ਵੀ ਸੁਹਾਗ ਰਾਤ ਲਈ ਉਚੇਚੇ ਦੁਧ ਦੀ ਸੇਵਾ ਹੀ ਕੀਤੀ ਜਾਂਦੀ ਹੈ। ਇਸ ਤਰ੍ਹਾਂ ਜੇ ਕਰ ਵਿਕਾਰਾਂ ਦੇ ਅਰਥ ਬਦੋਬਦੀ ਕਾਮ ਭੁੱਖ ਨਾਲ ਹੀ ਜੋੜਣੇ ਹੋਣ ਤਾਂ ਅਜਿਹੇ ਸੱਜਨਾਂ ਨੂੰ ਸਭ ਤੋਂ ਪਹਿਲਾਂ ਦੁਧ ਦਾ ਹੀ ਵਿਰੋਧ ਕਰਣਾ ਚਾਹੀਦਾ ਹੈ ਜਦਕਿ ਅਜਿਹਾ ਕਿਧਰੇ ਵੀ ਨਹੀਂ ਹੁੰਦਾ। ਉਂਝ ਇਹ ਤਾਂ ਇਸ ਵਿਸ਼ੇ `ਤੇ ਕੇਵਲ ਇਕ-ਦੋ ਮਿਸਾਲਾਂ ਹੀ ਹਨ, ਜਦਕਿ ਇਸ ਸਚਾਈ ਨੂੰ ਸਮਝਣ ਲਈ ਕਰਤੇ ਦੀ ਰਚਨਾ `ਚ ਹੋਰ ਵੀ ਬਹੁਤੇਰੇ ਸਬੂਤ ਹਨ। ਚੂੰਕਿ ਇਥੇ ਇਸ ਵਿਸ਼ੇ ਨਾਲ ਉਹਨਾਂ ਬਹੁਤੀਆਂ ਮਿਸਾਲਾਂ ਦਾ ਸਬੰਧ ਹੀ ਨਹੀਂ ਬਲਕਿ ਊਨਾ ਜਿਹਾ ਜ਼ਿਕਰ ਵੀ ਆਇਆ ਤਾਂ ਕੇਵਲ ਇਸ ਲਈ ਕਿ ਮਨੁੱਖ ਸਮੇਤ ਸਮਸਤ ਜੂਨੀਆਂ `ਚ ਸਾਂਝੀਆਂ ਕੜੀਆਂ ਦੀ ਗੱਲ ਚੱਲ ਰਹੀ ਸੀ ਅਤੇ ਉਹਨਾਂ ਸਾਂਝੀਆਂ ਕੜੀਆਂ ਵਿਚੋਂ ਰਿਜ਼ਕ ਤੇ ਜੀਵਾਂ ਦੇ ਭੋਜਣ ਦਾ ਵਿਸ਼ਾ ਹੀ ਮੁਖ ਵਿਸ਼ਾ ਹੈ।

ਇਹ ਵੱਖਰੀ ਗੱਲ ਹੈ ਕਿ ਜਦੋਂ ਗੁਰਬਾਣੀ `ਚ ਸ਼ਰਾਬ-ਵਿਭਚਾਰ ਆਦਿ ਨਸ਼ਿਆਂ ਦਾ ਜ਼ਿਕਰ ਆਇਆ ਹੈ ਤਾਂ ਉਸ ਸਮੇਂ ਮਾਸ ਤਾਂ ਕੀ, ਸ਼ਰਾਬ ਦੇ ਨਾਲ ਰੋਟੀਆਂ ਆਦਿ ਲਈ ਵੀ ਉਹੀ ਸਬਦਾਵਲੀ ਆਈ ਹੈ ਜੋ ਮਾਸ ਲਈ ਆਈ ਹੈ। ਉਥੇ ਜੇ ਕਰ ਸ਼ਰਾਬ ਨਾਲ ਰੋਟੀਆਂ ਨੂੰ ਵੀ ਜੋੜਿਆ ਗਿਆ ਤਾਂ ਉਹਨਾਂ ਦਾ ਵੀ ਵਿਰੋਧ ਕੀਤਾ ਗਿਆ ਹੈ, ਉਹ ਇੱਕ ਵੱਖਰਾ ਵਿਸ਼ਾ ਹੈ। ਇਸ ਤਰ੍ਹਾਂ ਉਥੇ ਇਹ ਵਿਰੋਧ ਨਾ ਮਾਸ ਦੇ ਭੋਜਣ ਦਾ ਹੈ ਤੇ ਨਾ ਰੋਟੀਆਂ ਦਾ। ਬਲਕਿ ਉਥੇ ਵਿਰੋਧ ਕੇਵਲ ਨਸ਼ਿਆਂ ਤੇ ਵਿਭਚਾਰ ਦਾ ਹੀ ਹੈ।

