.

ਨੀਚ ਜਾਤਿ ਹਰਿ ਜਪਤਿਆ ਉਤਮ ਪਦਵੀ ਪਾਇ

ਸੂਹੀ ਮਹਲਾ 4 ਘਰੁ 6
ੴ ਸਤਿਗੁਰ ਪ੍ਰਸਾਦਿ॥
ਨੀਚ ਜਾਤਿ ਹਰਿ ਜਪਤਿਆ ਉਤਮ ਪਦਵੀ ਪਾਇ॥
ਪੂਛਹੁ ਬਿਦਰ ਦਾਸੀ ਸੁਤੈ ਕਿਸਨੁ ਉਤਰਿਆ ਘਰਿ ਜਿਸੁ ਜਾਇ॥ 1॥
ਹਰਿ ਕੀ ਅਕਥ ਕਥਾ ਸੁਨਹੁ ਜਨ ਭਾਈ ਜਿਤੁ ਸਹਸਾ ਦੂਖ ਭੂਖ ਸਭ ਲਹਿ ਜਾਇ॥ 1॥ ਰਹਾਉ॥
ਰਵਿਦਾਸੁ ਚਮਾਰੁ ਉਸਤਤਿ ਕਰੇ ਹਰਿ ਕੀਰਤਿ ਨਿਮਖ ਇੱਕ ਗਾਇ॥
ਪਤਿਤ ਜਾਤਿ ਉਤਮੁ ਭਇਆ ਚਾਰਿ ਵਰਨ ਪਏ ਪਗਿ ਆਇ॥ 2॥
ਨਾਮਦੇਅ ਪ੍ਰੀਤਿ ਲਗੀ ਹਰਿ ਸੇਤੀ ਲੋਕੁ ਛੀਪਾ ਕਹੈ ਬੁਲਾਇ॥
ਖਤ੍ਰੀ ਬ੍ਰਾਹਮਣ ਪਿਠਿ ਦੇ ਛੋਡੇ ਹਰਿ ਨਾਮਦੇਉ ਲੀਆ ਮੁਖਿ ਲਾਇ॥ 3॥
ਜਿਤਨੇ ਭਗਤ ਹਰਿ ਸੇਵਕਾ ਮੁਖਿ ਅਠਸਠਿ ਤੀਰਥ ਤਿਨ ਤਿਲਕੁ ਕਢਾਇ॥
ਜਨੁ ਨਾਨਕੁ ਤਿਨ ਕਉ ਅਨਦਿਨੁ ਪਰਸੇ ਜੇ ਕ੍ਰਿਪਾ ਕਰੇ ਹਰਿ ਰਾਇ॥ 4॥ 1॥ 8॥
ਗੁਰੂ ਗ੍ਰੰਥ ਸਾਹਿਬ, ਪੰਨਾ 733

ਹਰਿ ਜਪਤਿਆ – ਹਰੀ ਦਾ ਸਿਮਰਨ ਕਰਦਿਆਂ
ੴਸਤਿਗੁਰ ਪ੍ਰਸਾਦਿ॥
ਇਹ ਸ਼ਬਦ ਦਾ ਸਿਰਲੇਖ ਹੈ ਜੋ ਆਪਣੇ ਆਪ ਹੀ ਸਰਬ-ਵਿਆਪਕ ਇਕੁ ਅਕਾਲੁ ਪੁਰਖੁ ਹਰਿ ਦੀ ਬਖਸ਼ਿਸ਼ ਦੀ ਪ੍ਰੋੜਤਾ ਕਰਦਾ ਹੈ। ਅੱਗੇ ਸ਼ਬਦ ਅੰਦਰ ਗੁਰੂ ਪਾਤਸ਼ਾਹ ਨੇ ਦਰਸਾਇਆ ਹੈ ਕਿ ਇਹ ਬਖ਼ਸ਼ਿਸ਼ ਕਿਹੜੇ ਕਿਹੜੇ ਹੋਰ ਅਖੌਤੀ ਨੀਵੀਂ ਜ਼ਾਤਿ ਵਾਲਿਆਂ ਉੱਪਰ ਹੋਈ ਹੈ। ਉਹ ਕਰਮਕਾਂਡੀ ਸਾਖੀ ਰੱਦ ਕੀਤੀ ਹੈ, ਜਿਹੜੀ ਬਿਦਰੁ ਜੀ ਦੇ ਘਰ ਜਸ਼ੋਧਾ ਦੇ ਪੁੱਤਰ ਕ੍ਰਿਸ਼ਨ ਦੇ ਆਉਣ ਦੀ ਪ੍ਰੋੜ੍ਹਤਾ ਕਰਦੀ ਹੈ। ਬਿਦਰੁ ਜੀ ਨੂੰ ਅਕਾਲ ਪੁਰਖੁ ਹਰੀ ਪ੍ਰਮੇਸ਼ਰ ਦਾ ਪ੍ਰੇਮੀ ਦਰਸਾਇਆ ਹੈ ਅਤੇ ਇਸ ਗੱਲ ਦੀ ਪ੍ਰੋੜ੍ਹਤਾ ਲਈ ਅੱਗੇ ਨਾਮਦੇਵ ਜੀ, ਰਵਿਦਾਸ ਜੀ ਹੋਰਾਂ ਦਾ ਜ਼ਿਕਰ ਕੀਤਾ ਹੈ ਕਿ ਉਹ ਅਖੌਤੀ ਨੀਵੀਂ ਜ਼ਾਤੀ ਵਾਲੇ ਸਨ। ਜਿਸ ਤਰ੍ਹਾਂ ਉਨ੍ਹਾਂ ਉੱਪਰ ਅਕਾਲ ਹਰੀ ਦੀ ਬਖ਼ਸ਼ਿਸ਼ ਹੋਈ ਹੈ, ਇਸੇ ਤਰ੍ਹਾਂ ਬਿਦਰੁ ਜੀ ਉੱਪਰ ਵੀ ਅਕਾਲ ਪੁਰਖ ਹਰੀ ਦੀ ਬਖ਼ਸ਼ਿਸ਼ ਹੋਈ ਹੈ। ਭਗਤ ਜੀ ਉੱਪਰ ਕਿਸੇ ਦੇਹਧਾਰੀ ਕਰਮਕਾਂਡੀ ਦੀ ਕ੍ਰਿਪਾ ਨਹੀਂ ਹੋਈ।
ਪਦ ਅਰਥ
ਹਰਿ ਜਪਤਿਆ – ਹਰੀ ਦਾ ਸਿਮਰਨ ਕਰਦਿਆਂ, ਸਿਮਰਨ ਕਰਨ ਨਾਲ
ਹਰਿ ਕੀ ਅਕਥ ਕਥਾ – ਅਕੱਥ ਰੂਪ ਹਰੀ ਦੀ ਕਥਾ, ਕਥਾ – ਸਾਖੀ
ਸਹਸਾ – ਭਰਮ, ਭੁਲੇਖਾ
ਜਿਤੁ ਸਹਸਾ ਦੂਖ ਭੂਖ ਸਭ ਲਹਿ ਜਾਇ – ਜਿਸ ਅਕੱਥ ਰੂਪ ਹਰੀ ਦੀ ਸਾਖੀ ਨਾਲ ਇਹ ਸਹਸਾ ਭੁਲੇਖਾ ਤੇ ਕੀ, ਸਭ ਦੁੱਖ ਭੁੱਖ ਲਹਿ ਜਾਂਦੀ ਹੈ
ਲੋਕੁ ਛੀਪਾ ਕਹੈ ਬੁਲਾਇ – ਜਿਸ ਨਾਮਦੇਵ ਨੂੰ ਛੀਪਾ ਕਹਿ ਕੇ ਬੁਲਾਉਂਦੇ ਸਨ (ਰਵਿਦਾਸ ਜੀ ਨੂੰ ਚਮਾਰ ਕਹਿ ਕੇ ਬੁਲਾਉਂਦੇ ਸਨ, ਅਤੇ ਬਿਦਰੁ ਜੀ ਨੂੰ ਦਾਸੀ ਪੁੱਤਰ ਕਹਿ ਕਰਕੇ ਨੀਵਾਂ ਸਮਝਦੇ ਸਨ)
