ਵਾਰੀ ਦਾ ਬੁਖਾਰ?
ਬਾਬਾ ਫੌਜਾ ਸਿੰਘ ਚੰਗਾ ਭਲਾ ਰਾਤ
ਸੁੱਤਾ ਸੁਪਨੇ ਵਿੱਚ ਉਸ ਨੂੰ ਕੋਈ ਰੇਲ ਗੱਡੀ ਘਰਾਂ ਦੇ ਨੇੜਿਓਂ ਲੰਘਦੀ ਜਾਪੀ। ਰੇਲ ਗੱਡੀ ਦੇ ਲੰਘਣ
ਕਾਰਨ ਘਰਾਂ ਦੀਆਂ ਛੱਤਾਂ ਨੂੰ ਅਜਿਹਾ ਕਾਂਬਾ ਛਿੜਿਆ ਕਿ ਛੱਤਾਂ ਉੱਡਣ ਵਾਲੀਆਂ ਹੋ ਗਈਆਂ। ਇੰਝਣ ਦੇ
ਰੌਲੇ ਅਤੇ ਡੱਬਿਆਂ ਦੀ ਖੜ ਖੜ ਨੇ ਘਰ ਹਿੱਲਣ ਲਾ ਦਿੱਤਾ। ਇਸ ਤੋਂ ਪਹਿਲਾਂ ਕਿ ਕੋਈ ਛੱਤ ਬਾਬੇ ਉਪਰ
ਡਿੱਗਦੀ ਬਾਬੇ ਦੀ ਜਾਗ ਖੁਲ੍ਹ ਗਈ। ਨਾ ਉਥੇ ਕੋਈ ਰੇਲ ਗੱਡੀ ਸੀ ਨਾ ਕਿਸੇ ਘਰ ਦੀ ਛੱਤ ਕੰਬ ਰਹੀ ਸੀ
ਬਲਕਿ ਬਾਬੇ ਦਾ ਅਪਣਾ ਹੀ ਸਰੀਰ ਇੰਝ ਕੰਬ ਰਿਹਾ ਸੀ ਕਿ ਉਸ ਦੇ ਕਾਂਬੇ ਨਾਲ ਭਿੜਦੇ ਦੰਦ ਕਿਸੇ ਦਾਣੇ
ਭੁੰਨਣ ਵਾਲੀ ਭੱਠੀ ਦਾ ਭੁਲੇਖਾ ਪਾ ਰਹੇ ਸਨ।
ਬਾਬਾ ਉਂਝ ਹੀ ਕੰਬਦਾ ਹੇਠਾਂ ਗਿਆ ਦੋ ਟਾਇਨਲ ਅੰਦਰ ਸੁੱਟੀਆਂ ਫਿਰ ਆ ਕੇ ਪੈ ਗਿਆ ਤੇ ਥੋੜੀ ਦੇਰ
ਬਾਅਦ ਉਸ ਨੂੰ ਨੀਂਦ ਆ ਗਈ। ਹੁਣ ਬਾਬੇ ਨੂੰ ਦੂਜਾ ਸੁਪਨਾ ਆਇਆ, ਕਾਲ ਜੀ ਮਹਾਰਾਜ ਅਪਣਾ ਬਿਕਰਾਲ
ਰੂਪ ਧਾਰੀ, ਪੈਂਰੀ ਝਾਝਰਾਂ ਪਾਈ, ਇੱਕ ਹੱਥ ਨੰਗੀ ਤ੍ਰਿਸੂਲ, ਦੂਜੇ ਡੱਮਰੂ, ਤੀਜੇ ਲਹੂ ਚੋਂਦਾ
ਕਿਸੇ ਦੈਂਤ ਦਾ ਸਿਰ, ਚੌਥੇ ਬਿਨਾ ਸਿਰੋਂ ਬੱਕਰਾ, ਅੱਗ ਵਾਂਗੂ ਲਾਲ ਜੀਭ, ਡਰਾਉਂਣੀਆਂ ਦਾਹੜਾਂ, ਗਲ
ਵਿੱਚ ਲਹੂ ਚੋਂਦੇ ਮੱਨੁਖਾਂ ਦੇ ਸਿਰਾਂ ਦੀ ਮਾਲਾ, ਹੜ ਹੜ ਕਰਦੇ ਹੱਸਦੇ, ਹਾ-ਹਾ-ਹੂ-ਹੂ ਦੀਆਂ
ਭਿਆਨਕ ਅਵਾਜਾਂ ਕੱਢਦੇ ਹੋਏ ਕਾਲ ਜੀ ਮਹਾਰਾਜ ਜਦ ਬਾਬੇ ਦੇ ਸਿਰ੍ਹਾਂਣੇ ਆਣ ਖੜੋਤੇ ਤਾਂ ਬਾਬਾ
ਪਸੀਨੇ ਨਾਲ ਪਾਣੀਓਂ ਪਾਣੀ ਹੋ ਗਿਆ। ਡਰ ਦੇ ਮਾਰੇ ਉਸ ਦੇ ਸਰੀਰ ਵਿਚੋਂ ਇੰਨੀ ਅੱਗ ਨਿਕਲਦੀ ਜਾਪੀ
