.

ਵਿਗਾੜੇ ਗਏ ਕੈਲੰਡਰ ਦੀਆਂ ਵਿਸ਼ੇਸ਼ਤਾਈਆਂ
ਸਰਵਜੀਤ ਸਿੰਘ

ਸਿੱਖ ਕੌਮ ਦੀ ਵੱਖਰੀ ਅਤੇ ਨਿਆਰੀ ਹੋਂਦ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਸਬੰਧੀ ਪਿਛਲੇ 7 ਸਾਲਾਂ ਤੋ ਵਿਸ਼ ਘੋਲ ਰਹੇ ਬਾਬਿਆਂ ਨੇ ਅਚਾਨਕ ਅਤੇ ਬੁਹਤ ਹੀ ਜਬਰਦਸਤ ਡੰਗ 17 ਅਕਤੂਬਰ 2009 ਨੂੰ ਮਾਰਿਆ ਸੀ ਜੋ ਗਿਆਨੀ ਬਲਵੰਤ ਸਿੰਘ ਜੀ ਦ੍ਰਿੜ੍ਹਤਾਂ ਕਾਰਨ ਕਾਰਗਰ ਨਹੀ ਸੀ ਹੋ ਸਕਿਆ। ਬਾਬਿਆਂ ਨੇ ਹੌਸਲਾ ਨਹੀ ਛੱਡਿਆ ਕਿਉਂਕਿ ਉਨਾਂ ਨੂੰ ਰਾਜਨੀਤਕਾਂ ਦੀ ਕਮਜੋਰੀ ਦਾ ਗਿਆਨ ਸੀ। ਆਪਣੀਆਂ ਵੋਟਾਂ ਦੇ ਆਸਰੇ, ਅਖੀਰ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਇਹ ਮਨਾਉਣ ਵਿਚ ਸਫਲ ਹੋ ਗਏ ਕਿ ਇਨ੍ਹਾਂ ਦੋਵਾਂ ਸੰਸਥਾਵਾਂ ਨੇ ਜੋ ਫੇਸਲਾ 2003 ਵਿਚ ਕੀਤਾ ਸੀ ਉਹ ਗਲਤ ਸੀ। ਆਪਣੇ ਰਿਜਕ ਦਾਂਤਿਆਂ ਦੇ ਕਹਿਣ ਤੇ ਇਨ੍ਹਾਂ ਦੋਵਾਂ ਸੰਸਥਾਵਾਂ ਨੇ ਆਪਣੇ ਹੀ 2003 ਦੇ ਫੈਸਲੇ ਨੂੰ ਰੱਦ ਕਰਨਾਂ ਪ੍ਰਵਾਨ ਕਰ ਲਿਆ। ਆਖਰੀ ਸਮੇ ਵੀ ਸ਼੍ਰੋਮਣੀ ਕਮੇਟੀ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ, ਕਾਰਜਕਾਨੀ ਦੇ ਮੈਬਰ ਕਰਨੈਲ ਸਿੰਘ ਪਜੋਲੀ ਅਤੇ ਬੀਬੀ ਰਵਿੰਦਰ ਕੌਰ ਨੇ ਆਪਣੀ ਜਮੀਰ ਦੀ ਅਵਾਜ ਸੁਣ ਕੇ ਬੁਹਤ ਹੀ ਸਖਤ ਸਟੈਂਡ ਲਿਆ ਪਰ ਜਦੋ ਹੁਕਮ ਹੀ ਉਪਰੋ ਆਏ ਹੋਣ, ਉਥੇ ਜਾਗਦੀ ਜਮੀਰ ਵਾਲਿਆਂ ਦਾ ਵਿਰੋਧ ਕੌਣ ਸੁਣਦਾ ਹੈ। ਅਖੀਰ 14 ਮਾਰਚ 2010 (1 ਚੇਤ) ਨੂੰ ਨਾਨਕਸ਼ਾਹੀ ਦਾ ਵਿਗਾੜਿਆ ਹੋਇਆ ਰੂਪ ਜਾਰੀ ਕਰ ਦਿੱਤਾ ਗਿਆ ਹੈ। ਜਿਸ ਦੀਆਂ ਖਾਸ ਵਿਸ਼ੇਸ਼ਤਾਈਆਂ ਹੇਠ ਲਿਖੇ ਅਨੁਸਾਰ ਹਨ।
ਇਕ ਦਿਨ ਇਕ ਤੋਂ ਵੱਧ ਗੁਰਪੁਰਬ:
ਵੈਸਾਖ 3, ਦਿਨ ਸ਼ੁੱਕਰਵਾਰ 16 ਅਪ੍ਰੈਲ ।
(1) ਜੋਤੀ ਜੋਤ ਸ੍ਰੀ ਗੁਰੂ ਅੰਗਦ ਦੇਵ ਜੀ।
(2) ਗੁਰਗੱਦੀ ਸ੍ਰੀ ਗੁਰੂ ਅਮਰ ਦਾਸ ਜੀ
(3) ਜੋਤੀ-ਜੋਤ ਸ੍ਰੀ ਹਰਕ੍ਰਿਸ਼ਨ ਜੀ
(4)ਗੁਰਗੱਦੀ ਸ੍ਰੀ ਗੁਰੂ ਤੇਗ ਬਹਾਦਰ ਜੀ
ਅੱਸੂ 1 ਦਿਨ ਵੀਰਵਾਰ 16 ਸਤੰਬਰ।
(1) ਜੋਤੀ-ਜੋਤ ਸ੍ਰੀ ਗੁਰੂ ਅਮਰਦਾਸ ਜੀ।
(2) ਗੁਰਗੱਦੀ ਸ੍ਰੀ ਗੁਰੂ ਰਾਮਦਾਸ ਜੀ।
(3) ਜੋਤੀ-ਜੋਤ ਸ੍ਰੀ ਗੁਰੂ ਰਾਮਦਾਸ ਜੀ।
(4) ਗੁਰਗੱਦੀ ਸ੍ਰੀ ਗੁਰੂ ਅਰਜਨ ਦੇਵ ਜੀ।

ਖਾਲਸਾ ਜੀ ਸੋਚੋ! ਜਿਹੜੇ ਵਿਦਵਾਨਾਂ ਅਤੇ ਸੰਸਥਵਾਂ ਨੇ 2003 ਤੋ ਹੀ ਟਿੰਡ ਵਿਚ ਕਾਨਾ ਪਾਇਆ ਹੋਇਆ ਸੀ ਕਿ ਇਕ ਦਿਨ ਵਿਚ ਹੀ ਦੋ-ਦੋ, ਤਿੰਨ–ਤਿੰਨ ਗੁਰਪੁਰਬ ਇਕਠੇ ਹੀ ਆਉਂਦੇ ਹਨ, ਹੁਣ ੳਨ੍ਹਾਂ ਨੇ ਇਹ ਸੋਧ ਕਿਓ ਨਹੀ ਕੀਤੀ? ਹੁਣ ਇਹ ਬਾਬੇ ਇਕੋ ਸਮੇਂ ਹੀ ਪ੍ਰਕਾਸ਼, ਗੁਰਗੱਦੀ ਅਤੇ ਜੋਤੀ-ਜੋਤ ਦਿਹਾੜਾਂ ਕਿਵੇਂ ਮਨਾਉਣਗੇ? ਜੇ ਇਨ੍ਹਾ ਨੂੰ ਹੁਣ ਇਕ ਦਿਨ ਵਿਚ ਹੀ ਚਾਰ-ਚਾਰ ਗੁਰਪੁਰਬ ਮਨਾਉਣ ਤੇ ਕੋਈ ਇਕੱਤ ਨਹੀ ਹੈ ਤਾਂ ਨਾਨਕਸ਼ਾਹੀ ਕੈਲੰਡਰ ਮੁਤਾਬਕ ਇਨ੍ਹਾਂ ਨੂੰ ਤਕਲੀਫ ਕਿਓ ਹੁੰਦੀ ਸੀ ? ਜਦੋਂ ਇਹ ਸਵਾਲ ‘ਰੇਡੀਓ ਹਮਸਫਰ’ ਤੇ ਗਿਆਨੀ ਇਕਬਾਲ ਸਿੰਘ ਜੀ ਨੂੰ ਪੁਛਿਆ ਗਿਆ ਤਾਂ ਉਨ੍ਹਾਂ ਦਾ ਉੱਤਰ ਸੀ, “ਇਹ ਦਿਨ ਅਸੀ ਪਾਲ ਸਿੰਘ ਪੁਰੇਵਾਲ ਵਾਲੇ ਹੀ ਰੱਖ ਲਏ ਹਨ”। ਮੋੜਵੇਂ ਸਵਾਲ, ਕਿ ਇਸ ਦਾ ਭਾਵ ਤਾਂ ਇਹ ਹੈ ਕਿ ਤੁਸੀ ਮੰਨਦੇ ਹੋ ਕਿ ਪਾਲ ਸਿੰਘ ਵਲੋਂ ਬਣਾਇਆ ਗਿਆ ਕੈਲੰਡਰ ਠੀਕ ਹੈ। ਤਾਂ ਉਹ ਕੋਈ ਸਪੱਸ਼ਟ ਜਵਾਬ ਨਾ ਦੇ ਸਕੇ। ਸਰੋਤਿਆ ਦੇ ਤਿੱਖੇ ਸਵਾਲਾ ਤੋ ਖਹਿੜਾਂ ਛੁਡਾਉਂਦਿਆਂ ਭਾਈ ਇਕਬਾਲ ਸਿੰਘ ਜੀ ਨੇ ਕਿਹਾ ਕਿ ਭਵਿੱਖ ਵਿਚ ਹੋਰ ਵੀ ਸੋਧਾਂ ਹੋ ਸਕਦੀਆਂ ਹਨ।
ਸੋ ਸਪੱਸ਼ਟ ਹੈ ਕਿ ਇਨ੍ਹਾਂ ਦੀ ਸਮੱਸਿਆ ਤਾਂ ਸਿਰਫ ਅਤੇ ਸਿਰਫ ਸਿੱਖਾਂ ਕੌਮ ਦੀ ਨਿਆਰੀ ਹੋਂਦ ਦੇ ਵਾਧੇ ਦਾ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਹੀ ਸੀ ਜਿਸ ਦੀ ਰੂਹ ਦਾ ਕਤਲ ਇਨ੍ਹਾ ਨੇ ਬੁਹਤ ਹੀ ਬੇਕਿਰਕੀ ਦੇ ਨਾਲ ਕਰ ਦਿੱਤਾ ਹੈ। ਉਪ੍ਰੋਕਤ ਦਰਜ ਕੀਤੇ ਗਏ ਚਾਰ ਪੁਰਬ ਜੋ ਇਕੋ ਦਿਨ ਹੀ ਮਨਾਏ ਜਾਣਗੇ, ਉਸ ਦਿਨ ਵਿਗਾੜੇ ਗਏ ਕੈਲੰਡਰ ਮੁਤਾਬਕ 3 ਵੈਸਾਖ 16 ਅਪ੍ਰੈਲ ਦਿਨ ਸ਼ੁਕਰਵਾਰ, ਵੈਸਾਖ ਵਦੀ 2 ਹੋਵੇਗੀ।
ਸ਼੍ਰੋਮਣੀ ਕਮੇਟੀ ਦੀ ਵੈਬ ਸਾਈਟ ਮੁਤਾਬਕ :
(1) ਜੋਤੀ ਜੋਤ ਸ੍ਰੀ ਗੁਰੂ ਅੰਗਦ ਦੇਵ ਜੀ ਅਤੇ ਗੁਰਗੱਦੀ ਅਮਰ ਦਾਸ ਜੀ, 29 ਮਾਰਚ 1552,
29 ਮਾਰਚ 1552 ਨੂੰ 3 ਵੈਸਾਖ , ਚੇਤ ਸੁਦੀ 4, ਮੰਗਲਵਾਰ ਸੰਮਤ 1609 ਬਿਕ੍ਰਮੀ ਸੀ।
4) ਜੋਤੀ-ਜੋਤ ਸ੍ਰੀ ਹਰਕ੍ਰਿਸ਼ਨ ਜੀ, 30 ਮਾਰਚ 1664, 3 ਵੈਸਾਖ, ਚੇਤ ਸੁਦੀ 14 ਸੰਮਤ 1721 ਬਿਕ੍ਰਮੀ
ਭਾਵ ਹੁਣ ਵੀ ਇਹ ਦਿਹਾੜੇ ਬਿਕ੍ਰਮੀ ਕੈਲੰਡਰ ਮੁਤਾਬਕ 3 ਵੈਸਾਖ ਨੂੰ ਹੀ ਮਨਾਏ ਜਾਣਗੇ। ਹੁਣ ਸਵਾਲ ਪੈਂਦਾ ਹੁੰਦਾ ਹੈ ਕਿ ਕੈਲੰਡਰ ਦੇ ਦੋ ਮਹਾਨ ਸੋਧਕਾਂ, ਭਾਈ ਹਰਨਾਮ ਸਿੰਘ ਧੁੰਮਾ ਅਤੇ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਇਹ ਦਿਹਾੜੇ ਵਦੀਆਂ–ਸੁਦੀਆਂ ਮੁਤਾਬਕ ਕਿਉ ਨਹੀ ਰੱਖੇ? ਇਹ ਕੀ ਤਰੀਕਾ ਹੋਇਆ ਕਿ ਆਪਣੀ ਮਰਜੀ ਨਾਲ ਹੀ ਕੋਈ ਦਿਹਾੜਾ ਸੁਰਜੀ ਬਿਕ੍ਰਮੀ ਮੁਤਾਬਕ ਅਤੇ ਕੋਈ ਦਿਹਾੜਾ ਤਿੱਥੀਆਂ ਬਿਕ੍ਰਮੀ ਮੁਤਾਬਕ ਰੱਖ ਲਿਆ ਗਿਆ ਹੈ।
ਧੁਮੱਕੜਸ਼ਾਹੀ ਕੈਲੰਡਰ ਵਿਚ ਹੁਣ ਮਹੀਨੇ ਦੀ ਪਹਿਲੀ ਤਰੀਖ ਉਸੇ ਦਿਨ ਹੋਇਆ ਕਰੇਗੀ ਜਦੋ ਸੂਰਜ ਇਕ ਰਾਸ਼ੀ ਨੂੰ ਛੱਡ ਕਿ ਦੂਜੀ ਰਾਸ਼ੀ ਵਿਚ ਪ੍ਰਵੇਸ਼ ਕਰੇਗਾ। ਸੂਰਜ ਇਕ ਰਾਸ਼ੀ ‘ਚ ਦੂਜੀ ਰਾਸ਼ੀ ਵਿਚ ਕਦੋ ਪ੍ਰਵੇਸ਼ ਕਰੇਗਾ ਜਾਂ ਗੋਲਕ ਦਾ ਢਿੱਡ ਭਰਨ ਲਈ ਸੰਗ੍ਰਾਦ ਕਿਸ ਦਿਨ ਮਨਾਈ ਜਾਵੇਗੀ, ਗੁਰਦੁਆਰਾ ਕਮੇਟੀਆਂ ਨੂੰ ਇਹ ਸਵਾਲ ਕੁਰਾਲ਼ੀ ਦੇ ਪੰਡਤਾਂ ਤੋਂ ਪੁਛਣਾ ਪਿਆ ਕਰੇਗਾ। ਸਾਧ ਬਾਬਿਆ ਵਲੋ ਨਾਨਕਸ਼ਾਹੀ ਕੈਲੰਡਰ ਦੇ ਵਿਰੋਧ ਕਰਨ ਦਾ ਕਾਰਨ ਹੁਣ ਵਿਗਾੜੈ ਗਏ ਕੈਲੰਡਰ ਤੋ ਸ਼ਪੱਸਟ ਹੋ ਗਿਆ ਹੈ। ਇਸ ਵਿਰੋਧ ਦਾ ਕਾਰਨ ਸਿਰਫ ਇਹ ਸੀ ਕਿ ਉਸ ਵਿਚ ਹੇਠ ਲਿਖੇ ਦਿਨ-ਤਿਉਹਾਰ ਸ਼ਾਮਲ ਨਹੀ ਸਨ।
ਖਾਲਸਾ ਜੀ, ਕਰੋ ਦਰਸ਼ਨ ! ਜੋ ਨਾਨਕਸ਼ਾਹੀ ਦੇ ਨਾਮ ਹੇਠ ਸਿੱਖ ਸੰਗਤ ਨੂੰ ਪਰੋਸਿਆ ਗਿਆ ਹੈ।
(1) 24 ਮਾਰਚ ਸ਼੍ਰੀ ਰਾਮ ਨੌਮੀ। (2) 28 ਮਾਰਚ ਮਹਾਂਵੀ ਜਯੰਤੀ ,
(3) 16 ਮਈ ਪਰਸ਼ੂਰਾਮ ਜਯੰਤੀ। (4) 20ਸਤੰਬਰ ਸ਼੍ਰੀ ਕਿਸ਼ਨ ਜਨਮ-ਅਸ਼ਟਮੀ ,
(5) 11 ਸਤੰਬਰ ਈਦ-ਉਲ-ਫਿਤਰ। (6) 16 ਸਤੰਬਰ ਜਨਮ ਬਾਬਾ ਸ਼੍ਰੀ ਚੰਦ ਜੀ,
(7) 2 ਅਕਤੂਬਰ ਜਨਮ ਮਹਾਤਮਾ ਗਾਂਧੀ। (8) 8 ਅਕਤੂਬਰ ਅਗਰਸੈਨ ਜਯੰਤੀ,
(9) 22 ਅਕਤੂਬਰ ਜਨਮ ਰਿਸਿ ਬਾਲਮੀਕ ਜੀ। (10) 6 ਨਵੰਬਰ ਵਿਸ਼ਵਕਰਮਾ ਦਿਵਸ।
(11) 17 ਨਵੰਬਰ ਈਦ-ਉਲ-ਜ਼ਹਾ। (12) 25 ਦਸੰਬਰ ਕ੍ਰਿਸਮਿਸ-ਡੇ।
(13) 16 ਫਰਵਰੀ ਈਦ-ਏ-ਮਿਲਾਦ। (14) 2 ਮਾਰਚ ਸ਼੍ਰੀ ਮਹਾਂ ਸ਼ਿਵਰਾਤਰੀ
ਕੀ ਹੁਣ ਆਪਣੇ ਆਪ ਨੂੰ ਸਿੱਖਾਂ ਦੀ ਸ਼੍ਰੋਮਣੀ ਅਖਵਾਉਣ ਵਾਲੀ ਕਮੇਟੀ ਉਪ੍ਰੋਕਤ ਦਿਨ-ਤਿਉਹਾਰ ਵੀ ਮਨਾਇਆ ਕਰੇਗੀ? ਜੇ ਨਹੀ ਤਾਂ ਸਵਾਲ ਪੈਂਦਾ ਹੁੰਦਾ ਹੈ ਕਿ ਸਿੱਖਾਂ ਦੇ ਧਾਰਮਿਕ ਕੈਲੰਡਰ ਵਿਚ ਇਨ੍ਹਾਂ ਦਾ ਵੇਰਵਾ ਦਰਜ ਕਰਨ ਦੀ ਲੋੜ ਕਿਓ ਪਈ? ਇਹ ਸਿੱਖਾਂ ਦਾ ਧਾਰਮਿਕ ਕੈਲੰਡਰ ਹੈ ਨਾਕਿ ਪੰਜਾਬ ਸਰਕਾਰ ਦਾ ਕੈਲੰਡਰ। ਇਹ ਸਾਰੇ ਦਿਹਾੜੇ ਤਾਂ ਸ਼ਾਇਦ ਪੰਜਾਬ ਦੇ ਸਰਕਾਰੀ ਕੈਲੰਡਰ ਵਿਚ ਵੀ ਦਰਜ ਨਾਂ ਹੋਣ। ਜਦੋਂ ਇਹ ਸਵਾਲ ਭਾਈ ਇਕਬਾਲ ਸਿੰਘ ਜੀ ਨੂੰ ਪੁਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਚੋਂ ਇਹ ਅਨਮਤੀ ਤਿਉਹਾਰ ਕੱਢ ਦੇਣੇ ਚਾਹੀਦੇ ਹਨ। ਗਿਆਨੀ ਜੀ ਨੇ ਸਰੋਤਿਆਂ ਨਾਲ ਇਹ ਵਾਇਦਾ ਵੀ ਕੀਤਾ ਕਿ 24 ਮਾਰਚ ਨੂੰ ਹੋ ਰਹੀ ਜਥੇਦਾਰਾਂ ਦੀ ਮੀਟਿੰਗ ਵਿੱਚ ਇਸ ਬਾਰੇ ਵਿਚਾਰ ਕੀਤਾ ਜਾਵੇਗਾ ।
ਨਾਨਕਸ਼ਾਹੀ ਕੈਲੰਡਰ ਵਿਚ, ਕਿਉਂਕਿ ਸੰਗ੍ਰਾਦ ਦੀ ਤਰੀਖ ਵੀ ਪੱਕੀ ਕਰ ਦਿੱਤੀ ਗਈ ਸੀ ਇਸ ਕਰਕੇ ਹੀ ਸਾਰੇ ਦਿਹਾੜੇ ਹਰ ਸਾਲ ਇਕ ਪੱਕੀ ਤਰੀਖ ਨੂੰ ਹੀ ਆਉਂਦੇ ਹਨ। ਵਿਗਾੜੇ ਗਏ ਕੈਲੰਡਰ ਵਿਚ ਜੇਠ, ਅੱਸੂ, ਕੱਤਕ, ਮੱਘਰ ਪੋਹ ਅਤੇ ਮਾਘ ਦੀ ਸੰਗ੍ਰਾਦ ਹੁਣ ਬਿਕ੍ਰਮੀ ਕੈਲੰਡਰ ਮੁਤਾਬਕ ਆਵੇਗੀ। ਹੁਣ ਕੋਈ ਵੀ ਪੁਰਬ ਅੱਗਲੇ ਸਾਲ ਉਸ ਤਰੀਖ ਹੀ ਨਹੀ ਆਵੇਗਾਂ ਭਾਂਵੇ ਕਿ ਸਿਰਫ ਚਾਰ ਗੁਰਪੁਰਬਾਂ ਦੀਆਂ ਤਰੀਖਾਂ ਹੀ ਪੁਰਾਤਨ ਮਰਯਾਦਾ ਅਨੂਸਾਰ ਬਦਲੀਆਂ ਗਈਆਂ ਹਨ। ਸ਼ਹੀਦੀ ਦਿਹਾੜਾਂ ਗੁਰੂ ਅਰਜਨ ਦੇਵ ਜੀ ਜੇਠ ਸੁਦੀ 4, ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੋਹ ਸੁਦੀ 7, ਗੁਰਗੱਦੀ ਗੁਰੂ ਗ੍ਰੰਥ ਸਾਹਿਬ ਜੀ ਕੱਤਕ ਸੁਦੀ 2 ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਜੋਤੀ ਜੋਤ ਦਿਹਾੜਾਂ ਕੱਤਕ ਸੁਦੀ 5 ਨੂੰ ਮਨਾਇਆ ਜਾਵੇਗਾ।
