ੴ
ਸਤਿ ਗੁਰ ਪ੍ਰਸਦਿ
ਖੋਜ
ਖੋਜ ਹੀ ਉਹ ਚੀਜ਼ ਹੈ ਜੋ ਇੰਸਾਨ ਦੀ
ਤਰੱਕੀ ਦਾ ਸੋਮਾ ਹੈ, ਜਦ ਤੱਕ ਇਹ ਜਾਰੀ ਰਹੇਗੀ ਤਦ ਤੱਕ ਇੰਸਾਨੀਅਤ ਦਾ ਵਿਕਾਸ ਹੁੰਦਾ ਰਹੇ ਗਾ।
ਇਹੀ ਇੱਕ ਅਜਿਹੀ ਚੀਜ਼ ਹੈ, ਜੋ ਬੰਦੇ ਨੂੰ ਕਾਇਨਾਤ ਦਾ ਸਿਕਦਾਰ ਬਣਾਉਂਦੀ ਹੈ। ਪਰ ਇਸ ਦੇ ਕੁੱਝ
ਨਿਯਮ ਹੁੰਦੇ ਹਨ, ਜਿਨ੍ਹਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ।
ਖੋਜ ਦਾ ਕੰਮ ਤਦ ਸ਼ੁਰੂ ਹੁੰਦਾ ਹੈ ਜਦ ਕੁੱਝ ਅਜਿਹੇ ਤੱਥ ਸਾਮ੍ਹਣੇ ਆਉਂਦੇ ਹਨ, ਜਿਨ੍ਹਾਂ ਤੇ ਅਮਲ
ਕਰਨ ਨਾਲ ਕੁੱਝ ਭਲਾਈ ਦੀ ਆਸ ਦੀ ਕਿਰਨ ਮਹਿਸੂਸ ਹੁੰਦੀ ਹੈ। ਫਿਰ ਉਨ੍ਹਾਂ ਤੱਥਾਂ ਦੀ ਖੋਜ ਸ਼ੁਰੂ
ਹੁੰਦੀ ਹੇ, ਤਾਂ ਜੋ ਸਹੀ ਨਿਰਣਾ ਕੀਤਾ ਜਾ ਸਕੇ।
ਜਿਸ ਖੋਜ ਵਿੱਚ ਪਹਿਲਾਂ ਕੁੱਝ ਨਿਰਣਾ ਕੀਤਾ ਜਾਂਦਾ ਹੈ, ਉਸ ਨੂੰ ਸਾਲਾਂ ਬੱਧੀ ਪਰਚਾਰਿਆ ਜਾਂਦਾ
ਹੈ, ਫਿਰ ਕੁੱਝ ਸੁਹਿਰਦ ਲੋਕਾਂ ਦੇ ਕਿੰਤੂ ਕਰਨ ਤੇ, ਉਸ ਦੇ ਤੱਥ ਲੱਭਣ ਦਾ ਉਪਰਾਲਾ ਕੀਤਾ ਜਾਂਦਾ
ਹੈ, ਉਸ ਨੂੰ ਖੋਜ ਨਹੀਂ ਕਿਹਾ ਜਾ ਸਕਦਾ। ਨਿਰਣਾ ਕਰਨ ਵਾਲੇ ਨੂੰ ਇਹ ਤਾਂ ਪਤਾ ਹੁੰਦਾ ਹੈ ਕਿ ਮੈਂ
ਇਹ ਕੰਮ ਕਿਸ ਨੀਤੀ ਅਧੀਨ ਕੀਤਾ ਹੈ? ਤੱਥ ਕਿਥੋਂ ਲੱਭਣੇ ਹਨ? ਫਿਰ ਅਪਣੀਆਂ ਦਿਮਾਗੀ ਕਸਰਤਾਂ ਨਾਲ,
ਕੁੱਝ ਗਲਤ-ਸਲਤ ਚੀਜ਼ਾਂ ਦਾ ਸਹਾਰਾ ਲੈ ਕੇ, ਕੁੱਝ ਗਲਤ-ਸਲਤ ਤੱਥ ਘੜੇ ਜਾਂਦੇ ਹਨ। ਜੋ ਇੰਸਾਨੀਅਤ
ਨੂੰ ਪੁਠਾ ਗੇੜਾ ਦੇਣ ਦਾ ਸਬੱਬ ਬਣਦੇ ਹਨ। ਇੱਕ ਸੂਝਵਾਨ ਬੰਦਾ ਤਾਂ ਅਜਿਹੀ ਗਲਤੀ ਨਹੀਂ ਕਰੇਗਾ, ਜੇ
ਕਿਤੇ ਹੋ ਵੀ ਜਾਵੇ ਤਾ ਉਸ ਦਾ ਪਤਾ ਲੱਗਣ ਤੇ, ਗਲਤੀ ਮੰਨਣ ਵਿੱਚ ਕਿਸੇ ਹਾਲਤ ਵਿੱਚ ਵੀ ਅਪਣੀ ਹੇਠੀ
ਨਹੀਂ ਸਮਝੇਗਾ।
ਇੱਕ ਝੂਠ ਨੂੰ, ਸੌ ਵਾਰ ਝੂਠ ਬੋਲਣ ਨਾਲ ਵੀ ਸੱਚ ਨਹੀਂ ਬਣਾਇਆ ਜਾ ਸਕਦਾ। ਝੂਠ ਨੂੰ ਸੱਚ ਬਨਾਉਣ ਦਾ
ਇਕੋ ਢੰਗ ਹੈ, ਨਿਸ਼ਕਪਟ ਸੱਚ ਬੋਲ ਦੇਣਾ, ਪਰ ਇਸ ਲਈ ਆਤਮ ਬੱਲ ਦੀ ਲੋੜ ਹੁੰਦੀ ਹੈ, ਅਤੇ ਝੂਠ ਦਾ
ਸਹਾਰਾ ਲੈਣ ਵਾਲਿਆਂ ਕੋਲ ਆਤਮ ਬੱਲ ਨਹੀਂ ਹੁੰਦਾ।
ਇਹ ਪਰਚਾਰਿਆ ਜਾ ਰਿਹਾ ਹੈ ਕਿ ਉਦਾਸੀਆਂ ਅਤੇ ਨਿਰਮਲਿਆਂ ਨੇ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਹੁਤ
ਤਬਦੀਲੀਆਂ ਕੀਤੀਆਂ ਹਨ। ਇਸ ਬਾਰੇ ਵਿਚਾਰ ਅਗਾਂਹ ਤੋਰਨ ਤੋਂ ਪਹਿਲਾਂ, ਇਹ ਜਾਨਣਾ ਜ਼ਰੂਰੀ ਹੈ ਕਿ
ਉਦਾਸੀਆਂ ਅਤੇ ਨਿਰਮਲਿਆਂ ਦੀ ਅਸਲੀਅਤ ਕੀ ਹੈ? ਉਨ੍ਹਾਂ ਕੋਲ ਗੁਰੂ ਗ੍ਰੰਥ ਸਾਹਿਬ ਜੀ ਵਿੱਚ
ਤਬਦੀਲੀਆਂ ਕਰਨ ਦਾ ਕਿੰਨਾ ਕੁ ਮੌਕਾ ਸੀ?
ਉਦਾਸੀ ਕੌਣ ਹਨ?
ਸ੍ਰੀ ਚੰਦ ਨੇ ਗੁਰਮਤ ਨੂੰ ਤਿਆਗ ਕੇ, ਉਦਾਸੀ ਮੱਤ ਚਲਾਇਆ ਸੀ, ਜਿਸ ਬਾਰੇ ਗੁਰਬਾਣੀ ਇਵੇਂ ਸੇਧ
ਦਿੰਦੀ ਹੈ,
ਸਚੁ ਜਿ ਗੁਰਿ ਫੁਰਮਾਇਆ ਕਿਉ ਏਦੂ ਬੋਲਹੁ ਹਟੀਐ॥
ਪੁਤ੍ਰੀ ਕਉਲੁ ਨ ਪਾਲਿਓ ਕਰਿ ਪਰਿਹੁ ਕੰਨੑ ਮੁਰਟੀਐ॥
ਦਿਲਿ ਖੋਟੈ ਆਕੀ ਫਿਰਨਿੑ ਬੰਨਿੑ ਭਾਰੁ ਉਚਾਇਨਿੑ ਛਟੀਐ॥
ਜਿਨਿ ਆਖੀ ਸੋਈ ਕਰੇ ਜਿਨਿ ਕੀਤੀ ਤਿਨੈ ਥਟੀਐ॥
ਕਉਣੁ ਹਾਰੇ ਕਿਨਿ ਉਵਟੀਐ॥ ੨॥ (੯੬੭)
ਪਹਿਲੇ ਨਾਨਕ ਜੀ ਨੇ ਸ਼ਬਦ ਰਾਹੀਂ ਜੋ ਸੱਚ ਦੀ ਸੋਝੀ ਦਿੱਤੀ ਸੀ, ਦੂਸਰੇ ਨਾਨਕ ਜੀ ਨੇ, ਉਸ ਸੱਚ ਦੇ
ਮੰਨਣ ਤੋਂ ਕੋਈ ਆਨਾ ਕਾਨੀ ਨਹੀਂ ਕੀਤੀ, ਉਸ ਨੂੰ ਸੱਚ ਕਰ ਕੇ ਮੰਨਿਆ। ਪਰ ਪਹਿਲੇ ਨਾਨਕ ਜੀ ਦੇ
ਅਪਣੇ ਪੁਤ੍ਰਾਂ ਨੇ ਸੱਚ ਦੀ ਗੱਲ ਨਹੀਂ ਮੰਨੀ ਅਤੇ ਸੱਚ ਵੱਲੋਂ ਮੋਢਾ ਮੋੜ ਕੇ, ਸੱਚ ਵੱਲ ਪਿੱਠ ਕਰ
ਕੇ, ਸੱਚ ਨੂੰ ਨਕਾਰਦੇ ਰਹੇ। ਪਰ ਬੰਦੇ ਦੇ ਵੱਸ ਦੀ ਵੀ ਕੋਈ ਗੱਲ ਨਹੀ, ਅਪਣੀ ਸਮਰਥਾ ਦੇ ਆਸਰੇ, ਇਸ
ਖੇਡ ਵਿੱਚ ਨਾ ਕੋਈ ਜਿੱਤਣ ਜੋਗਾ ਹੁੰਦਾ ਹੈ ਅਤੇ ਨਾ ਕੋਈ ਹਾਰਨ ਜੋਗਾ ਹੁੰਦਾ ਹੈ।
ਜਿਸ ਨੇ ਰਜ਼ਾ, ਹੁਕਮ ਮੰਨਣ ਦੀ ਖੇਡ ਰਚੀ,
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥ ੧॥ (੧)
ਉਸ ਨੇ ਆਪ ਹੀ ਜਿਸ ਤੇ ਬਖਸ਼ਿਸ਼ ਕੀਤੀ ਉਸ ਨੂੰ ਹੀ ਹੁਕਮ ਮੰਨਣ ਦੇ ਸਮਰੱਥ ਬਣਾਇਆ। ਜਿਨ੍ਹਾਂ ਦੇ ਦਿਲ
ਖੋਟੇ ਹੋਣ, ਉਹ ਦੁਨਿਆਵੀ ਮਾਇਆ ਮੋਹ ਦਾ ਭਾਰ ਬੰਨ੍ਹ ਕੇ, ਉਸ ਛੱਟ ਨੂੰ ਹੀ ਚੁੱਕੀ ਫਿਰਦੇ ਹਨ।
(ਕੀ ਬਾਬਾ ਨਾਨਕ ਜੀ ਦੀ ਪੋਥੀ ਸਾੜ ਕੇ, ਇਹ ਲਿਖਣ ਵਾਲੇ ਸ੍ਰੀ ਚੰਦ ਦੇ ਚੇਲੇ ਸਨ? ਉਹ ਵੀ ਦੂਜੇ
ਨਾਨਕ ਜੀ ਦੇ ਹੁੰਦੇ? ਜੇ ਉਨ੍ਹਾਂ ਵਿੱਚ ਏਨਾ ਦਮ ਹੁੰਦਾ ਤਾਂ ਉਨ੍ਹਾਂ ਗੁਰ ਗੱਦੀ ਤੇ ਕਿਉਂ ਕਬਜ਼ਾ
ਨਾ ਕਰ ਲਿਆ?) ਇਹ ਬਾਬਾ ਨਾਨਕ ਜੀ ਦੀ ਪੋਥੀ ਸਾੜਨ ਵਾਲੀ ਗੱਲ ਕਿਥੋਂ ਚੱਲੀ, ਆਪਾਂ ਅੱਗੇ ਚਲ ਕੇ
ਵਿਚਾਰਦੇ ਹਾਂ, ਪਹਿਲਾਂ ਨਿਰਮਲਿਆ ਦੀ ਵੀ ਗੱਲ ਕਰ ਲਈਏ।
ਨਿਰਮਲੇ ਕੌਣ ਹਨ? ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਮਿਲਾਵਟ ਕਰਨ ਦਾ ਕਿੰਨਾ ਕੁ ਸਮਾ
ਮਿਲਿਆ?
ਕਿਹਾ ਜਾਂਦਾ ਹੈ ਕਿ ਦਸਵੇਂ ਨਾਨਕ ਜੀ ਨੇ ੧੬੮੭ ਵਿਚ, ਪਾਉਂਟਾ ਸਾਹਬ ਤੋਂ ਪੰਜਾਂ ਸਿੱਖਾਂ ਨੂੰ,
ਸੰਸਕ੍ਰਿਤ ਪੜ੍ਹਨ ਲਈ ਕਾਸ਼ੀ ਭੇਜਿਆ ਸੀ। (ਇਹ ਇੱਕ ਅਲੱਗ ਵਿਸ਼ਾ ਹੈ ਕਿ ਸਿੱਖਾਂ ਨੇ ਸੰਸਕ੍ਰਿਤ ਪੜ੍ਹ
ਕੇ ਕੀ ਕਰਨਾ ਸੀ? ਜਿਸ ਨੂੰ ਮੈਂ ੧੯੯੦ ਦੇ ਲਗਭਗ ਲੇਖ ਲਿਖ ਕੇ ਕਲੀਅਰ ਕੀਤਾ ਸੀ, ਸਮੇ ਦੇ ਗੇੜ ਨਾਲ
ਉਹ ਮੇਰੇ ਕੋਲੋਂ ਗੁਆਚ ਗਿਆ ਹੈ, ਜਿਸ ਨੂੰ ਦੁਬਾਰਾ ਲਿਖ ਕੇ ਤੁਹਾਡੀ ਸੇਵਾ ਵਿੱਚ ਪੇਸ਼ ਕਰਾਂਗਾ) ਜੋ
ਦਸਵੇਂ ਨਾਨਕ ਜੀ ਦੇ ਜੰਗਾਂ-ਜੁਧਾਂ ਵਿੱਚ ਉਲਝ ਜਾਣ ਕਾਰਨ, ਜਾਂ ਕਿਸੇ ਹੋਰ ਕਾਰਨ ਬਨਾਰਸ ਵਿੱਚ ਹੀ
ਵੱਸ ਗਏ, ਓਥੇ ਹੀ ਉਨ੍ਹਾਂ ਨੇ ਸ਼ਾਦੀਆਂ ਕੀਤੀਆਂ, ਸੌ ਸਾਲ ਤੋਂ ਵੱਧ ਸਮਾ ਕਾਸ਼ੀ ਵਿੱਚ ਹੀ ਰਹਿਣ
ਨਾਲ, ਗੁਰਮਤ ਨਾਲੋਂ ਟੁੱਟ ਕੇ, ਵੈਦਿਕ ਪ੍ਰਭਾਵ ਹੇਠ ਉਨ੍ਹਾਂ ਦੀਆਂ ਚਾਰ ਪੀੜ੍ਹੀਆਂ ਕਰੀਬ, ਓਥੇ ਹੀ
ਪਲੀਆਂ।
