.

ਮਨੁੱਖਾ ਜੂਨੀ ਅਤੇ ਬੇਅੰਤ ਜੂਨੀਆਂ(01)

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

“ਬੇਅੰਤ ਜੂਨੀਆਂ, ਸਾਂਝੀਆਂ ਕੜੀਆਂ” - ਮਨੁੱਖਾ ਜੂਨੀ ਸਮੇਤ ਪ੍ਰਭੂ ਦੀ ਬੇਅੰਤ ਰਚਨਾ `ਚ ਅਰਬਾਂ-ਖਰਬਾਂ ਜੂਨੀਆਂ ਹਨ। ਫ਼ਿਰ ਵੀ, ਇਨ੍ਹਾਂ ਸਾਰੀਆਂ ਜੂਨੀਆਂ ਵਿਚੋਂ ਮਨੁੱਖਾ ਜੂਨੀ ਹੀ ਵਿਸ਼ੇਸ਼ ਹੈ। ਫ਼ੁਰਮਾਨ ਹੈ “ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ” (ਪੰ: ੧੨) ਅਨੁਸਾਰ ਮਨੁੱਖਾ ਜੂਨੀ ਵਿਸ਼ੇਸ਼ ਹੈ ਕਿਉਂਕਿ ਜਿਸ ਕਰਤੇ ਨੇ ਬੇਅੰਤ ਜੂਨੀਆਂ ਚੋਂ ਕਢ ਕੇ ਸਾਨੂੰ ਮਨੁੱਖਾ ਜਨਮ ਬਖ਼ਸ਼ਿਆ ਹੈ, ਉਹ ਬਖਸ਼ਿਆ ਹੀ ਇਸ ਲਈ ਹੈ ਕਿ ਅਸਲੇ ਪ੍ਰਭੂ `ਚ ਅਭੇਦ ਹੋਇਆ ਜਾ ਸਕੇ ਅਤੇ ਜੀਵ ਬਾਰ ਬਾਰ ਦੇ ਜਨਮ-ਮਰਣ ਦੇ ਗੇੜ੍ਹ ਤੋਂ ਬੱਚ ਜਾਵੇ। ਗੁਰਬਾਣੀ `ਚ ਹੀ ਗੁਰਦੇਵ ਨੇ ਇਸ ਬਾਰੇ ਅਨੇਕਾਂ ਵਾਰੀ ਚੇਤਾਵਣੀ ਦਿੱਤੀ ਹੈ ਜਿਵੇਂ “ਜਾ ਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ॥ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ” (ਪੰ: ੧੩) ਭਾਵ “ਐ ਭਾਈ! ਜੀਵਨ ਦੇ ਜਿਸ ਮਕਸਦ ਦੀ ਪ੍ਰਾਪਤੀ ਲਈ ਤੂੰ ਸੰਸਾਰ `ਚ ਆਇਆ ਹੈਂ, (ਸਮਸਤ ਜੂਨੀਆਂ `ਚੋਂ ਪ੍ਰਭੂ ਮਿਲਾਪ ਲਈ ਤੇਰੇ ਕੋਲ ਇਹੀ ਅਵਸਰ ਹੈ) ਇਸ ਲਈ ਤੂੰ ਗੁਰੂ-ਗੁਰਬਾਣੀ ਦੇ ਮਾਰਗ `ਤੇ ਚਲ ਅਤੇ ਜੀਵਨ ਦੀ ਅਸਲ ਅਵਸਥਾ ਨੂੰ ਹਾਸਲ ਕਰ ਤਾਕਿ ਤੈਨੂੰ “ਬਹੁਰਿ ਨ ਹੋਇਗੋ ਫੇਰਾ” ਮੁੜ ਜਨਮ ਮਰਣ ਦੇ ਗੇੜ੍ਹ `ਚ ਨਾ ਪੈਣਾ ਪਵੇ।

ਗੁਰਬਾਣੀ `ਚ ਇਸ ਬਾਰੇ ਇੱਕ ਵਾਰੀ ਨਹੀਂ ਬਲਕਿ ਬੇਅੰਤ ਵਾਰੀ ਚੇਤਾਵਣੀ ਦਿੱਤੀ ਗਈ ਹੈ, ਜਿਵੇਂ “ਇਹੀ ਤੇਰਾ ਅਉਸਰੁ ਇਹ ਤੇਰੀ ਬਾਰ॥ ਘਟ ਭੀਤਰਿ ਤੂ ਦੇਖੁ ਬਿਚਾਰਿ॥ ਕਹਤ ਕਬੀਰੁ ਜੀਤਿ ਕੈ ਹਾਰਿ॥ ਬਹੁ ਬਿਧਿ ਕਹਿਓ ਪੁਕਾਰਿ ਪੁਕਾਰਿ" (ਪੰ: ੧੧੫੯) ਤਾਂ ਤੇ “ਕੇਵਲ ਇਹ ਮਨੁੱਖਾ ਜੂਨ ਹੀ ਹੈ ਜਦੋਂ ਕਿ ਜੀਵਨ ਨੂੰ ਸਫ਼ਲ ਕਰਕੇ, ਅਸਲੇ ਪ੍ਰਭੂ `ਚ ਸਮਾਇਆ ਜਾ ਸਕਦਾ ਹੈ, ਨਹੀਂ ਤਾਂ ਤੂੰ ਜੀਵਨ ਦੀ ਬਾਜ਼ੀ ਨੂੰ ਹਾਰ ਕੇ ਹੀ ਜਾਵੇਂਗਾ ਭਾਵ ਫ਼ਿਰ ਤੋਂ ਜਨਮ-ਮਰਣ ਤੇ ਜੂਨੀਆਂ ਦੇ ਗੇੜ੍ਹ `ਚ ਪੈ ਜਾਵੇਂਗਾ… “; ਕਿਉਂਕਿ ਬਾਕੀ ਜੂਨੀਆਂ `ਚ ਤਾਂ ਜੀਵਨ ਦੀ ਅਜਿਹੀ ਸਫ਼ਲਤਾ ਸੰਭਵ ਹੀ ਨਹੀਂ। ਕਿਉਂਕਿ ਬਾਕੀ ਅਰਬਾਂ-ਖਰਬਾਂ ਜੂਨੀਆਂ ਤਾਂ ਹੈਣ ਹੀ, ਅਸਫ਼ਲ ਮਨੁੱਖਾ ਜਨਮ ਸਮੇਂ ਕੀਤੇ ਚੰਗੇ-ਮਾੜੇ ਕਰਮਾਂ-ਸੰਸਕਾਰਾਂ ਦਾ ਲੇਖਾ-ਜੋਖਾ’ ਭਿੰਨ ਭਿੰਨ ਤੇ ਭਿੰਨ-ਭਿੰਨ ਸਜ਼ਾਵਾਂ ਤੇ ਭਿੰਨ-ਭਿੰਨ ਜੂਨ ਰੂਪ `ਚ ਵੱਖ-ਵੱਖ ਕੋਠੜੀਆਂ। ਹੋਰ ਤਾਂ ਹੋਰ, ਗੁਰਬਾਣੀ ਅਨੁਸਾਰ ਤਾਂ ਕਈ ਵਾਰੀ ਮਨੁਖਾ ਜਨਮ ਵੀ “ਇਕਨਾੑ ਹੁਕਮਿ ਸਮਾਇ ਲਏ, ਇਕਨਾੑ ਹੁਕਮੇ ਕਰੇ ਵਿਣਾਸੁ॥ ਇਕਨਾੑ ਭਾਣੈ ਕਢਿ ਲਏ, ਇਕਨਾੑ ਮਾਇਆ ਵਿਚਿ ਨਿਵਾਸੁ” (ਪੰ: ੪੬੩) ਅਥਵਾ ਪਿਛਲੇ ਅਸਫ਼ਲ ਮਨੁੱਖਾ ਜਨਮ ਸਮੇਂ ਕੀਤੇ ਕਰਮਾਂ-ਸੰਸਕਾਰਾਂ ਦਾ ਲੇਖਾ-ਜੋਖਾ ਹੀ ਹੁੰਦਾ ਹੈ, ਮਨੁੱਖਾ ਜੀਵਨ ਦੀ ਸਫ਼ਲਤਾ ਲਈ ਨਹੀਂ। ਇਸ ਸਾਰੇ ਦੇ ਬਾਵਜੂਦ ਮਨੁੱਖਾ ਜੂਨ ਸਮੇਤ, ਹਰੇਕ ਜੂਨੀ ਵਿਚਕਾਰ ਕੁੱਝ ਇਕੋ ਜਹੀਆਂ ਕੜੀਆਂ ਹਨ। ਸਾਡੇ ਹੱਥਲੇ ਗੁਰਮੱਤ ਪਾਠ ਦਾ ਬਹੁਤਾ ਕਰਕੇ ਸਬੰਧ ਹਰੇਕ ਜੂਨੀ ਵਿਚਲੀਆਂ ਉਨ੍ਹਾਂ ਸਾਂਝੀਆਂ ਕੜੀਆਂ ਨਾਲ ਹੀ ਹੈ ਅਤੇ ਉਹ ਕੁੱਝ ਇਸ ਤਰ੍ਹਾਂ ਹਨ।

