.

ੴ ਸਤਿ ਗੁਰ ਪ੍ਰਸਾਦਿ
ਪੰਜਾਬ ਦੇ ਸਿੱਖਾਂ ਨੂੰ ਅਪੀਲ
ਵੀਰੋ, ਭੈਣੋ, ਬੱਚੀਉ ਅਤੇ ਬੱਚਿਉ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਆਉਣ ਵਾਲਾ ਸਮਾ ਤੁਹਾਡੇ ਲਈ, ਕੋਈ ਸੁਖਾਵਾਂ ਸੁਨੇਹਾ, ਨਹੀਂ ਲੈ ਕੇ ਆਉਣ ਵਾਲਾ। ੮੪ ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਇਕਮੁੱਠ ਹੋਏ ਬਗੈਰ, ਕੋਈ ਸਜ਼ਾ ਨਹੀਂ ਹੋਣ ਵਾਲੀ। ਫਿਲਹਾਲ ਸਿੱਖ ਇਕਮੁੱਠ ਹੁੰਦੇ ਨਜ਼ਰ ਨ੍ਹੀਂ ਆ ਰਹੇ, ਜੇ ਕਿਤੇ ੧੦, ੨੦ ਸਾਲ ਮਗਰੋਂ ਇਕੱਠੇ ਹੋ ਵੀ ਗਏ ਤਾਂ, ਤਦ ਤੱਕ ਦੋਸ਼ੀ ਅਪਣੀਆਂ ਉਮਰਾਂ ਭੋਗ ਕੇ ਇਸ ਜਹਾਨ ਤੋਂ ਜਾ ਚੁੱਕੇ ਹੋਣਗੇ।
ਫਿਲਹਾਲ ਤੁਹਾਨੂੰ ਕੇਂਦਰੀ ਏਜੈਂਸੀਆਂ ਅਤੇ ਅਕਾਲੀ-ਬੀ. ਜੇ, ਪੀ, ਦੇ ਦੋਹਾਂ ਪੁੜਾਂ ਵਿਚਾਲੇ ਦਰੜਨ ਲਈ, ੮੪ ਤੋਂ ਪਹਿਲਾਂ ਦਾ ਮਾਹੌਲ ਸਿਰਜਨ ਦੇ ਉਪਰਾਲੇ ਹੋ ਰਹੇ ਹਨ। ੭੮ ਤੋਂ ੯੨ ਵਿਚਾਲੇ ਚੱਲੀ ਹਨੇਰੀ ਨੇ, ਲੱਖਾਂ ਦੀ ਗਿਣਤੀ ਵਿੱਚ ਸਿੱਖ ਚੁਣ ਲਏ ਸਨ। ਹੁਣ ਪੰਜਾਬ ਵਿੱਚ ਫਿਰ, ਸਿੱਖ ਨੌਜਵਾਨ ਨਜ਼ਰ ਆਉਣ ਲੱਗ ਪਏ ਹਨ, ਉਹ ਵੀ ਜਿਨ੍ਹਾਂ ਨੂੰ ੭੮ ਤੋਂ ੯੨ ਵਿਚਾਲਲੇ ਪੰਦਰਾਂ ਸਾਲਾਂ ਵਿੱਚ ਬਹੁਤ ਸੇਕ ਲੱਗਾ ਸੀ, ਉਨ੍ਹਾਂ ਵਿੱਚ ਰੋਹ ਹੋਣਾ ਕੁਦਰਤੀ ਗੱਲ ਹੈ, ਜੋ ਕੇਂਦਰ ਅਤੇ ਪੰਜਾਬ ਸਰਕਾਰ ਲਈ ਸੁਖਾਵੀਂ ਗੱਲ ਨਹੀਂ।
