.

ਸਚ ਕਿਨਾਰੇ ਰਹਿ ਗਇਆ ਹਸਦ ਫਿਰੈ ਪਰਧਾਨੁ ਵੇ ਸਿੱਖੋ

ਗੁਰੂ ਨਾਨਕ ਸਹਿਬ ਜੀ ਨੇ ਧੁਰ ਕੀ ਬਾਣੀ (ਪੰਨਾ ੬੨੮) ਲਿਖਣ ਵੇਲੇ ਸਭ ਤੋਂ ਪਹਿਲਾਂ ੧ ਹਿਣਸੇ ਦੀ ਵਰਤੋਂ ਕਰਕੇ ਸਾਨੂੰ ਇਹ ਸੁਨੇਹਾ ਦਿੱਤਾ ਸੀ ਕਿ ਪਾਰਬ੍ਰਹਮੁ ਪੂਰਨ ਪਰਮੇਸਰੁ (ਪੰਨਾ ੬੨੮) ਸਿਰਫ ਇੱਕ ਹੈ – ਬਸ। ਇਸੇ ਕਰਕੇ ਸਾਡਾ ਗੁਰੂ ਭੀ ਇੱਕ ਹੀ ਹੈ – ਸ਼ਬਦ ਰੂਪ – ਗੁਰੂ ਗ੍ਰੰਥ ਸਹਿਬ। ਜਿਸ ਵਿੱਚ ਸਿਰਫ ਇੱਕ ਪਰਮੇਸ਼ਰ ਦੀ ਪੂਜਾ ਕਰਨ ਦਾ ਉਪਦੇਸ਼ ਹੈ – ਸਿਮਰਉ ਜਾਸੁ ਬਿਸੁੰਭਰ ਏਕੈ (ਪੰਨਾ ੨੬੨) ਕਿਉਂ ਕਿ ਇਕਸੁ ਬਿਨੁ ਨਾਹੀ ਦੂਜਾ ਕੋਇ (ਪੰਨਾ ੧੯੨)। ਗੁਰਬਾਣੀ ਸਾਨੂੰ ਇੱਕ ਦੀ ਸੰਤਾਨ ਹੋਣ ਦੀ ਸਿੱਖਿਆ ਵੀ ਦਿੰਦੀ ਹੈ – ਏਕੁ ਪਿਤਾ ਏਕਸ ਕੇ ਹਮ ਬਾਰਿਕ (ਪੰਨਾ ੬੧੧)। ਪਰ ਬਹੁਤ ਹੀ ਅਫਸੋਸ ਹੈ ਕਿ ਅਸੀਂ ਗੁਰੂ ਜੀ ਦੀ ਨਸੀਹਤ ਨੂੰ ਨਿੱਜੀ, ਧਾਰਮਿਕ ਅਤੇ ਸਮਾਜਿਕ ਪੱਖੋਂ ਹਰ ਤਰਾਂ ਹੀ ਨਜ਼ਰ ਅੰਦਾਜ਼ ਕਰਨ ਦੇ ਗੁਨਾਹਗਾਰ ਬਣ ਰਹੇ ਹਾਂ। ਜਿਸਦਾ ਮੁੱਖ ਕਾਰਨ ਸਾਡਾ ਹਸਦ ਹੈ ਈਰਖਾ ਹੈ। ਅਧਿਆਤਮਿਕ ਤੌਰ ਤੇ ਕਮਜ਼ੋਰ ਹੋਣ ਕਰਕੇ ਅਸੀਂ ਦੂਸਰੇ ਦੀ ਵਡਿਆਈ ਅਤੇ ਸੋਭਾ ਸਹਾਰਨ ਦੇ ਹਾਲੇ ਤਿੱਕਰ ਕਾਬਲ ਹੀ ਨਹੀਂ ਬਣ ਸਕੇ, ਭਾਵੇਂ ਗੁਰੂ ਜੀ ਦੀ ਹਾਜ਼ਰੀ ਰੋਜ਼ਾਨਾਂ ਜਾਂ ਹਫਤੇ ਬਾਅਦ ਤਾਂ ਜ਼ਰੂਰ ਭਰਦੇ ਹਾਂ, ਪਰ ਅਸਲੀਅਤ ਇਹ ਹੈ ਕਿ ਅਸੀਂ ਗੁਰੂ ਜੀ ਦੀ ਸਿੱਖਿਆ ਤੋਂ ਬਹੁਤ ਦੂਰ ਹੋਣ ਕਰਕੇ ਹੀ ਹਸਦ ਤੋਂ ਪੀੜਤ ਹਾਂ – ਏਕਸੁ ਸਿਉ ਜਾ ਕਾ ਮਨੁ ਰਾਤਾ। ਵਿਸਰੀ ਤਿਸੈ ਪਰਾਈ ਤਾਤਾ (ਪੰਨਾ ੧੮੯)। ਗੁਰੂ ਸਹਿਬ ਜੀ ਤਾਂ ਆਪਣੇ ਸਿੱਖਾਂ ਨੂੰ ਸੱਚ ਦੇ ਸੱਚੇ ਵਣਜਾਰੇ ਬਣਾਉਣ ਲਈ ਹਰ ਰੋਜ਼ ਚਿਤਾਰਦੇ ਹਨ – ਸਚਾ ਸਾਹੁ ਸਚੇ ਵਣਜਾਰੇ (ਪੰਨਾ ੧੧੭) ਅਤੇ ਹਸਦ ਆਦਿ ਰੂਪੀ ਵਿਕਾਰਾਂ ਤੋਂ ਬਚਣ ਦੀ ਤਾਕੀਦ ਕਰਦੇ ਹਨ ਸੁਆਦ ਬਾਦ ਈਰਖ ਮਦ ਮਾਇਆ (ਪੰਨਾ ੭੪੧)। ਪਰ ਅਸੀਂ ਸਦੀਵੀ ਸੱਚੇ ਇੱਕ ਪਰਮੇਸ਼ਰ ਨੂੰ ਭੁਲਾ ਕੇ ਸੱਚ ਦੀ ਕਮਾਈ ਕਰਨ ਦੀ ਸੋਚ ਰਹੇ ਹਾਂ ਜੋ ਮੁਮਕਿਨ ਨਹੀਂ ਅਤੇ ਨਿਰੀ ਗ਼ਲਤ ਧਾਰਨਾ ਹੈ। ਸੱਚੀ ਕਮਾਈ ਤਾਂ ਸਦੀਵੀ ਸੱਚ ਅਕਾਲ ਨਾਲ ਜੁੜ ਕੇ ਅਤੇ ਈਰਖਾ ਦਵੈਦ ਵਰਗੇ ਵਿਕਾਰਾਂ ਤੋਂ ਨਿਰਲੇਪ ਰਹਿ ਕੇ ਹੀ ਹੋ ਸਕਦੀ ਹੈ – ਸਚਾ ਸੇਵਹਿ ਸਚੁ ਕਮਾਵਹਿ ਸਚੋ ਸਚੁ ਕਮਾਵਣਿਆ॥ (ਪੰਨਾ ੧੧੭)। ਯਾਦ ਰੱਖੋ ਸਿਰਫ ਸਾਬਤਾ ਦਾਣਾ (ਭਾਵ ਪੂਰਾ ਇੱਕ) ਹੀ ਜੰਮਣ ਦੇ ਕਾਬਲ ਹੁੰਦਾ ਹੈ ਟੁੱਟਿਆ, ਭੁਜਿਆ ਜਾਂ ਦੋਫਾੜ ਹੋਇਆ ਦਾਣਾ ਕਦੇ ਵੀ ਜੰਮ ਨਹੀਂ ਸਕਦਾ। ਇਸ ਕਰਕੇ ਇੱਕ ਜੋਤ (ਗੁਰੂ ਗ੍ਰੰਥ ਸਹਿਬ ਜੀ) ਨੂੰ ਅਪਣਾ ਕੇ ਆਪਣੀ ਸੋਚ ਨੂੰ ਜ਼ਰਖ਼ੇਜ਼ ਕਰੋ, ਹੋਰ ਕਿਸੇ ਵੀ ਅਖੌਤੀ ਗ੍ਰੰਥਾਂ (ਜੋ ਤੁਹਾਨੂੰ ਇੱਕ ਨਾਲੋਂ ਤੋੜਨ ਲਈ ਈਰਖਾ ਵਸ ਗੁਰੂ ਕ੍ਰਿਤ ਆਖ ਕੇ ਧੜੱਲੇ ਨਾਲ ਪ੍ਰਚਾਰੇ ਜਾ ਰਹੇ ਹਨ) ਨੂੰ ਮਾਣਤਾ ਦੇ ਕੇ ਆਪਣੀ ਜ਼ਰਖ਼ੇਜ਼ ਸੋਚ ਦਾ ਕਤਲ ਕਰਨ ਤੋਂ ਸਾਵਧਾਨ ਹੋ ਕੇ ਆਪਣਾ ਬਚਾ ਕਰੋ। <

ਕਈ ਸਿੱਖ ਤਾਂ ਐਸੇ ਵੀ ਹਨ ਜਿਹਨਾਂ ਦੇ ਆਪਣੇ ਘਰਾਂ ਵਿੱਚ ਹੀ ਗੁਰੂ ਮਹਾਂਰਾਜ ਦਾ ਪ੍ਰਕਾਸ਼ ਕੀਤਾ ਹੁੰਦਾ ਹੈ। ਜ਼ਾਹਿਰ ਹੈ ਉਹ ਜ਼ਰੂਰ ਰੋਜ਼ਾਨਾਂ ਗੁਰਬਾਣੀ ਦਾ ਪਾਠ ਕਰਦੇ ਹੋਣਗੇ ਅਤੇ ਵੀਚਾਰ ਵੀ ਕਰਦੇ ਹੋਣਗੇ ਜਾਂ ਉਹ ਜੋ ਹਰ ਰੋਜ਼ ਗੁਰਦੁਆਰੇ ਜਾਂਦੇ ਹਨ। ਕੀ ਉਹਨਾਂ ਦੇ ਜੀਵਨ ਵਿੱਚੋਂ ਗੁਰਬਾਣੀ ਨਾਲ ਸਾਂਝ ਕਰਕੇ ਦੂਜਿਆਂ ਮਨੁੱਖਾਂ ਪ੍ਰਤੀ ਹਸਦ, ਸਾੜਾ ਜਾਂ ਈਰਖਾ ਅਲੋਪ ਹੋ ਗਈ ਹੈ? ਇਸ ਬਾਰੇ ਹਰ ਸਿੱਖ ਨੂੰ ਆਪਣੇ ਅੰਦਰ ਝਾਤੀ ਮਾਰ ਕੇ ਖ਼ੁਦ ਵਿਸ਼ਲੇਸ਼ਣ ਕਰਨਾਂ ਚਾਹੀਦਾ ਹੈ – ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰ ਦੇਖੁ॥ (ਪੰਨਾ ੧੩੭੮)। ਅਗਰ ਉਹ ਹਾਲੇ ਵੀ ਈਰਖਾਲੂ ਬਿਰਤੀ ਰੱਖਦੇ ਹਨ ਤਾਂ ਸਮਝੋ ਉਹਨਾਂ ਨੇ ਧਰਮ ਵਾਲਾ ਪੜਦਾ ਕਰਕੇ ਸਿਰਫ ਦੂਸਰਿਆਂ ਨੂੰ ਮੂਰਖ ਬਣਾਉਣ ਦੀ ਹੀ ਠਾਣੀ ਹੋਈ ਹੈ। ਇਹੋ ਜਿਹੇ ਭਾਵੇਂ ਕਿਸੇ ਵੀ ਕਿੱਤੇ ਨਾਲ ਸਬੰਧਿਤ ਹੋਣ ਜਾਂ ਕਿਸੇ ਵੀ ਪਦਵੀ ਤੇ ਸਸ਼ੋਬਤ ਹੋਣ ਉਹ ਮਹੱਤਤਾ ਨਹੀਂ ਰੱਖਦੀ। ਖ਼ਾਸ ਕਰਕੇ ਉਹ ਸਜਣ ਜੋ ਧਰਮ ਦਾ ਪ੍ਰਚਾਰ ਕਰਨ ਦਾ ਦਾਅਵਾ ਅਖ਼ਬਾਰਾਂ/ਰਿਸਾਲਿਆਂ ਰਾਹੀਂ ਜਾਂ ਲੈਕਚਰਾਂ/ਸੀਡੀਆਂ/ਡੀਵੀਡੀਆਂ ਰਾਹੀਂ ਕਰਦੇ ਹਨ ਉਹਨਾਂ ਦੇ ਲਿਖੇ ਜਾਂ ਬੋਲੇ ਨੂੰ ਅਤੇ ਕਰ ਰਹੇ ਕਰਮ ਨੂੰ ਧਿਆਨ ਨਾਲ ਪੜ੍ਹੋ, ਸੁਣੋਂ, ਦੇਖੋ ਅਤੇ ਪਰਖੋ ਕਿ ਉਹ ਕਿਤੇ ਤੁਹਾਨੂੰ ਇੱਕ ਨਾਲੋਂ ਤੋੜਨ ਦਾ ਗੁੱਝਾ/ਸਾਜਿਸ਼ੀ ਯਤਨ ਤਾਂ ਨਹੀਂ ਕਰ ਰਹੇ! ਅੱਜ ਕਲ ਜ਼ਿਆਦਾ ਤਰ ਇਸ ਤਰਾਂ ਦੇ ਗੁੱਝੇ ਹੀਲੇ ਸਿੱਖੀ ਭੇਸ ਵਿੱਚ ਘੁਸਪੈਠੀ ਪੰਥ ਦੋਖੀਆਂ ਵਲੋਂ ਈਰਖਾ ਵਸ ਸਿੱਖ ਮਤਿ ਦੀ ਵਿਲੱਖਣ, ਨਿਆਰੀ, ਨਿਰਾਲੀ ਅਤੇ ਖ਼ਾਲਸ ਹਸਤੀ ਨੂੰ ਮਿਟਾਉਣ ਲਈ ਆਂਮ ਵਰਤੇ ਜਾ ਰਹੇ ਹਨ।

ਇਸ ਤੋਂ ਇਲਾਵਾ ਕਈ ਲੀਡਰ ਨੁਮਾਂ ਸਿੱਖ ਵੀ ਹਨ ਜਾਂ ਉਹਨਾਂ ਦੇ ਪ੍ਰੀਵਾਰਿਕ ਜੀਅ ਜੋ ਇੱਕ ਗੁਰੂ (ਗੁਰੂ ਗ੍ਰੰਥ ਜੋ ਇੱਕ ਰੱਬ ਦਾ ਪੁਜਾਰੀ ਬਣਾਉਂਦਾ ਹੈ) ਤੋਂ ਆਪ ਟੁੱਟ ਚੁੱਕੇ ਹਨ ਅਤੇ ਹੋਰਨਾਂ ਨੂੰ ਤੋੜਨ ਲਈ ਅਗਵਾਈ ਦੇ ਰਹੇ ਹਨ। ਸਾਨੂੰ ਗੁਰੂ ਸਹਿਬ ਤਾਂ ਵਿਅਕਤੀਗਤ ਪੂਜਾ ਤੋਂ ਵਰਜਦੇ ਹਨ ਪਰ ਇਹ ਸਿਆਸੀ ਲਾਣਾਂ ਵੋਟਾਂ ਖਾਤਰ ਆਪ ਤਾਂ ਹਰ ਪ੍ਰਕਾਰੀ ਡੇਰੇਦਾਰਾਂ ਦੇ ਪੈਰੀਂ ਪੈਂਦਾ ਹੈ। ਜਿਹਨਾਂ ਨੂੰ ਦੇਖ ਕੇ ਆਂਮ ਸਿੱਖ ਗੁਮਰਾਹ ਹੋ ਰਿਹਾ ਹੈ ਜਾਣੀਂ ਉਹ ਭੀ ਦੇਹਧਾਰੀਆਂ ਦਾ ਸ਼ਰਧਾਲੂ ਬਣ ਰਿਹਾ ਹੈ – ਦੇਖਾ ਦੇਖੀ ਸਭ ਕਰੇ – (ਪੰਨਾ ੨੮)। ਜੋ ਕਿ ਇੱਕ ਅਕਾਲ ਪੁਰਖ ਨਾਲੋਂ ਤੋੜ ਕੇ ਆਪਣੇ ਨਾਲ ਜੋੜ ਰਹੇ ਹਨ ਭਾਵ ਆਪਣੇ ਸ਼ਰਧਾਲੂ ਬਣਾ ਦੇਹ ਦੀ ਪੂਜਾ ਕਰਵਾ ਰਹੇ ਹਨ ਜਿਸਦੀ ਆੜ ਵਿੱਚ ਉਹ ਗੁਮਰਾਹ ਹੋਣ ਵਾਲਿਆਂ ਦਾ ਜਿਸਮਾਨੀ ਅਤੇ ਮਾਇਕ ਸੋਸ਼ਣ ਕਰਦੇ ਹਨ। ਪਰ ਮਨਮੁੱਖ ਬੰਦਾ ਸਮਝ ਹੀ ਨਹੀਂ ਰਿਹਾ ਮਨਮੁਖਿ ਬੂਝ ਨ ਪਾਇ – (ਪੰਨਾ ੨੮) ਕਿ ਉਸ ਨੂੰ ਗੁਰੂ ਨਾਲੋਂ ਤੋੜ ਕੇ ਲੁੱਟਿਆ ਜਾ ਰਿਹਾ ਹੈ। ਇਹ ਅਤਿਅੰਤ ਸੋਚਣ ਅਤੇ ਯਾਦ ਰੱਖਣ ਵਾਲੀ ਗਲ ਹੈ ਕਿ ਡੇਰੇਦਾਰੀ ਪ੍ਰੰਮਪਰਾ ਰਾਹੀਂ ਵਿਅਕਤੀਗਤ ਪੂਜਾ ਦਾ ਰਿਵਾਜ ਸ਼ਰਧਾਲੂ ਲੋਕਾਂ ਦੀ ਲੁਟ ਕਰਨ ਲਈ ਬ੍ਰਾਹਮਣਵਾਦ ਦੀ ਕ੍ਹਾਡ ਹੈ। ਬ੍ਰਾਹਮਣਵਾਦ ਗੁਰੂ ਨਾਨਕ ਪਾਤਸ਼ਾਹ ਵਲੋਂ ਜਿਨੇਊ ਪਹਿਨਣ ਵਾਲੀ ਰਸਮ ਤੋਂ ਇਨਕਾਰੀ ਹੋਣ ਕਾਰਨ ਹਸਦ ਵਿੱਚ ਸੜ-ਵਲ ਰਿਹਾ ਹੈ। ਇਸ ਈਰਖਾ ਕਰਕੇ ਹੀ ਉਹ ਸਿੱਖ ਪੰਥ ਦੀ ਵਿਕੋਲਿੱਤਰੀ ਸਾਬਤ ਸੂਰਤ ਹੋਂਦ ਨੂੰ ਸਹਿਣ ਨਹੀਂ ਕਰ ਰਿਹਾ ਅਤੇ ਇਸਨੂੰ ਖਤਮ ਕਰਨ ਲਈ ਹਮੇਸ਼ਾਂ ਤੱਤਪਰ ਰਹਿੰਦਾ ਹੋਇਆ ਨਿੱਤ ਨਵੀਆਂ ਗੋਂਦਾਂ ਗੁੰਦਦਾ ਰਹਿੰਦਾ ਹੈ।

ਏਥੇ ਹੀ ਬਸ ਨਹੀਂ ਸਿੱਖਾਂ ਦੀ ਆਦਤ ਵਿੱਚ ਹਸਦ ਦਾ ਏਨਾਂ ਪ੍ਰਭਾਵ ਹੈ ਕਿ ਜਿਸ ਦਾ ਦਰਸ਼ਨ ਅੱਜਕਲ ਦੀਆਂ ਖ਼ਬਰਾਂ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਟਟੀਅਰੀ ਦੀ ਤਰਾਂ ਅਸਮਾਨ ਨੂੰ ਥੰਮਣ ਵਾਲੇ ਅਖਾਣ ਵਾਂਗ ਆਪਣੇ ਆਪ ਨੂੰ ਪੰਥ ਦੇ ਇੱਕੋ ਇੱਕ ਖ਼ੈਰਖੁਆਹ ਸਮਝਣ ਵਾਲੇ ਹਉਮੈ ਵਸ ਹੀ ਈਰਖਾ ਵਿੱਚ ਲਿਬੜੇ ਪਏ ਹਨ ਜਿਹਨਾਂ ਵਲੋਂ ਘੋਲ੍ਹੀ ਜਾ ਰਹੀ, ਲੱਤ ਖਿੱਚ, ਕੜ੍ਹੀ ਤੋਂ ਹਰ ਇੱਕ ਗੁਰਸਿੱਖ ਦੁਖੀ ਅਤੇ ਸ਼ਰਮਿੰਦਾ ਹੈ। ਹਉਮੈ ਦੇ ਸ਼ਿਕਾਰ ਕੁੱਝ ਲੋਕ ਬਿਪਰ ਰਚਿਤ ਗੁਰਮਤਿ ਸਿਧਾਂਤਾਂ ਦਾ ਨਾਸ ਕਰਨ ਵਾਲੀਆਂ ਪੁਸਤਕਾਂ ਨੂੰ ਗੁਰਸਿੱਖਾਂ ਉੱਪਰ ਮੜ੍ਹ ਕੇ ਗੁਰੂ ਦਾ ਸ਼ਰੀਕ ਬਣਾਉਣ ਲਈ ਬਜ਼ਿੱਦ ਹਨ। ਕੋਈ ਇਹਨਾਂ ਪੁਸਤਕਾਂ ਵਿੱਚਲੀਆਂ ਗੁਰਬਾਣੀ ਨਾਲ ਮੇਲ ਨਾਂਹ ਖਾਂਦੀਆਂ ਕੁੱਝ ਲਿਖਤਾਂ ਨੂੰ ਗੁਰਬਾਣੀ ਮੰਨਣ/ਮਨਾਉਣ ਲਈ ਬਜ਼ਿਦ ਹੈ। ਕੋਈ ਭਗਤ ਬਾਣੀ ਨੂੰ ਨਿਕਾਰਨ ਦੇ ਰੌਂ ਵਿੱਚ ਹੈ। ਕੁੱਝ ਭਟਾਂ ਦੇ ਸਵਈਆਂ ਤੇ ਕਿੰਤੂ ਪ੍ਰੰਤੂ ਕਰ ਰਹੇ ਹਨ ਅਤੇ ਕੁੱਝ ਆਲਮ ਦੀ ਲਿਖੀ ਕਾਮ ਕੰਧਲਾ ਵਿੱਚੋਂ ਲਈ ਗਈ ਰਾਗਮਾਲਾ ਨੂੰ ਮਨੌਤ ਦਿਵਾਉਣ ਲਈ ਰਹਿਤ ਮਰਿਯਾਦਾ ਦੀ ਓਟ ਲੈ ਕੇ ਸ਼ਾਤਰ ਚਾਲਾਂ ਚਲ ਰਹੇ ਹਨ, ਜਿਸ ਦਾ ਗੁਰਮਤਿ ਨਾਲ ਦੂਰ ਦਾ ਭੀ ਵਾਹ ਵਾਸਤਾ ਨਹੀਂ। ਇਸ ਤੋਂ ਇਲਾਵਾ ਹੋਰਨਾਂ ਸਿੱਖ ਵਿਦਵਾਨਾਂ ਨਾਲ ਹਸਦ ਕਾਰਨ ਗੁਰੂ ਸਹਿਬਾਨ ਅਤੇ ਸ਼ਬਦ ਗੁਰੂ (ਗ੍ਰੰਥ) ਨੂੰ ਗੁਰੂ ਮੰਨਣ ਤੋਂ ਇਨਕਾਰੀ ਵੀ ਆਪੂ ਨੂੰ, ਹਉਮੈ ਵਸ, ਸਭ ਤੋਂ ਸਿਆਣੇ ਹੋਣ ਦਾ ਭਰਮ ਪਾਲ੍ਹ ਰਹੇ ਦਿਖ ਔਣਗੇ, ਜਦ ਕਿ ਦਸਮ ਨਾਨਕ ਨੇ ਆਪ ਖ਼ੁਦ ਆਦਿ ਬੀੜ ਨੂੰ ਗੁਰੂ ਮਾਨਿਓ ਗ੍ਰੰਥ ਕਹਿ ਗੁਰਿਆਈ ਦੀ ਬਖਸ਼ਿਸ਼ ਕੀਤੀ ਸੀ। ਇੱਹ ਤਾਂ ਸਾਫ ਹੈ ਕਿ ਇਹ ਸਭ ਕੁੱਝ ਗੁਰਮਤਿ ਸਿਧਾਂਤ ਨੂੰ ਇੱਕ ਪਾਸੇ ਰੱਖ ਕੇ ਦੂਜਿਆਂ ਨੂੰ ਨੀਵਾਂ ਦਿਖਾਉਣ ਲਈ ਕੇਵਲ ਈਰਖਾ ਵਸ ਹੀ ਕੀਤਾ ਜਾ ਰਿਹਾ ਹੈ। ਸਿੱਖੀ ਸੋਚ ਵਿੱਚ ਆਈ ਗਿਰਾਵਟ ਦਾ ਏਥੋਂ ਵੀ ਪਤਾ ਲਗਦਾ ਹੈ ਕਿ ਰੋਸੁ ਨ ਕੀਜੈ ਉਤਰੁ ਦੀਜੈ (ਪੰਨਾ ੯੩੮) ਵਾਲੀ ਪ੍ਰੰਮਪਰਾ ਦਾ ਸਬਕ ਹੋਰਨਾਂ ਨੂੰ ਦੇਣ ਵਾਲੇ ਜਦੋਂ ਹੋਰਨਾਂ ਵਲੋਂ ਪੁੱਛੇ ਹੋਏ ਨੁਕਤੇ ਦਾ ਉਤਰ ਦੇਣਾ ਹੀ ਮੁਨਾਸਬ ਨਾਂਹ ਸਮਝਣ, ਉਲਟਾ ਉੱਤਰ ਦੇਣ ਦੀ ਥਾਂਹ ਆਖਣ ਕਿ ਮੈਂ ਕਾਂਵਾਂ ਚਿੰੜੀਆਂ ਦੀ ਕਾਂ-ਕਾਂ, ਚੀਂ-ਚੀਂ ਦਾ ਜਬਾਵ ਨਹੀਂ ਦਿੰਦਾ, ਇਹ ਦਮੂਹੀਂ ਕੈਸੀ ਸਿੱਖੀ ਹੈ? ਇਸ ਤਰਾਂ ਦੀ ਸੋਚ ਗੁਰੂ ਨਾਨਕ ਜੀ ਦੇ ਦਰ ਨੂੰ ਉੱਚਿਆਈਆਂ ਵਲ ਕਿਵੇਂ ਲਿਜਾਏਗੀ? ਅਕਾਲ ਪੁਰਖ ਜੀ ਦੀ ਸਿਫਤ ਸਲਾਹ ਔਰ ਗਿਆਨ ਦੇ ਭੰਡਾਰ ਅਤੇ ਮਨੁੱਖੀ ਜੀਵਨ ਜਾਚ ਸਿਖਾਉਣ ਵਾਲੇ ਗੁਰੂ ਗ੍ਰੰਥ ਸਹਿਬ ਤੋਂ ਦੂਰੀ ਰੱਖਣ ਵਾਲੇ ਇਸ ਤਰਾਂ ਦੇ ਲੋਕ ਸਾਕਤ ਹੀ ਤਾਂ ਹਨ ਜੋ ਇੱਕ ਪਰਮੇਸ਼ਰ ਨਾਲੋਂ ਟੁੱਟੇ ਹੋਣ ਕਾਰਨ ਹਉਮੈ ਵਸ ਹਸਦ ਦਾ ਸ਼ਿਕਾਰ ਬਣ ਰਹੇ ਹਨ – ਸਾਕਤ ਹਰਿ ਰਸ ਸਾਦੁ ਨ ਜਾਣਿਆ ਤਿਨ ਅੰਤਰਿ ਹਉਮੈ ਕੰਡਾ ਹੇ॥ (ਪੰਨਾ ੧੩)।

ਨਿਰਭੈ ਸਿੰਘ




.