.

ਮਹਿਲਾ ਦਿਵਸ ਤੇ ਵਿਸ਼ੇਸ਼
ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ

ਅੱਜ ਸਾਡੇ ਦੇਸ਼ ਅੰਦਰ ਮਾਦਾ ਭਰੂਣ ਹੱਤਿਆਵਾਂ ਕਾਰਨ ਲੜਕੀਆਂ ਦੀ ਘੱਟ ਰਹੀ ਗਿਣਤੀ ਨੂੰ ਠੱਲ ਪਾਉਣ ਲਈ ਵੱਡੇ ਵੱਡੇ ਅਡੰਬਰ ਹੋ ਰਹੇ ਹਨ। ਕੇਂਦਰ ਸਰਕਾਰਾਂ, ਸੂਬਾ ਸਰਕਾਰਾਂ, ਪ੍ਰਸ਼ਾਸ਼ਨ, ਧਾਰਮਿਕ ਜਥੇਬੰਦੀਆਂ, ਸਮਾਜਿਕ ਜਥੇਬੰਦੀਆਂ ਆਦਿ ਮੰਨ ਲਉ ਕਿ ਹਰ ਇੱਕ ਹੀ ਮਾਦਾ ਭਰੂਣ ਹੱਤਿਆ ਦਾ ਵਿਰੋਧ ਕਰ ਰਿਹਾ ਹੈ, ਪਰ ਫਿਰ ਵੀ ਲੜਕੀਆਂ ਦੀ ਗਿਣਤੀ ਘੱਟ ਰਹੀ ਹੈ। ਸਾਡੇ ਮਰਦ ਪ੍ਰਧਾਨ ਦੇਸ਼ ਵਿੱਚ ਲੜਕੀਆਂ ਨੂੰ ਮਾਰਨ ਦੀ ਇਹ ਬਿਮਾਰੀ ਕੋਈ ਨਵੀਂ ਪੈਦਾ ਨਹੀਂ ਹੋਈ, ਇਹ ਤਾਂ ਮੁੱਢ ਤੋਂ ਹੀ ਚੱਲੀ ਆ ਰਹੀ ਹੈ। ਅਜੋਕੇ ਸਮੇਂ ਵਿੱਚ ਇਸਦਾ ਸਿਰਫ ਢੰਗ ਹੀ ਬਦਲਿਆ ਹੈ। ਮਾਦਾ ਭਰੂਣ ਹੱਤਿਆ ਦਾ ਮੁੱਖ ਕਾਰਣ ਇਸਤਰੀ ਦੀ ਨਾ ਬਰਾਬਰੀ ਹੀ ਹੈ। ਕਹਿਣ ਨੂੰ ਤਾਂ ਭਾਵੇਂ ਇਸਤਰੀ ਨੂੰ ਬਰਾਬਰਤਾ ਦਾ ਹੱਕ ਪ੍ਰਾਪਤ ਹੈ, ਪਰ ਅਸਲੀਅਤ ਇਸ ਦੇ ਉਲਟ ਹੈ, ਇਸਤਰੀ ਨਾਲ ਤਾਂ ਇੱਥੋਂ ਦੇ ਕਹੇ ਜਾਂਦੇ ਧਾਰਮਿਕ ਰਹਿਬਰਾਂ ਨੇ ਵੀ ਘੱਟ ਨਹੀਂ ਗੁਜਾਰੀ। ਮਹਾਂਭਾਰਤ ਦੇ ਨਾਇਕਾਂ ਨੇ ਆਪਣੀ ਪਤਨੀ ਦਰੋਪਤਾਂ ਨੂੰ ਆਪਣੀ ਵਸਤੂ ਸਮਝ ਕੇ ਜੂਏ ਵਿੱਚ ਹੀ ਹਾਰ ਦਿੱਤਾ ਸੀ, ਕਹੇ ਜਾਂਦੇ ਰਾਮ ਚੰਦਰ ਅਵਤਾਰ ਨੇ ਆਪਣੀ ਘਰ ਵਾਲੀ ਸੀਤਾ ਨੂੰ ਆਪਣੇ ਘਰੋਂ ਹੀ ਕੱਢ ਦਿੱਤਾ ਸੀ, ਤੁਲਸੀ ਜੀ ਰਮਾਇਣ ਵਿੱਚ ਲਿਖਦੇ ਹਨ ਕਿ ਢੋਰ, ਸੂਦਰ, ਪਸ਼ੂ ਔਰ ਨਾਰੀ ਚਾਰੋਂ ਤਾੜਨ ਕੇ ਅਧਿਕਾਰੀ। ਕਿਸੇ ਨੇ ਇਸਤਰੀ ਨੂੰ ਪੈਰ ਦੀ ਜੁੱਤੀ ਕਿਹਾ, ਕਿਸੇ ਨੇ ਨਰਕ ਦਾ ਦਰਵਾਜਾ। ਬੇਸ਼ੱਕ ਸਾਡੇ ਹਿੰਦੂ ਸਮਾਜ ਵਿੱਚ ਦੇਵੀਆਂ ਦੀ ਪੂਜਾ ਵੀ ਕੀਤੀ ਜਾਂਦੀ ਹੈ, ਪਰ ਸਭ ਤੋਂ ਵੱਧ ਇਸਤਰੀ ਦਾ ਸ਼ੋਸ਼ਣ ਵੀ ਹਿੰਦੂ ਸਮਾਜ ਵਿੱਚ ਹੀ ਹੋਇਆ ਹੈ। ਮੁਸਲਿਮ ਸਮਾਜ ਵਿੱਚ ਵੀ ਔਰਤਾਂ ਨੂੰ ਬਰਾਬਰਤਾ ਦਾ ਹੱਕ ਹਾਸਲ ਨਹੀਂ ਹੈ, ਮੁਸਲਿਮ ਔਰਤਾਂ ਨੂੰ ਵੀ ਪਰਦੇ (ਬੁਰਕੇ) ਵਿੱਚ ਹੀ ਰਹਿਣ ਦਾ ਅਧਿਕਾਰ ਹੈ।
ਸਿੱਖ ਮੱਤ ਦੇ ਮੋਢੀ ਬਾਬੇ ਨਾਨਕ ਜੀ ਨੇ ਔਰਤਾਂ ਦੇ ਹੱਕ ਵਿੱਚ ਅਵਾਜ ਉਠਾਉਦਿਆਂ ਕਿਹਾ ਸੀ ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣ ਵੀਅਹੁ॥ ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥ ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨ॥ ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ … … … …॥ (ਪੰਨਾ ਨੰ: 473)॥
