.

ਸੱਚ ਕਿਨਾਰੇ ਰਹਿ ਗਯਾ

ਜਿਸ ਦਾ ਡਰ ਸੀ ਆਖਿਰ ਉਹ ਭਾਣਾ ਵਰਤ ਹੀ ਗਿਆ। ਮਹੀਨਾ ਕੁ ਪਹਿਲਾਂ ਜਿਸ ਤਰ੍ਹਾਂ ਦਸਮ ਗ੍ਰੰਥ ਦੇ ਵਿਰੁੱਧ ਵਿੱਚ ਲੋਕ ਲਹਿਰ ਖੜੀ ਹੋ ਰਹੀ ਸੀ ਉਸ ਤੋਂ ਇਸ ਤਰ੍ਹਾਂ ਜਾਪ ਰਿਹਾ ਸੀ ਕਿ ਹੁਣ ਗੱਲ ਇੱਕ ਪਾਸੇ ਹੋ ਕੇ ਹੀ ਰਹੇਗੀ। ਪਰ ਨਾਲ ਹੀ ਅੰਦਰੋ ਅੰਦਰੀ ਇਹ ਵੀ ਤੌਖਲਾ ਪੈਦਾ ਹੋ ਰਿਹਾ ਸੀ ਕਿ ਕਿਤੇ ਇਹ ਆਪਣੀ ਹਉਮੇ ਅਧੀਨ ਅਤੇ ਮੈਂ ਮੇਰੀ ਵਡਿਆਈ ਦੇ ਕਾਰਨ ਕਿਤੇ ਇੱਕ ਦੂਜੇ ਦੀਆਂ ਲੱਤਾਂ ਹੀ ਨਾ ਖਿੱਚਣ ਲੱਗ ਪੈਣ ਅਤੇ ਦੂਸਰੇ ਨੂੰ ਠਿੱਬੀ ਲਾ ਕੇ ਆਪਣੇ ਆਪ ਨੂੰ ਦੂਸਰਿਆਂ ਨਾਲੋਂ ਇਸ ਮਸਲੇ ਵਾਰੇ ਜ਼ਿਆਦਾ ਸਿਆਣਾ ਦੱਸ ਕੇ ਦੂਜਿਆਂ ਨੂੰ ਨੀਵਾਂ ਦਰਸਉਣ ਦੀ ਕੋਸ਼ਿਸ਼ ਨਾ ਕਰਨ ਲੱਗ ਪੈਣ। ਦੋ ਕੁ ਹਫਤੇ ਤੋਂ ਜੋ ਦੂਸ਼ਣਬਾਜੀ ਪ੍ਰੋ: ਦਰਸ਼ਨ ਸਿੰਘ ਅਤੇ ਸਪੋਕਸਮੈਨ ਦੇ ਮਾਲਕ, ਐਡੀਟਰ ਜੋਗਿੰਦਰ ਸਿੰਘ ਦੇ ਹਮਾਇਤੀਆਂ ਵਲੋਂ ਇੱਕ ਦੂਜੇ ਤੇ ਸ਼ੁਰੂ ਕੀਤੀ ਗਈ ਸੀ। ਅੱਜ 14 ਮਾਰਚ 2010 ਨੂੰ ਉਹ ਸਿਖਰ ਤੇ ਪਹੁੰਚ ਗਈ ਹੈ। ਹੁਣ ਆਪਣੇ ਹਮਾਇਤੀਆਂ ਨੂੰ ਇੱਕ ਪਾਸੇ ਕਰਕੇ ਇਹ ਦੋਵੇਂ ਆਪ ਹੀ ਸਿੱਧੇ ਤੀਰ ਇੱਕ ਦੂਜੇ ਤੇ ਦਾਗਣ ਲੱਗ ਪਏ ਹਨ।
‘ਸਿੱਖ ਮਾਰਗ’ ਤੇ ਪਹਿਲਾਂ ਵੀ ਕਈ ਵਾਰੀ ਮੈਂ ਇਹ ਗੱਲ ਸਪਸ਼ਟ ਕਰ ਚੁੱਕਾ ਹਾਂ ਅਤੇ ਹੁਣ ਫਿਰ ਦੁਹਰਾ ਰਿਹਾ ਹਾਂ ਕਿ ਮੇਰੇ ਲਈ ਸਭ ਵਿਦਵਾਨ ਬਰਾਬਰ ਹਨ। ਨਾ ਤਾਂ ਹੁਣ ਤੱਕ ਮੈਂ ਕਿਸੇ ਵੀ ਇੱਕ ਵਦਵਾਨ ਦਾ ਪਿਛਲੱਗ ਬਣਿਆਂ ਹਾਂ ਅਤੇ ਨਾ ਹੀ ਕਦੀ ਬਣਨਾ ਹੈ। ਕਿਸੇ ਵੀ ਕਥਿਤ ਮਹਾਂਪੁਰਸ਼, ਸਾਧ, ਸੰਤ ਬ੍ਰਹਮਗਿਆਨੀ ਜਾਂ ਅਖੌਤੀ ਜਥੇਦਾਰ/ਪੁਜਾਰੀ ਨੂੰ ਵੀ ਨਹੀਂ ਮੰਨਦਾ ਅਤੇ ਨਾ ਹੀ ਕਿਸੇ ਉਸ ਕਥਿਤ ਅਕਾਲ ਤਖ਼ਤ ਦੇ ਅਖੌਤੀ ਹੁਕਮਨਾਵੇਂ ਨੂੰ ਮੰਨਦਾ ਹਾਂ ਜੋ ਕਿ ਗੁਰਮਤਿ ਸਿਧਾਂਤਾਂ ਦੇ ਅਨਕੂਲ ਨਾ ਹੋਵੇ। ਮੇਰੇ ਲਈ ਸਭ ਤੋਂ ਜ਼ਿਆਦਾ ਮਹੱਤਤਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਹੈ ਬਾਕੀ ਹੋਰ ਗੱਲਾਂ ਇਸ ਤੋਂ ਬਾਅਦ ਅਉਂਦੀਆਂ ਹਨ।
ਦਸਮ ਗ੍ਰੰਥ ਬਾਰੇ ਸਭ ਤੋਂ ਪਹਿਲਾਂ ਸਿੱਖਾਂ ਨੂੰ ਜਾਗਰਤ ਕਰਨ ਦਾ ਸਿਹਰਾ ਗਿਆਨੀ ਭਾਗ ਸਿੰਘ ਅੰਬਾਲਾ ਨੂੰ ਜਾਂਦਾ ਹੈ। ਉਸ ਤੋਂ ਬਾਅਦ ਨੰਬਰ ਆਉਂਦਾ ਹੈ ਪ੍ਰਿੰ: ਹਰਿਭਜਨ ਸਿੰਘ ਚੰਡੀਗੜ੍ਹ ਵਾਲੇ ਦਾ। ਮੈਨੂੰ ਯਾਦ ਹੈ ਕਿ ਅੱਜ ਤੋਂ ਕੋਈ ਲਗਭਗ 27 ਸਾਲ ਪਹਿਲਾਂ ਜਦੋਂ ਉਹ ਇੱਥੇ ਮੇਰੇ ਕੋਲ ਹਫਤਾ ਆ ਕੇ ਠਹਿਰੇ ਸੀ ਤਾਂ ਦਸਮ ਗ੍ਰੰਥ ਬਾਰੇ ਗੱਲਾਂ ਕਰਦੇ ਅੰਦਰੋਂ ਝੂਰ ਰਹੇ ਸਨ ਕਿ ਜੇ ਕਰ ਇਹ ਮਸਲਾ ਇਸੇ ਤਰ੍ਹਾਂ ਲੰਮੇ ਸਮੇਂ ਲਈ ਲਟਕਦਾ ਰਿਹਾ ਤਾਂ ਸਿੱਖੀ ਦਾ ਨੁਕਸਾਨ ਕਰੇਗਾ। ਇਸ ਬਾਰੇ ਉਹਨਾ ਨੇ ਆਪਣੇ ਦਿਲ ਦੀ ਵੇਦਨਾ, ਸਾਡੇ ਸ਼ਹਿਰ ਦੇ ਗੁਰਦੁਆਰੇ ਵਿੱਚ ਵੀ ਪ੍ਰਗਟ ਕੀਤੀ ਸੀ ਕਿ ਕਿਸੇ ਦਿਨ ਨੂੰ ਪੰਥ ਨੂੰ ਇਸ ਬਾਰੇ ਫੈਸਲਾ ਕਰਨਾ ਹੀ ਪੈਣਾ ਹੈ। ਜਿਤਨੀ ਛੇਤੀਂ ਹੋ ਸਕੇ ਉਤਨਾ ਹੀ ਚੰਗਾ ਹੈ। ਦਸਮ ਗ੍ਰੰਥ ਬਾਰੇ ਉਹਨਾ ਨਾਲ ਕਾਫੀ ਵਿਚਾਰ ਵਿਟਾਂਦਰਾ ਕੀਤਾ। ਖਾਸ ਕਰਕੇ ਚੌਪਈ ਬਾਰੇ ਕਿਉਂਕਿ ਗਿਆਨੀ ਭਾਗ ਸਿੰਘ ਨੂੰ ਵੀ ਕਥਿਤ ਤੌਰ ਤੇ ਛੇਕਿਆ ਵੀ ਇਸ ਨੂੰ ਬਹਾਨਾ ਬਣਾ ਕੇ ਹੀ ਸੀ। ਮੈਨੂੰ ਤਾਂ ਪਹਿਲੇ ਦਿਨ ਤੋਂ ਹੀ ਇਸ ਤੋਂ ਗੁਰਬਾਣੀ ਵਰਗਾ ਰਸ ਨਹੀਂ ਸੀ ਆਇਆ ਅਤੇ ਨਾ ਹੀ ਇਸ ਨੂੰ ਗੁਰਬਾਣੀ ਕਰਕੇ ਪੜ੍ਹਿਆ ਹੀ ਸੀ। ਪ੍ਰੋ: ਸਾਹਿਬ ਸਿੰਘ ਦੇ ਖਿਆਲ ਵੀ ਇਸ ਚੌਪਈ ਬਾਰੇ ਪੁੱਛੇ ਕਿ ਉਹ ਇਸ ਨੂੰ ਬਾਣੀ ਮੰਨਦੇ ਸੀ ਕਿ ਨਹੀਂ ਅਤੇ ਉਹਨਾ ਨੇ ਇਸ ਦਾ ਟੀਕਾ ਕਿਉਂ ਨਹੀਂ ਕੀਤਾ? ਕਿਉਂਕਿ ਪ੍ਰੋ: ਸਾਹਿਬ ਸਿੰਘ ਤੋਂ ਬਾਅਦ ਪ੍ਰਿੰ: ਹਰਿਭਜਨ ਸਿੰਘ ਜੀ ਸ਼ਹੀਦ ਸਿੱਖ ਮਿਸ਼ਨਰੀ ਕਾਲਜ਼ ਦੇ ਪ੍ਰਿੰ: ਲੱਗੇ ਸਨ ਅਤੇ ਉਹ ਉਹਨਾ ਦੇ ਬਹੁਤ ਨੇੜੇ ਦੇ ਜਾਣੂ ਸਨ। ਇਸ ਲਈ ਉਹ ਅਸਲੀਅਤ ਤੋਂ ਜਾਣੂ ਸਨ। ਉਹਨਾ ਦੇ ਦੱਸਣ ਮੁਤਾਬਕ ਪ੍ਰੋ: ਸਾਹਿਬ ਸਿੰਘ ਜੀ ਇਸ ਪਰਚੱਲਤ ਚੌਪਈ ਨੂੰ ਨਹੀਂ ਸੀ ਮੰਨਦੇ ਇਸ ਦੀ ਜਗਾ ਤੇ ਦੂਸਰੀ ਚੌਪਈ ਪ੍ਰਣਵੋ ਆਦਿ ਏਕਅੰਕਾਰਾ ਪੜ੍ਹਦੇ ਹੁੰਦੇ ਸੀ ਅਤੇ ਖੰਡੇ ਦੀ ਰਸਮ ਵੇਲੇ ਵੀ ਇਹੋ ਹੀ ਪੜ੍ਹੀ ਜਾਂਦੀ ਸੀ। ਹੁਣ ਭਾਵੇਂ ਕੋਈ ਵੀ ਉਸ ਦੇ ਨਾਮ ਨਾਲ ਝੂਠ ਤੁਫਾਨ ਜੋੜ ਦੇਵੇ ਪਰ ਅਸਲੀਅਤ ਇਹੋ ਹੀ ਹੈ। ਕੀ ਜਿਹੜਾ ਪ੍ਰੋ: ਸਾਹਿਬ ਸਿੰਘ ਇਤਨੀਆਂ ਕਿਤਾਬਾਂ ਲਿਖ ਕੇ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਕਰ ਸਕਦਾ ਹੈ ਉਹ ਛੋਟੀ ਜਿਹੀ ਚੌਪਈ ਦੇ ਅਰਥ ਨਹੀਂ ਸੀ ਕਰ ਸਕਦਾ?
