ੴ ਸਤਿ ਗੁਰ
ਪ੍ਰਸਾਦਿ
ਥਾਨਸਟ ਜਗ ਭਰਿਸਟ ਹੋਏ ਡੂਬਤਾ ਇਵ ਜਗੁ॥
ਇਸ ਤੇ ਵਿਚਾਰ ਕਰਨ ਤੋਂ ਪਹਿਲਾਂ,
ਕੁੱਝ ਗੱਲਾਂ ਸਮਝਣੀਆਂ ਬਹੁਤ ਜ਼ਰੂਰੀ ਹਨ।
ਥਾਨਸਟ, ਇਸ਼ਟ ਅਸਥਾਨ, ਹਰ ਧਰਮ ਦੇ ਵੱਖਰੋ ਵੱਖਰੇ ਹਨ, ਜਿਵੇਂ ਈਸਾਈਆਂ ਦੇ ਗਿਰਜੇ, ਮੁਸਲਮਾਨਾਂ
ਦੀਆਂ ਮਸਜਿਦਾਂ, ਹਿੰਦੂਆਂ ਦੇ ਦੇਹੁਰੇ, ਮੰਦਰ ਅਤੇ ਸਿੱਖਾਂ ਦੇ ਗੁਰਦਵਾਰੇ।
ਹਿੰਦੂਆਂ ਦੇ ਦੇਹੁਰੇ, ਮੰਦਰ, ਦੇਵਤਿਆਂ ਦੇ ਨਿਵਾਸ ਅਸਥਾਨ ਹਨ, ਜਿਨ੍ਹਾਂ ਵਿੱਚ ਮੂਰਤੀਆਂ ਦੇ ਰੂਪ
ਵਿੱਚ ਦੇਵਤੇ ਬ੍ਰਾਜਮਾਨ ਮਿਥੇ ਹੋਏ ਹਨ। ਇਹੀ ਉਨ੍ਹਾਂ ਲਈ ਸਭ ਕੁੱਝ ਹਨ, ਜਿਨ੍ਹਾਂ ਨੂੰ ਉਹ ਭਗਵਾਨ
ਕਹਿੰਦੇ ਹਨ। ਇਨ੍ਹਾਂ ਭਗਵਾਨਾਂ ਦੇ ਦਰਸ਼ਨ ਕਰਨ, ਉਨ੍ਹਾਂ ਬਾਰੇ ਬ੍ਰਾਹਮਣ ਵਲੋਂ ਸਿਰਜੇ ਮਿਥਿਹਾਸ
ਦੀਆਂ ਕਹਾਣੀਆਂ ਸੁਣਨ ਜਾਂਦੇ ਹਨ। ਉਨ੍ਹਾਂ ਦੀਆਂ ਕੁੱਝ ਕਿਤਾਬਾਂ, ਜਿਵੇਂ ਮਨੂ ਸਿਮ੍ਰਤੀ ਆਦਿ ਵਿੱਚ
ਸਪੱਸ਼ਟ ਕੀਤਾ ਹੈ ਕਿ, ਉਨ੍ਹਾਂ ਲਈ ਬ੍ਰਾਹਮਣ ਹੀ ਸਭ ਤੋਂ ਵੱਡਾ ਦੇਵਤਾ ਹੈ, ਜੋ ਕੁੱਝ ਦੁਨੀਆ ਵਿੱਚ
ਹੈ ਉਹ ਸਭ ਕੁੱਝ ਬ੍ਰਾਹਮਣ ਦਾ ਹੀ ਹੈ। ਦੇਵਤਿਆਂ ਨਾਲ ਸੰਪਰਕ ਕਰਨ ਦਾ ਸਾਧਨ, ਸਿਰਫ ਬ੍ਰਾਹਮਣ ਹੀ
ਹੈ। ਦੂਸਰੇ ਦੋ ਵਰਗਾਂ ਨੇ ਜੇ ਦੇਵਤਿਆਂ ਦੀ ਅਰਾਧਨਾ ਕਰਨੀ ਹੈ ਤਾਂ, ਉਹ ਵੀ ਬ੍ਰਾਹਮਣ ਨੂੰ ਦੱਛਣਾ
ਦੇ ਕੇ, ਉਸ ਕੋਲੋਂ ਹੀ ਕਰਵਾਉਣੀ ਹੈ। ਬ੍ਰਾਹਮਣ ਨੇ ਅਲੱਗ ਅਲੱਗ ਦੇਵਤਿਆਂ ਦੇ ਅਲੱਗ ਅਲੱਗ ਕਰਮ
ਮਿੱਥੇ ਹੋਏ ਹਨ।
ਜੇ ਦੇਵਤਿਆਂ ਕੋਲੋਂ ਕੁੱਝ ਮੰਗਣਾ ਹੈ ਤਾਂ ਉਹ ਵੀ ਬ੍ਰਾਹਮਣ ਦੀ ਮਾਰਫਤ ਹੀ ਮੰਗਣਾ ਹੈ, ਜਿਸ ਲਈ
ਬ੍ਰਾਹਮਣ ਨੂੰ ਦੱਛਣਾ ਦੇਣੀ ਪੈਂਦੀ ਹੈ। ਜੇ ਦੇਵਤਿਆਂ ਨੂੰ ਕੁੱਝ ਭੇਂਟ ਕਰਨਾ ਹੈ ਤਾਂ ਉਹ ਵੀ
ਬ੍ਰਾਹਮਣ ਨੂੰ ਹੀ ਦਿੱਤਾ ਜਾਂਦਾ ਹੈ, ਜੋ ਬ੍ਰਾਹਮਣ ਦੇ ਰੂਪ ਵਿੱਚ ਦੇਵਤੇ ਭੋਗਦੇ ਹਨ। ਇਹ ਹਿੰਦੂਆਂ
ਦੇ ਇਸ਼ਟ ਅਸਥਾਨ ਹਨ। ਮੰਦਰ ਵਿੱਚ ਗਏ ਬੰਦੇ ਨੂੰ, ਦੇਵਤਿਆਂ ਨੂੰ ਕੁੱਝ ਨਾ ਕੁੱਝ ਭੇਂਟ ਕਰਨਾ ਹੀ
ਪੈਂਦਾ ਹੈ, ਪਰ ਮੰਦਰ ਵਿਚੋਂ ਬ੍ਰਾਹਮਣ ਤੋਂ ਇਲਾਵਾ, ਹੋਰ ਕਿਸੇ ਨੂੰ ਕੁੱਝ ਨਹੀਂ ਮਿਲਦਾ। (ਚੌਥੇ
ਵਰਨ, ਸ਼ੂਦਰ ਨੂੰ ਅਤੇ ਇਸਤ੍ਰੀ ਨੂੰ ਨਾ ਜਨੇਊ ਪਾਉਣ ਦਾ ਅਧਿਕਾਰ ਹੈ ਅਤੇ ਨਾ ਹੀ ਆਰਾਧਨਾ ਕਰਨ
ਕਰਾਉਣ ਦਾ ਕੋਈ ਅਧਿਕਾਰ ਨਹੀਂ ਹੈ)
ਇਵੇਂ ਹੀ ਮੁਸਲਮਾਨਾਂ ਦਾ ਇਸ਼ਟ ਅਸਥਾਨ ਮਸਜਿਦ ਹੈ। ਕੇਂਦਰੀ ਤੌਰ ਤੇ ਇਸ਼ਟ ਅਸਥਾਨ ਕਾਹਬੇ ਦੀ ਮਸਜਿਦ
ਹੈ, ਜਿਸ ਵਿੱਚ ਅਲ੍ਹਾ ਦਾ ਨਿਵਾਸ ਅਸਥਾਨ ਮੰਨਿਆ ਜਾਂਦਾ ਹੈ। ਦੁਨੀਆਂ ਦੀਆਂ ਸਾਰੀਆਂ ਮਸਜਿਦਾਂ
ਵਿਚ, ਈਦ ਗਾਹਾਂ ਵਿਚ, ਨਮਾਜ਼ ਘਰਾਂ ਵਿੱਚ ਕਾਹਬੇ ਦੀ ਦਿਸ਼ਾ ਸੂਚਕ, ਇੱਕ ਕੰਧ ਬਣੀ ਹੁੰਦੀ ਹੇ, ਜਿਸ
ਵੱਲ ਮੂੰਹ ਕਰ ਕੇ ਮੁਸਲਮਾਨ ਅਲ੍ਹਾ ਅੱਗੇ ਨਮਾਜ਼ਾਂ ਅਦਾ ਕਰਦੇ ਹਨ। ਹਰ ਮੁਸਲਮਾਨ ਲਈ ਲਾਜ਼ਮ ਹੈ ਕਿ
ਉਹ ਜ਼ਿੰਦਗੀ ਵਿੱਚ ਇੱਕ ਵਾਰ ਜ਼ਰੂਰ ਕਾਬ੍ਹੇ ਦੀ ਜ਼ਿਆਰਤ (ਹੱਜ) ਕਰੇ। ਮਸਜਿਦ ਵਿੱਚ ਪੈਸੇ ਇਕੱਠੇ ਕਰਨ
ਲਈ ਕੋਈ ਗੋਲਕ ਨਹੀਂ ਹੂੰਦੀ। ਸਾਂਝੇ ਕੰਮ ਲਈ ਪੈਸੇ ਇਕੱਠੇ ਕਰਨ ਦੇ ਹੋਰ ਕਈ ਢੰਗ ਹਨ। ਮਸਜਿਦ ਦਾ
ਪ੍ਰਬੰਧ ਵੇਖਣ ਲਈ ਮੁਲਾਂ ਹੁੰਦਾਂ ਹੈ। ਮਸਜਿਦ ਵਿੱਚ ਮੁਸਲਮਾਨਾਂ ਨੂੰ ਕੁਰਾਨ ਸ਼ਰੀਫ ਦੀ ਸਿਖਿਆ
ਦਿੱਤੀ ਜਾਂਦੀ ਹੈ।
ਇਵੇਂ ਹੀ ਈਸਾਈਆਂ ਦੇ ਇਸ਼ਟ ਅਸਥਾਨ ਗਿਰਜੇ ਹੁੰਦੇ ਹਨ। ਗਿਰਜੇ ਵਿਚੋਂ ਈਸਾਈ ਲੋਕ, ਈਸਾ ਜੀ ਦੀ
ਸਿਖਿਆ, ਜੋ ਬਾਈਬਲ ਵਿੱਚ ਦਰਜ ਹੈ, ਪਾਦਰੀ ਕੋਲੋਂ ਹਾਸਲ ਕਰਨ ਲਈ ਹਰ ਐਤਵਾਰ ਇਕੱਠੇ ਹੁੰਦੇ ਹਨ।
ਵੈਸੇ ਤਾਂ ਗਿਰਜੇ ਵਿੱਚ ਨਾ ਕਿਸੇ ਕੋਲੋਂ ਕੁੱਝ ਲਿਆ ਜਾਂਦਾ ਹੈ, ਨਾ ਕਿਸੇ ਨੂੰ ਕੁੱਝ ਦਿੱਤਾ
ਜਾਂਦਾ ਹੈ, ਪਰ ਈਸਾਈਆਂ ਨੇ ਧਰਮ ਕਾਰਜ ਚਲਾਉਣ ਲਈ ਪਾਦਰੀਆਂ ਨੂੰ ਹੀ ਮਿਥਿਆ ਹੋਇਆ ਹੈ ਧਰਮ ਲਈ
ਖਰਚਣ ਵਾਲੇ ਪੈਸੇ ਇਨ੍ਹਾਂ ਕੋਲ ਹੀ ਜਮ੍ਹਾ ਹੁੰਦੇ ਹਨ, ਉਨ੍ਹਾਂ ਕੋਲੋਂ ਹੀ ਖਰਚ ਹੁੰਦੇ ਹਨ।
ਇਵੇਂ ਇਨ੍ਹਾਂ ਦੇ ਪੁਜਾਰੀਆਂ ਦੀ ਬਹੁਤ ਵੱਡੀ ਸੰਸਥਾ ਹੋਂਦ ਵਿੱਚ ਆ ਗਈ ਹੋਈ ਹੈ, ਜਿਸ ਦੇ ਮੁਖੀ
ਨੂੰ ਪੋਪ ਕਿਹਾ ਜਾਂਦਾ ਹੈ।
ਇਵੇਂ ਹੀ ਸਿੱਖਾਂ ਦੇ ਇਸ਼ਟ ਅਸਥਾਨ ਦਾ ਨਾਮ ਕਿਸੇ ਵੇਲੇ ਧਰਮ ਸਾਲ ਸੀ, ਜੋ ਬਦਲ ਕੇ ਗੁਰਦਵਾਰਾ ਹੋ
ਗਿਆ ਹੈ। ਉਸ ਤੋਂ ਵੀ ਅਗਾਂਹ ਲੋਕਾਂ ਨੇ ਅਪਣੇ ਅਪਣੇ ਡੇਰੇ ਬਣਾ ਕੇ, ਅਪਣੇ ਅਪਣੇ ਇਸ਼ਟ ਮੰਨ ਲਏ ਹਨ,