(੧) “ਪੰਚ ਤਤੁ ਮਿਲਿ ਕਾਇਆ ਕੀਨੀੑ” (ਪੰ: ੮੭੦) -ਪਹਿਲੀ ਗੱਲ ਕਿ ਸਰੀਰ ਚਾਹੇ ਸੂਖਮ ਤੋਂ ਸੂਖਮ ਚਾਹੇ ਵੱਡੇ ਤੋਂ ਵੱਡੇ ਆਕਾਰ ਵਾਲਾ ਵੀ ਕਿਉਂ ਨਾ ਹੋਵੇ, ਬੇਸ਼ੱਕ ਕਿਸੇ ਫੁਲ ਬਨਸਪਤੀ ਜਾਂ ਕਿਸੇ ਖਨਿਜ ਦਾ ਹੀ ਹੌਵੇ; ਪ੍ਰਭੂ ਨੇ ਸਾਰੀਆਂ ਜੂਨੀਆਂ ਨੂੰ ਪੰਜ ਤੱਤਾਂ ਤੋਂ ਹੀ ਘੜਿਆ ਹੈ ਫ਼ੁਰਮਾਨ ਹੈ “ਪੰਚ ਤਤੁ ਮਿਲਿ ਇਹੁ ਤਨੁ ਕੀਆ॥ ਆਤਮ ਰਾਮ ਪਾਏ ਸੁਖੁ ਥੀਆ” (ਪੰ: ੧੦੩੯)। ਇਸ ਤਰ੍ਹਾਂ ਇਹ ਵੀ ਸਚਾਈ ਹੈ ਕਿ ਸਰੀਰ ਚਾਹੇ ਕਿਸੇ ਵੀ ਜੂਨੀ ਦਾ ਹੋਵੇ ਪਰ ਸਾਰਿਆਂ ਦੀ ਜ਼ਿੰਦਗੀ ਦਾ ਆਧਾਰ ਤੇ ਸਾਰਿਆਂ ਅੰਦਰ ਪ੍ਰਭੂ ਦਾ ਹੀ ਵਾਸਾ ਹੈ, ਉਸ ਤੋਂ ਬਿਨਾ ਕਿਸੇ ਵੀ ਜੂਨ ਵਾਲੇ ਸਰੀਰ `ਚ ਜ਼ਿੰਦਗੀ ਦਾ ਤੱਤ ਕਾਇਮ ਹੀ ਨਹੀਂ ਰਹਿੰਦਾ ਅਥਵਾ ਮੌਤ ਹੋ ਜਾਂਦੀ ਹੈ, ਮੁਰਦਾ ਹੋ ਜਾਂਦਾ ਹੈ।

(੨) “ਮਾਟੀ ਅੰਧੀ ਸੁਰਤਿ ਸਮਾਈ” - ਹਰੇਕ ਸਰੀਰ ਦਾ ਮੂਲ ਤੱਤ ਮਿੱਟੀ ਹੀ ਹੈ। ਪ੍ਰਭੂ ਜਦੋਂ “ਮਾਟੀ ਅੰਧੀ ਸੁਰਤਿ ਸਮਾਈ॥ ਸਭ ਕਿਛੁ ਦੀਆ ਭਲੀਆ ਜਾਈ॥ ਅਨਦ ਬਿਨੋਦ ਚੋਜ ਤਮਾਸੇ, ਤੁਧੁ ਭਾਵੈ ਸੋ ਹੋਣਾ ਜੀਉ” (ਪੰ: ੧੦੦) ਅਨੁਸਾਰ ਜਦੋਂ ਮਿੱਟੀ `ਚ ਸੁਰਤ ਅਥਵਾ ਸੋਚਣ-ਸਮਝਣ ਜਾਂ ਹਿੱਲ-ਜੁਲ ਜਾਂ ਇਹ ਦੋਵੇਂ ਤਾਕਤਾਂ ਤੇ ਗੁਣ ਪਾ ਦਿੰਦਾ ਹੈ ਤਾਂ ਸਾਰੀਆਂ ਜੂਨੀਆਂ ਲਈ “ਮਾਟੀ ਏਕ ਭੇਖ ਧਰਿ ਨਾਨਾ, ਤਾ ਮਹਿ ਬ੍ਰਹਮੁ ਪਛਾਨਾ” (ਪੰ: ੪੮੦) ਅਥਵਾ “ਏਕਲ ਮਾਟੀ ਕੁੰਜਰ ਚੀਟੀ ਭਾਜਨ ਹੈਂ ਬਹੁ ਨਾਨਾ ਰੇ॥ ਅਸਥਾਵਰ ਜੰਗਮ ਕੀਟ ਪਤੰਗਮ ਘਟਿ ਘਟਿ ਰਾਮੁ ਸਮਾਨਾ ਰੇ” (ਪੰ: ੯੮੮) ਉਸੇ ਤੋਂ ਹੀ ਵੱਖ ਵੱਖ ਨਸਲਾਂ ਤੇ ਜੂਨਾਂ ਮੁਤਾਬਕ, ਭਿੰਨ ਭਿੰਨ ਸਰੀਰ ਹੋਂਦ `ਚ ਆ ਜਾਂਦੇ ਹਨ, ਭਿੰਨ ਭਿੰਨ ਰੂਪ ਪ੍ਰਗਟ ਹੋ ਜਾਂਦੇ ਹਨ। ਉਪ੍ਰੰਤ ਸਾਰੀਆਂ ਹੀ ਜੂਨਾਂ ਦੇ ਸਰੀਰ “ਦੇਹੀ ਮਾਟੀ ਬੋਲੈ ਪਉਣੁ॥ ਬੁਝੁ ਰੇ ਗਿਆਨੀ ਮੂਆ ਹੈ ਕਉਣੁ॥ ਮੂਈ ਸੁਰਤਿ, ਬਾਦੁ ਅਹੰਕਾਰੁ॥ ਓਹੁ ਨ ਮੂਆ, ਜੋ ਦੇਖਣਹਾਰੁ” (ਪੰ: ੧੫੨) ਭਾਵ ਉਹ ਪ੍ਰਭੂ ਜੋ ਜੀਵਾਂ ਅੰਦਰ ਵੱਸ ਰਿਹਾ ਤੇ “ਓਹੁ ਨ ਮੂਆ, ਜੋ ਦੇਖਣਹਾਰੁ” ਉਹ ਤਾਂ ਕਦੇ ਨਹੀਂ ਮਰਦਾ ਪਰ; ਪਰ ਉਸ ਦੇ ਅੱਡ ਹੋਣ `ਤੇ ਜੀਵ ਅੰਦਰ ਸੂਰਤ ਕਾਇਮ ਨਹੀਂ ਰਹਿੰਦੀ ਤੇ ਸਰੀਰ ਮੁਰਦਾ ਹੋ ਜਾਂਦਾ ਹੈ। ਭਾਵ ਪ੍ਰਭੂ ਦਾ ਅੰਸ਼ ਹੋਣ ਕਾਰਨ ਹੀ “ਮਾਟੀ ਅੰਧੀ ਸੁਰਤਿ ਸਮਾਈ” ਸੁਰਤ `ਚ ਹਿਲ-ਜੁਲ ਤੇ ਸੋਝੀ ਰਹਿੰਦੀ ਹੈ, ਜਿਸ ਤੋਂ ਜੀਵ ਜ਼ਿੰਦਾ ਅਖਵਾਉਂਦੇ ਹਨ, ਨਹੀਂ ਤਾਂ ਮੁਰਦਾ।

(੩) “ਜੰਮਣੁ ਮਰਣਾ ਹੁਕਮੁ ਹੈ, ਭਾਣੈ ਆਵੈ ਜਾਇ” (ਪੰ: ੪੭੨) -ਮਨੁੱਖ ਸਮੇਤ ਸਾਰੀਆਂ ਜੂਨੀਆਂ `ਚ ਪ੍ਰਭੂ ਵਲੋਂ ਜਨਮ-ਮਰਣ ਵਾਲਾ ਇਕੋ ਹੀ ਸਿਧਾਂਤ ਕੰਮ ਕਰ ਰਿਹਾ ਹੈ। ਜਿਸ ਕਿਸੇ ਜੂਨੀ `ਚ, ਜਿਸ ਜੀਵ ਨੇ ਵੀ ਜਨਮ ਲਿਆ ਹੈ, “ਜੋ ਉਪਜੈ ਸੋ ਬਿਨਸਿ ਹੈ" (ਪੰ: ੩੩੭) ਅਤੇ "ਜੋ ਉਸਾਰੇ ਸੋ ਢਾਹਸੀ, ਤਿਸੁ ਬਿਨੁ ਅਵਰੁ ਨ ਕੋਇ" (ਪੰ: ੯੩੪) ਅਨੁਸਾਰ, ਜਨਮ ਦੇਣ ਵਾਲੇ ਅਕਾਲਪੁਰਖ ਦੇ ਹੁਕਮ `ਚ ਹੀ, ਜੀਵ ਦੀ ਮੌਤ ਵੀ ਹੋ ਜਾਂਦੀ ਹੈ। ਕਿਉਂਕਿ “ਹਰਿ ਬਿਨੁ ਕੋਈ ਮਾਰਿ ਜੀਵਾਲਿ ਨ ਸਕੈ, ਮਨ ਹੋਇ ਨਿਚਿੰਦ ਨਿਸਲੁ ਹੋਇ ਰਹੀਐ" (ਪੰ: ੫੯੪) ਅਤੇ ਅਜਿਹੀ ਤਾਕਤ ਵੀ ਪ੍ਰਭੂ ਦੇ ਸਿਵਾ ਕਿਸੇ ਹੋਰ ਕੋਲ ਨਹੀਂ ਜਿਵੇਂ ਕਿ ਸ਼ਿਵਜੀ ਆਦਿ ਨੂੰ ਪ੍ਰਚਲਤ ਕੀਤਾ ਹੋਇਆ ਜਾਂ ਕੁੱਝ ਹੋਰ।