ਪ੍ਰਿੰ: ਹਰਿਭਜਨ ਸਿੰਘ ਤੋਂ ਬਾਅਦ ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ ਨੇ ਇਸ ਦਸਮ ਗ੍ਰੰਥ ਬਾਰੇ ਖੁੱਲ ਕੇ ਲਿਖਿਆ ਹੈ ਤਾਂ ਹੀ ਤਾਂ ਹੁਣ ਦਸਮ ਗ੍ਰੰਥੀਏ ਬੁਖਲਾਏ ਹੋਏ ਹਰ ਉਸ ਵਿਆਕਤੀ ਨੂੰ ਜਿਹੜਾ ਕਿ ਦਸਮ ਗ੍ਰੰਥ ਦਾ ਵਿਰੋਧ ਕਰਦਾ ਹੈ ਉਸ ਨੂੰ ਕਾਲੇ ਅਫਗਾਨੀਏ ਕਹਿ ਕੇ ਮੂੰਹ ਵਿਚੋਂ ਹਰ ਵੇਲੇ ਝੱਗ ਸੁੱਟਦੇ ਰਹਿੰਦੇ ਹਨ। ਕਾਲੇ ਅਫਗਾਨੇ ਤੋਂ ਬਾਅਦ ਸਪੋਕਸਮੈਨ ਨੇ ਹਰ ਖਤਰਾ ਮੁੱਲ ਲੈ ਕੇ ਇਸ ਦੀ ਅਸਲੀਅਤ ਨੂੰ ਆਮ ਲੋਕਾਂ ਤੱਕ ਪਹੁੰਚਾਇਆ ਹੈ। ਹੁਣ ਪਿਛਲੇ ਕੁੱਝ ਸਮੇ ਤੋਂ ਪ੍ਰੋ: ਦਰਸ਼ਨ ਸਿੰਘ ਜੀ ਵੀ ਇਸ ਦੀ ਅਸਲੀਅਤ ਨੂੰ ਆਮ ਸਿੱਖ ਸੰਗਤਾਂ ਤੱਕ ਪਹੁੰਚਾ ਰਹੇ ਹਨ ਪਹਿਲਾਂ ਭਾਵੇਂ ਅਣਗਹਿਲੀ ਜਾਂ ਨਾਸਮਝੀ ਦੇ ਕਾਰਣ ਇਸ ਦਾ ਖੁਦ ਕੀਰਤਨ ਵੀ ਕਰਦੇ ਰਹੇ ਹਨ। ਇਹਨਾ ਤੋਂ ਬਿਨਾ ਹੋਰ ਵੀ ਅਨੇਕਾਂ ਹੀ ਸਿੱਖ ਅਤੇ ਜਥੇਬੰਦੀਆਂ ਆਪਣੇ ਲੈਬਲ ਤੇ ਇਸ ਗ੍ਰੰਥ ਦੀ ਅਸਲੀਅਤ ਦੱਸ ਕੇ ਲੋਕਾਈ ਨੂੰ ਜਾਗਰਤ ਕਰ ਰਹੇ ਹਨ।
ਇਸ ਸਮੇਂ ਦਸਮ ਗ੍ਰੰਥ ਦਾ ਵਿਰੋਧ ਕਰਨ ਵਾਲੇ ਤਿੰਨ ਮੁਖ ਪਾਤਰ ਹਨ ਜਿਹਨਾ ਦੇ ਨਾਮ ਦੀ ਚਰਚਾ ਮੀਡੀਏ ਵਿੱਚ ਜ਼ਿਆਦਾ ਹੁੰਦੀ ਹੈ। ਇਹ ਹਨ, ਗੁਰਬਖ਼ਸ਼ ਸਿੰਘ ਕਾਲਾ ਅਫਗਾਨਾ, ਜੋਗਿੰਦਰ ਸਿੰਘ ਸਪੋਕਸਮੈਨ ਅਤੇ ਪ੍ਰੋ: ਦਰਸ਼ਨ ਸਿੰਘ। ਇਹਨਾ ਤਿੰਨਾ ਨਾਲ ਹੀ ਜ਼ਿਆਦਾ ਨੇੜਤਾ ਰੱਖਣ ਵਾਲੇ ਵਿਆਕਤੀ ਇਹਨਾ ਦੇ ਔਗਣਾ ਨੂੰ ਢਕਣ ਦੀ ਕੋਸ਼ਿਸ਼ ਕਰਦੇ ਹਨ ਅਤੇ ਦੂਸਰਿਆਂ ਦੇ ਔਗਣ ਉਛਾਲਣ ਵਿੱਚ ਲੱਗੇ ਹੋਏ ਹਨ। ਜਿਹੜਾ ਕੋਈ ਜਿਸ ਨਾਲ ਜੁੜਿਆ ਹੋਇਆ ਹੈ ਉਹੋ ਹੀ ਉਸ ਨੂੰ ਦੂਜਿਆਂ ਨਾਲੋਂ ਸਿਆਣੇ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ। ਬਸ ਇਹੀ ਹੈ ਅਸਲ ਮਸਲੇ ਦੀ ਜੜ੍ਹ, ਜਿਸ ਨੇ ਕੇ ਆਮ ਸਿੱਖਾਂ ਦੇ ਜਜ਼ਬਾਤਾਂ ਨੂੰ ਸੱਟ ਮਾਰ ਕੇ ਸਾਰੀ ਕੀਤੀ ਕਰਾਈ ਖੂਹ ਵਿੱਚ ਪਾ ਦਿੱਤੀ ਹੈ। ਆਓ ਮੈਂ ਹੁਣ ਤੁਹਾਨੂੰ ਇਹਨਾ ਤਿੰਨੇ ਦੇ ਹੀ ਥੋੜੇ ਜਿਹੇ ਗੁਣ ਅਤੇ ਔਗੁਣ ਦੱਸਦਾ ਹਾਂ ਜਿਹੜੇ ਕਿ ਤੁਹਾਨੂੰ ਇਸ ਲੇਖ ਨੂੰ ਪੜ੍ਹਨ ਵਾਲਿਆਂ ਨੂੰ ਸ਼ਾਇਦ ਹੀ ਚੰਗੇ ਲੱਗਣ।
ਗੁਰਬ਼ਖ਼ਸ਼ ਸਿੰਘ ਕਾਲਾ ਅਫਗਾਨਾ ਇੱਕ ਸਾਬਕਾ ਪੁਲਸੀਆ ਹੈ। ਪੁਲਸੀਆਂ ਦੀ ਬੋਲਬਾਣੀ ਕਿਸ ਤਰ੍ਹਾਂ ਦੀ ਹੁੰਦੀ ਹੈ ਇਸ ਬਾਰੇ ਕੋਈ ਬਹੁਤਾ ਦੱਸਣ ਦੀ ਲੋੜ ਨਹੀਂ। ਪਰ ਅਖੀਰਲੀ ਉਮਰੇ ਜੋ ਕੰਮ ਕਿਤਾਬਾਂ ਲਿਖ ਕੇ ਉਸ ਨੇ ਕੀਤਾ ਹੈ ਉਸ ਨੂੰ ਕੋਈ ਵਿਰਲਾ ਹੀ ਕਰ ਸਕਦਾ ਹੈ। ਗੁਰਬਾਣੀ ਦਾ ਸੱਚ ਬਿਆਨ ਕਰਨ ਲੱਗਿਆਂ ਉਸ ਨੇ ਲਿਹਾਜ਼ ਕਿਸੇ ਦਾ ਵੀ ਨਹੀਂ ਕੀਤਾ ਭਾਵੇਂ ਉਹ ਕਿਸੇ ਨੂੰ ਚੰਗਾ ਲੱਗੇ ਜਾਂ ਨਾ। ਉਸ ਦੀ ਲਿਖੀ ਹੋਈ ਗੱਲ ਨੂੰ ਉਹੀ ਪੜ੍ਹੇ ਅਤੇ ਸਮਝੇਗਾ ਜਿਸ ਨੂੰ ਕਿਤਾਬਾਂ ਪੜ੍ਹ ਕੇ ਆਪ ਗੁਰਮਤਿ ਸਮਝਣ ਦਾ ਕੋਈ ਸ਼ੌਕ ਹੈ। ਗੁਰਦੁਆਰਿਆਂ ਵਿਚਲੀ ਆਮ ਸੰਗਤ ਨੇ ਨਾ ਤਾਂ ਉਸ ਨੂੰ ਪੜ੍ਹਨਾ ਹੈ ਅਤੇ ਨਾ ਹੀ ਕਿਸੇ ਨੇ ਉਸ ਨੂੰ ਥੋੜੇ ਕੀਤੇ ਬੋਲਣ ਦਿੱਤਾ ਹੈ ਜਾਂ ਦੇਣਾ ਹੈ। ਇਸ ਦੇ ਉਲਟ ਪ੍ਰੋ: ਦਰਸ਼ਨ ਸਿੰਘ ਦੀ ਗੱਲ ਆਮ ਸ਼ਰਧਾਲੂ ਗੁਰਦੁਆਰਿਆਂ ਵਿੱਚ ਸੁਣਦੇ ਹਨ ਕਿਉਂਕਿ ਕਈ ਦਹਾਕਿਆਂ ਤੋਂ ਉਸ ਦਾ ਰਾਬਤਾ ਆਮ ਸ਼ਰਧਾਲੂਆਂ ਨਾਲ ਬਣਿਆਂ ਹੋਇਆ ਹੈ। ਇਸ ਲਈ ਜਿਥੇ ਵੀ ਉਹ ਜਾਂਦੇ ਹਨ ਸੰਗਤਾਂ ਦਾ ਉਮਾਹ ਉਹਨਾ ਨੂੰ ਸੁਣਨ ਲਈ ਉਮਡ ਪੈਂਦਾ ਹੈ। ਪਰ ਇਹਨਾ ਦਾ ਨੁਕਸ ਇਹ ਹੈ ਕਿ ਇਹ ਗੱਲ ਸਪਸ਼ਟ ਕਰਨ ਦੀ ਬਿਜਾਏ ਹੋਰ ਉਲਝਾਈ ਜਾਂਦੇ ਹਨ। ਜਦੋਂ ਇਹ ਬੰਦਿਆਂ ਦੀ ਬਣਾਈ ਪੰਥਕ ਮਰਯਾਦਾ ਨੂੰ ਗੁਰੂ ਦੀ ਗੱਲ ਨਾਲੋਂ ਉਪਰ ਦੱਸ ਕੇ ਦਸਮ ਗ੍ਰੰਥ ਦੀਆਂ ਰਚਨਾਵਾਂ ਦੇ ਗਲਤ ਅਰਥ ਕਰਕੇ ਗੁਮਰਾਹ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਤੇ ਸਭ ਤੋਂ ਮਾੜੀ ਗੱਲ ਇਹ ਹੈ ਕਿ ਜਿਹੜੇ ਸਿਧਾਂਤ ਨਾਲੋਂ ਬੰਦਾ ਪ੍ਰਸਤੀ ਨੂੰ ਪਹਿਲ ਦਿੰਦੇ ਹਨ। ਇਸੇ ਲਈ ਉਹ ਇਹਨਾ ਨੂੰ ਸਮਝਾਉਣ ਦੀ ਬਿਜਾਏ ਇਹਨਾਂ ਦਾ ਗਲਤ ਤੌਰ ਤੇ ਪੱਖ ਪੂਰ ਰਹੇ ਹਨ। ਇੱਕ ਪਾਸੇ ਤਾਂ ਇਹ ਤ੍ਰਿਆ ਚਰਿੱਤਰ ਨੂੰ ਰੱਦ ਕਰਦੇ ਹਨ ਦੂਸਰੇ ਪਾਸੇ ਇਸ ਦੇ ਅਖੀਰਲੇ ਹਿਸੇ ਚੌਪਈ ਨੂੰ ਗੁਰਬਾਣੀ ਮੰਨਦੇ ਹਨ ਇਹ ਦੋਗਲੀਆਂ ਗੱਲਾਂ ਕਿਉਂ? ਜਾਂ ਤਾਂ ਇਹ ਬਿੱਲਕੁੱਲ ਹੀ ਚੁੱਪ ਰਹਿਣ ਇਸ ਬਾਰੇ ਕੋਈ ਗੱਲ ਹੀ ਨਾ ਕਰਨ। ਜੇ ਕਰ ਕੋਈ ਪੁੱਛੇ ਤਾਂ ਸਿਰਫ ਇਹ ਹੀ ਦੱਸਣ ਕਿ ਜਿਤਨਾ ਚਿਰ ਕੋਈ ਨਵਾਂ ਫੈਸਲਾ ਪੰਥ ਰਲ ਕੇ ਨਹੀਂ ਕਰਦਾ ਉਤਨਾ ਚਿਰ ਮੈਂ ਇਹਨਾਂ ਨੂੰ ਪੜ੍ਹਨਾ ਹੈ ਹੋਰ ਕੋਈ ਪੜ੍ਹੇ ਜਾਂ ਨਾਂ ਪੜ੍ਹੇ। ਇਹ ਹੀ ਦੱਸਣ ਕਿ ਮੇਰਾ ਮੁੱਖ ਮੁੱਦਾ ਇਸ ਵੇਲੇ ਦਸਮ ਗ੍ਰੰਥ ਦੀ ਗੁਰੂ ਗ੍ਰੰਥ ਦੇ ਬਰਾਬਰ ਡਾਹੀ ਹੋਈ ਮੰਜ਼ੀ ਨੂੰ ਚਕਾਉਣਾ ਹੈ ਅਤੇ ਅਗਲਾ ਕਦਮ ਇਸ ਤੋਂ ਬਾਅਦ ਵਿੱਚ ਚੁੱਕਿਆ ਜਾਵੇਗਾ। ਪਰ ਜਿਸ ਤਰ੍ਹਾਂ ਦੇ ਹਾਲਾਤ ਅੱਜ ਹਨ ਉਸ ਤੋਂ ਤਾਂ ਇਹੀ ਜਾਪਦਾ ਹੈ ਕਿ ਹੁਣ ਗੱਲ ਲੀਹ ਤੋਂ ਲਹਿ ਗਈ ਹੈ ਸ਼ਾਇਦ ਹੀ ਠੀਕ ਹੋਵੇ। ਇੱਥੇ ਇੱਕ ਗੱਲ ਹੋਰ ਵੀ ਮੈਂ ਪ੍ਰੋ: ਦਰਸ਼ਨ ਸਿੰਘ ਦੇ ਸਹਿਯੋਗੀਆਂ ਨੂੰ ਦੱਸਣੀ ਚਾਹੁੰਦਾ ਹਾਂ ਕਿ ਇੱਥੇ ਬੀ. ਸੀ. ਕਨੇਡਾ ਦੇ ਵੈਨਕੂਵਰ ਦੇ ਇਲਾਕੇ ਵਿੱਚ ਇੱਕ ਅਖਬਾਰ ਵਿੱਚ ਪ੍ਰੋ: ਦਰਸ਼ਨ ਸਿੰਘ ਨੂੰ ਗੁਰਬਾਣੀ ਦੀਆਂ ਪੰਗਤੀਆਂ ਦਾ ਹਵਾਲਾ ਦੇ ਕੇ ਬਚਨ ਕਰਕੇ ਮੁੱਕਰਨ ਵਾਲਾ, ਇੱਕ ਕਥਿਤ ਤੌਰ ਤੇ ਖੁਦ ਛੇਕੇ ਹੋਏ ਦਸਮ ਗ੍ਰੰਥੀਏ ਵਿਆਕਤੀ ਨੇ ਵਿਰੋਧਤਾ ਵਜੋਂ ਕਈ ਵਾਰੀ ਲਿਖਿਆ ਸੁਣਿਆਂ ਹੈ ਕਿ ਪ੍ਰੋ: ਜੀ ਇੱਕ ਗੁਰਦੁਆਰੇ ਵਿੱਚ ਕੀਰਤਨ ਕਰਨ ਦਾ ਵਾਇਧਾ ਕਰਕੇ ਮੁੱਕਰ ਗਏ ਸਨ। ਇਹ ਗੱਲ ਕਿਤਨੀ ਕੁ ਠੀਕ ਅਤੇ ਗਲਤ ਹੈ ਇਸ ਬਾਰੇ ਪ੍ਰੋ: ਦਰਸ਼ਨ ਸਿੰਘ ਜੀ ਜਾਂ ਉਹ ਵਿਆਕਤੀ ਹੀ ਜਾਣਦੇ ਹਨ।
