Interfaith Understanding and World Peace
ਅੰਤਰ ਧਰਮ ਚੇਤਨਾ ਤੇ ਵਿਸ਼ਵ ਸ਼ਾਂਤੀ
ਸ਼ਮਾਜਿਕ ਵਾਤਾਵਰਣ ਵਿੱਚ ਮੌਜੂਦ ਭਿੰਨ ਭਿੰਨ ਧਾਰਮਿਕ ਵਿਚਾਰ ਧਾਰਾਵਾਂ
ਪ੍ਰਤੀ ਸਾਡੀ ਸਮਝ ਨੂੰ ਅੰਤਰ-ਧਰਮ ਚੇਤਨਾ ਕਿਹਾ ਜਾ ਸਕਦਾ ਹੈ। ਅਤੇ ਜੇ ਕਰ ਸ਼ਬਦ ‘ਸਮਝ`
(Understanding)
ਉਤੇ ਗੌਰ ਕੀਤਾ ਜਾਵੇ ਤਾਂ ਪਤਾ ਚਲਦਾ ਹੈ ਕਿ ਵਿਸ਼ਵ ਭਾਈਚਾਰੇ ਦੀ ਸ਼ਾਂਤੀ ਲਈ ਸਾਨੂੰ ਕੁੱਝ ਮੁਢਲੀਆਂ
ਗੱਲਾਂ ਨੂੰ ਵਿਵੇਕਸ਼ੀਲਤਾ ਨਾਲ ਸਿੱਖਣਾ ਪਵੇਗਾ। ਅਤੇ ਬਿਨਾ ਵਿਵੇਕਸ਼ੀਲ ਵਿਦਿਆਰਥੀ ਬਣੇ ਕੁੱਝ ਵੀ
ਸਿੱਖਣਾ ਮੁਸ਼ਕਿਲ ਹੈ। ਗੁਰੁ ਸਾਹਿਬ ਦਾ ਫ਼ਰਮਾਨ ਹੈ:
ਮਾਨਸ ਜਨਮ ਦੁਲਭ ਫਲ ਪਾਇਓ ਬਿਰਥਾ ਜਾਤ ਅਬਿਬੇਕੈ।।
ਇਥੇ ਇੱਕ ਹੋਰ ਗੱਲ ਨੂੰ ਸਮਝ ਲਈਏ ਕਿ ਚੇਤਨਾ
( Understanding)
ਨੂੰ ਗੁਰੁ ਨੇ ‘ਮਤਿ` ਦੇ ਸੰਬੋਧਨ ਨਾਲ ਪੁਕਾਰਿਆ ਹੈ ਅਤੇ ਸਮੁੱਚੇ ਵਿਸ਼ਵ ਭਾਈਚਾਰੇ ਨੂੰ ਤਾਕੀਦ
ਕੀਤੀ ਹੈ ਕਿ ਗੁਰੁ ਦੀ ਸਿਖਿਆ ਰਾਹੀਂ ਚੇਤਨਾ ਵਿੱਚ ਸਾਰੀ ਸਮੱਸਿਆਵਾਂ ਦਾ ਢੁਕਵਾਂ ਹੱਲ ਲਭ ਸਕਦਾ
ਹੈ।
ਮਤਿ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿਖ ਸੁਣੀ।।
ਏਹ ਦੁਨਿਆਵੀ ਮਾਇਆ ਪ੍ਰਾਪਤੀ ਦੀ ਗੱਲ ਨਹੀਂ ਬਲਕਿ ਈਸ਼ਵਰੀ ਕੁਦਰਤ ਸੰਬੰਧੀ
ਸਹੀ `ਚੇਤਨਾ` ਪ੍ਰਾਪਤੀ ਦੀ ਗੱਲ ਹੈ।
ਹੁਣ ਜੇਕਰ ਗੱਲ ਅੰਤਰ ਧਰਮ ਚੇਤਨਾ ਦੀ ਹੈ ਤਾਂ ਸਾਨੂੰ ਲਾਜ਼ਮੀ ਤੌਰ ਤੇ ਅੰਤਰ
ਧਰਮ ਚੇਤਨਾ ਸੰਬੰਧੀ ਵਾਤਾਵਰਣ ਨੂੰ ਸਮਝਣਾ ਪਵੇਗਾ। ਈਸ਼ਵਰੀ ਕੁਦਰਤ ਵਖਰੇਵਿਆਂ ਦਾ ਪੁੰਜ ਹੈ।
ਵਖਰੇਵਿਆਂ ਨੇ ਇਸ ਧਰਤੀ ਤੇ ਜੀਵਨ ਸਾਧਨ ਅਤੇ ਜੀਵਨ ਦਾ ਵਿਕਾਸ ਬਖਸ਼ਿਆ ਹੈ। ਕੁਦਰਤ ਜੀਵਨ ਵਿੱਚ
ਮਨੁੱਖਾ ਜੀਵਨ ਵੀ ਵਖਰੇਵਿਆਂ ਨਾਲ ਭਰਿਆ ਹੋਇਆ ਹੈ। ਮਨੁੱਖ ਮਾਨਸਿਕ ਰੂਪ ਵਿੱਚ ਇੱਕ ਦੂਜੇ ਨਾਲੋਂ
ਅਲੱਗ ਹੁੰਦੇ ਹਨ। ਉਹ ਵੱਖਰੀ ਵੱਖਰੀ ਸੋਚਣ ਸ਼ਕਤੀ ਰੱਖਦੇ ਹਨ। ਇਥੋਂ ਤੱਕ ਕਿ ਇੱਕ ਮਨੁੱਖ ਦੇ ਅੰਦਰ
ਦੀ ਮਾਨਸਿਕਤਾ ਵੀ ਇੱਕੋ ਜਿਹੀ ਨਹੀਂ ਹੁੰਦੀ। ਇਸੇ ਕੁਦਰਤੀ ਨਿਯਮ ਰਾਹੀਂ ਮਨੁੱਖ ਬਚਪਨ ਤੋਂ ਜਵਾਨੀ
ਅਤੇ ਫਿਰ ਬੁਢੇਪੇ ਵੱਲ ਅਲੱਗ ਅਲੱਗ ਚੇਤਨ ਅਵਸਥਾ ਲੈ ਕੇ ਵਧਦਾ ਹੈ। ਇੱਕ ਹੀ ਮਨੁੱਖ ਦੇ ਅੰਦਰ ਦੇ
ਮਾਨਸਿਕ ਵਖਰੇਵੇਂ ਉਸ ਨੂੰ ਅਪਣੀ ਮਾਂ, ਭੈਣ ਅਤੇ ਪਤਨੀ ਦੇ ਵਿੱਚ ਦਾ ਫ਼ਰਕ ਸਮਝਣ ਦੇ ਕਾਬਲ ਬਣਾਉਂਦੇ
ਹਨ।
ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨਹਾਰੇ।।
ਅੰਤਰ ਧਰਮ ਚੇਤਨਾ ਅਤੇ ਵਿਸ਼ਵ ਸ਼ਾਂਤੀ ਦੀ ਇਸ ਚਰਚਾ ਵਿੱਚ ਅਸੀਂ ਮਨੁੱਖਾਂ