ਸੌ ਸਾਲ ਮਗਰੋਂ ਵੀ ਉਹ ਪੰਜਾਬ ਨਹੀਂ ਆਏ ਬਲਕਿ ਹਰਦੁਆਰ ਵਿੱਚ ਅਖਾੜਾ ਬਣਾ ਕੇ ਓਥੇ ਹੀ ਵੱਸ ਗਏ। ਇਹ
ਰੌਸ਼ਨੀ ਵਿੱਚ ਤਦ ਆਉਂਦੇ ਹਨ ਜਦ ਹਰਦੁਆਰ ਵਿਚ, ੧੭੯੬ ਦੇ ਕੁੰਭ ਮੇਲੇ ਤੇ ਇਨ੍ਹਾਂ ਦਾ ਕਿਸੇ ਗੱਲੋਂ,
ਹਿੰਦੂ ਸਾਧਾਂ ਨਾਲ ਝਗੜਾ ਹੋ ਗਿਆ, ਹਿੰਦੂ ਸਾਧਾਂ ਨੇ ਇਨ੍ਹਾਂ ਦੇ ਹਜ਼ਾਰਾਂ ਸਾਥੀ ਮਾਰ ਦਿੱਤੇ।
ਇਨ੍ਹਾਂ ਨੇ ਮਹਾਰਾਜਾ ਸਾਹਿਬ ਸਿੰਘ ਪਟਿਆਲਾ ਕੋਲੋਂ ਮਦਦ ਮੰਗੀ। ਮਹਾਰਾਜਾ ਸਾਹਿਬ ਸਿੰਘ ਅਤੇ ਉਸ ਦੀ
ਬਹਾਦਰ ਭੈਣ ਸਾਹਿਬ ਕੌਰ, ਘੋੜ ਸਵਾਰ ਲੈ ਕੇ ਹਰਦੁਆਰ ਗਏ ਅਤੇ ਹਿੰਦੂ ਸਾਧਾਂ ਨੂੰ ਸੋਧ ਕੇ ਇਨ੍ਹਾਂ
ਦੀ ਮਦਦ ਕੀਤੀ।
ਇਸ ਤੋਂ ਬਹੁਤ ਪਹਿਲਾਂ ੧੭੦੮ ਵਿੱਚ ਦਸਵੇਂ ਨਾਨਕ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨੌਵੇਂ
ਨਾਨਕ ਜੀ ਦੀ ਬਾਣੀ ਚੜ੍ਹਾ ਕੇ, ਉਸ ਨੂੰ ਸੰਪੂਰਨ ਕਰ ਕੇ, ਉਸ ਨੂੰ ਸਦੀਵੀ ਗੁਰਿਆਈ ਦੇ ਦਿੱਤੀ ਸੀ।
ਇਹ ਤਾਂ ਮੰਨਣ ਯੋਗ ਹੀ ਨਹੀਂ ਕਿ ਦਸਵੇਂ ਨਾਨਕ ਜੀ ਨੇ ਮਿਲਗੋਭਾ ਗ੍ਰੰਥ ਨੂੰ ਗੁਰਿਆਈ ਦੇ ਦਿੱਤੀ
ਹੋਵੇ। ਜਿਸ ਨਾਲ ੧੭੦੮ ਤੱਕ ਕੀਤੇ ਪੋਥੀ ਸਾਹਿਬ ਦੇ ਉਤਾਰਿਆਂ ਵਿੱਚ ਕੀਤੀ ਮਿਲਾਵਟ ਲਈ ਕਿਸੇ
ਤਰ੍ਹਾਂ ਦਾ ਕੋਈ ਵਿਵਾਦ ਖੜਾ ਕਰਨਾ, ਅਕਲ ਹੀਣਤਾ ਅਤੇ ਪੰਥ ਨੂੰ ਭੰਬਲ ਭੁਸੇ ਵਿੱਚ ਪਾਉਣ ਤੋਂ ਵੱਧ
ਕੋਈ ਮਹੱਤਵ ਨਹੀਂ ਰੱਖਦਾ।
(ਹਾਂ ਇੱਕ ਗੱਲ ਜ਼ਰੂਰ ਸਮਝ ਆਉਂਦੀ ਹੈ ਕਿ ਅੱਜ ਤਕ, ਗੁਰ ਗੱਦੀ ਦਿਹਾੜੇ (੧੭੦੮) ਨਾਲੋਂ, ਪਹਿਲੇ
ਪ੍ਰਕਾਸ਼ ਦਿਹਾੜੇ (੧੬੦੪) ਨੂੰ ਕਿਉਂ ਪੁਜਾਰੀ ਲਾਣਾ ਵੱਧ ਮਹੱਤਵ ਦੇ ਰਿਹਾ ਹੈ? ਤਾ ਕਿ ੧੭੦੮ ਤੱਕ
ਬੀੜਾਂ ਵਿੱਚ ਹੋ ਚੁੱਕੀ ਮਿਲਾਵਟ ਦਾ ਰੌਲਾ ਪਾ ਕੇ, ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮਾਣਿਕਤਾ ਤੇ
ਸਵਾਲ ਖੜੇ ਕਰ ਕੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਤੋੜ ਕੇ, ਬ੍ਰਾਹਮਣਵਾਦੀ ਖਾਰੇ
ਸਮੁੰਦਰ ਵਿੱਚ ਡੋਬ ਕੇ ਉਨ੍ਹਾਂ ਦਾ ਹਾਲ ਵੀ ਬੋਧੀਆਂ ਵਾਲਾ ਕਰ ਦਿੱਤਾ ਜਾਵੇ।)
ਯਕੀਨਨ ੧੭੯੬ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਸੈਂਕੜੇ ਉਤਾਰੇ ਹੋ ਚੁੱਕੇ ਹੋਣਗੇ। ਇਸ ਤਰ੍ਹਾਂ
ਗੁਰੂ ਗ੍ਰੰਥ ਸਾਹਿਬ ਜੀ ਵਿਚ, ਉਤਾਰਿਆਂ ਵੇਲੇ ਅਣਗਹਿਲੀ ਵੱਸ ਲਗਾਂ ਮਾਤ੍ਰਾਂ ਦੀਆਂ ਗਲਤੀਆਂ ਤੋਂ
ਇਲਾਵਾ ਉਦਾਸੀਆਂ ਜਾਂ ਨਿਰਮਲਿਆਂ ਵਲੋਂ ਰਾਗਮਾਲਾ ਤੋਂ ਛੂੱਟ ਹੋਰ ਕੋਈ ਮਿਲਾਵਟ ਹੋਣੀ ਸੰਭਵ ਨਹੀਂ
ਹੈ।
ਆਪਾਂ ਵੇਖਿਆਂ ਹੈ ਕਿ, ਉਦਾਸੀਆਂ ਅਤੇ ਨਿਰਮਲਿਆਂ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੋਈ ਵਾਧਾ
ਘਾਟਾ ਕਰਨ ਦਾ ਮੌਕਾ ਨਾ ਹੋਣ ਬਰਾਬਰ ਹੈ। ਪੰਜਵੇਂ ਨਾਨਕ ਜੀ ਵਲੋਂ ਸੰਪਾਦਿਤ ਪੋਥੀ ਸਾਹਿਬ ਵਿੱਚ
ਉਤਾਰਿਆਂ ਵੇਲੇ ਕੀਤੇ ਵਾਧੇ ਘਾਟਿਆਂ ਦਾ, ਦਸਵੇਂ ਨਾਨਕ ਜੀ ਵਲੋਂ ਸੰਪੂਰਨ ਕਰਨ ਉਪ੍ਰਾਂਤ ਗੁਰ ਗੱਦੀ
ਤੇ ਬਿਰਾਜਮਾਨ ਕੀਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੋਈ ਫਰਕ ਨਹੀਂ ਪੈਂਦਾ।
ਸਿੱਖਾਂ ਵਿੱਚ ਰੌਲਾ ਕਿਥੋਂ ਅਤੇ ਕਦੋਂ ਸ਼ੁਰੂ ਹੁੰਦਾ ਹੈ?
