From the book
‘Sikhi Da Darshan’ authoured by the Hardev Singh Jammu
(
concept of
libration in Sikhism)
ਮੁਕਤੀ
ਮੁਕਤੀ ਅਧਿਆਤਮਿਕ ਖੇਤਰ ਵਿੱਚ ਸਭ ਤੋਂ ਜ਼ਿਆਦਾ ਚਰਚਾ ਵਾਲੇ ਵਿਸ਼ਿਆਂ ਵਿਚੋਂ
ਇੱਕ ਹੈ। ਮੁਕਤੀ ਮਨੁੱਖ ਦੀ ਤਲਾਸ਼ ਰਹੀ ਹੈ। ਕਈ ਪ੍ਰਕਾਰ ਦੀਆਂ ਧਾਰਨਾਵਾਂ ਜਾਂ ਭਰੋਸੇ ਪ੍ਰਗਟ ਕੀਤੇ
ਗਏ ਹਨ ਮੁਕਤੀ ਦੇ ਵਿਸ਼ੇ ਤੇ। ਖਚਾ ਖਚ ਭਰੇ ਪੰਡਾਲਾਂ ਤੋਂ ਲੈ ਕੇ ਇਕਾਂਤਵਾਸਾਂ ਤਕ ਮੁਕਤੀ ਨੂੰ
ਸਮਝਣ ਸਮਝਾਉਣ ਅਤੇ ਪਾਉਣ ਦੇ ਯਤਨ ਕੀਤੇ ਗਏ ਹਨ ਅਤੇ ਕੀਤੇ ਜਾ ਰਹੇ ਹਨ। ਅਜ ਕਿੰਨੇ ਕੁ ਲੋਕ ਐਸੀ
ਮੁਕਤੀ ਨੂੰ ਪਾ ਚੁਕੇ ਹਨ ਅਤੇ ਕਿੰਨੇ ਮੁਕਤੀ ਨੂੰ ਪੱਕਾ ਕਰ ਚੁਕੇ ਹਨ। ਇਸ ਦੀ ਕੋਈ ਗਿਣਤੀ ਨਹੀਂ।
ਇਸ ਵਾਸਤੇ ਨਹੀਂ ਕਿ ਉਨ੍ਹਾਂ ਦੀ ਗਿਣਤੀ ਵੱਡੀ ਹੈ ਬਲਕਿ ਇਸ ਵਾਸਤੇ ਕਿ ਉਨ੍ਹਾਂ ਦੀ ਗਿਣਤੀ ਲਗਭਗ
ਹੈ ਹੀ ਨਹੀਂ।
ਕੁੱਝ ਲੋਕ ਮੁਕਤੀ ਪ੍ਰਾਪਤ ਕਰਨ ਵਾਸਤੇ ਯਤਨਸ਼ੀਲ ਹਨ। ਬਹੁਤ ਘਟ। ਜ਼ਿਆਦਾ ਤਰ
ਲੋਕ ਮੁਕਤੀ ਪ੍ਰਾਪਤ ਕਰਨ ਦੇ ਯਤਨ ਤੋਂ ਦੂਰ ਹਨ। ਕਾਰਣ? ਉਹ ਮੁਕਤੀ ਨੂੰ ਲੈ ਕੇ ਭਰਮ ਜਾਂ ਭੁਲੇਖੇ
(Confusion) ਵਿੱਚ
ਹਨ। ਇਸ ਲੇਖ ਵਿੱਚ ਅਸੀਂ ਕੇਵਲ ਮੁਕਤੀ ਅਤੇ ਮੁਕਤੀ ਨੂੰ ਲੈ ਕੇ ਗੁਰੂ ਨਾਨਕ ਦੇ ਦਰਸ਼ਨ ਨੂੰ ਸਮਝਣ
ਦਾ ਯਤਨ ਕਰਾਂ ਗੇ।
ਸਭ ਤੋਂ ਪਹਿਲਾਂ ਮੋਟੇ ਤੌਰ ਤੇ ਮੁਕਤੀ ਦੇ ਵਿਸ਼ੇ ਬਾਰੇ ਆਮ ਧਾਰਣਾਂ:
ਕਿਸੇ ਵਿਧੀ ਵਿਸ਼ੇਸ਼ ਦੇ ਨਾਲ ਪ੍ਰਮਾਤਮਾ ਦੀ ਪੂਜਾ ਅਰਚਨਾ ਦੁਆਰਾ ਮਰਨ
ਉਪ੍ਰੰਤ ਪ੍ਰਮਾਤਮਾ ਵਿੱਚ ਲੀਨ ਹੋ ਜਾਣਾ ਤਾਂ ਕਿ ਜੀਵਾਤਮਾ ਆਵਾਗਮਨ ਦੇ ਚੱਕਰ ਤੋਂ ਛੁਟ ਜਾਵੇ।
ਗੁਰੂ ਨਾਨਕ ਜੀ ਨੇ ਵੀ ਆਪਣੀ ਫ਼ਿਲਾਸਫ਼ੀ ਵਿੱਚ ਮੁਕਤੀ ਦੇ ਵਿਸ਼ੇ ਨੂੰ ਛੂਹਿਆ
ਹੈ ਲੇਕਿਨ ਇੱਕ ਅਨੋਖੇ ਤਰੀਕੇ ਨਾਲ। ਮੁਕਤੀ ਨੂੰ ਲੈ ਕੇ ਗੁਰੂ ਨਾਨਕ ਦਾ ਦ੍ਰਿਸ਼ਟੀਕੋਣ ਸਪਸ਼ਟ ਅਤੇ
ਵਿਹਾਰਿਕ
( Practical)
ਹੈ। ਪਰ ਸਭ ਤੋਂ ਪਹਿਲਾਂ ਮੁਕਤੀ ਦੇ ਵਿਸ਼ੇ ਨਾਲ ਜੁੜੇ ਤਿੰਨ ਪ੍ਰਸ਼ਨ।
1. ਮੁਕਤੀ ਕੀ ਹੈ?
2. ਮੁਕਤੀ ਕਿਸ ਤਰ੍ਹਾਂ ਹੋਵੇ?
3. ਮੁਕਤੀ ਕਦੋਂ ਤੇ ਕਿਥੇ ਹੋਵੇ ਗੀ?