ਪ੍ਰੋ: ਸਾਹਿਬ ਸਿੰਘ ਨੇ ਇਸ ਸ਼ਬਦ ਦੇ ਅਰਥ ਕਰਦਿਆਂ ਲਿਖਿਆ ਹੈ ਕਿ ਇਸਤਰੀ ਤੋਂ ਜਨਮ ਲਈਂਦਾ ਹੈ, ਇਸਤਰੀ ਦੇ ਪੇਟ ਵਿੱਚ ਹੀ ਪ੍ਰਾਣੀ ਦਾ ਸਰੀਰ ਬਣਦਾ ਹੈ, ਇਸਤਰੀ ਰਾਹੀਂ ਹੀ ਕੁੜਮਾਈ ਤੇ ਵਿਆਹ ਹੁੰਦਾ ਹੈ, ਇਸਤਰੀ ਰਾਹੀਂ ਹੀ ਹੋਰ ਲੋਕਾਂ ਨਾਲ ਸਬੰਧ ਬਣਦਾ ਹੈ, ਇਸਤਰੀ ਤੋਂ ਹੀ ਜਗਤ ਦੀ ਉਤਪਤੀ ਦਾ ਰਾਸਤਾ ਚੱਲਦਾ ਹੈ, ਜੇ ਇਸਤਰੀ ਮਰ ਜਾਏ ਤਾਂ ਹੋਰ ਇਸਤਰੀ ਦੀ ਭਾਲ ਕਰੀਂਦੀ ਹੈ, ਇਸਤਰੀ ਤੋਂ ਹੀ ਹੋਰਨਾਂ ਨਾਲ ਰਿਸ਼ਤੇਦਾਰੀ ਬਣਦੀ ਹੈ, ਜਿਸ ਇਸਤਰੀ ਜਾਤੀ ਤੋਂ ਰਾਜੇ ਭੀ ਜੰਮਦੇ ਹਨ ਉਸ ਨੂੰ ਮੰਦਾ ਆਖਣਾ ਠੀਕ ਨਹੀਂ ਹੈ। (ਸ਼੍ਰੀ ਗੁਰੂ ਗ੍ਰੰਥ ਸਾਹਿਬ ਦਰਪਣ, ਪੋਥੀ ਤੀਜੀ ਪੰਨਾ ਨੰ: 680)॥
ਪਰ ਅਜੋਕੀ ਸਿੱਖ ਮੱਤ ਵੀ ਬਾਬੇ ਨਾਨਕ ਦੇ ਸ਼ਬਦਾਂ ਨੂੰ ਰੱਟੇ ਲਾਕੇ ਪੜ੍ਹਨ ਤੱਕ ਹੀ ਸੀਮਿਤ ਹੈ, ਸਿਧਾਂਤਕ ਬਰਾਬਰਤਾ ਔਰਤਾਂ ਨੂੰ ਸਿੱਖ ਮੱਤ ਵਿੱਚ ਵੀ ਨਹੀਂ ਮਿਲ ਰਹੀ। ਜਿਵੇਂਕਿ ਖੰਡੇ ਦੀ ਪਹੁਲ ਤਿਆਰ ਕਰਨ ਸਮੇਂ ਇਸਤਰੀ ਨੂੰ ਪੰਜ ਪਿਆਰਿਆਂ ਵਿੱਚ ਸ਼ਾਮਿਲ ਨਾ ਕਰਨਾ, ਹਰਮੰਦਰ ਸਾਹਿਬ ਵਿਖੇ ਸਿੱਖ ਬੀਬੀਆਂ ਨੂੰ ਕੀਰਤਨ ਨਾ ਕਰਨ ਦੇਣਾ, ਗੁਰਦੁਆਰਿਆਂ ਵਿੱਚ ਪੁੱਤਰ ਪ੍ਰਾਪਤੀ ਦੀਆਂ ਅਰਦਾਸਾਂ ਕਰਨੀਆਂ, ਪੁੱਤਰ ਦੇ ਜਨਮ ਦੀ ਖੁਸ਼ੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਕਰਵਾਉਣੇ, ਅਨੰਦ ਕਾਰਜਾਂ ਸਮੇਂ ਲੜਕੀ ਦਾ ਪੱਲਾ ਲੜਕੇ ਹੱਥ ਫੜਾਉਣਾ, ਲੜਕੀ ਨੂੰ ਲੜਕੇ ਦੇ ਖੱਬੇ ਹੱਥ ਬਹਾਉਣਾ ਆਦਿ ਰਸਮਾਂ ਨਾ ਬਰਾਬਰੀ ਦੀਆਂ ਪਰਤੱਖ ਉਦਹਾਰਣਾਂ ਹਨ। ਬੇਸ਼ੱਕ ਕੁੱਝ ਗਿਣਤੀ ਦੀਆਂ ਔਰਤਾਂ ਨੇ ਆਪਣੀ ਯੋਗਤਾ ਸਦਕਾ ਉੱਚ ਮੁਕਾਮ ਹਾਸਿਲ ਕੀਤੇ ਹਨ, ਪਰ ਮਰਦ ਪ੍ਰਧਾਨ ਸਮਾਜ ਇਸਤਰੀ ਨੂੰ ਆਪਣੀ ਗੁਲਾਮ ਤੋਂ ਵੱਧ ਕੁੱਝ ਵੀ ਨਹੀਂ ਸਮਝਦਾ।
ਸਾਡੇ ਕਲਾਕਾਰ ਵੀ ਔਰਤਾਂ ਦੀ ਨਿਰਾਦਰੀ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੇ, ਕੋਈ ਕਲਾਕਾਰ ਗਾ ਰਿਹਾ ਹੁੰਦਾ ਹੈ ਕਿ ਮੁੱਢ ਕਦੀਮੋ ਹੁੰਦੀਆਂ ਰੰਨਾਂ ਬਦਕਾਰਾਂ ਜਾਂ ਕੀ ਏ ਰੰਨਾਂ ਦਾ ਇਤਬਾਰ, ਕੋਈ ਗਾ ਰਿਹਾ ਹੁੰਦਾ ਹੈ ਸੜਕਾਂ ਤੇ ਅੱਗ ਤੁਰੀ ਜਾਂਦੀ ਏ। ਜਿਸ ਤਰ੍ਹਾਂ ਇਸਤਰੀ ਨੂੰ ਅਜੋਕੇ ਗਾਣਿਆਂ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਉਸਨੂੰ ਸੁਣ ਕੇ ਤਾਂ ਸ਼ੈਤਾਨ ਵੀ ਸ਼ਰਮਾਉਣ ਲੱਗ ਪੈਂਦੇ ਹਨ। ਵੇਸ਼ਵਾਪੁਣੇ ਦਾ ਧੰਦਾ ਕਰਦੀਆਂ ਔਰਤਾਂ ਪਤਾ ਨਹੀਂ ਕਿਸ ਮਜਬੂਰੀ ਬੱਸ ਨਰਕ ਭਰੀ ਜਿੰਦਗੀ ਜਿਉਣ ਲਈ ਮਜਬੂਰ ਹੁੰਦੀਆਂ ਹਨ, ਪਰ ਉਨ੍ਹਾਂ ਦੇ ਅੱਡੇ (ਟਿਕਾਣੇ) ਹੁੰਦੇ ਹਨ ਜਿੱਥੇ ਉਹ ਦਿਨ ਕਟੀ ਕਰਦੀਆਂ ਮਰਦਾਂ ਦੀ ਹਵਸ ਪੂਰੀ ਕਰਦੀਆਂ ਹਨ। ਪਰ ਅਜੋਕੇ ਕਮੀਣੇ ਕਲਾਕਾਰਾਂ ਨੇ ਤਾਂ ਚਿੱਟੇ ਸੂਟ ਤੇ ਦਾਗ ਪੈ ਗਏ, ਗਲੀਆਂ ਦੇ ਵਿੱਚ ਗਾਰਾ ਜਿਹੇ ਗੀਤ ਗਾ ਕੇ ਔਰਤਾਂ ਨੂੰ ਗਲੀ ਗਲੀ ਫਿਰਦੀਆਂ ਵੇਸ਼ਵਾਵਾਂ ਦੇ ਰੂਪ ਵਿੱਚ ਪੇਸ਼ ਕਰਕੇ ਆਪਣੀ ਨੀਚ ਸੋਚ ਦਾ ਪ੍ਰਗਟਾਵਾ ਕਰਦਿਆਂ ਔਰਤਾਂ ਦੇ ਚਿੱਟੇ ਪਹਿਰਾਵੇ ਨੂੰ ਵੀ ਕਲੰਕਿਤ ਕਰਕੇ ਰੱਖ ਦਿੱਤਾ ਹੈ। ਚਿੱਟੇ ਕੱਪੜੇ ਸਾਦਗੀ ਦਾ ਪ੍ਰਤੀਕ ਹੁੰਦੇ ਹਨ, ਪਰ ਜਦ ਹੁਣ ਕੁੜੀਆਂ ਚਿੱਟੇ ਕੱਪੜੇ ਪਾ ਕੇ ਕਿਸੇ ਪਾਸੇ ਜਾਣਗੀਆਂ ਜਾਂ ਅਜਿਹੇ ਗਾਣਿਆਂ ਦੇ ਚਲਦੇ ਬੱਸਾਂ ਵਿੱਚ ਸਫਰ ਕਰਨਗੀਆਂ ਤਾਂ ਉਨ੍ਹਾਂ ਦਾ ਕੀ ਪ੍ਰਭਾਵ ਜਾਏਗਾ। ਅਜੋਕੇ ਕਲਾਕਾਰਾਂ ਨੂੰ ਹਰੇਕ ਲੜਕੀ ਬਦਚਲਣ ਜਾਂ ਮਾਸ਼ੂਕ ਹੀ ਨਜ਼ਰ ਆਉਂਦੀ ਹੈ, ਜੇ ਇੰਨ੍ਹਾਂ ਨੂੰ ਹਰ ਲੜਕੀ ਵਿੱਚੋਂ ਆਪਣੀ ਧੀ ਜਾਂ ਭੈਣ ਨਜ਼ਰ ਆਉਂਦੀ ਹੋਵੇ ਤਾਂ ਇਹ ਲੜਕੀਆਂ ਨੂੰ ਅਪਮਾਨਿਤ ਕਰਦੇ ਅਜਿਹੇ ਗੀਤ ਸ਼ਾਇਦ ਨਾ ਗਾਉਣ।
ਇਸਤਰੀ ਜਾਤੀ ਦੀ ਥਾਂ ਥਾਂ ਹੋ ਰਹੀ ਦੁਰਦਸ਼ਾ ਨੂੰ ਰੋਕਣ ਲਈ ਕੋਈ ਵੀ ਠੋਸ ਉਪਰਾਲਾ ਨਹੀਂ ਕੀਤਾ ਜਾਂਦਾ। ਬੱਸਾਂ, ਟਰੈਕਟਰਾਂ ਤੇ ਚੱਲਦੇ ਅਸ਼ਲੀਲ ਗਾਣੇ ਜਿੰਨ੍ਹਾਂ ਰਾਹੀਂ ਔਰਤਾਂ ਨੂੰ ਅੱਤ ਨਿੰਦਣ ਯੋਗ ਅਤੇ ਘਟੀਆ ਕਿਰਦਾਰ ਵਾਲੀਆਂ ਪੇਸ਼ ਕੀਤਾ ਗਿਆ ਹੁੰਦਾ ਹੈ। ਮਰਦ ਮਨੁੱਖ ਅੰਦਰੋਂ ਖਤਮ ਹੋਈ ਇਨਸਾਨੀਅਤ ਦੇ ਸੂਚਕ ਹਨ, ਸਾਡੀਆਂ ਸਰਕਾਰਾਂ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਜੋ ਇਸਤਰੀ ਪ੍ਰਤੀ ਹਮਦਰਦੀ ਦਾ ਪ੍ਰਗਟਾਵਾ ਕਰਦੀਆਂ ਹਨ, ਉਹ ਇਸਤਰੀ ਦੀ ਨਿਰਾਦਰੀ ਕਰਨ ਵਾਲੇ ਬੱਸਾਂ ਵਿੱਚ ਨਜਾਇਜ ਤੌਰ ਤੇ ਚੱਲਦੇ ਗੰਦੇ ਗਾਣਿਆਂ ਨੂੰ ਵੀ ਬੰਦ ਨਹੀਂ ਕਰਵਾ ਸਕਦੇ, ਕਲਾਕਾਰਾਂ ਅਤੇ ਕੈਸੇਟ ਕੰਪਨੀਆਂ ਨੂੰ ਰੋਕਣਾ ਤਾਂ ਦੂਰ ਦੀ ਗੱਲ ਹੈ। ਸਿੱਖ ਮੱਤ ਹੀ ਇੱਕ ਐਸੀ ਮੱਤ ਸੀ ਜਿਸ ਦੇ ਬਾਨੀਆਂ ਨੇ ਔਰਤ ਦੇ ਹੱਕ ਵਿੱਚ ਅਵਾਜ ਉਠਾਈ ਸੀ। ਕਦੇ ਸਿੱਖ ਹੁੰਦੇ ਸਨ ਜੋ ਜੰਗਲ ਬੇਲਿਆਂ ਵਿੱਚ ਰਹਿੰਦੇ ਹੋਏ ਵੀ ਦੇਸੀ ਵਿਦੇਸ਼ੀ ਜਰਵਾਣਿਆਂ ਤੋਂ ਔਰਤਾਂ ਉਤੇ ਕੀਤੇ ਜਾਂਦੇ ਅੱਤਿਆਚਾਰਾਂ ਵਿਰੁੱਧ ਮੈਦਾਨ ਵਿੱਚ ਨਿਤਰਦੇ ਹੁੰਦੇ ਸਨ, ਉਹ ਆਪਣੀਆਂ ਜਾਨਾਂ ਨੂੰ ਜੋਖਮ ਵਿੱਚ ਪਾ ਕੇ ਔਰਤਾਂ ਉਪਰ ਜੁਲਮ ਕਰਨ ਵਾਲੇ ਜਾਲਮਾਂ ਨੂੰ ਸੋਧ ਕੇ ਬੰਦੀ ਬਣਾਈਆਂ ਔਰਤਾਂ ਨੂੰ ਜਾਲਮਾਂ ਦੇ ਪੰਜਿਆਂ ਵਿੱਚੋਂ ਛੁਡਵਾ ਕੇ ਸਤਿਕਾਰ ਸਹਿਤ ਉਨ੍ਹਾਂ ਨੂੰ ਘਰੋਂ ਘਰੀਂ ਪਹੁੰਚਾ ਕੇ ਆਉਂਦੇ ਸਨ। ਪਰ ਅਜੋਕੇ ਸਿੱਖਾਂ “ਜੋ ਇਸਤਰੀ ਨੂੰ ਅੱਤ ਘਟੀਆ ਚਰਿੱਤਰਾਂ ਵਿੱਚ ਪੇਸ਼ ਕਰਨ ਵਾਲੀ ਅਸ਼ਲੀਲ ਕਵਿਤਾ (ਅਖੌਤੀ ਦਸ਼ਮ ਗ੍ਰੰਥ) ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਰੱਖ ਕੇ ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ਦਾ ਹੋਕਾ ਦੇਣ ਵਾਲੇ ਬਾਬੇ ਨਾਨਕ ਜੀ ਦਾ ਮੂੰਹ ਚਿੜਾ ਰਹੇ ਹਨ” ਤੋਂ ਔਰਤਾਂ ਪ੍ਰਤੀ ਧੀ ਭੈਣ ਵਾਲੀ ਸਾਂਝ ਜਾਂ ਸਿੱਖ ਮੱਤ ਵਿੱਚ ਕਦੇ ਔਰਤਾਂ ਨੂੰ ਬਰਾਬਰਤਾ ਮਿਲਣ ਦੀ ਆਸ ਰੱਖਣੀ ਵੀ ਮੂਰਖਤਾ ਤੋਂ ਵੱਧ ਕੁੱਝ ਨਹੀਂ ਹੋਵੇਗਾ।
