.

ਗੁਰਮਤਿ ਵਿੱਚ ਨਾਮੁ

ਗੁਰੂ ਗ੍ਰੰਥ ਸਾਹਿਬ ਵਿੱਚ ਨਾਮ ਦੀ ਪਰਿਭਾਸ਼ਾ, ਅੰਕ-592 `ਤੇ ਇਸ ਤਰ੍ਹਾਂ ਫ਼ੁਰਮਾਨ ਹੈ ਕਿ ਨਾਮ ਸਾਡਾ ਪ੍ਰਭੂ ਹੈ, ਅਵਿਗਤ ਹੈ, ਅਗੋਚਰ ਹੈ, ਅਵਿਨਾਸ਼ੀ ਪੁਰਖ ਅਤੇ ਵਿਧਾਤਾ ਹੈ। ਅੰਕ 213’ ਤੇ ਗੁਰੂ ਫ਼ੁਰਮਾਨ ਹੈ ਕਿ ਨਾਮ ਸਾਡਾ ਇਸ਼ਟ ਹੈ, ਮਿੱਤਰ-ਪੁੱਤਰ, ਕਰਤਾ ਅਤੇ ਸਾਡੀ ਮੌਤ ਤੋਂ ਬਾਅਦ ਵੀ ਸਾਡੇ ਨਾਲ ਚਲਣ ਵਾਲਾ ਹੈ। ਗੁਰਬਾਣੀ ਅਨੁਸਾਰ ਨਾਮ ਅਤੇ ਨਾਮੀ (ਪ੍ਰਮਾਤਮਾ) ਨੂੰ ਕੋਈ ਵਖਰਾ ਨਹੀਂ ਕਰ ਸਕਦਾ। ਇਸ ਨਾਮ ਨੂੰ ਹੀ ਧਰਮ ਕਿਹਾ ਗਿਆ ਹੈ ਅੰਕ-874’ ਤੇ ਭਗਤ ਨਾਮਦੇਵ, ਅੰਕ 1351 ਭਗਤ ਬੇਣੀ ਜੀ ਸੁਖਮਨੀ ਸਾਹਿਬ ਵਿੱਚ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ ਹੈ ਕਿ ਸਾਰੇ ਧਰਮਾਂ ਤੋਂ ਸ੍ਰੇਸ਼ਟ ਉਹੀ ਹੈ ਜਿਹੜਾ ਮਨੁੱਖ ਨਾਮ ਅਤੇ ਨਾਮੀ ਦੇ ਗੁਣਾ ਨੂੰ ਆਪਣੇ ਅੰਦਰ ਧਾਰਨ ਕਰ ਕੇ ਜਿਊਂਦਾ ਹੈ। ਉਹੀ ਅਸਲੀ ਧਾਰਮਕ ਮਨੁੱਖ ਹੈ। ਗੁਰਬਾਣੀ ਅਨੁਸਾਰ ਨਾਮ ਪ੍ਰਮਾਤਮਾ ਦੀ ਸਿਰਜਨਾਤਮਕ, ਸਰਬ-ਵਿਆਪਕਤਾ, ਸਰਬ-ਉਚਤਾ, ਸਰਬ-ਸ਼ਕਤੀਮਾਨਤਾ ਦਾ ਹਾਜਰਾਂ-ਹਜੂਰ ਜ਼ਾਹਰ ਜ਼ਹੂਰ ਸਰੂਪ ਹੈ। ਸੁਖਮਨੀ ਸਾਹਿਬ ਦੀ 16ਵੀਂ ਅਸ਼ਟਪਦੀ ਨਾਮ ਬਾਰੇ ਇਨ੍ਹਾਂ ਗੁਣਾਂ ਦੀ ਗਵਾਹੀ ਦਿੰਦੀ ਹੈ। ਅੰਕ 