.

ਮਨ ਸਬੰਧੀ ਕੁੱਝ ਚੋਣਵੇਂ ਸ਼ਬਦਾਂ ਦੇ ਆਧਾਰ `ਤੇ

ਮਨੁੱਖਾ ਸਰੀਰ ਅੰਦਰ ‘ਮਨ’

ਦਾ ਵਜੂਦ ਤੇ ਇਸ ਦੀ ਵਰਤੋਂ?

“ਇਸੁ ਤਨ ਮਹਿ ਮਨੁ, ਕੋ ਗੁਰਮੁਖਿ ਦੇਖੈ”

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

“ਸ੍ਰੀ ਗੁਰੂ ਗ੍ਰੰਥ ਸਾਹਿਬ” ਜੀ ਅੰਦਰ ਅਰੰਭ ਤੋਂ ਸੰਪੂਰਣਤਾ ਭਾਵ “ਤਨੁ ਮਨੁ ਥੀਵੈ ਹਰਿਆ” ਤੀਕ ‘ਮਨ’ ਵਾਲਾ ਵਿਸ਼ਾ ਮੁਖ ਵਿਸ਼ਾ ਹੈ। ਇਥੋਂ ਤੀਕ ਕਿ ਅਰੰਭਕ ਬਾਣੀ ਜਪੁ ਦੀ ਪਹਿਲੀ ਪਉੜੀ `ਚ ਹੀ ਗੁਰਦੇਵ ਫ਼ੁਰਮਾਉਂਦੇ ਹਨ “ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ॥ ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ॥ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ॥ ਸਹਸ ਸਿਆਣਪਾ ਲਖ ਹੋਹਿ ਤ ਇੱਕ ਨ ਚਲੈ ਨਾਲਿ॥ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥ ੧॥” ਇਸ ਦੇ ਅਰਥ ਭਾਵ ਹਨ:-

“ਜੇਕਰ ਲਖਾਂ ਸੁੱਚਮਾਂ ਤੇ ਤੀਰਥਾਂ ਦੇ ਲਖਾਂ ਇਸ਼ਨਾਨ ਵੀ ਕਰ ਲਏ ਜਾਣ ਤਾਂ ਵੀ ਮਨ ਸੁੱਚਾ ਨਹੀਂ ਹੁੰਦਾ। ਇਸੇ ਤਰ੍ਹਾਂ ਸਾਰੀ ਰਚਨਾ ਦੇ ਧਨ-ਪਦਾਰਥ ਵੀ ਜੇ ਇਕਠੇ ਕਰ ਲਏ ਜਾਣ ਤਾਂ ਵੀ ਮਨ ਦੀ ਭੁੱਖ ਨਹੀਂ ਬੁਝਦੀ। ਲਖਾਂ ਸਮਾਧੀਆਂ, ਤਾੜੀਆਂ ਤੇ ਤੱਪ ਵੀ ਮਨੁੱਖ ਦੇ ਮਨ ਨੂੰ ਸ਼ਾਂਤ ਨਹੀਂ ਕਰ ਸਕਦੇ। ਲਖਾਂ ਚਤੁਰਾਈਆਂ, ਸਿਆਣਪਾਂ ਵੀ ਮਨ ਨੂੰ ਜੀਵਨ ਦੇ ਸਿਧੇ ਰਾਹ ਨਹੀਂ ਪਾ ਸਕਦੀਆਂ। ਸਾਰੇ ਦੇ ਉਲਟ ਇਸ ਮਨ `ਤੇ ਚੜ੍ਹੀ ਹੋਈ ਜਨਮਾਂ-ਜਨਮਾਤ੍ਰਾਂ ਦੀ ਮੈਲ (ਕੂੜ ਦੀ ਕੰਧ) ਨੂੰ ਕੇਵਲ ਪ੍ਰਭੂ ਦੇ ਹੁਕਮ-ਰਜ਼ਾ-ਭਾਣੇ `ਚ ਢਾਲਿਆਂ ਹੀ ਤੋੜਿਆ ਜਾ ਸਕਦਾ ਹੈ। ਇਹੀ ਰਾਹ ਹੈ ਜਿਥੋਂ ਮਨੁੱਖ ਦੇ ਮਨ ਨੂੰ ਸ਼ਾਤੀ ਮਿਲ ਸਕੇ, ਜੀਵਨ ਸਚਿਆਰਾ ਬਣੇ ਤੇ ਜੀਉਂਦੇ ਜੀਅ ਪ੍ਰਭੂ `ਚ ਅਭੇਦ ਹੋ ਸਕੇ।” ਸਪਸ਼ਟ ਹੌਇਆ ਕਿ ਸਰੀਰਕ ਪੱਧਰ `ਤੇ ਬੇਸ਼ੱਕ ਜਿਨੇਂ ਵੀ ਹੱਠ ਕਰਮ, ਸੁੱਚਮਾ-ਭਿਟਾਂ, ਬ੍ਰਾਹਮਣੀ ਕਰਮਕਾਂਡ ਜਾਂ ਆਪਣੇ ਆਪ ਨੂੰ ਵੱਡਾ ਵਿਦਵਾਨ ਅਖਵਾਉਣ ਲਈ ਕੋਈ ਯਤਣ ਪਿਆ ਕਰੇ, ਇਹ ਸਾਰੇ ਆਪ ਮਿਥੇ ਕਰਮ ਹਉਮੈ ਨੂੰ ਜਨਮ ਦਿੰਦੇ ਅਤੇ ਜੀਵਨ ਨੂੰ ਵਿਕਾਰਾਂ-ਮਨਮੱਤਾਂ, ਹੁੜਮੱਤਾਂ ਬਲਕਿ ਕਈ ਵਾਰੀ ਤਾਂ ਦੁਰਮੱਤਾਂ ਤੇ ਵੱਡੇ ਵੱਡੇ ਜੁਰਮਾਂ ਵੱਲ ਵੀ ਧਕੇਲਦੇ ਹਨ।

ਦੂਜੇ ਪਾਸੇ, ਸਚਿਆਰੇ ਜੀਵਨ ਦੀ ਪ੍ਰਾਪਤੀ ਲਈ, ਮਨੁੱਖ ਨੇ ਆਪਣੇ ਇਸੇ ਮਨ ਨੂੰ ਆਪ ਮਿੱਥੇ ਹਉਮੈ ਆਧਾਰਿਤ ਕਰਮਾਂ ਤੋ ਬਚਾਉਣਾ ਹੈ। ਮਨ ਨੂੰ ਪ੍ਰਭੂ ਦਰ ਦਾ ਅਰਦਾਸੀਆ ਬਣਾ ਕੇ, ਇਸ ਨੂੰ ਹਉਮੈ ਰਹਿਤ ਅਵਸਥਾ `ਚ ਲਿਆਉਣਾ ਹੈ। ਇਸ ਮਨ ਨੂੰ ਪ੍ਰਭੂ ਦੀ ਰਜ਼ਾ ਤੇ ਸਮਰਪਣ ਦੀ ਭਾਵਨਾ `ਚ ਜੀਊਣਾ ਸਿਖਾਉਣਾ ਹੈ। ਪ੍ਰਭੂ ਦਰ `ਤੇ ਜੀਵਨ ਨੂੰ ਸਚਿਆਰਾ ਬਨਾਉਣਾ, ਸੁੱਚਜੇ ਜੀਵਨ ਲਈ ਇਕੋ ਇੱਕ ਰਾਹ ਹੈ ਜਿਸ ਤੋਂ ਜੀਵਨ `ਚ ਇਲਾਹੀ ਗੁਣ ਪ੍ਰਵੇਸ਼ ਕਰਦੇ ਹਨ। ਜੀਵਨ ਸੁਭਾਵਿਕ ਤੌਰ `ਤੇ ਸਦਾਚਾਰਕ, ਉੱਚੇ ਆਚਰਣ ਵਾਲਾ, ਸਦੀਵੀ ਆਨੰਦ ਤੇ ਮਾਨਸਿਕ ਟਿਕਾਅ ਵਾਲਾ ਬਣ ਜਾਂਦਾ ਹੈ। ਲੋੜ ਹੈ ਤਾਂ ਗੁਰਮੁਖ ਬਣ ਕੇ, ਗੁਰਬਾਣੀ ਦੀ ਆਗਿਆ `ਚ ਸਰੀਰ ਵਿਚਲੇ ਇਸ ਮਨ ਨੂੰ ਇਸ ਦੇ ਮੂਲ ਪ੍ਰਭੂ ਨਾਲ ਜੋੜਣਾ।

ਇਸ ਲਈ ਗੁਰਬਾਣੀ `ਚੋਂ ਮਨ ਦੇ ਵਿਸ਼ੇ ਨੂੰ ਸਮਝਣ ਤੋਂ ਪਹਿਲਾਂ ਗੁਰਬਾਣੀ ਆਧਾਰ `ਤੇ ਮਨ ਸਬੰਧੀ ਕੁੱਝ ਨੁੱਕਤੇ ਸਮਝਣੇ ਬਹੁਤ ਜ਼ਰੂਰੀ ਹਨ ਜਿਵੇਂ (੧) ਮਨ ਦਾ ਵਿਸ਼ਾ ਇੱਕ ਅਜਿਹਾ ਵਿਸ਼ਾ ਹੈ ਜਿਸ ਨੂੰ ਗੁਰਬਾਣੀ ਅੰਦਰ ਆਦਿ ਤੋਂ ਅੰਤ ਤੀਕ ਨਿਭਾਇਆ ਗਿਆ ਹੈ। (੨) ਪ੍ਰਭੂ ਵਲੋਂ ਜੀਵ ਨੂੰ ‘ਮਨ’ ਵਾਲੀ ਦਾਤ ਕੇਵਲ ਮਨੁੱਖਾ ਜੂਨ `ਚ ਹੀ ਮਿਲਦੀ ਹੈ ਜਦਕਿ ਬਾਕੀ ਜੂਨਾਂ ‘ਸੁਰਤ’ ਤੋਂ ਅਰੰਭ ਹੋ ਕੇ ‘ਮਤ’ ਤੀਕ ਹੀ ਪੁਜਦੀਆਂ ਹਨ। (੩) ਅਕਾਲਪੁਰਖ ਦੀ ਵਿਸ਼ੇਸ਼ ਬਖਸ਼ਿਸ਼ ਸਦਕਾ ਜੀਵ ਨੂੰ ਬੇਅੰਤ ਜੂਨੀਆਂ ਚੋਂ ਕਢ ਕੇ ਮਨੁੱਖਾ ਜੂਨ ਮਿਲਦੀ ਹੈ। (੪) ਮਨੁੱਖਾ ਜੂਨ ਦਾ ਮਕਸਦ ਹੀ ਜੀਵਨ ਦੇ ਅਸਲੇ ਪ੍ਰਭੂ `ਚ ਅਭੇਦ ਹੋਣਾ ਤੇ ਜਨਮ ਨੂੰ ਸਫ਼ਲ ਕਰਣਾ ਹੁੰਦਾ ਹੈ ਤਾ ਕਿ ਮੁੜ-ਮੁੜ ਜੂਨਾਂ `ਚ ਨਾ ਆਵੀਏ। (੫) ਹਰੇਕ ਜੂਨ, ਪਿਛਲੇ ਮਨੁੱਖਾ ਜਨਮ ਨੂੰ ਵਿਅਰਥ ਕਰਣ ਬਾਅਦ ਕੀਤੇ ਚੰਗੇ-ਮਾੜੇ ਕਰਮਾਂ ਦਾ ਲੇਖਾ ਜੋਖਾ ਹੀ ਹੁੰਦੀ ਹੈ। (੬) ਮਨੁੱਖਾ ਜਨਮ `ਚ ਮਨ ਦੀ ਸੁਵਰਤੋਂ ਤੇ ਕੁਵਰਤੋਂ ਤੋਂ ਹੀ ਮਨੁੱਖ ਅੰਦਰ ‘ਹਊਮੈ ਰਹਿਤ ਬੁਧ’ ਅਤੇ ‘ਅਹੰ ਬੁਧ’ ਤਿਆਰ ਹੁੰਦੀ ਹੈ। (੬) ‘ਹਉਮੈ ਰਹਿਤ ਬੁਧ’ ਤੋਂ ਬਣੀ ‘ਸੁਬੁਧ’ ਅਥਵਾ ਵਿਵੇਕ ਬੁਧ ਕਾਰਨ ਹੀ ਜੀਵ, ਜੀਵਨ ਕਰਕੇ ਗੁਣਵਾਣ ਬਣਦਾ ਤੇ ਜੀਉਂਦੇ ਜੀਅ ਆਪਣੇ ਅਸਲੇ ਪ੍ਰਭੂ `ਚ ਅਭੇਦ ਹੋ ਜਾਂਦਾ ਹੈ, ਮੁੜ ਜਨਮ ਮਰਣ `ਚ ਨਹੀਂ ਆਉਂਦਾ। ਅਜਿਹੇ ਜੀਵਨ ਲਈ ਹੀ ਗੁਰਬਾਣੀ `ਚ ਸਚਿਆਰਾ, ਸਫ਼ਲ ਜੀਵਨ, ਵਡਭਾਗੀ, ਭਗਉਤੀ, ਗੁਰਮੁਖ ਆਦਿ ਸ਼ਬਦਾਵਲੀ ਆਈ ਹੈ। (੭) ‘ਅਹੰ ਬੁੱਧ’ (ਹਉਂ ਬੁਧ) ਤੋਂ “ਪੁੰਨੀ “ਪਾਪੀ ਆਖਣੁ ਨਾਹਿ॥ ਕਰਿ ਕਰਿ ਕਰਣਾ ਲਿਖਿ ਲੈ ਜਾਹੁ॥ ਆਪੇ ਬੀਜਿ ਆਪੇ ਹੀ ਖਾਹੁ॥ ਨਾਨਕ ਹੁਕਮੀ ਆਵਹੁ ਜਾਹੁ” (ਬਾਣੀ ਜਪੁ) ਅਨੁਸਾਰ ‘ਸਬੁਧ’ ਬਣੇ ਭਾਵੇ ‘ਕਬੁੱਧ’ ਪਰ ਜੀਵਨ ਸਫ਼ਲ ਨਹੀਂ ਹੁੰਦਾ। ਜੀਵ ਨੂੰ ਵਾਪਸ ਜਨਮਾਂ ਦੇ ਗੇੜ `ਚ ਹੀ ਪਾ ਦਿੱਤਾ ਜਾਂਦਾ ਹੈ। ਅਜਿਹੇ ਅਸਫ਼ਲ ਜੀਵਨ ਲਈ ਹੀ ਗੁਰਬਾਣੀ `ਚ ‘ਕਿਤ ਆਏ ਸੰਸਾਰ’, ‘ਬਿਰਥਾ ਜਨਮ ਗਵਾਇਆ’, ‘ਮਨਮਤੀਆ’, ‘ਅਭਾਗਾ’, ‘ਭਾਗਹੀਨ’, ‘ਮਨਮੁਖ’ ਆਦਿ ਸ਼ਬਦਾਵਲੀ ਆਈ ਹੈ।

‘ਸਰੀਰ ਨਹੀਂ ਮਨ’, ਰਥ ਨਹੀਂ ਰਥਵਾਹ’ - ਪੁਰਾਤਨ ਸਮੇਂ ਤੋਂ ਧਰਮੀ ਹੋਣ ਲਈ ਮਨੁੱਖ ਨੂੰ ਆਪਣਾ ਸਾਰਾ ਜ਼ੋਰ ਸਰੀਰਕ ਸਾਧਨਾ `ਤੇ ਲਗਾਉਣ ਲਈ ਹੀ ਕਿਹਾ ਹੈ। ਇਹ ਸਾਰੀਆਂ ਸਰੀਰਕ ਸਾਧਨਾਵਾਂ ਦਾ ਮਕਸਦ ਕਿਸੇ ਕਲਪਿਤ ਸੁਰਗ ਦੀ ਪ੍ਰਾਪਤੀ ਹੀ ਹੁੰਦਾ ਸੀ। ਇਹਨਾ ਸਾਧਨਾਵਾਂ ਦਾ ਰੂਪ ਹਨ ਲੰਮੀਆਂ ਸਮਾਧੀਆਂ, ਬੇਅੰਤ ਕਿਸਮ ਦੇ ਤੱਪ, ਇਥੋਂ ਤੀਕ ਕਿ ਬਨਾਰਸ `ਚ ਆਰੇ ਨਾਲ ਸਰੀਰ ਚਿਰਵਾਉਣ ਤੀਕ ਦੇ ਤੱਪ। ਤੀਰਥਾਂ ਦੇ ਭ੍ਰਮਣ, ਇਸ਼ਨਾਨ, ਦਾਨ-ਪੁੰਨ, ਚੌਂਕੇ-ਕਾਰਾਂ, ਸੁੱਚ-ਭਿੱਟ-ਪ੍ਰਛਾਂਵੇਂ, ਹਠ ਕਰਮ-ਵਰਤ ਆਦਿ। ਉਪ੍ਰੰਤ ਬੈਰਾਗੀ, ਨਾਂਗੇ, ਜੋਗੀ, ਬਿਭੂਤਧਾਰੀ, ਬ੍ਰਹਮਚਾਰੀ, ਸੰਤਾਂ, ਸਾਧਾਂ ਆਦਿ ਵਾਲੇ ਅਨੇਕਾਂ ਭੇਖ ਤੇ ਯੋਗ ਸਾਧਨਾਵਾਂ। ਜਦਕਿ ਇਹਨਾ ਸਾਰੇ ਕਰਮਾਂ, ਕ੍ਰਿਆਵਾਂ ਨੂੰ ਗੁਰਮਤਿ ਨੇ ਫੋਕਟ ਕਰਮ ਅਤੇ ਹਉਮੈ ਵਧਾਉਣ ਵਾਲੇ ਹੀ ਦਸਿਆ ਹੈ। ਗੁਰਮਤਿ `ਚ ਪ੍ਰਭੂ ਪ੍ਰਾਪਤੀ ਦਾ ਰਸਤਾ ਸਰੀਰਾਂ ਨੂੰ ਤਪਾਉਣਾ ਜਾਂ ਅਜਿਹੇ ਮਿਥੇ ਹੋਏ ਕਰਮ ਨਹੀਂ ਬਲਕਿ ਮਨ ਨੂੰ ਨਾਮ-ਬਾਣੀ ਨਾਲ ਸੁਅੱਛ ਕਰਣਾ ਹੀ ਦਸਿਆ ਹੈ। ਗੁਰੂ ਦਰ `ਤੇ ਸਰੀਰ ਦੀ ਸੀਮਾ ਕੇਵਲ ਸਰੀਰ ਦੀ ਅਰੋਗਤਾ ਤੇ ਨਿਖਾਰ ਤੀਕ ਹੀ ਹੈ ਤੇ ਉਸ ਲਈ ਪ੍ਰਭਾਤੇ ਦਾ ਇਸ਼ਨਾਨ, ਸਰੀਰਕ ਸਫ਼ਾਈ-ਸੁਅਛਤਾ ਉਪ੍ਰੰਤ ਵਾਤਾਵਰਣ ਦਾ ਸਾਫ਼-ਸੁਥਰਾ ਤੇ ਹਵਾਦਾਰ ਹੋਣਾ ਹੀ ਹੈ; ਸਾਧਨਾਵਾਂ ਤੇ ਸੁੱਚਾਂ-ਭਿਟਾਂ ਆਦਿ ਗੁਰਮਤਿ ਨਹੀਂ ਹਨ।

ਗੁਰਬਾਣੀ ਅਨੁਸਾਰ ਤਾਂ “ਸਲੋਕੁ ਮਃ ੧॥ ਨਾਨਕ ਮੇਰੁ ਸਰੀਰ ਕਾ, ਇਕੁ ਰਥੁ ਇਕੁ ਰਥਵਾਹੁ॥ ਜੁਗੁ ਜੁਗੁ ਫੇਰਿ ਵਟਾਈਅਹਿ, ਗਿਆਨੀ ਬੁਝਹਿ ਤਾਹਿ॥ ਸਤਜੁਗਿ ਰਥੁ ਸੰਤੋਖੁ ਕਾ, ਧਰਮੁ ਅਗੈ ਰਥਵਾਹੁ॥ ਤ੍ਰੇਤੈ ਰਥੁ ਜਤੈ ਕਾ, ਜੋਰੁ ਅਗੈ ਰਥਵਾਹੁ॥ ਦੁਆਪੁਰਿ ਰਥੁ ਤਪੈ ਕਾ, ਸਤੁ ਅਗੈ ਰਥਵਾਹੁ॥ ਕਲਜੁਗਿ ਰਥੁ ਅਗਨਿ ਕਾ, ਕੂੜੁ ਅਗੈ ਰਥਵਾਹੁ॥ ੧ ॥ (ਪੰ: ੪੭੦) ਭਾਵ ਮਨੁੱਖ ਦੇ ਸਰੀਰ ਨੂੰ, ਸਰੀਰ ਨਹੀਂ ਬਲਕਿ ਮਨ ਚਲਾਉਂਦਾ ਹੈ। ਇਸ ਲਈ ਜਿਸ ਤਰ੍ਹਾਂ ਦੀ ਮਨੁੱਖ ਦੇ ਮਨ ਦੀ ਤਿਆਰੀ ਹੋਵੇਗੀ, ਸਰੀਰ ਵੀ ਉਸੇ ਤਰ੍ਹਾਂ ਹੀ ਪਿਛੇ ਲਗ ਟੁਰੇਗਾ। ਠੀਕ ਉਸੇ ਤਰ੍ਹਾਂ ਜਿਵੇਂ, ਜੇਕਰ ਸਰੀਰ ਨੂੰ ‘ਰਥ’ ਮੰਨ ਲਿਆ ਜਾਵੇ ਤਾਂ ਇਸ ਰਥ ਦਾ ‘ਰਥਵਾਹ’ ਹੋਵੇਗਾ ਸਾਡਾ ਮਨ। ਇਹੀ ਕਾਰਨ ਹੈ ਜੇ ਮਨ ਸੰਤੋਖੀ ਹੈ ਤਾਂ ਸਰੀਰ ਚੋਂ ਆਪਣੇ ਆਪ ਧਰਮ ਹੀ ਪ੍ਰਗਟ ਹੋਵੇਗਾ। ਜੇ ਮਨੁੱਖ ਮਨ ਕਰਕੇ ਸਦਾਚਾਰੀ ਹੈ ਤਾਂ ਸਰੀਰ, ਵਿਕਾਰ ਰਹਿਤ ਹੀ ਰਵੇਗਾ। ਜੇ ‘ਮਨ’ ਸਦਗੁਣਾਂ ਨਾਲ ਭਰਪੂਰ ਹੈ ਤਾਂ ਸਰੀਰ ਤੋਂ ਵੀ ਉੱਚਾ-ਸੁੱਚਾ ਤੇ ਆਦਰਸ਼ਕ ਜੀਵਨ ਹੀ ਪ੍ਰਗਟ ਹੋਵੇਗਾ। ਉਪ੍ਰੰਤ ਜੇ ਮਨ ਹੈ ਹੀ ਤ੍ਰਿਸ਼ਨਾ-ਭੁੱਖਾਂ-ਲਾਲਸਾਵਾਂ ਦਾ ਮਾਰਿਆ ਤਾਂ ਸਰੀਰ ਵਿਕਾਰਾਂ, ਭਟਕਣਾ, ਮੰਗਾ ਦੀ ਭੱਠੀ ਬਣਿਆ ਹੀ ਸੜਦਾ ਰਵੇਗਾ। ਇਸ ਲਈ ਗੁਰਬਾਣੀ ਅਨੁਸਾਰ, ਸਾਡਾ ਜੀਵਨ, ਸਰੀਰ ਦਾ ਨਹੀਂ ਬਲਕਿ ਮਨ ਦਾ ਵਿਸ਼ਾ ਹੈ। ਇਸ `ਚ ਸਰੀਰ, ਕਿਸੇ ਵੀ ਮਾਨਸਿਕ ਅਵਸਥਾ ਦੇ ਪ੍ਰਗਟਾਵੇ ਲਈ ਕੇਵਲ ਸਾਧਨ ਮਾਤ੍ਰ ਹੀ ਹੈ। ਲੋੜ ਹੈ ਸਰੀਰ ਅੰਦਰੋਂ ਆਪਣੇ ਮਨ ਦੇ ਸੰਭਾਲ ਦੀ। ਤਾਂ ਤੇ ਮਨਾਂ ਦੀ ਤਿਆਰੀ `ਚ ਭਿੰਨਤਾ ਕਾਰਨ, ਜੀਵਨ ਰਹਿਣੀ ਕਰਕੇ ਹਰੇਕ ਯੁਗ ਦਾ ਵਾਸੀ ਅੱਜ ਵੀ ਇਕੋ ਸਮੇਂ ਮਿਲ ਸਕਦਾ ਹੈ। ਉਂਝ ਵੀ ਗੁਰਮਤਿ ਨੇ ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ ਵਾਲੀ ਯੁਗਾਂ ਦੀ ਵੰਡ ਨੂੰ ਪ੍ਰਵਾਣ ਨਹੀਂ ਕੀਤਾ।

