.

ਗੁਰਬਾਣੀ ਦਾ ਸੱਚ

(ਕਿਸ਼ਤ ਨੰ: 23)

ਗੁਰਬਾਣੀ ਦਾ ਸੱਚ (ਸਗੁਨ ਅਪਸਗੁਨ ਤਿਸ ਕਉ ਲਗਹਿ. .)

ਗੁਰੂ ਗ੍ਰੰਥ ਸਾਹਿਬ ਵਿੱਚ ਕਿਸੇ ਗੱਲ ਦਾ ਜ਼ਿਕਰ ਦੇਖ ਕੇ ਉਸ ਨੂੰ ਗੁਰਮਤਿ ਦਾ ਅੰਗ ਮੰਨ ਲੈਣ ਦੇ ਕਾਰਨ ਹੀ ਅਸੀਂ ਗੁਰਮਤਿ ਦੀ ਰਹਿਣੀ ਤੋਂ ਕਈ ਪੱਖਾਂ ਤੋਂ ਬਿਲਕੁਲ ਕੋਰੇ ਹਾਂ। ਸਾਡੀ ਜੀਵਨ-ਜਾਚ ਵਿਚੋਂ ਉਹ ਨਿਆਰਾਪਣ ਨਜ਼ਰ ਨਹੀਂ ਆਉਂਦਾ, ਜੋ ਗੁਰੂ ਗ੍ਰੰਥ ਸਾਹਿਬ ਦਰਸਾਉਂਦੇ ਹਨ। ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹੋਏ ਵੀ ਅਸੀਂ ਵਹਿਮਾਂ-ਭਰਮਾਂ ਦਾ ਸ਼ਿਕਾਰ ਹਾਂ; ਕਰਮਕਾਂਡਾਂ ਦੀ ਦਲਦਲ ਵਿੱਚ ਬੁਰੀ ਤਰ੍ਹਾਂ ਫਸੇ ਹੋਏ ਹਾਂ। ਗੁਰਬਾਣੀ ਸਾਨੂੰ ਹਰੇਕ ਤਰ੍ਹਾਂ ਦੇ ਵਹਿਮ-ਭਰਮ ਤੋਂ ਉਪਰ ਉਠਾਉਂਦੀ ਹੈ। ਪਰ ਅਸੀਂ ਗੁਰਬਾਣੀ ਦੇ ਕਈ ਸ਼ਬਦਾਂ ਦੀਆਂ ਉਨ੍ਹਾਂ ਪੰਗਤੀਆਂ ਨੂੰ ਹੀ (ਜਿਨ੍ਹਾਂ ਵਿੱਚ ਵਹਿਮ-ਭਰਮ ਦਾ ਖੰਡਨ ਕੀਤਾ ਗਿਆ ਹੈ) ਅਧਾਰ ਬਣਾ ਕੇ ਇਹ ਧਾਰਨਾ ਬਣਾ ਲੈਂਦੇ ਹਾਂ ਕਿ ਬਾਣੀਕਾਰ ਵੀ ਇਨ੍ਹਾਂ ਵਹਿਮਾਂ-ਭਰਮਾਂ ਦੀ ਪ੍ਰੜੌਤਾ ਕਰ ਰਹੇ ਹਨ।

ਸ਼ਗੁਨ-ਅਪਸ਼ਗੁਨ `ਚ ਵਿਸ਼ਵਾਸ ਵੀ ਅਜਿਹੇ ਵਹਿਮਾਂ-ਭਰਮਾਂ ਵਿਚੋਂ ਹੀ ਇੱਕ ਹੈ। ਅਨਮਤਾਂ ਵਾਂਗ ਅਸੀਂ ਵੀ ਅਨੇਕ ਤਰ੍ਹਾਂ ਦੇ ਸ਼ਗੁਨਾਂ-ਅਪਸ਼ਗੁਨਾਂ ਵਿੱਚ ਵਿਸ਼ਵਾਸ ਰੱਖਦੇ ਹਾਂ। ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਸਾਈ ਜੀਵਨ-ਜਾਚ ਨੂੰ ਅਪਣਾ ਕੇ, ਸ਼ਗੁਨ-ਅਪਸ਼ਗੁਨ ਦੀ ਧਾਰਨਾ ਤੋਂ ਉਪਰ ਉਠਣ ਦੀ ਬਜਾਏ ਗੁਰੂ ਗ੍ਰੰਥ ਸਾਹਿਬ ਨਾਲ ਹੀ ਕਈ ਤਰ੍ਹਾਂ ਦੇ ਸ਼ਗੁਨ-ਅਪਸ਼ਗੁਨ ਸਬੰਧਤ ਕਰ ਦਿੱਤੇ ਹਨ। ਉਦਾਹਰਣ ਵਜੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਸਮੇਂ ਦਿਸ਼ਾ ਭਰਮ ਦੀ ਵਿਚਾਰ ਕਰਨਾ।

ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਵਲੋਂ ਵੱਖ ਵੱਖ ਦਿਨਾਂ ਵਿੱਚ ਭਿੰਨ ਭਿੰਨ ਵਸਤੂਆਂ ਅਰਪਣ ਕਰਨ ਪਿੱਛੇ ਵੀ ਸ਼ਗੁਨ-ਅਪਸ਼ਗੁਨ ਦੀ ਭਾਵਨਾ ਹੀ ਹੈ। ਇਸ ਵਹਿਮ ਪ੍ਰਸਤੀ ਅਧੀਨ ਹੀ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਛਨਿਛਵਾਰ ਨੂੰ ਮਾਂਹ, ਛੋਲੇ ਅਤੇ ਤੇਲ ਆਦਿ, ਮੰਗਲਵਾਰ ਨੂੰ ਬੂੰਦੀ ਸੰਤਰੇ ਆਦਿ ਅਤੇ ਵੀਰਵਾਰ ਨੂੰ ਹਰੀਆਂ ਸਬਜੀਆਂ ਫਲ ਆਦਿ ਚੜਾਉਂਦੀਆਂ ਹਨ।

ਭਾਈ ਗੁਰਦਾਸ ਜੀ ਨੇ ਗੁਰਸਿੱਖੀ ਦੀ ਵਿਲੱਖਣ ਰਹਿਣੀ ਦਾ ਵਰਣਨ ਕਰਦਿਆਂ ਹੋਇਆਂ ਕਿਹਾ ਹੈ ਕਿ ਗੁਰਮਤਿ ਦੇ ਗਾਡੀ ਮਾਰਗ `ਤੇ ਮਨਮੁਖ ਨਹੀਂ ਚਲ ਸਕਦਾ, ਕਿਉਂਕਿ ਲਗਨਾਂ ਸਗਨਾਂ ਨੂੰ ਮੰਨਣ ਵਾਲੇ ਦਾ ਮਨ ਗੁਰਮਤਿ ਦੇ ਮਾਰਗ `ਤੇ ਚਲਣ ਲਈ ਕਿਵੇਂ ਪਤੀਜ ਸਕਦਾ ਹੈ? :-ਗੁਰਮੁਖਿ ਮਾਰਗ ਮੈ ਮਨਮੁਖ ਥਕਤ ਹੁਇ ਲਗਨ ਸਗਨ ਮਾਨੇ ਕੈਸੇ ਮਨ ਮਾਨੀਐ।