ਸਕੂਲਾਂ, ਕਾਲਜਾਂ ਵਿੱਚ ਜਾਂਦੀਆਂ ਕੁੜੀਆਂ ਨੂੰ ਸੜਕਾਂ ਅਤੇ ਬੱਸਾਂ ਵਿੱਚ ਗਲਤ ਅਨਸਰਾਂ ਵੱਲੋਂ ਕੀਤੀ ਜਾਂਦੀ ਛੇੜ ਛਾੜ ਦਾ ਜੋ ਸਾਹਮਣਾ ਕਰਨਾ ਪੈਂਦਾ ਹੈ ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਹੈ, ਕੁੜੀਆਂ ਦੇ ਮਾਪਿਆਂ ਨੂੰ ਇੱਜਤਦਾਰ ਹੁੰਦੇ ਹੋਏ ਵੀ ਬੇਗੈਰਤੀ ਜਿੰਦਗੀ ਜਿਉਣੀ ਪੈਂਦੀ ਹੈ, ਜਿੰਨਾ ਚਿਰ ਲੜਕੀਆਂ ਸਕੂਲ ਕਾਲਜਾਂ ਜਾਂ ਕਿਸੇ ਆਪਣੇ ਹੋਰ ਕੰਮ ਤੋਂ ਵਾਪਿਸ ਘਰ ਨਹੀਂ ਪਹੁੰਚਦੀਆਂ, ਉਨਾ ਚਿਰ ਮਾਪਿਆਂ ਦੀ ਜਾਨ ਫੜੀ ਰਹਿੰਦੀ ਹੈ, ਆਪਣੀ ਧੀ ਨੂੰ ਪਾਲ ਪਲੋਸ ਕੇ ਪੜਾਉਣ ਉਪਰੰਤ ਉਸਦਾ ਦਾਨ ਕਰਨ ਲਈ ਵੀ ਧੀ ਵਾਲਿਆਂ ਨੂੰ ਪੁੱਤ ਵਾਲਿਆਂ ਅੱਗੇ ਮਿੰਨਤਾਂ ਕਰਨੀਆਂ ਪੈਂਦੀਆਂ ਹਨ, ਆਪਣੀ ਧੀ ਦੇਣ ਦੇ ਨਾਲ ਨਾਲ ਪੁੱਤ ਵਾਲਿਆਂ ਵੱਲੋਂ ਕੀਤੀ ਜਾਂਦੀ ਹਰ ਨਜਾਇਜ ਮੰਗ ਵੀ ਪੂਰੀ ਕਰਨੀ ਪੈਂਦੀ ਹੈ, ਪੁੱਤ ਵਾਲਿਆਂ ਦੀ ਹਰ ਮੰਗ ਪੂਰੀ ਕਰਨ ਦੇ ਬਾਵਜੂਦ ਵੀ ਲੜਕੀ ਆਪਣੇ ਸਹੁਰੇ ਘਰ ਬੇਗਾਨੀ ਹੀ ਰਹਿੰਦੀ ਹੈ।
ਅਜੋਕੇ ਬੇਕਾਰੇ ਅਤੇ ਨਸ਼ੇੜੀ ਲੜਕਿਆਂ ਪਿੱਛੇ ਲਾਈਆਂ ਲੜਕੀਆਂ ਨੂੰ ਸਾਰੀ ਜਿੰਦਗੀ ਹੀ ਤਿਲ ਤਿਲ ਪਲ ਪਲ ਮਰਨਾ ਪੈਂਦਾ ਹੈ, ਅਖੀਰ ਮੌਤ ਹੀ ਉਨ੍ਹਾਂ ਨੂੰ ਨਰਕ ਭਰੀ ਜਿੰਦਗੀ ਤੋਂ ਛੁਟਕਾਰਾ ਦਿਵਾਉਂਦੀ ਹੈ। ਪਰ ਦੁੱਖ ਦੀ ਗੱਲ ਹੈ ਕਿ ਮਰਦ ਔਰਤ ਨੂੰ ਮਰਨ ਵੀ ਨਹੀਂ ਦਿੰਦਾ ਅਤੇ ਜਿਉਣ ਵੀ ਨਹੀਂ ਦਿੰਦਾ, ਭਾਵ ਕਿ ਔਰਤ ਨੂੰ ਬਰਾਬਰਤਾ ਦੇ ਹੱਕ ਦੇਣ ਦਾ ਰੌਲਾ ਪਾਉਣ ਵਾਲਾ ਮਰਦ ਪ੍ਰਧਾਨ ਸਮਾਜ ਨਾ ਤਾਂ ਔਰਤ ਨੂੰ ਮਰਨ ਦਾ ਹੱਕ ਦਿੰਦਾ ਹੈ ਤੇ ਨਾ ਜਿਉਣ ਦਾ।
ਮਾਦਾ ਭਰੂਣ ਹੱਤਿਆ ਦੇ ਵਿਰੋਧ ਵਿੱਚ ਲਿਖੇ ਨਾਅਰੇ ‘ਜੇ ਧੀਆਂ ਮਾਰ ਮੁਕਾਉਗੇ ਤਾਂ ਬਹੁਆਂ ਕਿੱਥੋਂ ਲਿਆਉਗੇ’ ਪੜ੍ਹ ਕੇ ਹੈਰਾਨੀ ਹੁੰਦੀ ਹੈ ਕਿ ਮਰਦ ਪ੍ਰਧਾਨ ਸਮਾਜ ਆਪਣੇ ਲਈ ਬਹੂਆਂ (ਪਤਨੀਆਂ) ਦੀ ਹੋ ਰਹੀ ਘਾਟ ਕਾਰਨ ਹੀ ਹਉ ਕਲਾਪ ਕਰ ਰਿਹਾ ਹੈ ਕਿ ਲੜਕਿਆਂ ਲਈ ਲੜਕੀਆਂ ਦੀ ਗਿਣਤੀ ਘੱਟ ਰਹੀ ਹੈ, ਉਂਝ ਇਸਦੀ ਲੜਕੀਆਂ ਪ੍ਰਤੀ ਕੋਈ ਹਮਦਰਦੀ ਨਹੀਂ ਹੈ। ਜੇਕਰ ਲੜਕੀਆਂ ਦੀ ਗਿਣਤੀ ਲੜਕਿਆਂ ਨਾਲੋਂ ਦੁੱਗਣੀ ਹੋ ਜਾਵੇ, ਫਿਰ ਤਾਂ ਮਾਦਾ ਭਰੂਣ ਹੱਤਿਆ ਕਰਨਾ ਕੋਈ ਗੁਨਾਹ ਨਹੀਂ ਹੋਵੇਗਾ? ਜਾਂ ਫਿਰ ਇੱਕ ਲੜਕੇ ਨੂੰ ਦੋ ਦੋ ਬਹੂਆਂ ਦਿੱਤੀਆਂ ਜਾ ਸਕਦੀਆਂ ਹਨ? ਜਾਂ ਕੀ ਜੇ ਲੜਕੀਆਂ ਬਹੂਆਂ ਬਨਣ ਤੋਂ ਇਨਕਾਰ ਕਰ ਦੇਣ ਤਾਂ ਮਾਦਾ ਭਰੂਣ ਹੱਤਿਆ ਕੀਤੀ ਜਾ ਸਕਦੀ ਹੈ?
