.

ਅਧੁਨਿਕ ਮੀਡੀਆ, ਪੱਤਰਕਾਰਤਾ ਅਤੇ ਲਿਖਾਰੀ
(ਡਾ ਗੁਰਮੀਤ ਸਿੰਘ ਬਰਸਾਲ ਕੈਲੇਫੋਰਨੀਆਂ) 408-209-7072

ਅੱਜ ਦੇ ਯੁੱਗ ਵਿੱਚ ਮੀਡੀਆ ਲੋਕਤੰਤਰ ਦਾ ਥੰਮ ਮੰਨਿਆਂ ਜਾਂਦਾ ਹੈ। ਮਜਬੂਤ ਤੇ ਨਿਰਪੱਖ ਮੀਡੀਆ ਇਨਸਾਨੀਅਤ ਵਿਰੋਧੀ ਕੁਰੀਤੀਆਂ ਤੋਂ ਸਮਾਜ ਨੂੰ ਜਾਣੂ ਕਰਵਾ ਕੇਵਲ ਸਮਾਜ ਦਾ ਸ਼ੀਸ਼ਾ ਹੀ ਨਹੀਂ ਬਣਦਾ ਸਗੋਂ ਉਹਨਾਂ ਸਮੱਸਿਆਂਵਾਂ ਨੂੰ ਕਈ ਦ੍ਰਿਸ਼ਟੀਕੋਣਾ ਤੋਂ ਵਿਚਾਰ ਅਤੇ ਉਹਨਾਂ ਦੇ ਹੱਲ ਸੁਝਾਅ ਸਮਾਜ ਨੂੰ ਰਿਸ਼ਟ ਪੁਸ਼ਟ ਅਤੇ ਸਾਫ ਸੁਥਰਾ ਰੱਖਣ ਵਿੱਚ ਮਦਦ ਵੀ ਕਰਦਾ ਹੈ।
ਪੁਰਾਣੇ ਜਮਾਨੇ ਵਿੱਚ ਅਖਬਾਰਾਂ, ਮੈਗਜੀਨ, ਰੇਡੀੳ, ਟੈਲੀਵੀਜਨ ਅਤੇ ਇੰਟਰਨੈੱਟ ਆਦਿ ਦੀ ਅਣਹੋਂਦ ਕਾਰਣ ਵਿਚਾਰਾਂ ਦਾ ਅਦਾਨ ਪ੍ਰਦਾਨ ਕੇਵਲ ਸੱਥਾਂ ਆਦਿ ਵਿੱਚ ਹੀ ਹੁੰਦਾ ਸੀ। ਕੰਮਾ ਕਾਜਾਂ ਤੋਂ ਵਿਹਲੇ ਹੋ ਜਦੋਂ ਲੋਗ ਸੱਥਾਂ ਵਿੱਚ ਬੈਠਦੇ ਤਾਂ ਇੱਕ ਦੂਜੇ ਨੂੰ, ਦੂਰ ਦੁਰਾਡਿਓਂ ਰਿਸ਼ਤੇਦਾਰੀਆਂ ਜਾਂ ਫੋਜ ਆਦਿ ਵਿੱਚੋਂ ਸੁਣੀਆਂ ਸੁਣਾਈਆਂ ਗੱਲਾਂ ਵਾਰੇ ਦਸਦੇ। ਉਹਨਾ ਗੱਲਾਂ ਦੀ ਪੜਤਾਲ ਦਾ ਉਹਨਾ ਕੋਲ ਕੋਈ ਸਾਧਨ ਨਹੀਂ ਸੀ ਹੁੰਦਾ। ਇਸ ਤਰਾਂ ਹੈਰਾਨੀ ਜਨਕ ਅਤੇ ਅੰਧ ਵਿਸ਼ਵਾਸ਼ੀ ਅਫਗਾਹਾਂ ਦਾ ਅਦਾਨ ਪ੍ਰਦਾਨ ਅਕਸਰ ਨਿਰਸੰਕੋਚ ਚਲਦਾ ਰਹਿੰਦਾ ਜੋ ਅੱਜੇ ਤੱਕ ਕਿਤੇ ਨਾ ਕਿਤੇ ਸਾਡੇ ਦਿਮਾਂਗਾਂ ਵਿੱਚ ਕੋਨੇ ਮੱਲੀ ਬੈਠਾ ਹੈ।
ਜਿਓਂ ਜਿਓਂ ਸਮਾਂ ਤਰੱਕੀ ਕਰਦਾ ਗਿਆ ਸਾਡੇ ਵਿਚਾਰ ਵਿਟਾਂਦਰੇ ਸਥਾਂ, ਬੈਠਕਾਂ ਤੋਂ ਬਾਹਰ ਆ ਅਖਬਾਰਾਂ, ਰੇਡੀਓ, ਟੈਲੀਵੀਜਨ ਅਤੇ ਇੰਟਰਨੈੱਟ ਤੱਕ ਆ ਪੁੱਜੇ। ਡਿਸ਼ਾਂ, ਸੇਟੇਲਾਈਟ- ਰੇਡੀਓ, ਸੈਟੇਲਾਈਟ-ਟੀਵੀ, ਵਾਇਰਲੈੱਸ-ਇੰਟਰਨੈੱਟ ਆਦਿ ਨਾਲ ਦੁਨੀਆਂ ਦੇ ਕੋਨੇ-ਕੋਨੇ ਦੀ ਖਬਰ ਮਿੰਟਾਂ-ਸਕਿੰਟਾਂ ਵਿੱਚ ਹਰ ਜਗਾ ਪੁੱਜ ਜਾਂਦੀ ਹੈ। ਸਮੁੱਚੀ ਦੁਨੀਆਂ ਨੂੰ ਇੱਕ ਦੂਜੇ ਦੇ ਕਲਚਰ, ਮਜ਼ਹਬ, ਰਹਿਣ- ਸਹਿਣ ਅਤੇ ਵਾਪਰ ਰਹੀਆਂ ਚੰਗੀਆਂ- ਮੰਦੀਆਂ ਘਟਨਾਵਾਂ ਵਾਰੇ ਜਾਣਕਾਰੀ ਅਸਾਨੀ ਨਾਲ ਮਿਲਣ ਕਾਰਣ ਸੰਸਾਰ ਬਹੁਤ ਛੋਟਾ ਹੁੰਦਾ ਨਜਰ ਆ ਰਿਹਾ ਹੈ। ਅੱਜ ਸਾਡੇ ਜੀਵਨ ਦੇ ਹਰ ਖੇਤਰ ਵਿੱਚ ਮੀਡੀਏ ਦਾ ਅਸਰ ਪ੍ਰਤੱਖ ਦੇਖਿਆ ਜਾ ਸਕਦਾ ਹੈ। ਇੱਥੋਂ ਤੱਕ ਕਿ ਧਰਮ, ਮਜ਼ਹਬ, ਸਭਿਆਚਾਰ ਅਤੇ ਰਾਜਨੀਤੀ ਵਰਗੇ ਵੱਡੇ ਮੁੱਦੇ ਵੀ ਮੀਡੀਏ ਤੋਂ ਬਿਨਾਂ ਸਮਾਜ ਵਿੱਚ ਅਸਰ ਨਹੀਂ ਰੱਖਦੇ।
ਹਰ ਖੇਤਰ ਵਿੱਚ ਆ ਰਹੀ ਤਬਦੀਲੀ ਦਾ ਨਾਲੋ-ਨਾਲ ਸੰਚਾਰ ਹੋਣਾ ਹਰ ਖੇਤਰ ਦੀ ਇਕਸਾਰਤਾ ਲਈ ਜਰੂਰੀ ਹੋ ਜਾਂਦਾ ਹੈ। ਬਦਲਾਅ ਹੀ ਤਰੱਕੀ ਦੀ ਨਿਸ਼ਾਨੀ ਹੁੰਦਾ ਹੈ। ਸਮੇ ਨਾਲ ਕੁਦਰਤ ਦੇ ਨਿਯਮ ਜਾਂ ਵਾਹਿਗੁਰੂ ਦੇ ਹੁਕਮ ਸਪੱਸਟ ਹੁੰਦੇ ਜਾਂਦੇ ਹਨ। ਹੁਕਮ, ਨਿਯਮ ਜਾਂ ਸਿਧਾਂਤ ਸਥਿਰ ਰਹਿੰਦੇ ਹਨ ਪਰ ਵਿਚਾਰਾਂ ਦੇ ਪ੍ਰਵਾਹ ਚਲਦੇ ਰਹਿੰਦੇ ਹਨ। ਵਿਗਿਆਨੀਆਂ ਦੇ ਕਹਿਣ ਅਨੁਸਾਰ ਜਿਸ ਤਰਾਂ ਜੀਵ ਦਾ ੲੈਵੋਲੂਸ਼ਨ ਰਾਹੀਂ ਲਗਾਤਾਰ ਵਿਕਾਸ ਜਾਰੀ ਹੈ, ਉਸੇ ਤਰਾਂ ਜੀਵਾਂ ਦੇ ਦਿਮਾਗਾਂ ਅਤੇ ਉਸ ਵਿੱਚ ਆ ਰਹੇ ਵਿਚਾਰਾਂ ਦਾ ਵਿਕਾਸ ਵੀ ਨਿਰੰਤਰ ਗਤੀ ਵਿੱਚ ਹੈ। ਸਾਡੀਆਂ ਸੋਚਾਂ ਅਤੇ ਭਾਵਨਾਵਾਂ ਵਿੱਚ ਅਣਕਿਆਸੀ ਤਬਦੀਲੀ ਜਾਰੀ ਹੈ, ਜੋ ਜਨਰੇਸ਼ਨ ਦਰ ਜਨਰੇਸ਼ਨ ਸਾਹਮਣੇ ਆ ਰਹੀ ਹੈ। ਜਿਹਨਾਂ ਵਿਚਾਰਾਂ ਜਾਂ ਗੁਣਾਂ ਲਈ ਅਸੀਂ ਮਜਹਬਾਂ ਦਾ ਸਹਾਰਾ ਲੈ ਸਮਾਜ ਵਿੱਚ ਪਰਚਾਰਨ ਦਾ ਯਤਨ ਕਰਦੇ ਹਾਂ ਉਹੀ ਗੁਣ ਆਉਣ ਵਾਲੀਆਂ ਨਸਲਾਂ ਵਿੱਚ ਬਚਪਨ ਵਿੱਚ ਹੀ ਮਿਲ ਜਾਂਦੇ ਹਨ। ਉਦਾਹਰਣ ਵਜੋਂ ਅਮਰੀਕਾ, ਕਨੇਡਾ, ਯੋਰਪ ਦੇ ਸਕੂਲਾਂ ਵਿੱਚ ਜਾਕੇ ਦੇਖਿਆ ਜਾ ਸਕਦਾ ਹੈ ਕਿ ਸੱਚ ਬੋਲਣਾ, ਇਮਾਨਦਾਰ ਹੋਣਾ, ਕਿਸੇ ਦਾ ਦਿਲ ਨਾ ਦਖਾਉਣਾ, ਸਭ ਨੂੰ ਬਰਾਬਰ ਸਮਝਣਾ, ਚੋਰੀ ਨਾਂ ਕਰਨਾਂ, ਆਪਣੀ ਕਮਾਈ ਦੀ ਰੋਟੀ ਖਾਣਾ ਅਤੇ ਖੁਸ਼ ਰਹਿਣਾ ਆਦਿ ਗੁਣ ਨਵੀਂ ਜਨਰੇਸ਼ਨ ਵਿੱਚ ਭਰਪੂਰ ਹਨ। ਇੰਝ ਲਗਦਾ ਹੈ ਕਿ ਆਉਣ ਵਾਲੇ ਸਮੇ ਵਿੱਚ ਅੰਧਵਿਸ਼ਵਾਸ, ਕਰਮਕਾਂਢ, ਝੂਠੀਆਂ ਮਾਨਤਾਵਾਂ, ਵਾਧੂ ਦੇ ਰਸਮੋ-ਰਿਵਾਜ ਆਪਣੇ ਆਪ ਖਤਮ ਹੋਣ ਜਾ ਰਹੇ ਹਨ।
ਲੱਗ-ਭੱਗ ਹਰ ਖੇਤਰ ਵਿੱਚ ਮਨੁੱਖ ਦੀ ਮਨੁੱਖ ਹਥੋਂ ਹੁੰਦੀ ਲੁੱਟ ਅਤੇ ਅਨਿਆਂ ਵੱਰੁਧ ਜਾਗਰਿਤੀ ਫੁੱਟਣ ਲੱਗੀ ਹੈ। ਵਿਚਾਰਾਂ ਵਿੱਚ ਸੁਮੇਲਤਾ ਲਿਆ ਮਨੁੱਖ ਇੱਕ ਦੂਜੇ ਦੇ ਨਜਦੀਕ ਹੁੰਦਾ ਅਸਲੀ ਰੱਬ ਵੱਲ ਵਧ ਰਿਹਾ ਹੈ। ਹਰ ਤਰਾਂ ਦੇ ਇੰਕਲਾਬ ਲਈ ਸਹੀ ਵਿਚਾਰਾਂ ਦਾ ਸਭ ਲੋਕਾਂ ਤੱਕ ਪੁੱਜਣਾ ਜਰੂਰੀ ਹੁੰਦਾ ਹੈ। ਸੋ ਇਮਾਨਦਾਰ, ਦੂਰਦਰਿਸ਼ਟ, ਅਤੇ ਸਮੇ ਦੀ ਨਬਜ਼ ਪਹਿਚਾਣ ਆਪਣੀ ਜਿਮੇਵਾਰੀ ਜਾਣਕੇ ਚਲਣ ਵਾਲਾ ਮੀਡੀਆ ਸਮੁੱਚੀ ਲੁਕਾਈ ਦੇ ਦਿਲਾਂ ਦੇ ਨਜਦੀਕ ਵਿਚਰਦਾ ਹੈ। ਅਕਸਰ ਦੇਖਿਆ ਗਿਆ ਹੈ ਕਿ ਵਿਚਾਰਾਂ ਦੇ ਸੰਚਾਰ ਲਈ ਹਰ ਮੀਡੀਏ ਦੀ ਕੋਈ ਨਾਂ ਕੋਈ ਨੀਤੀ ਨਿਰਧਾਰਿਤ ਕੀਤੀ ਹੁੰਦੀ ਹੈ ਤਾਂ ਕਿ ਉਹ ਲੰਮੇ ਸਮੇਂ ਤੱਕ ਇਹ ਸੇਵਾ ਨਿਭਾ ਸਕੇ। ਕਈ ਵਾਰ ਉਸੇ ਨਿਰਧਾਰਿਤ ਨੀਤੀ ਅਨੁਸਾਰ ਮੀਡੀਆ ਸੱਚ ਜਾਣਦਾ ਵੀ ਸੱਚ ਛੁਪਾ ਲੈਂਦਾ ਹੈ। ਇਸ ਦਾ ਕਾਰਣ ਕਈ ਵਾਰ ਸੁਚੱਜੀ ਦੂਰਦਰਿੱਸ਼ਟੀ ਭਰੀ ਸਾਕਾਰਾਤਮਿਕ ਭਾਵਨਾ ਵੀ ਹੋ ਸਕਦੀ ਹੈ ਅਤੇ ਕਈ ਵਾਰ ਹੋਣ ਵਾਲਾ ਵਕਤੀ ਸਵਾਰਥੀ ਲਾਭ ਵੀ ਹੁੰਦਾ ਹੈ।
ਅਜੋਕੇ ਇਲੈਕਟਰੌਨਿਕ ਮੀਡੀਏ ਤੋਂ ਪਹਿਲਾਂ ਜਦੋਂ ਸਿਰਫ ਪ੍ਰਿੰਟ ਮੀਡੀਏ ਦਾ ਹੀ ਬੋਲਬਾਲਾ ਸੀ ਉਦੋਂ ਬਹੁਤ ਸਾਰੇ ਲੇਖਕਾਂ ਦੇ ਆਰਟੀਕਲਾਂ ਅਤੇ ਵਿਸ਼ਿਆਂ ਦਾ ਸੱਚ ਉਜਾਗਰ ਕਰਨ ਦੀ ਸਮਰੱਥਾ ਹੋਣ ਦੇ ਬਾਵਜੂਦ ਵੀ ਨਾ ਛਪ ਸਕਣਾ ਅਜਿਹੀ ਨੀਤੀ ਹੀ ਸਮਝੀ ਜਾਂਦੀ ਸੀ। ਰਚਨਾ ਤੇ ਦੋਸ਼ ਲਗਦਾ ਸੀ ਕਿ ਇਹ ਉਸ ਮੀਡੀਆ ਦੀ ਨੀਤੀ ਦੇ ਮਿਆਰ ਦੀ ਨਹੀਂ ਜਾਂ ਇਸਤੇ ਨਿੱਜਬਾਦ ਤੋਂ ਪ੍ਰਭਾਵਿਤ ਜਾਂ ਕੰਟਰੋਵਰਸਲ ਹੋਣ ਦੀ ਮੋਹਰ ਲੱਗ ਜਾਂਦੀ ਸੀ। ਪਰ ਕਈ ਵਾਰ ਉਸੇ ਤਰਾਂ ਦਾ ਆਰਟੀਕਲ ਕਮੱਰਸ਼ੀਅਲਾਈਜ਼ ਹੋਣ ਦੀ ਆੜ ਵਿੱਚ ਛਪ ਵੀ ਜਾਂਦਾ ਸੀ। ਕਈ ਵਾਰ ਵਿਰੋਧੀ ਵਿਚਾਰਧਾਰਿਕ ਗਰੁੱਪ ਹੋਣ ਕਾਰਣ ਵਧੀਆ ਆਰਟੀਕਲ ਵੀ ਨੀਤੀ ਦਾ ਸ਼ਿਕਾਰ ਹੋ ਜਾਂਦਾ ਸੀ
ਇਸ ਤਰਾਂ ਦੀ ਸਥਿੱਤੀ ਤੋਂ ਨਾ ਖੁਸ਼ ਬਹੁਤ ਸਾਰੇ ਲਿਖਾਰੀਆਂ ਅਤੇ ਚਿੰਤਿਕਾਂ ਵਿਚਾਰਾਂ ਦੀ ਸਾਂਝ ਲਈ, ਇਲੈਕਟ੍ਰੌਨਿਕ ਮੀਡੀਏ ਦਾ ਫਾਇਦਾ ਲੈ ਵੈੱਬ ਸਾਈਟਾਂ ਸੁਰੂ ਕਰ ਦਿੱਤੀਆਂ ਹਨ ਜਿਨਾ ਨੂੰ ਹਰ ਰੋਜ ਜਾਂ ਹਫਤੇ ਬਾਦ ਅੱਪ ਡੇਟ ਕੀਤਾ ਜਾਂਦਾ ਹੈ। ਬਹੁਤ ਸਾਰੇ ਅਖਬਾਰਾਂ ਨੇ ਵੀ ਦੂਰ ਦੁਰਾਡੇ ਪਾਠਕਾਂ ਲਈ ਇੰਟਰਨੈੱਟ ਤੇ ਅਜਿਹੀਆਂ ਹੀ ਸਾਈਟਾਂ ਉਪਲਭਦ ਕਰਾ ਦਿੱਤੀਆਂ ਹਨ। ਇਸ ਤਰਾਂ ਵਿਚਾਰਾਂ ਦੇ ਅਦਾਨ-ਪ੍ਰਦਾਨ ਵਿੱਚ ਇੰਕਲਾਬੀ ਤਬਦੀਲੀ ਸ਼ੁਰੂ ਹੋ ਚੁੱਕੀ ਹੈ। ਇਸ ਤਰਾਂ ਨਾਲ ਪਰਾਚੀਨ ਬੋਦੀਆਂ ਰਸਮਾਂ, ਫਜੂਲ ਰਿਵਾਜਾਂ, ਅੰਧਵਿਸ਼ਵਾਸਾਂ, ਵੇਲਾ ਵਿਹਾ ਚੁੱਕੀਆਂ ਮਾਨਤਾਵਾਂ ਅਤੇ ਕਰਮ ਕਾਂਢਾ ਦਾ ਕਿਲਾ ਟੁੱਟਣਾ ਸ਼ੁਰੂ ਹੋ ਚੁੱਕਾ ਹੈ। ਪਰ ਦੂਜੇ ਪਾਸੇ ਕੁੱਝ ਲਿਖਾਰੀ ਅਜਿਹੇ ਵੀ ਹਨ ਜੋ ਰੋਮ ਨੂੰ ਸੜਦਾ ਦੇਖ ਵੀ ਬੰਸਰੀ ਹੀ ਵਜਾ ਰਹੇ ਹਨ। ਉਹ ਕੇਵਲ ਲਿਖ ਸਕਣ ਦੀ ਯੋਗਤਾ ਦਰਸਾਉਣ ਲਈ ਹੀ ਲਿਖਦੇ ਹਨ। ਉਹਨਾ ਦੀ ਕੋਈ ਲਿਖਤ ਸਮਾਜ ਸੁਧਾਰ ਦੀ ਮਨਸ਼ਾ ਨਾਲ ਨਹੀਂ ਲਿਖੀ ਹੁੰਦੀ ਨਾ ਹੀ ਨਵੇਂ ਲਿਖਾਰੀਆਂ ਨੂੰ ਕੋਈ ਸੇਧ ਦੇ ਸਕਦੇ ਹਨ, ਸਗੋਂ ਮਨ ਪਰਚਾਵੇ ਲਈ ਹੀ ਲਿਖਦੇ ਹਨ, ਇਸਦੇ ੳਲਟ ਕੁੱਝ ਲਿਖਾਰੀ ਅਜਿਹੇ ਹੁੰਦੇ ਹਨ ਜਿਹਨਾ ਦੀਆਂ ਲਿਖਤਾਂ ਵਿੱਚ ਨਵੇਂ ਵਿਚਾਰਾਂ ਦੇ ਬੀਜ ਪੁੰਗਰਦੇ ਹਨ। ਉਹ ਪਾਠਕਾਂ ਦੇ ਨਾਲ ਨਾਲ ਲਿਖਾਰੀਆਂ ਨੂੰ ਵੀ ਸੇਧ ਦੇਣ ਦੇ ਸਮਰੱਥ ਹੁੰਦੇ ਹਨ। ਉਹਨਾਂ ਦੀਆ ਲਿਖਤਾਂ ਵਿੱਚ ਸਮਾਜਿਕ, ਧਾਰਮਿਕ, ਮਜ਼ਹਬੀ, ਰਾਜਨੀਤਿਕ ਅਤੇ ਸਭਿਆਚਾਰਕ ਪਰਦੂਸ਼ਣ ਦਾ ਕੇਵਲ ਜਿਕਰ ਹੀ ਨਹੀਂ ਹੁੰਦਾ ਸਗੋਂ ਇਸਤੇ ਕਾਬੂ ਪਾਉਣ ਦੇ ਹੱਲ ਵੀ ਸੁਝਾਏ ਹੁੰਦੇ ਹਨ।
ਲਿਖਤ ਦੀ ਅਸਲ ਕੀਮਤ ਤਾਂ ਹੀ ਪੈਂਦੀ ਹੈ ਜੇਕਰ ਵਿਚਾਰ ਹਰ ਜਗਾ ਜਿਆਦਾ ਤੋਂ ਜਿਆਦਾ ਪਾਠਕਾਂ ਤੱਕ ਪੁਜ ਸਕਣ। ਪਰ ਹਰ ਅਖਬਾਰ ਜਾਂ ਵੈੱਬ ਸਾਈਟ ਦਾ ਘੇਰਾ ਸੀਮਿਤ ਹੁੰਦਾ ਹੈ। ਕੁੱਝ ਅਖਬਾਰਾਂ ਅਤੇ ਸਾਈਟਾਂ ਵਾਲੇ ਨਹੀਂ ਚਾਹੁੰਦੇ ਕਿ ਇੱਕੋ ਰਚਨਾ ਹੋਰ ਜਗਾਹ ਵੀ ਛਪੇ ਕਿਉਂਕਿ ਉਹ ਆਪਣੀ ਵੰਨਗੀ ਕਾਇਮ ਰੱਖਣਾ ਚਾਹੁੰਦੇ ਹਨ ਕਿ ਫਲਾਣਾ ਲਿਖਾਰੀ ਜਾਂ ਰਚਨਾ ਕੇਵਲ ਉਸ ਤੱਕ ਹੀ ਸੀਮਿਤ ਹੈ। ਇਸ ਤਰਾਂ ਮੱਲੋ-ਮੱਲੀ ਇੱਕ ਅਦਾਰਾ ਲਿਖਾਰੀ ਤੇ ਆਪਣੀ ਮੋਹਰ ਲਾ ਆਪਣੀ ਸੋਚ ਉਸ ਉਪਰ ਥੋਪ ਦਿੰਦਾ ਹੈ। ਚੰਗੇ ਵਿਚਾਰ ਸੂਰਜ ਦੀਆਂ ਕਿਰਣਾਂ ਵਾਂਗ ਹਰ ਜਗਾ ਪੁਜਣੇ ਚਾਹੀਦੇ ਹਨ ਕਿਓਕਿ ਸੱਚ ਕਿਸੇ ਦੀ ਜੱਦੀ ਮਲਕੀਅਤ ਨਹੀਂ ਹੁੰਦਾ ਇਸ ਨੇ ਆਖਿਰ ਫੈਲਣਾ ਹੀ ਹੁੰਦਾ ਹੈ। ਇਸ ਲਈ ਮੀਡੀਆ ਨੂੰ ਆਪਣੇ ਲਿਖਾਰੀ ਨਹੀਂ ਵੰਡਣੇ ਚਾਹੀਦੇ। ਕਈ ਵਾਰ ਇੱਕ ਜਗਾ ਛਪਿਆ ਆਰਟੀਕਲ ਭਾਵੇਂ ਉਹ ਕਿੰਨਾ ਵੀ ਸੱਚ ਦੀ ਦੁਹਾਈ ਦਿੰਦਾ ਹੋਵੇ ਦੂਜੀ ਜਗਾ ਛਾਪਣ ਤੋਂ ਗੁਰੇਜ ਕੀਤਾ ਜਾਂਦਾ ਹੈ ਪਰ ਕਈ ਸਮਾਜਘਾਤੀ ਖਬਰਾਂ ਹਰ ਜਗਾ ਕਾਪੀ ਪੇਸਟ ਕਰ ਦਿੱਤੀਆਂ ਜਾਂਦੀਆਂ ਹਨ। ਕਈ ਵਾਰ ਕਿਸੇ ਖਾਸ ਅਖਬਾਰ ਵਿੱਚ ਚੱਲ ਰਹੀ ਵਿਚਾਰ ਚਰਚਾ\ਬਹਿਸ ਵਿੱਚ ਕਿਸੇ ਆਰਟੀਕਲ ਨੂੰ ਇਹ ਕਹਿਕੇ ਛਾਪਣੋ ਰੋਕ ਦਿੱਤਾ ਜਾਂਦਾ ਹੈ ਕਿ ਇਹ ਤਾਂ ਪਹਿਲੋਂ ਛਪ ਚੁੱਕਾ ਹੈ ਭਾਵੇਂ ਉਹ ਆਰਟੀਕਲ ਉੱਥੇ ਸਬੰਧਿਤ ਵਿਸ਼ੇ ਵਾਰੇ ਕਿੰਨੀ ਵੀ ਸਾਰਥਕ ਸੇਧ ਦੇਣ ਵਾਲਾ ਹੋਵੇ।
ਇਸ ਤਰਾਂ ਪੱਤਰਕਾਰਤਾ ਬੇਇਨਸਾਫੀ ਝੱਲਦੀ ਹੈ। ਸੱਚ ਨੂੰ ਪ੍ਰਣਾਏ ਸਮਾਜ ਉਸਾਰੂ ਆਰਟੀਕਲਾਂ ਨਾਲ ਵੀ ਨਿੱਜੀ ਸ਼ੁਹਰਤ ਅਤੇ ਮਨ ਪਰਚਾਵੇ ਲਈ ਲਿਖੇ ਆਰਟੀਕਲਾਂ ਵਾਲਾ ਪੈਮਾਨਾ ਅਪਣਾਇਆ ਜਾਂਦਾ ਹੈ। ਇੱਕ ਵਾਰ ਪੰਜਾਬ ਦੀ ਇੱਕ ਨਾਮੀ ਜੱਥੇਬੰਦੀ ਨੇ ਆਪਣੇ ਇੱਕ ਵਿੰਗ ਅਧੀਨ ਅਜਿਹੀ ਤਜਵੀਜ਼ ਰੱਖੀ ਸੀ ਜਿਸ ਅਨੁਸਾਰ ਕਿਸੇ ਵੀ ਗੁਰਮਿਤ ਅਨੁਕੂਲ ਆਰਟੀਕਲ ਨੂੰ ਇੱਕੋ ਵੇਲੇ ਸਮਾਨੰਤਰ ਸਿੱਖ ਪਰਚਿਆਂ ਵਿੱਚ ਭੇਜਣਾ ਸੀ ਤਾਂ ਕਿ ਹਰ ਪਰਚੇ ਦੇ ਪਾਠਕਾਂ ਤੱਕ ਵਿਚਾਰ ਪੁੱਜ ਸਕਣ।
ਕੁਝ ਐਡੀਟਰ ਹਰ ਤਰਾਂ ਦੇ ਵਿਚਾਰਾਂ ਨੂੰ ਆਪਣੇ ਪਰਚੇ ਤੇ ਜਗਾ ਦੇਣ ਦਾ ਕਾਰਣ ਇਹ ਦਸਦੇ ਹਨ ਕਿ ਪਰਚਾ ਤਾਂ ਇੱਕ ਦੁਕਾਨ ਦੀ ਤਰਾਂ ਹੈ, ਜਿਸ ਵਿੱਚ ਤਰਾਂ ਤਰਾਂ ਦੇ ਵਿਚਾਰਾਂ ਵਿੱਚੋਂ ਗਾਹਕ ਨੂੰ ਜੋ ਪਸੰਦ ਹੁੰਦਾ ਹੈ ਪੜ ਲੈਂਦਾ ਹੈ। ਪਰ ਕਈ ਵਾਰ ਇਸ ਫਰਾਖ ਦਿਲੀ ਦੀ ਅੰਤਰੀਵ ਭਾਵਨਾ ਬਿਜਨਸ ਹੀ ਹੁੰਦੀ ਹੈ। ਕਿਉਂਕਿ ਜਾਦੂ- ਟੂਣੇ, ਪਖੰਡੀ ਬਾਬੇ, ਰਾਸ਼ੀਫਲ ਆਦਿ ਦੀਆਂ ਖਬਰਾਂ ਅਤੇ ਮਸ਼ਹੂਰੀਆਂ ਮੀਡੀਆ ਦੀ ਆਮਦਨ ਦੇ ਨਾਲ ਨਾਲ ਕਿਰਤੀ ਦੀ ਮਾਨਸਿਕ ਅਤੇ ਆਰਥਿਕ ਲੁੱਟ ਲਈ ਅਧਾਰ ਤਿਆਰ ਕਰਦੀਆਂ ਹਨ। ਮੀਡੀਆ ਦਾ ਅਸਲ ਮੰਤਵ ਸਮਾਜ ਦੀ ਉਸਾਰੀ ਕਰਨਾ ਹੈ ਖੁਆਰੀ ਕਰਨਾ ਨਹੀਂ। ਸਦੀਆਂ ਤੋਂ ਜੋ ਮਨੁੱਖ ਦੇ ਜਜਬਾਤਾਂ ਨਾਲ ਖੇਡਣ ਵਾਲੇ ਵਿਹਲੜ ਲੁਟੇਰੇ ਕਿਰਤੀ ਦੇ ਖੁਨ ਪਸੀਨੇ ਦੀ ਕਮਾਈ ਨੂੰ ਜੋਕਾਂ ਬਣਕੇ ਚੰਬੜੇ ਹਨ, ਜੇ ਮੀਡੀਆ ਆਪਣੇ ਸਵਾਰਥ ਲਈ ਸਿੱਧੇ ਜਾਂ ਅਸਿੱਧੇ ਤੋਰ ਤੇ ਉਹਨਾ ਦਾ ਸਾਥ ਦੇਵੇ ਤਾਂ ਮੀਡੀਏ ਦੀ ਸੱਚੀ-ਸੁੱਚੀ ਭਾਵਨਾ ਦਾ ਕਤਲ ਹੋ ਜਾਂਦਾ ਹੈ।