ਅਠਸਠਿ ਤੀਰਥ -
ਨੋਟ – ਜਿਸ ਤਰ੍ਹਾਂ ਆਪਾਂ ਪਿੱਛੇ ਜ਼ਿਕਰ ਕਰ ਆਏ ਹਾਂ, ਕਿ ਕਰਮਕਾਂਡੀਆਂ ਦਾ ਰਾਮ ਹੋਰ, ਕ੍ਰਿਸ਼ਨ ਹੋਰ ਅਤੇ ਗੁਰਮੁਖ ਜਨਾਂ ਦਾ ਰਾਮ ਕ੍ਰਿਸ਼ਨ ਹੋਰ। ਇਸੇ ਤਰ੍ਹਾਂ ਗੁਰਮੁਖਾਂ ਦਾ ਅਠਸਠ ਤੀਰਥ ਹੋਰ, ਤਿਲਕ ਹੋਰ ਅਤੇ ਕਰਮਕਾਂਡੀਆਂ ਦਾ ਹੋਰ। ਇਨ੍ਹਾਂ ਨੂੰ ਇੱਕ ਕਰ ਕੇ ਕਦੇ ਵੀ ਭੁਲੇਖਾ ਨਹੀਂ ਖਾਣਾ। ਗੁਰਮੁਖਾਂ ਦਾ ਅਠਸਠ ਤੀਰਥ, ਅਤੇ ਤਿਲਕ ਕੀ ਹਨ?
ਕਰਿ ਸੰਗਤਿ ਤੂ ਸਾਧ ਕੀ ਅਠਸਠਿ ਤੀਰਥ ਨਾਉ॥
ਜੀਉ ਪ੍ਰਾਣ ਮਨੁ ਤਨੁ ਹਰੇ ਸਾਚਾ ਏਹ ਸੁਆਉ॥
ਐਥੈ ਮਿਲਹਿ ਵਡਾਈਆ ਦਰਗਹਿ ਪਾਵਹਿ ਥਾਉ॥ 3॥
ਗੁਰੂ ਗ੍ਰੰਥ ਸਾਹਿਬ, ਪੰਨਾ 47
ਸੱਚ ਦੀ ਸੰਗਤ ਕਰਨਾ ਭਾਵ ਨਾਮ ਨਾਲ ਜੁੜਨਾ ਹੀ ਗੁਰਮੁਖ ਜਨਾਂ ਲਈ ਅਠਸਠ ਤੀਰਥ ਹੈ। ਗੁਰਮੁਖ ਜਨ, ਮਨ ਅਤੇ ਤਨ ਕਰਕੇ ਹਰੀ ਦੇ ਨਾਮ ਨੂੰ ਸਮਰਪਤ ਹੋ ਜਾਂਦੇ ਹਨ।
ਤਿਲਕੁ ਲਿਲਾਟਿ ਜਾਣੈ ਪ੍ਰਭੁ ਏਕੁ॥ ਬੂਝੈ ਬ੍ਰਹਮੁ ਅੰਤਰਿ ਬਿਬੇਕੁ॥ 4॥
ਗੁਰੂ ਗ੍ਰੰਥ ਸਾਹਿਬ, ਪੰਨਾ 355
ਗੁਰਮੁਖ ਹਰੀ ਅਕਾਲ ਪੁਰਖੁ ਤੋਂ ਬਗ਼ੈਰ ਹੋਰ ਕਿਸੇ ਨੂੰ ਨਹੀਂ ਜਾਣਦੇ, ਅਤੇ ਇੱਕ ਅਕਾਲ ਪੁਰਖੁ ਤੋਂ ਬਗ਼ੈਰ ਹੋਰ ਕਿਸੇ ਜੰਮ ਕੇ ਮਰ ਜਾਣ ਵਾਲੇ ਨੂੰ ਨਹੀਂ ਮੰਨਦੇ। ਇਹ ਉਨ੍ਹਾਂ ਦੇ ਮਸਤਕ ਦਾ ਅਸਲੀ ਤਿਲਕੁ ਹੈ।