ਜੀਵਨ ਵਿੱਚ ਮੌਜੂਦ ਕੁਦਰਤੀ ਵਖਰੇਵਿਆਂ ਨੂੰ ਜ਼ਹਿਨ ਵਿੱਚ ਰੱਖ ਕੇ ਅਗੇ ਵਧਾਂ ਗੇ ਤਾਂ ਕਿ ਇਹ ਚਰਚਾ
ਅਰਥ ਪੂਰਣ ਹੋ ਸਕੇ। ਇਥੇ ਅਸੀਂ ਮਨੁੱਖਾਂ ਵਿਚਲੇ ਮਾਨਸਿਕ ਵਖਰੇਵਿਆਂ ਅਤੇ ਉਨ੍ਹਾਂ ਦੀਆਂ ਧਾਰਮਿਕ
ਮਾਨਤਾਵਾਂ ਦੇ ਆਪਸੀ ਸੰਬੰਧਾਂ ਦੇ ਪਸਮੰਜ਼ਰ ਵਿੱਚ ਵਿਸ਼ਵ ਸ਼ਾਂਤੀ ਦੀ ਗੱਲ ਕਰਾਂ ਗੇ।
ਚੂਂਕਿ ਸਾਰੇ ਮਨੁੱਖਾਂ ਦੀ ਮਾਨਸਿਕਤਾ ਤੇ ਵਾਤਾਵਰਣ ਇਕੋ ਜਿਹਾ ਨਹੀਂ ਹੈ ਇਸ
ਲਈ ਇਸ ਨਿਯਮ ਨੇ ਦੁਨੀਆਂ ਵਿੱਚ ਅਲੱਗ ਅਲੱਗ ਸਭਿਆਚਾਰਾਂ ਅਤੇ ਧਾਰਮਿਕ ਵਿਸ਼ਵਾਸਾਂ ਨੂੰ ਜਨਮ ਦਿੱਤਾ
ਹੈ। ਇਥੋਂ ਤੱਕ ਕਿ ਅੱਜ ਦੁਨੀਆਂ ਦੇ ਨਕਸ਼ੇ ਤੇ ਨਜ਼ਰ ਆਉਣ ਵਾਲੇ ਵੱਡੇ ਜਾਂ ਛੋਟੇ ਮੁਲਕ ਇਸ ਨਿਯਮ ਦਾ
ਹੀ ਨਤੀਜਾ ਹਨ। ਸਭਿਅਤਾ ਦੇ ਵਿਕਾਸ ਨੇ ਬਹੁਤ ਕੁੱਝ ਬਦਲਿਆ ਹੈ। ਸਾਡੇ ਜੀਵਨ-ਯਾਪਨ ਦੇ ਤੌਰ
ਤਰੀਕਿਆਂ ਤੋਂ ਲੈ ਕੇ ਜੀਵਨ ਸੰਸਾਧਨਾ ਤੱਕ। ਲੇਕਿਨ ਇੱਕ ਗੱਲ ਜੋ ਬਹੁਤ ਘਟ ਬਦਲੀ ਹੈ ਉਹ ਇਹ ਹੈ ਕਿ
ਮਨੁੱਖਾਂ ਵਿਚਲੇ ਆਪਸੀ ਵਰਤਾਵ ਯਾਨਿ ਕਿ ਮਨੁੱਖਾਂ ਵਿਚਲੇ ਨਫ਼ਰਤ ਅਤੇ ਹਿੰਸਾ ਨਾਲ ਭਰੇ ਹੋਏ ਮਨੋ
ਵਿਕਾਰ। ਹਾਂ ਇੰਨਾ ਜ਼ਰੂਰ ਹੈ ਕਿ ਨਫ਼ਰਤ ਅਤੇ ਹਿੰਸਾ ਜਿਹੇ ਮਨੋਵਿਕਾਰਾਂ ਦੇ ਤਰੀਕੇ ਬਦਲ ਗਏ ਹਨ।
ਗਵਾਂਢੀ ਅਤੇ ਉਸ ਦੀ ਸੰਪਤੀ ਤੇ ਹਮਲਾ ਰੋਕਣ ਲਈ ਕਾਨੂੰਨ ਹੋ ਸਕਦਾ ਹੈ ਪਰ ਗਵਾਂਢੀ ਪ੍ਰਤੀ ਨਫ਼ਰਤ
ਜਾਂ ਈਰਖਾ ਦੇ ਭਾਵ ਨਾ ਹੋਣ ਦੇਣ ਵਾਸਤੇ ਕਾਨੂੰਨ ਦੀ ਕੋਈ ਧਾਰਾ ਨਹੀਂ ਹੋ ਸਕਦੀ। ਇਥੇ ਸਾਨੂੰ ਧਰਮ
ਦੀ ਜ਼ਰੂਰਤ ਹੈ। ਧਰਮ ਸਾਡੀ ਇਹ ਜ਼ਰੂਰਤ ਪੂਰੀ ਕਰ ਸਕਦਾ ਹੈ ਬਸ਼ੱਰਤੇ ਕਿ ਆਪਣੇ ਅਤੇ ਦੂਜੇ ਧਰਮਾਂ
ਪ੍ਰਤੀ ਸਾਡੀ ਚੇਤਨਾ (
Understanding)
ਵਿਵੇਕਪੂਰਣ ਅਤੇ ਤਰਕਸ਼ੀਲ ਹੋਵੇ।
ਜੋ ਚੇਤਨ ਕੇਵਲ ਆਪਣੀ ਹੀ ਹੋਂਦ, ਕੇਵਲ ਆਪਣਾ ਹੀ ਭਲਾ ਅਤੇ ਕੇਵਲ ਆਪਣੀ ਹੀ
ਸੰਖਿਆ ਆਦਿ ਵਰਗੇ ਕਥਿਤ ਧਾਰਮਿਕ ਆਧਾਰਾਂ ਤੇ ਟਿਕੀ ਰਹਿੰਦੀ ਹੈ ਉਹ ਧਰਮ ਨਹੀਂ ਬਲਕਿ ਧਰਮ ਦੀ
ਦਹਿਲੀਜ ਤੋਂ ਦੂਰ ਖੜੀ ਐਸੀ ਮਾਨਸਿਕਤਾ ਹੈ ਜਿਸ ਦਾ ਧਰਮ ਨਾਲ ਦੂਰ ਤੱਕ ਕੋਈ ਰਿਸ਼ਤਾ ਨਹੀਂ।
ਇਹ ਮਾਨਸਿਕਤਾ ਪੁਰਾਣੀ ਹੈ। ਇਸ ਦਾ ਗੁਰੂ ਨਾਨਕ ਦੇਵ ਜੀ ਨੇ ਸਾਢੇ ਪੰਜ ਸੌ
ਸਾਲ ਪਹਿਲਾਂ ਵਿਰੋਧ ਕੀਤਾ ਸੀ। ਉਹ ਪਰਿਵਰਤਨ ਦੀ ਆਵਾਜ਼ ਸੀ। ਸਾਨੂੰ ਅੰਤਰ-ਧਰਮ ਚੇਤਨਾ ਤੇ ਵਿਸ਼ਵ
ਸ਼ਾਂਤੀ ਪ੍ਰਤੀ ਉੱਠੀ ਗੁਰੂ ਨਾਨਕ ਦੀ ਬੁਲੰਦ ਆਵਾਜ਼ ਨੂੰ ਗਹਿਰਾਈ ਨਾਲ ਸਮਝਣਾ ਪਵੇ ਗਾ। ਸਾਨੂੰ
ਪਰਿਵਰਤਨ ਕਰਨਾ ਪਵੇ ਗਾ। ਇਸ ਪਰਿਵਰਤਨ ਦਾ ਅਰਥ ਧਰਮ ਪਰਿਵਰਤਨ ਨਹੀਂ ਬਲਕਿ ਧਰਮ ਪ੍ਰਤੀ ਆਪਣੇ
