.

ਸ਼ਬਦ ਗੁਰੂ

ਸਬਦੁ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗੁ ਬਉਰਾਨੰ॥
ਬਾਬੇ ਨਾਨਕ ਤੋਂ ਪਹਿਲਾਂ ਚਲਾਕ ਪੁਜਾਰੀਆਂ ਅਤੇ ਹੋਰ ਲੋਕਾਂ ਨੇ ਲੋਕਾਈ ਨੂੰ ਰੱਬ ਦੇ ਨਾਂ `ਤੇ ਭੰਬਲ ਭੂਸਿਆ ਵਿੱਚ ਐਸਾ ਪਾਇਆ ਹੋਇਆ ਸੀ ਕਿ ਅੱਜ ਤਕ ਵੀ ਅਸੀ ਉਨ੍ਹਾਂ ਨੂੰ ਅਗਿਆਨਤਾ ਦੀਆਂ ਘੁੰਮਣ ਘੇਰੀਆਂ ਵਿੱਚ ਹੀ ਫਸੇ ਵੇਖ ਰਹੇ ਹਾਂ। ਬਾਬੇ ਨਾਨਕ ਨੇ ਲੋਕਾਈ ਨੂੰ ਸੁੱਖੀ ਜੀਵਨ ਜਿਊਣ ਵਾਸਤੇ ਪਰਮਾਤਮਾ ਦੀ ਪੂਜਾ ਦਾ ਐਸਾ ਢੰਗ ਦਸਿਆ ਜਿਸ ਉਤੇ ਕੋਈ ਪੈਸਾ ਖ਼ਰਚ ਨਹੀਂ ਕਰਨਾ ਪੈਂਦਾ ਅਤੇ ਨਾ ਹੀ ਕਿਸੇ ਜਗ੍ਹਾ ਜਾਣ ਦੀ ਲੋੜ ਪੈਂਦੀ ਹੈ।
ਬਾਬੇ ਨਾਨਕ ਨੇ ਸਿਖਾਇਆ ਕਿ ਪਰਮਾਤਮਾ ਤੁਹਾਡੇ ਅੰਦਰ ਹੈ, ਉਸ ਦੀ ਪੂਜਾ ਤੁਹਾਡੇ ਮਨ ਨੇ ਉਸ ਦਾ ਮੰਨਣ ਕਰ ਕੇ, ਦ੍ਰਿੜਤਾ ਨਾਲ, ਅੰਦਰ ਕਰਨੀ ਹੈ। ਇਸ ਦਾ ਤਰੀਕਾ ਅੰਕ 589 ਉਤੇ ਦਰਸਾਇਆ ਗਿਆ ਹੈ। ਇਸ ਪੂਜਾ ਨਾਲ ਅੰਦਰੋਂ ਅਨਹਦ ਨਾਦ ਦੀ ਧੁਨਿ ਸੁਣਾਈ ਦੇਵੇਗੀ, ਜਿਸ ਨਾਲ ਤੁਹਾਡਾ ਮਨ ਅਪਣੇ ‘ਨਿਜ ਘਰ’ ਨੂੰ ਪ੍ਰਾਪਤ ਕਰ ਕੇ ਬਾਹਰ ਨਹੀਂ ਭੱਜੇਗਾ। ਮਨ ਦੇ ਉਸ ਘਰ ਵਿੱਚ ਰਹਿਣ ਨਾਲ ਉਥੋਂ ਉਸ ਅਵਸਥਾ ਵਿੱਚੋਂ ਗਿਆਨ ਰੂਪ ਸਤਿਗੁਰ ਦਾ ਮਿਲਾਪ ਹੋਵੇਗਾ। ਇਸ ਅਵਸਥਾ ਨੁੰ ਪਾ ਕੇ ਪਤਾ ਚਲਦਾ ਹੈ। ਕਿ ਇਹ ‘ਸ਼ਬਦ ਗੁਰੂ’, ਆਦਿ ਕਾਲ ਤੋਂ ਸਾਰੇ ਜੀਵਾਂ ਅੰਦਰ ਰਵਿ ਰਿਹਾ ਹੈ। ਇਹ ਨਾ ਕਦੇ ਮਰਦਾ ਹੈ, ਨਾ ਜਨਮ ਲੈਂਦਾ ਹੈ ਅਤੇ ਅਬਿਨਾਸੀ ਹੈ। ਅੰਕ 393, ਅੰਕ 759. ਇਸੇ ਧੁਨ ਨੂੰ ਸ਼ਬਦ ਗੁਰੂ ਸੁਰਤਿ ਧੁਨ ਚੇਲਾ ਅੰਕ 939 ਤੇ ਲਿਖਿਆ ਹੈ।
ਬਾਬੇ ਨਾਨਕ ਨੇ ਆਪਣੇ ਇਸ ਅੁਂਭਵ ਦਾ ਪਰਚਾਰ ਭਾਰਤ ਅਤੇ ਹੋਰ ਗੁਆਂਢੀ ਦੇਸ਼ਾਂ ਵਿੱਚ ਜਾ ਕੇ ਵੀ ਕੀਤਾ।
ਅਨਹਦ ਨਾਦ ਸ਼ਬਦ ਗੁਰੂ ਦੀ ਗੱਲ ਭਾਰਤ ਦੇ ਚੋਟੀ ਦੇ ਸਿੱਧਾਂ, ਜੋਗੀਆਂ ਤੇ ਹੋਰ ਧਾਰਮਕ ਲੋਕਾਂ ਨਾਲ ਵੀ ਹੋਈ ਜਿਸ ਦਾ ਪ੍ਰਮਾਣ ਸਾਨੂੰ ਰਾਮਕਲੀ ਰਾਗ ਬਾਣੀ ਸਿਧ ਗੋਸਟਿ’ ਅੰਦਰ ਮਿਲਦਾ ਹੈ। ਇਹ ਬਾਣੀ ਅੰਕ 938 ਅੰਕ ਤੋਂ ਸ਼ੁਰੂ ਹੋ ਕੇ 946 ਤੇ 73 ਬਂਦਾ ਦਾ ਜੋੜ ਹੈ। ਇਸ ਅੰਦਰ ਸਿੱਧਾਂ ਨੇ ਅਨੇਕਾਂ ਸਵਾਲ ਇਸ ਅਨਹਦ ਸ਼ਬਦ ਬਾਰੇ ਪੁੱਛੇ ਕਿ ਇਹ ਰਚਨਾ ਤੋਂ ਪਹਿਲਾਂ ਕਿਥੇ ਸੀ ਤੇ ਰਚਨਾ ਤੋਂ ਪਿਛੋਂ ਕਿਥੇ ਵਾਸਾ ਰਖਦਾ ਹੈ? ਗੁਰੂ ਬਾਬੇ ਨੇ ਇਸ ਨੂੰ ਅਲ਼ੱਖ ਕਹਿ ਇਸ ਨੂੰ ਉਸ ਅਕਾਲ ਨਾਲ (ਬਿਆਨ ਨਾ ਕੀਤੇ ਜਾ ਸਕਣ ਵਾਲੇ) ਸ਼ਬਦ ਵਿਚ, ਨਾਮ ਸਰਬ ਵਿਆਪਕ ਅਤੇ ਇੱਕ ਰੂਪ ਦਰਸਾਇਆ। ਸਿੱਧ ਵੀ ਇਸ ਸ਼ਬਦ ਨੁੰ ਸੁਖਮਨਾ ਨਾੜੀ ਰਾਹੀਂ ਸੁਣਨਾ ਚਾਹੁੰਦੇ ਸਨ ਜੋ ਨਾਮੁਕਿਨ ਹੈ ਕਿਉਂਕਿ ਇਹ ਹਠ ਨਾਲ ਪ੍ਰਾਪਤ ਨਹੀਂ ਹੋ ਸਕਦਾ। ਸਹਿਜ ਅਵਸਥਾ ਅੰਦਰ ਰਹਿ ਕੇ ਉਸ ਦੀ ਰਜ਼ਾ ਨੂੰ ਪ੍ਰਵਾਨ ਕਰਦਿਆਂ ਹੋਇਆਂ ਦੁੱਖ ਸੁੱਖ ਇਕੋ ਜਿਹਾ ਜਾਣਨ ਨਾਲ ਪ੍ਰਾਪਤੀ ਹੁੰਦੀ ਹੈ। ਇਹ ਮਨ ਪਰਮਾਤਮਾ ਦੀ ਅੰਸ਼ ਹੋਣ ਕਾਰਨ ਅਨਹਦ ਸ਼ਬਦ ਮਨ ਦੀ ਬੋਲੀ ਹੈ। ਇਸ ਕਾਰਨ ਮਨ ਕੇਵਲ ਇਸ ਧੁਨਿ ਨਾਲ ਹੀ ਵੱਸ ਵਿੱਚ ਆ ਕੇ ਕੁਦਰਤੀ ਸੱਚ ਦੇ ਸੰਜਮ ਅੰਦਰ ਜੀਵਨ ਜਿਊਣ ਲੱਗ ਜਾਂਦਾ ਹੈ। ਮਨ ਦੀ ਇਸ ਅਵਸਥਾ ਵਿੱਚ ਪੰਜ ਗਿਆਨ ਇੰਦਰੇ, ਪੰਜ ਵਿਕਾਰ, ਵਾਸ਼ਨਾਵਾ, ਵੱਸ ਵਿੱਚ ਹੁੰਦੇ ਹਨ। ਇਸ ਤੋਂ ਬਿਨਾਂ ਵੱਸ ਨਹੀਂ ਹੋ ਸਕਦੇ। ਅੰਕ 1226 `ਤੇ ਤੁਸੀ ਵੇਖ ਸਕਦੇ ਹੋ। ਇਸ ਅਵਸੱਥਾ ਨੂੰ ਪਾ ਕੇ ਮਨ ਹਰ ਪਾਸਿਉਂ ਤ੍ਰਿਪਤ ਹੋ ਜਾਂਦਾ ਹੈ ਅਤੇ ਅਕਾਲ ਪੁਰਖ ਦੀ ਰਜ਼ਾ ਵਾਲਾ ਜੀਵਨ ਗੁਜ਼ਾਰਦਾ ਹੈ।
ਇਥੇ ਸਤਿਗੁਰ ਦਾ ਗਿਆਨ ਪੈਦਾ ਹੁੰਦਾ ਹੈ। ਗਿਆਨ ਰੂਪ ਸਤਿਗੁਰ ਦੇ ਮਿਲਾਪ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਗਿਆਨ ਦਾ ਬੱਧਾ ਹੋਇਆ ਮਨ ਵਿਸ਼ੇ ਵਿਕਾਰਾਂ ਵਲ ਮੂੰਹ ਨਹੀਂ ਕਰਦਾ। ਫ਼ੁਰਮਾਨ ਹੈ,
“ਦੀਸਤ ਮਾਸ ਨਾ ਖਾਇ ਬਿਲਾਈ॥ ਅੰਕ 898. . ਇਸ ਅਵੱਸਥਾ ਦੀ ਪ੍ਰਾਪਤੀ ਤੋਂ ਬਿਨਾਂ ਵੱਡੇ ਵੱਡੇ ਵਿਦਵਾਨ, ਕੇਵਲ ਬਾਣੀ ਪੜ੍ਹਨ ਵਾਲੇ, ਕਥਾ ਕਰਨ ਵਾਲੇ, ਰੂਹਾਨੀਅਤ ਦਾ ਗਿਆਨ ਦੇਣ ਵਾਲੇ ਬਾਬੇ ਵੀ ਜ਼ਾਬਤੇ ਅੰਦਰ ਨਹੀਂ ਰਹਿ ਸਕਦੇ ਅਤੇ ਉਨ੍ਹਾਂ ਬਾਰੇ ਅਖਬਾਰਾਂ ਦੀਆਂ ਸੁਰਖ਼ੀਆਂ ਪੜ੍ਹ ਕੇ ਉਨ੍ਹਾਂ ਦੀ ਗਿਰਾਵਟ ਦਾ ਪਤਾ ਚਲਦਾ ਹੈ।
ਸਾਰੀ ਬਾਣੀ ਇਸੇ ਅਵੱਸਥਾ ਤੋਂ ਪੈਦਾ ਹੋਈ ਹੈ ਅਤੇ ਇਸ ਬਾਣੀ ਅੰਦਰ ਉਸ ਅਵੱਸਥਾ ਤਕ ਪਹੁੰਚਾਉਣ ਦੀ ਸਮੱਰਥਾ ਹੈ। ਗੁਰ ਫ਼ੁਰਮਾਨ ਹੈ, “ਹਰਿਮੰਦਰ ਇਹ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਇ॥” ਅੰਕ 1346, 1107, 953 ਇਨ੍ਹਾਂ ਗੱਲਾਂ ਦੀ ਪ੍ਰੋੜ੍ਹਤਾ ਕਰਦੇ ਹਨ।
ਅੰਕ 117 `ਤੇ ਬਾਬਾ ਨਾਨਕ ਜੀ ਸੰਸਾਰ ਦੀ ਉਤਪਤੀ ਅਤੇ ਨਾਸ਼ ਵੀ ਇਸੇ ਅਨਹਦ ਸ਼ਬਦ ਤੋਂ ਹੁੰਦਾ ਦਸਦੇ ਹਨ। ਜੀਵਾਂ ਦੇ ਅੰਦਰ ਜੀਵਨ ਵੀ ਸ਼ਬਦ ਦੇ ਕਾਰਨ ਹੀ ਹੈ। ਇਸ ਸ਼ਬਦ ਨਾਲ ਹੀ ਪ੍ਰਮਾਤਮਾ ਨਾਲ ਮਿਲਾਪ ਹੋ ਸਕਦਾ ਹੈ। ਅੰਕ 1250, ਅੰਕ 1291 ਸੰਸਾਰੀ ਜੀਵਨ ਦੀਆਂ ਜੁਗਤੀਆਂ ਵੀ ਇਸੇ ਸ਼ਬਦ ਤੋਂ ਪ੍ਰਾਪਤ ਹੁੰਦੀਆਂ ਹਨ। ਅੰਕ 1038, ਅੰਕ 635 `ਤੇ ਬਾਬੇ ਨਾਨਕ ਨੇ ਇਸ ਸ਼ਬਦ ਨੂੰ ਗੁਰ ਪੀਰ ਅਤੇ ਬਹੁਤ ਗਹਿਰ ਤ ਗੰਭੀਰ ਦਰਸਾਇਆ ਹੈ ਅੰਕ 1024 ਪੜ੍ਹ ਕੇ ਪਤਾ ਚਲਦਾ ਹੈ ਕਿ ਮਨ ਨੂੰ ਭਰੋਸਾ, ਯਕੀਨ ਵੀ ਇਸੇ ਸ਼ਬਦ ਦੀ ਪ੍ਰਾਪਤੀ ਨਾਲ ਅਉਦਾ ਹੈ ਗੁਰਸਿੱਖਾਂ ਦੀ ਵਡਿਆਈ ਵੀ ਇਸੇ ਸ਼ਬਦ ਸਦਕਾ ਹੈ ਅੰਕ 429 ਅਨਹਦ ਸ਼ਬਦ ਚੌਹਾਂ ਜੁਗਾਂ ਵਿੱਚ ਗਿਆਨ ਦਾ ਸੂਰਜ ਕਿਹਾ ਹੈ (ਅੰਕ 908) ਅਨਹਦ ਸ਼ਬਦ ਨੂੰ ਜੀਵਾਂ ਦਾ ਸੱਚਾ ਭਤਾਰ, ਮਾਲਕ, ਖਸਮ ਵੀ ਕਿਹਾ ਹੈ। ਵੇਖੋ ਅੰਕ 311. ਇਸੇ ਸ਼ਬਦ ਨੂੰ ਅੰਕ 664 `ਤੇ ਗਿਆਨ ਦਾ ਦੀਪਕ ਵੀ ਕਿਹਾ ਹੈ।
ਅੱਜ ਅਸੀ ਬੜੇ ਦੁੱਖ ਨਾਲ ਲਿਖ ਰਹੇ ਹਾਂ ਕਿ 1850 ਤੋਂ ਪਿੱਛੋਂ ਸਿੱਖਾਂ ਨੇ ਬਾਣੀ ਦੀ ਅਮਲੀ ਜੀਵਨ ਵਿੱਚ ਕਮਾਈ ਬਹੁਤ ਹੀ ਨਾ ਮਾਤਰ ਕੀਤੀ ਹੈ, ਪਰ ਬਾਣੀ ਦੀ ਆੜ ਵਿੱਚ ਮਾਇਆ ਕਮਾਉਣ, ਪਖੰਡ ਚਲਾਉਣ ਅਤੇ ਬਉਰੇ ਸਿੱਖਾਂ ਨੇ ਸਿੱਖਾਂ ਨੂੰ ਚੇਲੇ ਬਣਾ ਕੇ ਲੁੱਟਣ ਵਿੱਚ ਸੱਭ ਹੱਦਾਂ ਪਾਰ ਕਰ ਲਈਆਂ ਹਨ। ਇਸ ਕਾਰਨ ਸਿੱਖ ਦਿਨੋ ਦਿਨ ਬਾਣੀ ਤੋਂ ਦੂਰ ਹੁੰਦਾ ਜਾ ਰਿਹਾ ਹੈ।
ਇਹ ਅਨਹਦ ਸ਼ਬਦ-ਗੁਰੂ ਕੋਈ ਵਿਅਕਤੀ ਨਹੀਂ ਦੇ ਸਕਦਾ ਗੁਰਬਾਣੀ ਰਾਹੀਂ ਉਸ ਨੂੰ ਜੀਵਨ ਜੀਉਣ ਨਾਲ ਪ੍ਰਾਪਤ ਹੋ ਸਕਦਾ ਹੈ। ਇਸੇ ਅਨਹਦ ਸ਼ਬਦ ਨੂੰ ਬਾਬੇ ਨਾਨਕ ਨੇ ਗੁਰੂ ਕਿਹਾ ਸੀ। ਅਤੇ ਇਸ ਅਵੱਸਥਾ ਵਿਚੋਂ ਪੈਦਾ ਹੋਏ ਗਿਆਨ ਨੂੰ ਸਤਿਗੁਰੂ। ਅੰਕ 938 ਅਤੇ 646 `ਤੇ ਇਸ ਦੀ ਗਵਾਹੀ ਮਿਲਦੀ ਹੈ। ਹੋਰ ਵਿਸਥਾਰ ਇਕਾ ਬਾਣੀ ਇਕੁ ਗੁਰ ਵਾਲੇ ਲੇਖ ਵਿੱਚ ਵੇਖਣ ਦੀ ਕ੍ਰਿਪਾਲਤਾ ਕਰਨਾ ਜੀ।
