.

ਸਿੱਖ ਦਾ ਅਨੰਦ ਕਾਰਜ ਹੁੰਦਾ ਹੈ ਵਿਆਹ ਨਹੀਂ

A Sikh’s marriage is performed with the Akal Purkh

ਵੀਆਹੁ ਹੋਆ ਮੇਰੇ ਬਾਬੁਲਾ ਗੁਰਮੁਖੇ ਹਰਿ ਪਾਇਆ

ਮਨੁੱਖ ਇੱਕ ਸਮਾਜਕ ਪ੍ਰਾਣੀ ਹੈ, ਤੇ ਸਮਾਜ ਵਿੱਚ ਰਹਿੰਦੇ ਹੋਏ, ਉਸ ਨੂੰ ਆਪਣਿਆਂ ਨਾਲ ਸਬੰਧ ਕਾਇਮ ਰੱਖਣਾਂ ਪੈਂਦਾ ਹੈ। ਬਹੁਤ ਸਾਰੇ ਮੇਲੇ ਤਿਉਹਾਰ ਤੇ ਹੋਰ ਸੰਸਕਾਰਾਂ ਦਾ ਆਰੰਭਕ ਮੰਤਵ ਇਹੀ ਹੁੰਦਾ ਸੀ, ਕਿ ਆਪਸ ਵਿੱਚ ਸਾਂਝ ਪੈ ਸਕੇ। ਮਨੁੱਖ ਇਸ ਦੁਨੀਆ ਵਿੱਚ ਜਨਮ ਲੈ ਕੇ ਆਂਉਂਦਾ ਹੈ, ਤੇ ਸਮਾਂ ਪਾ ਕੇ ਇੱਕ ਦਿਨ ਚਲਾ ਜਾਂਦਾ ਹੈ। ਇਸ ਲਈ ਜਨਮ ਸੰਸਕਾਰ ਤੇ ਮ੍ਰਿਤਕ ਸੰਸਕਾਰ ਦਾ ਹੋਣਾ ਤਾਂ ਕੁਦਰਤੀ ਹੈ। ਜੀਵਨ ਵਿੱਚ ਸਫਲਤਾ ਪ੍ਰਾਪਤ ਕਰਨ ਲਈ, ਗੁਰੂ ਦਾ ਗਿਆਨ ਲੈਣਾਂ ਬਹੁਤ ਜਰੂਰੀ ਹੈ, ਜਿਸ ਕਰਕੇ ਸਿੱਖ ਧਰਮ ਵਿੱਚ ਗੁਰੂ ਵਾਲਾ ਬਨਣ ਲਈ ਖੰਡੇ ਦੀ ਪਾਹੁਲ ਲੈਂਣੀ ਜਰੂਰੀ ਹੈ।

ਸਮਾਜ ਦੇ ਸਫਲਤਾ ਪੂਰਵਕ ਚਲਦੇ ਰਹਿਣ ਲਈ ਗ੍ਰਹਿਸਤ ਦੇ ਮਾਰਗ ਦਾ ਖਾਸ ਮਹੱਤਵ ਹੈ। ਇਹੀ ਕਾਰਨ ਹੈ ਕਿ ਸਿੱਖ ਧਰਮ ਵਿੱਚ ਅਨੰਦ ਸੰਸਕਾਰ ਨੂੰ ਬਹੁਤ ਅਹਿਮੀਅਤ ਦਿੱਤੀ ਜਾਂਦੀ ਹੈ। ਇਹ ਸਾਰੇ ਸੰਸਕਾਰ (ਜਨਮ, ਅੰਮ੍ਰਿਤ, ਅਨੰਦ ਤੇ ਮ੍ਰਿਤਕ) ਉੱਤਮ ਹਨ, ਜੇ ਕਰ ਅਨੰਦ ਦੀ ਅਵਸਥਾ ਵਿੱਚ ਹੋਣ। ਭਾਈ ਗੁਰਦਾਸ ਜੀ ਨੇ ਆਪਣੀ ਵਾਰ ਵਿੱਚ ਗੁਰੂ ਨੂੰ ਅਪਨਾਉਂਣਾਂ ਤੇ ਗ੍ਰਹਿਸਤ ਧਰਮ ਨੂੰ ਬਹੁਤ ਮਹੱਤਵ ਦਿੱਤਾ ਹੈ।

ਗਿਆਂਨਨ ਮੈ ਗਿਆਨੁ ਅਰੁ ਧਿਆਨਨ ਮੈ ਧਿਆਨ ਗੁਰ। ਸਕਲ ਧਰਮ ਮੈ ਗ੍ਰਿਹਸਤੁ ਪ੍ਰਧਾਨ ਹੈ॥ ੩੭੬॥

ਹੋਰਨਾਂ ਧਰਮਾਂ ਵਿੱਚ ਪਰਿਵਾਰ ਨੂੰ ਚਲਾਉਂਣ ਲਈ ਵਿਆਹ ਦੀ ਰਸਮ ਕੀਤੀ ਜਾਂਦੀ ਹੈ। (Marriage is a social contract between two individuals that unites their lives legally, economically and emotionally.) ਵਿਆਹ ਜਾਂ ਮੈਰਿਜ਼ (Marriage) ਇੱਕ ਸਮਝੌਤਾ (contract) ਹੈ, ਜਿਹੜਾ ਕਦੇ ਵੀ ਤੋੜਿਆ ਜਾ ਸਕਦਾ ਹੈ। ਸਿੱਖ ਦਾ ਅਨੰਦ ਕਾਰਜ ਹੁੰਦਾਂ ਹੈ, ਵਿਆਹ ਨਹੀਂ। ਇਸ ਵਿੱਚ ਅਕਾਲ ਪੁਰਖੁ ਪਤੀ ਦਾ ਮਿਲਾਪ ਹੁੰਦਾਂ ਹੈ, ਜਿਸ ਸਦਕਾ ਅਨੰਦ ਦੀ ਅਵਸਥਾ ਪ੍ਰਾਪਤ ਹੁੰਦੀ ਹੈ।

ਮਨੁੱਖ ਦੇ ਅੰਦਰ ਅਨੰਦ ਦੀ ਅਵਸਥਾ, ਭਾਵ ਪੂਰਨ ਖਿੜਾਉ ਤਾਂ ਹੀ ਪੈਦਾ ਹੁੰਦਾਂ ਹੈ, ਜੇ ਕਰ ਗੁਰੂ ਦਾ ਮਿਲਾਪ ਹੋ ਜਾਵੇ। ਗੁਰੂ ਦੇ ਮਿਲਣ ਨਾਲ ਮਨ ਡੋਲਣੋਂ ਹਟ ਜਾਂਦਾ ਹੈ ਤੇ ਮਨੁੱਖ ਨੂੰ ਅਡੋਲ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਗੁਰੂ ਦੇ ਮਿਲਣ ਨਾਲ ਮਨ ਵਿੱਚ ਖ਼ੁਸ਼ੀ ਦੇ ਵਾਜੇ ਵੱਜ ਪੈਂਦੇ ਹਨ। ਇਹ ਸਾਡੇ ਆਮ ਵੇਖਣ ਵਾਲੀ ਢੋਲ ਢਮੱਕੇ ਦੀ ਤਰ੍ਹਾਂ ਕੋਈ ਆਰਜੀ ਖ਼ੁਸ਼ੀ ਨਹੀਂ ਹੁੰਦੀ, ਜਿਹੜੀ ਕਿ ਕੁੱਝ ਸਮੇਂ ਬਾਅਦ ਅਲੋਪ ਹੋ ਜਾਂਦੀ ਹੈ, ਅਨੰਦ ਤਾਂ ਸਦੀਵੀ ਖੇੜੇ ਦੀ ਅਵਸਥਾ ਹੁੰਦੀ ਹੈ, ਜਿਹੜੀ ਸਦਾ ਕਾਇਮ ਰਹਿੰਦੀ ਹੈ। ਅਸੀਂ ਅਕਸਰ ਖ਼ੁਸ਼ੀ ਦੇ ਮੌਕੇ ਤੇ ਰਵਾਇਤੀ ਤੌਰ ਤੇ ਵਾਧਾਈ ਦਿੰਦੇ ਹਾਂ। ਸਾਡੇ ਮਨ ਵਿੱਚ ਭਾਵੇਂ ਕੁੱਝ ਹੋਵੇ ਜਾਂ ਨਾ ਹੋਵੇ, ਪਰ ਸਮਾਜਕ ਰਵਾਇਤ ਕਰਕੇ, ਲੋਕ ਇੱਕ ਦੂਜੇ ਨੂੰ ਕਹਿੰਦੇ ਜਰੂਰ ਹਨ, ਕਿ ਵਾਧਾਈ ਹੋਵੇ। ਪਰ ਕੀ ਸਾਡੇ ਸਿਰਫ ਕਹਿਣ ਨਾਲ ਵਾਧਾਈ ਹੋ ਜਾਂਦੀ ਹੈ? ਜੇ ਕਰ ਕਹਿਣ ਨਾਲ ਹੀ ਸਭ ਕੁੱਝ ਸੰਭਵ ਹੁੰਦਾਂ ਤਾਂ ਲੋਕ ਇਤਨੇ ਦੁਖੀ ਕਿਉਂ ਹਨ? ਹਾਂ ਅਸਲੀ ਵਾਧਾਈ, ਜਾਂ ਚੜ੍ਹਦੀ ਕਲ੍ਹਾ ਤਾਂ ਹੀ ਹੋ ਸਕਦੀ ਹੈ, ਜੇ ਕਰ ਸਤਿਗੁਰੂ ਦਾ ਮਿਲਾਪ ਹੋ ਜਾਵੇ। ਅਜੇਹੀ ਵਾਧਾਈ ਤੇ ਖੇੜਾ ਅੰਦਰੋ, ਮਨ ਵਿਚੋਂ ਆਉਂਦਾ ਹੈ। ਗੁਰੁ ਸਾਹਿਬਾਂ ਨੇ ਗੁਰਬਾਣੀ ਵਿੱਚ ਕਿਤੇ ਨਹੀਂ ਕਿਹਾ ਹੈ ਕਿ ਕੀਰਤਨ ਕਰਨ ਲਈ ਹਾਰਮੋਨੀਅਮ ਜਾਂ ਕਿਸੇ ਸਾਜ਼ ਦਾ ਹੋਣਾ ਜਰੂਰੀ ਹੈ, ਸੋਹਣੇ ਰਾਗ ਤੇ ਰਾਗਣੀਆਂ ਗੁਰੁ ਸਬਦ ਦੁਆਰਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੇ ਗੀਤ ਗਾਉਣ ਨਾਲ ਆਪਣੇ ਆਪ ਆ ਜਾਂਦੇ ਹਨ। ਗੁਰੁ ਸਾਹਿਬ ਸਮਝਾਂਉਂਦੇ ਹਨ, ਕਿ ਤੁਸੀਂ ਵੀ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੇ ਗੀਤ ਗਾਵੋ, ਤਾਂ ਜੋ ਅਕਾਲ ਪੁਰਖੁ ਦੇ ਗੁਣ ਹਿਰਦੇ ਅੰਦਰ ਵਸ ਜਾਣ। ਜਿਨ੍ਹਾਂ ਨੇ ਅਕਾਲ ਪੁਰਖ ਦੀ ਸਿਫ਼ਤਿ ਸਾਲਾਹ ਦਾ ਸਬਦ ਮਨ ਵਿੱਚ ਵਸਾਇਆ ਹੈ, ਉਨ੍ਹਾਂ ਦੇ ਅੰਦਰ ਪੂਰਨ ਖਿੜਾਉ ਪੈਦਾ ਹੋ ਜਾਂਦਾ ਹੈ। ਇਹ ਅੰਦਰੂਨੀ ਆਤਮਕ ਆਨੰਦ ਸਿਰਫ ਸਤਿਗੁਰੂ ਦੇ ਮਿਲਾਪ ਨਾਲ ਹੀ ਪਾਇਆ ਜਾ ਸਕਦਾ ਹੈ।

ਰਾਮਕਲੀ ਮਹਲਾ ੩ ਅਨੰਦੁ॥ ੴ ਸਤਿਗੁਰ ਪ੍ਰਸਾਦਿ॥ ਅਨੰਦੁ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ॥ ਸਤਿਗੁਰੁ ਤ ਪਾਇਆ ਸਹਜ ਸੇਤੀ ਮਨਿ ਵਜੀਆ ਵਾਧਾਈਆ॥ ਰਾਗ ਰਤਨ ਪਰਵਾਰ ਪਰੀਆ ਸਬਦ ਗਾਵਣ ਆਈਆ॥ ਸਬਦੋ ਤ ਗਾਵਹੁ ਹਰੀ ਕੇਰਾ ਮਨਿ ਜਿਨੀ ਵਸਾਇਆ॥ ਕਹੈ ਨਾਨਕੁ ਅਨੰਦੁ ਹੋਆ ਸਤਿਗੁਰੂ ਮੈ ਪਾਇਆ॥ ੧॥ (੯੧੭)

ਸਾਡੀ ਵਾਧਾਈ ਹੁੰਦੀ ਹੈ ਲੱਡੂ ਵੰਡਣ ਸਮੇਂ ਜਾਂ ਕਾਰਡ ਵੰਡਣ ਵੇਲੇ, ਪਾਰਟੀ ਕਰਨ ਸਮੇਂ, ਸ਼ਰਾਬਾਂ ਤੇ ਨਾਚ ਗਾਣਾਂ ਵੇਲੇ ਗੁਰੂ ਸਾਹਿਬ ਦੀ ਵਾਧਾਈ ਸਬਦ ਗੁਰੂ ਨਾਲ ਸਾਂਝ ਸਤਿਗੁਰੂ ਪਾਇਆ ਅਨੰਦੁ ਭਇਆ ਵਾਧਾਈਆ ਮਨਿ ਵਿੱਚ ਅਸਲੀ ਤੇ ਸਦੀਵੀ ਵਾਧਾਈ ਗੁਰੂ ਸਾਹਿਬ ਦੀ ਦਰਸਾਈ ਗਈ ਹੀ ਜੋ ਸਕਦੀ ਹੈ, ਸਾਡੀ ਰਵਾਇਤਾਂ ਵਾਲੀ ਨਹੀਂ।

ਜੇ ਕਰ ਅਸਲੀ ਵਾਧਾਈ ਅਨੰਦ ਦੀ ਅਵਸਥਾ ਹੀ ਹੈ, ਤਾਂ ਇਹ ਜਾਨਣਾਂ ਜਰੂਰੀ ਹੋ ਜਾਂਦਾ ਹੈ, ਕਿ ਇਸ ਦੀ ਪਹਿਚਾਣ ਕੀ ਹੈ? ਆਨੰਦ ਦੀ ਅਵਸਥਾ ਵਿੱਚ ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ, ਸਾਰੀਆਂ ਮਨੋਕਾਮਨਾਂਵਾਂ ਪੂਰੀਆਂ ਹੋ ਜਾਂਦੀਆਂ ਹਨ, ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ। ਅਕਾਲ ਪੁਰਖੁ ਦਾ ਮਿਲਾਪ ਹੋ ਜਾਂਦਾ ਹੈ, ਜਿਸ ਸਦਕਾ ਸਾਰੇ ਚਿੰਤਾ ਤੇ ਫਿਕਰ ਮਨ ਵਿਚੋਂ ਨਿਕਲ ਜਾਂਦੇ ਹਨ। ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੀ ਬਾਣੀ ਸੁਣਨ ਨਾਲ ਸਾਰੇ ਦੁੱਖ, ਰੋਗ ਤੇ ਕਲੇਸ਼ ਖਤਮ ਹੋ ਜਾਂਦੇ ਹਨ। ਬਾਹਰੋ ਭਾਵੇਂ ਕੋਈ ਸਰੀਰ ਨੂੰੇ ਦੁੱਖ ਦੇ ਸਕੇ, ਪਰ ਅੰਦਰੋਂ ਕੋਈ ਵੀ ਦੁੱਖ, ਰੋਗ ਜਾਂ ਕਲੇਸ਼ ਉਸ ਨੂੰ ਤੰਗ ਨਹੀਂ ਕਰ ਸਕਦਾ। ਆਨੰਦ ਦੀ ਇਹ ਅਵਸਥਾ ਸਤਿਗੁਰੂ ਦੀ ਸੱਚੀ ਬਾਣੀ ਤੋਂ ਪ੍ਰਾਪਤ ਹੁੰਦੀ ਹੈ। ਜਿਹੜੇ ਗੁਰਮੁਖਿ ਸਤਿਸੰਗਤ ਵਿੱਚ ਆ ਕੇ ਪੂਰੇ ਗੁਰੂ ਤੋਂ ਸਿਫ਼ਤਿ ਸਾਲਾਹ ਦੀ ਬਾਣੀ ਨਾਲ ਸਾਂਝ ਪਾਉਂਣੀ ਸਿੱਖ ਲੈਂਦੇ ਹਨ, ਉਨ੍ਹਾਂ ਦੇ ਹਿਰਦੇ ਅੰਦਰ ਸਦੀਵੀ ਖੇੜਾ ਆ ਜਾਂਦਾ ਹੈ। ਇਸ ਸੱਚੀ ਬਾਣੀ ਨੂੰ ਉਚਾਰਨ ਵਾਲੇ ਪਵਿਤਰ ਹੋ ਜਾਂਦੇ ਹਨ, ਤੇ ਸਭ ਸੁਣਨ ਵਾਲੇ ਪੁਨੀਤ ਹੋ ਜਾਂਦੇ ਹਨ, ਉਨ੍ਹਾਂ ਦੇ ਜੀਵਨ ਉੱਚੇ ਹੋ ਜਾਂਦੇ ਹਨ, ਕਿਉਂਕਿ ਇਸ ਬਾਣੀ ਵਿੱਚ ਉਨ੍ਹਾਂ ਨੂੰ ਸਤਿਗੁਰੂ ਸਮਾਇਆ ਹੋਇਆ ਦਿਖਾਈ ਦਿੰਦਾ ਹੈ। ਜਿਹੜੇ ਮਨੁੱਖ ਗੁਰੂ ਦੀ ਚਰਨੀਂ ਲੱਗਦੇ ਹਨ, ਉਨ੍ਹਾਂ ਨੂੰ ਗੁਰਬਾਣੀ ਵਿੱਚ ਸਤਿਗੁਰੂ ਪਰਤੱਖ ਰੂਪ ਵਿੱਚ ਦਿਖਾਈ ਦਿੰਦਾ ਹੈ, ਉਨ੍ਹਾਂ ਦੇ ਅੰਦਰ ਇੱਕ ਰਸ ਲਗਾਤਾਰ ਕਾਇਮ ਰਹਿੰਣ ਵਾਲੇ ਖ਼ੁਸ਼ੀ ਦੇ ਵਾਜੇ ਵੱਜ ਪੈਂਦੇ ਹਨ, ਤੇ ਉਨ੍ਹਾਂ ਦੇ ਮਨ ਅੰਦਰ ਹਮੇਸ਼ਾਂ ਆਤਮਕ ਆਨੰਦ ਬਣਿਆ ਰਹਿੰਦਾ ਹੈ।

ਅਨਦੁ ਸੁਣਹੁ ਵਡਭਾਗੀਹੋ ਸਗਲ ਮਨੋਰਥ ਪੂਰੇ॥ ਪਾਰਬ੍ਰਹਮੁ ਪ੍ਰਭੁ ਪਾਇਆ ਉਤਰੇ ਸਗਲ ਵਿਸੂਰੇ॥ ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ॥ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ॥ ਸੁਣਤੇ ਪੁਨੀਤ ਕਹਤੇ ਪਵਿਤੁ ਸਤਿਗੁਰੁ ਰਹਿਆ ਭਰਪੂਰੇ॥ ਬਿਨਵੰਤਿ ਨਾਨਕੁ ਗੁਰ ਚਰਣ ਲਾਗੇ ਵਾਜੇ ਅਨਹਦ ਤੂਰੇ॥ ੪੦॥ ੧॥ (੯੨੨)

ਹੋਰਨਾਂ ਧਰਮਾਂ ਦੀ ਰੀਸ ਕਰਕੇ, ਤੇ ਗੁਰਬਾਣੀ ਦੇ ਪੂਰੇ ਸਬਦ ਨੂੰ ਧਿਆਨ ਨਾਲ ਨਾ ਪੜ੍ਹਨ ਕਰਕੇ, ਲੋਕਾਂ ਨੇ ਗੁਰੂ ਗਰੰਥ ਸਾਹਿਬ ਦੇ ਸਬਦਾਂ ਨੂੰ ਤੋੜ ਮਰੋੜ ਕੇ ਆਪਣੀਆਂ ਰਵਾਇਤਾਂ ਨੂੰ ਸਹੀ ਸਾਬਤ ਕਰਨ ਲਈ ਵਰਤਣਾ ਸ਼ੁਰੂ ਕਰ ਦਿੱਤਾ ਹੈ। ਲੋਕਾਂ ਨੇ ਹੇਠ ਲਿਖੇ ਸਬਦ ਨੂੰ ਬਰਾਤ ਦੇ ਸਵਾਗਤ ਸਮੇਂ ਵਰਤਣਾਂ ਆਰੰਭ ਕਰ ਦਿੱਤਾ ਹੈ, ਜਦ ਕਿ ਇਸ ਸਬਦ ਦਾ ਬਰਾਤ ਦੇ ਸਵਾਗਤ ਨਾਲ ਕੋਈ ਸਬੰਧ ਨਹੀਂ ਹੈ। ਇਸ ਸਬਦ ਦਾ ਸਬੰਧ ਅਕਾਲ ਪੁਰਖੁ ਨਾਲ ਹੈ, ਨਾ ਕਿ ਮੁੰਡੇ ਵਾਲਿਆਂ ਦੀ ਬਰਾਤ ਦੇ ਸਵਾਗਤ ਨਾਲ ਹੈ।

ਰਾਗੁ ਸੂਹੀ ਮਹਲਾ ੧ ਛੰਤੁ ਘਰੁ ੨॥ ੴ ਸਤਿਗੁਰ ਪ੍ਰਸਾਦਿ॥ ਹਮ ਘਰਿ ਸਾਜਨ ਆਏ॥ ਸਾਚੈ ਮੇਲਿ ਮਿਲਾਏ॥ ਸਹਜਿ ਮਿਲਾਏ ਹਰਿ ਮਨਿ ਭਾਏ ਪੰਚ ਮਿਲੇ ਸੁਖੁ ਪਾਇਆ॥ ਸਾਈ ਵਸਤੁ ਪਰਾਪਤਿ ਹੋਈ ਜਿਸੁ ਸੇਤੀ ਮਨੁ ਲਾਇਆ॥ ਅਨਦਿਨੁ ਮੇਲੁ ਭਇਆ ਮਨੁ ਮਾਨਿਆ ਘਰ ਮੰਦਰ ਸੋਹਾਏ॥ ਪੰਚ ਸਬਦ ਧੁਨਿ ਅਨਹਦ ਵਾਜੇ ਹਮ ਘਰਿ ਸਾਜਨ ਆਏ॥ ੧॥ (੭੬੪)

ਗੁਰੂ ਸਾਹਿਬ ਸਾਨੂੰ ਇਸ ਸਬਦ ਵਿੱਚ ਸਮਝਾ ਰਹੇ ਹਨ, ਕਿ ਅਕਾਲ ਪੁਰਖੁ, ਜੋ ਕਿ ਮੇਰੇ ਮਿੱਤਰ ਦੀ ਤਰ੍ਹਾਂ ਹਨ, ਉਹ ਮੇਰੇ ਹਿਰਦੇ ਘਰ ਵਿੱਚ ਆ ਕੇ ਵਸ ਗਏ ਹਨ। ਸਦਾ ਕਾਇਮ ਰਹਿੰਣ ਵਾਲੇ ਅਕਾਲ ਪੁਰਖੁ ਨੇ ਮੈਨੂੰ ਆਪਣੇ ਨਾਲ ਮਿਲਾ ਲਿਆ ਹੈ, ਆਪਣੇ ਚਰਨਾਂ ਵਿੱਚ ਸਥਾਨ ਦੇ ਦਿੱਤਾ ਹੈ। ਅਕਾਲ ਪੁਰਖੁ ਨੇ ਮੈਨੂੰ ਆਤਮਕ ਅਡੋਲਤਾ ਵਿੱਚ ਟਿਕਾ ਦਿੱਤਾ ਹੈ, ਹੁਣ ਉਹ ਅਕਾਲ ਪੁਰਖੁ ਮੇਰੇ ਮਨ ਨੂੰ ਪਿਆਰਾ ਲੱਗਦਾ ਹੈ। ਮੇਰੇ ਪੰਜੇ ਗਿਆਨ-ਇੰਦ੍ਰੇ ਅੱਖਾਂ, ਕੰਨ, ਨੱਕ, ਜਬਾਨ, ਚਮੜੀ, ਆਪੋ ਆਪਣੇ ਵਿਸ਼ੇ ਵਿਕਾਰਾਂ ਵਲ ਦੌੜਨ ਦੀ ਬਜਾਏ, ਅਕਾਲ ਪੁਰਖ ਦੇ ਹੁਕਮੁ ਤੇ ਰਜ਼ਾ ਅਨੁਸਾਰ ਚਲਣ ਲਗ ਪਏ ਹਨ, ਜਿਸ ਸਦਕਾ ਹੁਣ ਮੈਨੂੰ ਆਤਮਕ ਆਨੰਦ ਪ੍ਰਾਪਤ ਹੋ ਗਿਆ ਹੈ। ਜਿਸ ਨਾਮੁ ਰੂਪੀ ਵਸਤੂ ਦੀ ਮੇਰੇ ਮਨ ਅੰਦਰ ਇਛਾ ਸੀ, ਉਹ ਹੁਣ ਮੈਨੂੰ ਮਿਲ ਗਈ ਹੈ। ਹੁਣ ਹਰ ਵੇਲੇ ਅਕਾਲ ਪੁਰਖੁ ਦੇ ਨਾਮੁ ਨਾਲ ਮੇਰਾ ਮਿਲਾਪ ਬਣਿਆ ਰਹਿੰਦਾ ਹੈ, ਮੇਰੇ ਮਨ ਨੂੰ ਹੁਣ ਸਮਝ ਆ ਗਈ ਹੈ ਤੇ ਅਕਾਲ ਪੁਰਖ ਦੇ ਹੁਕਮੁ ਅਨੁਸਾਰ ਚਲਣ ਲਈ ਤਿਆਰ ਹੋ ਗਿਆ ਹੈ, ਜਿਸ ਸਦਕਾ ਮੇਰਾ ਹਿਰਦਾ ਤੇ ਮੇਰੀਆਂ ਪੰਜੇ ਗਿਆਨ ਇੰਦ੍ਰੀਆਂ ਸੁਹਾਵਣੀਆਂ ਬਣ ਗਈਆਂ ਹਨ ਤੇ ਹੁਣ ਮੇਰੇ ਅੰਦਰ ਅਨੰਦ ਬਣ ਗਿਆ ਹੈ। ਪੰਜ ਕਿਸਮਾਂ ਦੇ ਦੁਨਿਆਵੀ ਸਾਜਾ (ਤਾਰ, ਚਮੜਾ, ਧਾਤ, ਘੜਾ, ਫੂਕ) ਨਾਲ ਤਾਂ ਕੰਨਾਂ ਦਾ ਰਸ ਮਿਲਦਾ ਹੈ, ਪਰ ਸਤਿਗੁਰ ਦੇ ਸਬਦ ਦਾ ਹਿਰਦੇ ਵਿੱਚ ਨਿਵਾਸ ਹੋਣ ਨਾਲ, ਸਭ ਕਿਸਮਾਂ ਦੇ ਸਾਜ਼ਾਂ ਦਾ ਅਨਹਦ ਨਾਦ ਲਗਾਤਾਰ ਮਿਲਵੀਂ ਸੁਰ ਵਿੱਚ ਅੰਦਰੋਂ ਆਪਣੇ ਆਪ ਵੱਜਣ ਲਗ ਪੈਂਦਾ ਹੈ, ਜੋ ਕਿ ਬਿਆਨ ਨਹੀਂ ਕੀਤਾ ਜਾ ਸਕਦਾ।

ਗੁਰਬਾਣੀ ਦਾ ਇਹ ਸਬਦ ਤਾਂ ਸਾਨੂੰ ਸਮਝਾ ਰਿਹਾ ਹੈ ਕਿ ਸਾਨੂੰ ਆਪਣੇ ਸਰੀਰ ਨੂੰ ਵਿਕਾਰਾਂ ਤੋਂ ਰੋਕਣਾਂ ਹੈ, ਪੰਜੇ ਗਿਆਨ ਇੰਦ੍ਰੀਆਂ ਨੂੰ ਆਪੋ ਆਪਣੇ ਵਿਸ਼ੇ ਵਿਕਾਰਾਂ ਵਲ ਦੌੜਨ ਦੀ ਬਜਾਏ, ਅਕਾਲ ਪੁਰਖ ਦੇ ਹੁਕਮੁ ਤੇ ਰਜ਼ਾ ਅਨੁਸਾਰ ਤੋਰਨਾ ਹੈ, ਪਰ ਅਸੀਂ ਆਪਣੀਆਂ ਰਵਾਇਤਾਂ ਨੂੰ ਸਹੀ ਸਾਬਤ ਕਰਨ ਲਈ ਵਰਤਣਾਂ ਸ਼ੁਰੂ ਕਰ ਦਿੱਤਾ। ਆਪਣੇ ਸਰੀਰ ਨੂੰ ਪੁਛਣਾਂ ਹੈ ਕਿ ਤੂੰ ਤਾਂ ਦੁਨੀਆ ਦੇ ਮਾਇਕ ਪਦਾਰਥਾਂ ਵਿਚੋਂ ਅਨੰਦ ਭਾਲਦਾ ਹੈਂ, ਪਰ ਅਨੰਦ ਦਾ ਸੋਮਾ ਤਾਂ ਅਕਾਲ ਪੁਰਖੁ ਆਪ ਹੀ ਹੈ, ਜਿਹੜਾ ਤੇਰੇ ਅੰਦਰ ਵੱਸ ਰਿਹਾ ਹੈ। ਜਦੋਂ ਅਕਾਲ ਪੁਰਖੁ ਨੇ ਆਪਣੀ ਜੋਤਿ ਤੇਰੇ ਅੰਦਰ ਰੱਖੀ, ਤਾਂ ਹੀ ਤੂੰ ਇਸ ਜਗਤ ਵਿੱਚ ਆਇਆ। ਇਹ ਧਿਆਨ ਵਿੱਚ ਰੱਖ ਕਿ ਤੇਰਾ ਵਜੂਦ ਸਿਰਫ ਤੇਰੇ ਅੰਦਰ ਰਖੀ ਜੋਤਿ ਕਰਕੇ ਹੈ, ਜਿਸ ਸਦਕਾ ਤੂੰ ਇਸ ਜਗਤ ਵਿੱਚ ਜਨਮ ਲੈ ਸਕਿਆ। ਅਸਲ ਵਿੱਚ ਉਹ ਅਕਾਲ ਪੁਰਖੁ ਆਪ ਹੀ ਜੀਵ ਦਾ ਮਾਂ ਹੈ, ਆਪ ਹੀ ਪਿਤਾ ਹੈ, ਜਿਸ ਨੇ ਜੀਵ ਨੂੰ ਪੈਦਾ ਕਰਕੇ ਇਸ ਜਗਤ ਵਿੱਚ ਭੇਜਿਆ। ਅਕਾਲ ਪੁਰਖੁ ਆਪ ਹੀ ਮਾਪਿਆਂ ਵਾਂਗ ਜੀਵ ਨੂੰ ਪਾਲਦਾ ਹੈ, ਹਰ ਤਰ੍ਹਾਂ ਦੇ ਸੁਖ ਦਿੰਦਾ ਹੈ, ਪਦਾਰਥ ਦਿੰਦਾ ਹੈ, ਉਹ ਹੀ ਸਾਰਿਆਂ ਦਾ ਅੰਨ ਦਾਤਾ ਹੈ। ਪਰ ਅਫਸੋਸ ਕਿ ਜੀਵ ਜਗਤ ਵਿੱਚ ਆ ਕੇ ਦੁਨੀਆ ਦੇ ਮਾਇਕ ਪਦਾਰਥਾਂ ਵਿਚੋਂ ਸੁਖ ਲੱਭਦਾ ਹੈ। ਜਦੋਂ ਗੁਰੂ ਦੀ ਮੇਹਰ ਸਦਕਾ ਜੀਵ ਨੂੰ ਗਿਆਨ ਹੁੰਦਾ ਹੈ, ਤਾਂ ਇਸ ਨੂੰ ਸਮਝ ਆਉਂਦੀ ਹੈ, ਕਿ ਇਹ ਜਗਤ ਤਾਂ ਇੱਕ ਖੇਡ ਹੈ। ਫਿਰ ਜੀਵ ਨੂੰ ਇਹ ਜਗਤ ਮਦਾਰੀ ਦਾ ਇੱਕ ਤਮਾਸ਼ਾ ਦਿੱਸਣ ਲਗ ਪੈਂਦਾ ਹੈ, ਤੇ ਸਮਝ ਆ ਜਾਂਦੀ ਹੈ, ਕਿ ਇਨ੍ਹਾਂ ਸੰਸਾਰਕ ਪਦਾਰਥਾਂ ਵਿੱਚ ਸਦੀਵੀ ਅਨੰਦ ਨਹੀਂ ਮਿਲ ਸਕਦਾ ਹੈ। ਗੁਰੂ ਸਾਹਿਬ ਸਮਝਾਂਉਂਦੇ ਹਨ, ਕਿ ਜਦੋਂ ਅਕਾਲ ਪੁਰਖੁ ਨੇ ਇਸ ਜਗਤ ਦੀ ਰਚਨਾ ਆਰੰਭ ਕੀਤੀ, ਤੇਰੇ ਅੰਦਰ ਆਪਣੀ ਜੋਤਿ ਟਿਕਾਈ, ਤਾਂ ਤੂੰ ਜਗਤ ਵਿੱਚ ਜਨਮ ਲੈ ਸਕਿਆ।

ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ ਤਾ ਤੂ ਜਗ ਮਹਿ ਆਇਆ॥ ਹਰਿ ਜੋਤਿ ਰਖੀ ਤੁਧੁ ਵਿਚਿ ਤਾ ਤੂ ਜਗ ਮਹਿ ਆਇਆ॥ ਹਰਿ ਆਪੇ ਮਾਤਾ ਆਪੇ ਪਿਤਾ ਜਿਨਿ ਜੀਉ ਉਪਾਇ ਜਗਤੁ ਦਿਖਾਇਆ॥ ਗੁਰ ਪਰਸਾਦੀ ਬੁਝਿਆ ਤਾ ਚਲਤੁ ਹੋਆ ਚਲਤੁ ਨਦਰੀ ਆਇਆ॥ ਕਹੈ ਨਾਨਕੁ ਸ੍ਰਿਸਟਿ ਕਾ ਮੂਲੁ ਰਚਿਆ ਜੋਤਿ ਰਾਖੀ ਤਾ ਤੂ ਜਗ ਮਹਿ ਆਇਆ॥ ੩੩॥ (੯੨੧)