“ਗਿਆਨ ਕਾ ਬਧਾ ਮਨੁ ਰਹੈ” -ਕਈ ਸੱਜਨ ਮਿਲਦੇ ਹਨ ਜੋ ਮਨੁੱਖਾ ਸਰੀਰ ਅੰਦਰ ਦਿਲ ਜਾਂ ਦਿਮਾਗ਼ ਨੂੰ ਹੀ ‘ਮਨ’ ਸਮਝਦੇ ਹਨ, ਜਦਕਿ ਗੁਰਬਾਣੀ ਅਨੁਸਾਰ ਇਹ ਸੱਚ ਨਹੀਂ। ਸਾਡੇ ਸਰੀਰ ਅੰਦਰ ਦਿਲ ਤੇ ਦਿਮਾਗ਼, ਦੋਵੇਂ ਸਾਡੇ ਸਰੀਰ ਦੇ ਸਥੂਲ ਅੰਗ ਹਨ ਜਿਨ੍ਹਾਂ ਦੀ ਚੀਰ-ਫਾੜ ਤੇ ਇਲਾਜ ਵੀ ਹੁੰਦਾ ਹੈ, ਪਰ ਮਨ `ਤੇ ਇਹ ਗੱਲ ਲਾਗੂ ਨਹੀਂ ਹੁੰਦੀ। ਮਨ ਦੇ ਇਲਾਜ ਲਈ ਤਾਂ ਗਰਬਾਣੀ ਜੀਵਨ ਜਾਚ ਦੀ ਲੋੜ ਹੁੰਦੀ ਹੈ ਜਿਸ ਤੋਂ ਬਿਨਾ ਮਨ ਕੁਰਾਹੇ ਹੀ ਪਿਆ ਰਹਿੰਦਾ ਹੈ। ਗੁਰਬਾਣੀ ਅਨੁਸਾਰ ਮਨੁੱਖਾ ਸਰੀਰ ਅੰਦਰ ਮਨ ਹੀ ਹੈ ਜੋ ਪ੍ਰਭੂ ਮਿਲਾਪ ਲਈ, ਇਕੋ-ਇੱਕ ਸਾਧਨ ਹੈ। ਗੁਰਬਾਣੀ ਜੀਵਨ ਬਿਨਾ ਇਸ ਮਨ `ਚ ਪੈਦਾ ਹੋ ਚੁੱਕੀ ‘ਅਹੰ ਬੁਧ’ ਤੋਂ ਹੀ, ਜੀਵ ਦੇ ਚੰਗੇ ਭਾਵੇਂ ਮਾੜੇ, ਕਰਮਾਂ-ਸੰਸਕਾਰਾਂ ਦਾ ਸਮੂਹ ਬਣਦਾ ਹੈ। ਉਪ੍ਰੰਤ ਕਰਮਾਂ-ਸੰਸਕਾਰਾਂ ਦੇ ਬਣ ਚੁੱਕੇ ਇਸ ਸਮੂਹ ਅਨੁਸਾਰ ਹੀ ਜੀਵ ਨੂੰ ਜਨਮਾਂ ਤੇ ਭਿੰਨ ਭਿੰਨ ਜੂਨਾਂ ਦੇ ਚੱਕਰਾਂ `ਚ ਘੁਮਣਾ ਪੈਂਦਾ ਹੈ। ਫ਼ੁਰਮਾਨ ਹੈ “ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ, ਕਾਲਾ ਹੋਆ ਸਿਆਹੁ॥ ਖੰਨਲੀ ਧੋਤੀ ਉਜਲੀ ਨ ਹੋਵਈ, ਜੇ ਸਉ ਧੋਵਣਿ ਪਾਹੁ॥ ਗੁਰ ਪਰਸਾਦੀ ਜੀਵਤੁ ਮਰੈ, ਉਲਟੀ ਹੋਵੈ ਮਤਿ ਬਦਲਾਹੁ॥ ਨਾਨਕ ਮੈਲੁ ਨ ਲਗਈ, ਨਾ ਫਿਰਿ ਜੋਨੀ ਪਾਹੁ” (ਪੰ: ੬੫੧) ਭਾਵ ਇਹ ਕੁਰਾਹੇ ਪਿਆ ਰਹਿ ਚੁੱਕਾ ਮਨ, ਪ੍ਰਭੂ ਹੁਕਮ ਭਾਵ ਉਸ ਦੇ ਨਿਆਂ `ਚ ਹੀ ਜੀਵ ਨੂੰ ਜਨਮ-ਮਰਣ ਤੇ ਜੂਨਾਂ ਦੇ ਚਕਰ `ਚ ਉਦੋਂ ਤੀਕ ਪਾਈ ਰਖਦਾ ਹੈ ਜਦ ਤੀਕ ਫ਼ਿਰ ਤੋਂ ਪ੍ਰਾਪਤ ਮਨੁੱਖਾ ਜਨਮ `ਚ ਮਨ ਆਪਣੇ ਅਸਲੇ ਪ੍ਰਭੂ `ਚ ਅਭੇਦ ਹੀ ਨਹੀਂ ਹੋ ਜਾਂਦਾ; ਜੇ ਉਦੋਂ ਵੀ ਨਹੀਂ ਤਾਂ ਫ਼ਿਰ ਉਹੀ ਜਨਮਾਂ-ਜੂਨਾਂ ਵਾਲਾ ਚਕਰ।

ਦਰਅਸਲ ਸਾਡੇ ਸਰੀਰ ਅੰਦਰ ਇਹ ਮਨ ਹੀ ਸਾਧਨ ਹੈ ਜੋ ਜੀਵ ਦਾ ਪ੍ਰਭੂ ਮਿਲਾਪ ਲਈ ਮਨੁੱਖ ਨੂੰ ਪ੍ਰਭੂ ਵਲੋਂ ਮਿਲਦਾ ਹੈ। ਚੂੰਕਿ ਪ੍ਰਭੂ ਮਿਲਾਪ ਲਈ ਮਨੁੱਖਾ ਜੂਨ ਹੀ ਖਾਸ ਹੈ ਹੋਰ ਕਿਸੇ ਵੀ ਜੂਨ `ਚ ਇਹ ਸੰਭਵ ਨਹੀਂ। ਇਸ ਲਈ ਮਨ ਵਾਲੀ ਦਾਤ ਵੀ ਕੇਵਲ ਮਨੁੱਖਾ ਜੂਨ `ਚ ਹੀ ਮਿਲਦੀ ਹੈ ਕਿਸੇ ਹੋਰ ਜੂਨ `ਚ ਨਹੀਂ। ਫ਼ੁਰਮਾਨ ਹੈ “ਮਨ ਤੂੰ ਜੋਤਿ ਸਰੂਪੁ ਹੈ, ਆਪਣਾ ਮੂਲੁ ਪਛਾਣੁ॥ ਮਨ ਹਰਿ ਜੀ ਤੇਰੈ ਨਾਲਿ ਹੈ, ਗੁਰਮਤੀ ਰੰਗੁ ਮਾਣੁ॥ ਮੂਲੁ ਪਛਾਣਹਿ ਤਾਂ ਸਹੁ ਜਾਣਹਿ, ਮਰਣ ਜੀਵਣ ਕੀ ਸੋਝੀ ਹੋਈ॥ ਗੁਰ ਪਰਸਾਦੀ ਏਕੋ ਜਾਣਹਿ, ਤਾਂ ਦੂਜਾ ਭਾਉ ਨ ਹੋਈ” (ਪੰ: ੪੪੧)। ਇਹੀ ਕਾਰਨ ਹੈ, ਮਨੁੱਖ ਦੀ ਮੌਤ ਹੋ ਜਾਂਦੀ ਹੈ ਤਾਂ ਸਰੀਰ `ਚੋਂ ਦੋ ਚੀਜ਼ਾਂ ਕਿਸੇ ਵਿਗਿਆਨੀ ਦੀ ਪੱਕੜ `ਚ ਵੀ ਅੱਜ ਤੀਕ ਨਹੀਂ ਆਈਆਂ ਤੇ ਨਾ ਆਊਣਗੀਆਂ ਹੀ। ਇਹਨਾ ਚੋਂ ਇੱਕ ਹੈ ‘ਮਨ’ ਤੇ ਦੂਜਾ ਸਰੀਰ `ਚ ‘ਪ੍ਰਭੂ ਦਾ ਨੂਰ’ ਭਾਵ ਜੀਵਾਤਮਾ। ਇਸ ਸਬੰਧੀ ਹੋਰ ਵੇਰਵੇ ਲਈ ਗੁਰਮਤਿ ਪਾਠ ਹਨ ਨੰ: ੮੧, ੮੨, ੧੬੦, ੧੮੭ ਨੰਬਰ ਵਾਰ “ਸਰੀਰਾਂ ਵਾਲੀ ਖੇਡ ਤੇ ਦੁਖ-ਸੁਖ” “ਮਨ ਅਤੇ ਆਤਮਾ ਦਾ ਸੁਮੇਲ ਕਿੱਥੇ?” ਮਨ ਅਤੇ ਇਸ ਦੇ ਦੋ ਵਿਰੋਧੀ ਸਫ਼ਰ” “ਇਸੁ ਮਨ ਕਉ ਕੋਈ ਖੋਜਹੁ ਭਾਈ॥ ਤਨ ਛੂਟੇ ਮਨੁ ਕਹਾ ਸਮਾਈ?” ਵੱਖਰੇ ਤੌਰ `ਤੇ ਦਿੱਤੇ ਜਾ ਚੁੱਕੇ ਹਨ, ਸੰਗਤਾਂ ਉਹਨਾਂ ਦਾ ਲਾਭ ਲੈ ਸਕਦੀਆਂ ਹਨ।

ਚੂੰਕਿ ਮਨੁੱਖ ਨੂੰ ਮਨ ਮਿਲਦਾ ਤਾਂ ਪ੍ਰਭੂ ਮਿਲਾਪ ਲਈ ਹੈ ਪਰ ਇਸ ਮਨ ਦੀ ਅਸਲੀਅਤ ਵੀ ਗੁਰੂ ਗਿਆਨ-ਗੁਰਬਾਣੀ, ਬਿਨਾ ਸਮਝ `ਚ ਆਉਣੀ ਸੰਭਵ ਨਹੀਂ। ਇਸੇ ਅਗਿਆਣਤਾ ਦਾ ਨਤੀਜਾ ਹੁੰਦਾ ਹੈ ਕਿ ਬਹੁਤਾ ਕਰਕੇ ਅਨਜਾਣੇ `ਚ ਇਸ ‘ਮਨ’ ਦੀ ਕੁਵਰਤੋਂ ਹੀ ਮਨੁੱਖ ਨੂੰ ਮਨਮੁਖ, ਮਨਮਤੀਆ, ਹੂੜਮਤੀਆ, ਦੁਰਮਤੀਆ, ਦੁਰਾਚਾਰੀ, ਵਿਭਚਾਰੀ ਬਲਕਿ ਕਈ ਵਾਰੀ ਤਾਂ ਮਨੁੱਖ ਦੇ ਜੀਵਨ ਨੂੰ ਵੱਡੇ ਵੱਡੇ ਅਉਗੁਣਾ ਦੇ ਸਮੁੰਦਰ `ਚ ਧਕੇਲਣ ਦਾ ਕਾਰਨ ਬਣ ਜਾਂਦੀ ਹੈ। ਪਰ ਜਦੋਂ ਇਸੇ ਮਨ ਦੀ ਘਾੜਤ ਗੁਰੂ ਗਿਆਨ-ਗੁਰਬਾਣੀ ਨਾਲ ਹੁੰਦੀ ਹੈ ਤਾਂ ਇਹੀ ‘ਮਨ’ ਮਨੁੱਖ ਨੂੰ ਸਚਿਆਰਾ, ਗੁਰਮੁਖ, ਵਡਭਾਗੀ, ਗੁਰਮਤਿ, ਜੀਵਨਮੁੱਕਤ, ਭਗਉਤੀ ਆਦਿ ਪੂਜਣਯੋਗ, ਉੱਚੇ ਸੁੱਚੇ ਆਚਰਣ ਵਾਲਾ, ਸਦਾਚਾਰੀ ਤੇ ਗੁਣਾਂ ਦਾ ਪੁਤਲਾ ਬਣਾ ਦਿੰਦਾ ਹੈ। ਲੋੜ ਹੈ ਤਾਂ ਮਨ ਦੀ ਅਸਲੀਅਤ ਨੂੰ ਗੁਰਬਾਣੀ `ਚੋਂ ਸਮਝਣ ਦੀ। ਗੁਰਦੇਵ, ਗੁਰਬਾਣੀ `ਚ ਇਸ ‘ਮਨ’ ਬਾਰੇ ਇਥੋਂ ਤੀਕ ਫ਼ੁਰਮਾਉਂਦੇ ਹਨ, “ਮਃ ੧॥ ਕੁੰਭੇ ਬਧਾ ਜਲੁ ਰਹੈ, ਜਲ ਬਿਨੁ ਕੁੰਭੁ ਨ ਹੋਇ॥ ਗਿਆਨ ਕਾ ਬਧਾ ਮਨੁ ਰਹੈ, ਗੁਰ ਬਿਨੁ ਗਿਆਨੁ ਨ ਹੋਇ॥ ੫ ॥” (ਪੰ: ੪੬੯) ਅਰਥ ਭਾਵ ਹਨ:

ਜਿਵੇਂ ਪਾਣੀ ਦਾ ਸੁਭਾਅ ਹੀ ਢਲਾਣ ਵੱਲ ਵਧਣਾ ਹੈ। ਇਸ ਲਈ ਜੇ ਪਾਣੀ ਨੂੰ ਰੋਕ ਨਾ ਲਗਾਈ ਜਾਵੇ ਤਾਂ ਪਾਣੀ ਆਪਣੇ ਆਪ ਢਲਾਣ ਵੱਲ ਵਧਦਾ-ਵਧਦਾ ਅੰਤ ਆਪਣੀ ਹੋਂਦ ਤੀਕ ਗੁਆ ਲੈਂਦਾ ਹੈ। ਉਪ੍ਰੰਤ ਉਸੇ ਪਾਣੀ ਤੋਂ ਤਿਆਰ ਹੋਣ ਵਾਲਾ ਘੜਾ ਇਨਾਂ ਸਮ੍ਰਥ ਹੋ ਜਾਂਦਾ ਹੈ ਕਿ ਚਲਦੇ ਪਾਣੀ ਨੂੰ ਵੀ ਰੋਕ ਕੇ ਆਪਣੇ ਅੰਦਰ ਬੰਨ ਲੈਂਦਾ ਹੈ। ਇਸੇ ਤਰ੍ਹਾਂ ਮਨ ਨੂੰ ਵੀ ਜੇ ਖੁੱਲਾ ਛੱਡ ਦੇਵੋ ਤਾਂ ਬੇ-ਲਗਾਮ ਮਨ, ਮਨੁੱਖ ਦੇ ਜੀਵਨ ਨੂੰ ਗੁਣਾਹਾਂ ਦੀ ਖਾਣ ਤੀਕ ਬਨਾ ਦਿੰਦਾ ਹੈ। ਉਪ੍ਰੰਤ ਜੇ ਪਾਣੀ ਤੇ ਘੜੇ ਵਾਲੀ ਮਿਸਾਲ ਵਾਂਗੂ, ਪ੍ਰਭੂ ਬਖਸ਼ੇ ਇਸ ਮਨ ਨੂੰ ਵੀ ਗੁਰੂ ਗਿਆਨ ਨਾਲ ਘੜ ਲਿਆ ਜਾਵੇ ਤਾਂ ਮਨ ਇਨਾਂ ਬਲਵਾਨ ਤੇ ਸਮ੍ਰਥ ਹੋ ਜਾਂਦਾ ਹੈ ਕਿ ‘ਗੁਰੂ ਗਿਆਨ’ ਨੂੰ ਵੀ ਆਪਣੇ ਅੰਦਰ ਬੰਨ ਲੈਂਦਾ ਹੈ। ਇਸ ਤਰ੍ਹਾਂ ਇਸ ਮਨੁੱਖਾ ਜਨਮ ਨੂੰ ਸਫ਼ਲ ਕਰਣ ਦਾ ਇਕੋ ਇੱਕ ਰਾਹ ਹੈ ਸਾਧ ਸੰਗਤ `ਚ ਆ ਕੇ ਮਨ ਦੀ ਘਾੜਤ ਗੁਰੂ ਗਿਆਨ-ਗੁਰਬਾਣੀ ਦੀ ਆਗਿਆ `ਚ ਕਰਣੀ। ਜੇ ਅਜਿਹਾ ਨਹੀਂ ਤਾਂ ਇਸ ਮਨ ਦਾ ਸੁਭਾਅ ਹੀ ਹੈ “ਜੇਹਾ ਵੇਖਹਿ ਤੇਹਾ ਵੇਖੁ” (ਪੰ: ੪੬੭) ਭਾਵ ਜਿਸ ਤਰ੍ਹਾਂ ਦੇ ਵਾਤਾਵਰਣ `ਚ ਇਨਸਾਨ ਰਹਿੰਦਾ ਹੈ, ਉਸ ਦੇ ਮਨ ਨੂੰ ਉਸੇ ਤਰ੍ਹਾਂ ਦਾ ਹੀ ਰੰਗ ਚੜ੍ਹ ਜਾਂਦਾ ਹੈ ਤੇ ਉਸੇ ਤਰ੍ਹਾਂ ਦੇ ਮਨੁੱਖ ਦੇ ਸੰਸਕਾਰ ਤੇ ਕਰਮ ਬਣ ਜਾਂਦੇ ਹਨ ਤੇ ਉਹਨਾਂ ਸੰਸਕਾਰਾਂ-ਕਰਮਾਂ ਅਨੁਸਾਰ ਹੀ ਮਨੁੱਖ ਦਾ ਜੀਵਨ ਤਿਆਰ ਹੋ ਜਾਂਦਾ ਹੈ।

ਤਰਵਰੁ ਕਾਇਆ ਪੰਖਿ ਮਨ” - ਸਾਡੇ ਸਰੀਰ ਅੰਦਰ ਮਨ ਵਾਲੀ ਹੋਂਦ ਨੂੰ ਗੁਰਦੇਵ ਇੱਕ ਹੋਰ ਢੰਗ ਨਾਲ ਵੀ ਸਮਝਾਉਂਦੇ ਹਨ, ਫ਼ੁਰਮਾਨ ਹੈ “ਤਰਵਰੁ ਕਾਇਆ ਪੰਖਿ ਮਨੁ ਤਰਵਰਿ ਪੰਖੀ ਪੰਚ॥ ਤਤੁ ਚੁਗਹਿ ਮਿਲਿ ਏਕਸੇ ਤਿਨ ਕਉ ਫਾਸ ਨ ਰੰਚ॥ ਉਡਹਿ ਤ ਬੇਗੁਲ ਬੇਗੁਲੇ ਤਾਕਹਿ ਚੋਗ ਘਣੀ॥ ਪੰਖ ਤੁਟੇ ਫਾਹੀ ਪੜੀ ਅਵਗੁਣਿ ਭੀੜ ਬਣੀ” (ਇਸ ਲਈ) “ਬਿਨੁ ਸਾਚੇ ਕਿਉ ਛੂਟੀਐ ਹਰਿ ਗੁਣ ਕਰਮਿ ਮਣੀ॥ ਆਪਿ ਛਡਾਏ ਛੂਟੀਐ, ਵਡਾ ਆਪਿ ਧਣੀ॥ ਗੁਰ ਪਰਸਾਦੀ ਛੂਟੀਐ ਕਿਰਪਾ ਆਪਿ ਕਰੇਇ॥ ਅਪਣੈ ਹਾਥਿ ਵਡਾਈਆ ਜੈ ਭਾਵੈ ਤੈ ਦੇਇ॥ ੩੩ ॥” (ਪੰ: ੯੩੪) ਅਰਥ ਭਾਵ ਹਨ, ਜੇ ਮੰਨ ਲਿਆ ਜਾਵੇ ਕਿ ਮਨੁੱਖ ਦਾ ਸਰੀਰ ਇੱਕ ਬਿਰਖ ਦੀ ਨਿਆਈਂ ਹੈ ਤਾਂ ਇਸ ਬਿਰਖ `ਚ ਮਨ ਰੂਪ ਇੱਕ ਪੰਖੀ ਦਾ ਵਾਸਾ ਵੀ ਹੈ। ਫ਼ਿਰ ਇਸੇ ਹੀ ਬਿਰਖ `ਚ ਪੰਜ ਹੋਰ ਪੰਛੀ ਭਾਵ ਪੰਜ ਗਿਆਨ ਇੰਦਰੇ ਵੀ ਹਨ। ਖੂਬੀ ਇਹ ਕਿ ਇਹ ਪੰਜੇ ਗਿਆਨ ਇੰਦਰੇ, ‘ਮਨ’ ਰੂਪ ਪੰਛੀ ਦੀ ਆਗਿਆ `ਚ ਇਕੋ ਹੀ ਦਿਸ਼ਾ ਨੂੰ ਉਡਦੇ ਹਨ। ਚੂੰਕਿ ਇਹ ਪੰਜੇ ਪੰਛੀ (ਗਿਆਨ ਇੰਦਰੇ) ਚਲਦੇ ਇਕੋ ਰੁਖ ਨੂੰ ਹਨ, ਵੱਖ ਵੱਖ ਰੁਖ ਨੂੰ ਨਹੀੇਂ। ਇਸ ਲਈ ਜਦੋਂ ਇਹ ਗਿਆਨ ਇੰਦਰੇ, ਜੀਵਨ ਦੇ ਤਤ, ਪ੍ਰਭੂ ਨਾਲ ਜੁੜ ਕੇ ਉਡਦੇ ਹਨ ਤਾਂ ਇਹਨਾ ਨੂੰ ਵਿਕਾਰਾਂ, ਤ੍ਰਿਸ਼ਨਾ, ਮੋਹ-ਮਾਇਆ ਆਦਿ ਵਾਲੀ ਫਾਹੀ ਨਹੀਂ ਪੈਂਦੀ।