(੫) “ਜਿ ਅਗਨਿ ਮਹਿ ਆਹਾਰੁ ਪਹੁਚਾਵਏ” - ਜੀਵ ਚਾਹੇ ਕਿਸੇ ਵੀ ਸ਼੍ਰੇਣੀ ਜਾਂ ਜੂਨੀ ਦਾ ਹੋਵੇ ਪ੍ਰਭੂ ਹਰੇਕ ਜੀਵ ਦੀ ਸੰਸਾਰ `ਚ ਭੇਜਣ ਤੋਂ ਪਹਿਲਾਂ, ਜਦੋਂ ਤੀਕ ਕਿ ਉਸ ਦੇ ਸਰੀਰ ਦਾ ਵਜੂਦ ਹੀ ਕਾਇਮ ਨਹੀਂ ਹੋ ਜਾਂਦਾ, ਤਦ ਤੀਕ ਵੀ ਉਸ ਦੀ ਪ੍ਰਤਿਪਾਲਣਾ ਆਪ ਹੀ ਕਰਦਾ ਹੈ। ਇਸ ਬਾਰੇ ਵੀ ਗੁਰਬਾਣੀ `ਚ ਅਨੇਕਾਂ ਫ਼ੁਰਮਾਨ ਹਨ ਜਿਵੇਂ “ਮਾਤਾ ਕੇ ਉਦਰ ਮਹਿ ਪ੍ਰਤਿਪਾਲ ਕਰੇ, ਸੋ ਕਿਉ ਮਨਹੁ ਵਿਸਾਰੀਐ॥ ਮਨਹੁ ਕਿਉ ਵਿਸਾਰੀਐ ਏਵਡੁ ਦਾਤਾ, ਜਿ ਅਗਨਿ ਮਹਿ ਆਹਾਰੁ ਪਹੁਚਾਵਏ” (ਪੰ: ੯੨੦) ਅਤੇ ਇਹ ਵਿਸ਼ਾ ਵੀ ਕੇਵਲ ਮਨੁੱਖਾ ਜੂਨ `ਤੇ ਹੀ ਲਾਗੂ ਨਹੀਂ ਹੁੰਦਾ ਬਲਕਿ ਦੂਜੀਆਂ ਜੀਵ ਸ਼੍ਰੇਣੀਆਂ `ਤੇ ਵੀ ਇਕੋ ਜਿਹਾ ਲਾਗੂ ਹੁੰਦਾ ਹੈ।

(੬) “ਪਹਿਲੋ ਦੇ ਤੈਂ ਰਿਜਕੁ ਸਮਾਹਾ” - ਹਰੇਕ ਜੀਵ ਦਾ ਜੋ ਵੀ ਰਿਜ਼ਕ ਪ੍ਰਭੂ ਨੇ ਨਿਯਤ ਕੀਤਾ ਹੈ, ਕਰਤੇ ਨੇ ਉਸ ਦੇ ਰਿਜ਼ਕ ਦਾ ਪ੍ਰਬੰਧ ਵੀ ਜੀਵ ਦੇ ਜਨਮ ਤੋਂ ਵੀ ਪਹਿਲਾਂ ਕੀਤਾ ਹੁੰਦਾ ਹੈ। ਫ਼ੁਰਮਾਨ ਹਨ: “ਪਹਿਲੋ ਦੇ ਤੈਂ ਰਿਜਕੁ ਸਮਾਹਾ॥ ਪਿਛੋ ਦੇ ਤੈਂ ਜੰਤੁ ਉਪਾਹਾ” (ਪੰ: ੧੩੦) ਅਤੇ “ਜੀਅ ਜੰਤ ਸਭਿ ਪਾਛੈ ਕਰਿਆ, ਪ੍ਰਥਮੇ ਰਿਜਕੁ ਸਮਾਹਾ” (ਪੰ: ੧੨੩੫)। ਅਤੇ ਇਸ ਦਾ ਵੱਡਾ ਸਬੂਤ “ਪਹਿਲੈ ਪਿਆਰਿ ਲਗਾ ਥਣ ਦੁਧਿ॥ ਦੂਜੈ ਮਾਇ ਬਾਪ ਕੀ ਸੁਧਿ” (ਪੰ: ੧੩੭) ਬੱਚੇ ਨੂੰ ਜਨਮ ਦੇ ਨਾਲ ਹੀ ਪਹਿਲਾਂ ਆਪਣੀ ਰੋਜ਼ੀ ਭਾਵ ਮਾਂ ਦੀਆਂ ਛਾਤੀਆਂ `ਚ ਦੁਧ ਦੀ ਸਮਝ ਆਉਂਦੀ ਹੇ ਜਦਕਿ ਮਾਤਾ-ਪਿਤਾ ਬਾਰੇ ਵੀ ਦੂਜੇ ਨੰਬਰ `ਤੇ ਹੀ ਪਤਾ ਲਗਦਾ ਹੈ।

(੭) ਭਿੰਨ ਭਿੰਨ ਸਰੀਰ ਹੀ ਹਨ ਵੱਖ ਵੱਖ ਜੂਨੀਆਂ- ਦੇਖਦੇ ਹਾਂ ਕਿ ਹਰੇਕ ਜੂਨੀ `ਚ ਸਾਰੀ ਗੱਲ ਹੀ ਸਰੀਰਾਂ ਦੀ ਭਿੰਨਤਾ `ਤੇ ਖੜੀ ਹੈ। ਪ੍ਰਭੂ ਵਲੋਂ ਜੀਵਾਂ ਲਈ ਇਹ ਇੱਕ ਅਜਿਹੀ ਸਾਂਝੀ ਕੜੀ ਹੈ ਕਿ ਜਿਸ ਤੋਂ ਕਿਸੇ ਜੂਨੀ ਦੀ ਭਿੰਨਤਾ ਤੇ ਪਹਿਚਾਣ ਹੁੰਦੀ ਹੈ। ਫ਼ਿਰ ਉਹ ਸਰੀਰ ਭਾਵੇਂ ਮਨੁੱਖ, ਪਸ਼ੂ, ਪੰਛੀ, ਕੀੜੇ, ਮਕੌੜੇ, ਫੁਲ, ਬਨਸਪਤੀ, ਜੜੀ ਬੂਟੀਆਂ, ਖਨਿਜਾਂ ਦਾ ਹੀ ਕਿਉਂ ਨਾ ਹੋਵੇ। ਪ੍ਰਭੂ ਵਲੋਂ ਇਸ ਸਾਰੇ ਦਾ ਮੂਲ ਸਿਧਾਂਤ ਇਕੋ ਹੀ ਮਿਲੇਗਾ ਹੈ ਜਿਵੇਂ ਕਿ “ਗੋਹੇ ਅਤੈ ਲਕੜੀ, ਅੰਦਰਿ ਕੀੜਾ ਹੋਇ॥ ਜੇਤੇ ਦਾਣੇ ਅੰਨ ਕੇ, ਜੀਆ ਬਾਝੁ ਨ ਕੋਇ॥ ਪਹਿਲਾ ਪਾਣੀ ਜੀਉ ਹੈ, ਜਿਤੁ ਹਰਿਆ ਸਭੁ ਕੋਇ” (ਪੰ: ੪੭੨) ਇਸ ਤਰ੍ਹਾਂ “ਪੁਰਖਾਂ ਬਿਰਖਾਂ ਤੀਰਥਾਂ, ਤਟਾਂ ਮੇਘਾਂ ਖੇਤਾਂਹ॥ ਦੀਪਾਂ ਲੋਆਂ ਮੰਡਲਾਂ, ਖੰਡਾਂ ਵਰਭੰਡਾਂਹ॥ ਅੰਡਜ ਜੇਰਜ ਉਤਭੁਜਾਂ, ਖਾਣੀ ਸੇਤਜਾਂਹ॥ ਸੋ ਮਿਤਿ ਜਾਣੈ ਨਾਨਕਾ, ਸਰਾਂ ਮੇਰਾਂ ਜੰਤਾਹ" (ਪੰ: ੪੬੭) ਇਸ ਤਰ੍ਹਾਂ ਇਹ ਅੰਦਾਜ਼ਾ ਲਗਾਉਣਾ ਹੀ ਸੰਭਵ ਨਹੀਂ ਕਿ ਪ੍ਰਭੂ ਨੇ ਕਿਤਨੇ ਪ੍ਰਕਾਰ ਦੀ ਜੀਵ ਰਚਨਾ ਤੇ ਕਿਥੇ ਕਿਥੇ ਕੀਤੀ ਹੈ। ਫ਼ਿਰ ਵੀ ਹਰੇਕ ਜੂਨੀ ਤੇ ਜੀਵ ਵਿਚਕਾਰ ਇਹ ਇੱਕ ਅਜਿਹੀ ਸਾਂਝੀ ਕੜੀ ਹੈ ਜੋ ਵਿਲਖਣ ਤੇ ਵਿਸਮਾਦ ਨੂੰ ਜਨਮ ਦੇਣ ਵਾਲੀ ਹੈ। ਕਮਾਲ ਹੈ, ਕਿ ਇੱਕ ਤਾਂ ਪ੍ਰਭੂ ਨੇ ਸਰੀਰ ਵੀ ਸਾਰਿਆਂ ਨੂੰ ਦਿੱਤੇ ਹਨ, ਦੂਜਾ ਕਿਸੇ ਇੱਕ ਦਾ ਸਰੀਰ ਦੂਜੀ ਜੂਨ ਵਰਗਾ ਨਹੀਂ। ਇਹ ਵਖਰੀ ਗੱਲ ਹੈ ਕਿ ਹਰੇਕ ਨੇ ਆਪਣੀ ਕਿਸੇ ਵੀ ਬੋਲੀ ਜਾਂ ਭਾਸ਼ਾ `ਚ ਉਸ ਜੂਨ ਵਿਚਲੇ ਉਸ ਸਰੀਰ ਦਾ ਨਾਮ ਕੁੱਝ ਵੀ ਕਿਉਂ ਨਾ ਰੱਖ ਲਿਆ ਹੋਵੇ। ਇਸ ਬੋਲੀ ਭਾਸ਼ਾ ਵਾਲੀ ਭਿੰਨਤਾ ਕਾਰਨ ਨਾਮ ਤਾਂ ਬਦਲ ਜਾਂਦੇ ਹਨ ਜਿਵੇਂ ਮਨੁੱਖ, ਪਰਖ ਮੈਨ, ਆਦਮੀ ਆਦਿ ਪਰ ਮਨੁੱਖ ਨੂੰ ਛੱਡ ਕੇ ਕਿਸੇ ਵੀ ਜੂਨੀ `ਚ ਜੀਵ ਦੀ ਜੀਵਨ ਰਹਿਣੀ ਨਹੀਂ ਬਦਲੀ ਜਾ ਸਕਦੀ।

(੮) ਸੁਆਸਾਂ ਦੀ ਪੂੰਜੀ ਵਾਲਾ ਨਿਯਮ ਵੀ ਇਕੋ ਹੀ- ਸਰੀਰਾਂ ਤੋਂ ਬਾਅਦ ਇਨ੍ਹਾਂ ਸਾਂਝੀਆਂ ਕੜੀਆਂ ਚੋਂ ਮੁੱਖ ਕੜੀ ਹੈ, ਇਨ੍ਹਾਂ ਸਾਰੀਆਂ ਜੂਨੀਆਂ ਵਿਚਕਾਰ ਜੀਵਨ ਜੀਊਣ ਲਈ ਅਥਵਾ ਜ਼ਿੰਦਾ ਰਹਿਣ ਲਈ, ਪ੍ਰਭੂ ਵਲੋਂ ਹਰੇਕ ਜੂਨੀ `ਚ ਹਰੇਕ ਜੀਵ ਨੂੰ ਪ੍ਰਾਪਤ ਸੁਆਸਾਂ ਵਾਲੀ ਪੂੰਜੀ। ਅਨੰਤ ਜੂਨੀਆਂ ਤੇ ਅਨੰਤ ਪ੍ਰਕਾਰ ਦੇ ਸਰੀਰਾਂ `ਚ ਸੁਆਸਾਂ ਦੀ ਪੂਰਤੀ ਜਾਂ ਉਸ ਦੇ ਜਨਮ ਤੋਂ ਪਹਿਲਾਂ ਹੀ ਸੁਆਸਾਂ ਦੀ ਮਿਥੀ ਹੋਈ ਗਿਣਤੀ ਦਾ ਹੋਣਾ, ਪ੍ਰਭੂ ਦੀ ਅਜਿਹੀ ਦੇਣ ਹੈ ਜੋ ਕਿਸੇ ਇੱਕ ਦਾ, ਇੱਕ ਵੀ ਸੁਆਸ ਨਾ ਘੱਟ ਸਕਦਾ ਹੈ ਅਤੇ ਨਾ ਹੀ ਵੱਧ ਸਕਦਾ ਹੈ। ਫ਼ਿਰ ਭਾਵੇਂ ਕਿਸੇ ਮਨੁੱਖਾ ਜੂਨੀ ਸਮੇਂ ਕੀਤੇ ਕਰਮਾਂ-ਸੰਸਕਾਰਾਂ ਕਾਰਨ “ਹਉ ਵਿਚਿ ਨਰਕਿ ਸੁਰਗਿ ਅਵਤਾਰੁ” (ਪੰ: ੪੬੬) ਅਨੁਸਾਰ ਜਨਮ ਲੈਣ ਬਾਅਦ ਕੋਈ ਵੀ ਜੀਵ ਆਪਣੇ ਸੁਆਸ ਆਪਣੇ ਸੁਆਸਾਂ ਨੂੰ ਰੋ-ਪਿੱਟ ਕੇ, ਤੜਫ਼-ਤੜਫ਼ ਕੇ ਪੂਰਾ ਕਰ ਰਿਹਾ ਹੋਵੇ; ਜਾਂ ਸੁਖ-ਸਹੂਲਤਾਂ ਮਾਣਦੇ ਬਤੀਤ ਕਰ ਰਿਹਾ ਹੋਵੇ; ਹਰੇਕ ਜੂਨੀ `ਚ ਹਰੇਕ ਨੂੰ ਪ੍ਰਭੂ ਵਲੋਂ ਨੀਯਤ ਸੁਆਸ ਪੂਰੇ ਕਰਣੇ ਹੀ ਪੈਂਦੇ ਹਨ।

(੯) “ਜਿਤੁ ਕੀਤਾ ਪਾਈਐ ਆਪਣਾ” -ਕਿਉਂਕਿ ਪ੍ਰਭੂ ਦੇ ਇਨਸਾਫ਼ ਦਾ ਰਸਤਾ ਬਹੁਤ ਤੰਗ ਹੈ ਅਤੇ ਇਸ ਦੇ ਲਈ ਗੁਰਦੇਵ ਨੇ ਚੇਤਾਵਣੀਆਂ ਵੀ ਦਿੱਤੀਆਂ ਹਨ ਜਿਵੇਂ “ਜਿਤੁ ਕੀਤਾ ਪਾਈਐ ਆਪਣਾ, ਸਾ ਘਾਲ ਬੁਰੀ ਕਿਉ ਘਾਲੀਐ॥ ਮੰਦਾ ਮੂਲਿ ਨ ਕੀਚਈ, ਦੇ ਲੰਮੀ ਨਦਰਿ ਨਿਹਾਲੀਐ॥ ਜਿਉ ਸਾਹਿਬ ਨਾਲਿ ਨ ਹਾਰੀਐ, ਤੇਵੇਹਾ ਪਾਸਾ ਢਾਲੀਐ॥ ਕਿਛੁ ਲਾਹੇ ਉਪਰਿ ਘਾਲੀਐ” (ਪੰ: ੪੭੪)। ਫ਼ਿਰ ਭਾਵੇਂ ਮਨੁੱਖਾ ਜਨਮ ਮਿਲਿਆ ਹੋਵੇ ਜਾਂ ਕੋਈ ਦੂਸਰੀ ਜੂਨੀ। ਪਿਛਲੇ ਮਨੁੱਖਾ ਜਨਮ ਸਮੇਂ ਚੰਗੇ ਜਾਂ ਮਾੜੇ ਕੀਤੇ ਕਰਮਾਂ ਦੇ ਨਿਬੇੜੇ ਲਈ ਹੀ ਤਾਂ ਇੱਕ ਜਾਂ ਦੂਜੀ ਜੂਨੀ ਦਾ ਸਰੀਰ ਮਿਲਦਾ ਹੇ ਤੇ ਉਨ੍ਹਾਂ ਸਰੀਰਾਂ `ਚ ਪ੍ਰਭੂ ਵਲੋਂ ਪਾਈ ਹੋਈ ਸੁਰਤ (ਸੋਝੀ) ਹੁੰਦੀ ਹੈ। ਕਿਉਂਕਿ ਕਿਸੇ ਵੀ ਜੂਨੀ `ਚ ਦੁਖ-ਸੁਖ ਭੁਗਤਾਉਣ ਲਈ ਸੋਝੀ ਤੇ ਸਰੀਰ, ਭਾਵ ਜੂਨੀ ਅਨੁਸਾਰ ਉਨ੍ਹਾਂ ਸਰੀਰਾਂ `ਚ ‘ਸੁਰਤ’ ਦੀ ਮੋਜੂਦਗੀ ਹੀ ਹੁੰਦੀ ਹੈ। ਇਸ ਸਬੰਧੀ ਹੋਰ ਵੇਰਵੇ ਲਈ ਗੁਰਮੱਤ ਪਾਠ ਨੰਬਰ ੮੧ “ਸਰੀਰਾਂ ਵਾਲੀ ਖੇਡ ਅਤੇ ਦੁਖ-ਸੁਖ” ਵੀ ਦਿੱਤਾ ਜਾ ਚੁੱਕਾ ਹੈ।

ਗੁਰਬਾਣੀ ਫ਼ੁਰਮਾਨ ਹੈ ਕਿ ਇਹੀ ਕਾਰਨ ਹੁੰਦਾ ਹੈ ਕਿ “ਇਕਨੀੑ ਦੁਧੁ ਸਮਾਈਐ, ਇਕਿ ਚੁਲੈੑ ਰਹਨਿੑ ਚੜੇ॥ ਇਕਿ ਨਿਹਾਲੀ ਪੈ ਸਵਨਿੑ, ਇਕਿ ਉਪਰਿ ਰਹਨਿ ਖੜੇ” (ਪੰ: ੪੭੫)। ਉਪ੍ਰੰਤ ਇਸ ਸਬੰਧੀ ਦੂਜੀ ਗੱਲ ਕਿ ਦੂਜੀਆਂ ਜੂਨੀਆਂ ਤਾਂ ਹੈਣ ਹੀ ਲੇਖੇ ਜੋਖੇ ਲਈ। ਮਛਲ਼ੀ ਨੂੰ ਆਪਣੀ ਸਾਰੀ ਉਮਰ ਪਾਣੀ `ਚ ਹੀ ਗੁਜ਼ਾਰਨੀ ਪੈਂਦੀ ਹੈ; ਅਜਗਰ ਨੂੰ ਆਪਣਾ ਰਿਜ਼ਕ ਵੀ ਭੁਖੇ ਤੜਫ਼-ਤੜਫ਼ ਕੇ ਹੀ ਪ੍ਰਾਪਤ ਹੁੰਦਾ ਹੈ ਕਿਉਂਕਿ ਉਸ ਨੂੰ ਭਾਰੀ ਭਰਕਮ ਸਰੀਰ ਤੇ ਉਮਰ ਵੀ ਲੰਮੀ, ਦੋਵੇ ਚੀਗ਼ਾ ਤੜਫ਼ਣ ਲਈ ਹੀ ਮਿਲੀਆਂ ਹਨ; ਪਾਪੀਹਾ ਆਪਣੇ ਆਸ ਪਾਸ ਚਲਦੇ ਦਰਿਆ ਤੇ ਵਸਦੀ ਮੌਲੇਧਾਰ ਬਾਰਿਸ਼ `ਚ ਵੀ ਪਾਣੀ ਦੀ ਬੂੰਦ (ਸਵਾਂਤੀ ਬੂੰਦ) ਲਈ ਹੀ ਪਿਆਸਾ ਤੜਫ਼ਦਾ ਹੈ। ਕਿਉਂਕਿ ਉਸਦੀ ਗਰਦਨ `ਚ ਪ੍ਰਭੂ ਨੇ ਅਜਿਹਾ ਸੁਰਾਖ ਬਨਾਇਆ ਹੋਇਆ ਹੈ ਕਿ ਉਹ ਗਲੇ ਰਸਤੇ ਪਾਣੀ ਪੀ ਹੀ ਨਹੀਂ ਸਕਦਾ ਜਦ ਤੀਕ ਪਾਣੀ ਦੀ ਸਿਧੀ ਬੂੰਦ ਹੀ ਉਸ ਦੀ ਗਰਦਨ ਨੂੰ ਪਾਰ ਨਾ ਕਰੇ। ਇਸ ਤਰ੍ਹਾਂ ਅਉਖੇ ਸੌਖੇ ਜੀਵਨ ਤੇ ਸੁਖ ਸਹੂਲਿਅਤਾਂ ਵੀ ਹਰੇਕ ਜੀਵ ਸ਼੍ਰੇਣੀ `ਚ ਮਿਲਣਗੀਆਂ। ਬੀਜ ਦੀ ਨਸਲ (ਜੂਨ) ਤਾਂ ਉਹੀ ਹੈ ਪਰ ਇੱਕ ਬੀਜ ਨੂੰ ਧਰਤੀ ਮਿਲਦੀ ਹੈ ਜਿੱਥੇ ਧੁੱਪ ਹਵਾ ਪਾਣੀ ਭਾਵ ਉਸ ਦੇ ਜੀਵਨ ਦੀ ਹਰੇਕ ਲੋੜ ਆਪਣੇ ਆਪ ਪੂਰੀ ਹੋ ਰਹੀ ਹੁੰਦੀ ਹੈ। ਦੂਜਾ ਬੀਜ ਵੀ ਉਸੇ ਨਸਲ ਦਾ ਹੈ, ਜਿਸ ਨੂੰ ਲੋੜ ਮੁਤਾਬਕ ਕੁੱਝ ਵੀ ਨਾ ਮਿਲਣ ਕਰਕੇ, ਸਾਰੀ ਉਮਰ ਸੜਿਆ-ਸੁੱਕਾ ਪੌਦਾ ਹੀ ਖੜਾ ਰਹਿੰਦਾ ਹੈ।

(੧੦) “ਹੁਣਿ ਸੁਣੀਐ ਕਿਆ ਰੂਆਇਆ” - ਇਸੇ ਕੜੀ ਨੰਬਰ ੯ `ਚ ਹੀ “ਅਗੈ ਕਰਣੀ ਕੀਰਤਿ ਵਾਚੀਐ, ਬਹਿ ਲੇਖਾ ਕਰਿ ਸਮਝਾਇਆ॥ ਥਾਉ ਨ ਹੋਵੀ ਪਉਦੀਈ, ਹੁਣਿ ਸੁਣੀਐ ਕਿਆ ਰੂਆਇਆ॥ ਮਨਿ ਅੰਧੈ, ਜਨਮੁ ਗਵਾਇਆ” (ਪੰ: ੪੬੩) ਅਤੇ “ਕਪੜੁ ਰੂਪੁ ਸੁਹਾਵਣਾ, ਛਡਿ ਦੁਨੀਆ ਅੰਦਰਿ ਜਾਵਣਾ॥ ਮੰਦਾ ਚੰਗਾ ਆਪਣਾ, ਆਪੇ ਹੀ ਕੀਤਾ ਪਾਵਣਾ॥ ਹੁਕਮ ਕੀਏ ਮਨਿ ਭਾਵਦੇ, ਰਾਹਿ ਭੀੜੈ ਅਗੈ ਜਾਵਣਾ॥ ਨੰਗਾ ਦੋਜਕਿ ਚਾਲਿਆ, ਤਾ ਦਿਸੈ ਖਰਾ ਡਰਾਵਣਾ॥ ਕਰਿ ਅਉਗਣ, ਪਛੋਤਾਵਣਾ॥  ੧੪ ॥” (ਪੰ: ੪੭੦) ਭਾਵ ਗੁਰਬਾਣੀ `ਚ ਅਜਿਹੇ ਪ੍ਰਮਾਣ ਵੀ ਬਹੁਤ ਹਨ ਜੋ ਸਾਬਤ ਕਰਦੇ ਹਨ ਕਿ ਜੀਵ ਨੂੰ ਦੂਜੀਆਂ ਜੂਨੀਆਂ `ਚ ਆਪਣੇ ਸੁਖਾਂ-ਦੁਖਾਂ ਤੇ ਸੁਖ-ਸਹੂਲਤਾਂ ਦਾ ਕਾਰਨ, ਆਪਣੇ ਮਨੁੱਖਾ ਜੂਨ ਸਮੇਂ ਕੀਤੇ ਕਰਮਾਂ-ਸੰਸਕਾਰਾਂ ਦੀ ਵੀ ਸੁਰਤ ਤੇ ਸੋਝੀ ਹੁੰਦੀ ਹੈ ਪਰ ਉਸ ਸਮੇਂ ਵੱਸ ਨਹੀਂ ਚਲਦਾ, ਕਿਉਂਕਿ ਅਜਿਹੀ ਸੰਭਾਲ ਲਈ ਕੇਵਲ ਮਨੁੱਖਾ ਜੂਨ ਹੀ ਸੀ ਜੋ ਬਿਰਥਾ ਕਰ ਦਿੱਤੀ, ਗੁਆ ਦਿੱਤੀ।

(੧੧) “ਖਾਣਾ ਪੀਣਾ ਪਵਿਤ੍ਰੁ ਹੈ” - ਜੂਨੀ ਚਾਹੇ ਕੋਈ ਵੀ ਹੋਵੇ, ਜੂਨੀਆਂ ਅਨੁਸਾਰ ਰਿਜ਼ਕ ਤਾਂ ਭਿੰਨ ਭਿੰਨ ਹੋ ਸਕਦੇ ਹਨ ਤੇ ਹੈਣ ਵੀ ਪਰ “ਖਾਣਾ ਪੀਣਾ ਪਵਿਤ੍ਰੁ ਹੈ, ਦਿਤੋਨੁ ਰਿਜਕੁ ਸੰਬਾਹਿ” (ਪੰ: ੪੭੨) ਅਨੁਸਾਰ ਜੀਵ ਦੀ ਜ਼ਿੰਦਗੀ ਨੂੰ ਚਲਾਉਣ ਲਈ ਹਰੇਕ ਜੀਵ ਨੂੰ ਪ੍ਰਭੂ ਰਿਜ਼ਕ ਵੀ ਅਵੱਸ਼ ਹੀ ਅਪੜਾਉਂਦਾ ਹੈ। ਹਰੇਕ ਜੂਨੀ `ਚ, ਸਰੀਰ ਨੂੰ ਸੁਆਸਾਂ ਦੀ ਪੂਰਤੀ ਤੇ ਸਰੀਰ ਨੂੰ ਜੀਉਂਦਾ ਰਖਣ ਲਈ ਜੂਨੀ ਅਨੁਸਾਰ ਪ੍ਰਭੂ ਬਖ਼ਸ਼ੀ ਸਮਸਤ ਜੂਨੀਆਂ `ਚ ਪ੍ਰਭੂ ਦੀ ਰਿਜ਼ਕ ਵਾਲੀ ਦੇਣ ਵੀ ਹੈ। ਮਨੁੱਖ ਸਮੇਤ ਇਹ ਕੜੀ ਵੀ ਹਰੇਕ ਜੂਨੀ `ਤੇ ਲਾਗੂ ਹੁੰਦੀ ਹੈ ਅਤੇ ਇਸ ਬਾਰੇ ਵੀ ਗੁਰਬਾਣੀ ਦੇ ਬਿਅੰਤ ਪ੍ਰਮਾਣ ਹਨ। ਜੂਨ ਕੋਈ ਵੀ ਕਿਉਂ ਨਾ ਹੋਵੇ, ਪ੍ਰਭੂ ਕਿਸੇ ਵੀ ਜੂਨ ਨੂੰ ਰਿਜ਼ਕ ਤੋਂ ਵਾਂਝਾ ਨਹੀਂ ਰਖਦਾ ਤੇ ਜੀਵਨ ਕਰਕੇ ਕੋਈ ਚੰਗਾ ਹੋਵੇ ਜਾਂ ਮਾੜਾ, ਫ਼ਿਰ ਵੀ ਕਿਸੇ ਜੀਵ ਨੂੰ ਭੁੱਖਾ ਇਸ ਲਈ ਭੁੱਖਾ ਨਹੀਂ ਮਾਰਦਾ, ਕਿਉਂਕਿ ਉਹ ਜੀਵਨ-ਰਹਿਣੀ ਕਰਕੇ ਕੋਈ ਮਾੜਾ ਮਨੁੱਕ ਹੈ। ਇਸ ਦੇ ਲਈ ਕੁੱਝ ਗੁਰਬਾਣੀ ਫ਼ੁਰਮਾਨ ਇਸ ਤਰ੍ਹਾਂ ਹਨ:

“ਸਿਮਰਿ ਸਾਹਿਬੁ ਸੋ ਸਚੁ ਸੁਆਮੀ, ਰਿਜਕੁ ਸਭਸੁ ਕਉ ਦੀਏ ਜੀਉ” (ਪੰ: ੧੦੫)

“ਆਪੇ ਭਾਂਤਿ ਬਣਾਏ ਬਹੁ ਰੰਗੀ, ਸਿਸਟਿ ਉਪਾਇ ਪ੍ਰਭਿ ਖੇਲੁ ਕੀਆ॥

ਕਰਿ ਕਰਿ ਵੇਖੈ ਕਰੇ ਕਰਾਏ, ਸਰਬ ਜੀਆ ਨੋ ਰਿਜਕੁ ਦੀਆ” (ਪੰ: ੧੩੩੪)

“ਪੁਰਖਾਂ ਬਿਰਖਾਂ ਤੀਰਥਾਂ, ਤਟਾਂ ਮੇਘਾਂ ਖੇਤਾਂਹ॥ ਦੀਪਾਂ ਲੋਆਂ ਮੰਡਲਾਂ, ਖੰਡਾਂ ਵਰਭੰਡਾਂਹ॥ ਅੰਡਜ ਜੇਰਜ

