.

ਵਿਸ਼ਵ ਸਿੱਖ ਸੰਮੇਲਨ-ਧਾਰਮਿਕ ਇੰਕਲਾਬ ਦਾ ਆਗਾਜ਼

(ਡਾ ਗੁਰਮੀਤ ਸਿੰਘ ਬਰਸਾਲ ਕੈਲੇਫੋਰਨੀਆਂ)

ਕੁਦਰਤ ਦਾ ਨਿਯਮ ਹੈ ਕਿ, ਜਿੰਨੀ ਕੋਈ ਚੀਜ ਸ਼ੁੱਧ ਹੋਵੇਗੀ ਉਨਾ ਹੀ ਉਸਨੂੰ ਸੰਭਾਲ ਕੇ ਰੱਖਣਾਂ ਜਿਆਦਾ ਔਖਾ ਹੋਵੇਗਾ। ਸਾਡਾ ਥੋੜਾ ਜਿਹਾ ਅਵੇਸਲਾਪਣ ਉਸ ਚੀਜ ਦੀ ਵਿਗੜਨ ਦੀ ਸੰਭਾਵਨਾ ਨੂੰ ਵਧਾ ਦੇਵੇਗਾ। ਸ਼ਾਇਦ ਏਸੇ ਕਾਰਣ ਸੁਆਣੀਆਂ ਘਰ ਵਿੱਚ ਪਏ ਹੋਰ ਪਦਾਰਥਾਂ ਨਾਲੋਂ ਦੁੱਧ ਦਾ ਜਿਆਦਾ ਧਿਆਨ ਰੱਖਦੀਆਂ ਹਨ। ਇਸੇ ਤਰਾਂ ਜਿੰਨੀ ਉੱਚੀ ਸੁੱਚੀ ਤੇ ਚੰਗੀ ਵਿਚਾਰਧਾਰਾ ਹੋਵੇਗੀ ਉਨਾਂ ਹੀ ਉਸ ਵਿੱਚ ਕਾਂਜੀ ਪੈਣ ਦੀ ਸੰਭਾਵਨਾਂ ਵੱਧ ਹੋਵੇਗੀ। ਪਰ ਬਲਿਹਾਰੇ ਜਾਈਏ ਪੰਜਵੇਂ ਨਾਨਕ ਗੁਰੂ ਅਰਜਨ ਦੇਵ ਜੀ ਦੀ ਦੂਰਦ੍ਰਿਸ਼ਟਤਾ ਦੇ, ਜਿਨਾ ਸਮੁੱਚੀ ਮਨੁੱਖਤਾ ਲਈ ਨਾਨਕ -ਸੋਚ ਅਨੁਸਾਰ ਬਣਾਏ ਜਾ ਰਹੇ ਮਾਡਲ ਮਨੁੱਖ ਦੇ ਵਿਚਾਰਧਾਰਕ ਖਾਕੇ ਨੂੰ ਇਸ ਤਰਾਂ ਤਿਆਰ ਕੀਤਾ ਕਿ ਲੱਖ ਕੋਸ਼ਿਸ਼ਾਂ ਬਾਅਦ ਵੀ ਕੋਈ ਰਲ਼ਾ ਨਾਂ ਪਾ ਸਕੇ। ਸ਼ਬਦਾਂ ਨੂੰ ਇੱਕ ਖਾਸ ਤਰਤੀਬ ਦਿੰਦਿਆਂ, ਇੱਥੋਂ ਤੱਕ ਕਿ ਭਗਤਾਂ- ਭੱਟਾਂ ਆਦਿ ਦੇ ਸਲੋਕਾਂ ਦੇ ਪਿੱਛੇ ਜਿੱਥੇ ਕਿਤੇ ਪੜਨ ਵਾਲੇ ਲਈ ਵਿਚਾਰਧਾਰਕ ਟਪਲੇ ਦੀ ਗੁੰਜਾਇਸ਼ ਬਣਨ ਦੀ ਸੰਭਾਵਨਾ ਬਣਦੀ ਲੱਗੀ, ਉਹੀ ਭਾਵ ਪ੍ਰਗਟਾਉਂਦਾ, ਆਪਣਾਂ ਸ਼ਬਦ ਦਰਜ ਕਰ ਦਿੱਤਾ। ਪਰ ਸਾਡੀ ਵਿਚਾਰਗੀ ਦੇਖੋ, ਕਿ ਦੁਨੀਆਂ ਦਾ ਭਵਿੱਖਮੁਖੀ ਸਰਵੋਤਮ ਮਨੁੱਖੀ ਮਾਡਲ ਕੋਲ ਹੁੰਦੇ ਅਜੇ ਤੱਕ ਸਪੱਸਟਤਾ ਨਾਲ ਸੰਸਾਰ ਨੂੰ ਦੱਸ ਹੀ ਨਹੀਂ ਸਕੇ। ਸਾਡੀ ਹੋਣੀ ਦੀ ਡੋਰ ਕਦੇ ਮਾੜੇ ਹਾਲਾਤਾਂ, ਕਦੇ ਮਾੜੇ ਲੀਡਰਾਂ ਉੱਤੇ ਨਿਰਭਰ ਰਹੀ। ਸਮੁੱਚੀ ਕੌਮ ਨੂੰ ਕਦੇ ਵੀ ਸਿਰ ਜੋੜ ਕੇ ਬੈਠਣ ਦਾ ਮੌਕਾ ਨਹੀਂ ਮਿਲਿਆ। ਹਾਲਾਤਾਂ ਦੀ ਮਜਬੂਰੀ ਕਾਰਣ ਇੱਕ ਮਿਲਗੋਭਾ ਸਿੱਖੀ ਦੀ ਤਸਵੀਰ ਬਣਦੀ ਬਣਦੀ ਅਜਿਹੇ ਰੂਪ ਵਿੱਚ ਬਦਲ ਗਈ ਜਿਥੋਂ ਗੁਰੂ ਨਾਨਕ ਸਾਹਿਬ ਦਾ ਸਿੱਖ 99% ਗਾਇਬ ਹੋ ਗਿਆ। ਅਸੀਂ ਅਖਾਉਤੀ ਪੂਜਾ, ਅੰਧਵਿਸਵਾਸ, ਕਰਮਕਾਂਢ, ਬਾਹਰੀ ਦਿੱਖ, ਪਹਿਰਾਵੇ, ਕੱਟੜਵਾਦ ਆਦਿ ਨੂੰ ਹੀ ਸਿੱਖੀ ਸਮਝ ਬੈਠੇ। ਸਾਡੀ ਡੋਰ ਵੀ ਅਜਿਹੇ ਸਵਾਰਥੀ ਰਾਜਨੀਤਕ ਤੇ ਮਜ਼ਹਬੀ ਲੀਡਰਾਂ ਦੇ ਹੱਥ ਆ ਗਈ ਜਿਨਾ ਕਦੇ ਵੀ ਅਸਾਨੂੰ ਸਵੈ-ਪੜਚੋਲ ਨਹੀਂ ਕਰਨ ਦਿੱਤੀ। ਕਿਉਂਕਿ ਅੰਧਵਿਸਵਾਸੀ ਤੇ ਜੀ ਹਜੂਰੀ ਪੰਥ ਤੇ ਰਾਜ ਕਰਨਾਂ ਉਹਨਾਂ ਨੂੰ ਸੁਖਾਣ ਲੱਗ ਗਿਆ। ਉਹਨਾਂ ਨੂੰ ਡਰ ਪੈਦਾ ਹੋ ਗਿਆ ਕਿ ਕਿਸੇ ਤਰਾਂ ਦਾ ਇੰਕਲਾਬ ਉਹਨਾਂ ਦੀ ਲੰਬੇ ਸਮੇ ਤੋਂ ਬਣਾਈ ਸਥਾਪਤੀ ਦਾ ਅੰਤ ਕਰ ਦੇਵੇਗਾ।
ਪ੍ਰਾਚੀਨ ਸਮਿਆਂ ਵਿੱਚ ਜਦੋਂ ਸਿੱਖ ਜੰਗਲਾਂ ਬੇਲਿਆਂ ਵਿੱਚ ਵੱਖੋ ਵੱਖ ਜਥਿਆਂ ਵਿੱਚ ਵਿਚਰਦੇ ਸਨ ਤਾਂ ਵੀ ਕਿਸੇ ਖਾਸ ਦਿਨ ਮੁਕੱਰਰ ਕਰਕੇ, ਇਕੱਠ ਕਰ, ਨੀਤੀ ਵਿਚਾਰਾਂ ਕਰ ਲੈਂਦੇ ਸਨ। ਜਿਸ ਨੂੰ ਸਰਬੱਤ ਖਾਲਸਾ ਆਖਿਆ ਜਾਂਦਾ ਸੀ। ਜਦ ਤੱਕ ਸਿੱਖ ਦੀ ਜਿੰਦਗੀ ਚੋਂ ਭੱਜ ਦੌੜ ਖਤਮ ਹੋਈ, ਤਦ ਤੱਕ ਗੁਰਦਵਾਰਿਆਂ ਦਾ ਪਰਬੰਧ ਨਿਰਮਲੇ ਉਦਾਸੀਆਂ ਕੋਲ ਜਾਣ ਕਾਰਣ ਮਿਲਗੋਭਾ ਹੋ ਚੁੱਕਾ ਸੀ, ਜੋ ਅੱਜ ਤੱਕ ਜਾਰੀ ਹੈ। ਅਧੁਨਿਕ ਸਰਬੱਤ ਖਾਲਸਾ ਜਾਂ ਵਿਸ਼ਵ ਸਿੱਖ ਸੰਮੇਲਨ ਵੀ ਜਦੋਂ ਸਥਾਪਤੀ ਦੀ ਰਹਿਨੁਮਾਈ ਹੇਠ ਹੁੰਦੇ ਹਨ ਤਾਂ ਇਹ ਆਮ ਸਿੱਖ ਦੀਆਂ ਅੱਖਾਂ ਚੋਭਣ ਦਾ ਹੀ ਕੰਮ ਕਰਦੇ ਹਨ। ਜੋ ਸੰਗਤ ਦੀ ਮਾਇਆ ਦੀ ਦੁਰਵਰਤੋਂ ਕਰ ਬਿਨਾਂ ਆਪਾ ਪੜਚੋਲਣ ਅਤੇ ਬਿਨਾ ਕੋਈ ਸੇਧ ਦਿੱਤੇ ਖਤਮ ਹੋ ਜਾਂਦੇ ਹਨ। ਪਿਛਲੇ ਸਮੇਂ ਦੌਰਾਨ ਹਾਲਾਤ ਕੁੱਝ ਅਜਿਹੇ ਬਣਦੇ ਜਾ ਰਹੇ ਹਨ ਕਿ ਦੁਨੀਆਂ ਨੂੰ ਵਰਤਾਰੇ ਦੀ ਸਮਝ ਪੈਣ ਲੱਗ ਗਈ ਹੈ। ਧਾਰਮਿਕ ਇੰਕਲਾਬ ਦਾ ਆਗਾਜ਼ ਹੋ ਚੁੱਕਾ ਹੈ। ਰਾਜਸੀ ਤੇ ਮਜਹਬੀ ਗੱਠਜੋੜ ਦੇ ਨਾਪਾਕ ਫੈਸਲੇ ਸੰਗਤ ਨੇ ਰੱਦ ਕਰ ਦਿੱਤੇ ਹਨ। ਸੈਕੜੇ ਸਾਲਾਂ ਤੋਂ ਸਧਾਰਣ ਸ਼ਰਧਾਵਾਨ ਕਿਰਤੀ ਦੀ ਮਿਹਨਤ ਤੇ ਪਲ ਰਹੀ ਪੁਜਾਰੀ ਸ਼ਰੇਣੀ ਤੋਂ ਬਚਣ ਦੇ ਉਪਰਾਲੇ ਸ਼ੁਰੂ ਹੋ ਚੁੱਕੇ ਹਨ। ਸਵਾਰਥੀ ਰਾਜਨੀਤਕਾਂ ਦੇ ਰਾਜਪਰੋਹਿਤਾਂ ਰਾਹੀਂ ਜਾਰੀ ਕੀਤੇ ਫਤਵੇ ਕੂੜੇਦਾਨਾਂ ਵਿੱਚ ਸੁੱਟ ਦਿੱਤੇ ਗਏ ਹਨ। ਸਿੱਖਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਖੁਦ ਪੜਨ ਵਿਚਾਰਨ ਦੀ ਪਰਵਿਰਤੀ ਸ਼ੁਰੂ ਹੋ ਚੁੱਕੀ ਹੈ। ਤੱਤ ਗੁਰਮਤਿ ਨੂੰ ਪ੍ਰਣਾਏ ਸਿੱਖ ਇੱਕ ਦੂਜੇ ਨਾਲ ਵਿਚਾਰਧਾਰਕ ਸਾਂਝ ਪਾਉਣ ਲੱਗ ਪਏ ਹਨ। ਬੁਖਲਾਏ ਹੋਏ ਰਾਜਨੀਤਕ ਅਤੇ ਕਹੇ ਜਾਂਦੇ ਧਰਮ ਦੇ ਠੇਕੇਦਾਰ ਸ਼ਰਧਾਵਾਨ ਸਿੱਖਾਂ ਨੂੰ ਮੁੜ ਆਪਣੇ ਕਾਬੂ ਹੇਠ ਕਰਨ ਲਈ ਛਟਪਟਾਏ ਹੋਏ ਕੋਝੀਆਂ ਹਰਕਤਾਂ ਤੇ ਉਤਰ ਆਏ ਹਨ।