ਸਪੋਕਸਮੈਨ ਦੇ ਜੋਗਿੰਦਰ ਸਿੰਘ ਨੇ ਜਿਥੇ ਆਮ ਸਿੱਖ ਸੰਗਤ ਨੂੰ ਇਸ ਦਸਮ ਗ੍ਰੰਥ ਦੇ ਕੂੜ ਤੋਂ ਜਾਣੂ ਕਰਵਾਇਆ ਉਥੇ ਨਾਲ ਹੀ ਸਿੱਖਾਂ ਵਲੋਂ ਮਿਲੇ ਬੇਮਿਸਾਲ ਹੁੰਘਾਰੇ ਨੇ ਉਹਨਾ ਦੀ ਹਉਮੇ ਨੂੰ ਸੱਤ ਅਸਮਾਨੇ ਚੜ੍ਹਾ ਦਿੱਤਾ। ਉਹ ਆਪਣੇ ਨਾਲ ਦਿਆਂ ਸਹਿਯੋਗੀਆਂ ਨੂੰ ਵੀ ਆਮ ਕਾਂ-ਚਿੜੀਆਂ ਹੀ ਸਮਝਣ ਲੱਗ ਪਿਆ। ਜਿਸ ਕਰਕੇ ਇਕ-ਇਕ ਕਰਕੇ ਉਸ ਤੋਂ ਕਿਨਾਰਾ ਕਰਨ ਲੱਗ ਪਏ ਹਨ। ਹੁਣ ਸਿਰਫ ਜ਼ਿਆਦਾ ਅੰਨੇ ਸ਼ਰਧਾਲੂ ਹੀ ਉਸ ਦੇ ਨਾਲ ਰਹਿ ਗਏ ਲਗਦੇ ਹਨ। ਲਿਖਣਾਂ ਤਾਂ ਮੈਂ ਕੁੱਝ ਹੋਰ ਵੀ ਚਾਹੁੰਦਾ ਸੀ ਪਰ ਹੁਣ ਸਮਾਂ ਇਜ਼ਾਜਤ ਨਹੀਂ ਦਿੰਦਾ ਇਸ ਲਈ ਜੋ ਇਹਨਾ ਤਿੰਨਾਂ ਦੇ ਸਹਿਯੋਗੀ ਰਲ ਕੇ ਕਰ ਰਹੇ ਹਨ ਉਹ ਸਮੇਂ ਦੀ ਯਾਦ ਤਾਜ਼ਾ ਕਰਵਾਉਂਦਾ ਹੈ ਜਿਸ ਵੇਲੇ ਗੁਰੂ ਨਾਨਕ ਜੀ ਇਸ ਧਰਤੀ ਤੇ ਆਏ ਸਨ ਅਤੇ ਭਾਈ ਗੁਰਦਾਸ ਜੀ ਨੇ ਉਸ ਦਾ ਵਰਣਨ ਇੰਜ ਕੀਤਾ ਹੈ:
ਚਾਰ ਵਰਨ ਚਾਰ ਮਝਹਬਾਂ ਜਗ ਵਿੱਚ ਹਿੰਦੂ ਮੁਸਲਮਾਣੇ॥ ਖੁਦੀ ਬਕੀਲੀ ਤਕੱਬਰੀ ਖਿੰਚੋਤਾਣ ਕਰੇਨ ਧਿਙਾਣੇ॥ ਗੰਗ ਬਨਾਰਸ ਹਿੰਦੂਆਂ ਮੱਕਾ ਕਾਬਾ ਮੁਸਲਮਾਣੇ॥ ਸੁੰਨਤ ਮੁਸਲਮਾਨ ਦੀ ਤਿਲਕ ਜੰਞੂ ਹਿੰਦੂ ਲੋਭਾਣੇ॥ ਰਾਮ ਰਹੀਮ ਕਹਾਇੰਦੇ ਇੱਕ ਨਾਮ ਦੁਇ ਰਾਹ ਭੁਲਾਣੇ॥ ਬੇਦ ਕਤੇਬ ਭੁਲਾਇਕੈ ਮੋਹੇ ਲਾਲਚ ਦੁਨੀ ਸ਼ੈਤਾਣੇ॥ ਸੱਚ ਕਿਨਾਰੇ ਰਹਿ ਗਯਾ ਖਹਿ ਮਰਦੇ ਬਾਮਣ ਮਉਲਾਣੇ॥ (1-21-7)
ਮੱਖਣ ਸਿੰਘ ਪੁਰੇਵਾਲ,
ਮਾਰਚ 14, 2010.
.