.

ੴਸਤਿਗੁਰਪ੍ਰਸਾਦਿ
ਸਤਿਕਾਰਤ ਵੀਰ ਜੀਓ!
ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫਤਹਿ॥

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ੧੧ ਅਪ੍ਰੈਲ ੨੦੧੦ ਨੂੰ ਦਿੱਲ਼ੀ ਵਿਖੇ ਇੱਕ ਪੰਥਕ ਕਨਵੈਨਸ਼ਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ, ਜਿਸ ਵਾਸਤੇ ਸਾਰੇ ਪੰਥ ਨੂੰ ਖੁੱਲੇ ਸੱਦੇ ਦਿਤੇ ਜਾ ਰਹੇ ਹਨ। ਪਿਛਲੀਆਂ ਕੁੱਝ ਮੀਟਿੰਗਾ ਵਿੱਚ, ਜੋ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਹੀ, ਬੁਲਾਰਿਆਂ ਉਤੇ ਅਖੌਤੀ ਜਥੇਦਾਰਾਂ ਵਿਰੁਧ ਕੁੱਝ ਨਾ ਬੋਲਣ ਦੇ ਹੁਕਮ ਚੜ੍ਹਾ ਦਿਤੇ ਜਾਂਦੇ ਹਨ ਅਤੇ ਵਿਸ਼ੇਸ਼ ਤੌਰ ਤੇ ਅਖੌਤੀ ਜਥੇਦਾਰਾਂ ਵਲੋਂ ਪ੍ਰੌ. ਦਰਸ਼ਨ ਸਿੰਘ ਜੀ ਨੂੰ ਪੰਥ ਵਿੱਚੋਂ ਛੇਕਣ ਦੇ ਗੈਰ ਸਿਧਾਂਤਕ, ਗੈਰ ਇਖਲਾਕੀ ਹੁਕਮਨਾਮੇਂ ਤੋਂ ਬਾਅਦ ਸਰਨਾ ਸਾਹਿਬ ਅਤੇ ਉਨ੍ਹਾਂ ਦੇ ਸਾਥੀ, ਸਹਿਯੋਗੀਆਂ ਵਲੋਂ ਜੋ ਰਵੱਈਆ ਅਖਤਿਆਰ ਕੀਤਾ ਗਿਆ ਹੈ, ਉਹ ਅਤਿ ਨਿਰਾਸ਼ਾ ਜਨਕ ਹੈ, ਇਸ ਵਾਸਤੇ ਇਸ ਕਨਵੈਸ਼ਨ ਦੇ ਨਤੀਜਿਆਂ ਤੋਂ ਬਹੁਤੀ ਆਸ ਨਹੀਂ ਰੱਖੀ ਜਾ ਸਕਦੀ। ਇਸ ਤੋਂ ਵੀ ਵਧੇਰੇ ਜਿਨ੍ਹਾਂ ਲੋਕਾਂ ਨੂੰ ਅੱਗੇ ਲਾ ਕੇ ਇਹ ਕਨਵੈਨਸ਼ਨ ਸੱਦੀ ਗਈ ਹੈ, ਉਸ ਨੇ ਪੰਥ ਨੂੰ ਬਿਲਕੁਲ ਹੀ ਨਿਰਾਸ਼ ਕਰ ਦਿੱਤਾ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਰਨਾ ਭਰਾਵਾਂ ਵਿੱਚ ਵੱਡਾ ਇਕੱਠ ਕਰਨ ਦੀ ਸਮਰਥਾ ਹੈ, ਵਿਸ਼ੇਸ਼ ਕਰਕੇ ਇਸ ਵੇਲੇ ਜਦੋਂ ਕੌਮ ਦੀ ਭਾਵਨਾਵਾਂ ਕਾਫੀ ਭੜਕੀਆਂ ਹੋਈਆਂ ਹਨ ਅਤੇ ਆਮ ਸਿੱਖ ਸਰਨਾ ਸਾਹਿਬ ਨੂੰ ਪ੍ਰੋ. ਦਰਸ਼ਨ ਸਿੰਘ ਦਾ ਹਿਤੂ ਸਮਝ ਰਹੇ ਹਨ। ਦਾਸ ਵੀ ਇਹ ਸਮਝਦਾ ਹੈ ਕਿ ਸਾਨੂੰ ਵੀ ਨਿਰਾਸ਼ਾ ਦੇ ਆਲਮ ਵਿੱਚ ਪਹਿਲਾਂ ਹੀ ਹਥਿਆਰ ਨਹੀਂ ਸੁਟ ਦੇਣੇ ਚਾਹੀਦੇ ਅਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਸ ਵੱਡੇ ਪੰਥਕ ਇਕੱਠ ਵਿਚੋਂ ਕੌਮ ਲਈ ਕੋਈ ਸਾਰਥਕ ਨਤੀਜੇ ਕੱਢ ਸਕੀਏ। ਇਹ ਤਾਂ ਹੀ ਸੰਭਵ ਹੈ ਜੇ ਉਥੇ ਉਹ ਮਤੇ ਪਾਸ ਕੀਤੇ ਜਾਣ, ਜੋ ਅਜ ਕੌਮ ਨੂੰ ਭੰਬਲਭੂਸਿਆਂ ਵਿੱਚੋਂ ਕੱਢ ਕੇ ਇੱਕ ਸਪਸ਼ਟ ਅਗਵਾਈ ਦੇਂਦੇ ਹੋਣ। ਸ਼੍ਰੋਮਣੀ ਖ਼ਾਲਸਾ ਪੰਚਾਇਤ ਆਪਣੇ ਵਲੋਂ ਪੰਥ ਅੱਗੇ, ਅੱਜ ਕੌਮ ਦੇ ਅਤਿ ਮਹੱਤਵ ਪੂਰਨ ਅਤੇ ਲੋੜੀਂਦੇ ਵਿਸ਼ਿਆਂ ਤੇ ਮਤਿਆਂ ਦਾ ਖਰੜਾ ਪੇਸ਼ ਕਰ ਰਹੀ ਹੈ। ਪੰਥਕ ਸ਼ਕਸੀਅਤਾਂ ਅਤੇ ਸੰਸਥਾਵਾਂ ਇਨ੍ਹਾਂ ਮਤਿਆਂ ਨੂੰ ਵਿਚਾਰ ਕੇ, ਇਸ ਗੱਲ ਵਾਸਤੇ ਜੋਰ ਪਾਉਣ ਕਿ ਇਸ ਕਨਵੈਨਸ਼ਨ ਵਿੱਚ ਇਨ੍ਹਾਂ ਮਤਿਆਂ ਨੂੰ ਪੇਸ਼ ਕੀਤਾ ਜਾਵੇ, ਤਾਕਿ ਇਸ ਕਨਵੈਨਸ਼ਨ ਦੇ ਕੋਈ ਸਾਰਥਕ ਨਤੀਜੇ ਨਿਕਲ ਸਕਣ ਅਤੇ ਇਹ ਕੇਵਲ ਸਿਆਸੀ ਡਰਾਮਾ ਬਣ ਕੇ ਨਾ ਰਹਿ ਜਾਵੇ।
ਧੰਨਵਾਦ ਸਹਿਤ,
ਪੰਥ ਦਾ ਨਿਮਾਣਾ ਦਾਸ,
ਰਾਜਿੰਦਰ ਸਿੰਘ (ਮੁੱਖ ਸੇਵਾਦਾਰ)
ਸ਼੍ਰੋਮਣੀ ਖਾਲਸਾ ਪੰਚਾਇਤ

***********************************************************************************************

ੴਸਤਿਗੁਰਪ੍ਰਸਾਦਿ
ਦਿੱਲੀ ਦੇ ਵਿਸ਼ਵ ਸਿੱਖ ਸੰਮੇਲਨ ਵਿੱਚ ਪੇਸ਼ ਕੀਤੇ ਜਾਣ ਵਾਲੇ ਮਤਿਆਂ ਬਾਰੇ ਸੁਝਾਅ:

1. ਸਤਿਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਆਪਣੇ ਅਕਾਲ ਪਾਇਆਣੇ ਤੋਂ ਪਹਿਲਾਂ, ਆਪ ਸਿੱਖ ਕੌਮ ਨੂੰ ਆਦੇਸ਼ ਕੀਤਾ ਸੀ ਕਿ ਅਗੋਂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਸਿੱਖ ਕੌਮ ਦੇ ਸਤਿਗੁਰੂ ਹੋਣਗੇ। ਇਸ ਲਈ ਕਿਸੇ ਹੋਰ ਕਿਤਾਬ ਵਾਸਤੇ ਗੁਰੂ ਸ਼ਬਦ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ, ਅਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਅਤੇ ਵਾਂਗ ਕਿਸੇ ਹੋਰ ਪੁਸਤਕ ਦਾ ਪ੍ਰਕਾਸ਼ ਕੀਤਾ ਜਾ ਸਕਦਾ ਹੈ। ਇਹ ਗੱਲ ਸਿੱਖ ਰਹਿਤ ਮਰਿਯਾਦਾ ਵਿੱਚ ਵੀ ਸਪਸ਼ਟ ਹੈ। ਸਤਿਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੇ ਆਪਣੇ, ਇਤਨੇ ਸਪਸ਼ਟ ਆਦੇਸ਼ ਦੇ ਬਾਵਜੂਦ ਵੀ, ਕੁੱਝ ਭੁੱਲੜ ਸਿੱਖੀ ਸਰੂਪ ਵਾਲੇ ਵਿਅਕਤੀਆਂ ਵਲੋਂ, ਨਾ ਕੇਵਲ ਬਚਿਤ੍ਰ ਨਾਟਕ ਨਾਂ ਦੀ ਇੱਕ ਬਿਪਰਵਾਦੀ ਅਤੇ ਅਸ਼ਲੀਲ ਰਚਨਾਵਾਂ ਵਾਲੀ ਪੁਸਤਕ ਨੂੰ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਛਾਪਿਆ ਜਾ ਰਿਹਾ ਹੈ, ਸਗੋਂ ਪੰਜਾਬ ਤੋਂ ਬਾਹਰਲੇ ਦੋ ਤਖ਼ਤਾਂ ਅਤੇ ਕੁੱਝ ਸੰਪਰਦਾਈ ਡੇਰਿਆਂ ਤੇ ਸਤਿਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਇਸ ਦਾ ਪ੍ਰਕਾਸ਼ ਕਰਨ ਦਾ ਵੱਡਾ ਪਾਪ ਕੀਤਾ ਜਾ ਰਿਹਾ ਹੈ। ਸਤਿਗੁਰੂ ਗ੍ਰੰਥ ਸਾਹਿਬ ਦਾ ਇਸ ਤੋਂ ਵੱਡਾ ਅਪਮਾਨ ਨਹੀਂ ਹੋ ਸਕਦਾ। ਇਹ ਇੱਕ ਨਾ ਬਖਸ਼ਣਯੋਗ ਅਪਰਾਧ ਹੈ। ਇਸ ਤੋਂ ਇਨ੍ਹਾਂ ਲੋਕਾਂ ਦਾ ਗੁਰੂ ਗ੍ਰੰਥ ਸਾਹਿਬ ਅਤੇ ਪੰਥ ਨਾਲ ਵਫਾਦਾਰੀ ਬਾਰੇ ਵੀ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ। ਇਹ ਹੋਰ ਵੀ ਦੁੱਖ ਦੀ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖ਼ਤ ਦੇ ਸੇਵਾਦਾਰ, ਜਿਨ੍ਹਾਂ ਦਾ ਇਸ ਘੋਰ ਪਾਪ ਨੂੰ ਬੰਦ ਕਰਾਉਣਾ ਪਹਿਲਾ ਫਰਜ਼ ਬਣਦਾ ਸੀ, ਆਪਣੀਆਂ ਪਿਛਲੀਆਂ ਕੁੱਝ ਕਾਰਵਾਈਆਂ ਤੋਂ ਇਸ ਘੋਰ ਪਾਪ ਵਿੱਚ ਸ਼ਾਮਿਲ ਨਜ਼ਰ ਆਉਂਦੇ ਹਨ। ਪਿਛਲੇ ਦਿਨੀ ਉਘੇ ਸਿੱਖ ਵਿਦਵਾਨਾਂ ਵਲੋਂ ਕੀਤੀਆਂ ਖੋਜਾਂ ਤੋਂ ਇਹ ਸਪੱਸ਼ਟ ਹੈ ਕਿ ਇਹ ਪੁਸਤਕ ਸਤਿਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੀ ਕਿਰਤ ਨਹੀਂ ਹੈ, ਅਤੇ ਇਸ ਦੀਆਂ ਕੁੱਝ ਰਚਨਾਵਾਂ ਤੇ ਪਾਤਿਸ਼ਾਹੀ ੧੦ ਸ਼ਬਦ ਇੱਕ ਸਾਜਿਸ਼ ਅਧੀਨ, ਸਿੱਖ ਕੌਮ ਵਿੱਚ ਭੁਲੇਖੇ ਪਾਉਣ ਲਈ ਲਿੱਖ ਦਿਤਾ ਗਿਆ ਹੈ। ਸਤਿਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦਾ ਨਾਂ ਐਸੀਆਂ ਨੰਗੇਜ ਭਰਪੂਰ, ਅਸ਼ਲੀਲ ਰਚਨਾਵਾਂ ਨਾਲ ਜੋੜਨਾ ਸਤਿਗੁਰੂ ਦਾ ਘੋਰ ਅਪਮਾਨ ਅਤੇ ਸਤਿਗੁਰੂ ਦੀ ਉੱਚੀ ਸੁੱਚੀ ਸ਼ਕਸੀਅਤ ਨੂੰ ਦਾਗ਼ੀ ਕਰਨ ਦਾ ਇੱਕ ਕੋਝਾ ਉਪਰਾਲਾ ਹੈ। ਅਜ ਦਾ ਇਹ ਪੰਥਕ ਇਕੱਠ ਇਸ ਬਚਿਤ੍ਰ ਨਾਟਕ ਕਿਤਾਬ, ਜਿਸ ਨੂੰ ਸਿੱਖ ਕੌਮ ਵਿੱਚ ਭੁਲੇਖੇ ਪਾਉਣ ਲਈ ਦਸਮ ਗ੍ਰੰਥ ਦੇ ਨਾਂ ਨਾਲ ਪ੍ਰਚਾਰਿਆ ਜਾ ਰਿਹਾ ਹੈ, ਦਾ ਸਿੱਖ ਕੌਮ ਨਾਲ ਕਿਸੇ ਕਿਸਮ ਦਾ ਸੰਬਧ ਹੋਣ ਯਾ ਇਸ ਦਾ ਸਿੱਖ ਲਿਟਰੇਚਰ ਹੋਣ ਦੇ ਵਿਚਾਰ ਨੂੰ ਪੂਰੀ ਤਰ੍ਹਾਂ ਰੱਦ ਕਰਦਾ ਹੈ।
ਜੋ ਲੋਕ ਇਸ ਦਾ ਸਤਿਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕਰ ਕੇ ਸਤਿਗੂਰੂ ਦਾ ਘੋਰ ਅਪਮਾਨ ਕਰਨ ਦਾ ਪਾਪ ਕਰ ਰਹੇ ਹਨ, ਨੂੰ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਇਸ ਤੋਂ ਪਹਿਲਾਂ ਕਿ ਖਾਲਸਾ ਆਪਣੇ ਪੂਰਨ ਜਲੋਅ ਵਿੱਚ ਇਸ ਪਾਪ ਨੂੰ ਨਸ਼ਟ ਕਰਨ ਲਈ ਨਿਤਰੇ, ਇਸ ਪਾਪ ਦੀ ਪੰਡ ਨੂੰ ਫੋਰਨ ਚੁੱਕ ਦੇਣ। ਅਜ ਕੇਵਲ ਸਿੱਖ ਕੌਮ ਵਿੱਚ ਖਾਨਾ-ਜੰਗੀ ਜਿਹੀ ਅਤਿ ਮੰਦਭਾਗੀ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਗੁਰੂ ਗ੍ਰੰਥ ਸਾਹਿਬ ਦੇ ਵਫਾਦਾਰ ਸਿੱਖਾਂ ਨੇ ਆਪਣੇ ਜਜ਼ਬੇ ਤੇ ਸੰਜਮ ਰਖਿਆ ਹੋਇਆ ਹੈ।
2. ਸਤਿਗੁਰੂ ਗ੍ਰੰਥ ਸਾਹਿਬ ਜੀ ਸਿੱਖ ਕੌਮ ਦੇ ਪੂਰਨ ਗੁਰੂ ਹਨ, ਜਿਥੋਂ ਸਿੱਖ ਨੂੰ ਜੀਵਨ ਦੇ ਹਰ ਪੱਖ ਦੀ ਸੰਪੂਰਨ ਅਗਵਾਈ ਮਿਲਦੀ ਹੈ। ਐਸੇ ਪੂਰਨ ਸਤਿਗੁਰੂ ਦੇ ਹੁੰਦਿਆਂ ਸਿੱਖ ਨੂੰ ਕਿਸੇ ਅਗਵਾਈ ਵਾਸਤੇ ਵੀ ਬਾਹਰ ਝਾਕਣ ਦੀ ਨਾ ਲੋੜ ਹੈ ਅਤੇ ਨਾਹੀਂ ਹੱਕ ਹੈ। ਇਹ ਅਤਿ ਮੰਦਭਾਗੀ ਗੱਲ ਹੈ ਕਿ ਸਿੱਖ ਰਹਿਤ ਮਰਿਆਦਾ ਬਨਾਉਣ ਲੱਗਿਆਂ ਨਿਤਨੇਮ, ਅਰਦਾਸ ਦੇ ਪਹਿਲੇ ਬੰਦ ਅਤੇ ਖੰਡੇ-ਬਾਟੇ ਦੀ ਪਾਹੁਲ ਤਿਆਰ ਕਰਨ ਦੀ ਮਰਿਆਦਾ ਵਿੱਚ ਕੁੱਝ ਬਾਣੀਆਂ, ਸਤਿਗੁਰੂ ਗ੍ਰੰਥ ਸਹਿਬ ਦੇ ਬਾਹਰੋਂ ਪ੍ਰਵਾਣ ਕਰ ਲਈਆਂ ਗਈਆਂ। ਜਾਪਦਾ ਹੈ ਕਿ ਕੁੱਝ ਵਿਅਕਤੀਆਂ ਜਾਂ ਸੰਸਥਾਵਾਂ ਨੂੰ ਖੁਸ਼ ਕਰਨ ਲਈ ਇੱਕ ਗੈਰ ਸਿਧਾਂਤਕ ਸਮਝੌਤਾ ਕਰ ਲਿਆ ਗਿਆ। ਇਸ ਗੱਲ ਦਾ ਕਿਸੇ ਵਿਅਕਤੀ, ਸੰਸਥਾ ਜਾਂ ਕਮੇਟੀ ਨੂੰ ਕੋਈ ਹੱਕ ਨਹੀਂ, ਵਿਸ਼ੇਸ਼ ਤੌਰ ਤੇ ਜਦੋਂ ਸਤਿਗੁਰੂ ਗ੍ਰੰਥ ਸਾਹਿਬ ਦੇ ਪਹਿਲੇ ੧੩ ਪੰਨਿਆਂ ਵਿੱਚ, ਸਤਿਗੁਰੂ ਨੇ ਆਪ ਨਿਤਨੇਮ ਦੀਆਂ ਬਾਣੀਆਂ ਦਾ ਨਿਰਣਾ ਕੀਤਾ ਹੋਇਆ ਹੈ। ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਇਸ ਸਰੂਪ ਦੀ ਪੂਰਨਤਾ ਵੀ ਗੁਰੁ ਗੋਬਿੰਦ ਸਿੰਘ ਪਾਤਿਸ਼ਾਹ ਨੇ ਆਪ ਕੀਤੀ, ਗੁਰਗੱਦੀ ਵੀ ਆਪ ਬਖ਼ਸ਼ੀ, ਅਤੇ ਅਕਾਲੇ ਪਾਇਆਨੇ ਤੋਂ ਪਹਿਲਾਂ ਪੰਥ ਨੂੰ ਹੁਕਮ ਕਰ ਗਏ ਕਿ ਅਜ ਤੋਂ ਬਾਅਦ ਤੁਹਾਡਾ ਗੁਰੂ, ਕੇਵਲ ਗ੍ਰੰਥ ਸਾਹਿਬ ਹੈ, ਇਸ ਨਿਤਨੇਮ ਨੂੰ ਸਤਿਗੁਰੂ ਦੀ ਪੂਰਨ ਪ੍ਰਵਾਨਗੀ ਹੈ। ਅਜ ਨਿਤਨੇਮ ਅਤੇ ਖੰਡੇ ਦੀ ਪਾਹੁਲ ਦੀਆਂ ਬਾਣੀਆਂ ਦੇ ਨਾਂ ਤੇ ਸਿੱਖ ਕੌਮ ਦਾ ਭਾਵਨਾਤਮਕ ਅਤੇ ਮਾਨਸਕ ਸੋਸ਼ਨ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਰਾਹੀਂ ਇੱਕ ਗੈਰ ਸਿਧਾਂਤਕ ਅਤੇ ਗੈਰ ਇਖਲਾਕੀ ਕਿਤਾਬ ਨੂੰ ਸਿੱਖ ਕੌਮ ਵਿੱਚ ਮੜ੍ਹਨ ਦੀ ਕੋਸ਼ਿਸ਼ ਹੋ ਰਹੀ ਹੈ।
ਅਜ ਦਾ ਇਹ ਇਤਿਹਾਸਕ ਇਕੱਠ ਸਤਿਗੁਰੂ ਗ੍ਰੰਥ ਸਹਿਬ ਤੋਂ ਬਾਹਰੋਂ ਪ੍ਰਵਾਨ ਕੀਤੀਆਂ ਗਈਆਂ ਸਾਰੀਆਂ ਬਾਣੀਆਂ, ਪੰਕਤੀਆਂ ਅਤੇ ਬੰਦਾਂ ਆਦਿ ਨੂੰ ਰੱਦ ਕਰਦਾ ਹੈ ਅਤੇ ਫੈਸਲਾ ਕਰਦਾ ਹੈ ਕਿ ਅੱਜ ਤੋਂ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਤੇਰ੍ਹਾਂ ਪੰਨੇ ਨਿਤਨੇਮ ਹੋਣਗੇ, ਖੰਡੇ ਬਾਟੇ ਦੀ ਪਾਹੁਲ ਤਿਆਰ ਕਰਦਿਆਂ ਇਨ੍ਹਾਂ ਹੀ ਬਾਣੀਆਂ ਦੇ ਨਾਲ ਆਨੰਦ ਬਾਣੀ ਦਾ ਪਾਠ ਕੀਤਾ ਜਾਵੇਗਾ ਅਤੇ ਅਰਦਾਸ ਦੇ ਪਹਿਲੇ ਬੰਦ ਵਿੱਚ ਭਗੌਤੀ ਕੀ ਵਾਰ ਦੀ ਪਉੜੀ ਦੀ ਬਜਾਏ, “ਤੂ ਠਾਕੁਰੁ ਤੁਮ ਪਹਿ ਅਰਦਾਸਿ॥ ਜੀਉ ਪਿੰਡੁ ਸਭੁ ਤੇਰੀ ਰਾਸਿ॥ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ॥ ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ॥ ਕੋਇ ਨ ਜਾਨੈ ਤੁਮਰਾ ਅੰਤੁ॥ ਊਚੇ ਤੇ ਊਚਾ ਭਗਵੰਤ॥ ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ॥ ਤੁਮ ਤੇ ਹੋਇ ਸੁ ਆਗਿਆਕਾਰੀ॥ ਤੁਮਰੀ ਗਤਿ ਮਿਤਿ ਤੁਮ ਹੀ ਜਾਨੀ॥ ਨਾਨਕ ਦਾਸ ਸਦਾ ਕੁਰਬਾਨੀ॥ ੮॥ ੪॥ .” ਪੂਰਾ ਬੰਦ ਪੜਿਆ ਜਾਇਆ ਕਰੇਗਾ।
ਛੇਤੀ ਹੀ ਰਹੁ ਰੀਤਿ ਕਮੇਟੀ ਦੇ ਪੱਧਰ ਦੀ ਇੱਕ ਨਵੀਂ ਕਮੇਟੀ ਗਠਿਤ ਕੀਤੀ ਜਾਵੇਗੀ, ਜੋ ਬਾਕੀ ਦੀ ਰਹਿਤ ਮਰਿਆਦਾ ਨੂੰ ਗੁਰਮਤਿ ਦੀ ਕਸਵੱਟੀ ਤੇ ਪਰਖ ਕੇ ਲੋੜੀਂਦੀਆਂ ਸੋਧਾਂ ਦੀ ਸਿਫਾਰਸ਼ ਸਰਬੱਤ ਖਾਲਸਾ ਨੂੰ ਕਰੇਗੀ।