ਇਸ ਲਈ ਰੋਹ ਰੂਪੀ ਅਣਖ ਨੂੰ, ਵੇਲੇ ਦੀ ਉਡੀਕ ਵਿਚ, ਦਿਲ ਵਿੱਚ ਹੀ ਸਾਂਭਦੇ ਹੋਏ, ਵਿਚਾਰ ਅਤੇ ਦਲੀਲ ਦਾ ਰਾਹ ਅਪਨਾਉ, ਉਸ ਨਾਲ ਸੂਝ ਵਧੇਗੀ, ਆਉਣ ਵਾਲੇ ਸਮੇ ਦੇ ਟਾਕਰੇ ਲਈ ਚੰਗੀ ਵਿਉਂਤਬੰਦੀ ਕਰ ਸਕੋਗੇ। ਕਿਸੇ ਵੀ ਸਿਆਸੀ ਬੰਦੇ, ਜਾਂ ਡੇਰੇਦਾਰ ਦੇ ਭੜਕਾਵੇ ਵਿੱਚ ਨਾ ਆਉ। ਅਪਣੀ ਮੇਹਨਤ ਦੀ ਕਮਾਈ ਨੂੰ ਅਪਣੇ ਘਰ, ਅਪਣੇ ਬੱਚਿਆਂ ਦੀ ਪੜ੍ਹਾਈ, ਅਪਣੇ ਪੜੋਸੀ ਦੇ ਭਲੇ, ਪੰਥ ਦੇ ਭਲੇ ਤੇ ਲਾਉਣ ਤੋਂ ਇਲਾਵਾ ਹੋਰ ਕਿਤੇ ਨਾ ਲਾਵੋ।
ਗੁਰਦਵਾਰਿਆਂ ਦੇ ਪੱਥਰਾਂ, ਸੋਨੇ ਦੇ ਕਲਸਾਂ, ਸੋਨੇ ਦੀਆਂ ਪਾਲਕੀਆਂ ਤੇ, ਡੇਰਦਾਰਾਂ ਦੇ ਡੇਰਿਆਂ, ਪੁਜਾਰੀ ਲਾਣੇ ਦੀ ਐਸ਼ ਲਈ, ਵਿਖਾਵੇ ਦੇ ਜਲੂਸਾਂ ਤੇ ਬਹਤ ਪੈਸਾ ਖਰਚ ਲਿਆ, ਹੁਣ ਇਹ ਬੰਦ ਕਰ ਦੇਵੋ। ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਨਹੀਂ ਲਿਖਿਆ ਕਿ, ਗੁਰਦਵਾਰੇ ਵਿੱਚ ਪੈਸਾ ਚੜ੍ਹਾਉਣ ਨਾਲ ਰੱਬ ਜਾਂ ਗੁਰੂ ਮਿਹਰਬਾਨ ਹੁੰਦਾ ਹੈ। ਗੁਰੂ, ਸ਼ਬਦ ਦੀ ਵਿਚਾਰ ਆਸਰੇ ਪਰਮਾਤਮਾ ਨੂੰ ਸਮਝਣ ਨਾਲ ਖੁਸ਼ ਹੁੰਦਾ ਹੈ। ਪ੍ਰਭੂ, ਉਸ ਦੇ ਹੁਕਮ, ਉਸ ਦੇ ਬਣਾਏ ਨਿਯਮ ਕਾਨੂਨਾਂ ਦੀ ਪਾਲਣਾ ਕਰਨ ਨਾਲ ਖੁਸ਼ ਹੁੰਦਾ ਹੈ। ਸ਼ਬਦ ਦੀ ਵਿਚਾਰ ਆਸਰੇ, ਕਰਤਾਰ ਦੀ ਰਜ਼ਾ ਨੂੰ ਸਮਝਣ ਦਾ ਯਤਨ ਕਰੋ, ਉਸ ਅਨੁਸਾਰ ਜੀਵਨ ਢਾਲਣ ਦੀ ਕੋਸ਼ਿਸ਼ ਕਰੋ।
ਜੋ ਪੈਸਾ ਮਾਨਵਤਾ ਦੀ ਭਲਾਈ ਲਈ ਖਰਚ ਨਾ ਹੋਵੇ, ਉਹ ਸਮਾਜ ਵਿੱਚ ਗੰਦ ਪੈਦਾ ਕਰ ਕੇ, ਇੰਸਾਨੀਅਤ ਨੂੰ ਗਰਤ ਵੱਲ ਲਿਜਾਣ ਦਾ ਕਾਰਨ ਬਣਦਾ ਹੈ। ੧੫ ਸਾਲ ਝੁੱਲੀ ਹਨੇਰੀ ਵਿੱਚ ਬੇਗਿਣਤ ਅਕਾਲੀ ਦਲਾਂ, ਸੰਤਾਂ, ਬ੍ਰਹਮਗਿਆਨੀਆਂ, ਮਹਾਂਪੁਰਖਾਂ ਦੇ ਵੱਗਾਂ ਨੇ ਪੰਥ ਦਾ ਕੁੱਝ ਨਹੀਂ ਸਵਾਰਿਆ, ਉਲਟਾ ਲੁੱਟ ਲੁੱਟ ਕੇ ਅਪਣੀਆਂ ਗੋਗੜਾਂ, ਡੇਰਿਆਂ ਦਾ ਆਕਾਰ ਅਤੇ ਬੈਂਕ ਬੈਲੈਂਸ ਹੀ ਵਧਾਇਆ ਹੈ, ਕਿਸੇ ਤੇ ਵਿਸ਼ਵਾਸ ਕਰਨ ਦੀ ਕੋਈ ਲੋੜ ਨਹੀਂ। ਘਰ ਵਿੱਚ ਲਾਇਆ ਪੈਸਾ, ਤੁਹਾਡੀਆਂ ਘਰੇਲੂ ਮੁਸ਼ਕਲਾਂ ਹੱਲ ਕਰੇਗਾ। ਬੱਚਿਆਂ ਦੀ ਪੜ੍ਹਾਈ ਤੇ ਲਾਇਆ ਪੈਸਾ, ਪੰਥ ਦੇ ਭਵਿੱਖ ਨੂੰ ਉਜਲਾ ਕਰੇ ਗਾ। ਪੜੋਸੀਆਂ ਦੀ ਮਦਦ ਲਈ ਲਾਇਆ ਪੈਸਾ, ਸਮਾਜ ਵਿੱਚ ਤੁਹਾਡੀ ਸੁਰੱਖਿਆ ਦਾ ਸਾਧਨ ਬਣੇਗਾ। ਤੁਹਾਡੇ ਬੱਚੇ ਵੇਹਲੇ ਰਹਣ ਕਾਰਨ, ਨਸ਼ਿਆਂ ਅਤੇ ਵਿਭਚਾਰ ਦਾ ਸ਼ਿਕਾਰ ਹੋ ਰਹੇ ਹਨ, ਉਨ੍ਹਾਂ ਨੂੰ ਕਿਰਤ ਨਾਲ ਜੋੜੋ, ਇਹੀ ਤੁਹਾਡੇ ਅਤੇ ਪੰਥ ਦੇ ਭਲੇ ਵਿੱਚ ਹੈ।
ਇਨ੍ਹਾਂ ਸਾਰਿਆਂ ਕੰਮਾਂ ਦੀ ਸ਼ੁਰੂਆਤ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਕੇ, ਗੁਰਬਾਣੀ ਨੂੰ ਸਮਝ ਕੇ, ਉਸ ਅਨੁਸਾਰ ਜੀਵਨ ਢਾਲ ਕੇ ਹੀ ਕੀਤੀ ਜਾ ਸਕਦੀ ਹੈ, ਉਹੀ ਤੁਹਾਡੇ ਆਤਮ ਬਲ ਨੂੰ ਉਚਾਈ ਵਲ ਲੈ ਜਾਣ ਦਾ ਜ਼ਾਮਨ ਹੈ।