ਅਨਹਦ ਸ਼ਬਦ ਅਨਾਹਦ ਬਾਣੀ, ਅਨਾਦੀ ਹੋਣ ਕਾਰਨ, ਬਾਬੇ ਨਾਨਕ ਨੇ ਕਿਤੇ ਵੀ ਬਾਣੀ ਅੰਦਰ ਆਪ ਨੂੰ ਗੁਰੂ ਨਹੀਂ ਕਹਾਇਆ। ਨਾ ਕੋਈ ਗੱਦੀ ਹੀ ਚਲਾਈ। ਗੱਦੀਆਂ ਤਦ ਚਲਾਉਂਦੇ ਜੇ ‘ਸ਼ਬਦ’ ਅਬਿਨਾਸ਼ੀ ਨਾ ਹੁੰਦਾ। ਸ਼ਬਦ ਹਮੇਸ਼ਾ ਹੋਣ ਸਦਕਾ ਕਦੇ ਵੀ ਸ਼ਬਦ ਗੁਰੂ ਦੀ ਗੱਦੀ ਖ਼ਾਲੀ ਨਹੀ ਹੋ ਸਕਦੀ। ਬਾਬੇ ਨਾਨਕ ਦੇ ਅਪਣੇ ਬਚਨ ਵੀ ਅੰਕ 1286 `ਤੇ ਅੰਕਿਤ ਹਨ ਕਿ ਗੱਦੀ ਦੇਣ ਵਾਲੇ ਬਾਵਲੇ (ਕਮਲੇ) ਅਤੇ ਗੱਦੀ ਲੈਣ ਵਾਲੇ (ਨਿਲਜ) ਬੇਸ਼ਰਮ ‘ਕੁਲਹ’ ਦਿੰਦੇ ਬਵਾਲੇ ਲੈਂਦੇ ਵੱਡੇ ਨਿਲਜ॥” ਸ਼ਬਦ ਗੁਰੂ ਦੀ ਗੱਦੀ `ਤੇ ਨਾਸ਼ਵਾਨ ਮਨੁੱਖ ਨਹੀਂ ਬੈਠ ਸਕਦਾ। ਬਾਬੇ ਨਾਨਕ ਨੇ ਕਿਸੇ ਨੂੰ ਚੇਲਾ ਨਹੀ ਕਿਹਾ ਸਾਰਿਆਂ ਨੂੰ ਭਾਈ ਗੁਰ ਭਾਈ, ਕਹਿ ਕੇ ਹੀ, ਸਾਨੂੰ ਇੱਕ ਪਿਤਾ ਦੇ ਬੱਚੇ ਬਣ ਕੇ ਜੀਉਣ ਦੀ ਜੁਗਤਿ ਦਸੀ ਹੈ। ਅੰਕ 593 ਤੇ ਆਪਣੇ ਆਪ ਨੂੰ ਨਾਮ ਦੇ ਆਤਮ ਗਿਆਨ ਦੇ ਕਾਰ-ਕੁਨ ਕਿਹਾ ਕਿਉ ਕਿ ਬਾਣੀ ਨੂੰ ਨਿਰੰਕਾਰੀ ਬਾਣੀ ਆਖਿਆ ਹੈ।
ਉਪਰੋਕਤ ਵਿਚਾਰਾਂ ਨੁੰ ਮੁੱਖ ਰਖਦਿਆਂ ਦਾਸ ਦੀ ਬੇਨਤੀ ਹੈ ਕਿ ਗੁਰੂ ਦੇ ਗਿਆਨ ਰੂਪ ਬਾਣੀ ਦੇ ਠੇਕੇ `ਤੇ ਪਾਠ ਨਾ ਕਰਵਾਉ, ਆਪ ਪੜ੍ਹਨ ਵਿਚਾਰਨ ਦੀ ਕੋਸ਼ਿਸ਼ ਕਰੋ। ਤੁਹਾਡੇ ਗੁੱਸੇ, ਗਿਲੇ ਤੇ ਭੁਲੇਖੇ ਗੁਰੂ ਕ੍ਰਿਪਾ ਨਾਲ ਆਪਣੇ ਆਪ ਹੀ ਦੂਰ ਹੋ ਜਾਣਗੇ ਅਤੇ ਸ਼ਬਦ ਗੁਰੂ ਦਾ ਗਿਆਨ, ਭਰੋਸਾ ਅਤੇ ਸ਼ਬਦ ਦੀ ਸਮਰਥਾਂ ਦਾ ਵਿਸ਼ਵਾਸ ਪ੍ਰਾਪਤ ਹੋਵੇਗਾਂ।

ਗਰਬਖਸ਼ ਸਿੰਘ 9417231762




.