ਉਨ੍ਹਾਂ ਡੇਰਿਆਂ ਦੇ ਅਲੱਗ ਅਲੱਗ ਨਾਮ ਰੱਖ ਲਏ ਹਨ (ਏਥੇ ਇੱਕ ਗੱਲ ਹੋਰ ਵਿਚਾਰਨ ਵਾਲੀ ਹੈ ਕਿ ਜਾਤ
ਅਧਾਰਤ ਵੰਡੀਆਂ ਵਧਣ ਕਾਰਨ, ਕਈ ਜਾਤਾਂ ਦੇ ਨਾਮ ਤੇ ਕੁੱਝ ਗੁਰਦਵਾਰੇ ਬਣ ਗਏ ਹਨ, ਜਿਨ੍ਹਾਂ ਬਾਰੇ
ਰੇੜਕਾ ਖਤਮ ਕਰਨ ਲਈ, ਵੰਡੀਆਂ ਖਤਮ ਕਰਨ ਦਾ ਉਪਰਾਲਾ ਕਰਨ ਦੀ ਥਾਂ, ਉਨ੍ਹਾਂ ਗੁਰਦਵਾਰੇ ਬਨਾਉਣ
ਵਾਲਿਆਂ ਨੂੰ ਭੰਡਿਆ ਜਾਂਦਾ ਹੈ, ਜਦ ਕਿ ਉਹ ਗੁਰਦਵਾਰੇ ਸਾਂਝੀ ਸੰਗਤ ਦੇ ਪ੍ਰਬੰਧ ਥੱਲੇ ਹੀ ਹਨ।)
ਪਰ ਸੰਗਤ ਦੇ ਪੈਸਿਆਂ ਨਾਲ ਕਈ ਕਈ ਏਕੜਾਂ ਵਿਚ, ਅਰਬਾਂ ਦੀ ਲਾਗਤ ਨਾਲ ਬਣੇ ਇਨ੍ਹਾਂ ਨਿੱਜੀ
ਡੇਰਿਆਂ, ਜੋ ਸਿੱਖਾਂ ਨੂੰ ਆਪਸ ਵਿੱਚ ਪਾੜ ਕੇ ਕੁਰਾਹੇ ਪਾਉਣ ਦਾ ਕੰਮ ਕਰਦੇ ਹਨ, ਬਾਰੇ ਬਹੁਤ ਘੱਟ
ਆਵਾਜ਼ ਉੱਠਦੀ ਹੈ।
ਜਿਵੇਂ ਕਿ ਨਾਮ ਤੋਂ ਹੀ ਜ਼ਾਹਰ ਹੈ, ਗੁਰਦਵਾਰਾ, ਗੁਰੂ ਦਾ ਦਵਾਰਾ ਹੈ, ਰੱਬ ਦਾ ਘਰ ਨਹੀਂ। ਜਿੱਥੋਂ
ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਦਾ ਬੋਧ ਹੋਣਾ, ਸਿਖਿਆ ਮਿਲਣੀ, ਜਾਣਕਾਰੀ ਹੋਣੀ
ਮਿਥਿਆ ਗਿਆ ਹੈ। ਏਥੋਂ ਸਿਖਿਆ ਮਿਲਣ ਦੀ ਪੁਰਾਤਨ ਵਿੱਧੀ ਕੁੱਝ ਇਵੇਂ ਸੀ। ਨਾਨਕ ਜੋਤ ਦੇ ਸ੍ਰੀਰਕ
ਜਾਮਿਆਂ ਵਿੱਚ ਹੁੰਦਿਆਂ, ਨਾਨਕ ਜਾਮੇ ਆਪ ਦੋਵੇਂ ਵੇਲੇ ਸਿੱਖਾਂ ਨੂੰ, ਸ਼ਬਦ ਦੇ ਸਿੱਧਾਂਤ ਦੀ ਸੋਝੀ
ਬਖਸ਼ਦੇ ਸਨ। ਦਸਵੇਂ ਜਾਮੇ ਵਿੱਚ ਜੋਤ, ਗਿਆਨ ਨੇ, ਗਿਆਨ ਦਾ ਭੰਡਾਰ, ਗੁਰੂ ਗ੍ਰੰਥ ਸਾਹਿਬ ਜੀ ਮਿੱਥ
ਕੇ, ਉਸ ਤੋਂ ਸੇਧ ਲੈਣ ਦੀ ਆਗਿਆ ਕਰ ਦਿੱਤੀ। ਪੰਥ ਨੇ ਲਗ ਭਗ ਪੰਜਾਹ ਸਾਲ ਕਰੀਬ ਇਸ ਤੇ ਪਹਿਰਾ
ਦਿੱਤਾ। ਸਮੇ ਦੇ ਗੇੜ ਕਾਰਨ ਸਰਕਾਰ ਨਾਲ ਟੱਕਰ ਵੱਧਦੀ ਗਈ ਸਿੱਖਾਂ ਲਈ ਪਿੰਡਾਂ ਕਸਬਿਆਂ ਵਿੱਚ ਰਹਣਾ
ਅਸੰਭਵ ਹੁੰਦਾ ਗਿਆ, ਸਿੱਖ ਜੰਗਲਾਂ ਦੇ ਵਾਸੀ ਹੋ ਗਏ। ਇਹ ਕਰਮ ਜੰਗਲਾਂ ਵਿੱਚ ਵੀ ਚਲਦਾ ਰਿਹਾ। ਪਰ
ਜਦ ਸਿੱਖਾਂ ਦੇ ਕਤਲੇਆਮ ਦੀ ਗੱਲ ਆਮ ਹੋ ਗਈ ਤਾਂ ਇਹ ਕਰਮ ਰੁਕ ਗਿਆ। ੧੭੧੦ ਤੋਂ ੧੭੬੩ ਤੱਕ ਇਹ
ਕਤਲੇਆਮ ਲਗਾਤਾਰ ਚਲਦਾ ਰਿਹਾ, ਹਕੂਮਤਾਂ ਬਦਲਣ ਦੇ ਨਾਲ, ਵਿਚੋਂ ਵਿਚੋਂ ਕੁੱਝ ਰਾਹਤ ਵੀ ਮਿਲਦੀ
ਰਹੀ। ਪਰ ਹਕੂਮਤ ਦੇ ਸਥਾਈ ਹੋਣ ਦੇ ਨਾਲ ਹੀ, ਕਤਲੇਆਮ ਫਿਰ ਸ਼ੁਰੂ ਹੋ ਜਾਂਦਾ ਸੀ ਜਿਵੇਂ,
੧, ਬਾਦਸ਼ਾਹ ਬਹਾਦਰ ਸ਼ਾਹ ਵਲੋਂ, ੧੭੧੦ ਤੋਂ ੧੭੧੨ ਤੱਕ।
੨, ਬਾਦਸ਼ਾਹ ਫਰਖਸੀਅਰ ਅਤੇ ਨਵਾਬ ਅਬਦੁਲ ਸਮੱਦ ਵਲੋਂ, ੧੭੧੫ ਤੋਂ ੧੭੧੯ ਤੱਕ।
੩, ਨਵਾਬ ਜ਼ਕਰੀਆ ਖਾਨ ਵਲੋਂ, ੧੭੨੬ ਤੋਂ ੧੭੩੫ ਤੱਕ। ਬਦਲਣ
੪, ਨਵਾਬ ਜ਼ਕਰੀਆ ਖਾਨ ਵਲੋਂ ਦੁਬਾਰਾ, ੧੭੩੯ ਤੋਂ ੧੭੪੫ ਤੱਕ।
੫, ਯਾਹੀਆ ਖਾਨ ਵੇਲੇ, ਲਖਪਤ, ਜਸਪਤ ਵਲੋਂ, ੧੭੪੫ ਤੋਂ ੧੭੪੬ ਤੱਕ।
ਇਸ ਨੂੰ ਛੋਟਾ ਘੱਲੂ ਕਾਰਾ ਕਿਹਾ ਜਾਂਦਾ ਹੈ।
੬, ਮੀਰ ਮਨੂ ਵਲੋਂ, ੧੭੪੮ ਵਿਚ।
੭, ਮੀਰ ਮਨੂ ਵਲੋਂ ਦੁਬਾਰਾ, ੧੭੫੨ ਤੋਂ ੧੭੫੯ ਤੱਕ।
੮, ਅਹਿਮਦ ਸ਼ਾਹ ਅਬਦਾਲੀ ਵਲੋਂ, ੧੭੬੨ ਵਿਚ।
ਇਸ ਨੂੰ ਵੱਡਾ ਘੱਲੂ ਕਾਰਾ ਕਿਹਾ ਜਾਂਦਾ ਹੈ, ਇਸ ਦੌਰਾਨ ਇੱਕ ਦਿਨ (੫ ਫਰਵਰੀ) ਵਿੱਚ ਸਿੱਖਾਂ ਦੀ
ਅੱਧੀ ਵਸੋਂ, ਲਗ ਭਗ ੨੫, ੦੦੦ ਸਿੱਖ ਬੰਦੇ, ਬੀਬੀਆਂ, ਬੱਚੇ, ਤਲਵਾਰ ਦੇ ਘਾਟ ਉਤਾਰ ਦਿੱਤੇ ਗਏ।
ਇਸ ਹਾਲਤ ਵਿੱਚ ਸਿੱਖਾਂ ਦੀ ਆਪਸ ਵਿੱਚ ਜੁੜ ਬੈਠਣ ਦੀ ਲੜੀ ਬੜੀ ਬੁਰੀ ਤਰ੍ਹਾਂ ਪ੍ਰਭਾਵਤ ਹੋ ਕੇ
ਟੁੱਟ ਗਈ।
ਸਿੱਖਾਂ ਨੇ ਅਪਣੀ ਹੋਂਦ ਤਾਂ ਬਚਾ ਲਈ ਪਰ, ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਟੁੱਟਣ ਕਾਰਨ ਗੁਰਦਵਾਰੇ
ਅਤੇ ਸੰਗਤ ਦਾ ਸਿਧਾਂਤ ਤਹਿਸ ਨਹਿਸ ਹੋ ਗਿਆ। ਸਿੱਖ, ਸਿੱਖੀ ਦੇ ਸਿਧਾਂਤ, (ਯਾਨੀ ਸਿੱਖੀ ਦੂਸਰੇ
ਧਰਮਾਂ ਵਾਙ, ਕੋਈ ਅਜਿਹਾ ਧਰਮ ਨਹੀਂ ਹੈ, ਜੋ ਇੰਨਸਾਨਾਂ ਵਿੱਚ ਹੋਰ ਵੰਡੀਆਂ ਪਾਉਣ ਦਾ ਕਾਰਨ ਬਣੇ।
ਬਲਕਿ ਇਹ ਪਈਆਂ ਵੰਡੀਆਂ ਖਤਮ ਕਰ ਕੇ, ਇੰਨਸਾਨਾਂ ਵਿਚਲੀਆਂ ਵੰਡੀਆਂ ਖਤਮ ਕਰਨ ਦਾ ਰਾਸਤਾ, ਪੰਧ,
ਪੰਥ ਹੈ। ਇਸ ਦੇ ਨਿਯਮ ਕਾਨੂਨ ਜੋ ਇੰਨਸਾਨੀਅਤ ਤੇ ਅਧਾਰਿਤ, ਖਾਲੀ ਸਿੱਖਾਂ ਲਈ ਹੀ ਨਹੀਂ ਹਨ, ਬਲਕਿ
ਦੁਨੀਆਂ ਦੇ ਸਭ ਮਨੁੱਖਾਂ ਲਈ ਇੱਕ ਸਮਾਨ ਹਨ, ਭਾਵੇਂ ਉਹ ਕਿਸੇ ਮਜ਼੍ਹਬ ਦਾ ਹੋਵੇ।
ਗੁਰੂ ਗ੍ਰੰਥ ਸਾਹਿਬ ਵਿੱਚ ਮੁਸਲਮਾਨਾਂ ਨੂੰ ਵੀ ਸਮਝਾਇਆ ਹੈ ਕਿ ਜੇ ਤੁਸੀਂ ਚੰਗੇ ਮੁਸਲਮਾਨ ਬਣਨਾ
ਹੈ ਤਾਂ, ਤੁਹਾਨੂੰ ਵੀ ਇੰਨਸਾਨੀਅਤ ਵਾਲੇ ਕੰਮ ਕਰਨੇ ਬਣਦੇ ਹਨ। ਹਿੰਦੂਆਂ ਨੂੰ ਵੀ ਸਮਝਾਇਆ ਹੈ ਕਿ