ਸਮਾਜਕ ਜੀਵਨ ਵਿਚ, ਜਥੇਬੰਦ ਹੋਣਾ ਵੀ ਜ਼ਰੂਰੀ ਹੈ ਫਿਲਹਾਲ ਤੁਹਾਡੇ ਕੋਲ ਇੱਕ ਜਥੇਬੰਦੀ ਹੈ, ਅਕਾਲੀ ਦਲ, ਯੂ, ਕੇ, ਹਾਲ ਦੀ ਘੜੀ ਉਹ ਕਿਸੇ ਕੋਲ ਵਿਕਿਆ ਹੋਇਆ ਨਹੀਂ ਹੈ। ਪੰਥ ਵਿੱਚ ਸੁਧਾਰ ਲਿਆਉਣ ਦਾ ਚਾਹਵਾਨ ਵੀ ਹੈ। ਸਿੱਖੀ ਦੀ ਗੱਲ ਧੜੱਲੇ ਨਾਲ ਕਹਿਣ ਦੀ ਹਿੱਮਤ ਵੀ ਰੱਖਦਾ ਹੈ। ਫਿਲਹਾਲ ਸ੍ਰ ਜਸਜੀਤ ਸਿੰਘ ਦੇ ਜਜ਼ਬੇ ਨੂੰ ਵੇਖਦਿਆਂ ਇਹ ਵੀ ਪਰਤੀਤ ਹੁੰਦਾ ਹੈ ਕਿ ਉਹ ਕਿਸੇ ਅੜੇ-ਥੁੜੇ ਵੇਲੇ ਤੁਹਾਡੀ ਬਾਂਹ ਵੀ ਫੜੇਗਾ। ਪਰ ਖਿਆਲ ਰੱਖਣਾ ਕਿ ਇਹ ਸਾਰਾ ਕੁੱਝ ਤਦ ਹੀ ਸੰਭਵ ਹੈ ਜੇ ਤੁਸੀਂ ਉਸ ਦੀ ਮਦਦ ਦੇ ਨਾਲ ਉਸ ਤੇ ਕੁੰਡਾ ਵੀ ਰੱਖ ਸਕੇ।
ਖੁਸ਼ਾਮਦੀ ਬੰਦੇ ਬਹੁਤ ਚੰਗੇ ਬੰਦਿਆਂ ਨੂੰ ਵੀ ਵਿਗਾੜ ਦੇਂਦੇ ਹਨ, ਅਤੇ ਪੰਜਾਬ ਵਿੱਚ ਖੁਸ਼ਾਮਦੀ ਅਤੇ ਸਰਕਾਰੀ ਜ਼ਰਖਰੀਦ ਬੰਦਿਆਂ ਦੀ ਘਾਟ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਨੇ ਜਦ ਪੰਜਾਬ ਵਿਧਾਨ ਸਭਾ ਵਿਚ, ਪੰਜਾਬ ਦੇ ਪਾਣੀ ਦੀ ਹਿਫਾਜ਼ਤ ਵਾਸਤੇ ਬਿਲ ਪਾਸ ਕਰ ਦਿੱਤਾ ਤਾਂ ਕੇਂਦਰੀ ਮੰਤ੍ਰੀਆਂ, ਕੇਂਦਰੀ ਏਜੈਂਸੀਆਂ ਨੇ ਖੁਲ੍ਹ ਕੇ ਰੌਲਾ ਪਾਇਆ ਸੀ ਕਿ ਭਾਰਤ ਵਿੱਚ ਕਸ਼ਮੀਰ ਮਗਰੋਂ ਪੰਜਾਬ ਹੀ ਅਜਿਹਾ ਸੂਬਾ ਹੈ, ਜਿਸ ਵਿੱਚ ਕੇਂਦਰੀ ਏਜੈਂਸੀਆਂ, ਸਭ ਤੋਂ ਵੱਧ ਕੰਮ ਕਰ ਰਹੀਆਂ ਹਨ, (ਇਹ ਚੌਕਸੀ ਰੱਖ ਰਹੀਆਂ ਹਨ ਕਿ ਪੰਜਾਬ ਵਿੱਚ ਸਿੱਖਾਂ ਦੇ ਹੱਕ ਦਾ ਕੋਈ ਕੰਮ ਨਾ ਹੋ ਜਾਵੇ) ਫਿਰ ਉਨ੍ਹਾਂ ਨੂੰ ਅਗਾਊਂ ਕਿਉਂ ਖਬਰ ਨਹੀਂ ਲੱਗੀ ਕਿ ਕਿ ਪੰਜਾਬ ਵਿਧਾਨ ਸਭਾ ਕੋਈ ਅਜਿਹਾ ਬਿੱਲ ਪਾਸ ਕਰਨ ਜਾ ਰਹੀ ਹੈ?
ਏਸੇ ਦਾ ਫੱਲ, ਭਾਰਤ ਦੀਆਂ ਦੋਵਾਂ ਪਾਰਟੀਆਂ (ਕਾਂਗਰਸ ਅਤੇ ਬੀ, ਜੇ, ਪੀ,) ਤੇ ਹਾਵੀ ਹਿੰਦੂ ਥਿੰਕ ਟੈਂਕ ਨੇ, ਹਿੰਦੂ ਵੋਟਾਂ, ਅਮਰਿੰਦਰ ਸਿੰਘ ਦੇ ਵਿਰੁੱਧ ਭੁਗਤਾ ਕੇ, ਉਸ ਵਿਰੁੱਧ ਕਾਂਗਰਸ ਵਿੱਚ ਮਾਹੌਲ ਬਣਾ ਕੇ ਦਿੱਤਾ ਸੀ। ਬ੍ਰਾਹਮਣਵਾਦੀ ਸ਼ਕਤੀਆਂ ਲਈ ਪੰਜਾਬ ਵਿੱਚ ਉਹੀ ਬੰਦਾ ਭਲਾ ਹੈ, ਜੋ ਸਿੱਖਾਂ ਅਤੇ ਸਿੱਖੀ ਦਾ ਘਾਣ ਕਰ ਸਕੇ। ਇਹ ਸਾਰੀਆਂ ਗੱਲਾਂ ਸ੍ਰ. ਜਸਜੀਤ ਸਿੰਘ ਦੇ ਸਮਝਣ ਦੀਆਂ ਹਨ। ਉਸ ਨੂੰ ਅਪਣੇ ਸਲਾਹਕਾਰਾਂ ਤੇ ਖਾਸ ਨਿਗਾਹ ਰੱਖਣ ਦੀ ਲੋੜ ਹੈ। ਜੇ ਉਹ ਵੀ ਦੂਸਰੇ ਅਕਾਲੀ ਦਲਾਂ ਦੇ ਰਾਹ ਚੱਲ ਪਿਆ ਤਾਂ ਪੰਥ ਦਾ ਤਾਂ ਵਿਗੜਨਾ ਕੁੱਝ ਨਹੀਂ, ਕਿਉਂਕਿ ਫਿਲਹਾਲ ਪੰਥ ਕੋਲ ਵਿਗੜਨ ਜੋਗਾ ਕੁੱਝ ਹੈ ਹੀ ਨਹੀਂ, ਪਰ ਅਕਾਲੀ ਦਲ ਯੂ, ਕੇ, ਜ਼ਰੂਰ ਅਕਾਲੀ ਦਲਾਂ ਦੀ ਭੀੜ ਵਿੱਚ ਗਵਾਚ ਜਾਵੇਗਾ।
ਪਰ ਉਹ ਉਸ ਪਰਵਾਰ ਵਿਚੋਂ ਹੈ ਜਿਸ ਤੇ ਅਜੇ ਤੱਕ ਕੋਈ ਗੰਭੀਰ ਦੋਸ਼ ਨਹੀਂ ਹੈ। ਪੰਜਾਬ ਦੇ ਹਾਲਾਤ ਨੂੰ ਬਦਲਣ ਦੀ ਇਸ ਜਥੇਬੰਦੀ ਤੋਂ ਕੁੱਝ ਆਸ ਕੀਤੀ ਜਾ ਸਕਦੀ ਹੈ। ਪੰਜਾਬ ਦਿਆਂ, ਖੁੰਬਾਂ ਵਾਙ ਉਗੇ ਅਕਾਲੀ ਦਲਾਂ ਤੇ ਜੋਰ ਪਾ ਕੇ, ਸ਼੍ਰੋਮਣੀ ਕਮੇਟੀ ਦੀਆਂ ਚੋਣਾ ਵਿਚ, ਬਾਦਲ ਦਲ ਦੇ ਮੁਕਾਬਲੇ ਤੇ ਇਕੋ ਉਮੀਦਵਾਰ ਖੜਾ ਕਰਨਾ ਨਿਸਚਿਤ ਕਰੋ। ਜਿਹੜੀ ਪਾਰਟੀ ਤੁਹਾਡੀ ਗੱਲ ਨਹੀਂ ਮੰਨਦੀ, ਸਮਝੋ ਉਹ ਅੰਦਰ ਖਾਤੇ ਬਾਦਲ ਦਾ ਸਾਥ ਦੇ ਰਹੀ ਹੈ। ਉਸ ਨੂੰ ਬਿਲਕੁਲ ਹੀ ਨਕਾਰ ਦੇਵੋ। ਜੇ ਇਸ ਵਾਰ ਵੀ ਤੁਸੀ, ਸ਼੍ਰੋਮਣੀ ਕਮੇਟੀ, ਬਦਲਣ ਵਿੱਚ ਸਫਲ ਨਾ ਹੋਏ ਤਾਂ ਸਮਝ ਲੈਣਾ ਕਿ ਸਿੱਖੀ ਦਾ ਭੋਗ ਪਾਉਣ ਤੋਂ ਕੋਈ ਨਹੀਂ ਰੋਕ ਸਕਦਾ। ਤੁਸਾਂ ਨੂੰ ਅਸਲ ਟੇਕ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਅਨੁਸਾਰ, ਸਮਾਜ ਨੂੰ ਢਾਲਣ ਤੇ ਰੱਖਣੀ ਚਾਹੀਦੀ ਹੈ, ਬੰਦਿਆਂ ਤੇ ਨਹੀਂ।
ਸੰਪਾਦਕੀ ਬੋਰਡ
ਸਿੱਖ ਮਾਰਗ
(ਨੋਟ:- ‘ਸਿੱਖ ਮਾਰਗ’ ਕਿਉਂਕਿ ਇੱਕ ਨਿਰੋਲ ਧਾਰਮਿਕ ਸਾਈਟ ਹੈ ਇਸ ਲਈ ਇਸ ਦਾ ਕਿਸੇ ਵੀ ਰਾਜਸੀ ਪਾਰਟੀ ਨਾਲ ਕੋਈ ਵੀ ਸੰਬੰਧ ਨਹੀਂ ਹੈ। ਪਰ ਰਾਜਸੀ ਲੋਕ ਧਾਰਮਿਕ ਅਦਾਰਿਆਂ ਤੇ ਕਬਜ਼ੇ ਕਰਕੇ ਸਿੱਖੀ ਦਾ ਬੇਅੰਤ ਨੁਕਸਾਨ ਕਰ ਚੁੱਕੇ ਹਨ ਅਤੇ ਕਰਦੇ ਜਾ ਰਹੇ ਹਨ। ਇਸ ਤੋਂ ਹਰ ਸੂਝਵਾਨ ਸਿੱਖ ਚਿੰਤਤ ਹੈ। ਦੇਖਣ ਤੋਂ ਅਤੇ ਨਾਮ ਤੋਂ ਭਾਵੇਂ ਅਕਾਲੀ ਦਲ ਯੂ. ਕੇ. ਇੱਕ ਰਾਜਸੀ ਪਾਰਟੀ ਲਗਦੀ ਹੈ ਪਰ ਇਸ ਵੇਲੇ ਇਸ ਦਾ ਜੋ ਮੁੱਖ ਮੁੱਦਾ ਹੈ ਉਹ ਹੈ ਸ਼੍ਰੋਮਣੀ ਕਮੇਟੀ ਵਿੱਚ ਚੰਗੇ ਬੰਦੇ ਭੇਜ ਕੇ ਸੁਧਾਰ ਲਿਆਉਣਾ। ਜੋ ਕਿ ਨਿਰੋਲ ਧਾਰਮਿਕ ਕੰਮ ਹੈ, ਇਸੇ ਲਈ ਇਸੇ ਦੇ ਹੱਕ ਵਿੱਚ ਇਹ ਲਿਖਿਆ ਹੈ)
.