(1) ਮੁਕਤੀ ਕੀ ਹੈ? –
ਪਹਿਲੇ ਸੰਖੇਪ – ਜੀਵਨ ਨਾਲ ਸੰਬੰਧਿਤ ਵਿਕਾਰਾਂ ਦਾ ਤਿਆਗ ਕਰਦੇ ਹੋਏ
ਪ੍ਰਮਾਤਮਾ ਦੇ ਗੁਣਾਂ ਜੈਸਾ ਵਿਹਾਰ ਅਤੇ ਅਵਿਵੇਕੀ ਰੂੜੀਵਾਦੀ ਪਰੰਪਰਾਵਾਂ ਦਾ ਤਿਆਗ ਮੁਕਤੀ ਹੈ।
ਪਰ ਅਗੇ ਵਧਣ ਤੋਂ ਪਹਿਲਾਂ ਮੁਕਤੀ ਸੰਬੰਧੀ ਇੱਕ ਜ਼ਰੂਰੀ ਸੂਤਰ ਸਮਝਣਾ ਪਵੇ
ਗਾ ਤਾਂ ਕਿ ਮੁਕਤੀ ਕੀ ਹੈ ਇਸ ਨੂੰ ਸਮਜਿਆ ਜਾ ਸਕੇ।
ਗੁਰੂ ਨਾਨਕ ਜੀ ਨੇ ਮੁਕਤੀ ਨੂੰ ਕੇਵਲ ਪ੍ਰਭੂ ਦੇ ਨਾਲ ਮਿਲਾਪ ਦੇ ਰੂਪ ਵਿੱਚ
ਲਿਆ ਹੈ। ਜੇ ਮੁਕਤੀ ਨੂੰ ਪਰਮਾਤਮਾ ਦੇ ਨਾਲ ਮਿਲਾਪ ਦੇ ਰੂਪ ਵਿੱਚ ਵਿਚਾਰਿਆ ਜਾਵੇ ਤਾਂ ਇਹ ਮੁਕਤੀ
ਦੋ ਤਰ੍ਹਾਂ ਦੀ ਹੈ।
(ੳ) ਭੌਤਿਕ ਸਤਰ ਤੇ ਮੁਕਤੀ।
(ਅ) ਮਾਨਸਿਕ ਸਤਰ ਤੇ ਮੁਕਤੀ।
(ੳ) ਭੌਤਿਕ ਸਤਰ ਤੇ ਮੁਕਤੀ।
ਤਿਸ ਨੋ ਕਿਹੁ ਕਹੀਐ ਜੇ ਦੂਜਾ ਹੋਵੈ ਸਭਿ ਤੁਧੈ ਮਾਹਿ ਸਮਾਏ ॥
(1131)
ਅਰਥ:-
ਹੇ ਭਾਈ! (ਮਾਇਆ
ਦੇ ਮੋਹ ਬਾਰੇ) ਉਸ ਪਰਮਾਤਮਾ ਨੂੰ ਕੁੱਝ ਤਾਂ ਹੀ ਕਿਹਾ ਜਾ ਸਕਦਾ ਹੈ ਜੇ ਉਹ ਸਾਥੋਂ ਓਪਰਾ ਹੋਵੇ।
ਹੇ ਪ੍ਰਭੂ! ਸਾਰੇ ਜੀਵ ਤੇਰੇ ਵਿੱਚ ਹੀ ਲੀਨ ਹਨ।
ਇਸ ਸਤਰ ਤੇ ਸਾਰੇ ਹੀ ਜੀਵ ਅਤੇ ਨਿਰਜੀਵ ਵਸਤੂਆਂ ਪ੍ਰਮਾਤਮਾ ਨਾਲ ਮਿਲੀਆਂ
ਹੋਈਆਂ ਹਨ। ਇਹ ਮਿਲਾਪ ਸਾਰਿਆਂ ਵਾਸਤੇ ਹੈ। ਇਸ ਮਿਲਾਪ ਲਈ ਕਿਸੇ ਵਿਸ਼ੇਸ਼ ਯਤਨ ਦੀ ਲੋੜ ਨਹੀਂ। ਜੀਵਨ
ਦੇ ਕਾਰਣ ਪ੍ਰਮਾਤਮਾ ਦੀ ਬਣਾਈ ਕੁਦਰਤ ਵਿੱਚ ਮੌਜੂਦ ਰਹਿੰਦੇ ਹਨ ਅਤੇ ਜੀਵ ਆਪਣੇ ਜੀਵਨ ਕਾਲ ਵਿੱਚ
ਵੀ ਕੁਦਰਤ ਦੇ ਨਾਲ ਜੁੜਿਆ ਜਾਂ ਮਿਲਿਆ ਰਹਿੰਦਾ ਹੈ ਅਤੇ ਮਰਨ ਤੋਂ ਬਾਦ ਵੀ।
ਸਭੁ ਕੋ ਤੁਝ ਹੀ ਵਿਚਿ ਹੈ ਮੇਰੇ ਸਾਹਾ ਤੁਝ ਤੇ ਬਾਹਰਿ ਕੋਈ ਨਾਹਿ ॥
ਸਭਿ ਜੀਅ ਤੇਰੇ ਤੂ ਸਭਸ ਦਾ ਮੇਰੇ ਸਾਹਾ ਸਭਿ ਤੁਝ ਹੀ ਮਾਹਿ ਸਮਾਹਿ॥ (670)
ਅਰਥ
: ਹੇ ਮੇਰੇ
ਪਾਤਿਸ਼ਾਹ! ਹਰੇਕ ਜੀਵ ਤੇਰੇ ਹੁਕਮ ਵਿਚ ਹੈ, ਤੈਥੋਂ ਆਕੀ ਕੋਈ ਜੀਵ ਨਹੀਂ ਹੋ ਸਕਦਾ। ਹੇ ਮੇਰੇ
ਪਾਤਿਸ਼ਾਹ! ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ, ਤੇ, ਇਹ ਸਾਰੇ ਤੇਰੇ ਵਿਚ ਹੀ ਲੀਨ ਹੋ ਜਾਂਦੇ
ਹਨ।੩।
ਇਹ ਨਿਯਮ ਸਭ ਵਾਸਤੇ ਹੈ ਇਹ ਇੱਕ ਨਿਰੰਤਰ ਮਿਲਾਪ ਹੈ ਬਸ ਇਸ ਨੂੰ ਸਮਝਣ ਦੀ
ਲੋੜ ਹੈ। ਪ੍ਰਮਾਤਮਾ ਆਪਣੇ ਹੁਕਮ ਰਾਹੀਂ ਕੁਦਰਤ ਵਿੱਚ ਵਸਿਆ ਹੋਇਆ ਹੈ।
“ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤੁ ਨ ਜਾਈ ਲਖਿਆ।।
ਅਥਵਾ “ਇਹੁ ਜਗੁ ਸਚੇ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸਿ।।
ਅਤੇ ਅਸੀਂ ਸਾਰੇ ਜੀਵ ਉਸ ਪ੍ਰਮਾਤਮਾ ਦੇ ਹੁਕਮ ਵਿੱਚ ਹੀ ਹਾਂ।