ਗੁਰੂ ਗ੍ਰੰਥ ਸਾਹਿਬ ਵਿੱਚ ਸ਼ਗੁਨ-ਅਪਸ਼ਗੁਨ ਦੇ ਕਿਸੇ ਵੀ ਸਰੂਪ ਨੂੰ ਸਵੀਕਾਰ ਨਹੀਂ ਕੀਤਾ ਗਿਆ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਸ਼ਗੁਨ-ਅਪਸ਼ਗੁਨ ਸਬੰਧੀ ਫ਼ਰਮਾਨਾਂ ਨੂੰ ਵਿਚਾਰਨ ਤੋਂ ਪਹਿਲਾਂ ਸੰਖੇਪ ਵਿੱਚ ਸ਼ਗੁਨ-ਅਪਸ਼ਗੁਨ ਸਬੰਧੀ ਚਰਚਾ ਕਰਨੀ ਬੜੀ ਢੁੱਕਵੀਂ ਹੋਵੇਗੀ।

ਸ਼ਗਨ-ਅਪਸ਼ਗਨ ਦੀ ਧਾਰਨਾ ਲਗਭਗ ਹਰੇਕ ਧਰਮ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਮਿਲਦੀ ਹੈ। ਭਾਰਤ ਵਿੱਚ ਖ਼ਾਸ ਤੌਰ `ਤੇ ਹਿੰਦੂ ਮਤ ਦੇ ਗ੍ਰੰਥਾਂ (ਵਿਸ਼ੇਸ਼ ਤੌਰ `ਤੇ ਸਉਣ ਸਾਸ਼ਤ੍ਰ) ਵਿੱਚ ਇਸ ਦਾ ਵਰਣਨ ਵਿਸਤਾਰ ਵਿੱਚ ਮਿਲਦਾ ਹੈ। ਸਿੱਖ ਇਤਿਹਾਸ ਵਿੱਚ ਜਿਵੇਂ ਹੋਰ ਅਨੇਕਾਂ ਗੁਰਮਤਿ ਵਿਰੋਧੀ ਗੱਲਾਂ ਮਿਲਦੀਆਂ ਹਨ, ਇਸੇ ਤਰ੍ਹਾਂ ਸ਼ਗੁਨ-ਅਪਸ਼ਗੁਨ ਸ਼ਬੰਧੀ ਵੀ ਲਿਖਤਾਂ ਮਿਲਦੀਆਂ ਹਨ। ਜਿਵੇਂ ਭਾਈ ਸੰਤੋਖ ਸਿੰਘ ਗੁਰ ਪ੍ਰਤਾਪ ਸੂਰਜ ਵਿੱਚ ਲਿਖਦੇ ਹਨ, “ਸ਼ਗੁਨ ਮੰਦੇ ਅਵਿਲੋਕ (ਦੇਖ)। ਸਯਾਨੇ ਦਿਲ ਮਹਿਂ ਧਾਰਤਿ ਸ਼ੋਕ। ਸਮੁਖ ਬਾਯੁ (ਸਾਹਮਾਣੀਓ ਹਵਾ) ਮ੍ਰਿਗ ਮਾਲ ਕੁਫੇਰੀ (ਹਰਨਾਂ ਦੇ ਡਾਰ ਉਲਟੇ ਪਾਸਿਓਂ)। ਹਯ ਰੋਦਤਿ ਦ੍ਰਿਗ ਅੱਸ਼ਰੂ ਗੇਰੀ। ਸਿਰ ਪਰ ਬਾਯਸ, ਗੀਧ ਭ੍ਰਮਾਵੈਂ (ਘੁੰਮਦੇ ਹਨ)। ਸ਼ਿਵਾ ਅਸ਼ਿਵਾ (ਗਿਦੜੀਆਂ ਅਮੰਗਲ ਰੂਪ) ਪੁਕਾਰਤਿ ਆਵੈਂ। ਗਿਰਹਿ ਅਚਾਨਕ ਚਾਲਤਿ ਘੋਰੇ। ਮਨ ਸੂਰਨਿ ਕੇ ਮਲਿਨ ਅਥੋਰੇ। ਮਿਲਯੋ ਕਾਠ ਕੋ ਭਾਰ ਅਗਾਰੀ। ਖਰ ਬੋਲਯੋ, ਮ੍ਰਿਤੁ ਸੂਚਤਿ ਭਾਰੀ। (ਗਧਾ ਬੋਲਿਆ ਜੇ ਭਾਰੀ ਮੌਤ ਜਣਾਂਵਦਾ ਹੈ) “(ਸ਼੍ਰੀ ਗੁਰ ਪ੍ਰਤਾਪ ਸੂਰਜ)

ਇਸ ਲੇਖ ਵਿੱਚ ਸਾਡਾ ਮਨੋਰਥ ਸ਼ਗਨ ਦੀ ਧਾਰਨਾ ਦੀ ਵਿਸਤ੍ਰਿਤ ਚਰਚਾ ਕਰਨ ਤੋਂ ਨਹੀਂ ਹੈ, ਇਸ ਲਈ ਵਿਸਤਾਰ ਤੋਂ ਸੰਕੋਚ ਕਰਦੇ ਹੋਏ ਸੰਖੇਪ ਵਿੱਚ ਹੀ ਸ਼ਗਨ ਸ਼ਬਦ ਦੇ ਪਿਛੋਕੜ ਦਾ ਵਰਣਨ ਕਰ ਰਹੇ ਹਾਂ।

ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਵਿੱਚ ਸ਼ਗੁਨ ਸ਼ਬਦ ਦੇ ਅਰਥ ਇਉਂ ਕੀਤੇ ਹਨ, “ਸ਼ਗਨ: ਸ਼ੁਭ ਅਸ਼ੁਭ ਫਲ ਦੱਸਣ ਵਾਲੇ ਚਿੰਨ੍ਹ। ਇਸ ਦਾ ‘ਸ਼ਕੁਨ’ ਨਾਉਂ ਹੋਣ ਦਾ ਕਾਰਣ ਇਹ ਹੈ ਕਿ ਪੁਰਾਣੇ ਸਮੇਂ ਪੰਛੀਆਂ ਦੀ ਬੋਲੀ ਅਤੇ ਚਾਲ ਤੋਂ ਲੋਕ ਭਲੇ ਬੁਰੇ ਨਤੀਜੇ ਕਢਦੇ ਸਨ। ਪੰਜਾਬੀ ਵਿੱਚ ਕੱਕੇ ਦੀ ਥਾਂ ਗੱਗਾ ਹੋ ਕੇ’ ਸਗਨ’ ਬਣ ਗਿਆ ਹੈ। ਨੋਟ: ਜਦ ਅਪਸ਼ਗੁਨ ਨਾਲ ਮਿਲ ਕੇ ਸ਼ਗੁਨ ਸ਼ਬਦ ਆਉਂਦਾ ਹੈ ਤਾਂ ਅਰਥ ਹੁੰਦਾ ਹੈ ਚੰਗਾ ਸ਼ਗੁਨ/ਸਕੁਨ। ਅਪਸ਼ਗੁਨ ਦਾ ਅਰਥ ਕਿਸੇ ਮੰਦੀ ਘਟਨਾਂ ਦੇ ਆਉਣ ਦੀ ਨਿਸ਼ਾਨੀ; ਭਾਵ, ਅਮੰਗਲ ਸੂਚਕ ਚਿੰਨ੍ਹ ਹੈ।

ਪੰਜਾਬੀ ਵਿਸ਼ਵ ਕੋਸ਼ ਅਨੁਸਾਰ “ਸ਼ਗਨ ਵਿਚਾਰ ਦੇ ਦੋ ਰੂਪ ਹਨ। ਇੱਕ ਉਹ ਹੈ ਜਿਸ ਵਿੱਚ ਸਮਝਿਆ ਜਾਂਦਾ ਹੈ ਕਿ ਕੋਈ ਗੈਬੀ ਤਾਕਤ ਕਿਸੇ ਸੰਕੇਤ ਰਾਂਹੀ ਮਨੁੱਖ ਨੂੰ ਉਸ ਦੇ ਭਾਵੀ ਸੁਖ-ਦੁਖ ਦੀ ਸੂਚਨਾ ਪਹਿਲਾਂ ਹੀ ਦੇ ਦਿੰਦੀ ਹੈ। ਦੂਜਾ ਉਹ ਹੈ ਜਿਸ ਵਿੱਚ ਕਿਸੇ ਗੈਬੀ ਤਾਕਤ ਨੂੰ ਖਿਆਲ ਵਿੱਚ ਨਹੀਂ ਲਿਆਂਦਾ ਜਾਂਦਾ, ਬਲਕਿ ਖ਼ੁਦ ਸ਼ਗਨ ਹੀ ਸੁਖ-ਦੁਖ ਦਾ ਸੂਚਕ ਮੰਨਿਆ ਜਾਂਦਾ ਹੈ।

‘ਸ਼ਗਨ’ ਸ਼ਬਦ ਦੇ ਵਿਆਪਕ ਅਰਥ ਵਿੱਚ ਲੱਛਣ ਅਤੇ ਸਾਮੁਦ੍ਰਿਕ ਚਿਹਨ ਵੀ ਸ਼ਗਨਾਂ ਵਿੱਚ ਲੈ ਲਏ ਜਾਂਦੇ ਹਨ।”

ਅਪਸ਼ਗਨਾਂ ਤੋਂ ਭਵਿੱਖ ਵਿੱਚ ਵਾਪਰਨ ਵਾਲੇ ਕਸ਼ਟਾਂ ਦੀ ਸੰਕੇਤਕ ਧਾਰਨਾ ਦੇ ਪ੍ਰਚਲਤ ਹੋਣ ਨਾਲ ਇਸ ਦੇ ਉਪਾ ਵੀ ਪ੍ਰਚਾਰੇ ਜਾਣ ਲੱਗ ਪਏ। ਭਾਂਵੇ ਸ਼ੁਰੂ ਵਿੱਚ ਇਨ੍ਹਾਂ ਦੇ ਉਪਾਵਾਂ ਦਾ ਵਰਣਨ ਨਹੀਂ ਮਿਲਦਾ। ਪਰੰਤੂ ਸਮੇਂ ਨਾਲ ਧਾਰਮਿਕ ਦੁਨੀਆਂ ਵਿੱਚ ਪ੍ਰੋਹਤ ਜਮਾਤ ਨੇ ਇਸ ਦੇ ਉਪਾ ਦਾ ਸ਼ੋਸ਼ਾ ਛੱਡ ਕੇ ਮਨੁੱਖਤਾ ਦਾ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੱਤਾ ਜੋ ਅੱਜ ਤਕ ਜਾਰੀ ਹੈ। ਅਨਮਤਾਂ ਵਿੱਚ ਤਾਂ ਇਨ੍ਹਾਂ ਸ਼ਗੁਨਾਂ ਅਪਸ਼ਗੁਨਾਂ ਦੀ ਧਾਰਨਾ ਵਿੱਚ ਦ੍ਰਿੜ ਵਿਸ਼ਵਾਸ ਦੀ ਗੱਲ ਸਮਝ `ਚ ਆਉਂਦੀ ਹੈ ਪਰ ਸਿੱਖ ਜਗਤ ਨੂੰ ਵੀ ਇਸ ਦਲਦਲ ਵਿੱਚ ਫਸਿਆ ਦੇਖ ਕੇ ਅਵੱਸ਼ ਹੈਰਾਨੀ ਹੁੰਦੀ ਹੈ। ਸ਼ਗੁਨ ਅਪਸ਼ਗੁਨ ਦੀ ਧਾਰਨਾ ਵਿੱਚ ਵਿਸ਼ਵਾਸ ਇਸ ਗੱਲ ਦਾ ਹੀ ਲਖਾਇਕ ਹੈ ਕਿ ਅਸੀਂ ਅਜੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਧਿਆਨ ਨਾਲ ਪੜ੍ਹਿਆ ਵਿਚਾਰਿਆ ਨਹੀਂ ਹੈ। ਜੇਕਰ ਧਿਆਨ ਨਾਲ ਵਿਚਾਰਿਆ ਹੁੰਦਾ ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਆਪਣਾ ਸਿਰ ਝੁਕਾਉਣ ਵਾਲਾ ਚੰਗੇ ਮਾੜੇ ਸ਼ਗੁਨਾਂ ਦੀ ਧਾਰਨਾ ਨੂੰ ਵੀ ਮੰਨਦਾ ਹੋਵੇ?

ਕਈ ਸੱਜਣ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਇਨ੍ਹਾਂ ਪੰਗਤੀਆਂ: ਸਗੁਨ ਅਪਸਗੁਨ ਤਿਸ ਕਉ ਲਗਹਿ ਜਿਸੁ ਚੀਤਿ ਨ ਆਵੈ॥ (ਪੰਨਾ 401) ਦਾ ਇਹ ਭਾਵਾਰਥ ਲੈਂਦੇ ਹਨ ਕਿ, “ਜਿਸ ਨੂੰ ਵਾਹਿਗੁਰੂ ਨਾਮ ਚੇਤੇ ਨਹੀਂ ਆਉਂਦਾ, ਉਸ ਨੂੰ ਸਗਨ ਭੀ ਅਪਸਗਨ ਰੂਪ ਹੋ ਕੇ ਲਗਦੇ ਹਨ”। (ਸੰਪਰਦਾਈ ਸਟੀਕ) ਇਨ੍ਹਾਂ ਪੰਗਤੀਆਂ ਦਾ ਅਜਿਹਾ ਭਾਵਾਰਥ ਲੈਣ ਵਾਲੇ ਸੱਜਣਾਂ ਦਾ ਇਹ ਮੰਨਣਾ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਗੁਨਾਂ-ਅਪਸ਼ਗੁਨਾਂ ਦੀ ਧਾਰਨਾ ਤੋਂ ਇਨਕਾਰ ਨਹੀਂ ਕੀਤਾ ਹੋਇਆ। ਇਨ੍ਹਾਂ ਵਿਦਵਾਨਾ ਅਨੁਸਾਰ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਕੇਵਲ ਇਹ ਆਖਿਆ ਹੈ ਕਿ, ਇਨ੍ਹਾਂ (ਸ਼ਗੁਨ-ਅਪਸ਼ਗੁਨ) ਤੋਂ ਉਹ ਵਿਅਕਤੀ ਹੀ ਪ੍ਰਭਾਵਿਤ ਹੁੰਦੇ ਜਿਨ੍ਹਾਂ ਦੇ ਹਿਰਦੇ `ਚ ਪ੍ਰਭੂ ਦੀ ਯਾਦ ਨਹੀਂ ਹੈ।

ਪਰ ਇਨ੍ਹਾਂ ਪੰਗਤੀਆਂ ਵਿੱਚ ਹਜ਼ੂਰ ਇਸ ਗੱਲ ਦਾ ਵਰਣਨ ਨਹੀਂ ਕਰ ਰਹੇ ਹਨ ਸਗੋਂ ਇਹ ਸਪਸ਼ਟ ਕਰ ਰਹੇ ਹਨ ਕਿ, “ਜਿਸ ਨੂੰ ਵਾਹਿਗੁਰੂ ਚਿੱਤ ਨਹੀਂ ਆਉਂਦਾ, ਉਸ ਦਾ ਮਨ ਭ੍ਰਮ ਗ੍ਰਸਿਤ ਹੋਣ ਕਰਕੇ ਆਪਣੇ ਹੀ ਸੰਕਲਪਾਂ ਦੇ ਕਲਪੇ ਹੋਏ ਫਲ ਅਨੁਸਾਰ ਕਲੇਸ਼ ਭੋਗਦਾ ਹੈ।” (ਭਾਈ ਕਾਨ੍ਹ ਸਿੰਘ ਨਾਭਾ) ਜਿਸ ਸ਼ਬਦ ਦੀਆਂ ਇਹ ਪੰਗਤੀਆਂ ਹਨ, ਉਸ ਵਿੱਚ ਖ਼ਾਸ ਤੌਰ `ਤੇ ਰਹਾਉ ਦੀਆਂ ਪੰਗਤੀਆਂ ਨੂੰ ਵਿਚਾਰਿਆਂ ਹੋਰ ਵੀ ਚੰਗੀ ਤਰ੍ਹਾਂ ਸਪਸ਼ਟ ਹੁੰਦਾ ਹੈ। ਪੂਰਾ ਸ਼ਬਦ ਇਸ ਤਰ੍ਹਾਂ ਹੈ:-

ਸੂਖ ਸਹਜ ਆਨਦੁ ਘਣਾ ਹਰਿ ਕੀਰਤਨੁ ਗਾਉ॥ ਗਰਹ ਨਿਵਾਰੇ ਸਤਿਗੁਰੂ ਦੇ ਅਪਣਾ ਨਾਉ॥ 1॥ ਬਲਿਹਾਰੀ ਗੁਰ ਆਪਣੇ ਸਦ ਸਦ ਬਲਿ ਜਾਉ॥ ਗੁਰੂ ਵਿਟਹੁ ਹਉ ਵਾਰਿਆ ਜਿਸੁ ਮਿਲਿ ਸਚੁ ਸੁਆਉ॥ 1॥ ਰਹਾਉ॥ ਸਗੁਨ ਅਪਸਗੁਨ ਤਿਸ ਕਉ ਲਗਹਿ ਜਿਸੁ ਚੀਤਿ ਨ ਆਵੈ॥ ਤਿਸੁ ਜਮੁ ਨੇੜਿ ਨ ਆਵਈ ਜੋ ਹਰਿ ਪ੍ਰਭਿ ਭਾਵੈ॥ 2॥ ਪੁੰਨ ਦਾਨ ਜਪ ਤਪ ਜੇਤੇ ਸਭ ਊਪਰਿ ਨਾਮੁ॥ ਹਰਿ ਹਰਿ ਰਸਨਾ ਜੋ ਜਪੈ ਤਿਸੁ ਪੂਰਨ ਕਾਮੁ॥ 3॥ ਭੈ ਬਿਨਸੇ ਭ੍ਰਮ ਮੋਹ ਗਏ ਕੋ ਦਿਸੈ ਨ ਬੀਆ॥ ਨਾਨਕ ਰਾਖੇ ਪਾਰਬ੍ਰਹਮਿ ਫਿਰਿ ਦੂਖੁ ਨ ਥੀਆ॥ 4॥

ਅਰਥ: (ਹੇ ਭਾਈ!) ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ, ਸਦਾ ਹੀ ਸਦਕੇ ਜਾਂਦਾ ਹਾਂ, ਮੈਂ ਗੁਰੂ ਤੋਂ ਵਾਰਨੇ ਜਾਂਦਾ ਹਾਂ, ਕਿਉਂਕਿ ਉਸ (ਗੁਰੂ) ਨੂੰ ਮਿਲ ਕੇ ਹੀ ਮੈਂ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨਾ (ਆਪਣੀ ਜ਼ਿੰਦਗੀ ਦਾ) ਮਨੋਰਥ ਬਣਾਇਆ ਹੈ। 1. ਰਹਾਉ। (ਹੇ ਭਾਈ!) ਗੁਰੂ ਨੇ ਮੈਨੂੰ ਉਹ ਹਰਿ-ਨਾਮ ਦੇ ਕੇ ਜੇਹੜਾ ਨਾਮ ਉਹ ਆਪ ਜਪਦਾ ਹੈ, ਮੇਰੇ ਉਤੋਂ (ਮਾਨੋ) ਨੌ ਹੀ ਗ੍ਰਹਿਆਂ ਦੀਆਂ ਮੁਸੀਬਤਾਂ ਦੂਰ ਕਰ ਦਿੱਤੀਆਂ ਹਨ। ਮੈਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਰਹਿੰਦਾ ਹਾਂ ਤੇ (ਮੇਰੇ ਅੰਦਰ) ਆਤਮਕ ਅਡੋਲਤਾ ਦਾ ਵੱਡਾ ਸੁਖ-ਆਨੰਦ ਬਣਿਆ ਰਹਿੰਦਾ ਹੈ। 1. (ਹੇ ਭਾਈ! ਮੇਰੇ ਅੰਦਰ ਚੰਗੇ ਮੰਦੇ ਸਗਨਾਂ ਦਾ ਸਹਮ ਭੀ ਨਹੀਂ ਰਹਿ ਗਿਆ) ਚੰਗੇ ਮੰਦੇ ਸਗਨਾਂ ਦੇ ਸਹਮ ਉਸ ਮਨੁੱਖ ਨੂੰ ਚੰਬੜਦੇ ਹਨ ਜਿਸ ਦੇ ਚਿੱਤ ਵਿੱਚ ਪਰਮਾਤਮਾ ਨਹੀਂ ਵੱਸਦਾ। ਪਰ ਜੇਹੜਾ ਮਨੁੱਖ ਪ੍ਰਭੂ (ਦੀ ਯਾਦ) ਵਿੱਚ (ਜੁੜ ਕੇ) ਹਰਿ-ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ਜਮ-ਦੂਤ ਭੀ ਉਸ ਦੇ ਨੇੜੇ ਨਹੀਂ ਢੁਕਦਾ। 2. (ਹੇ ਭਾਈ! ਮਿਥੇ ਹੋਏ) ਨੇਕ ਕਰਮ, ਦਾਨ, ਜਪ ਤੇ ਤਪ—ਇਹ ਜਿਤਨੇ ਭੀ ਹਨ ਪਰਮਾਤਮਾ ਦਾ ਨਾਮ ਜਪਣਾ ਇਹਨਾਂ ਸਭਨਾਂ ਤੋਂ ਸ੍ਰੇਸ਼ਟ ਕਰਮ ਹੈ। ਜੇਹੜਾ ਮਨੁੱਖ ਆਪਣੀ ਜੀਭ ਨਾਲ ਪਰਮਾਤਮਾ ਦਾ ਨਾਮ ਜਪਦਾ ਹੈ ਉਸ ਦਾ ਜੀਵਨ-ਮਨੋਰਥ ਸਫਲ ਹੋ ਜਾਂਦਾ ਹੈ। 3. ਹੇ ਨਾਨਕ! ਜਿਨ੍ਹਾਂ ਮਨੁੱਖਾਂ ਦੀ ਰੱਖਿਆ ਪਰਮਾਤਮਾ ਨੇ ਆਪ ਕੀਤੀ ਹੈ ਉਹਨਾਂ ਨੂੰ ਮੁੜ ਕੋਈ ਦੁੱਖ ਨਹੀਂ ਵਿਆਪਦਾ, ਉਹਨਾਂ ਦੇ ਸਾਰੇ ਡਰ ਨਾਸ ਹੋ ਜਾਂਦੇ ਹਨ ਉਹਨਾਂ ਦੇ ਮੋਹ ਤੇ ਭਰਮ ਮੁੱਕ ਜਾਂਦੇ ਹਨ, ਉਹਨਾਂ ਨੂੰ ਕੋਈ ਮਨੁੱਖ ਬਿਗਾਨਾ ਨਹੀਂ ਦਿੱਸਦਾ। 4.