ਜੇ ਤੁਸੀਂ ਚੰਗੇ ਹਿੰਦੂ ਬਣਨਾ ਹੈ ਤਾਂ ਤੁਹਾਨੂੰ ਵੀ ਇਹੀ ਕੰਮ ਕਰਨੇ ਬਣਦੇ ਹਨ। ਇਹ ਸਾਰੀ ਸੋਝੀ
ਗੁਰਦਵਾਰੇ ਵਿਚੋਂ ਮਿਲਣੀ ਚਾਹੀਦੀ ਸੀ। ਪਰ ਬਦਕਿਸਮਤੀ ਨਾਲ ਸਿੱਖਾਂ ਦੀ ਅਪਣੀ ਹੋਂਦ ਬਚਾਉਣ ਦੀ
ਲੜਾਈ ਵੇਲੇ, ਧਰਮ ਅਸਥਾਨਾਂ ਤੇ, ਗੁਰਦਵਾਰਿਆਂ ਤੇ ਪੁਜਾਰੀਆਂ (ਜਿਨ੍ਹਾਂ ਦਾ ਸਿੱਖੀ ਵਿੱਚ ਕੋਈ ਥਾਂ
ਨਹੀਂ ਹੈ) ਦਾ ਕਬਜ਼ਾ ਹੋ ਗਿਆ। ਹੁਣ ਮੁੜਦੇ ਹਾਂ ਸ਼ਬਦ ਵੱਲ, ਸ਼ਬਦ ਹੈ,
ਕਾਲੁ ਨਾਹੀ ਜੋਗੁ ਨਾਹੀ ਨਾਹੀ ਸਤ ਕਾ ਢਬੁ॥
ਥਾਨਸਟ ਜਗ ਭਰਿਸਟ ਹੋਏ ਡੂਬਤਾ ਇਵ ਜਗੁ॥ ੧॥
ਕਲ ਮਹਿ ਰਾਮ ਨਾਮੁ ਸਾਰੁ॥
ਅਖੀ ਤਾ ਮੀਟਹਿ ਨਾਕ ਪਕੜਹਿ ਠਗਣ ਕਉ ਸੰਸਾਰੁ॥ ੧॥ ਰਹਾਉ॥
ਆਂਟ ਸੇਤੀ ਨਾਕ ਪਕੜਹਿ ਸੂਝਤੇ ਤਿਨਿ ਲੋਅ॥
ਮਗਰ ਪਾਛੈ ਕਛੁ ਨ ਸੂਝੈ ਏਹੁ ਪਦਮੁ ਅਲੋਅ॥ ੨॥
ਖਤ੍ਰੀਆ ਤ ਧਰਮੁ ਛੋਡਿਆ ਮਲੇਛ ਭਾਖਿਆ ਗਹੀ॥
ਸ੍ਰਿਸਟਿ ਸਭ ਇੱਕ ਵਰਨ ਹੋਈ ਧਰਮ ਕੀ ਗਤਿ ਰਹੀ॥ ੩॥
ਅਸਟ ਸਾਜ ਸਾਜਿ ਪੁਰਾਣ ਸੋਧਹਿ ਕਰਹਿ ਬੇਦ ਅਭਿਆਸੁ॥
ਬਿਨੁ ਨਾਮ ਹਰਿ ਕੇ ਮੁਕਤਿ ਨਾਹੀ ਕਹੈ ਨਾਨਕੁ ਦਾਸੁ॥ ੪॥ (੬੬੨-੩)
ਰਹਾਉ॥ ਬੰਦੇ ਵਾਸਤੇ ਜ਼ਿੰਦਗੀ ਦਾ ਮਿਲਿਆ ਸਮਾ, ਸਹੀ ਲੇਖੇ ਲਾਉਣ ਲਈ, ਸ੍ਰੇਸ਼ਟ ਕੰਮ ਇਹ ਹੈ
ਕਿ ਉਹ ਰਾਮ ਨਾਮ ਦੀ ਸਾਰ ਸੰਭਾਲ ਕਰੇ, ਕਰਤਾਰ ਦੀ ਰਜ਼ਾ ਵਿੱਚ ਖੁਸ਼ ਹੋ ਕੇ ਚਲਣਾ ਚਾਹੀਦਾ ਹੈ। ਪਰ
ਬੰਦਾ ਪਰਮਾਤਮਾ ਨੂੰ ਭੁੱਲ ਕੇ, ਮਾਇਆ ਦੇ ਚੱਕਰ ਵਿੱਚ ਫਸਿਆ, ਲੋਕਾਂ ਨੂੰ ਠੱਗਣ ਲਈ, ਅੱਖਾਂ ਵੀ
ਮੀਟਦਾ ਹੈ, ਨੱਕ ਵੀ ਫੜਦਾ ਹੈ। ਧਰਮੀ ਦਿਸਣ ਲਈ ਵਿਖਾਵੇ ਦੇ ਕਰਮ ਕਾਂਡ ਕਰਦਾ ਹੈ।
॥ ੨॥ ਅੰਗੂਠਾ ਅਤੇ ਉਸ ਦੇ ਨਾਲ ਦੀਆਂ ਦੋ ਉਂਗਲਾਂ ਨਾਲ ਨੱਕ ਫੜ ਕੇ ਕਹਿੰਦੇ ਹਨ ਕਿ ਉਨ੍ਹਾਂ ਨੂੰ
ਸਾਰੀ ਸ੍ਰਿਸ਼ਟੀ, ਉਸ ਵਿੱਚ ਹੁੰਦੇ ਸਾਰੇ ਕੰਮ ਨਜ਼ਰ ਆ ਰਹੇ ਹਨ, ਪਰ ਕਿੰਨਾ ਅਸਚਰਜ ਪਦਮ ਆਸਣ ਹੈ ਕਿ,
ਉਸ ਵਿੱਚ ਸਾਰੀ ਸ੍ਰਿਸ਼ਟੀ ਤਾਂ ਨਜ਼ਰ ਆਉਣ ਦੀ ਗੱਲ ਕਰਦੇ ਹਨ, ਪਰ ਅਪਣੀ ਪਿੱਠ ਪਿੱਛੇ, ਇੱਕ ਫੁੱਟ ਤੇ
ਪਈ ਚੀਜ਼, ਨਜ਼ਰ ਨਹੀਂ ਆ ਰਹੀ।
॥ ੩॥ ਖੱਤ੍ਰੀਆਂ ਨੇ ਅਪਣਾ ਧਰਮ, ਰਾਜੇ ਦੇ ਰੂਪ ਵਿਚ, ਇੱਕ ਸਿਪਾਹੀ ਦੇ ਰੂਪ ਵਿੱਚ ਪਰਜਾ ਦੀ ਰਕਸ਼ਾ
