.

ਗੁਰੂ

(ਭਾਗ ਦੂਜਾ)

2. ਮਨੁੱਖੀ ਜਾਮੇ ਵਿੱਚ ਵਿੱਚਰਣ ਵਾਲਾ ਗੁਰੂ

ਜੀਵਨ ਦੇ ਹਰ ਖੇੱਤ੍ਰ ਵਿੱਚ ਵਿਕਾਸ ਕਰਨ ਲਈ ਮਨੁੱਖ ਨੂੰ ਵਿਸ਼ੇਸ਼ ਸਿੱਖਿਆ ਤੇ ਸੇਧ ਦੀ ਲੋੜ ਹੈ। ਜੋ ਸਿੱਖਿਅਕ ਆਪਣੇ ਗਿਆਨ ਨਾਲ ਸਿੱਖਿਆਰਥੀ ਦੀ ਇਸ ਲੋੜ ਨੂੰ ਪੂਰਾ ਕਰਦਾ ਹੈ ਉਸ ਨੂੰ ਗੁਰੂ ਕਿਹਾ ਜਾਂਦਾ ਹੈ। ਧਰਮ ਦੇ ਮੈਦਾਨ ਵਿੱਚ ਅਧਿਆਤਮਿਕਤਾ ਦੇ ਸੂਖਮ ਗਿਆਨ ਦੀ ਵਧੇਰੇ ਜ਼ਰੂਰਤ ਹੈ; ਇਸ ਲਈ ਆਤਮ-ਗਿਆਨ ਦਾ ਖੋਜੀ, ਧਾਰਨੀ, ਤੇ ਪ੍ਰਦਾਤਾ ਹੀ ਗੁਰੂ ਦੀ ਪਦਵੀ ਦਾ ਸਹੀ ਹੱਕਦਾਰ ਹੈ।

ਬਾਣੀ ਵਿੱਚ ਚਿੱਤ੍ਰੀ ਗਈ, ਮਨੁੱਖੀ ਜਾਮੇ ਵਿੱਚ ਵਿੱਚਰਨ ਵਾਲੇ, ਧਾਰਮਿਕ ਗੁਰੂ ਦੀ ਦੈਵੀ ਸ਼ਖ਼ਸੀਅਤ ਨੂੰ ਸਮੁੱਚੇ ਤੌਰ `ਤੇ ਸਮਝਣ ਵਾਸਤੇ ਸਾਨੂੰ ਪਹਿਲਾਂ ਗੁਰੂ ਅਤੇ ਇਸ ਦੇ ਸਮਾਨਾਰਥਕ ਸ਼ਬਦਾਂ ਦੇ ਸ਼ਾਬਦਿਕ ਅਰਥਾਂ ਤੇ ਭਾਵਾਂ ਨੂੰ ਵਿਚਾਰਨਾਂ ਤੇ ਸਮਝਣਾਂ ਜ਼ਰੂਰੀ ਹੈ; ਅਤੇ, ਗੁਰੂ ਪਦ ਦੀ ਪਰਿਭਾਸ਼ਾ ਨਿਰਧਾਰਤ ਕਰਨ ਲਈ ਗੁਰੂ ਦੇ ਗੁਣਸੂਚਕ ਸ਼ਬਦਾਂ ਦਾ ਵਰਣਨ ਤੇ ਵਿਚਾਰ ਵੀ ਲਾਜ਼ਮੀ ਹੈ।

ਗੁਰੂ: ਗੁ=ਅੰਧਕਾਰ, ਅਬੋਧ, ਅਗਿਆਨਤਾ, ਤਮ; ਰੂ= ਪ੍ਰਕਾਸ਼, ਰੌਸ਼ਣੀ, ਬੋਧ, ਸੂਝ/ਸਮਝ। ਸੋ, ਗੁਰੂ ਦੇ ਸਰਲ ਅਰਥ ਹੋਏ: ਪਰਮਗੁਰੂ ਪਰਮਾਤਮਾ ਦੇ ਬਖ਼ਸ਼ੇ ਗਿਆਨ ਦੇ ਪ੍ਰਕਾਸ਼ ਨਾਲ ਪਹਿਲਾਂ ਆਪਣੇ ਤੇ ਫ਼ੇਰ ਹੋਰਾਂ ਵਿੱਚੋਂ ਅਗਿਆਨਤਾ/ਅਬੋਧ/ਨਾਸਮਝੀ ਦਾ ਅੰਨ੍ਹੇਰਾ ਮਿਟਾ ਕੇ ਸੱਚ ਦਾ ਰੌਸ਼ਨ ਰਾਹ ਸਮਝਣ/ਸਮਝਾਉਣ ਵਾਲਾ ਪਹਾਂਮਪੁਰਖ।

ਗੁਰਮੁਖ: ਉਹ ਈਸ਼ਵਰੀ ਪੁਰਖ ਜਿਸ ਦੀ ਸੁਰਤ ਆਦਿ ਗੁਰੂ ਕਰਤਾਰ ਵਿੱਚ ਲੱਗੀ ਹੋਈ ਹੈ; ਜੋ ਗੁਰ-ਨਿਯਮਾਂ ਦਾ ਪਾਲਣ ਕਰੇ।

ਸੰਤ: ਜਿਸ ਨੇਂ ਮਨ, ਤੇ ਗਿਆਨ/ਕਰਮ ਇੰਦ੍ਰੀਆਂ ਨੂੰ ਸ਼ਾਂਤ (ਵੱਸ ਵਿੱਚ) ਕੀਤਾ ਹੋਇਆ ਹੈ।

ਸਾਧ: ਪੂਰਨ ਪੁਰਸ਼ ਜਿਸ ਵਿੱਚ ਇਨਸਾਨੀਅਤ ਦੇ ਕਿਸੇ ਵੀ ਸਦਗੁਣ ਦੀ ਘਾਟ ਨਹੀਂ; ਅਤੇ ਜਿਸ ਨੇਂ ਮਨ ਨੂੰ ਕਾਬੂ ਵਿੱਚ ਕਰਕੇ ਕਾਮਾਦਿਕ ਵਿਕਾਰਾਂ `ਤੇ ਫ਼ਤਹਿ ਪਾਈ ਹੋਈ ਹੈ। ਸਾਧ/ਸੰਤ ਦਾ ਮਾਇਆ ਤੋਂ ਨਿਰਲੇਪ ਹੋਣਾ ਲਾਜ਼ਮੀ ਹੈ।

ਆਗੂ: ਸੱਚ ਦੇ ਮਾਰਗ `ਤੇ ਅੱਗੇ ਹੋ ਕੇ ਹੋਰਾਂ ਦੀ ਅਗਵਾਈ ਕਰਨ ਵਾਲਾ; ਹੱਕਣ ਵਾਲਾ ਨਹੀਂ।

ਦੀਪਕ: ਆਤਮ-ਗਿਆਨ ਦਾ ਉਜਾਲਾ ਕਰਨ ਵਾਲਾ; ਗਿਆਨ-ਚਿਰਾਗ਼।

ਖੇਵਟ/ਪਾਤਣੀ/ਪਾਤਣ: ਸੰਸਾਰ ਦੇ ਭਵਸਾਗਰ ਦੇ ਉਤਰਾਅ ਚੜਾਅ ਦੀ ਭਿਆਨਕਤਾ ਤੋਂ ਜਾਣੂ, ਅਤੇ ਇਸ ਤੋਂ ਪਾਰ ਲੰਘਣ/ਲੰਘਾਉਣ ਦੀ ਜੁਗਤੀ ਤੇ ਸਾਧਨ ਦਾ ਉਸਤਾਦ।

ਵਿਸਟ/ਬਸੀਠ/ਵਿਚੋਲੀ: ਜੀਵ-ਇਸਤ੍ਰੀ ਦਾ ਪਤੀ ਪਰਮਾਤਮਾ ਨਾਲ ਸਦੀਵੀ ਸੰਬੰਧ ਜੋੜਣ ਵਿੱਚ ਸਹਾਇਕ ਈਸ਼ਵਰੀ ਪੁਰਖ।

ਨਾਇਕ: ਸ਼ੁੱਭ ਗੁਣਾਂ ਦਾ ਮਾਲਿਕ ਅਤੇ ਨੇਕੀ ਦਾ ਪੁੰਜ ਮਹਾਂ-ਪੁਰਖ ਜੋ ਦੂਸਰਿਆਂ ਲਈ ਉਦ੍ਹਾਰਣ ਬਣਦਾ ਹੈ।

ਪੈਕਾਂਬਰ/ਪੈਗ਼ੰਬਰ: ਇਲਾਹੀ ਇਲਮ ਦਾ ਆਲਿਮ ਜੋ ਅਲ੍ਹਾ ਦਾ ਪੈਗ਼ਾਮ ਸਮਝਦਾ ਤੇ ਲੋਕਾਂ ਤੱਕ ਪਹੁੰਚਾਉਂਦਾ ਹੈ ਅਰਥਾਤ ਰੱਬੀ ਸਿਫ਼ਤਾਂ ਨਾਲ ਸਾਂਝ ਪਾਉਂਦਾ/ਪੁਆਉਂਦਾ ਹੈ। (ਪੈਗ਼ਾਮ= ਸੁਨੇਹਾ; ਬਰ= ਲੈ ਜਾਣ ਵਾਲਾ)।

ਗਿਆਨੀ, ਬ੍ਰਹਮਗਿਆਨੀ: ਬ੍ਰਹਮ (ਪ੍ਰਭੂ ਅਤੇ ਉਸ ਦੀ ਪ੍ਰਕ੍ਰਿਤੀ) ਦੀ ਹੋਂਦ/ਹਸਤੀ ਦੀ ਸੂਝ, ਅਤੇ ਜੀਵਆਤਮਾ ਤੇ ਪਰਮਾਤਮਾ ਦੇ ਪਰਸਪਰ ਸੰਬੰਧਾਂ ਦੀ ਸੋਝੀ ਰੱਖਣ ਵਾਲਾ। ਰੱਬੀ ਰਮਜ਼ਾਂ ਦਾ ਗਿਆਤਾ। “ਬ੍ਰਹਮੁ ਬਿੰਦੇ ਸੋ ਸਤਿਗੁਰੁ ਕਹੀਐ ਹਰਿ ਹਰਿ ਕਥਾ ਸੁਣਾਵੈ॥” ਮਲਾਰ ਮ: ੪