ਮਹਾਰਾਜਾ ਰਣਜੀਤ ਸਿੰਘ ਵੇਲੇ, ਗੁਰਦਵਾਰਿਆਂ ਦਾ ਪਿੜ ਵੇਹਲਾ ਵੇਖ ਕੇ, ਨਿਰਮਲੇ ਗੁਰਦਵਾਰਿਆਂ ਤੇ
ਕਬਜ਼ਾ ਕਰਨ ਲੱਗੇ, ਕਿਉਂ ਕਿ ਨਿਰਮਲਿਆਂ ਨੇ ਇਹ ਪਰਚਾਰਿਆ ਕਿ ਉਨ੍ਹਾਂ ਨੂੰ ਦਸਵੇਂ ਨਾਨਕ ਜੀ ਨੇ
ਪੜ੍ਹਾਈ ਲਈ ਕਾਸ਼ੀ ਭੇਜਿਆ ਸੀ, ਇਸ ਕਰ ਕੇ ਅਸੀਂ ਸਿੱਖ ਹੀ ਹਾਂ, ਸਿੱਖਾਂ ਵਿੱਚ ਸਹਿਜੇ ਹੀ ਮਾਨਤਾ
ਮਿਲ ਗਈ।
ਦੂਸਰੇ ਪਾਸੇ ਉਦਾਸੀਆਂ ਨੂੰ ਸਿੱਖਾਂ ਵਿੱਚ ਪੈਰ ਪਸਾਰਨ ਦਾ ਮੌਕਾ ਨਹੀਂ ਮਿਲ ਰਿਹਾ ਸੀ। ਇਸ ਕੰਮ ਲਈ
ਉਨ੍ਹਾਂ ਨੇ ਬਹੁਤ ਸਾਰੀਆਂ ਸਾਖੀਆਂ, ਗ੍ਰੰਥਾਂ ਦੀ ਰਚਨਾ ਕੀਤੀ, ਜਿਨ੍ਹਾਂ ਵਿੱਚ ਚਮਤਕਾਰਾਂ ਅਤੇ
ਪੁਜਾਰੀਆਂ ਨੂੰ ਖੂਬ ਉਭਾਰਿਅ। ਪਹਿਲੇ ਨਾਨਕ ਜੀ ਦੀ ਅੰਸ਼ ਵਜੋਂ ਸ੍ਰੀਚੰਦ ਨੂੰ ਉਭਾਰਿਆਂ, ਬੇਦੀਆਂ
ਨੂੰ ਗੁਰੂ ਅੰਸ਼ ਵਜੋਂ ਉਭਾਰਨ ਲਈ ਬਹੁਤ ਸਾਰੀਆਂ ਕਹਾਣੀਆਂ ਘੜੀਆਂ।
ਜਿਵੇਂ ਸ੍ਰੀਚੰਦ ਵਲੋਂ ਦੁਜੇ ਨਾਨਕ ਜੀ ਨੂੰ ਸਰਾਪ ਦੇਣਾ ਕਿ ਜਿਨ੍ਹਾਂ ਪੈਰਾਂ ਤੇ ਤੂੰ ਬਾਬੇ ਨਾਨਕ
ਕੋਲੋਂ ਮੱਥਾ ਟਿਕਵਾਇਆ ਹੈ ਉਨਹਾਂ ਨੂੰ ਕੋੜ੍ਹ ਹੋ ਜਾਵੇ, ਇਸ ਸਰਾਪ ਨਾਲ ਦੂਜੇ ਗੁਰੂ ਨਾਨਕ ਦੇ
ਗੂਠੇ ਤੇ ਕੋੜ੍ਹ ਹੋ ਗਿਆ। ਸ੍ਰੀਚੰਦ ਵਲੋਂ ਤੀਜੇ ਨਾਨਕ ਜੀ ਦੇ ਲੱਤ ਮਾਰਨੀ, ਅਤੇ ਤੀਜੇ ਨਾਨਕ ਜੀ
ਵਲੋਂ, ਗੁਰੂ ਅੰਸ਼ ਵਜੋਂ ਸਤਕਾਰਦਿਆਂ ਸ੍ਰੀਚੰਦ ਦਾ ਪੈਰ ਘੁੱਟਣਾ। ਸ੍ਰੀਚੰਦ ਨੇ ਚੌਥੇ ਨਾਨਕ ਜੀ ਨੂੰ
ਪੁਛਿਆ ਕਿ, ਦਾੜ੍ਹੀ ਏਨੀ ਲੰਮੀ ਕਿਉਂ ਰੱਖ ਛੱਡੀ ਹੈ ਤਾਂ ਚੌਥੇ ਪਾਤਸ਼ਾਹ ਨੇ ਜਵਾਬ ਦਿੱਤਾ ਤੁਹਾਡੇ
ਵਰਗੇ ਮਹਾਂ ਪੁਰਖਾਂ ਦੇ ਚਰਨ ਝਾੜਨ ਲਈ। ਸ੍ਰੀਚੰਦ ਨੇ ਛੇਵੇਂ ਨਾਨਕ ਕੋਲੋਂ ਉਨ੍ਹਾਂ ਦੇ ਪੁਤ੍ਰ ਦੀ
ਮੰਗ ਕੀਤੀ, ਅਤੈ ਛੇਵੇਂ ਨਾਨਕ ਨੇ ਬਾਬਾ ਗੁਰਦਿੱਤਾ ਜੀ, ਸ੍ਰੀਚੰਦ ਨੂੰ ਸੌਂਪ ਦਿੱਤਾ। (ਜਦ ਕਿ
ਇਤਿਹਾਸ ਮੁਤਾਬਕ ਬਾਬਾ ਗੁਰਦਿੱਤਾ ਜੀ ਦਾ ਜਨਮ ਸ੍ਰੀਚੰਦ ਦੀ ਮੌਤ ਤੋਂ ੧੩ ਮਹੀਨੇ ਮਗਰੋਂ ਹੋਇਆ
ਸੀ।)
ਇਵੇਂ ਹੀ ਇਹ ਵੀ ਪਰਚਾਰਿਆ ਗਿਆ ਕਿ ਪਹਲੇ ਨਾਨਕ ਦੀ ਬਾਣੀ ਵਾਲੀ ਪੋਥੀ ਦੂਜੇ ਨਾਨਕ ਜੀ ਨੂੰ ਨਹੀਂ
ਮਿਲੀ ਸੀ, ਬਲਕਿ ਸ੍ਰੀਚੰਦ ਨੂੰ ਮਿਲੀ ਸੀ, ਜੋ ਉਸ ਦੀ ਮੌਤ ਵੇਲੇ, ਜਦ ਉਸ ਨੂੰ ਰਾਵੀ ਵਿੱਚ
ਰੋੜ੍ਹਿਆ ਗਿਆ ਤਾਂ ਉਸ ਦੇ ਨਾਲ ਹੀ ਰੋੜ੍ਹ ਦਿੱਤੀ ਗਈ। ਇਸ ਦਾ ਹੀ ਨਵਾਂ ਸੰਸਕਰਣ ਹੈ ਕਿ ਬਾਬਾ
ਨਾਨਕ ਜੀ ਦੀ ਪੋਥੀ ਸਾੜ ਦਿੱਤੀ ਗਈ ਸੀ। ਕੀਰਤ ਪੁਰ ਦੀ ਮੋੜ੍ਹੀ ਵੀ ਸ੍ਰੀਚੰਦ ਕੋਲੋਂ ਗਡਵਾਉਣ ਦੀ
ਗੱਲ ਕਹੀ ਜਾਂਦੀ ਹੈ। ਇਸ ਦਾ ਹੀ ਇੱਕ ਹਿੱਸਾ ਹੈ ਪੰਜਵੇਂ ਨਾਨਕ ਜੀ ਦਾ ਪੋਥੀਆਂ ਲੈਣ ਲਈ ਮੋਹਨ
ਕੋਲ ਜਾਣਾ ਅਤੇ (ਬਾਬਾ ਅਮਰਦਾਸ ਜੀ, ਦੂਸਰਿਆਂ ਨੂੰ ਸਿਰਫ ਅਕਾਲ ਦੀ ਵਡਿਆਈ ਕਰਨ ਦੀ ਤਾਕੀਦ ਕਰਨ
ਵਾਲਿਆਂ ਦੀ ਹਿਦਾਇਤ ਅਨੁਸਾਰ) ਮੋਹਨ ਦੇ ਚੁਬਾਰੇ ਥੱਲੇ ਖੜੇ ਹੋ ਕੇ, ਮੋਹਨ ਦੀ ਵਢਿਆਈ, ਰੱਬ ਦੇ
ਤੁੱਲ ਕਰਨੀ। ਇਸ ਦਾ ਹੀ ਇੱਕ ਹਿੱਸਾ ਹੈ, ਦਸਵੇਂ ਨਾਨਕ ਵਲੋਂ ਧੀਰ ਮੱਲ ਕੋਲੋਂ ਪੋਥੀ ਸਾਹਿਬ
ਮੰਗਵਾਉਣੀ, ਅਤੇ ਉਸ ਦੇ ਮੇਹਣਾ ਮਾਰਨ ਤੇ, ਆਪ ਮੂੰਹ ਜ਼ਬਾਨੀ ਸਾਰਾ ਗੁਰੂ ਗ੍ਰੰਥ ਸਾਹਿਬ ਲਿਖਵਾ
ਦੇਣਾ, ਜਦ ਕਿ ਉਸ ਵੇਲੇ ਤੱਕ ਆਦਿ ਬੀੜ ਦੇ ਹਜ਼ਾਰਾਂ ਉਤਾਰੇ ਹੋ ਚੁੱਕੇ ਸਨ।
(ਇਹ ਤੁਸੀਂ ਆਪ ਸੋਚ ਸਕਦੇ ਹੋ ਕਿ ਇਨ੍ਹਾਂ ਗੱਲਾਂ ਵਿੱਚ ਕਿੰਨੀ ਕੁ ਸਚਾਈ ਹੋ ਸਕਦੀ ਹੈ?)