ਅੱਜ ਵੱਡੀ ਪੱਧਰ ਤੇ ਸ਼ੋਰ ਪਾਇਆ ਜਾ ਰਿਹਾ ਹੈ ਕਿ ਇੱਕ ਹਜਾਰ ਲੜਕਿਆਂ ਦੇ ਪਿੱਛੇ ਲੜਕੀਆਂ ਦੀ ਗਿਣਤੀ ਸੱਤ ਸੌ ਜਾਂ ਅੱਠ ਸੌ ਰਹਿ ਗਈ ਹੈ। ਅੱਜ ਇੰਨ੍ਹਾਂ ਮਾਦਾ ਭਰੂਣਾਂ (ਲੜਕੀਆਂ) ਦੇ ਹਮਦਰਦਾਂ ਨੂੰ ਕੋਈ ਪੁੱਛੇ ਕਿ ਕੀ ਸਾਡੇ ਦੇਸ਼ ਖਾਸ ਕਰਕੇ ਅਜੋਕੇ ਪੰਜਾਬ ਅੰਦਰ ਸੌ ਪ੍ਰਤੀਸ਼ਤ ਲੜਕੇ ਵਿਆਹ ਦੇ ਯੋਗ ਹਨ? ਅੱਜ ਲੜਕੀਆਂ ਦੀ ਗਿਣਤੀ ਘੱਟ ਹੋਣ ਦੇ ਬਾਵਜੂਦ ਵੀ ਲੜਕੀਆਂ ਵਾਲਿਆਂ ਨੂੰ ਵੱਡੀ ਪੱਧਰ ਤੇ ਭਾਲ ਕਰਨ ਉਪਰੰਤ ਵੀ ਨਸ਼ਿਆਂ ਤੋਂ ਰਹਿਤ ਲੜਕੇ ਨਹੀਂ ਮਿਲਦੇ। ਅੱਜ ਲਗਭਗ ਪੰਜਾਹ ਪ੍ਰਤੀਸ਼ਤ ਲੜਕੇ ਨਸ਼ਿਆਂ ਦੇ ਆਦੀ ਹਨ ਜਿੰਨ੍ਹਾਂ ਵਿੱਚੋਂ ਤੀਹ ਪ੍ਰਤੀਸ਼ਤ ਲੜਕੇ ਤਾਂ ਵਿਆਹੁਣ ਦੇ ਯੋਗ ਵੀ ਨਹੀਂ ਹਨ। ਇਸਤਰੀ ਨੂੰ ਅਖੌਤੀ ਬਰਾਬਰਤਾ ਦੇਣ ਦੇ ਨਾਅਰੇ ਲਾਉਣ ਵਾਲੇ ਠੇਕੇਦਾਰ ਜੋ ਹਜਾਰ ਲੜਕੀ ਪੈਦਾ ਕਰਵਾਉਣੀ ਚਾਹੁੰਦੇ ਹਨ ਉਹ ਤਿੰਨ ਸੌ ਲੜਕੀ ਵਾਸਤੇ ਕੀ ਪ੍ਰਬੰਧ ਕਰਨਗੇ? ਜਾਂ ਕੀ ਤਿੰਨ ਸੌ ਲੜਕੀ ਨੂੰ ਤਿੰਨ ਸੌ ਨਸ਼ੇੜੀ ਲੜਕਿਆਂ ਦੀ ਹਵਸ ਪੂਰੀ ਕਰਨ ਅਤੇ ਉਨ੍ਹਾਂ ਤੋਂ ਕੁੱਟ ਖਾ ਖਾ ਕੇ ਨਰਕ ਭਰੀ ਜਿੰਦਗੀ ਜਿਉਣ ਲਈ ਛੱਡ ਦਿੱਤਾ ਜਾਵੇਗਾ?