ਨਜ਼ਰੀਏ ਵਿੱਚ ਪਰਿਵਰਤਨ ਦੀ ਗੱਲ ਹੈ। ਇਹ ਸੰਖਿਆ ਵਿੱਚ ਵਾਧੇ ਦੀ ਭਾਵਨਾ ਨਹੀਂ ਬਲਕਿ ਇਹ ਅਗਿਆਨਤਾ
ਵਿੱਚ ਕਟੌਤੀ ਦੀ ਗੱਲ ਹੈ।
ਇਸ ਤੱਥ ਨੂੰ ਸਮਝ ਕੇ ਕਿ ਵਿਸ਼ਵ ਸਮਾਜ ਵਿੱਚ ਕਈ ਦੇਸ਼ ਅਤੇ ਕਈ ਧਰਮ ਹਨ,
ਅਸੀਂ ਸਮਝ ਸਕਦੇ ਹਾਂ ਕਿ ਵਿਸ਼ਵ ਵਿੱਚ ਕੇਵਲ ਇੱਕ ਥੋਪੇ ਜਾ ਸਕਣ ਵਾਲੀ ਰਾਜਨੀਤਿਕ ਸਤਾ ਜਾਂ ਇੱਕ
ਧਰਮ ਜਿਹੀ ਧਾਰਨਾ ਵਿਵਹਾਰਕ ਨਹੀਂ ਬਲਕਿ ਇਹ ਵਿਸ਼ਵ ਸ਼ਾਂਤੀ ਵਿਰੁਧ ਹੈ। ਜੀਵਨ ਈਸ਼ਵਰੀ ਕੁਦਰਤ ਦੀ ਦੇਣ
ਹੈ ਇਸ ਲਈ ਜੀਣ ਦਾ ਹੱਕ ਸਭ ਨੂੰ ਹੈ। ਇਹ ਜੀਣ ਦਾ ਹੱਕ ਆਦਿ ਜਾਂ ਮੱਧ ਕਾਲ ਵਿੱਚ ਜੀ ਰਹੇ ਗੁਲਾਮਾਂ
ਵਰਗਾ ਜੀਵਨ ਨਹੀਂ ਬਲਕਿ ਇਹ ਜੀਣ ਦਾ ਹੱਕ ਵਾਜਿਬ ਮਨੋਭਾਵਾਂ ਅਤੇ ਸੁਚੱਜੇ ਜੀਵਣ ਵਿਵਹਾਰ ਸਮੇਤ ਜੀਣ
ਦਾ ਹੱਕ ਹੈ। ਸਮਕਾਲੀ ਸੰਧਰਭਾਂ ਵਿੱਚ ਗੁਰੁ ਨਾਨਕ ਨੇ ਇਸ ਹੱਕ ਦੇ ਪੱਖ ਵਿੱਚ ਇਵੇਂ ਨਿਰਣਾ ਦਿੱਤਾ
ਹੈ:
ਹਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਇ।।
ਅੱਜ ਹਰ ਧਰਮ ਦੇ ਮੰਨਣ ਵਾਲਿਆਂ ਨੂੰ ਦੂਜੇ ਪਾਸਿਓਂ ਖਤਰਾ ਜਾਂ ਵਿਰੋਧ ਨਜ਼ਰ
ਆਉਂਦਾ ਹੈ ਜੋ ਕਦੇ ਕਦੇ ਹੁੰਦਾ ਵੀ ਹੈ। ਦਰਅਸਲ ਹਰ ਧਰਮ ਉਸ ਨੂੰ ਮੰਨਣ ਵਾਲਿਆਂ ਵੱਲੋਂ ਹੀ ਨਕਾਰਿਆ
ਜਾ ਰਿਹਾ ਹੈ ਕਿਉਂ ਕਿ ਉਸ ਧਰਮ ਨੂੰ ਨਾ ਮੰਨਣ ਵਾਲਿਆਂ ਉਤੇ ਉਸ ਧਰਮ ਨੂੰ ਮੰਨਣ ਦਾ ਜ਼ਿੰਮਾ ਤਾਂ
ਬਣਦਾ ਹੀ ਨਹੀਂ ਅਤੇ ਹਾਲਤ ਇਹ ਹੈ ਕਿ ਖੁਦ ਆਪਣੇ ਧਰਮ ਨੂੰ ਨਕਾਰਣ ਵਾਲੇ ਕੇਵਲ ਦੂਜਿਆਂ ਨਾਲ ਇਸ ਦਾ
ਗਿਲਾ ਕਰਦੇ ਹਨ। ਇਥੋਂ ਹੀ ਸ਼ੁਰੂ ਹੁੰਦਾ ਹੈ ਇੱਕ ਅੰਤਹੀਣ ਵਿਰੋਧਾਭਾਸਾਂ ਤੇ ਸ਼ਿਕਵੇ ਸ਼ਿਕਾਇਤਾਂ ਦਾ
ਖੇਲ। ਇਸ ਖੇਡ ਦਾ ਕੋਈ ਨਿਯਮ ਨਹੀਂ। ਹੱਦ ਤਾਂ ਇਹ ਹੈ ਕਿ ਜਿਸ ਨੂੰ ‘ਪ੍ਰਭਾਵ`
( Effect)
ਕਿਹਾ ਜਾਂਦਾ ਹੈ ਉਹ ਦਰਅਸਲ ‘ਕਾਰਣ` (Cause)
ਹੋ ਸਕਦਾ ਹੈ ਅਤੇ ਜਿਸ ਨੂੰ ‘ਕਾਰਣ` (Cause
) ਕਿਹਾ ਜਾਂਦਾ ਹੈ ਉਹ ਦਰਅਸਲ ‘ਪ੍ਰਭਾਵ` (Effect)
ਹੋ ਸਕਦਾ ਹੈ।
ਇਨ੍ਹਾਂ ਹਾਲਾਤਾਂ ਨੂੰ ਐਸੀਆਂ ਗੱਲਾਂ ਤੇ ਹੀ ਨਹੀਂ ਛਡਿਆ ਜਾ ਸਕਦਾ ਕਿਉਂ
ਕਿ ਇਨ੍ਹਾਂ ਹਾਲਾਤਾਂ ਨੇ ਨਾ ਕੇਵਲ ਸਮਾਜ ਜਾਂ ਦੇਸ਼ ਦੇ ਸਤਰ ਤੇ ਸ਼ਾਂਤੀ ਲਈ ਖਤਰਾ ਪੈਦਾ ਕੀਤਾ ਹੈ।
ਬਲਕਿ ਇਸ ਖਤਰੇ ਨੇ ਵਿਸ਼ਵ ਪਧਰ ਤੇ ਅਪਣੇ ਪੈਰ ਪਸਾਰ ਲਏ ਹਨ। ਰਾਜਨੀਤੀ ਵਿੱਚ ਧਰਮ ਦਾ ਇਸਤੇਮਾਲ
ਹੁੰਦਾ ਹੀ ਆਇਆ ਹੈ। ਇਸ ਲਈ ਧਰਮ ਨਾਲ ਜੁੜੀ ਚੇਤਨਾ ਨੂੰ ਇਹ ਸੋਚਣਾ ਹੀ ਪਵੇ ਗਾ ਕਿ ਕਿਤੇ ਰਾਜਨੀਤਕ
ਵਰਗ ਧਰਮ ਦੀ ਆੜ ਵਿੱਚ ਇੱਕ ਵਾਰ ਫਿਰ ਗੁਜ਼ਰੇ ਹੋਏ ਇਤਿਹਾਸਕ ਕਥਿਤ ਧਾਰਮਿਕ ਯੁਧਾਂ ਵੱਲ ਤਾਂ ਨਹੀਂ
ਵਧ ਰਹੇ?