ਵੈਦ: ਵਿਦਵਾਨ/ਹਕੀਮ ਜੋ ਮਨ/ਆਤਮਾ ਦੇ ਰੋਗਾਂ ਤੋਂ ਆਪ ਮੁਕਤ ਹੈ ਅਤੇ ਨਾਮ-ਨੁਸਖੇ ਨਾਲ ਦੂਸਰਿਆਂ ਨੂੰ ਮੁਕਤ ਕਰਵਾਉਂਦਾ ਹੈ।

ਧੋਬੀ: ਨਾਮ-ਸਾਬੁਨ ਨਾਲ ਮਨ ‘ਤੋਂ ਬੁਰੇ ਸੰਸਕਾਰਾਂ ਦੇ ਧੱਬੇ ਉਤਾਰਨ ਦੀ ਜੁਗਤੀ ਦਾ ਮਾਹਿਰ।

ਮੇਘ/ਬੱਦਲ: ਪਰਮਗੁਰੂ ਪਰਮਾਤਮਾ ਦੇ ਬਖ਼ਸ਼ੇ ਹੋਏ ਗਿਆਨ-ਜਲ ਦੀ ਵਰਖਾ ਕਰਕੇ ਉਸੇ ਵਿੱਚ ਲੋਪ ਹੋ ਜਾਣ ਵਾਲਾ ਅਲੌਕਿਕ ਪੁਰਸ਼।

ਸਰਾਫ਼: ਖੋਟੇ ਖਰੇ, ਬੁਰੇ ਭਲੇ, ਸਹੀ ਗ਼ਲਤ ਦੀ ਸ਼ਨਾਖ਼ਤ ਕਰ ਸਕਨ ਵਾਲਾ ਤਰਕਸ਼ਾਸਤ੍ਰੀ (logician)

ਉਪਰੋਕਤ ਵਿਚਾਰੇ ਸ਼ਬਦਾਂ ਦੇ ਅਤਿਰਿਕਤ, ਬਾਣੀ ਵਿੱਚ ਕਈ ਹੋਰ ਲਫ਼ਜ਼ ਵਰਤੇ ਗਏ ਹਨ ਜਿਨ੍ਹਾਂ ਤੋਂ ਸੱਚੇ ਗੁਰੂ ਦੀਆਂ ਵਿਸ਼ੇਸ਼ਤਾਵਾਂ ਦਾ ਬੋਧ ਹੁੰਦਾ ਹੈ ਜਿਵੇਂ ਕਿ: ਸਉਣ, ਮੰਤ੍ਰੀ, ਪੀਰ, ਮੁਰਸ਼ਦ, ਜਨ, ਭਗਤ, ਉਸਤਾਦ, ਵਜ਼ੀਰ, ਸਾਲਿਕ, ਫ਼ਕੀਰ, ਰਹਬਰ ਆਦਿ।

ਉੱਤੇ ਲਿਖੇ ਸਾਰੇ ਅਰਥ ਭਾਵ ਗੁਰੂ ਦੀ ਦੈਵੀ ਸ਼ਖ਼ਸੀਅਤ ਨੂੰ ਸਮਝਣ ਅਤੇ ਉਸ ਨਾਲ ਸੱਚੀ ਸਾਂਝ ਪਾਉਣ ਲਈ ਸਹਾਈ ਹੋਣਗੇ। (ਨੋਟ:- ਉਪਰੋਕਤ ਵਿਚਾਰੇ ਗੁਰੂ ਪਦ ਲਈ ਵਰਤੇ ਨਾਵਾਂ ਦੀ ਵਰਤੋਂ ਅਗਲੇਰੇ ਪੰਨਿਆਂ `ਤੇ ਕੀਤੀ ਗਈ ਹੈ। ਪਾਠਕ ਧਿਆਨ ਰੱਖਣ ਜੀ)।

ਆਤਮ-ਗਿਆਨ ਗੁਰੂ ਦੇ ਵਿਅਕਤਿੱਤ੍ਵ ਦਾ ਪਰਮੁੱਖ ਲੱਛਣ ਹੈ। ਗੁਰੂ ਗਿਆਨ ਦੀ ਸਾਖਿਆਤ ਮੂਰਤ ਹੈ। ਪਰ, ਗੁਰੂ ਅਧਿਆਤਮਿਕ ਗਿਆਨ ਕਿੱਥੋਂ ਤੇ ਕਿਵੇਂ ਪ੍ਰਾਪਤ ਕਰਦਾ ਹੈ? ਪਹਿਲਾਂ ਇਸੇ ਨੁਕਤੇ `ਤੇ ਵਿਚਾਰ ਕਰਨੀਂ ਯੋਗ ਹੋਵੇਗੀ।

ਗੁਰੂ ਨਾਨਕ ਦੇਵ ਜੀ ਨੇਂ ਅਕਾਲਪੁਰਖ ਨੂੰ ‘ਗਿਆਨਰਾਉ’ ਦੇ ਨਾਂ ਨਾਲ ਜਾਣਿਆ ਹੈ। ‘ਗਿਆਨ ਰਾਉ’ ਦੇ ਅਰਥ ਹਨ: ਗਿਆਨ ਦਾ ਰਾਜਾ/ਸ੍ਵਾਮੀ/ਮਾਲਿਕ। ‘ਗਿਆਨਰਾਉ’ ਪ੍ਰਭੂ ਨੇਂ ਸਾਰਾ ਗਿਆਨ ਪ੍ਰਕ੍ਰਿਤਿ ਵਿੱਚ ਪਾਇਆ ਹੋਇਆ ਹੈ; ਆਪਣੀ ਹੀ ਤਰ੍ਹਾਂ, ਸ੍ਰਿਸ਼ਟੀ ਵਿੱਚ ਵਿਆਪਕ ਕੀਤਾ ਹੋਇਆ ਹੈ। “ਆਸਣੁ ਲੋਇ ਲੋਇ ਭੰਡਾਰ॥ ਜੋ ਕਿਛੁ ਪਾਇਆ ਸੁ ਏਕਾ ਵਾਰ॥” ਕੋਈ ਕਰਮਾ ਵਾਲਾ ਮਨੁੱਖ (ਗੁਰੂ/ਸੰਤ/ਸਾਧ/ਯਥਾਰਥ-ਗਿਆਨੀ/ਗੁਰਮੁੱਖ ਆਦਿ) ਕਰਤਾਰ ਦੀ ਕ੍ਰਿਪਾ ਅਤੇ ਉਸੇ ਦੀ ਬਖ਼ਸ਼ੀ ਦਿੱਬਦ੍ਰਿਸ਼ਟੀ ਤੇ ਤੀਖਣ ਬੁੱਧੀ ਨਾਲ, ਸ੍ਰਿਸ਼ਟੀ ਵਿੱਚ ਖਿੱਲਰੇ, ਇਸ ਗਿਆਨ ਨੂੰ ਖੋਜਦਾ, ਵਿਚਾਰਦਾ ਅਤੇ ਆਪਣੇ ਨਿੱਜੀ ਜੀਵਨ ਨੂੰ ਉਸ ਗਿਆਨ ਅਨੁਸਾਰ ਢਾਲ ਲੈਂਦਾ ਹੈ। ਪਰ, ਇਹ ਸਾਰਾ ਗਿਆਨ ਪ੍ਰਕ੍ਰਿਤੀ ਵਿੱਚ ਕਿੱਥੇ ਲੁਿਕਆ ਬੈਠਾ ਹੈ? ਆਓ! ਇਸ ਸੂਖਮ ਗੁੰਝਲ ਨੂੰ ਬਾਣੀ ਦੇ ਅਧਾਰ `ਤੇ ਸੁਲਝਾਈਏ:

ਗੁਰਮੱਤ ਅਨੁਸਾਰ ਸਾਰੇ ਗਿਆਨ ਦੇ ਪੁੰਜ ਤੇ ਪੈਗ਼ੰਬਰ, ਕਾਦਰ ਦੀ ਕੁਦਰਤ ਅਥਵਾ ਹੁਕਮ-ਸੱਤਾ ਦੁਆਰਾ ਹੋਂਦ ਵਿੱਚ ਆਏ, ਪ੍ਰਕ੍ਰਿਤਿ ਦੇ ਨਿਮਨ ਲਿਖਿਤ ਪੰਜ ਤੱਤ੍ਵ ਹਨ:- ਧਰਤੀ, ਹਵਾ, ਅਗਨਿ, ਪਾਣੀ, ਅਤੇ ਆਕਾਸ਼/ਗਗਨ। (ਨੋਟ:- ਕਈ ਧਰਮਾਂ ਵਿੱਚ ਪਹਿਲੇ ਚਾਰ ਤੱਤ ਹੀ ਪ੍ਰਵਾਨਿਤ ਹਨ; ਆਕਾਸ਼ ਨਹੀਂ ਹੈ। ਪ੍ਰੰਤੂ, ਗਹੁ ਨਾਲ ਵਿਚਾਰੀਏ ਤਾਂ ਸਹਿਲ ਹੀ ਸਿੱਧ ਹੋ ਜਾਂਦਾ ਹੈ ਕਿ ਆਕਾਸ਼/ਪੁਲਾੜ/ਖ਼ਲਾਅ (space) ਤੋਂ ਬਿਨਾਂ ਵੀ ‘ਹੋਂਦ’ ਸੰਭਵ ਨਹੀਂ)। ਇਨ੍ਹਾਂ ਪੰਜਾਂ ਤੱਤ੍ਵਾਂ ਦੇ ਹੇਠ ਲਿਖੇ ਗੁਣ ਸਾਂਝੇ ਹਨ:

1. ਜੀਵਨ-ਦਾਨ:- ਇਨ੍ਹਾਂ ਸਾਰੇ ਤੱਤ੍ਵਾਂ ਤੋਂ ਬਗ਼ੈਰ ਜੀਵਨ ਅਥਵਾ ਕਿਸੇ ਵੀ ਕਿਸਮ ਦੀ ਹੋਂਦ ਸੰਭਵ ਨਹੀਂ। (ਗੁਰੂ ਬਿਨਾਂ ਆਤਮਿਕ ਜੀਵਨ ਅਸੰਭਵ ਹੈ)।

2. ਸਮਦਰਸ਼ਤਾ:- ਕਿਸੇ ਵੀ ਭੇਦ-ਭਾਵ ਤੇ ਵਿਤਕਰੇ ਤੋਂ ਉੱਪਰ ਰਹਿਕੇ ਸੱਭ ਨਾਲ ਇੱਕੋ ਜਿਹਾ ਵਰਤਾਓ ਕਰਨਾਂ।