ਉਦਾਸੀਆਂ ਵਲੋਂ ਸਿੱਖੀ ਦਾ ਪਰਚਾਰ ਕਰਨ ਦੀ ਗੱਲ ਵੀ ਕਹੀ ਜਾਂਦੀ ਹੈ, ਜਦ ਕਿ ਇਹ ਗੁਰਦਵਾਰਿਆਂ ਤੇ
ਕਬਜ਼ਾ ਅਤੇ ਸਿੱਖਾਂ ਨੂੰ ਅਪਣੇ ਸੇਵਕ ਬਨਾਉਣ ਤੋਂ ਵੱਧ ਕੁੱਝ ਵੀ ਨਹੀਂ ਸੀ, ਜਿਸ ਦੇ ਆਧਾਰ ਤੇ
ਸਿੱਖਾਂ ਵਿੱਚ ਬੇਦੀਆਂ ਦੀ ਸਿੱਖੀ ਸੇਵਕੀ ਸ਼ੁਰੂ ਹੋਈ, ਜੋ ੧੯੪੭ ਤੋਂ ਪਹਿਲਾਂ, ਹੁਣ ਵਾਲੇ
ਪਾਕਿਸਤਾਨ ਵਿੱਚ ਅਪਣੇ ਸਿਖਰ ਤੇ ਸੀ ਅਤੇ ਅੱਜ ਵੀ ਕਿਸੇ ਨਾ ਕਿਸੇ ਰੂਪ ਵਿੱਚ ਚੱਲ ਰਹੀ ਹੈ।
ਇਨ੍ਹਾਂ ਵਿਚੋਂ ਹੀ ਕੁੱਝ ਬੇਦੀਆਂ ਨੇ ਸਿੱਖੀ ਦਾ ਬਹੁਤ ਨੁਕਸਾਨ ਕੀਤਾ ਹੈ।
ਚਾਹੀਦਾ ਤਾਂ ਇਹ ਸੀ ਕਿ ਗੁਰਦਵਾਰਿਆਂ ਤੇ ਕਾਬਜ਼ ਨਿਰਮਲੇ, ਇਸ ਸਿੱਖੀ ਸਿਧਾਂਤ ਤੋਂ ਉਲਟ ਪਰਚਾਰ ਨੂੰ
ਠੱਲ੍ਹ ਪਾਉਂਦੇ, ਪਰ ਕਿਉਂਕਿ ਉਹ ਵੀ ਗੁਰਬਾਣੀ ਨਾਲੋਂ ਟੁੱਟੇ, ਵੈਦਿਕ ਮਾਹੌਲ ਵਿੱਚ ਪਲੇ ਸਨ, ਇਸ
ਲਈ ਉਹ ਕੁੱਝ ਵੀ ਨਾ ਕਰ ਸਕੇ। (ਇਕ ਚੀਜ਼ ਸਮਝਣ ਵਾਲੀ ਹੈ ਕਿ ਤਦ ਤੱਕ ਨਿਰਮਲੇ, ਸਿੱਖੀ ਦਾ ਨੁਕਸਾਨ
ਕਰਨ ਵਾਲੇ ਨਹੀਂ ਸਨ, ਜਦ ਕਿ ਉਦਾਸੀ ਸ਼ੁਰੂ ਤੋਂ ਹੀ ਬਾਬੇ ਨਾਨਕ ਦੀ ਸਿੱਖੀ ਤੋਂ ਮੁਨਕਰ,
ਬ੍ਰਾਹਮਣਵਾਦੀ ਵਿਚਾਰ ਦੇ ਸਨ।)
ਅਗਿਆਨਤਾ ਵੱਸ ਨਿਰਮਲੇ, ਉਦਾਸੀਆਂ ਦੇ ਹੱਥਠੋਕੇ ਬਣ ਗਏ ਅਤੇ ਗੁਰਦਵਾਰਿਆਂ ਵਿਚੋਂ ਹੀ ਇਨ੍ਹਾਂ
ਗੁਰਮਤ ਵਿਰੋਧੀ ਕਿਤਾਬਾਂ ਦੀ ਕਥਾ ਕਰ ਕੇ, ਸਿੱਖੀ ਦਾ ਘਾਣ ਕਰਦੇ ਰਹੇ, ਜੋ ਉਦਾਸੀਆਂ ਨੇ ਲਿਖੀਆਂ
ਸਨ। ਇਸ ਤਰ੍ਹਾਂ ਦੋਵਾਂ ਦੀ ਸਾਂਝ ਵਧਦੀ ਗਈ ਅਤੇ ਗੁਰਦਵਾਰਿਆਂ ਵਿਚੋਂ ਸਿੱਖੀ ਅਲੋਪ ਹੁੰਦੀ ਗਈ। ਇਸ
ਦਾ ਹੀ ਸਿੱਟਾ ਸੀ ਪਹਿਲਾਂ ਦਰਬਾਰ ਸਾਹਿਬ ਵਿੱਚ ਬ੍ਰਾਹਮਣੀ ਕਰਮ ਕਾਂਡ ਸ਼ੁਰੂ ਹੋਏ। ਦਰਬਾਰ ਸਾਹਿਬ
ਤੇ ਬ੍ਰਾਹਮਣ ਮੰਦਰਾਂ ਵਾਙ ਸੋਨਾ ਲੱਗਣ ਲੱਗਾ। ਦਰਬਾਰ ਸਾਹਿਬ ਵਿਸ਼ਨੂ ਅਤੇ ਲਕਸ਼ਮੀ ਦਾ ਨਿਵਾਸ
ਅਸਥਾਨ, ਹਰਿ ਮੰਦਰ ਬਣ ਗਿਆ। ਫਿਰ ਦਰਬਾਰ ਸਾਹਿਬ ਵਿੱਚ ਮੂਰਤੀਆਂ ਸਥਾਪਤ ਹੋਈਆਂ। ਦਰਬਾਰ ਸਾਹਿਬ
ਅਤੇ ਅਕਾਲ ਤਖਤ ਵਲੋਂ, ਸਿੱਖੀ ਵਿਰੋਧੀਆਂ ਦਾ ਸਨਮਾਨ ਹੋਣ ਲੱਗਾ, ਅਤੇ ਗੁਰੂ ਦੇ ਸਿੱਖਾਂ ਨੂੰ, ਪੰਥ
ਵਿਚੋਂ ਛੇਕਣ ਦਾ ਅਣਅਧਿਕਾਰਤ ਕੁਕਰਮ ਸ਼ੁਰੂ ਹੋਇਆ। ਏਸੇ ਲੜੀ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ,
ਭਰਮ ਗ੍ਰੰਥ ਦਾ ਪ੍ਰਕਾਸ਼ ਸ਼ੁਰੂ ਹੋਇਆ ਅਤੇ ਹੁਣ ਗੁਰੂ ਗਰੰਥ ਸਾਹਿਬ ਜੀ ਦੀ ਪਰਮਾਣਿਕਤਾ ਤੇ ਸਵਾਲ
ਉਠਣ ਲੱਗੇ ਹਨ।
ਇਹ ਕੰਮ ਐਂਵੇਂ ਸੁਭਾਵਕ ਹੀ ਨਹੀਂ ਹੋ ਗਿਆ ਬਲਕਿ ਬੜੇ ਯੋਜਨਾਬੱਧ ਢੰਗ ਨਾਲ ਹੋਇਆ ਅਤੇ ਕੀਤਾ ਜਾ
ਰਿਹਾ ਹੈ। ਇਸ ਦੀ ਤਿਆਰੀ ਵਜੋਂ ਲਿਖੀਆਂ ਕਿਤਾਬਾਂ ਤੇ ਵੀ ਇੱਕ ਨਜ਼ਰ ਮਾਰ ਲੈਣੀ ਜ਼ਰੂਰੀ ਹੈ,
੧. ਗੁਰਬਿਲਾਸ ਪਾ, ੧੦, ਲਿਖਾਰੀ ਕੁਇਰ ਸਿੰਘ (੧੭੫੧ ਈਸਵੀ)
ਇਸ ਵਿੱਚ ਪਹਿਲੀ ਵਾਰ ਬਚਿਤ੍ਰ ਨਾਟਕ ਅਤੇ ਗੁਰ ਸੋਭਾ ਦਾ ਜ਼ਿਕਰ ਆਇਆ ਹੈ। ੧੬੯੯ ਦੇ ਵਿਸਾਖੀ ਦੇ
ਸਾਕੇ ਬਾਰੇ ਵਿਵਾਦ ਇਸ ਨੇ ਹੀ ਸ਼ੁਰੂ ਕੀਤਾ ਹੈ, ਜਿਵੇਂ, ਖੰਡੇ ਬਾਟੇ ਦੀ ਪਾਹੁਲ ਦੀ ਥਾਂ ਅੰਮ੍ਰਿਤ
ਲਫਜ਼ ਵਰਤਣਾ। ਅਤੇ ਖੰਡੇ ਬਾਟੇ ਦੀ ਪਾਹੁਲ ਤਿਆਰ ਕਰਨ ਦੀ ਵਿੱਧੀ, (ਪਾਹੁਲ ਦੀਆਂ ਬਾਣੀਆਂ) ਆਦਿ ਦਾ
ਰੌਲਾ ਇਸ ਤੋਂ ਹੀ ਸ਼ੁਰੂ ਹੁੰਦਾ ਹੈ।
੨. ਬੰਸਾਵਲੀ ਨਾਮਾ ਲਿਖਾਰੀ ਕੇਸਰ ਸਿੰਘ ਛਿਬਰ (੧੭੫੮ ਈਸਵੀ)
ਦੋ ਗ੍ਰੰਥਾਂ ਦਾ ਵੇਰਵਾ ਪਹਿਲੀ ਵਾਰ ਇਸ ਵਿੱਚ ਆਇਆ ਹੈ। ਆਦਿ ਬੀੜ ਧੀਰ ਮੱਲ ਕੋਲੋਂ ਮੰਗਵਾਉਣ,
ਅਤੇ ਮਨ੍ਹਾ ਕਰਨ ਤੇ ਦਸਵੇਂ ਨਾਨਕ ਵਲੋਂ ਮੂੰਹ ਜ਼ਬਾਨੀ ਪੂਰਾ ਗੁਰੂ ਗ੍ਰੰਥ ਸਾਹਿਬ ਲਿਖਵਾਉਣ ਦੀ ਗੱਲ
ਵੀ ਪਹਿਲੀ ਵਾਰ ਇਸ ਨੇ ਲਿਖੀ ਹੈ। ਇਹ ਵੀ ਲਿਖਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਰ ਉਤਾਰੇ
ਨਹੀਂ ਹੋਏ ਸਨ। ਛਿਬਰ ਇਹ ਵੀ ਲਿਖਦਾ ਹੈ ਕਿ, ਔਰੰਗ ਜ਼ੇਬ ਕਿਸੇ ਛੱਪੜ ਵਿੱਚ ਕੱਛੂ ਬਣ ਕੇ ਵਿਚਰ
ਰਿਹਾ ਸੀ, ਨੌਵੇਂ ਨਾਨਕ ਨੇ ਉਸ ਨੂੰ ਇੱਟਾਂ ਨਾਲ ਮਾਰ ਦਿੱਤਾ। ਹੁਣ ਔਰੰਗਜ਼ੇਬ ਨੇ ਬਾਦਸ਼ਾਹ ਬਣ ਕੇ,
ਨੌਵੇਂ ਨਾਨਕ ਕੋਲੋਂ ਬਦਲਾ ਲਿਆ ਹੈ। (ਯਾਨੀ ਨੌਵੇਂ ਨਾਨਕ ਜੀ ਦੀ ਸ਼ਹਾਦਤ, ਮਨੁੱਖੀ ਅਧਿਕਾਰਾਂ ਦੀ
ਰਾਖੀ ਕਰਦਿਆਂ, ਹਿੰਦੂ ਧਰਮ ਦੀ ਰੱਖਿਆ ਲਈ ਨਹੀਂ, ਬਲਕਿ ਅਪਣੇ ਕੀਤੇ ਕਰਮ ਦੀ ਸਜ਼ਾ ਸੀ।
ਇਸ ਕਿਤਾਬ ਬਾਰੇ ਟਿੱਪਣੀ ਕਰਦਿਆਂ ਪ੍ਰੋ. ਗਰੇਵਾਲ ਨੇ ਲਿਖਿਆ ਹੈ ਕਿ “ਬੰਸਾਵਲੀ ਨਾਮਾ “ਕੱਟੜ
ਬ੍ਰਾਹਮਣਵਾਦੀ ਸੋਚ ਦੀ ਪੈਦਾਵਾਰ ਹੈ। ਬੰਸਾਵਲੀ ਨਾਮੇ ਵਿੱਚ ਜਿਨ੍ਹਾਂ ਦੋ ਗ੍ਰੰਥਾਂ ਦਾ ਜ਼ਿਕਰ
ਛਿੱਬਰ ਨੇ ਕੀਤਾ ਹੈ, ਉਹ ਛਿੱਬਰ ਦੀ ਬ੍ਰਾਹਮਣੀ ਸੋਚ ਦੀ ਮਨ ਘੜੰਤ ਪੈਦਾਵਾਰ ਹੈ।
ਇਸ ਬਾਰੇ ਪ੍ਰੋ. ਪਿਆਰਾ ਸਿੰਘ ਪਦਮ ਨੇ ਟਿੱਪਣੀ ਕੀਤੀ ਹੈ ਕਿ ਛਿੱਬਰ ਨੇ ਇਤਹਾਸਕਾਰੀ ਦੀ ਚਿੱਟੀ
ਚਾਦਰ ਤੇ, ਖਾਮਖਾਹ ਪੁਰਾਣਕ ਗੱਪਾਂ ਦਾ ਕਲੰਕ ਲਾਇਆ ਹੈ।
੩. ਮਹਿਮਾ ਪ੍ਰਕਾਸ਼ ਲਿਖਾਰੀ ਸਰੂਪ ਦਾਸ ਭੱਲਾ (੧੭੭੬ ਈਸਵੀ)
ਇਸ ਵਿੱਚ ਭੱਲਾ ਲਿਖਦਾ ਹੈ ਕਿ ਦਸਵੇਂ ਨਾਨਕ ਜੀ ਨੇ ਪੁਰਾਤਨ ਸੰਸਕ੍ਰਿਤ ਸਾਹਿਤ ਨੂੰ ਆਪ
ਪੰਜਾਬੀ ਵਿੱਚ ਅਨੁਵਾਦ ਕਰ ਕੇ “ਵਿਦਿਆ ਸਾਗਰ ਗ੍ਰੰਥ “ਲਿਖਿਆ, ਬਨਾਰਸ ਤੋਂ ਬੁਲਾਏ ਪੰਡਿਤ, ੪ ਵੇਦ,
੧੮ ਪੁਰਾਣ, ੬ ਸ਼ਾਸਤ੍ਰ, ਸਿਮ੍ਰਿਤੀਆਂ, ਚੌਬੀਸ ਅਵਤਾਰ ਅਤੇ ਚਾਰ ਸੌ ਨਵੇਂ ਤ੍ਰਿਆ ਚ੍ਰਿਤ੍ਰ (ਮਤਲਬ
ਕੁੱਝ ਚ੍ਰਿਤ੍ਰ ਦਸਵੇਂ ਨਾਨਕ ਕੋਲ ਪਹਿਲਾਂ ਵੀ ਸਨ) ਨਾਲ ਲਿਆਏ, ਜਿਨ੍ਹਾਂ ਨੂੰ ਪੰਡਿਤਾਂ ਨੇ
ਪੜ੍ਹਿਆ ਅਤੇ ਦਸਵੇਂ ਨਾਨਕ ਨੇ ਪੰਜਾਬੀ ਵਿੱਚ ਅਨੁਵਾਦ ਕਰ ਕੇ “ਵਿਦਿਆ ਸਾਗਰ ਗ੍ਰੰਥ “ਲਿਖਿਆ।