ਅੱਜਕਲ ਜੋ ਸਾਡੀ ਬੁਰੀ ਹਾਲਤ ਹੈ, ਉਸ ਦਾ ਕਾਰਨ ਇਹ ਹੈ, ਕਿ ਅਸੀਂ ਅਕਿਰਤਘਣ ਹੋ ਗਏ ਹਾਂ, ਗੁਰੂ ਸਾਹਿਬਾਂ ਦੇ ਉਪਦੇਸ਼ਾਂ ਨੂੰ ਭੁਲ ਗਏ ਹਾਂ, ਗੁਰਬਾਣੀ ਦੀ ਕਦਰ ਨਹੀਂ ਕਰਦੇ। ਗੁਰੂ ਸਾਹਿਬ ਸਾਨੂੰ ਸਮਝਾ ਰਹੇ ਹਨ, ਕਿ ਆਪਣੇ ਇਸ ਸਰੀਰ ਨੂੰ ਪੁਛੀਏ ਕਿ ਤੂੰ ਇਸ ਸੰਸਾਰ ਵਿੱਚ ਆ ਕੇ ਕਿਹੜਾ ਚੰਗਾ ਕੰਮ ਕੀਤਾ ਹੈ। ਤੂੰ ਇਸ ਜਗਤ ਵਿੱਚ ਜਨਮ ਲੈਣ ਤੋਂ ਹੁਣ ਤੱਕ, ਕਿਹੜੇ ਕਿਹੜੇ ਕਰਮ ਕਰਦਾ ਰਿਹਾ ਹੈ? ਤੂੰ ਅਕਾਲ ਪੁਰਖੁ ਨੂੰ ਯਾਦ ਕਰਨ ਤੋਂ ਬਿਨਾ ਹੋਰ ਕਰਮ ਹੀ ਕਰਦਾ ਰਿਹਾ। ਜਿਸ ਅਕਾਲ ਪੁਰਖੁ ਨੇ ਤੈਨੂੰ ਪੈਦਾ ਕੀਤਾ ਹੈ, ਉਸ ਨੂੰ ਤੂੰ ਆਪਣੇ ਮਨ ਵਿੱਚ ਨਹੀਂ ਵਸਾਇਆ, ਉਸ ਦੀ ਯਾਦ ਵਿੱਚ ਆਪਣੇ ਚਿਤ ਨੂੰ ਨਹੀਂ ਜੋੜਿਆ। ਗੁਰੂ ਦੀ ਕਿਰਪਾ ਨਾਲ, ਉਸ ਮਨੁੱਖ ਦੇ ਮਨ ਵਿੱਚ ਅਕਾਲ ਪੁਰਖੁ ਵੱਸਦਾ ਹੈ, ਜਿਸ ਮਨੁੱਖ ਨੇ ਪੂਰਬਲੇ ਕਰਮ ਚੰਗੇ ਕੀਤੇ ਹੋਣ। ਇਸ ਲਈ ਗੁਰੂ ਦੀ ਕਿਰਪਾ ਲੈਂਣ ਲਈ ਸਾਨੂੰ ਆਪਣੇ ਕਰਮ ਠੀਕ ਕਰਨ ਦੀ ਲੋੜ ਹੈ। ਸਿਰਫ ਉਸ ਮਨੁੱਖ ਦਾ ਇਹ ਸਰੀਰ ਪਰਵਾਣ ਹੁੰਦਾ ਹੈ, ਤੇ ਇਹ ਮਨੁੱਖਾ ਜੀਵਨ ਸਫਲ ਹੁੰਦਾ ਹੈ, ਜਿਹੜਾ ਸਤਿਗੁਰ ਦੀ ਸੱਚੀ ਬਾਣੀ ਵਿੱਚ ਆਪਣਾ ਚਿੱਤ ਜੋੜ ਲੈਂਦਾ ਹੈ।

ਏ ਸਰੀਰਾ ਮੇਰਿਆ ਇਸੁ ਜਗ ਮਹਿ ਆਇ ਕੈ ਕਿਆ ਤੁਧੁ ਕਰਮ ਕਮਾਇਆ॥ ਕਿ ਕਰਮ ਕਮਾਇਆ ਤੁਧੁ ਸਰੀਰਾ ਜਾ ਤੂ ਜਗ ਮਹਿ ਆਇਆ॥ ਜਿਨਿ ਹਰਿ ਤੇਰਾ ਰਚਨੁ ਰਚਿਆ ਸੋ ਹਰਿ ਮਨਿ ਨ ਵਸਾਇਆ॥ ਗੁਰ ਪਰਸਾਦੀ ਹਰਿ ਮੰਨਿ ਵਸਿਆ ਪੂਰਬਿ ਲਿਖਿਆ ਪਾਇਆ॥ ਕਹੈ ਨਾਨਕੁ ਏਹੁ ਸਰੀਰੁ ਪਰਵਾਣੁ ਹੋਆ ਜਿਨਿ ਸਤਿਗੁਰ ਸਿਉ ਚਿਤੁ ਲਾਇਆ॥ ੩੫॥ (੯੨੨)

ਪੂਰੀ ਮਸ਼ੀਨ ਤਾਂ ਠੀਕ ਹੁੰਦੀ ਹੈ, ਜੇ ਕਰ ਸਾਰੇ ਪੁਰਜ਼ੇ ਬਰਾਬਰ ਕੰਮ ਕਰਨ। ਇਸ ਲਈ ਸਾਨੂੰ ਵੀ ਆਪਣੇ ਸਰੀਰ ਦੇ ਸਾਰੇ ਅੰਗ ਸਹੀ ਦਿਸ਼ਾ ਵਲ ਤੋਰਨੇ ਹਨ। ਸੱਭ ਤੋਂ ਪਹਿਲਾਂ ਆਪਣੀਆਂ ਅੱਖਾਂ ਨੂੰ ਪੁਛਣਾਂ ਹੈ, ਜਿਨ੍ਹਾਂ ਨਾਲ ਅਸੀਂ ਇਸ ਸੰਸਾਰ ਨੂੰ ਵੇਖਦੇ ਹਾਂ। ਹੇ ਮੇਰੀਓ ਅੱਖੋ! ਅਕਾਲ ਪੁਰਖੁ ਨੇ ਤੁਹਾਡੇ ਅੰਦਰ ਆਪਣੀ ਜੋਤਿ ਟਿਕਾਈ ਹੈ, ਤਾਂ ਹੀ ਤੁਸੀਂ ਵੇਖਣ ਜੋਗੀਆਂ ਹੋਈਆਂ। ਇਸ ਲਈ ਜਿੱਧਰ ਵੀ ਵੇਖੋ, ਉਸ ਅਕਾਲ ਪੁਰਖੁ ਦਾ ਹੀ ਦੀਦਾਰ ਕਰੋ, ਤੁਹਾਨੂੰ ਅਕਾਲ ਪੁਰਖੁ ਤੋਂ ਬਿਨਾ ਹੋਰ ਕੋਈ ਵੀ ਗ਼ੈਰ ਨਾ ਦਿੱਸੇ, ਆਪਣੀਆਂ ਅੱਖਾਂ ਨਾਲ ਹਰੇਕ ਦੇ ਅੰਦਰ, ਉਸ ਅਕਾਲ ਪੁਰਖੁ ਨੂੰ ਵਸਦਾ ਵੇਖੋ। ਇਹ ਸਾਰਾ ਸੰਸਾਰ ਜੋ ਤੁਸੀ ਵੇਖ ਰਹੀਆਂ ਹੋ, ਇਹ ਅਕਾਲ ਪੁਰਖੁ ਦਾ ਹੀ ਰੂਪ ਹੈ, ਤੇ ਸਭ ਪਾਸੇ ਅਕਾਲ ਪੁਰਖੁ ਦਾ ਰੂਪ ਦਿੱਸ ਰਿਹਾ ਹੈ। ਗੁਰੂ ਦੀ ਕਿਰਪਾ ਨਾਲ ਮੈਨੂੰ ਸਮਝ ਪੈ ਗਈ ਹੈ, ਤੇ ਹੁਣ ਮੈਂ ਜਦੋਂ ਸਾਰੇ ਪਾਸੇ ਦੇਖਦਾ ਹਾਂ, ਤਾਂ ਹਰੇਕ ਵਿੱਚ ਅਕਾਲ ਪੁਰਖੁ ਹੀ ਵਿਆਪਕ ਦਿਖਾਈ ਦਿੰਦਾ ਹੈ, ਤੇ ਉਸ ਇੱਕ ਤੋਂ ਬਿਨਾ ਹੋਰ ਕੁੱਝ ਵੀ ਨਹੀਂ। ਗੁਰੂ ਨੂੰ ਮਿਲਣ ਤੋਂ ਪਹਿਲਾਂ ਇਹ ਅੱਖੀਆਂ ਅਸਲ ਵਿੱਚ ਅਗਿਆਨਤਾ ਕਰਕੇ ਅੰਨ੍ਹੀਆਂ ਸਨ, ਹੁਣ ਜਦੋਂ ਸਤਿਗੁਰੂ ਮਿਲਿਆ, ਤਾਂ ਇਨ੍ਹਾਂ ਵਿੱਚ ਗਿਆਨ ਦੀ ਰੌਸ਼ਨੀ ਆ ਗਈ ਹੈ, ਜਿਸ ਸਦਕਾ ਇਨ੍ਹਾਂ ਨੂੰ ਹਰ ਥਾਂ ਅਕਾਲ ਪੁਰਖੁ ਦਿਖਾਈ ਦੇਣ ਲੱਗ ਪਿਆ ਹੈ।

ਏ ਨੇਤ੍ਰਹੁ ਮੇਰਿਹੋ ਹਰਿ ਤੁਮ ਮਹਿ ਜੋਤਿ ਧਰੀ ਹਰਿ ਬਿਨੁ ਅਵਰੁ ਨ ਦੇਖਹੁ ਕੋਈ॥ ਹਰਿ ਬਿਨੁ ਅਵਰੁ ਨ ਦੇਖਹੁ ਕੋਈ ਨਦਰੀ ਹਰਿ ਨਿਹਾਲਿਆ॥ ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ ਹਰਿ ਰੂਪੁ ਨਦਰੀ ਆਇਆ॥ ਗੁਰ ਪਰਸਾਦੀ ਬੁਝਿਆ ਜਾ ਵੇਖਾ ਹਰਿ ਇਕੁ ਹੈ ਹਰਿ ਬਿਨੁ ਅਵਰੁ ਨ ਕੋਈ॥ ਕਹੈ ਨਾਨਕੁ ਏਹਿ ਨੇਤ੍ਰ ਅੰਧ ਸੇ ਸਤਿਗੁਰਿ ਮਿਲਿਐ ਦਿਬ ਦ੍ਰਿਸਟਿ ਹੋਈ॥ ੩੬॥ (੯੨੨)

ਮਨੁੱਖ ਦੇ ਕੰਨਾਂ ਨੂੰ ਨਿੰਦਾ ਚੁਗ਼ਲੀ ਸੁਣਨ ਦਾ ਬਹੁਤ ਚਸਕਾ ਹੁੰਦਾ ਹੈ, ਜਿਸ ਕਰਕੇ ਹਿਰਦੇ ਵਿੱਚ ਆਤਮਕ ਆਨੰਦ ਪੈਦਾ ਨਹੀਂ ਹੁੰਦਾ। ਅੱਜਕਲ ਘਰਾਂ ਵਿੱਚ ਆਪਸੀ ਝਗੜੇ, ਜਿਆਦਾ ਤਰ ਆਪਣੇ ਪੇਕੇ ਘਰ ਜਾਂ ਸਹੁਰਾ ਘਰ ਦੀਆਂ ਚੁਗਲੀਆਂ ਕਰਨ ਨਾਲ ਹੀ ਆਰੰਭ ਹੁੰਦੇ ਹਨ, ਜਾਂ ਦਾਜ ਸਬੰਧੀ ਗੱਲਾਂ ਬਣਾਉਂਣ ਨਾਲ ਹੁੰਦੇ ਹਨ, ਜੋ ਕਿ ਸਮਾਂ ਪਾ ਕੇ ਬਿਖੇੜੇ ਦਾ ਕਾਰਨ ਬਣ ਜਾਂਦੇ ਹਨ। ਆਪਣੇ ਕੰਨਾਂ ਨੂੰ ਸਮਝਾਂਉਣਾਂ ਹੈ ਕਿ ਸੱਚੇ ਅਕਾਲ ਪੁਰਖੁ ਨੇ ਤੁਹਾਨੂੰ ਸੱਚੀ ਬਾਣੀ ਸੁਣਨ ਵਾਸਤੇ ਇਸ ਸਰੀਰ ਨਾਲ ਲਗਾਇਆ ਹੈ, ਇਸ ਲਈ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੀ ਸੱਚੀ ਬਾਣੀ ਸੁਣਿਆ ਕਰੋ। ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੀ ਸੱਚੀ ਬਾਣੀ ਸੁਣਨ ਨਾਲ ਮਨ ਤੇ ਤਨ ਹਰਿਆ ਹੋ ਜਾਂਦਾ ਹੈ, ਭਾਵ ਅੰਦਰੂਨੀ ਖੁਸ਼ੀ ਮਿਲਦੀ ਹੈ, ਜੀਭ ਵਿੱਚ ਅਸਲੀ ਸਵਾਦ ਪੈਦਾ ਹੁੰਦਾ ਹੈ, ਆਨੰਦ ਦੀ ਅਵਸਥਾ ਬਣ ਜਾਂਦੀ ਹੈ। ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖੁ ਦਾ ਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਉਸ ਦੀ ਅਵਸਥਾ ਦੱਸੀ ਨਹੀਂ ਜਾ ਸਕਦੀ, ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਕਿਹੋ ਜਿਹਾ ਹੈ। ਪਰ ਗੁਰਬਾਣੀ ਦੁਆਰਾ ਸਿਖਿਆ ਲੈ ਕੇ ਉਸ ਅਕਾਲ ਪੁਰਖੁ ਦੇ ਗੁਣ ਸਮਝੇ ਤੇ ਵੀਚਾਰੇ ਜਾ ਸਕਦੇ ਹਨ। ਉਸ ਦੇ ਗੁਣ ਵੀਚਾਰਨ ਨਾਲ ਇਹ ਲਾਭ ਹੁੰਦਾ ਹੈ ਕਿ ਮਨੁੱਖ ਅੰਦਰ ਉਸ ਦੇ ਗੁਣ ਆਉਂਣੇ ਸ਼ੁਰੂ ਹੋ ਜਾਂਦੇ ਹਨ, ਜਿਸ ਸਦਕਾ ਮਨੁੱਖ ਨੂੰ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ। ਇਸ ਲਈ ਆਪਣੇ ਕੰਨਾਂ ਨੂੰ ਸਮਝਾਂਉਣਾ ਹੈ ਕਿ ਆਤਮਕ ਆਨੰਦ ਦੇਣ ਵਾਲਾ ਅੰਮ੍ਰਿਤ ਨਾਮੁ ਸੁਣਿਆ ਕਰੋ, ਤੁਸੀ ਪਵਿਤ੍ਰ ਹੋ ਜਾਵੋਗੇ, ਅਕਾਲ ਪੁਰਖੁ ਨੇ ਤੁਹਾਨੂੰ ਸੱਚੀ ਬਾਣੀ ਸੁਣਨ ਵਾਸਤੇ ਭੇਜਿਆ ਹੈ।

ਏ ਸ੍ਰਵਣਹੁ ਮੇਰਿਹੋ ਸਾਚੈ ਸੁਨਣੈ ਨੋ ਪਠਾਏ॥ ਸਾਚੈ ਸੁਨਣੈ ਨੋ ਪਠਾਏ ਸਰੀਰਿ ਲਾਏ ਸੁਣਹੁ ਸਤਿ ਬਾਣੀ॥ ਜਿਤੁ ਸੁਣੀ ਮਨੁ ਤਨੁ ਹਰਿਆ ਹੋਆ ਰਸਨਾ ਰਸਿ ਸਮਾਣੀ॥ ਸਚੁ ਅਲਖ ਵਿਡਾਣੀ ਤਾ ਕੀ ਗਤਿ ਕਹੀ ਨ ਜਾਏ॥ ਕਹੈ ਨਾਨਕੁ ਅੰਮ੍ਰਿਤ ਨਾਮੁ ਸੁਣਹੁ ਪਵਿਤ੍ਰ ਹੋਵਹੁ ਸਾਚੈ ਸੁਨਣੈ ਨੋ ਪਠਾਏ॥ ੩੭॥ (੯੨੨)

ਮਨੁੱਖ ਦੀ ਜੀਭ ਨੂੰ ਕਈ ਤਰ੍ਹਾਂ ਦੇ ਖਾਣੇ ਖਾਣ ਦਾ ਚਸਕਾ ਹੁੰਦਾਂ ਹੈ। ਘਰਾਂ ਵਿੱਚ ਦਾਲ ਸਬਜੀ ਪਸੰਦ ਦੀ ਨਾ ਬਣਾਉਂਣ ਕਰਕੇ ਝਗੜੇ ਹੋ ਜਾਂਦੇ ਹਨ। ਬਾਹਰ ਜਾ ਕੇ ਖਾਣ ਦੇ ਚਸਕੇ ਨਾਲ ਖਰਚੇ ਵਿੱਚ ਵਾਧਾ ਤਾਂ ਹੁੰਦਾ ਹੀ ਹੈ, ਪਰ ਨਾਲ ਨਾਲ ਬੀਮਾਰੀਆਂ ਵੀ ਮਨੁੱਖ ਨੂੰ ਆ ਫੜਦੀਆਂ ਹਨ। ਇਸ ਲਈ ਆਪਣੀ ਜੀਭ ਨੂੰ ਸਮਝਾਂਉਂਣਾਂ ਹੈ ਕਿ ਤੂੰ ਹੋਰ ਹੋਰ ਸੁਆਦਾਂ ਵਿੱਚ ਮਸਤ ਹੋ ਰਹੀ ਹੈ, ਪਰ ਇਸ ਤਰ੍ਹਾਂ ਕਰਨ ਨਾਲ ਤੇਰਾ ਸੁਆਦਾਂ ਦਾ ਚਸਕਾ ਦੂਰ ਨਹੀਂ ਹੋ ਸਕਦਾ। ਆਪਣੀ ਜੀਭ ਨੂੰ ਸਮਝਾਂਉਂਣਾਂ ਹੈ ਕਿ, ਜਿਤਨੀ ਦੇਰ ਤਕ ਤੂੰ ਅਕਾਲ ਪੁਰਖੁ ਦੀ ਯਾਦ ਨੂੰ ਮਨ ਵਿੱਚ ਵਸਾ ਨਹੀਂ ਲੈਂਦੀ, ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਨਾਮੁ ਦਾ ਰਸ ਪ੍ਰਾਪਤ ਨਹੀਂ ਕਰਦੀ, ਉਤਨੀ ਦੇਰ ਤਕ ਕਿਸੇ ਹੋਰ ਤਰੀਕੇ ਨਾਲ ਜਾਂ ਕਿਸੇ ਹੋਰ ਥਾਂ ਤੋਂ, ਇਹ ਦੁਨਿਆਵੀ ਸੁਆਦਾਂ ਦਾ ਚਸਕਾ ਨਹੀਂ ਮਿਟ ਸਕਦਾ। ਜਿਸ ਮਨੁੱਖ ਨੂੰ ਅਕਾਲ ਪੁਰਖੁ ਦੇ ਨਾਮੁ ਦਾ ਆਨੰਦ ਮਿਲ ਜਾਵੇ, ਜੋ ਮਨੁੱਖ ਉਸ ਦੀ ਯਾਦ ਵਿੱਚ ਜੁੜ ਜਾਏ, ਉਸ ਨੂੰ ਮਾਇਆ ਦੀ ਤ੍ਰਿਸ਼ਨਾ ਨਹੀਂ ਪੋਹ ਸਕਦੀ। ਅਕਾਲ ਪੁਰਖੁ ਦੀ ਮਿਹਰ ਨਾਲ, ਜਿਸ ਨੂੰ ਸਤਿਗੁਰੂ ਮਿਲ ਪਏ, ਉਸ ਨੂੰ ਅਕਾਲ ਪੁਰਖੁ ਦੇ ਨਾਮੁ ਦਾ ਆਨੰਦ ਪ੍ਰਾਪਤ ਹੁੰਦਾ ਹੈ। ਜਦੋਂ ਮਨੁੱਖ ਦੇ ਮਨ ਵਿੱਚ ਅਕਾਲ ਪੁਰਖੁ ਦੇ ਨਾਮੁ ਵਸ ਜਾਏ ਤਾਂ ਮਨ ਵਿੱਚ ਅਸਲੀ ਆਨੰਦ ਆਉਣ ਲੱਗ ਪੈਂਦਾ ਹੈ, ਫਿਰ ਜੀਭ ਦਾ ਚਸਕਾ ਤੇ ਹੋਰ ਸਾਰੇ ਚਸਕੇ ਆਪਣੇ ਆਪ ਖ਼ਤਮ ਹੋ ਜਾਂਦੇ ਹਨ।

ਏ ਰਸਨਾ ਤੂ ਅਨ ਰਸਿ ਰਾਚਿ ਰਹੀ ਤੇਰੀ ਪਿਆਸ ਨ ਜਾਇ॥ ਪਿਆਸ ਨ ਜਾਇ ਹੋਰਤੁ ਕਿਤੈ ਜਿਚਰੁ ਹਰਿ ਰਸੁ ਪਲੈ ਨ ਪਾਇ॥ ਹਰਿ ਰਸੁ ਪਾਇ ਪਲੈ ਪੀਐ ਹਰਿ ਰਸੁ ਬਹੁੜਿ ਨ ਤ੍ਰਿਸਨਾ ਲਾਗੈ ਆਇ॥ ਏਹੁ ਹਰਿ ਰਸੁ ਕਰਮੀ ਪਾਈਐ ਸਤਿਗੁਰੁ ਮਿਲੈ ਜਿਸੁ ਆਇ॥ ਕਹੈ ਨਾਨਕੁ ਹੋਰਿ ਅਨ ਰਸ ਸਭਿ ਵੀਸਰੇ ਜਾ ਹਰਿ ਵਸੈ ਮਨਿ ਆਇ॥ ੩੨॥ (੯੨੧)

ਆਤਮਕ ਆਨੰਦ ਦੀ ਪ੍ਰਾਪਤੀ ਉਸ ਮਨੁੱਖ ਨੂੰ ਹੁੰਦੀ ਹੈ, ਜਿਸ ਦੀਆਂ ਅੱਖਾਂ, ਕੰਨ, ਜੀਭ ਤੇ ਸਾਰੇ ਗਿਆਨ ਇੰਦ੍ਰੇ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਵਿੱਚ ਮਗਨ ਰਹਿੰਦੇ ਹਨ। ਅਕਾਲ ਪੁਰਖੁ ਨੇ ਇਸ ਸਰੀਰ ਦੇ ਨੌ ਦੁਆਰੇ (੨ ਅੱਖਾਂ, ੨ ਨੱਕ, ੨ ਕੰਨ, ੧ ਮੂੰਹ, ੨ ਮਲ ਤਿਆਗ) ਲਗਾਏ ਹਨ, ਜੋ ਕਿ ਸਾਨੂੰ ਦਿਖਾਈ ਦਿੰਦੇ ਹਨ। ਗੁਰਬਾਣੀ ਵਿੱਚ ਗੁਪਤ ਦਸਮ ਦੁਆਰ (ਦਿਮਾਗ਼) ਦਾ ਜਿਕਰ ਵੀ ਆਉਂਦਾ ਹੈ, ਜਿਹੜਾ ਕਿ ਗੁਰੂ ਦੇ ਦਰ ਤੇ ਰਹਿ ਕੇ ਹੀ ਖੁਲਦਾ ਹੈ। ਸਰੀਰਕ ਤੌਰ ਤੇ ਦਿਮਾਗ ਤਾਂ ਹਰੇਕ ਮਨੁੱਖ ਦੇ ਜਿਸਮ ਨਾਲ ਲੱਗਾ ਹੁੰਦਾ ਹੈ, ਜਿਸ ਨਾਲ ਉਹ ਆਪਣੀ ਸਰੀਰਕ ਕਿਰਿਆ ਜਾਂ ਦੁਨਿਆਵੀ ਕਾਰਜ ਕਰਦਾ ਰਹਿੰਦਾ ਹੈ, ਪਰ ਉਸ ਦਿਮਾਗ ਦੇ ਅੰਦਰ ਸੋਝੀ, ਗੁਰੂ ਸਾਹਿਬ ਦੇ ਦਰਸਾਏ ਗਏ ਮਾਰਗ ਤੇ ਅਕਾਲ ਪੁਰਖੁ ਦੇ ਹੁਕਮੁ ਅਨੁਸਾਰ ਚਲ ਕੇ ਹੀ ਪਾਈ ਜਾ ਸਕਦੀ ਹੈ। ਅਕਾਲ ਪੁਰਖੁ ਨੇ ਜਿਨ੍ਹਾਂ ਅੰਦਰ ਗੁਰਬਾਣੀ ਦੁਆਰਾ ਨਾਮੁ ਲਈ ਪ੍ਰੇਮ, ਲਗਨ ਤੇ ਭਾਵਨਾ ਪੈਦਾ ਕਰ ਦਿੱਤੀ, ਉਨ੍ਹਾਂ ਨੂੰ ਦਸਵਾਂ ਦੁਆਰ ਵੀ ਵਿਖਾ ਦਿੱਤਾ। ਇਹ ਦਸਮ ਦੁਆਰ ਹੀ ਹੈ, ਜੋ ਕਿ ਆਤਮਕ ਆਨੰਦ ਦਾ ਮੂਲ ਹੈ। ਇਸ ਅਵਸਥਾ ਵਿੱਚ ਪਹੁੰਚਣ ਤੇ ਅਕਾਲ ਪੁਰਖੁ ਸਾਰੀ ਸ੍ਰਿਸ਼ਟੀ ਅੰਦਰ ਅਨੇਕਾਂ ਰੰਗਾਂ ਰੂਪਾਂ ਵਿੱਚ ਵਿਆਪਕ ਦਿਖਾਈ ਦਿੰਦਾਂ ਹੈ। ਉਸ ਮਨੁੱਖ ਨੂੰ ਅਕਾਲ ਪੁਰਖੁ ਦਾ ਉਹ ਵੱਡਮੁਲਾ ਨਾਮੁ ਰੂਪੀ ਖ਼ਜ਼ਾਨਾ ਪ੍ਰਾਪਤ ਹੋ ਜਾਂਦਾ ਹੈ, ਜਿਸ ਖ਼ਜ਼ਾਨੇ ਵਿੱਚ ਦੁਨੀਆ ਦੇ ਸਾਰੇ ਖ਼ਜ਼ਾਨੇ (ਨੌ ਖ਼ਜ਼ਾਨੇ) ਆ ਜਾਂਦੇ ਹਨ। ਅਕਾਲ ਪੁਰਖੁ ਦੇ ਨਾਮੁ ਰੂਪੀ ਖ਼ਜ਼ਾਨੇ ਦਾ ਅੰਤ ਨਹੀਂ ਪਾਇਆ ਜਾ ਸਕਦਾ। ਗੁਰਬਾਣੀ ਦਾ ਗਿਆਨ ਤੇ ਅਕਾਲ ਪੁਰਖੁ ਦਾ ਇਹ ਨਾਮੁ ਰੂਪੀ ਖ਼ਜ਼ਾਨਾ, ਅਸੀਂ ਭਾਂਵੇਂ ਜਿਤਨਾ ਮਰਜੀ ਲੈ ਲਈਏ, ਇਹ ਕਦੇ ਮੁੱਕਦਾ ਨਹੀਂ। ਦਸਮ ਦੁਆਰ ਦੀ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ, ਇਸ ਅਵਸਥਾ ਨੂੰ ਉਹੀ ਮਨੁੱਖ ਅਨੁਭਵ ਕਰ ਸਕਦਾ ਹੈ, ਜਿਹੜਾ ਖੁਦ ਇਸ ਅਵਸਥਾ ਤਕ ਅਕਾਲ ਪੁਰਖੁ ਦੀ ਮਿਹਰ ਸਦਕਾ ਪਹੁੰਚਿਆ ਹੋਵੇ। ਪਿਆਰੇ ਅਕਾਲ ਪੁਰਖੁ ਨੇ ਇਸ ਸਰੀਰ ਰੂਪੀ ਗੁਫ਼ਾ ਅੰਦਰ ਆਪਣੀ ਜੋਤ ਟਿਕਾ ਕੇ, ਜੀਵ ਨੂੰ ਸਵਾਸਾਂ ਨਾਲ ਇਸ ਸੰਸਾਰ ਵਿੱਚ ਵਿਚਰਨ ਦੀ ਸ਼ਕਤੀ ਦਿੱਤੀ ਹੈ। ਹੁਣ ਇਹ ਸਾਡੇ ਤੇ ਨਿਰਭਰ ਕਰਦਾ ਹੈ ਕਿ ਅਸੀਂ ਇਨ੍ਹਾਂ ਸਵਾਸਾਂ ਨਾਲ ਕੀ ਕਰਨਾ ਹੈ? ਇਨ੍ਹਾਂ ਗਿਆਨ ਇੰਦ੍ਰੀਆਂ ਨਾਲ ਅਸੀਂ ਅਕਾਲ ਪੁਰਖੁ ਦੇ ਨੇੜੇ ਵੀ ਜਾ ਸਕਦੇ ਹਾਂ ਤੇ ਉਸ ਤੋਂ ਦੂਰ ਵੀ ਹੋ ਸਕਦੇ ਹਾਂ।

ਹਰਿ ਜੀਉ ਗੁਫਾ ਅੰਦਰਿ ਰਖਿ ਕੈ ਵਾਜਾ ਪਵਣੁ ਵਜਾਇਆ॥ ਵਜਾਇਆ ਵਾਜਾ ਪਉਣ ਨਉ ਦੁਆਰੇ ਪਰਗਟੁ ਕੀਏ ਦਸਵਾ ਗੁਪਤੁ ਰਖਾਇਆ॥ ਗੁਰਦੁਆਰੈ ਲਾਇ ਭਾਵਨੀ ਇਕਨਾ ਦਸਵਾ ਦੁਆਰੁ ਦਿਖਾਇਆ॥ ਤਹ ਅਨੇਕ ਰੂਪ ਨਾਉ ਨਵ ਨਿਧਿ ਤਿਸ ਦਾ ਅੰਤੁ ਨ ਜਾਈ ਪਾਇਆ॥ ਕਹੈ ਨਾਨਕੁ ਹਰਿ ਪਿਆਰੈ ਜੀਉ ਗੁਫਾ ਅੰਦਰਿ ਰਖਿ ਕੈ ਵਾਜਾ ਪਵਣੁ ਵਜਾਇਆ॥ ੩੮॥ (੯੨੨)

ਇਹ “ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ” ਦਾ ਰਸਤਾ ਹੀ ਹੈ, ਜਿਸ ਨਾਲ ਅਸੀਂ ਆਪਣਾ ਦਸਮ ਦੁਆਰ ਪਰਗਟ ਕਰ ਸਕਦੇ ਹਾਂ, ਨਾਮੁ ਰੂਪੀ ਅੰਮ੍ਰਿਤ ਬਾਣੀ ਦੁਆਰਾ ਆਤਮਕ ਆਨੰਦ ਅਤੇ ਅਸਲੀ ਸੁਖ ਤੇ ਸ਼ਾਂਤੀ ਪ੍ਰਾਪਤ ਕਰ ਸਕਦੇ ਹਾਂ।

(Reference: http://www.sikhmarg.com/amrit-vela01.html)

ਗੁਰਬਾਣੀ ਅਨੁਸਾਰ ਜੀਵ ਦਾ ਵੀਆਹ, ਭਾਵ ਆਨੰਦ ਦੀ ਅਵਸਥਾ ਅਕਾਲ ਪੁਰਖੁ ਦੇ ਮਿਲਾਪ ਨਾਲ ਹੁੰਦੀ ਹੈ। ਜਦੋਂ ਅਕਾਲ ਪੁਰਖੁ ਨੇ ਕਿਰਪਾ ਕੀਤੀ ਤਾਂ ਮੈਨੂੰ ਜੀਵ ਇਸਤ੍ਰੀ ਨੂੰ ਅਪਣਾ ਲਿਆ ਤੇ ਮੇਰੇ ਹਿਰਦੇ ਘਰ ਨੂੰ ਆਪਣੇ ਰਹਿਣ ਦਾ ਥਾਂ ਬਣਾ ਲਿਆ, ਤਾਂ ਮੇਰੀਆਂ ਸਹੇਲੀਆਂ (ਜੀਭ, ਅੱਖਾਂ, ਕੰਨਾਂ ਆਦਿਕ ਇੰਦ੍ਰੀਆਂ) ਨੇ ਮਿਲ ਕੇ ਅਕਾਲ ਪੁਰਖੁ (ਪਤੀ) ਦੀ ਸਿਫ਼ਤਿ ਸਾਲਾਹ ਦੇ ਗੀਤ ਗਾਉਂਣੇ ਤੇ ਸੁਣਨੇ ਸ਼ੁਰੂ ਕਰ ਦਿੱਤੇ। ਜਿਸ ਤਰ੍ਹਾਂ ਲੜਕੀ ਦਾ ਰੂਪ ਰੇਖ, ਚਾਲ, ਸੁਰ ਤੇ ਬੋਲ ਆਦਿ ਵੇਖ ਕੇ, ਲੜਕਾ ਉਸ ਨੂੰ ਪਸੰਦ ਕਰ ਲੈਂਦਾ ਹੈ ਤੇ ਉਸ ਨੂੰ ਵੀਆਹਣ ਲਈ ਜਾਂਦਾ ਹੈ। ਠੀਕ ਇਸੇ ਤਰ੍ਹਾਂ ਮੈਨੂੰ ਜੀਵ ਇਸਤ੍ਰੀ ਨੂੰ ਅਕਾਲ ਪੁਰਖੁ ਨੇ ਗੁਰਬਾਣੀ ਦੁਆਰਾ ਗੁਣ ਗਾਉਂਦੇ ਵੇਖ ਕੇ ਪਸੰਦ ਕਰ ਲਿਆ। ਹੁਣ ਮੇਰਾ ਖਸਮ ਅਕਾਲ ਪੁਰਖੁ, ਮੈਨੂੰ ਵੀਆਹਣ ਆਇਆ ਹੈ, ਮੈਨੂੰ ਆਪਣੇ ਚਰਨਾਂ ਵਿੱਚ ਜੋੜਨ ਲਈ ਆਇਆ ਹੈ। ਅਕਾਲ ਪੁਰਖੁ ਨਾਲ ਵੀਆਹ ਦਾ ਇਹ ਖੇਲ ਵੇਖ ਕੇ ਮੇਰੇ ਮਨ ਅੰਦਰ ਆਨੰਦ ਪੈਦਾ ਹੋ ਗਿਆ ਹੈ। ਇਸ ਲਈ ਹੇ ਮੇਰੀ ਗਿਆਨ ਇੰਦਰੀਓ! ਤੁਸੀਂ ਵਾਰ ਵਾਰ ਅਕਾਲ ਪੁਰਖੁ ਦੇ ਗੁਣਾਂ ਦੇ ਗੀਤ ਗਾਵੋ, ਤਾਂ ਜੋ ਤੁਹਾਡੇ ਅੰਦਰ, ਚੰਗੇ ਮੰਦੇ ਦੀ ਪਰਖ ਕਰਨ ਦੀ ਵੀਚਾਰ ਪੈਦਾ ਹੋ ਸਕੇ। ਅੱਖਾਂ ਕਿਸੇ ਨੂੰ ਬੁਰੀ ਨਜਰ ਨਾਲ ਨਾ ਵੇਖਣ, ਜੀਭ ਨੂੰ ਨਿੰਦਾ ਕਰਨ ਦੀ ਆਦਤ ਹਟ ਜਾਏ, ਕੰਨਾਂ ਨੂੰ ਦੂਸਰਿਆਂ ਦੀ ਨਿੰਦਾ ਚੁਗਲੀ ਸੁਣਨ ਦੀ ਆਦਤ ਹਟ ਜਾਏ ਤੇ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੇ ਗੀਤ ਸੁਣਦੇ ਰਹਿਣ। ਮੇਰੇ ਹਿਰਦੇ ਘਰ ਵਿੱਚ ਅਕਾਲ ਪੁਰਖੁ ਆ ਕੇ ਵੱਸ ਗਿਆ ਹੈ, ਜੋ ਕਿ ਜਗਤ ਦੇ ਸਾਰੇ ਜੀਵਾਂ ਦਾ ਆਸਰਾ ਹੈ। ਗੁਰੂ ਦੀ ਸਰਨ ਪਿਆਂ ਸਾਡਾ ਇਹ ਵਿਆਹ ਹੋਇਆ, ਗੁਰੂ ਨੇ ਮੈਨੂੰ ਅਕਾਲ ਪੁਰਖੁ ਪਤੀ ਨਾਲ ਜੋੜਿਆ। ਹੁਣ ਜਦੋਂ ਮੈਨੂੰ ਅਕਾਲ ਪੁਰਖੁ ਮਿਲ ਪਿਆ, ਤਾਂ ਮੈਨੂੰ ਸਮਝ ਆ ਗਈ ਕਿ ਉਹ ਅਕਾਲ ਪੁਰਖੁ ਸਾਰੇ ਜਗਤ ਵਿੱਚ ਵਿਆਪਕ ਹੈ, ਤੇ ਸਭ ਥਾਂ ਉਸ ਦਾ ਹੀ ਹੁਕਮੁ ਚਲਦਾ ਹੈ। ਸਬਦ ਗੁਰੂ ਦੁਆਰਾ ਸੋਝੀ ਆਉਂਣ ਨਾਲ ਮੈਨੂੰ ਪਤਾ ਲਗ ਗਿਆ ਹੈ, ਕਿ ਮੇਰੀ ਹਸਤੀ ਤਾਂ ਕੁੱਝ ਵੀ ਨਹੀਂ, ਇਹ ਸਭ ਕੁੱਝ ਅਕਾਲ ਪੁਰਖੁ ਆਪ ਹੀ ਕਰਵਾਉਂਣ ਵਾਲਾ ਹੈ।