ਮਾਦਾ ਭਰੂਣਾਂ ਦੇ ਹਮਾਇਤੀਆਂ ਨੂੰ ਜਨਮੀਆਂ ਹੋਈਆਂ ਲੜਕੀਆਂ ਦੇ ਜਿਉਣ ਅਤੇ ਸੁਰੱਖਿਆ ਦਾ ਪ੍ਰਬੰਧ ਵੀ ਕਰਨਾ ਚਾਹੀਦਾ ਹੈ। ਇੱਥੇ ਤਾਂ ਜੇ ਕੋਈ ਗਰੀਬ ਮਾਂ ਬਾਪ ਨਾ ਚਾਹੁੰਦੇ ਹੋਏ ਵੀ ਆਪਣੀ ਲੜਕੀ ਦਾ ਰਿਸ਼ਤਾ ਕੁੱਝ ਕੁ ਨਾ ਮਾਤਰ ਪੈਸੇ ਲੈ ਕੇ ਕਰ ਦਿੰਦਾ ਹੈ ਤਾਂ ਉਸਨੂੰ ਸਾਡੇ ਸਮਾਜ ਵਿੱਚ ਬਹੁਤ ਮਾੜਾ ਗਿਣਿਆ ਜਾਂਦਾ ਹੈ ਅਤੇ ਕਈ ਪੀਹੜੀਆਂ ਉਨ੍ਹਾਂ ਨੂੰ ਕੁੜੀਆਂ ਦੇ ਪੈਸੇ ਲੈਣ ਦੇ ਮੇਹਣੇ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਮੁੰਡੇ ਵਾਲੇ ਅਮੀਰ ਹੁੰਦੇ ਹੋਏ ਵੀ ਬਗੈਰ ਲੋੜ ਤੋਂ ਧੀਆਂ ਵਾਲਿਆਂ ਤੋਂ ਸ਼ਰੇਆਮ ਲੱਖਾਂ ਰੁਪਏ ਲੈ ਕੇ ਵੀ ਇੱਜਤਦਾਰ ਕਹਾਉਂਦੇ ਹਨ। ਦੇਖੋ ਮਰਦ ਪ੍ਰਧਾਨ ਸਮਾਜ ਦੀ ਦੋਗਲੀ ਨੀਤੀ, ਧੀਆਂ ਦੇ ਪੈਸੇ ਲੈਣ ਵਾਲੇ ਬੇਇੱਜਤੇ ਅਤੇ ਪੁੱਤਾਂ ਦੇ ਪੈਸੇ ਲੈਣ ਵਾਲੇ ਇੱਜਤਦਾਰ। ਮਰਦ ਪ੍ਰਧਾਨ ਸਮਾਜ ਵਿੱਚ ਔਰਤ ਨੂੰ ਮਿਲੀ ਬਰਾਬਰਤਾ ਇੱਥੇ ਸਪੱਸ਼ਟ ਹੁੰਦੀ ਹੈ ਜਿੱਥੇ ਚੰਗੀਆਂ ਧੀਆਂ ਦੇ ਮਾਪੇ ਇੱਜਤਦਾਰ ਨਹੀਂ ਹੋ ਸਕਦੇ ਅਤੇ ਮਾੜੇ ਪੁੱਤਰਾਂ ਦੇ ਮਾਪੇ ਬੇਇੱਜਤੇ ਨਹੀਂ ਹੋ ਸਕਦੇ। ਫਿਰ ਕੌਣ ਧੀਆਂ ਨੂੰ ਪੈਦਾ ਕਰਕੇ ਬੇਇੱਜਤੀ ਕਰਵਾਉਣੀ ਚਾਹੇਗਾ?
ਅੱਜ ਲੜਕੀਆਂ ਕਿਤੇ ਵੀ ਸੁਰੱਖਿਅਤ ਨਹੀਂ ਹਨ। ਇੱਕ ਸੱਚੀ ਘਟਨਾ ਮੇਰੇ ਸਾਹਮਣੇ ਬਾਰ ਬਾਰ ਘੁੰਮਦੀ ਰਹਿੰਦੀ ਹੈ, ਇੱਥੇ ਲੜਕੀ ਦੇ ਪਿੰਡ ਦਾ ਨਾਂ ਲਿਖਣਾ ਤਾਂ ਠੀਕ ਨਹੀਂ ਹੈ। ਇੱਕ ਪਿੰਡ ਵਿੱਚ ਕਿਸਾਨ ਦੀ ਜਵਾਨ ਧੀ ਜੋ ਰੰਗ ਰੂਪ ਦੀ ਵੀ ਕਾਫੀ ਸੋਹਣੀ ਸੀ, ਪਿੰਡ ਦੇ ਹੀ ਦੋ ਤਿੰਨ ਮੁੰਡੇ ਉਸਦਾ ਪਿੱਛਾ ਕਰਨ ਲੱਗ ਪਏ, ਪਰਿਵਾਰ ਨੂੰ ਵੀ ਇਸ ਘਟਨਾ ਦਾ ਪਤਾ ਲੱਗ ਗਿਆ, ਪਰ ਗੁੰਡਾ ਅਨਸਰਾਂ ਦੇ ਹੌਂਸਲੇ ਇਸ ਹੱਦ ਤੱਕ ਵਧੇ ਹੋਏ ਸਨ ਕਿ ਉਹ ਕਹਿਣ ਲੱਗੇ ਕਿ ਕੰਧ ਟੱਪ ਕੇ ਕੁੜੀ ਨੂੰ ਚੁੱਕ ਲਿਆਵਾਂਗੇ। ਅਖੀਰ ਗੁੰਡਿਆਂ ਦੀਆਂ ਹਰਕਤਾਂ ਨੂੰ ਵੇਖਦਿਆਂ ਲੜਕੀ ਦੇ ਪਿਤਾ ਨੂੰ ਸੋਟੀ ਚੁੱਕ ਕੇ ਆਪਣੇ ਘਰ ਦੇ ਬਾਰ ਅੱਗੇ ਬੈਠਣਾ ਪਿਆ, ਇਸ ਤਰ੍ਹਾਂ ਇੱਕ ਬਾਪ ਨੇ ਆਪਣੀ ਲੜਕੀ ਨੂੰ ਗੁੰਡਿਆਂ ਤੋਂ ਬਚਾਇਆ, ਇਸ ਸਮੇਂ ਲੜਕੀ ਦੇ ਬਾਪ ਦੇ ਮਨ ਤੇ ਕੀ ਬੀਤਦੀ ਹੋਵੇਗੀ। ਜੇ ਅਜਿਹੀ ਘਟਨਾ ਦੀ ਸ਼ਿਕਾਇਤ ਥਾਣੇ ਚਲੀ ਜਾਵੇ ਤਾਂ ਵੀ ਲੜਕੀ ਦੀ ਹੀ ਮਿੱਟੀ ਪਲੀਤ ਹੁੰਦੀ ਹੈ। ਗੁੰਡੇ ਅਨਸਰ ਤਾਂ ਇਸ ਵਿੱਚ ਵੀ ਫਖਰ ਮਹਿਸੂਸ ਕਰਦੇ ਹਨ।