946’ ਤੇ ਗੁਰੂ ਨਾਨਕ ਸਾਹਿਬ ਜੀ ਫ਼ੁਰਮਾਉਂਦੇ ਹਨ ਕਿ ਜੋ ਸਾਰੇ ਬ੍ਰਹਿਮੰਡ ਦੀ ਰਚਨਾ ਅੱਖਾਂ ਨਾਲ ਦਿਸਦੀ ਹੈ, ਇਹ ਕੇਵਲ ਨਾਮ ਦੀ ਸ਼ਕਤੀ ਦੇ ਆਸਰੇ ਹੀ ਹੈ। ਇਹੋ ਜਿਹੇ ਨਾਮ ਦਾ ਗਿਆਤਾ ਪੁਰਖ ਅਪਣੇ ਅਸਲ ਆਪੇ ਨੂੰ ਪਛਾਣ ਲੈਂਦਾ ਹੈ ਅਤੇ ਧਰਮ ਦੇ ਗੁਣ ਉਸ ਦੇ ਅੰਦਰੋਂ ਪੈਦਾ ਹੁੰਦੇ ਹਨ। ਇਨ੍ਹਾਂ ਗੁਣਾਂ ਨਾਲ ਹੀ ਉਹ ਆਪਣਾ ਜੀਵਨ ਜਿਊਂਦਾ ਹੈ। ਇਹੋ ਜਿਹੇ ਗੁਰਮੁਖ ਪਿਆਰੇ ਸਰੀਰਕ ਕਸ਼ਟ ਸਹਾਰਦੇ ਹੋਏ, ਕਿਸੇ ਕੀਮਤ’ ਤੇ ਵੀ ਇਨ੍ਹਾਂ ਗੁਣਾਂ ਦਾ ਤਿਆਗ ਨਹੀਂ ਕਰਦੇ ਅਤੇ ਆਖ਼ਰੀ ਸਵਾਸਾਂ ਤਕ ਪਿਆਰ ਅਤੇ ਸ਼ਾਤੀ ਦਾ ਉਪਦੇਸ਼ ਦਿੰਦੇ ਹਨ। ਇਹੋ ਜਿਹੇ ਨਾਮ ਦੀ ਪ੍ਰਪਾਤੀ ਦਾ ਸਾਧਨ, ਸੰਪੂਰਨ ਸੱਚ ਵਿੱਚ ਵਿਸ਼ਵਾਸ਼ ਅਤੇ ਗਿਆਨ ਦੇ ਧਾਰਨੀ ਭਗਤਾਂ-ਗੁਰਸਿੱਖਾਂ ਤੇ ਗੁਰਮੁਖਾਂ ਦੀ ਸੰਗਤ ਜਿਥੇ ਕੇਵਲ ਆਤਮ ਤੱਤ ਦੀ ਵੀਚਾਰ ਹੋਵੇ, ਨਾਮ ਦੀ ਪ੍ਰਾਪਤੀ ਦਾ ਅਸਲੀ ਸਹੀ ਸਾਧਨ ਹੈ। ਕਿਉਂਕਿ ਨਾਮ ਸਾਡੇ ਅੰਦਰ ਬਾਹਰ, ਹਰ ਪਾਸੇ ਹੈ। ਜਿਸ ਤਰ੍ਹਾਂ ਮੱਛੀ ਦੇ ਆਲੇ ਦੁਆਲੇ ਹਰ ਪਾਸੇ ਪਾਣੀ ਹੈ, ਹੁਣ ਜੇ ਮੱਛੀ ਇਹ ਕਹੇ ਕਿ ਮੈਂ ਬਾਹਰੋਂ ਪਾਣੀ ਲੈਣ ਜਾਵਾਂ ਤਾਂ ਉਹ ਜਿਊਂਦੀ ਨਹੀ ਰਹਿ ਸਕਦੀ। ਇਸੇ ਤਰ੍ਹਾਂ ਅਗਰ ਅਸੀ ਬਾਹਰੋਂ ਨਾਮ ਨੂੰ ਖੋਜਦੇ ਰਹਾਂਗੇ ਤਾਂ ਅਸੀ ਰੂਹਾਨੀਅਤ ਦੇ ਅਸਲੀ ਜੀਵਨ ਤੋਂ ਭਟਕ ਕੇ ਮਰ ਜਾਵਾਂਗੇ। ਇਸੇ ਕਰ ਕੇ ਨਾਮ ਕੋਈ ਵਿਅਕਤੀ ਨਹੀਂ ਦੇ ਸਕਦਾ ਕਿਉਂਕਿ ਨਾਮ ਅਤੇ ਨਾਮੀ, ਸਰਬ-ਵਿਆਪਕ ਪ੍ਰਮਾਤਮਾ ਹੀ ਹੈ।

ਇੱਕ ਭਗਵਾਨ ਉਹ ਹੈ ਜਿਸ ਨੂੰ ਮਨੁੱਖ ਘੜਦਾ ਹੈ, ਸਥਾਪਤ ਕਰਦਾ ਹੈ। ਇਹੋ ਜਿਹਾ ਭਗਵਾਨ ਦਿੱਤਾ ਜਾ ਸਕਦਾ ਹੈ ਕਿਉਂਕਿ ਇਹੋ ਜਿਹੇ ਭਗਵਾਨ ਸਰਬ-ਵਿਆਪਕ ਨਹੀਂ ਹੁੰਦੇ। ਸ਼ਾਇਦ ਇਹੀ ਕਾਰਨ ਸੀ ਕਿ ਸੁਪਰੀਮ ਕੋਰਟ ਨੇ ਇਹ ਕਿਹਾ ਸੀ ਕਿ ਹਿੰਦੁਸਤਾਨ ਦੇ ਲੋਕਾਂ ਨੁੰ ਭਗਵਾਨ ਵੀ ਠੀਕ ਨਹੀਂ ਕਰ ਸਕਦਾ। ਨਾਮ ਸਰਬ-ਵਿਆਪਕ ਹੋਣ ਦੇ ਨਾਤੇ ਦਿੱਤਾ ਨਹੀਂ ਜਾ ਸਕਦਾ। ਸਿਰਫ਼ ਦ੍ਰਿੜ ਕਰਵਾਇਆ ਜਾ ਸਕਦਾ ਹੈਇਸ ਦਾ ਸਾਧਨ ਮਨ ਦੀ ਪਵਿੱਤਰਤਾ ਹੈ ਜਿਸ ਤਰ੍ਹਾਂ ਅਸੀ ਆਪਣੇ ਧਾਰਮਕ ਸਥਾਂਨਾ ਨੂੰ ਬਹੁਤ ਪਾਕ ਤੇ ਪਵਿਤਰ ਸਮਝਦੇ ਹਾਂ, ਅਗਰ ਅਸੀ ਆਪਣੇ ਮਨ ਨੂੰ ਗੁਰਬਾਣੀ ਰਾਹੀ ਇਹੋ ਜਿਹਾ ਪਵਿੱਤਰ ਬਣਾ ਲਈਏ ਤਾਂ ਆਪਣੇ ਆਪ ਪ੍ਰਾਮਤਮਾ ਦੇ ਗੁਣ ਸਾਡੇ ਅੰਦਰੋਂ ਪ੍ਰਗਟ ਹੋ ਜਾਣਗੇ। ਅੰਕ 1275 ਅਤੇ 1239’ ਤੇ ਗੁਰ ਫ਼ੁਰਮਾਨ ਹੈ ਕਿ ਗੁਰੂ ਦੀ ਬਾਣੀ ਨਾਮ ਹੈ ਅਤੇ ਵਿਸਤਰਤ ਨਾਮ ਦੀ ਵਿਆਖਿਆ ਕਰਦੀ ਹੈ ਅਤੇ ਨਾਮ ਹਿਰਦੇ ਵਿੱਚ ਵਸਾ ਦਿੰਦੀ ਹੈ। ਇਸ ਦੀ ਖੋਜ ਵੀ ਅੰਕ 110’ ਤੇ ਮਨ ਤੇ ਤਨ ਵਿਚੋਂ ਦਰਸਾਈ ਗਈ ਹੈ। ਅੰਕ 946’ ਤੇ ਹਿੰਦੁਸਤਾਨ ਦੇ ਪ੍ਰਮੁੱਖ ਜੋਗੀਆਂ ਨੁੰ ਬਾਣੀ (ਸਿੱਧ ਗੋਸਟਿ) ਰਾਹੀਂ ਸਿਰੇ ਦੀ ਗੱਲ ਦਸਦੇ ਹੋਏ ਬਾਬਾ ਨਾਨਕ ਜੀ ਕਹਿੰਦੇ ਹਨ ਕਿ ਨਾਮ ਤੋਂ ਬਿਨਾਂ ਜੋਗ ਹੋ ਹੀ ਨਹੀਂ ਸਕਦਾ। ਮਨ ਦੀ ਮੈਲ ਜਿਹੜੀ ਸਾਨੂੰ ਮਾੜੇ ਖ਼ਿਆਲ਼ਾਂ ਰਾਹੀਂ ਲਗਦੀ ਹੈ, ਉਹ ਵੀ ਨਾਮ, ਨਾਮੀ ਦੇ ਗੁਣਾਂ ਨੂੰ ਅੰਦਰ ਧਾਰਨ ਨਾਲ ਹੀ ਉਤਰਦੀ ਹੈ ਤੇ ਅਸੀ ਇੰਦ੍ਰੀਆਂ ਦੀਆਂ ਸਾਰੀਆਂ ਭੁੱਖਾਂ, ਵਾਸ਼ਨਾਵਾਂ ਖ਼ਤਮ ਕਰ ਸਕਦੇ ਹਾਂ ਅਤੇ ਆਪਣੇ ਸਰੀਰ ਨੂੰ ਕੰਚਨ ਵੰਨਾ ਰੱਖ ਸਕਦੇ ਹਾਂ। 13ਵੀਂ, 14ਵੀਂ ਅਤੇ 15ਵੀਂ ਸਦੀ ਦੇ ਮਹਾਂਪੁਰਖਾਂ ਬਾਬਾ ਨਾਨਕ, ਭਗਤ ਕਬੀਰ ਜੀ, ਭਗਤ ਨਾਮਦੇਵ, ਭਗਤ ਰਵਿਦਾਸ ਅਤੇ ਹੋਰ ਮਹਾਂਪੁਰਖਾਂ ਨੇ ਜੋ ਧਰਮ ਦੇ ਨਾਮ’ ਤੇ ਪਖੰਡ ਅਤੇ ਰਾਜ ਦੀ ਬੇਇਨਸਾਫ਼ੀ ਹੋ ਰਹੀ ਸੀ, ਉਸ ਨੂੰ ਬੜੇ ਸੁਚਾਰੂ, ਨਿਰਭੈਤਾ ਵਾਲੇ ਢੰਗ ਨਾਲ ਧਾਰਮਕ ਸਥਾਨਾਂ’ ਤੇ ਜਾ ਕੇ ਪਖੰਡ ਵਾਲੀ ਪੂਜਾ ਅਤੇ ਸਰਕਾਰੀ ਬੇਇਨਸਾਫ਼ੀ ਨੁੰ ਬਹੁਤ ਨਿਰਭੈਤਾ ਨਾਲ ਨੰਗਾ ਅਤੇ ਉਜਾਗਰ ਕੀਤਾ। ਇਨ੍ਹਾਂ ਮਹਾਂਪੁਰਖਾਂ ਨੇ ਝੂਠੀ ਪੂਜਾ ਦੀ ਥਾਂ’ ਤੇ ਇੱਕ ਸਰਬ ਵਿਆਪਕ ਸਚੁ ਧਰਮ ਦੇ ਪ੍ਰਚਾਰ ਦਾ ਤਰੀਕਾ ਦਸਿਆ। ਜੋ ਸਾਨੂੰ ਅੱਜ ਨਾਮ, ਧਰਮ ਸਿਖਾਉਣ ਵਾਲੇ ਹਨ, ਉਹ ਕਰ ਨਹੀਂ ਸਕਦੇ ਕਿਉਂਕਿ ਉਨ੍ਹਾਂ ਅੰਦਰ ਸੱਚ ਅਤੇ ਨਿਰਭੈਤਾ ਨਹੀਂ ਹੈ। ਇਸ ਦਾ ਸਬੂਤ ਇਨ੍ਹਾਂ ਵਾਸਤੇ ਸਰਕਾਰੀ ਸਕਿਉਰਟੀ ਦਸਦੀ ਹੈ ਜੋ ਕਿ ਇਹ ਲੈ ਕੇ ਚਲਦੇ ਹਨ। ਇਸ ਲਈ ਅਸੀ ਇਨ੍ਹਾਂ ਮਗਰ ਲੱਗ ਕੇ ਨਿਰਭੈ ਤੇ ਭਰਮਾਂ ਤੋਂ ਮੁਕਤ ਨਹੀਂ ਹੋ ਸਕਦੇ।

ਨਾਮ ਦੇ ਪ੍ਰਚਾਰਕ ਦਾ ਧਰਮ ਸੰਪੂਰਨ ਸੱਚ, ਉਸ ਦੀ ਜਾਤ ਵੀ ਸੱਚ, ਉਸ ਦੀ ਕੁਲ ਵੀ ਨਾਮ ਹੋਵੇ ਤਾਂ ਅਪਣੇ ਹਊਮੈਂ ਵਾਲੇ ਆਪੇ ਨੁੰ ਤਿਆਗ ਕੇ ਨਿਰੰਕਾਰੀ ਆਪੇ ਵਿੱਚ ਵਿਚਰਨ ਵਾਲਾ ਹੀ ਸਰਬ-ਵਿਆਪਕ, ਸਰਬ-ਉੱਚ, ਨਾਮ ਦਾ ਪ੍ਰਚਾਰਕ ਹੋ ਸਕਦਾ ਹੈ। ਇਨ੍ਹਾਂ ਉਪਰੋਕਤ ਗੁਣਾਂ ਤੋਂ ਵਿਹੂਣਾ ਅਖੌਤੀ ਪ੍ਰਚਾਰਕ ਨਾਮ ਦੀ ਆੜ ਵਿੱਚ ਕੇਵਲ ਅਪਣੇ ਧਰਮ ਅਤੇ ਡੇਰੇ, ਅਪਣੀ ਹਊਮੈਂ ਦਾ ਹੀ ਪ੍ਰਚਾਰ ਕਰੇਗਾ, ਜਿਸ ਨਾਲ ਲੋਕਾਂ ਵਿੱਚ ਮਾਰ ਧਾੜ ਦਾ ਹੀ ਪਸਾਰ ਹੋਵੇਗਾ ਜੋ ਸਾਨੂੰ ਹਰ ਪਾਸੇ ਵੇਖਣ ਵਿੱਚ ਆਉਂਦਾ ਹੈ। ਇਹੋ ਜਿਹੇ ਪ੍ਰਚਾਰ ਦੇ ਮਗਰ ਲੱਗਣ ਵਾਲੇ ਮਨੁੱਖ ਹੀ ਲੋਕਾਂ ਦੇ ਘਰ ਤੇ ਪ੍ਰਪਰਟੀ ਫੂਕਦੇ ਹਨ। ਬਾਬੇ ਨਾਨਕ ਨੇ ਇਹੋ ਜਹੇ ਗੁਣਾਂ ਵਾਲਾ ਪੰਥ ਬਣਾਇਆ ਸੀ ਨਾਕਿ ਕੋਈ ਵਖਰਾ ਮਜ਼੍ਹਬ ਕਿਉਂਕਿ ਅਸੀ ਇੱਕ ਪਿਤਾ ਦੇ ਬਾਰਕ ਹਾਂ। ਅਸੀ ਇੱਕ ਨੂਰ ਤੋਂ ਹੀ ਪੈਦਾ ਹੋਏ ਹਾਂ ਤੇ ਸਾਡਾ ਧਰਮ ਵੀ ਇੱਕ ਹੋਣਾ ਚਾਹੀਦੈ। ਇਸ ਦੀ ਪ੍ਰੌੜਤਾ ਮਿਸਟਰ ਬਰਨਾਡ ਸ਼ਾਅ ਨੇ ਕਈ ਸਾਲ ਪਹਿਲ਼ਾਂ ਕੀਤੀ ਸੀ ਜੋ ਅਸੀ 15 ਜੁਲਾਈ 2009 ਦੇ ਸਪੋਕਸਮੈਂਨ ਵਿੱਚ ਪੜ੍ਹ ਚੁੱਕੇ ਹਾਂ। ਜਦੋਂ ਵੀ ਕੋਈ ਮਨੁੱਖ ਇਸ ਸੰਪੂਰਨ ਸਚ ਨੁੰ ਜਾਣ ਲਵੇਗਾ, ਅਗਰ ਉਹ ਇਸਲਾਮ ਦਾ ਧਾਰਨੀ ਹੈ, ਅਪਣੇ ਮਨ ਨੂੰ ਮੱਕੇ ਵਰਗਾ ਪਾਕ ਬਣਾਏਗਾ ਅਤੇ ਜੇ ਉਹ ਸਿੱਖ ਹੈ ਤਾ ਉਹ ਹਰਿਮੰਦਰ ਸਾਹਿਬ ਵਰਗਾ ਪਵਿੱਤਰ ਤੇ ਜੇ ਉਹ ਹਿੰਦੂ ਹੈ ਤਾਂ ਕਾਂਸੀ ਵਰਗਾ ਪਵਿੱਤਰ ਬਣਾਵੇ ਤਾਂ ਉਸ ਦੇ ਅੰਦਰੋਂ ਪਰਮ ਗੁਰੂ ਬੋਲੇਗਾ। ਇਹ ਪ੍ਰਤੱਖ ਧਰਮ ਗੁਰੂ ਨਾਮ ਰੂਪ ਵਿੱਚ ਪ੍ਰਗਟ ਹੋਵੇਗਾ। ਉਪਰੋਕਤ ਵਿਚਾਰਾਂ ਨੁੰ ਧਿਆਨ ਵਿੱਚ ਰਖਦਿਆਂ ਇੱਕ ਵਾਰ ਫਿਰ ਸਨਿਮਰ ਬੇਨਤੀ ਹੈ ਕਿ ਨਾਮ ਪ੍ਰਚਾਰਕ ਆਪਣੀ ਹਸਤੀ ਦਾ, ਅਪਣੀ ਜਾਤ ਦਾ ਆਪਣੀ ਕੁਲ ਦਾ, ਅਪਣੇ ਚੇਲਿਆਂ ਦੀ ਗਿਤਣੀ ਦਾ ਮਾਣ ਤਿਆਗੇ (ਕਿਉਂਕਿ ਨਾਮੀ ਮਨੁੱਖ ਚੇਲੇ ਨਹੀਂ ਭਰਾ ਬਣਾਉਂਦਾ ਹੈ)। ਬਿਨਾਂ ਕਿਸੇ ਕਾਮਨਾ ਤੋਂ ਲੋਕਾਂ ਵਿੱਚ ਨਾਮ ਦ੍ਰਿੜ ਕਰਵਾਉਣ ਦੀ ਕੋਸ਼ਿਸ਼ ਕਰੇ ਨਾਕਿ ਲੋਕਾਂ ਨੂੰ ਨਾਮ ਦੇ ਕੇ ਭੇਲੇਖੇ ਵਿੱਚ ਪਾ ਕੇ ਚੇਲੇ ਬਣਾਵੇ। ਤਦ ਹੀ ਗੁਰੂ ਨਾਨਕ ਦੇ ਨਿਰਮਲ ਪੰਥ ਦਾ ਪ੍ਰਚਾਰ ਤੇ ਪਸਾਰ ਹੋ ਸਕਦਾ ਹੈ।
ਗੁਰਬਖਸ਼ ਸਿੰਘ
9417231762




.