.

“ਸਚੁ ਸੁਣਾਇਸੀ ਸਚ ਕੀ ਬੇਲਾ” ਤੁਕ ਵਰਕ ਕੇ ‘ਸੱਚ’ ਸੁਣਾਉਣ ਵਾਲਿਓ ‘ਸੱਚ ਸੁਣਨ ਦੀ ਆਦਤ ਵੀ ਪਾਓ।
ਕਿਰਪਾਲ ਸਿੰਘ ਬਠਿੰਡਾ, ਫੋਨ: +91-98554-80797

ਕਿਸੇ ਵਿਅਕਤੀ ਜਾਂ ਅਦਾਰੇ ਵਲੋਂ ਗੁਰਬਾਣੀ ਦੀ ਤੁਕ ਨੂੰ ਆਪਣੇ ‘ਲੋਗੋ’ ਵਿੱਚ ਵਰਤਣਾ ਬੜੀ ਚੰਗੀ ਗੱਲ ਹੈ, ਜੇ ਉਸ ਅਦਾਰੇ ਦਾ ਕਿਰਦਾਰ ਉਸ ਤੁਕ ਦੀ ਭਾਵਨਾ ਨਾਲ ਮਿਲਦਾ ਹੋਵੇ ਪਰ ਜੇ ਉਸ ਦਾ ਕਿਰਦਾਰ ਗੁਰਬਾਣੀ ਦੀ ਤੁਕ ਦੇ ਵਿਰੋਧੀ ਭਾਵਾਂ ਵਾਲਾ ਹੋਵੇ ਤਾਂ ਸਿਆਣੇ ਲੋਕ ਕਹਿੰਦੇ ਹਲ ਕਿ ਇਹ ਪਾਖੰਡੀ ਹੈ, ਠੱਗ ਹੈ ਕਿਉਂਕਿ ਗੁਰਬਾਣੀ ਨੂੰ ਆਪਣੇ ਨਿਜੀ ਹਿੱਤਾਂ ਲਈ ਵਰਤ ਕੇ ਠੱਗੀ ਮਾਰ ਰਿਹਾ ਹੈ, ਇਸੇ ਕਰਕੇ ਸੂਝਵਾਨ ਸਿੱਖ, ਵਪਾਰੀ ਅਤੇ ਕਾਰੋਬਾਰੀ ਅਦਾਰਿਆਂ ਵਲੋਂ ਆਪਣੀ ਦੁਕਾਨ ਜਾਂ ਅਦਾਰੇ ਦਾ ਨਾਂ ਗੁਰੂ ਦੇ ਨਾਮ `ਤੇ ਰੱਖਣ ਜਾਂ ਗੁਰਬਾਣੀ ਦੀ ਕਿਸੇ ਤੁਕ ਨੂੰ ਵਰਤਣ `ਤੇ ਇਤਰਾਜ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਇਨ੍ਹਾਂ ਨੇ ਨਾਮ, ਗੁਰੂ ਜਾਂ ਗੁਰਬਾਣੀ ਨੂੰ ਚਿੱਤ ਵਿੱਚ ਵਸਾਉਣ ਲਈ ਨਹੀਂ ਵਰਤਿਆ ਬਲਕਿ ਲੋਕਾਂ ਨੂੰ ਭੁਲੇਖਾ ਦੇ ਕੇ ਆਪਣਾ ਵਪਾਰ ਚਲਾਉਣਾ ਹੁੰਦਾ ਹੈ। ਇਸ ਤਰ੍ਹਾਂ ਗੁਰੂ ਸਾਹਿਬ ਦੇ ਨਾਮ ਜਾਂ ਗੁਰਬਾਣੀ ਦੀ ਬੇਅਦਬੀ ਹੁੰਦੀ ਹੈ। ਸੱਜਣ ਨੂੰ ਵੀ ਠੱਗ ਤਾਂ ਹੀ ਕਿਹਾ ਜਾਂਦਾ ਸੀ ਕਿਉਂਕਿ ਉਸ ਨੇ ਭੇਸ ਤਾਂ ਧਾਰਮਿਕ ਦਿੱਖ ਵਾਲਾ ਬਣਾਇਆ ਹੋਇਆ ਸੀ, ਧਾਰਮਿਕ ਸਥਾਨ ਨੂੰ ਜਾਣ ਵਾਲੇ ਰਸਤੇ `ਤੇ ਉਜਾੜ ਜਗ੍ਹਾ `ਤੇ ਇੱਕ ਸਰਾਂ ਖੋਲ੍ਹ ਕੇ ਯਾਤਰੂਆਂ ਨੂੰ ਠਹਿਰਣ ਲਈ ਜਗ੍ਹਾ, ਸਹੂਲਤਾਂ ਅਤੇ ਸੇਵਾ ਕਰਨ ਕਰਕੇ ਉਹ ਆਪਣੇ ਆਪ ਨੂੰ ਧਰਮੀ ਵੀ ਅਖਵਾਉਂਦਾ ਸੀ ਪਰ ਇਹ ਸਾਰਾ ਵਿਖਾਵਾ ਉਹ ਇਸ ਲਈ ਕਰ ਰਿਹਾ ਸੀ ਤਾਂ ਕਿ ਰਾਤ ਦੇ ਹਨੇਰੇ ਵਿੱਚ ਅਮੀਰ ਯਾਤਰੂਆਂ ਦਾ ਮਾਲ ਧਨ ਲੁੱਟ ਸਕੇ। ਜਿੱਥੇ ਉਸ ਦਾ ਭੇਤ ਖੁੱਲ੍ਹਣ ਦਾ ਡਰ ਹੁੰਦਾ ਸੀ, ਉਥੇ ਉਹ ਉਸ ਵਿਅਕਤੀ ਦਾ ਕਤਲ ਵੀ ਕਰ ਦਿੰਦਾ ਸੀ। ਉਸ ਸੱਜਣ ਠੱਗ ਦਾ ਭੇਤ ਉਸ ਸਮੇਂ ਹੀ ਖੁੱਲ੍ਹਿਆ ਜਦੋਂ ਗੁਰੂ ਨਾਨਕ ਦੇਵ ਜੀ ਉਸ ਨੂੰ ਸਿੱਧੇ ਰਸਤੇ ਪਾਉਣ ਲਈ ਇੱਕ ਰਾਤ ਉਸ ਦੀ ਸਰਾਂ `ਚ ਠਹਿਰੇ। ਇਹ ਕਹਾਣੀ ਸਭ ਨੇ ਸੁਣੀ ਹੈ, ਇਸ ਲਈ ਬਹੁਤੇ ਵਿਸਥਾਰ `ਚ ਲਿਖਣ ਦੀ ਲੋੜ ਨਹੀਂ। ਗੁਰੂ ਨਾਨਕ ਸਾਹਿਬ ਦੇ ਮੁਖਾਰਬਿੰਦ ਤੋਂ ਗੁਰਬਾਣੀ ਦਾ ਕੀਰਤਨ ਸੁਣ ਕੇ ਸੱਜਣ ਠੱਗ ਤਾਂ ਠੱਗੀ ਛੱਡ ਕੇ ਸੱਜਣ ਬਣ ਗਿਆ, ਉਸ ਨੂੰ ਗੁਰੂ ਨਾਨਕ ਸਾਹਿਬ ਨੇ ਪ੍ਰਚਾਰਕ ਵੀ ਥਾਪ ਦਿੱਤਾ ਪਰ ਹੈਰਾਨੀ ਹੈ ਕਿ ਲੋਕ ਜਿਹੜੇ ਪਹਿਲਾਂ ਤਾਂ ਉੋਸ ਨੂੰ ਧਰਮੀ ਬੰਦਾ ਅਤੇ ਸੇਵਾ ਦਾ ਪੁੰਜ ਦੱਸਦੇ ਸੱਜਣ ਸ਼ਾਹ ਜਾਂ ਸੱਜਣ ਮੱਲ੍ਹ ਕਹਿੰਦੇ ਸਨ ਪਰ ਹੁਣ ਭੇਦ ਖੁੱਲ੍ਹਣ `ਤੇ ਉਹੀ ਲੋਕ ਉਸ ਨੂੰ ਸੱਜਣ ਠੱਗ ਕਹਿਣ ਲੱਗ ਪਏ ਅਤੇ ਅੱਜ ਤੱਕ ਕਹਿ ਰਹੇ ਹਨ ਹਾਲਾਂਕਿ ਉਹ ਠੱਗੀ ਛੱਡ ਕੇ ਨਿਰੋਲ ਸੱਜਣ ਬਣ ਗਿਆ ਸੀ ਅਤੇ ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਵੀ ਕਰਦਾ ਰਿਹਾ ਹੈ। ਇਸ ਦਾ ਭਾਵ ਹੈ ਕਿ ਲੋਕ ਜੇ ਕਿਸੇ ਨੂੰ ਨੇਕ ਪੁਰਸ਼ ਜਾਂ ਠੱਗ ਕਹਿੰਦੇ ਹਨ ਤਾਂ ਇਹ ਜਰੂਰੀ ਨਹੀਂ ਕਿ ਲੋਕਾਂ ਵਲੋਂ ਦਿੱਤੇ ਜਾ ਰਹੇ ਨਾਮ ਠੀਕ ਵੀ ਹਨ ਜਾਂ ਨਹੀਂ। ਬਹੁਤੀ ਵਾਰ ਇਹ ਭੁਲੇਖਾ ਪੈ ਸਕਦਾ ਹੈ ਅਤੇ ਹੋ ਸਕਦਾ ਹੈ ਕਿ ਲੋਕ ਠੱਗ ਕਿਸਮ ਦੇ ਬੰਦੇ ਨੂੰ ਮਹਾਂਪੁਰਖ ਆਖ ਕੇ ਪੂਜ ਰਹੇ ਹੋਣ ਤੇ ਸੱਚੇ ਸੁੱਚੇ ਮਨੁੱਖ ਨੂੰ ਠੱਗ ਕਹਿ ਕੇ ਬਦਨਾਮ ਕੀਤਾ ਜਾ ਰਿਹਾ ਹੋਵੇ।