3. ਸਿੱਖ ਰਹਿਤ ਮਰਿਯਾਦਾ ਅਤੇ ੧੯੨੫ ਦੇ ਗੁਰਦੁਆਰਾ ਐਕਟ ਵਿੱਚ ਕਿਸੇ ਤਖ਼ਤ ਦੇ ਜਥੇਦਾਰ ਦੇ, ਕਿਸੇ ਅਹੁਦੇ ਦਾ, ਕੋਈ ਵਿਧੀ ਵਿਧਾਨ ਨਹੀਂ। ਸਿੱਖ ਇਤਿਹਾਸ ਨੂੰ ਧਿਆਨ ਨਾਲ ਵਾਚਿਆਂ ਵੀ, ਉਨ੍ਹਾਂ ਜਥੇਦਾਰਾਂ ਦੀ ਗੱਲ ਸਾਹਮਣੇ ਆਉਂਦੀ ਹੈ, ਜੋ ਉਸ ਜਥੇ ਦੇ ਜਥੇਦਾਰ ਸਨ, ਜਿਸ ਕੋਲ ਉਸ ਸਮੇਂ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਦੀ ਜਿੰਮੇਵਾਰੀ ਹੁੰਦੀ ਸੀ, ਨਾ ਕਿ ਤਖ਼ਤ ਦੇ। ਹਾਲਾਤ ਦੀ ਨਜ਼ਰਸਾਨੀ ਕੀਤਿਆਂ, ਇਹ ਗੱਲ ਸਪਸ਼ਟ ਹੁੰਦੀ ਹੈ ਕਿ ਇਹ ਅਹੁਦਾ ਸਮੇਂ ਦੀਆਂ ਸਰਕਾਰਾਂ, ਧੁਰਤ ਸਿਆਸੀ ਅਤੇ ਅਖੌਤੀ ਧਾਰਮਿਕ ਆਗੂਆਂ ਦੀ ਸਾਂਝੀ ਸਾਜਿਸ਼ ਨਾਲ ਹੋਂਦ ਵਿੱਚ ਆਇਆ ਅਤੇ ਪਰਫੁਲਿਤ ਹੋਇਆ ਹੈ। ਉਪਰੋਕਤ ਸ਼ਕਤੀਆਂ ਦੀ ਸਾਜਸ਼ੀ ਗੁੱਟਬੰਦੀ ਨੇ ਅਜ ਤੱਕ ਇਸ ਨੂੰ ਆਪਣੇ ਨਿਜੀ ਤੇ ਸਿਆਸੀ ਹਿੱਤਾਂ ਨੂੰ ਪ੍ਰਫੁਲਤ ਕਰਨ, ਆਪਣੇ ਸਿਆਸੀ ਵਿਰੋਧੀਆਂ ਨੂੰ ਨੀਵਾਂ ਦਿਖਾਉਣ ਅਤੇ ਪੰਥ ਉਤੇ ਆਪਣਾ ਗੈਰਇਖਲਾਕੀ ਕਬਜ਼ਾ ਬਣਾਈ ਰਖਣ ਲਈ ਵਰਤਿਆ ਹੈ, ਜਿਸ ਨਾਲ ਪੰਥ ਦੀ ਸ਼੍ਰੋਮਣੀ ਸੰਸਥਾ ਅਕਾਲ ਤਖ਼ਤ ਸਾਹਿਬ ਦੇ ਸਿਧਾਂਤ ਅਤੇ ਅਦਬ ਸਤਿਕਾਰ ਨੂੰ ਭਾਰੀ ਠੇਸ ਪਹੁੰਚੀ ਹੈ। ਅਜ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਕਮੇਟੀ ਅਤੇ ਹੋਰ ਪੰਥਕ ਸੰਸਥਾਵਾਂ ਤੇ ਅਸਿਧੇ ਤੌਰ ਤੇ ਪੰਥ ਦੋਖੀ ਸ਼ਕਤੀਆਂ ਦਾ ਕਬਜ਼ਾ ਹੋ ਚੁੱਕਾ ਹੈ, ਇਸ ਅਹੁਦੇ ਨੂੰ ਸਿੱਖੀ ਦਾ ਮੂਲ ਆਧਾਰ ਅਤੇ ਰੂਹ, ਸਤਿਗੁਰੂ ਗ੍ਰੰਥ ਸਾਹਿਬ ਦੀ ਸਰਵਉਚਤਾ ਤੇ ਸਤਿਕਾਰ ਘਟਾਉਣ ਅਤੇ ਪੰਥ ਵਿੱਚ ਵੰਡੀਆਂ ਪਾਉਣ ਲਈ ਵਰਤਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ, ਕਿ ਇਹ ਗੈਰ ਸਿਧਾਂਤਕ ਅਤੇ ਗੈਰ ਇਖਲਾਕੀ ਅਹੁਦਾ, ਸਿੱਖੀ ਦੇ ਨਿਰਮਲ ਸਰੂਪ ਨੂੰ ਵਿਗਾੜ ਦੇਵੇ, ਅਤੇ ਅਕਾਲ ਤਖ਼ਤ ਸਾਹਿਬ ਦੇ ਮਾਨ-ਸਤਿਕਾਰ ਨੂੰ ਹੋਰ ਠੇਸ ਪਹੁੰਚਾਵੇ, ਕੌਮ ਦਾ ਇਸ ਤੋਂ ਨਿਜਾਤ ਪਾਉਣਾ ਅਤਿ ਜ਼ਰੂਰੀ ਹੋ ਗਿਆ ਹੈ। ਅਜ ਦਾ ਇਹ ਇਤਿਹਾਸਕ ਇਕੱਠ ਤਖ਼ਤਾਂ ਦੇ ਜਥੇਦਾਰਾਂ ਦੇ ਅਹੁਦਿਆਂ ਨੂੰ ਮੂਲੋਂ ਰੱਦ ਕਰਦਾ ਹੈ।