“ਹੁਕਮੈ ਅੰਦਰਿ ਸਭੁ ਕੋ ਬਾਹਰ ਹੁਕਮ ਨ ਕੋਇ।। “ (ਜਪੁਜੀ)
ਗੁਰੂ ਨਾਨਕ ਜੀ ਨੇ ਭੌਕਿਤ ਸਤਰ ਤੇ ਜਾਂ ਭੌਤਿਕ ਤਤਾਂ ਤੋਂ ਉਪਜੀ ਜੀਵਨ ਰੌ
ਦੇ ਮੌਤ ਤੋਂ ਪਹਿਲੇ ਜਾਂ ਬਾਅਦ ਪਰਮਾਤਮਾ ਦੇ ਨਾਲ ਮਿਲਾਪ ਦੀ ਨਿਖੇਧੀ ਕੀਤੀ ਹੈ। ਇਸ ਲਈ ਗੁਰੂ
ਨਾਨਕ ਜੀ ਭੌਤਿਕ ਸਤਰ ਤੇ ਮਨੁੱਖ ਨੂੰ ਪਹਿਲੇ ਹੀ ਜੀਵਨ ਸਮੇਂ ਜਾਂ ਮਰਨ ਤੋਂ ਬਾਅਦ ਪ੍ਰਮਾਤਮਾ ਦੇ
ਨਾਲ ਉਸ ਦੀ ਕੁਦਰਤ ਰਾਹੀਂ ਮਿਲਿਆ ਹੋਇਆ ਸਮਝਦੇ ਹਨ।
ਵੇਕੀ ਸ੍ਰਿਸਟਿ ਉਪਾਈਅਨੁ ਸਭ ਹੁਕਮਿ ਆਵੈ ਜਾਇ ਸਮਾਹੀ (947)
ਅਰਥ:-
ਉਸ (ਪ੍ਰਭੂ) ਨੇ
ਰੰਗਾ-ਰੰਗ ਦੀ ਸ੍ਰਿਸ਼ਟੀ ਪੈਦਾ ਕੀਤੀ ਹੈ, ਸਾਰੇ ਜੀਵ ਉਸ ਦੇ ਹੁਕਮ ਵਿੱਚ ਜੰਮਦੇ ਤੇ ਸਮਾ ਜਾਂਦੇ
ਹਨ;
ਹਰਿ ਸਰੁ ਸਾਗਰੁ ਹਰਿ ਹੈ ਆਪੇ ਇਹੁ ਜਗੁ ਹੈ ਸਭੁ ਖੇਲੁ ਖੇਲਈਆ ॥
ਜਿਉ ਜਲ ਤਰੰਗ ਜਲੁ ਜਲਹਿ ਸਮਾਵਹਿ ਨਾਨਕ ਆਪੇ ਆਪਿ ਰਮਈਆ॥
{ਪੰਨਾ
835}
ਅਰਥ
: ਹੇ ਭਾਈ! ਇਹ ਸਾਰਾ
ਜਗਤ (ਪਰਮਾਤਮਾ ਨੇ) ਇਕ ਤਮਾਸ਼ਾ ਰਚਿਆ ਹੋਇਆ ਹੈ, ਉਹ ਆਪ ਹੀ (ਜੀਵਨ ਦਾ) ਸਰੋਵਰ ਹੈ, ਸਮੁੰਦਰ ਹੈ
(ਸਾਰੇ ਜੀਵ ਉਸ ਸਮੁੰਦਰ ਦੀਆਂ ਲਹਿਰਾਂ ਹਨ)। ਹੇ ਨਾਨਕ! ਜਿਵੇਂ (ਸਮੁੰਦਰ ਦੇ) ਪਾਣੀ ਦੀਆਂ ਲਹਿਰਾਂ
(ਸਮੁੰਦਰ ਦਾ) ਪਾਣੀ (ਹੀ ਹਨ) ਪਾਣੀ ਵਿਚ ਹੀ ਮਿਲ ਜਾਂਦੀਆਂ ਹਨ (ਇਸੇ ਤਰ੍ਹਾਂ) ਉਹ ਸੋਹਣਾ ਰਾਮ
(ਹਰ ਥਾਂ) ਆਪ ਹੀ ਆਪ ਹੈ।੮।੩।
(ਅ) ਮਾਨਸਿਕ ਸਤਰ ਤੇ ਮੁਕਤੀ
ਗੁਰੂ ਨਾਨਕ ਦੇਵ ਜੀ ਦੀ ਫ਼ਿਲਾਸਫ਼ੀ ਦੇ ਮੁਤਾਬਿਕ ਮਨੁੱਖ ਕੇਵਲ ਮਾਨਸਿਕ ਸਤਰ
ਤੇ ਪ੍ਰਮਾਤਮਾ ਨਾਲੋਂ ਦੂਰ ਹੈ। ਇਸ ਦੂਰੀ ਨੂੰ ਖਤਮ ਕਰਨਾ ਗੁਰੂ ਨਾਨਕ ਦੇ ਸਬਕ ਦਾ ਨਿਸ਼ਾਨਾ ਹੈ।
ਮਾਨਸਿਕ ਸਤਰ ਕਿਉਂਕਿ ਕੇਵਲ ਜਿੰਦਾ ਮਨੁੱਖਾਂ ਦੇ ਨਾਲ ਹੀ ਸੰਬੰਧਿਤ ਹੈ ਇਸੇ ਲਈ ਗੁਰੂ ਨਾਨਕ ਦੀ
ਮੁਕਤੀ ਦੀ ਫ਼ਿਲਾਸਫ਼ੀ ਕੇਵਲ ਅਤੇ ਕੇਵਲ ਜਿਉਂਦੇ ਮਨੁੱਖਾਂ ਨਾਲ ਸੰਬੰਧਿਤ ਹੈ ਨਾ ਕਿ ਮਰਣ ਤੋਂ ਬਾਅਦ
ਉਨ੍ਹਾਂ ਦੀਆਂ ਮਨੋਕਲਪਿਤ ਰੂਹਾਂ ਨਾਲ। ਅੱਗੇ ਇਸ ਚਰਚਾ ਵਿੱਚ ਅਸੀਂ ਮਾਨਸਿਕ ਸਤਰ ਦੀ ਮੁਕਤੀ ਦੇ
ਸੰਧਰਭ ਵਿੱਚ ਹੀ ਚਰਚਾ ਕਰਾਂ ਗੇ।
ਮੁਕਤੀ ਕੋਈ ਵਸਤੂ ਨਹੀਂ। ਇਹ ਇੱਕ ਵਿਸ਼ਾ ਹੈ ਅਨੁਭਵ ਦਾ ਤ੍ਰਿਪਤੀ ਦਾ।
ਲੇਕਿਨ ਅਨੁਭਵ ਅਤੇ ਤ੍ਰਿਪਤੀ ਦਾ ਵਿਸ਼ਾ ਹੋਣ ਦੇ ਨਾਲ ਨਾਲ ਮੁਕਤੀ ਜੀਵਨ ਦਾ ਹੀ ਵਿਸ਼ਾ ਹੈ।
ਅੰਮਾਵਸ ਮਹਿ ਆਸ ਨਿਵਾਰਹੁ
॥ ਅੰਤਰਜਾਮੀ ਰਾਮੁ ਸਮਾਰਹੁ ॥
ਜੀਵਤ ਪਾਵਹੁ ਮੋਖ ਦੁਆਰ ॥
ਅਨਭਉ ਸਬਦੁ ਤਤੁ ਨਿਜੁ ਸਾਰ ॥
(343)
ਅਰਥ:-
ਮੱਸਿਆ ਵਾਲੇ ਦਿਨ
(ਵਰਤ-ਇਸ਼ਨਾਨ ਆਦਿਕ ਤੇ ਹੋਰ ਹੋਰ) ਆਸਾਂ ਦੂਰ ਕਰੋ, ਘਰ ਘਟ ਦੀ ਜਾਣਨ ਵਾਲੇ ਸਰਬ-ਵਿਆਪਕ ਪਰਮਾਤਮਾ
