.

ਪ੍ਰਥਮ ਰਹਤ ਯਹ ਜਾਨ

ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਨਾਨਕ ਸਾਹਿਬ ਦੇ ਨਿਰਮਲ ਪੰਥ ਨੂੰ ਹੀ ਸੰਨ 1699 ਦੀ ਵੈਸਾਖੀ ਨੂੰ ਖ਼ਾਲਸਈ ਜਥੇਬੰਦੀ ਦੇ ਰੂਪ ਵਿੱਚ ਕਾਇਮ ਕੀਤਾ। ਇਸ ਜਥੇਬੰਦੀ ਨੂੰ ਮਜ਼ਬੂਤ ਅਤੇ ਗੁਰਮਤਿ ਦੇ ਮਿਥੇ ਹੋਏ ਆਸ਼ੇ ਅਥਵਾ ਟੀਚਿਆਂ ਵਲ ਨਿਰੰਤਰ ਵਧਣ ਲਈ ਕੁੱਝ ਨਿਯਮ ਕਾਇਮ ਕੀਤੇ। ਦਸਮੇਸ਼ ਪਾਤਸ਼ਾਹ ਵਲੋਂ ਕਾਇਮ ਕੀਤੇ ਇਨ੍ਹਾਂ ਨਿਯਮਾ ਨੂੰ ਹੀ ‘ਰਹਿਤ’ ਆਖਿਆ ਜਾਂਦਾ ਹੈ। ਖ਼ਾਲਸਾ ਜਥੇਬੰਦੀ ਦਾ ਅੰਗ ਬਨਣ ਲਈ ਰਹਿਤ ਜ਼ਰੂਰੀ ਕਰਾਰ ਦਿੱਤੀ ਗਈ। ਇਸ ਰਹਿਤ ਦੇ ਦੋ ਰੂਪ ਹਨ: ਅੰਦਰਲੀ ਅਤੇ ਬਾਹਰਲੀ। ਭਾਵ, ਮਨ ਅਤੇ ਤਨ ਦੀ। ਤਨ ਦੀ ਰਹਿਤ ਤੋਂ ਭਾਵ ਹੈ ਤਨ ਨੂੰ ਸੋਧਣਾ ਅਤੇ ਅੰਦਰਲੀ ਰਹਿਤ ਦਾ ਭਾਵ ਹੈ ਮਨ ਨੂੰ ਪ੍ਰਬੋਧਨਾ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਹੀ ਮਨੁੱਖ ਨੂੰ ਜੀਵਨ-ਮੁਕਤ ਹੋਣ ਲਈ ਤਨ ਅਤੇ ਮਨ ਦੋਹਾਂ ਵਲ ਹੀ ਲੋੜੀਂਦੇ ਧਿਆਨ ਲਈ ਉਤਸ਼ਾਹਤ ਕੀਤਾ ਗਿਆ। ਗੁਰੂ ਨਾਨਕ ਜੋਤ ਦੇ ਦਸਵੇਂ ਪ੍ਰਕਾਸ਼ ਗੁਰੂ ਗੋਬਿੰਦ ਸਿੰਘ ਜੀ ਨੇ ਗੁਰ ਜੋਤ ਦੀ ਜੁਗਤ ਨਿਭਾਉਣ ਦੀ ਜ਼ੁਮੇਵਾਰੀ ਨਿਭਾਉਣ ਵਾਲੇ ਖ਼ਾਲਸੇ ਲਈ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਸਾਈ ਜੀਵਨ-ਜਾਚ ਦੇ ਨਾਲ ਪੰਜ ਕਕਾਰਾਂ ਦੀ ਰਹਿਤ ਵੀ ਜ਼ਰੂਰੀ ਕਰਾਰ ਦਿੱਤੀ ਗਈ। ਖ਼ਾਲਸਈ ਜਥੇਬੰਦੀ ਦਾ ਮਨੋਰਥ ਵਕਤੀ ਲੋੜ ਨੂੰ ਹੀ ਪੂਰਾ ਕਰਨਾ ਨਹੀਂ ਸੀ ਅਤੇ ਨਾ ਹੀ ਕੇਵਲ ਜੁੱਧ ਕਰਨਾ। ਇਹ ਜਥੇਬੰਦੀ ਤਾਂ ਗੁਰੂ ਸਾਹਿਬਾਨ ਦੀ ਆਤਮਕ ਤੇ ਭਾਈਚਾਰਕ ਅਸੂਲਾਂ/ਅਦਰਸ਼ਾਂ ਨੂੰ ਹਮੇਸ਼ਾਂ ਲਈ ਵਰਤੋਂ ਵਿੱਚ ਲਿਆਉਣ ਲਈ ਕਾਇਮ ਕੀਤੀ ਹੈ। ਇਸ ਜਥੇਬੰਦੀ ਦੇ ਮੈਂਬਰਾਂ ਨੇ ਕਿਸੇ ਤਰ੍ਹਾਂ ਦੇ ਅਣਸੁਖਾਵੇਂ ਹਾਲਤਾਂ ਵਿੱਚ ਵੀ ਇਨ੍ਹਾਂ ਅਸੂਲਾਂ ਨੂੰ ਨਹੀਂ ਛੱਡਿਆ।
ਇਸ ਲਈ ਹੀ ਇਸ ਜਥੇਬੰਦੀ ਦਾ ਮੈਂਬਰ ਬਨਣ ਲਈ ਚਾਹਵਾਨ ਪ੍ਰਾਣੀ ਨੂੰ ਕਰੜੀ ਪ੍ਰੀਖਿਆ ਵਿਚੋਂ ਗੁਜ਼ਰਨਾ ਪੈਂਦਾ ਸੀ। ਕਿਸੇ ਵੀ ਪ੍ਰਾਣੀ ਨੂੰ ਇਸ ਜਥੇਬੰਦੀ ਦਾ ਮੈਂਬਰ ਬਨਣ ਲਈ ਕਿਸੇ ਤਰ੍ਹਾਂ ਕੋਈ ਡਰ ਜਾਂ ਲਾਲਚ ਨਹੀਂ ਸੀ ਦਿੱਤਾ ਜਾਂਦਾ ਅਤੇ ਨਾ ਹੀ ਧੱਕੇ ਨਾਲ ਮੱਲੋ-ਮੱਲੀ ਕਿਸੇ ਨੂੰ ਇਹ ਪਾਹੁਲ ਛਕਾਈ ਜਾਂਦੀ ਸੀ। ਚਾਹਵਾਨ ਵਿਅਕਤੀ ਗੁਰਮਤਿ ਦੀ ਜੀਵਨ-ਜੁਗਤ ਦੀ ਮਹੱਤਾ ਨੂੰ ਸਮਝਣ ਉਪਰੰਤ, ਸਵੈ-ਇੱਛਾ ਨਾਲ ਇਸ ਵਿੱਚ ਸ਼ਾਮਲ ਹੋਣ ਲਈ ਖੰਡੇ ਦੀ ਪਾਹੁਲ ਦੀ ਜਾਚਨਾ ਕਰਦਾ ਸੀ। ਇਹ ਹੀ ਕਾਰਨ ਹੈ ਕਿ ਸਮੇਂ ਦੀਆਂ ਸਰਕਾਰਾਂ ਵਲੋਂ ਹਰੇਕ ਤਰ੍ਹਾਂ ਦੇ ਜ਼ੁਲਮ ਦਾ ਸ਼ਿਕਾਰ ਹੋ ਕੇ ਵੀ ਖ਼ਾਲਸਾ ਪੰਥ ਚੜ੍ਹਦੀ ਕਲਾ ਦੀਆਂ ਬੁਲੰਦੀਆਂ ਨੂੰ ਛੁੰਹਦਾ ਰਿਹਾ।
ਪਰ ਅੱਜ ਕਲ ਇਹ ਜ਼ਰੂਰੀ ਨਹੀਂ ਸਮਝਿਆ ਜਾਂਦਾ ਕਿ ਖੰਡੇ ਦੀ ਪਾਹੁਲ ਛਕਣ ਵਾਲਿਆਂ ਨੂੰ ਪਹਿਲਾਂ ਚੰਗੀ ਤਰ੍ਹਾਂ ਗੁਰਮਤਿ ਦੀ ਸਿਖਿਆ ਦ੍ਰਿੜ ਕਰਵਾਈ ਜਾਵੇ। ਪਰਚਾਰ ਦੇ ਖੇਤਰ ਵਿੱਚ ਸੇਵਾ ਨਿਭਾਉਣ ਵਾਲੇ ਸੱਜਣਾਂ ਦੀ ਜ਼ਿਆਦਾਤਰ ਇਹ ਕੋਸ਼ਸ਼ ਹੁੰਦੀ ਹੈ ਕਿ ਖੰਡੇ ਦੀ ਪਾਹੁਲ ਛਕਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਕੀਤਾ ਜਾ ਸਕੇ। ਇਸ ਆਸ਼ੇ ਦੀ ਪੂਰਤੀ ਲਈ ਅਜਿਹੇ ਸੱਜਣਾਂ ਵਲੋਂ ਕਈ ਤਰ੍ਹਾਂ ਦੀਆਂ ਮਨ-ਘੜਤ ਕਹਾਣੀਆਂ ਸੁਣਾ ਕੇ, ਸਿੱਖ ਸੰਗਤਾਂ ਦੇ ਮਨ ਵਿੱਚ ਡਰ ਅਤੇ ਲਾਲਚ ਪੈਦਾ ਕਰਕੇ ਅਤੇ ਕਈ ਵਾਰ ਮੱਲੋਮੱਲੀ ਧੱਕੇ ਨਾਲ ਹੀ ਖੰਡੇ ਦੀ ਪਾਹੁਲ ਛਕਾਉਣ ਦੀ ਸੇਵਾ ਨਿਭਾਈ ਜਾਂਦੀ ਹੈ। ਇਸ ਕਾਰਨ ਹੀ ਅਜਿਹੇ ਸੱਜਣਾਂ ਵਲੋਂ ਭਾਵੇਂ ਹਜ਼ਾਰਾਂ ਦੀ ਗਿਣਤੀ ਵਿੱਚ ਖੰਡੇ ਦੀ ਪਾਹੁਲ ਛਕਾਉਣ ਦੇ ਵੇਰਵੇ ਪਰਕਾਸ਼ਤ ਹੁੰਦੇ ਹਨ ਪਰੰਤੂ ਆਲੇ-ਦੁਆਲੇ ਵਲ ਝਾਤੀ ਮਾਰਿਆਂ ਪੱਲੇ ਨਿਰਾਸਤਾ ਹੀ ਪੈਂਦੀ ਹੈ।
ਜੇਕਰ ਅਜੋਕੇ ਜੁਗ ਵਿੱਚ ਖੰਡੇ ਦੀ ਪਾਹੁਲ ਛਕਣ ਵਾਲਿਆਂ ਦੇ ਜੀਵਨ ਵਿੱਚ ਸਿੱਖੀ ਦੇ ਉੱਚ ਆਚਰਣ ਦੀ ਸੁਗੰਧੀ ਨਹੀਂ ਆ ਰਹੀ ਤਾਂ ਇਸ ਦਾ ਮੁੱਖ ਕਾਰਨ ਸਾਡੇ ਪ੍ਰਚਾਰਕਾਂ ਵਲੋਂ ਕੇਵਲ ਤਨ ਦੀ ਰਹਿਤ ਨੂੰ ਹੀ ਸਿੱਖੀ ਦੀ ਰਹਿਤ ਪਰਚਾਰਨਾ ਹੈ। ਅਜਿਹੇ ਸੱਜਣ ਆਪਣੀ ਗੱਲ ਨੂੰ ਪ੍ਰਮਾਣਿਤ ਕਰਨ ਲਈ ਭਾਈ ਦੇਸਾ ਸਿੰਘ ਜੀ ਦੇ ਰਹਿਤਨਾਮੇ ਦੇ ਇਸ ਪੰਗਤੀ ਦੀ ਉਦਾਹਰਣ ਦੇਂਦੇ ਹਨ ਕਿ ਰਹਤਨਾਮੇ ਵਿੱਚ ਕਿਹਾ ਹੈ, “ਪ੍ਰਥਮ ਰਹਤ ਇਹ ਜਾਨ। ਖੰਡੇ ਕੀ ਪਾਹੁਲ ਛਕੇ।” ਅਜਿਹੇ ਪਰਚਾਰ ਦੀ ਬਦੌਲਤ ਹੀ ਸਾਡੇ ਵਿੱਚ ਸਿੱਖੀ ਦੀਆਂ ਉੱਚ ਕਦਰਾਂ-ਕੀਮਤਾਂ ਦਿਨੋ-ਦਿਨ ਅਲੋਪ ਹੋ ਰਹੀਆਂ ਹਨ। ਸਦਾਚਾਰ ਗੁਣਾਂ ਦੀ ਥਾਂ ਕਰਮਕਾਂਡਾਂ ਦੀ ਭਰਮਾਰ ਹੋ ਰਹੀ ਹੈ। ਭਾਈ ਕਾਨ੍ਹ ਸਿੰਘ ਨਾਭਾ ਦੀ ਇਹ ਲਿਖਤ ਇਸ ਪਹਿਲੂ ਉੱਤੇ ਹੀ ਰੋਸ਼ਨੀ ਪਾਉਂਦੀ ਹੈ, “ਅਸੀਂ ਬਹੁਤ ਸਿਖਾਂ ਨੂੰ ਇਹ ਆਖਦੇ ਸੁਣਿਆ ਹੈ ਕਿ ਮੇਰੀ ਪੱਗ ਤੇ ਕੱਛ ਉਤਰ ਗਈ ਹੈ, ਮੈਂ ਤਨਖਾਹੀਆ ਹਾਂ, ਮੇਰੀ ਭੁਲ ਬਖ਼ਸ਼ੋ। ਪਰ ਕਦੇ ਕਿਸੇ ਨੂੰ ਇਹ ਕਹਿੰਦੇ ਨਹੀਂ ਸੁਣਿਆ ਕਿ ਮੈਂ ਝੂਠ ਬੋਲਿਆ ਹੈ, ਦਗਾ ਕੀਤਾ ਹੈ, ਬਚਨ ਕਰਕੇ ਨਹੀਂ ਪਾਲਿਆ, ਪਰ-ਧਨ ਪਰ ਇਸਤ੍ਰੀ ਵਲ ਮਨ ਲਲਚਾਇਆ ਹੈ, ਆਦਿਕ। ਇਸ ਤੋਂ ਅਸੀਂ ਇਹ ਸਿੱਟਾ ਕੱਢਿਆ ਹੈ ਕਿ ਸੱਚੀ ਸਿਖੀ ਦਿਨੋਂ ਦਿਨ ਅਲੋਪ ਹੋ ਰਹੀ ਹੈ ਅਤੇ ਦਿਖਾਵੇ ਦੀ ਸਿਖੀ ਫੈਲ ਰਹੀ ਹੈ। (ਗੁਰੁਮਤ ਮਾਰਤੰਡ)
ਭਾਈ ਦੇਸਾ ਸਿੰਘ ਦੇ ਰਹਿਤਨਾਮੇ ਵਿਚੋਂ ਇਹ ਹਵਾਲਾ ਦੇਣ ਵਾਲਿਆਂ ਨੇ ਸ਼ਾਇਦ ਭਾਈ ਚਉਪਾ ਸਿੰਘ ਦੇ ਰਹਿਤਨਾਮਿਆਂ ਦੀ ਇਨ੍ਹਾਂ ਪੰਗਤੀਆਂ ਵਲ ਧਿਆਨ ਨਹੀਂ ਦਿੱਤਾ: “ਅਰੁ ਸਭ ਤੇ ਵਡੀ ਰਹਿਤ ਏਹ ਹੈ ਜੋ ਮਿਥਿਆ ਨਾ ਬੋਲੇ। ਮਰਦੁ ਹੋਇਕੈ ਪਰਨਾਰੀ ਕਾ ਸੰਗ ਨਾ ਕਰੇ, ਇਸਤ੍ਰੀ ਹੋਇਕੇ (ਪਰ) ਮਰਦਾਂ ਨੋ ਨਾ ਦੇਖੇ। ਲੋਭ ਨਾ ਕਰੈ, ਕ੍ਰੋਧ ਨਾ ਕਰੇ, ਅੰਹਕਾਰ ਨਾ ਕਰੇ, ਬਹੁਤ ਮੋਹ ਨ ਕਰੈ, ਨਿੰਦਿਆ ਨਾ ਕਰੈ। …ਦੁਖਾਵੈ ਕਿਸੇ ਕੋ ਨਾਹੀ। ਮਿਠਾ ਬੋਲੇ। ਜੇ ਕੋਈ ਬੁਰਾ ਭਲਾ ਕਹੈ; ਮਨ ਬਿਖੈ ਲਿਆਵੈ ਨਾਹੀ। …ਪਰਾਏ ਦਰਬੁ ਕਉ ਅੰਗੀਕਾਰੁ ਨਾ ਕਰੈ, ਧਰਮ ਕੀ ਕਿਰਤਿ ਕਰਿ ਖਾਇ॥” ਆਦਿ। (ਭਾਈ ਚਉਪਾ ਸਿੰਘ) (ਨੋਟ: ਰਹਿਤਨਾਮਿਆਂ ਵਿੱਚ ਬਹੁਤ ਕੁੱਝ ਅਜਿਹਾ ਲਿਖਿਆ ਹੋਇਆ ਹੈ ਜੋ ਗੁਰਬਾਣੀ ਦੇ ਆਸ਼ੇ ਦੇ ਵਿਰੁੱਧ ਹੈ। ਅਸੀਂ ਇੱਥੇ ਇਸ ਸਬੰਧ ਵਿੱਚ ਚਰਚਾ ਨਹੀਂ ਕਰ ਰਹੇ ਹਾਂ ਅਤੇ ਨਾ ਹੀ ਇਨ੍ਹਾਂ ਦੇ ਅਸਲ ਲੇਖਕਾਂ ਬਾਰੇ।)
ਅਸੀਂ ਇਹ ਭੁੱਲ ਜਾਂਦੇ ਹਾਂ ਕਿ ਭਾਂਵੇ ਇਨ੍ਹਾਂ ਰਹਿਤਨਾਮਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਆਸ਼ੇ ਤੋਂ ਵਿਪਰੀਤ ਬਹੁਤ ਕੁੱਝ ਲਿਖਿਆ ਹੋਇਆ, ਪਰ ਫਿਰ ਵੀ ਇਨ੍ਹਾਂ ਵਿਚੋਂ ਸਾਨੂੰ ਇਹ ਵੀ ਪੜ੍ਹਨ ਨੂੰ ਮਿਲਦਾ ਹੈ ਕਿ ਕੇਵਲ ਤਨ ਦੀ ਰਹਿਤ ਹੀ ਸਿੱਖੀ ਦੀ ਰਹਿਤ ਨਹੀਂ ਹੈ। ਜਿਸ ਨੇ ਗੁਰਮਤਿ ਦੀ ਰਹਿਣੀ ਦੇ ਪੱਖਾਂ ਨੂੰ ਨਜ਼ਰ-ਅੰਦਾਜ਼ ਕਰ ਦਿੱਤਾ ਹੈ, ਉਸ ਨੂੰ ਭੇਖੀ ਹੀ ਆਖਿਆ ਹੈ। ਇਸ ਲਈ ਖ਼ਾਲਸੇ ਨੂੰ ‘ਭਰਮ ਭੇਖ ਤੇ ਰਹੈ ਨਿਆਰਾ।’ ਰਹਿਣ ਹਿਦਾਇਤ ਕੀਤੀ ਹੋਈ ਹੈ।
ਜੇਕਰ ਸਿੱਖ ਨੇ ਇਸ ਜੀਵਨ-ਜਾਚ ਨੂੰ ਸਮਝ ਕੇ ਇਸ ਅਨੁਸਾਰ ਆਪਣਾ ਜੀਵਨ ਨਹੀਂ ਬਣਾਇਆ ਤਾਂ ਖੰਡੇ ਦੀ ਪਾਹੁਲ ਦਾ ਕੋਈ ਅਰਥ ਨਹੀਂ ਹੈ। ਇਸ ਤਰ੍ਹਾਂ ਦੀ ਸੋਚ ਰੱਖਣ ਵਾਲੇ ਸੱਜਣਾਂ ਦਾ ਇਹ ਮੰਨਣਾ ਹੈ ਕਿ ਜਿਸ ਤਰ੍ਹਾਂ ਬੱਚਾ ਸਕੂਲ ਵਿੱਚ ਦਾਖ਼ਲ ਹੋਣ ਮਗਰੋਂ ਹੀ ਸਹਿਜੇ ਸਹਿਜੇ ਪੜ੍ਹਣਾ ਲਿਖਣਾ ਸਿੱਖਦਾ ਹੈ। ਇਸ ਤਰ੍ਹਾਂ ਹੀ ਖੰਡੇ ਦੀ ਪਾਹੁਲ ਲੈ ਕੇ ਸਿੱਖ ਸਿੱਖੀ ਦੇ ਸਕੂਲ ਵਿੱਚ ਦਾਖ਼ਲਾ ਲੈਂਦਾ ਹੈ। ਇਸ ਮਗਰੋਂ ਉਹ ਗੁਰਮਤਿ ਦੀ ਪੜ੍ਹਾਈ ਪੜ੍ਹਨੀ ਸ਼ੁਰੂ ਕਰਦਾ ਹੈ। ਪਰ ਜਦ ਅਸੀਂ ਆਲੇ-ਦੁਆਲੇ ਵਲ ਝਾਤੀ ਮਾਰਦੇ ਹਾਂ ਤਾਂ ਜ਼ਿਆਦਾਤਰ ਇਹ ਹੀ ਦੇਖਣ ਨੂੰ ਮਿਲਦਾ ਹੈ ਕਿ ਅਜਿਹਾ ਦਾਖ਼ਲਾ ਲੈਣ ਵਾਲੇ ਸਾਰੀ ਆਯੂ ਪਹਿਲੀ ਜਮਾਤ ਵਿੱਚ ਹੀ ਬੈਠੇ ਰਹਿੰਦੇ ਹਨ। ਆਤਮਕ ਉੱਨਤੀ ਤਾਂ ਕੀ ਕਰਨੀ ਸੀ ਪਹਿਲਾਂ ਨਾਲੋਂ ਵੀ ਜ਼ਿਆਦਾ ਵਹਿਮਾਂ-ਭਰਮਾਂ ਦਾ ਸ਼ਿਕਾਰ ਹੋ ਜਾਂਦੇ ਹਨ। ਕਰਮਕਾਂਡ ਦੀ ਦਲਦਲ ਵਿੱਚ ਫਸ ਜਾਂਦੇ ਹਨ।
ਕਈ ਵਿਦਵਾਨਾਂ ਦਾ ਮੰਨਣਾ ਹੈ ਕਿ ਜਿਸ ਤਰ੍ਹਾਂ ਪਹਿਲੀ ਵਾਰ ਨਲਕੇ `ਚੋਂ ਪਾਣੀ ਕੱਢਣ ਲਈ ਪਹਿਲਾਂ ਬਾਹਰੋਂ ਪਾਣੀ ਪਾਉਣਾ ਪੈਂਦਾ ਹੈ, ਇਸੇ ਤਰ੍ਹਾਂ ਅੰਦਰ ਅੰਮ੍ਰਿਤ ਦੇ ਕੁਡ ਵਿਚੋਂ ਅੰਮ੍ਰਿਤ ਦਾ ਪ੍ਰਵਾਹ ਚਲਾਉਣ ਲਈ ਬਾਹਰੋਂ ਅੰਮ੍ਰਿਤ ਪੀਣਾ ਜ਼ਰੂਰੀ ਹੈ। ਜੇਕਰ ਇਸ ਕਥਨ ਵਿੱਚ ਸਚਾਈ ਹੁੰਦੀ ਤਾਂ ਖੰਡੇ ਦੀ ਪਾਹੁਲ ਛਕਣ ਵਾਲਿਆਂ ਦੇ ਮਨ ਬਚਨ ਕਰਮ ਤੋਂ ਅੰਮ੍ਰਿਤ ਹੀ ਵਰਸਣਾ ਚਾਹੀਦਾ ਸੀ। ਪਰੰਤੂ ਆਮ ਤੌਰ `ਤੇ ਜੋ ਦੇਖਣ/ਸੁਨਣ ਵਿੱਚ ਆ ਰਿਹਾ ਹੈ ਉਹ ਇਸ ਤੋਂ ਐਨ ਉਲਟ ਹੈ। ਚੂੰਕਿ ਅਜਿਹੇ ਸੱਜਣਾਂ ਵਲੋਂ ਜ਼ਿਆਦਾਤਰ ਜ਼ਹਿਰ ਹੀ ਉਗਲਿਆ ਜਾ ਰਿਹਾ ਹੁੰਦਾ ਹੈ। (ਨੋਟ: ਅਸੀਂ ਉਨ੍ਹਾਂ ਗੁਰਸਿੱਖਾਂ ਦੀ ਗੱਲ ਨਹੀਂ ਕਰ ਰਹੇ ਜੇਹੜੇ ਖੰਡੇ ਦੀ ਪਾਹੁਲ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਅਨੁਸਾਰ ਆਪਣਾ ਜੀਵਨ ਬਸਰ ਕਰ ਰਹੇ ਹਨ। ਜੇਹੜੇ ਇਸ ਫ਼ੈਸਨ-ਪ੍ਰਸੱਤੀ ਦੇ ਦੌਰ ਵਿੱਚ ਵੀ ਸਾਬਤ-ਸੂਰਤ ਰਹਿ ਕੇ ਖ਼ਾਲਸਈ ਜੀਵਨ-ਜਾਚ ਦਾ ਨਮੂਨਾ ਪੇਸ਼ ਕਰ ਰਹੇ ਹਨ। ਅਜਿਹੇ ਗੁਰਸਿੱਖਾਂ ਦੇ ਗੁਰੂ ਪਿਆਰ ਦੇ ਸਿਦਕ ਭਰੋਸਾ ਅੱਗੇ ਤਾਂ ਅਸੀਂ ਆਪਣਾ ਸੀਸ ਝੁਕਾਉਂਦੇ ਹਾਂ।)
ਖੰਡੇ ਦੀ ਪਾਹੁਲ ਛਕਾਉਣ ਦੀ ਸੇਵਾ ਨਿਭਾਉਣ ਵਾਲੇ ਵਿਅਕਤੀ/ਸੰਸਥਾਵਾਂ/ਜਥੇਬੰਦੀਆਂ ਵਲੋਂ ਪੇਸ਼ ਕੀਤੇ ਅੰਕੜਿਆਂ ਨੂੰ ਪੜ੍ਹ ਸੁਣ ਕੇ ਤਾਂ ਇਸ ਤਰ੍ਹਾਂ ਲਗਦਾ ਹੈ ਕਿ ਸਾਰਾ ਸਿੱਖ ਜਗਤ ਹੀ ਖੰਡੇ ਦੀ ਪਾਹੁਲ ਛਕ ਕੇ ਖ਼ਾਲਸਈ ਰਹਿਣੀ ਦਾ ਧਾਰਨੀ ਹੋ ਚੁਕਾ ਹੈ। ਚੂੰਕਿ ਅਜਿਹੇ ਸੱਜਣ ਵਲੋਂ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਵਿੱਚ ਖੰਡੇ ਦੀ ਪਾਹੁਲ ਛਕਾਉਣ ਦੇ ਤੱਥ ਪੇਸ਼ ਕੀਤੇ ਜਾਂਦੇ ਹਨ। ਪਰ ਫਿਰ ਕੀ ਕਾਰਨ ਹੈ ਕਿ ਪਤਤਪੁਣਾ ਦਿਨ-ਪ੍ਰਤਿਦਿਨ ਵੱਧ ਰਿਹਾ ਹੈ। ਸਿੱਖ ਜਗਤ ਵਿੱਚ ਕਰਮਕਾਂਡ ਘਟਨ ਦੀ ਬਜਾਏ ਵਧੇਰੇ ਵੱਧ ਰਹੇ ਹਨ। ਸਿੱਖ ਵਹਿਮਾਂ-ਭਰਮਾਂ ਦੀ ਦਲਦਲ ਵਿੱਚ ਹੋਰ ਜ਼ਿਆਦਾ ਫਸਦਾ ਜਾ ਰਿਹਾ ਹੈ। ਡੇਰਿਆਂ ਦੀ ਗਿਣਤੀ ਦਿਨੋ ਦਿਨ ਵੱਧ ਰਹੀ ਹੈ। ਅਕਾਲ ਪੁਜਾਰੀ ਕਿਰਤਮ ਦੀ ਪੂਜਾ ਕਰਨ ਲੱਗ ਪਿਆ ਹੈ। ਆਦਿ।