3. ਨਿਸ਼ਕਾਮਤਾ:- ਹੋਰਾਂ ਨੂੰ ਜੀਵਨ ਅਤੇ ਜੀਵਨ ਦੀਆਂ ਲੋੜਾਂ ਦੇਣੀਆਂ, ਪਰ ਬਦਲੇ ਵਿੱਚ ਕੁੱਝ ਨਹੀਂ ਮੰਗਨਾਂ/ਲੈਣਾ।

4. ਹਉਮੈ-ਰਹਿਤਤਾ:- ਪਰਮਤੱਤ੍ਵ ਪਰਮਾਤਮਾ ਦੇ ਸੱਚੇ ਪੈਗ਼ੰਬਰ ਹੋਣ ਦੇ ਬਾਵਜੂਦ ਵੀ ਇਸ ਸੱਚ ਦਾ ਕੋਈ ਪ੍ਰਗਟਾਵਾ ਨਹੀਂ ਕਰਨਾਂ।

ੳਪਰੋਕਤ ਸਾਂਝੇ ਗੁਣਾਂ ਤੋਂ ਬਿਨਾਂ ਇਨ੍ਹਾਂ ਤੱਤ੍ਵਾਂ ਦੀਆਂ ਕੁੱਝ ਹੋਰ ਵਿਸ਼ੇਸ਼ਤਾਵਾਂ ਹਨ:-

ਧਰਤੀ: ਨਿਵਾਸ ਤੇ ਪਨਾਹ ਪ੍ਰਦਾਨ ਕਰਨ ਤੋਂ ਬਿਨਾਂ ਸਹਿਨਸ਼ੀਲਤਾ ਅਤੇ ਖਿਮਾ ਦੇ ਸਦ-ਗੁਣਾਂ ਦੀ ਪ੍ਰੇਰਣਾਂ ਦਿੰਦੀ ਹੈ।

ਹਵਾ: ਰਾਹਤ, ਧੀਰਜ, ਤੇ ਸ਼ਾਂਤੀ-ਯੁਕਤ ਸਪਰਸ਼ਤਾ ਦੇਣੀ, ਅਤੇ ਅਦ੍ਰਿਸ਼ਟਤਾ ਅਰਥਾਤ ਨੇਕੀ ਕਰਕੇ ਨਜ਼ਰ ਨਹੀਂ ਆਉਣਾ।

ਅਗਨਿ: ਆਪਾ ਸਾੜ ਕੇ ਦੂਸਰਿਆਂ ਨੂੰ ਸ਼ੁੱਧਤਾ ਤੇ ਰੂਪ ਬਖ਼ਸ਼ਨਾ, ਨਿੱਘ ਤੇ ਪ੍ਰਕਾਸ਼ ਦੇਣਾ।

ਪਾਣੀ: ਪਵਿੱਤ੍ਰਤਾ, ਸ਼ਾਂਤੀ ਤੇ ਸ਼ੀਤਲਤਾ ਦਾ ਦਾਨ ਦੇਣਾ।

ਆਕਾਸ਼: ਅਸੰਗਤਾ ਤੇ ਨਿਰਲੇਪਤਾ।

ਜੋਗੀਆਂ ਨਾਲ ਗੋਸ਼ਟਿ ਕਰਦੇ ਹੋਏ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ‘ਪੰਜਭੂ ਨਾਇਕੋ’ ਪ੍ਰਭੂ ਦੀ ਬਖ਼ਸ਼ੀ ਹੋਈ ‘ਪੰਜਭੂ ਟੋਪੀ’ ਗੁਰੂ ਦਾ ਸੱਚਾ ਸ਼ਿੰਗਾਰ ਹੈ; ਪੰਜ ਤੱਤ੍ਵਾ ਦੇ ਪਰਉਪਕਾਰਤਾ ਵਾਲੇ ਈਸ਼ਵਰੀ ਗੁਣਾਂ ਦੀ (ਭੇਖ ਦੀ ਨਹੀਂ) ‘ਪੰਚਭੂ ਟੋਪੀ’, ਪਹਿਨਣ ਵਾਲਾ ਹੀ ਗੁਰਮੁਖ/ਗੁਰੂ ਹੈ। ਪੰਜ ਤੱਤ੍ਵਾਂ ਦੀ ਰਹਿਤ ਰਹਿਣ ਵਾਲਾ ਹੀ ਗੁਰੂ ਹੋ ਸਕਦਾ ਹੈ। ਇਸੇ ਵਿਚਾਰ ਨੂੰ ਕਬੀਰ ਜੀ ਨਿਮਨ ਲਿਖਿਤ ਤੁਕ ਵਿੱਚ ਪ੍ਰਗਟ ਕਰਦੇ ਹਨ:

“ਅਪੁ ਤੇਜੁ ਬਾਇ ਪ੍ਰਿਥਮੀ ਅਕਾਸ਼ਾ॥ ਐਸੀ ਰਹਤ ਰਹਉ ਹਰਿ ਪਾਸਾ॥” ਗਉੜੀ ਕਬੀਰ ਜੀ

ਭਾਵ: (ਕਬੀਰ ਜੀ ਗੁਰਮੁਖ ਦੀ ਰਹਿਤ ਬਾਰੇ ਕਹਿੰਦੇ ਹਨ) ਮੈਂ ਕਾਦਰ ਦੀ ਕੁਦਰਤ ਦੇ ਤੱਤਾਂ ਦੇ ਗੁਣਾਂ ਵਾਲਾ ਜੀਵਨ ਜੀ ਰਿਹਾ ਹਾਂ। ਇਸ ਤਰ੍ਹਾਂ ਦੀ ਤਰਜ਼ੇ ਜ਼ਿੰਦਗੀ ਸਦਕਾ ਹੀ ਮੈਂ ਪ੍ਰਭੂ ਦੇ ਸੰਗ ਰਹਿੰਦਾ ਹਾਂ, ਅਰਥਾਤ ਪ੍ਰਭੂ ਦੇ ਚਰਣਾਂ ਵਿੱਚ ਜੁੜਿਆ ਰਹਿੰਦਾ ਹਾਂ।