ਨੂੰ ਹਿਰਦੇ ਵਿੱਚ ਵਸਾਓ। (ਤੁਸੀ ਇਹਨਾਂ ਥਿੱਤਾਂ ਨਾਲ ਜੋੜੇ ਹੋਏ ਕਰਮ-ਧਰਮ ਕਰ ਕੇ ਮਰਨ ਪਿਛੋਂ
ਕਿਸੇ ਮੁਕਤੀ ਦੀ ਆਸ ਰੱਖਦੇ ਹੋ, ਪਰ ਜੇ ਪਰਮਾਤਮਾ ਦਾ ਸਿਮਰਨ ਕਰੋਗੇ, ਤਾਂ) ਇਸੇ ਜਨਮ ਵਿੱਚ ਮੁਕਤੀ
ਹਾਸਲ ਕਰ ਲਵੋਗੇ ਤੇ ਸਤਿਗੁਰੂ ਦਾ ਸ਼ਬਦ ਅਨੁਭਵੀ ਰੂਪ ਵਿੱਚ ਫੁਰੇਗਾ।
ਵਚਿੱਤਰ ਗਲ ਇਹ ਹੈ ਕਿ ਮੁਕਤੀ ਜੀਵਨ ਦੀ ਮੁਹਤਾਜ ਹੈ ਜੀਵਨ ਮੁਕਤੀ ਦਾ
ਮੁਹਤਾਜ ਨਹੀਂ। ਮਨੁੱਖ ਮੁਕਤੀ ਦੇ ਬਿਨਾਂ ਵੀ ਜੀ ਸਕਦਾ ਹੈ। ਪਰ ਮਨੁੱਖਾ ਜੀਵਨ ਤੋਂ ਬਿਨਾ ਮੁਕਤੀ
ਦਾ ਅਨੁਭਵ ਅਸੰਭਵ ਹੈ। ਜੀਵਨ ਹੈ ਤਾਂ ਹੀ ਮੁਕਤੀ ਹੈ। ਅਨੁਭਵ ਹੈ ਤਾਂ ਤ੍ਰਿਪਤੀ ਹੈ, ਮੁਕਤੀ ਹੈ।
ਇਸ ਮੁਕਤੀ ਦਾ ਵਿਸ਼ਾ ਮਨੁੱਖ ਦੇ ਜੀਵਨ ਅਤੇ ਉਸ ਦੇ ਵਾਤਾਵਰਣ ਤੇ ਟਿਕਿਆ ਹੋਇਆ ਹੈ। ਮੁਕਤੀ ਦੀ
ਧਾਰਨਾਂ ਵਾਸਤੇ ਜੀਵਨ ਦਾ ਹੋਣਾ ਜ਼ਰੂਰੀ ਹੈ।
ਮੁਕਤੀ ਕੋਈ ਚੀਜ਼
(Article)
ਨਹੀਂ ਅਤੇ ਨਾ ਹੀ ਕੋਈ ਸਿਧੀ।
ਉਡਿ ਨਾ ਜਾਹੀ ਸਿਧਿ ਨਾ ਹੋਇ।। (ਆਸਾ ਕੀ ਵਾਰ)
ਇਹ ਕੇਵਲ ਮਾਨਸਿਕ ਅਨੁਭਵ ਦੇ ਨਾਲ ਜੁੜੀ ਇੱਕ ਕਿਰਿਆ ਹੈ। ਇਹ ਉਦੋਂ ਤਕ ਹੈ
ਜਦੋਂ ਤਕ ਅਨੁਭਵ ਦੀ ਤਾਕਤ ਹੈ। ਇਸ ਵਾਸਤੇ ਇਹ ਕੋਈ ਸਿਧੀ ਨਹੀਂ। ਸਦਾ ਰਹਿਣ ਵਾਲੀ ਐਸੀ ਕੋਈ ਅਵਸਥਾ
ਨਹੀਂ ਜੋ ਕਿ ਅਨੁਭਵ ਦੇ ਬਿਨਾਂ ਵੀ ਟਿਕੀ ਰਹਿ ਸਕੇ ਕਿਸੇ ਵਰਦਾਨ ਦੇ ਬਲ ਤੇ। ਮੁਕਤੀ ਵਰਦਾਨ ਦਾ ਫ਼ਲ
ਨਹੀਂ ਬਲਕਿ ਆਪਣੇ ਵਿਵੇਕ ਦੇ ਰਾਹੀਂ ਉਪਜਿਆ ਇੱਕ ਅਨੁਭਵ ਹੈ। ਇਸ ਨੂੰ ਆਪ ਆਪਣੀ ਮਿਹਨਤ ਨਾਲ ਘੜਨਾ
ਪੈਂਦਾ ਹੈ।
ਮੁਕਤੀ ਕੋਈ ਜੜ੍ਹਵਤ ਹਾਲਤ ਨਹੀਂ। ਇਹ ਇੱਕ ਗੰਭੀਰ ਸੂਤਰ ਹੈ ਮੁਕਤੀ ਨੂੰ
ਸਮਝਣ ਦਾ। ਮੁਕਤੀ ਕੋਈ ਜੜ੍ਹਵਤ ਅਵਸਥਾ ਨਹੀਂ ਬਲਕਿ ਇਹ ਅਨੁਭਵ ਦੀ ਇੱਕ ਨਿਰੰਤਰ ਕਿਰਿਆ ਹੈ। ਸਾਡੇ
ਵਾਸਤੇ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਅਨੁਭਵ ਮਨ ਤੋਂ ਉਪਜਦਾ ਹੈ ਅਤੇ ਮਨ ਕੇਵਲ ਜੀਉਂਦੇ ਮਨੁੱਖ ਨਾਲ
ਹੈ ਮਰੇ ਹੋਏ ਮਨੁੱਖ ਨਾਲ ਨਹੀਂ। ਅਗਰ ਜੀਵਨ ਇੱਕ ਨਿਰੰਤਰਤਾ
(Continuous Process) ਹੈ ਤੇ ਅਨੁਭਵ ਤੋਂ
ਉਪਜਣ ਵਾਲੀ ਹਰ ਚੀਜ਼ ਜਾਂ ਤਾਂ ਹੋਵੇ ਗੀ ਜਾਂ ਨਹੀਂ ਹੋਵੇ ਗੀ। ਇਹ ਹੋਣ ਜਾਂ ਨਾ ਹੋਣ ਦੇ ਵਿੱਚ
ਜੜ੍ਹਵਤ ਨਹੀਂ ਹੋ ਸਕਦੀ। ਜਦੋਂ ਤਕ ਮਨੁੱਖ ਮੁਕਤੀ ਦਾ ਅਨੁਭਵ ਕਰੇ ਉਦੋਂ ਤਕ ਮੁਕਤ ਹੋ ਸਕਦਾ ਹੈ।
ਪਰ ਜਿਸ ਘੜੀ ਉਹ ਅਨੁਭਵ ਨਾ ਕਰ ਸਕੇ ਉਸ ਘੜੀ ਉਹ ਮੁਕਤ ਨਹੀਂ। ਇਸ ਲਈ ਅਨੁਭਵ ਕੋਈ ਸਿੱਧੀ, ਕੋਈ
ਵਰਦਾਨ ਜਾਂ ਜੜ੍ਹਵਤ ਅਵਸਥਾ ਨਹੀਂ।
2
. ਮੁਕਤੀ ਕਿਸ ਤਰ੍ਹਾਂ
ਹੋਵੇ?