ਭਾਈ ਦੇਸਾ ਸਿੰਘ ਦੇ ਰਹਿਤਨਾਮੇ ਵਿਚੋਂ ‘ਪ੍ਰਥਮ ਰਹਤ ਇਹ ਜਾਨ, ਖੰਡੇ ਕੀ ਪਾਹੁਲ ਛਕੇ’ ਦਾ ਹਵਾਲਾ ਦੇਣ ਵਾਲੇ ਸੱਜਣ ਆਮ ਤੋਰ `ਤੇ ਇਨ੍ਹਾਂ ਪੰਗਤੀਆਂ ਤੋਂ ਅਗਲੀਆਂ ਪੰਗਤੀਆਂ ਦਾ ਜ਼ਿਕਰ ਨਹੀਂ ਕਰਦੇ। ਇਸ ਰਹਿਤਨਾਮੇ ਵਿੱਚ ਇਨ੍ਹਾਂ ਪੰਗਤੀਆਂ ਤੋਂ ਅਗਲੀਆਂ ਤੁਕਾਂ ਵਿੱਚ ਖ਼ਾਲਸਈ ਰਹਿਤ ਦਾ ਵਰਣਨ ਕਰਦਿਆਂ ਹੋਇਆਂ ਲਿਖਿਆ ਹੈ, “ਪਾਂਚ ਸਿੰਘ ਅੰਮ੍ਰਿਤ ਜੋ ਦੇਵੈਂ। ਤਾਂਕੋ ਸਿਰ ਧਰਿ ਛਕ ਪੁਨ ਲੇਵੈ। ਪੁਨ ਮਿਲਿ ਪਾਂਚੋਂ ਰਹਤ ਜੁ ਭਾਖੈਂ। ਤਾਂ ਕੋ ਮਨ ਮੈ ਦ੍ਰਿੜ ਕਰ ਰਾਖੈ। ਕੁੜੀ ਮਾਰ ਆਦਿਕ ਹੈਂ ਜਤੇ। ਮਨ ਤੇ ਦੂਰ ਤਿਆਗੋ ਤੇਤੋ। ਬਾਣੀ ਮਾਹਿੰ ਨੇਹ ਨਿਤ ਕਰਨੋ। ਚੁਗਲੀ ਅਰੁ ਨਿੰਦਾ ਪਰਹਰਨੋ. . ਪਰ ਬੇਟੀ ਕੋ ਬੇਟੀ ਜਾਨੈ। ਪਰ ਇਸਤ੍ਰੀ ਕੋ ਮਾਤ ਬਖਾਨੈ। ਅਪਨੀ ਇਸਤ੍ਰੀ ਸੋ ਰਤ ਹੋਈ। ਰਹਿਤਵਾਨ ਗੁਰੁ ਕਾ ਸਿੰਘ ਸੋਈ. . ਕੁੱਠਾ ਹੁੱਕਾ ਚਰਸ ਤਮਾਕੂ। ਗਾਂਜਾ ਟੋਪੀ ਤਾੜੀ ਖਾਕੂ। ਇਨ ਕੀ ਓਰ ਨ ਕਬਹੂੰ ਦੇਖੈ। ਰਹਤਵੰਤ ਸੁ ਸਿੰਘ ਵਿਸ਼ੇਖੈ. . ਆਪ ਸਿੰਘ ਜੋ ਰਾਜਾ ਹੋਈ। ਨਿਰਧਨ ਸਿੰਘਨ ਪਾਲੈ ਸੋਈ. . ਪਰ ਨਾਰੀ ਜੂਆ ਅਸਤ ਚੋਰੀ ਮਦਿਰਾ ਜਾਨ। ਪਾਂਚ ਐਬ ਯੇ ਜਗਤ ਮੋ ਤਜੈ ਸੁ ਸਿੰਘ ਸੁਜਾਨ। ਰਣ ਮੇਂ ਜਾਇ ਨਾ ਕਬਹੂੰ ਭਾਜੇ। ਦ੍ਰਿੜ੍ਹ ਕਰ ਛਤ੍ਰੀ ਧਰਮ ਸੁ ਗਾਜੈ। ਨਮਤ ਸੁਭਾਵ ਨ ਕਬਹੂੰ ਤਯਾਗੇ। ਦੁਰਜਨ ਦੇਖ ਦੂਰ ਤੇ ਭਾਗੇ। ਦੁਰਜਨ ਦੀ ਸੰਗਤਿ ਸੁਖ ਨਾਹੀਂ। ਕਰ ਬਿਚਾਰ ਦੇਖੋ ਮਨ ਮਾਹੀਂ। ਕਾਮ ਕਰੋਧ ਲੋਭ ਮਦ ਮਾਨ। ਇਨ ਕੋ ਥੋਰੇ ਕਰੇ ਸਿਆਨ। ਵਿਨਯ ਵਿਬੇਕ ਧਰਮ ਦ੍ਰਿੜ੍ਹ ਰਾਖੈ। ਮਿਥਯਾ ਬਚਨ ਨ ਕਬਹੂੰ ਭਾਖੈ। ਜਗਤ ਮਾਹਿ ਹੈਂ ਪੰਥ ਸੁ ਜੇਤੇ। ਕਰੈ ਨਿੰਦ ਨਹਿਂ ਕਬਹੂੰ ਤੇਤੇ। ਵੱਢੀ ਲੇਕਰ ਨਯਾਯ ਨ ਕਰੀਏ। ਝੂਠੀ ਸਾਖਾ ਕਬੂੰ ਨ ਭਰੀਏ।” ਪਰ ਇਨ੍ਹਾਂ ਉੱਤੇ ਇਤਨਾ ਜ਼ੋਰ ਨਹੀਂ ਦਿੱਤਾ ਜਾਂਦਾ ਜਿਤਨਾ ਕਿ ‘ਪ੍ਰਥਮ ਰਹਤ ਯਹ ਜਾਨ’ ਵਾਲੀ ਪੰਗਤੀ ਉੱਤੇ ਦਿੱਤਾ ਜਾਂਦਾ ਹੈ।
ਚੂੰਕਿ ਅਸੀਂ ਆਮ ਤੌਰ `ਤੇ ਖੰਡੇ ਦੀ ਪਾਹੁਲ ਵਾਲੀ ਗੱਲ ਉੱਤੇ ਹੀ ਇਤਨਾ ਜ਼ੋਰ ਦੇ ਦਿੱਤਾ ਕਿ ਰਹਿਤਨਾਮਿਆਂ ਵਿੱਚ ਖ਼ਾਲਸਈ ਰਹਿਤ ਦੇ ਉਨ੍ਹਾਂ ਪੱਖਾਂ ਨੂੰ ਬਿਲਕੁਲ ਹੀ ਨਜ਼ਰ-ਅੰਦਾਜ਼ ਕਰ ਦਿੱਤਾ, ਜਿਨ੍ਹਾਂ ਵਿੱਚ ਗੁਰਮਤਿ ਦੀ ਵਿਲੱਖਣ ਰਹਿਣੀ ਦਾ ਵਰਣਨ ਸੀ, ਸਦਾਚਾਰਕ ਗੁਣਾਂ ਦਾ ਵਖਿਆਣ ਸੀ। ਰਹਿਤਨਾਮਿਆਂ ਵਿੱਚ ਖ਼ਾਲਸੇ ਨੂੰ ਵਿਲੱਖਣਤਾ ਕਾਇਮ ਰੱਖਣ ਲਈ ਇਹ ਹਿਦਾਇਤ ਕੀਤੀ ਗਈ ਹੈ:
(ੳ) ਗੁਰੂ ਕਾ ਸਿੱਖ-ਮਟ, ਬੁਤ, ਤੀਰਥ, ਦੇਵੀ, ਦੇਵਤਾ, ਬਰਤ ਪੂਜਾ ਅਰਚਾ, ਮੰਤ੍ਰ, ਜੰਤ੍ਰ, ਪੀਰ, ਬ੍ਰਾਹਮਣ, ਪੁੱਛਣਾ, ਸੁੱਖਣਾ ਤਰਪਨ, ਗਾਯਤ੍ਰੀ, ਕਿਤੇ ਵਲ ਚਿਤ ਦੇਵੈ ਨਾਹੀ। (ਭਾਈ ਦਯਾ ਸਿੰਘ ਜੀ)
(ਅ) ਖਾਲਸਾ ਸੋਈ ਜੋ ਨਿੰਦਾ ਤਿਆਗੈ। … ਖਾਲਸਾ ਸੋਈ ਜੋ ਪੰਚ ਕਉ ਮਾਰੈ। ਖਾਲਸਾ ਸੋਈ ਭਰਮ ਕੋ ਸਾੜੈ। ਖਾਲਸਾ ਸੋਈ ਮਾਨ ਜੋ ਤਿਆਗੈ। ਖਾਲਸਾ ਸੋਈ ਪਰਤ੍ਰਿਆ ਤੇ ਭਾਗੈ। ਖਾਲਸਾ ਸੋਈ ਪਰਦ੍ਰਿਸਟਿ ਕਉ ਤਿਆਗੈ। (ਭਾਈ ਨੰਦ ਲਾਲ ਜੀ)
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਤਨ ਤੇ ਮਨ ਦੀ ਰਹਿਤ ਗੁਰਸਿੱਖੀ ਜੀਵਨ ਦਾ ਅਤੁੱਟ ਅੰਗ ਹੈ। ਪਰ ਜੇਕਰ ਕੋਈ ਤਨ ਦੀ ਰਹਿਤ ਦਾ ਤਾਂ ਧਾਰਨੀ ਹੈ ਪਰ ਮਨ ਦੀ ਰਹਿਤ ਤੋਂ ਸਖਣਾ ਹੈ ਤਾਂ ਉਸ ਦੀ ਗਿਣਤੀ ਬਹੁ-ਰੂਪੀਏ ਅਥਵਾ ਪਾਖੰਡੀ ਵਿੱਚ ਤਾਂ ਹੋ ਸਕਦੀ ਹੈ, ਗੁਰਸਿੱਖਾਂ ਵਿੱਚ ਨਹੀਂ। ਰਹਿਤਨਾਮਿਆਂ ਵਿੱਚ ਅੰਕਤਾਂ ਇਨ੍ਹਾਂ ਪੰਗਤੀਆਂ ਵਿੱਚ ‘ਰਹਨੀ ਰਹੈ ਸੋਈ ਸਿਖ ਮੇਰਾ। ਓਹੁ ਠਾਕੁਰ ਮੈ ਉਸ ਕਾ ਚੇਰਾ॥’ (ਭਾਈ ਦੇਸਾ ਸਿੰਘ) ਦਾ ਭਾਵ ਕੇਵਲ ਤਨ ਦੀ ਹੀ ਨਹੀਂ ਮਨ ਦੀ ਰਹਿਤ (ਜੋ ਮੁੱਖ ਹੈ) ਵਰਣਨ ਹੈ।
ਇਸ ਲਈ ਸਾਨੂੰ ਗੁਰਮਤਿ ਦੀਆਂ ਕਦਰਾਂ-ਕੀਮਤਾਂ ਉੱਤੇ ਵਧੇਰੇ ਜ਼ੋਰ ਦੇਣ ਦੀ ਲੋੜ ਹੈ। ਜਿਸ ਨੇ ਗੁਰਮਤਿ ਦੀਆਂ ਉੱਚ ਕਦਰਾਂ-ਕੀਮਤਾਂ ਨੂੰ ਸਮਝ ਲਿਆ ਹੈ, ਉਹ ਵਿਅਕਤੀ ਹੀ ਖੰਡੇ ਦੀ ਪਾਹੁਲ ਛਕ ਕੇ ਖ਼ਾਲਸਈ ਜਥੇਬੰਦੀ ਦੀਆਂ ਜ਼ੁਮੇਵਾਰੀਆਂ ਨੂੰ ਠੀਕ ਢੰਗ ਨਾਲ ਨਿਭਾ ਸਕਦਾ ਹੈ।
ਅੰਤ ਵਿੱਚ ਅਸੀਂ ਪਾਠਕਾਂ ਦਾ ਧਿਆਨ ਭਾਈ ਗੁਰਦਾਸ ਜੀ ਵਲੋਂ ਸਿੱਖੀ ਬਾਰੇ ਇਸ ਲਿਖਤ ਵਲ ਦੁਆ ਰਹੇ ਹਾਂ: ਗੁਰ ਸਿਖੀ ਬਾਰੀਕ ਹੈ ਖੰਡੇ ਧਾਰ ਗਲੀ ਅਤਿ ਭੀੜੀ॥ ਓਥੈ ਟਿਕੈ ਨ ਭੁਲਹਣਾ ਚੱਲ ਨ ਸਕੈ ਉੱਪਰ ਕੀੜੀ॥ ਵਾਲਹੁੰ ਨਿਕੀ ਆਖੀਐ ਤੇਲ ਤਿਲਹੁੰ ਲੈ ਕੋਲ੍ਹ ਪੀੜੀ॥ ਗੁਰਮੁਖ ਵੰਸੀ ਪਰਮ ਹੰਸ ਖੀਰ ਨੀਰ ਨਿਰਨਉ ਜੁ ਨਿਵੀੜੀ॥ ਸਿਲ ਆਲੂਣੀ ਚਟਣੀ ਮਾਣਕ ਮੋਤੀ ਚੋਗ ਨਿਵੀੜੀ॥ ਗੁਰਮੁਖ ਮਾਰਗ ਚਲਣਾ ਆਸ ਨਿਰਾਸੀ ਝੀੜ ਉਝੀੜੀ॥