ਕਿ ਬਾਬਾ ਚੀਖ ਮਾਰ ਕੇ ਉਠ ਖੜੋਤਾ। ਦਰਅਸਲ ਬਾਬੇ ਕੁੱਝ ਖਾਧਾ ਪੀਤਾ ਹੈ ਨਹੀ ਸੀ ਤੇ ਵਗਾਤੀਆਂ ਦੋ
ਗੋਲੀਆਂ ਅੰਦਰ ਮਾਰਨ ਕਾਰਨ ਉਨ੍ਹਾਂ ਬਾਬੇ ਅੰਦਰ ਜਾ ਭਾਂਬੜ ਮਚਾਏ ਤੇ ਪਸੀਨੇ ਛੁਡਾ ਦਿੱਤੇ ਇਸ
ਭਿਆਨਕ ਸੁਪਨੇ ਨੇ ਬਾਬੇ ਦੀ ਫਿਰ ਜਾਗ ਖੋਲ੍ਹ ਦਿੱਤੀ। ਬਾਬੇ ਦੀਆਂ ਅੱਖਾਂ ਅੱਗੋਂ ਕਿੰਨਾ ਮਹਾਂਕਾਲ
ਜੀ ਨਾ ਹੱਟਣ। ਬਾਬੇ ਨੂੰ ਜਾਪਿਆ ਕਿ ਜਿਸ ਕੋਲੇ ਅਜਿਹਾ ‘ਰੱਬ’ ਨਿੱਤ ਰਹਿੰਦਾ ਹੋਵੇਗਾ ਉਨ੍ਹਾਂ ਦੇ
ਕਿੰਨੇ ‘ਧੰਨਭਾਗ’ ਹੋਣਗੇ। ਅਸਲ ਵਿੱਚ ਬਾਬਾ ਇੰਨਾ ਦਿਨਾ ਵਿੱਚ ਮਹਾਂਕਾਲ ਜੀ ਮਹਾਰਾਜ ਬਾਰੇ ਕੁੱਝ
ਜਿਆਦਾ ਹੀ ਪੜ੍ਹਦਾ ਤੁਰਿਆ ਆ ਰਿਹਾ ਸੀ ਤੇ ਜਰੂਰ ਕਿਸੇ ਦੇਵਤੇ ਨੇ ਹਿਮਾਲਿਆ ਪਰਬੱਤ ਪੁਰ ਸਮਾਧੀ
ਲੀਨ ਮਹਾਂਕਾਲ ਜੀ ਨੂੰ ਜਾ ਦੱਸਿਆ ਹਵੇਗਾ ਕਿ ਇੱਕ ਆਹ ਦੋ ਟੰਗਾ ਰਾਖਸ਼ ਯਾਨੀ ਬਾਬਾ ਫੌਜਾ ਸਿੰਘ ਆਪ
ਜੀ ਨਾਲ ਛੇੜ-ਛਾੜ ਕਰਨੋ ਨਹੀ ਹੱਟਦਾ ਜਰਾ ਭੇਜੋ ਇਸ ਵਲ ਲਹੂ ਪੀਣੀਆਂ ਡਾਕਣੀਆਂ। ਥੋੜਾ ਚਿਰ ਬਾਬਾ
ਠੀਕ ਠਾਕ ਰਿਹਾ ਟਾਇਨਲ ਦਾ ਅਸਰ ਘੱਟ ਜਾਣ ਨਾਲ ਬਾਬੇ ਦਾ ਦੰਦੋੜਿੱਕਾ ਫਿਰ ਸ਼ੁਰੂ ਹੋ ਗਿਆ। ਬਾਬੇ
ਨੂੰ ਜਾਪਿਆ ਕਿ ਗੋਲੀਆਂ ਦੇ ਡਰਾਵੇ ਨਾਲ ਦੌੜਨ ਵਾਲਾ ਇਹ ਕੋਈ ਛੋਟਾ ਮੋਟਾ ਦੈਂਤ ਨਹੀ ਇਸ ਲਈ
ਹਸਪਤਾਲ ਦੀ ਕਿਸੇ ‘ਦੇਵੀ’ ਦੀ ਅਰਾਧਨਾ ਕਰਨੀ ਬਣਦੀ ਹੈ ਜੇ ਇਸ ਸਰੀਰ ਦਾ ਕਿਲ੍ਹਾ ਬਚਾਉਂਣਾ ਹੈ। ਉਸ
ਦਿਨ ਕਿਉਂਕਿ ਵੀਕਐਂਡ ਸੀ ਡਾਕਟਰ ਬਾਬੇ ਦਾ ਬੰਦ ਸੀ ਹੋਰ ਕਿਸੇ ਦੇ ਬਾਬਾ ਜਾਂਦਾ ਨਹੀ ਸੀ। ਬਾਬੇ
ਗੱਡੀ ਫੜੀ ਜਾ ਹਸਪਤਾਲ ਵਾਲਿਆਂ ਦਾ ਦਰ ਖੜਕਾਇਆ। ਵੇਟਿੰਗ ਰੂਮ ਵਿੱਚ ਬੈਠਣ ਤੱਕ ਬਾਬੇ ਦੇ
ਦੰਦੋੜਿੱਕੇ ਰਾਤ ਵਾਲੀ ਟਰੇਨ ਵਾਲੇ ਹੋ ਚੁੱਕੇ ਸਨ। ਆਲਾ-ਦੁਆਲਾ ਬਾਬੇ ਵਲ ਇੰਝ ਦੇਖਦਾ ਸੀ ਜਿਵੇਂ