ਗੁਰੂ ਅਰਜਨ ਦੇਵ ਜੀ ਬ੍ਰਹਮਗਿਆਨੀ ਲਈ ਪੰਜਤੱਤ੍ਵੀ ਗੁਣਾ ਨੂੰ ਗ੍ਰਹਿਣ ਕਰਨ ਦੀ ਅਨਿਵਾਰਯਤਾ ਦਾ ਵਿਸਤਾਰ-ਪੂਰਵਕ ਵਰਣਨ ਕਰਦੇ ਹੋਏ ਲਿਖਦੇ ਹਨ:

“ਬ੍ਰਹਮਗਿਆਨੀ ਸਦਾ ਨਿਰਲੇਪ॥ ਜੈਸੇ ਜਲ ਮਹਿ ਕਮਲ ਅਲੇਪ॥

ਬ੍ਰਹਮਗਿਆਨੀ ਸਦਾ ਨਿਰਦੋਖ॥ ਜੈਸੇ ਸੂਰੁ ਸਰਬ ਕਉ ਸੋਖ॥

ਬ੍ਰਹਮਗਿਆਨੀ ਕੈ ਦ੍ਰਿਸਟਿ ਸਮਾਨਿ॥ ਜੈਸੇ ਰਾਜ ਰੰਕ ਕਉ ਲਾਗੈ ਤੁਲਿ ਪਵਾਨ॥

ਬ੍ਰਹਮਗਿਆਨੀ ਕੈ ਧੀਰਜੁ ਏਕ॥ ਜਿਉ ਬਸੁਧਾ ਕਊ ਖੋਦੈ ਕੋਊ ਚੰਦਨ ਲੇਪ॥

ਬ੍ਰਹਮਗਿਆਨੀ ਕਾ ਇਹੈ ਗੁਨਾਉ॥ ਨਾਨਕ ਜਿਉ ਪਾਵਕ ਕਾ ਸਹਜ ਸੁਭਾਉ॥” ਸੁਖਮਨੀ

ਭਾਵ: ਬ੍ਰਹਮਗਿਆਨੀ ਸੰਸਾਰ ਵਿੱਚ ਵਿਚਰਦਾ ਹੋਇਆ ਵੀ ਇਸ ਦੇ ਵਿਕਾਰੀ ਚਿੱਕੜ ਤੋਂ ਇਉਂ ਬਚਿਆ ਰਹਿੰਦਾ ਹੈ ਜਿਵੇਂ ਕੰਵਲ ਛੱਪੜ ਦੇ ਗੰਦੇ ਪਾਣੀ ਵਿੱਚੋਂ ਉਗਮ ਕੇ ਵੀ ਉਸ ਤੋਂ ਉਤਾਂਹ ਰਹਿੰਦਾ ਹੈ। ਜਿਵੇਂ ਸੂਰਜ ਆਪਣੇ ਤੇਜ ਤੇ ਤਾਪ ਨਾਲ ਸਾਰੇ ਗੰਦ ਤੇ ਮੈਲ ਨੂੰ ਸਾੜ ਕੇ ਸ਼ੁੱਧ ਕਰ ਦਿੰਦਾ ਹੈ ਤਿਵੇਂ ਪ੍ਰਭੂ ਦਾ ਭੇਦੀ ਨਾਮ ਤੇ ਗਿਆਨ ਨਾਲ ਪਾਪਾਂ ਤੋਂ ਮੁਕਤ ਰਹਿੰਦਾ ਹੈ। ਬ੍ਰਹਮਗਿਆਨੀ ਹਵਾ ਦੀ ਤਰ੍ਹਾਂ ਸਮਦਰਸ਼ੀ ਹੁੰਦਾ ਹੈ ਜੋ ਬਿਨਾਂ ਕਿਸੇ ਵਿਤਕਰੇ ਦੇ ਛੋਟੇ ਵੱਡੇ ਸੱਭ ਦਾ ਕਲਿਆਨ ਕਰਦਾ ਹੈ। ਬ੍ਰਹਮਗਿਆਨੀ ਧਰਤੀ ਵਾਂਗ ਖਿਮਾ ਅਤੇ ਸਹਿਣਸ਼ੀਲਤਾ ਦੀ ਮੂਰਤ ਹੈ। ਜਿਵੇਂ ਧਰਤੀ, ਇਸ ਨੂੰ ਪੂਜਨ ਵਾਲੇ ਤੇ ਇਸ ਦਾ ਸੀਨਾ ਕੱਟਣ ਵੱਢਣ ਤੇ ਗੰਦਾ ਕਰਨ ਵਾਲਿਆਂ, ਸੱਭ ਦਾ ਜੀਵਨਾਧਾਰ ਬਣਦੀ ਹੈ ਤੇ ਵਸੇਬਾ ਦਿੰਦੀ ਹੈ, ਤਿਵੇਂ ਗੁਰੂ ਆਪਣੇ ਪ੍ਰਸ਼ੰਸਕਾਂ ਤੇ ਦੋਖੀਆਂ ਦੋਹਾਂ ਨੂੰ ਨਾਮ ਤੇ ਗਿਆਨ ਦਾ ਦਾਨ ਦਿੰਦਾ ਹੈ। ਗੁਰਮੁਖ ਦੇ ਸੁਭਾਅ ਵਿੱਚ ਅੱਗ ਵਾਲੇ ਪਰਉਪਕਾਰੀ ਗੁਣ ਵੀ ਹੁੰਦੇ ਹਨ। ਜਿਵੇਂ ਅਗਨਿ ਦਾ ਕੁਦਰਤਨ ਲੱਛਣ ਹੈ ਕਿ ਉਹ ਅਸ਼ੁੱਧਤਾ ਨੂੰ ਸਾੜ ਕੇ ਸ਼ੁੱਧਤਾ ਬਖ਼ਸ਼ਦੀ ਹੈ ਤਿਵੇਂ ਬ੍ਰਹਮਗਿਆਨੀ ‘ਬ੍ਰਹਮਅਗਨਿ’ ਅਥਵਾ ਗਿਆਨਅਗਨਿ ਨਾਲ ਮਨ/ਆਤਮਾ ‘ਤੋਂ ਵਿਕਾਰਾਂ ਦੀ ਮਲੀਨਤਾ ਨੂੰ ਸਾੜ ਕੇ ਪਵਿੱਤ੍ਰ ਕਰਦਾ ਹੈ।