ਇਲੈਕਟਰੌਨਿਕ, ਪ੍ਰਿੰਟ ਮੀਡੀਏ ਅਤੇ ਹੋਰ ਸਾਧਨਾ ਰਾਹੀਂ ਸਿੱਖ ਆਪਣਾ ਭਵਿੱਖ ਤਹਿ ਕਰਨ ਲਈ ਜੂਝ ਰਹੇ ਹਨ। ਜਨ ਸਾਧਾਰਣ ਤੱਕ ਗੱਲ ਪਹੁੰਚਣੀ ਸ਼ੁਰੂ ਹੋ ਚੁੱਕੀ ਹੈ। ਨੈਤਿਕ ਇੰਕਲਾਬ ਬਰੂਹਾਂ ਤੇ ਆ ਪੁਜਿਆ ਹੈ। ਅਜਿਹੇ ਸਮੇਂ ਵਿੱਚ ਸੂਝਵਾਨ ਤੇ ਦੂਰ ਅੰਦੇਸ ਸਿੱਖਾਂ ਵੱਲੋਂ ਸਥਾਪਤੀ ਤੋਂ ਪਰਾਂ ਹਟ ਸਰਬੱਤ ਖਾਲਸੇ ਦੀ ਤਰਜ਼ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਵਾਲੇ ਸਿੱਖਾਂ ਦਾ ਵਿਸ਼ਵ ਸਿੱਖ ਸੰਮੇਲਨ ਮਨੁੱਖਤਾ ਵਿੱਚ ਨਵੀਂ ਰੂਹ ਫੁਕ ਰਿਹਾ ਹੈ। ਇਸ ਵਾਰ ਰਵਾਇਤ ਤੋਂ ਪਰਾਂ ਹਟ ਸਿੱਖ ਚਿੰਤਕ ਹਲਕੇ ਇਸ ਇਕੱਠ ਤੋਂ ਸਾਰਥੱਕ ਉਮੀਦਾਂ ਲਗਾਈ ਬੈਠੇ ਹਨ। ਵੱਖ ਵੱਖ ਦੇਸਾਂ ਵਿੱਚ ਤੱਤ ਗੁਰਮਤਿ ਨਾਲ ਸਬੰਧਤ ਸਿੱਖ ਸੰਸਥਾਵਾਂ, ਵਿਦਵਾਨ, ਚਿੰਤਕ ਅਤੇ ਲਿਖਾਰੀ, ਕੌਮ ਦੇ ਬੇਹਤਰੀਨ ਭਵਿੱਖ ਲਈ ਨਿਰਣਾਇਕ ਫੈਸਲਿਆਂ ਦੀ ਆਸ ਵਿੱਚ ਆਂਪਣੇ ਵਿਚਾਰ ਨਸ਼ਰ ਕਰ ਰਹੇ ਹਨ।
ਇਤਿਹਾਸ ਗਵਾਹ ਹੈ ਕਿ ਰਾਜਨੀਤਿਕ, ਮੁੱਢੋਂ ਹੀ ਆਂਪਣਾ ਉੱਲੂ ਸਿੱਧਾ ਕਰਨ ਲਈ, ਮਜਹਬੀ ਆਗੂਆਂ ਵਿੱਚੋਂ ਆਂਪਣੇ ਝੋਲੀ ਚੁੱਕ ਨੂੰ ਰਾਜ ਪੁਰੋਹਿਤ ਬਣਾ, ਸਵਾਰਥੀ ਫਤਵਿਆਂ ਦਾ ਸਦਾ ਹੀ ਸਹਾਰਾ ਲੈਂਦੇ ਆਏ ਹਨ। ਮਹਾਂਰਾਜਾ ਰਣਜੀਤ ਸਿੰਘ ਦੇ ਸਪੁਤਰ ਦਲੀਪ ਸਿੰਘ ਦੀ ਵਤਨ ਵਾਪਸੀ ਤੇ ਆਪਣੀ ਹਰ ਗਲਤੀ ਮੰਨ ਕੇ ਸੁਧਾਰਣ ਦੇ ਬਚਨ ਦੇਣ ਦੇ ਵਾਵਜੂਦ ਪੁਜਾਰੀਆਂ ਸਿੱਖ ਕੌਮ ਨੂੰ ਉਸਦੇ ਨਜਦੀਕ ਨਾਂ ਹੋਣ ਦੇਣਾ, ਦਰਬਾਰ ਸਾਹਿਬ ਵਿਖੇ ਸਿੱਖਾਂ ਨੂੰ ਇੱਕ ਅਕਾਲ ਤੋਂ ਹਟਾਕੇ ਮੂਰਤੀ ਪੂਜਾ ਵੱਲ ਉਕਸਾ ਰਹੇ ਅਤੇ ਕਰਮਕਾਂਢ ਫੈਲਾ ਰਹੇ ਪੁਜਾਰੀਆਂ ਨੂੰ ਰੋਕਣ ਤੇ ਪ੍ਰੋ: ਗੁਰਮੁਖ ਸਿੰਘ ਅਤੇ ਗਿਆਨੀ ਦਿੱਤ ਸਿੰਘ ਨੂੰ ਛੇਕਣਾ, ਲੋਕਾਂ ਵਿੱਚ ਆਜ਼ਾਦੀ ਦੀ ਭਾਵਨਾਂ ਖਤਮ ਕਰਨ ਲਈ ਜਲਿਆਂ ਵਾਲੇ ਬਾਗ ਦੇ ਖੂਨੀ ਸਾਕੇ ਦੇ ਮੁੱਖ ਕਾਤਿਲ ਨੂੰ ਸਿਰੋਪਾ ਦੇਣਾ, ਦਸਮ ਗ੍ਰੰਥ ਦੀ ਅਸਲੀਅਤ ਦੱਸਣ ਵਾਲੇ ਗਿਆਨੀ ਭਾਗ ਸਿੰਘ ਅੰਬਾਲਾ ਨੂੰ ਛੇਕਣਾ, ਬਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਬਿਆਨਣ ਵਾਲੇ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਂਨਾਂ ਨੂੰ ਛੇਕਣਾ, ਪਿੰਡ ਪਿੰਡ ਅਤੇ ਦੇਸ ਵਿਦੇਸ ਵਿੱਚ ਸੱਚ ਦਾ ਸੰਦੇਸ਼ ਪਹੁੰਚਾਉਣ ਵਾਲੇ ਸ੍ਰ ਜੋਗਿੰਦਰ ਸਿੰਘ ਸਪੋਕਸਮੈਨ ਨੂੰ ਛੇਕਣਾ, ਕੀਰਤਨ ਰਾਹੀਂ ਘਰ ਘਰ ਸੱਚ ਦੀ ਆਵਾਜ਼ ਪਹੁਚਾਉਣ ਵਾਲੇ ਪ੍ਰੋ ਦਰਸ਼ਣ ਸਿੰਘ ਖਾਲਸਾ ਨੂੰ ਛੇਕਣਾ, ਰਾਜਨੀਤਕਾਂ ਅਤੇ ਰਾਜ ਪਰੋਹਿਤਾਂ ਦੀ, ਸਿੱਖੀ ਨੂੰ ਘੁਣ ਵਾਂਗ ਚੰਬੜੇ ਇਖਲਾਕਹੀਣ ਗੱਠਜੋੜ ਦੀ ਮੂੰਹ ਬੋਲਦੀ ਤਸਵੀਰ ਹੈ।
ਜੱਗ ਜਾਣਦਾ ਹੈ ਕਿ ਸਿੱਖ ਇੱਕ ਮਾਰਸ਼ਲ ਕੌਮ ਹੈ। ਪਰ ਆਜਾਦੀ ਦੀ ਲੜਾਈ ਦੌਰਾਨ ਸੰਘਰਸ਼ ਕਰ ਰਹੇ ਬਾਗੀ ਸੂਰਮਿਆਂ, ਦੇਸ ਭਗਤਾਂ, ਗਦਰੀ ਬਾਬਿਆਂ ਅਤੇ ਉਸ ਸਮੇਂ ਦੇ ਸ਼ਹੀਦਾਂ ਤੋਂ ਸਿੱਖ ਕੌਮ ਨੂੰ ਪਰਾਂ ਰੱਖਣ ਲਈ, ਸਿੱਖ ਵਰੋਧੀ ਹੋਣ ਦੇ ਫਤਵੇ ਜਾਰੀ ਕਰਵਾ, ਅਜਾਦੀ ਦੇ ਸੰਘਰਸ਼ ਦਾ ਲੱਕ ਤੋੜੀ ਰੱਖਿਆ। ਇਥੋਂ ਤੱਕ ਕਿ ਪੁਜਾਰੀਆਂ ਗੁਰੂ ਤੇਗ ਬਹਾਦੁਰ ਸਾਹਿਬ ਨੂੰ ਵੀ ਦਰਬਾਰ ਸਾਹਿਬ ਅੰਦਰ ਨਹੀਂ ਸੀ ਵੜਨ ਦਿੱਤਾ। ਸੋ ਜਿਨੀ ਦੇਰ ਤੱਕ ਕੌਮ ਪੁਜਾਰੀਆਂ ਦੇ ਚੁੰਗਲ ਵਿੱਚ ਰਹੇਗੀ, ਉਨ੍ਹੀ ਦੇਰ ਤੱਕ ਗੁਰੂ ਗ੍ਰੰਥ ਸਾਹਿਬ ਅਤੇ ਇਸਦੀ ਪਵਿੱਤਰ ਵਿਚਾਰਧਾਰਾ ਤੋਂ ਦੂਰ ਰਹੇਗੀ। ਜਿਓਂ ਹੀ ਪੁਜਾਰੀਆਂ ਨੂੰ ਰੱਦ ਕਰ, ਖੁਦ ਬਾਣੀ ਪੜਨ, ਵਿਚਾਰਨ ਲੱਗੇਗੀ ਤਾਂ ਆਪਣੇ ਆਪ ਹੀ ਗੁਰੂ ਨਾਨਕ ਸਾਹਿਬ ਦੀ ਗੋਦ ਦਾ ਆਨੰਦ ਮਾਨਣ ਲੱਗ ਜਾਏਗੀ।
ਭਾਵੇਂ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਗਠਨ ਇੱਕ ਇਤਹਾਸਿਕ ਅਤੇ ਕਰਾਂਤੀਕਾਰੀ ਕਦਮ ਮੰਨਿਆਂ ਗਿਆ ਹੈ, ਪਰ ਸਭ ਜਾਣਦੇ ਹਨ ਕਿ ਇਸ ਨੂੰ ਗੁਰਦਵਾਰੇ ਬਣਾਉਣ, ਕੇਵਲ ਪਰਬੰਧ ਕਰਨ, ਅਤੇ ਰਾਜਨੀਤਕਾਂ ਲਈ ਸਕੂਲ ਅਤੇ ਸਟੇਜ ਵਜੋਂ ਹੀ ਵਰਤਿਆ ਜਾਂਦਾ ਹੈ। ਦੁਨੀਆਂ ਦੇ ਤਮਾਮ ਦੇਸਾਂ ਵਿੱਚ ਤਾਂ ਕੀ ਸਗੋਂ ਆਪਣੇ ਹੀ ਦੇਸ ਦੀਆਂ ਸਟੇਟਾਂ ਅਤੇ ਪੰਜਾਬ ਦੇ ਪਿੰਡਾ ਤੱਕ ਇਸਦੇ ਦਾਇਰੇ ਨੂੰ ਵਧਣ ਤੋਂ ਰੋਕ ਦਿੱਤਾ ਗਿਆ ਹੈ। ਗੁਰਮਤਿ ਅਨੁਸਾਰ ਗੁਣਾਂ ਵਾਲੀ ਚੋਣ ਛੱਡਕੇ, ਇਸ ਦੀ ਚੋਣ ਵੀ ਰਾਜਨੀਤਕਾਂ ਵਾਂਗ ਹੁੰਦੀ ਹੈ। ਗੁਰਮਤਿ ਪਰਚਾਰ ਸਿਫਰ ਹੋ ਕੇ ਰਹਿ ਗਿਆ ਹੈ। ਅਜਿਹੇ ਮਹੌਲ ਵਿੱਚ ਵਿਸ਼ਵ ਸਿੱਖ ਸੰਮੇਲਨ ਵਧੀਆ ਸ਼ੁਰੂਆਤ ਬਣ ਸਕਦੀ ਹੈ। ਇਸ ਨੂੰ ਵਿਗਿਆਨਿਕ ਯੁੱਗ ਦਾ ਸਰਬੱਤ ਖਾਲਸਾ ਬਣਾਉਣ ਲਈ, ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਲੀ ਹਰ ਦੇਸੀ ਵਿਦੇਸੀ ਸੰਸਥਾ ਦੀ ਸ਼ਮੂਲੀਅਤ ਕਿਸੇ ਵੀ ਰੂਪ ਵਿੱਚ ਯਕੀਨੀ ਬਣਾਈ ਜਾਵੇ। ਕਾਲਕਾ ਪੰਥੀਆਂ ਦੀ ਛੇਕ-ਛਕਾਈ ਨੂੰ ਭਾਂਵੇਂ ਸੰਗਤ ਰੱਦ ਕਰ ਚੁੱਕੀ ਹੈ, ਤਾਂ ਵੀ ਉਹਨਾਂ ਸਭ ਸ਼ਖਸ਼ੀਅਤਾਂ, ਵਿਦਵਾਨਾਂ, ਪਰਚਾਰਕਾਂ, ਅਜਾਦੀ ਘੁਲਾਟੀਆਂ ਜਿਨਾਂ ਨੂੰ ਪੰਥ ਤੋਂ ਵਿਛੋੜੀ ਰਖਿਆ ਹੈ, ਦਾ ਬਣਦਾ ਸਨਮਾਨ ਖਾਲਸਾ ਪੰਥ ਨੂੰ ਦੇਣਾ ਬਣਦਾ ਹੈ।
ਅਸੀਂ ਜਾਣਦੇ ਹਾਂ ਕਿ ਗੁਰੂ ਕਰਤਾਰ ਤੋਂ ਬਿਨਾਂ ਸਭ ਭੁਲਣਹਾਰ ਹਨ। ਸੋ ਕੋਈ ਵੀ ਵਿਦਵਾਨ ਟਪਲਾ ਖਾ ਸਕਦਾ ਹੈ। ਉਹਨਾਂ ਦੀ ਅਸਲ ਭਾਵਨਾਂ, ਨੇਕ ਨੀਅਤੀ ਅਤੇ ਗੁਰੂ ਪ੍ਰਸਤੀ ਨੂੰ ਦੇਖਣਾ ਚਾਹੀਦਾ ਹੈ ਅਤੇ ਨਾਜ਼ੁਕ ਵਿਸ਼ਿਆਂ ਤੇ ਵਿਦਵਾਨਾ ਦੀਆਂ ਕਮੇਟੀਆਂ ਬਠਾਉਣੀਆਂ ਚਾਹੀਦੀਆਂ ਹਨ। ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਅੰਤਰ ਰਾਸ਼ਟਰੀ ਪੱਧਰ ਦੀ ਜੱਥੇਬੰਦੀ, ਜਿਸ ਦੀ ਹਰ ਲੋਕਲ ਸੰਸਥਾ ਅਤੇ ਗੁਰਦਵਾਰਾ ਮੈਂਬਰ ਹੋਵੇ, ਦਾ ਗਠਨ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸੇ ਤਰਾਂ ਅੰਤਰਰਾਸ਼ਟਰੀ ਪੱਧਰ ਤੇ ਵਿਦਵਾਂਨਾਂ ਦਾ ਪੈਨਲ ਜੋ ਸਮੁਚੀ ਕੌਮ ਨੂੰ ਲੋੜੀਂਦੇ ਮੁਦਿਆਂ ਤੇ ਸੇਧ ਦੇ ਸਕਦਾ ਹੋਵੇ, ਬਣਾਇਆ ਜਾ ਸਕਦਾ ਹੈ। ਸੰਸਾਰ ਪੱਧਰ ਦੇ ਸਕੂਲਾਂ, ਕਾਲਜਾਂ, ਯੂਨੀਵਰਸਟੀਆਂ ਦੇ ਅਧਿਆਪਕਾਂ, ਡਾਕਟਰਾਂ, ਇੰਜੀਨੀਅਰਾਂ ਦੇ ਸਹਿਯੋਗ ਨਾਲ ਸਮੂਹ ਸਿੱਖ ਵਿਦਿਆਰਥੀਆਂ ਦੇ ਰੋਸ਼ਨ ਭਵਿੱਖ ਲਈ, ਗੁਰਮਤਿ ਅਨੁਸਾਰ ਸਿਧਾਂਤਕ ਕਿੱਤਾ ਮੁਖੀ, ਦਿਸ਼ਾ ਨਿਰਦੇਸ਼ ਦੇਣ ਲਈ ਜਥੇਬੰਦਕ ਢਾਚਾ ਉਲੀਕਿਆ ਜਾ ਸਕਦਾ ਹੈ। ਨਵੇਂ ਸਮੇਂ ਨੂੰ ਧਿਆਨ ਵਿੱਚ ਰੱਖਦਿਆਂ ਪੂਰੀ ਦੁਨੀਆਂ ਦੇ ਵਿਚਾਰ ਲੈਣ ਲਈ ਸਬੰਧਿਤ ਜੱਥੇਬੰਦੀ ਦੀ ਵੈੱਬ ਸਾਈਟ ਸ਼ੁਰੂ ਕੀਤੀ ਜਾ ਸਕਦੀ ਹੈ। ਅੰਤ ਵਿੱਚ ਸ੍ਰ ਗੁਰਬਖਸ਼ ਸਿੰਘ ਕਾਲਾਅਫਗਾਨਾ ਦੁਆਰਾ ਅਕਸਰ ਕਹੇ ਜਾਂਦੇ ਬੋਲਾਂ ਅਨੁਸਾਰ ਬੰਦ ਕਰਦਾਂ ਹਾਂ ਕਿ ਜੇਕਰ ਅਸੀਂ 99 ਕਦਮ ਅਣਜਾਣੇ ਹੀ ਗਲਤ ਦਿਸ਼ਾ ਵੱਲ ਪੁੱਟ ਲਏ ਹੋਣ ਅਤੇ ਸਾਨੂੰ ਪਤਾ ਚਲ ਜਾਵੇ ਕਿ ਅੱਗੇ ਖੁਹ ਹੇ ਅਤੇ ਅਗਲਾ ਕਦਮ ਸਾਨੂੰ ਖੁਹ ਵਿੱਚ ਸਦਾ ਲਈ ਗਰਕ ਕਰ ਦੇਵੇਗਾ ਤਾਂ ਹਰ ਸਿਆਣਾ ਆਦਮੀ ਕਦਮ ਪਿਛੇ ਰੱਖ ਲੈਂਦਾ ਹੈ। ਆਪਣੇ ਹੀ ਘਰ ਵਾਪਸੀ ਤੇ ਸ਼ਰਮ ਨਹੀਂ ਮਹਿਸੂਸ ਕਰਨੀਂ ਚਾਹੀਦੀ। ਜਦੋਂ ਅੱਖ ਖੁੱਲੇ ਉਦੋਂ ਹੀ ਸਵੇਰਾ ਜਾਣੀਏ। ਦੇਰ ਹੋਈ ਜਾਣਕੇ ਘੇਸਲ਼ ਵੱਟਣ ਨਾਲ ਕੁੱਝ ਨਹੀਂ ਸੌਰੇਗਾ, ਸਗੋਂ ਬਾਕੀ ਦਾ ਸਮਾਂ ਵੀ ਵਿਅਰਥ ਚਲਾ ਜਾਵੇਗਾ। ਆਓ ਬਾਬੇ ਨਾਨਕ ਦੇ ਚੜ੍ਹਾਏ ਸੱਚ ਦੇ ਸੂਰਜ ਦੀਆਂ ਕਿਰਨਾਂ ਨੂੰ ਬਿਨਾ ਕਿਸੇ ਦੇ ਇਸ਼ਾਰੇ ਦੀ ਉਡੀਕ ਕੀਤਿਆਂ ਆਪੋ ਆਪਣੇ ਦਿਲਾਂ ਵਿੱਚ ਪ੍ਰਕਾਸ਼ ਕਰਨ ਲਈ ਜੀ ਆਇਆਂ ਆਖੀਏ।
(408)209-7072




.