.

ਦਿੱਖ ਤੋਂ ਬੰਦਾ ਕਿਰਦਾਰ ਦਾ ਪਸ਼ੂ

ਕਹਿੰਦੇ ਨੇ ਸੂਰੀ ਛੇ ਕੁ ਮਹੀਨੇ ਵਿੱਚ ਦਰਜਨ ਅੱਧੀ ਦਰਜਨ ਬੱਚੇ ਦਿੰਦੀ ਹੈ ਅਤੇ ਛੇ ਕੁ ਮਹੀਨੇ ਵਿੱਚ ਹੀ ਉਸ ਦੇ ਬੱਚੇ ਇੰਨੇ ਕੁ ਪਲ ਜਾਂਦੇ ਹਨ ਕਿ ਦੁਬਾਰਾ ਉਸੇ ਨਾਲ ਹੀ ਕ੍ਰਿਆ ਕਰਕੇ ਉਸੇ ਸੁਰੀ ਨੂੰ ਬੱਚੇ ਦੇਣ ਦੇ ਯੋਗ ਬਣਾ ਦਿੰਦੇ ਹਨ। ਸ਼ਾਇਦ ਇਸ ਕਰਕੇ ਅਤੇ ਗੰਦਗੀ ਖਾਣ ਦੀ ਵਜਹ ਕਰਕੇ ਹੀ ਇਸਲਾਮ ਦੇ ਮੰਨਣ ਵਾਲਿਆ ਵਿੱਚ ਸੂਰ ਖਾਣ ਨੂੰ ਹਰਾਮ ਆਖਿਆ ਗਿਆ ਹੈ ਅਤੇ ਸੂਰ ਖਾਣਿਆ ਇੱਕ ਗਾਲ਼ੀ ਵਜੋਂ ਲਿਆ ਜਾਂਦਾ ਹੈ। ਖੈਰ ਇਹ ਤਾਂ ਇਸ ਜੂਨ ਦਾ ਇਸ ਜੀਵ ਦਾ ਆਪਣਾ ਪ੍ਰਕ੍ਰਿਤਕ ਜੀਵਨ ਹੈ ਜਿਸ ਨੂੰ ਉਹ ਹੰਢਾ ਰਿਹਾ ਹੈ। ਮਨੁੱਖ ਉਸ ਨਾਲ ਨਫਰਤ ਕਰੇ ਜਾਂ ਪ੍ਰੇਮ ਕਰੇ ਇਸ ਨਾਲ ਉਸ ਨੂੰ ਕੋਈ ਲੈਣ ਦੇਣ ਨਹੀਂ ਕਿਉਂਕਿ ਉਹ ਮਨੁੱਖ ਦੇ ਕਿਸੇ ਵੀ ਸਿਧਾਂਤ ਨਾਲ ਕੋਈ ਮਤਲਬ ਨਹੀਂ ਰੱਖਦਾ ਕਿ ਮਨੁੱਖ ਉਸ ਬਾਰੇ ਕੀ ਸੋਚਦਾ ਹੈ ਸ਼ਾਇਦ ਇਸੇ ਕਰਕੇ ਉਹ ਗੰਦਗੀ ਖਾ ਕੇ ਪਲ਼ਦਾ ਅਤੇ ਜਿਊਂਦਾ ਹੈ ਕਿ ਮੈਨੂੰ ਮੇਰੇ ਪਰਕ੍ਰਿਤਕ ਜੀਵਨ ਕਰਕੇ ਮਨੁੱਖ ਦਾ ਗੁਲਾਮ ਨਾ ਰਹਿਣਾ ਪਵੇ ਤੇ ਮੈਂ ਜਿਊ ਸਕਾਂ। ਪਾਠਕ ਜਨੋ ਆਪ ਸੋਚੋਗੇ ਕਿ ਮੈਂ ਸੂਰ ਦੀ ਜੂਨ ਤੇ ਕਾਹਦਾ ਕਾਗਜ਼ ਕਾਲਾ ਕਰ ਰਿਹਾ ਹਾਂ? ਇਸਦਾ ਕੀ ਮਤਲਬ? ਨਹੀਂ ਇਸਦਾ ਵੀ ਇੱਕ ਅਰਥ ਹੈ ਸਾਡਾ ਸਮਾਜ ਵੀ ਇਸੇ ਜੀਵਨ ਨੂੰ ਖੁਦ ਜਿਊ ਰਿਹਾ ਹੈ। ਮਨੁੱਖ ਵਿੱਚ ਤਮੀਜ਼ ਤੇ ਧਰਮ ਨਹੀਂ ਰਿਹਾ ਇਸੇ ਕਰਕੇ ਸਮਾਜ ਵਿੱਚ ਭੈਣ ਬਰਾ ਮਾਂ ਪੁੱਤਰ ਅਤੇ ਬਾਕੀ ਅਜਿਹੇ ਕਈ ਰਿਸ਼ਤੇ ਨਿਘਾਰ ਦਾ ਸ਼ਿਕਾਰ ਹਨ। ਭਾਵ ਮਨੁੱਖ ਰਿਸ਼ਤਿਆਂ ਦੀ ਅਸਲ ਥਾਂ ਤੇ ਭਾਵਨਾ ਤਿਆਗ ਕੇ ਸੂਰ ਦੀ ਜ਼ਿੰਦਗੀ ਨੂੰ ਹੰਢਾ ਰਿਹਾ ਹੈ ਭਾਵੇਂ ਅਖਵਾਉਂਦਾ ਉਤਮ ਜੂਨ ਮਨੁੱਖ ਹੀ ਹੈ?
ਅਖਬਾਰਾਂ ਦੀਆਂ ਸੁਰਖੀਆਂ ਅਤੇ ਮੀਡੀਆ ਦੀਆਂ ਅਜਿਹੀਆਂ ਖਬਰਾਂ ਮਨੁੱਖ ਦੇ ਮਾਨਸਿਕ ਪਸ਼ੁਪੁਣੇ ਦੀਆਂ ਨਿਸ਼ਾਨੀਆਂ ਹੀ ਹੁੰਦੀਆਂ ਹਨ ਜਿਸ ਵਿੱਚ ਇਹ ਪੜਨ ਸੁਨਣ ਨੂੰ ਮਿਲੇ ਕਿ ਫਲਾਣੇ ਮਨੁੱਖ ਨੇ ਆਪਣੇ ਇਸ ਰਿਸ਼ਤੇ ਦਾ ਖਿਆਲ ਨਾ ਰੱਖਦਿਆਂ ਨਾਜਾਇਜ਼ ਸਰੀਰਕ ਸੰਬੰਧ ਬਣਾਏ ਤੇ … … … …। ਫਿਰ ਅਜਿਹੇ ਜੀਵਨ ਵਾਲੇ ਮਨੁੱਖ ਤੋਂ ਸੂਰ ਕਿਵੇਂ ਮਾੜਾ ਹੋਇਆ? ਹਾਲਾਂਕਿ ਉਸ ਦੀ ਜੂਨ ਨੇ ਹਜ਼ਾਰਾਂ ਸਾਲਾਂ ਤੋਂ ਮਨੁੱਖ ਵਾਂਗ ਵਿਕਾਸ ਨਹੀਂ ਕੀਤਾ। ਉਸਨੂੰ ਧਾਰਮਿਕ ਪੀਰ ਪੈਗੰਬਰ ਤੇ ਧਰਮ ਗ੍ਰੰਥਾਂ ਦੇ ਸਿਧਾਂਤ ਨਹੀਂ ਮਿਲੇ ਪਰ ਇਸ ਮਨੁੱਖ ਨੇ ਇਨ੍ਹਾਂ ਤੋਂ ਕੀ ਸਿੱਖਿਆ ਜਦੋਂ ਕਿ ਇਹ ਵੀ ਰੱਜ ਕੇ ਖੇਹ ਉਡਾ ਰਿਹਾ ਤੇ ਆਪਣੀ ਪਸ਼ੁ ਬਿਰਤੀ ਦੇ ਨਾਪਾਕ ਪੈਰਾਂ ਹੇਠ ਮਨੁੱਖੀ ਸੂਝ ਸਮਝ ਨੂੰ ਦੱਬ ਕੇ ਕੁਚਲਦਾ ਹੈ। ਫਿਰ ਇਸ ਗੰਦਖਾਨੇ ਨੂੰ ਇਹ ਸੱਭਿਆਚਾਰ ਦਾ ਨਾਂ ਦੇਵੇ ਤਾਂ ਗੰਦ ਖਾਣ ਵਾਲਾ ਇਹ ਉਤਮ ਜੂਨ ਸੂਰ ਦੁੱਧ ਧੋਤਾ ਕਿਵੇਂ ਹੋ ਗਿਆ? ਇੱਕ ਵੱਡੀ ਨਿਸ਼ਾਨੀ ਹੋਰ ਵੇਖੋ ਕਿ ਸੂਰ ਕਿਨ੍ਹਾਂ ਕਿਨ੍ਹਾਂ ਕਿਸਮਾਂ ਵਿੱਚ ਵਿਚਰਦੇ ਹਨ।
ਪੰਜਾਬ ਦੀ ਧਰਤੀ ਤੇ ਸਾਧਾਂ ਦੇ ਡੇਰਿਆਂ ਨਾਲ ਗਲ਼ ਤਕ ਆਇਆ ਹੋਇਆ ਹੈ ਤੇ ਭਾਂਡਾ ਭਰਨ ਵਾਂਗ ਹੁਣ ਉਛਲ ਉਛਲ ਕੇ ਪੰਜਾਬ ਦੇ ਭਾਂਡੇ ਵਿਚੋਂ ਇਹ ਕਿਰਮ ਦੁਜੀਆਂ ਸਟੇਟਾ ਅਤੇ ਵਿਦੇਸ਼ਾਂ ਵਿੱਚ ਡਿੱਗ ਰਹੇ ਹਨ। ਕੋਈ ਇੱਕ ਸਾਧ ਮਰ ਜਾਂਦਾ ਹੈ ਤਾਂ ਉਸ ਦੇ ਡੇਰੇ ਦੀ ਮਾਲਕੀ ਲਈ ਕਈ ਸਾਧ ਜੋ ਕਿ ਉਸਦੇ ਚੇਲੇ ਚਾਟੜੇ ਹੀ ਹੁੰਦੇ ਹਨ ਅਤੇ ਸ਼ਾੁਇਦ ਇਸੇ ਕਰਕੇ ਹੀ ਉਸ ਦੇ ਖਰੌੜੇ ਪੂਜਦੇ ਹਨ ਕਿ ਕੱਲ਼੍ਹ ਨੂੰ ਅਸੀਂ ਵੀ ਇਸ ਵਾਂਗ ਜਨਤਾ ਤੇ ਗੋਵਰਧਨ ਪਰਬਤ ਦਾ ਬੋਝ ਬਣ ਹੀ ਜਾਂਵਾਂਗੇ। ਸਾਧ ਦੇ ਮਰਨ ਤੋਂ ਬਾਅਦ ਸਾਰੇ ਹੀ ਆਪਣੇ ਆਪ ਨੂੰ ਉਤਰਾਧਿਕਾਰੀ ਸਾਬਿਤ ਕਰਦੇ ਹਨ ਅਤੇ ਵਖ ਵਖ ਡੇਰੇ ਬਣਾ ਕੇ ਬੈਠ ਜਾਂਦੇ ਹਨ ਹੈ ਨਾ ਸੂਰਾਂ ਦੀ ਇੱਕ ਲਿਸ਼ਕੀ ਪੁਸ਼ਕੀ ਸਾਫ ਸੁਥਰੀ ਅਤੇ ਪੂਜਣਯੋਗ ਕਿਸਮ। ਇੱਕ ਸਾਧ ਮਰਿਆ ਤੇ ਚਾਰ ਪੈਦਾ ਹੋ ਗਏ। ਚਾਰ ਡੇਰੇ ਬਣ ਗਏ ਤੇ ਡੇਰਾ ਵੀ ਇੱਕ ਗਰਭ ਹੈ ਜਿਸ ਵਿੱਚ ਹੋਰ ਸਾਧ ਪੈਦਾ ਹੋ ਕੇ ਨਵੇਂ ਡੇਰੇ ਬਣਾ ਕੇ ਅਗਾਂਹ ਤੋਂ ਅਗਾਂਹ ਨਵੇਂ ਸਾਧ ਤੇ ਡੇਰੇ ਪੈਦਾ ਕਰਦੇ ਜਾਣਗੇ, ਨਵੀਆਂ ਮਰਯਾਦਾ ਤੇ ਨਵੀਆਂ ਬੇਹੂਦਗੀਆਂ ਪੈਦਾ ਕਰਕੇ ਮੀਲ ਪੱਥਰ ਗੱਡਣਗੇ। ਇਸ ਤਰ੍ਹਾਂ ਦਾ ਵਰਤਾਰਾ ਜੋ ਚੱਲ ਰਿਹਾ ਹੈ ਇਸ ਨੂੰ ਗੁਰਬਾਣੀ ਮਾਨਤਾ ਦੇਵੇ ਜਾਂ ਨਾ ਦੇਵੇ, ਸਿਖ ਇਤਿਹਾਸ ਇਸ ਨੂੰ ਸਹੀ ਦੱਸੇ ਜਾਂ ਨਾ ਦੱਸੇ, ਧਰਮ ਦੇ ਪਵਿੱਤਰ ਅਸੂਲਾਂ ਤੇ ਇਹ ਵਰਤਾਰਾ ਖਰਾ ਉਤਰੇ ਜਾਂ ਨਾ ਉਤਰੇ ਕਿਸੇ ਨੂੰ ਕੀ ਪਰਵਾਹ। ਗੰਦ ਖਾਣ ਵਾਲੇ ਸੂਰ ਨੂੰ ਕੀ ਪਤਾ ਕਿ ਕਿਹੜੇ ਧਰਮ ਨੂੰ ਉਸਦਾ ਮੀਟ ਬਾਕੀ ਪਸ਼ੂਆਂ ਜਾਂ ਜਾਨਵਰਾਂ ਤੋਂ ਨਖਿੱਧ ਜਾਣ ਕੇ ਮਨ੍ਹਾਂ ਕੀਤਾ ਹੋਇਆ ਹੈ? ਤੇ ਮੈਂ ਆਪਣਾ ਚਾਲ ਚਲਣ ਬਦਲ ਲਵਾਂ। ਲੱਖ ਧਰਮ ਦੇ ਉਪਦੇਸ਼ ਤੇ ਗੁਰਮਤਿ ਦੀਆਂ ਦੁਹਾਈਆਂ ਦਿਉ ਇਹ ਸੁਭਾਅ ਨਹੀਂ ਬਦਲਣਗੇ ਕਿਉਂਕਿ ਇਨ੍ਹਾਂ ਦੀ ਮਾਨਸਿਕਤਾ ਹੀ ਸੂਰ ਵਤ ਬਣ ਗਈ ਹੈ। ਫਿਰ ਇਸ ਗੰਦੇ ਵਰਤਾਰੇ ਨੂੰ ਇਨ੍ਹਾਂ ਨੇ ਖੁਰਾਕ ਜੁ ਬਣਾ ਲਿਆ ਹੈ ਤੇ ਹੋਰ ਬੜੇ ਨੇ ਜੋ ਆਪਣੀਆਂ ਇਜ਼ਤਾਂ ਪਵਿੱਤਰ ਕਰਨ ਲਈ ਇਨ੍ਹਾਂ ਦੇ ਡੇਰਿਆ ਵਿੱਚ ਛੱਡ ਆਉਂਦੇ ਨੇ ਤੇ ਧਨ ਪਵਿੱਤਰਤਾ ਹਿੱਤ ਕਾਰੋਬਾਰ ਦੀ ਸਫਲਤਾ ਲਈ ਬੱਚਿਆ ਦਾ ਮੂੰਹ ਬੰਦ ਕਰਕੇ ਸਾਧਾਂ ਦੇ ਖਰੌੜਿਆਂ ਵਿੱਚ ਕੜਕਦੇ ਨੋਟ ਭੇਟ ਕਰਕੇ ਧਰਮ ਦਾ ਪੁੰਨ ਕਮਾਉਂਦੇ ਨੇ। ਇਹ ਵੀ ਤਾਂ ਕਦੀ ਕਦੀ ਮੂੰਹ ਮਾਰਨ ਦਾ ਅਭਿਆਸ ਹੀ ਹੈ ਜੋ ਸਾਡਾ ਸਮਾਜ ਕਰ ਹੀ ਰਿਹਾ ਹੈ। ਹੁਣ ਇਸ ਵੱਗ ਵਿੱਚ ਖੜਾ ਬੰਦਾ ਤਾ ਇਉਂ ਹੀ ਲੱਗੇਗਾ ਨਾ ਕਿ ਜਿਵੇਂ ਸੂਰਾਂ ਨੂੰ ਕੰਟਰੋਲ ਕਰ ਰਿਹਾ ਹੋਵੇ? ਗੁਰਦੁਆਰਾ ਤੇ ਗੁਰਬਾਣੀ ਹੁਣ ਅਜਿਹੇ ਬੰਦਿਆਂ ਨੂੰ ਤੇ ਨਿੰਮ ਦੀ ਕੁੜੱਤਣ ਲਗਦੀ ਹੈ ਤਾਂ ਕੀ ਕੀਤਾ ਜਾਵੇ? ਕਿਉਂਕਿ ਡੇਰਾ ਤੇ ਬਾਬੇ ਦਾ ਧੂੰਆਂਧਾਰ ਕਚਘਰੜ ਪ੍ਰਚਾਰ ਜੁ ਅੱਖਾਂ ਵਿੱਚ ਪੈਕੇ ਭਗਤੀ ਦੇ ਹੰਝੂ ਵਹਿ ਰਹੇ ਨੇ। ਧੂੰਏਂ ਦੇ ਰੋਣ ਨੂੰ ਵੈਰਾਗ ਮੰਨ ਕੇ ਕਿਵੇਂ ਇਨ੍ਹਾਂ ਮਹਾਨ ਖੋਜੀਆਂ ਨੇ ਨਵੇਂ ਅਰਥ ਪ੍ਰਦਾਨ ਕੀਤੇ ਨੇ। ਗੁਰਪੁਰਬ ਛੱਡ ਕੇ ਸਾਧਾਂ ਦੀਆਂ ਬਰਸੀਆਂ ਮਨਾਉਣ ਵਿੱਚ ਸੁਆਦ ਜੁੱਤੀਆਂ ਚੋਲਿਆਂ ਤੇ ਮੜੀਆਂ ਨੂੰ ਮੱਥੇ ਟੇਕ ਕੇ ਸੂਰ ਦੇ ਗੰਦ ਖਾਣ ਵਾਲੀ ਤਸੱਲੀ ਜੁ ਲਭਦੀ ਹੈ ਜਿਸ ਨੂੰ ਇਸ ਵਿਸ਼ੇ ਦੇ ਮਾਹਰ ਅੰਦਰੂਨੀ ਸ਼ਾਤੀ ਕਹਿ ਕੇ ਵਿਦਿਆ ਮਾਰਤੰਡ ਅਖਵਾ ਸਕਦੇ ਨੇ। ਸੂਰ ਨੂੰ ਗੰਦਗੀ ਵਿੱਚ ਮੂੰਹ ਮਾਰਨ ਲੱਗਿਆ ਇਹ ਸੋਚਣ ਦੀ ਕੀ ਲੋੜ ਹੈ ਕਿ ਇਹ ਕੂੜਾ ਧਾਰਮਿਕ ਅਸਥਾਨ ਵਿਚੋਂ ਹੂੰਝਿਆ ਗਿਆ ਹੈ ਕਿ ਕਿਸੇ ਵੇਸ਼ਵਾ ਦੇ ਘਰ ਤੋਂ। ਉਸ ਨੇ ਤਾਂ ਕੂੜੇ ਵਿੱਚ ਮੂੰਹ ਹੀ ਮਾਰਨਾ ਹੈ। ਇਸ ਸੁਭਾਅ ਵਿੱਚ ਮਨੁੱਖ ਫਿਰ ਕਿਵੇਂ ਸੋਚੇ ਕਿ ਗੰਦ ਤਾ ਗੰਦ ਹੀ ਹੈ ਕੂੜਾ ਤਾਂ ਕੂੜਾ ਹੀ ਹੈ ਭਾਵੇਂ ਕਿਸੇ ਘਰੋਂ ਜਾਂ ਅਸਥਾਨ ਤੋਂ ਹੀ ਹੂੰਝ ਕੇ ਬਾਹਰ ਕੱਢਿਆ ਗਿਆ ਹੋਵੇ। ਗੁਰਬਾਣੀ ਦੁਆਰਾ ਧਰਮ, ਮਨੁੱਖ ਦੇ ਜੀਵਨ ਰੂਪੀ ਘਰ ਵਿਚੋਂ ਕੂੜ ਵਿਕਾਰਾਂ ਅਤੇ ਬੁਰਾਈ ਦਾ ਕੱਢਿਆ ਕੂੜਾ ਖਾਣ ਵਾਲੇ ਸੁਭਾ ਵਾਲਾ ਜੇ ਇਸਨੂੰ ਅਟੁੱਟ ਸ਼ਰਧਾ ਕਹਿੰਦਾ ਹੈ ਤਾਂ ਇਸ ਵਿਦਵਤਾ ਤੇ ਆਤਮ ਦਰਸ਼ੀ ਬਿਰਤੀ ਵਾਸਤੇ ਚੇਅਰ ਹੀ ਸਥਾਪਤ ਕੀਤੀ ਜਾਣੀ ਚਾਹੀਦੀ ਹੈ। ਆਹ. ਇਹ ਵਰਤਾਰਾ ਹੀ ਤਾਂ ਮਨੁੱਖ ਨੂੰ ਪਸ਼ੂ ਸਾਬਤ ਕਰਦਾ ਹੈ ਇਸ ਗੰਦਗੀ ਤੋਂ ਦੂਰ ਤੇ ਮਾਨਸਿਕ ਪਸ਼ੂਪੁਣੇ ਤੋਂ ਕੱਢ ਕੇ ਕੁਦਰਤ ਦਾ ਸਾਜਿਆ ਸਵਾਰਿਆ ਮਨੁੱਖ ਬਣਨ ਹਿਤ ਗੁਰਮਤਿ ਦਾ ਰਸੀਆ ਤੇ ਬਿਬੇਕ ਦੀ ਮੂਰਤ ਬਣਦਾ ਹੋਇਆ ਸਾਈਂ ਜੇਹਿਆ ਹੋਣ ਲਈ ਹੀ ਤਾਂ ਗੁਰਦੇਵ ਨੇ ਫੁਰਮਾਇਆ ਸੀ ਤੇ ਚੇਤਾ ਕਰਵਾਇਆ ਸੀ
ਕਰਤੂਤ ਪਸੂ ਕੀ ਮਾਨਸ ਜਾਤਿ]
ਹੇ ਮਨੁੱਖ ਤੂੰ ਜੀਵਨ ਕਰਕੇ ਮਨੁੱਖ ਹੀ ਨਹੀਂ ਸਗੋਂ ਕਿਰਦਾਰ ਕਰਕੇ ਵੀ ਮਨੁੱਖ ਬਣਨਾ ਹੈ ਇਸ ਲਈ ਆਪਣੇ ਕਰਮ ਕਰਤੂਤ ਨੂੰ ਪਰਖਦਾ ਨਿਰਖਦਾ ਰਹੀਂ ਤਾਂ ਕਿ ਤੂੰ ਮਨੁੱਖ ਬਣਿਆ ਰਹਿ ਸਕੇਂ।
ਹਰਜਿੰਦਰ ਸਿੰਘ ਸਭਰਾ




.