ਇਸ ਤਰ੍ਹਾਂ ਸਬੰਧਤ ਸ਼ਬਦ ਰਾਹੀਂ ਗੁਰਦੇਵ ਨੇ ਅਜਿਹੇ ਵਿਕਾਰੀ-ਵਿਭਚਾਰੀ ਮਨੁੱਖਾਂ ਨੂੰ ਆਪਣੇ ਜੀਵਨ ਦੀ ਸੰਭਾਲ ਲਈ ਸੁਚੇਤ ਕੀਤਾ ਹੈ। ਫ਼ਿਰ ਇਹ ਵੀ ਪੱਕਾ ਕੀਤਾ ਹੈ ਕਿ ਜੀਵਨ `ਤੇ ਵਿਕਾਰ ਉਦੋਂ ਹੀ ਹਾਵੀ ਹੁੰਦੇ ਹਨ ਜਦੋ ਮਨੁੱਖ ਸੰਸਾਰ ਦੇ ਹੋਛੇ ਰਸਾਂ `ਚ ਡੁੱਬਾ ਹੁੰਦਾ ਹੈ ਫ਼ਿਰ ਭਾਵੇਂ ਇਹ ਵਿਸ਼ਾ ਭੋਜਣਾ ਦਾ ਹੋਵੇ, ਸੁਆਰੀਆਂ ਦਾ, ਪਹਿਰਾਵੇ ਦਾ ਜਾਂ ਆਰਾਮ ਤੇ ਨੀਂਦਰ ਦਾ। ਉਪ੍ਰੰਤ ਗੁਰਦੇਵ ਨੇ ਬਾਣੀ `ਚ ਇੰਨ੍ਹਾਂ ਹੋਛੇ ਰਸਾਂ ਲਈ ਕੂੜ, ਬਿਖਿਆ ਫਲ, ਬਿਖ ਆਦਿ ਸ਼ਬਦਾਵਲੀ ਵੀ ਅਨੇਕਾਂ ਵਾਰੀ ਵਰਤੀ ਹੈ ਜਦਕਿ ਸੰਪੂਰਣ ਗੁਰਬਾਣੀ `ਚ ਮਾਸ ਦੇ ਭੋਜਣਾ ਲਈ ਵਿਕਾਰੀ ਆਦਿ ਲਫ਼ਜ਼ ਇੱਕ ਵਾਰੀ ਵੀ ਨਹੀਂ ਆਇਆ। ਇਸ ਦੇ ਨਾਲ, ਗੁਰਬਾਣੀ `ਚ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਜਦੋਂ ਮਨੁੱਖ ਦਾ ਜੀਵਨ ਨਾਮ ਰੰਗ `ਚ ਰੰਗਿਆ ਜਾਂਦਾ ਹੈ ਤਾਂ ਅਜਿਹੇ ਜੀਵਨ `ਤੇ ਵਿਕਾਰ ਆਪਣਾ ਮਾੜਾ ਪ੍ਰਭਾਵ ਪਾ ਹੀ ਨਹੀਂ ਸਕਦੇ ਬਲਕਿ ਮਨੁੱਖ ਦੀ ਦਾਸਤਾ ਕਰਦੇ ਹਨ।

ਇਸ ਤਰ੍ਹਾਂ ਕਾਦਿਰ ਦੀ ਰਚਨਾ `ਚ ਹਰੇਕ ਜੀਵ ਸ਼ੇਣੀ ਵਿਚਕਾਰ ਹੋਰ ਵੀ ਅਨੇਕਾਂ ਸਾਂਝੀਆਂ ਕੜੀਆਂ ਹਨ ਜੋ ਸਾਬਤ ਕਰਦੀਆਂ ਹਨ ਕਿ ਇਹਨਾ ਬੇਅੰਤ ਜੂਨੀਆਂ ਵਿਚਕਾਰ ਆਪਸੀ ਤੇ ਇਲਾਹੀ ਸਾਂਝ ਇਕੋ ਹੀ ਹੈ। ਇਹਨਾ ਸਾਰੀਆਂ ਜੂਨੀਆਂ ਵਿਚਕਾਰ ਕਰਤੇ ਦਾ ਇਕੋ ਹੀ ਨਿਯਮ ਤੇ ਉਸੇ ਪ੍ਰਭੂ ਦੀ ਹੀ ਖੇਡ ਵਰਤ ਰਹੀ ਹੈ। ਉਪ੍ਰੰਤ ਇਹਨਾ ਸਾਰੀਆਂ ਜੂਨੀਆਂ ਵਿਚੋਂ ਜੇ ਕਰ ਕੋਈ ਵਿਸ਼ੇਸ਼ ਜੂਨੀ ਹੈ ਤਾਂ ਉਹ ਮਨੁੱਖਾ ਜੂਨੀ ਹੀ ਹੇ ਜੋ ਜੀਵ ਦੇ ਪ੍ਰਭੂ ਮਿਲਾਪ ਤੇ ਉਸ ਵਿੱਚ ਸਮਾ ਜਾਣ ਲਈ ਕੇਵਕ ਇਕੋ ਇੱਕ ਸਮਾ ਹੈ। ਇਸ ਵਿਸ਼ੇ `ਤੇ ਹੋਰ ਵੇਰਵੇ ਲਈ ਗੁਰਮਤਿ ਪਾਠ ਨੰਬਰ ੮੧ “ਸਰੀਰਾਂ ਵਾਲੀ ਖੇਡ ਤੇ ਦੁਖ-ਸੁਖ” ਪ੍ਰਾਪਤ ਹੈ ਜੀ। #192s10.192s02#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮਤਿ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਨਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 192-II

ਮਨੁੱਖਾ ਜੂਨੀ ਅਤੇ ਬੇਅੰਤ ਜੂਨੀਆਂ ਭਾਗ ੨

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org
.