ਗਿਆਨੀ ਇਕਬਾਲ ਸਿੰਘ ਜੀ ਇਕ ਸਵਾਲ ਦੇ ਜਵਾਬ ਵਿਚ ਕਿਹਾ ਸੀ ਕਿ ਅਸੀ ਸਦੀਆਂ ਤੋਂ ਇਹ ਦਹਾੜੇ ਵਦੀਆਂ-ਸੁਦੀਆ ਮੁਤਾਬਕ ਮਨਾਉਦੇ ਆ ਰਹੇ ਹਾਂ। ਕਿਸੇ ਨੂੰ ਕੋਈ ਹੱਕ ਨਹੀ ਕਿ ਉਹ ਆਪਣੀ ਮਰਜੀ ਮੁਤਾਬਕ ਤਰੀਕਾਂ ਬਦਲ ਦੇਵੇ। ਪਾਠਕਾਂ ਦੀ ਜਾਣਕਾਰੀ ਲਈ ਬੇਨਤੀ ਹੈ ਕਿ ਗੁਰੂ ਸਹਿਬ ਵੇਲੇ ਸੂਰਜ ਸਿਧਾਂਤ ਕੈਲੰਡਰ ਲਾਗੂ ਸੀ। ਸੰਮਤ 2021 ਵਿਚ ਕੱਤਕ ਦੀ ਪੁੰਨਿਆ ਤੇ ਅੰਮ੍ਰਿਤਸਰ ਵਿਖੇ ਇਕ ਸੰਮੇਲਨ ਵਿਚ ਵਿਚਾਰ ਚਰਚਾ ‘ਚ ਦਰਿਗ ਗਿਣਤ ਸਿਧਾਂਤ ਵਾਲੇ ਸੂਰਜ ਸਿਧਾਂਤ ਵਾਲਿਆ ਤੇ ਹਾਵੀ ਰਹੇ ਸਨ। ਉਤਰੀ ਭਾਰਤ ਵਿਚ ਉਦੋਂ ਤੋਂ ਹੀ ਸੂਰਜ ਸਿਧਾਂਤ ਦੀ ਬਜਾਏ ਦਰਿਗ ਗਣਿਤ ਸਿਧਾਂਤ ਅਨੂੰਸਾਰ ਕੈਲੰਡਰ ਬਣਦੇ ਹਨ। ਇਥੇ ਹੋਰ ਸਵਾਲ ਪੈਦਾ ਹੁੰਦਾ ਹੈ ਕਿ ਜੇ ਪੂਰਾਤਨ ਰਵਾਇਤ ਹੀ ਰੱਖਣੀ ਹੈ ਤਾਂ ਸੂਰਜ ਸਿਧਾਂਤ ਮੁਤਾਬਕ ਹੀ ਕੈਲੰਣਰ ਬਨਣਾ ਚਾਹੀਦਾ ਹੈ। ਜੇ ਸੂਰਜ ਸਿਧਾਂਤ ਨੂੰ ਛੱਡ ਕਿ ਦਰਿਗ ਗਣਿਤ ਅਪਨਾਇਆ ਜਾਂ ਸਕਦਾ ਹੈ ਤਾਂ ਦਰਿਗ ਗਣਿਤ ਦੀ ਥਾਂ ਸੀ ਈ ਕੈਲੰਡਰ ਕਿਉ ਨਹੀ? ਹੁਣ ਜੋ ਵਿਗਾੜਿਆ ਹੋਇਆ ਕੈਲੰਡਰ ਸ਼੍ਰੋਮਣੀ ਕਮੇਟੀ ਵਲੋਂ 1 ਚੇਤ (14 ਮਾਰਚ) ਨੂੰ ਜਾਰੀ ਕੀਤਾ ਗਿਆ ਹੈ ਇਹ ਬਿਕ੍ਰਮੀ, ਤਿੱਥਿਆਂ ਬਿਕ੍ਰਮੀ, ਨਾਨਕਸ਼ਾਹੀ ਅਤੇ ਸੀ ਈ ਕੈਲੰਡਰ ਦਾ ਮਿਲਗੋਭਾ ਹੈ। ਇਹ ਹੈ ਹਰਨਾਮ ਸਿੰਘ ਧੁੰਮਾ ਅਤੇ ਅਵਤਾਰ ਸਿੰਘ ਮੱਕੜ ਦੀ ਵਿਦਵਤਾ ਦਾ ਇਕ ਨਮੂਨਾ। ਆਗੇ-ਆਗੇ ਦੇਖੀਏ ਹੋਤਾ ਹੈ ਕਿਆ।
.