ਬਾਣੀ ਵਿੱਚ ਸੱਚੇ ਗੁਰੂ ਦੇ ਲੱਖਣਾਂ ਦਾ ਬਹੁਤ ਵਰਣਨ ਹੈ, ਪਰ, ਗੁਰੂ ਅਰਜਨ ਦੇਵ ਜੀ ਨੇਂ ਗੁਰੂ ਦੇ ਪਵਿੱਤ੍ਰ ਤੇ ਬੇਦਾਗ਼ ਕਿਰਦਾਰ ਦਾ ਹੇਠ ਲਿਖੇ ਸ਼ਬਦ ਵਿੱਚ ਬੜੀ ਸੁੰਦਰਤਾ ਨਾਲ ਉੱਲੇਖ ਕੀਤਾ ਹੈ ਜੋ ਕਿ ਵਿਚਾਰਣਯੋਗ ਹੈ:-

“ਮੰਤ੍ਰੰ ਰਾਮ ਰਾਮ ਨਾਮੰ, ਧਾਨ੍ਹੰ ਸਰਬਤ੍ਰ ਪੂਰਨਹ॥

ਗਾਨ੍ਹੰ ਸਮ ਦੁਖ ਸੁਖੰ, ਜੁਗਤਿ ਨਿਰਮਲ ਨਿਰਵੈਰਣਹ॥

ਦਯਾਲੰ ਸਰਬਤ੍ਰ ਜੀਆ, ਪੰਚ ਦੋਖ ਬਿਵਰਜਿਤਹ॥

ਭੋਜਨੰ ਗੋਪਾਲ ਕੀਰਤਨੰ, ਅਲਪ ਮਾਯਾ ਜਲ ਕਮਲ ਰਹਤਹ॥

ਉਪਦੇਸੰ ਸਮ ਮਿਤ੍ਰ ਸਤ੍ਰਹ, ਭਗਵੰਤ ਭਗਤਿ ਭਾਵਨੀ॥

ਪਰ ਨਿੰਦਾ ਨਹ ਸ੍ਰੋਤਿ ਸਰਵਣੰ, ਆਪੁ ਤਿ੍ਯ੍ਯਾਗਿ ਸਗਲ ਰੇਣੁਕਹ॥

ਖਟ ਲਖ੍ਹਣ ਪੂਰਨਮ ਪੁਰਖਹ, ਨਾਨਕ ਨਾਮਸਾਧ ਸ੍ਵਜਨਹ॥” ਸਲੋਕ ਸਹਸਕ੍ਰਿਤਿ ਮ: ੫

ਭਾਵ: ਇਸ ਸਲੋਕ ਦੇ ਸਰਲ ਤੇ ਸੰਖੇਪ ਅਰਥ ਹੇਠਾਂ ਲਿਖੇ ਅਨੁਸਾਰ ਕੀਤੇ ਜਾ ਸਕਦੇ ਹਨ:-

ਨਾਨਕ (ਗੁਰੂ ਅਰਜਨ ਦੇਵ ਜੀ) ਇਹ ਵਿਚਾਰ ਕਰਦਾ ਹੈ ਕਿ ਪੂਰਨ-ਪੁਰਖ/ਸਾਧ/ਗੁਰਮੁੱਖ ਅਥਵਾ ਗੁਰੂ ਦੀ ਸੱਚੀ ਸੁੱਚੀ ਸ਼ਖ਼ਸੀਅਤ ਵਿੱਚ ਹੇਠ ਲਿਖੇ ਲੱਛਣਾ ਦੀ ਹੋਂਦ ਅਵੱਸ਼ਕ ਹੈ:-