ਬਾਬਾ ਬੈਠਾ-ਬੈਠਾ ‘ਬਰੇਕ-ਡਾਂਸ’ ਕਰ ਰਿਹਾ ਹੋਵੇ। ਬਾਬੇ ਦੇ ਹੱਡਾਂ ਦੀਆਂ ਕਾਫੀ ਸ਼ਤੀਰੀਆਂ ਖੜਕਾਉਂਣ
ਤੋਂ ਬਾਅਦ ਕੋਈ ਡੇੜ ਘੰਟੇ ਪਿੱਛੋਂ ਬਾਬੇ ਦੀ ਵਾਰੀ ਆਈ। ਬਾਬੇ ਦੀ ਹਾਲਤ ਮਾੜੀ ਦੇਖ ਬਾਬੇ ਨੂੰ ਇੱਕ
ਖਾਸ ਬੁਖਾਰਾਂ ਵਾਲੇ ਕਮਰੇ ਵਿੱਚ ਭਰਤੀ ਕਰ ਲਿਆ ਗਿਆ। ਚਿੱਟੀ ਚਾਦਰ, ਚਿੱਟਾ ਸਿਰ੍ਹਾਣਾ, ਸਾਫ
ਸੁਥਰਾ ਕਮਰਾ ਇਥੋਂ ਤੱਕ ਤਾਂ ਸਭ ਠੀਕ ਸੀ ਪਰ ਅਸਲੀ ਗੱਲ ਹੁਣ ਸ਼ੁਰੂ ਹੋਈ। ਬਾਬਾ ਹਾਲੇ ਅਪਣੇ ਸਰੀਰ
ਦੇ ਖਿਲਰੇ ਪੁਲਰੇ ਪੁਰਜੇ ਹੀ ਸਾਂਭ ਰਿਹਾ ਸੀ ਕਿ ਜਦ ਨੂੰ ਕਾਲ ਜੀ ਦੀ ਇੱਕ ਡਾਕਣੀ ਆ ਗਈ। ਰੰਗ ਉਸ
ਦਾ ਕਾਲਾ ਸੀ ਤੇ ਸਿਰ ਉਪਰ ਦੇ ਵਾਲਾਂ ਦੀਆਂ ਜਟਾਵਾਂ ਬਣਾ ਉਸ ਚੰਗਾ ‘ਦਹਿਸ਼ਤਗਰਦੀ’ ਮਹੌਲ ਪੈਦਾ
ਕੀਤਾ ਹੋਇਆ ਸੀ। ਉਸ ਦੇ ਹੱਥ ਵਿੱਚ ਚੰਗੀਆਂ ਵੱਡੀਆਂ ਸਰਿੰਜਾਂ ਦੇ ਦੋ ਖੱਪਰ ਸਨ ਜਿਹੜੇ ਉਹ ਬੜੇ
ਅਰਾਮ ਨਾਲ ਲਹੂ ਦੇ ਭਰਕੇ ਤੁਰਦੀ ਬਣੀ। ਹਾਲੇ ਬਾਬਾ ਅਪਣੇ ਪਹਿਲੇ ਕੱਢੇ ਅੱਧੇ ਪਾਈਆ ਲਹੂ ਨੂੰ ਹੀ
ਝੂਰਨ ਡਿਹਾ ਸੀ ਕਿ ਇੱਕ ਹੋਰ ਆ ਗਈ ਉਸ ਕੋਲੇ ਖੱਪਰ ਭਾਂਵੇ ਛੋਟੇ ਸਨ ਪਰ ਬਾਬੇ ਨੂੰ ਅਪਣਾ ਸੀਮਤ
ਜਿਹਾ ਲਹੂ ਬੜਾ ਅੰਝਾਈ ਜਾ ਰਿਹਾ ਜਾਪਦਾ ਸੀ। ਘੰਟਾ ਕੁ ਸੁੱਖ ਸ਼ਾਂਤੀ ਰਹੀ ਬਾਬਾ ਇਕੱਲਾ ਹੀ ਗੋਡਿਆਂ
`ਚ ਬਾਹਾਂ ਦੇ ਕੇ ਦਾਣੇ ਜਿਹੇ ਭੁੰਨਦਾ ਰਿਹਾ। ਉਪਰੰਤ ਇੱਕ ਕਾਲ ਜੀ ਦੀ ਕੋਈ ਖਾਸ ਹੀ ਡਾਕਣੀ ਆਈ।
ਰੰਗ ਤਾਂ ਚਲੋ ਕਾਲਾ ਗੋਰਾ ਸਭ ਰੱਬ ਦੇ ਨੇ ਪਰ ਜਿਸ ਤਰੀਕੇ ਉਸ ਨੇ ਵੀ ਅਪਣੇ ਵੱਡੇ ਵੱਡੇ ਜਟੂਰਿਆਂ
ਦੀਆਂ ਗੁੰਝਲਾਂ ਜਿਹੀਆਂ ਬਣਾ ਕੇ ਅੱਧੇ ਕੇ ਉਪਰ ਹੇਠਾਂ ਨੂੰ ਕੀਤੇ ਸਨ ਉਹ ਸੱਚਮੁਚ ਬੜੇ ਡਰਾਉਂਣੇ
ਸਨ।
ਬਾਬਾ ਹੈਰਾਨ ਸੀ ਲੋਕ ਤਾਂ ਵਿਚਾਰੇ ਪਹਿਲਾਂ ਹੀ ਇਨ੍ਹਾਂ ਦੇ ਸੰਦ ਵੇਖ ਕੇ ਹੀ ਡਰੇ ਹੁੰਦੇ ਹਨ
ਉਪਰੋਂ ਹੋਰ ਡਰਾਉਂਣ ਲਈ ਇਨ੍ਹਾਂ ਦੀਆਂ ਇੰਨੀਆਂ ਮਹਿੰਗੀਆਂ ਸੇਵਾਵਾਂ ਦੀ ਕੀ ਲੋੜ? ਕਾਲੀ ਮਾਈ ਦੀਆਂ
ਕਈ ਬਾਹਾਂ ਦੇ ਹੱਥਾਂ ਵਿੱਚ ਫੜੇ ਤਰ੍ਹਾਂ ਤਰ੍ਹਾਂ ਦੇ ਖੂਨੀ ਸੰਦਾਂ ਵਾਂਗ ਉਸ ਦੇ ਹੱਥ ਵੀ ਕਈ
ਤਰ੍ਹਾਂ ਦੇ ਸੂਏ ਸਰਿੰਜਾਂ ਫੜੀਆਂ ਹੋਈਆਂ ਸਨ ਜਿਵੇਂ ਉਹ ਬਾਬੇ ਦੀ ਬੋਰੀ ਬਣਾ ਕੇ ਸੀਣ ਆਈ ਹੋਏ। ਉਸ
ਬਾਬੇ ਦੀਆਂ ਬਾਹਾਂ ਹੱਥ ਇੰਝ ਗੌਰ ਨਾਲ ਵੇਖੇ ਜਿਵੇਂ ਉਸ ਰਾਹ ਖੇੜੇ ਕਿਤੇ ਪਹਿਲਾਂ ਵੀ ਵੇਖੇ ਹੋਣ।
ਆਖਰ ਉਸ ਦੀ ਬਾਬੇ ਦੇ ਸੱਜੇ ਹੱਥ ਦੀ ਵਿਚਾਲੜੀ ਉਂਗਲ ਨਾਲ ਜਾਣ ਪਹਿਚਾਣ ਨਿਕਲ ਆਈ। ਉਸਨੇ ਉਗਂਲ ਨੂੰ
ਚੰਗਾਂ ‘ਪਿਆਰ’ ਕੀਤਾ ਤੇ ਉਸ ਦੇ ਨੇੜੇ ਹੀ ਇੱਕ ਉਭਰੀ ਨਾੜ ਉਪਰ ਅਪਣਾ ਤੇਲ-ਪਾਣੀ ਜਿਹਾ ਮਲਣ ਲੱਗ
ਪਈ। ਨਾਲ ਲੈਕੇ ਆਂਦਾ ਸੂਆ ਜਦ ਘੱਚ ਕਰਕੇ ਨਾੜ ਵਿੱਚ ਉਸ ਮਾਰਿਆ ਤਾਂ ਨਾਲ ਹੀ ਸਿਰ ਸੁੱਟ ਗਈ ਉਗਂਲ
ਨੂੰ ਪਤਾ ਲੱਗਾ ਕਿ ਇਹ ਨਵੀਂ ਬਣੀ ‘ਮਾਸੀ’ ਮੇਰੇ ਨਾਲ ਜਾਣ ਪਹਿਚਾਣ ਕਿਉਂ ਕੱਢ ਰਹੀ ਸੀ। ਉਹ ਚਲੇ
ਗਈ ਤਾਂ ਬਾਬੇ ਦੀ ਠੰਡ ਜਿਆਦਾ ਹੀ ਵੱਧ ਗਈ। ਬਾਬੇ ਬੈੱਲ ਮਾਰੀ ਨਰਸ ਨੇ ਹਾਲਤ ਦੇਖ ਦੋ ਟਾਇਨਲ ਬਾਬੇ
ਨੂੰ ਹੋਰ ਦੇ ਦਿੱਤੀਆਂ। ਕੋਈ ਤਿੰਨ ਕੁ ਘੰਟੇ ਨਿੱਘ ਜਿਹਾ ਰਿਹਾ ਬਾਬੇ ਦਾ ਫਿਰ ਉਹੀ ਹਾਲ। ਕਰੀਬਨ
ਛੇ ਦਿਨ ਬਾਬਾ ਦਾਣੇ ਭੁੰਨਦਾ ਰਿਹਾ ਤੇ ਕਦੇ ਪਸੀਨੇ ਨਾਲ ਭਿੱਜਦਾ ਰਿਹਾ। ਹੁਣ ਤੱਕ ਬਾਬੇ ਦੀ ਹਾਲਤ
ਬੁਖਾਰ, ਕੱਢੇ ਜਾਂਦੇ ਲਹੂ, ਮਾਰੀਆਂ ਜਾਂਦੀਆਂ ਸੂਈਆਂ ਤੇ ਨਸ਼ੇ ਦੀਆਂ ਗੋਲੀਆਂ ਨੇ ਇੰਝ ਕਰ ਦਿੱਤੀ