ਇਸ ਦੇ ਉਲਟ ਜਦੋਂ ਇਹ ਪੰਜੇ ਪੰਛੀ (ਇੰਦਰੇ) ਸੰਸਾਰਕ ਮੋਹ, ਮਾਇਆ, ਤ੍ਰਿਸ਼ਨਾ ਆਦਿ ਸੰਸਾਰਕ ਭੁਖਾਂ ਵੱਲ ਵਧਦੇ ਹਨ ਤਾਂ ਇਹਨਾ ਨੂੰ ਮੋਹ ਮਾਇਆ, ਵਿਕਾਰਾਂ, ਭਟਕਣਾਂ, ਤ੍ਰਿਸ਼ਣਾ ਵਾਲੀ ਭੁੱਖ ਹੀ ਇਹਨਾ ਨੂੰ ਅਜਿਹੀ ਦੌੜ ਲਗਵਾਉਂਦੀ ਹੈ ਕਿ ਇਹ ਆਪਣੀ ਭੁੱਖਾਂ ਦੇ ਹੀ ਗ਼ੁਲਾਮ ਹੋ ਕੇ ਰਹਿ ਜਾਂਦੇ ਹਨ। ਜੀਵਨ ਦਾ ਚੋਗਾ ਚੁਗਦੇ ਵੀ ਜਾਂਦੇ ਹਨ ਪਰ “ਭੁਖਿਆ ਭੁਖ ਨ ਉਤਰੀ, ਜੇ ਬੰਨਾ ਪੁਰੀਆ ਭਾਰ” (ਬਾਣੀ ਜਪੁ) ਅਨੁਸਾਰ ਇਹਨਾ ਦਾ ਰੱਜ ਹੁੰਦਾ ਹੀ ਨਹੀਂ। ਇਸ ਤਰ੍ਹਾਂ ਕੁਰਾਹੇ ਪੈ ਚੁੱਕਾ ਤੇ ‘ਮਨ’ ਦਾ ਗ਼ੁਲਾਮ ਹੋ ਚੁੱਕਾ ਬਿਰਖ ਰੂਪ ਪੰਜ ਗਿਆਨ ਇੰਦਰਿਆਂ ਵਾਲਾ ਸਰੀਰ, ਜ਼ਿੰਦਗੀ ਭਰ ਧੰਨ ਪਦਾਰਥਾਂ ਦੀ ਲਾਲਸਾ `ਚ ਲਗਾ ਰਹਿ ਕੇ ਜੀਵਨ ਦੀ ਬਾਜ਼ੀ ਹਾਰ ਜਾਂਦਾ ਹੈ। ਜੀਵਨ ਮੁੱਕ ਜਾਂਦਾ ਹੈ ਤੇ ਮੌਤ ਆ ਜਾਂਦੀ ਹੈ; ਪਰ ਇਸ ਦੀ ਤ੍ਰਿਸ਼ਨਾ ਵਾਲੀ ਭੁੱਖ ਨਹੀਂ ਮੁੱਕਦੀ; ਉਲਟਾ ਕਈ ਗੁਣਾਂ ਵੱਧ ਚੁੱਕੀ ਹੁੰਦੀ ਹੈ। ਉਸੇ ਕਾਰਨ ਜੀਵਨ `ਚ ਪੈਦਾ ਹੋ ਚੁੱਕੇ ਬੇਅੰਤ ਅਉਗਣਾਂ ਕਾਰਨ ਇਸ ਦੇ ਗਲ `ਚ ਮੁੜ ਭਿੰਨ ਭਿੰਨ ਜੂਨਾਂ ਵਾਲੇ ਜਨਮ-ਮਰਣ ਦੇ ਗੇੜ ਵਾਲੀ ਫਾਹੀ ਪੈ ਜਾਂਦੀ ਹੈ।

ਗੁਰਦੇਵ ਨਿਰਣਾ ਦਿੰਦੇ ਹਨ ਕਿ ਜਨਮ-ਮਰਣ ਦੇ ਗੇੜ ਤੋਂ ਛੁਟਕਾਰੇ ਦਾ ਇਕੋ ਰਾਹ ਹੈ, ਇਸ ਮਨ ਨੂੰ ਗੁਰੂ ਗਿਆਨ ਦੀ ਆਗਿਆ `ਚ ਲਿਆ ਕੇ ਪ੍ਰਭੂ ਪਿਆਰ ਵਾਲਾ ਰੰਗ ਚੜ੍ਹਾਉਣਾ ਜਿਸ ਤੋਂ ਪ੍ਰਭੂ ਬਖਸ਼ਿਸ਼ ਕਰਕੇ ਜੀਵ ਨੂੰ ਉਸ ਜਨਮ-ਮਰਣ ਦੇ ਗੇੜ ਚੋਂ ਬਚਾਅ ਲੈਂਦਾ ਹੈ। ਇਸ ਦੇ ਉਲਟ ਜਦੋਂ ਤੀਕ ਮਨੁੱਖ ਦੀ ਸੁਰਤ ਹੀ ਮੋਹ-ਮਾਇਆ `ਚ ਟਿਕੀ ਹੋਵੇ ਤਾਂ ਅਜਿਹੀ ਖਿੰਡੀ ਹੋਈ ਸੁਰਤ ਦੇ ਹੁੰਦਿਆਂ ਜੀਵਨ `ਚ ਪ੍ਰਭੂ ਦਾ ਵਾਸਾ ਸੰਭਵ ਹੀ ਨਹੀਂ।

“ਇਹੁ ਮਨੁ ਪੰਚ ਤਤ ਕੋ ਜੀਉ” - ਕਬੀਰ ਸਾਹਿਬ ਬਾਣੀ ‘ਬਾਵਨ ਅਖਰੀ’ ਬੰਦ ੩੧, ੩੨ ਤੇ ੩੩ `ਚ ਮਮਾ ਅੱਖਰ ਨਾਲ ਮਨ ਦੇ ਵਿਸ਼ੇ ਦੀ ਬਹੁਤ ਸੁੰਦਰ ਵਿਆਖਿਆ ਕਰਦੇ ਹਨ। ਦਸਦੇ ਹਨ ਕਿ ਮਨੁੱਖਾ ਸਰੀਰ `ਚ ਇਸ ਮਨ ਦਾ ਮੂਲ ਹੈ ਕੀ? ਪ੍ਰਭੂ ਨੇ ਮਨੁੱਖ ਨੂੰ ਮਨ ਬਖਸ਼ਿਆ ਕਿਉਂ ਹੈ? ਮਨੁੱਖ, ਕੁਰਾਹੇ ਕਿਉਂ ਤੇ ਕਿਵੇਂ ਪੈਂਦਾ ਹੈ? ਮਨ ਦੇ ਕੁਰਾਹੇ ਪੈਣ ਕਾਰਨ, ਨਤੀਜਾ ਕੀ ਹੁੰਦਾ ਹੈ? ਉਪ੍ਰੰਤ ਇਸ ਮਨ ਦਾ ਅੰਤ ਕਿਵੇਂ ਤੇ ਕਦੋਂ ਹੁੰਦਾ ਹੈ? ਫ਼ੁਰਮਾਉਂਦੇ ਹਨ:-

“ਮਮਾ ਮੂਲ ਗਹਿਆ, ਮਨੁ ਮਾਨੈ॥ ਮਰਮੀ ਹੋਇ ਸੁ ਮਨ ਕਉ ਜਾਨੈ॥ ਮਤ ਕੋਈ ਮਨ ਮਿਲਤਾ ਬਿਲਮਾਵੈ॥ ਮਗਨ ਭਇਆ ਤੇ ਸੋ ਸਚੁ ਪਾਵੈ॥ ੩੧॥” ਭਾਵ “ਜੇਕਰ ਜਗਤ ਦੇ ਮੂਲ-ਪ੍ਰਭੂ ਨੂੰ ਆਪਣੇ ਮਨ `ਚ ਵਸਾ ਲਈਏ, ਤਾਂ ਮਨ ਭਟਕਣੋਂ ਹਟ ਜਾਂਦਾ ਹੈ। ਜੋ ਮਨੁੱਖ ਇਸ ਭੇਤ ਨੂੰ ਜਾਣ ਲੈਂਦਾ ਹੈ ਕਿ ਪ੍ਰਭੂ-ਚਰਨਾਂ `ਚ ਜੁੜਿਆਂ ਮਨ ਟਿੱਕਦਾ ਹੈ ਤਾਂ ਇਸ ਤੋਂ ਉਸ ਨੂੰ ਮਨ ਦੀ ਉਛਲ-ਕੂਦ ਤੇ ਦੌੜ-ਭਜ ਦਾ ਕਾਰਨ ਵੀ ਸਮਝ `ਚ ਆ ਜਾਂਦਾ ਹੈ। ਇਸ ਲਈ ਜੇ ਕਰ ਮਨ, ਪ੍ਰਭੂ-ਚਰਨਾਂ `ਚ ਜੁੜਣ ਲੱਗੇ ਤਾਂ ਉਸ `ਚ ਢਿੱਲ ਨਹੀਂ ਕਰਣੀ (ਬਿਲਮਾਵੈ)। ਕਿਉਂਕਿ ਮਨ ਦੇ ਪ੍ਰਭੂ-ਚਰਨਾਂ `ਚ ਜੁੜਣ (ਮਗਨ ਭਇਆ) ਦੀ ਬਰਕਤ ਨਾਲ ਹੀ ਪ੍ਰਭੂ `ਚ ਲੀਨ ਹੋਇਆ ਜਾ ਸਕਦਾ ਹੈ। ਦਰਅਸਲ, ਮਨੁੱਖਾ ਜੀਵਨ ਦੀ ਇਹੀ ਅਵਸਥਾ ਹੈ ਜਦੋਂ ਜੀਉਂਦੇ ਜੀਅ ਮਨੁੱਖ ਸਦਾ-ਥਿਰ ਪ੍ਰਭੂ ਨੂੰ ਪ੍ਰਾਪਤ ਕਰ ਲੈਂਦਾ ਤੇ ਉਸ `ਚ ਸਮਾ ਜਾਂਦਾ ਹੈ। ੩੧।

“ਮਮਾ ਮਨ ਸਿਉ ਕਾਜੁ ਹੈ, ਮਨ ਸਾਧੇ ਸਿਧਿ ਹੋਇ॥ ਮਨ ਹੀ ਮਨ ਸਿਉ ਕਹੈ ਕਬੀਰਾ, ਮਨ ਸਾ ਮਿਲਿਆ ਨ ਕੋਇ॥ ੩੨ ॥” ਭਾਵ ਹਰੇਕ ਜੀਵ ਦੇ ਜਗਤ `ਚ ਆਉਣ ਦਾ ਅਸਲ ਮਕਸਦ ਮਨ ਨਾਲ ਹੀ ਸਿਰੇ ਚੜ੍ਹਦਾ ਹੈ। ਤਾਂ ਤੇ ਮਕਸਦ ਹੱਲ ਤਾਂ ਹੀ ਹੁੰਦਾ ਹੈ ਜਦੋਂ ਜੀਵ ਆਪਣੇ ਮਨ ਨੂੰ ਕਾਬੂ `ਚ ਰੱਖੇ। ਇਸ ਤਰ੍ਹਾਂ ਮਨ ਨੂੰ ਵੱਸ `ਚ ਰਖਿਆਂ ਮਨੁੱਖ ਨੂੰ ਜੀਵਨ ਦੇ ਅਸਲ ਮਨੋਰਥ `ਚ ਸਫ਼ਲਤਾ ਮਿਲਦੀ ਹੈ। ਕਬੀਰ ਜੀ ਫ਼ੁਰਮਾਉਂਦੇ ਹਨ ਕਿ ਮਨੁੱਖਾ ਜੀਵਨ ਦਾ ਅਸਲ ਮਤਲਬ ਹੀ ਮਨ ਨਾਲ ਹੈ। ਇਸ ਲਈ ਮਨੁੱਖ ਦੇ ਸਰੀਰ `ਚ ਮਨ ਵਰਗੀ ਹੋਰ ਕੋਈ ਚੀਜ਼ ਹੈ ਹੀ ਨਹੀਂ, ਜਿਸ ਨਾਲ ਇਸ ਸਰੀਰ ਦਾ ਅਸਲ ਮਕਸਦ ਪੂਰਾ ਹੋ ਸਕੇ। ੩੨।

“ਇਹੁ ਮਨੁ ਸਕਤੀ ਇਹੁ ਮਨੁ ਸੀਉ॥ ਇਹੁ ਮਨੁ ਪੰਚ ਤਤ ਕੋ ਜੀਉ॥ ਇਹੁ ਮਨੁ ਲੇ ਜਉ ਉਨਮਨਿ ਰਹੈ॥ ਤਉ ਤੀਨਿ ਲੋਕ ਕੀ ਬਾਤੈ ਕਹੈ॥ ੩੩ ॥” (ਪੰ: ੩੪੨) ਭਾਵ ਮਾਇਆ (ਸ਼ਕਤੀ) ਨਾਲ ਮਿਲ ਕੇ ਇਹ ਮਨ ‘ਪੰਚ ਤਤ ਕੋ ਜੀਉ’ ਭਾਵ ਮਾਇਆ ਦਾ ਰੂਪ ਹੀ ਹੋ ਜਾਂਦਾ ਹੈ। ਇਸ ਦੀ ਸੀਮਾ ਵੀ ਕੇਵਲ ਸਰੀਰ ਹੀ ਰਹਿ ਜਾਂਦੀ ਹੈ। ਇਸ ਤਰ੍ਹਾਂ ਕਰਤੇ ਪ੍ਰਭੂ ਨਾਲੋਂ ਇਸ ਦੀ ਵਿੱਥ ਬਣਦੀ ਤੇ ਵਧਦੀ ਜਾਂਦੀ ਹੈ। ਇਹ ਆਪਣੇ ਆਪ ਨੂੰ ਸਰੀਰ ਤੋਂ ਵੱਖਰਾ ਨਹੀਂ ਸਮਝਦਾ, ਇਸ ਦੀ ਸੀਮਾ ਖਾਣ-ਪੀਣ ਆਦਿ ਸਰੀਰਕ ਲੋੜਾਂ ਤੀਕ ਹੀ ਮਹਿਦੂਦ ਹੋ ਜਾਂਦੀ ਹੈ।

ਦੂਜੇ ਪਾਸੇ ਇਹੀ ਮਨ ਅਨੰਦ-ਸਰੂਪ ਹਰੀ (ਸਿਉ) ਨਾਲ ਮਿਲ ਕੇ ਅਨੰਦ-ਸਰੂਪ ਹਰੀ ਦਾ ਹੀ ਰੂਪ ਹੋ ਜਾਂਦਾ ਹੈ। ਇਸ ਤਰ੍ਹਾਂ ਮਨੁੱਖ ਜਦੋਂ ਮਨ ਨੂੰ ਵੱਸ `ਚ ਰੱਖ ਕੇ ਪ੍ਰਭੂ ਨਾਲ ਇੱਕ ਮਿਕ ਹੋ ਜਾਂਦਾ ਹੈ ਤਾਂ ਇਹ ਮਨ ਪੂਰਨ ਖਿੜਾਉ `ਚ ਆ ਜਾਂਦਾ ਹੈ (ਉਨਮਨਿ ਰਹੈ) ਤਾਂ ਇਹ ਰਚਨਾ `ਚ ਵਿਆਪਕ ਪ੍ਰਭੂ ਦੀਆਂ ਗੱਲਾਂ-ਬਾਤਾਂ ਹੀ ਕਰਦਾ ਹੈ। ੩੩।

“ਮਮਾ ਮੂਲ ਗਹਿਆ, ਮਨੁ ਮਾਨੈ” -ਇਸ ਤਰ੍ਹਾਂ ਕਬੀਰ ਸਾਹਿਬ ਦੇ ਉਪਰੋਕਤ ਬੰਦਾਂ `ਚ ‘ਮਨ ਸਿਉ ਕਾਜੁ’ ਦੇ ਅਰਥ ਹਨ ਕਿ ਮਨੁੱਖ ਦੇ ਜੀਵਨ ਦੀ ਸਫ਼ਲਤਾ-ਅਸਫ਼ਲਤਾ ਦਾ ਦਾਰੋ-ਮਦਾਰ ਹੀ ਇਸ ਦੇ ‘ਮਨ’ ਦੀ ਸੁਵਰਤੋਂ-ਕੁਵਰਤੋਂ `ਤੇ ਖੜੀ ਹੈ। “ਮਨ ਸਾਧੇ” ਇਸ ਤਰ੍ਹਾਂ ਜੇਕਰ ਮਨੁੱਖ ਮਨ ਦੀ ਸੁਵਰਤੋਂ ਭਾਵ ਇਸ ਨੂੰ ਇਸ ਦੇ ਮੂਲ ਕਰਤੇ ਨਾਲ ਜੋੜ ਲੈਂਦਾ ਹੈ ‘ਇਹੁ ਮਨੁ ਸੀਉ’। ਤਾਂ ਮਨੁੱਖ ਇਸੇ ਮਨ ਦੀ ਮਦਦ ਨਾਲ ਜੀਵਨ ਨੂੰ ਸਿਧੇ ਰਾਹ “ਸਿਧਿ ਹੋਇ” ਤੋਰ ਲੈਂਦਾ ਹੈ। ਨਤੀਜਾ “ਇਹੁ ਮਨੁ ਲੇ ਜਉ ਉਨਮਨਿ ਰਹੈ॥ ਤਉ ਤੀਨਿ ਲੋਕ ਕੀ ਬਾਤੈ ਕਹੈ” ਮਨੁੱਖ, ਆਪਣਾ ਜਨਮ ਸਫ਼ਲਾ ਕਰਕੇ, ਜੀਵਨ ਦੀ ਸਰਬ-ਉੱਚ ਅਵਸਥਾ ਭਾਵ ਪ੍ਰਭੂ `ਚ ਹੀ ਸਮਾ ਜਾਂਦਾ ਹੈ।

ਇਸ ਦੇ ਉਲਟ, “ਇਹੁ ਮਨੁ ਪੰਚ ਤਤ ਕੋ ਜੀਉ” ਜੇਕਰ ਮਨੁੱਖ ਦੇ ਇਸ ਮਨ ਦੀ ਘਾੜਤ ਹੀ ਪੰਜ ਤੱਤਾਂ ਦੀ ਪਕੜ `ਚੋਂ ਹੁੰਦੀ ਹੈ; ਤਾਂ “ਇਹੁ ਮਨੁ ਸਕਤੀ’ ਭਾਵ ਮਾਇਆ ਨਾਲ ਰੱਲ ਕੇ ਮਨ ਹਰ ਸਮੇਂ ਕਰਤਾਰ ਦੀ ਰਚਨਾ ਚੋਂ ਦਾਤਾਂ ਪ੍ਰਤੀ ਲਾਲਸਾ-ਹਵਸ-ਤ੍ਰਿਸ਼ਨਾ `ਚ ਹੀ ਡੁੱਬਾ ਰਹਿੰਦਾ ਹੈ। ਫ਼ੁਰਮਾਨ ਹੈ “ਲਖ ਚਉਰਾਸੀਹ ਫਿਰਿ ਫਿਰਿ ਆਵੈ, ਬਿਰਥਾ ਜਨਮੁ ਗਵਾਇਆ” (ਪੰ: ੬੯) ਇਸੇ ਤਰ੍ਹਾਂ “ਸਤਿਗੁਰੁ ਜਿਨੀ ਨ ਸੇਵਿਓ, ਸੇ ਕਿਤੁ ਆਏ ਸੰਸਾਰਿ॥ ਜਮ ਦਰਿ ਬਧੇ ਮਾਰੀਅਹਿ, ਕੂਕ ਨ ਸੁਣੈ ਪੂਕਾਰ॥ ਬਿਰਥਾ ਜਨਮੁ ਗਵਾਇਆ, ਮਰਿ ਜੰਮਹਿ ਵਾਰੋ ਵਾਰ” (ਪੰ: ੬੯) ਭਾਵ ਅਜਿਹਾ ਮਨੁੱਖ ਇਸ ਜਨਮ `ਚ ਵੀ ਪ੍ਰਭੂ ਮਿਲਾਪ ਤੇ ਪ੍ਰਭੂ ਦੀਆਂ ਦਾਤਾਂ ਦੇ ਸਦੀਵੀ ਆਨੰਦ ਨੂੰ ਨਹੀਂ ਮਾਨ ਸਕਦਾ ਅਤੇ ਸਰੀਰ ਬਿਨਸਨ ਬਾਅਦ ਵੀ ਇਸ ਨੂੰ ਫ਼ਿਰ ਤੋਂ ਬਾਰ ਬਾਰ ਦੇ ਜਨਮ ਮਰਣ ਤੇ ਜੂਨਾਂ ਦੇ ਗੇੜਾਂ ਵਾਲੇ ਦੁਖ ਹੀ ਭੋਗਣੇ ਪੈਂਦੇ ਹਨ।

“ਤਨ ਮਹਿ ਮਨੂਆ, ਮਨ ਮਹਿ ਸਾਚਾ. .”- ਸਾਡੇ ਸਰੀਰ ਅੰਦਰ ਮਨ ਦਾ ਵਜੂਦ ਕੀ ਹੈ ਇਸ ਦੀ ਯੋਗ ਤੇ ਅਯੋਗ ਵਰਤੋਂ ਕੀ ਹੈ? ਪੰਨਾ ੬੮੬, ਧਨਾਸਰੀ ਰਾਗ ਦੇ ਅਠ ਬੰਦਾ ਵਾਲੇ ਇੱਕ ਸ਼ਬਦ `ਚ ਗੁਰੂ ਨਾਨਕ ਪਾਤਸ਼ਾਹ ਇਸ ਦਾ ਵੇਰਵਾ ਦਿੰਦੇ ਹਨ। ਪੰਕਤੀ ਵਾਰ ਸੰਖੇਪ ਅਰਥਾਂ ਸਹਿਤ, ਪਹਿਲਾਂ ਤਾਂ ਰਹਾਉ ਦੇ ਬੰਦ `ਚ ਹੀ ਗੁਰਦੇਵ ਫ਼ੁਰਮਾਉਂਦੇ ਹਨ:-

“ਗੁਰਮੁਖਿ ਭਗਤਿ ਸਹਜ ਘਰੁ ਪਾਈਐ॥ ਬਿਨੁ ਗੁਰ ਭੇਟੇ ਮਰਿ ਆਈਐ ਜਾਈਐ॥ ੧ ॥ ਰਹਾਉ॥” ਗੁਰਮੁਖ ਜਨੁ ਤਾਂ ਪ੍ਰਭੂ ਰੰਗ `ਚ ਭਿੱਜ ਕੇ ਪ੍ਰਭੂ ਨਾਲ ਇੱਕ ਮਿਕ ਹੋ ਜਾਂਦੇ ਹਨ। ਦੂਜੇ ਜੋ ਗੁਰੂ (ਗੁਰਬਾਣੀ) ਦੀ ਆਗਿਆ `ਚ ਨਹੀਂ ਚਲਦੇ, ਬਾਰ ਬਾਰ ਦੇ ਜਨਮ ਮਰਣ ਦੇ ਗੇੜ `ਚ ਹੀ ਪਏ ਰਹਿੰਦੇ ਹਨ। (ਉਪ੍ਰੰਤ ਅਰਥ ਭਾਵ ਇੱਕ ਇੱਕ ਬੰਦ ਅਨੁਸਾਰ):

“ਸਹਜਿ ਮਿਲੈ ਮਿਲਿਆ ਪਰਵਾਣੁ॥ ਨਾ ਤਿਸੁ ਮਰਣੁ ਨ ਆਵਣੁ ਜਾਣੁ॥ ਠਾਕੁਰ ਮਹਿ ਦਾਸੁ ਦਾਸ ਮਹਿ ਸੋਇ॥ ਜਹ ਦੇਖਾ ਤਹ ਅਵਰੁ ਨ ਕੋਇ॥ ੧ ॥” ਕੇਵਲ ਉਹੀ ਮਨੁੱਖ ਪ੍ਰਭੂ `ਚ ਇੱਕ ਮਿੱਕ ਹੁੰਦਾ ਹੈ ਜਿਸ ਅੰਦਰ ਕਰਮਕਾਂਡ ਜਾਂ ਦਿਖਾਵੇ ਨਹੀਂ, ਜੋ ਸਹਿਜ ਸੁਭਾਅ ਪ੍ਰਭੂ ਰੰਗ `ਚ ਰੰਗਿਆ ਰਹਿੰਦਾ ਹੈ। ਉਸ ਨੂੰ ਆਪਣੇ ਤੇ ਹਰੇਕ `ਚ ਪ੍ਰਭੂ ਦੇ ਹੀ ਦਰਸ਼ਨ ਹੁੰਦੇ ਹਨ। ਅਜਿਹਾ ਮਨੁੱਖ ਜੀਵਨ ਮੁੱਕਤ ਭਾਵ ਪ੍ਰਭੂ `ਚ ਹੀ ਸਮਾ ਜਾਂਦਾ ਹੈ, ਫ਼ਿਰ ਜਨਮ ਮਰਣ `ਚ ਨਹੀਂ ਆਉਂਦਾ।