ਗੁਰੂ ਗ੍ਰੰਥ ਸਾਹਿਬ ਦਾ ਸ਼ਗੁਨ ਸਬੰਧੀ ਦ੍ਰਿਸ਼ਟੀਕੋਣ ਨਿਮਨ ਲਿਖਤ ਫ਼ਰਮਾਨਾਂ ਵਿਚੋਂ ਵੀ ਚੰਗੀ ਤਰ੍ਹਾਂ ਸਪਸ਼ਟ ਹੁੰਦਾ ਹੈ:-

(ੳ) ਸੋਈ ਸਾਸਤੁ ਸਉਣੁ ਸੋਇ ਜਿਤੁ ਜਪੀਐ ਹਰਿ ਨਾਉ॥ ਪੰਨਾ 48) ਅਰਥ: (ਹੇ ਮਨ! ਗੁਰੂ ਦੀ ਸਰਨ ਪਿਆਂ ਹੀ ਨਾਮ ਸਿਮਰ ਸਕੀਦਾ ਹੈ) ਉਹ ਗੁਰੂ ਹੀ ਸ਼ਾਸਤ੍ਰ ਹੈ, ਉਹ ਗੁਰੂ ਹੀ ਜੋਤਿਸ਼-ਸ਼ਾਸਤ੍ਰ ਹੈ, ਕਿਉਂਕਿ ਉਸ (ਗੁਰੂ) ਦੀ ਰਾਹੀਂ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ।

(ਅ) ਛਨਿਛਰਵਾਰਿ ਸਉਣ ਸਾਸਤ ਬੀਚਾਰੁ॥ ਹਉਮੈ ਮੇਰਾ ਭਰਮੈ ਸੰਸਾਰੁ॥ ਮਨਮੁਖੁ ਅੰਧਾ ਦੂਜੈ ਭਾਇ॥ ਜਮ ਦਰਿ ਬਾਧਾ ਚੋਟਾ ਖਾਇ॥ (ਪੰਨਾ 841) ਅਰਥ: ਹੇ ਭਾਈ! (ਪਰਮਾਤਮਾ ਦਾ ਸਿਮਰਨ ਛੱਡ ਕੇ) ਸ਼ੋਨਕ ਦਾ ਜੋਤਸ਼ ਸ਼ਾਸਤ੍ਰ (ਆਦਿਕ) ਵਿਚਾਰਦੇ ਰਹਿਣਾ- (ਇਸ ਦੇ ਕਾਰਣ) ਜਗਤ ਮਮਤਾ ਅਤੇ ਹਉਮੈ ਵਿੱਚ ਭਟਕਦਾ ਰਹਿੰਦਾ ਹੈ। ਆਤਮਕ ਜੀਵਨ ਵਲੋਂ ਅੰਨ੍ਹਾ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਮੋਹ ਵਿੱਚ ਫਸਿਆ ਰਹਿੰਦਾ ਹੈ, (ਅਜਿਹਾ ਮਨੁੱਖ) ਜਮਰਾਜ ਦੇ ਦਰ ਤੇ ਬੱਝਾ ਹੋਇਆ (ਵਿਕਾਰਾਂ ਦੀਆਂ) ਸੱਟਾਂ ਖਾਂਦਾ ਰਹਿੰਦਾ ਹੈ।

(ੲ) ਪ੍ਰਭੂ ਹਮਾਰੈ ਸਾਸਤ੍ਰ ਸਉਣ॥ ਸੂਖ ਸਹਜ ਆਨੰਦ ਗ੍ਰਿਹ ਭਉਣ॥ 1॥ ਰਹਾਉ॥ (ਪੰਨਾ 1137) ਅਰਥ: ਹੇ ਭਾਈ! ਪ੍ਰਭੂ ਦਾ ਨਾਮ ਹੀ ਸਾਡੇ ਵਾਸਤੇ ਚੰਗਾ ਮੁਹੂਰਤ ਦੱਸਣ ਵਾਲਾ ਸ਼ਾਸਤ੍ਰ ਹੈ (ਜਿਸ ਹਿਰਦੇ ਵਿੱਚ ਪ੍ਰਭੂ ਦਾ ਨਾਮ ਵੱਸਦਾ ਹੈ, ਉਸ) ਹਿਰਦੇ-ਘਰ ਵਿੱਚ ਸਦਾ ਆਤਮਕ ਅਡੋਲਤਾ ਦੇ ਸੁਖ ਹਨ ਆਨੰਦ ਹਨ।

(ਸ) ਨਾਮੁ ਹਮਾਰੈ ਸਉਣ ਸੰਜੋਗ॥ ਨਾਮੁ ਹਮਾਰੈ ਤ੍ਰਿਪਤਿ ਸੁਭੋਗ॥ (ਪੰਨਾ 1145) ਅਰਥ: ਹੇ ਭਾਈ! (ਕਾਰਾਂ-ਵਿਹਾਰਾਂ ਦੀ ਸਫਲਤਾ ਵਾਸਤੇ ਲੋਕ) ਸਗਨ (ਵਿਚਾਰਦੇ ਹਨ) ਮੁਹੂਰਤ (ਕਢਾਂਦੇ ਹਨ) ਪਰ ਮੇਰੇ ਵਾਸਤੇ ਤਾਂ ਹਰਿ-ਨਾਮ ਹੀ ਸਭ ਕੁੱਝ ਹੈ।

ਭਾਈ ਗੁਰਦਾਸ ਜੀ (ਕਬਿੱਤ ਅਤੇ ਵਾਰਾਂ ਦੀਆਂ ਪਉੜੀਆਂ) ਵਿੱਚ ਗੁਰਮਤਿ ਦੀ ਰਹਿਣੀ ਦਾ ਵਰਣਨ ਕਰਦਿਆਂ ਹੋਇਆਂ ਸ਼ਗੁਨ-ਅਪਸ਼ਗੁਨ ਬਾਰੇ ਇਸ ਤਰ੍ਹਾਂ ਰੋਸ਼ਨੀ ਪਾਉਂਦੇ ਹਨ:-

(ੳ) ਸਜਾ ਖਬਾ ਸਉਣੁ ਨ ਮੰਨਿ ਵਸਾਇਆ॥ ਨਾਰਿ ਪੁਰਖ ਨੋ ਵੇਖਿ ਨ ਪੈਰੁ ਹਟਾਇਆ॥

ਭਾਖ ਸੁਭਾਖ ਵੀਚਾਰਿ ਨ ਛਿਕ ਮਨਾਇਆ॥ ਦੇਵੀ ਦੇਵ ਨ ਸੇਵਿ ਨ ਪੂਜ ਕਰਾਇਆ॥

ਭੰਭਲ ਭੂਸੇ ਖਾਇ ਨ ਮਨੁ ਭਰਮਾਇਆ॥ ਗੁਰਸਿਖ ਸਚਾ ਖੇਤੁ ਬੀਜ ਫਲਾਇਆ॥

(ਵਾਰ 20, ਪਉੜੀ 8)