ਕਿਰਨ ਬੇਦੀ ਵਰਗੀਆਂ ਬਹਾਦਰ ਔਰਤਾਂ ਨੂੰ ਵੀ ਆਪਣੇ ਅਹੁਦੇ ਤੋਂ ਅਸਤੀਫੇ ਦੇਣੇ ਪੈਂਦੇ ਹਨ, ਸਾਡੇ ਕਾਨੂੰਨ ਦੇ ਰਾਖੇ ਸਾਬਕਾ ਪੁਲਿਸ ਮੁਖੀ ਕੇ. ਪੀ. ਐਸ. ਗਿੱਲ ਵਰਗੇ ਵੀ ਔਰਤਾਂ ਨਾਲ ਛੇੜ ਛਾੜ ਦੇ ਮਾਮਲਿਆਂ ਵਿੱਚ ਨੰਗੇ ਹੋ ਚੁੱਕੇ ਹਨ। ਘਰਾਂ ਤੋਂ ਲੈ ਕੇ ਸਕੂਲਾਂ, ਕਾਲਜਾਂ, ਬੱਸਾਂ, ਰਸਤਿਆਂ, ਥਾਣਿਆਂ, ਜੇਲ੍ਹਾਂ, ਗੁਰਦੁਆਰਿਆਂ, ਮੰਦਰਾਂ, ਡੇਰਿਆਂ ਆਦਿ ਵਿੱਚ ਔਰਤਾਂ ਕਿਤੇ ਵੀ ਸੁਰੱਖਿਅਤ ਨਹੀਂ ਹਨ।
ਜਦੋਂ ਸਾਡੀਆਂ ਸਰਕਾਰਾਂ ਪੁਲਿਸ ਪ੍ਰਸ਼ਾਸ਼ਨ ਅਤੇ ਸਮਾਜ ਸੱਤ ਸੌ ਲੜਕੀ ਨੂੰ ਸੁਰੱਖਿਅਤ ਨਹੀਂ ਦੇ ਸਕਦਾ ਫਿਰ ਇਨ੍ਹਾਂ ਨੂੰ ਕੀ ਹੱਕ ਹੈ ਕਿ ਇਹ ਇੱਕ ਹਜਾਰ ਲੜਕੀ ਪੈਦਾ ਕਰਨ ਦੀ ਵਕਾਲਤ ਕਰਨ? ਮੇਰੇ ਇਸ ਲੇਖ ਦਾ ਮਕਸਦ ਇਹ ਨਹੀਂ ਹੈ ਕਿ ਮਾਦਾ ਭਰੂਣ ਹੱਤਿਆ ਹੋਣੀ ਚਾਹੀਦੀ ਹੈ, ਮਾਦਾ ਭਰੂਣ ਹੱਤਿਆ ਇੱਕ ਬਹੁਤ ਵੱਡਾ ਗੁਨਾਹ ਹੈ ਜਿਸ ਦਾ ਡੱਟ ਕੇ ਵਿਰੋਧ ਵੀ ਹੋਣਾ ਚਾਹੀਦਾ ਹੈ ਪਰ ਸਾਨੂੰ ਅਣ ਜੰਮੀਆਂ ਧੀਆਂ (ਮਾਦਾ ਭਰੂਣਾਂ) ਦੇ ਹਮਦਰਦਾਂ ਨੂੰ ਜਨਮ ਤੋਂ ਬਾਅਦ ਦੀ ਧੀਆਂ ਦੀ ਦਰਦਾਂ ਭਰੀ ਕੁਰਲਾਹਟ ਕਿਉਂ ਨਹੀਂ ਸੁਣਾਈ ਦਿੰਦੀ। ਮਰਦ ਅਤੇ ਔਰਤ ਗ੍ਰਹਿਸਥੀ ਗੱਡੀ ਦੇ ਦੋ ਪਹੀਏ ਹਨ, ਦੋਹਾਂ ਵਿੱਚ ਹਰ ਪਹਿਲੂ ਤੇ ਬਰਾਬਰਤਾ ਹੋਣੀ ਅੱਤ ਜਰੂਰੀ ਹੈ। ਇਹ ਬਰਾਬਰਤਾ ਸਿਰਫ ਲਿੰਗ ਅਨੁਪਾਤ ਲਈ ਹੀ ਹੋਣੀ ਜਰੂਰੀ ਨਹੀਂ ਸਗੋਂ ਬਰਾਬਰਤਾ ਦੇ ਅਧਿਕਾਰਾਂ ਲਈ ਵੀ ਜਰੂਰੀ ਹੈ। ਲੜਕੀ ਦਾ ਆਪਣਾ ਕਿਤੇ ਵੀ ਘਰ ਨਹੀਂ ਹੁੰਦਾ, ਮਾਪਿਆਂ ਦੇ ਘਰ ਲੜਕੀ ਬੇਗਾਨਾ ਧਨ ਹੁੰਦੀ ਹੈ ਅਤੇ ਸੁਹਰਿਆਂ ਦੇ ਘਰ ਬੇਗਾਨੀ ਧੀ ਹੁੰਦੀ ਹੈ। ਅੱਜ ਲੋੜ ਹੈ ਲੜਕੀਆਂ (ਇਸਤਰੀ ਜਾਤੀ) ਨੂੰ ਅਸਲੀਅਤ ਵਿੱਚ ਸਮਾਜਿਕ, ਆਰਥਿਕ ਅਤੇ ਧਾਰਮਿਕ ਬਰਾਬਰਤਾ ਦੇਣ ਦੀ ਅਤੇ ਲੜਕੀਆਂ ਪ੍ਰਤੀ ਆਪਣੀ ਮਾਨਸਿਕਤਾ ਬਦਲਣ ਦੀ। ਜਦੋਂ ਧੀਆਂ ਮਾਪਿਆਂ ਲਈ ਕਿਸੇ ਕਿਸਮ ਦਾ ਬੋਝ ਨਹੀਂ ਰਹਿਣਗੀਆਂ ਫਿਰ ਕੋਈ ਵੀ ਮਾਂ ਬਾਪ ਮਦਾ ਭਰੂਣ ਹੱਤਿਆ ਕਰਵਾਉਣ ਬਾਰੇ ਸੋਚੇਗਾ ਵੀ ਨਹੀਂ। ਜਿੰਨਾ ਚਿਰ ਗੁੰਡੇ ਅਨਸਰਾਂ ਤੋਂ ਆਪਣੀ ਧੀ ਦੀ ਇੱਜਤ ਬਚਾਉਣ ਲਈ ਬਾਪ ਨੂੰ ਸੋਟੀ ਚੁੱਕ ਕੇ ਬਾਰ ਅੱਗੇ ਪਹਿਰਾ ਦੇਣਾ ਪਵੇਗਾ ਅਤੇ ਲੜਕੀ ਦਾ ਦਾਨ ਕਰਨ ਸਮੇਂ ਦਾਜ (ਦਹੇਜ) ਰੂਪੀ ਦੰਡ ਭਰਨਾ ਪਵੇਗਾ, ਉਨਾ ਚਿਰ ਮਾਦਾ ਭਰੂਣ ਹੱਤਿਆ ਬੰਦ ਨਹੀਂ ਹੋਵੇਗੀ ਕਿਉਂਕਿ ਕੌਣ ਚਾਹੁੰਦਾ ਹੈ ਕਿ ਗੁੰਡੇ ਅਨਸਰ ਉਸ ਦੀ ਧੀ ਨੂੰ ਚੁੱਕ ਕੇ ਲੈ ਜਾਣ ਜਾਂ ਲੜਕੀ ਪੈਦਾ ਕਰਕੇ ਪਾਲ ਪਲੋਸ ਕੇ ਕਿਸੇ ਨੂੰ ਦੇਣ ਲਈ ਉਸ ਨੂੰ ਕਿਸੇ ਦਾ ਹਾੜੇ ਕੱਢਣੇ ਪੈਣ ਅਤੇ ਧੀ ਜੰਮਣ ਦੇ ਗੁਨਾਹ ਵਿੱਚ ਉਸਨੂੰ ਲੜਕੇ ਵਾਲਿਆਂ ਨੂੰ ਧੀ ਦੇ ਨਾਲ ਨਾਲ ਲੱਖਾਂ ਰੁਪਏ ਦੇ ਕੇ ਵੀ ਨੀਵਾਂ ਹੋਣਾ ਪਵੇ। ਇਸ ਲਈ ਜਿੰਨਾ ਚਿਰ ਮਾਦਾ ਭਰੂਣ ਹੱਤਿਆ ਦੇ ਕਾਰਨ ਔਰਤਾਂ ਦੀ ਨਾ ਬਰਾਬਰੀ ਨੂੰ ਖਤਮ ਕਰਕੇ ਲੜਕੀਆਂ ਨੂੰ ਲੜਕਿਆਂ ਵਾਂਗ ਹਰ ਪੱਖ ਤੋਂ ਬਰਾਬਰਤਾ ਨਹੀਂ ਦਿੱਤੀ ਜਾਂਦੀ ਉਨਾ ਚਿਰ ਮਾਦਾ ਭਰੂਣ ਹੱਤਿਆਵਾਂ ਨੂੰ ਰੋਕਣਾ ਸੰਭਵ ਨਹੀਂ ਹੋਵੇਗਾ।