ਕੁਝ ਕੁ ਨੂੰ ਛੱਡ ਕੇ ਅੱਜ ਕੱਲ੍ਹ ਮੀਡੀਏ ਦਾ ਵੱਡਾ ਹਿੱਸਾ ਜਿਸ ਤਰ੍ਹਾਂ ਵਿਕਾਊ ਅਤੇ ਵਪਾਰਕ ਬਣਿਆ ਹੋਇਆ ਹੈ, ਇਸ ਨੇ ਤਾਂ ਵਾਤਾਵਰਣ ਇਤਨਾ ਗੰਧਲਾ ਬਣਾ ਦਿੱਤਾ ਹੈ ਕਿ ਸਭ ਤੋਂ ਵੱਡੇ ਭ੍ਰਿਸ਼ਟ ਅਤੇ ਠੱਗ ਕਿਸਮ ਦੇ ਲੋਕਾਂ ਦੀ ਦਿਨ ਰਾਤ ਜੈ ਜੈ ਕਾਰ ਕਰਕੇ ਉਨ੍ਹਾਂ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ, ਜਿਵੇਂ ਉਹ ਬਹੁਤ ਵੱਡੇ ਧਰਮਾਤਮਾ, ਇਮਾਨਦਾਰ ਅਤੇ ਸੱਚੇ ਸੁੱਚੇ ਮਹਾਂਪੁਰਖ ਹੋਣ, ਜਿਹੜੇ ਮਨੁੱਖਤਾ ਦੀ ਬਹੁਤ ਵੱਡੀ ਸੇਵਾ ਕਰ ਰਹੇ ਹੋਣ ਅਤੇ ਦੂਸਰੇ ਪਾਸੇ ਭ੍ਰਿਸ਼ਟ ਕਿਸਮ ਦੇ ਬੰਦੇ ਨੂੰ ਲਾਭ ਪਹੁੰਚਾਉਣ ਲਈ ਭਲੇਮਾਣਸ ਅਤੇ ਇਮਾਨਦਾਰ ਬੰਦੇ ਦਾ ਇਤਨਾ ਭੰਡੀ ਪ੍ਰਚਾਰ ਕੀਤਾ ਜਾਂਦਾ ਹੈ ਕਿ ਲੋਕ ਉਸ ਨੂੰ ਠੱਗ ਹੀ ਸਮਝਦੇ ਹਨ ਜਿਵੇਂ ਕਿ ਅੱਜ ਵੀ ਸੱਜਣ ਨੂੰ ਸੱਜਣ ਠੱਗ ਹੀ ਆਖੀ ਜਾਂਦੇ ਹਨ। ਮੀਡੀਏ ਦਾ ਐਸਾ ਰੋਲ ਵੇਖ ਕੇ ਹੀ ਵੱਡੇ ਵਪਾਰਕ ਘਰਾਣੇ ਅਤੇ ਘਾਗ ਸਿਆਸਤਦਾਨਾਂ ਨੇ ਮੀਡੀਏ `ਤੇ ਆਪਣਾ ਪੂਰਾ ਕਬਜ਼ਾ ਕੀਤਾ ਹੋਇਆ ਹੈ। ਐਸਾ ਵਰਤਾਰਾ ਜਿੱਥੇ ਮਨੁੱਖੀ ਅਧਿਕਾਰਾਂ `ਤੇ ਛਾਪਾ ਹੈ, ਉਥੇ ਲੋਕਤੰਤਰ ਲਈ ਵੀ ਵੱਡਾ ਖ਼ਤਰਾ ਹੈ ਕਿਉਂਕਿ ਪ੍ਰੈਸ ਲੋਕਤੰਤਰ ਦਾ ਚੌਥਾ ਥੰਮ੍ਹ ਹੈ। ਸੰਵਿਧਾਨਕ ਸੰਸਥਾਵਾਂ ਤਾਂ ਸਿਆਸੀ ਲੋਕਾਂ ਦੇ ਕਬਜ਼ੇ `ਚ ਹਨ, ਉਹ ਆਪਣੀ ਚੌਧਰ ਕਾਇਮ ਰੱਖਣ ਅਤੇ ਵਿਰੋਧੀਆਂ ਨੂੰ ਦਬਾਉਣ ਲਈ ਆਪਣੀ ਪਾਵਰ ਦੀ ਕਿਸ ਤਰ੍ਹਾਂ ਦੁਰਵਰਤੋਂ ਕਰਦੇ ਹਨ, ਇਹ ਕਿਸੇ ਤੋਂ ਲੁੱਕੀ ਛਿਪੀ ਗੱਲ ਨਹੀਂ ਹੈ। ਕਾਰਜਕਾਰਣੀ ਕਿਉਂਕਿ ਸਿੱਧੇ ਤੌਰ `ਤੇ ਸੱਤਾ `ਤੇ ਬੈਠੇ ਸਿਆਸੀ ਲੋਕਾਂ ਦੇ ਹੱਥ ਵਿੱਚ ਹੁੰਦੀ ਹੈ, ਇਸ ਲਈ ਉਨ੍ਹਾਂ ਦਾ ਈਮਾਨਦਾਰੀ ਨਾਲ ਅਜਾਦਾਨਾ ਤੌਰ `ਤੇ ਕੰਮ ਕਰਨ ਦੀ ਬਹੁਤ ਘੱਟ ਸੰਭਾਵਨਾ ਹੁੰਦੀ ਹੈ। ਅਦਾਲਤਾਂ ਕਿਸੇ ਹੱਦ ਤੱਕ ਬਚੀਆਂ ਹਨ ਪਰ ਪੂਰੀ ਤਰ੍ਹਾਂ ਨਿਰਪੱਖ ਇਹ ਵੀ ਨਹੀਂ ਹਨ ਕਿਉਂਕਿ ਜੱਜਾਂ ਦੀ ਨਿਯੁਕਤੀ ਤਾਂ ਆਖਰ ਸਰਕਾਰ ਨੇ ਹੀ ਕਰਨੀ ਹੁੰਦੀ ਹੈ। ਮਹਿੰਗੀ ਤੇ ਲੰਬੀ ਪ੍ਰੀਕਿਰਿਆ `ਚੋਂ ਗੁਜਰਨ ਕਾਰਨ ਆਮ ਆਦਮੀ ਅਸਾਨੀ ਨਾਲ ਅਦਾਲਤਾਂ ਵਿੱਚੋਂ ਵੀ ਨਿਆਂ ਪ੍ਰਾਪਤ ਨਹੀਂ ਕਰ ਸਕਦਾ। ਇਸ ਲਈ ਜੇ ਆਮ ਲੋਕਾਂ ਦੀ ਕੋਈ ਅਵਾਜ਼ ਚੁੱਕਦਾ ਹੈ ਅਤੇ ਲੋਕਤੰਤਰ ਜੇ ਕਾਇਮ ਹੈ ਤਾਂ ਇਸੇ ਕਾਰਨ ਕਿ ਇਸ ਦਾ ਚੌਥਾ ਥੰਮ੍ਹ ਕਿਸੇ ਹੱਦ ਤੱਕ ਕਾਇਮ ਸੀ, ਪਰ ਇਸ ਨੇ ਵੀ ਜਿਸ ਤਰ੍ਹਾਂ ਪਿੱਛਲੇ ਕੁੱਝ ਸਮੇਂ ਤੋਂ ਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਹੈ, ਇਹ ਸਮਾਜ ਅਤੇ ਲੋਕਤੰਤਰ ਲਈ ਸ਼ੁਭ ਸੰਕੇਤ ਨਹੀਂ ਹੈ। ਅੱਜ ਕੋਈ ਅਖ਼ਬਾਰ ਐਸੀ ਖ਼ਬਰ ਲਾਉਣ ਵਾਸਤੇ ਤਿਆਰ ਨਹੀਂ ਹੁੰਦਾ, ਜਿਹੜੀ ਕਿਸੇ ਦੂਸਰੇ ਅਖ਼ਬਾਰ ਦੇ ਸੰਪਾਦਕ ਵਿਰੁੱਧ ਜਾਂਦੀ ਹੋਵੇ, ਜਿਸ ਨੂੰ ਉਹ ਆਪਸੀ ਭਾਈਚਾਰੇ ਦਾ ਨਾਮ ਦਿੰਦੇ ਹਨ। ਸਿੱਖਾਂ ਦੀ ਭਾਰਤ `ਚ ਬਹੁਤ ਘੱਟ ਗਿਣਤੀ ਹੋਣ ਕਰਕੇ ਅਤੇ ਇਨ੍ਹਾਂ ਪਾਸ ਆਪਣੇ ਮੀਡੀਏ ਦੀ ਅਣਹੋਂਦ ਕਾਰਨ ਸਭ ਤੋਂ ਵੱਧ ਪਿਸ ਰਹੇ ਹਨ, ਇਸ ਲਈ ਪੰਥਕ ਮੀਡੀਏ ਦੀ ਭਾਰੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ। ਵਪਾਰੀ ਕਿਸਮ ਦੇ ਲੋਕ ਬੜੇ ਸ਼ਾਤਰ ਦਿਮਾਗ ਦੇ ਹੁੰਦੇ ਹਨ, ਇਸ ਲਈ ਉਹ ਅੰਦਾਜ਼ਾ ਲਾ ਸਕਦੇ ਹਨ ਕਿ ਇਸ ਖੇਤਰ `ਚ ਕਿਸ ਕਿਸਮ ਦਾ ਸੌਦਾ ਵਿਕ ਸਕਦਾ ਹੈ ਅਤੇ ਸੌਦਾ ਵੇਚਣ ਲਈ ਕਿਸ ਤਰ੍ਹਾਂ ਗਾਹਕਾਂ ਦੀ ਭਾਲ ਕਰੀਦੀ ਹੈ। ਇਸ ਤਰ੍ਹਾਂ ਦੇ ਸ਼ਾਤਰ ਕਿਸਮ ਦੇ ਲੋਕਾਂ ਵਿੱਚੋਂ ਇੱਕ ਸੌਦਾ ਸੰਪਾਦਕ ਪੈਦਾ ਹੋ ਗਿਆ ਤੇ ਉਸ ਨੇ ਪੰਥਕ ਅਖ਼ਬਾਰ ਕੱਢ ਲਿਆ। ਸ਼ੁਰੂ ਸ਼ੁਰੂ ਵਿੱਚ ਉਸ ਨੇ ਦੇਹਧਾਰੀ ਗੁਰੂਡੰਮ੍ਹ, ਡੇਰੇਦਾਰ ਸਾਧਾਂ, ਪੁਜਾਰੀਆਂ, ਸ਼੍ਰੋਮਣੀ ਕਮੇਟੀ ਅਤੇ ਆਰ. ਐਸ. ਐਸ. ਵਿਰੁੱਧ ਬੜੀਆਂ ਚਟਖਾਰੇਦਾਰ ਖ਼ਬਰਾਂ ਲਾਈਆਂ। ਡੇਰਾ ਪ੍ਰੇਮੀ ਵਿਵਾਦ `ਚ ਉਸ ਨੇ ਸੌਦਾ ਡੇਰੇ ਵਿਰੁੱਧ ਵੀ ਬਹੁਤ ਖਬਰਾਂ ਲਾਈਆਂ ਤੇ ਇਸ ਤਰ੍ਹਾਂ ਸਿੱਖਾਂ ਦੀ ਹਮਦਰਦੀ ਜਿੱਤ ਲਈ। ਮਿਸ਼ਨਰੀਆਂ ਦੀ ਵੱਡੀ ਗਿਣਤੀ ਤਾਂ ਇਸ ਦੀ ਪਹਿਲਾਂ ਹੀ ਸਮਰਥਕ ਸੀ, ਹੁਣ ਤਾਂ ਸ਼ੁਰੂ `ਚ ਇਸ ਦਾ ਵਿਰੋਧ ਕਰਨ ਵਾਲੇ ਸਿੱਖ ਵੀ ਇਸ ਦੇ ਨੇੜੇ ਹੋ ਗਏ। ਹੁਣ ਇਸ ਅਖ਼ਬਾਰ ਦਾ ਪ੍ਰਭਾਵ ਬਣ ਚੁੱਕਾ ਸੀ ਕਿ ਇਹ ਬਿਲਕੁਲ ਨਿਧੜਕ ਅਤੇ ਸੱਚਾ ਅਖ਼ਬਾਰ ਹੈ। ਸੌਦਾ ਸੰਪਾਦਕ ਵੀ ਆਪਣੇ ਆਪ ਨੂੰ ਬਹੁਤ ਤਾਕਤਵਾਰ ਸਮਝਣ ਲੱਗ ਪਿਆ ਸੀ ਅਤੇ ਉਹ ਸਮਝਦਾ ਸੀ ਕਿ ਆਪਣੇ ਅਖ਼ਬਾਰ `ਚ ਖ਼ਬਰਾਂ ਲਾ ਕੇ ਉਹ ਜਿਸ ਵਿਅਕਤੀ ਨੂੰ ਮਰਜੀ ਅਰਸ਼ `ਤੇ ਪਹੁੰਚਾ ਸਕਦਾ ਹੈ ਅਤੇ ਜਿਸ ਨੂੰ ਮਰਜੀ ਅਰਸ਼ ਤੋਂ ਫਰਸ਼ `ਤੇ ਸੁੱਟ ਸਕਦਾ ਹੈ। ਜਿਸ ਤਰ੍ਹਾਂ ਸਿਆਸੀ ਲੋਕਾਂ ਨੇ, ਆਮ ਲੋਕਾਂ ਦੀ ਲੁੱਟ ਲਈ ਅੰਦਰਖਾਤੇ ਆਪਣੀ ਸਾਂਝ ਬਣਾਈ ਹੋਈ ਹੈ, ਇਸੇ ਤਰ੍ਹਾਂ ਜੇ ਕੋਈ ਸੌਦਾ ਸੰਪਾਦਕ ਵਰਗਾ ਸੰਪਾਦਕ ਕਿਸੇ ਇਮਾਨਦਾਰ, ਸੱਚੇ ਸੁੱਚੇ ਵਿਅਕਤੀ ਨੂੰ ਆਪਣੀ ਈਨ ਮਨਾਉਣ ਲਈ ਉਸ ਦਾ ਭੰਡੀ ਪ੍ਰਚਾਰ ਸ਼ੁਰੂ ਕਰ ਦੇਵੇ ਤਾਂ ਭਾਈਚਾਰੇ ਦੇ ਨਾਮ `ਤੇ ਕੋਈ ਵੀ ਅਖ਼ਬਾਰ ਉਸ ਪੀੜਤ ਵਿਅਕਤੀ ਦਾ ਪੱਖ ਪੇਸ਼ ਕਰਨ ਨੂੰ ਤਿਆਰ ਨਹੀਂ ਹੁੰਦਾ। ਜਿਸ ਅਖ਼ਬਾਰ ਨੂੰ ਹੁਣ ਪੰਥਕ ਅਖ਼ਬਾਰ ਸਮਝਿਆ ਜਾ ਰਿਹਾ ਸੀ, ਉਹ ਸ਼ੁਰੂ ਤੋਂ ਹੀ ਸਿੱਖ ਧਰਮ `ਤੇ ਲੁਕਵੇਂ ਹਮਲੇ ਕਰਦਾ ਆਇਆ ਹੈ, ਬੇਸ਼ੱਕ ਬਹੁਤਾ ਚੁਸਤ ਹੋਣ ਦੇ ਨਾਤੇ ਸਿੱਧੇ ਤੌਰ `ਤੇ ਆਪ ਲਿਖਣ ਦੀ ਵਜਾਏ ਉਹ ਦੂਸਰੇ ਦੀ ਕਲਮ ਤੋਂ ਲਿਖਵਾਉਂਦਾ ਸੀ, ਕਿਸੇ ਵਿਅਕਤੀ ਦੇ ਨਾਮ `ਤੇ ਖ਼ਬਰਾਂ ਛਾਪਦਾ ਰਿਹਾ ਹੈ, ਜਿਸ ਦਾ ਵੇਰਵਾ ਮੇਰੇ ਪਿੱਛਲੇ ਲੇਖ ਵਿੱਚ ਆ ਚੁੱਕਾ ਹੈ। ਇਸ ਅਖ਼ਬਾਰ ਨੂੰ ਇਤਨਾ ਸ਼ਕਤੀਸ਼ਾਲੀ ਸਮਝਿਆ ਜਾਣ ਲੱਗਾ ਕਿ ਸਾਰੇ ਸਿੱਖ ਵਿਦਵਾਨ, ਪੰਥਕ ਜਥੇਬੰਦੀਆਂ ਅਤੇ ਅਕਾਲੀ ਦਲ ਵੀ ਇਸ ਕੋਲ ਇਤਰਾਜ ਦਰਜ਼ ਕਰਵਾਉਣ ਤੋਂ ਡਰਦੇ ਹਨ ਅਤੇ ਸੋਚਦੇ ਹਨ ਕਿ ਜੇ ਉਨ੍ਹਾਂ ਨੇ ਕੋਈ ਇਤਰਾਜ ਕੀਤਾ ਤਾਂ ਇਹ ਉਸ ਦੀਆਂ ਖ਼ਬਰਾਂ ਲਾਉਣੀਆਂ ਬੰਦ ਕਰ ਦੇਵੇਗਾ। ਇਸ ਤਰ੍ਹਾਂ ਹੋਇਆ ਵੀ ਹੈ। ਇੱਕ ਵਾਰ ਸਿਮਰਨਜੀਤ ਸਿੰਘ ਮਾਨ ਨੇ ਇਸ ਦੇ ਅਖ਼ਬਾਰ ਵਿੱਚ ਛਪੇ ਇੱਕ ਲੇਖ `ਤੇ ਇਤਰਾਜ਼ ਕੀਤਾ। ਜਿੱਥੇ ਪਹਿਲਾਂ ਸ: ਮਾਨ ਦੀਆਂ ਖ਼ਬਰਾਂ ਬੜੀ ਪ੍ਰਮੁੱਖਤਾ ਨਾਲ ਛਪਦੀਆਂ ਸਨ, ਇਤਰਾਜ਼ ਕਰਨ ਪਿੱਛੋਂ ਇਸ ਨੇ ਬਿਲਕੁਲ ਬੰਦ ਕਰ ਦਿੱਤੀਆਂ। ਸ਼੍ਰੋਮਣੀ ਅਕਾਲੀ ਦਲ (ਅ) ਦੀਆਂ ਖ਼ਬਰਾਂ ਦੂਸਰੇ ਅਖ਼ਬਾਰ ਤਾਂ ਪਹਿਲਾਂ ਹੀ ਬਹੁਤ ਘੱਟ ਲਾਉਂਦੇ ਸਨ ਪਰ ਹੁਣ ਇਸ ਅਖ਼ਬਾਰ ਵਿੱਚੋਂ ਵੀ ਬੰਦ ਹੋ ਜਾਣ ਕਰਕੇ ਉਹ ਆਪਣੀ ਸਿਆਸੀ ਮੌਤ ਸਮਝਣ ਲੱਗੇ ਅਤੇ ਅਖੀਰ ਡੇਢ ਦੋ ਸਾਲ ਬਾਅਦ ਉਨ੍ਹਾਂ ਨੇ ਵੀ ਸੌਦਾ ਸੰਪਾਦਕ ਅੱਗੇ ਗੋਡੇ ਟੇਕ ਦਿੱਤੇ। ਸ: ਮਾਨ ਦੇ ਇਸ ਅਖ਼ਬਾਰ `ਚ ਬਿਆਨ ਛਪਣ ਲੱਗ ਪਏ ਕਿ ਇਸ ਸਮੇਂ ਇਹ ਇੱਕੋ ਇੱਕ ਪੰਥਕ ਅਖ਼ਬਾਰ ਬਣ ਚੁੱਕਿਆ ਹੈ। ਹੁਣ ਤਾਂ ਹਾਲਤ ਇੱਥੋਂ ਤੱਕ ਪਹੁੰਚ ਚੁੱਕੀ ਹੈ ਕਿ ਬਹੁਤ ਸਾਰੇ ਧਰਮੀ ਲੋਕ, ਜਿਹੜੇ ਇਹ ਸਮਝ ਚੁੱਕੇ ਹਨ ਕਿ ਇਸ ਦੀਆਂ ਨੀਤੀਆਂ ਆਉਣ ਵਾਲੇ ਸਮੇਂ `ਚ ਸਿੱਖ ਧਰਮ ਲਈ ਨੁਕਸਾਨਦਾਇਕ ਅਤੇ ਨਵੇਂ ਵਿਵਾਦ ਖੜ੍ਹੇ ਕਰਨ ਵਾਲੀਆਂ ਹਨ ਪਰ ਉਹ ਡਰਦੇ ਹਨ ਕਿ ਜੇ ਇਸ ਨੂੰ ਕੋਈ ਸਲਾਹ ਦੇ ਬੈਠੇ ਤਾਂ ਇਹ ਨਰਾਜ਼ ਹੋ ਜਾਵੇਗਾ ਅਤੇ ਜਿਹੜੀ ਇਹ ਖ਼ਬਰਾਂ ਰਾਹੀਂ ਸੇਵਾ ਕਰ ਰਿਹਾ ਹੈ, ਉਹ ਬੰਦ ਹੋ ਜਾਵੇਗੀ, ਇਸ ਲਈ ਪੰਥ ਦਾ ਹੀ ਨੁਕਸਾਨ ਹੋਵੇਗਾ। ਬਹੁਤ ਸਾਰੇ ਸੁਹਿਰਦ ਪਰ ਸਰੀਫ਼ ਵਿਦਵਾਨਾਂ ਦੇ ਨਾਮ ਇਹ ਆਪਣੇ ਹੱਕ ਵਿੱਚ ਇਸੇ ਡਰਾਵੇ ਕਾਰਨ ਵਰਤ ਰਿਹਾ ਹੈ। ਜੇ ਕੋਈ ਪੰਥਕ ਵਿਦਵਾਨ ਬਚਿਆ ਹੈ ਤਾਂ ਉਹ ਇੱਕੋ ਇੱਕ ਪ੍ਰੋ: ਦਰਸ਼ਨ ਸਿੰਘ ਹੈ, ਜਿਸ ਦਾ ਨਾਮ ਇਹ ਆਪਣੇ ਹਿੱਤ ਲਈ ਵਰਤਣਾ ਚਾਹੁੰਦਾ ਸੀ ਪਰ ਉਹ ਇਸ ਦੇ ਜਾਲ ਵਿੱਚ ਨਹੀਂ ਫਸਿਆ। ਸੌਦਾ ਸੰਪਾਦਕ ਨੇ ਬੜੀਆਂ ਸਤਰੰਜੀ ਚਾਲਾਂ ਖੇਡੀਆਂ। ਕਦੀ ਉਸ ਦੀਆਂ ਖ਼ਬਰਾਂ ਬੜੀ ਪ੍ਰਮੁੱਖਤਾ ਨਾਲ ਲਾਈਆਂ, ਕਦੀ ਉਸ ਦੀ ਬਾਂਹ ਮਰੋੜਨ ਦੀ ਕੋਸ਼ਿਸ਼ ਕੀਤੀ ਪਰ ਇਹ ਪ੍ਰੋ: ਦਰਸ਼ਨ ਸਿੰਘ ਦੀ ਬੜੀ ਦ੍ਰਿੜਤਾ ਭਰੀ ਦਲੇਰੀ ਹੀ ਕਹੀ ਜਾ ਸਕਦੀ ਹੈ ਕਿ ਉਸ ਨੇ ਇਸ ਤੋਂ ਆਪਣੀ ਦੂਰੀ ਬਣਾਈ ਰੱਖੀ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਆਪਣੇ ਅਖ਼ਬਾਰ ਵਿੱਚ ਕਈ ਵਾਰ ਐਸੀਆਂ ਗੱਲਾਂ, (ਜਿਨ੍ਹਾਂ ਦਾ ਵੇਰਵਾ ਕੱਲ੍ਹ ਵਾਲੇ ਲੇਖ ਵਿੱਚ ਦਿੱਤਾ ਜਾ ਚੁੱਕਾ ਹੈ) ਲਿਖ ਜਾਂਦਾ ਹੈ, ਜਿਹੜੀਆਂ ਪੰਥ ਲਈ ਬਹੁਤ ਘਾਤਕ ਹਨ, ਇਸ ਲਈ ਇਸ ਦੀ ਜਥੇਬੰਦੀ ਦਾ ਮੈਂਬਰ ਬਣ ਕੇ ਇਸ ਦੀਆਂ ਬੁਰਾਈਆਂ ਦੇ ਉਹ ਭਾਈਵਾਲ ਨਹੀਂ ਬਣ ਸਕਦੇ ਕਿਉਂਕਿ ਉਹ ਇੱਕ ਜਿੰਮੇਵਾਰ ਉਚ ਪੰਥਕ ਅਹੁਦੇ `ਤੇ ਰਹੇ ਹਨ, ਇਸ ਲਈ ਉਨ੍ਹਾਂ ਨੂੰ ਪੰਥ ਅੱਗੇ ਜਵਾਬਦੇਹ ਹੋਣਾ ਪਵੇਗਾ।
ਝੂਠੇ ਬਹਾਨੇ ਲੱਭ ਕੇ ਜਦੋਂ ਪ੍ਰੋ: ਦਰਸ਼ਨ ਸਿੰਘ ਨੂੰ ਪਹਿਲਾਂ ਤਨਖਾਹੀਆ ਕਰਾਰ ਦਿੱਤਾ ਅਤੇ ਫਿਰ ਪੰਥ ਵਿੱਚੋਂ ਛੇਕ ਦਿੱਤਾ ਤਾਂ ਉਸ ਸਮੇਂ ਵੀ ਆਪਣੇ ਨਾਪਾਕ ਇਰਾਦੇ ਪੂਰੇ ਕਰਨ ਲਈ ਇਸ ਸੌਦਾ ਸੰਪਾਦਕ ਨੇ ਬੜੀਆਂ ਸਤਰੰਜੀ ਚਾਲਾਂ ਚੱਲੀਆਂ। ਪਹਿਲਾਂ ਲਿਖਿਆ ਕਿ ਸਿਆਸੀ ਲੋਕਾਂ ਦੀ ਤਰ੍ਹਾਂ ਹੁਣ ਪ੍ਰੋ: ਦਰਸ਼ਨ ਸਿੰਘ ਵੀ ਪੁਜਾਰੀਆਂ ਅੱਗੇ ਗੋਡੇ ਟੇਕੇਗਾ। ਜਦੋਂ ਉਨ੍ਹਾਂ ਆਪਣਾ ਸਟੈਂਡ ਸਪੱਸ਼ਟ ਕਰ ਦਿੱਤਾ ਕਿ ਉਹ ਅਕਾਲ ਤਖਤ ਦੀ ਮਾਣ ਮਰਯਾਦਾ ਕਾਇਮ ਰੱਖਣ ਲਈ ਅਕਾਲ ਤਖਤ `ਤੇ ਪੇਸ਼ ਜਰੂਰ ਹੋਣਗੇ ਪਰ ਕਿਸੇ ਬੰਦ ਕਮਰੇ ਵਿੱਚ ਕਿਸੇ ਵਿਅਕਤੀ ਅੱਗੇ ਪੇਸ਼ ਨਹੀਂ ਹੋਣਗੇ ਤਾਂ ਸੌਦਾ ਸੰਪਾਦਕ ਨੇ ਸੰਪਾਦਕੀ ਲਿਖ ਦਿੱਤੀ ‘ਜੇ ਪ੍ਰੋ: ਦਰਸ਼ਨ ਸਿੰਘ ਅਕਾਲ ਤਖਤ `ਤੇ ਜਾ ਕੇ ਵੀ ਪੁਜਾਰੀਆਂ ਅੱਗੇ ਪੇਸ਼ ਨਹੀਂ ਹੁੰਦੇ ਤਾਂ ਉਥੇ ਜੁੜੇ ਵੱਡੀ ਗਿਣਤੀ ਵਿੱਚ ਲੋਕ ਹਿੰਸਕ ਹੋ ਸਕਦੇ ਹਨ, ਜਿਸ ਨਾਲ ਵੱਡਾ ਨੁਕਸਾਨ ਹੋ ਸਕਦਾ ਹੈ, ਜਿਸ ਦੇ ਜਿੰਮੇਵਾਰ ਆਪਣੀ ਕੀਤੀ ਜ਼ਿੱਦ ਕਾਰਨ ਪ੍ਰੋ: ਦਰਸ਼ਨ ਸਿੰਘ ਹੋਣਗੇ। ਇਸ ਲਈ ਜਾਂ ਤਾਂ ਇਹ ਜਾਣ ਹੀ ਨਾ, ਜਾਂ ਫਿਰ ਜਿੱਥੇ ਪੁਜਾਰੀ ਚਾਹੁਣ, ਉਥੇ ਹੀ ਜਾਣਾ ਚਾਹੀਦਾ ਹੈ। ਮੁਲਜਮ ਇਹ ਜ਼ਿਦ ਨਹੀਂ ਕਰ ਸਕਦਾ ਹੈ ਕਿ ਜੱਜ ਦੀ ਅਦਾਲਤ ਵਿੱਚ ਪੇਸ਼ ਨਹੀਂ ਹੋਣਗੇ ਬਲਕਿ ਜੱਜ ਬਾਹਰ ਆ ਕੇ ਉਨ੍ਹਾਂ ਦੀ ਗੱਲ ਸੁਣਨ। ਉਨ੍ਹਾਂ ਤਾਂ ਇੱਥੋਂ ਤੱਕ ਵੀ ਲਿਖ ਦਿੱਤਾ ਸੀ ਕਿ ਸੁਰਜੀਤ ਸਿੰਘ ਬਰਨਾਲਾ ਜਿਸ ਢੰਗ ਨਾਲ ਉਨ੍ਹਾਂ ਅੱਗੇ ਪੇਸ਼ ਹੋਏ ਸਨ, ਹੁਣ ਇਸ ਨੂੰ ਵੀ ਉਸੇ ਤਰ੍ਹਾਂ ਪੇਸ਼ ਹੋਣਾ ਚਾਹੀਦਾ ਹੈ।’ ਪ੍ਰੋ: ਦਰਸ਼ਨ ਸਿੰਘ ਬਿਲਕੁਲ ਅਡੋਲ ਰਹੇ। ਇੱਕ ਪਾਸੇ ਪ੍ਰੋ: ਦਰਸ਼ਨ ਸਿੰਘ ਦੇ ਸਮਰਥਕ ਸਿਆਸਤਦਾਨ ਅਤੇ ਵਿਦਵਾਨ ਉਨ੍ਹਾਂ `ਤੇ ਦਬਾਅ ਪਾ ਰਹੇ ਸਨ ਕਿ ਬਹੁਤੀ ਜ਼ਿਦ ਕਰਨ ਦੀ ਥਾਂ ਪੁਜਾਰੀਆਂ ਅੱਗੇ ਪੇਸ਼ ਹੋ ਜਾਣ ਤੇ ਪੰਥ `ਚੋਂ ਛੇਕੇ ਜਾਣ ਤੋਂ ਬਚ ਜਾਣ ਤਾਂ ਕਿ ਆਪਣਾ ਪ੍ਰਚਾਰ ਇਸੇ ਤਰ੍ਹਾਂ ਜਾਰੀ ਰਹਿ ਸਕੇ। ਦੂਸਰੇ ਪਾਸੇ ਸਪੋਕਸਮੈਨ ਦੀਆਂ ਸੰਪਾਦਕੀਆਂ ਨਾਲ ਲੋਕਾਂ ਦੇ ਬਦਲੇ ਵੀਚਾਰਾਂ ਕਾਰਨ ਪ੍ਰੋ: ਦਰਸ਼ਨ ਸਿੰਘ `ਤੇ ਚਾਰੇ ਪਾਸਿਆਂ ਤੋਂ ਅੰਤਾਂ ਦਾ ਦਬਾਅ ਸੀ ਪਰ ਉਹ ਡੋਲੇ ਨਹੀਂ। ਜਦ ਪ੍ਰੋ: ਦਰਸ਼ਨ ਸਿੰਘ ਬਿਲਕੁਲ ਅਡੋਲ ਰਹੇ ਤੇ ਅਕਾਲ ਤਖਤ `ਤੇ ਪੇਸ਼ ਹੋਣ ਦੇ ਬਾਵਜ਼ੂਦ ਅਖੌਤੀ ਜਥੇਦਾਰਾਂ ਨੇ ਝੂਠੇ ਦੋਸ਼ ਲਾਏ ਕਿ ਅਸੀਂ ਅਕਾਲ ਤਖਤ `ਤੇ ਉਡੀਕਦੇ ਰਹੇ ਪਰ ਪ੍ਰੋ: ਦਰਸ਼ਨ ਸਿੰਘ ਹਊਮੈ ਅਧੀਨ ਨਹੀਂ ਆਏ, ਇਸ ਲਈ ਉਸ ਨੂੰ ਪੰਥ ਵਿੱਚੋਂ ਛੇਕਿਆ ਜਾਂਦਾ ਹੈ। ਛੇਕੇ ਜਾਣ ਉਪ੍ਰੰਤ ਪ੍ਰੋ: ਦਰਸ਼ਨ ਸਿੰਘ ਨੂੰ ਦੇਸ਼ ਵਿਦੇਸ਼ `ਚੋਂ ਸਿੱਖਾਂ ਦਾ ਭਾਰੀ ਸਮਰਥਨ ਮਿਲਿਆ ਅਤੇ ਥਾਂ ਥਾਂ ਤੋਂ ਉਨ੍ਹਾਂ ਨੂੰ ਕੀਰਤਨ ਕਰਨ ਅਤੇ ਉਨ੍ਹਾਂ ਨਾਲ ਖਾਣਾ ਛਕਣ ਦੇ ਸੱਦੇ ਮਿਲਣ ਲੱਗੇ। ਸੌਦਾ ਸੰਪਾਦਕ ਨੇ ਵੀ ਪ੍ਰੋ: ਦਰਸ਼ਨ ਸਿੰਘ ਦਾ ਸਿੱਖ ਸੰਗਤਾਂ ਵਲੋਂ ਸਵਾਗਤ ਕੀਤੇ ਜਾਣ ਅਤੇ ਕੀਰਤਨ ਦੀਆਂ ਖ਼ਬਰਾਂ ਪ੍ਰਮੁੱਖਤਾ ਨਾਲ ਲਾਈਆਂ ਅਤੇ ਨਾਲ ਆਪਣੀਆਂ ਸੰਪਾਦਕੀਆਂ ਵਿੱਚ ਇਹ ਵੀ ਲਿਖਣਾ ਸ਼ੁਰੂ ਕਰ ਦਿੱਤਾ ਕਿ ਡੇਰਾਵਾਦ, ਪੁਜਾਰੀਵਾਦ ਅਤੇ ਦਸਮ ਗ੍ਰੰਥ ਵਿਰੁੱਧ ਪ੍ਰੋ: ਦਰਸ਼ਨ ਸਿੰਘ ਯੋਗ ਅਗਵਾਈ ਕਰ ਸਕਦੇ ਹਨ, ਉਹ ਸਾਡੀ ਜਥੇਬੰਦੀ ਦੀ ਅਗਵਾਈ ਸੰਭਾਲਣ। ਪ੍ਰੋ: ਦਰਸ਼ਨ ਸਿੰਘ ਨੇ ਉਨ੍ਹਾਂ ਦੀਆਂ ਲਿਖਤਾਂ ਵੱਲ ਉਕਾ ਹੀ ਧਿਆਨ ਨਾ ਦਿੱਤਾ ਤਾਂ ਫਿਰ ਉਨ੍ਹਾਂ ਦੀਆਂ ਖ਼ਬਰਾਂ ਲਾਉਣੀਆਂ ਬੰਦ ਕਰ ਦਿੱਤੀਆਂ ਕਿ ਅਸੀਂ ਪ੍ਰੋ: ਦਰਸ਼ਨ ਸਿੰਘ ਦੀ ਲੜਾਈ ਆਪਣੀ ਲੜਾਈ ਬਣਾ ਕੇ ਲੜੀ ਪਰ ਉਹ ਚੰਡੀਗੜ੍ਹ ਤਿੰਨ ਵਾਰ ਆ ਕੇ ਵੀ ਉਨ੍ਹਾਂ ਨੂੰ ਮਿਲਣ ਨਹੀਂ ਆਇਆ, ਟੈਲੀਫੋਨ `ਤੇ ਵੀ ਦੋ ਸ਼ਬਦ ਧੰਨਵਾਦ ਦੇ ਨਹੀਂ ਕਹੇ, ਸਾਡੇ ਵਿਰੋਧੀਆਂ ਦੀ ਬੋਲੀ ਬੋਲਦਾ ਹੈ ਤੇ ਸਾਨੂੰ ਗਾਲਾਂ ਕੱਢਦਾ ਹੈ, ਇਸ ਲਈ ਉਨ੍ਹਾਂ ਦੀਆਂ ਖ਼ਬਰਾਂ `ਚ ਉਨ੍ਹਾਂ ਨੂੰ ਕੋਈ ਦਿਲਚਸਪੀ ਨਹੀਂ ਤੇ ਉਹ ਹੁਣ ਅਟੰਕ ਹੋ ਗਏ ਹਨ ਤੇ ਖ਼ਬਰਾਂ ਗੁਣ ਔਗੁਣਾਂ ਦੇ ਅਧਾਰ `ਤੇ ਲਾਉਣਗੇ। ਹਾਲਾਂਕਿ ਇਹ ਖ਼ਬਰਾਂ ਸਪੋਕਸਮੈਨ ਦੀ ਆਪਣੀ ਨੀਤੀ ਅਨੁਸਾਰ ਲਾਉਣੀਆਂ ਵੀ ਬਣਦੀਆਂ ਸਨ। ਪ੍ਰੋ: ਦਰਸ਼ਨ ਸਿੰਘ ਤੇ ਉਨ੍ਹਾਂ ਦੇ ਸਮਰਥਕਾਂ ਨੇ ਇਨ੍ਹਾਂ ਖ਼ਬਰਾਂ ਲਈ ਲੱਖਾਂ ਰੁਪਏ ਇਸ਼ਤਿਹਾਰ ਵੀ ਦਿੱਤੇ ਸਨ। ਹਰ ਅਖ਼ਬਾਰ ਇਸ਼ਤਿਹਾਰ ਲੈ ਕੇ ਕਿਸੇ ਵਿਅਕਤੀ ਦੀਆਂ ਖ਼ਬਰਾਂ ਪ੍ਰਮੁੱਖਤਾ ਨਾਲ ਛਾਪਦਾ ਹੈ, ਉਸੇ ਤਰ੍ਹਾਂ ਜੇ ਸੌਦਾ ਸੰਪਾਦਕ ਨੇ ਵੀ ਛਾਪ ਦਿੱਤੀਆਂ ਤਾਂ ਉਹ ਹੋਰ ਕਿਹੜੇ ਧੰਨਵਾਦ ਦੀ ਮੰਗ ਕਰਦਾ ਹੈ? ਇਹ ਸਮਝ ਤੋਂ ਬਾਹਰ ਹੈ। ਇਸ ਦਾ ਇਹ ਕਥਨ ਇਹ ਵੀ ਜ਼ਾਹਰ ਕਰਦਾ ਹੈ ਕਿ ਇਸ ਤੋਂ ਪਹਿਲਾਂ ਲੱਗੀਆਂ ਖ਼ਬਰਾਂ ਗੁਣ ਔਗੁਣ ਦੇ ਅਧਾਰ `ਤੇ ਨਹੀਂ ਬਲਕਿ ਉਸ ਨੇ ਝੂਠੀਆਂ ਲਾਈਆਂ ਸਨ। ਜੇ ਝੂਠੀਆਂ ਲਾਈਆਂ ਸਨ ਤਾਂ ਉਸ ਦਾ ‘ਸਚ ਸੁਣਾਇਸੀ ਸਚ ਕੀ ਬੇਲਾ’ ਕਿੱਥੇ ਰਹਿ ਗਿਆ?