ਉਤਭੁਜਾਂ, ਖਾਣੀ ਸੇਤਜਾਂਹ॥ ਸੋ ਮਿਤਿ ਜਾਣੈ ਨਾਨਕਾ, ਸਰਾਂ ਮੇਰਾਂ ਜੰਤਾਹ॥ ਨਾਨਕ ਜੰਤ ਉਪਾਇ ਕੈ

ਸੰਮਾਲੇ ਸਭਨਾਹ” (ਪੰ: ੪੬੭)

“ਸੋ ਕਰਤਾ ਕਾਦਰ ਕਰੀਮੁ, ਦੇ ਜੀਆ ਰਿਜਕੁ ਸੰਬਾਹਿ” (ਪੰ: ੪੭੫)

“ਸਿਸਟਿ ਉਪਾਈ ਸਭ ਤੁਧੁ, ਆਪੇ ਰਿਜਕੁ ਸੰਬਾਹਿਆ” (ਪੰ: ੮੫)

“ਸਭਨਾ ਸਾਰ ਕਰੇ ਸੁਖਦਾਤਾ, ਆਪੇ ਰਿਜਕੁ ਪਹੁਚਾਇਦਾ” (ਪੰ: ੧੦੬੦)

“ਸਭਨਾ ਰਿਜਕੁ ਸੰਬਾਹਿਦਾ, ਤੇਰਾ ਹੁਕਮੁ ਨਿਰਾਲਾ॥ ਆਪੇ ਆਪਿ ਵਰਤਦਾ, ਆਪੇ ਪ੍ਰਤਿਪਾਲਾ” (ਪੰ: ੭੮੫)

“ਆਪੇ ਕਰਤਾ ਆਪੇ ਭੁਗਤਾ, ਦੇਦਾ ਰਿਜਕੁ ਸਬਾਈ” (ਪੰ: ੯੧੨)

“ਜੀਅ ਜੰਤ ਕਉ ਰਿਜਕੁ ਸੰਬਾਹੇ॥ ਕਰਣ ਕਾਰਣ ਸਮਰਥ ਆਪਾਹੇ” (ਪੰ: ੧੦੭੧)

“ਨਾਨਕ ਸੋ ਸਾਲਾਹੀਐ ਜਿ ਦੇਂਦਾ ਸਭਨਾਂ ਜੀਆ, ਰਿਜਕੁ ਸਮਾਇ” (ਪੰ: ੧੨੮੫)

“ਲਖ ਚਉਰਾਸੀ ਰਿਜਕੁ ਆਪਿ ਅਪੜਾਏ” (ਪੰ: ੧੧੨)

ਜੂਨੀਆਂ ਦੇ ਰਿਜ਼ਕ ਬਾਰੇ ਇਸ ਤੋਂ ਵੱਡੀ ਤੇ ਸਮਝਣ ਵਾਲੀ ਗੱਲ ਕਿ ਮਨੁੱਖ ਸਮੇਤ ਬੇਅੰਤ ਜੂਨੀਆਂ ਹਨ ਅਤੇ ਰਿਜ਼ਕ ਦੀ ਲੋੜ ਲੋੜ ਵੀ ਹਰਕ ਜੂਨੀ ਦੀ ਹੈ ਅਤੇ ਪੁੱਜਦਾ ਵੀ ਹਰੇਕ ਨੂੰ ਹੈ। ਇਸ ਬਾਰੇ ਇਹ ਵੀ ਫ਼ੁਰਮਾਨ ਹੈ ਕਿ “ਹਾਹੈ ਹੋਰੁ ਨ ਕੋਈ ਦਾਤਾ, ਜੀਅ ਉਪਾਇ ਜਿਨਿ ਰਿਜਕੁ ਦੀਆ” (ਪੰ: ੪੩੫) ਅਤੇ ਗੁਰਮੱਤ ਅਨੁਸਾਰ ਪ੍ਰਭੂ ਨੂੰ ਬ੍ਰਹਮਾ, ਵਿਸ਼ਨੂੰ, ਮਹੇਸ਼ ਆਦਿ ਇਸ ਕੰਮ ਲਈ ਮੰਨੇ ਜਾਂਦੇ ਕਿਸੇ ਵੀ ਵੱਖਰੇ ਡਿਪਾਰਟਮੈਂਟ ਜਾਂ ਮਦਦਗਾਰ ਦੀ ਲੋੜ ਨਹੀਂ। ਪ੍ਰਭੂ “ਸਭੁ ਕਿਛੁ ਆਪੇ ਆਪਿ” ਹੀ ਹੈ ਤੇ “ਨਾਨਕ ਏਕੀ ਬਾਹਰੀ, ਹੋਰ ਦੂਜੀ ਨਾਹੀ ਜਾਇ॥ ਸੋ ਕਰੇ ਜਿ ਤਿਸੈ ਰਜਾਇ” (ਪੰ: ੪੭੫) ਇਸ ਲਈ ਗੁਰੂ ਕੇ ਸਿੱਖ ਨੂੰ ਅਜਿਹੇ ਪ੍ਰਚਲਾ ਭਰਮਾਂ `ਚ ਪੈਣ ਦੀ ਲੋੜ ਨਹੀਂ।

(੧੨) ਰਿਜ਼ਕ ਸਾਂਝੀ ਕੜੀ ਪਰ ਰਿਜ਼ਕਾਂ `ਚ ਵੀ ਭਿੰਨਤਾ- ਜਿਵੇਂ ਕਿ ਗੁਰਮੱਤ ਪਾਠ ੧੮੯ “ਜਪੀਐ ਨਾਮੁ, ਅੰਨ ਕੈ ਸਾਦਿ” `ਚ ਵਿਚਾਰ ਕਰਦੇ ਸਮੇਂ ਦੇਖ ਚੁੱਕੇ ਹਾਂ ਕਿ ਮਨੁਖਾ ਜੂਨੀ ਲਈ ਪ੍ਰਭੂ ਨੇ ਅੰਨ ਤੇ ਉਸ ਨਾਲ ਲੋੜੀਂਦੇ ਪਦਾਰਥ ਜਿਵੇਂ ਸਬਜ਼ੀਆਂ, ਦਾਲਾਂ, ਮਾਸਾਹਾਰੀ, ਸ਼ਾਕਾਹਾਰੀ ਭੋਜਣ, ਫਲ ਆਦਿ ਵੀ ਬਖ਼ਸ਼ੇ ਹਨ ਫ਼ਿਰ ਵੀ ਮਨੁੱਖਾ ਜੀਵਨ ਦਾ ਮੂਲ ਰਿਜ਼ਕ ਅੰਨ ਹੀ ਹੈ। ਅੰਨ ਤੋਂ ਇਲਾਵਾ ਜਿਤਨੇ ਵੀ ਨਾਲ ਲੋੜੀਂਦੇ ਪਦਾਰਥ ਹਨ, ਮਨੁੱਖਾ ਸਰੀਰ `ਚ ਅੰਨ ਨੂਮ ਛਕਣ ਜਾਂ ਪਚਾਉਣ ਲਈ ਮਦਦਗਾਰ ਤਾਂ ਹਨ ਪਰ ਅੰਨ ਮਨੁੱਖਾ ਸਰੀਰ ਦੀ ਮੂਲ ਲੋੜ ਹੈ। ਇਸੇ ਲਈ ਗੁਰਮੱਤ ਪਾਠ ੧੮੯ “ਧੰਨੁ ਗੁਪਾਲ, ਧੰਨੁ ਗੁਰਦੇਵ” ਦੀ ਵਿਚਾਰ ਕਰਦੇ ਸਮੇਂ ਦੇਖ ਚੁੱਕੇ ਹਾਂ ਕਿ ਉਥੇ ਕਬੀਰ ਸਾਹਿਬ ਨੇ ਮਨੁੱਖਾ ਜੀਵਨ ਲਈ ਅੰਨ ਹੀ ਬਲਕਿ ਲਫ਼ਜ਼ “ਅਨਾਦਿ” ਭਾਵ “ਅੰਨ ਆਦਿ” ਹੀ ਵਰਤਿਆ ਹੈ। ਉਪ੍ਰੰਤ ਜਿਹੜੇ ਲੋਕ ਮਨੁੱਖ ਹੋ ਕੇ ਵੀ ਅੰਨ ਦੇ ਤਿਆਗੀ ਬਣਦੇ ਹਨ, ਵਰਤ ਰਖਦੇ ਹਨ, ਮਨੁਖ ਜੂਨੀ `ਚ ਹੁੰਦੇ ਹੋਏ ਵੀ ਆਪਣੇ ਆਪ ਨੂੰ ਅੰਨ ਦੇ ਤਿਆਗੀ ਤੇ ਬਦਲੇ `ਚ ਦੂਧਾਹਾਰੀ, ਫਲਾਹਾਰੀ, ਪਉਣਆਹਾਰੀ ਆਦਿ ਦਸਦੇ ਹਨ, ਸਮੂਚੇ ਤੌਰ `ਤੇ ਗੁਰਬਾਣੀ `ਚ ਅਜਿਹੇ ਲੋਕਾਂ ਨੂੰ ਧਰਮੀ ਨਹੀਂ ਬਲਕਿ ਪਾਖੰਡੀ ਹੀ ਕਿਹਾ ਹੈ। ਇਥੋਂ ਤੀਕ ਕਿ ਕਰਤੇ ਦੀ ਇਸ ਖੇਡ `ਚ ਚੂੰਕਿ ਅਨੇਕਾਂ ਜੀਵ ਸ਼ੇਣੀਆਂ ਦੇ ਰਿਜ਼ਕ ਵੀ ਭਿੰਨ ਭਿੰਨ ਹਨ, ਫ਼ਿਰ ਵੀ ਕਰਤਾਰ ਨੇ ਉਨ੍ਹਾਂ ਸਾਰਿਆਂ ਦੀ ਲੋੜ ਵੀ ਜੀਵ ਦੀ ਜੂਨੀ ਅਨੁਸਾਰ ਪੂਰੀ ਕੀਤੀ ਹੋਈ ਹੈ। ਜਿਵੇਂ