ਅਲਟਰਾ ਸਾਊਂਡ ਮਸ਼ੀਨਾਂ ਰਾਹੀਂ ਕੀਤੀ ਜਾਂਦੀ ਲਿੰਗ ਜਾਂਚ ਤੇ ਪਾਬੰਦੀ ਲਾਉਣ ਜਾਂ ਮਾਦਾ ਭਰੂਣ ਹੱਤਿਆ ਕਰਨ ਅਤੇ ਕਰਵਾਉਣ ਵਾਲਿਆਂ ਵਿਰੁੱਧ ਕੇਸ ਦਰਜ ਕਰਕੇ, ਅਜਿਹੇ ਕਾਨੂੰਨੀ ਧੱਕੇ ਨਾਲ ਲੜਕੀਆਂ ਨੂੰ ਕਿਸੇ ਦੇ ਘਰ ਜਬਰਦਸਤੀ ਪੈਦਾ ਨਹੀਂ ਕਰਵਾਇਆ ਜਾ ਸਕਦਾ। ਅਜਿਹੇ ਧੱਕੇ ਦਾ ਖਮਿਆਜਾ ਵੀ ਗਰੀਬ ਪਰਿਵਾਰਾਂ (ਲੋਕਾਂ) ਨੂੰ ਹੀ ਭੁਗਤਣਾ ਪੈਂਦਾ ਹੈ ਕਿਉਂਕਿ ਅਲਟਰਾ ਸਾਉਂਡ ਮਸ਼ੀਨਾਂ ਵਾਲੇ ਆਮ ਖਾਸ ਗਰੀਬਾਂ ਦੀ ਤਾਂ ਅਜਿਹੀ ਜਾਂਚ ਕਰਦੇ ਹੀ ਨਹੀਂ, ਜੇ ਕੋਈ ਚਾਹੁੰਦਾ ਵੀ ਹੋਵੇ ਤਾਂ ਉਹ ਲਿੰਗ ਜਾਂਚ ਤੇ ਪਾਬੰਦੀ ਲੱਗਣ ਕਾਰਨ ਇਸ ਦੀ ਮਹਿੰਗੀ ਹੋਈ ਫੀਸ ਦੇਣ ਤੋਂ ਅਸਮੱਰਥ ਹੋਣ ਕਾਰਨ ਮਜਬੂਰੀ ਵੱਸ ਹੋਣ ਵਾਲੇ ਬੱਚੇ ਨੂੰ ਪੈਦਾ ਕਰਨ ਹੀ ਠੀਕ ਸਮਝਦਾ ਹੈ ਬਾਅਦ ਵਿੱਚ ਭਾਵੇਂ ਉਸਨੂੰ ਬੱਚਾ ਰੂੜੀਆਂ ਜਾਂ ਝਾੜੀਆਂ ਵਿੱਚ ਹੀ ਕਿਉਂ ਨਾ ਸੁੱਟਣਾ ਪਵੇ। ਅਮੀਰ ਲੋਕਾਂ ਤੇ ਅਜਿਹੀਆਂ ਕਾਨੂੰਨੀ ਪਾਬੰਦੀਆਂ ਦਾ ਕੋਈ ਅਸਰ ਨਹੀਂ ਹੁੰਦਾ ਕਿਉਂਕਿ ਉਹ ਪੈਸੇ ਦੇ ਜੋਰ ਨਾਲ ਸਭ ਕੁੱਝ ਖਰੀਦਣ ਦੇ ਸਮੱਰਥ ਹੁੰਦੇ ਹਨ। ਫਿਰ ਵੀ ਜੇ ਅਸੀਂ ਅਸਲੀਅਤ ਨੂੰ ਸਮਝੇ ਬਗੈਰ ਅਜਿਹੀਆਂ ਕਾਨੂੰਨੀ ਪਾਬੰਦੀਆਂ ਦੇ ਸਹਾਰੇ ਲੜਕੀਆਂ ਦੀ ਗਿਣਤੀ ਵਿੱਚ ਵਾਧਾ ਕਰ ਵੀ ਲਵਾਂਗੇ ਤਾਂ ਵੀ ਇਹ ਕੋਈ ਵੱਡੀ ਪ੍ਰਾਪਤੀ ਨਹੀਂ ਹੋਵੇਗੀ, ਪ੍ਰਾਪਤੀ ਤਾਂ ਇਸ ਵਿੱਚ ਹੈ ਕਿ ਅਸੀਂ ਸਮਾਜ ਦੀ ਮਾਨਸਿਕਤਾ ਬਦਲ ਕੇ ਇਸ ਵਿੱਚੋਂ ਮੁੰਡੇ ਕੁੜੀ ਦੇ ਅੰਤਰ ਨੂੰ ਹੀ ਖਤਮ ਕਰ ਦੇਈਏ। ਧੀਆਂ ਦੇ ਮਾਪੇ ਸਮਾਜ ਵਿੱਚ ਨੀਵੇਂ ਨਾ ਹੋਣ, ਪੁੱਤਾਂ ਦੇ ਮਾਪੇ ਸਮਾਜ ਵਿੱਚ ਉੱਚੇ ਨਾ ਹੋਣ, ਕੋਈ ਕਿਸੇ ਦਾ ਗੁਲਾਮ ਨਾ ਹੋਵੇ ਕੋਈ ਕਿਸੇ ਤੇ ਨਿਰਭਰ ਨਾ ਹੋਵੇ, ਇਸਤਰੀ ਅਤੇ ਪੁਰਸ਼ ਇੱਕ ਦੂਜੇ ਦੇ ਪੂਰਕ ਹੁੰਦੇ ਹੋਏ ਹਰ ਪੱਖ ਤੋਂ ਬਰਾਬਰਤਾ ਦਾ ਆਨੰਦ ਮਾਨਣ ਫਿਰ ਨਾ ਹੀ ਕੋਈ ਮਾਦਾ ਭਰੂਣ ਹੱਤਿਆ ਕਰਵਾਉਣ ਵਾਰੇ ਸੋਚੇਗਾ ਅਤੇ ਨਾ ਹੀ ਮਾਦਾ ਭਰੂਣ ਹੱਤਿਆ ਤੇ ਪਾਬੰਦੀ ਲਾਉਣੀ ਪਵੇਗੀ।
ਹਰਪ੍ਰੀਤ ਕੌਰ ਪੁੱਤਰੀ ਗੋਬਿੰਦਰ ਸਿੰਘ
ਬੋਹਾ ਰੋਡ, ਬੁਢਲਾਡਾ
ਨੇੜੇ ਅਮਰ ਦਾ ਤੇਲ ਪੰਪ ਜਿਲ੍ਹਾ ਮਾਨਸਾ
ਫੋਨ ਨੰ: 98766-43243




.