.

ਸਿੱਖ ਅਤੇ ਸਿਧਾਂਤਿਕ ਏਕਤਾ

(ਡਾ ਗੁਰਮੀਤ ਸਿੰਘ ਬਰਸਾਲ ਕੈਲੇਫੋਰਨੀਆਂ)

ਸਿੱਖ ਦੀ ਪ੍ਰੀਭਾਸ਼ਾ ਬਹੁਤ ਆਸਾਨ ਹੈ। ਜਿਸ ਇਨਸਾਨ ਦਾ ਜੀਵਨ ਅਤੇ ਕਾਰ ਵਿਹਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਅਨੁਸਾਰ ਹੈ ਉਹ ਸਿੱਖ ਹੈ। ਸਿੱਖ ਦੀਆਂ ਕਿਸਮਾਂ ਨਹੀਂ ਹੁੰਦੀਆ। ਸਿੱਖ ਦੀ ਅਧਿਆਤਮਿਕ ਅਵਸਥਾ ਵਿੱਚ ਫਰਕ ਹੋ ਸਕਦਾ ਹੈ। ਸਿੱਖੀ ਕੋਈ ਵਿਰਸੇ ਚੋਂ ਮਿਲੀ ਹੋਈ ਦਾਤਿ ਨਹੀਂ ਹੁੰਦੀ ਇਹ ਤਾਂ ਇੱਕ ਅਭਿਆਸ ਹੈ। ਕੋਈ ਵੀ, ਸਿੱਖੀ ਰਹੁ-ਰੀਤਾਂ ਅਪਣਾ ਕੇ ਇਸ ਵਿੱਚ ਸ਼ਾਮਿਲ ਹੋ ਸਕਦਾ ਹੈ। ਸਿੱਖ ਦੇ ਘਰ ਜਨਮ ਲੇਣ ਵਾਲੇ ਬੱਚੇ ਨੂੰ ਇਹ ਸੁਭਾਗ ਮਿਲ ਜਾਂਦਾ ਹੈ ਕਿ ਉਸ ਨੇ ਸਿੱਖ ਕਲਚਰ ਵਿੱਚ ਜਨਮ ਲਿਆ ਹੈ। ਉਸਨੂੰ ਸਿੱਖ ਰਹੁ-ਰੀਤਾਂ ਸਮਝਣੀਆ ਤੇ ਅਪਣਾਉਣੀਆਂ ਅਸਾਨ ਹੋ ਜਾਂਦੀਆਂ ਹਨ। ਪਰ ਸਿੱਖ ਤਾਂ ਅਜੇ ਉਸ ਬਣਨਾਂ ਹੁੰਦਾ ਹੈ। ਸੰਸਾਰ ਦੀ ਨਿਗਾਹ ਵਿੱਚ ਸਿੱਖ ਕਲਚਰ ਵਿੱਚ ਜੀ ਰਿਹਾ ਬੰਦਾ ਸਿੱਖ ਹੀ ਹੁੰਦਾ ਹੈ ਕਿਉਕਿ ਉਹ ਕਿਸੇ ਹੋਰ ਮਜ਼ਹਬ ਦੀਆਂ ਰਹੁ-ਰੀਤਾਂ ਅਨੁਸਾਰ ਜੀਵਨ ਨਹੀਂ ਬਸਰ ਕਰ ਰਿਹਾ ਹੁੰਦਾ। ਪਰ ਧਿਆਨ ਨਾਲ ਵਿਚਾਰੀਏ ਤਾਂ ਦੇਖਾ-ਦੇਖੀ ਭਾਵੇਂ ਸਾਡਾ ਜੀਵਨ ਸਿੱਖਾਂ ਵਾਂਗ ਹੀ ਹੁੰਦਾ ਹੈ ਪਰ ਸਿੱਖੀ ਦੀ ਮੂਲ ਭਾਵਨਾਂ ਜੋ ਅਸਾਨੂੰ ਸਿੱਖ ਬਣਾਉਂਦੀ ਹੈ ਅਤੇ ਸਮੁੱਚੇ ਸੰਸਾਰ ਤੋਂ ਵਖਰਿਆਉਂਦੀ ਹੈ, ਦੀ ਸਮਝ ਵਿਚਾਰ ਅਤੇ ਅਮਲ ਬਿਨਾਂ ਸਿੱਖੀ ਦਾ ਘਰ ਦੂਰ ਹੀ ਹੁੰਦਾ ਹੈ। ਇਸਦਾ ਮਤਲਬ ਇਹ ਵੀ ਨਹੀਂ ਕਿ ਸਿੱਖ ਜੀਵਨ ਜਾਂਚ ਬਹੁਤ ਆਉਖੀ ਹੈ ਸਗੋਂ ਇਹ ਤਾਂ ਬਹੁਤ ਹੀ ਆਸਾਨ ਹੈ। ਸਿਰਫ ਹਰ ਪਾਸੇ ਵਾਹਿਗੁਰੂ ਦੀ ਹੋਂਦ ਨੂੰ ਮੰਨਕੇ ਕਾਰ ਵਿਹਾਰ ਕਰਨਾ ਹੈ। ਕਿਸੇ ਵੀ ਤਰਾਂ ਦੇ ਅਡੰਬਰ, ਕਰਮਕਾਂਢ, ਅੰਧਵਿਸ਼ਵਾਸ ਅਤੇ ਅਖਾਉਤੀ ਪੂਜਾ ਆਦਿ ਤੋਂ ਬਚਣਾ ਹੈ। ਭੈ ਮੁਕਤ ਹੋਕੇ, ਸਰਬੱਤ ਦੇ ਭਲੇ ਦੀ ਭਾਵਨਾਂ ਨਾਲ, ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਅਨੁਸਾਰ ਵਿਚਰਨਾਂ ਹੈ। ਕਈ ਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਅਨੁਸਾਰ ਚਲ ਰਹੇ ਇੱਕ ਹੀ ਪਰਿਵਾਰ ਜਾਂ ਗਰੁੱਪ ਦੇ ਮੈਂਬਰਾਂ ਦੀ ਜੀਵਨ ਜਾਂਚ ਵਿੱਚ ਫਰਕ ਨਜਰ ਆਉਣ ਲੱਗਦਾ ਹੈ। ਜਿਸ ਦਾ ਕਾਰਣ ਗੁਰੂ ਦੀ ਸਿੱਖਿਆ ਪ੍ਰਤੀ ਵੱਖ ਵੱਖ ਤਰਾਂ ਦੀ ਪਹੁੰਚ, ਸਮਝ ਅਤੇ ਵਿਚਾਰ ਹੁੰਦੀ ਹੈ। ਸਮੁੱਚੇ ਸਿੱਖ ਕਲਚਰ ਵਿੱਚ ਸੰਪਰਦਾਵਾਂ ਸੰਸਥਾਵਾਂ ਅਤੇ ਜੱਥਿਆਂ ਦੇ ਬਣਨ ਦਾ ਇਹੀ ਕਾਰਣ ਹੁੰਦਾ ਹੈ। ਅਜਿਹੀ ਹੀ ਭਾਵਨਾ ਅਧੀਂਨ ਅਸੀਂ ਜਿਆਦਾਤਰ ਤਾਕਤ ਇੱਕ ਦੂਜੇ ਨਾਲ ਮੁਕਾਬਲੇ ਵਿੱਚ ਲਗਾ ਦਿੰਦੇ ਹਾਂ। ਵੈਸੇ ਤਾਂ ਸਿੱਖ ਦੀ ਅਵੱਸਥਾ ਏਨੀ ਵੱਡੀ ਹੈ ਕਿ ਹਰ ਖੇਤਰ ਨੂੰ ਸਮੇਟ ਲੈਂਦੀ ਹੈ ਪਰ ਸਮੁੱਚਾ ਸਿੱਖ ਵਰਤਾਰਾ ਇਸ ਤਰਾਂ ਸਮਝਿਆ ਜਾ ਸਕਦਾ ਹੈ। ਉਦਾਹਰਣ ਵਜੋਂ ਜੇ ਕਰ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਕੇਂਦਰ ਵਿੱਚ ਰੱਖਕੇ ਦੁਆਲੇ ਇੱਕ ਤੋਂ ਬਾਅਦ ਇੱਕ ਚੱਕਰ ਲਗਾਉਂਦੇ ਜਾਈਏ ਤਾਂ ਬਿਲਕੁਲ ਵਿਚਕਾਰ, ਜੋ ਗੁਰੂ ਗ੍ਰੰਥ ਸਾਹਿਬ ਦੇ ਲਾਗਲਾ ਚੱਕਰ ਹੋਵੇਗਾ ਉਸ ਵਿੱਚ “ਕੋਟਨ ਮੈ ਨਾਨਕ ਕੋਊ ਨਾਰਾਇਨ ਜੇ ਚੀਤਿ” ਅਨੁਸਾਰ ਵਿਰਲਾ ਹੀ ਹੋਵੇਗਾ। ਉਸਤੋਂ ਬਾਅਦ ਹਰ ਚੱਕਰ ਵਿੱਚ ਗਿਣਤੀ ਵਧਦੀ ਜਾਏਗੀ ਅਤੇ ਬਾਹਰਲਿਆਂ ਚੱਕਰਾਂ ਵਿੱਚ ਬਹੁਤ ਜਿਆਦਾ ਹੋਵੇਗੀ। ਜੇ ਸੂਝ ਵਿੱਚ ਹੋ ਰਹੇ ਵਿਕਾਸ ਨਾਲ ਬਾਹਰਲੇ ਚੱਕਰਾਂ ਵਿੱਚੋਂ ਬੰਦਿਆਂ ਦੀ ਆਮਦ ਅੰਦਰ ਵੱਲ ਨੂੰ ਹੋਵੇਗੀ ਤਾਂ ਇਹ ਘਟਨਾਕ੍ਰਮ ਅਜੋਕਾ ਸਿੱਖ ਸੱਭਿਆਚਾਰਕ ਵਰਤਾਰਾ ਮੰਨਿਆਂ ਜਾ ਸਕਦਾ ਹੈ। ਇਸ ਤਰਾਂ ਅਸੀਂ ਹਰ ਵੇਲੇ ਬਾਹਰ ਦੇ ਚੱਕਰ ਵਿੱਚੋਂ ਅੰਦਰ ਆਉਣ ਦੀ ਸੰਭਾਵਨਾ ਨੂੰ ਮੱਦੇ ਨਜਰ ਰੱਖਦੇ ਕਿਸੇ ਨੂੰ ਵੀ ਸਿੱਖੀ ਚੋਂ ਬਾਹਰ ਨਹੀਂ ਸਮਝਾਂਗੇ। ਜਿਓਂ ਹੀ ਆਦਮੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਦੇ ਨਜਦੀਕ ਰਹਿਣ ਲਗਦਾ ਹੈ ਤਾਂ ਉਹ ਬਾਹਰਲੇ ਚੱਕਰਾਂ ਵੱਲ ਜਾਣ ਤੋਂ ਡਰਨ ਹੀ ਨਹੀਂ ਲੱਗਦਾ ਸਗੋਂ ਬਾਹਰਲਿਆਂ ਨੂੰ ਅੰਦਰ ਲਿਜਾਣ ਦੀ ਇੱਛਾ ਰੱਖਣ ਲੱਗਦਾ ਹੈ। ਅੱਜ ਦੇ ਸਮੇਂ ਧਰਮ ਨੂੰ ਵੀ ਰਾਜਨੀਤਕਾਂ ਦੀ ਐਨਕ ਨਾਲ ਦੇਖਣ ਵਾਲੇ ਗਿਣਤੀ ਘਟਣ ਦੇ ਡਰੋਂ ਬਾਹਰ ਵਾਲੇ ਚੱਕਰਾਂ ਵਿੱਚ ਹੀ ਰਹਿਣਾ ਪਸੰਦ ਕਰਦੇ ਹਨ। ਜਿਸ ਤਰਾਂ ਰਜਨੀਤਕ ਰਾਜ-ਸੱਤਾ ਲਈ ਆਪਣਾ ਬਹੁਮਤ ਦਿਖਾਉਂਦੇ ਘੱਟੋ ਘੱਟ ਏਜੰਡੇ ਤੇ ਸਿਧਾਂਤ ਵਿਰੋਧੀ ਪਾਰਟੀਆਂ ਨਾਲ ਏਕਤਾ ਦਾ ਦਿਖਾਵਾ ਕਰਦੇ ਹਨ ਏਸੇ ਤਰਾਂ ਅੱਜ ਕਲ ਮਜ਼ਹਬੀ ਲੋਕ ਵੀ ਸਿਧਾਂਤਿਕ ਅਤੇ ਗੈਰਸਿਧਾਂਤਿਕ ਏਕਤਾ ਦਾ ਖਿਲਾਰਾ ਪਾ ਭਰਮ ਸਿਰਜਦੇ ਹਨ। ਅਸੀਂ ਚੰਗੀ ਤਰਾਂ ਜਾਣਦੇ ਹਾਂ ਕਿ ਗੁਰਮਤਿ ਸਿਧਾਂਤਾਂ ਦਾ ਖਜਾਨਾ ਗੁਰੁ ਗ੍ਰੰਥ ਸਾਹਿਬ ਜੀ ਹਨ ਇਹਨਾ ਸਿਧਾਤਾਂ ਤੇ ਚਲਣ ਵਾਲਾ ਹੀ ਸਿੱਖ ਅਖਵਾਉਂਦਾ ਹੈ ਸਿੱਖ ਆਪਣੇ ਆਪ ਵਿੱਚ ਕੰਪਲੀਟ ਅਤੇ ਬਹੁਤ ਵੱਡੀ ਅਵੱਸਥਾ ਹੈ ਜੋ ਕਿ ਡਿਗਰੀਆਂ ਜਾਂ ਵਿਸ਼ੇਸ਼ਣਾ ਦੀ ਮੁਹਤਾਜ ਨਹੀਂ। ਸਿੱਖੀ ਵਿੱਚ ਸਿਰਾਂ ਦੀ ਗਿਣਤੀ ਨਾਲੋਂ ਗੁਣਾਂ ਦੀ ਗਿਣਤੀ ਮਹੱਤਵ ਰੱਖਦੀ ਹੈ ਵਰਨਾ ਜੇ ਅਜੋਕੀ ਵੋਟ ਨੀਤੀ ਤਹਿਤ 8 ਗਧਿਆਂ ਅਤੇ 2 ਘੋੜਿਆਂ ਯਾਨੀਂ 11 ਪਸੂਆਂ ਵਿੱਚੋਂ ਪ੍ਰਮੁੱਖ ਚੁਣਨਾਂ ਹੋਵੇ ਤਾਂ ਜਿਆਦਾ ਵੋਟਾਂ ਕਾਰਣ ਯਕੀਨਨ ਗਧਾ ਹੀ ਹੋਵੇਗਾ। ਏਕਤਾ ਇਕੱਠੇ ਹੋਣ ਨੂੰ ਕਹਿੰਦੇ ਹਨ। ਜਿਸ ਨਾਲ ਕੋਈ ਵੀ ਮੁਕਾਬਲਾ ਜਾਂ ਲੜਾਈ ਜਿਤਣੀ ਆਸਾਨ ਹੋ ਜਾਂਦੀ ਹੈ। ਅੱਜ ਕਲ ਸਿੱਖ ਵੀ ਅਜਿਹੀ ਏਕਤਾ ਦੀ ਇੱਛਾ ਰੱਖਣ ਲੱਗ ਪਏ ਹਨ। ਸਿੱਖਾਂ ਦੀ ਕੇਂਦਰੀ ਜੱਥੇਬੰਦੀ ਵੱਲੋਂ ਆਪਦੇ ਕਰਨ ਵਾਲੇ ਕੰਮਾਂ ਵਿੱਚ ਕੁਤਾਹੀ ਕਾਰਣ ਸਿੱਖਾਂ ਨੇ ਖੁਦ ਹੀ ਖੋਜ-ਵਿਚਾਰ ਦਾ ਕੰਮ ਆਪਣੇ ਹੱਥਾਂ ਵਿੱਚ ਲੈ ਲਿਆ ਹੈ। ਕਿਤੇ ਕਿਤੇ ਸੰਗਤੀ ਰੂਪ ਜਾਂ ਤਾਲਮੇਲ ਦੀ ਅਣਹੋਂਦ ਕਾਰਣ ਹਉਮੇ ਦੀ ਆਂਮਦ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਜਿਓਂ ਜਿਓਂ ਸਿੱਖ ਖੋਜ-ਵਿਚਾਰ ਕਰ ਰਹੇ ਹਨ, ਉਨਾਂ ਹੀ ਗੁਰੂ ਗ੍ਰੰਥ ਸਾਹਿਬ ਦੇ ਨਜਦੀਕ ਹੁੰਦੇ ਜਾ ਰਹੇ ਹਨ। ਗੁਰਮਤਿ ਵਰੋਧੀ ਪਰੰਪਰਾਵਾਂ, ਕਰਮ ਕਾਂਢਾਂ ਵਿੱਚ ਸ਼ਾਮਿਲ ਹੋ ਰਹੀਆਂ ਹਨ। ਕਿਸੇ ਖਾਸ ਮੁਹਿੰਮ ਤਹਿਤ ਵੀ ਸਿੱਖਾਂ ਨੂੰ ਇਕੱਠੇ ਕਰਨਾਂ ਮੁਸ਼ਕਲ ਜਾਪਣ ਲਗਦਾ ਹੈ। ਅੰਦਰਲੇ ਸਰਕਲ ਵੱਲ ਵਾਧਾ, ਬਾਹਰ ਵੱਲ ਜਾਣਾ ਤਾਂ ਦੂਰ ਬਾਹਰਲਿਆਂ ਨੂੰ ਅੰਦਰ ਖਿੱਚਣਾ ਵੀ ਮੁਸ਼ਕਲ ਬਣਾ ਰਿਹਾ ਹੈ। ਉਧਾਹਰਣ ਵਜੋਂ ਜਦ ਵੀ ਕਿਸੇ ਨੇ ਭਾਈ ਗੁਰਬਖਸ਼ ਸਿੰਘ ਕਾਲਾ ਅਫਗਾਨਾ ਦਾ ਲਿਖਿਆ ਬਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਨਾਮੀਂ ਪੁਸਤਕਾਂ ਦਾ ਸੈੱਟ ਠਰੰਮੇ ਨਾਲ ਪੜ੍ਹ ਲਿਆ ਤਾਂ ਉਸਨੂੰ ਕਿਸੇ ਬਾਹਰਲੇ ਚੱਕਰ ਵੱਲ ਮੋੜਨਾ ਅਸੰਭਵ ਬਣ ਜਾਂਦਾ ਹੈ