ਜਦ ਤਕ ਇੱਕ ਅਨੁਭਵ ਇੱਕ ਵਿਵੇਕੀ ਮਨ ਤੋਂ ਨਾ ਉਪਜੇ ਤਦ ਤਕ ਕੇਵਲ ਅਨੁਭਵ ਕਰ
ਲੈਣ ਨਾਲ ਹੀ ਮੁਕਤੀ ਨਹੀਂ। ਇਹ ਭਰਮ ਹੈ, ਭਟਕਣਾ ਹੈ ਅਤੇ ਝੂਠਾ ਅਨੁਭਵ ਹੈ। ਇੱਕ ਦਿਲਚਸਪ ਉਦਾਹਰਣ
ਤੋਂ ਸਮਝੀਏ।
ਕਿਸੇ ਆਦਮੀ ਦਾ ਸਿਰ ਇੱਕ ਘੜੇ ਵਿੱਚ ਫ਼ਸਿਆ ਹੈ। ਪਰੇਸ਼ਾਨ ਹੈ। ਮੁਕਤੀ
ਚਾਹੂੰਦਾ ਹੈ। ਕੋਲ ਖੜ੍ਹਾ ਇੱਕ ਮਿਤਰ ਬੋਲਿਆ “ਹੇ ਮਿਤਰ! ਜੇ ਤੂੰ ਮੁਕਤ ਹੋਣਾ ਚਾਹੁੰਦਾ ਹੋਵੇਂ
ਤਾਂ ਅਨੁਭਵ ਕਰ ਕਿ ਤੇਰਾ ਸਿਰ ਘੜੇ ਤੋਂ ਬਾਹਿਰ ਹੈ”
ਉਹ ਯਤਨ ਕਰਨ ਲੱਗਾ ਅਨੁਭਵ ਕਰਣ ਦਾ ਪਰ ਅਨੁਭਵ ਨਾ ਕਰ ਸਕਿਆ। ਫ਼ਿਰ ਵੀ
ਅਨੁਭਵ ਕਰਣ ਦਾ ਯਤਨ ਜਾਰੀ ਰੱਖਿਆ। ਮਿੱਤਰ ਨੂੰ ਮਿੱਤਰ ਤੇ ਭਰੋਸਾ ਹੈ। ਪ੍ਰੰਤੂ ਅਨੁਭਵ ਦਾ ਯਤਨ
ਅਵਿਵੇਕੀ ਹੈ। ਇਸ ਲਈ ਇਹ ਯਤਨ ਭਰਮ ਹੈ ਅਤੇ ਨਾਕਾਮ ਹੈ। ਹਫ਼ਤਿਆਂ ਬਧੀ ਯਤਨ ਕਰਦਾ ਰਿਹਾ ਪਰ ਨਾਕਾਮ
ਰਿਹਾ। ਕਾਰਣ ਹੈ – ਇੱਕ ਹੋਰ ਅਨੁਭਵ। ਗਲੇ ਵਿੱਚ ਘੜਾ ਨਹੀਂ ਫ਼ਸਿਆ ਹੋਇਆ ਇਸ ਦਾ ਅਨੁਭਵ ਇਸ ਲਈ
ਨਹੀਂ ਹੋ ਪਾਉਂਦਾ ਕਿਉਂ ਕਿ ਗਲਾ ਘੜੇ ਵਿੱਚ ਫ਼ਸਿਆ ਹੈ ਇਸ ਦਾ ਅਨੁਭਵ ਹੈ। ਹੁਣ ਕਿਉਂਕਿ ਗਲੇ ਵਿੱਚ
ਫ਼ਸੇ ਘੜੇ ਤੋਂ ਮੁਕਤੀ ਲਈ ਵਿਵੇਕਸ਼ੀਲ ਯਤਨ ਨਹੀਂ ਤਾਂ ਮੁਕਤੀ ਦਾ ਅਨੁਭਵ ਕਿਵੇਂ ਹੋ ਸਕਦਾ ਹੈ? ਗਲੇ
ਵਿੱਚ ਫ਼ਸੇ ਹੋਏ ਘੜੇ ਦਾ ਅਨੁਭਵ ਘੜਾ ਨਾ ਹੋਣ ਦੇ ਅਨੁਭਵ ਨੂੰ ਨਹੀਂ ਆਉਂਣ ਦਿੰਦਾ।
ਕੁੱਝ ਮਹੀਨਿਆਂ ਬਾਅਦ ਕਿਸੇ ਵਿਵੇਕੀ ਨੇ ਉਸ ਦੀ ਗਰਦਨ ਵਿੱਚ ਫ਼ਸੇ ਘੜੇ ਨੂੰ
ਤੋਕਿੜਆ ਅਤੇ ਮੁਕਤ ਕਰ ਦਿੱਤਾ। ਲੇਕਿਨ ਫ਼ਿਰ ਵੀ ਅਨਰਥ ਹੋਇਆ। ਮਹੀਨਿਆਂ ਬਦੀ ਫ਼ਸੇ ਘੜੇ ਦੇ ਅਨੁਭਵ
ਨੇ ਮੁਕਤੀ ਦੇ ਅਨੁਭਵ ਰੋਕ ਦਿੱਤਾ ਹੈ। ਘੜਾ ਫ਼ਸੇ ਹੋਏ ਅਨੁਭਵ ਨੇ ਇੱਕ ਆਦਤ ਦਾ ਰੂਪ ਲੈ ਲਿਆ ਹੈ।
ਆਦਤ ਭਰਮ ਜਾਂ ਵਹਿਮ ਬਣ ਗਈ ਹੈ ਅਤੇ ਭਰਮ ਨੇ ਗਲੇ ਵਿੱਚ ਘੜਾ ਫ਼ਸੇ ਹੋਣ ਦੇ ਅਨੁਭਵ ਨੂੰ ਬਣਾਈ ਰਖਿਆ
ਹੈ।
ਤਾਂ ਮੁਕਤੀ ਦਾ ਸੂਤਰ ਜੀਵਨ ਅਤੇ ਅਨੁਭਵ ਨਾਲ ਤਾਂ ਜੁੜਿਆ ਹੈ ਪਰ ਸਿਰਫ਼
ਵਿਵੇਕੀ ਅਨੁਭਵ ਨਾਲ। ਜੇਕਰ ਵਿਵੇਕ ਦੇ ਬਿਨਾਂ ਅਨੁਭਵ ਦਾ ਯਤਨ ਜਾਰੀ ਰਹੇ ਤਾਂ ਮੁਕਤੀ ਸੰਭਵ ਨਹੀਂ।
ਅਗਰ ਕੋਈ ਸੱਜਣ ਸਾਨੂੰ ਘੜੇ ਤੋਂ ਮੁਕਤੀ ਦਿਲਾ ਦੇਵੇ ਤਾਂ ਵੀ ਅਸੀਂ ਮੁਕਤ
ਨਹੀਂ। ਕਾਰਨ ਹੈ ਅਵਿਵੇਕੀ ਮਨ ਅਤੇ ਉਸਦੀ ਰੂੜੀਵਾਦੀ ਸਮਝ। ਇਹ ਸਾਡੀ ਆਦਤ ਬਣ ਚੁਕੀ ਹੈ।