(ਵਾਰ 11, ਪਉੜੀ 5) ਅਰਥ: ਗੁਰਸਿੱਖੀ ਵੱਡੀ ਮਹੀਨ/ਬਾਰੀਕ ਹੈ, ਖੰਡੇ ਦੀ ਧਾਰ ਵਾਂਙ ਤਿੱਖੀ ਤੇ ਤੰਗ ਤੇ ਗਲੀ ਹੈ। ਓਥੇ ਮੱਛਰ ਟਿਕ ਨਹੀਂ ਸਕਦਾ ਤੇ ਉਪਰ ਕੀੜੀ ਚੱਲ ਨਹੀਂ ਸਕਦੀ। ਵਾਲ ਤੋਂ ਨਿੱਕੀ ਕਹੀਦਾ ਹੈ, ਜਿੱਕੁਰ ਕੋਲੂ ਵਿਖੇ ਤੇਲ ਤਿਲਾਂ ਤੋਂ ਲੈ ਪੀੜੀਦਾ ਹੈ। ਜੋ ਗੁਰਮੁਖਾਂ ਦੀ ਵੰਸ ਵਿਚੋਂ ਹਨ ਉਹ ਪਰਮਹੰਸ ਹਨ ਦੁੱਧ ਤੇ ਪਾਣੀ ਨਿਤਾਰਦੇ ਹਨ, ਉਨ੍ਹਾਂ ਦੀ ਚੁੰਝ ਵਿਚਾਰ ਦੀ ਹੁੰਦੀ ਹੈ। ਉਨ੍ਹਾਂ ਨੇ ਅਲੂਣੀ ਸਿਲਾ ਚਟਣੀ ਹੈ, ਮਾਣਕ ਤੇ ਮੋਤੀਆਂ ਦੀ ਚੋਗ ਨਵੀਨ ਹੈ ਭਾਵ, ਸੰਤ ਗੁਣਾਂ ਦੀ ਚੋਗ ਚੁਗਦੇ ਹਨ। ਗੁਰਮੁਖਾਂ ਦੇ ਰਸਤੇ ਚੱਲਣਾ ਤਾਂ ਹੁੰਦਾ ਹੈ ਜਦ ਸੂਖਮ ਤੇ ਸੂਖਮ ਵੀ ਆਸਾ ਤੋਂ ਨਿਰਾਸੀ ਬੁੱਧ ਹੋ ਜਾਵੇ। ਭਾਵ, ਰੰਚਕ ਵੀ ਆਸ ਨਾ ਫੁਰੇ।
ਨੋਟ: ਇੱਥੇ ਕੇਵਲ ਰਹਿਤਨਾਮਿਆਂ ਵਿਚੋਂ ਕੇਵਲ ਉਹ ਹਵਾਲੇ ਹੀ ਦਿੱਤੇ ਗਏ ਹਨ, ਜਿਨ੍ਹਾਂ ਵਿੱਚ ਗੁਰਸਿੱਖ ਦੀ ਰਹਿਣੀ ਦੀ ਮਹਿਕ ਹੈ। ਕੇਵਲ ਪੰਚ ਕਕਾਰਾਂ ਦੀ ਰਹਿਤ ਨੂੰ ਹੀ ਸਿੱਖੀ ਦੀ ਰਹਿਤ ਸਮਝਣ ਵਾਲੇ ਸੱਜਣ ਆਮ ਤੌਰ `ਤੇ ਭਾਈ ਦੇਸਾ ਸਿੰਘ ਦੇ ਰਹਿਤਨਾਮੇ ਦੀਆਂ ਇਨ੍ਹਾਂ (ਪ੍ਰਥਮ ਰਹਤ ਯਹ ਜਾਨ। ਖੰਡੇ ਕੀ ਪਾਹੁਲ ਛਕੇ) ਪੰਗਤੀਆਂ ਨੂੰ ਹੀ ਆਪਣੇ ਇਸ ਕਥਨ ਦੀ ਪੁਸ਼ਟੀ ਵਜੋਂ ਵਰਤਦੇ ਹਨ। ਇਸ ਲਈ ਰਹਿਤਨਾਮਿਆਂ ਅਤੇ ਭਾਈ ਗੁਰਦਾਸ ਜੀ ਦੀ ਲਿਖਤ `ਚੋਂ ਹੀ ਹਵਾਲੇ ਦਿੱਤੇ ਹਨ ਤਾਂ ਕਿ ਇਹ ਦੇਖਿਆ ਜਾ ਸਕੇ ਕਿ ਇਨ੍ਹਾਂ ਲਿਖਤਾਂ ਵਿੱਚ ਵੀ ਮਨ ਦੀ ਰਹਿਤ ਨੂੰ ਹੀ ਪ੍ਰਥਮ ਰਹਿਤ ਵਜੋਂ ਸਵੀਕਾਰ ਕੀਤਾ ਗਿਆ ਹੈ। ਸਦਾਚਾਰਕ ਗੁਣਾਂ ਦੀ ਮਹੱਤਾ ਨੂੰ ਸਵੀਕਾਰ ਕਰਦਿਆਂ ਹੋਇਆਂ ਸਿੱਖ ਨੂੰ ਇਨ੍ਹਾਂ ਨੂੰ ਧਾਰਨ ਕਰਨ ਦੀ ਹਿਦਾਇਤ ਕੀਤੀ ਗਈ ਹੈ। ਕੇਵਲ ਬਾਹਰਲੀ ਰਹਿਤ ਦੇ ਧਾਰਨੀਆਂ ਦੀ ਗਿਣਤੀ ਗੁਰਸਿੱਖਾਂ ਵਿੱਚ ਨਹੀਂ ਸਗੋਂ ਭੇਖੀਆਂ ਵਿੱਚ ਕੀਤੀ ਹੈ।
ਜਸਬੀਰ ਸਿੰਘ ਵੈਨਕੂਵਰ
.