ਵਿਚਾਰਨ ਵਾਲੀ ਗੱਲ ਹੈ ਕਿ ਲਿਖਾਰੀ ਸੁਭਾਵਕ ਹੀ ਗੁਰੂ ਘਰ ਦੇ ਦਰਬਾਰੀ ਕਵੀਆਂ ਵਿਚੋਂ ਹੀ ਹੋਵੇਗਾ,
ਪਰ ਅਜਿਹੇ ਕਿਸੇ ਗ੍ਰੰਥ ਦਾ ਜ਼ਿਕਰ, ਸੈਨਾਪਤੀ, ਭਾਈ ਨੰਦ ਲਾਲ ਸਿੰਘ ਜੀ, ਭਾਈ ਚੌਪਾ ਸਿੰਘ ਅਤੇ ਭਾਈ
ਮਨੀ ਸਿੰਘ ਦੀ ਕਿਸੇ ਲਿਖਤ ਵਿੱਚ ਨਹੀਂ ਹੈ)
੪. ਸ੍ਰੀ ਗੁਰ ਪਰਤਾਪ ਸੂਰਜ ਗ੍ਰੰਥ ਲਿਖਾਰੀ ਭਾਈ ਸੰਤੋਖ ਸਿੰਘ (੧੮੪੩ ਈਸਵੀ)
ਇਹ ਦਸਵੇਂ ਨਾਨਕ ਦੇ ਦਰਬਾਰ ਵਿੱਚ ੫੨ ਕਵੀ ਹੋਣ ਦਾ ਜ਼ਿਕਰ ਪਹਿਲੀ ਵਾਰ ਕਰਦਾ ਹੈ। ਕਿਸੇ ਵਿਦਿਆ
ਸਾਗਰ ਗ੍ਰੰਥ ਦਾ ਜ਼ਿਕਰ ਵੀ ਕਰਦਾ ਹੈ, ਜਿਸ ਦੀ ਲਿਖਾਈ ਬਰੀਕ ਅੱਖਰਾਂ ਵਿੱਚ ਹੋਣ ਤੇ ਵੀ ਉਸ ਦਾ
ਭਾਰ, ੯ ਮਣ ਸੀ। ਜੋ ਲੜਾਈ ਵੇਲੇ ਸਰਸਾ ਨਦੀ ਵਿੱਚ ਰੁੜ੍ਹ ਗਿਆ, ਪਰ ਕੁੱਝ ਪੱਤਰੇ ਸਿੱਖਾਂ ਦੇ ਹੱਥ
ਆ ਗਏ, ਜਿਨ੍ਹਾਂ ਵਿਚੋਂ ੫੨ ਪੱਤਰੇ ੧੪੨ ਸਾਲ ਮਗਰੋਂ ਸੰਤੋਖ ਸਿੰਘ ਨੂੰ ਮਿਲ ਗਏ (ਕਿਥੋਂ? ਕਿਸ
ਕੋਲੋਂ? ਕਿਵੇਂ? ਇਸ ਦਾ ਜ਼ਿਕਰ ਸੰਤੋਖ ਸਿੰਘ ਨੇ ਕਿਤੇ ਨਹੀਂ ਕੀਤਾ) ਉਨ੍ਹਾਂ ਦੇ ਆਧਾਰ ਤੇ ਹੀ
ਸੰਤੋਖ ਸਿੰਘ ਨੇ ਸੂਰਜ ਪਰਕਾਸ਼ ਦੀ ਰਚਨਾ ਕੀਤੀ। (ਧਿਆਨ ਦੇਣ ਵਾਲੀ ਗੱਲ ਹੈ ਕਿ ਇਸੇ ਭਾਈ ਸੰਤੋਖ
ਸਿੰਘ ਨੂੰ ਇਹ ਗ੍ਰੰਥ ਲਿਖਣ ਬਦਲੇ ਅਕਾਲ ਤਖਤ ਤੋਂ `ਚੂੜਾਮਣੀ ਕਵੀ ‘ਦਾ ਖਿਤਾਬ ਮਿਲਿਆ। ਇਸ ਦੀ ਕਥਾ
ਅੱਜ ਵੀ ਗੁਰੂ ਘਰਾਂ ਵਿੱਚ ਹੁੰਦੀ ਹੈ)
੫. ਪੰਥ ਪ੍ਰਕਾਸ਼ ਲਿਖਾਰੀ ਗਿਆਨੀ ਗਿਆਨ ਸਿੰਘ (੧੮੮੦ ਈਸਵੀ)
ਇਹ ਪਹਿਲੀ ਵਾਰ ਦਸਮ ਗ੍ਰੰਥ ਦਾ ਜ਼ਿਕਰ ਕਰਦਾ ਹੈ। ਇਹ ਵੀ ਲਿਖਦਾ ਹੈ ਕਿ, ਗੁਰੂ ਜੀ ਦਾ ਦਸਮ
ਗ੍ਰੰਥ, ਅਲੱਗ ਅਲੱਗ ਪੋਥੀਆਂ ਵਿੱਚ ਸੀ, ਇਸ ਤਰ੍ਹਾਂ ਗੁਰੂ ਸਾਹਿਬ ਦੀ ਬਾਣੀ ਸਾਂਭੀ ਪਈ ਸੀ। ਇਹ
ਬੀੜ ਸੁੱਖਾ ਸਿੰਘ ਗ੍ਰੰਥੀ ਨੇ ਪਟਨਾ ਵਿਖੇ ਰਚੀ। ਫਿਰ ਉਸ ਦੇ ਪੁਤ੍ਰ ਚੜ੍ਹਤ ਸਿੰਘ ਨੇ ਦਸਵੇਂ ਨਾਨਕ
ਦੀ ਲਿਖਤ ਦੀ ਨਕਲ ਕਰ ਕੇ ਇਹ ਗ੍ਰੰਥ ਤਿਆਰ ਕੀਤਾ। ਜਿਸ ਵਿੱਚ ਪੰਜ ਪੱਤਰੇ ਅਪਣੇ ਵਲੋਂ ਲਿਖ ਕੇ ਜੋੜ
ਦਿੱਤੇ। ਉਸ ਦਾ ਉਤਾਰਾ ਕਰ ਕੇ ਇੱਕ ਹੋਰ ਗ੍ਰੰਥ ਤਿਆਰ ਕਰ ਕੇ ਬਾਬਾ ਹਾਕਮ ਸਿੰਘ ਨੂੰ ਦਿੱਤਾ, ਜੋ
ਮੋਤੀ ਬਾਗ ਵਾਲੇ ਗੁਰਦਵਾਰੇ ਵਿੱਚ ਪਿਆ ਹੈ।
ਚੜ੍ਹਤ ਸਿੰਘ ਦੀ ਲਿਖਾਈ ਦਸਵੇਂ ਨਾਨਕ ਨਾਲ ਮਿਲਦੀ ਸੀ, ਉਸ ਨੇ ਕਈ ਹੋਰ ਗ੍ਰੰਥ ਵੀ ਬਣਾਏ। ਦਸਵੇਂ
ਨਾਨਕ ਜੀ ਦੇ ਦਸਖਤਾਂ ਦੀ ਨਕਲ ਕਰ ਕੇ ਪਟਨੇ ਦੇ ਸਾਧਾਂ ਨੇ ਬਹੁਤ ਕਮਾਈ ਕੀਤੀ। ਜੋ ਗ੍ਰੰਥ ਮੋਤੀ
ਬਾਗ, ਪਟਨਾ ਅਤੇ ਦਿੱਲੀ ਵਿਖੇ ਪਏ ਹਨ, ਉਹ ਪਟਨੇ ਦੇ ਸਾਧਾਂ ਵਲੋਂ, ਕਮਾਈ ਕਰਨ ਲਈ ਲਿਖੇ ਗਏ ਹਨ।
ਚੜ੍ਹਤ ਸਿੰਘ ਦਸਵੇਂ ਨਾਨਕ ਦੇ ਨਾਮ ਹੇਠ, ਨਕਲੀ ਬਾਣੀ ਦੇ ਉਤਾਰੇ ਕਰ ਕੇ ਸਿੱਖਾਂ ਕੋਲ ਵੇਚਦਾ ਸੀ।
ਭਿੰਨ ਭਿੰਨ ਲਿਖਤਾਂ ਦੇ ਜੋੜ ਨਾਲ ਵੱਡ ਆਕਾਰੀ ਗ੍ਰੰਥ “ਨਾਨਕ ਪੰਥੀ ਕਾਵਿ “ਬਣ ਗਿਆ, ਜੋ ਹਿੰਦਵੀ