(ੳ) “ਸੈਲ ਪਥਰ ਮਹਿ ਜੰਤ ਉਪਾਏ, ਤਾ ਕਾ ਰਿਜਕੁ ਆਗੈ ਕਰਿ ਧਰਿਆ” (ਪੰ: ੧੦)

(ਅ) “ਜਲ ਮਹਿ ਜੰਤ ਉਪਾਇਅਨੁ, ਤਿਨਾ ਭਿ ਰੋਜੀ ਦੇਇ” (ਪੰ: ੯੫੫)

(ੲ) “ਬਗੁਲਾ ਕਾਗੁ ਨ ਰਹਈ ਸਰਵਰਿ, ਜੇ ਹੋਵੈ ਅਤਿ ਸਿਆਣਾ॥ ਓਨਾ ਰਿਜਕੁ ਨ ਪਇਓ ਓਥੈ, ਓਨਾੑ ਹੋਰੋ ਖਾਣਾ” (ਪੰ: ੯੫੬)

(੧੩) “ਆਪਿ ਉਪਾਏ ਧੰਧੈ ਲਾਏ” (ਪੰ: ੧੧੨) -ਜੀਵਾਂ ਨੇ ਜਨਮ ਲੈਣਾ ਤੇ ਰਿਜ਼ਕ ਦੇ ਕਾਰਨ ਜ਼ਿੰਦਾ ਰਹਿਣਾ ਹੁੰਦਾ ਹੈ ਪਰ ਇਸ ਨਾਲ ਵੀ ਕੋਈ ਸਰੀਰ ਵਧ-ਫ਼ੁਲ ਨਹੀਂ ਸਕਦਾ। ਪ੍ਰਭੂ ਵਲੋਂ ਇਨ੍ਹਾਂ ਬੇਅੰਤ ਜੀਵਾਂ ਦੇ ਸਰੀਰਾਂ ਦੇ ਵਿਕਾਸ ਤੇ ਵਾਧੇ ਲਈ “ਆਪਿ ਉਪਾਏ ਧੰਧੈ ਲਾਏ” (ਪੰ: ੧੧੨) ਵਾਲਾ ਤੀਜਾ ਪੱਖ ਵੀ ਹਰੇਕ ਜੀਵ ਸ਼੍ਰੇਣੀ ਅਥਵਾ ਜੂਨੀ ਲਈ ਨਿਯਤ ਕੀਤਾ ਹੋਇਆ ਹੈ। ਜੀਵ ਦਾ ਜਨਮ ਵੀ ਹੋ ਜਾਵੇ, ਜੂਨੀ ਮੁਤਾਬਿਕ ਉਹ ਰਿਜ਼ਕ ਵੀ ਛਕਦਾ ਰਵੇ ਤਾਂ ਵੀ ਸਰੀਰ `ਚ ਵਾਧਾ ਸੰਭਵ ਨਹੀਂ ਜਦ ਤੀਕ ਸਰੀਰ ਆਹਰੇ ਜਾਂ ਕਿਸੇ ਧੰਦੇ ਹੀ ਨਾ ਲਗਾ ਰਵੇ। ਬਾਕੀ ਤਾਂ ਮਨੁੱਖ ਸਮੇਤ ਹਰੇਕ ਜੂਨੀ ਵਿਚਲੇ ਹਰੇਕ ਸਰੀਰ `ਚ “ਮਾਟੀ ਅੰਧੀ ਸੁਰਤਿ ਸਮਾਈ” (ਪੰ: ੧੦੦) ਵਾਲੀ ਗੱਲ ਹੀ ਰਹਿ ਜਾਂਦੀ ਹੈ। ਇਸ ਲਈ ਜੂਨੀ ਮੁਤਾਬਿਕ ਰਿਜ਼ਕ ਪ੍ਰਾਪਤ ਕਰਣ ਲਈ ਉੱਦਮ ਵੀ ਮਨੁਖਾ ਜੂਨੀ ਸਮੇਤ ਹਰੇਕ ਜੀਵ ਸ਼੍ਰੇਣੀ ਤੇ ਜੂਨੀ `ਚ ਇੱਕ ਹੋਰ ਸਾਂਝੀ ਕੜੀ ਹੈ।

ਇਸ ਦੇ ਲਈ ਵੀ ਗੁਰਦੇਵ ਫ਼ੁਰਮਾਉਂਦੇ ਹਨ: “ਆਪਿ ਉਪਾਏ ਧੰਧੈ ਲਾਏ” (ਪੰ: ੧੧੨) ਇਸੇ ਤਰ੍ਹਾਂ ਇਸ ਵਿਸ਼ੇ `ਤੇ ਵੀ ਗੁਰਬਾਣੀ `ਚ ਬੇਅੰਤ ਫ਼ੁਰਮਾਨ ਹਨ। ਇਸੇ ਸਬੰਧ `ਚ ਕੂਂਜਾਂ ਬਾਰੇ ਵੀ ਗੁਰਦੇਵ ਦਾ ਫ਼ੁਰਮਾਨ ਹੈ “ਊਡੇ ਊਡਿ ਆਵੈ ਸੈ ਕੋਸਾ ਤਿਸੁ ਪਾਛੈ ਬਚਰੇ ਛਰਿਆ॥ ਤਿਨ ਕਵਣੁ ਖਲਾਵੈ ਕਵਣੁ ਚੁਗਾਵੈ ਮਨ ਮਹਿ ਸਿਮਰਨੁ ਕਰਿਆ” (ਪੰ:: ੧੦)। ਜਦਕਿ ਆਪਣੇ ਬੱਚਿਆਂ ਨੂੰ ਰਿਜ਼ਕ ਪਹੁਚਾਉਣ ਲਈ, ਪ੍ਰਭੂ ਨੇ ਉਨ੍ਹਾਂ ਨੂੰ ਢੰਗ ਹੀ ਵੱਖਰਾ ਦਿੱਤਾ ਪਰ ਬਿਨਾ ਰਿਜ਼ਕ ਉਨ੍ਹਾ ਦੇ ਬੱਚੇ ਵੀ ਨਹੀਂ ਰਹਿੰਦੇ ਅਤੇ ਬਿਨਾ ਆਪਣੇ ਆਹਰ ਜਾਂ ਧੰਦੇ ਦੇ ਕੂੰਜਾਂ।

ਇਸ ਤਰ੍ਹਾਂ ਆਪਣੇ ਆਪਣੇ ਰਿਜ਼ਕ ਦੀ ਪ੍ਰਾਪਤੀ ਤੇ ਉਦੱਮ ਬਾਰੇ ਵੀ ਗੁਰਦੇਵ ਫ਼ੁਰਮਾਉਂਦੇ ਹਨ “ਨਕਿ ਨਥ ਖਸਮ ਹਥ ਕਿਰਤੁ ਧਕੇ ਦੇ॥ ਜਹਾ ਦਾਣੇ ਤਹਾਂ ਖਾਣੇ ਨਾਨਕਾ ਸਚੁ ਹੇ” (ਪੰ: ੬੫੩) ਇਸੇ ਤਰ੍ਹਾਂ ਇਸ ਰਿਜ਼ਕ ਦੀ ਪ੍ਰਾਪਤੀ ਲਈ ਕੇਵਲ ਮਨੁੱਖ ਹੀ ਨਹੀ ਬਲਕਿ ਪੰਛੀ ਆਪਣੇ ਘੋਂਸਲਿਆਂ `ਚੋਂ, ਸੱਪ ਬਿਲਾਂ ਚੋਂ, ਕੀੜੇ ਮਕੌੜੇ ਆਪਣੀਆਂ ਖੁੱਡਾਂ ਚੋਂ, ਜੰਗਲੀ ਜਾਨਵਰ ਆਪਣੀਆਂ ਗੁਫ਼ਾਫ਼ਾਂ ਚੋਂ, ਫੁਲ, ਬਨਸਪਤੀ, ਅਨਾਜ, ਆਦਿ ਬੇਅੰਤ ਪ੍ਰਕਾਰ ਦੀਆਂ ਵਸਤਾਂ ਦੇ ਸਰੀਰਾਂ `ਚ ਇਹ ਉੱਦਮ ਵਾਲਾ ਨਿਯਮ ਕਿਵੇਂ ਚਲ ਰਿਹਾ ਹੈ ਇਹ ਵੀ ਕਰਤਾ ਹੀ ਜਾਣਦਾ ਹੈ।

ਇਸ ਤੋਂ ਬਾਅਦ ਮਨੁੱਖ ਦੇ ਰਜ਼ਾ `ਚ ਰਹਿੰਦੇ ਕਿਹੋ ਜਿਹਾ ਤੇ ਕਿਵੇਂ ਦਾ ਉਦਮ ਕਰਣਾ ਹੈ ਫ਼ੁਰਮਾਨ ਹੈ “ਉਦਮੁ ਕਰੇਦਿਆ ਜੀਉ ਤੂੰ, ਕਮਾਵਦਿਆ ਸੁਖ ਭੁੰਚੁ॥ ਧਿਆਇਦਿਆ ਤੂੰ ਪ੍ਰਭੂ ਮਿਲੁ, ਨਾਨਕ ਉਤਰੀ ਚਿੰਤ” (ਪੰ: ੫੨੨) ਬਲਕਿ ਰਜ਼ਾ ਤੇ ਗੁਰਬਾਣੀ ਆਗਿਆ-ਸਿਖਿਆ ਤੋਂ ਬਾਹਿਰ ਜਾ ਕੇ ਕਿਸ ਤਰ੍ਹਾਂ ਦੇ ਉਦਮ ਕਰਦਾ ਤੇ ਕੀਤੇ ਜਾ ਰਹੇ ਹਨ ਅਜਿਹੇ ਉਦਮਾਂ ਲਈ ਤਾਂ ਕਿਸੇ ਮਿਸਾਲ ਜਾਂ ਵੇਰਵੇ ਦੀ ਵੀ ਲੋੜ ਨਹੀਂ।