ਪਹਿਲੇ ਦੋ ਵਿਸ਼ਵ ਯੁਧਾਂ ਨੇ ਕਰੋੜਾਂ ਜਾਨਾਂ ਲੀਲ ਲਈਆਂ ਸਨ। ਹੁਣ ਜੇ ਕਰ
ਸੰਸਾਰ ਤੀਸਰੇ ਵਿਸ਼ਵ ਯੁਧ ਵੱਲ ਵਧਿਆ ਤਾਂ ਕੀ ਅਸੀਂ ਸੋਚ ਸਕਦੇ ਹਾਂ ਕਿ ਸਾਡੀਆਂ ਵਿਗਿਆਨਕ
ਉਪਲਭਦੀਆਂ ਕਿਸ ਤਰ੍ਹਾਂ ਮਨੁੱਖਾ ਜਾਤੀ ਨੂੰ ਬਚਾਉਣ ਗੀਆਂ? ਕੀ ਐਟਮੀ ਹਥਿਆਰ ਆਪ ਬੋਲ ਸਕਣ ਗੇ ਕਿ
ਸਾਨੂੰ ਨਾ ਚਲਾੳ? ਕੀ ਅਸੀਂ ਐਸੀ ਚੇਤਨਾ ਨੂੰ ਵਿਗਿਆਨਕ ਸ਼ੋਧ-ਸ਼ਾਲਾਵਾਂ ਵਿੱਚ ਤਿਆਰ ਕਰ ਸਕਦੇ ਹਾਂ
ਜੋ ਸਾਨੂੰ ਵਿਨਾਸ਼ ਤੋਂ ਰੋਕ ਸਕੇ? ਅੱਜ ਵਿਗਿਆਨ ਸਾਨੂੰ ਤਬਾਹ ਅਤੇ ਬਰਬਾਦ ਕਰਨ ਦੀ ਵੀ ਸਮਰੱਥਾ
ਰੱਖਦਾ ਹੈ। ਲੇਕਿਨ ਤਬਾਹੀ ਨਾਲ ਭਰੇ ਹੋਏ ਇਨ੍ਹਾਂ ਵਿਗਿਆਨਕ ਤੂਫ਼ਾਨਾਂ ਦਾ ਮੁਕਾਬਲਾ ਮਨੁੱਖ ਕੇਵਲ
ਆਪਣੇ ਅਸਲੀ ਧਰਮ ਦੇ ਨੈਤਿਕ ਮੁੱਲਾਂ ਪ੍ਰਤੀ ਆਪਣੀ ਸਹੀ ਚੇਤਨਾ
(Understanding)
ਰਾਹੀਂ ਹੀ ਕਰ ਸਕੇ ਗਾ। ਸ਼ਤਾਬਦੀਆਂ ਪੁਰਾਣੇ ਅਸਲੀ ਨੈਤਿਕ ਮੁੱਲਾਂ ਦੀ ਸਮਝ ਹੀ ਵਿਗਿਆਨ ਦੇ ਨਵੀਨਤਮ
ਹਥਿਆਰਾਂ ਦੀ ਕਾਟ ਬਣ ਸਕਦੀ ਹੈ।
ਅੰਤਰ ਧਰਮ ਚੇਤਨਾ ਅਤੇ ਉਸ ਦੇ ਵਿਸ਼ਵ ਸ਼ਾਤੀ ਨਾਲ ਸੰਬੰਧ ਦੀ ਅਹਿਮੀਅਤ ਨਾਲ
ਸਬੰਧਿਤ ਧਿਰਾਂ ਦੀ ਭੁਮਿਕਾ ਉਤੇ ਵੀਚਾਰ ਦੀ ਲੋੜ ਹੈ। ਸਰਕਾਰਾਂ ਅਤੇ ਸਾਰੀਆਂ ਧਾਰਮਿਕ ਅਤੇ ਸਮਾਜਿਕ
ਸੰਸਥਾਵਾਂ ਇਸ ਦਾਇਰੇ ਵਿੱਚ ਆਉਂਦੀਆਂ ਹਨ। ਜੇ ਕਰ ਸਰਕਾਰਾਂ ਦੀ ਜ਼ਿੰਮੇਵਾਰੀ ਦੀ ਗੱਲ ਕਰੀਏ ਤਾਂ
ਸਿਖਿਆ ਖੇਤਰ ਸਰਕਾਰਾਂ ਦੇ ਅਧਿਕਾਰ ਖੇਤਰ ਨਾਲ ਜੁੜਿਆ ਹੋਇਆ ਇੱਕ ਵਿਸ਼ਾ ਹੈ। ਸਿਖਿਆ ਖੇਤਰ ਵਿੱਚ
ਪਾਠਕ੍ਰਮ (
Syllabus)
ਇਸ ਅੰਤਰ ਧਰਮ ਚੇਤਨਾ ਲਈ ਅਤਿਅੰਤ ਲਾਭਦਾਇਕ ਹੋ ਸਕਦੇ ਹਨ। ਪਾਠਕ੍ਰਮ ਨਿਰਧਾਰਣ ਇੱਕ ਐਸਾ ਗੰਭੀਰ
ਅਤੇ ਨੀਤੀਗਤ ਵਿਸ਼ਾ ਹੈ ਜਿਸ ਪ੍ਰਤੀ ਹਮੇਸ਼ਾ ਬੇਹੱਦ ਸਾਵਧਾਨੀ ਅਤੇ ਜ਼ਿੰਮੇਵਾਰੀ ਭਰੀ ਭਾਵਨਾ ਦੀ ਲੋੜ
ਹੁੰਦੀ ਹੈ। ਵਿਸ਼ੇਸ਼ ਰੂਪ ਵਿੱਚ ਉਨ੍ਹਾਂ ਕਲਾਸਾਂ ਦੇ ਪਾਠਕ੍ਰਮ ਲਈ ਜਿਨ੍ਹਾਂ ਵਿੱਚ ਪੜ੍ਹਨ ਵਾਲੇ
ਬੱਚੇ ਮਾਨਸਿਕ ਰੂਪ ਵਿੱਚ ਦੇਸ਼ ਅਤੇ ਸਮਾਜ ਪ੍ਰਤੀ ਅਪਣੀ ਸਮਝ ਦੇ ਵਿਕਾਸ ਦੇ ਆਰੰਭਿਕ ਦੌਰ ਵਿੱਚ
ਹੁੰਦੇ ਹਨ।
ਇਸ ਖੇਤਰ ਵਿੱਚ ਜੇਕਰ ਜ਼ਿੰਮੇਵਾਰੀ ਅਤੇ ਸਾਵਧਾਨੀ ਦੇ ਭਾਵ ਦੀ ਅਣਦੇਖੀ ਕੀਤੀ
ਜਾਵੇ ਜਾਂ ਉਸ ਪ੍ਰਤੀ ਕੁਤਾਹੀ ਵਰਤੀ ਜਾਵੇ ਤਾਂ ਸਿੱਟੇ ਗੰਭੀਰ ਹੋ ਸਕਦੇ ਹਨ। ਕਿਉਂ ਕਿ ਜ਼ਿੰਮੇਵਾਰੀ