੩. (ੳ). ਜੇ ਅਜੋਕੇ ਹਾਲਾਤ ਵਿੱਚ ਕੌਮ ਅਜਿਹੇ ਕਿਸੇ ਅਹੁਦੇ ਦੀ ਲੋੜ ਮਹਿਸੂਸ ਕਰੇ ਤਾਂ, ਇੱਕ ਤਾਂ ਪਹਿਲਾਂ ਸਰਬੱਤ ਖ਼ਾਲਸਾ ਦੀ ਸੰਸਥਾਂ ਨੂੰ ਮੁੜ ਸੁਰਜੀਤ ਕਰਨਾ ਜ਼ਰੂਰੀ ਹੈ ਅਤੇ ਦੂਸਰਾ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਦਾ ਅਹੁਦਾ ਹੋਂਦ ਵਿੱਚ ਲਿਆਦਾ ਜਾ ਸਕਦਾ ਹੈ, ਪਰ ਪਹਿਲਾਂ ਇਸ ਅਹੁਦੇ ਦਾ ਵਿਧੀ-ਵਿਧਾਨ ਬਨਾਉਣਾ ਜ਼ਰੂਰੀ ਹੈ ਤਾਕਿ ਇਸ ਅਹੁਦੇ ਤੇ ਸੁਭਾਏਮਾਨ ਹੋਣ ਵਾਲੀਆਂ ਸ਼ਕਸੀਅਤਾਂ ਨਿਰੋਲ ਪੰਥਕ ਜੁਗਤਿ ਵਿੱਚ ਸੇਵਾ ਨਿਭਾ ਸਕਣ ਅਤੇ ਪੰਥ ਉਤੇ ਸਰਦਾਰੀ ਕੇਵਲ ਸਰਬੱਤ ਖ਼ਾਲਸਾ ਦੀ ਰਹੇ। ਜਿਨਾਂ ਚਿਰ ਇਹ ਵਿਧੀ-ਵਿਧਾਨ ਤਿਆਰ ਨਹੀਂ ਹੋ ਜਾਂਦਾ, ਇਸ ਮੁੱਖ-ਸੇਵਾਦਾਰ ਦੇ ਹੱਕ ਅਤੇ ਅਧਿਕਾਰ ਕੇਵਲ ਤਖ਼ਤ ਸਾਹਿਬ ਦੀ ਰੋਜ਼ ਦੀ ਧਾਰਮਿਕ ਮਰਿਆਦਾ ਨਿਭਾਉਣ ਤੱਕ ਸੀਮਿਤ ਹੋਣਗੇ।
੩ (ਅ). ਉਤਨੀ ਦੇਰ ਲਈ ਪੰਥ ਦੇ ਰੋਜ਼ ਦੇ ਲੋੜੀਂਦੇ ਕਾਰਜ ਚਲਾਉਣ ਲਈ ਇੱਕ ਸੌ ਮੈਂਬਰਾਂ ਦੀ ਕਮੇਟੀ, ਜਿਸ ਵਿੱਚ ਜੀਵਨ ਦੇ ਹਰ ਪੱਖ ਦੇ ਗੁਰਸਿੱਖ ਵਿਦਵਾਨ (ਜਿਵੇਂ ਕਿ ਧਾਰਮਿਕ ਸ਼ਕਸੀਅਤਾਂ ਦੇ ਨਾਲ, ਵਕੀਲ ਸਾਹਿਬਾਨ, ਜੱਜ ਸਾਹਿਬਾਨ, ਡਾਕਟਰ, ਇੰਨਜੀਨੀਅਰ, ਵਿਦਿਅਕ ਮਾਹਿਰ, ਰਾਜਨੀਤੀ ਵੇਤਾ, ਸਮਾਜ ਸੇਵੀ ਆਦਿ) ਹੋਣ, ਸਥਾਪਤ ਕੀਤੀ ਜਾ ਸਕਦੀ ਹੈ। ਜਿਸ ਤਰ੍ਹਾਂ ਦਾ ਮੁੱਦਾ ਜਾਂ ਮਸਲਾ ਸਾਹਮਣੇ ਆਵੇ, ਇਸ ਕਮੇਟੀ ਵਿੱਚੋਂ, ਇੱਕ ਉਪ ਕਮੇਟੀ ਬਣਾਕੇ ਉਸ ਨੂੰ ਫੈਸਲਾ ਲੈਣ ਲਈ ਸੌਂਪ ਦਿੱਤਾ ਜਾਵੇ, ਪਰ ਫੈਸਲਾ ਪੂਰੀ ਕਮੇਟੀ ਵਲੋਂ ਇਸ ਨੂੰ ਪਰਵਾਨ ਕਰਨ ਤੇ ਹੀ ਕੌਮੀ ਮਤਾ ਜਾਂ ਗੁਰਮਤਾ ਬਣੇਗਾ। ਇਸ ਕਮੇਟੀ ਦਾ ਵੀ ਇੱਕ ਸੀਮਿਤ ਸਮੇਂ ਵਿੱਚ ਇੱਕ ਅਲੱਗ ਵਿਧੀ ਵਿਧਾਨ ਬਣਨਾ ਜ਼ਰੂਰੀ ਹੈ। ਜੇ ਉਹ ਵਿਧੀ-ਵਿਧਾਨ ਉਸ ਸੀਮਿਤ ਸਮੇਂ ਵਿੱਚ ਹੋਂਦ ਵਿੱਚ ਨਹੀਂ ਆਉਂਦਾ ਤਾਂ, ਇਸ ਕਮੇਟੀ ਦੇ ਸਭ ਹੱਕ ਅਤੇ ਅਧਿਕਾਰ ਖ਼ਤਮ ਹੋ ਜਾਣਗੇ। ਉਸ ਸਮਾਂ ਸੀਮਾਂ ਨੂੰ ਕਿਸੇ ਹਾਲਤ ਵਿੱਚ ਵੀ ਵਧਾਇਆ ਨਹੀਂ ਜਾਵੇਗਾ। ਮੁੱਖ-ਸੇਵਾਦਾਰ ਦਾ ਵਿਧੀ-ਵਿਧਾਨ ਬਨਾਉਣ ਲਗਿਆਂ ਵੀ ਇਸ ਕਮੇਟੀ ਨੂੰ ਯੋਗ ਸਥਾਨ ਅਤੇ ਮਾਨਤਾ ਦਿੱਤੀ ਜਾ ਸਕਦੀ ਹੈ। ਅਜ ਦਾ ਇਹ ਇਕੱਠ ਹੇਠ ਲਿੱਖੇ ਸੌ ਮੈਂਬਰਾਂ ਦੀ ਕਮੇਟੀ ਦਾ ਇੱਕ ਸਾਲ ਵਾਸਤੇ ਗਠਨ ਕਰਦਾ ਹੈ ਅਤੇ ਵਿਧੀ ਵਿਧਾਨ ਬਨਾੳੇੁਣ ਵਾਸਤੇ ਹੇਠ ਲਿਖੇ ਦਸ ਮੈਂਬਰਾਂ ਦੀ ਕਮੇਟੀ ਸਥਾਪਤ ਕੀਤੀ ਜਾਂਦੀ ਹੈ। (ਮੈਂਬਰਾਂ ਦੀ ਲਿਸਟ ਆਪਸੀ ਸਲਾਹ ਨਾਲ ਤਿਆਰ ਕੀਤੀ ਜਾ ਸਕਦੀ ਹੈ)। ਇਹ ਕਮੇਟੀ ਛੇ ਮਹੀਨੇ ਵਿੱਚ ਇਹ ਵਿਧੀ ਵਿਧਾਨ ਸਰਬੱਤ ਖਾਲਸਾ ਅਗੇ ਪੇਸ਼ ਕਰੇਗੀ, ਪਰ ਇਸ ਨੂੰ ਪ੍ਰਵਾਨ ਅਜਿਹੇ ਹੀ ਇੱਕ ਪੰਥਕ ਇਕੱਠ ਵਿੱਚ ਕੀਤਾ ਜਾਵੇਗਾ। ਸਰਬਤ ਖਾਲਸਾ ਵਿੱਚ ਸਭ ਪ੍ਰਵਾਨਤ ਸਿੱਖ ਜਥੇਬੰਦੀਆਂ ਦੇ ਨੁਮਾਂਇੰਦੇ ਲਏ ਜਾਣਗੇ ਪਰ ਉਨ੍ਹਾਂ ਦਾ ਸਿੱਖ ਰਹਿਤ ਮਰਿਆਦਾ ਨੂੰ ਇਨ ਬਿਨ ਮੰਨਣਾ ਅਤੇ ਲਾਗੂ ਕਰਨਾ ਜ਼ਰੂਰੀ ਹੋਵੇਗਾ। ਆਪਣੀਆਂ ਅਲੱਗ ਮਰਿਯਾਦਾ ਬਨਾਉਣ ਅਤੇ ਚਲਾਉਣ ਵਾਲਿਆਂ ਨੂੰ ਪੰਥਕ ਜਥੇਬੰਦੀ ਦੇ ਤੌਰ ਤੇ ਮਾਨਤਾ ਨਹੀਂ ਦਿੱਤੀ ਜਾਵੇਗੀ ਅਤੇ ਨਾ ਹੀ ਸਰਬੱਤ ਖਾਲਸਾ ਵਿੱਚ ਸ਼ਾਮਿਲ ਕੀਤਾ ਜਾਵੇਗਾ।