ਬਾਰਹ ਤਿਲਕ ਮਿਟਾਇਕੈ
ਭਾਈ ਗੁਰਦਾਸ, ਵਾਰ 7
ਜੋ – ਜਿਹੜਾ
ਜੇ – ਜਿਹੜੇ, ਜੋ ਦਾ ਬਹੁਵਚਨ ਹੈ (ਮਹਾਨ ਕੋਸ਼)
ਅਰਥ – ਹੇ ਸਜਣੋ! ਜੇਕਰ ਪੁੱਛਦੇ ਹੋ, ਤਾਂ ਦਰਅਸਲ ਉਹ ਅਕੱਥ ਕਥਾ ਅਕਾਲ ਪੁਰਖੁ ਹਰੀ ਦੀ ਹੀ ਹੈ। ਉਸ ਅਕੱਥ ਅਕਾਲ ਪੁਰਖੁ ਹਰੀ ਦੀ ਕਥਾ ਸੁਨਣ ਨਾਲ ਭੁਲੇਖਾ ਦੂਰ ਹੋ ਜਾਂਦਾ ਹੈ, ਅਤੇ ਦੁੱਖ ਭੁੱਖ ਲਹਿ ਜਾਂਦੀ ਹੈ। ਇਹ ਸ਼ੰਕਾ ਦੂਰ ਹੋ ਜਾਂਦੀ ਹੈ, ਕਿ ਦਾਸੀ ਪੁੱਤਰ ਬਿਦਰੁ ਦੇ ਹਿਰਦੇ ਰੂਪੀ ਘਰ ਅੰਦਰ ਜਿਸ ਕ੍ਰਿਸ਼ਨ ਨੇ ਉਤਾਰਾ ਕੀਤਾ ਸੀ ਉਹ ਅਕੱਥ ਅਕਾਲ ਪੁਰਖੁ ਹਰੀ ਆਪ ਸੀ, ਜਿਸ ਦੀ ਬੰਦਗੀ ਕਰਨ ਨਾਲ ਨੀਚ ਜ਼ਾਤ ਤੋਂ ਉੱਤਮ ਪਦਵੀ ਪ੍ਰਾਪਤ ਹੁੰਦੀ ਹੈ।
ਜਿਸ ਹਰੀ ਦੀ ਨਿਮਖ ਨਿਮਖ ਕੀਰਤੀ, ਉਸਤਤ ਕਰਨ ਨਾਲ ਰਵਿਦਾਸ ਜੀ, ਜਿਸ ਨੂੰ ਲੋਕ ਚਮਾਰ ਕਹਿੰਦੇ ਸਨ, ਨੂੰ ਉੱਤਮ ਪਦਵੀ ਪ੍ਰਾਪਤ ਹੋਈ ਸੀ, ਜਿਸ ਹਰੀ ਦੀ ਬਖ਼ਸ਼ਿਸ਼ ਨਾਲ ਚਹੁਂ ਵਰਨਾ ਦੇ ਲੋਕ ਰਵਿਦਾਸ ਜੀ ਦੇ ਆਤਮਿਕ ਗਿਆਨ ਅੱਗੇ ਝੁਕੇ ਸਨ, ਅਤੇ ਜਿਸ ਹਰੀ ਨਾਲ ਨਾਮਦੇਵ ਜੀ ਦੀ ਪ੍ਰੀਤ ਲੱਗੀ ਸੀ, ਭਾਵੇਂ ਲੋਕ ਛੀਪਾ ਕਹਿ ਕੇ ਬੁਲਾਉਂਦੇ ਸਨ। ਅਕੱਥ ਕਥਾ ਅਕਾਲ ਪੁਰਖੁ ਹਰੀ ਨੇ ਖੱਤਰੀ, ਬ੍ਰਾਹਮਣ ਅਤੇ ਹੋਰ ਅਖੌਤੀ ਉੱਚੀ ਜ਼ਾਤ ਵਾਲਿਆਂ ਦੇ ਝੂਠ ਨੂੰ ਪਛਾੜਕੇ ਨਾਮਦੇਵ ਜੀ ਨੂੰ ਆਪਣੇ ਸੱਚ ਨਾਲ ਲਾਇਆ ਸੀ।
ਗੱਲ ਕੀ, ਜਿਤਨੇ ਵੀ ਹਰੀ ਦੀ ਬੰਦਗੀ ਕਰਨ ਵਾਲੇ ਹਰੀ ਦੇ ਸੇਵਕ ਹਨ, ਉਹ ਇਕੁ ਅਕਾਲ ਪੁਰਖੁ ਤੋਂ ਬਗ਼ੈਰ ਹੋਰ ਕਿਸੇ ਨੂੰ ਨਹੀਂ ਜਾਣਦੇ, ਭਾਵ ਜੰਮ ਕੇ ਮਰ ਜਾਣ ਵਾਲੇ ਨੂੰ ਨਹੀਂ ਮੰਨਦੇ। ਇਹ ਉਨ੍ਹਾਂ ਦੇ ਮਸਤਕ ਦਾ ਅਸਲ ਤਿਲਕੁ ਹੈ, ਅਤੇ ਉਨ੍ਹਾਂ ਲਈ ਸੱਚੇ ਦੀ ਸੰਗਤਿ ਸੱਚ ਨਾਲ ਜੁੜਨਾ ਹੀ ਅਠਸਠ ਤੀਰਥ ਹੈ। ਗੁਰੂ ਨਾਨਕ ਜੀ ਇਸ ਸੱਚ ਉੱਪਰ ਮੋਹਰ ਲਾਉਂਦੇ ਹਨ ਕਿ ਜਿਹੜੇ ਅਜਿਹੇ ਗੁਰਮੁਖਿ ਜਨ ਹਨ, ਦਿਨ ਰਾਤ ਅਕੱਥ ਅਕਾਲ ਪੁਰਖੁ ਹਰੀ ਦੇ ਚਰਨ ਪਰਸਦੇ ਹਨ, ਅਤੇ ਹਰੀ ਆਪ ਉਨ੍ਹਾਂ ਉੱਪਰ ਕਿਰਪਾ ਕਰਦਾ ਹੈ।
ਇੱਕੋ ਇੱਕੁ ਅਤੇ ਅਕੱਥ ਰੂਪ ਹਰੀ ਵਲ ਹੀ ਉਨ੍ਹਾਂ ਦਾ ਮੁੱਖ ਹੈ। ਜੋ ਸੱਚੇ ਨੂੰ ਸਿਮਰਦੇ ਹਨ ਉਨ੍ਹਾਂ ਦੀ ਅਕੱਥ ਅਕਾਲ ਪੁਰਖੁ ਹਰੀ ਜ਼ਾਤ ਪਾਤ ਨਹੀਂ ਦੇਖਦਾ। ਉਹ ਇਹ ਨਹੀਂ ਦੇਖਦਾ ਕਿ ਬਿਦਰੁ ਦਾਸੀ ਦਾ ਪੁੱਤਰ ਹੈ, ਜਾਂ ਰਵਿਦਾਸ ਚਮਿਆਰ ਹੈ, ਜਾਂ ਨਾਮਦੇਵ ਛੀਪਾ ਹੈ। ਸੋ, ਗੁਰੂ ਜੀ ਨੇ ਭੁਲੇਖਾ ਦੂਰ ਕਰ ਕੇ ਇਹ ਦਰਸਾਇਆ ਹੈ ਕਿ ਬਿਦਰੁ ਜੀ ਸੱਚ ਦੇ ਪੁਜਾਰੀ ਸਨ।
ਹੁਣ ਆਪਾਂ ਗੁਰੂ ਰਾਮਦਾਸ ਜੀ ਦਾ ਬਿਦਰੁ ਜੀ ਬਾਰੇ ਉਚਾਰਨ ਕੀਤਾ ਸ਼ਬਦ ਪੜ੍ਹ ਕੇ ਸਮਝਣ ਦਾ ਯਤਨ ਕਰਦੇ ਹਾਂ।
ਬਲਦੇਵ ਸਿੰਘ ਟੋਰਾਂਟੋ




.