(੧੪) ਮਨੁੱਖ ਤੇ ਬਾਕੀ ਜੂਨੀਆਂ ਵਿਚਕਾਰ ਹੋਰ ਸਾਂਝੀਆਂ ਕੜੀਆਂ-ਸਮਸਤ ਜੂਨੀਆਂ ਦੇ ਜੀਵਾਂ ਦੀ ਸਾਂਝ ਕੇਵਲ ਜਨਮ-ਮਰਣ, ਰਿਜ਼ਕ, ਧੰਦੇ ਤੇ ਇਨ੍ਹਾਂ `ਚ ਸੁਰਤ ਆਦਿ ਦੀ ਹੋਂਦ ਤੀਕ ਹੀ ਸੀਮਿਤ ਨਹੀਂ। ਬਲਕਿ ਇਨ੍ਹਾਂ ਸਾਂਝਾਂ ਤੋਂ ਇਲਾਵਾ ਵੀ ਮਨੁੱਖ ਜੂਨੀ ਅਤੇ ਬਾਕੀ ਜੂਨੀਆਂ ਦੇ ਜੀਵਨ `ਚ ਹੋਰ ਵੀ ਅਨੇਕ ਵਿਸ਼ਿਆਂ ਤੇ ਸਾਂਝ ਹੈ ਜਿਵੇਂ:

(ੳ) ਹਰੇਕ ਜੂਨੀ `ਚ ਹਰੇਕ ਜੀਵ ਨੂੰ ਭੁੱਖ ਲਗਦੀ ਹੈ ਤੇ ਪਿਆਸ ਵੀ।

(ਅ) ਹਰੇਕ ਜੂਨੀ `ਚ ਥਕਾਵਟ ਹੁੰਦੀ ਹੈ ਤੇ ਨੀਂਦ ਵੀ ਆਉਂਦੀ ਹੈ।

(ੲ) ਹਰੇਕ ਜੂਨੀ `ਚ ਥਕਾਵਟ ਤੋਂ ਬਾਅਦ ਆਰਾਮ, ਉਪ੍ਰੰਤ ਸੋਣ ਤੇ ਜਾਗਣ ਦਾ ਨਿਯਮ ਵੀ ਹਰੇਕ ਜੀਵ ਸ਼੍ਰੇਣੀ `ਚ ਚਲ ਰਿਹਾ ਹੈ। ਇਸੇ `ਚ ਹਰੇਕ ਜੂਨੀ ਦੇ ਜੀਵਨ ਦਾ ਵਿਕਾਸ ਵੀ ਹੰਦਾ ਹੈ।

(ਸ) ਸਰੀਰ-ਸਰੀਰ ਅਨੁਸਾਰ ਦੁਖ-ਤਕਲੀਫ਼ਾਂ-ਬਿਮਾਰੀਆਂ ਵਾਲੀ ਗੱਲ ਵੀ ਹਰੇਕ ਜੀਵ ਸ਼੍ਰੇਣੀ `ਚ ਚਲਦੀ ਹੈ; ਮਿਸਾਲ ਵਜੋਂ ਜਿਵੇਂ ਮਨੁੱਖ ਤਾਂ ਕੀ ਪੇੜ-ਪੌਦਿਆਂ, ਫਲਾਂ, ਸਬਜ਼ੀਆਂ, ਫ਼ਸਲਾਂ ਆਦਿ ਨੂੰ ਉਨ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਣ ਲਈ ਸੰਸਾਰ ਭਰ `ਚ ਉਨ੍ਹਾਂ `ਤੇ ਅਰਬਾਂ-ਖਰਬਾਂ ਦੀਆਂ ਦੁਆਈਆਂ ਛਿੜਕੀਆਂ ਜਾ ਰਹੀਆਂ ਹਨ ਅਤੇ ਇਸ ਵਿਸ਼ੇ `ਤੇ ਅੱਜ ਵੀ ਖੋਜਾਂ ਚੱਲ ਰਹੀਆਂ ਹਨ। ਇਸੇ ਤਰ੍ਹਾਂ ਬਹੁਤ ਘੱਟ ਪਰ ਫ਼ਿਰ ਵੀ ਪਸ਼ੂਆਂ-ਪੰਛੀਆਂ-ਕੁਤਿਆਂ ਆਦਿ ਲਈ ਵੀ ਹਸਪਤਾਲ ਹੁੰਦੇ ਹਨ, ਜਦਕਿ ਇਹ ਵਿਸ਼ਾ ਮਨੁੱਖ ਦੀ ਸੀਮਾ `ਚ ਨਹੀਂ ਇਥੇ ਤਾਂ ਕੇਵਲ ਇੱਕ ਮਿਸਾਲ ਵਜੋਂ ਹੀ ਹੈ।

(ਹ) ਹਰੇਕ ਜੂਨੀ `ਚ ਸਰੀਰਾਂ `ਤੇ ਚੋਟਾਂ ਦਾ ਲਗਣਾ; ਚੋਟਾਂ-ਬਿਮਾਰੀਆਂ ਕਾਰਨ ਸਰੀਰਾਂ `ਚ ਦਰਦਾਂ, ਤਕਲੀਫ਼ਾਂ ਦਾ ਹੋਣਾ। ਉਪ੍ਰੰਤ ਦਰਦਾਂ-ਤਕਲੀਫ਼ਾਂ ਕਾਰਨ ਜੀਵਾਂ ਦਾ ਤੜਪਣਾ ਵੀ ਹਰੇਕ ਜੂਨੀ `ਚ ਚੱਲ ਰਿਹਾ ਹੈ।

(ਕ) ਆਪਣੇ ਸਥਾਨ ਤੋਂ ਦੌੜ-ਭਜ ਕਰ ਸਕਣ ਵਾਲੀਆਂ ਜੂਨੀਆਂ ਦਾ ਕਿਸੇ ਬਾਹਰਲੀ ਕੁੱਟ ਮਾਰ, ਚੋਟ, ਹਮਲੇ ਤੋਂ ਆਪਣੇ ਆਪ ਨੂੰ ਬਚਾਉਣ ਲਈ ਇਧਰ ਉਧਰ ਦੌੜਣਾ ਤੇ ਛਿਪਣਾ ਜਾਂ ਗ਼ਾਇਬ ਹੋ ਜਾਣਾ: ਇਹ ਕ੍ਰਮ ਵੀ ਅਜਿਹੀ ਹਰੇਕ ਜੂਨੀ `ਚ ਦੇਖਿਆ ਜਾ ਸਕਦਾ ਹੈ।

(ਖ) ਜਨਮ ਤੋਂ ਬਾਅਦ ਬਚਪਣ, ਜੁਆਨੀ ਤੇ ਬੁੜ੍ਹਾਪਾ; ਇਸ ਤੋਂ ਵੀ ਕੋਈ ਜੂਨ ਨਹੀਂ ਬਚੀ ਹੋਈ।

(ਗ) “ਕੇਤੇ ਬਰਮੇ ਘਾੜਤਿ ਘੜੀਅਹਿ, ਰੂਪ ਰੰਗ ਕੇ ਵੇਸ" (ਬਾਣੀ ਜਪੁ) ਭਾਵ ਮਨੁੱਖ ਸਮੇਤ, ਹਰੇਕ ਜੂਨੀ ਦਾ, ਉਸ ਨਸਲ ਦੇ ਵਾਧੇ ਲਈ ਬੀਜ ਵੀ ਪ੍ਰਭੂ ਨੇ ਉਸੇ ਜੂਨੀ `ਚ ਹੀ ਪਾਇਆ ਤੇ ਸਥਾਪਿਤ ਕੀਤਾ ਹੋਇਆ ਹੈ। ਇਸੇ ਲਈ ਆਪਣੀ ਨਸਲ ਨੂੰ ਅੱਗੇ ਵਧਾਉਣ ਵਾਲੀ ਸਮ੍ਰਥਾ ਤੇ ਖਾਹਿਸ਼ ਵੀ ਕੇਵਲ ਮਨੁੱਖ `ਚ ਹੀ ਬਲਕਿ ਹਰੇਕ ਜੂਨੀ `ਚ ਹੈ।

ਇਸ ਸਾਰੇ ਤੋਂ ਇਲਾਵਾ ਇਸ ਸਬੰਧ `ਚ ਵੈਸੇ ਤਾਂ ਬਹੁਤ ਪਰ ਫ਼ਿਰ ਵੀ ਖਾਸ ਤੌਰ `ਤੇ ਦੋ ਕੜੀਆਂ ਹੋਰ ਹਨ ਜੋ ਮਨੁੱਖ ਸਮੇਤ ਹਰੇਕ ਜੂਨੀ `ਚ ਸਾਂਝੀਆਂ ਹਨ। ਇੱਕ ਹੈ ਜੀਵ-ਜੀਵ ਦੇ ਭੋਜਣ ਜਾਂ ਰਿਜ਼ਕ ਦਾ ਮੂਲ ਆਧਾਰ ਅਤੇ ਦੂਜਾ ਉਨ੍ਹਾਂ ਜੀਵਾਂ ਦੀ ਭਿੰਨ ਭਿੰਨ ਪਾਚਣ ਸ਼ਕਤੀ ਅਥਵਾ ਮੇਅਦਾ ਜਾਂ ਸਟਾਮਿਕ (Stomatch) ਵਾਲਾ ਸਿਲਸਿਲਾ, ਜਿਸ ਦਾ ਵਰਨਣ ਇਸੇ ਗੁਰਮੱਤ ਪਾਠ ਦੀ ਅਗਲੀ ਕਿਸ਼ਤ `ਚ ਕਰਾਂਗੇ। #192s10.02s10#

Including this Self Learning Gurmat Lesson No 192

ਮਨੁੱਖਾ ਜੂਨੀ ਅਤੇ ਬੇਅੰਤ ਜੂਨੀਆਂ

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org




.