“ਸੋ ਗੁਰੁ ਕਰਉ ਜਿ ਸਾਚੁ ਦ੍ਰਿੜਾਵੈ॥ ਅਕਥੁ ਕਥਾਵੈ ਸਬਦਿ ਮਿਲਾਵੈ॥ ਹਰਿ ਕੇ ਲੋਗ ਅਵਰ ਨਹੀਂ ਕਾਰਾ॥ ਸਾਚਉ ਠਾਕੁਰੁ ਸਾਚੁ ਪਿਆਰਾ॥ ੨ ॥” ਅਜਿਹੇ ਮਨੁੱਖ ਨੂੰ ਗੁਰੂ ਵੀ ਉਹੀ ਭਾਉਂਦਾ ਹੈ ਜੋ ਆਤਮਕ ਜੀਵਨ ਦੇਣ ਵਾਲਾ ਤੇ ਇਕੋ ਇੱਕ ਅਕਾਲਪੁਰਖ ਦਾ ਮਿਲਾਵਾ ਹੋਵੇ। ਉਪ੍ਰੰਤ ਅਜਿਹੇ ਮਨੁੱਖ ਨੂੰ ਪ੍ਰਭੂ ਪਿਆਰਿਆ ਦਾ ਸੰਗ ਹੀ ਚੰਗਾ ਲਗਦਾ ਹੈ।

“ਤਨ ਮਹਿ ਮਨੂਆ ਮਨ ਮਹਿ ਸਾਚਾ॥ ਸੋ ਸਾਚਾ ਮਿਲਿ ਸਾਚੇ ਰਾਚਾ॥ ਸੇਵਕੁ ਪ੍ਰਭ ਕੈ ਲਾਗੈ ਪਾਇ॥ ਸਤਿਗੁਰੁ ਪੂਰਾ ਮਿਲੈ ਮਿਲਾਇ॥ ੩ ॥” ਅਜਿਹੇ ਜੀਵਨ ਵਾਲਿਆਂ ਨੂੰ ਸੋਝੀ ਹੁੰਦੀ ਹੈ ਕਿ ਕਰਤਾਰ ਨੇ ਇਸ ਸਰੀਰ `ਚ ਜੋ ਮਨ ਬਖਸ਼ਿਆ ਹੈ ਇਸ ਦਾ ਮੂਲ ਵੀ ਪ੍ਰਭੂ ਆਪ ਹੀ ਹੈ। ਇਸ ਲਈ ਮਨ ਪ੍ਰਭੂ ਮਿਲਾਪ ਲਈ ਹੀ ਸਾਧਨ ਹੈ। ਜਦਕਿ ਜੀਵਨ ਦੀ ਇਹ ਸਫ਼ਲ ਅਵਸਥਾ ਵੀ ਮਨ ਨੂੰ ਸਤਿਗੁਰੂ ਦੀ ਆਗਿਆ `ਚ ਢਾਲ ਕੇ ਹੀ ਪ੍ਰਾਪਤ ਹੁੰਦੀ ਹੈ, ਉਂਝ ਨਹੀਂ।

“ਆਪਿ ਦਿਖਾਵੈ ਆਪੇ ਦੇਖੈ॥ ਹਠਿ ਨ ਪਤੀਜੈ ਨਾ ਬਹੁ ਭੇਖੈ॥ ਘੜਿ ਭਾਡੇ ਜਿਨਿ ਅੰਮ੍ਰਿਤੁ ਪਾਇਆ॥ ਪ੍ਰੇਮ ਭਗਤਿ ਪ੍ਰਭਿ ਮਨੁ ਪਤੀਆਇਆ॥ ੪ ॥” ਅਜਿਹੇ ਪ੍ਰਭੂ ਪਿਆਰੇ ਜਾਣਦੇ ਹਨ ਕਿ ਸੋਝੀ ਵੀ ਕਰਤਾ ਆਪ ਹੀ ਬਖਸ਼ਦਾ ਹੈ। ਪ੍ਰਭੂ ਪ੍ਰਮਾਤਮਾ ਨੂੰ ਹਠ ਕਰਮਾਂ ਤੇ ਭੇਖਾਂ ਨਾਲ ਨਹੀਂ ਪਾਇਆ ਜਾ ਸਕਦਾ। ਪ੍ਰਭੂ ਨੇ ਮਨੁੱਖਾ ਸਰੀਰ ਰੂਪ ਭਾਂਡੇ ਘੜ ਕੇ ਇਹਨਾ `ਚ ਨਾਮ ਅੰਮ੍ਰਿਤ ਪਾਇਆ ਹੁੰਦਾ ਹੈ ਪਰ ਜੀਵਨ ਦੀ ਅਜਿਹੀ ਦ੍ਰਿੜਤਾ ਮਨ ਦੇ ਪ੍ਰਭੂ ਰੰਗ `ਚ ਰੰਗੇ ਬਿਨਾ ਸੰਭਵ ਨਹੀਂ।

“ਪੜਿ ਪੜਿ ਭੂਲਹਿ ਚੋਟਾ ਖਾਹਿ॥ ਬਹੁਤੁ ਸਿਆਣਪ ਆਵਹਿ ਜਾਹਿ॥ ਨਾਮੁ ਜਪੈ ਭਉ ਭੋਜਨੁ ਖਾਇ॥ ਗੁਰਮੁਖਿ ਸੇਵਕ ਰਹੇ ਸਮਾਇ॥ ੫ ॥” ਦੋ ਤਰ੍ਹਾਂ ਦੇ ਲੋਕ ਹੁੰਦੇ ਹਨ; ਇਕ-ਜੋ ਆਪਣੇ ਅੰਦਰ ਬਹੁਤੀਆਂ ਸਿਆਣਪਾਂ-ਗਿਆਨ ਪੈਦਾ ਤਾਂ ਕਰ ਲੈਂਦੇ ਹਨ। ਪਰ ਉਸ ਦੇ ਬਦਲੇ ਇਸ ਮਨ ਦੀ ਵਰਤੋਂ ਆਪਣੇ ਅੰਦਰ ਹਉਮੈ ਵਧਾਉਣ ਲਈ ਹੀ ਕਰਦੇ ਹਨ। ਇਸ ਤਰ੍ਹਾਂ ਫ਼ਿਰ ਤੋਂ ਜਨਮ-ਮਰਣ ਦੇ ਗੇੜ `ਚ ਪੈ ਜਾਂਦੇ ਹਨ। ਦੂਜੇ, ਜੋ ਇਸੇ ਮਨ ਦੀ ਵਰਤੋਂ ਕਰਕੇ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜਦੇ ਹਨ। ਗੁਰਮੁਖ ਤੇ ਪ੍ਰਭੂ ਦੇ ਸੇਵਕ ਬਣ ਕੇ ਜੀਉਂਦੇ ਜੀਅ, ਪ੍ਰਭੂ `ਚ ਹੀ ਸਮਾ ਜਾਂਦੇ ਹਨ।

“ਪੂਜਿ ਸਿਲਾ ਤੀਰਥ ਬਨ ਵਾਸਾ॥ ਭਰਮਤ ਡੋਲਤ ਭਏ ਉਦਾਸਾ॥ ਮਨਿ ਮੈਲੈ ਸੂਚਾ ਕਿਉ ਹੋਇ॥ ਸਾਚਿ ਮਿਲੈ ਪਾਵੈ ਪਤਿ ਸੋਇ॥ ੬ ॥” ਇਸ ਤਰ੍ਹਾਂ ਜੋ ਲੋਕ ਮਨ ਦੀ ਅਸਲੀਅਤ ਨੂੰ ਨਹੀਂ ਪਹਿਚਾਣਦੇ ਅਤੇ ਪੱਥਰ ਪੂਜਾ, ਤੀਰਥ ਇਸ਼ਨਾਨਾਂ ਜਾਂ ਭੇਖਾਂ ਆਦਿ `ਚ ਹੀ ਪਏ ਰਹਿੰਦੇ ਹਨ। ਅਜਿਹੇ ਲੋਕ ਆਪਣੇ ਮਨਾਂ ਨੂੰ ਹਊਮੈ ਆਦਿ ਵਿਕਾਰਾਂ ਨਾਲ ਗੰਦਾ ਕਰ ਲੈਂਦੇ ਹਨ। ਜੀਵਨ ਭਰ ਮੇਰ-ਤੇਰ, ਦੁਚਿੱਤੀ ਤੇ ਮਾਨਸਿਕ ਉਖਾੜ ਦਾ ਹੀ ਸ਼ਿਕਾਰ ਰਹਿੰਦੇ ਹਨ। ਕਿਉਂਕਿ ਮਨ ਨੂੰ ਇਸ ਦੇ ਮੂਲ ਪ੍ਰਭੂ ਨਾਲ ਜੋੜੇ ਬਿਨਾ, ਪ੍ਰਭੂ ਦਰ `ਤੇ ਪ੍ਰਵਾਣ ਨਹੀਂ ਹੋਇਆ ਜਾ ਸਕਦਾ।

“ਆਚਾਰਾ ਵੀਚਾਰੁ ਸਰੀਰਿ॥ ਆਦਿ ਜੁਗਾਦਿ ਸਹਜਿ ਮਨੁ ਧੀਰਿ॥ ਪਲ ਪੰਕਜ ਮਹਿ ਕੋਟਿ ਉਧਾਰੇ॥ ਕਰਿ ਕਿਰਪਾ ਗੁਰੁ ਮੇਲਿ ਪਿਆਰੇ॥ ੭ ॥” ਤਾਂ ਤੇ ਹੇ ਪ੍ਰਭੂ! ਮੇਹਰ ਕਰ ਕੇ ਮੈਨੂੰ ਉਹ ਗੁਰੂ ਮਿਲਾ ਜੋ ਅੱਖ ਝਮਕਣ ਦੇ ਸਮੇ `ਚ ਕ੍ਰੋੜਾਂ ਨੂੰ ਵਿਕਾਰਾਂ ਤੋਂ ਬਚਾ ਲੈਂਦਾ ਹੈ। ਜਿਸ ਦਾ ਮਨ ਸਦਾ ਅਡੋਲ ਤੇ ਗੰਭੀਰ ਅਵਸਥਾ `ਚ ਟਿਕਿਆ ਰਹਿੰਦਾ ਹੈ। ਜਿਸ ਅੰਦਰ ਉੱਚਾ ਆਚਰਨ ਤੇ ਉੱਚੀ ਆਤਮਕ ਸੂਝ ਵੀ ਹੋਵੇ। ੭।