ਅਸਲ ਵਿੱਚ ਸਾਡਾ ਪੜ੍ਹਨ-ਵਿਚਾਰਨ ਵੀ ਉਸੇ ਤਰਾਂ ਦਾ ਹੁੰਦਾ ਹੈ ਜਿਸ ਤਰਾਂ ਸਾਡਾ ਮਨ ਮਨਦਾ ਹੈ। ਜਿਸ ਤਰਾਂ ਦੇ ਸਾਡੇ ਵਿਚਾਰ ਹੁੰਦੇ ਹਨ ਉਹੀ ਕੁੱਝ ਅਸੀਂ ਸੁਣਨਾ ਪਸੰਦ ਕਰਦੇ ਹਾਂ। ਅਸੀਂ ਭੁੱਲ ਜਾਂਦੇ ਹਾਂ ਕਿ ਵਿਚਾਰ ਬਣਾਉਂਦੇ ਸਮੇਂ ਦਿਲ ਨਹੀਂ ਸਗੋਂ ਦਲੀਲ ਸਹਿਣਸ਼ੀਲਤਾ ਅਤੇ ਠਰੰਮੇ ਦੀ ਜਰੂਰਤ ਹੁੰਦੀ ਹੈ। ਵਿਚਾਰਾਂ ਨੂੰ ਸੰਗਤ ਦੇ ਦਿਲਾਂ ਤੱਕ ਲਿਜਾਣਾ ਪਰਚਾਰ ਕਹਾਉਂਦਾ ਹੈ। ਜਦੋਂ ਅਸੀਂ ਏਸ ਨਜਰੀਏ ਤੋਂ ਦੇਖਦੇ ਹਾਂ ਤਾਂ ਸੰਗਤ ਦਾ ਵਿਚਾਰ ਗ੍ਰਹਿਣ ਕਰਨ ਦਾ ਨਜਰੀਆ ਵੱਖ ਵੱਖ ਹੁੰਦਾ ਹੈ। ਹਰ ਕਿਸੇ ਨੂੰ ਇੱਕੋ ਸਮੇਂ ਡਾਕਟਰੀ ਦਾ ਸਲੇਬਸ ਨਹੀਂ ਦਿੱਤਾ ਜਾਂਦਾ। ਜਦੋਂ ਦਿਲ ਦਿਮਾਗ ਦੀ ਅਵਸਥਾ ਅਗਲੇਰੀ ਪੜ੍ਹਾਈ ਦੇ ਯੋਗ ਹੋਵੇ ਉਦੋਂ ਹੀ ਡੂੰਘੀ ਗਲ ਤੱਕ ਪਹੁੰਚਿਆ ਜਾ ਸਕਦਾ ਹੈ। ਸੁਆਲ ਤੱਤ ਨੂੰ ਸਮਝਣ ਵਾਲੇ ਦਿਮਾਗ ਪੈਦਾ ਕਰਨ ਦਾ ਜਾ ਬਣਦਾ ਹੈ। ਸੋ ਪਰਚਾਰਕ ਦੀ ਮੁਢਲੀ ਲੋੜ ਇਹ ਹੁੰਦੀ ਹੈ ਕਿ ਜਗਿਆਸੂ ਵਿੱਚ ਸਿੱਖਣ ਦੀ ਇੱਛਾ ਸ਼ਕਤੀ ਪੈਦਾ ਕੀਤੀ ਜਾਵੇ ਫਿਰ ਉਸਨੂੰ ਉਂਨੀ ਹੀ ਖੁਰਾਕ ਦਿੱਤੀ ਜਾਵੇ। ਜਿਨਾ ਉਹ ਝਲਣ ਦੇ ਸਮਰੱਥ ਹੋਵੇ ਇੱਕ ਵਾਰ ਜਗਿਆਸਾ ਉਪਜਣ ਤੇ ਉਹ ਖੁਦ ਪੜ੍ਹਨ-ਵਿਚਾਰਨ ਦੇ ਰਸਤੇ ਪੈ ਸਕਦਾ ਹੈ। ਅਤੇ ਉਸਦੀ ਦਿਸ਼ਾ ਬਾਹਰੋਂ ਅੰਦਰ ਵੱਲ ਹੋ ਸਕਦੀ ਹੈ। ਸਕੂਲਾਂ ਕਾਲਜਾਂ ਯੂਨੀਵਰਸਟੀਆਂ ਵਿੱਚ ਕੁੱਝ ਗੱਲਾਂ ਅਜਿਹੀਆਂ ਹੁੰਦੀਆਂ ਹਨ ਜੋ ਪਹਿਲਾਂ ਅਧਿਆਪਕਾਂ ਦੇ ਖੁਦ ਵਿਚਾਰਕੇ ਇੱਕਮਤਿ ਹੋਣ ਲਈ ਜਰੂਰੀ ਹੁੰਦੀਆਂ ਹਨ ਤਾਂ ਕਿ ਵਿਦਿਆਰਥੀਆਂ ਤੱਕ ਵਧੀਆ ਤਰੀਕੇ ਨਾਲ ਜਾ ਸਕਣ। ਪਰ ਜੇਕਰ ਅਧਿਆਪਕ ਆਪਸ ਵਿੱਚ ਵਿਚਾਰਦੇ ਖੁਦ ਹੀ ਲੜ ਪੈਣ, ਉਹ ਵੀ ਵਿਦਿਆਰਥੀਆਂ ਦੇ ਸਾਹਮਣੇ ਤਾਂ ਵਿਦਿਆਰਥੀਆਂ ਤੇ ਕਿਹੋ ਜਿਹਾ ਅਸਰ ਪਵੇਗਾ। ਵਿਦਿਆਰਥੀ ਉਹਨਾਂ ਤੋਂ ਕੁੱਝ ਨਹੀਂ ਸਿੱਖ ਸਕਣਗੇ। ਸੋ ਖੋਜ ਵਿਚਾਰ ਦਾ ਕੰਮ ਅਧਿਆਪਕਾਂ ਦੇ ਪੱਧਰ ਤੇ ਹੀ ਹੋਣਾ ਚਾਹੀਦਾ ਹੈ। ਉਹਨਾਂ ਅੰਦਰਲੀ ਇੱਕ ਸੁਰ ਹੋਣ ਲਈ ਹੋਈ ਖਿਚੋਤਾਣ ਵਿਦਿਆਰਥੀਆਂ ਤੱਕ ਨਹੀਂ ਪੁਜਣੀ ਚਾਹੀਦੀ ਵਰਨਾ ਅਜੋਕੇ ਵਿਦਿਆਰਥੀ ਆਪਣਾ ਵਿਦਿਆਰਥੀ ਹੋਣਾ ਭੁਲਕੇ, ਬਿਨਾਂ ਕਿਸੇ ਹੋਰ ਦ੍ਰਿਸ਼ਟੀਕੋਣ ਤੋਂ ਗਲ ਵਿਚਾਰਿਆਂ, ਵਿਚਾਰ ਪ੍ਰਸਤ ਤੋਂ ਸਖਸਲੀਅਤ ਪ੍ਰਸਤ ਬਣ, ਕਿਸੇ ਨਾ ਕਿਸੇ ਦਾ ਸਾਥ ਦੇਣਾ ਆਪਣਾ ਨੈਤਿਕ ਫਰਜ ਸਮਝਣ ਲਗਦੇ ਹਨ। ਜਿਥੋਂ ਤੱਕ ਸਹਿਮਤੀ ਹੋ ਜਾਵੇ ਕਦਮ ਦਰ ਕਦਮ ਸੰਗਤ ਤੱਕ ਪਰਚਾਰ ਕਰਨਾ ਚਾਹੀਦਾ ਹੈ। ਅੱਜ ਦੀ ਤਰਾਸਦੀ ਵੀ ਇਹੋ ਹੈ ਕਿ ਉਹਨਾਂ ਲੋਗਾਂ ਤੱਕ ਗੱਲ ਪਹੁੰਚਾਉਣੀ ਹੈ ਜੋ ਗਲ ਸੁਣਨਾ ਹੀ ਨਹੀਂ ਚਾਹੁੰਦੇ। ਆਓ ਗੁਰਮਤਿ ਦੇ ਸਿਧਾਂਤ ਦੀ ਰਾਖੀ ਕਰਦੇ ਹੋਏ ਪਰਚਾਰ ਵਿਧੀ ਨੂੰ ਇਸ ਤਰਾਂ ਅਪਣਾਈਏ ਕਿ ਜਿਸ ਨਾਲ ਸਿੱਖੀ ਵਿੱਚੋਂ ਬ੍ਰਾਹਮਣਵਾਦ ਰੂਪੀ ਸੱਪ ਵੀ ਮਰ ਜਾਏ ਅਤੇ ਤੱਤ ਗੁਰਮਤਿ ਰੂਪੀ ਲਾਠੀ ਦਾ ਵੀ ਕੁੱਝ ਨਾ ਬਿਗੜੇ। ਇਹੀ ਅੱਜੋਕੇ ਸਮੇਂ ਦਾ ਚੈਲੇਂਜ ਹੈ। ਏਸੇ ਵਿੱਚ ਸਰਬੱਤ ਦਾ ਭਲਾ ਹੈ।
.