ਸੀ ਜਿਵੇਂ ਕਾਲ ਜੀ ਨੇ ਖੁਦ ਬਾਬੇ ਨੂੰ ਵਾਹਣ ਵਿੱਚ ਲੰਮੇ ਪਾ-ਪਾ ਡਾਂਗ ਫੇਰੀ ਹੋਵੇ ਕਿ ਹੁਣ ਛੇੜ
ਮੇਰੀਆਂ ਜੰਗ ਵਿੱਚ ਲਹੂ ਪੀਦੀਆਂ ਫਿਰਦੀਆਂ ਭੂਤਾਂ, ਚੁੜੇਲਾਂ ਅਤੇ ਡਾਕਣੀਆਂ ਨੂੰ। ਕਾਲ ਜੀ ਦੀਆਂ
‘ਡਾਕਣੀਆਂ’ ਬਾਬੇ ਦੇ ਲਹੂ ਦੇ ਖੱਪਰ ਭਰ ਭਰ ਲਿਜਾਂਦੀਆਂ ਰਹੀਆਂ। ਬਾਬਾ ਹੈਰਾਨ ਸੀ ਕਿ ਬਾਬੇ ਵਿੱਚ
ਇੰਨਾ ਲਹੂ ਆ ਕਿਥੋਂ ਗਿਆ। ਬਾਬੇ ਨੂੰ ਇੰਝ ਜਾਪਣ ਲੱਗਾ ਜਿਵੇਂ ਰਕਤਬੀਜ ਦੇਂਤ ਦੇ ਜਿੰਨੇ ਸਿਰ
ਦੁਰਗਾ ਵੱਡੀ ਜਾਂਦੀ ਉਨੇ ਹੋਰ ਪੈਦਾ ਹੋਈ ਜਾਂਦੇ ਵਾਂਗ ਬਾਬੇ ਵਿੱਚ ਵੀ ਰਕਤਬੀਜ ਦੈਂਤ ਦੀ ਰੂਹ
ਪ੍ਰਵੇਸ਼ ਕਰ ਗਈ ਹੋਵੇ ਕਿ ਇਹ ਲਹੂ ਦੇ ਖੱਪਰਾਂ ਦੇ ਖੱਪਰ ਭਰੀ ਜਾਂਦੀਆਂ ਹੋਣ ਤੇ ਬਾਬੇ ਅੰਦਰ ਹੋਰ
ਲਹੂ ਤੇ ਲਹੂ ਪੈਦਾ ਹੁੰਦਾ ਜਾਂਦਾ ਹੋਵੇ ਨਹੀ ਤਾਂ ਬਾਬੇ ਅੰਦਰ ਇੰਨਾ ਲਹੂ ਹੈ ਹੀ ਕਿਥੇ ਸੀ ਕਿ
ਇੰਨਾ ਲਹੂ ‘ਪਿਆ’ ਕੇ ਵੀ ਬਾਬਾ ਸਾਹ ਲੈਂਦਾ ਰਹਿ ਜਾਂਦਾ। ਲਹੂ ਦੀ ਵੀ ਉਹ ਕੋਈ ਆਮ ਜਿਹੀ ਅਤੇ
ਛੋਟੀ-ਮੋਟੀ ਸਰਿੰਜ ਨਹੀ ਸੀ ਭਰਦੀਆਂ। ਵੱਡੀਆਂ ਬੋਤਲਾਂ ਵਰਗੀਆਂ ਕੱਚ ਦੀਆਂ ਸ਼ੀਸ਼ੀਆਂ ਸਨ ਤੇ ਉਨ੍ਹਾ
ਵਿੱਚ ਪਹਿਲਾਂ ਹੀ ਕੁੱਝ ਦਵਾਈ ਹੁੰਦੀ ਤੇ ਬਾਕੀ ਬਾਬੇ ਫੌਜਾ ਸਿੰਘ ਦਾ ਗਰੀਬ ਜਿਹਾ ਲਹੂ। ਛੇਵੇ ਕੁ
ਦਿਨ ਬਾਬਾ ਕਾਹਲਾ ਪੈ ਗਿਆ ਤੇ ਉਸ ਡਾਕਟਰ ਨੂੰ ਪੁੱਛਿਆ ਕਿ ਆਖਰ ਮੁਸ਼ਕਲ ਕੀ ਹੈ ਇਹ ਬੁਖਾਰ ਜਾਂਦਾ
ਕਿਉਂ ਨਹੀ ਤੇ ਤੁਸੀਂ ਬਿਨਾ ਟਾਇਨਲ ਦੇ ਹੋਰ ਕੁੱਝ ਦਿੰਦੇ ਕਿਉਂ ਨਹੀ। ਉਹ ਕਹਿਣ ਲੱਗਾ ਸਾਨੂੰ ਪਤਾ
ਨਹੀ ਲੱਗ ਰਿਹਾ ਇਹ ਬੁਖਾਰ ਕਿਹੜਾ ਹੈ। ਮੈ ਖੁਦ ਕੰਨਫਿੂਜ਼ ਹਾਂ ਕਿ ਸਮਝ ਕਿਉਂ ਨਹੀ ਆ ਰਿਹਾ?