ਸਭ ਤੋਂ ਪਹਿਲਾਂ ਜ਼ਰੂਰਤ ਹੈ ਅਸੀਂ ਆਪਣੇ ਮਨ ਤੇ ਲਿਖੀ ਰੂੜੀਵਾਦੀ
ਵਿਆਖਿਆਵਾਂ ਨੂੰ ਮਿਟਾ ਕੇ ਨਵੀਂ ਗੁਰਮਤਿ ਦੀ ਇਬਾਰਤ ਲਿਖਣ ਦੀ ਜ਼ਮੀਨ ਤਿਆਰ ਕਰੀਏ ਨਹੀਂ ਤਾਂ
ਪੁਰਾਣੇ ਅਨੁਭਵ ਅਤੇ ਪੁਰਾਣੀਆਂ ਆਦਤਾਂ ਨਵੇਂ ਅਨੁਭਵ ਦਾ ਰਸਤ ਰੋਕੀ ਰੱਖਣਗੀਆਂ। ਗੁਰੂ ਦਾ ਪ੍ਰਸਾਦਿ
ਇਹੀ ਹੈ ਕਿ ਉਹ ਸਾਡੇ ਗਲੇ ਵਿੱਚ ਫ਼ਸੇ ਭਰਮਾਂ, ਵਹਿਮਾਂ ਦੇ ਘੜੇ ਨੂੰ ਤੋੜ ਸੁਟੇ ਪਰ ਇਸ ਦਾ ਅਨੁਭਵ
ਅਸੀਂ ਆਪ ਕਰਨਾ ਹੈ ਕਿ ਅਸੀਂ ਮੁਕਤ ਹਾਂ। ਇਹ ਸਾਡੀ ਅਪਣੀ ਕਮਾਈ ਹੋ ਸਕਦੀ ਹੈ। ਕਿਸ ਦਾ ਵਰਦਾਨ
ਨਹੀਂ। ਜੇਕਰ ਅਸੀਂ ਮੁਕਤ ਹੋਣਾ ਚੳਹੁੰਦੇ ਹਾਂ ਤਾਂ ਸਮਝਣ ਲਈਏ ਕਿ ਮੁਕਤੀ ਇੱਕ
( Process) ਹੈ ਅਨੁਭਵ ਦਾ ਜੋ
ਉਪਜੇ ਗਾ ਸਾਡੇ ਜੀਵਨ ਵਿਹਾਰ ਤੋਂ ਸਾਡੇ ਮਨ ਦੁਆਰਾ।
ਮੁਕਤੀ ਦਰਅਸਲ ਤ੍ਰਿਪਤੀ ਨਹੀਂ ਪਿਆਸ ਹੈ। ਇਹ ਪਿਆਸ ਬੜੀ ਡੂੰਘੀ ਹੈ ਉਨ੍ਹਾਂ
ਲਈ ਜੋ ਇਸ ਨੂੰ ਜਾਣਦੇ ਹਨ। ਜਿਨ੍ਹਾਂ ਨੇ ਇਸ ਨੂੰ ਪੀਤਾ ਹੈ। ਮੁਕਤੀ ਕੋਈ
Possession ਨਹੀਂ ਜਿਸ ਨੂੰ
ਹਾਸਿਲ ਕਰਕੇ ਜੇਬ ਵਿੱਚ ਰਖ ਲਿਆ ਜਾਵੇ। ਇਸ ਨੂੰ ਅਨੁਭਵ ਕਰਣ ਵਾਸਤੇ ਇਸ ਨੂੰ ਮਨ ਵਿੱਚ ਹਰ ਪਲ
ਪੈਦਾ ਕਰਣ ਦੀ ਜ਼ਰੂਰਤ ਹੈ। ਇੱਕ ਉਦਾਹਰਣ ਤੋਂ ਸਮਝੀਏ:
ਮਨੁੱਖ ਨੂੰ ਪਿਆਸ ਲਗਦੀ ਹੈ ਪਾਣੀ ਪੀਣ ਦੀ। ਅਸੀਂ ਪਾਣੀ ਪੀਂਦੇ ਹਾਂ
ਭਰਪੇਟ। ਜਦ ਪੇਟ ਭਰਦਾ ਹੈ ਤਾਂ ਤ੍ਰਿਪਤੀ ਦਾ ਅਨੁਭਵ ਹੁੰਦਾ ਹੈ। ਲੇਕਿਨ ਇਹ ਤ੍ਰਿਪਤੀ ਸਾਡੀ ਨਹੀਂ।
ਕਿਉਂ ਕਿ ਇਹ ਸਾਡੀ ਮਲਕੀਅਤ ਨਹੀਂ ਇਸ ਲਈ ਇਹ ਸਥਾਈ ਤ੍ਰਿਪਤੀ ਨਹੀਂ। ਹੁਣ ਜੇ ਕਰ ਅਸੀਂ ਜੀਉਂਦੇ
ਰਹਿੰਦੇ ਹਾਂ ਤਾਂ ਪਿਆਸ ਫ਼ਿਰ ਭੜਕਦੀ ਹੈ। ਅਸੀਂ ਫ਼ਿਰ ਪਾਣੀ ਪੀਂਦੇ ਹਾਂ, ਫ਼ਿਰ ਤ੍ਰਿਪਤ ਹੁੰਦੇ ਹਾਂ
ਅਤੇ ਫ਼ਿਰ ਪਿਆਸੇ ਹੋ ਜਾਂਦੇ ਹਾਂ। ਪਾਣੀ ਦੀ ਪਿਆਸ ਤੋਂ ਤ੍ਰਿਪਤ ਹੋਣ ਦਾ ਇਕੋ ਇੱਕ ਸਾਧਨ ਹੈ ਕਿ ਹਰ
ਵਾਰ ਪਿਆਸਾ ਹੋਣ ਤੇ ਪਾਣੀ ਪੀਤਾ ਜਾਵੇ। ਪਿਆਸ ਤੋਂ ਸਥਾਈ ਤ੍ਰਿਪਤ ਹੋਣ ਦੇ ਯਤਨ ਬੇਕਾਰ ਹਨ। ਇਸ
ਵਾਸਤੇ ਕਿਸੇ ਸਿੱਧੀ ਜਾਂ ਫ਼ਿਰ ਵਰਦਾਨ ਦੀ ਆਸ਼ਾ ਬੇਕਾਰ ਹੈ।
ਠੀਕ ਇਸੇ ਤਰ੍ਹਾਂ ਮੁਕਤੀ ਦਾ ਅਨੁਭਵ ਕਰਨ ਵਾਸਤੇ ਅਤੇ ਉਸ ਅਨੁਭਵ ਤੋਂ ਆਪਣੇ
ਆਪ ਨੂੰ ਤ੍ਰਿਪਤ ਕਰਨ ਲਈ ਲਗਾਤਾਰ ਯਤਨ ਕਰਨ ਦੀ ਲੋੜ ਹੈ। ਇਸ ਨੂੰ ਜੀਵਨ ਭਰ ਜਾਰੀ ਰੱਖਣ ਦੀ ਲੋੜ
ਹੈ।
3.
ਮੁਕਤੀ ਕਦੋਂ ਅਤੇ
ਕਿੱਥੇ ਹੋਵੇ ਗੀ?