ਕਰਨਾ ਤਾਂ ਛੱਡ ਦਿੱਤਾ ਹੈ। ਜਿਨ੍ਹਾਂ ਨੂੰ ਇਹ ਮਲੇਛ ਆਖਦੇ ਹਨ, ਉਨ੍ਹਾਂ ਦੀ ਹੀ ਬੋਲੀ ਬੋਲਣ ਲਗ ਪਏ
ਹਨ। ਜਿਵੇਂ ਸ਼ਿਕਾਰੀ ਦਾ ਪਾਲਿਆ ਹੋਇਆ ਬਟੇਰਾ, ਬਟੇਰਿਆਂ ਦੀ ਬੋਲੀ ਬੋਲ ਕੇ ਉਨ੍ਹਾਂ ਨੂੰ ਸ਼ਿਕਾਰੀ
ਦੇ ਜਾਲ ਵਿੱਚ ਫਸਾਉਣ ਦਾ ਉਪ੍ਰਾਲਾ ਕਰਦਾ ਹੈ। ਉਸੇ ਤਰ੍ਹਾਂ ਗੱਲਾਂ ਤਾਂ ਹਿੰਦੂ ਹੋਣ ਦੀਆਂ ਕਰਦੇ
ਹਨ, ਪਰ ਮਾਇਆ ਦੇ ਲਾਲਚ ਪਿੱਛੇ ਹਿੰਦੂਆਂ ਨੂੰ ਹੀ, ਮੁਸਲਮਾਨਾਂ ਦੇ ਗੁਲਾਮ ਬਨਾਉਣ ਦੀਆਂ ਘਾੜਤਾਂ
ਘੜਦੇ ਹਨ, (ਜਿਵੇਂ ਅੱਜ ਸਿੱਖਾਂ ਦੇ ਧਾਰਮਕ ਆਗੂ ਹੀ ਪੈਸਿਆਂ ਪਿੱਛੇ ਸਿੱਖਾਂ ਨੂੰ ਲਵ ਕੁਸ਼ ਦੀ
ਔਲਾਦ ਦੱਸ ਕੇ, ਤਖਤਾਂ ਤੋਂ ਹੀ ਬਾਬਾ ਨਾਨਕ ਜੀ ਦੀ ਵਿਚਾਰ ਧਾਰਾ ਦਾ ਘਾਣ ਕਰ ਕੇ ਬ੍ਰਾਹਮਣਵਾਦ ਦਾ
ਪਰਚਾਰ ਕਰ ਰਹੇ ਹਨ।) ਇਸ ਤਰ੍ਹਾਂ ਸਾਰੇ ਲੋਕ ਅਧ੍ਰਮੀ ਹੋ ਕੇ, ਇਕੋ ਵਰਨ ਦੇ ਹੋ ਗਏ ਹਨ।
॥ ੪॥ ਬ੍ਰਾਹਮਣ ਲੋਕ, ਪੁਰਾਣਾਂ ਦੀ ਵਿਚਾਰ ਦੀਆਂ ਵਿੱਧੀਆਂ ਮਿੱਥ ਕੇ, ਉਨ੍ਹਾਂ ਅਨੁਸਾਰ ਅਰਥ ਕਰਦੇ
ਹਨ, ਵੇਦਾਂ ਦਾ ਅਭਿਆਸ ਕਰਦੇ ਹਨ, ਇਨ੍ਹਾਂ ਕਰਮਾਂ ਨੂੰ ਹੀ ਧਰਮ-ਕਰਮ ਮੰਨੀ ਬੈਠੇ ਹਨ। ਪਰ (ਜਿਵੇਂ
ਕਿ ਰਹਾਉ ਦੀ ਤੁਕ ਵਿੱਚ ਵਿਚਾਰ ਕੀਤਾ ਹੈ) ਦਾਸ ਨਾਨਕ ਆਖਦਾ ਹੈ ਕਿ ਪਰਮਾਤਮਾ ਦਾ ਨਾਮ ਸਿਮਰਨ ਤੋਂ
ਬਗੈਰ, ਉਸ ਦੇ ਹੁਕਮ ਵਿੱਚ ਚਲੇ ਬਗੈਰ ਮੁਕਤੀ ਨਹੀਂ ਮਿਲ ਸਕਦੀ।
॥ ੧॥ ਜਦ ਇਸ਼ਟ ਅਸਥਾਨਾਂ ਵਿੱਚ ਕਰਮ ਕਾਂਡਾਂ ਦਾ ਬੋਲ ਬਾਲਾ ਹੋ ਜਾਂਦਾ ਹੈ, ਧਰਮ ਅਸਥਾਨਾਂ ਵਿਚੋਂ
ਧਰਮ ਦੀ ਸਿਖਿਆ ਮਿਲਣ ਦੀ ਥਾਂ, ਵਿਖਾਵੇ ਦੇ ਕਰਮ ਕਰਨ ਦੀ ਹੀ ਸਿਖਿਆ ਮਿਲਦੀ ਹੈ। ਇਨ੍ਹਾਂ ਕਰਮ
ਕਾਂਡਾਂ ਵਿਚੋਂ, ਧਰਮ ਬਾਰੇ ਵਿਚਾਰਨ ਦਾ ਸਮਾ ਹੀ ਨਹੀਂ ਮਿਲਦਾ, ਨਾ ਹੀ ਆਪਸ ਵਿੱਚ ਜੁੜ ਬੈਠਣ ਦੀ
ਸਿਖਿਆ ਮਿਲਦੀ ਹੈ, ਨਾ ਹੀ ਇੱਕ ਪਰਮਾਤਮਾ ਨੂੰ ਸਿਮਰਨ ਦੇ ਢੰਗ ਦੀ ਜਾਣਕਾਰੀ ਮਿਲਦੀ ਹੈ, ਤਾਂ ਇਸ਼ਟ
ਅਸਥਾਨ ਭਰਿਸ਼ਟ ਹੋ ਕੇ, ਬੇਸੁਰੇ ਹੋ ਜਾਂਦੇ ਹਨ, ਇਸ ਤਰ੍ਹਾਂ ਦੁਨੀਆ ਪਤਨ ਦੀ ਗਰਤ ਵਿੱਚ ਡੁੱਬ
ਜਾਂਦੀ ਹੈ।
ਇਹੀ ਹਾਲਤ ਅੱਜ ਸਿੱਖਾਂ ਦੇ ਇਸ਼ਟ ਅਸਥਾਨਾਂ, ਗੁਰਦਵਾਰਿਆਂ ਦੀ ਹੋਈ ਪਈ ਹੈ। ਹਜ਼ਾਰਾਂ ਅਜਿਹੇ ਅਸਥਾਨ