ਰਿਪੋਟਾਂ ਵਿੱਚ ਆ ਕੁੱਝ ਨਹੀ ਰਿਹਾ।
ਡਾਕਟਰ ਤੁਹਾਨੂੰ ਪਤੈ ਤੁਸੀਂ ਅਪਣੇ ਪੇਸ਼ਿੰਟ ਦੇ ਸਾਹਮਣੇ ਹੀ ਅਪਣੀ ਬੇਬਸੀ ਜ਼ਾਹਰ ਕਰਕੇ ਪੇਸ਼ਿੰਟ ਦਾ
ਮਨੋਬਲ ਡੇਗ ਉਸ ਨੂੰ ਹੋਰ ਬੀਮਾਰ ਰਹੇ ਹੋਂ? ਚੀਨਾ ਡਾਕਟਰ ਸੀ ਉਸ ਨੂੰ ਅਪਣੀ ਗਲਤੀ ਦਾ ਅਹਿਸਾਸ
ਹੋਇਆ ਤਾਂ ਉਹ ਇਧਰੋਂ ਉਧਰੋਂ ਬਨਾਉਟੀ ਜਿਹੀ ਹੌਸਲਾ ਅਫਜਾਈ ਕਰਕੇ ਤੇ, ਵੈਸੇ ਹੋਰ ਟੈਸਟਾਂ ਲਈ ਬਲੱਡ
ਭੇਜਿਆ ਹੋਇਆ ਛੇਤੀ ਰਿਪੋਟਾਂ ਆਉਂਣ ਤੇ ਪਤਾ ਲੱਗ ਜਾਣਾ ਕਹਿਕੇ, ਤੁਰ ਗਿਆ! ਪਰ ਅਗਲੇ ਦਿਨ ਵੀ ਉਹੀ
ਜਵਾਬ ਤੇ ਉਦੋਂ ਅਗਲੇ ਦਿਨ ਜਦ ਨਰਸ ਵੱਡੀਆਂ ਸਾਰੀਆਂ ਸੀਸ਼ੀਆਂ ਲੈ ਕੇ ਫਿਰ ਬਾਬੇ ਦਾ ਰਹਿੰਦਾ ਲਹੂ
ਲੇਣ ਆਈ ਤਾਂ ਬਾਬਾ ਕਹਿਣ ਲੱਗਾ ਕਿ ਬੀਬਾ ਬੱਲਡ ਤਾਂ ਟੈਸਟ ਲਈ ਭੇਜਿਆ ਤੇ ਹੁਣ ਆਹ ਕੀ ਕਰਨਾ? ਉਹ
ਬੜੇ ਅਰਾਮ ਨਾਲ ਕਹਿਣ ਲੱਗੀ ਕਿ ਉਸ ਵਿੱਚ ਕੁੱਝ ਨਹੀ ਆਇਆ ਹੁਣ ਇਹ ਫਿਰ ਦੁਬਾਰਾ ਭੇਜਣਾ। ਤੇ ਇਸ ਦੀ
ਰਿਪੋਟ ਕੱਦ ਮਿਲਣੀ, ਬਾਬੇ ਜਦ ਪੁੱਛਿਆ ਤਾਂ ਉਹ, ‘ਆਹ ਪਰਸੋਂ ਤੱਕ’ ਕਹਿ ਕੇ ਬਾਬੇ ਦਾ ਨਿਚੋੜਿਆ
ਲਹੂ ਲੈ ਕੇ ਬੂਹਿਓਂ ਬਾਹਰ ਹੋ ਗਈ! ! ਬਾਬਾ ਫੌਜਾ ਸਿੰਘ ਬੈਠਾ ਬੈਠਾ ਸੋਚਣ ਲੱਗਾ ਕਿ ਇਹ ਕਿਤੇ
ਵਾਰੀ ਦਾ ਹੀ ਬੁਖਾਰ ਨਾ ਹੋਵੇ।
ਅਠਵੇਂ ਕੁ ਦਿਨ ਡਾਕਟਰ ਫਿਰ ਆਇਆ ਇਸ ਵਾਰੀ ਚੀਨੇ ਦੀ ਥਾਂ ਵੈਸਟਨ ਵਾਲੇ ਪਾਸੇ ਦਾ ਇੰਡੀਅਨ ਡਾਕਟਰ
ਸੀ। ਬਾਬੇ ਸੋਚਿਆ ਕਿ ਇਸ ਸ਼ਾਇਦ ਸਿਰ ਦਾ ਇਨਾਮ ਰੱਖ ਕੇ ਬੁਖਾਰ ਲੱਭ ਲਿਆਂਦਾ ਹੋਵੇ ਜਾਪਦਾ ਤਾਂ ਤੇਜ