ਇਸ ਦੇ ਉਲਟ ਜਦੋਂ ਮੀਡੀਆ ਆਪਣੀ ਜਿਮੇਵਾਰੀ ਦਾ ਅਹਿਸਾਸ ਕਰ ਸੱਚ ਦਾ ਸਾਥ ਦੇਣ ਲੱਗ ਜਾਂਦਾ ਹੈ ਤਾਂ ਜਿਹਨਾਂ ਦੀਆਂ ਦੁਕਾਨਦਾਰੀਆਂ ਕੇਵਲ ਝੂਠ, ਅੰਧਵਿਸ਼ਵਾਸ ਅਤੇ ਵਹਿਮਾਂ ਭਰਮਾਂ ਆਸਰੇ ਚਲਦੀਆਂ ਹਨ ਤਾਂ ਉਹ ਉਸ ਮੀਡੀਏ ਦੀ ਜੁਬਾਨ ਬੰਦ ਕਰਨ ਲਈ ਹਰ ਪੱਧਰ ਤੇ ਨੁਕਸਾਨ ਕਰਨ ਦੀ ਕੋਸ਼ਿਸ਼ ਵਿੱਚ ਜੁਟ ਜਾਂਦੇ ਹਨ। ਇਹ ਵਰਤਾਂਰਾ ਮੁਢੋਂ ਹੀ ਚਲਦਾ ਆਇਆ ਹੈ। ਸੱਚ ਅਤੇ ਝੂਠ ਦੀ ਜੰਗ ਸਦਾ ਹੀ ਚੱਲੀ ਹੈ। ਪਰ ਮੀਡੀਏ ਨੂੰ ਸਦਾ ਪਤਰਕਾਰੀ ਦੇ ਆਸ਼ੇ ਨੂੰ ਧਿਆਨ ਵਿੱਚ ਰੱਖ, ਸੱਚ ਨੂੰ ਘਰ ਘਰ ਪਹੁੰਚਾਉਣ ਵਿੱਚ ਆਪਣਾ ਫਰਜ ਅਦਾ ਕਰਨਾ ਚਾਹੀਦਾ ਹੈ।
ਵਿਦੇਸ਼ਾਂ ਵਿੱਚ ਅਖਬਾਰਾਂ ਦਾ ਫਰੀ ਦਿੱਤਾ ਜਾਣਾ ਕੇਵਲ ਮਸ਼ਹੂਰੀਆਂ ਸਹਾਰੇ ਚਲਣ ਕਾਰਣ ਹੈ। ਮਸ਼ਹੂਰੀਆਂ ਕੰਮਾ-ਕਾਰਾਂ ਤੋਂ ਗੁਰਦਵਾਰਿਆਂ ਦੀਆਂ ਗਤੀਵਿਧੀਆਂ ਤੱਕ ਦੀਆਂ ਹੁੰਦੀਆਂ ਹਨ। ਕਈ ਵਾਰ ਪਰਬੰਧ ਵਿੱਚ ਉਪਜੇ ਝਮੇਲਿਆਂ ਦੋਰਾਨ ਸਮੱਸਿਆ ਹਲ ਕਰਨ ਦੀ ਥਾਂ ਗੁਰਦਵਾਰਿਆਂ ਦੇ ਧੜੇ ਅਤੇ ਉਹਨਾਂ ਦੀ ਪਸੰਦੀਦਾ ਅਖਵਾਰ ਇੱਕ ਧਿਰ ਬਣ ਜਾਂਦੇ ਹਨ। ਇੱਕ ਦੂਜੇ ਵਰੁੱਧ ਬਿਆਨਬਾਜੀ ਰਾਹੀਂ ਅਖਬਾਰੀ ਚਰਚਾ ਵਿੱਚ ਵਾਧਾ ਕਰਨ ਦਾ ਭੁਲੇਖਾ ਪਾ ਇੱਕ ਧੜੇ ਕੋਲੋਂ ਇਸ਼ਤਿਹਾਰਾਂ ਦੀ ਪ੍ਰਾਪਤੀ ਦਾ ਵਸੀਲਾ ਹੀ ਬਣਦੇ ਹਨ। ਵੱਖੋ-ਵੱਖਰੇ ਧੜੇ ਦੀ ਆਵਾਜ਼ ਬਣੇ ਜਾਂ ਵੱਖਰੀ ਸਿਧਾਂਤਿਕ ਸੋਚ ਵਾਲੇ ਅਖਬਾਰ, ਵਰੋਧੀ ਗਰੁਪ ਦੇ ਬੰਦੇ ਦੀ ਸੱਚੀ ਗੱਲ ਛਾਪਣਾ ਵੀ ਪਸੰਦ ਨਹੀਂ ਕਰਦੇ। ਇੱਕੋ ਖਬਰ ਨੂੰ ਆਪੋ ਆਪਣੀ ਨੀਤੀ ਅਨੁਸਾਰ ਵੱਖਰੇ ਹੈਡਿੰਗ ਦੇਕੇ ਛਾਪ ਦਿੱਤਾ ਜਾਂਦਾ ਹੈ। ਅਖਬਾਰਾਂ ਦੀ ਅਸਲ ਨੀਤੀ ਉਸਦਾ ਐਡੀਟੋਰੀਅਲ ਹੁੰਦਾ ਹੈ। ਪਰ ਉਸਦੀ ਨੀਤੀ ਦੇ ਖਿਲਾਫ ਉਸੇ ਅਖਬਾਰ ਵਿੱਚ ਛਪ ਰਹੇ ਆਰਟੀਕਲਾਂ ਤੋਂ ਵੀ ਉਹ ਜਿਮੇਵਾਰੀ ਮੁਕਤ ਨਹੀਂ ਹੋ ਸਕਦਾ। ਅਜੋਕੇ ਇੰਟਰਨੈੱਟ ਦੇ ਸਮੇ ਵਿੱਚ ਕਾਪੀ-ਪੇਸਟ ਰਾਹੀਂ ਧੜਾ-ਧੜ ਮੀਡੀਆ ਦਾ ਵਧਣਾ ਜਿੱਥੇ ਵਧ ਰਹੀ ਵਿਚਾਰਧਾਰਕ ਭਿੰਨਤਾ ਦਾ ਪ੍ਰਗਟਾਵਾ ਕਰਦਾ ਹੈ ਉੱਥੇ ਆਪਸੀ ਸਿਧਾਂਤਿਕ ਮੁਕਾਬਲੇ-ਬਾਜੀ ਵਿੱਚ ਵਾਧਾ ਕਰ ਸੱਚ ਨੂੰ ਪ੍ਰਣਾਈਆਂ ਅਤੇ ਇਨਸਾਨੀਅਤ ਹਿਤੈਸ਼ੀ ਸਰਗਰਮੀਆਂ ਨੂੰ ਅੱਗੇ ਲਿਆਉਣ ਵਿੱਚ ਮੱਦਦ ਵੀ ਕਰਦਾ ਹੈ। ਤੱਤ -ਇਨਸਾਨੀਅਤ ਤੋਂ ਸੱਖਣਾ ਮੀਡੀਆ ਖੁਦ ਵੀ ਭੰਬਲਭੂਸੇ ਵਿੱਚ ਰਹਿੰਦਾ ਹੈ ਅਤੇ ਸੰਸਾਰ ਦਾ ਵੀ ਕੁੱਝ ਨਹੀਂ ਸਵਾਰ ਸਕਦਾ।
ਮੀਡੀਆ ਦੀ ਨੁਕਤਾ ਨਿਗਾਹ ਤੋਂ ਵਾਚਿਆਂ ਆਉਣ ਵਾਲਾ ਸਮਾ ਬਹੁਤ ਅਹਿਮ ਹੈ। ਦੁਨੀਆਂ ਤਲਵਾਰ ਨਾਲੋਂ ਕਲਮ ਦਾ ਲੋਹਾ ਮੰਨਣ ਲੱਗੀ ਹੈ। ਕੱਟੜਵਾਦ ਦਾ ਭਵਿੱਖ ਧੁੰਦਲਾ ਹੈ। ਦੁਨੀਆਂ ਦੇ ਤਮਾਮ ਮਜ਼ਹਬ ਅਤੇ ਕਲਚਰ ਇੱਕ ਦੂਜੇ ਨੂੰ ਜਾਨਣ ਲਈ ਤਤਪਰ ਹਨ। ਦੁਨੀਆਂ ਵੱਖਰੇ ਵੱਖਰੇ ਮਜ਼ਹਬਾਂ ਵਿਚਲੇ ਧਰਮ ਅਰਥਾਤ ਸੱਚ ਨੂੰ ਜਾਂਨਣਾਂ ਚਾਹੁੰਦੀ ਹੈ। ਇੰਝ ਜਾਪਦਾ ਹੈ ਕਿ ਆਉਣ ਵਾਲਾ ਸਮਾਂ ਤਮਾਮ ਮਜ਼ਹਬਾਂ ਅਤੇ ਸਭਿਆਚਾਰਾਂ ਵਿੱਚੋਂ ਮਨੁਖਤਾ ਲਈ ਸਰਬ ਸਾਂਝੇ, ਸਰਬ ਪੱਖੀ ਅਤੇ ਸਰਬ ਕਲਿਆਣਕਾਰੀ ਗੁਣਾ ਨੂੰ ਇਕੱਤਰ ਕਰ ਸਰਬਸਾਂਝਾ ਇਨਸਾਨੀਅਤ ਮੁਖੀ ਸਭਿਆਚਾਰ ਸਿਰਜਣ ਦੀ ਤਾਕ ਵਿੱਚ ਹੈ। ਅੰਤਰ-ਮਜਹਬ ਵਿਚਾਰ-ਵਟਾਂਦਰੇ ਅਨਕੂਲ ਸਮੇਂ ਦੀ ੳਡੀਕ ਵਿੱਚ ਹਨ। ਅਜਿਹੇ ਸਮੇਂ ਵਿੱਚ ਹਰ ਤਰਾਂ ਦੇ ਸਵਾਰਥ ਤੋਂ ਪਰੇ, ਮਨੂਖਤਾ ਦਾ ਦਿਲੋਂ ਹਮਦਰਦ, ਸੱਚ ਦੇ ਸਭ ਤੋਂ ਨਜਦੀਕ ਰਹਿਣ ਵਾਲਾ ਮੀਡੀਆ ਹੀ ਅਸਲ ਲੋਕ ਤੰਤਰ ਦਾ ਥੰਮ ਅਖਵਾ ਸਕੇਗਾ।




.