ਅਰਥ: ਭਲਾ ਬੁਰਾ ਸ਼ਗਨ ਗੁਰਮੁਖ ਲੋਕ ਮਨ ਵਿਖੇ ਨਹੀਂ ਰੱਖਦੇ। ਇਸਤ੍ਰੀ ਪੁਰਖਾਂ ਵੱਲ ਵੇਖ ਕੇ ਆਪਣਾ ਪੈਰ (ਪਿੱਛੇ) ਨਹੀਂ ਹਟਾਉਂਦੇ (ਭਾਵ ਸ਼ਗਨ ਕੁਸ਼ਗਨ ਨਹੀਂ ਜਾਣਦੇ)। ਬੋਲ ਕਬੋਲ (ਜਾਨਵਰ ਦੇ ਬੋਲਾਂ ਤੋਂ ਸ਼ਗਨ ਨਹੀਂ ਵਿਚਾਰਦੇ ਹਨ) ਅਤੇ ਨਿੱਛ ਦਾ ਵਿਚਾਰ ਨਹੀਂ ਕਰਦੇ। ਦੇਵੀ ਦੇਵਤਿਆਂ ਨੂੰ ਨਹੀਂ ਸੇਂਵਦੇ ਨਾ ਪੂਜਾ ਕਰਦੇ ਹਨ। (ਵਾਹਿਗੁਰੂ ਤੋਂ ਛੁੱਟ ਕਿਸੇ ਲਈ) ਨਾ ਮਨ ਭਰਮਾਉਂਦੇ ਹਨ ਨਾ ਭੰਭਲ ਭੂਸੇ ਖਾਂਦੇ ਹਨ। ਐਸੇ ਗੁਰੂ ਦੇ ਸਿੱਖ ਸੱਚਾ ਖੇਤ ਹਨ (ਜਿੱਥੇ ਸ਼ਰਧਾ ਦਾ) ਬੀਜ ਪਾਇਆ ਫ਼ਲਦਾ ਹੈ।

(ਅ) ਸਉਣ ਸਗੁਨ ਬੀਚਾਰਣੇ ਨਉਂ ਗ੍ਰਹ ਬਾਰਹ ਰਾਸਿ ਵੀਚਾਰਾ॥

ਕਾਮਣ ਟੂਣੇ ਅਉਸੀਆਂ ਕਣ ਸੋਹੀ ਪਾਸਾਰ ਪਾਸਾਰਾ॥

ਗਦੋਂ ਕੁੱਤੇ ਬਿਲੀਆਂ ਇਲ ਮਲਾਲੀ ਗਿਦੜ ਛਾਰਾ॥

ਨਾਰਿ ਪੁਰਖ ਪਾਣੀ ਅਗਨਿ ਛਿਕ ਪਦ ਹਿਡਕੀ ਵਰਤਾਰਾ॥

ਥਿਤ ਵਾਰ ਭਦਰਾਂ ਭਰਮ ਦਿਸ਼ਾਸ਼ੂਲ ਸਹਿਸਾ ਸੰਸਾਰਾ॥

ਵਲ ਛਲ ਕਰ ਵਿਸਵਾਸ ਲਖ ਬਹੁ ਚੁਖੀਂ ਕਿਉਂ ਰਵੈ ਪਤਾਰਾ॥

ਗੁਰਮੁਖ ਸੁਖ ਫਲ ਪਾਰ ਉਤਾਰਾ॥ (ਵਾਰ ਪ, ਪਉੜੀ 8)

ਅਰਥ: (ਕੋਈ ਸਉਣ) ਜੋਤਿਸ਼ ਸ਼ਾਸਤ੍ਰ ਥੋਂ {ਤੋਂ} ਸ਼ਗਨ, ਨੌਂ ਗ੍ਰਿਹ, (ਚੰਦ, ਸੂਰਜ, ਛਨਿਛਰ, ਸ਼ੁਕਰ, ਬ੍ਰਹਸਤ, ਮੰਗਲ, ਬੁਧ, ਰਾਹੁ, ਕੇਤੂ,) ਅਰ ਬਾਰਾਂ ਰਾਸਾਂ (ਮੇਖ, ਬ੍ਰਿਖ, ਮਿਥਨ, ਕਰਕ, ਸਿੰਘ, ਕੰਨਿਆ, ਤੁਲਾ, ਬ੍ਰਿਸਚਕ, ਧਨ, ਮਕਰ, ਕੁੰਭ ਅਤੇ ਮੀਨ) ਦੁਆਰਾ ਵੀਚਾਰ ਕਰਦੇ ਹਨ। (ਕਾਮਣਾ) ਤ੍ਰੀਮਤਾਂ ਟੂਣੇ (ਕਿਸੇ ਨੂੰ ਆਪਣੇ ਵੱਸ ਕਰਨ ਜਾਂ ਮਾਰਨ ਲਈ ਕੀਤੇ ਤੰਤ੍ਰ) ਔਂਸੀਆਂ (ਬਾਹਲੀਆਂ ਲੀਕਾਂ ਖਿੱਚਕੇ ਗਿਣਨ ਥੋਂ ਪਿੱਛੇ ਜੇ ਟਾਂਕ ਵਧੇ ਤਾਂ ਚੰਗੀ ਔਂਸੀ ਜੇ ਜਿਸਤ ਵਧੇ ਤਾਂ ਮੰਦੀ) ਕਣਸੋਈ (ਕੰਨੀ ਪਈ ਖ਼ਬਰ/ਸੁੰਧਕਾਂ ਰਖਦੀਆਂ ਹਨ; ਅਜਿਹੇ ਕਈ) ਪਸਾਰੇ ਪਸਾਰਦੀਆਂ ਹਨ। ਕੋਈ ਖੋਤਿਆਂ, ਕੁੱਤੇ, ਇੱਲ, (ਮਲਾਲੀ) ਮੈਨਾ, ਗਿੱਦੜਾਂ, (ਛਾਰਾ) ਵਾ ਵਰੋਲਿਆਂ (ਦੇ ਸ਼ਗਨ ਮਨਾਉਂਦੇ ਅਰ ਸਮਝਦੇ ਹਨ ਕਿ ਤੁਰਨ ਵੇਲੇ ਖਬੇ ਪਾਸੇ ਖੋਤਾ ਬੋਲੇ ਤਾਂ ਚੰਗਾ ਅਰ ਗਿੱਦੜ ਦਿਨੇ ਬੋਲੇ ਤਾਂ ਭੈੜਾ ਸ਼ਗਨ ਹੈ ਆਦਿ) ਨਾਰਿ, ਪੁਰਖ, ਪਾਣੀ, ਅਗਨਿ (ਅਰਥਾਤ ਤੁਰਨ ਵੇਲੇ ਜੇ ਤ੍ਰੀਮਤ ਪਾਣੀ ਦਾ ਘੜਾ ਲੈ ਕੇ ਅੱਗੋਂ ਮਿਲੇ ਤਾਂ ਕੰਮ ਫਤ੍ਹੇ, ਜੇ ਪੁਰਖ ਅੱਗੋਂ ਮਿਲੇ ਤਾਂ ਅਮੰਗਲ ਹੁੰਦਾ ਹੈ, ਅੱਗ ਮਿਲੇ ਤਾਂ ਮਾੜੀ), ਕੋਈ ਨਿੱਛ, ਵਾਯੂ ਜਾਂ ਹਿਡਕੀ ਦਾ ਵਰਤਾਉ {ਵਿਚਾਰ} ਕਰਦੇ ਹਨ (ਅਰਥਾਤ ਇੱਕ ਨਿੱਛ ਪਵੇ ਤਾਂ ਬੁਰੀ ਦੋ ਆਉਣ ਤਾਂ ਸ਼ਗਨ ਸਮਝਦੇ ਹਨ)। ਥਿਤ ਤੇ ਵਾਰ, ਭੱਦ੍ਰਾਂ (ਦੂਜ, ਸਤੇਂ ਅਤੇ ਦੁਆਦਸੀ) ਦਾ ਭਰਮ ਹੋਇਆ ਹੈ। ਵਲ ਛਲ ਕਰਕੇ ਲੱਖਾਂ ਪੁਰ ਭਰੋਸਾ ਰੱਖਣ ਨਾਲ (ਬਹੁਚੁਖੀ) ਵਡੇ ਸਵਾਦਾਂ-ਵਾਲੀ (ਵੇਸਵਾ) ਕਿਵੇਂ ਭਰਤਾ ਨੂੰ ਰਵੇਗੀ। ਗੁਰਮੁਖ ਨੂੰ ਸੁਖ ਫਲ ਪ੍ਰਾਪਤ ਹੁੰਦਾ ਹੈ। ਇਸ ਕਰਕੇ ਪਾਰ ਉਤਾਰਾ ਪਾਉਂਦੇ ਹਨ। (ਟੀਕਾਕਾਰ: ਗਿਆਨੀ ਹਜ਼ਾਰਾ ਸਿੰਘ ਜੀ) ਨੋਟ: ਦਿਸ਼ਾ ਸੂਲ ਦਾ ਭਾਵ ਹੈ, “ਕਿਸੇ ਦਿਸ਼ਾ ਵਲ ਯਾਤਰਾ ਕਰਨ ਲਈ ਕੋਈ ਦਿਨ ਸ਼ੂਲ ਦੀ ਤਰ੍ਹਾਂ ਦੁਖ ਦੇਣ ਵਾਲਾ। ਜਿਵੇਂ ਪੱਛਮ ਵਲ ਜਾਣ ਲਈ ਸ਼ੁਕ੍ਰ ਅਤੇ ਐਤਵਾਰ, ਉੱਤਰ ਲਈ ਮੰਗਲ ਅਤੇ ਬੁਧ, ਪੂਰਬ ਲਈ ਸ਼ਨਿਚਰ ਅਤੇ ਸੋਮ, ਦੱਖਣ ਵਲ ਜਾਣ ਲਈ ਵੀਰਵਾਰ।” (ਗੁਰਮਤ ਮਾਰਤੰਡ)