ਆਸਾ ਮਹਲਾ ੧॥ ਕਰਿ ਕਿਰਪਾ ਅਪਨੈ ਘਰਿ ਆਇਆ ਤਾ ਮਿਲਿ ਸਖੀਆ ਕਾਜੁ ਰਚਾਇਆ॥ ਖੇਲੁ ਦੇਖਿ ਮਨਿ ਅਨਦੁ ਭਇਆ ਸਹੁ ਵੀਆਹਣ ਆਇਆ॥ ੧॥ ਗਾਵਹੁ ਗਾਵਹੁ ਕਾਮਣੀ ਬਿਬੇਕ ਬੀਚਾਰੁ॥ ਹਮਰੈ ਘਰਿ ਆਇਆ ਜਗਜੀਵਨੁ ਭਤਾਰੁ॥ ੧॥ ਰਹਾਉ॥ ਗੁਰੂ ਦੁਆਰੈ ਹਮਰਾ ਵੀਆਹੁ ਜਿ ਹੋਆ ਜਾਂ ਸਹੁ ਮਿਲਿਆ ਤਾਂ ਜਾਨਿਆ॥ ਤਿਹੁ ਲੋਕਾ ਮਹਿ ਸਬਦੁ ਰਵਿਆ ਹੈ ਆਪੁ ਗਇਆ ਮਨੁ ਮਾਨਿਆ॥ ੨॥ (੩੫੧)

ਅਨੰਦ ਕਾਰਜ ਦੇ ਬਾਅਦ ਅਕਸਰ ਹੇਠ ਲਿਖਿਆ ਸਬਦ ਪੜ੍ਹਿਆ ਜਾਂਦਾ ਹੈ। ਸਬਦ ਅਨੁਸਾਰ ਵੀਆਹ ਭਾਵ, ਅਕਾਲ ਪੁਰਖੁ ਦਾ ਮਿਲਾਪ ਹੈ, ਪਰੰਤੂ ਅਸਾਂ ਇਸ ਸਬਦ ਨੂੰ ਦੁਨਿਆਵੀ ਪਤੀ ਨਾਲ ਜੋੜ ਦਿੱਤਾ ਹੈ। ਸਬਦ ਦੇ ਅਰਥ ਸਪੱਸ਼ਟ ਹਨ ਕਿ, ਹੇ ਮੇਰੇ ਪਿਤਾ! ਅਕਾਲ ਪੁਰਖੁ ਪਤੀ ਨਾਲ ਮੇਰਾ ਵਿਆਹ ਹੋ ਗਿਆ ਹੈ, ਗੁਰੂ ਦੀ ਸਰਨ ਪੈ ਕੇ ਮੈਨੂੰ ਅਕਾਲ ਪੁਰਖੁ ਮਿਲ ਗਿਆ ਹੈ। ਗੁਰੂ ਦੇ ਬਖ਼ਸ਼ੇ ਹੋਏ ਗਿਆਨ ਨਾਲ ਮੇਰੇ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ ਹੈ, ਤੇ ਅੰਦਰ ਗਿਆਨ ਦਾ ਚਾਨਣ ਹੀ ਚਾਨਣ ਹੋ ਗਿਆ ਹੈ। ਗੁਰਬਾਣੀ ਦੇ ਚਾਨਣ ਨਾਲ ਮੇਰੇ ਅੰਦਰੋਂ ਮਾਇਆ ਦੇ ਮੋਹ ਦਾ ਹਨੇਰਾ ਦੂਰ ਹੋ ਗਿਆ ਹੈ ਤੇ ਮੈਨੂੰ ਅਕਾਲ ਪੁਰਖੁ ਦਾ ਨਾਮੁ ਰੂਪੀ ਕੀਮਤੀ ਰਤਨ ਲੱਭ ਪਿਆ ਹੈ। ਗੁਰਬਾਣੀ ਦੇ ਗਿਆਨ ਨਾਲ ਮੇਰਾ ਹਉਮੈ ਦਾ ਰੋਗ ਦੂਰ ਹੋ ਗਿਆ ਹੈ, ਆਪਾ ਭਾਵ ਖ਼ਤਮ ਹੋ ਗਿਆ ਹੈ, ਤੇ ਹਉਮੈ ਕਰਕੇ ਹੋਣ ਵਾਲਾ ਦੁੱਖ ਸਮਾਪਤ ਹੋ ਗਿਆ ਹੈ। ਗੁਰੂ ਦੀ ਸਰਨ ਪਿਆਂ ਮੈਨੂੰ ਉਹ ਅਕਾਲ ਪੁਰਖੁ ਪਤੀ ਦੇ ਰੂਪ ਵਿੱਚ ਮਿਲ ਗਿਆ, ਜਿਸ ਦੀ ਹਸਤੀ ਤੇ ਕਾਲ ਕੋਈ ਅਸਰ ਨਹੀਂ ਹੁੰਦਾ, ਜਿਹੜਾ ਕਦੇ ਨਾਸ ਨਹੀਂ ਹੁੰਦਾ, ਨਾ ਹੀ ਕਦੇ ਮਰਦਾ ਹੈ, ਤੇ ਨਾ ਜੰਮਣ ਮਰਨ ਦੇ ਚੱਕਰਾਂ ਵਿੱਚ ਪੈਂਦਾ ਹੈ।

ਵੀਆਹੁ ਹੋਆ ਮੇਰੇ ਬਾਬੁਲਾ ਗੁਰਮੁਖੇ ਹਰਿ ਪਾਇਆ॥ ਅਗਿਆਨੁ ਅੰਧੇਰਾ ਕਟਿਆ ਗੁਰ ਗਿਆਨੁ ਪ੍ਰਚੰਡੁ ਬਲਾਇਆ॥ ਬਲਿਆ ਗੁਰ ਗਿਆਨੁ ਅੰਧੇਰਾ ਬਿਨਸਿਆ ਹਰਿ ਰਤਨੁ ਪਦਾਰਥੁ ਲਾਧਾ॥ ਹਉਮੈ ਰੋਗੁ ਗਇਆ ਦੁਖੁ ਲਾਥਾ ਆਪੁ ਆਪੈ ਗੁਰਮਤਿ ਖਾਧਾ॥ ਅਕਾਲ ਮੂਰਤਿ ਵਰੁ ਪਾਇਆ ਅਬਿਨਾਸੀ ਨਾ ਕਦੇ ਮਰੈ ਨ ਜਾਇਆ॥ ਵੀਆਹੁ ਹੋਆ ਮੇਰੇ ਬਾਬੋਲਾ ਗੁਰਮੁਖੇ ਹਰਿ ਪਾਇਆ॥ ੨॥ (੭੮, ੭੯)

ਗੁਰੂ ਸਾਹਿਬ ਤਾਂ ਇਸ ਸਬਦ ਵਿਚ, ਉਸ ਅਕਾਲ ਪੁਰਖੁ ਨਾਲ ਜੀਵ ਇਸਤ੍ਰੀ ਦੇ ਵੀਆਹ ਦਾ ਜਿਕਰ ਕਰ ਰਹੇ ਹਨ, ਪਰ ਅਸੀਂ ਆਪਣੀ ਰਵਾਇਤ ਨੂੰ ਸਹੀ ਸਾਬਤ ਕਰਨ ਲਈ ਕਿਸੇ ਹੋਰ ਪਾਰੇ ਜੋੜ ਰਹੇ ਹਾਂ। ਇਸ ਅਗਿਆਨਤਾ ਦਾ ਕਾਰਨ ਸਿਰਫ ਇਹੀ ਹੈ ਕਿ ਅਸੀਂ ਗੁਰਬਾਣੀ ਤੋਂ ਬਹੁਤ ਦੂਰ ਹੋ ਗਏ ਹਾਂ, ਅਤੇ ਆਪਣੀ ਮਨਮਤਿ, ਰਵਇਤਾਂ, ਵਿਖਾਵਾ ਤੇ ਲਾਲਚ ਦੇ ਗੁਲਾਮ ਬਣ ਗਏ ਹਾਂ। ਕੀ ਅਸਾਂ ਕਦੇ ਵੀਚਾਰਿਆ ਹੈ ਕਿ ਅੱਜਕਲ ਮਾਤਾ ਪਿਤਾ ਆਪਣੀ ਲੜਕੀ ਨੂੰ ਕਿਹੜਾ ਦਾਜ ਦਿੰਦੇ ਹਨ? ਤੇ ਗੁਰੂ ਸਾਹਿਬ ਸਾਨੂੰ ਕਿਹੜਾ ਦਾਜ ਦੇਣ ਦੀ ਸਿਖਿਆ ਦਿੰਦੇ ਹਨ? ਲੜਕੇ ਵਾਲਿਆਂ ਨੂੰ ਸਕੂਟਰਾਂ ਕਾਰਾਂ ਦੀ ਬਜਾਏ, ਕਿਹੜੇ ਦਾਜ ਵਾਲੀ ਧੀ ਲੈਂਣੀ ਚਾਹੀਦੀ ਹੈ? ਹੇਠ ਲਿਖੇ ਸਬਦ ਵਿੱਚ ਤਾਂ ਜੀਵ ਇਸਤ੍ਰੀ ਅਕਾਲ ਪੁਰਖੁ ਦੇ ਨਾਮੁ ਦਾ ਦਾਜ ਮੰਗਦੀ ਹੈ। ਮੈਨੂੰ ਹਰੀ ਦਾ ਨਾਮੁ ਹੀ ਕੱਪੜਿਆਂ ਵਿੱਚ ਦੇ ਤਾਂ ਜੋ ਮੇਰੇ ਵਿਕਾਰ ਢੱਕੇ ਜਾਣ, ਗੁਰਬਾਣੀ ਦੁਆਰਾ ਅਕਾਲ ਪੁਰਖੁ ਦੀ ਉਸਤਤ ਕਰਨ ਦੀ ਜਾਚ ਸਿਖਾ, ਤਾਂ ਜੋ ਅਕਾਲ ਪੁਰਖੁ ਦੇ ਗੁਣ ਮੇਰੇ ਅੰਦਰ ਵਸ ਜਾਣ ਤੇ ਮੇਰਾ ਜੀਵਨ ਸਫਲ ਹੋ ਸਕੇ। ਅਕਾਲ ਪੁਰਖੁ ਦੀ ਭਗਤੀ ਨਾਲ ਹੀ ਵਿਆਹ ਦਾ ਇਹ ਕਾਰਜ ਸੁਖਦਾਈ ਬਣਦਾ ਹੈ, ਪਰ ਇਹ ਦਾਜ ਜੀਵ ਇਸਤ੍ਰੀ ਨੂੰ ਸਿਰਫ ਸਤਿਗੁਰੂ ਦੁਆਰਾ ਹੀ ਮਿਲ ਸਕਦਾ ਹੈ। ਸਤਿਗੁਰੂ ਦੀ ਸੱਚੀ ਬਾਣੀ ਦੇ ਦਾਜ ਨਾਲ ਜੀਵ ਇਸਤ੍ਰੀ ਦੀ ਸੋਭਾ, ਉਸ ਦੇ ਪਰਿਵਾਰ, ਸ਼ਹਿਰ, ਪ੍ਰਾਂਤ, ਦੇਸ ਤੇ, ਸਾਰੇ ਸੰਸਾਰ ਵਿੱਚ ਹੋ ਜਾਂਦੀ ਹੈ। ਗੁਰਬਾਣੀ ਦਾ ਦਾਜ ਅਜੇਹਾ ਹੈ, ਕਿ ਇਸ ਦੀ ਕੋਈ ਹੋਰ ਦਾਜ ਬਰਾਬਰੀ ਨਹੀਂ ਕਰ ਸਕਦਾ। ਪਰ ਇਸ ਦੇ ਉਲਟ, ਜੋ ਦਾਜ ਅਸੀਂ ਅੱਜਕਲ ਦਿੰਦੇ ਹਾਂ, ਜਿਸ ਦਾਜ ਦਾ ਮਨ ਦੇ ਪਿੱਛੇ ਤੁਰਨ ਵਾਲੇ ਹੰਕਾਰੀ ਬੰਦੇ, ਸਾਰਿਆਂ ਦੇ ਸਾਹਮਣੇ ਖੋਲ ਕੇ ਵਿਖਾਵਾ ਕਰਦੇ ਹਨ, ਉਹ ਝੂਠਾ ਹੈ, ਹੰਕਾਰ ਪੈਦਾ ਕਰਨ ਵਾਲਾ ਹੈ, ਕੱਚ ਸਮਾਨ ਹੈ, ਤੇ ਨਿਰਾ ਵਿਖਾਵਾ ਹੀ ਹੈ। ਇਸ ਤਰ੍ਹਾਂ ਦਾ ਦਾਜ ਅੱਜਕਲ ਪਰਿਵਾਰਾਂ ਵਿੱਚ ਬਿਖੇੜੇ ਦਾ ਕਾਰਨ ਬਣ ਗਿਆ ਹੈ, ਲਾਲਚ ਕਰਕੇ ਤਲਾਕ ਹੋ ਰਹੇ ਹਨ, ਕਈ ਧੀਆਂ ਨੂੰ ਸਾੜਿਆ ਜਾ ਰਿਹਾ ਹੈ, ਤੇ ਜਨਮ ਲੈਂਣ ਤੋਂ ਪਹਿਲਾਂ ਹੀ ਬੱਚੀਆਂ ਨੂੰ ਗਰਬ ਵਿੱਚ ਮਾਰਿਆ ਜਾ ਰਿਹਾ ਹੈ। ਗੁਰੂ ਸਾਹਿਬ ਤਾਂ ਸਾਨੂੰ ਅਕਾਲ ਪੁਰਖੁ ਦੇ ਨਾਮੁ ਦਾ ਦਾਨ ਮੰਗਣ ਤੇ ਦੇਣ ਲਈ ਸਮਝਾਉਂਦੇ ਹਨ, ਪਰ ਅਸੀਂ ਕੀ ਮੰਗਦੇ ਹਾਂ? ਅੱਜਕਲ ਗੁਰਦੁਆਰਾ ਸਾਹਿਬਾਂ ਵਿੱਚ ਹੋ ਰਹੀਆਂ ਅਰਦਾਸਾਂ ਵਿੱਚ ਪਦਾਰਥਾਂ, ਨੌਕਰੀਆਂ, ਪੁੱਤਰਾਂ, ਆਦਿ ਦੀਆਂ ਮੰਗਾਂ ਤਾਂ ਬਹੁਤ ਹੁੰਦੀਆਂ ਹਨ, ਪਰ ਵਿਰਲਾ ਹੀ ਕਿ ਕੋਈ ਗੁਰਬਾਣੀ ਅਨੁਸਾਰ ਦਿੱਤੀ ਗਈ ਮਤ ਮੰਗਦਾ ਹੈ। ਇਹ ਹੁਣ ਸਾਡੇ ਤੇ ਨਿਰਭਰ ਕਰਦਾ ਹੈ, ਕਿ ਅਸੀਂ ਗੁਰੂ ਸਾਹਿਬ ਦੀ ਗੁਰਬਾਣੀ ਦੁਆਰਾ ਦਿੱਤੀ ਗਈ ਮਤ ਲਈ ਬੇਨਤੀ ਕਰਦੇ ਹਾਂ, ਕਿ ਆਪਣੀ ਮਨਮਤਿ, ਵਿਖਾਵੇ ਤੇ ਲੋਭ ਤੇ ਅੜੇ ਰਹਿੰਦੇ ਹਾਂ।

ਹਰਿ ਪ੍ਰਭੁ ਮੇਰੇ ਬਾਬੁਲਾ ਹਰਿ ਦੇਵਹੁ ਦਾਨੁ ਮੈ ਦਾਜੋ॥ ਹਰਿ ਕਪੜੋ ਹਰਿ ਸੋਭਾ ਦੇਵਹੁ ਜਿਤੁ ਸਵਰੈ ਮੇਰਾ ਕਾਜੋ॥ ਹਰਿ ਹਰਿ ਭਗਤੀ ਕਾਜੁ ਸੁਹੇਲਾ ਗੁਰਿ ਸਤਿਗੁਰਿ ਦਾਨੁ ਦਿਵਾਇਆ॥ ਖੰਡਿ ਵਰਭੰਡਿ ਹਰਿ ਸੋਭਾ ਹੋਈ ਇਹੁ ਦਾਨੁ ਨ ਰਲੈ ਰਲਾਇਆ॥ ਹੋਰਿ ਮਨਮੁਖ ਦਾਜੁ ਜਿ ਰਖਿ ਦਿਖਾਲਹਿ ਸੁ ਕੂੜੁ ਅਹੰਕਾਰੁ ਕਚੁ ਪਾਜੋ॥ ਹਰਿ ਪ੍ਰਭ ਮੇਰੇ ਬਾਬੁਲਾ ਹਰਿ ਦੇਵਹੁ ਦਾਨੁ ਮੈ ਦਾਜੋ॥ ੪॥ (੭੮-੭੯)

ਕਿਉਂਕਿ ਉਪਰ ਲਿਖਿਆ ਸਬਦ ਸਾਨੂੰ ਦੁਨਿਆਵੀ ਦਾਜ ਲੈਂਣ ਤੋਂ ਮਨਾਂ ਕਰਦਾ ਹੈ, ਇਸ ਲਈ ਅੱਜਕਲ ਕੋਈ ਵਿਰਲਾ ਰਾਗੀ ਹੀ ਇਸ ਸਬਦ ਨੂੰ ਅਨੰਦ ਕਾਰਜ ਦੀ ਰਸਮ ਸਮੇਂ ਗਾਇਨ ਕਰਦਾ ਹੈ। ਲਾਲਚ ਤੇ ਸ਼ਰਾਬ ਵਿੱਚ ਡੁੱਬੇ ਲੋਕਾਂ ਦਾ ਬੁਰਾ ਹਾਲ ਤਾਂ ਹੈ ਹੀ, ਅੱਜਕਲ ਜਿਆਦਾ ਤਰ ਰਾਗੀਆਂ ਤੇ ਗਰੰਥੀਆਂ ਦਾ ਧਿਆਨ ਵੀ ਆਪਣੇ ਨੋਟਾਂ ਵੱਲ ਹੀ ਹੁੰਦਾ ਹੈ। ਪਰਿਵਾਰ ਟੁਟਣ ਜਾਂ ਜੁੜਨ, ਉਨ੍ਹਾਂ ਨੂੰ ਕੋਈ ਵਾਸਤਾ ਨਹੀਂ। ਪ੍ਰਬੰਧਕਾਂ ਦੇ ਦਬਾਅ, ਲੋਕਾਂ ਦੀ ਅਗਿਆਨਤਾ ਤੇ ਰੁਜ਼ਗਾਰ ਦੀ ਮਜਬੂਰੀ ਕਰਕੇ, ਜੇ ਕਰ ਉਹ ਕੁੱਝ ਬੋਲਣਾਂ ਚਾਹੁੰਣ ਤਾਂ ਕੁੱਝ ਬੋਲ ਵੀ ਨਹੀਂ ਸਕਦੇ। ਪਰਿਵਾਰ ਤਾਂ ਹੀ ਸੁਖੀ ਹੋ ਸਕਦੇ ਹਨ, ਕੇ ਕਰ ਲੜਕਾ ਤੇ ਲੜਕੀ ਦੋਵੇਂ ਅਕਾਲ ਪੁਰਖੁ ਨੂੰ ਆਪਣਾ ਪਤੀ ਬਣਾਉਂਣ। ਗੁਰਬਾਣੀ ਅਨੁਸਾਰ ਇਸ ਸੰਸਾਰ ਵਿੱਚ ਪਤੀ ਜਾਂ ਪੁਰਖੁ ਸਿਰਫ ਇੱਕੋ ਇੱਕ ਅਕਾਲ ਪੁਰਖੁ ਹੀ ਹੈ, ਹੋਰ ਸਾਰੀ ਸ੍ਰਿਸ਼ਟੀ, ਉਸ ਦੀਆਂ ਇਸਤ੍ਰੀਆਂ ਹਨ। ਅਕਾਲ ਪੁਰਖੁ ਪਤੀ ਸਾਰੇ ਸਰੀਰਾਂ ਨੂੰ ਭੋਗਦਾ ਹੈ, ਭਾਵ, ਉਹ ਸਾਰੇ ਸਰੀਰਾਂ ਵਿੱਚ ਵਿਆਪਕ ਹੈ ਤੇ ਨਿਰਲੇਪ ਹੈ। ਦੁਨਿਆਵੀ ਸੋਚ ਕਰਕੇ ਆਮ ਲੋਕਾਂ ਨੂੰ ਅਲੱਖ ਅਕਾਲ ਪੁਰਖੁ ਬਾਰੇ ਸਮਝ ਨਹੀਂ ਪੈਂਦੀ। ਜਿਸ ਮਨੁੱਖ ਨੂੰ ਪੂਰੇ ਸਤਿਗੁਰੂ ਨੇ ਅਕਾਲ ਪੁਰਖੁ ਦਾ ਦਰਸ਼ਨ ਕਰਾ ਦਿੱਤਾ, ਉਸ ਨੂੰ ਸਤਿਗੁਰੂ ਦੇ ਸ਼ਬਦ ਦੁਆਰਾ ਸੋਝੀ ਆ ਜਾਂਦੀ ਹੈ, ਉਸ ਮਨੁੱਖ ਦਾ ਹੰਕਾਰ ਦੂਰ ਹੋ ਜਾਂਦਾ ਹੈ, ਤੇ ਸੱਚੀ ਬਾਣੀ ਦੁਆਰਾ ਹਿਰਦੇ ਅੰਦਰ ਨਾਮੁ ਦਾ ਵਾਸਾ ਹੋ ਜਾਂਦਾ ਹੈ।

ਮਃ ੩॥ ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ॥ ਸਭਿ ਘਟ ਭੋਗਵੈ ਅਲਿਪਤੁ ਰਹੈ ਅਲਖੁ ਨ ਲਖਣਾ ਜਾਈ॥ ਪੂਰੈ ਗੁਰਿ ਵੇਖਾਲਿਆ ਸਬਦੇ ਸੋਝੀ ਪਾਈ॥ (੫੯੧-੫੯੨)

ਹੋਰਨਾਂ ਧਰਮਾਂ ਵਿੱਚ ਲੜਕੀ ਦੀਆਂ ਲਾਵਾਂ ਲੜਕੇ ਨਾਲ ਹੁੰਦੀਆਂ ਹਨ। ਗੁਰਬਾਣੀ ਅਨੁਸਾਰ ਦੋਵੇਂ ਲੜਕਾ ਤੇ ਲੜਕੀ ਇਸਤ੍ਰੀਆਂ ਹਨ ਤੇ ਅਕਾਲ ਪੁਰਖੁ ਪਤੀ ਹੈ। ਇਸ ਲਈ ਸਿੱਖ ਧਰਮ ਅਨੁਸਾਰ ਗੁਰੂ ਗਰੰਥ ਸਾਹਿਬ ਨੂੰ ਹਾਜਰ ਨਾਜਰ ਮੰਨ ਕੇ ਲੜਕੇ ਦੀਆਂ ਲਾਵਾਂ ਵੀ ਅਕਾਲ ਪੁਰਖੁ ਨਾਲ ਹੁੰਦੀਆਂ ਹਨ ਤੇ ਲੜਕੀ ਦੀਆਂ ਲਾਵਾਂ ਵੀ ਅਕਾਲ ਪੁਰਖੁ ਨਾਲ ਹੀ ਹੁੰਦੀਆਂ ਹਨ। ਹੁਣ ਸਵਾਲ ਪੈਦਾ ਹੁੰਦਾਂ ਹੈ, ਫਿਰ ਉਹ ਦੁਨਿਆਵੀ ਜੀਵਨ ਵਿੱਚ ਪਤੀ ਪਤਨੀ ਕਿਸ ਤਰ੍ਹਾਂ ਹੋਏ। ਇਸ ਦਾ ਉੱਤਰ ਹੇਠ ਲਿਖੇ ਸਬਦ ਵਿੱਚ ਹੈ। ਗੁਰਬਾਣੀ ਅਨੁਸਾਰ ਅਸਲੀ ਪਤੀ ਅਤੇ ਪਤਨੀ ਦੀ ਪ੍ਰੀਭਾਸ਼ਾ ਹੈ।

ਮਃ ੩॥ ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ॥ ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ॥ ੩॥ (੭੮੮)

ਸਿਰਫ਼ ਸਰੀਰਕ ਤੌਰ ਤੇ ਰਲ ਕੇ ਰਹਿਣ ਤੇ ਬਹਿਣ ਵਾਲੇ ਮਰਦ ਔਰਤ ਨੂੰ ਅਸਲੀ ਪਤੀ ਪਤਨੀ ਨਹੀਂ ਆਖਿਆ ਜਾ ਸਕਦਾ ਹੈ। ਅਸਲੀ ਪਤੀ ਪਤਨੀ ਉਹ ਹਨ, ਜਿਹੜੇ ਭਾਵੇਂ ਸਰੀਰਕ ਤੌਰ ਤੇ ਦੋ ਸਰੀਰ ਹਨ, ਪਰ ਇੱਕ ਜੋਤਿ ਹਨ। ਉਨ੍ਹਾਂ ਦੋਹਾਂ ਦੇ ਜਿਸਮਾਂ ਵਿੱਚ ਇੱਕੋ ਗਿਆਨ ਦਾ ਵਾਸਾ ਹੈ, ਇੱਕੋ ਅਕਾਲ ਪੁਰਖੁ ਦਾ ਵਾਸਾ ਹੈ, ਵਿਚਾਰਧਾਰਾ ਇੱਕ ਹੈ, ਸੋਚ ਇੱਕ ਹੈ, ਧਰਮ ਇੱਕ ਹੈ, ਅਸੂਲ ਇੱਕ ਹੈ, ਨਿਯਮ ਇੱਕ ਹੈ। ਸਾਰੀ ਦੁਨੀਆ ਦੇ ਦੇਸ਼ਾਂ, ਪ੍ਰਾਂਤਾਂ ਤੇ ਲੋਕਾਂ ਦੇ ਕਾਨੂੰਨ, ਅਸੂਲ ਤੇ ਵੀਚਾਰ ਵੱਖਰੇ ਵੱਖਰੇ ਹਨ, ਜਿਨ੍ਹਾਂ ਕਰਕੇ ਅੱਜਕਲ ਲੜਾਈ ਝਗੜੇ ਤੇ ਬਿਖੇੜੇ ਹੋ ਰਹੇ ਹਨ। ਸਿਰਫ ਇੱਕ ਅਕਾਲ ਪੁਰਖੁ ਹੀ ਹੈ, ਜਿਸ ਦਾ ਕਾਨੂੰਨ ਸਾਰੀ ਸ੍ਰਿਸ਼ਟੀ ਵਿੱਚ ਤੇ ਸਾਰਿਆਂ ਲਈ ਇੱਕੋ ਜਿਹਾ ਹੈ। ਜੇ ਕਰ ਧਰਮ, ਕਾਨੂੰਨ, ਅਸੂਲ, ਸੋਚ ਤੇ ਵਿਚਾਰਧਾਰਾ ਇੱਕ ਹੈ, ਤਾਂ ਆਪਸ ਵਿੱਚ ਕੋਈ ਭੇਦ ਭਾਵ ਨਹੀਂ, ਕੋਈ ਝਗੜਾ ਨਹੀਂ, ਕੋਈ ਵੱਡਾ ਛੋਟਾ ਨਹੀਂ। ਸਿਰਫ ਜੁਗੋ ਜੁਗ ਅਟੱਲ ਗੁਰੂ ਗਰੰਥ ਸਾਹਿਬ ਵਿਚ, “ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ” ਤੋਂ ਲੈ ਕੇ “ਮੁੰਦਾਵਣੀ ਮਹਲਾ ੫” ਤੱਕ ਵਿਚਾਰ ਧਾਰਾ ਇੱਕ ਹੈ। “ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥ (੬੪੬)”। ਹੁਣ ਜਦੋਂ, ਇਹ ਦੋਵੇਂ ਸਰੀਰ ਪਤੀ ਪਤਨੀ ਦੇ ਤੌਰ ਤੇ, ਇੱਕ ਵਿਚਾਰਧਾਰਾ ਨਾਲ ਸਮਾਜ ਵਿੱਚ ਵਿਚਰਦੇ ਹਨ, ਤਾਂ ਇੱਕ ਸਫਲ ਪਰਿਵਾਰ ਪੈਦਾ ਹੁੰਦਾ ਹੈ, ਜੋ ਕਿ ਆਪਣੇ ਆਪ ਅਨੰਦ ਦੀ ਅਵਸਥਾ ਵੱਲ ਲੈ ਜਾਂਦਾ ਹੈ।

ਗੁਰਬਾਣੀ ਵਿੱਚ ਅੰਕਿਤ ਚਾਰ ਲਾਵਾਂ ਦਾ ਮੰਤਵ, ਜੀਵ ਇਸਤ੍ਰੀ ਦਾ ਕਦੇ ਨਾ ਨਾਸ ਹੋਣ ਵਾਲੇ ਇੱਕ ਅਕਾਲ ਪੁਰਖੁ ਦਾ ਮਿਲਾਪ ਹੈ। ਇਹ ਚਾਰੇ ਲਾਵਾਂ ਜੀਵ ਇਸਤ੍ਰੀ ਦੀਆਂ ਵੱਖ ਵੱਖ ਅਵਸਥਾਵਾਂ ਬਿਆਨ ਕਰਦੀਆਂ ਹੈ, ਜਿਨ੍ਹਾਂ ਵਿਚੋਂ ਉਸ ਨੇ ਪਾਰ ਲੰਘਣਾਂ ਹੈ।

ਇਹ ਚਾਰੇ ਲਾਵਾਂ ਜੀਵ ਦੀ ਉਹੀ ਅਵਸਥਾਵਾਂ ਬਿਆਨ ਕਰਦੀਆਂ ਹਨ, ਜਿਨ੍ਹਾਂ ਦਾ ਜਿਕਰ ਜਪੁਜੀ ਸਾਹਿਬ ਵਿੱਚ ਪੰਜ ਖੰਡਾਂ ਦੇ ਰੂਪ ਵਿੱਚ ਕੀਤਾ ਗਿਆ ਹੈ। ਜਪੁਜੀ ਸਾਹਿਬ ਦੀਆਂ ਵੀ ਚਾਰ ਪੌੜੀਆਂ ਹਨ, (੩੪ ਤੋਂ ੩੭) ਤੇ ਲਾਵਾਂ ਦੇ ਵੀ ਚਾਰ ਸਬਦ ਹਨ। ਪਹਿਲੜੀ ਲਾਵ ਧਰਮ ਖੰਡ (੩੪) ਦੀ ਅਵਸਥਾ ਬਿਆਨ ਕਰਦੀ ਹੈ, ਦੂਜੜੀ ਲਾਵ ਗਿਆਨ ਖੰਡ (੩੫) ਦੀ, ਤੀਜੜੀ ਲਾਵ ਸਰਮ ਖੰਡ (੩੬) ਦੀ ਅਤੇ ਚਉਥੜੀ ਲਾਵ ਕਰਮ ਖੰਡ ਤੇ ਸਚ ਖੰਡ (੩੭) ਬਾਰੇ ਬਿਆਨ ਕਰਦੀ ਹੈ।

ਜਿਸ ਤਰ੍ਹਾਂ ਧਰਮ ਖੰਡ ਦੀ ਅਵਸਥਾ ਜੀਵ ਦਾ ਅਕਾਲ ਪੁਰਖੁ ਦੇ ਮਿਲਾਪ ਲਈ ਪਹਿਲਾ ਕਦਮ ਹੈ, ਇਸੇ ਤਰ੍ਹਾਂ ਪਹਿਲੀ ਲਾਵ ਵਿੱਚ ਆਰੰਭੁ ਕਾਜੁ ਰਚਾਇਆਦਾ ਜਿਕਰ ਹੈ।

ਪਹਿਲੀ ਲਾਵ ਵਿੱਚ ਸਤਿਗੁਰੂ ਨੇ ਸਿੱਖ ਨੂੰ ਅਕਾਲ ਪੁਰਖੁ ਦੇ ਨਾਮੁ ਜਪਣ ਦੇ ਆਹਰ ਵਿੱਚ ਰੁੱਝਣ ਦਾ ਨੇਕ ਕੰਮ ਦ੍ਰਿੜ ਕਰਾਇਆ ਹੈ। ਅਕਾਲ ਪੁਰਖੁ ਦਾ ਨਾਮੁ ਜਪਣਾਂ ਹੀ ਅਕਾਲ ਪੁਰਖੁ (ਪਤੀ) ਨਾਲ ਜੀਵ ਇਸਤ੍ਰੀ ਦੇ ਵਿਆਹ ਦੀ ਪਹਿਲੀ ਲਾਂਵ ਹੈ। ਗੁਰੂ ਸਾਹਿਬਾਂ ਦੀ ਬਾਣੀ ਹੀ, ਸਿੱਖ ਵਾਸਤੇ ਅਕਾਲ ਪੁਰਖੁ ਦਾ ਗਿਆਨ ਹੈ। ਇਸ ਲਈ ਗੁਰਬਾਣੀ ਦੀ ਸਹਾਇਤਾ ਨਾਲ ਅਕਾਲ ਪੁਰਖੁ ਦਾ ਨਾਮੁ ਯਾਦ ਕਰਨ ਦਾ ਧਰਮ ਆਪਣੇ ਹਿਰਦੇ ਵਿੱਚ ਪੱਕਾ ਕਰੋ, ਗੁਰਬਾਣੀ ਨੂੰ ਹਿਰਦੇ ਵਿੱਚ ਵਸਾਉਂਣ ਨਾਲ ਸਾਰੇ ਪਾਪ ਦੂਰ ਹੋ ਜਾਂਦੇ ਹਨ ( “ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ” (੯੨੨)) ਗੁਰਬਾਣੀ ਦੁਆਰਾ ਅਕਾਲ ਪੁਰਖੁ ਦਾ ਨਾਮੁ ਹਿਰਦੇ ਵਿੱਚ ਹਮੇਸ਼ਾਂ ਯਾਦ ਕਰਦੇ ਰਹੋ, ਮਨੁੱਖਾ ਜੀਵਨ ਦਾ ਇਹ ਧਰਮ, ਆਪਣੇ ਅੰਦਰ ਪੱਕਾ ਕਰ ਲਵੋ, ਗੁਰੂ ਦਾ ਉਪਦੇਸ਼ ਹਮੇਸ਼ਾਂ ਧਿਆਨ ਵਿੱਚ ਰੱਖੋ। ਸਤਿਗੁਰੂ ਵੱਲੋਂ ਸਿੱਖ ਨੂੰ ਅਕਾਲ ਪੁਰਖੁ ਦਾ ਨਾਮੁ ਯਾਦ ਰੱਖਣ ਦੀ ਹਦਾਇਤ ਹੈ। ਸਾਰੇ ਪਾਪ ਤੇ ਵਿਕਾਰ ਇਸ ਸੱਚੀ ਬਾਣੀ ਨੂੰ ਅਪਨਾਉਂਣ ਨਾਲ ਦੂਰ ਹੋ ਜਾਂਦੇ ਹਨ, ਇਸ ਲਈ ਪੂਰੇ ਗੁਰੂ ਦੇ ਉਪਦੇਸ਼ ਨੂੰ ਹਰ ਵੇਲੇ ਚੇਤੇ ਰੱਖੋ। ਜਿਸ ਮਨੁੱਖ ਨੂੰ ਆਪਣੇ ਮਨ ਵਿੱਚ ਅਕਾਲ ਪੁਰਖੁ ਦਾ ਨਾਮੁ ਮਿਠਾ, ਪਿਆਰਾ ਤੇ ਸਵਾਦੀ ਲੱਗਣ ਲੱਗ ਪੈਂਦਾ ਹੈ, ਉਸ ਵੱਡੇ ਭਾਗਾਂ ਵਾਲੇ ਮਨੁੱਖ ਨੂੰ ਆਤਮਕ ਅਡੋਲਤਾ ਪ੍ਰਾਪਤ ਹੋ ਜਾਂਦੀ ਹੈ ਤੇ ਉਸ ਨੂੰ ਸਦੀਵੀ ਸੁਖ ਮਿਲ ਜਾਂਦਾ ਹੈ। ਇਸ ਤਰ੍ਹਾਂ ਨਾਮੁ ਜਪਣ ਨਾਲ ਜੀਵ ਇਸਤ੍ਰੀ ਦੇ ਵਿਆਹ ਦੀ ਪਹਿਲੀ ਲਾਂਵ ਦਾ ਕਾਰਜ ਅਰੰਭ ਹੁੰਦਾਂ ਹੈ।

ਸੂਹੀ ਮਹਲਾ ੪॥ ਹਰਿ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਿ ਰਾਮ ਜੀਉ॥ ਬਾਣੀ ਬ੍ਰਹਮਾ ਵੇਦੁ ਧਰਮੁ ਦ੍ਰਿੜਹੁ ਪਾਪ ਤਜਾਇਆ ਬਲਿ ਰਾਮ ਜੀਉ॥ ਧਰਮੁ ਦ੍ਰਿੜਹੁ ਹਰਿ ਨਾਮੁ ਧਿਆਵਹੁ ਸਿਮ੍ਰਿਤਿ ਨਾਮੁ ਦ੍ਰਿੜਾਇਆ॥ ਸਤਿਗੁਰੁ ਗੁਰੁ ਪੂਰਾ ਆਰਾਧਹੁ ਸਭਿ ਕਿਲਵਿਖ ਪਾਪ ਗਵਾਇਆ॥ ਸਹਜ ਅਨੰਦੁ ਹੋਆ ਵਡਭਾਗੀ ਮਨਿ ਹਰਿ ਹਰਿ ਮੀਠਾ ਲਾਇਆ॥ ਜਨੁ ਕਹੈ ਨਾਨਕੁ ਲਾਵ ਪਹਿਲੀ ਆਰੰਭੁ ਕਾਜੁ ਰਚਾਇਆ॥ ੧॥ (੭੭੩)

ਗੁਰਬਾਣੀ ਦੁਆਰਾ ਅਕਾਲ ਪੁਰਖੁ ਦਾ ਨਾਮੁ ਯਾਦ ਰੱਖਣਾ ਜੀਵ ਇਸਤ੍ਰੀ ਦੇ ਅਕਾਲ ਪੁਰਖੁ ਪਤੀ ਨਾਲ ਵਿਆਹ ਦੀ ਪਹਿਲੀ ਲਾਂਵ ਹੈ, ਜਿਸ ਸਦਕਾ ਉਹ ਸਹਿਜ ਅਵਸਥਾ ਵੱਲ ਜਾ ਸਕਦਾ ਹੈ। ਜੇ ਕਰ ਅੰਦਰ ਗੁਰਬਾਣੀ ਦਾ ਗਿਆਨ ਨਹੀਂ ਪਹੁੰਚਿਆ ਤਾਂ ਮਨੁੱਖ ਗੁਮਰਾਹ ਵੀ ਹੋ ਸਕਦਾ ਹੈ, ਕਰਮ ਕਾਂਡੀ ਵੀ ਬਣ ਸਕਦਾ ਹੈ। ਗਿਆਨ ਵਿਹੂਣਾ ਮਨੁੱਖ, ਪਹਿਲੜੀ ਲਾਵ ਜਾਂ ਧਰਮ ਖੰਡ ਤੋਂ ਦੁਨਿਆਵੀ ਅਵਸਥਾ ਵੱਲ ਵਾਪਿਸ ਜਾ ਸਕਦਾ ਹੈ। ਅੱਜਕਲ ਜਿਆਦਾ ਤਰ ਲੋਕ, ਇਸ ਅਵਸਥਾ ਵਿੱਚ ਹੀ ਭਟਕਦੇ ਦਿਸਦੇ ਹਨ, ਕਿਉਂਕਿ ਉਹ ਗੁਰਬਾਣੀ ਦੇ ਸੱਚੇ ਗਿਆਨ ਨੂੰ ਹਿਰਦੇ ਵਿੱਚ ਨਾ ਵਸਾਉਂਣ ਕਰਕੇ ਅੱਗੇ ਨਹੀਂ ਵਧ ਸਕਦੇ।

ਅਕਾਲ ਪੁਰਖ ਨੇ ਆਪਣੇ ਅਸੂਲਾਂ ਅਨੁਸਾਰ ਸੂਰਜ, ਚੰਨ ਤੇ ਅਨੇਕਾਂ ਤਾਰੇ ਅਤੇ ਬ੍ਰਹਿਮੰਡ ਬਣਾਏ ਹਨ, ਜਿਨ੍ਹਾਂ ਕਰਕੇ ਰਾਤਾਂ, ਰੁੱਤਾਂ, ਥਿਤਾਂ ਅਤੇ ਵਾਰ ਆਦਿ ਬਣਦੇ ਰਹਿੰਦੇ ਹਨ। ਜੀਵਨ ਨੂੰ ਚਲਦਾ ਰਹਿੰਣ ਲਈ ਹਵਾ, ਪਾਣੀ, ਅੱਗ ਅਤੇ ਪਾਤਾਲ ਹਨ। ਇਨ੍ਹਾਂ ਸਾਰਿਆਂ ਦੇ ਇਕੱਠ ਵਿੱਚ ਅਕਾਲ ਪੁਰਖ ਨੇ ਧਰਤੀ ਨੂੰ ਮਨੁੱਖ ਲਈ ਧਰਮ ਕਮਾਣ ਦਾ ਅਸਥਾਨ ਬਣਾਇਆ ਹੈ। ਇਸ ਧਰਤੀ ਉੱਤੇ ਕਈ ਜੁਗਤੀਆਂ ਅਤੇ ਰੰਗਾਂ ਦੇ ਜੀਵ ਵੱਸਦੇ ਹਨ, ਜਿਨ੍ਹਾਂ ਦੇ ਅਨੇਕਾਂ ਅਤੇ ਅਨਗਿਣਤ ਨਾਮ ਹਨ। ਇਨ੍ਹਾਂ ਅਨੇਕਾਂ ਜੀਵਾਂ ਦਾ ਆਪੋ ਆਪਣੇ ਕੀਤੇ ਕਰਮਾਂ ਅਨੁਸਾਰ, ਅਕਾਲ ਪੁਰਖ ਦੇ ਦਰ ਤੇ ਨਿਬੇੜਾ ਹੁੰਦਾ ਹੈ। ਅਕਾਲ ਪੁਰਖ ਆਪ ਸੱਚਾ ਹੈ, ਤੇ ਉਸ ਦਾ ਦਰਬਾਰ ਵੀ ਸੱਚਾ ਹੈ, ਇਸ ਲਈ ਉਸ ਦੇ ਨਿਆ ਕਰਨ ਵਿੱਚ ਕੋਈ ਉਕਾਈ ਨਹੀਂ ਹੁੰਦੀ। ਗੁਰਮੁਖ ਜਨ ਅਕਾਲ ਪੁਰਖ ਦੇ ਦਰਬਾਰ ਵਿੱਚ ਪਰਵਾਨ ਹੋ ਜਾਂਦੇ ਹਨ ਤੇ ਸੋਭਦੇ ਹਨ, ਕਿਉਂਕਿ ਉਨ੍ਹਾਂ ਨੇ ਅਕਾਲ ਪੁਰਖੁ ਦੇ ਹੁਕਮੁ ਨੂੰ ਸੁਣਿਆ ਵੀ ਹੈ ਤੇ ਮੰਨਿਆ ਵੀ ਹੈ। ਅਕਾਲ ਪੁਰਖ ਦੀ ਬਖਸ਼ਸ਼ ਅਤੇ ਮਿਹਰ ਦੀ ਨਜ਼ਰ ਨਾਲ ਉਨ੍ਹਾਂ ਗੁਰਮੁਖਾਂ ਦੇ ਮੱਥੇ ਉੱਤੇ ਵਡਿਆਈ ਦਾ ਨਿਸ਼ਾਨ ਚਮਕ ਪੈਂਦਾ ਹੈ। ਇਥੇ ਸੰਸਾਰ ਵਿੱਚ ਕਿਸੇ ਦਾ ਵੱਡਾ ਜਾਂ ਛੋਟਾ ਅਖਵਾਉਂਣ ਨਾਲ ਕੋਈ ਫਰਕ ਨਹੀਂ ਪੈਂਦਾ, ਇਨ੍ਹਾਂ ਦੀ ਅਸਲੀਅਤ ਤਾਂ ਅਕਾਲ ਪੁਰਖੁ ਦੇ ਦਰ ਤੇ ਜਾ ਕੇ ਮਾਲੂਮ ਹੁੰਦੀ ਹੈ। ਭਾਵ ਅਕਾਲ ਪੁਰਖੁ ਦੇ ਹੁਕਮੁ ਨੂੰ ਪਛਾਣਿਆ ਹੀ ਸਮਝ ਪੈਂਦੀ ਹੈ, ਕਿ ਅਸਲ ਵਿੱਚ ਕੌਣ ਪੱਕਾ ਹੈ, ਤੇ ਕੌਣ ਕੱਚਾ ਹੈ।

ਰਾਤੀ ਰੁਤੀ ਥਿਤੀ ਵਾਰ॥ ਪਵਣ ਪਾਣੀ ਅਗਨੀ ਪਾਤਾਲ॥ ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ॥ ਤਿਸੁ ਵਿਚਿ ਜੀਅ ਜੁਗਤਿ ਕੇ ਰੰਗ॥ ਤਿਨ ਕੇ ਨਾਮ ਅਨੇਕ ਅਨੰਤ॥ ਕਰਮੀ ਕਰਮੀ ਹੋਇ ਵੀਚਾਰੁ॥ ਸਚਾ ਆਪਿ ਸਚਾ ਦਰਬਾਰੁ॥ ਤਿਥੈ ਸੋਹਨਿ ਪੰਚ ਪਰਵਾਣੁ॥ ਨਦਰੀ ਕਰਮਿ ਪਵੈ ਨੀਸਾਣੁ॥ ਕਚ ਪਕਾਈ ਓਥੈ ਪਾਇ॥ ਨਾਨਕ ਗਇਆ ਜਾਪੈ ਜਾਇ॥ ੩੪ ॥ (ਪੰਨਾ ੭)

ਖੰਡੇ ਕੀ ਪਾਹੁਲ ਲੈਂਣ ਦੀ ਤਰ੍ਹਾਂ, ਪਹਿਲੜੀ ਲਾਵ ਵਿੱਚ ਵੀ ਗੁਰੂ ਨਾਲ ਪ੍ਰਣ ਕਰਨਾ ਹੈ, ਆਪਣੇ ਆਪ ਨੂੰ ਗੁਰੂ ਅੱਗੇ ਅਰਪਨ ਕਰਨਾ ਹੈ। ਹੁਣ ਜੇ ਕਰ ਗੁਰੂ ਨਾਲ ਪ੍ਰਣ ਹੀ ਨਹੀਂ ਕੀਤਾ, ਖੰਡੇ ਕੀ ਪਾਹੁਲ ਹੀ ਨਹੀਂ ਲਈ, ਗੁਰੂ ਨੂੰ ਆਪਣਾ ਨਹੀਂ ਬਣਾਇਆ, ਆਪਣੇ ਆਪ ਨੂੰ ਗੁਰੂ ਅੱਗੇ ਅਰਪਨ ਨਹੀਂ ਕੀਤਾ ਤਾਂ ਸਾਡੀਆਂ ਅਗਲੀਆਂ ਲਾਂਵਾਂ ਕਿਸ ਤਰ੍ਹਾਂ ਪ੍ਰਵਾਨ ਹੋ ਸਕਦੀਆਂ ਹਨ?

ਸਲੋਕ ਮਃ ੫॥ ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ॥ ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ॥ ੧॥ (੧੧੦੨)

ਜੇ ਕਰ ਜੀਵਨ ਦਾ ਸਹੀ ਰਸਤਾ ਪਹਿਚਾਨਣਾ ਹੈ, ਜੀਵਨ ਨੂੰ ਸਫਲ ਕਰਨਾ ਹੈ ਤਾਂ ਅਗਲੀ ਲਾਂਵ ਵੱਲ ਜਾਣ ਦੀ ਤਿਆਰੀ ਕਰਨੀ ਪਵੇਗੀ, ਤੇ ਗਿਆਨ ਖੰਡ ਵਿੱਚ ਪਰਵੇਸ਼ ਕਰਨਾ ਪਵੇਗਾ। ਗੁਰਬਾਣੀ ਦੇ ਗਿਆਨ ਨੂੰ ਅੰਦਰ ਵਸਾਉਂਣ ਵਾਸਤੇ ਆਪਣੇ ਆਪ ਨੂੰ ਕੁਰਬਾਨੀ ਲਈ ਤਿਆਰ ਕਰਨਾ ਪਵੇਗਾ। ਉਸ ਵਾਸਤੇ ਆਪਣੇ ਆਪ ਨੂੰ ਗੁਰੂ ਅੱਗੇ ਅਰਪਨ ਕਰਨਾ ਪਵੇਗਾ। ਗੁਰੂ ਸਾਹਿਬ ਦੇ ਦੱਸੇ ਗਏ ਮਾਰਗ ਨੂੰ ਸਮਝਣ ਲਈ ਗੁਰਬਾਣੀ ਨੂੰ ਪੜ੍ਹਨਾਂ, ਸੁਣਨਾ ਤੇ ਸਮਝਣਾ ਪਵੇਗਾ ਅਤੇ ਬਿਨਾ ਰੋਕ ਟੋਕ ਜਾਂ ਬਹਾਨੇ ਦੇ ਉਸ ਤੇ ਚਲਣਾ ਪਵੇਗਾ।

ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥ ੨੦॥ (੧੪੧੨)

ਅਕਾਲ ਪੁਰਖੁ ਨੂੰ ਸਰਬ ਵਿਆਪਕ ਵੇਖਣਾਂ ਹੀ ਜੀਵ ਇਸਤ੍ਰੀ ਦੀ ਦੂਸਰੀ ਲਾਂਵ ਹੈ। ਦੂਸਰੀ ਲਾਂਵ ਵਿੱਚ ਅਨਹਦ ਸਬਦ ਵਜਾਏ ਦੀ ਪ੍ਰਾਪਤੀ ਹੋਣੀ ਹੈ। ਇਸ ਲਈ ਜੀਵ ਇਸਤ੍ਰੀ ਨੇ ਗੁਰੂ ਦੀ ਸ਼ਰਨ ਪੈ ਕੇ, ਅਕਾਲ ਪੁਰਖੁ ਦੀ ਸਿਫਤਿ ਸਾਲਾਹ ਦੇ ਗੀਤ ਗਾਇਨ ਕਰਨੇ ਹਨ ਤਾਂ ਜੋ ਆਪਣੇ ਅੰਦਰੋਂ ਸਬਦ ਦੁਆਰਾ ਹਊਮੈਂ ਦੂਰ ਕਰ ਸਕੇ।

ਦੂਸਰੀ ਲਾਂਵ ਵਿੱਚ ਜੀਵ ਇਸਤ੍ਰੀ ਦੇ ਅੰਦਰ ਅਕਾਲ ਪੁਰਖੁ ਲਈ ਧੰਨਵਾਦ ਪੈਂਦਾ ਹੋਣਾ ਸ਼ੁਰੂ ਹੋ ਜਾਂਦਾ ਹੈ। ਜੀਵ ਇਸਤ੍ਰੀ ਬੇਨਤੀ ਕਰਦੀ ਹੈ, ਕਿ ਮੈਂ ਤੇਰੇ ਤੋਂ ਸਦਕੇ ਜਾਂਦੀ ਹਾਂ, ਤੂੰ ਆਪਣੀ ਮਿਹਰ ਸਦਕਾ ਇਸ ਜੀਵ ਇਸਤ੍ਰੀ ਨੂੰ ਸਤਿਗੁਰੂ ਮਹਾ ਪੁਰਖ ਨਾਲ ਮਿਲਾ ਦਿਤਾ। ਹੁਣ ਜੀਵ ਇਸਤ੍ਰੀ ਦੇ ਮਨ ਅੰਦਰ ਦੁਨੀਆਵੀ ਡਰ ਨਹੀਂ ਰਹਿੰਦਾ ਹੈ, ਸਤਿਗੁਰੂ ਆਪਣੇ ਸਬਦ ਦੁਆਰਾ ਜੀਵ ਇਸਤ੍ਰੀ ਦੇ ਮਨ ਅੰਦਰੋਂ ਹਉਮੈ ਦੀ ਮੈਲ ਦੂਰ ਕਰ ਦਿੰਦਾ ਹੈ। ਜਿਹੜੀ ਜੀਵ ਇਸਤ੍ਰੀ ਹਉਮੈ ਦੂਰ ਕਰ ਕੇ ਅਕਾਲ ਪੁਰਖੁ ਦੇ ਗੁਣ ਗਾਇਨ ਕਰਦੀ ਹੈ, ਉਸ ਦੇ ਅੰਦਰ ਨਿਰਮਲ ਭਉ ਪੈਦਾ ਹੋ ਜਾਂਦਾ ਹੈ। ਪੁਲੀਸ ਜਾਂ ਦੁਸ਼ਮਨ ਦਾ ਡਰ ਜੀਵ ਅੰਦਰ ਸਹਿਮ ਪੈਦਾ ਕਰਦਾ ਹੈ, ਜਿਸ ਤੋਂ ਨਫਰਤ ਪੈਦਾ ਹੁੰਦੀ ਹੈ, ਕਿਉਂਕਿ ਇਹ ਦੁਨਿਆਵੀ ਡਰ ਹੈ। ਲੇਕਿਨ ਮਾਤਾ ਪਿਤਾ ਦਾ ਡਰ ਨਿਰਮਲ ਭਉ ਹੁੰਦਾ ਹੈ, ਇਹ ਬੱਚੇ ਅੰਦਰ ਸਹਿਮ ਨਹੀਂ ਪੈਦਾ ਕਰਦਾ, ਕਿਉਂਕਿ ਉਸ ਦੇ ਅੰਦਰ ਪ੍ਰੇਮ ਵੀ ਛੁਪਿਆ ਹੁੰਦਾ ਹੈ, ਬੱਚੇ ਦੇ ਭਲੇ ਲਈ ਹੁੰਦਾ ਹੈ। ਨਿਰਮਲ ਭਉ ਨਾਲ ਆਪਸੀ ਸਾਂਝ ਪੈਦਾ ਹੁੰਦੀ ਹੈ। ਅਕਾਲ ਪੁਰਖੁ ਦੇ ਗੁਣ ਗਾਇਨ ਕਰਨ ਨਾਲ ਤੇ ਉਸ ਦੇ ਹੁਕਮੁ ਅਨੁਸਾਰ ਚਲਣ ਨਾਲ, ਜੀਵ ਇਸਤ੍ਰੀ ਦਾ ਅਕਾਲ ਪੁਰਖੁ ਪ੍ਰਤੀ ਨਿਰਮਲ ਭਉ ਪੈਦਾ ਹੁੰਦਾ ਹੈ। ਅਕਾਲ ਪੁਰਖੁ (ਪਤੀ) ਵਾਸਤੇ ਆਦਰ-ਸਤਿਕਾਰ ਪੈਦਾ ਹੁੰਦਾ ਹੈ, ਉਹ ਅਕਾਲ ਪੁਰਖੁ ਨੂੰ ਆਪਣੇ ਅੰਗ ਸੰਗ ਵੱਸਦਾ ਵੇਖਦੀ ਹੈ। ਉਸ ਨੂੰ ਯਕੀਨ ਹੋ ਜਾਂਦਾ ਹੈ ਕਿ ਇਹ ਸਾਰਾ ਜਗਤ ਅਕਾਲ ਪੁਰਖੁ ਦਾ ਆਪਣਾ ਪਸਾਰਾ ਹੈ, ਤੇ ਉਹ ਮਾਲਕ ਸਭ ਜੀਵਾਂ ਵਿੱਚ ਆਪ ਵਿਆਪਕ ਹੋ ਕੇ ਵਿਚਰ ਰਿਹਾ ਹੈ। ਜੀਵ ਇਸਤ੍ਰੀ ਨੂੰ ਸਬਦ ਦੁਆਰਾ ਸੋਝੀ ਆ ਜਾਂਦੀ ਹੈ, ਤੇ ਉਸ ਨੂੰ ਆਪਣੇ ਅੰਦਰ ਅਤੇ ਬਾਹਰ, ਸਾਰੇ ਜਗਤ ਵਿਚ, ਸਿਰਫ਼ ਅਕਾਲ ਪੁਰਖੁ ਹੀ ਵੱਸਦਾ ਦਿਖਾਈ ਦਿੰਦਾ ਹੈ। ਸਾਧ ਸੰਗਤਿ ਵਿੱਚ ਮਿਲ ਬੈਠ ਕੇ ਉਹ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੇ ਗੀਤ ਗਾਉਂਦੀ ਰਹਿੰਦੀ ਹੈ। ਗੁਰੂ ਦੀ ਸਰਨ ਪੈ ਕੇ, ਹਉਮੈ ਦੂਰ ਕਰਕੇ, ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੇ ਗੀਤ ਗਾਣੇ ਅਤੇ ਉਸ ਨੂੰ ਸਰਬ ਵਿਆਪਕ ਵੇਖਣਾ, ਅਕਾਲ ਪੁਰਖੁ ਨੇ ਜੀਵ ਇਸਤ੍ਰੀ ਦੇ ਵਿਆਹ ਦੀ ਇਹ ਦੂਜੀ ਲਾਂਵ ਤੋਰ ਦਿੱਤੀ ਹੈ। ਇਸ ਆਤਮਕ ਅਵਸਥਾ ਤਕ ਪਹੁੰਚ ਕੇ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੀ ਸੱਚੀ ਬਾਣੀ, ਜੀਵ ਇਸਤ੍ਰੀ ਦੇ ਹਿਰਦੇ ਅੰਦਰ ਅਨਹਦ ਸਬਦ ਵਜਾ ਦਿੰਦੀ ਹੈ।

ਹਰਿ ਦੂਜੜੀ ਲਾਵ ਸਤਿਗੁਰੁ ਪੁਰਖੁ ਮਿਲਾਇਆ ਬਲਿ ਰਾਮ ਜੀਉ॥ ਨਿਰਭਉ ਭੈ ਮਨੁ ਹੋਇ ਹਉਮੈ ਮੈਲੁ ਗਵਾਇਆ ਬਲਿ ਰਾਮ ਜੀਉ॥ ਨਿਰਮਲੁ ਭਉ ਪਾਇਆ ਹਰਿ ਗੁਣ ਗਾਇਆ ਹਰਿ ਵੇਖੈ ਰਾਮੁ ਹਦੂਰੇ॥ ਹਰਿ ਆਤਮ ਰਾਮੁ ਪਸਾਰਿਆ ਸੁਆਮੀ ਸਰਬ ਰਹਿਆ ਭਰਪੂਰੇ॥ ਅੰਤਰਿ ਬਾਹਰਿ ਹਰਿ ਪ੍ਰਭੁ ਏਕੋ ਮਿਲਿ ਹਰਿ ਜਨ ਮੰਗਲ ਗਾਏ॥ ਜਨ ਨਾਨਕ ਦੂਜੀ ਲਾਵ ਚਲਾਈ ਅਨਹਦ ਸਬਦ ਵਜਾਏ॥ ੨॥ (੭੭੪)

ਸਤਿਗੁਰ ਦੇ ਸਬਦ ਦੁਆਰਾ ਜੀਵ ਇਸਤ੍ਰੀ ਅਨਹਦ ਨਾਦ ਦੀ ਅਵਸਥਾ ਵੱਲ ਜਾਂਦੀ ਹੈ, ਫਿਰ ਉਸ ਦੇ ਅੰਦਰ ਆਤਮਕ ਗਿਆਨ ਪੈਦਾ ਹੋਣਾਂ ਸ਼ੁਰੂ ਹੋ ਜਾਂਦਾ ਹੈ, ਭਾਵ ਜੀਵ ਇਸਤ੍ਰੀ ਗਿਆਨ ਖੰਡ ਵਿੱਚ ਪ੍ਰਵੇਸ਼ ਕਰਦੀ ਹੈ। ਅਕਾਲ ਪੁਰਖ ਦੀ ਵਿਸ਼ਾਲਤਾ, ਬੇਅੰਤ ਕੁਦਰਤ ਦੀ ਰਚਨਾਂ ਬਾਰੇ ਸਮਝ ਆ ਜਾਂਦੀ ਹੈ। ਅੱਜ ਦੀ ਸਾਇੰਸ ਵੀ ਗਿਆਨ ਦੀ ਗੱਲ ਕਰਦੀ ਹੈ ਤੇ ਗੁਰਮਤਿ ਵੀ ਗਿਆਨ ਬਾਰੇ ਸਮਝਾਂਉਂਦੀ ਹੈ। ਫਰਕ ਸਿਰਫ ਇਤਨਾਂ ਹੈ ਕਿ ਸਾਇੰਸ ਪਦਾਰਥ ਤਕ ਸੀਮਿਤ ਹੈ, ਪਰ ਗੁਰਮਤਿ ਦੁਨੀਆ ਵਿੱਚ ਵਿਚਰਨ ਦੇ ਨਾਲ ਮਨ ਦੇ ਗਿਆਨ ਬਾਰੇ ਵੀ ਸੋਝੀ ਦਿੰਦੀ ਹੈ ਤਾਂ ਜੋ ਜੀਵਨ ਵਿੱਚ ਖੇੜਾ ਤੇ ਅਨੰਦ ਆ ਸਕੇ।

ਧਰਮ ਖੰਡ ਕਾ ਏਹੋ ਧਰਮੁ॥ ਗਿਆਨ ਖੰਡ ਕਾ ਆਖਹੁ ਕਰਮੁ॥ ਕੇਤੇ ਪਵਣ ਪਾਣੀ ਵੈਸੰਤਰ ਕੇਤੇ ਕਾਨ ਮਹੇਸ॥ ਕੇਤੇ ਬਰਮੇ ਘਾੜਤਿ ਘੜੀਅਹਿ ਰੂਪ ਰੰਗ ਕੇ ਵੇਸ॥ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ॥ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ॥ ਕੇਤੇ ਸਿਧ ਬੁਧ ਨਾਥ ਕੇਤੇ ਕੇਤੇ ਦੇਵੀ ਵੇਸ॥ ਕੇਤੇ ਦੇਵ ਦਾਨਵ ਮੁਨਿ ਕੇਤੇ ਕੇਤੇ ਰਤਨ ਸਮੁੰਦ॥ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ॥ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤੁ ਨ ਅੰਤੁ॥ ੩੫ ॥ (ਪੰਨਾ ੭-੮)

ਜਦੋਂ ਗੁਰ ਸਬਦ ਦੁਆਰਾ ਜੀਵ ਇਸਤ੍ਰੀ ਨੂੰ ਸੋਝੀ ਆ ਜਾਂਦੀ ਹੈ, ਤਾਂ ਫਿਰ ਉਸ ਦਾ ਇਸ ਅਵਸਥਾ ਤੋਂ ਵਾਪਿਸ, ਮਾਇਆ ਵੱਲ ਜਾਣ ਦਾ ਕਦੀ ਚਿਤ ਨਹੀਂ ਕਰਦਾ। ਅੱਜ ਦੀ ਪਨੀਰੀ ਦਾ ਸਿੱਖੀ ਤੋਂ ਟੁਟਣ ਦਾ ਕਾਰਨ ਇਹੀ ਹੈ ਕਿ ਅਸੀਂ ਧਰਮ ਖੰਡ ਵਿੱਚ ਤਾਂ ਜਾਂਦੇ ਹਾਂ, ਪਹਿਲੀ ਲਾਂਵ ਵਿੱਚ ਪ੍ਰਵੇਸ਼ ਤਾਂ ਕਰਦੇ ਹਾਂ, ਪਰ ਸਬਦ ਗੁਰੂ ਦਾ ਗਿਆਨ ਨਹੀਂ ਲੈਂਦੇ, ਦੂਸਰੀ ਲਾਂਵ ਵਿੱਚ ਪ੍ਰਵੇਸ਼ ਨਹੀਂ ਕਰਦੇ, ਜਿਸ ਕਰਕੇ ਭਟਕ ਜਾਂਦੇ ਹਾਂ। ਡੇਰੇ ਵਾਲਿਆਂ ਨੇ ਆਪਣਾ ਧੰਦਾ ਚਲਾਉਂਣਾ ਹੁੰਦਾ ਹੈ, ਇਸ ਲਈ ਉਹ ਕਦੇ ਵੀ ਨਹੀਂ ਚਾਹੁੰਦੇ ਕਿ ਸੱਚ ਦਾ ਗਿਆਨ ਮਿਲੇ, ਉਹ ਲੋਕਾਂ ਨੂੰ ਕੱਚੀ ਬਾਣੀ, ਕਰਾਮਾਤੀ ਕਹਾਣੀਆਂ, ਸਾਜ਼ਾ, ਗੀਤਾਂ, ਦਿਨ ਦਿਹਾਰ, ਮੱਸਿਆ ਸੰਗਰਾਦ ਤੇ ਕਰਮ ਕਾਂਡਾਂ ਵਿੱਚ ਉਲਝਾਈ ਰੱਖਦੇ ਹਨ, ਤਾਂ ਜੋ ਅਸੀਂ ਅਸਲੀ ਗਿਆਨ ਬਾਰੇ ਨਾ ਤਾਂ ਸੋਚੀਏ ਤੇ ਨਾ ਹੀ ਉਸ ਪਾਸੇ ਵਾਲੇ ਜਾਈਏ। ਬਹੁਤ ਸਾਰੇ ਗੁਰਦੁਆਰਿਆ ਦੇ ਪ੍ਰਬੰਧਕ ਵੀ ਆਪਣੀ ਕੁਰਸੀ ਕਾਇਮ ਰੱਖਣ ਲਈ ਸੰਗਤ ਨੂੰ ਸਬਦ ਗੁਰੂ ਦੇ ਗਿਆਨ ਤੋਂ ਦੂਰ ਹੀ ਰੱਖਦੇ ਹਨ ਤੇ ਰਵਾਇਤਾਂ ਵਿੱਚ ਉਲਝਾਈ ਰੱਖਦੇ ਹਨ। ਇਹੀ ਕਾਰਨ ਹੈ ਕਿ ਗੁਰਦੁਆਰਾ ਸਾਹਿਬ ਦੇ ਹਾਲ ਵਿੱਚ ੪੦ ਸਾਲ ਤੋਂ ਘੱਟ ਵਾਲਾ ਕੋਈ ਵਿਰਲਾ ਹੀ ਦਿਖਾਈ ਦਿੰਦਾਂ ਹੈ। ਜਿਸ ਕਰਕੇ ਅੱਜ ਦੀ ਪਨੀਰੀ ਸਿੱਖੀ ਤੋਂ ਪਤਿਤ ਹੋ ਰਹੀ ਹੈ।

ਜਿਸ ਤਰ੍ਹਾਂ ਮੂੰਹ ਦੇ ਵਿੱਚ ਮਿਠਾਈ ਆ ਜਾਵੇ ਤਾਂ ਕਿਸੇ ਦਾ ਕਢਣ ਦਾ ਜੀ ਨਹੀਂ ਕਰਦਾ, ਠੀਕ ਇਸੇ ਤਰ੍ਹਾਂ ਜੇ ਕਰ ਮਨ ਅੰਦਰ ਗਿਆਨ ਆ ਜਾਵੇ, ਸੋਝੀ ਆ ਜਾਵੇ ਤਾਂ ਕਿਸੇ ਦਾ ਵਿਕਾਰਾਂ ਵੱਲ ਜਾਣ ਦਾ ਜੀਅ ਨਹੀਂ ਕਰਦਾ। ਇਹੀ ਅਵੱਸਥਾ ਉਸ ਜੀਵ ਇਸਤ੍ਰੀ ਦੀ ਹੁੰਦੀ ਹੈ, ਜਿਸ ਨੇ ਦੂਜੀ ਲਾਂਵ ਅੰਦਰ ਪ੍ਰਵੇਸ਼ ਕਰ ਲਿਆ ਹੈ, ਫਿਰ ਉਸ ਦੀ ਤੀਬਰ ਇਛਾ ਹੁੰਦੀ ਹੈ ਕਿ ਅਕਾਲ ਪੁਰਖੁ ਦਾ ਮਿਲਾਪ ਹੋ ਜਾਵੇ।

ਦੂਜੀ ਲਾਂਵ ਤੋਂ ਬਾਅਦ ਤਾਂ ਜੀਵ ਇਸਤ੍ਰੀ ਦੇ ਮਨ ਵਿੱਚ ਇਹੀ ਭਾਵਨਾਂ ਹੁੰਦੀ ਹੈ ਕਿ ਹੇ ਅਕਾਲ ਪੁਰਖੁ ਮੈਂ ਤੈਥੋਂ ਸਦਕੇ ਜਾਂਦੀ ਹਾਂ, ਤੇਰੀ ਮਿਹਰ ਸਦਕਾ ਵੈਰਾਗਵਾਨਾਂ ਦੇ ਮਨ ਵਿੱਚ ਤੇਰੇ ਮਿਲਾਪ ਲਈ ਚਾਅ ਪੈਦਾ ਹੁੰਦਾ ਹੈ। ਇਹ ਆਤਮਕ ਅਵਸਥਾ ਅਕਾਲ ਪੁਰਖੁ ਨਾਲ ਜੀਵ ਇਸਤ੍ਰੀ ਦੇ ਵਿਆਹ ਦੀ ਤੀਜੀ ਸੋਹਣੀ ਲਾਂਵ ਹੈ। ਜਿਨ੍ਹਾਂ ਵੱਡੇ ਭਾਗਾਂ ਵਾਲਿਆ ਨੂੰ ਗੁਰਮੁਖਾਂ ਦੀ ਸੰਗਤ ਨਾਲ ਅਕਾਲ ਪੁਰਖੁ ਦਾ ਮਿਲਾਪ ਹਾਸਲ ਹੁੰਦਾ ਹੈ, ਉਹ ਮਨੁੱਖ ਮੂੰਹ ਨਾਲ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੀ ਬਾਣੀ ਉਚਾਰਦੇ ਰਹਿੰਦੇ ਹਨ, ਸਦਾ ਅਕਾਲ ਪੁਰਖੁ ਦੇ ਗੁਣ ਗਾਇਨ ਕਰਦੇ ਰਹਿੰਦੇ ਹਨ, ਇਸ ਤਰ੍ਹਾਂ ਕਰਨ ਨਾਲ ਉਹ ਮਨੁੱਖ, ਨਿਰਮਲ ਅਕਾਲ ਪੁਰਖੁ ਨੂੰ, ਭਾਵ ਉਹ ਅਕਾਲ ਪੁਰਖੁ ਜਿਸ ਦੇ ਅੰਦਰ ਕੋਈ ਮੈਲ ਨਹੀਂ, ਦਾ ਮਿਲਾਪ ਪ੍ਰਾਪਤ ਕਰ ਲੈਂਦੇ ਹਨ। ਵੱਡੇ ਭਾਗਾਂ ਵਾਲੇ ਮਨੁੱਖ ਹੀ ਗੁਰਮੁਖਾਂ ਦੀ ਸੰਗਤ ਨਾਲ ਅਕਾਲ ਪੁਰਖੁ ਦਾ ਮਿਲਾਪ ਪ੍ਰਾਪਤ ਕਰਦੇ ਹਨ, ਇਸ ਲਈ ਉਸ ਅਕੱਥ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਦੇ ਰਹਿਣਾ ਚਾਹੀਦਾ ਹੈ। ਜਿਹੜਾ ਮਨੁੱਖ ਗੁਰਬਾਣੀ ਦੁਆਰਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਦਾ ਰਹਿੰਦਾ ਹੈ, ਉਸ ਦੇ ਹਿਰਦੇ ਵਿੱਚ ਸਦਾ ਟਿਕੀ ਰਹਿਣ ਵਾਲੀ ਅਕਾਲ ਪੁਰਖੁ ਦੇ ਪ੍ਰੇਮ ਦੀ ਧੁੰਨ ਪੈਦਾ ਹੁੰਦੀ ਰਹਿੰਦੀ ਹੈ। ਅਕਾਲ ਪੁਰਖੁ ਦਾ ਨਾਮੁ ਤਾਂ ਹੀ ਜਪਿਆ ਜਾ ਸਕਦਾ ਹੈ, ਜੇ ਕਰ ਮੱਥੇ ਉੱਤੇ ਚੰਗੇ ਭਾਗ ਲਿਖੇ ਹੋਣ, ਅਕਾਲ ਪੁਰਖੁ ਦੀ ਮਿਹਰ ਹੋ ਜਾਵੇ। ਗੁਰੂ ਸਾਹਿਬ ਸਾਨੂੰ ਇਹੀ ਸਮਝਾ ਰਹੇ ਹਨ ਕਿ ਜੀਵ ਇਸਤ੍ਰੀ ਦੇ ਵਿਆਹ ਦੀ ਤੀਜੀ ਲਾਂਵ ਸਮੇਂ ਉਸ ਦੇ ਮਨ ਵਿੱਚ ਅਕਾਲ ਪੁਰਖੁ ਦੇ ਮਿਲਾਪ ਲਈ ਤੀਬਰ ਇਛਾ ਪੈਦਾ ਹੋ ਜਾਂਦੀ ਹੈ।

ਹਰਿ ਤੀਜੜੀ ਲਾਵ ਮਨਿ ਚਾਉ ਭਇਆ ਬੈਰਾਗਿਆ ਬਲਿ ਰਾਮ ਜੀਉ॥ ਸੰਤ ਜਨਾ ਹਰਿ ਮੇਲੁ ਹਰਿ ਪਾਇਆ ਵਡਭਾਗੀਆ ਬਲਿ ਰਾਮ ਜੀਉ॥ ਨਿਰਮਲੁ ਹਰਿ ਪਾਇਆ ਹਰਿ ਗੁਣ ਗਾਇਆ ਮੁਖਿ ਬੋਲੀ ਹਰਿ ਬਾਣੀ॥ ਸੰਤ ਜਨਾ ਵਡਭਾਗੀ ਪਾਇਆ ਹਰਿ ਕਥੀਐ ਅਕਥ ਕਹਾਣੀ॥ ਹਿਰਦੈ ਹਰਿ ਹਰਿ ਹਰਿ ਧੁਨਿ ਉਪਜੀ ਹਰਿ ਜਪੀਐ ਮਸਤਕਿ ਭਾਗੁ ਜੀਉ॥ ਜਨੁ ਨਾਨਕੁ ਬੋਲੇ ਤੀਜੀ ਲਾਵੈ ਹਰਿ ਉਪਜੈ ਮਨਿ ਬੈਰਾਗੁ ਜੀਉ॥ ੩॥ (੭੭੪)

ਗੁਰਮੁਖਾਂ ਦੀ ਸੰਗਤ ਤੇ ਗੁਰਬਾਣੀ ਦੁਆਰਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਸਦਕਾ ਤੀਜੀ ਲਾਂਵ ਸਮੇਂ, ਜੀਵ ਇਸਤ੍ਰੀ ਦੇ ਮਨ ਵਿੱਚ ਅਕਾਲ ਪੁਰਖੁ ਦੇ ਮਿਲਾਪ ਲਈ “ਹਰਿ ਉਪਜੈ ਮਨਿ ਬੈਰਾਗੁ ਜੀਉ” ਦੀ ਅਵਸਥਾ ਪੈਦਾ ਹੋ ਜਾਂਦੀ ਹੈ। ਜਦੋਂ ਤੀਜੀ ਲਾਂਵ ਜਾਂ ਸਰਮ ਖੰਡ ਦੀ ਅਵਸਥਾ ਵਿੱਚ, ਜੀਵ ਇਸਤ੍ਰੀ ਦੇ ਮਨ ਵਿੱਚ ਬੈਰਾਗ ਪੈਦਾ ਹੋ ਜਾਂਦਾ ਹੈ, ਤਾਂ ਫਿਰ ਸੰਸਾਰੀ ਮਾਇਆ ਦਾ ਕੋਈ ਪ੍ਰਭਾਵ ਨਹੀਂ ਰਹਿ ਜਾਂਦਾ।

ਗਿਆਨ ਖੰਡ ਵਿੱਚ ਅਕਾਲ ਪੁਰਖੁ ਦੀ ਵਿਸ਼ਾਲਤਾ ਬਾਰੇ ਪਤਾ ਲਗ ਜਾਂਦਾ ਹੈ, ਤੇ ਸਰਮ ਖੰਡ ਵਿੱਚ ਅਕਾਲ ਪੁਰਖੁ ਦੀ ਬਨਾਵਟ ਤੇ ਸੁੰਦਰਤਾ ਬਾਰੇ ਅਨੁਭਵ ਹੋ ਜਾਂਦਾ ਹੈ, ਤੇ ਮਨ ਦੀ ਬਹੁਤ ਸੁੰਦਰ ਘਾੜਤ ਘੜੀ ਜਾਂਦੀ ਹੈ। ਇਸ ਅਵਸਥਾ ਦੀਆਂ ਗੱਲਾ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ ਹਨ। ਜੇ ਕੋਈ ਮਨੁੱਖ ਬਿਆਨ ਕਰਦਾ ਹੈ ਤਾਂ ਪਿੱਛੋ ਪਛਤਾਉਂਦਾ ਹੈ, ਕਿਉਂਕਿ ਉਹ ਬਿਆਨ ਕਰਨ ਤੋਂ ਅਸਮਰਥ ਰਹਿੰਦਾ ਹੈ। ਇਸ ਉੱਦਮ ਤੇ ਮਿਹਨਤ ਵਾਲੀ ਅਵਸਥਾ ਵਿੱਚ ਮਨੁੱਖ ਦੀ ਸੁਰਤਿ ਤੇ ਮਤਿ ਘੜੀ ਜਾਂਦੀ ਹੈ, ਭਾਵ ਸੁਰਤਿ ਅਤੇ ਮਤ ਉੱਚੀ ਹੋ ਜਾਂਦੀ ਹੈ ਅਤੇ ਮਨ ਵਿੱਚ ਜਾਗ੍ਰਤੀ ਪੈਦਾ ਹੋ ਜਾਂਦੀ ਹੈ। ਸਰਮ ਖੰਡ ਦੀ ਅਵਸਥਾ ਵਿੱਚ ਮਨੁੱਖ ਦੀ ਅਕਲ ਦੇਵਤਿਆਂ ਅਤੇ ਸਿਧਾ ਵਾਲੀ ਬਣ ਜਾਂਦੀ ਹੈ।

ਗਿਆਨ ਖੰਡ ਮਹਿ ਗਿਆਨੁ ਪਰਚੰਡੁ॥ ਤਿਥੈ ਨਾਦ ਬਿਨੋਦ ਕੋਡ ਅਨੰਦੁ॥ ਸਰਮ ਖੰਡ ਕੀ ਬਾਣੀ ਰੂਪੁ॥ ਤਿਥੈ ਘਾੜਤਿ ਘੜੀਐ ਬਹੁਤੁ ਅਨੂਪੁ॥ ਤਾ ਕੀਆ ਗਲਾ ਕਥੀਆ ਨਾ ਜਾਹਿ॥ ਜੇ ਕੋ ਕਹੈ ਪਿਛੈ ਪਛੁਤਾਇ॥ ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ॥ ਤਿਥੈ ਘੜੀਐ ਸੁਰਾ ਸਿਧਾ ਕੀ ਸੁਧਿ॥ ੩੬ ॥ (੮)

ਜਿਸ ਜੀਵ ਇਸਤ੍ਰੀ ਦੇ ਅੰਦਰ ਪਤੀ (ਅਕਾਲ ਪੁਰਖੁ) ਦੇ ਮਿਲਾਪ ਲਈ ਤੀਬਰ ਇਛਾ ਹੁੰਦੀ ਹੈ, ਉਹ ਆਪਣੇ ਪਤੀ ਤੋਂ ਸਦਕੇ ਜਾਂਦੀ ਹੈ। ਅਕਾਲ ਪੁਰਖੁ ਦੀ ਮੇਹਰ ਨਾਲ, ਜਿਸ ਜੀਵ ਇਸਤ੍ਰੀ ਦੇ ਮਨ ਵਿੱਚ ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ, ਉਸ ਨੂੰ ਅਕਾਲ ਪੁਰਖੁ ਦਾ ਮਿਲਾਪ ਹੋ ਜਾਂਦਾ ਹੈ, “ਹਰਿ ਪਾਇਆ ਪ੍ਰਭੁ ਅਵਿਨਾਸੀ”। ਇਹ ਆਤਮਕ ਅਵਸਥਾ ਅਕਾਲ ਪੁਰਖੁ ਨਾਲ ਜੀਵ ਇਸਤ੍ਰੀ ਦੇ ਮਿਲਾਪ ਦੀ ਚੌਥੀ ਸੋਹਣੀ ਲਾਂਵ ਹੈ। ਗੁਰੂ ਦੀ ਸਰਨ ਪੈ ਕੇ ਜੀਵ ਇਸਤ੍ਰੀ ਦੇ ਅੰਦਰ ਅਕਾਲ ਪੁਰਖੁ ਵਰਗੇ ਗੁਣ ਪੈਦਾ ਹੋ ਜਾਂਦੇ ਹਨ, ਤੇ ਸੁਭਾਅ ਅਕਾਲ ਪੁਰਖੁ ਵਰਗਾ ਹੋ ਜਾਂਦਾ ਹੈ। ਉਸ ਦੇ ਮਨ ਤੇ ਤਨ ਨੂੰ ਅਕਾਲ ਪੁਰਖੁ ਪਿਆਰਾ ਲੱਗਣ ਲੱਗ ਪੈਂਦਾ ਹੈ। ਜਿਸ ਜੀਵ ਇਸਤ੍ਰੀ ਨੂੰ ਅਕਾਲ ਪੁਰਖੁ ਪਿਆਰਾ ਲੱਗਣ ਲੱਗ ਪੈਂਦਾ ਹੈ, ਅਕਾਲ ਪੁਰਖੁ ਨੂੰ ਉਹ ਜੀਵ ਇਸਤ੍ਰੀ ਪਿਆਰੀ ਲੱਗਣ ਲੱਗ ਪੈਂਦੀ ਹੈ, ਫਿਰ ਉਹ ਜੀਵ ਇਸਤ੍ਰੀ ਅਕਾਲ ਪੁਰਖੁ ਦੀ ਯਾਦ ਵਿੱਚ ਆਪਣੀ ਸੁਰਤਿ, ਹਰ ਵੇਲੇ ਜੋੜੀ ਰੱਖਦੀ ਹੈ। ਅਕਾਲ ਪੁਰਖੁ ਦੇ ਪ੍ਰੇਮ ਵਿੱਚ ਟਿਕ ਕੇ, ਜਿਸ ਜੀਵ ਇਸਤ੍ਰੀ ਨੂੰ ਅਕਾਲ ਪੁਰਖੁ ਮਿਲ ਪੈਂਦਾ ਹੈ, ਉਹ ਮਨ ਚਾਹਿਆ ਫਲ ਪ੍ਰਾਪਤ ਕਰ ਲੈਂਦੀ ਹੈ। ਵਿਆਹ ਦੀ ਚੌਥੀ ਲਾਂਵ ਵਿੱਚ ਅਕਾਲ ਪੁਰਖੁ ਦੇ ਨਾਮੁ ਦੀ ਮਿਹਰ ਸਦਕਾ, ਜੀਵ ਇਸਤ੍ਰੀ ਨੂੰ ਅਸਲੀ ਵਾਧਾਈ ਮਿਲਦੀ ਹੈ, ਜਿਸ ਦਾ ਜਿਕਰ ਆਨੰਦ ਸਾਹਿਬ ਦੀ ਪਹਿਲੀ ਪਉੜੀ ਵਿੱਚ ਕੀਤਾ ਗਿਆ ਹੈ। ਜੀਵ ਇਸਤ੍ਰੀ ਦੀ ਸਦੀਵੀ ਅਨੰਦ ਵਾਲੀ ਅਵਸਥਾ ਬਣ ਜਾਂਦੀ ਹੈ, ਉਹ ਦੇ ਹਿਰਦੇ ਅੰਦਰ ਹਮੇਸ਼ਾਂ ਖੇੜਾ ਬਣਿਆ ਰਹਿੰਦਾ ਹੈ ਤੇ ਉਹ ਸਦਾ ਚੜ੍ਹਦੀ ਕਲਾ ਵਿੱਚ ਰਹਿੰਦੀ ਹੈ। ਅਕਾਲ ਪੁਰਖੁ ਨੇ ਜਿਸ ਜੀਵ ਇਸਤ੍ਰੀ ਦੇ ਵਿਆਹ ਦਾ ਕਾਰਜ ਰਚਾਇਆ ਹੈ, ਉਹ ਜੀਵ ਇਸਤ੍ਰੀ ਅਕਾਲ ਪੁਰਖੁ ਦੇ ਨਾਮੁ ਦੀ ਬਰਕਤਿ ਨਾਲ ਹਮੇਸ਼ਾਂ ਆਨੰਦ ਦੀ ਅਵਸਥਾ ਵਿੱਚ ਰਹਿੰਦੀ ਹੈ। ਵਿਆਹ ਦੀ ਚੌਥੀ ਲਾਂਵ ਸਮੇਂ ਜੀਵ ਇਸਤ੍ਰੀ ਕਦੇ ਨਾਸ ਨਾ ਹੋਣ ਵਾਲੇ ਅਕਾਲ ਪੁਰਖੁ ਦਾ ਮਿਲਾਪ ਪ੍ਰਾਪਤ ਕਰ ਲੈਂਦੀ ਹੈ।

ਹਰਿ ਚਉਥੜੀ ਲਾਵ ਮਨਿ ਸਹਜੁ ਭਇਆ ਹਰਿ ਪਾਇਆ ਬਲਿ ਰਾਮ ਜੀਉ॥ ਗੁਰਮੁਖਿ ਮਿਲਿਆ ਸੁਭਾਇ ਹਰਿ ਮਨਿ ਤਨਿ ਮੀਠਾ ਲਾਇਆ ਬਲਿ ਰਾਮ ਜੀਉ॥ ਹਰਿ ਮੀਠਾ ਲਾਇਆ ਮੇਰੇ ਪ੍ਰਭ ਭਾਇਆ ਅਨਦਿਨੁ ਹਰਿ ਲਿਵ ਲਾਈ॥ ਮਨ ਚਿੰਦਿਆ ਫਲੁ ਪਾਇਆ ਸੁਆਮੀ ਹਰਿ ਨਾਮਿ ਵਜੀ ਵਾਧਾਈ॥ ਹਰਿ ਪ੍ਰਭਿ ਠਾਕੁਰਿ ਕਾਜੁ ਰਚਾਇਆ ਧਨ ਹਿਰਦੈ ਨਾਮਿ ਵਿਗਾਸੀ॥ ਜਨੁ ਨਾਨਕੁ ਬੋਲੇ ਚਉਥੀ ਲਾਵੈ ਹਰਿ ਪਾਇਆ ਪ੍ਰਭੁ ਅਵਿਨਾਸੀ॥ ੪॥ ੨॥ (੭੭੪)

ਗੁਰਬਾਣੀ ਦੁਆਰਾ ਅਕਾਲ ਪੁਰਖੁ ਦਾ ਨਾਮੁ ਯਾਦ ਰੱਖਣ ਨਾਲ ਜੀਵ ਇਸਤ੍ਰੀ ਸਹਿਜ ਅਵਸਥਾ (ਪਹਿਲੀ ਲਾਂਵ) ਵੱਲ ਜਾ ਸਕਦੀ ਹੈ। ਗੁਰੂ ਦੀ ਸ਼ਰਨ ਪੈ ਕੇ, ਹਊਮੈਂ ਦੂਰ ਕਰਕੇ, ਅਕਾਲ ਪੁਰਖੁ ਦੀ ਸਿਫਤਿ ਸਾਲਾਹ ਦੇ ਗੀਤ ਗਾ ਕੇ, ਤੇ ਅਕਾਲ ਪੁਰਖੁ ਨੂੰ ਸਰਬ ਵਿਆਪਕ ਵੇਖ ਕੇ, ਅਨਹਦ ਸਬਦ ਦੀ ਆਤਮਕ ਅਵਸਥਾ (ਦੂਸਰੀ ਲਾਂਵ) ਤਕ ਪਹੁੰਚ ਸਕਦੀ ਹੈ। ਅਕਾਲ ਪੁਰਖੁ ਸਿਫ਼ਤਿ-ਸਾਲਾਹ ਦੀ ਬਾਣੀ ਵਿੱਚ ਐਸੀ ਖਿਚ ਹੈ, ਕਿ ਉਹ ਆਪਣੇ ਆਪ ਜੀਵ ਇਸਤ੍ਰੀ ਦੇ ਮਨ ਵਿਚ, ਅਕਾਲ ਪੁਰਖੁ ਦੇ ਮਿਲਾਪ ਲਈ ਤੀਬਰ ਇਛਾ (ਤੀਜੀ ਲਾਂਵ) ਪੈਦਾ ਕਰ ਦਿੰਦੀ ਹੈ। ਹੁਣ ਜੇ ਕਰ ਅੰਦਰ ਅਕਾਲ ਪੁਰਖੁ ਮਿਲਾਪ ਲਈ ਤੀਬਰ ਇਛਾ ਹੈ ਤਾਂ ਜੀਵ ਇਸਤ੍ਰੀ ਕਦੇ ਨਾ ਨਾਸ ਹੋਣ ਵਾਲੇ ਅਕਾਲ ਪੁਰਖੁ ਦਾ ਮਿਲਾਪ (ਚੌਥੀ ਲਾਂਵ) ਪ੍ਰਾਪਤ ਕਰ ਲੈਂਦੀ ਹੈ।

ਜੇ ਕਰ ਮਨ ਅੰਦਰ ਗਿਆਨ (ਗਿਆਨ ਖੰਡ) ਅਤੇ ਉੱਦਮ (ਸਰਮ ਖੰਡ) ਆ ਗਿਆ ਤਾਂ ਬਖਸ਼ਸ (ਕਰਮ ਖੰਡ) ਆਪਣੇ ਆਪ ਹੋ ਜਾਂਦੀ ਹੈ। ਕਰਮ ਖੰਡ ਵਾਲੀ ਅਵਸਥਾ ਦੀ ਵਿੱਚ ਆਤਮਕ ਬਲ ਪੈਦਾ ਹੋ ਜਾਂਦਾ ਹੈ। , ਭਾਵ ਜਦੋਂ ਮਨੁੱਖ ਉੱਤੇ ਅਕਾਲ ਪੁਰਖ ਦੀ ਮਿਹਰ ਦੀ ਨਜ਼ਰ ਹੁੰਦੀ ਹੈ, ਤਾਂ ਉਸ ਅੰਦਰ ਅਜਿਹਾ ਬਲ ਪੈਦਾ ਹੁੰਦਾ ਹੈ, ਕਿ ਕਿਸੇ ਤਰ੍ਹਾਂ ਦੇ ਵਿਕਾਰ ਉਸ ਉੱਤੇ ਆਪਣਾ ਪਰਭਾਵ ਨਹੀਂ ਪਾ ਸਕਦੇ, ਕਿਉਂਕਿ ਉਸ ਅਵਸਥਾ ਵਿੱਚ ਮਨੁੱਖ ਦੇ ਅੰਦਰ ਅਕਾਲ ਪੁਰਖ ਤੋਂ ਬਿਨਾ ਕੋਈ ਦੂਜਾ ਹੋਰ ਕੋਈ ਨਹੀਂ ਰਹਿੰਦਾ। ਉਸ ਅਵਸਥਾ ਵਿੱਚ ਜੋ ਮਨੁੱਖ ਹਨ, ਉਹ ਜੋਧੇ, ਮਹਾਂਬਲੀ ਤੇ ਸੂਰਮੇ ਹਨ, ਉਨ੍ਹਾਂ ਦੇ ਰੋਮ ਰੋਮ ਵਿੱਚ ਅਕਾਲ ਪੁਰਖ ਵੱਸ ਰਿਹਾ ਹੈ। ਉਸ ਅਵਸਥਾ ਵਿੱਚ ਅੱਪੜੇ ਹੋਏ ਮਨੁੱਖ ਦਾ ਮਨ ਪੂਰਨ ਤੌਰ ਤੇ ਅਕਾਲ ਪੁਰਖ ਦੀ ਵਡਿਆਈ ਵਿੱਚ ਪ੍ਰੋਇਆ ਰਹਿੰਦਾ ਹੈ। ਉਨ੍ਹਾਂ ਦੇ ਸਰੀਰ ਅਜਿਹੇ ਪਵਿਤਰ ਹੋ ਜਾਂਦੇ ਹਨ, ਕਿ ਉਨ੍ਹਾਂ ਦੇ ਸੋਹਣੇ ਰੂਪ ਵਰਨਣ ਨਹੀਂ ਕੀਤੇ ਜਾ ਸਕਦੇ। ਉਨ੍ਹਾਂ ਦੇ ਚਿਹਰੇ ਤੇ ਨੂਰ ਹੀ ਨੂਰ ਲਿਸ਼ਕਦਾ ਹੈ। ਜਿਨ੍ਹਾਂ ਦੇ ਮਨ ਵਿੱਚ ਅਕਾਲ ਪੁਰਖ ਵੱਸਦਾ ਹੈ, ਉਹ ਨਾ ਤਾਂ ਆਤਮਕ ਮੌਤ ਮਰਦੇ ਹਨ ਤੇ ਨਾ ਹੀ ਮਾਇਆ ਦੁਆਰਾ ਠੱਗੇ ਜਾ ਸਕਦੇ ਹਨ। ਉਸ ਅਵਸਥਾ ਵਿੱਚ ਕਈ ਭਵਨਾਂ ਦੇ ਭਗਤ ਜਨ ਵੱਸਦੇ ਹਨ, ਜੋ ਸਦਾ ਖਿੜੇ ਰਹਿੰਦੇ ਹਨ, ਕਿਉਂਕਿ ਉਹ ਸੱਚਾ ਅਕਾਲ ਪੁਰਖ ਉਨ੍ਹਾਂ ਦੇ ਮਨ ਵਿੱਚ ਮੌਜੂਦ ਹੈ।

ਕਰਮ ਖੰਡ ਕੀ ਬਾਣੀ ਜੋਰੁ॥ ਤਿਥੈ ਹੋਰੁ ਨ ਕੋਈ ਹੋਰੁ॥ ਤਿਥੈ ਜੋਧ ਮਹਾਬਲ ਸੂਰ॥ ਤਿਨ ਮਹਿ ਰਾਮੁ ਰਹਿਆ ਭਰਪੂਰ॥ ਤਿਥੈ ਸੀਤੋ ਸੀਤਾ ਮਹਿਮਾ ਮਾਹਿ॥ ਤਾ ਕੇ ਰੂਪ ਨ ਕਥਨੇ ਜਾਹਿ॥ ਨਾ ਓਹਿ ਮਰਹਿ ਨ ਠਾਗੇ ਜਾਹਿ॥ ਜਿਨ ਕੈ ਰਾਮੁ ਵਸੈ ਮਨ ਮਾਹਿ॥ ਤਿਥੈ ਭਗਤ ਵਸਹਿ ਕੇ ਲੋਅ॥ ਕਰਹਿ ਅਨੰਦੁ ਸਚਾ ਮਨਿ ਸੋਇ॥ (੮)

ਗੁਰਬਾਣੀ ਦਾ ਸੱਚਾ ਗਿਆਨ, ਉੱਦਮ ਅਤੇ ਅਕਾਲ ਪੁਰਖੁ ਦੀ ਬਖਸ਼ਸ, ਆਪਣੇ ਆਪ ਮਨੁੱਖ ਨੂੰ ਸਦੀਵੀ ਸੁਖ ਤੇ ਅਕਾਲ ਪੁਰਖ ਦੇ ਮਿਲਾਪ (ਸਚ ਖੰਡਿ) ਵੱਲ ਲੈ ਜਾਂਦੇ ਹਨ। ਸੱਚ ਖੰਡ ਵਿੱਚ ਭਾਵ, ਅਕਾਲ ਪੁਰਖ ਨਾਲ ਇੱਕ ਰੂਪ ਹੋਣ ਵਾਲੀ ਅਵਸਥਾ ਵਿੱਚ ਮਨੁੱਖ ਦੇ ਅੰਦਰ ਅਕਾਲ ਪੁਰਖ ਆਪ ਹੀ ਵੱਸਦਾ ਹੈ, ਜੋ ਸ੍ਰਿਸ਼ਟੀ ਰਚ ਰਚ ਕੇ ਆਪਣੀ ਮਿਹਰ ਦੀ ਨਜ਼ਰ ਨਾਲ ਉਸ ਦੀ ਸੰਭਾਲ ਵੀ ਕਰਦਾ ਹੈ। ਉਸ ਅਵਸਥਾ ਵਿੱਚ ਮਨੁੱਖ ਨੂੰ ਬੇਅੰਤ ਖੰਡ, ਬੇਅੰਤ ਮੰਡਲ, ਬੇਅੰਤ ਵਰਭੰਡ ਦਿਸਦੇ ਹਨ। ਇਤਨੇ ਬੇਅੰਤ ਬ੍ਰਹਿਮੰਡ ਦਿਸਦੇ ਹਨ, ਕਿ ਜੇ ਕੋਈ ਮਨੁੱਖ ਉਨ੍ਹਾਂ ਦਾ ਕਥਨ ਕਰਨ ਲੱਗੇ, ਉਨ੍ਹਾਂ ਦਾ ਅੰਤ ਨਹੀਂ ਪਾ ਸਕਦਾ। ਉਸ ਅਵਸਥਾ ਵਿੱਚ ਬੇਅੰਤ ਭਵਨ, ਲੋਕਾਈਆਂ ਤੇ ਆਕਾਰ ਦਿਸਦੇ ਹਨ। ਜਿਵੇਂ ਜਿਵੇਂ ਅਕਾਲ ਪੁਰਖੁ ਦਾ ਹੁਕਮੁ ਹੁੰਦਾਂ ਹੈ, ਤਿਵੇਂ ਤਿਵੇਂ ਇਸ ਸ੍ਰਿਸ਼ਟੀ ਦੀ ਸਾਰੀ ਕਾਰ ਚਲ ਰਹੀ ਹੈ। ਅਕਾਲ ਪੁਰਖੁ ਆਪਣੇ ਹੁਕਮੁ, ਨਿਯਮ, ਤੇ ਅਸੂਲ ਅਨੁਸਾਰ ਸਭ ਜੀਵ ਨੂੰ ਪਰਤੱਖ ਰੂਪ ਵਿੱਚ ਵੀਚਾਰ ਕੇ ਵੇਖਦਾ ਹੈ, ਸਭ ਜੀਵਾਂ ਦੀ ਸੰਭਾਲ ਕਰਦਾ ਹੈ, ਤੇ ਖੁਸ਼ ਹੁੰਦਾ ਹੈ। ਸੱਚ ਖੰਡ ਦੀ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ, ਇਹ ਸਿਰਫ ਅਨੁਭਵ ਕੀਤੀ ਜਾ ਸਕਦੀ ਹੈ।

ਸਚ ਖੰਡਿ ਵਸੈ ਨਿਰੰਕਾਰੁ॥ ਕਰਿ ਕਰਿ ਵੇਖੈ ਨਦਰਿ ਨਿਹਾਲ॥ ਤਿਥੈ ਖੰਡ ਮੰਡਲ ਵਰਭੰਡ॥ ਜੇ ਕੋ ਕਥੈ ਤ ਅੰਤ ਨ ਅੰਤ॥ ਤਿਥੈ ਲੋਅ ਲੋਅ ਆਕਾਰ॥ ਜਿਵ ਜਿਵ ਹੁਕਮੁ ਤਿਵੈ ਤਿਵ ਕਾਰ॥ ਵੇਖੈ ਵਿਗਸੈ ਕਰਿ ਵੀਚਾਰੁ॥ ਨਾਨਕ ਕਥਨਾ ਕਰੜਾ ਸਾਰੁ॥ ੩੭ ॥ (੮)

ਜਦੋਂ ਜੀਵ ਇਸਤ੍ਰੀ ਗੁਰਬਾਣੀ ਦੇ ਸੱਚੇ ਗਿਆਨ ਨੂੰ ਆਪਣੇ ਜੀਵਨ ਵਿੱਚ ਅਮਲੀ ਰੂਪ ਦੇ ਕੇ ਸਚ ਖੰਡਿ ਦੀ ਅਵਸਥਾ ਤੱਕ ਪਹੁੰਚਦੀ ਹੈ ਤਾਂ, ਜੀਵ ਇਸਤ੍ਰੀ ਆਪਣੇ ਵਿਆਹ ਦੀ ਚੌਥੀ ਲਾਂਵ ਸਮੇਂ ਕਦੇ ਨਾਸ ਨਾ ਹੋਣ ਵਾਲੇ ਅਕਾਲ ਪੁਰਖੁ ਦਾ ਮਿਲਾਪ ਪ੍ਰਾਪਤ ਕਰ ਲੈਂਦੀ ਹੈ। ਅਕਾਲ ਪੁਰਖ ਦੇ ਹੁਕਮੁ ਅਨੁਸਾਰ ਚਲਣ ਨਾਲ ਤੇ ਉਸ ਦੀ ਰਜ਼ਾ ਵਿੱਚ ਤੁਰਨ ਨਾਲ, ਜੀਵ ਇਸਤ੍ਰੀ ਦੇ ਅੰਦਰ ਜੋ ਕੂੜ ਦਾ ਪਰਦਾ ਹੈ, ਉਹ ਟੁੱਟ ਜਾਂਦਾ ਹੈ, ਜੀਵ ਇਸਤ੍ਰੀ ਤੇ ਅਕਾਲ ਪੁਰਖ ਵਿਚਲੀ ਵਿੱਥ ਮਿਟ ਜਾਂਦੀ ਹੈ। ਇਸ ਅਵਸਥਾ ਦਾ ਜਿਕਰ ਜਪੁਜੀ ਸਾਹਿਬ ਦੀ ਪਹਿਲੀ ਪਉੜੀ ਵਿੱਚ ਕੀਤਾ ਗਿਆ ਹੈ, ਜੋ ਕਿ ਸਿੱਖ ਧਰਮ ਦਾ ਮੁੱਢਲਾ ਸਿਧਾਂਤ ਹੈ।

ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥ ੧॥ (੧)

ਆਨੰਦ ਕਾਰਜ ਆਰੰਭ ਕਰਨ ਸਮੇਂ, ਹੇਠ ਲਿਖਿਆ ਸ਼ਬਦ ਅਕਸਰ ਗਾਇਨ ਕੀਤਾ ਜਾਂਦਾ ਹੈ, ਤੇ ਫਿਰ ਬੱਚਾ ਬੱਚੀ ਅਤੇ ਉਨ੍ਹਾਂ ਦੇ ਮਾਤਾ ਪਿਤਾ ਅਰਦਾਸ ਵਿੱਚ ਸ਼ਾਮਿਲ ਹੁੰਦੇ ਹਨ। ਪਰ ਕੀ ਇਹ ਸਬਦ ਸਿਰਫ ਇਸ ਰਵਾਇਤ ਨੂੰ ਪੂਰਾ ਕਰਨ ਲਈ ਹੈ? ਜਾਂ ਕਿ ਕੁੱਝ ਹੋਰ ਵੀ ਹੈ? ਸਾਨੂੰ ਸਬਦ ਨੂੰ ਧਿਆਨ ਨਾਲ ਵੀਚਾਰਨਾ ਚਾਹੀਦਾ ਹੈ। ਜਿਹੜਾ ਕੰਮ ਪੂਰਾ ਕਰਨ ਦੀ ਇੱਛਾ ਹੋਵੇ, ਉਸਦੀ ਸਫਲਤਾ ਲਈ ਅਕਾਲ ਪੁਰਖੁ ਕੋਲ ਬੇਨਤੀ ਕਰਨੀ ਚਾਹੀਦੀ ਹੈ। ਸਤਿਗੁਰੂ ਦੀ ਸੱਚੀ ਸਿੱਖਿਆ ਦੁਆਰਾ, ਅਕਾਲ ਪੁਰਖੁ ਜੀਵਾਂ ਦੇ ਕਾਰਜ ਸਵਾਰ ਦਿੰਦਾ ਹੈ। ਗੁਰਮੁਖਾਂ ਦੀ ਸੰਗਤਿ ਵਿੱਚ ਨਾਮੁ ਰੂਪੀ ਬਾਣੀ ਦਾ ਖ਼ਜ਼ਾਨਾ ਮਿਲਦਾ ਹੈ, ਤੇ ਆਤਮਕ ਜੀਵਨ ਦੇਣ ਵਾਲੇ ਨਾਮੁ ਰੂਪੀ ਅੰਮ੍ਰਿਤ ਦਾ ਸਵਾਦ ਮਾਣ ਸਕਦੇ ਹਾਂ। ਇਸ ਲਈ ਡਰ ਨਾਸ ਕਰਨ ਵਾਲੇ, ਤੇ ਦਇਆ ਕਰਨ ਵਾਲੇ ਅਕਾਲ ਪੁਰਖੁ ਅੱਗੇ ਆਪਣੇ ਦਾਸ ਦੀ ਲਾਜ ਰੱਖਣ ਲਈ ਬੇਨਤੀ ਕਰਨੀ ਚਾਹੀਦੀ ਹੈ। ਗੁਰਬਾਣੀ ਦੁਆਰਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਕੇ, ਤੇ ਉਸ ਦੇ ਗੁਣਾਂ ਨੂੰ ਅਪਨਾ ਕੇ, ਅਸੀਂ ਉਸ ਅਲੱਖ ਅਕਾਲ ਪੁਰਖੁ ਨਾਲ ਸਾਂਝ ਪਾ ਸਕਦੇ ਹਾਂ।

ਪਉੜੀ॥ ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ॥ ਕਾਰਜੁ ਦੇਇ ਸਵਾਰਿ ਸਤਿਗੁਰ ਸਚੁ ਸਾਖੀਐ॥ ਸੰਤਾ ਸੰਗਿ ਨਿਧਾਨੁ ਅੰਮ੍ਰਿਤੁ ਚਾਖੀਐ॥ ਭੈ ਭੰਜਨ ਮਿਹਰਵਾਨ ਦਾਸ ਕੀ ਰਾਖੀਐ॥ ਨਾਨਕ ਹਰਿ ਗੁਣ ਗਾਇ ਅਲਖੁ ਪ੍ਰਭੁ ਲਾਖੀਐ॥ ੨੦॥ (੯੧)

ਅਕਾਲ ਪੁਰਖੁ ਕੋਲ ਅਸੀਂ ਬੇਨਤੀ ਤਾਂ ਕਰਦੇ ਹਾਂ, ਪਰ ਨਾ ਤਾਂ ਸਬਦ ਸੁਣਦੇ ਹਾਂ, ਨਾ ਲਾਵਾਂ ਦਾ ਪਾਠ, ਫਿਰ ਸਤਿਗੁਰੂ ਦੀ ਸੱਚੀ ਸਿੱਖਿਆ ਤੋਂ ਬਿਨਾਂ ਅਕਾਲ ਪੁਰਖੁ ਸਾਡਾ ਕਾਰਜ ਕਿਸ ਤਰ੍ਹਾਂ ਸਵਾਰ ਦੇਵੇਗਾ? ਸੱਚੀ ਬਾਣੀ ਨੂੰ ਪੜ੍ਹਨ, ਸੁਣਨ ਤੇ ਵੀਚਾਰਨ ਤੋਂ ਬਗੈਰ ਨਾਮੁ ਰੂਪੀ ਅੰਮ੍ਰਿਤ ਦਾ ਸਵਾਦ ਕਿਸ ਤਰ੍ਹਾਂ ਚੱਖ ਸਕਦੇ ਹਾਂ?

ਅਰਦਾਸ ਤੋਂ ਬਾਅਦ ਲੜਕੀ ਦਾ ਪਿਤਾ, ਲੜਕੀ ਨੂੰ ਲੜਕੇ ਦਾ ਪੱਲਾ ਫੜਾਉਂਦਾ ਹੈ, ਤੇ ਹੇਠ ਲਿਖਿਆ ਸ਼ਬਦ ਅਕਸਰ ਗਾਇਨ ਕੀਤਾ ਜਾਂਦਾ ਹੈ। ਅਸਾਂ ਤਾਂ ਇਸ ਸਬਦ ਨੂੰ ਆਪਣੀ ਰਵਾਇਤ ਪੂਰੀ ਕਰਨ ਲਈ ਜੋੜ ਦਿੱਤਾ ਹੈ, ਪਰ ਇਸ ਦੇ ਅਰਥ ਤਾਂ ਦੁਨਿਆਵੀ ਪਤੀ ਨਾਲ ਨਹੀਂ, ਉਹ ਤਾਂ ਉਸ ਅਕਾਲ ਪੁਰਖੁ ਨਾਲ ਜੋੜਨ ਲਈ ਹਨ। ਜੀਵ ਇਸਤ੍ਰੀ ਬੇਨਤੀ ਕਰ ਰਹੀ ਹੈ, ਕਿ ਮੈਂ ਕਿਸੇ ਨੂੰ ਚੰਗਾ ਮੰਦਾ ਆਖਣਾ, ਇਹ ਸਭ ਕੁੱਝ ਛੱਡ ਦਿੱਤਾ ਹੈ, ਤਿਆਗ ਦਿੱਤਾ ਹੈ। ਮੈਂ ਵੇਖ ਲਿਆ ਹੈ ਕਿ ਦੁਨੀਆ ਦੇ ਸਾਰੇ ਸਾਕ ਝੂਠੇ ਹਨ, ਇਹ ਸੱਭ ਤੋੜ ਤਕ ਨਿਭਣ ਵਾਲੇ ਨਹੀਂ ਹਨ, ਇਸ ਲਈ ਹੇ ਅਕਾਲ ਪੁਰਖੁ! ਮੈਂ ਤੇਰੇ ਲੜ ਆ ਲੱਗੀ ਹਾਂ।

ਸਲੋਕ ਮਃ ੫॥ ਉਸਤਤਿ ਨਿੰਦਾ ਨਾਨਕ ਜੀ ਮੈ ਹਭ ਵਞਾਈ ਛੋੜਿਆ ਹਭੁ ਕਿਝੁ ਤਿਆਗੀ॥ ਹਭੇ ਸਾਕ ਕੂੜਾਵੇ ਡਿਠੇ ਤਉ ਪਲੈ ਤੈਡੈ ਲਾਗੀ॥ ੧॥ (੯੬੩, ੯੬੪)

ਸਾਨੂੰ ਆਪਣੇ ਆਪ ਨੂੰ ਪੁਛਣਾਂ ਚਾਹੀਦਾ ਹੈ ਕਿ ਕੀ ਅਸੀਂ ਆਪਣੇ ਪੰਜੇ ਵਿਕਾਰਾਂ ਤੇ ਕਾਬੂ ਪਾ ਲਿਆ ਹੈ? ਕਿਸੇ ਨੂੰ ਚੰਗਾ ਮੰਦਾ ਆਖਣਾ ਛੱਡ ਦਿੱਤਾ ਹੈ? ਕੀ ਸ਼ਰਾਬ ਦੀਆਂ ਬੋਤਲਾਂ ਪੀਣ ਦੀ ਬਜਾਏ ਖੰਡੇ ਕੀ ਪਾਹੁਲ ਲੈ ਲਈ ਹੈ? ਕੀ ਨਸ਼ਿਆਂ ਦੀ ਗੁਲਾਮੀ ਛੱਡ ਦਿੱਤੀ ਹੈ? ਕੀ ਸੱਚੀ ਬਾਣੀ ਨੂੰ ਪੜ੍ਹਨਾ, ਸੁਣਨਾ ਤੇ ਵੀਚਾਰਨਾ ਆਰੰਭ ਕਰ ਦਿੱਤਾ ਹੈ?

ਆਮ ਤੌਰ ਤੇ ਇਸ ਸਬਦ ਤੋਂ ਬਾਅਦ ੪ ਲਾਵਾਂ ਦਾ ਪਾਠ ਹੁੰਦਾਂ ਹੈ। ਜੇ ਕਰ ਲਾਵਾਂ ਦਾ ਪਾਠ ਸੁਣਿਆ, ਸਮਝਿਆ, ਅਕਾਲ ਪੁਰਖੁ ਨਾਲ ਵਾਇਦਾ ਕੀਤਾ, ਤੇ ਉਸ ਵਾਇਦੇ ਨੂੰ ਅਮਲੀ ਰੂਪ ਵਿੱਚ ਨਿਭਾਇਆ, ਤਾਂ ਫਿਰ ਜੀਵਨ ਵਿੱਚ ਅਨੰਦ ਪ੍ਰਾਪਤ ਹੋ ਸਕਦਾ ਹੈ। ਅੰਦਰ ਲੁਕਿਆ ਹੋਇਆ ਅਕਾਲ ਪੁਰਖੁ ਲੱਭ ਸਕਦਾ ਹੈ, ਗਿਆਨ ਦੇ ਪ੍ਰਕਾਸ਼ ਨਾਲ ਤਨ ਮਨ ਵਿੱਚ ਖੇੜਾ ਆ ਸਕਦਾ ਹੈ। ਜਿਸ ਹਿਰਦੇ ਵਿੱਚ ਅਕਾਲ ਪੁਰਖੁ ਆ ਕੇ ਵੱਸ ਜਾਂਦਾ ਹੈਂ, ਉਹ ਹਿਰਦਾ ਸੋਹਣਾ ਹੋ ਜਾਂਦਾ ਹੈ, ਕਿਸੇ ਹੋਰ ਦੀ ਮੁਥਾਜੀ ਨਹੀਂ ਰਹਿ ਜਾਂਦੀ, ਕਿਸੇ ਤਰ੍ਹਾਂ ਦੇ ਧਨ ਪਦਾਰਥ ਦੀ ਕੋਈ ਕਮੀ ਨਹੀਂ ਰਹਿੰਦੀ। ਸਤਿਗੁਰੂ ਨੂੰ ਮਿਲ ਕੇ ਹਿਰਦੇ ਅੰਦਰ ਠੰਢ ਪੈ ਜਾਂਦੀ ਹੈ, ਅਨੰਦ ਦੀ ਅਵਸਥਾ ਬਣ ਜਾਂਦੀ ਹੈ, ਤੇ ਜੀਵਨ ਦੇ ਸਾਰੇ ਸੁਖ ਮਿਲ ਜਾਂਦੇ ਹਨ। ਸਿਰਫ ਲੋੜ ਹੈ “ਹੁਕਮਿ ਰਜਾਈ ਚਲਣਾ” ਸਿਖਣ ਦੀ, ਫਿਰ ਜਦੋਂ ਉਸ ਦੀ ਰਜ਼ਾ ਜਾਂ ਮਿਹਰ ਦੀ ਨਜ਼ਰ ਹੋ ਜਾਵੇ, ਸਾਰੇ ਕੰਮ ਆਪਣੇ ਆਪ ਸੰਵਰ ਜਾਂਦੇ ਹਨ।

ਅਨੰਦੁ ਭਇਆ ਸੁਖੁ ਪਾਇਆ ਮਿਲਿ ਗੁਰ ਗੋਵਿੰਦਾ॥ ਸਭੇ ਕਾਜ ਸਵਾਰਿਐ ਜਾ ਤੁਧੁ ਭਾਵੰਦਾ॥ ੭॥ (੧੦੯੬)

ਅਕਾਲ ਪੁਰਖੁ ਦੀ ਮਿਹਰ ਦੀ ਨਜ਼ਰ ਲੈਂਣ ਲਈ ਸਾਨੂੰ ਆਪਣਾ ਹਉਮੈ ਘਟਾਉਂਣਾ ਪਵੇਗਾ। ਜੀਵਨ ਵਿੱਚ ਹਉਮੈ ਤਾਂ ਘਟਦਾ ਹੈ, ਜੇ ਕਰ ਆਪਣੇ ਆਪ ਨੂੰ ਨੀਵਾਂ ਕੀਤਾ ਜਾਵੇ। ਪਰ ਨੀਵੇਂ ਤਾਂ ਹੀ ਹੋ ਸਕਦੇ ਹਾਂ, ਜੇ ਕਰ ਆਪਣੀ ਅਰਦਾਸ ਆਪ ਕਰੀਏ। ਮਾਇਆ ਦੇ ਕੇ ਕਿਸੇ ਕੋਲੋ ਕਰਵਾਈ ਅਰਦਾਸ, ਉਲਟਾ ਹਉਮੈ ਵਧਾਉਂਦੀ ਹੈ। ਇਸ ਲਈ ਜੇ ਕਰ ਬੱਚਾ ਬੱਚੀ ਆਪਣੇ ਪਰਿਵਾਰਿਕ ਜੀਵਨ ਲਈ ਸਫਲਤਾ ਚਾਹੁੰਦੇ ਹਨ, ਤਾਂ ਉਹ ਆਪਣੇ ਅਨੰਦ ਕਾਰਜ ਦੀ ਅਰਦਾਸ ਵੀ ਆਪ ਖੁਦ ਕਰਨ। ਸਿੱਖ ਨੇ ਅਰਦਾਸ ਸੱਚ, ਪ੍ਰੇਮ, ਬਿਰਹਾ ਕਰਕੇ ਕਰਨੀ ਹੈ, ਪਦਾਰਥ ਤਾਂ ਆਪਣੇ ਆਪ ਮਿਲ ਜਾਂਦੇ ਹਨ। ਆਮ ਲੋਕ ਅਰਦਾਸ ਸਿਰਫ ਡਰ ਜਾਂ ਲੋਭ ਕਰਕੇ ਕਰਦੇ ਹਨ। ਅਰਦਾਸ ਪਦਾਰਥ ਮੰਗਣ ਵਾਸਤੇ ਨਹੀਂ ਹੈ। ਪਛੂ ਪੰਛੀਆਂ ਦੀ ਅਰਦਾਸ ਵੀ ਅਕਾਲ ਪੁਰਖੁ ਆਪਣੇ ਆਪ ਸੁਣ ਲੈਂਦਾ ਹੈ। ਗੁਰੂ ਦੇ ਸ਼ਬਦ ਦੁਆਰਾ ਆਪਣੇ ਅੰਦਰ ਆਤਮਕ ਜੀਵਨ ਦਾ ਚਾਨਣ ਪੈਦਾ ਕਰਨ ਲਈ ਉਪਰਾਲਾ ਤੇ ਅਰਦਾਸ ਕਰਨੀ ਹੈ।

“ਵਿਣੁ ਬੋਲਿਆ ਸਭੁ ਕਿਛੁ ਜਾਣਦਾ ਕਿਸੁ ਆਗੈ ਕੀਚੈ ਅਰਦਾਸਿ॥ ਨਾਨਕ ਘਟਿ ਘਟਿ ਏਕੋ ਵਰਤਦਾ ਸਬਦਿ ਕਰੇ ਪਰਗਾਸ॥” (੧੪੨੦)

ਅਰਦਾਸ ਦੀ ਰਵਾਇਤ ਪੂਰੀ ਕਰਨ ਨਾਲ ਕੁੱਝ ਨਹੀਂ ਹੋਣਾ, ਆਪਣੇ ਆਪ ਨੂੰ ਨੀਵਾਂ ਵੀ ਕਰਨਾ ਹੈ। ਅਕਾਲ ਪੁਰਖੁ ਅੱਗੇ ਬੇਨਤੀ ਕਰਨੀ ਹੈ, ਕਿ ਮੈਂ ਨਿਮਾਣੀ ਦਾ, ਤੂੰ ਹੀ ਮਾਣ ਹੈਂ। ਮੈਂ ਤੇਰੇ ਅੱਗੇ ਅਰਜ਼ੋਈ ਕਰਦੀ ਹਾਂ, ਕਿ ਮੇਰੇ ਤੇ ਮਿਹਰ ਕਰ, ਤਾਂ ਜੋ ਤੇਰੀ ਸਿਫ਼ਤਿ ਸਾਲਾਹ ਦੀ ਬਾਣੀ ਸੁਣ ਸੁਣ ਕੇ ਮੈਂ ਆਪਣਾ ਆਤਮਕ ਜੀਵਨ ਸਫਲ ਕਰਦੀ ਰਹਾਂ। ਗੁਰਬਾਣੀ ਦੁਆਰਾ ਤੇਰੀ ਸਿਫ਼ਤਿ ਸਾਲਾਹ ਕਰਦੀ ਰਹਾਂ ਤੇ ਆਤਮਕ ਜੀਵਨ ਦੇਣ ਵਾਲੇ ਬਚਨ ਆਪਣੇ ਹਿਰਦੇ ਵਿੱਚ ਵਸਾ ਸਕਾਂ।

ਮੇਰੇ ਸਾਹਿਬ ਤੂੰ ਮੈ ਮਾਣੁ ਨਿਮਾਣੀ॥ ਅਰਦਾਸਿ ਕਰੀ ਪ੍ਰਭ ਅਪਨੇ ਆਗੈ ਸੁਣਿ ਸੁਣਿ ਜੀਵਾ ਤੇਰੀ ਬਾਣੀ॥ ੧॥ ਰਹਾਉ॥ (੭੪੯)

ਜਿਸ ਹਿਰਦੇ ਘਰ ਵਿੱਚ ਗੁਰਬਾਣੀ ਦੁਆਰਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕੀਤੀ ਜਾਂਦੀ ਹੈ, ਉਹ ਹਿਰਦਾ ਗੁਰਬਾਣੀ ਦੇ ਗਿਆਨ ਨਾਲ ਚੰਗੇ ਭਾਗਾਂ ਵਾਲਾ ਹੋ ਜਾਂਦਾ ਹੈ। ਜਿਹੜੀ ਜੀਵ ਇਸਤ੍ਰੀ ਆਪਣੇ ਖਸਮ ਅਕਾਲ ਪੁਰਖੁ ਦੀ ਪਿਆਰੀ ਬਣ ਜਾਏ, ਉਹ ਸਭ ਗੁਣਾਂ ਦੀ ਮਾਲਕ ਬਣ ਜਾਂਦੀ ਹੈ, ਉਹ ਵੱਡੇ ਭਾਗਾਂ ਵਾਲੀ ਹੋ ਜਾਂਦੀ ਹੈ, ਉਹ ਆਤਮਕ ਗਿਆਨ ਰੂਪੀ ਪੁੱਤਰ ਵਾਲੀ, ਸੀਤਲ ਸੁਭਾਉ ਵਾਲੀ ਤੇ ਅਸਲ ਵਿੱਚ ਕਹਿਲਾਉਣ ਵਾਲੀ ਸੁਹਾਗਣ ਬਣ ਜਾਂਦੀ ਹੈ। ਉਸ ਦਾ ਆਤਮਕ ਜੀਵਨ ਸੋਹਣਾ ਬਣ ਜਾਂਦਾ ਹੈ, ਉਹ ਸੁਚੱਜੀ ਘਾੜਤ ਵਾਲੇ ਮਨ ਦੀ ਮਾਲਕ ਤੇ ਚੰਗੀ ਸੂਝ ਵਾਲੀ ਬਣ ਜਾਂਦੀ ਹੈ। ਆਪਣੇ ਅੰਦਰ ਅਕਾਲ ਪੁਰਖੁ ਦੇ ਗੁਣ ਪੈਦਾ ਕਰਨ ਨਾਲ ਜੀਵ ਇਸਤ੍ਰੀ ਦਾ ਆਚਰਨ ਉੱਚਾ ਹੋ ਜਾਂਦਾ ਹੈ, ਉੱਚੀ ਕੁਲ ਸਮਝੀ ਜਾਂਦੀ ਹੈ, ਸਦਾ ਕਾਇਮ ਰਹਿਣ ਵਾਲਾ ਸੁਹਾਗ ਬਣ ਜਾਂਦਾ ਹੈ, ਅਕਾਲ ਪੁਰਖੁ ਦੇ ਪ੍ਰੇਮ ਦਾ ਆਸਰਾ ਸਦਾ ਮਿਲਿਆ ਰਹਿੰਦਾ ਹੈ।

ਸਾ ਗੁਣਵੰਤੀ ਸਾ ਵਡਭਾਗਣਿ॥ ਪੁਤ੍ਰਵੰਤੀ ਸੀਲਵੰਤਿ ਸੋਹਾਗਣਿ॥ ਰੂਪਵੰਤਿ ਸਾ ਸੁਘੜਿ ਬਿਚਖਣਿ ਜੋ ਧਨ ਕੰਤ ਪਿਆਰੀ ਜੀਉ॥ ੨ ॥ (੯੭)

ਜੇ ਕਰ ਮਨੁੱਖ ਦੇ ਜੀਵਨ ਦੀ ਔਸਤ ਲਈ ਜਾਵੇ ਤਾਂ ਲੜਕੀ ਆਪਣੇ ਜੀਵਨ ਦਾ ਜਿਆਦਾ ਹਿੱਸਾ ਸਹੁਰੇ ਘਰ ਵਿੱਚ ਤੇ ਘੱਟ ਹਿੱਸਾ ਪੇਕੇ ਘਰ ਵਿੱਚ ਬਤੀਤ ਕਰਦੀ ਹੈ। ਇਸੇ ਤਰ੍ਹਾਂ ਲੜਕੇ ਦੇ ਜੀਵਨ ਦਾ ਜਿਆਦਾ ਹਿੱਸਾ ਸੌਹਰੇ ਘਰ ਤੇ ਪੇਕੇ ਘਰ ਦੀ ਸਾਂਝ ਵਿੱਚ ਬਤੀਤ ਹੁੰਦਾ ਹੈ। ਇਸ ਲਈ ਦੋਹਾਂ ਵਾਸਤੇ ਜਰੂਰੀ ਹੈ ਕਿ ਪਹਿਲਾਂ ਹੀ ਤਿਆਰੀ ਕਰ ਲੈਂਣ ਕਿ ਸਹੁਰੇ ਘਰ ਵਿੱਚ ਕਿਸ ਤਰ੍ਹਾਂ ਸੁਖੀ ਰਹਿਣਾ ਹੈ। ਗੁਰੂ ਸਾਹਿਬ ਵੀ ਇਹੀ ਸਮਝਾਂਉਂਦੇ ਹਨ, ਕਿ ਜਿਤਨਾ ਚਿਰ ਜੀਵ ਇਸਤ੍ਰੀ ਪੇਕੇ ਘਰ ਵਿੱਚ ਭਾਵ ਸੰਸਾਰ ਵਿੱਚ ਹੈ, ਉਤਨਾ ਚਿਰ ਅਕਾਲ ਪੁਰਖੁ ਨੂੰ ਆਪਣੇ ਧਿਆਨ ਵਿੱਚ ਰੱਖ, ਤਾਂ ਜੋ ਸਹੁਰੇ ਘਰ ਵਿੱਚ ਭਾਵ ਜੀਵਨ ਦੇ ਅਗਲੇ ਹਿਸੇ ਵਿੱਚ ਤੂੰ ਸੁਖੀ ਵੱਸ ਸਕੇਂ। ਇਸ ਲਈ ਗੁਰੂ ਨੂੰ ਮਿਲ ਕੇ ਜੀਵਨ ਦੀ ਜਾਚ ਸਿੱਖ, ਚੰਗਾ ਆਚਰਨ ਬਣਾਉਂਣਾ ਸਿੱਖ, ਫਿਰ ਤੈਨੂੰ ਕਦੇ ਕੋਈ ਦੁੱਖ ਨਹੀਂ ਲੱਗੇਗਾ। ਸਭ ਜੀਵ ਇਸਤ੍ਰੀਆਂ ਨੇ ਸਹੁਰੇ ਘਰ, ਭਾਵ ਪਰਲੋਕ ਵਿੱਚ ਆਪੋ ਆਪਣੀ ਵਾਰੀ ਅਨੁਸਾਰ ਚਲੇ ਜਾਣਾ ਹੈ, ਸਾਰੀਆਂ ਨੇ ਮੁਕਲਾਵੇ ਜਾਣਾ ਹੈ। ਉਹੀ ਜੀਵ ਇਸਤ੍ਰੀ ਧੰਨਤਾ ਦੇ ਯੋਗ ਹੈ, ਸੁਹਾਗਣ ਹੈ, ਜਿਸ ਦਾ ਅਕਾਲ ਪੁਰਖੁ ਨਾਲ ਪਿਆਰ ਬਣ ਜਾਂਦਾ ਹੈ।

ਪੇਈਅੜੈ ਸਹੁ ਸੇਵਿ ਤੂੰ ਸਾਹੁਰੜੈ ਸੁਖਿ ਵਸੁ॥ ਗੁਰ ਮਿਲਿ ਚਜੁ ਅਚਾਰੁ ਸਿਖੁ ਤੁਧੁ ਕਦੇ ਨ ਲਗੈ ਦੁਖੁ॥ ੩ ॥ ਸਭਨਾ ਸਾਹੁਰੈ ਵੰਞਣਾ ਸਭਿ ਮੁਕਲਾਵਣਹਾਰ॥ ਨਾਨਕ ਧੰਨੁ ਸੋਹਾਗਣੀ ਜਿਨ ਸਹ ਨਾਲਿ ਪਿਆਰੁ॥ ੪॥ ੨੩॥ ੯੩॥ (੫੦-੫੧)

ਵਿਆਹ ਦੀ ਰਸਮ ਅਨੁਸਾਰ ਅਕਸਰ ਲੜਕੀ ਨੂੰ ਲਾਲ ਰੰਗ ਦਾ ਚੂੜਾ ਚੜਾਇਆ ਜਾਂਦਾ ਹੈ। ਲਾਲ ਰੰਗ ਵਿੱਚ ਖਾਸੀਅਤ ਹੈ, ਕਿ ਇਹ ਦੂਰੋਂ ਹੀ ਵੇਖਿਆ ਜਾ ਸਕਦਾ ਹੈ। ਇਹੀ ਕਾਰਨ ਹੈ ਕਿ ਸੜਕਾਂ ਦੀਆਂ ਲਾਈਟਾਂ ਵਿੱਚ ਗੱਡੀਆਂ ਦੇ ਰੁਕਣ ਲਈ ਲਾਲ ਰੰਗ ਚੁਣਿਆ ਗਿਆ ਹੈ। ਇਸੇ ਤਰ੍ਹਾਂ ਜਿਨ੍ਹਾਂ ਨੂੰ ਨਾਮੁ ਦਾ ਲਾਲ ਰੰਗ ਲਗ ਜਾਂਦਾ ਹੈ, ਉਹ ਵੀ ਲੱਖਾਂ ਵਿੱਚ ਪਹਿਚਾਣੇ ਜਾਂਦੇ ਹਨ। ਜਿਸ ਮਨੁੱਖ ਦੇ ਵੱਡੇ ਭਾਗ ਜਾਗ ਪੈਣ, ਉਸ ਦੇ ਮਨ ਤੇ ਅਕਾਲ ਪੁਰਖੁ ਦੇ ਨਾਮੁ ਦਾ ਗੂੜ੍ਹਾ ਲਾਲ ਰੰਗ ਚੜ੍ਹ ਜਾਂਦਾ ਹੈ। ਨਾਮੁ ਦਾ ਰੰਗ ਐਸਾ ਹੈ, ਕਿ ਫਿਰ ਮਨੁੱਖ ਨੂੰ ਵਿਕਾਰਾਂ ਦੀ ਮੈਲ ਨਹੀਂ ਲੱਗਦੀ, ਭਾਵ ਪੰਜੇ ਗਿਆਨ ਇੰਦ੍ਰੀਆਂ ਆਪੋ ਆਪਣੇ ਵਿਸ਼ੇ ਵਿਕਾਰਾਂ ਵਲ ਦੌੜਨਾ ਬੰਦ ਕਰ ਦਿੰਦੀਆਂ ਹਨ। ਜਿਸ ਮਨੁੱਖ ਨੂੰ ਅਕਾਲ ਪੁਰਖੁ ਦੇ ਨਾਮੁ ਦਾ ਰੰਗ ਲਗ ਜਾਂਦਾ ਹੈ, ਉਹ ਸਦਾ ਆਤਮਕ ਅਡੋਲਤਾ ਵਿੱਚ ਲੀਨ ਰਹਿੰਦਾ ਹੈ, ਉਸ ਨੂੰ ਇਤਨਾ ਰਸ ਆਉਂਦਾ ਹੈ, ਕਿ ਉਹ ਅਕਾਲ ਪੁਰਖੁ ਨੂੰ ਛੱਡ ਨਹੀਂ ਸਕਦਾ। ਇਸ ਲਈ ਲੜਕੀ ਨੇ ਲਾਲ ਰੰਗ ਦੇ ਚੂੜੇ ਦੀ ਰਸਮ ਤਕ ਸੀਮਿਤ ਨਹੀਂ ਰਹਿੰਣਾਂ ਹੈ, ਆਪਣੇ ਹਿਰਦੇ ਵਿੱਚ ਗੁਰਬਾਣੀ ਦੁਆਰਾ ਨਾਮੁ ਦਾ ਲਾਲ ਰੰਗ ਵੀ ਚੜ੍ਹਾਉਣਾਂ ਹੈ, ਤਾਂ ਜੋ ਸਾਰੇ ਪਰਿਵਾਰ ਵਿੱਚ ਨਾਮੁ ਦਾ ਰੰਗ ਸਦਾ ਕਾਇਮ ਰਹੇ।

ਬਿਲਾਵਲੁ ਮਹਲਾ ੫॥ ਲਾਲ ਰੰਗੁ ਤਿਸ ਕਉ ਲਗਾ ਜਿਸ ਕੇ ਵਡਭਾਗਾ॥ ਮੈਲਾ ਕਦੇ ਨ ਹੋਵਈ ਨਹ ਲਾਗੈ ਦਾਗਾ॥ ੧॥ (੮੦੮)

ਪਿੰਡਾਂ ਵਿੱਚ ਅਕਸਰ ਇਸਤ੍ਰੀਆਂ ਟੂਣਿਆਂ ਦੇ ਭਰਮਾਂ ਵਿੱਚ ਫਸੀਆਂ ਰਹਿੰਦੀਆਂ ਹਨ। ਕਈ ਇਸਤ੍ਰੀਆਂ ਪਤੀ ਨੂੰ ਆਪਣੇ ਵਸ ਵਿੱਚ ਕਰਨ ਦੇ ਤਰੀਕੇ ਲਭਦੀਆਂ ਰਹਿੰਦੀਆਂ ਹਨ। ਕਬੀਰ ਸਾਹਿਬ ਨੇ ਤਾਂ ਬੜਾ ਆਸਾਨ ਤਰੀਕਾ ਦੱਸਿਆ ਹੈ, ਜਿਸ ਨਾਲ ਪਤੀ ਨੂੰ ਵਸ ਵਿੱਚ ਕੀਤਾ ਜਾ ਸਕਦਾ ਹੈ। ਆਪਣੇ ਆਪ ਨੂੰ ਨੀਵਾਂ ਕਰਕੇ ਰੱਖਣਾ (ਨਿਵਣੁ ਸੁ ਅਖਰੁ), ਹਉਮੈਂ ਵਿੱਚ ਨਹੀਂ ਰਹਿੰਣਾਂ। ਵੱਡਿਆਂ ਦਾ ਸਤਿਕਾਰ ਤੇ ਛੋਟਿਆਂ ਨਾਲ ਪਿਆਰ, ਪਰਿਵਾਰ ਵਿੱਚ ਸਾਂਝ ਪੈਦਾ ਕਰ ਸਕਦਾ ਹੈ। ਹਰੇਕ ਪਰਿਵਾਰ ਦੇ ਅਸੂਲ ਦੂਸਰਿਆਂ ਤੋਂ ਕੁੱਝ ਭਿੰਨ ਹੁੰਦੇ ਹਨ, ਜਿਨ੍ਹਾਂ ਕਰਕੇ ਆਪਸੀ ਅਣਬਣ ਹੋ ਜਾਂਦੀ ਹੈ। ਇਸ ਲਈ ਕੁੱਝ ਹੱਦ ਤੱਕ ਦੋਵਾਂ ਨੂੰ ਸਮਝੌਤਾ ਕਰਨਾ ਪੈਂਦਾ ਹੈ। ਹਾਂ ਜੇ ਕਰ ਸਾਰੇ ਜਾਣੇ ਇੱਕ ਅਕਾਲ ਪੁਰਖ ਦਾ ਅਸੂਲ ਅਪਨਾ ਲੈਂਣ ਤਾਂ ਪਤੀ ਪਤਨੀ ਜਾਂ ਸੱਸ ਨੂੰਹ ਵਿੱਚ ਕਦੀ ਝਗੜਾ ਨਾ ਹੋਵੇ। ਹਰੇਕ ਇਨਸਾਨ ਕੋਲੋਂ ਕੁੱਝ ਨਾ ਕੁੱਝ ਗਲਤੀ ਹੋ ਸਕਦੀ ਹੈ, ਜਿਸ ਦਾ ਕਾਰਨ ਅਗਿਆਨਤਾ, ਸਰੀਰਕ ਖਾਮੀ, ਠੀਕ ਤਰ੍ਹਾਂ ਨਾ ਸੁਣਿਆਂ ਜਾਂ ਸਮਝਿਆ, ਵੱਖਰਾ ਰਹਿਣ ਸਹਿਣ, ਵੱਖਰੀਆਂ ਆਦਤਾ, ਵੱਖਰੇ ਰਿਵਾਜ, ਆਦਿ ਕੁੱਝ ਵੀ ਹੋ ਸਕਦੇ ਹਨ। ਜੇ ਕਰ ਪਤੀ ਪਤਨੀ ਦੇ ਅੰਦਰ ਗਲਤੀ ਨੂੰ ਸਹਾਰਨ ਤੇ ਖਿਮਾਂ ਕਰਨ ਦਾ ਗੁਣ (ਖਵਣੁ ਗੁਣੁ) ਹੈ, ਤਾਂ ਪਰਿਵਾਰ ਵਿੱਚ ਸ਼ਾਂਤੀ ਕਾਇਮ ਰਹਿੰਦੀ ਹੈ। ਕੌੜਾ ਬੋਲਣ ਨਾਲ ਆਪਸੀ ਸਵੈਮਾਨ ਨੂੰ ਠੇਸ ਪਹੁੰਚਦੀ ਹੈ, ਇਸ ਲਈ ਮਿੱਠਾ ਬੋਲਣਾ (ਜਿਹਬਾ ਮਣੀਆ) ਇੱਕ ਬਹੁਤ ਵੱਡਾ ਹਥਿਆਰ ਹੈ। ਮਿੱਠੇ ਬੋਲਾਂ ਨਾਲ ਕਈ ਵਾਰੀ ਵੱਡਿਆਂ ਨੂੰ ਵੀ ਸਿਧੇ ਰਸਤੇ ਤੇ ਪਾਇਆ ਜਾ ਸਕਦਾ ਹੈ। ਭਾਵੇ ਟੀ. ਵੀ. , ਫਿਲਮਾਂ ਤੇ ਅਖਬਾਰਾਂ ਦੇ ਪ੍ਰਾਪੇਗੰਡੇ ਨੇ ਲੋਕਾਂ ਦੀ ਸੋਚ ਬਰਬਾਦ ਕਰ ਦਿੱਤੀ ਹੈ, ਤੇ ਸਾਡੇ ਅੱਜ ਦੇ ਪਰਿਵਾਰ ਤਬਾਹੀ ਦੇ ਕੰਢੇ ਤੇ ਖੜੇ ਹਨ, ਪਰ ਜੇ ਕਰ ਇਹ ਤਿੰਨ ਗੁਣ ਅਪਨਾ ਲਏ ਜਾਣ ਤਾਂ ਬਹੁਤ ਹੱਦ ਤੱਕ ਸੁਧਾਰ ਹੋ ਸਕਦਾ ਹੈ। ਅਨੇਕਾਂ ਤਲਾਕ ਬਚਾਏ ਜਾ ਸਕਦੇ ਹਨ, ਬੱਚੀਆਂ ਨੂੰ ਸੜਨੋਂ ਬਚਾਇਆ ਜਾ ਸਕਦਾ ਹੈ। ਅੱਜਕਲ ਦੇ ਹਾਲਾਤ ਕਰਕੇ, ਪਤੀ ਪਤਨੀ ਦੋਵਾਂ ਦਾ ਕਾਰੋਬਾਰ ਜਾਂ ਨੌਕਰੀ ਕਰਨਾ ਜਰੂਰੀ ਹੋ ਗਿਆ ਹੈ। ਸਾਂਝੇ ਪਰਿਵਾਰ ਨਾ ਹੋਣ ਕਰਕੇ, ਬੱਚੇ ਰੁਲ ਰਹੇ ਹਨ, ਤੇ ਬਜੁਰਗ ਠੋਕਰਾਂ ਖਾ ਰਹੇ ਹਨ। ਜੇ ਕਰ ਇਸ ਬਾਰੇ ਧਿਆਨ ਨਾ ਦਿਤਾ ਗਿਆ ਤਾਂ ਭਵਿੱਖ ਵਿੱਚ ਬੱਚੇ ਤੇ ਬਜੁਰਗ ਦੋਵੇ ਰੁਲ ਜਾਣਗੇ ਤੇ ਇਸ ਤਬਾਹੀ ਦਾ ਕਾਰਨ ਅਸੀਂ ਆਪ ਹੋਵਾਂਗੇ। ਸਾਨੂੰ ਇਹ ਕਦੇ ਨਹੀਂ ਭੁੱਲਣਾਂ ਚਾਹੀਦਾ, ਕਿ ਅਸੀਂ ਵੀ ਕੱਲ ਨੂੰ ਬਜੁਰਗ ਹੋ ਜਾਣਾ ਹੈ ਤੇ ਸਹਾਰੇ ਦੀ ਲੋੜ ਪਵੇਗੀ। ਇਸ ਮੁਸੀਬਤ ਨੂੰ ਤਾਂ ਹੀ ਠੱਲ ਪਾਈ ਜਾ ਸਕਦੀ ਹੈ, ਜੇ ਕਰ ਪਤੀ ਪਤਨੀ ਦੋਵੇਂ, ਇਹ ਤਿੰਨ ਗੁਣ (ਨਿਵਣੁ ਸੁ ਅਖਰੁ, ਖਵਣੁ ਗੁਣੁ, ਜਿਹਬਾ ਮਣੀਆ) ਅਪਨਾ ਲੈਂਣ, ਤੇ ਗੁਰਬਾਣੀ ਦੁਆਰਾ ਦਰਸਾਏ ਗਏ ਇੱਕ ਅਕਾਲ ਪੁਰਖ ਦਾ ਹੁਕਮੁ ਨੂੰ ਸਮਝਣ ਤੇ ਆਪਣੇ ਜੀਵਨ ਵਿੱਚ ਅਪਨਾ ਲੈਂਣ।