“ਕਿਸੁ ਆਗੈ ਪ੍ਰਭ ਤੁਧੁ ਸਾਲਾਹੀ॥ ਤੁਧੁ ਬਿਨੁ ਦੂਜਾ ਮੈ ਕੋ ਨਾਹੀ॥ ਜਿਉ ਤੁਧੁ ਭਾਵੈ ਤਿਉ ਰਾਖੁ ਰਜਾਇ॥ ਨਾਨਕ ਸਹਜਿ ਭਾਇ ਗੁਣ ਗਾਇ॥ ੮ ॥ ੨ ॥” ਇਸ ਤਰ੍ਹਾਂ ਜਦੋਂ ਮਨ ਉੱਤਮ ਬਿਰਤੀ `ਚ ਆ ਜਾਂਦਾ ਹੈ ਤਾਂ ਮਨੁੱਖ ਕੇਵਲ ਪ੍ਰਭੂ ਦੇ ਦਰ `ਤੇ ਹੀ ਅਰਦਾਸ ਕਰਦਾ ਹੈ, ਇਧਰ ਓਧਰ ਨਹੀਂ ਭਟਕਦਾ। ਉਹ ਇਹੀ ਕਹਿੰਦਾ ਹੈ ਕਿ ਹੇ ਪ੍ਰਭੂ! ਮੈ ਹੋਰ ਕਿਸ ਦੀ ਸਿਫ਼ਤਿ-ਸਾਲਾਹ ਕਰਾਂ? ਮੈਨੂੰ ਤੈਥੋਂ ਬਿਨਾ ਹੋਰ ਕੋਈ ਦਿੱਸਦਾ ਹੀ ਨਹੀਂ। ਜਿਵੇਂ ਤੇਰੀ ਮਿਹਰ ਹੋਵੇ ਮੈਨੂੰ ਆਪਣੀ ਰਜ਼ਾ `ਚ ਰੱਖ, ਤਾ ਕਿ ਤੇਰਾ ਇਹ ਦਾਸ ਅਡੋਲ ਆਤਮਕ ਅਵਸਥਾ `ਚ ਟਿੱਕ ਕੇ ਸਦਾ ਤੇਰੇ ਗੁਣ ਗਾਵੇ। ੮। ੨।

“…ਤਿਨ ਭੀ ਤਨ ਮਹਿ ਮਨੁ, ਨ ਦਿਖਾਵਣਿਆ” - ਅੰਤ `ਚ ਹੱਥਲੇ ਗੁਰਮਤਿ ਪਾਠ ਦੀ ਸਮਾਪਤੀ ਤੀਜੇ ਪਾਤਸ਼ਾਹ ਦੀਆਂ ਇਹਨਾ ਪੰਕਤੀਆਂ ਨਾਲ ਕਰਣਾ ਚਾਹਾਂਗੇ, ਫ਼ੁਰਮਾਨ ਹੈ “ਇਕਿ ਕੂੜਿ ਲਾਗੇ ਕੂੜੇ ਫਲ ਪਾਏ॥ ਦੂਜੈ ਭਾਇ ਬਿਰਥਾ ਜਨਮੁ ਗਵਾਏ॥ ਆਪਿ ਡੁਬੇ ਸਗਲੇ ਕੁਲ ਡੋਬੇ ਕੂੜੁ ਬੋਲਿ ਬਿਖੁ ਖਾਵਣਿਆ॥ ੬ ॥ ਇਸੁ ਤਨ ਮਹਿ ਮਨੁ ਕੋ ਗੁਰਮੁਖਿ ਦੇਖੈ॥ ਭਾਇ ਭਗਤਿ ਜਾ ਹਉਮੈ ਸੋਖੈ॥ ਸਿਧ ਸਾਧਿਕ ਮੋਨਿਧਾਰੀ ਰਹੇ ਲਿਵ ਲਾਇ, ਤਿਨ ਭੀ ਤਨ ਮਹਿ ਮਨੁ ਨ ਦਿਖਾਵਣਿਆ॥ ੭ ॥ ਆਪਿ ਕਰਾਏ ਕਰਤਾ ਸੋਈ॥ ਹੋਰੁ ਕਿ ਕਰੇ ਕੀਤੈ ਕਿਆ ਹੋਈ॥ ਨਾਨਕ ਜਿਸੁ ਨਾਮੁ ਦੇਵੈ ਸੋ ਲੇਵੈ, ਨਾਮੋ ਮੰਨਿ ਵਸਾਵਣਿਆ॥ ੮ ॥” (ਪੰ: ੧੨੪)।

ਭਾਵ ਇੱਕ ਉਹ ਲੋਕ ਹਨ ਜੋ ਬਿਨਸਨਹਾਰ ਪਦਾਰਥਾਂ ਨਾਲ ਮੋਹ ਪਾਈ ਰਖਦੇ ਹਨ। ਇਸ ਤਰ੍ਹਾਂ ਪ੍ਰਭੂ ਦਾ ਲੜ ਛਡ ਕੇ ਜਨਮ ਬਿਰਥਾ ਹੀ ਗੁਆ ਲੈਂਦੇ ਹਨ। ਇਸ ਤਰ੍ਹਾਂ ਅਜਿਹੇ ਲੋਕ ਆਪ ਤਾਂ ਆਪਣਾ ਜਨਮ ਬਿਰਥਾ ਕਰਦੇ ਹੀ ਹਨ, ਫ਼ਿਰ ਜੋ ਲੋਕ ਉਹਨਾਂ ਪਿਛੇ ਚਲਦੇ ਹਨ ਉਹਨਾਂ ਦਾ ਜਨਮ ਵੀ ਬਰਬਾਦ ਕਰ ਦਿੰਦੇ ਹਨ। ੬। ਵਿਰਲੇ ਗੁਰਮੁਖ ਜਨ ਹੀ ਹੁੰਦੇ ਹਨ ਜਿਨ੍ਹਾਂ ਨੂੰ ਇਸ ਸਰੀਰ ਅੰਦਰ ਮਨ ਦੀ ਅਸਲੀਅਤ ਬਾਰੇ ਸੋਝੀ ਹੁੰਦੀ ਹੈ ਤੇ ਉਹ ਪ੍ਰਭੂ ਪਿਆਰ `ਚ ਜੁੜ ਕੇ ਆਪਣੇ ਅੰਦਰੋਂ ਹਉਮੈ ਨੂੰ ਮਾਰ ਲੈਂਦੇ ਹਨ। ਨਹੀਂ ਤਾਂ ਵੱਡੇ ਵੱਡੇ ਸਿਧ-ਸਾਧਿਕ, ਮੋਨਧਾਰੀ ਵੀ ਲੰਮੀਆਂ-ਲਮੀਆਂ ਸਮਾਧੀਆਂ ਲਗਾ ਹਟੇ ਪਰ ਉਹਨਾਂ ਨੂੰ ਵੀ ਆਪਣੇ ਸਰੀਰ ਅੰਦਰੋ ਆਪਣੇ ਮਨ ਬਾਰੇ ਸੋਝੀ ਨਾ ਆਈ। ੭। ਇਸ ਲਈ ਜੋ ਲੋਕ ਸਮਰਪਣ ਦੀ ਭਾਵਨਾ ਨਾਲ ਪ੍ਰਭੂ ਦੇ ਰੰਗ `ਚ ਰੰਗੇ ਜਾਂਦੇ ਹਨ, ਪ੍ਰਭੂ ਉਹਨਾਂ `ਤੇ ਆਪ ਹੀ ਬਖਸ਼ਿਸ਼ ਕਰਕੇ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਦੂਜੇ ਜੋ ਮਨ ਦੇ ਅਧੀਨ ਹੋ ਕੇ ਆਪਣੇ ਮਿਥੇ ਹੋਏ ਸਮਾਧੀਆਂ-ਭੇਖਾਂ ਆਦਿ ਦੇ ਕਰਮਾਂ `ਚ ਰੁਝੇ ਰਹਿੰਦੇ ਹਨ, ਅਜਿਹੇ ਲੋਕ ਆਪਣਾ ਜੀਵਨ ਬਿਰਥਾ ਕਰਕੇ ਹੀ ਜਾਂਦੇ ਹਨ ਭਾਵ ਮੁੜ ਜਨਮ-ਮਰਣ ਦੇ ਗੇੜ `ਚ ਹੀ ਪੈਂਦੇ ਹਨ। ੮।

ਸਿੱਟਾ ਇਹ ਕਿ- ਮਨੁਖਾ ਜੂਨ `ਚ, ਅਕਾਲਪੁਰਖ ਨੇ ਸਾਨੂੰ ਮਨ ਬਖਸ਼ਿਆ ਹੁੰਦਾ ਹੈ ਜਦਕਿ ਦੂਜੀਆਂ ਜੂਨਾਂ `ਚ ਇਹ ਮਨ ਵਾਲੀ ਦਾਤ ਨਹੀਂ ਮਿਲਦੀ। ਦਰਅਸਲ ਮਨੁੱਖ ਨੂੰ ਮਨ ਬਖਸ਼ਿਆ ਹੀ ਇਸ ਲਈ ਹੁੰਦਾ ਹੈ ਕਿ ਮਨੁੱਖ ਸਾਧ ਸੰਗਤ `ਚ ਆ ਕੇ ਗੁਰੂ-ਗੁਰਬਾਣੀ ਦੇ ਗਿਆਨ ਰਾਹੀਂ ਇਸ ਮਨ ਦੀ ਅਸਲੀਅਤ ਨੂੰ ਪਹਿਚਾਣੇ ਤੇ ਆਪਣੀ ਸੰਭਾਲ ਕਰੇ। ਉਪ੍ਰੰਤ ਇਸ ਮਨ ਦੀ ਸੰਭਾਲ ਕਰਕੇ ਜੀਵਨ ਨੂੰ ਇਲਾਹੀ ਗੁਣਾਂ ਨਾਲ ਭਰਪੂਰ ਕਰੇ। ਜਿਸ ਤੋਂ ਜੀਵ ਆਪਣੇ ਜੀਵਨ ਕਾਲ `ਚ ਹੀ ਆਪਣੇ ਅਸਲੇ ਪ੍ਰਭੂ `ਚ ਸਮਾ ਜਾਵੇ ਅਤੇ ਉਸ ਨੂੰ ਫ਼ਿਰ ਤੋਂ ਜੂਨਾਂ ਵਾਲੇ ਜਨਮ ਮਰਣ ਦੇ ਦੁਖ ਨਾ ਭੋਗਣੇ ਪੈਣ।

ਉਪ੍ਰੰਤ ਇਹੀ ਮਨੁੱਖ, ਜਦੋਂ ਮਨ ਦੀ ਅਸਲੀਅਤ ਤੋਂ ਅਨਜਾਣ ਹੁੰਦਾ ਹੈ, ਤਾਂ ਹਉਮੈ ਆਦਿ ਵਿਕਾਰਾਂ ਦਾ ਸ਼ਿਕਾਰ ਹੋ ਕੇ ਮਨ ਨੂੰ ਕਰਮਾਂ-ਸੰਸਕਾਰਾਂ ਦਾ ਸਮੂਹ ਬਣਾ ਲੈਂਦਾ ਹੈ। ਇਸ ਤਰ੍ਹਾਂ ਇਹੀ ਮਨ ਜੀਵ ਲਈ ਪ੍ਰਭੂ ਤੋਂ ਵਿਛੋੜੇ ਦਾ ਕਾਰਨ ਬਣ ਜਾਂਦਾ ਹੈ। ਉਂਝ ਇਹ ਵੀ ਪ੍ਰਭੂ ਦੇ ਹੁਕਮ ਤੇ ਨਿਆਂ `ਚ ਹੀ ਹੁੰਦਾ ਹੈ ਕਿ ਮਨੁੱਖ ਆਪਣੇ ਮਨੁੱਖਾ ਜਨਮ ਨੂੰ ਬਰਬਾਦ ਤੇ ਬਿਰਥਾ ਕਰਣ ਤੋਂ ਬਾਅਦ ਫ਼ਿਰ ਤੋਂ ਬਾਰ ਬਾਰ ਦੇ ਜਨਮ-ਮਰਣ ਦੇ ਗੇੜ `ਚ ਪੈ ਜਾਂਦਾ ਹੈ ਤੇ ਇਸ ਨੂੰ ਫ਼ਿਰ ਤੋਂ ਜੂਨਾ ਵਾਲੇ ਦੁਖ ਭੋਗਣੇ ਪੈਂਦੇ ਹਨ। #188s10.04s10#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮਤਿ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 188

ਮਨੁੱਖਾ ਸਰੀਰ ਅੰਦਰ ‘ਮਨ’

ਦਾ ਵਜੂਦ ਤੇ ਇਸ ਦੀ ਵਰਤੋਂ?

“ਇਸੁ ਤਨ ਮਹਿ ਮਨੁ, ਕੋ ਗੁਰਮੁਖਿ ਦੇਖੈ” (ਪੰ: ੬੮੬)

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org




.