ਅਤੇ ਸੰਸਕ੍ਰਿਤ ਵਿੱਚ ਸੀ।
ਨਿਰਮਲਿਆਂ ਨੇ ਇਸ ਨੂੰ ਗੁਰਮੁਖੀ ਲਿਪੀ ਵਿੱਚ ਲਿਪੀ ਬੱਧ ਕਰ ਕੇ ਉਸ ਦਾ ਨਾਮ “ਗੁਰਮੁਖੀ ਗ੍ਰੰਥ
ਦਸਵਾਂ ਪਾਤਸ਼ਾਹ “ਰੱਖਿਆ, ਇਹੀ ਬ੍ਰਿਟਿਸ਼ ਲਾਇਬਰੇਰੀ ਕਲਕੱਤਾ ਵਿੱਚ ਰੱਖਿਆ ਹੋਇਆ ਹੈ। ਜਿਸ ਨੂੰ
ਜੋਹਨ ਮੈਲਕਮ ਨੇ ਅਪਣੀ ਪੁਸਤਕ “Sketch of the Sikhs
(1810-12 ) ਲਿਖਣ ਲਈ ਵਰਤਿਆ ਹੈ। ਇਸ ਦਾ ਨਾਮ
“ਦਸਮ ਪਾਤਸ਼ਾਹ ਦਾ ਗ੍ਰੰਥ “ਵਰਤਿਆ ਗਿਆ ਹੈ। ੧੮੧੨ ਵਿੱਚ ਇਹ ਲਾਇਬਰੇਰੀ, ਬ੍ਰਿਟਿਸ਼ ਲਾਇਬਰੇਰੀ ਲੰਦਨ
ਨੂੰ ਸੌਂਪ ਦਿੱਤੀ ਗਈ। ਜਿਸ ਵਿੱਚ ਇਹ ਗ੍ਰੰਥ, ਕੈਟਲਾਗ ਦੇ
MSS / D5 punjabi ( H.T. cole Brook )
ਨਾਮ ਹੇਠ ਦਰਜ ਹੈ।
ਨਿਸਚਿਤ ਹੀ ਇਹ ਲਿਖਤ ਕੁੱਝ ਸਤਰਾਂ ਨੂੰ ਛੱਡ ਕੇ ਕਥਿਤ ਦਸਮ ਗ੍ਰੰਥ ਨਾਲ ਬਿਲਕੁਲ ਮਿਲਦੀ ਹੈ।
(ਅਖੌਤੀ ਭਰਮ ਗ੍ਰੰਥ ਅਤੇ ਇਸ ਕਿਤਾਬ ਵਿਚਲੇ ਫਰਕ ਵੀ, ਜੇ ਪਾਠਕ ਚਾਹੁਣ ਤਾਂ ਉਨ੍ਹਾਂ ਨੂੰ ਭੇਜੇ ਜਾ
ਸਕਦੇ ਹਨ, ਜਾਂ ਵੈਬ ਸਾਈਟ ਤੇ ਪਾਏ ਜਾ ਸਕਦੇ ਹਨ। ਕੁੱਝ ਹੋਰ ਗ੍ਰੰਥ ਵੀ ਪੰਥ ਦੇ ਵੇਹੜੇ ਵਿੱਚ ਹੋਰ
ਗੰਦ ਪਾਉਣ ਲਈ ਅਪਣੀ ਵਾਰੀ ਦੀ ਉਡੀਕ ਵਿੱਚ ਹਨ।)
ਫਿਲਹਾਲ ਵਿਚਾਰਨ ਵਾਲੀ ਗੱਲ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ
ਜਿਸ ਸਰੂਪ ਨੂੰ ਦਸਵੇਂ ਨਾਨਕ ਨੇ ੧੭੦੮ ਵਿੱਚ ਗੁਰਿਆਈ ਸੌਂਪੀ ਸੀ, ਉਸ ਵਿੱਚ ਰਾਗ ਮਾਲਾ ਤੋਂ ਇਲਾਵਾ
ਹੋਰ ਕੋਈ ਮਿਲਾਵਟ ਨਹੀਂ ਹੈ। ਉਤਾਰਿਆਂ ਵੇਲੇ ਉਸ ਵਿੱਚ ਅਗਿਆਨਤਾ ਵੱਸ ਕੁੱਝ ਲਗਾਂ ਮਾਤ੍ਰਾ ਦਾ
ਵਾਧਾ ਘਾਟਾ ਜ਼ਰੂਰ ਹੋ ਗਿਆ ਹੋਇਆ ਹੈ। ਜਿਸ ਨੂੰ ਪੰਥਿਕ ਵਿਦਵਾਨਾਂ ਵਲੋਂ ਸਮਝ ਕੇ, ਕਿਸੇ ਵੇਲੇ ਵੀ
ਹੋਈ ਭੁੱਲ ਸੁਧਾਰੀ ਜਾ ਸਕਦੀ ਹੈ। ਪਰ ਅਲੱਗ ਅਲੱਗ ਬਹਾਨੇ ਬਣਾ ਕੇ ਗੁਰੂ ਗ੍ਰੰਥ ਸਾਹਿਬ ਜੀ ਤੇ
ਕਿੰਤੂ-ਪ੍ਰੰਤੂ ਕਰਨਾ ਪੰਥਿਕ ਹਿੱਤ ਵਿੱਚ ਨਹੀਂ ਹੈ। ਇਹ ਗੱਲ ਪੰਥਿਕ ਅਖਵਾਉਣ ਵਾਲੇ ਵਿਦਵਾਨਾਂ ਨੂੰ
ਅਪਣੇ ਦਿਮਾਗ ਵਿੱਚ ਬਿਠਾ ਲੈਣੀ ਚਾਹੀਦੀ ਹੈ। ਜੇ ਕੋਈ ਅਗਿਆਨਤਾ ਵੱਸ ਕੁੱਝ ਗਲਤ ਕਰ ਦਿੰਦਾ ਹੈ ਤਾਂ
ਮੁਆਫੀ ਮੰਗਣ ਤੇ ਉਸ ਨੂੰ ਮੁਆਫ ਕਰ ਦੇਣਾ ਚਾਹੀਦਾ ਹੈ। ਜੇ ਕੋਈ ਚਲਾਕੀ ਵੱਸ ਅਜਿਹਾ ਕੁੱਝ ਕਰਦਾ ਹੈ
ਤਾਂ ਉਸ ਨੂੰ ਪੰਥਿਕ ਨਹੀਂ ਸਮਝਿਆ ਜਾ ਸਕਦਾ ਭਾਵੇਂ ਉਹ ਅਪਣੇ ਆਪ ਨੂੰ ਕਿੰਨਾ ਵੱਡਾ ਸਮਝਦਾ ਹੋਵੇ।
ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਸਾਰੀਆਂ ਰਚਨਾਵਾਂ ਨੂੰ ਤਿਆਗ ਕੇ, ਵਿਵਾਦ ਦੂਰ ਕਰ ਕੇ, ਗੁਰੂ
ਗ੍ਰੰਥ ਸਾਹਿਬ ਜੀ ਦੀ ਸਿਖਿਆ ਨਾਲ ਜੁੜਨ, ਪੁਜਾਰੀ ਲਾਣੇ ਤੋਂ ਬਚਣ ਦੀ ਲੋੜ ਹੈ।
ਅਮਰ ਜੀਤ ਸਿੰਘ ਚੰਦੀ
ਫੋਨ: ੯੧ ੯੭੫੬੨ ੬੪੬੨੧