ਕਵਣੁ ਸੁ ਅਖਰੁ ਕਵਣੁ ਗੁਣੁ ਕਵਣੁ ਸੁ ਮਣੀਆ ਮੰਤੁ॥ ਕਵਣੁ ਸੁ ਵੇਸੋ ਹਉ ਕਰੀ ਜਿਤੁ ਵਸਿ ਆਵੈ ਕੰਤੁ॥ ੧੨੬  ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ॥ ਏ ਤ੍ਰੈ ਭੈਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ॥ ੧੨੭ ॥ (੧੩੮੪)

ਆਨੰਦ ਕਾਰਜ ਦੇ ਸਮੇਂ ਅਕਸਰ ਇਹ ੩ ਭੱਬਿਆਂ ਵਾਲੀ ਸਿਖਿਆ ਸਾਂਝੀ ਕੀਤੀ ਜਾਂਦੀ ਹੈ। ਭ ਭੁਲੀ ਜੀ (ਖਿਮਾਂ ਮੰਗਣੀ) (ਨਿਵਣੁ ਸੁ ਅਖਰੁ, ਖਵਣੁ ਗੁਣੁ), ਭ ਭਾਣੇ ਵਿੱਚ ਰਹਿੰਣਾਂ (ਹੁਕਮਿ ਰਜਾਈ ਚਲਣਾ), ਭ ਭਲਾ ਜੀ ਕਹਿ ਕੇ ਸਵਿਕਾਰ ਕਰਨਾ (ਜਿਹਬਾ ਮਣੀਆ) ਤੇ ਵੱਡਿਆਂ ਦਾ ਹੁਕਮ ਮੰਨਣਾਂ। ਇਸ ਤਰ੍ਹਾਂ ਕਰਨ ਨਾਲ ਪਰਿਵਾਰ ਵਿੱਚ ਸ਼ਾਂਤੀ ਤੇ ਸਾਂਝ ਬਣੀ ਰਹਿੰਦੀ ਹੈ। ਇਹ ਧਿਆਨ ਵਿੱਚ ਰੱਖਣਾਂ ਹੈ, ਕਿ ਇਹ ਤਿੰਨ ਗੁਣ ਸਿਰਫ ਲੜਕੀ ਵਾਸਤੇ ਨਹੀਂ ਹਨ, ਲੜਕੇ ਵਾਸਤੇ ਵੀ ਉੱਤਨੇ ਹੀ ਜਰੂਰੀ ਹਨ। ਜਿਸ ਤਰ੍ਹਾਂ ਅੱਜਕਲ ਲੜਕੇ ਲੜਕੀਆਂ ਵਿੱਚ ਹੰਕਾਰ, ਸ਼ਰਾਬ, ਨਸ਼ਾਂ ਤੇ ਅਵਾਰਾ ਗਰਦੀ ਦੀਆਂ ਆਦਤਾ ਵਧ ਰਹੀਆਂ ਹਨ, ਇਹ ਤਿੰਨ ਗੁਣ ਹੋਰ ਵੀ ਜਰੂਰੀ ਹੋ ਗਏ ਹਨ।

ਪਤੀ ਪਤਨੀ ਵਿੱਚ ਤਲਾਕ ਹੋ ਸਕਦਾ ਹੈ ਕਿਉਂਕਿ ਉਸ ਵਾਸਤੇ ਅਸੀਂ ਚੋਣ ਕਰਦੇ ਹਾਂ। ਭੈਣ ਭਰਾ ਵਿੱਚ ਤਲਾਕ ਨਹੀਂ ਹੋ ਸਕਦਾ ਹੈ, ਕਿਉਕਿ ਉਸ ਲਈ ਚੋਣ ਸਾਡੇ ਹੱਥ ਵਿੱਚ ਨਹੀਂ ਹੈ। ਇਸ ਲਈ ਪਤੀ ਪਤਨੀ ਦੀ ਚੋਣ ਠੀਕ ਹੋਣੀ ਚਾਹੀਦੀ ਹੈ, ਤਾਂ ਜੋ ਤਲਾਕ ਦੀ ਕਦੇ ਨੌਬਤ ਹੀ ਨਾ ਆਵੇ। ਸਫਲ ਪਰਿਵਾਰ ਤਾਂ ਬਣਦਾ ਹੈ, ਜੇ ਕਰ ਪਤੀ ਪਤਨੀ ਦੇ ਅਧਿਆਤਮਿਕ ਤੇ ਸਮਾਜਿਕ ਰਿਸ਼ਤਿਆਂ ਵਿੱਚ ਸਾਂਝ ਤੇ ਤਾਲਮੇਲ ਹੈ, ਅਜੇਹਾ ਪਰਿਵਾਰ ਹੀ ਅਨੰਦ ਦੀ ਅਵਸਥਾ ਵੱਲ ਜਾ ਸਕਦਾ ਹੈ। ਇਸ ਲਈ ਲੜਕਾ ਅਤੇ ਲੜਕੀ ਦੀ ਚੋਣ ਲਈ ਆਪਸੀ ਸਾਂਝ ਦੀਆਂ ਗੱਲਾਂ ਦਾ ਵੇਖਣਾਂ ਵੀ ਜਰੂਰੀ ਹੈ। ਪੂਰਨ ਸਫਲਤਾ ਲਈ ਪਤੀ ਪਤਨੀ ਦਾ ਧਰਮ, ਵਿਚਾਰਧਾਰਾ, ਬੋਲੀ, ਭਾਸ਼ਾ, ਰਹਿਣ ਸਹਿਣ, ਪੜ੍ਹਾਈ, ਖਾਣ ਪੀਣ, ਕਲਚਰ, ਰੀਤੀ ਰਿਵਾਜ਼, ਆਦਤਾਂ, ਸੁਭਾਅ, ਜੀਵਨ ਦੀ ਮੰਜ਼ਲ, ਆਦਿ ਸੱਭ ਇਕੋ ਜਿਹੇ ਹੋਣੇਂ ਚਾਹੀਦੇ ਹਨ।

ਧਰਮ = ਜੇ ਕਰ ਧਰਮ ਅਲੱਗ ਹਨ ਤਾਂ ਇੱਕ ਗੁਰਦੁਆਰੇ ਤੇ ਇੱਕ ਮੰਦਰ, ਮਸਜਿਦ ਜਾਂ ਗਿਰਜਾਘਰ ਵੱਲ ਖਿਚੇਗਾ। ਪੈਸੇ ਸਬੰਧੀ ਭਾਵੇਂ ਵਿਚਾਰਧਾਰਾ ਇੱਕ ਹੋ ਜਾਵੇ, ਪਰ ਜੀਵਨ ਸਬੰਧੀ ਸੋਚ ਇੱਕ ਨਹੀਂ ਹੋਵੇਗੀ। ਦੂਸਰੇ ਧਰਮ ਵਿੱਚ ਵਿਆਹ ਦੀ ਚੋਣ ਕਰਦੇ ਸਮੇਂ ਲੜਕਾ ਅਤੇ ਲੜਕੀ ਦੇ ਅੰਦਰ ਕਾਮ, ਪੈਸਾ ਤੇ ਜਵਾਨੀ ਦਾ ਜੋਸ਼ ਹਾਵੀ ਹੁੰਦਾਂ ਹੈ, ਜੋ ਕਿ ਜੁਮੇਵਾਰੀ ਪੈਂਣ ਤੇ ਕੁੱਝ ਸਮੇਂ ਬਾਅਦ ਠੰਡਾ ਹੋ ਜਾਂਦਾ ਹੈ ਤੇ ਜੀਵਨ ਭਰ ਦੀ ਅਣਬਣ ਬਣ ਜਾਂਦੀ ਹੈ। (ਇਗੰਲੈਡ ਵਿੱਚ ਮੁਸਲਮਾਨ ਧਰਮ ਵਿੱਚ ਹੋਏ ੨੧ ਸਿੱਖ ਪਰਿਵਾਰ ਦੀਆਂ ਬੱਚੀਆਂ ਦੇ ਹੋਏ ਵਿਆਹਾ ਵਿਚੋਂ ੧੩ ਦੇ ਤਲਾਕ ਇੱਕ ਸਾਲ ਦੇ ਅੰਦਰ ਹੀ ਹੋ ਗਏ ਸਨ) ਜੇ ਕਰ ਧਰਮ ਇੱਕ ਨਹੀਂ ਤਾਂ ਪਤੀ ਪਤਨੀ ਦੇ ਆਪਣੇ ਰਿਸ਼ਤੇਦਾਰਾ ਵਿੱਚ ਸਬੰਧ ਵੀ ਸੀਮਿਤ ਹੋ ਜਾਣਗੇ। ਇਹ ਵੀ ਧਿਆਨ ਵਿੱਚ ਰੱਖਣਾਂ ਹੈ ਕਿ ਜਿਹੜਾ ਆਪਣੇ ਧਰਮ ਨੂੰ ਧੋਖਾ ਕਰ ਸਕਦਾ ਹੈ, ਉਹ ਕਿਸੇ ਨੂੰ ਵੀ ਧੋਖਾ ਕਰ ਸਕਦਾ ਹੈ।

ਬੋਲੀ, ਭਾਸ਼ਾ = ਜੇ ਪਤੀ ਪਤਨੀ ਦੀ ਬੋਲੀ ਸਾਝੀ ਨਹੀਂ, ਤਾਂ ਉਹ ਆਪਸ ਵਿੱਚ ਦਿਲੋਂ ਡੂੰਘੀ ਸਾਂਝ ਕਦੀ ਵੀ ਨਹੀਂ ਪੈਦਾ ਕਰ ਸਕਣਗੇ। ਸਿਰਫ ਪੈਸੇ, ਰਵਾਇਤਾ ਤੇ ਵਿਖਾਵੇ ਤੱਕ ਹੀ ਸੀਮਿਤ ਰਹਿ ਜਾਣਗੇ।

ਪੜ੍ਹਾਈ = ਜੇ ਕਰ ਲੜਕੀ ਅਤੇ ਲੜਕਾ ਵੱਧ ਘੱਟ ਪੜ੍ਹੇ ਹਨ ਤਾਂ ਵੀ ਤਾਲਮੇਲ ਨਹੀਂ ਬੈਠਦਾ। ਉਨ੍ਹਾਂ ਦੇ ਸੋਚਣ ਤੇ ਲਿਆਕਤ ਦੇ ਮਿਆਰ ਵਿੱਚ ਫਰਕ ਰਹੇਗਾ, ਹੋ ਸਕਦਾ ਹੈ ਕਿ ਕਈ ਵਾਰੀ ਇਹ ਅਣਬਣ ਦਾ ਕਾਰਨ ਬਣ ਜਾਵੇ। ਅੱਜਕਲ ਲੜਕੀਆਂ ਜ਼ਿਆਦਾ ਪੜ੍ਹ ਰਹੀਆਂ ਹਨ, ਤੇ ਲੜਕੇ ਘੱਟ, ਜਿਸ ਕਰਕੇ ਮਾਤਾ ਪਿਤਾ ਨੂੰ ਲੜਕੀਆਂ ਲਈ ਵਰ ਲੱਭਣੇ ਮੁਸ਼ਕਲ ਹੋ ਗਏ ਹਨ। ਵਾਪਾਰ ਨਾਲ ਸਬੰਧਤ ਸਿੱਖਾਂ ਦੇ ਲੜਕੇ ਘੱਟ ਪੜ੍ਹਦੇ ਹਨ ਤੇ ਲੜਕੀਆਂ ਜ਼ਿਆਦਾ ਪੜ੍ਹੀਆਂ ਹਨ, ਜੋ ਕਿ ਅੱਜਕਲ ਮੁਸ਼ਕਲ ਦਾ ਕਾਰਣ ਬਣ ਰਹੇ ਹਨ।

ਰਹਿਣ ਸਹਿਣ = ਜੇ ਕਰ ਲੜਕਾ ਅਤੇ ਲੜਕੀ ਦਾ ਰਹਿਣ ਸਹਿਣ ਦਾ ਤਰੀਕਾ ਅਲੱਗ ਹੈ ਤਾਂ ਆਪਸੀ ਖਿਚੋਤਾਣ ਜਾਰੀ ਰਹੇਗੀ। ਉਹ ਸੁਖੀ ਜੀਵਨ ਨਹੀਂ ਬਿਤਾ ਸਕਣਗੇ। (ਸ਼ਹਿਰੀ ਜਾਂ ਪੇਂਡੂ ਤਰੀਕਾ)। ਜੇਕਰ ਆਪਸ ਵਿੱਚ ਤਾਲਮੇਲ ਨਾ ਬੈਠੇ ਦਾ ਲਈ ਵਾਰੀਂ, ਇੱਕ ਨੂੰ ਦੂਸਰੇ ਦੇ ਦੋਸਤ ਜਾਂ ਮਹਿਮਾਨ ਚੰਗੇ ਨਹੀਂ ਲਗਦੇ। ਇਸ ਤਰ੍ਹਾਂ ਦੀ ਲੋਕਾਚਾਰੀ ਪਰਿਵਾਰ ਵਿੱਚ ਅਣਬਣ ਦਾ ਕਾਰਨ ਬਣ ਜਾਂਦੀ ਹੈ।

ਖਾਣ ਪੀਣ = ਜੇ ਕਰ ਲੜਕਾ ਤੇ ਲੜਕੀ ਦੀਆਂ ਖਾਣ ਪੀਣ ਦੀਆਂ ਆਦਤ ਜਾਂ ਪਸੰਦਾਂ ਅਲੱਗ ਹਨ, ਤਾਂ ਆਪਸੀ ਖਿਚੋਤਾਣ ਜਾਰੀ ਰਹੇਗੀ। ਉਹ ਸੁਖੀ ਜੀਵਨ ਨਹੀਂ ਬਿਤਾ ਸਕਣਗੇ।

ਜਰੂਰੀ ਨਹੀਂ ਕਿ ਲੜਕੇ ਤੇ ਲੜਕੀ ਦੀਆਂ ਸਾਰੀਆਂ ਗੱਲਾਂ ਇਕੋ ਜਿਹੀਆਂ ਹੋਣ, ਪਰ ਧਰਮ ਤੇ ਭਾਸ਼ਾ ਇੱਕ ਹੋਣੇ ਬਹੁਤ ਜਰੂਰੀ ਹਨ। ਵੈਸੇ ਕੋਸ਼ਿਸ ਕਰਨੀ ਚਾਹੀਦੀ ਹੈ, ਕਿ ਜਿਥੋ ਤੱਕ ਹੋ ਸਕੇ ਰਹਿਣ ਸਹਿਣ ਦੇ ਤਰੀਕੇ ਵੀ ਇਕੋ ਜਿਹੇ ਹੋਣ। ਪਰੰਤੂ ਅਫਸੋਸ ਕਿ ਸਿੱਖਾਂ ਨੇ ਵੀ ਹੋਰਨਾਂ ਲੋਕਾਂ ਦੀ ਵੇਖਾ ਵੇਖੀ, ਆਪਣੇ ਪਰਿਵਾਰਿਕ ਜੀਵਨ ਨੂੰ ਬਰਬਾਦ ਕਰਨ ਲਈ ਬਹੁਤ ਸਾਰੇ ਖਰਾਬੀਆਂ ਦੇ ਕਾਰਨ ਅਪਨਾ ਲਏ ਹਨ, ਜੋ ਕਿ ਗੁਰੂ ਗਰੰਥ ਸਾਹਿਬ ਅਨੁਸਾਰ ਬਿਲਕੁਲ ਪ੍ਰਵਾਨ ਨਹੀਂ ਹਨ।

ਲੈਂਣ ਦੇਣ = ਸਿੱਖ ਧਰਮ ਅਨੁਸਾਰ ਦਾਜ ਪ੍ਰਵਾਨ ਨਹੀਂ, ਪਰ ਇਹ ਭੈੜੀ ਬਿਮਾਰੀ ਵਧਦੀ ਜਾ ਰਹੀ ਹੈ। ਕਈ ਵਾਰੀ ਲੈਂਣ ਦੇਣ ਦੇ ਰਿਵਾਜ ਆਪਸੀ ਖਿਚੋਤਾਣ ਦਾ ਕਾਰਨ ਬਣ ਜਾਂਦੇ ਹਨ। ਅਮੀਰੀ ਗਰੀਬੀ ਦੇ ਝਗੜੇ ਅਕਸਰ ਚਲਦੇ ਰਹਿੰਦੇ ਹਨ। ਦਾਜ਼ ਦੇ ਤਾਂਨੇ ਤਾਂ ਆਮ ਵੱਜਦੇ ਰਹਿੰਦੇ ਹਨ।

ਪੈਸੇ ਦਾ ਹੰਕਾਰ = ਪੈਸੇ ਤੇ ਰੁਤਬੇ ਦਾ ਹੰਕਾਰ ਵੀ ਕਈ ਵਾਰੀ ਆਪਸੀ ਤਨਾਓ ਅਤੇ ਖਿਚੋਤਾਣ ਦਾ ਕਾਰਨ ਬਣ ਜਾਂਦੇ ਹਨ। ਪੈਸੇ ਵਾਲੇ ਨੂੰ ਫਾਲਤੂ ਖਰਚ ਕਰਨ ਨਾਲ ਜਿਆਦਾ ਫਰਕ ਨਹੀਂ ਪੈਂਦਾ ਹੈ, ਪਰ ਆਮ ਆਦਮੀ ਦੀ ਆਰਥਕ ਹਾਲਤ ਬਰਬਾਦ ਹੋ ਜਾਂਦੀ ਹੈ। ਬਿਹਤਰ ਇਹੀ ਹੈ ਕਿ ਆਪਣੀ ਚਾਦਰ ਵੇਖ ਕੇ ਪੈਰ ਪਸਾਰਨ ਦੀ ਜਾਚ ਸਿੱਖੀ ਜਾਵੇ।

ਲੋਕਾਚਾਰੀ = ਘਰ ਵਿੱਚ ਆਏ ਮਹਿਮਾਨ ਦੇ ਸਵਾਗਤ ਅਤੇ ਉਸ ਨਾਲ ਗੱਲਬਾਤ ਕਰਨ ਦੇ ਤਰੀਕੇ ਵਿੱਚ ਵੀ ਸਮਾਨਤਾ ਦੀ ਲੋੜ ਹੈ। ਬਿਹਤਰ ਇਹੀ ਹੈ ਕਿ ਲੋਕਾਚਾਰੀ ਦੀ ਬਜਾਏ ਗੁਰਮਤਿ ਸਿਧਾਤਾਂ ਅਨੁਸਾਰ ਰਵਾਇਤਾ ਬਣਾਈਆਂ ਜਾਣ, ਤੇ ਉਸ ਅਨੁਸਾਰ ਸੋਚ ਵੀਚਾਰ ਤੇ ਆਦਤਾਂ ਵਿੱਚ ਸੁਧਾਰ ਲਿਆਂਦਾ ਜਾਵੇ, ਤਾਂ ਜੋ ਆਪਸ ਵਿੱਚ ਇਕਸਾਰਤਾ ਆ ਸਕੇ।

ਨਸ਼ੇ ਦੀ ਵਰਤੋਂ = ਜੇ ਕਰ ਪਤੀ ਪਤਨੀ ਸਿਗਰਿਟ, ਸ਼ਰਾਬ ਜਾਂ ਹੋਰ ਨਸ਼ਾ ਕਰਦੇ ਹਨ, ਤਾਂ ਇਹ ਪਰਿਵਾਰ ਵਿੱਚ ਬੀਮਾਰੀਆਂ, ਕਲੇਸ਼ ਤੇ ਬਰਬਾਦੀ ਦਾ ਕਾਰਣ ਬਣ ਜਾਂਦੇ ਹਨ। ਸਿੱਖ ਧਰਮ ਅਨੁਸਾਰ ਸ਼ਰਾਬ ਜਾਂ ਹੋਰ ਨਸ਼ਿਆਂ ਦੀ ਸਖਤ ਮਨਾਹੀ ਹੈ, ਪਰ ਪੰਜਾਬ ਦੇ ਅਨੇਕਾਂ ਨੌਜਵਾਨ ਨਸ਼ਿਆਂ ਨਾਲ ਆਪਣੀ ਜਿੰਦਗੀ ਬਰਬਾਦ ਕਰ ਰਹੇ ਹਨ। ਕਈ ਪ੍ਰਾਂਤੀ ਸਰਕਾਰਾ ਨੇ ਸ਼ਰਾਬ ਜਾਂ ਹੋਰ ਨਸ਼ੇ ਬੰਦ ਕਰ ਦਿਤੇ ਹਨ, ਪਰ ਪੰਜਾਬ ਸਰਕਾਰ ਨੇ ਅਜੇ ਤੱਕ ਕੋਈ ਠੋਸ ਉਪਰਾਲਾ ਨਹੀਂ ਕੀਤਾ ਹੈ। ਭੈੜੀਆਂ ਆਦਤਾਂ ਕਰਕੇ ਕਈ ਏਡਜ਼ ਦੀ ਬੀਮਾਰੀ ਦਾ ਸ਼ਿਕਾਰ ਵੀ ਹੋ ਰਹੇ ਹਨ। ਨਸ਼ਿਆਂ ਤੇ ਏਡਜ਼ ਕਰਕੇ ਕਈ ਪਰਿਵਾਰ ਉਜੜ ਗਏ ਹਨ ਤੇ ਬੱਚੇ ਰੁਲ ਰਹੇ ਹਨ।

ਸੌਣ ਤੇ ਉਠਣ ਦੀਆਂ ਆਦਤਾਂ = ਜੇ ਕਰ ਇੱਕ ਜਾਣਾ ਅੰਮ੍ਰਿਤ ਵੇਲੇ ਉਠਦਾ ਹੈ ਤੇ ਦੂਸਰਾ ਸਿਖਰ ਦੁਪਹਿਰ। ਇੱਕ ਜਾਣਾ ਜਲਦੀ ਸੌ ਜਾਂਦਾ ਹੈ ਅਤੇ ਦੂਸਰਾ ਸਾਰੇ ਟੀ: ਵੀ: ਦੇ ਸੀਰੀਅਲ ਤੇ ਪਿਕਚਰਾਂ ਵੇਖ ਕੇ ਸੌਂਦਾ ਹੈ ਤਾਂ ਇਹੋ ਜਿਹਾ ਘਰ ਵੀ ਕਦੀ ਸੁਖੀ ਨਹੀਂ ਹੋ ਸਕਦਾ ਹੈ।

ਸਿੱਖ ਧਰਮ ਸਾਝੀਵਾਲਤਾ ਤੇ ਵਿਚਾਰਾ ਦੀ ਇਕਸਾਰਤਾ ਸਿਖਾਉਂਦਾ ਹੈ। ਇਸ ਲਈ ਜੇ ਕਰ ਲੜਕਾ ਅਤੇ ਲੜਕੀ ਗੁਰੂ ਗਰੰਥ ਸਾਹਿਬ ਨੂੰ ਅਪਨਾ ਲੈਂਣਗੇ ਤਾਂ ਉਨ੍ਹਾਂ ਦਾ ਧਰਮ, ਵਿਚਾਰਧਾਰਾ, ਬੋਲੀ, ਭਾਸ਼ਾ, ਰਹਿਣ ਸਹਿਣ, ਖਾਣ ਪੀਣ, ਕਲਚਰ, ਰੀਤੀ ਰਿਵਾਜ਼, ਆਦਤਾਂ, ਸੁਭਾਅ, ਜੀਵਨ ਦੀ ਮੰਜ਼ਲ, ਆਦਿ, ਸੱਭ ਇਕੋ ਜਿਹੀਆਂ ਹੋ ਜਾਣਗੀਆਂ।

ਲੜਕਾ ਅਤੇ ਲੜਕੀ ਦੋਵੇਂ ਕਹਿੰਦੇ ਹਨ, ਮੇਰਾ ਪਿਤਾ ਤੇ ਮੇਰੀ ਮਾਤਾ। ਇਹ ਮੇਰਾ ਅਤੇ ਮੇਰੀ ਦਾ ਸਬੰਧ ਦੁਨਿਆਵੀ ਪਿਤਾ ਅਤੇ ਦੁਨਿਆਵੀ ਮਾਤਾ ਨਾਲ ਹੈ, ਕਿਉਂਕਿ ਇੱਕ ਪੁਲਿੰਗ ਅਤੇ ਦੂਸਰਾ ਇਸਤ੍ਰੀ ਲਿੰਗ ਹੈ। ਪਰ ਅਕਾਲ ਪੁਰਖੁ ਤਾਂ ਪੁਲਿੰਗ ਹੈ। ਇਸ ਲਈ ਅਕਾਲ ਪੁਰਖੁ ਵਾਸਤੇ ਗੁਰਬਾਣੀ ਵਿੱਚ ਦੋਵਾਂ ਪਿਤਾ ਅਤੇ ਮਾਤਾ ਲਈ, ਮੇਰਾ ਹੀ ਵਰਤਿਆ ਗਿਆ ਹੈ। ਦੁਨਿਆਵੀ ਮਾਤਾ ਪਿਤਾ ਤਾਂ ਹਰੇਕ ਦੇ ਦੋ ਹਨ, ਪਰ ਅਸਲੀ ਰਚਨਹਾਰ ਸਿਰਫ ਇੱਕ ਹੀ ਹੈ।

ਮਾਝ ਮਹਲਾ ੫॥ ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ॥ ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ॥ ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ॥ ੧॥ (੧੦੩)

ਭੈਰਉ ਮਹਲਾ ੫॥ ਤੂ ਮੇਰਾ ਪਿਤਾ ਤੂਹੈ ਮੇਰਾ ਮਾਤਾ॥ ਤੂ ਮੇਰੇ ਜੀਅ ਪ੍ਰਾਨ ਸੁਖਦਾਤਾ॥ ਤੂ ਮੇਰਾ ਠਾਕੁਰੁ ਹਉ ਦਾਸੁ ਤੇਰਾ॥ ਤੁਝ ਬਿਨੁ ਅਵਰੁ ਨਹੀ ਕੋ ਮੇਰਾ॥ ੧॥ (੧੧੪)

ਦੋਹਾਂ ਪਰਿਵਾਰਾਂ ਵਿੱਚ ਸਾਂਝ ਤਾਂ ਹੀ ਹੋ ਸਕਦੀ ਹੈ, ਜੇ ਕਰ ਲੜਕਾ ਆਪਣੇ ਸੱਸ ਸੌਹਰੇ ਨੂੰ ਆਪਣਾ ਮਾਤਾ ਪਿਤਾ ਸਮਝੇ ਤੇ ਲੜਕੀ ਆਪਣੇ ਸੱਸ ਸੌਹਰੇ ਨੂੰ ਆਪਣਾ ਮਾਤਾ ਪਿਤਾ ਸਮਝ ਕੇ ਆਦਰ ਕਰੇ। ਜੀਵਨ ਵਿੱਚ ਡੂੰਘੀ ਸਾਂਝ ਤੇ ਪ੍ਰੇਮ ਪਿਆਰ ਪੈਦਾ ਕਰਨ ਲਈ ਲੜਕਾ ਅਤੇ ਲੜਕੀ ਦੋਵਾਂ ਨੇ ਅਕਾਲ ਪੁਰਖੁ ਨੂੰ ਆਪਣਾ ਇੱਕ ਸਾਂਝਾ ਮਾਤਾ ਪਿਤਾ ਬਣਾਉਂਣਾਂ ਹੈ, ਇਸ ਲਈ ਲਾਵਾਂ ਦਾ ਪਾਠ ਧਿਆਨ ਨਾਲ ਸੁਣਨਾ, ਸਮਝਣਾ ਤੇ ਜੀਵਨ ਵਿੱਚ ਨਿਭਾਉਂਣਾਂ ਜਰੂਰੀ ਹੈ।

ਰਹਿਤ ਮਰਯਾਦਾ ਵਿੱਚ ਲਿਖਿਆ ਗਿਆ ਹੈ ਕਿ ਲੜਕਾ ਅਤੇ ਲੜਕੀ ਦੋਵਾਂ ਨੇ ਲਾਂਵਾਂ ਦਾ ਪਾਠ ਖੜੇ ਹੋ ਕੇ ਸੁਣਨਾ ਹੈ। ਜਦੋਂ ਕੋਈ ਖੜੇ ਹੋ ਕੇ ਸੁਣਦਾ ਹੈ, ਤਾਂ ਉਹ ਸੁਚੇਤ ਹੋ ਕੇ ਸੁਣਦਾ ਹੈ। ਜੇ ਕਰ ਲੜਕਾ ਅਤੇ ਲੜਕੀ ਬੈਠੇ ਹੋਣ ਤਾਂ ਕੋਈ ਨਾ ਕੋਈ ਰਵਾਇਤਾਂ ਬਾਰੇ ਸਾਲਾਹ ਦਿੰਦਾ ਹੀ ਰਹਿੰਦਾ ਹੈ। ਪਰ ਜੇ ਕਰ ਦੋਵੇਂ ਖੜੇ ਹੋਣ ਤਾਂ ਦੂਸਰਿਆਂ ਦੇ ਵਿਘਨ ਪਾਉਂਣ ਦੀ ਸੰਭਾਵਨਾ ਘਟ ਜਾਂਦੀ ਹੈ। ਪਾਠ ਸਮੇਂ ਹੋਰ ਰਿਸ਼ਤੇਦਾਰਾਂ ਨੂੰ ਰੀਤੀ ਰਿਵਾਜ ਪੂਰੇ ਕਰਨ ਦੀ ਥਾਂ ਗੁਰਬਾਣੀ ਦਾ ਪਾਠ ਧਿਆਨ ਨਾਲ ਸੁਣਨਾ ਚਾਹੀਦਾ ਹੈ। ਜਦੋਂ ਲਾਵਾਂ ਦਾ ਕੀਰਤਨ ਹੋ ਰਿਹਾ ਹੁੰਦਾਂ ਹੈ, ਉਸ ਦੇ ਦੁਰਾਨ ਪਰਕਰਮਾ ਕਰ ਕੇ, ਤੇ ਮੱਥਾ ਟੇਕ ਕੇ ਅਗਲੀ ਲਾਵ ਧਿਆਨ ਨਾਲ ਸੁਣਨ ਲਈ ਖੜੇ ਹੋ ਜਾਣਾਂ ਚਾਹੀਦਾ ਹੈ। ਪਾਠੀ ਸਾਹਿਬਾਂ ਨੂੰ ਸੱਭ ਹਦਾਇਤਾਂ ਪਹਿਲਾਂ ਹੀ ਦੇ ਦੇਣੀਆਂ ਚਾਹੀਦੀਆਂ ਹਨ।

ਕਈ ਰਾਗੀ ਲੋਕਾਂ ਨੂੰ ਖੁਸ਼ ਕਰਨ ਲਈ ਕਚੀ ਬਾਣੀ ਦੇ ਲੋਕ ਗੀਤ ਪੜ੍ਹਨੇ ਸ਼ੁਰੂ ਕਰ ਦਿੰਦੇ ਹਨ। ਇਨ੍ਹਾਂ ਨਾਲ ਬਾਹਰੀ ਵਾਹ ਵਾਹ ਤਾਂ ਮਿਲ ਸਕਦੀ ਹੈ, ਪਰ ਅੰਦਰੂਨੀ ਆਨੰਦ ਨਹੀਂ। ਅਜੇਹੇ ਪਾਖੰਡੀਆਂ ਤੋ ਸਿੱਖਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ।

ਅੱਜਕਲ ਦੇ ਬੱਚੇ ਬੱਚੀਆਂ ਅਕਸਰ ਹੇਠ ਲਿਖੇ ਸਬਦ ਦੀ ਉਦਾਹਰਣ ਦੇ ਕੇ ਕਹਿੰਦੇ ਹਨ, ਕਿ ਸਾਰੇ ਇਕੋ ਜਿਹੇ ਹਨ ਤਾਂ ਕਿਸੇ ਵੀ ਹੋਰ ਧਰਮ ਜਾਂ ਮਜਬ ਵਾਲੇ ਨਾਲ ਕਿਉਂ ਨਹੀਂ ਵਿਆਹ ਕੀਤਾ ਜਾ ਸਕਦਾ ਹੈ।

ਪ੍ਰਭਾਤੀ॥ ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥ ੧॥ ਲੋਗਾ ਭਰਮਿ ਨ ਭੂਲਹੁ ਭਾਈ॥ ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿਓ ਸ੍ਰਬ ਠਾਂਈ॥ ੧॥ ਰਹਾਉ॥ ਮਾਟੀ ਏਕ ਅਨੇਕ ਭਾਂਤਿ ਕਰਿ ਸਾਜੀ ਸਾਜਨਹਾਰੈ॥ ਨਾ ਕਛੁ ਪੋਚ ਮਾਟੀ ਕੇ ਭਾਂਡੇ ਨਾ ਕਛੁ ਪੋਚ ਕੁੰਭਾਰੈ॥ ੨॥ ਸਭ ਮਹਿ ਸਚਾ ਏਕੋ ਸੋਈ ਤਿਸ ਕਾ ਕੀਆ ਸਭੁ ਕਛੁ ਹੋਈ॥ ਹੁਕਮੁ ਪਛਾਨੈ ਸੁ ਏਕੋ ਜਾਨੈ ਬੰਦਾ ਕਹੀਐ ਸੋਈ॥ ੩॥ ਅਲਹੁ ਅਲਖੁ ਨ ਜਾਈ ਲਖਿਆ ਗੁਰਿ ਗੁੜੁ ਦੀਨਾ ਮੀਠਾ॥ ਕਹਿ ਕਬੀਰ ਮੇਰੀ ਸੰਕਾ ਨਾਸੀ ਸਰਬ ਨਿਰੰਜਨੁ ਡੀਠਾ॥ ੪॥ ੩॥ (੧੩੪੯, ੧੩੫੦)