ਦੇ ਇਸ ਭਾਵ ਵਿੱਚ ਜੇਕਰ ਵਰਗ ਵਿਸ਼ੇਸ਼ ਦੇ ਹਿੱਤਾਂ ਨੂੰ ਸਾਧਣ ਦਾ ਭਾਵ ਰਹੇ ਤਾਂ ਅੰਤਰ ਧਰਮ ਚੇਤਨਾ
ਨਾ ਤਾਂ ਵਿਸ਼ਵ ਸ਼ਾਤੀ ਦੇ ਅਨੁਰੂਪ ਹੋਵੇ ਗੀ ਅਤੇ ਨਾ ਹੀ ਦੇਸ਼ ਦੀ ਸ਼ਾਤੀ ਦੇ ਅਨੁਕੂਲ। ਇਸ ਲਈ ਇਸ
ਪੱਧਰ ਤੇ ਸੰਬੰਧਿਤ ਧਿਰਾਂ ਨੂੰ ਹਮੇਸ਼ਾ ਸੁਚੇਤ ਰਹਿਣ ਦੀ ਲੋੜ ਹੈ। ਸਕੂਲੀ ਸਿਖਿਆ ਦਾ ਟੀਚਾ ਸਮਾਜ
ਦੇਸ਼ ਅਤੇ ਸੰਸਾਰ ਦੀ ਸੁਚੱਜੀ ਤਰੱਕੀ ਅਤੇ ਸ਼ਾਤੀ ਲਈ ਬੱਚਿਆਂ ਦੇ ਮਾਨਸਿਕ ਸੰਤੁਲਨ ਨੂੰ ਬਣਾਏ ਰੱਖਣਾ
ਹੈ। ਇਸ ਲਈ ਇਸ ਪੱਧਰ ਨੂੰ ਕਿਸੇ ਇੱਕ ਵਰਗ ਪੱਖੀ ਤੌਰ ਤੇ ਇਸਤੇਮਾਲ ਨਹੀਂ ਕੀਤਾ ਜਾ ਸਕਦਾ ਕਿਉਂ ਕਿ
ਇਸ ਨਾਲ ਸੰਤੁਲਨ ਵਿਗੜ ਜਾਂਦਾ ਹੈ।
ਹੁਣ ਆਓ ਜ਼ਰਾ ਸਰਕਾਰੀ ਖੇਤਰ ਤੋਂ ਹੱਟ ਕੇ ਸਮਾਜਿਕ ਖੇਤਰ ਦੀ ਗੱਲ ਕਰੀਏ। ਇਸ
ਪੱਧਰ ਦੀ ਡੂੰਘੀ ਪੜਚੋਲ ਉਪ੍ਰੰਤ ਸਮਝ ਆਉਂਦੀ ਹੈ ਕਿ ਅੰਤਰ ਧਰਮ ਚੇਤਨਾ ਤਾਂ ਦੂਰ ਜ਼ਿਆਦਾਤਰ ਧਰਮੀਆਂ
ਨੂੰ ਤਾਂ ਪਹਿਲੇ ਆਪਣੇ ਧਰਮ ਦੀ ਹੀ ਚੇਤਨਾ ਨਹੀਂ। ਆਪਣੇ ਧਰਮ ਪ੍ਰਤੀ ਪਿਆਰ ਅਤੇ ਅਪਣੇ ਧਰਮ ਪ੍ਰਤੀ
ਚੇਤਨਾ ਵਿੱਚ ਫ਼ਰਕ ਹੈ। ਅਪਣੇ ਧਰਮ ਪ੍ਰਤੀ ਸਹੀ ਚੇਤਨਾ ਦੀ ਘਾਟ ਇੱਕ ਐਸੇ ਅੰਨ੍ਹੇ ਪਿਆਰ ਨੂੰ ਜਨਮ
ਦਿੰਦੀ ਹੈ ਜਿਸ ਦੇ ਹੁੰਦਿਆਂ ਵੀ ਅੰਤਰ ਧਰਮ ਸੰਤੁਲਨ ਵਿਗੜ ਜਾਂਦਾ ਹੈ। ਇਸ ਲਈ ਅਪਣੇ ਧਰਮ ਪ੍ਰਤੀ
ਚੇਤਨਾ ਅੰਤਰ ਧਰਮ ਚੇਤਨਾ ਦੇ ਰਾਹ ਤੇ ਚੁਕਿਆ ਜਾਣ ਵਾਲਾ ਪਹਿਲਾ ਕਦਮ ਹੈ ਜਿਸ ਨੂੰ ਚੁੱਕੇ ਬਿਨਾ
ਅੰਤਰ ਧਰਮ ਚੇਤਨਾ ਅਤੇ ਵਿਸ਼ਵ ਸ਼ਾਤੀ ਲਈ ਯਾਤਰਾ ਸ਼ੁਰੂ ਹੀ ਨਹੀਂ ਕੀਤੀ ਜਾ ਸਕਦੀ।
ਅਸੀਂ ਜਾਣਦੇ ਹਾਂ ਕਿ ਧਰਮ ਨਾਲ ਜੁੜੀਆਂ ਭਾਵਨਾਵਾਂ ਨੂੰ ਜ਼ਾਹਿਰ ਕਰਨ ਅਤੇ
ਵਰਤਣ ਦਾ ਅਧਿਕਾਰ ਇੱਕ ਮੂਲ ਭੁਤ ਸੰਵਿਧਾਨਿਕ ਅਧਿਕਾਰ ਹੈ। ਜ਼ਾਹਿਰ ਜਿਹੀ ਗੱਲ ਹੈ ਕਿ ਵਰਗਾਂ ਦਾ ਇਹ
ਅਧਿਕਾਰ ਹੀ ਇੱਕ ਦੂਸਰੇ ਦੇ ਧਾਰਮਿਕ ਸਿਧਾਂਤਾਂ ਅਤੇ ਭਾਵਨਾਵਾਂ ਨੂੰ ਸਮਝਣ ਦਾ ਸਾਧਨ ਬਣਦਾ ਹੈ।
ਇਸੇ ਅਧਿਕਾਰ ਦੇ ਪਸਮੰਜਰ ਵਿੱਚ ਧਾਰਮਿਕ ਖੇਤਰ ਸੰਬਂਧੀ ਛਪ ਚੁਕਿਆ ਜਾਂ ਛਪਣ ਵਾਲਾ ਸਾਹਿਤ ਜਾਂ
ਪ੍ਰਚਾਰ ਅੰਤਰ ਧਰਮ ਚੇਤਨਾ ਦਾ ਆਧਾਰ ਬਣਦਾ ਹੈ। ਇਹ ਸਭ ਤੋਂ ਮਹੱਤਵ ਪੂਰਣ ਖੇਤਰ ਹੈ।। ਪਰ ਜ਼ਿਆਦਾਤਰ
ਲੋਗ ਤਾਂ ਆਪਣੇ ਧਰਮ ਨਾਲ ਜੁੜੇ ਸਾਹਿਤ ਨੂੰ ਵੀ ਨਹੀਂ ਪੜ੍ਹਦੇ ਤਾਂ ਦੂਜਿਆਂ ਦੇ ਧਰਮ ਨੂੰ ਕੀ
ਪੜ੍ਹਣ ਗੇ? ਤਾਂ ਇਸ ਹਾਲਤ ਵਿੱਚ ਅੰਤਰ ਧਰਮ ਚੇਤਨਾ ਦਾ ਮੁੱਖ ਆਧਾਰ ਲੋਕਾਂ ਦਾ ਆਪਸੀ ਵਿਵਹਾਰ ਹੀ