ਗੁਰੂ ਨਾਨਕ ਦੀ ਫ਼ਿਲਾਸਫ਼ੀ ਦੇ ਮੁਤਾਬਿਕ ਮੁਕਤੀ ਦਾ ਸਮਾਂ ਜੀਵਨ ਹੀ ਹੈ ਅਤੇ
ਸਥਾਨ ਹੈ ਇਹ ਧਰਤੀ। ਸਿਰਫ਼ ਜੀਵਨ ਵਿੱਚ ਨਾ ਕਿ ਮੌਤ ਦੇ ਬਾਅਦ ਅਤੇ ਸਿਰਫ਼ ਧਰਤੀ ਤੇ ਨਾ ਕਿ ਕਿਸੇ
ਸਵਰਗ ਵਿੱਚ। ਮੌਤ ਤੋਂ ਬਾਅਦ ਮੁਕਤੀ ਦਾ ਸੰਕੇਤ ਕੇਵਲ ਸੰਕੇਤਿਕ ਹੈ ਨਾ ਕਿ ਗੁਰੂ ਨਾਨਕ ਦੀ
ਫ਼ਿਲਾਸਫ਼ੀ। ਨਾਨਕ ਜੀ ਦਾ ਦਰਸ਼ਨ ਸਪਸ਼ਟ ਹੈ:-
ਜੀਵਨ ਮੁਕਤਿ ਗੁਰ ਸਬਦਿ ਕਮਾਇ।।
ਹਰਿ ਸਿਉ ਸਦੁ ਹੀ ਰਹੇ ਸਮਾਇ।। (ਪੰਨਾ
1058)
ਹੁਣ ਜਦ ਮੁਕਤੀ ਜੀਵਨ ਵਿੱਚ ਘਟੇਗੀ ਤਾਂ ਇਹ ਇਹ ਕਦੋਂ ਘਟੇ ਗੀ? ਕੀ ੲਹ ਸਦਾ
ਜੀਵਨ ਭਰ ਚਲੇ ਗੀ? ਮੁਕਤੀ ਚੂੰਕਿ ਇੱਕ ਕਮਾਈ ਹੈ ਇਸ ਲਈ ਇਸ ਨੂੰ ਕਮਾਉਂਦੇ ਰਹਿਣਾ ਹੈ। ਇਹ ਬੜੀ
ਅਨੋਖੀ ਕਮਾਈ ਹੈ। ਇਹ ਕਮਾਈ ਬੜੀ ਡੂੰਘੀ ਗਲ ਲਈ ਬੈਠੀ ਹੈ। ਇਹ ਕਮਾਈ ਬੈਂਕ ਬੈਲੇਂਸ ਵਾਂਗ ਜੋੜ ਕੇ
ਨਹੀਂ ਰੱਖੀ ਜਾ ਸਕਦੀ। ਇਹ ਮਲਕੀਅਤ (ਪੂੰਜੀ) ਨਹੀਂ ਅਵਸਥਾ ਹੈ ਅਨੁਭਵ ਦੀ। ਇਹ ਪਿਆਸ ਹੈ, ਇਸ ਨੂੰ
ਸਾਰੀ ਜ਼ਿੰਦਗੀ ਲੈ ਕੇ ਜੀਣਾ ਹੈ, ਹਰ ਪਲ ਪਿਆਸਾ ਹੋਣਾ ਹੈ ਅਤੇ ਹਰ ਪਲ ਤ੍ਰਿਪਤ ਹੋਣਾ ਹੈ।
ਜਦ ਵੀ ਅਸੀਂ ਪ੍ਰਮਾਤਮਾ ਦੇ ਗੁਣਾਂ ਦੇ ਆਧਾਰ ਤੇ ਵਿਹਾਰ ਕਰਦੇ ਹਾਂ ਤਾਂ
ਅਸੀਂ ਮੁਕਤ ਹੁੰਦੇ ਹਾਂ ਆਪਣੇ ਵਿਕਾਰਾਂ ਤੋਂ। ਲੇਕਿਨ ਅੱਗੇ ਜੇਕਰ ਅਸੀਂ ਪਰਮਾਤਮਾ ਦੇ ਗੁਣਾਂ ਦੇ
ਉਲਟ ਵਿਹਾਰ ਕਰਦੇ ਹਾਂ ਤਾਂ ਅਸੀਂ ਗ਼ੁਲਾਮ ਹੁੰਦੇ ਹਾਂ ਆਪਣੇ ਵਿਕਾਰਾਂ ਦੇ। ਮੁਕਤੀ ਵਾਪਰਦੀ ਹੈ
ਕੇਵਲ ਵਰਤਮਾਨ ਵਿੱਚ ਨਾ ਕਿ ਭਵਿੱਖ ਵਿੱਚ ਕਿਉਂ ਕਿ ਇਹ ਕੋਈ ਵਰਦਾਨ ਜਾਂ ਸਿੱਧੀ ਨਹੀਂ ਜਿਸ ਨੂੰ
ਹਾਸਿਲ ਕਰਕੇ ਸੰਭਾਲ ਕੇ ਰੱਖ ਲਿਆ ਜਾਵੇ ਭਵਿੱਖ ਵਾਸਤੇ ਵੀ। ਇਸ ਨੂੰ ਕਮਾਉਂਣ ਵਾਸਤੇ ਚਾਹੀਦਾ ਹੈ
ਵਿਹਾਰ ਅਤੇ ਅਸੀਂ ਯਾਦ ਰੱਖੀਏ ਕਿ ਵਿਹਾਰ ਕੇਵਲ ਜੀਉਂਦਾ ਮਨੁੱਖ ਕਰ ਸਕਦਾ ਹੈ ਨਾ ਕਿ ਮੁਰਦਾ। ਜੀਵਨ
ਹੈ ਤਾਂ ਹੀ ਰੱਬ ਦਾ ਵਿਚਾਰ ਹੈ, ਜੀਵਨ ਨਹੀਂ ਤਾਂ ਰੱਬ ਦਾ ਵਿਚਾਰ ਨਹੀਂ, ਵਿਚਾਰ ਨਹੀਂ ਤਾਂ ਮਿਲਾਪ
ਨਹੀਂ। ਮੰਗਲ ਗ੍ਰਹਿ ਆਦਿ ਤੇ ਪ੍ਰਮਾਤਮਾ ਆਪਣੇ ਹੁਕਮ ਰਾਹੀਂ ਪਸਰਿਆ ਹੈ ਪਰ ਉਥੇ ਰੱਬ ਦਾ ਕੋਈ
ਵਿਚਾਰ ਨਹੀਂ ਕਿਉਂਕਿ ਉੱਥੇ ਜੀਵਨ ਨਹੀਂ। ਇਸ ਲਈ ਮੁਕਤੀ ਜੀਵਨ ਨਾਲ ਸੰਬੰਧਿਤ ਹੈ ਨਾ ਕਿ ਮੌਤ
ਪਿਛੋਂ ਕਿਸੇ ਅਵਸਥਾ ਨਾਲ।
ਜੇ ਕਰ ਅਸੀਂ ਸੱਚ ਦੇ ਵਿਹਾਰੀ ਹਾਂ ਅਤੇ ਚਾਹੁੰਦੇ ਹਾਂ ਕਿ ਅਸੀਂ ਮੁਕਤ
ਰਹੀਏ ਤਾਂ ਅਗਲੇ ਪਲ ਸਾਨੂੰ ਫ਼ਿਰ ਮੁਕਤੀ ਨੂੰ ਕਮਾਉਣਾ ਪਵੇਗਾ ਆਪਣੇ ਅਗਲੇ ਨਿੱਜੀ ਤੇ ਸਮਾਜਿਕ
ਵਿਹਾਰ ਨਾਲ। ਸਾਨੂੰ ਜੀਵਨ ਵਿੱਚ ਮੁਕਤੀ ਦੀ ਪਿਆਸ ਨੂੰ ਜਗਾ ਕੇ ਰੱਖਣਾ ਪਵੇ ਗਾ ਕਿਉਂਕਿ ਇਹ ਪਿਆਸ