4. ਸਿੱਖ ਕੌਮ ਵਿੱਚ ਹੁਕਮਨਾਮਾ ਜਾਰੀ ਕਰਨ ਦਾ ਅਧਿਕਾਰ ਕੇਵਲ ਗੁਰੂ ਪਾਤਿਸ਼ਾਹ ਨੂੰ ਹੈ। ਸਾਰੇ ਗੁਰੂ ਸਾਹਿਬਾਨ ਆਪਣੇ ਜੀਵਨ ਕਾਲ ਵਿੱਚ ਅਜਿਹੇ ਹੁਕਮਨਾਮੇ ਪੰਥ ਦੇ ਨਾ ਜਾਰੀ ਕਰਦੇ ਰਹੇ। ਗੁਰੂ ਦੀ ਸ਼ਰੀਰਕ ਪ੍ਰਥਾ ਸਮਾਪਤ ਹੋਣ ਤੇ ਅਜ ਸਾਡੇ ਜਾਗਤ ਜੋਤਿ ਸਤਿਗੁਰੂ, ਗੁਰੂ ਗ੍ਰੰਥ ਸਾਹਿਬ ਜੀ ਹਨ ਅਤੇ ਹੁਕਮਨਾਮਾ ਵੀ ਕੇਵਲ ਉਨ੍ਹਾਂ ਦਾ ਹੀ ਹੋ ਸਕਦਾ ਹੈ। ਗੁਰੂ ਦੀ ਸ਼ਰੀਰਕ ਪ੍ਰਥਾ ਸਮਾਪਤ ਹੋਣ ਤੋਂ ਬਾਅਦ, ਪੰਥਕ ਫੈਸਲਿਆਂ ਵਾਸਤੇ ਗੁਰਮਤਾ ਅਤੇ ਮਤਾ ਕਰਨ ਦੀ ਰਵਾਇਤ ਸਥਾਪਤ ਹੋਈ। ਇਹ ਗੁਰਮਤੇ ਜਾਂ ਮਤੇ ਪੰਥ ਦਾ ਨੁਮਾਇੰਦਾ, ਸਰਬਤ ਖਾਲਸਾ ਕਰਦਾ ਜਾਂ ਸਮੂਹਿਕ ਪੰਥਕ ਇਕੱਠ ਕਰਦਾ ਸੀ। ਮਹੰਤਾਂ ਅਤੇ ਪੁਜਾਰੀਆਂ ਨੇ ਗੁਰਦੁਆਰਿਆਂ ਅਤੇ ਅਕਾਲ ਤਖ਼ਤ ਸਾਹਿਬ ਤੇ ਕਾਬਜ਼ ਹੋਣ ਤੋਂ ਬਾਅਦ, ਇਸ ਹੁਕਮਨਾਮੇ ਦੀ ਗਲਤ ਵਰਤੋਂ ਪੰਥ ਤੇ ਆਪਣਾ ਦਬ-ਦਬਾ ਬਣਾ ਕੇ ਰਖਣ ਲਈ, ਅਤੇ ਸਮੇਂ ਦੇ ਹਾਕਮਾਂ ਨੂੰ ਖੁਸ਼ ਕਰਨ ਲਈ ਸ਼ੁਰੂ ਕਰ ਦਿੱਤੀ। ਜਥੇਦਾਰ ਦੇ ਗੈਰ ਸਿਧਾਂਤਕ ਅਤੇ ਗੈਰ ਇਖਲਾਕੀ ਅਹੁਦੇ ਨੂੰ ਮਾਨਤਾ ਦੇਣ ਤੋਂ ਬਾਅਦ ਹੁਕਮਨਾਮੇ ਕਰਨ ਦਾ ਅਧਿਕਾਰ ਵੀ ਇਸ ਅਹੁਦੇ ਨਾਲ ਜੋੜ ਦਿੱਤਾ ਗਿਆ। ਇਨ੍ਹਾਂ ਅਖੌਤੀ ਹੁਕਮਨਾਮਿਆਂ ਰਾਹੀਂ ਆਪਣੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ, ਆਪਣੇ ਵਿਰੋਧੀਆਂ ਨੂੰ ਅਪਮਾਨਿਤ ਕਰਨ, ਆਪਣੀਆਂ ਨਿਜੀ ਰੜਕਾਂ ਕੱਢਣ ਅਤੇ ਸਿੱਖ ਕੌਮ ਤੇ ਆਪਣਾ ਦਬ-ਦਬਾ ਬਣਾਕੇ ਰਖਣ ਲਈ, ਭਰਵੀਂ ਦੁਰਵਰਤੋਂ ਕੀਤੀ ਜਾ ਰਹੀ ਹੈ। ਨਤੀਜੇ ਵਜੋਂ ਅਜ ਕੌਮ ਵਿੱਚ ਸਿਧਾਂਤਕ ਦੁਬਿਧਾ, ਨੈਤਿਕ ਪਤਨ, ਦਹਿਸ਼ਤ ਅਤੇ ਅਸਥਿਰਤਾ ਦਾ ਮਹੌਲ ਹੈ। ਇਨ੍ਹਾਂ ਗੈਰ ਸਿਧਾਂਤਕ ਗਲਤ ਹੁਕਮਨਾਮਿਆਂ ਨੇ ਜਿਥੇ ਅਕਾਲ ਤਖ਼ਤ ਸਾਹਿਬ ਦੇ ਮਾਨ-ਸਤਿਕਾਰ ਨੂੰ ਗਹਿਰੀ ਚੋਟ ਪਹੁੰਚਾਈ ਹੈ, ਉਥੇ ਅਜ ਕੌਮ ਨੂੰ ਖਾਨਾਜੰਗੀ ਦੇ ਮੁਹਾਨੇ ਤੇ ਲਿਆ ਖੜਾ ਕੀਤਾ ਹੈ। ਪਿਛਲੇ ਤਕਰੀਬਨ ੧੦੦ ਸਾਲ ਦੇ ਸਿੱਖ ਇਤਿਹਾਸ ਨੂੰ ਬਰੀਕੀ ਨਾਲ ਵਾਚਿਆਂ, ਇਹ ਮਹਿਸੂਸ ਹੁੰਦਾ ਹੈ ਕਿ ਇਸ ਸਮੇਂ ਦੌਰਾਨ ਕੇਵਲ ਤਿੰਨ ਹੀ ਐਸੇ ਫੈਸਲੇ ਹਨ, ਜਿਥੇ ਗੁਰਮਤਿ ਜੁਗਤਿ ਵਰਤ ਕੇ ਗੁਰਮਤੇ ਕੀਤੇ ਗਏ: ਪਹਿਲਾ, ੧੨ ਅਕਤੂਬਰ ੧੯੨੦ ਦਾ, ਜਿਸ ਰਾਹੀ ਅਕਾਲ ਤਖ਼ਤ ਸਾਹਿਬ ਦੇ ਸਰਬਰਾਹ ਅਰੂੜ ਸਿੰਘ ਵਲੋਂ ਬਜਬਜ ਘਾਟ ਦੇ ਸ਼ਹੀਦਾਂ ਨੂੰ ਸਿੱਖ ਨਾ ਹੋਣ ਦੇ ਦਿੱਤੇ ਫਤਵੇ ਨੂੰ, ਰੱਦ ਕੀਤਾ ਗਿਆ, ਦੂਜਾ ਸਤੰਬਰ, ੧੯੨੩ ਵਿੱਚ ਨਾਭੇ ਦੇ ਅਹਿਲਕਾਰ ਗੁਰਦਿਆਲ ਸਿੰਘ ਵਿਰੁਧ ਕੀਤਾ ਗਿਆ ਫੈਸਲਾ ਅਤੇ ਤੀਸਰਾ, ੧੦ ਜੂਨ ੧੯੭੮ ਨੂੰ ਨਕਲੀ ਨਿਰੰਕਾਰੀਆਂ ਵਿਰੁਧ ਕੀਤਾ ਗਿਆ ਫੈਸਲਾ। ਅਜ ਦਾ ਇਹ ਪੰਥਕ ਇਕੱਠ ਇਨ੍ਹਾਂ ਤਿੰਨ ਫੈਸਲਿਆਂ ਤੋਂ ਇਲਾਵਾ ਬਾਕੀ, ਈਰਖਾ ਦਵੈਸ਼, ਸੁਆਰਥ, ਸਿਆਸੀ ਪ੍ਰਭਾਵ, ਚਾਪਲੂਸੀ, ਨਿਜੀ ਕਿੱੜ, ਅਧੀਨ ਕੀਤੇ ਗਏ ਸਮੂਹ ਗੈਰ ਸਿਧਾਂਤਕ, ਅਖੌਤੀ ਹੁਕਮਨਾਮੇ ਰੱਦ ਕਰਦਾ ਹੈ। ਅਤਿ ਪੰਥਕ ਮਹੱਤਵ ਦੇ ਮੁਦਿਆਂ ਨੂੰ ਮੁੜ ਤੋਂ ਪੰਥਕ ਜੁਗਤਿ ਵਿੱਚ, ਗੁਰਮਤਿ ਅਨੁਸਾਰ ਵਿਚਾਰ ਕੇ ਗੁਰਮਤੇ ਜਾਂ ਮਤੇ ਕੀਤੇ ਜਾ ਸਕਦੇ ਹਨ।
5. ਕਿਸੇ ਕੌਮ ਦਾ ਆਪਣਾ ਕੈਲੰਡਰ, ਉਸ ਕੌਮ ਦੀ ਅਡਰੀ ਹਸਤੀ ਦੇ ਪ੍ਰਤੀਕ ਵਜੋਂ ਇੱਕ ਮਹੱਤਵ ਪੂਰਨ ਚਿਨ੍ਹ ਹੁੰਦਾ ਹੈ। ਨਾਨਕਸ਼ਾਹੀ ਕੈਲੰਡਰ ਦਾ ਹੋਂਦ ਵਿੱਚ ਆਉਣਾ, ਆਪਣੇ ਆਪ ਵਿੱਚ, ਸਿੱਖ ਕੌਮ ਵਾਸਤੇ ਵੱਡੀ ਪ੍ਰਾਪਤੀ ਹੈ, ਪਰ ਸੰਪਰਦਾਈ ਸੋਚ ਵਾਲੀਆਂ, ਸੰਘ ਪਰਿਵਾਰ ਅਤੇ ਉਸ ਦੀਆਂ ਸਹਿਯੋਗੀ ਹਿੰਦੁਤੱਵੀ ਸ਼ਕਤੀਆਂ, ਜੋ ਖਾਲਸਾ ਪੰਥ ਦੀ ਅੱਡਰੀ ਹਸਤੀ ਮਲਿਆਮੇਟ ਕਰਕੇ, ਇਸਨੂੰ ਬਿਪਰਵਾਦ ਦੇ ਖਾਰੇ ਸਮੁੰਦਰ ਵਿੱਚ ਜਜ਼ਬ ਕਰ ਲੈਣ ਲਈ ਉਤਾਵਲੀਆਂ ਹਨ, ਨੂੰ ਇਹ ਪਹਿਲੇ ਦਿਨ ਤੋਂ ਹੀ ਹਜ਼ਮ ਨਹੀਂ ਹੋ ਰਿਹਾ। ਇਨ੍ਹਾਂ ਸਕਤੀਆਂ ਅਤੇ ਸਿੱਖ ਕੌਮ ਵਿੱਚ ਅੰਦਰੋਂ ਬਿਪਰਵਾਦੀ ਪ੍ਰਭਾਵ ਵਧਾਉਣ ਲਈ ਸਰਗਰਮ ਡੇਰੇਦਾਰਾਂ ਨੂੰ ਖੁਸ਼ ਕਰਨ ਲਈ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਖੌਤੀ ਜਥੇਦਾਰਾਂ ਨੂੰ ਵਰਤ ਕੇ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰਨ ਦਾ ਕੋਝਾ ਕਾਰਾ ਕੀਤਾ ਹੈ। ਸਿੱਖ ਕੌਮ ਐਸੀਆਂ ਸਾਜਿਸ਼ਾਂ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਹੈ, ਅਤੇ ਆਪਣੀਆਂ ਸੰਸਥਾਵਾਂ ਨਾਲ ਖਿਲਵਾੜ ਦੀ ਆਗਿਆ ਕਿਸੇ ਪੰਥ ਦੋਖੀ ਨੂੰ ਨਹੀਂ ਦੇਵੇਗੀ। ਅਜ ਦਾ ਇਹ ਪੰਥਕ ਇਕੱਠ ਨਾਨਕਸ਼ਾਹੀ ਕੈਲੰਡਰ ਵਿੱਚ ਕੀਤੀਆਂ ਸਭ ਤਬਦੀਲੀਆਂ ਨੂੰ ਪੂਰਨ ਰੂਪ ਵਿੱਚ ਰੱਦ ਕਰਦਾ ਅਤੇ ਇਸ ਦੇ ਮੂਲ ਰੂਪ ਨੂੰ ਬਰਕਰਾਰ ਰਖਣ ਦਾ ਐਲਾਨ ਕਰਦਾ ਹੈ। ਕੁੱਝ ਸਮੇਂ ਬਾਅਦ ਉਹ ਕਮੀਆਂ ਜੋ ਇਸ ਦੇ ਮੂਲ ਰੂਪ ਵਿੱਚ ਰਹਿ ਗਈਆਂ ਸਨ, ਜਿਨ੍ਹਾਂ ਵਿੱਚੋਂ ਕੁੱਝ ਬਿਪਰਵਾਦੀ ਸਾਂਝ ਦੀ ਬੋਅ ਆਉਂਦੀ ਹੈ, ਦੂਰ ਕਰਨ ਵਾਸਤੇ ਇੱਕ ਵਿਸ਼ੇ ਦੇ ਵਿਦਵਾਨਾਂ ਦੀ ਕੌਮੀ ਕਮੇਟੀ ਬਣਾਈ ਜਵੇਗੀ, ਜਿਸ ਦੇ ਸੁਝਾਅ ਤੇ ਯੋਗ ਤਬਦੀਲੀਆਂ ਕੀਤੀਆਂ ਜਾਣਗੀਆਂ।
.