ਹੋ ਸਕਦਾ ਹੈ। ਸਾਡਾ ਵਿਵਹਾਰ ਹੀ ਸਭ ਤੋਂ ਵੱਡਾ ਸਾਧਨ ਹੈ ਸਾਡੇ ਲਈ ਇੱਕ ਦੂਜੇ ਦੇ ਧਾਰਮਿਕ
ਵਿਸ਼ਵਾਸਾਂ ਤੇ ਵਿਵਹਾਰ ਨੂੰ ਸਮਝਣ ਦਾ।
ਜੇ ਕਰ ਇਸ ਖੇਤਰ ਵਿੱਚ ਅਸੀਂ ਸੁਚੇਤ ਜਾਂ ਸਮਝਦਾਰ ਨਾ ਹੋਈਏ ਤਾਂ ਸਾਨੂੰ
ਇੰਨਾ ਜ਼ਰੂਰ ਸਮਝ ਲੈਣਾ ਚਾਹੀਦਾ ਹੈ ਕਿ ਅੰਤਰ ਧਰਮ ਚੇਤਨਾ ਦਾ ਇਹ ਸਭ ਤੋਂ ਮਹੱਤਵਪੂਰਣ ਸਾਧਨ ਵਿਸ਼ਵ
ਸ਼ਾਂਤੀ ਦੇ ਸਾਰੇ ਉਪਰਾਲਿਆਂ ਦੇ ਯੱਗ ਵਿੱਚ ਸਿਵਾ ਮਿੱਟੀ ਦੇ ਤੇਲ, ਪਟ੍ਰੋਲ, ਜਲਦੇ ਹੋਏ ਟਾਇਰ,
ਗੋਲੀਆਂ ਦੀ ਗੂੰਜ, ਬੰਬਾਂ ਦੇ ਧਮਾਕੇ ਅਤੇ ਚੌਫ਼ੇਰੇ ਹੋਣ ਵਾਲੇ ਦੰਗਿਆਂ ਤੋਂ ਬਿਨਾ ਕੁੱਝ ਵੀ ਨਹੀਂ
ਪਾ ਸਕਦਾ।
ਇਥੇ ਕੁੱਝ ਐਸੇ ਚਿੰਤਕਾਂ ਦੀ ਥੋੜੀ ਜਿਹੀ ਗੱਲ ਕਰਨੀ ਵੀ ਜ਼ਰੂਰੀ ਪ੍ਰਤੀਤ
ਹੁੰਦੀ ਹੈ ਜਿਹੜੇ ਕਿ ਅੰਤਰ ਧਰਮ ਚੇਤਨਾ ਦੇ ਉਪਰਾਲਿਆਂ ਨਾਲ ਜੁੜੇ ਹੋਏ ਹਨ। ਇਨ੍ਹਾਂ ਵਿੱਚੋਂ ਕੁੱਝ
ਵਿਦਵਾਨਾ ਦੇ ਵਿਸ਼ਵ ਸ਼ਾਂਤੀ ਪ੍ਰਤੀ ਆਪਣੇ ਆਪਣੇ ਫ਼ਾਰਮੂਲੇ ਹਨ। ਕੁੱਝ ਚਾਹੁੰਦੇ ਹਨ ਕਿ ਵਿਸ਼ਵ ਸ਼ਾਂਤੀ
ਹੋਵੇ ਜਿਸ ਦਾ ਫ਼ਾਰਮੂਲਾ ਹੈ ਕੇਵਲ ਇੱਕ ਵਿਸ਼ੇਸ਼ ਧਰਮ ਦਾ ਪ੍ਰਚਾਰ ਅਤੇ ਉਸ ਦਾ ਫ਼ੈਲਾਓ। ਇਹ ਆਪਣੇ ਆਪ
ਵਿੱਚ ਇੱਕ ਧਾਰਮਿਕ ਸਮਰਾਜਵਾਦ ਹੈ। ਅਪਣੀਆਂ ਅਪਣੀਆਂ ਛਤਰੀਆਂ ਨੂੰ ਵੱਡਾ ਕਰਨ ਦੀ ਭਾਵਨਾ ਹੈ।
ਉਨ੍ਹਾਂ ਦੇ ਤਰਕ ਵਿੱਚ ਦਮ ਵੀ ਹੈ ਕਿ ਬਾਕੀ ਧਾਰਮਿਕ ਚੇਤਨਾਵਾਂ ਜੇਕਰ ਬਚਣ ਹੀ ਨਾ ਤਾਂ ਐਸੇ
ਸੈਮੀਨਾਰਾਂ ਦੀ ਲੋੜ ਹੀ ਨਾ ਰਹੇ। ਇਸ ਨਾਲ ਚੇਤਨ ਸ਼ਕਤੀ ਦੀ ਵਰਤੋਂ, ਸਮੇ ਅਤੇ ਪੈਸੇ ਦੀ ਵੀ ਬੱਚਤ
ਹੋ ਸਕਦੀ ਹੈ। ਪਰ ਕੁਦਰਤੀ ਵਖਰੇਵਿਆਂ ਦੀ ਸਚਾਈ ਅੱਗੇ ਐਸਾ ਤਰਕ ਦਮ ਤੋੜਦਾ ਨਜ਼ਰ ਆਉਂਦਾ ਹੈ। ਕੀ
ਐਸੇ ਸ਼ਾਂਤੀ ਫ਼ਾਰਮੂਲਿਆਂ ਨਾਲ ਭਰੀ ਹੋਈ ਮਨਸ਼ਾ ਅੰਤਰ ਧਰਮ ਚੇਤਨਾ ਦਾ ਪਾਰਦਰਸ਼ੀ ਫ਼ਾਰਮੂਲਾ ਹੋ ਸਕਦੀ
ਹੈ? ਅੰਤਰ ਧਰਮ ਚੇਤਨਾ ਦਾ ਮਕਸਦ ਜੇ ਕਰ ਸ਼ਾਂਤੀ ਦੀ ਸਥਾਪਨਾ ਹੈ ਤਾਂ ਇਸ ਦਾ ਹਮੇਸ਼ਾ ਨਿੱਘਾ ਸਵਾਗਤ
ਹੋਣਾ ਚਾਹੀਦਾ ਹੈ, ਲੇਕਿਨ ਜੇ ਕਰ ਸ਼ਾਂਤੀ ਦੀ ਕੋਈ ਗੱਲ ਕਿਸੇ ਹੋਰ ਮਕਸਦ ਦੀ ਪ੍ਰਾਪਤੀ ਨੂੰ ਲੈ ਕੇ
ਕੀਤੀ ਜਾਵੇ ਤਾਂ ਅੰਤਰ ਧਰਮ ਚੇਤਨਾ ਰਾਹੀਂ ਸ਼ਾਂਤੀ ਦੀ ਪ੍ਰਾਪਤੀ ਕਠਿਨ ਹੈ।
ਜੇ ਕਰ ਧਰਮ ਸਾਡਾ ਹੈ ਤਾਂ ਇਹ ਜ਼ਿੰਮੇਵਾਰੀ ਵੀ ਸਾਡੀ ਹੀ ਹੈ ਕਿ ਦੂਜੇ
ਧਰਮਾਂ ਦੇ ਲੋਕ ਸਾਡੇ ਧਰਮ ਨੂੰ ਉਸ ਦੇ ਸਹੀ ਸੰਧਰਭ ਵਿੱਚ ਸਮਝਣ। ਇਹ ਅੰਤਰ ਧਰਮ ਚੇਤਨਾ ਪ੍ਰਤੀ
ਸਾਡੀ ਅਪਣੀ ਜ਼ਿੰਮੇਵਾਰੀ ਦੇ ਭਾਵ ਦਾ ਸ਼ੁਰੂਆਤੀ ਨੁਕਤਾ ਹੈ। ਇਸ ਨੁਕਤੇ ਤੇ ਖੜੇ ਹੋ ਕੇ ‘ਆਓ ਜੀ ਗੱਲ
ਕਰੀਏ` ਜਾਂ ਫਿਰ ‘ਤੁਸੀਂ ਪੁਛ ਸਕਦੇ ਹੋ` ਵਰਗੀ ਸ਼ੁਰੂਆਤ ਅਰਥਪੂਰਣ ਅਤੇ ਵਾਜਿਬ ਹੋ ਸਕਦੀ ਹੈ।
ਲੇਕਿਨ ਜੇ ਕਰ ਇਸ ਸ਼ੁਰੂਆਤੀ ਨੁਕਤੇ ਤੇ ਖੜੇ ਹੋ ਕੇ ਧਰਮੀ ਚਿੰਤਕ ਜਾਂ ਵਿਦਵਾਨ ‘ਪੁਛਣ ਦੀ ਹਿੰਮਤ
ਕਰੋ` (
Dare to Ask)
ਵਰਗੇ ਤਨਜ਼ ਭਰੇ ਜੁਮਲਿਆਂ ਦਾ ਇਸਤੇਮਾਲ ਕਰਦੇ ਹੋਣ ਤਾਂ ਫਿਰ ਸੁਣਨ ਵਾਲਿਆਂ ਨੂੰ ਕਿਹੋ ਜਿਹੀ ਚੇਤਨਾ
ਦੀ ਪ੍ਰਾਪਤੀ ਹੋਵੇ ਗੀ। ਨਿਸੰਦੇਹ ਇਹ ਕਿਸੇ ਵਾਜਿਬ ਸੰਵਾਦ ਲਈ ਢੁਕਵੀਂ ਗੱਲ ਨਹੀਂ। ਪ੍ਰਮਾਤਮਾ ਸਭ
ਲਈ ਹੈ ਲੇਕਿਨ ਧਰਮ ਵਿਸ਼ੇਸ਼ ਨੂੰ ਟੇਢੇ ਮੇਢੇ ਤਰਕਾਂ ਰਾਹੀਂ ਪ੍ਰਮਾਤਮਾ ਦੇ ਸਕੱਤਰ ਦੇ ਰੂਪ ਵਿੱਚ
ਦੂਜਿਆਂ ਤੇ ਜ਼ਾਹਿਰ ਕਰਨਾ ਅੰਤਰ ਧਰਮ ਚੇਤਨਾ ਵਰਗੀ ਜ਼ਰੂਰਤ ਦੀ ਭਾਵਨਾ ਦੇ ਉਲਟ ਪ੍ਰਤੀਤ ਹੁੰਦਾ ਹੈ।
ਮਨੁੱਖ ਨਾਲ ਮਨੁੱਖ ਦੇ ਸੰਬੰਧ ਦਾ ਭਾਵ ਪਿਆਰ ਅਤੇ ਸਤਿਕਾਰ ਭਰੀਆਂ
ਸੰਵੇਦਨਾਵਾਂ ਤੋਂ ਅਰੰਭ ਹੁੰਦਾ ਹੈ। ਨਾ ਕਿ ਜ਼ਬਾਨੀ ਯਾਦ ਕੀਤੇ ਗਏ ਕਿਤਾਬੀ ਤੱਥਾਂ ਨਾਲ। ਤੱਥ
ਕਿੰਨੇ ਵੀ ਪ੍ਰਭਾਵਸ਼ਾਲੀ ਕਿਉਂ ਨਾ ਹੋਣ ਉਹ ਹਮੇਸ਼ਾ ਪਿਆਰ ਅਤੇ ਸਤਿਕਾਰ ਭਰੀਆਂ ਸੰਵੇਦਨਾਵਾਂ ਦੇ
ਮੁਹਤਾਜ ਹੁੰਦੇ ਹਨ। ਭਾਵਾਂ ਅਤੇ ਸੰਵੇਦਨਾਵਾਂ ਤੋਂ ਹੀਣ ਤੱਥ ਰੁੱਖੇ ਹੁੰਦੇ ਹਨ ਅਤੇ ਖੁਸ਼ਕੀ ਭਰੇ
ਵੱਡੇ ਤੋਂ ਵੱਡੇ ਤੱਥ ਵੀ ਅੰਤਰ ਧਰਮ ਚੇਤਨਾ ਦੀ ਮੂਲ ਭਾਵਨਾਵਾਂ ਦਾ ਅਨਰਥ ਕਰ ਦਿੰਦੇ ਹਨ। ਜਿਨ੍ਹਾਂ
ਦਾ ਪ੍ਰਗਟਾਵਾ ਕਰਨ ਵਾਲਾ ਵਿਦਵਾਨ, ਸਿਆਣਾ ਹੋਣ ਦੇ ਬਾਵਜੂਦ ਵੀ ਅੰਤਰ ਧਰਮ ਚੇਤਨਾ ਦੇ ਮਾਰਗ ਤੇ
ਲੜਖੜਾਉਂਦਾ ਨਜ਼ਰ ਆਉਂਦਾ ਹੈ। ਐਸੀ ਸਿਆਣਪ ਸਾਨੂੰ ਵਿਸ਼ਵ ਸ਼ਾਂਤੀ ਦੀ ਮੰਜ਼ਿਲ ਤੱਕ ਨਹੀਂ ਲੈ ਜਾਂਦੀ।
ਗੁਰੂ ਸਾਹਿਬ ਦਾ ਫ਼ਰਮਾਨ ਹੈ:
ਸਹਸ ਸਿਆਣਪਾ ਲਖ ਹੋਹਿ ਤਾ ਇੱਕ ਨ ਚਲੈ ਨਾਲ।।
ਐਸੇ ਪੱਧਰ ਤੇ ਖੜੇ ਵਿਦਵਾਨਾਂ ਦੀ ਮਨਸ਼ਾ ਤਾਂ ਬੁਰੀ ਨਹੀਂ ਪਰ ਬੇਸ਼ੱਕ ਉਸ
ਵਿੱਚ ਸੁਧਾਰ ਦੀ ਲੋੜ ਹੈ। ਜੇਕਰ ਕਿਸੇ ਨੂੰ ਲੱਗਦਾ ਹੈ ਕਿ ਉਸ ਦੀ ਕਮੀਜ਼ ਜ਼ਿਆਦਾ ਸਫ਼ੈਦ ਹੈ ਤਾਂ ਉਸ
ਦਾ ਫ਼ਰਜ਼ ਬਣਦਾ ਹੈ ਕਿ ਉਹ ਦੂਜਿਆਂ ਨੂੰ ਵੀ ਅਪਣੀਆਂ ਅਪਣੀਆਂ ਕਮੀਜ਼ਾਂ ਸਾਫ਼ ਰੱਖਣ ਦੀ ਜੁਗਤ ਦੱਸੇ।
ਇਸ ਦਾ ਮਤਲਬ ਇਹ ਨਹੀਂ ਹੋ ਸਕਦਾ ਕਿ ਅਸੀਂ ਚਾਹੀਏ ਕਿ ਦੂਜਾ ਵੀ ਕੇਵਲ ਸਾਡੀ ਹੀ ਕਮੀਜ਼ ਪਾਈ ਫਿਰੇ।
ਵਿਸ਼ਵ ਸ਼ਾਂਤੀ ਲਈ ਸਮਰਪਿਤ ਇਹ ਨਾਨਕ ਦੀ ਜੁਗਤ ਹੈ।
ਵਿਸ਼ਵ ਸ਼ਾਂਤੀ ਦਾ ਅਰਥ ਜਾਨਵਰਾਂ ਜਾਨਵਰਾਂ ਜਾਂ ਦੂਜਿਆਂ ਜੀਵਾਂ ਵਿਚਲੀ
ਸ਼ਾਂਤੀ ਨਹੀਂ ਬਲਕਿ ਇਹ ਮਨੁੱਖਾਂ ਵਿਚਲੀ ਸ਼ਾਂਤੀ ਦੀ ਗੱਲ ਹੈ ਜੋ ਕਿ ਮਨੁੱਖਾਂ ਦੇ ਅਪਣੇ ਕਿਰਦਾਰ
ਰਾਹੀਂ ਹੀ ਹੋ ਸਕਦੀ ਹੈ। ਅੰਤਰ ਧਰਮ ਚੇਤਨਾ ਦਾ ਭਾਵ ਕੇਵਲ ਅਸੀਂ ਜੀਵੀਏ, ਕੇਵਲ ਅਸੀਂ ਰਹੀਏ ਅਤੇ
ਕੇਵਲ ਅਸੀਂ ਮਾਣੀਏ ਦੀ ਗੱਲ ਨਹੀਂ ਬਲਕਿ ਇਹ ਤਾਂ ਸਾਰੇ ਜੀਵੀਏ, ਸਰੇ ਰਹੀਏ ਅਤੇ ਸਾਰੇ ਮਾਣੀਏ ਦੇ
ਭਾਵ ਪ੍ਰਤੀ ਸਾਡੀ ਸਮਝ ਦੇ ਗੱਲ ਹੈ ਜੋ ਕਿ ਵਿਸ਼ਵ ਸ਼ਾਂਤੀ ਦੀ ਪ੍ਰਾਪਤੀ ਦਾ ਸੂਤਰ ਹੈ।
ਹਿੰਦੂ ਤੁਰਕ ਕੋਊ ਰਾਫ਼ਜ਼ੀ ਇਮਾਮ ਸਾਫ਼ੀ ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ।
ਅਥਵਾ:
ਦੇਹੁਰਾ ਮਸੀਤ ਸੋਈ ਪੂਜਾ ਓ ਨਿਮਾਜ਼ ਓਹੀ
ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਮਾਜਿਕ ਸ਼ਾਂਤੀ ਦੇ ਬੀਜ ਰਾਹੀਂ ਹੀ
ਵਿਸ਼ਵ ਸ਼ਾਂਤੀ ਦਾ ਬੂਟਾ ਵਧ ਫ਼ੁਲ ਸਕਦਾ ਹੈ। ਅੰਤਰਰਾਸ਼ਟਰੀ ਪਧਰ ਤੇ ਵਿਸ਼ਵ ਸ਼ਾਂਤੀ ਲਈ ਵੱਡੇ ਅਤੇ ਛੋਟੇ
ਦੇਸ਼ ਕਾਨਫ਼੍ਰੰਸਾਂ ਰਾਹੀਂ ਸ਼ਾਂਤੀ ਮਸੌਦੇ ਤਿਆਰ ਕਰਦੇ ਰਹਿੰਦੇ ਹਨ ਜਿਥੇ ਆਮ ਬੰਦੇ ਦੀ ਪਹੁੰਚ ਨਹੀਂ
ਹੁੰਦੀ। ਲੇਕਿਨ ਸਮਾਜਿਕ ਪਧਰ ਤੇ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਈਸ਼ਵਰੀ ਕੁਦਰਤ ਦੇ
ਮਨੁੱਖੀ ਚੇਤਨਾ ਸੰਬੰਧੀ ਵਖਰੇਵਿਆਂ
( Religious
Ideas) ਨੂੰ ਉਨ੍ਹਾਂ ਦੇ ਸਹੀ ਪ੍ਰੀਪੇਖ ਵਿੱਚ
ਸਮਝਦੇ ਹੋਏ ਵਿਸ਼ਵ ਸ਼ਾਂਤੀ ਅਰਥਾਤ ਸਰਬਤ ਦੇ ਭਲੇ ਵਿੱਚ ਆਪਣਾ ਆਪਣਾ ਕਿਰਦਾਰ ਅਦਾ ਕਰਦੇ ਰਹੀਏ।
ਅਵਲ ਅਲਹ ਨੂਰੁ ਉਪਾਇਆ ਕੁਦਰਤ ਕੇ ਸਭ ਬੰਦੇ।।
ਏਕ ਨੂਰ ਤੇ ਸਭ ਉਪਜਿਆ ਕੌਨ ਭਲੇ ਕਉ ਮੰਦੇ।।
ਏਹ ਗੱਲ ਧਰਮਾਂ ਨੂੰ ਮੰਨਣ ਵਾਲਿਆਂ ਵਿਚਕਾਰ ਮੌਜੂਦ ਅਸਹਿਮਤੀ ਦੀ ਭਾਵਨਾ
ਨਾਲੋਂ ਹਮੇਸ਼ਾਂ ਉੱਤੇ ਦੀ ਗੱਲ ਰਹਿਣੀ ਚਾਹੀਦੀ ਹੈ। ਇਸ ਗੱਲ ਨੂੰ ਸਮਝਦੇ ਰਹਿਣ ਦਾ ਯਤਨ ਕਰਦੇ
ਰਹਿਣਾ ਚਾਹੀਦਾ ਹੈ। ਇਹ ਜੀਵਨ ਜਾਚ ਸਿੱਖਣ ਦੀ ਜੁਗਤ ਹੈ।
ਏਕ ਦ੍ਰਿਸਟ ਕਰਿ ਸਮ ਸਰਿ ਜਾਣੈ ਜੋਗੀ ਕਈਏ ਸੋਈ।।
ਇਹੀ ਹੈ ਅੰਤਰ ਧਰਮ ਚੇਤਨਾ ਤੇ ਵਿਸ਼ਵ ਸ਼ਾਂਤੀ ਦਾ ਨੁਕਤਾ।
ਸ੍ਰ. ਹਰਦੇਵ ਸਿੰਘ ਜੰਮੂ