ਉਧਰ ਪ੍ਰੋ: ਦਰਸ਼ਨ ਸਿੰਘ ਦੇ ਸਮਝੇ ਜਾ ਰਹੇ ਵੱਡੇ ਹਮਾਇਤੀ ਸ: ਪਰਮਜੀਤ ਸਿੰਘ ਸਰਨਾ ਦੇ ਪ੍ਰਬੰਧ ਹੇਠਲੇ ਗੁਰਦੁਆਰਾ ਬੰਗਲਾ ਸਾਹਿਬ ਦੀ ਸਟੇਜ ਤੋਂ ਇੱਕ ਪ੍ਰਚਾਰਕ ਨੇ ਵੀ ਬੜੀ ਲੱਛੇਦਾਰ ਭਾਸ਼ਾ `ਚ ਕਿਹਾ ਕਿ ਪ੍ਰੋ: ਦਰਸ਼ਨ ਸਿੰਘ ਨੂੰ ਅਕਾਲ ਤਖਤ `ਤੇ ਪੇਸ਼ ਹੋਣਾ ਚਾਹੀਦਾ ਸੀ। ਕਿਉਂਕਿ ਸਾਰੀਆਂ ਸੰਵਿਧਾਨਕ ਸ਼ਕਤੀਆਂ ਤਾਂ ਉਨ੍ਹਾਂ ਕੋਲ ਹਨ। ਜੇ ਮੈਨੂੰ ਅਕਾਲ ਤਖਤ `ਤੇ ਬੁਲਾਇਆ ਜਾਂਦਾ ਹੈ ਤਾਂ ਜਿੱਥੇ ਸਿੰਘ ਸਾਹਿਬ ਚਾਹੁਣਗੇ, ਮੈਂ ਉਥੇ ਪੇਸ਼ ਹੋਵਾਂਗਾ। ਮੈਂ ਉਥੇ ਆਪਣੀ ਗੱਲ ਕਰਾਂਗਾ ਅਤੇ ਜੇ ਫਿਰ ਵੀ ਉਹ ਮੈਨੁੰ ਤਨਖਾਹ ਲਾਉਂਦੇ ਹਨ ਤਾਂ ਮੈਂ ਤਨਖਾਹ ਵੀ ਭੁਗਤਾਂਗਾ, ਇੱਕ ਤਖਤੀ ਹੋਰ ਆਪਣੇ ਗਲ਼ੇ ਵਿੱਚ ਪਾ ਲਵਾਂਗਾ ਕਿ ਮੇਰੀ ਗੱਲ ਨਹੀਂ ਸੁਣੀ ਗਈ। ਉਸ ਪ੍ਰਚਾਰਕ ਦੇ ਇਨ੍ਹਾਂ ਸ਼ਬਦਾਂ ਨੇ ਸੰਗਤਾਂ ਨੁੰ ਇਹ ਪ੍ਰਭਾਵ ਦਿੱਤਾ ਕਿ ਪ੍ਰੋ: ਦਰਸ਼ਨ ਸਿੰਘ ਗਲਤੀ `ਤੇ ਹਨ ਅਤੇ ਜ਼ਿੱਦੀ ਹਨ, ਜਿਹੜੇ ਕਿਸੇ ਦੀ ਗੱਲ ਨਹੀਂ ਮੰਨਦੇ। ਇਸ ਦੇ ਨਾਲ ਹੀ ਕੁੱਝ ਸੁਹਿਰਦ ਪਰ ਭੋਲੇ ਵਿਦਵਾਨਾਂ ਅਤੇ ਸਿੱਖ ਚਿੰਤਕਾਂ ਨੇ ਪ੍ਰੋ: ਦਰਸ਼ਨ ਸਿੰਘ `ਤੇ ਦਬਾਅ ਵਧਾਉਣਾ ਸ਼ੁਰੂ ਕਰ ਦਿੱਤਾ ਕਿ ਇਸ ਵੇਲੇ ਆਪਣੇ ਦੁਸ਼ਮਣਾਂ ਦੀ ਵੱਡੀ ਗਿਣਤੀ ਹੋ ਗਈ ਹੈ। ਇੱਕੋ ਇੱਕ ਸਮਰਥਕ ਅਖ਼ਬਾਰ ਸੀ। ਤੁਹਾਡੀ ਜ਼ਿੱਦ ਕਰ ਕੇ ਉਸ ਨੇ ਵੀ ਆਪਣੀਆਂ ਖ਼ਬਰਾਂ ਲਾਉਣੀਆਂ ਬੰਦ ਕਰ ਦਿੱਤੀਆਂ ਤਾਂ ਆਪਣੀ ਗੱਲ ਸਿੱਖ ਸੰਗਤ ਵਿੱਚ ਕਿਵੇਂ ਪਹੁੰਚੇਗੀ? ਇਸ ਲਈ ਬੇਸ਼ੱਕ ਉਹ ਗਲਤ ਹੀ ਹੈ, ਸਾਨੂੰ ਵੀ ਪਤਾ ਹੈ ਕਿ ਉਹ ਗਲਤ ਹੈ ਪਰ ਆਪਣੇ ਕੋਲ ਹੋਰ ਕੋਈ ਮੀਡੀਆ ਵੀ ਤਾਂ ਨਹੀਂ ਹੈ, ਇਸ ਲਈ ਆਪਣੀ ਮਜ਼ਬੂਰੀ ਹੈ ਕਿ ਉਸ ਨਾਲ ਮਿਲ ਕੇ ਚੱਲੀਏ। ਇਸ ਲਈ ਤੁਸੀਂ ਉਸ ਦੇ ਘਰ ਜਾ ਕੇ ਧੰਨਵਾਦ ਕਰ ਆਉ। ਅਖੀਰ ਉਨ੍ਹਾਂ ਫਾਰਮੂਲਾ ਲੱਭਿਆ ਕਿ ਸੰਪਾਦਕ ਦੇ ਘਰ ਕੀਰਤਨ ਰੱਖ ਲੈਂਦੇ ਹਾਂ, ਤੁਸੀਂ ਕੀਰਤਨ ਕਰਨ ਚਲੇ ਜਾਉ ਤਾਂ ਲੋਕੀ ਸਮਝਣਗੇ ਕਿ ਇਨ੍ਹਾਂ ਦੀ ਸੁਲ੍ਹਾ ਹੋ ਗਈ ਹੈ। ਇਸ ਨਾਲ ਆਪਣੀਆਂ ਖ਼ਬਰਾਂ ਲੱਗਣੀਆਂ ਸ਼ੁਰੂ ਹੋ ਜਾਣਗੀਆਂ ਤੇ ਆਪਣੇ ਸੰਘਰਸ਼ `ਚ ਸਫਲਤਾ ਮਿਲ ਜਾਵੇਗੀ। ਪ੍ਰੋ: ਦਰਸ਼ਨ ਸਿੰਘ ਪਹਿਲਾਂ ਪਹਿਲਾਂ ਤਾਂ ਸੌਦਾ ਸੰਪਾਦਕ ਤੋਂ ਇਹ ਵਿਸ਼ਵਾਸ਼ ਚਾਹੁੰਦੇ ਸਨ ਕਿ ਉਹ ਗੁਰਬਾਣੀ ਅਤੇ ਗੁਰ ਇਤਿਹਾਸ `ਤੇ ਕੋਈ ਨਵਾਂ ਵਿਵਾਦ ਖੜ੍ਹਾ ਨਹੀਂ ਕਰਨਗੇ ਅਤੇ ਪਿੱਛਲੀਆਂ ਕੀਤੀਆਂ ਗਈਆਂ ਗਲਤ ਟਿੱਪਣੀਆਂ ਸਬੰਧੀ ਆਪਣਾ ਸਪੱਸ਼ਟੀਕਰਨ ਦੇਣਗੇ। ਪਰ ਅਖੀਰ ਆਪਣੇ ਸਮਰਥਕ ਹੋਣ ਦੇ ਨਾਤੇ ਉਨ੍ਹਾਂ ਵਿਦਵਾਨਾਂ ਦੀ ਗੱਲ ਮੰਨ ਗਏ ਕਿ ਜੇ ਉਹ ਮੈਨੂੰ ਕੀਰਤਨ ਲਈ ਸੱਦਾ ਦਿੰਦਾ ਹੈ ਹੈ ਤਾਂ ਉਹ ਚਲੇ ਜਾਣਗੇ। ਪਰ ਜਿਸ ਦਾ ਹੰਕਾਰ ਸਿਖਰ `ਤੇ ਚੜ੍ਹਿਆ ਹੋਵੇ, ਉਸ ਸੰਪਾਦਕ ਨੇ ਸਾਫ਼ ਲਫਜ਼ਾਂ ਵਿੱਚ ਕਿਹਾ ਕਿ ‘ਮੈਂ ਕਿਸੇ ਨੂੰ ਸੱਦਾ ਨਹੀਂ ਦਿੰਦਾ ਪਰ ਜੇ ਤੁਹਾਡੇ ਕਹੇ `ਤੇ ਪ੍ਰੋ: ਦਰਸ਼ਨ ਸਿੰਘ ਆ ਜਾਣਗੇ ਤਾਂ ਕੀਰਤਨ ਅਤੇ ਲੰਗਰ ਲਈ ਪ੍ਰਬੰਧ ਮੈਂ ਕਰ ਦੇਵਾਂਗਾ।’ ਜਦੋਂ ਵਿਦਵਾਨਾਂ ਦੀ ਹਰ ਗੱਲ ਮੰਨਣ ਦਾ ਦਾਅਵਾ ਤੇ ਵਿਖਾਵਾ ਕਰਨ ਵਾਲੇ ਸੌਦਾ ਸੰਪਾਦਕ, ਕੀਰਤਨ ਕਰਨ ਵਾਲੇ ਕੀਰਤਨੀਏ ਨੂੰ ਫੋਨ `ਤੇ ਸੱਦਾ ਦੇਣ ਤੋਂ ਵੀ ਨਾਂਹ ਕਰ ਗਏ ਤਾਂ ਅਖੀਰ ਵਿਚੋਲਿਆਂ ਦੇ ਯਤਨ ਫੇਲ ਹੋ ਗਏ। 15 ਮਾਰਚ ਦੇ ਅਖ਼ਬਾਰ `ਚ ਵਿਚੋਲਿਆਂ ਦੀਆਂ ਫੋਟੋ ਲਾ ਕੇ ਵੱਡੀ ਖ਼ਬਰ ਲਾ ਦਿੱਤੀ ਕਿ ਵਿਦਵਾਨਾਂ ਨੇ ਤਾਂ ਸਾਡੀ ਜੱਫੀ ਪਵਾਉਣ ਲਈ ਪ੍ਰੋ: ਦਰਸ਼ਨ ਸਿੰਘ ਨੂੰ ਤਿਆਰ ਕਰ ਲਿਆ ਸੀ ਪਰ ਇੱਕ ਫੋਨ ਨੇ ਹੀ ਰਾਤੋ ਰਾਤ ਪਾਸਾ ਪਲਟਾ ਦਿੱਤਾ। ਇਸ ਨਾਲ ਸੰਗਤਾਂ `ਚ ਪ੍ਰਭਾਵ ਇਹ ਗਿਆ ਕਿ ਸੌਦਾ ਸੰਪਾਦਕ ਤਾਂ ਮਤਭੇਦਾਂ ਦੇ ਬਾਵਜ਼ੂਦ ਪ੍ਰੋ: ਦਰਸ਼ਨ ਸਿੰਘ ਨਾਲ ਮਿਲ ਕੇ ਚੱਲਣ ਲਈ ਤਿਆਰ ਹੈ ਪਰ ਪ੍ਰੋ: ਦਰਸ਼ਨ ਸਿੰਘ ਹੀ ਜ਼ਿੱਦੀ, ਅਭਿਮਾਨੀ ਅਤੇ ਹੰਕਾਰੀ ਹੈ, ਜਿਹੜਾ ਨਾ ਸ: ਸਰਨਾ ਨਾਲ ਚੱਲ ਸਕਿਆ ਹੈ ਅਤੇ ਨਾ ਹੀ ਇਸ ਸੌਦਾ ਸੰਪਾਦਕ ਨਾਲ। ਜੇ ਦੋਵਾਂ ਦਾ ਟੀਚਾ ਦਸਮ ਗ੍ਰੰਥ ਦੀ ਮੰਜੀ ਉਠਾਉਣ ਦਾ ਹੀ ਹੈ ਤਾਂ ਸੌਦਾ ਸੰਪਾਦਕ ਨਾਲ ਪ੍ਰੋ: ਦਰਸ਼ਨ ਸਿੰਘ ਮਿਲ ਕੇ ਚੱਲਣ ਤੋਂ ਕਿਉਂ ਇਨਕਾਰੀ ਹਨ? ਵਿਦਵਾਨ ਵਿਚੋਲਿਆਂ ਨੇ ਖ਼ਬਰਾਂ ਦੇ ਲਾਲਚ ਅਤੇ ਇੱਕ ਵਾਰੀ ਹੋਰ ਏਕਤਾ ਯਤਨ ਕਰਨ ਦੀ ਉਮੀਦ ਵਿੱਚ ਆਪਣਾ ਮੂੰਹ ਬੰਦ ਰੱਖਿਆ ਅਤੇ ਇੱਕ ਦੋ ਨੇ ਤਾਂ ਕੁੱਝ ਦਬੀ ਜ਼ੁਬਾਨ `ਚ ਪ੍ਰੋ: ਦਰਸ਼ਨ ਸਿੰਘ ਨੂੰ ਗਲਤ ਕਹਿਣਾ ਵੀ ਸ਼ੁਰੂ ਕਰ ਦਿੱਤਾ। ਵੱਡੀ ਗਿਣਤੀ ਸਿੱਖ ਸਿੱਖ ਸੰਗਤਾਂ ਜਿਨ੍ਹਾਂ ਦੀ ਨਾ ਲੰਬੀ ਯਾਦਾਸ਼ਤ ਹੁੰਦੀ ਹੈ ਅਤੇ ਨਾ ਹੀ ਸਿਧਾਂਤਕ ਸੂਝ, ਉਹ ਪ੍ਰੋ: ਦਰਸ਼ਨ ਸਿੰਘ ਨੁੰ ਦੋਸ਼ੀ ਸਮਝਣ ਲੱਗ ਪਈਆਂ। ਇਸ ਨਾਲ ਸੌਦਾ ਸੰਪਾਦਕ ਦੀ ਹਊਮੈ ਨੂੰ ਹੋਰ ਪੱਠੇ ਪਏ ਅਤੇ ਉਸ ਦਾ ਹੌਸਲਾ ਇੱਥੋਂ ਤੱਕ ਵਧ ਗਿਆ ਕਿ ਜਿਹੜੀਆਂ ਗੱਲਾਂ ਪਹਿਲਾਂ ਉਹ ਦੂਸਰਿਆਂ ਤੋਂ ਲਿਖਵਾਉਂਦਾ ਸੀ, ਉਹ 16 ਮਾਰਚ ਦੇ ਸੰਪਾਦਕੀ ਵਿੱਚ ਖ਼ੁਦ ਲਿਖ ਦਿੱਤੀਆਂ ਕਿ “ਬਾਬਾ ਨਾਨਕ ਦੀ ਬਾਣੀ ਦੀ ਅਸਲ ਪੋਥੀ ਤਾਂ ਸ਼੍ਰੀ ਚੰਦੀਆਂ ਨੇ ਸਾੜ ਦਿੱਤੀ ਜਾਂ ਤਬਾਅ ਕਰ ਦਿੱਤੀ ਅਤੇ ਬਾਕੀ ਗੁਰੂਆਂ ਅਤੇ ਭਗਤਾਂ ਦੀ ਬਾਣੀ ਵਿੱਚ ਵੱਡੀਆਂ ਤਬਦੀਲੀਆਂ ਕਰ ਦਿੱਤੀਆਂ ਤੇ ਇਹ ਧੁਮਾ ਦਿੱਤਾ ਕਿ ਬਾਣੀ ਦਾ ਅੱਖਰ ਜਾਂ ਲਗ ਮਾਤਰ ਬਦਲਣ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ। ਜੇ ਕੋਈ ਵਿਦਵਾਨ ਖੋਜ ਕਰਕੇ ਸੋਧਣ ਦਾ ਸੁਝਾਉ ਦਿੰਦਾ ਹੈ ਤਾਂ ਉਸ ਨੂੰ ਗੁਰਬਾਣੀ `ਤੇ ਕਿੰਤੂ ਕਰਨਾ ਦੱਸ ਕੇ ਬਦਨਾਮ ਕੀਤਾ ਜਾਂਦਾ ਹੈ।” ਉਨ੍ਹਾਂ ਇੱਥੋਂ ਤੱਕ ਲਿਖ ਦਿੱਤਾ ਕਿ “ਗੁਰੂਆਂ ਨੇ ਤਾਂ ਅੱਖਰ ਜਾਂ ਲੱਗ ਮਾਤਰ ਬਦਲਣ `ਤੇ ਪਾਬੰਦੀ ਲਾਈ ਨਾ, ਫਿਰ ਸ਼੍ਰੀ ਚੰਦੀਆਂ ਨੇ ਹੀ ਕਿਉਂ ਲਾਈ?” ਇਸ ਸੰਪਾਦਕੀ ਤੋਂ ਪ੍ਰਭਾਵ ਇਹ ਜਾਂਦਾ ਸੀ ਕਿ ਮੌਜ਼ੂਦਾ ਬੀੜ ਨਕਲੀ ਹੈ ਅਤੇ ਇਹ ਸੰਪਾਦਕ ਹੁਣ ਉਸ ਵਿੱਚ ਸੋਧ ਕਰਕੇ ਅਤੇ ਅਸਲੀ ਪੋਥੀ ਲੱਭ ਕੇ ਅਸਲੀ ਗੁਰੂ ਗ੍ਰੰਥ ਸਾਹਿਬ ਤਿਆਰ ਕਰਨਗੇ। ਇਸ ਦਾ ਐਲਾਨ ਇਸ ਨੇ ਪਹਿਲਾਂ ਹੀ 7 ਅਪ੍ਰੈਲ 2008 ਦੀ ਮੁੱਖ ਖ਼ਬਰ `ਚ ਆਪਣੀ ਜਥੇਬੰਦੀ ਦਾ ਐਲਾਨ ਕਰਦੇ ਸਮੇਂ ਕਰ ਦਿੱਤਾ ਸੀ।
ਇਸ ਸੰਪਾਦਕੀ ਦਾ ਜਿਤਨਾ ਪ੍ਰਤੀਕਰਮ ਸਿੱਖਾਂ ਵਿੱਚ ਹੋਣਾ ਚਾਹੀਦਾ ਸੀ, ਉਹ ਤਾਂ ਨਹੀਂ ਹੋਇਆ ਪਰ ਫਿਰ ਵੀ 4 ਕੁ ਜਥੇਬੰਦੀਆਂ ਨੇ ਬਿਆਨ ਜਾਰੀ ਕਰ ਦਿੱਤਾ ਕਿ ਜੇ ਸੰਪਾਦਕ ਨੇ ਪੰਥ ਤੋਂ ਮੁਆਫ਼ੀ ਨਾ ਮੰਗੀ ਤਾਂ ਉਹ ਅਗਲਾ ਪ੍ਰੋਗਰਾਮ ਉਲੀਕਣਗੇ। ਉਧਰ ਪ੍ਰੋ: ਦਰਸ਼ਨ ਸਿੰਘ ਨੇ ਵੀ ਭਾਰਤ ਤੋਂ ਇੰਗਲੈਂਡ ਨੂੰ ਜਾਂਦੇ ਜਾਂਦੇ ਇਹ ਬਿਆਨ ਦੇ ਦਿੱਤਾ ਕਿ ‘ਹੁਣ ਸਮਾਂ ਆ ਗਿਆ ਹੈ ਇਹ ਪਰਖਣ ਦਾ ਕਿ ਧਰਮੀ ਲੋਕ ਕਿਤਨਾ ਕੁ ਸੱਚ ਬੋਲਦੇ ਹਨ।’ ਇਸ ਬਿਆਨ ਨਾਲ ਵਿਦਵਾਨਾਂ ਵਿਚੋਲਿਆਂ ਦੇ ਮਨਾਂ ਵਿੱਚ ਖਲਬਲੀ ਉਠ ਖੜ੍ਹੀ ਹੋਈ ਤੇ ਉਨ੍ਹਾਂ ਲੁਧਿਆਣਾ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵਿੱਚ ਇੱਕ ਮੀਟਿੰਗ ਕਰਕੇ ਮਤਾ ਪਾਸ ਕਰ ਦਿੱਤਾ ਕਿ ਗੁਰਬਾਣੀ ਅਤੇ ਸਿੱਖ ਇਤਿਹਾਸ ਸਬੰਧੀ ਕੋਈ ਕਿੰਤੂ ਨਾ ਕਰੇ। ਅੰਦਰਲੀਆਂ ਮਿਲੀਆਂ ਖਬਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਕੋਈ ਵੀ ਵਿਦਵਾਨ ਬਿੱਲੀ ਦੇ ਗਲ ਟੱਲੀ ਬੰਨ੍ਹਣ ਲਈ ਤਿਆਰ ਨਹੀਂ ਸੀ ਭਾਵ ਸੌਦਾ ਸੰਪਾਦਕ ਜੀ ਨੂੰ ਨਿਜੀ ਤੌਰ `ਤੇ ਕਹਿਣ ਵਾਸਤੇ ਕੋਈ ਵੀ ਤਿਆਰ ਨਹੀਂ ਸੀ। ਇਸ ਦਾ ਸਬੂਤ ਇਸ ਗੱਲ ਤੋਂ ਵੀ ਮਿਲਦਾ ਹੈ ਕਿ ਇਨ੍ਹਾਂ ਵਲੋਂ ਜਾਰੀ ਕੀਤੇ ਪਹਿਲੇ ਪ੍ਰੈਸ ਨੋਟ ਵਿੱਚ ਸੌਦਾ ਸੰਪਾਦਕ ਦੇ ਅਖ਼ਬਾਰ ਦਾ ਨਾਮ ਨਹੀਂ ਲਿਖਿਆ ਅਤੇ ਨਾ ਹੀ ਉਸ ਵਲੋਂ ਮੁਆਫ਼ੀ ਮੰਗਣ ਦੀ ਕੋਈ ਗੱਲ ਸੀ। ਜਦੋਂ ਇਹ ਪ੍ਰੈਸ ਨੋਟ ਸੌਦਾ ਸੰਪਾਦਕ ਪਾਸ ਪਹੁੰਚਿਆ ਤਾਂ ਸ਼ਾਤਰ ਦਿਮਾਗ ਦਾ ਹੋਣ ਕਰਕੇ ਉਹ ਜਲਦੀ ਹੀ ਸਮਝ ਗਿਆ ਕਿ ਇਸ ਨਾਲ ਇਨ੍ਹਾਂ ਵਿਦਵਾਨਾਂ ਦੀ ਕਮਜੋਰੀ ਜੱਗ ਜ਼ਾਹਰ ਹੋ ਜਾਵੇਗੀ, ਉਸ ਹਾਲਤ ਵਿੱਚ ਜਾਂ ਇਹ ਮੈਨੂੰ ਛੱਡ ਜਾਣਗੇ ਅਤੇ ਜਾਂ ਇਨ੍ਹਾਂ ਦਾ ਸਿੱਖਾਂ ਵਿੱਚ ਅਧਾਰ ਹੀ ਖਤਮ ਹੋ ਜਾਵੇਗਾ, ਜਿਸ ਨਾਲ ਇਹ ਮੇਰੇ ਵੀ ਕੰਮ ਦੇ ਨਹੀਂ ਰਹਿਣਗੇ। ਉਸ ਨੇ ਹੱਲਾਸ਼ੇਰੀ ਦਿੱਤੀ ਕਿ ਤੁਸੀਂ ਮੇਰਾ ਵੀ ਨਾਮ ਲਿਖ ਦਿਓ ਅਤੇ ਮੁਆਫ਼ੀ ਦੀ ਮੰਗ ਵੀ ਕਰੋ। ਮੈਂ ਤੁਹਾਡੇ ਕਹਿਣ `ਤੇ ਮੁਆਫ਼ੀ ਮੰਗ ਲਵਾਂਗਾ, ਇਸ ਨਾਲ ਤੁਹਾਡਾ ਵੀ ਅਕਸ਼ ਬਣਿਆ ਰਹੇਗਾ ਤੇ ਮੈਂ ਵੀ ਇਹ ਦਾਅਵਾ ਕਰ ਸਕਾਂਗਾ ਕਿ ਵੇਖੋ ਜੀ ਬੇਸ਼ੱਕ ਉਨ੍ਹਾਂ ਦੇ ਸੰਪਾਦਕੀ ਨੂੰ ਠੀਕ ਤਰ੍ਹਾਂ ਨਹੀਂ ਸੀ ਸਮਝਿਆ ਗਿਆ ਅਤੇ ਉਹ ਆਪਣਾ ਸਪੱਸ਼ਟੀਕਰਨ ਵੀ ਦੇ ਚੁੱਕੇ ਹਨ ਪਰ ਪੰਥਕ ਵਿਦਵਾਨਾਂ ਦੀ ਰਾਇ ਅੱਗੇ ਉਨ੍ਹਾਂ ਆਪਣਾ ਸਿਰ ਝੁਕਾ ਦਿੱਤਾ ਹੈ। ਉਸ ਪਿੱਛੋਂ ਬੜੇ ਲੇਟ ਸਮੇਂ `ਚ ਸੋਧਿਆ ਹੋਇਆ ਪ੍ਰੈਸ ਨੋਟ ਦੁਬਾਰਾ ਜਾਰੀ ਕੀਤਾ ਗਿਆ ਪਰ ਖ਼ਬਰ ਤਾਂ ਪਹਿਲਾਂ ਹੀ ਤਿਆਰ ਸੀ, ਇਸ ਲਈ ਉਹ 19 ਮਾਰਚ ਦੇ ਅਖ਼ਬਾਰ `ਚ ਪਹਿਲੇ ਪੰਨੇ `ਤੇ ਛਪ ਗਈ। ‘ਸਚ ਸੁਣਾਇਸੀ ਸਚ ਕੀ ਬੇਲਾ’ ਤੁਕ ਵਰਤਣ ਵਾਲਿਆਂ ਨੂੰ ਇਹ ਸੱਚ ਚੁਭੇਗਾ ਜਰੂਰ, ਜਿਸ ਦਾ ਸਬੂਤ ਇੱਕ ਟਰੱਸਟੀ ਮੈਂਬਰ ਵਲੋਂ ਆਈ ਈਮੇਲ ਹੈ, ਜਿਹੜੀ ਇੱਥੇ ਨਾਲ ਪੇਸਟ ਕੀਤੀ ਜਾ ਰਹੀ ਹੈ। ਮੈਂ ਸੌਦਾ ਸੰਪਾਦਕ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਅਪੀਲ ਵੀ ਕਰਦਾ ਹਾਂ ਕਿ ਸੱਚ ਸੁਣਾਉਣ ਦੇ ਨਾਲ ਨਾਲ ਉਹ ਸੱਚ ਸੁਣਨ ਦੀ ਜਾਚ ਵੀ ਸਿੱਖਣ। ਮਾਸਕ ਪੱਤਰ ਦ। ਹੁੰਦਿਆਂ ਸੌਦਾ ਸੰਪਾਦਕ ਜੀ ਨੇ ਕਈ ਵਾਰ ਦਾਅਵਾ ਕੀਤਾ ਸੀ ਕਿ ਜੇ ਉਨ੍ਹਾਂ ਦੇ ਵਿਰੋਧੀ ਚਾਹੁਣ ਤਾਂ ਮਾਸਕ ਪੱਤਰ ਦਾ ਇੱਕ ਅੰਕ ਪੂਰੇ ਦਾ ਪੂਰਾ ਉਨ੍ਹਾਂ ਨੁੰ ਸਮਰਪਿਤ ਕਰਨ ਨੂੰ ਤਿਆਰ ਹਨ ਅਤੇ ਉਨ੍ਹਾਂ ਵਲੋਂ ਭੇਜੇ ਸਾਰੇ ਲੇਖਾਂ ਨੂੰ ਥਾਂ ਦਿੱਤੀ ਜਾਵੇਗੀ ਅਤੇ ਅਗਲੇ ਅੰਕਾਂ ਵਿੱਚ ਉਨ੍ਹਾਂ ਲੇਖਾਂ ਦਾ ਜਵਾਬ ਉਹ ਖ਼ੁਦ ਦੇਣਗੇ। ਉਸ ਸਮੇਂ ਮੈਂ ਇਨ੍ਹਾਂ ਦਾ ਕੱਟੜ ਸਮਰਥਕ ਹੁੰਦਾ ਸੀ ਪਰ ਇਨ੍ਹਾਂ ਦੇ ਅੰਦਰਲੇ ਝੂਠ ਨੇ ਮੈਨੂੰ ਇਨ੍ਹਾਂ ਤੋਂ ਦੂਰ ਕਰ ਦਿੱਤਾ ਅਤੇ ਇਹ ਮੈਨੂੰ ਆਪਣਾ ਵਿਰੋਧੀ ਸਮਝਣ ਲੱਗ ਪਏ ਹਨ। ਹਾਲਾਂਕਿ ਐਸਾ ਹੈ ਨਹੀਂ। ਮੈਂ ਹੁਣ ਵੀ ਚਾਹੁੰਦਾ ਹਾਂ ਕਿ ਜੇ ਸੌਦਾ ਸੰਪਾਦਕ ਜੀ ਮੇਰੇ ਕੱਲ੍ਹ ਵਾਲੇ ਲੇਖ ਵਿੱਚ ਲਿਖੀਆਂ ਗੱਲਾਂ ਦਾ ਸਪੱਸ਼ਟੀਕਰਨ ਦੇ ਕੇ ਅੱਗੇ ਤੋਂ ਅਜਿਹਾ ਨਾ ਲਿਖਣ ਦਾ ਵਾਅਦਾ ਕਰਨ ਤਾਂ ਮੈਂ ਉਨ੍ਹਾਂ ਨੂੰ ਸਮਰਥਨ ਦੇਣ ਲਈ ਤਿਆਰ ਹਾਂ। ਇਸ ਲਈ ਇਨ੍ਹਾਂ ਨੂੰ ਅਪੀਲ ਕਰਦਾ ਹਾਂ ਕਿ ਮੈਨੂੰ ਇਹ ਹਰ ਰੋਜ ਅੱਧਾ ਪੰਨਾ ਹੀ ਦੇਣਾ ਮੰਨ ਲੈਣ, ਜਿਸ ਵਿੱਚ ਮੈਂ ਇਨ੍ਹਾਂ ਦੀਆਂ ਸੰਪਾਦਕੀਆਂ ਅਤੇ ਡਾਇਰੀਆਂ ਦਾ ਜਵਾਬ ਦੇਵਾਂਗਾ ਅਤੇ ਅਗਲੇ ਦਿਨ ਇਹ ਮੇਰਾ ਜਵਾਬ ਦੇਣ। ਜੇ ਇਹ ਸੁਹਿਰਦ ਹੋਣ ਤਾਂ ਇਸ ਨਾਲ ਉਸਾਰੂ ਸੰਵਾਦ ਰਚਾਉਣ ਲਈ ਰਾਹ ਖੁੱਲ੍ਹਗਾ, ਜਿਸ ਨਾਲ ਆਪਸੀ ਮਤਭੇਦ ਦੂਰ ਹੋ ਕੇ ਮਸਲੇ ਹੱਲ ਹੋਣ ਲਈ ਕਾਫ਼ੀ ਸਹਾਇਤਾ ਮਿਲੇਗੀ।
ਮੈਨੂੰ ਖੁਸ਼ੀ ਹੋਵੇਗੀ ਜੇਕਰ ਪੰਥਕ ਵਿਦਵਾਨ ਇਹ ਦਾਅਵਾ ਕਰਦੇ ਹਨ ਕਿ ਸੌਦਾ ਸੰਪਾਦਕ ਨੇ ਉਨ੍ਹਾਂ ਦੀ ਰਾਇ ਨੂੰ ਬੜੀ ਖੁਸ਼ੀ ਖੁਸ਼ੀ ਮੰਨ ਕੇ ਆਪਣੀ ਨਿਮਰਤਾ ਦਾ ਸਬੂਤ ਦਿੱਤਾ ਹੈ ਤਾਂ ਕ੍ਰਿਪਾ ਕਰਕੇ ਉਹ ਮੇਰੇ ਕੱਲ੍ਹ ਵਾਲੇ ਲੇਖ ਵਿੱਚ ਉਠਾਏ ਨੁਕਤਿਆਂ ਸਬੰਧੀ ਵੀ ਸੌਦਾ ਸੰਪਾਦਕ ਜੀ ਤੋਂ ਸਪੱਸ਼ਟ ਰੂਪ ਵਿੱਚ ਸਪੱਸ਼ਟੀਕਰਨ ਲੈਣ ਅਤੇ ਇਸ ਤੋਂ ਇਹ ਵਾਅਦਾ ਲੈਣ ਕਿ ਉਹ ਰਾਗਮਾਲਾ ਨੂੰ ਛੱਡ ਕੇ ਬਾਕੀ ਦੇ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਸਹੀ ਮੰਨਦੇ ਹਨ, ਦਸ ਗੁਰੂ ਸਾਹਿਬਾਨ ਨੂੰ ਮੰਨਦੇ ਹਨ। ਇਸ ਸਬੰਧੀ ਉਸ ਦੇ ਅਖ਼ਬਾਰ ਵਿੱਚ ਛਪੀਆਂ ਪਹਿਲੀਆਂ ਟਿੱਪਣੀਆਂ ਦੀ ਉਹ ਖਿਮਾਂ ਜਾਚਨਾ ਮੰਗਦੇ ਹਨ ਅਤੇ ਅੱਗੇ ਤੋਂ ਅਜਿਹੀ ਕੋਈ ਟਿੱਪਣੀ ਨਹੀਂ ਕਰਨਗੇ। ਇਸ ਨਾਲ ਪ੍ਰੋ: ਦਰਸ਼ਨ ਸਿੰਘ ਵਲੋਂ ਉਠਾਇਆ ਇਤਰਾਜ ਵੀ ਆਪਣੇ ਆਪ ਖ਼ਤਮ ਹੋ ਜਾਵੇਗਾ ਤੇ ਉਹ ਸੌਦਾ ਸੰਪਾਦਕ ਜੀ ਨਾਲ ਮਿਲ ਕੇ ਚੱਲਣ ਲਈ ਤਿਆਰ ਹੋ ਸਕਦੇ ਹਨ, ਜਿਸ ਨਾਲ ਸਾਂਝਾ ਕੌਮੀ ਸੰਘਰਸ਼ ਬਹੁਤ ਜਲਦੀ ਜਿੱਤਿਆ ਜਾ ਸਕਦਾ ਹੈ।
.