ਹਨ, ਜਿਨ੍ਹਾਂ ਦੇ ਮਾਲਕ ਉਨ੍ਹਾਂ ਨੂੰ ਗੁਰਦਵਾਰਾ ਕਹਿ ਕੇ ਵੀ ਰਾਜ਼ੀ ਨਹੀਂ ਹਨ, ਇਹ ਗੱਲ ਵੱਖਰੀ ਹੈ
ਕਿ, ਪੱਲੇ ਕੁੱਝ ਨਾ ਹੋਣ ਕਾਰਨ, ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਆਸਰਾ ਲੈਣਾ ਪੈ ਰਿਹਾ
ਹੈ, ਸਰਕਾਰੀ ਨੀਤੀਆਂ ਅਨੁਸਾਰ, ਸਿੱਖੀ ਦੀਆਂ ਜੜ੍ਹਾਂ ਵਿੱਚ ਤੇਲ ਦੇਣ ਲਈ, ਅਪਣੇ ਆਪ ਨੂੰ ਸਿੱਖੀ
ਭੇਸ ਵਿਚ, ਸਿੱਖ ਕਹਿਣਾ ਪੈ ਰਿਹਾ ਹੈ।
ਇਨ੍ਹਾਂ ਅਸਥਾਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਤੋਂ ਜ਼ਿਆਦਾ, ਡੇਰੇਦਾਰ ਦੀ ਮਾਨਤਾ ਹੈ, ਗੁਰੂ
ਗ੍ਰੰਥ ਸਾਹਿਬ ਦੇ ਸਿਧਾਂਤ ਨਾਲੋਂ ਜ਼ਿਆਦਾ, ਬ੍ਰਾਹਮਣੀ ਮਿਥਿਹਾਸ ਦੀਆਂ ਕਹਾਣੀਆਂ ਦਾ ਪਰਚਾਰ ਹੁੰਦਾ
ਹੈ। ਇਨ੍ਹਾਂ ਦੇ ਡੇਰੇਦਾਰਾਂ ਦੀ ਇੱਕ ਵੱਖਰੀ ਯੂਨੀਅਨ ਹੈ, ਜਿਨ੍ਹਾਂ ਨੂੰ ਧਰਮ ਨਾਲੋਂ ਧੜਾ ਪਿਆਰਾ
ਹੈ। ਇਨ੍ਹਾਂ ਨੇ ਬਹੁਤ ਤਰ੍ਹਾਂ ਦੇ ਲਾਲਚ ਦੇ ਕੇ, ਲਾਰੇ ਲਾ ਕੇ, ਲੱਖਾਂ ਸਿੱਖਾਂ ਨੂੰ ਅਪਣੇ ਜਾਲ
ਵਿੱਚ ਫਸਾਇਆ ਹੋਇਆ ਹੈ। ਇਹ ਗੱਲ ਵੱਖਰੀ ਹੈ ਕਿ ਜਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ
ਸਿੱਖਾਂ ਦੀ ਗਿਣਤੀ ਇੱਕ ਕ੍ਰੋੜ ਕ੍ਰੀਬ ਸੀ, ਜੋ ਰਾਜ ਦਾ ਭੋਗ ਪੈਂਦਿਆਂ ਹੀ, ਘੱਟ ਕੇ ਸਤਾਰਾਂ ਲੱਖ
ਕ੍ਰੀਬ ਰਹਿ ਗਈ ਸੀ, ਉਸੇ ਤਰ੍ਹਾਂ ਸਿੱਖੀ ਦਾ ਭੋਗ ਪੈਂਦਿਆਂ ਹੀ, ਅੱਜ ਦੇ ਦੋ ਕ੍ਰੋੜ ਸਿੱਖਾਂ
ਵਿਚੋਂ ਦੱਸ ਲੱਖ ਸਿੱਖ ਵੀ ਨਹੀਂ ਬਚਣੇ।
ਐਸ, ਜੀ, ਪੀ, ਸੀ, ਦੇ ਪ੍ਰਬੰਧ ਥੱਲੇ, ਬਹੁਤ ਸਾਰੇ ਗੁਰਦਵਾਰਿਆਂ ਦੇ ਨਾਮ ਨਾਲ ਗੁਰਦਵਾਰਾ ਸ਼ਬਦ
ਨਹੀਂ ਹੈ। ਸ਼੍ਰੋਮਣੀ ਕਮੇਟੀ ਦੇ ਕਿਸੇ ਵੀ ਗੁਰਦਵਾਰੇ ਵਿਚ, ਪੰਥ ਪਰਵਾਣਤ ਰਹਿਤ ਮਰਯਾਦਾ ਲਾਗੂ ਨਹੀਂ
ਹੈ। ਇਸ ਦੇ ਪ੍ਰਬੰਧ ਹੇਠਲੇ ਗੁਰਦਵਾਰਿਆਂ ਵਿੱਚ ਕੰਮ ਕਰਨ ਵਾਲੇ, ਡੇਰਿਆਂ ਵਿੱਚ ਪਲੇ, ਅਪਣੇ ਅਪਣੇ
ਡੇਰਿਆਂ ਦੀ ਰਹਿਤ ਮਰਯਾਦਾ ਲਾਗੂ ਕੀਤੀ ਬੈਠੇ ਹਨ। ਇਨ੍ਹਾਂ ਗੁਰਦਵਾਰਿਆਂ ਵਿਚ, ਗੁਰੂ ਗ੍ਰੰਥ ਸਾਹਿਬ
ਜੀ ਦੀ ਗੱਲ ਨਾ ਹੋ ਕੇ, ਡੇਰਿਆਂ ਦੇ ਮਰ ਚੁੱਕੇ ਡੇਰੇਦਾਰਾਂ ਦੇ ਕਸੀਦੇ ਕੱਢ ਹੁੰਦੇ ਹਨ।