ਸਾਨੂੰ ਤ੍ਰਿਪਤ ਹੋਣ ਦੀ ਪ੍ਰੇਰਨਾ ਦਿੰਦੀ ਹੈ।
ਨਾਨਕ ਜੀ ਦਾ ਮੁਕਤੀ ਦਾ ਸਿਧਾਂਤ ਸਪਸ਼ਟ ਤੇ ਆਸਾਨ ਹੈ। ਪਰਮਾਤਮਾ ਨੇ ਕੁਦਰਤ
ਦਿੱਤੀ ਹੈ ਅਤੇ ਕੁਦਰਤ ਤੋਂ ਉਪਜਿਆ ਹੈ ਜੀਵਨ ਪਰਮਾਤਮਾ ਨੇ ਕੁਦਰਤ ਰਾਹੀਂ ਜੀਵਨ ਨੂੰ ਵਧਣ ਫ਼ੁੱਲਣ
ਦੀ ਆਜ਼ਾਦੀ ਦਿੱਤੀ ਹੈ, ਬਰਾਬਰੀ ਦਿੱਤੀ ਹੈ। ਇਹ ਹੈ ਪਰਮਾਤਮਾ ਦਾ ਵਿਹਾਰ। ਪ੍ਰੰਤੂ ਮਨੁੱਖ ਨੇ ਆਪਣੇ
ਵਿਹਾਰ ਨਾਲ ਇੱਕ ਦੂਜੇ ਦੀ ਆਜ਼ਾਦੀ ਖੋਹੀ ਹੈ, ਨਾ-ਬਰਾਬਰੀ ਪੈਦਾ ਕੀਤੀ ਹੈ। ਆਪਣੇ ਆਪ ਨੂੰ ਗ਼ੁਲਾਮ
ਬਣਾਇਆ ਹੈ ਵਿਕਾਰਾਂ ਦਾ, ਪਾਖੰਡਾਂ ਦਾ ਅਤੇ ਭਰਮਾਂ ਦਾ। ਦੂਜਿਆਂ ਨੂੰ ਗ਼ੁਲਾਮ ਬਣਾਇਆ ਹੈ ਆਪਣੀ
ਹਉਮੈ ਦਾ। ਅਸੀਂ ਆਪਣੈ ਜੀਵਨ ਸਮੇਂ ਸਮਾਜ ਦੀ ਐਸੀ ਘੜਤ ਨਾਲ ਵਿਵੇਕਸ਼ੀਲਤਾ ਰਾਹੀਂ ਜੂਝਣਾ ਹੈ ਤਾਂ
ਕਿ ਸਾਨੂੰ ਤੇ ਸਾਡੇ ਸਮਾਜ ਨੂੰ ਵਿਕਾਰਾਂ, ਪਾਖੰਡਾਂ ਅਤੇ ਭਰਮਾਂ ਤੋਂ ਮੁਕਤੀ ਮਿਲੇ। ਪਰਮਾਤਮਾ ਸੱਚ
ਹੈ ਅਤੇ ਅਸੀਂ ਸੱਚ ਦੇ ਵਿਹਾਰੀ ਬਣੀਏ ਇਹੀ ਜੀਵਨ ਦੀ ਮੁਕਤੀ ਹੈ ਇਹੀ ਸੱਚ ਵਿੱਚ ਸਮਾਉਂਣ ਦਾ ਸਾਧਨ
ਹੈ। ਇਹੀ ਹੈ ਪ੍ਰਭੂ ਮਿਲਾਪ ਹੈ।
ਇੱਕ ਸਵਾਲ: ਆਦਮੀ ਮੌਤ ਤੋਂ ਮੁਕਤੀ ਚਾਹੁੰਦਾ ਹੈ ਜੀਵਨ ਤੋਂ ਨਹੀਂ। ਉਹ ਮੌਤ
ਤੋਂ ਇਨਕਾਰੀ ਹੋਣ ਲਈ ਅਤੇ ਹਮੇਸ਼ਾਂ ਲਈ ਜ਼ਿੰਦਗੀ ਹਾਸਿਲ ਕਰਨ ਲਈ ਸਖਤ ਮਿਹਨਤ ਕਰਦਾ ਹੈ ਲੇਕਿਨ ਕੀ
ਇਸ ਤਰ੍ਹਾਂ ਦੀ ਮੁਕਤੀ ਹਾਸਿਲ ਕਰ ਸਕਿਆ ਹੈ? ਸਪਸ਼ਟ ਉੱਤਰ ਹੈ ਨਹੀਂ। ਤਾਂ ਤੇ ਫ਼ਿਰ ਅਸਲ ਮੁਕਤੀ ਹੈ
ਜੀਵਨ ਦੀ ਮੁਕਤੀ। ਇਹੀ ਹੈ ਸੱਚ ਵਿੱਚ ਸਮਾਉਂਣ ਦਾ ਸਾਧਨ।
ਜੀਵਨ ਮੁਕਤਿ ਗੁਰ ਸਬਦਿ ਕਮਾਇ।।
ਹਰਿ ਸਿਉ ਸਦੁ ਹੀ ਰਹੇ ਸਮਾਇ।। (ਪੰਨਾ
1058)
ਗੁਰਮਤਿ ਦੀ ਭਾਵਨਾ ਪਰਮਾਤਮਾ ਵਿੱਚ ਸਮਾਏ ਰਹਿਣ (ਲੀਨ ਰਹਿਣ) ਦਾ ਨੁਕਤਾ
ਹੈ। ਗੁਰੁ ਨਾਨਕ ਦੇਵ ਜੀ ਦਾ ਮੱਤ ਪਰਮਾਤਮਾ ਵਿੱਚ ਸਮਾਏ ਰਹਿਣ ਦਾ ਮੱਤ ਹੈ। ‘ਸਮਾਏ ਰਹਿਣ` ਦੇ ਭਾਵ
ਨੂੰ ਗਹਿਰਾਈ ਨਾਲ ਸਮਝਣ ਦੀ ਲੋੜ ਹੈ। ਸਮਾਏ ਰਹਿਣ ਦਾ ਭਾਵ ‘ਸਮਾ ਜਾਣ` ਦੇ ਭਾਵ ਨਾਲੋਂ ਅਲੱਗ ਹੈ।
ਸਮਾ ਤੇ ਸਭ ਜਾਣ ਗੇ (ਭੌਤਿਕ ਸਤਰ ਤੇ ਮਰਨ ਤੋਂ ਬਾਅਦ) ਲੇਕਿਨ ਸਮਾਏ ਰਹਿਣਾ ਕਿਸੀ ਵਿਰਲੇ ਦੇ ਵੱਸ
ਦੀ ਗੱਲ ਹੈ। ਇਹ ਸੰਤ ਦਾ ਮਾਰਗ ਹੈ। ਸਮਾ ਜਾਣਾ ਭੋਤਿਕ ਸਤਰ ਤੇ ਘਟਣ ਵਾਲੀ ਘਟਨਾ ਹੈ ਪਰ ਸਮਾਏ
ਰਹਿਣਾ ਅਨੁਭਵ ਦੇ ਸਤਰ ਤੇ ਘਟਣ ਵਾਲੀ ਘਟਨਾ ਹੈ। ਸਮਾ ਜਾਣ ਵਿੱਚ ਅਨੰਦ ਨਹੀਂ ਲੇਕਿਨ ਸਮਾਏ ਰਹਿਣਾ
ਇੱਕ ਅਨੰਦਮਈ ਅਵਸਥਾ ਹੈ। ਇਹੀ ਜੀਵਨ ਮੁਕਤੀ ਹੈ ਅਤੇ ਇਹੀ ਮੁਕਤੀ ਸੰਬੰਧੀ ਗੁਰਮਤਿ ਦਾ ਅਸਲ
ਦ੍ਰਿਸ਼ਟੀਕੋਣ ਹੈ।
Hardev Singh,
Jammu- 9419184990