(ੲ) ਬੈਸਨੋ ਅਨੰਨਿ ਬ੍ਰਹਮੰਨਿ ਸਾਲਗ੍ਰਾਮ ਸੇਵਾ ਗੀਤਾ ਭਾਗਵਤ ਸ੍ਰੋਤਾ ਏਕਾਕੀ ਕਹਾਵਈ।

ਤੀਰਥ ਧਰਮ ਦੇਵ ਜਾਤ੍ਰਾ ਕਉ ਪੰਡਿਤ ਪੂਛਿ ਕਰਤ ਗਵਨ ਸੁ ਮਹੂਰਤ ਸੋਧਾਵਈ।

ਬਾਹਰਿ ਨਿਕਸਿ ਗਰਧਬ ਸੁਵਾਨ ਸਗਨੁ ਕੈ ਸੰਕਾ ਉਪਰਾਜਿ ਬਹੁਰਿ ਘਰਿ ਆਵਹੀ।

ਪਤਿਬ੍ਰਤ ਗਹਿ ਰਹਿ ਸਕਤ ਨ ਏਕਾ ਟੇਕ ਦੁਬਧਾ ਅਛਿਤ ਨ ਪਰੰਮ ਪਦੁ ਪਾਵਹੀ॥ 447॥

ਅਰਥ: ਜੇ ਕੋਈ ਵਿਸ਼ਨੂੰ ਦਾ ਅਨਿੰਨ ਉਪਾਸ਼ਕ ਹੈ, ਬ੍ਰਾਹਮਣ ਹੈ ਸਾਲਗ੍ਰਾਮ ਦੀ ਪੂਜਾ ਕਰਦਾ ਹੈ ਅਤੇ ਇਕਾਂਤ ਵਿੱਚ ਗੀਤਾ ਤੇ ਭਾਗਵਤ ਦਾ ਪਾਠ ਸੁਣਨ ਦਾ ਸ਼੍ਰੋਤਾ ਕਹਾਉਂਦਾ ਹੈ; ਤੀਰਥਾਂ ਦੇ ਕੰਢੇ, ਧਰਮ-ਸਥਾਨਾਂ ਅਤੇ ਦੇਵਤਿਆਂ ਦੇ ਮੰਦਰਾਂ ਦੀ ਯਾਤਰਾ `ਤੇ ਜਾਣ ਸਮੇਂ ਕਿਸੇ ਵਿਦਵਾਨ ਪੰਡਤ ਪਾਸੋਂ ਸ਼ੁਭ ਮਹੂਰਤ ਸੁਧਾਉਂਦਾ ਹੈ; ਪਰ (ਘਰੋਂ), ਬਾਹਰ ਨਿਕਲ ਕੇ ਕਿਸੇ ਖੋਤੇ ਜਾਂ ਕੁੱਤੇ ਦੇ ਅਪਸ਼ਗਣ ਕਰਕੇ ਸ਼ੰਕਾ ਉਤਪੰਨ ਹੋ ਆਉਂਦੀ ਹੈ ਤਾਂ ਮੁੜ ਕੇ ਘਰ ਵਾਪਸ ਆ ਜਾਂਦਾ ਹੈ। ਜੋ ਪ੍ਰਾਣੀ ਪਤੀਬ੍ਰਤਾ ਇਸਤ੍ਰੀ ਵਾਂਗ ਇੱਕ ਗੁਰੂ-ਪਰਮੇਸ਼ਰ ਦਾ ਹੋ ਕੇ, ਉਸ ਦੀ ਟੇਕ/ਆਸਰਾ ਦ੍ਰਿੜ ਕਰ ਕੇ ਨਹੀਂ ਲੈਂਦਾ (ਅਤੇ ਆਨ-ਦੇਵੀ ਦੇਵਤਿਆਂ ਦਾ ਸੇਵਕ ਹੋ ਕੇ ਭਟਕਦਾ ਫਿਰਦਾ ਹੈ) ਉਹ ਦਵੈਤ ਭਾਵ (ਦੁਚਿਤੀ) ਵਿੱਚ ਫਸਿਆ ਹੋਣ ਕਰਕੇ, (ਪ੍ਰਭੂ-ਪ੍ਰਾਪਤੀ ਦੇ) ਪਰਮਪਦ ਨੂੰ ਨਹੀਂ ਪ੍ਰਾਪਤ ਕਰ ਸਕਦਾ।

(ਸ) ਗੁਰਸਿਖ ਸੰਗਤਿ ਮਿਲਾਪ ਕੋ ਪ੍ਰਤਾਪ ਐਸੋ ਪਤਬ੍ਰਤ ਏਕ ਟੇਕ ਦੁਬਿਧਾ ਨਿਵਾਰੀ ਹੈ।

ਪੂਛਤ ਨ ਜੋਤਕ ਅਉ ਬੇਦ ਥਿਤਿ ਬਾਰ ਕਛੁ॥ ਗ੍ਰਿਹ ਅਉ ਨਖਤ੍ਰ ਕੀ ਨ ਸੰਕਾ ਉਰਧਾਰੀ ਹੈ। ਜਾਨਤ ਨ ਸਗਨ ਲਗਨ ਆਨ ਦੇਵ ਸੇਵ ਸਬਦ ਸੁਰਤਿ ਲਿਵ ਨੇਹੁ ਨਿਰੰਕਾਰੀ ਹੈ।

ਸਿਖ ਸੰਤ ਬਾਲਕ ਸ੍ਰੀਗਰ ਪ੍ਰਤਿਪਾਲਕ ਹੁਇੁ॥ ਜੀਵਨ ਮਕਤਿ ਗਤਿ ਬ੍ਰਹਮ ਬਿਚਾਰੀ ਹੈ॥ 448॥ ਅਰਥ: ਗੁਰੂ ਨਾਲ ਸਿਖ ਦੀ ਸੰਗਤਿ, ਇਕ-ਮਿਕਤਾ ਹੋਣ ਦਾ ਗੁਣ ਇਉਂ ਹੈ ਜਿਵੇਂ ਪਤੀਬ੍ਰਤਾ-ਇਸਤ੍ਰੀ ਦੂਜਾ-ਪਣ ਦੂਰ ਕਰ ਦਿੰਦੀ ਹੈ ਅਤੇ ਕੇਵਲ ਇਕੋ ਪਤੀ ਦੀ ਟੇਕ ਰਖਦੀ ਹੈ। (ਸਤਿਗੁਰੂ ਦੀ ਇਕੋ ਓਟ ਰਖਣ ਵਾਲਾ ਸਿਖ) ਨਾ ਜੋਤਸ਼ ਅਤੇ ਨਾ ਵੇਦ ਪੁਛਦਾ ਹੈ ਅਤੇ ਨਾ ਹੀ ਥਿਤ ਵਾਰ ਜਾਂ ਗ੍ਰਹਿਆਂ ਤੇ ਨਛਤ੍ਰਾਂ ਆਦਿ ਦੀ ਕੋਈ ਸ਼ੰਕਾ ਹਿਰਦੇ ਵਿੱਚ ਲਿਆਂਦਾ ਹੈ। (ਗੁਰੂ ਚਰਨਾਂ ਵਿੱਚ ਜੁੜਿਆ ਗੁਰਸਿਖ) ਸ਼ਕਨ, ਲਗਨ ਅਤੇ ਹੋਰ ਦੇਵੀ-ਦੇਵਤਿਆਂ ਦੀ ਸੇਵਾ ਜਾਣਦਾ ਹੀ ਨਹੀਂ) ਉਸ ਦਾ ਨਿਰੰਕਾਰ ਸਰੂਪ ਸਤਿਗੁਰੂ ਨਾਲ ਅਜਿਹਾ ਅਗੰਮੀ ਪਿਆਰ ਹੁੰਦਾ ਹੈ ਕਿ ਸੁਰਤਿ ਵਿੱਚ ਸਤਿਗੁਰੂ ਦੇ ਦ੍ਰਿੜਾਏ ਸ਼ਬਦ ਨੂੰ ਟਿਕਾਅ ਕੇ, ਉਸ ਵਿੱਚ ਲਿਵ ਲਾਈ ਰਖਦਾ ਹੈ। ਸ੍ਰੇਸ਼ਟ ਗੁਣਾਂ ਵਾਲੇ ਗੁਰਸਿਖ–ਬਾਲਕਾਂ ਦੇ, ਗੁਰਦੇਵ ਜੀ (ਪਿਤਾ ਵਾਂਗ) ਰਖਿਆ ਤੇ ਪਾਲਣ ਕਰਨ ਵਾਲੇ ਹਨ। (ਐਸੇ ਗੁਰਸਿਖਾਂ ਨੂੰ) ਸਤਿਗੁਰੂ ਜੀ (ਸਭ ਫੋਕਟ ਕਰਮਾਂ ਤੋਂ) ਜੀਂਦੇ ਜੀ ਛਡਾ ਲੈਂਦੇ ਹਨ ਅਤੇ ਕੇਵਲ ਇੱਕ ਵਾਹਿਗੁਰੂ ਦੀ ਵੀਚਾਰ ਵਾਲੇ ਬਣਾ ਦੇਂਦੇ ਹਨ। (ਟੀਕਾਕਾਰ ਭਾਈ ਸੇਵਾ ਸਿੰਘ)

ਉਪਰੋਕਤ ਗੁਰੂ ਗ੍ਰੰਥ ਸਾਹਿਬ ਜੀ ਦੇ ਫ਼ਰਮਾਨਾਂ ਅਤੇ ਭਾਈ ਗੁਰਦਾਸ ਜੀ ਦੀ ਲਿਖਤ ਵਿੱਚ ਗੁਰਮਤਿ ਦਾ ਸ਼ਗੁਨ ਅਪਸ਼ਗੁਨ ਸਬੰਧੀ ਦ੍ਰਿਸ਼ਟੀਕੋਣ ਬਿਲਕੁਲ ਸਪਸ਼ਟ ਹੈ। ਗੁਰਬਾਣੀ ਦੀਆਂ ਇਨ੍ਹਾਂ ਪੰਗਤੀਆਂ ‘ਸਗੁਨ ਅਪਸਗੁਨ ਤਿਸ ਕਉ ਲਗਹਿ ਜਿਸੁ ਚੀਤਿ ਨ ਆਵੈ’ ਵਿੱਚ ਸ਼ਗੁਨਾਂ ਅਪਸ਼ਗੁਨਾਂ ਦੀ ਹੋਂਦ ਨੂੰ ਕਿਸੇ ਰੂਪ ਵਿੱਚ ਸਵੀਕਾਰ ਨਹੀਂ ਕੀਤਾ ਗਿਆ ਹੈ। ਇਨ੍ਹਾਂ ਵਿੱਚ ਤਾਂ ਸਗੋਂ ਗੁਰਦੇਵ ਨੇ ਇਨ੍ਹਾਂ (ਸ਼ਗੁਨ-ਅਪਸ਼ਗੁਨ) ਨੂੰ ਭਰਮ ਦੀ ਉਪਜ ਆਖ ਕੇ ਮਨੁੱਖ ਨੂੰ ਇਨ੍ਹਾਂ ਤੋਂ ਉਪਰ ਉੱਠਣ ਲਈ ਕਿਹਾ ਹੈ। ਸੋ, ਜੇਕਰ ਕੋਈ ਸੱਜਣ ਸ਼ਗੁਨ-ਅਪਸ਼ਗੁਨ ਦੀ ਧਾਰਨਾ ਵਿੱਚ ਵਿਸ਼ਵਾਸ ਰੱਖਦਾ ਹੈ ਤਾਂ ਇਹ ਉਸ ਦੀ ਆਪਣੀ ਮੱਤ ਹੈ, ਗੁਰੂ ਦੀ ਮੱਤ ਨਹੀਂ ਹੈ। ਗੁਰਸਿੱਖਾਂ ਨੂੰ ਸ਼ਗੁਨਾਂ-ਅਪਸ਼ਗੁਨਾਂ ਦੇ ਭਰਮ ਵਿੱਚ ਪੈਣ ਦੀ ਲੋੜ ਨਹੀਂ ਹੈ। ਸ਼ਗੁਨ ਅਪਸ਼ਗੁਨ ਦੀ ਧਾਰਨਾ ਵਿੱਚ ਗੁਰਬਾਣੀ ਦੇ ਸੱਚ ਦੀ ਸ਼ਮੂਲੀਅਤ ਨਹੀਂ ਹੈ। ਸਾਨੂੰ ਗੁਰਬਾਣੀ ਦੇ ਸੱਚ ਨੂੰ ਹੀ ਅਪਣਾਉਣ ਦੀ ਲੋੜ ਹੈ; ਇਸ ਵਿੱਚ ਹੀ ਗੁਰੂ ਸਾਹਿਬ ਦੀ ਖ਼ੁਸ਼ੀ ਹੈ।

ਜਸਬੀਰ ਸਿੰਘ ਵੈਨਕੂਵਰ
.