ਹੈ। ਉਹ ਬਾਬੇ ਨਾਲ ਹਿੰਦੀ ਬੋਲਦਾ ਸੀ। ਉਸ ਦੀ ਗੱਲਬਾਤ ਤੋਂ ਜਾਪਿਆ ਕਿ ਬੁਖਾਰ ਵਾਲਾ ‘ਵੀਰਪੱਨ’ ਇਸ
ਨੂੰ ਵੀ ਨਹੀ ਲੱਭਾ ਜਾਪਦਾ। ਤੇ ਬਾਬੇ ਨੇ ਅਪਣਾ ਆਇਡੀਆ ਦੱਸਦਿਆਂ ਕਿਹਾ ਕਿ ਇਹ ਕਿਤੇ ‘ਵਾਰੀ ਦਾ
ਬੁਖਾਰ’ ਤਾਂ ਨਹੀ? ਉਹ ਹੈਰਾਨ ਜਿਹਾ ਹੋ ਕੇ ਕਹਿਣ ਲੱਗਾ ਕਿ ‘ਵਾਰੀ ਦਾ ਬੁਖਾਰ’ ਕੀ ਹੁੰਦਾ। ਬਾਬੇ
ਨੂੰ ‘ਵਾਰੀ ਦੇ ਬੁਖਾਰ’ ਦੀ ਨਾ ਅੰਗਰੇਜੀ ਬਣਾਉਂਣੀ ਆਉਂਦੀ ਸੀ ਨਾ ਹਿੰਦੀ ਵਿੱਚ ਪਤਾ ਸੀ ਕਿ ‘ਵਾਰੀ
ਦੇ ਬੁਖਾਰ’ ਨੂੰ ਕੀ ਕਹਿੰਦੇ ਹਨ। ਪਰ ਡਾਕਟਰ ਨੂੰ ਕੋਈ ਦਿਲਚਪਸ ਜਿਹੀ ਗੱਲ ਜਾਪੀ ਤੇ ਉਸ ਨੂੰ ਲੱਗਾ
ਕਿ ਸ਼ਾਇਦ ਇਸ ਤੋਂ ਹੀ ਕੋਈ ਆਇਡੀਆ ਮਿਲ ਜਾਏ ਉਸ ਐਂਗਲ ਤੋਂ ਬਲੱਡ ਟੈਸਟ ਕਰ ਕੇ ਵੇਖਿਆ ਜਾ ਸਕਦਾ।
ਉਸ ਦੋ-ਚਾਰ ਵਾਰੀ ਪੁੱਛ ਮਾਰਿਆ। ਬਾਬਾ ਪਹਿਲਾਂ ਹੀ ਖਿੱਝਿਆ ਪਿਆ ਸੀ ਜਵਾਬ ਬਾਬੇ ਨੂੰ ਆਇਆ ਨਾ ਉਹ
ਡਾਕਟਰ ਨੂੰ ਕਹਿਣ ਲੱਗਾ ਕਿ ‘ਵਾਰੀ ਦਾ ਬੁਖਾਰ’ ਹੁੰਦਾ ਜਿਹੜਾ ਇੱਕ ਵਾਰੀ ਮਰੀਜ ਨੂੰ ਚੜ੍ਹੇ ਇੱਕ
ਵਾਰੀ ਡਾਕਟਰ ਨੂੰ ਯਾਨੀ ਇੱਕ ਦਿਨ ਮੈਨੂੰ ਤੇ ਇੱਕ ਦਿਨ ਜਿਹੜਾ ਮੈਨੂੰ ਦੇਖਣ ਆਵੇ! ! ! ਡਾਕਟਰ
ਪ੍ਰੇਸ਼ਾਨ ਜਿਹਾ ਹੋ ਗਿਆ ਪਰ ਬਾਬਾ ਅਪਣੀ ਥਾਂ ਪ੍ਰੇਸ਼ਾਨ ਸੀ ਕਿ ਇਹ ਕਿਹੋ ਜਿਹੇ ਡਾਕਟਰ ਨੇ ਜੀਹਨਾ
ਨੂੰ 8-8 ਦਿਨ ਇਹ ਹੀ ਪਤਾ ਨਹੀ ਚਲਦਾ ਇਸ ਚੜ੍ਹੇ ਹੋਏ ਬੁਖਾਰ ਦਾ ਨਾ ਕੀ ਏ? ਬਾਬੇ ਤੇ ਤਾਂ ਚਲੋ
‘ਮਹਾਂਕਾਲ’ ਜੀ ਦੀ ‘ਕ੍ਰਿਪਾ’ ਸੀ ਨਹੀ ਤਾਂ ਸੱਤੀਂ ਦਿਨੀ ਤਾਂ ਬੰਦਾ ਭਵੇਂ ਉਂਝ ਬਕਸੇ ਵਿੱਚ ਜਾ