ਸਾਡੇ ਜਿਆਦਾ ਤਰ ਸਵਾਲ ਜਾਂ ਭੁਲੇਖੇ ਗੁਰਬਾਣੀ ਨੂੰ ਧਿਆਨ ਨਾਲ ਨਾ ਪੜ੍ਹਨ ਕਰਕੇ ਹੁੰਦੇ ਹਨ। ਜਿਸ ਪੰਗਤੀ ਨਾਲ ਸਾਡਾ ਸਵਾਰਥ ਹੱਲ ਹੁੰਦਾ ਹੈ, ਉਸ ਨੂੰ ਤਾਂ ਲੈ ਲੈਂਦੇ ਹਾਂ ਤੇ ਬਾਕੀ ਦਾ ਸਬਦ ਛੱਡ ਦਿੰਦੇ ਹਾਂ। ਜਿਥੇ ਲਾਉਂਣ ਦੀ ਇਛਾ ਹੁੰਦੀ ਹੈ, ਉਸ ਨੂੰ ਢਾਲ ਕੇ ਉਸ ਅਨੁਸਾਰ ਲਾਉਂਣਾ ਸ਼ੁਰੂ ਕਰ ਦਿੰਦੇ ਹਾਂ। ਧਿਆਨ ਨਾਲ ਵੇਖੋ ਤਾਂ ਇਸ ਸਬਦ ਵਿੱਚ ਵਿਆਹ ਦਾ ਕੋਈ ਵਿਸ਼ਾ ਹੀ ਨਹੀਂ ਲਿਆ ਗਿਆ ਹੈ। ਰਹਾਉ ਦੀ ਪੰਗਤੀ ਜਿਸ ਵਿੱਚ ਸਬਦ ਦਾ ਕੇਂਦਰੀ ਭਾਵ ਹੁੰਦਾ ਹੈ, ਉਸ ਵਿੱਚ ਕਬੀਰ ਸਾਹਿਬ ਲੋਕਾਂ ਨੂੰ ਸਮਝਾ ਰਹੇ ਹਨ ਕਿ ਅਕਾਲ ਪੁਰਖੁ ਦੀ ਹਸਤੀ ਬਾਰੇ ਹੋਰ ਭੁਲੇਖਿਆਂ ਵਿੱਚ ਪੈ ਕੇ ਖ਼ੁਆਰ ਨਾ ਹੋਵੋ। ਉਹ ਅਕਾਲ ਪੁਰਖੁ ਸਾਰੀ ਖ਼ਲਕਤ ਨੂੰ ਆਪ ਪੈਦਾ ਕਰਨ ਵਾਲਾ ਹੈ ਤੇ ਸਾਰੀ ਖ਼ਲਕਤ ਵਿੱਚ ਆਪ ਮੌਜੂਦ ਹੈ, ਤੇ ਉਹ ਸਭ ਥਾਂ ਭਰਪੂਰ ਵਸ ਰਿਹਾ ਹੈ। ਹੁਣ ਅਸੀਂ ਆਪਣੇ ਆਪ ਨੂੰ ਪੁਛੀਏ, ਕਿ ਜਿਸ ਦੂਸਰੇ ਮਜਬ ਵਾਲੇ ਲੜਕੇ ਜਾਂ ਲੜਕੀ ਬਾਰੇ ਅਸੀਂ ਕਹਿ ਰਹੇ ਹਾਂ, ਕੀ ਉਸ ਦਾ ਧਰਮ ਅਕਾਲ ਪੁਰਖੁ ਦੀ ਅਜੇਹੀ ਹਸਤੀ ਨੂੰ ਪਰਵਾਨ ਕਰਦਾ ਹੈ? ਕੀ ਉਸ ਦੇ ਧਰਮ ਦੇ ਲੋਕਾਂ ਨੇ ਦੂਸਰੇ ਦੇ ਧਰਮ ਅਸਥਾਨ ਨੂੰ ਢਾਉਂਣ ਵੇਲੇ ਉਨ੍ਹਾਂ ਦੇ ਅੰਦਰ ਵਸਦੇ ਅਕਾਲ ਪੁਰਖੁ ਨੂੰ ਵੇਖਿਆ ਸੀ? ਕੀ ਉਸ ਨੇ ਆਪਣੇ ਆਪ ਨੂੰ ਜਾਤ ਪਾਤ ਤੇ ਮਜ਼ਹਬ ਦੇ ਭੁਲੇਖਿਆਂ ਵਿਚੋਂ ਬਾਹਰ ਕੱਢ ਲਿਆ ਹੈ? ਕੀ ਉਸ ਨੇ ਦੂਸਰੇ ਧਰਮ ਵਾਲੇ ਲੋਕਾਂ ਨੂੰ ਮੰਦਾ ਚੰਗਾ ਕਹਿਣਾ ਛੱਡ ਦਿੱਤਾ ਹੈ? ਕੀ ਉਸ ਨੇ ਕਰਮ ਕਾਂਡ ਤਿਆਗ ਦਿੱਤੇ ਹਨ? ਕੀ ਉਸ ਨੇ ਆਪਣੇ ਆਪ ਨੂੰ ਭਰਮਾਂ, ਵਹਿਮਾਂ, ਰਵਾਇਤਾਂ ਵਿਚੋਂ ਬਾਹਰ ਕੱਢ ਲਿਆ ਹੈ? ਕੀ ਉਸ ਨੂੰ ਸਾਰਿਆਂ ਵਿੱਚ ਇੱਕ ਅਕਾਲ ਪੁਰਖੁ ਦਾ ਨੂਰ ਦਿਖਾਈ ਦਿੰਦਾ ਹੈ? ਕੀ ਉਸ ਨੇ ਅਕਾਲ ਪੁਰਖੁ ਦੇ ਹੁਕਮੁ ਨੂੰ ਪਛਾਣ ਲਿਆ ਹੈ? ( “ਹੁਕਮੁ ਪਛਾਨੈ ਸੁ ਏਕੋ ਜਾਨੈ ਬੰਦਾ ਕਹੀਐ ਸੋਈ” )। ਕੀ ਉਸ ਨੇਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ” ਅਨੁਸਾਰ ਚਲਣਾ ਪ੍ਰਵਾਨ ਕਰ ਲਿਆ ਹੈ? ਇਸ ਪੂਰੇ ਸਬਦ ਨੂੰ ਪ੍ਰਵਾਨ ਕਰਨ ਵਾਲਾ ਸਿਰਫ ਗੁਰਸਿੱਖ ਹੀ ਹੋ ਸਕਦਾ ਹੈ, ਕੋਈ ਹੋਰ ਨਹੀਂ। ਇਸ ਲਈ ਜੇ ਕਰ ਇਸ ਸਬਦ ਅਨੁਸਾਰ ਰਿਸ਼ਤੇ ਦੀ ਚੋਣ ਕਰਨਾ ਚਾਹੁੰਦੇ ਹੋ ਤਾਂ ਸਿਰਫ ਗੁਰਸਿੱਖ ਹੀ ਵਿਆਹ ਕਰਵਾ ਸਕਦੇ ਹੋ, ਕਿਸੇ ਹੋਰ ਨਾਲ ਨਹੀਂ। ਸਿਰਫ ਸਿੱਖ ਧਰਮ ਹੀ ਅਜੇਹਾ ਧਰਮ ਹੈ ਜਿਹੜਾ ਸਾਝੀਵਾਲਤਾ ਤੇ ਵਿਚਾਰਧਾਰਾ ਦੀ ਇਕਸਾਰਤਾ ਸਿਖਾਉਂਦਾ ਹੈ।

ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥ (੬੪੬)”।

ਗੁਰਸਿੱਖ ਦੇ ਵਿਆਹ ਨੇ ਦੁਨਿਆਵੀ ਰਿਸ਼ਤੇ, ਲੋਕਾਚਾਰੀ ਜਾਂ ਰਵਾਇਤਾ ਤੱਕ ਸੀਮਿਤ ਨਹੀਂ ਰਹਿਣਾਂ ਹੈ, ਉਸ ਨੇ ਗੁਰਮਤਿ ਦੇ ਮਾਰਗ ਤੇ ਚਲ ਕੇ ਅਕਾਲ ਪੁਰਖੁ ਨਾਲ ਸਦੀਵੀ ਸਬੰਧ ਕਾਇਮ ਕਰਨਾ ਹੈ ਤੇ ਅਨੰਦ ਦੀ ਅਵਸਥਾ ਤਕ ਪਹੁੰਚਣਾ ਹੈ। ਇਸ ਲਈ ਸਿੱਖ ਬੱਚੇ ਬੱਚੀ ਦਾ ਅਨੰਦ ਕਾਰਜ ਸਿਰਫ ਸਿੱਖ ਬੱਚੀ ਬੱਚੇ ਨਾਲ ਹੀ ਪ੍ਰਵਾਨ ਹੈ, ਕਿਸੇ ਹੋਰ ਧਰਮ ਵਾਲੇ ਨਾਲ ਨਹੀਂ।

ਜੇ ਕਰ ਉਪਰ ਲਿਖੀਆਂ, ਗੁਰਬਾਣੀ ਦੀਆਂ ਸਿਖਿਆਵਾਂ, ਨੂੰ ਇਕੱਠਾ ਕਰੀਏ ਤਾਂ ਅਸੀਂ ਸੰਖੇਪ ਵਿੱਚ ਕਹਿ ਸਕਦੇ ਹਾਂ ਕਿ

· ਸਮਾਜ ਦੇ ਸਫਲਤਾ ਪੂਰਵਕ ਚਲਦੇ ਰਹਿੰਣ ਲਈ ਗ੍ਰਹਿਸਤ ਦੇ ਮਾਰਗ ਦਾ ਖਾਸ ਮਹੱਤਵ ਹੈ, ਇਸੇ ਲਈ ਸਿੱਖ ਧਰਮ ਵਿੱਚ ਅਨੰਦ ਸੰਸਕਾਰ ਨੂੰ ਅਹਿਮੀਅਤ ਦਿੱਤੀ ਜਾਂਦੀ ਹੈ।

· ਵਿਆਹ ਇੱਕ ਸਮਝੌਤਾ ਹੈ, ਜਿਹੜਾ ਕਦੇ ਵੀ ਤੋੜਿਆ ਜਾ ਸਕਦਾ ਹੈ। ਸਿੱਖ ਦਾ ਅਨੰਦ ਕਾਰਜ ਹੁੰਦਾਂ ਹੈ, ਵਿਆਹ ਨਹੀਂ।

· ਅਸਲੀ ਵਾਧਾਈ, ਜਾਂ ਚੜ੍ਹਦੀ ਕਲ੍ਹਾ ਤਾਂ ਹੀ ਹੋ ਸਕਦੀ ਹੈ, ਜੇ ਕਰ ਸਤਿਗੁਰੂ ਦਾ ਮਿਲਾਪ ਹੋ ਜਾਵੇ। ਵਾਧਾਈ ਅਨੰਦ ਦੀ ਅਵਸਥਾ ਵਿੱਚ ਹੁੰਦੀ ਹੈ, ਜਿਹੜੀ ਸਦਾ ਕਾਇਮ ਰਹਿੰਦੀ ਹੈ।

· ਆਨੰਦ ਦੀ ਅਵਸਥਾ ਵਿੱਚ ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ, ਸਾਰੀਆਂ ਮਨੋਕਾਮਨਾਂਵਾਂ ਪੂਰੀਆਂ ਹੋ ਜਾਂਦੀਆਂ ਹਨ, ਤੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ।

· ਸਾਨੂੰ ਆਪਣੇ ਸਰੀਰ ਨੂੰ ਵਿਕਾਰਾ ਤੋਂ ਰੋਕਣਾਂ ਹੈ, ਪੰਜੇ ਗਿਆਨ ਇੰਦ੍ਰੀਆਂ ਨੂੰ ਆਪੋ ਆਪਣੇ ਵਿਸ਼ੇ ਵਿਕਾਰਾ ਵਲ ਦੌੜਨ ਦੀ ਬਜਾਏ, ਅਕਾਲ ਪੁਰਖ ਦੇ ਹੁਕਮੁ ਤੇ ਰਜ਼ਾ ਅਨੁਸਾਰ ਤੋਰਨਾ ਹੈ।

· ਸਿਰਫ ਉਸ ਮਨੁੱਖ ਦਾ ਇਹ ਸਰੀਰ ਪਰਵਾਣ ਹੁੰਦਾ ਹੈ, ਜਿਹੜਾ ਸਤਿਗੁਰ ਦੀ ਸੱਚੀ ਬਾਣੀ ਵਿੱਚ ਆਪਣਾ ਚਿੱਤ ਜੋੜ ਲੈਂਦਾ ਹੈ।

· ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਗੁਣ ਵੀਚਾਰਨ ਨਾਲ ਮਨੁੱਖ ਅੰਦਰ ਅਕਾਲ ਪੁਰਖੁ ਦੇ ਗੁਣ ਆਉਂਣੇ ਸ਼ੁਰੂ ਹੋ ਜਾਂਦੇ ਹਨ, ਜਿਸ ਸਦਕਾ ਮਨੁੱਖ ਨੂੰ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ।

· ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ” ਦੁਆਰਾ ਅਸੀਂ ਆਪਣਾ ਦਸਮ ਦੁਆਰ ਪਰਗਟ ਕਰ ਸਕਦੇ ਹਾਂ ਤੇ ਨਾਮੁ ਰੂਪੀ ਅੰਮ੍ਰਿਤ ਬਾਣੀ ਦੁਆਰਾ ਆਤਮਕ ਆਨੰਦ, ਅਸਲੀ ਸੁਖ ਤੇ ਸ਼ਾਂਤੀ ਪ੍ਰਾਪਤ ਕਰ ਸਕਦੇ ਹਾਂ।

· ਗੁਰਬਾਣੀ ਅਨੁਸਾਰ ਜੀਵ ਦਾ ਵੀਆਹ, ਭਾਵ ਆਨੰਦ ਦੀ ਅਵਸਥਾ ਅਕਾਲ ਪੁਰਖੁ ਦੇ ਮਿਲਾਪ ਨਾਲ ਹੁੰਦੀ ਹੈ।

· ਸਤਿਗੁਰੂ ਦੀ ਸੱਚੀ ਬਾਣੀ ਦੇ ਦਾਜ ਨਾਲ ਜੀਵ ਇਸਤ੍ਰੀ ਦੀ ਸੋਭਾ, ਉਸ ਦੇ ਪਰਿਵਾਰ, ਸ਼ਹਿਰ, ਪ੍ਰਾਂਤ, ਦੇਸ ਤੇ, ਸਾਰੇ ਸੰਸਾਰ ਵਿੱਚ ਹੋ ਜਾਂਦੀ ਹੈ। ਗੁਰਬਾਣੀ ਦਾ ਦਾਜ ਅਜੇਹਾ ਹੈ, ਕਿ ਇਸ ਦੀ ਕੋਈ ਹੋਰ ਦਾਜ ਬਰਾਬਰੀ ਨਹੀਂ ਕਰ ਸਕਦਾ।

· ਗੁਰਬਾਣੀ ਅਨੁਸਾਰ ਇਸ ਸੰਸਾਰ ਵਿੱਚ ਪਤੀ ਜਾਂ ਪੁਰਖੁ ਸਿਰਫ ਇੱਕੋ ਇੱਕ ਅਕਾਲ ਪੁਰਖੁ ਹੀ ਹੈ, ਹੋਰ ਸਾਰੀ ਸ੍ਰਿਸ਼ਟੀ, ਉਸ ਦੀਆਂ ਇਸਤ੍ਰੀਆਂ ਹਨ।

· ਸਿੱਖ ਧਰਮ ਅਨੁਸਾਰ ਗੁਰੂ ਗਰੰਥ ਸਾਹਿਬ ਨੂੰ ਹਾਜਰ ਨਾਜਰ ਮੰਨ ਕੇ ਲੜਕੇ ਦੀਆਂ ਲਾਵਾਂ ਵੀ ਅਕਾਲ ਪੁਰਖੁ ਨਾਲ ਹੁੰਦੀਆਂ ਹਨ ਤੇ ਲੜਕੀ ਦੀਆਂ ਲਾਵਾਂ ਵੀ ਅਕਾਲ ਪੁਰਖੁ ਨਾਲ ਹੀ ਹੁੰਦੀਆਂ ਹਨ।

· ਸਿਰਫ਼ ਸਰੀਰਕ ਤੌਰ ਤੇ ਰਲ ਕੇ ਰਹਿਣ ਤੇ ਬਹਿਣ ਵਾਲੇ ਮਰਦ ਔਰਤ ਨੂੰ ਅਸਲੀ ਪਤੀ ਪਤਨੀ ਨਹੀਂ ਆਖਿਆ ਜਾ ਸਕਦਾ ਹੈ। ਅਸਲੀ ਪਤੀ ਪਤਨੀ ਉਹ ਹਨ, ਜਿਹੜੇ ਭਾਵੇਂ ਸਰੀਰਕ ਤੌਰ ਤੇ ਦੋ ਹਨ, ਪਰ ਇੱਕ ਜੋਤਿ ਹਨ।

· ਜੇ ਕਰ ਪਤੀ ਪਤਨੀ ਦਾ ਧਰਮ, ਕਾਨੂੰਨ, ਅਸੂਲ, ਸੋਚ ਤੇ ਵਿਚਾਰਧਾਰਾ ਇੱਕ ਹੈ, ਤਾਂ ਆਪਸ ਵਿੱਚ ਕੋਈ ਭੇਦ ਭਾਵ ਨਹੀਂ, ਕੋਈ ਝਗੜਾ ਨਹੀਂ, ਕੋਈ ਵੱਡਾ ਛੋਟਾ ਨਹੀਂ। ਜਦੋਂ, ਇਹ ਦੋਵੇਂ ਸਰੀਰ ਪਤੀ ਪਤਨੀ ਦੇ ਤੌਰ ਤੇ, ਇੱਕ ਵਿਚਾਰਧਾਰਾ ਨਾਲ ਸਮਾਜ ਵਿੱਚ ਵਿਚਰਦੇ ਹਨ, ਤਾਂ ਇੱਕ ਸਫਲ ਪਰਿਵਾਰ ਪੈਦਾ ਹੁੰਦਾ ਹੈ।

· ਗੁਰਬਾਣੀ ਵਿੱਚ ਅੰਕਿਤ ਚਾਰ ਲਾਵਾਂ ਦਾ ਮੰਤਵ, ਜੀਵ ਇਸਤ੍ਰੀ ਦਾ ਕਦੇ ਨਾ ਨਾਸ ਹੋਣ ਵਾਲੇ ਇੱਕ ਅਕਾਲ ਪੁਰਖੁ ਦਾ ਮਿਲਾਪ ਹੈ।

· ਪਹਿਲੜੀ ਲਾਵ ਧਰਮ ਖੰਡ ਦੀ ਅਵਸਥਾ ਬਿਆਨ ਕਰਦੀ ਹੈ, ਦੂਜੜੀ ਲਾਵ ਗਿਆਨ ਖੰਡ ਦੀ, ਤੀਜੜੀ ਲਾਵ ਸਰਮ ਖੰਡ ਦੀ ਅਤੇ ਚਉਥੜੀ ਲਾਵ ਕਰਮ ਖੰਡ ਤੇ ਸਚ ਖੰਡ ਬਾਰੇ ਬਿਆਨ ਕਰਦੀ ਹੈ।

· ਗੁਰਬਾਣੀ ਦੁਆਰਾ ਅਕਾਲ ਪੁਰਖੁ ਦਾ ਨਾਮੁ ਯਾਦ ਰੱਖਣਾ ਜੀਵ ਇਸਤ੍ਰੀ ਦੇ ਅਕਾਲ ਪੁਰਖੁ ਪਤੀ ਨਾਲ ਵਿਆਹ ਦੀ ਪਹਿਲੀ ਲਾਂਵ ਹੈ, ਜਿਸ ਸਦਕਾ ਉਹ ਸਹਿਜ ਅਵਸਥਾ ਵੱਲ ਜਾ ਸਕਦਾ ਹੈ।

· ਖੰਡੇ ਕੀ ਪਾਹੁਲ ਲੈਂਣ ਦੀ ਤਰ੍ਹਾਂ, ਪਹਿਲੜੀ ਲਾਵ ਵਿੱਚ ਵੀ ਗੁਰੂ ਨਾਲ ਪ੍ਰਣ ਕਰਨਾ ਹੈ, ਆਪਣੇ ਆਪ ਨੂੰ ਗੁਰੂ ਅੱਗੇ ਅਰਪਨ ਕਰਨਾ ਹੈ।

· ਜਿਹੜੀ ਜੀਵ ਇਸਤ੍ਰੀ ਹਉਮੈ ਦੂਰ ਕਰ ਕੇ ਅਕਾਲ ਪੁਰਖੁ ਦੇ ਗੁਣ ਗਾਇਨ ਕਰਦੀ ਹੈ, ਉਸ ਦੇ ਅੰਦਰ ਨਿਰਮਲ ਭਉ ਪੈਦਾ ਹੋ ਜਾਂਦਾ ਹੈ।

· ਗੁਰੂ ਦੀ ਸਰਨ ਪੈ ਕੇ, ਹਉਮੈ ਦੂਰ ਕਰਕੇ, ਅਕਾਲ ਪੁਰਖੁ ਸਿਫ਼ਤਿ ਸਾਲਾਹ ਦੇ ਗੀਤ ਗਾਣੇ ਅਤੇ ਉਸ ਨੂੰ ਸਰਬ ਵਿਆਪਕ ਵੇਖਣਾ, ਅਕਾਲ ਪੁਰਖੁ ਨੇ ਜੀਵ ਇਸਤ੍ਰੀ ਦੇ ਵਿਆਹ ਦੀ ਇਹ ਦੂਜੀ ਲਾਂਵ ਤੋਰ ਦਿੱਤੀ ਹੈ। ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੀ ਸੱਚੀ ਬਾਣੀ, ਜੀਵ ਇਸਤ੍ਰੀ ਦੇ ਹਿਰਦੇ ਅੰਦਰ ਅਨਹਦ ਸਬਦ ਵਜਾ ਦਿੰਦੀ ਹੈ।

· ਅੱਜ ਦੀ ਪਨੀਰੀ ਦਾ ਸਿੱਖੀ ਤੋਂ ਟੁਟਣ ਦਾ ਕਾਰਨ ਇਹੀ ਹੈ ਕਿ ਅਸੀਂ ਧਰਮ ਖੰਡ ਵਿੱਚ ਤਾਂ ਜਾਂਦੇ ਹਾਂ, ਪਹਿਲੀ ਲਾਂਵ ਵਿੱਚ ਪ੍ਰਵੇਸ਼ ਤਾਂ ਕਰਦੇ ਹਾਂ, ਪਰ ਸਬਦ ਗੁਰੂ ਦਾ ਗਿਆਨ ਨਹੀਂ ਲੈਂਦੇ, ਦੂਸਰੀ ਲਾਂਵ ਵਿੱਚ ਪ੍ਰਵੇਸ਼ ਨਹੀਂ ਕਰਦੇ, ਜਿਸ ਕਰਕੇ ਭਟਕ ਜਾਂਦੇ ਹਾਂ।

· ਗੁਰਮੁਖਾਂ ਦੀ ਸੰਗਤ ਤੇ ਗੁਰਬਾਣੀ ਦੁਆਰਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਸਦਕਾ ਤੀਜੀ ਲਾਂਵ ਸਮੇਂ, ਜੀਵ ਇਸਤ੍ਰੀ ਦੇ ਮਨ ਵਿੱਚ ਅਕਾਲ ਪੁਰਖੁ ਦੇ ਮਿਲਾਪ ਲਈ “ਹਰਿ ਉਪਜੈ ਮਨਿ ਬੈਰਾਗੁ ਜੀਉਦੀ ਅਵਸਥਾ ਪੈਦਾ ਹੋ ਜਾਂਦੀ ਹੈ।

· ਅਕਾਲ ਪੁਰਖੁ ਦੀ ਮੇਹਰ ਨਾਲ, ਜਿਸ ਜੀਵ ਇਸਤ੍ਰੀ ਦੇ ਮਨ ਵਿੱਚ ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ, ਉਹ ਵਿਆਹ ਦੀ ਚੌਥੀ ਲਾਂਵ ਵਿੱਚ ਕਦੇ ਨਾਸ ਨਾ ਹੋਣ ਵਾਲੇ ਅਕਾਲ ਪੁਰਖੁ ਦਾ ਮਿਲਾਪ ਪ੍ਰਾਪਤ ਕਰ ਲੈਂਦੀ ਹੈ, ਹਰਿ ਪਾਇਆ ਪ੍ਰਭੁ ਅਵਿਨਾਸੀ”।

· ਵਿਆਹ ਦੀ ਚੌਥੀ ਲਾਂਵ ਵਿੱਚ ਅਕਾਲ ਪੁਰਖੁ ਦੇ ਨਾਮੁ ਦੀ ਮਿਹਰ ਸਦਕਾ, ਜੀਵ ਇਸਤ੍ਰੀ ਨੂੰ ਅਸਲੀ ਵਾਧਾਈ ਮਿਲਦੀ ਹੈ।

· ਜੇ ਕਰ ਮਨ ਅੰਦਰ ਗਿਆਨ (ਗਿਆਨ ਖੰਡ) ਅਤੇ ਉੱਦਮ (ਸਰਮ ਖੰਡ) ਆ ਗਿਆ ਤਾਂ ਬਖਸ਼ਸ (ਕਰਮ ਖੰਡ) ਆਪਣੇ ਆਪ ਹੋ ਜਾਂਦੀ ਹੈ।

· ਗੁਰਬਾਣੀ ਦਾ ਸੱਚਾ ਗਿਆਨ, ਉੱਦਮ ਅਤੇ ਅਕਾਲ ਪੁਰਖੁ ਦੀ ਬਖਸ਼ਸ, ਆਪਣੇ ਆਪ ਮਨੁੱਖ ਨੂੰ ਸਦੀਵੀ ਸੁਖ ਤੇ ਅਕਾਲ ਪੁਰਖ ਦੇ ਮਿਲਾਪ (ਸਚ ਖੰਡਿ) ਵੱਲ ਲੈ ਜਾਂਦੇ ਹਨ।

· ਅਕਾਲ ਪੁਰਖ ਦੇ ਹੁਕਮੁ ਅਨੁਸਾਰ ਚਲਣ ਨਾਲ ਤੇ ਉਸ ਦੀ ਰਜ਼ਾ ਵਿੱਚ ਤੁਰਨ ਨਾਲ, ਜੀਵ ਇਸਤ੍ਰੀ ਦੇ ਅੰਦਰ ਜੋ ਕੂੜ ਦਾ ਪਰਦਾ ਹੈ, ਉਹ ਟੁੱਟ ਜਾਂਦਾ ਹੈ, ਜੀਵ ਇਸਤ੍ਰੀ ਤੇ ਅਕਾਲ ਪੁਰਖ ਵਿਚਲੀ ਵਿੱਥ ਮਿਟ ਜਾਂਦੀ ਹੈ।

· ਜੇ ਕਰ ਪਤੀ ਪਤਨੀ ਦੋਵੇਂ, ਇਹ ਤਿੰਨ ਗੁਣ (ਨਿਵਣੁ ਸੁ ਅਖਰੁ, ਖਵਣੁ ਗੁਣੁ, ਜਿਹਬਾ ਮਣੀਆ) ਅਪਨਾ ਲੈਂਣ, ਤਾਂ ਪਰਿਵਾਰ ਵਿੱਚ ਹਮੇਸ਼ਾਂ ਸਾਂਝ ਤੇ ਪਿਆਰ ਬਣਿਆ ਰਹੇਗਾ।

· ਪੂਰਨ ਸਫਲਤਾ ਲਈ ਪਤੀ ਪਤਨੀ ਦਾ ਧਰਮ, ਵਿਚਾਰਧਾਰਾ, ਬੋਲੀ, ਭਾਸ਼ਾ, ਰਹਿਣ ਸਹਿਣ, ਪੜ੍ਹਾਈ, ਖਾਣ ਪੀਣ, ਕਲਚਰ, ਰੀਤੀ ਰਿਵਾਜ਼, ਆਦਤਾਂ, ਸੁਭਾਅ, ਜੀਵਨ ਦੀ ਮੰਜ਼ਲ, ਆਦਿ ਸੱਭ ਇਕੋ ਜਿਹੇ ਹੋਣੇਂ ਚਾਹੀਦੇ ਹਨ।

· ਜਰੂਰੀ ਨਹੀਂ ਕਿ ਲੜਕੇ ਤੇ ਲੜਕੀ ਦੀਆਂ ਸਾਰੀਆਂ ਗੱਲਾਂ ਇਕੋ ਜਿਹੀਆਂ ਹੋਣ, ਪਰ ਧਰਮ ਤੇ ਭਾਸ਼ਾ ਇੱਕ ਹੋਣੇ ਬਹੁਤ ਜਰੂਰੀ ਹਨ।

· ਸਿੱਖ ਧਰਮ ਸਾਝੀਵਾਲਤਾ ਤੇ ਵਿਚਾਰਾ ਦੀ ਇਕਸਾਰਤਾ ਸਿਖਾਉਂਦਾ ਹੈ। ਇਸ ਲਈ ਜੇ ਕਰ ਲੜਕਾ ਅਤੇ ਲੜਕੀ ਗੁਰੂ ਗਰੰਥ ਸਾਹਿਬ ਨੂੰ ਅਪਨਾ ਲੈਂਣਗੇ ਤਾਂ ਉਨ੍ਹਾਂ ਦਾ ਧਰਮ, ਵਿਚਾਰਧਾਰਾ, ਬੋਲੀ, ਭਾਸ਼ਾ, ਰਹਿਣ ਸਹਿਣ, ਖਾਣ ਪੀਣ, ਕਲਚਰ, ਰੀਤੀ ਰਿਵਾਜ਼, ਆਦਤਾਂ, ਸੁਭਾਅ, ਜੀਵਨ ਦੀ ਮੰਜ਼ਲ, ਆਦਿ, ਸੱਭ ਇਕੋ ਜਿਹੀਆਂ ਹੋ ਜਾਣਗੀਆਂ।

· ਸਿੱਖ ਬੱਚੇ ਬੱਚੀ ਦਾ ਅਨੰਦ ਕਾਰਜ ਸਿਰਫ ਸਿੱਖ ਬੱਚੀ ਬੱਚੇ ਨਾਲ ਹੀ ਪ੍ਰਵਾਨ ਹੈ, ਕਿਸੇ ਹੋਰ ਧਰਮ ਵਾਲੇ ਨਾਲ ਨਹੀਂ।

ਗੁਰਬਾਣੀ ਦੇ ਉਪਰ ਲਿਖੇ ਸਬਦ ਵੀਚਾਰਨ ਤੋਂ ਬਾਅਦ ਸਾਨੂੰ ਆਪਣੇ ਆਪ ਨੂੰ ਪੁਛਣਾਂ ਚਾਹੀਦਾ ਹੈ ਕਿ ਸਾਡੇ ਵਿਚੋਂ ਜੋ ਪੁੱਤ, ਪੋਤਿਆਂ ਵਾਲੇ ਹੋ ਚੁਕੇ ਹਨ, ਕੀ ਸਾਡਾ ਅਜੇ ਤੱਕ ਅਨੰਦ ਕਾਰਜ ਹੋਇਆ ਹੈ? ਜਾਂ ਕਿ ਹੋਰਨਾਂ ਦੀ ਤਰ੍ਹਾਂ ਸਿਰਫ ਵਿਆਹ ਤੱਕ ਹੀ ਸੀਮਿਤ ਹਾਂ? ਅਸੀਂ ਲੋਭ ਲਾਲਚ ਅਤੇ ਦੁਨੀਆ ਦੀਆਂ ਰਵਾਇਤਾ ਤੇ ਕਰਮ ਕਾਂਡਾਂ ਵਿੱਚ ਫਸ ਕੇ ਆਪਣਾ ਵਡਮੁੱਲਾ ਮਨੁੱਖਾ ਜੀਵਨ ਵਿਅਰਥ ਗਵਾ ਰਹੇ ਹਾਂ। ਲੋੜ ਹੈ ਕਿ ਅਸੀਂ ਜਾਗੀਏ ਤੇ ਗੁਰਬਾਣੀ ਤੋਂ ਸੋਝੀ ਲਈਏ। ਜੇ ਕਰ ਅਸੀਂ ਸੱਚੇ ਦਿਲੋਂ ਮਾਫੀ ਮੰਗੀਏ ਤੇ ਅੱਗੋਂ ਤੋਂ ਸੁਚੇਤ ਹੋਵਾਗੇ ਤਾਂ ਗੁਰੂ ਸਾਹਿਬ ਸਾਨੂੰ ਮਾਫ ਵੀ ਕਰ ਸਕਦੇ ਹਨ।

ਬਸੰਤੁ ਮਹਲਾ ੯॥ ਕਹਾ ਭੂਲਿਓ ਰੇ ਝੂਠੇ ਲੋਭ ਲਾਗ॥ ਕਛੁ ਬਿਗਰਿਓ ਨਾਹਿਨ ਅਜਹੁ ਜਾਗ॥ ੧॥ ਰਹਾਉ॥ (੧੧੮੭)

ਸਾਨੂੰ ਸਾਵਧਾਨ ਹੋਣ ਦੀ ਲੋੜ ਹੈ, ਜੇ ਕਰ ਅਸਾਂ ਅਜੇ ਤੱਕ ਅਕਾਲ ਪੁਰਖੁ ਪਤੀ ਦੇ ਮਿਲਾਪ ਵੱਲ ਕਦਮ ਨਹੀਂ ਪੁਟਿਆ ਹੈ, ਤਾਂ ਉਸ ਦਿਸ਼ਾ ਵੱਲ ਆਪਣਾ ਪਹਿਲਾ ਕਦਮ ਪੁਟੀਏ। ਖੰਡੇ ਬਾਟੇ ਦੀ ਪਾਹੁਲ ਲੈ ਕੇ ਗੁਰੂ ਸਾਹਿਬ ਨਾਲ ਨਾਤਾ ਜੋੜੀਏ। ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਨੂੰ ਸੁਣੀਏ, ਸਮਝੀਏ, ਵੀਚਾਰੀਏ ਤੇ ਜੀਵਨ ਵਿੱਚ ਅਪਨਾ ਕੇ ਆਪਣੇ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਕਰੀਏ ਤੇ ਅਨੰਦ ਦੀ ਅਵਸਥਾ ਪ੍ਰਾਪਤ ਕਰਕੇ ਆਪਣਾ ਇਹ ਮਨੁੱਖਾ ਜੀਵਨ ਸਫਲ ਕਰੀਏ।

"ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ"

(ਡਾ: ਸਰਬਜੀਤ ਸਿੰਘ) (Dr. Sarbjit Singh)

ਆਰ ਐਚ ੧/ਈ - ੮, ਸੈਕਟਰ - ੮, RH1 / E-8, Sector-8,

ਵਾਸ਼ੀ, ਨਵੀਂ ਮੁੰਬਈ - ੪੦੦੭੦੩. Vashi, Navi Mumbai - 400703.

http://sarbjitsingh.bravehost.com, http://www.gurbani.us/,




.