ਦੁਨੀਆ ਵਿੱਚ ਫੈਲੀਆਂ ਸਿੰਘ ਸਭਾਵਾਂ ਵਿੱਚ ਹੇਰਾ ਫੇਰੀਆਂ ਦਾ ਬੋਲ ਬਾਲਾ ਹੈ। ਓਥੇ ਜਾਂਦੇ ਬੰਦੇ
ਸਿਰਫ ਇਹੀ ਸਿਖਦੇ ਹਨ ਕਿ, ਕਿਹੜੀ ਕਿਹੜੀ ਤਿਕੜਮ ਨਾਲ, ਬੇਈਮਾਨੀਆਂ ਆਸਰੇ ਗੁਰਦਵਾਰਾ ਕਮੇਟੀ ਤੇ
ਕਬਜ਼ਾ ਕਰਨਾ ਹੈ? ਕੀਤੇ ਕਬਜ਼ੇ ਨੂੰ ਕਿਵੇਂ ਚਿਰ ਸਥਾਈ ਬਨਾਉਣਾ ਹੈ? ਭਾਵੇਂ ਉਸ ਲਈ ਸਿੱਖੀ ਦੀਆਂ
ਜੜ੍ਹਾਂ ਵਿੱਚ ਤੇਲ ਦੇਣ ਵਾਲਿਆਂ ਨੂੰ ਮਹਾਨ ਸਿੱਖਾਂ ਦਾ ਖਿਤਾਬ ਦੇਣਾ ਪਵੇ। ਭਾਵੇਂ ਗੁਰਦਵਾਰੇ
ਵਿਚ, ਸੰਗ੍ਰਾਂਦ ਦੇ ਰੂਪ ਵਿੱਚ ਸੂਰਜ ਦੇਵਤੇ ਦੀ ਪੂਜਾ ਕਰਨੀ ਪਵੇ। ਭਾਵੇਂ ਗੁਰਦਵਾਰੇ ਵਿਚ,
ਸਨਿਚੱਰ ਵਾਰ ਨੂੰ ਛੋਲਿਆਂ ਦਾ ਪ੍ਰਸਾਦ ਵੰਡ ਕੇ ਸਨਿਚਰ ਦੇਵਤਾ ਦੀ ਪੂਜਾ ਕਰਨੀ ਪਵੇ। ਭਾਵੇਂ
ਗੁਰਦਵਾਰੇ ਵਿਚ, ਮੰਗਲਵਾਰ ਨੂੰ ਬੂੰਦੀ ਦਾ ਪ੍ਰਸ਼ਾਦ ਵੰਡ ਕੇ, ਹਨੂਮਾਨ ਦੀ ਪੂਜਾ ਕਰਨੀ ਪਵੇ।
ਭਾਵੇਂ ਸਾਰੀ ਬਾਣੀ ਨੂੰ ਇਕੋ ਜਿਹਾ ਮੰਨਣ ਦੇ ਉਲਟ, ਗੁਰਦਵਾਰਿਆਂ ਵਿਚ, ਨੰਦ ਸਿੰਘ ਦੀ ਸਿਖਿਆ
ਅਨੁਸਾਰ ਸਿਰਫ ਸੁਖਮਨੀ ਬਾਣੀ ਦੀਆਂ ਲੜੀਆਂ ਹੀ ਚਲਾਉਣੀਆਂ ਪੈਣ। ਭਾਵੇਂ ਗੁਰਦਵਾਰੇ ਵਿੱਚ ਬਾਣੀ ਦਾ
ਵਿਚਾਰ ਕਰਨ ਦੀ ਥਾਂ, ਗੁਰ ਇਕਬਾਲ ਸਿੰਘ ਦੀ ਸਿਖਿਆ ਅਨੁਸਾਰ ਰੱਟਾ ਲਾਉਣ, ਇੱਕ ਸੌ ਅੱਠ ਮਣਕਿਆਂ ਦੀ
ਮਾਲਾ ਫੇਰਨ ਦਾ ਪ੍ਰਚਾਰ ਕਰਨਾ ਪਵੇ।
ਅਜਿਹੀ ਹਾਲਤ ਵਿਚ, ਗੁਰਦਵਾਰਿਆਂ ਤੋਂ ਗੁਰੂ ਦੀ ਸਿਖਿਆ ਨਾ ਮਿਲਣ ਦੀ ਹਾਲਤ ਵਿੱਚ ਹੀ, ਲਗਾਤਾਰ ਦੋ
ਸਦੀਆਂ ਤੋਂ ਸਿੱਖੀ ਨਿਰੰਤਰ ਨਿਘਾਰ ਵੱਲ ਜਾ ਰਹੀ ਹੈ। ਹੁਣ ਤਾਂ ਚਾਰ ਪੁਜਾਰੀਆਂ ਨੂੰ, ਪੂਰੇ ਸਿੱਖ
ਜਗਤ ਦੇ ਵਿਰੋਧ ਦੀ ਵੀ ਕੋਈ ਪਰਵਾਹ ਨਹੀਂ, ਉਹ ਧੜੱਲੇ ਨਾਲ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਦੇ,
ਪੰਥ ਤੇ ਅਪਣੇ ਹੁਕਮ ਨਾਮੇ ਲਾਗੂ ਕਰਦੇ ਹਨ।
ਅਜਿਹੀ ਹਾਲਤ ਵਿੱਚ ਕੀ ਕੁੱਝ ਸਿੱਖ ਹਉਮੈ ਦਾ ਤਿਆਗ ਕਰਦੇ ਹੋਏ, ਪੁਜਾਰੀਆਂ ਤੋਂ ਸਿੱਖੀ ਨੂੰ ਆਜ਼ਾਦ
ਕਰਾ ਕੇ ਸੰਗਤ ਦੇ ਲਈ, ਗੁਰਦਵਾਰਿਆਂ ਤੋਂ ਮਨਮਤ ਦੀ ਥਾਂ ਗੁਰਮਤ ਦੀ ਸੋਝੀ ਹਾਸਲ ਹੋਣੀ ਸੁਨਿਸਚਿਤ
ਕਰ ਕੇ ਸਿੱਖੀ ਨੂੰ ਹੋਰ ਗਰਤ ਵਿੱਚ ਜਾਣ ਤੋਂ ਬਚਾਉਣ ਦਾ ਉਪ੍ਰਾਲਾ ਕਰਨਗੇ?
ਅਮਰ ਜੀਤ ਸਿੰਘ ਚੰਦੀ
ਫੋਨ; 9756264621