ਪਵੇ ਤੇ ਡਾਕਟਰ ਰਿਪੋਟਾਂ ਚੁੱਕੀ ਫੂਕਣ ਜਾ ਰਹੇ ਬੰਦੇ ਨੂੰ ਕਹਿੰਦੇ ਫਿਰਨ ਕਿ ਠਹਿਰ ਲੱਗ ਗਿਆ ਪਤਾ
ਤੇਰੇ ਬੁਖਾਰ ਦੀ ਰਿਪੋਟ ਆ ਗਈ। ਇੱਕ ਟਾਇਨਲ ਖਾ-ਖਾ ਬਾਬੇ ਦਾ ਸਿਰ ਘੁੰਮ ਗਿਆ ਦੂਜਾ ਜਿਹੜਾ ਚਾਰ
ਬੂੰਦਾਂ ਲਹੂ ਸੀ ਉਹ ਵੀ ਕੱਢ ਕੇ ਲੈ ਗਏ ਤੇ ਬੁਖਾਰ ਦੀਆਂ ਹਾਲੇ ਹੋਰ ਤਿੰਨੀ ਚੌਂਹੀ ਦਿਨੀ ਰਿਪੋਟਾਂ
ਆਉਣੀਆਂ ਸਨ ਫਿਰ ਵੀ ਪਤਾ ਨਹੀ ਹਾਲੇ ‘ਅੰਡਰਗਰਾਉਂਡ’ ਹੋਇਆ ਬੁਖਾਰ ਲੱਭਣਾ ਸੀ ਕਿ ਨਹੀ ਰੱਬ ਜਾਣੇ
ਸ਼ਾਇਦ ਪਤਾ ਨਹੀ ਕੋਈ ਦੈਂਤ ਚੁੱਕ ਕੇ ਕਿਸੇ ਸਮੁੰਦਰ ਵਿੱਚ ਹੀ ਨਾ ਵੜ ਗਿਆ ਹੋਵੇ। ਹੁਣ ਖੀਰ ਸਮੁੰਦਰ
ਉਪਰ ਮੌਜ ਵਿੱਚ ਲੱਛਮੀ ਜੀ ਨਾਲ ਬੈਠੇ ਵਿਸ਼ਨੂੰ ਭਗਵਾਨ ਜੀ ਨੂੰ ਕੌਣ ਸਿਫਾਰਸ਼ ਪਾਵੇ ਬਾਬੇ ਦੇ ਹੇਠੋਂ
ਬੁਖਾਰ ਲੱਭ ਕੇ ਲਿਆਉਂਣ ਦਾ। ਬਾਬਾ ਹੁਣ ਪਛਤਾਉਂਦਾ ਸੀ ਐਵੇਂ ‘ਮਹਾਂਪੁਰਖਾਂ’ ਨਾਲ ਵਿਗਾੜੀ ਉਨ੍ਹਾਂ
ਕਹੇ ਭਗਵਾਨ ਜੀ ਜਰੂਰ ਚਲੇ ਜਾਣਾ ਸੀ ਜਿੰਨਾ ਉਨ੍ਹਾਂ ਦੇ ਨੇੜੇ ਹੈ ਬ੍ਰਹਾਮਣ ਦੀਆਂ ਟੱਲੀਆਂ ਤੇ ਹੁਣ
ਭਗਵਾਨ ਜੀ ਹੁਣ ਇੰਨਾ ਨਹੀ ਰੀਝਦੇ। ਮੁੱਕਦੀ ਗੱਲ ਕਿ ਇਹ ਸੱਤਰਾਂ ਲਿਖਣ ਤੱਕ ਬਾਬੇ ਫੌਜਾ ਸਿੰਘ ਨੂੰ
ਕਾਲ ਜੀ ਦੇ ਵੱਸ ਪਿਆਂ 10ਵਾਂ ਦਿਨ ਹੋ ਜਾਣਾ ਵੀਕਐਂਡ ਆ ਗਿਆ ਡਾਕਟਰ ਸਭ ‘ਗੁੱਡਵੀਕਐਂਡ’ ਕਹਿ ਗਏ
ਹਨ। ਪਰ ਬਾਬਾ ਇਸ ਸਿਸਟਮ ਤੇ ਹੈਰਾਨ ਹੈ ਜਿਹੜਾ ਬੰਦਾ ਮਾਰਨ ਤੋਂ ਬਾਅਦ ਬੀਮਾਰੀ ਲੱਭਦਾ ਹੈ। ਉਹ ਵੀ
ਬੁਖਾਰ?
ਗੁਰਦੇਵ ਸਿੰਘ ਸੱਧੇਵਾਲੀਆ