1. ਸਰਬਵਿਆਪਕ ਪ੍ਰਭੂ ਦੇ ਨਾਮ ਦਾ ਸਿਮਰਨ ਕਰਨਾਂ; ਅਤੇ ਉਸੇ ਵਿੱਚ ਸੁਰਤਿ ਜੋੜੀ ਰੱਖਣੀ।

2. (ਭਟਕਨਾ ਦੇ ਕਾਰਨ ਉਪਜੇ) ਦੁੱਖਾਂ ਤੇ ਸੁੱਖਾਂ ਦੇ ਬੁਰੇ ਅਤੇ ਚੰਗੇ ਪ੍ਰਭਾਵ ਤੋਂ ਅਪ੍ਰਭਾਵਿਤ ਰਹਿਣਾ; ਈਰਖਾ, ਨਿੰਦਾ, ਤੇ ਵੈਰ ਵਿਰੋਧ ਆਦਿ ਅਮਾਨਵੀ ਭਾਵਨਾਵਾਂ ਤੋਂ ਮੁਕਤ ਰਹਿੰਦਿਆਂ ਸੱਚਾ ਸੁੱਚਾ ਤੇ ਪਵਿੱਤ੍ਰ ਜੀਵਨ ਬਿਤੀਤ ਕਰਨਾਂ।

3. ਰੱਬ ਦੇ ਸਾਰੇ ਜੀਵਾਂ ਨਾਲ ਦਯਾ-ਪੂਰਨ ਵਰਤਾਓ ਕਰਨਾਂ; ਪੰਜੇ ਵਿਕਾਰਾਂ (ਕਾਮ, ਕ੍ਰੋਧ, ਲੋਭ, ਮੋਹ, ਤੇ ਹੰਕਾਰ) ਤੋਂ ਬਚੇ ਰਹਿਣਾ।

4. ਹਰਿ-ਨਾਮ-ਸਿਮਰਨ ਨੂੰ ਮਨ/ਆਤਮਾ ਦਾ ਭੋਜਨ ਬਣਾਉਣਾ; (ਨਾਮ-ਸਿਮਰਨ ਦੀ ਵੈਰਨ) ਮਾਇਆ ਤੋਂ ਇਉਂ ਨਿਰਲੇਪ ਰਹਿਣਾ ਜਿਵੇਂ ਕੰਵਲ ਚਿੱਕੜ ਤੋਂ।

5. ਪ੍ਰਭੂ-ਭਗਤਿ ਨਾਲ ਪ੍ਰੇਮ ਕਰਦਿਆਂ ਹੋਇਆਂ ਵੈਰੀ ਤੇ ਮਿੱਤ੍ਰ ਦੋਹਾਂ ਨਾਲ ਇੱਕਸਮਾਨ ਸਲੂਕ ਕਰਨਾ ਤੇ ਸੱਭ ਨੂੰ ਸੱਚ ਦਾ ਮਾਰਗ ਦਿਖਾਉਣਾ।

6. ਪਰਨਿੰਦਾ ਕਰਨ ਤੇ ਸੁਣਨ ਤੋਂ ਪਰਹੇਜ਼ ਕਰਨਾਂ; ਮੈਂ ਮੇਰੀ ਤੇ ਹਉਮੈ ਦਾ ਪਰਿਤਿਆਗ ਕਰਕੇ ਨਿਮਾਣਾ (ਦੂਜਿਆਂ ਦੇ ਪੈਰਾਂ ਦੀ ਖ਼ਾਕ) ਬਣ ਕੇ ਰਹਿਣਾ।

ਸੱਚਾ ਸੰਤ ਉਹੀ ਸੱਜਨ ਹੈ ਜਿਸ ਦੀ ਸੰਗਤ ਕੀਤਿਆਂ ਸੇਵਕ ਦੀ ਕਾਇਆ ਪਲਟ ਜਾਵੇ, ਅਤੇ ਉਹ ਪਾਪਾਂ ਦੀ ਧੂੜ ਤੇ ਅਗਿਆਨਤਾ ਦੇ ਧੂਏਂ ਤੋਂ ਮੁਕਤ ਹੋ ਕੇ ਗਿਆਨ-ਮਾਰਗ ਦਾ ਰਾਹੀ ਬਣ ਜਾਵੇ।

“ਜਾ ਕੈ ਸੰਗਿ ਇਹੁ ਮਨੁ ਨਿਰਮਲੁ॥ ਜਾ ਕੈ ਸੰਗਿ ਹਰਿ ਹਰਿ ਸਿਮਰਨੁ॥

ਜਾ ਕੈ ਸੰਗਿ ਕਿਲਬਿਖ ਹੋਹਿ ਨਾਸ॥ ਜਾ ਕੈ ਸੰਗਿ ਰਿਦੈ ਪਰਗਾਸ॥

ਸੇ ਸੰਤਨ ਹਰਿ ਕੇ ਮੇਰੇ ਮੀਤ॥ ਕੇਵਲ ਨਾਮੁ ਗਾਈਐ ਜਾ ਕੈ ਮੀਤ॥

…ਪਾਰਬ੍ਰਹਮ ਜਬ ਭਏ ਕ੍ਰਿਪਾਲ॥ ਤਬ ਭੇਟੇ ਗੁਰ ਸਾਧ ਦਇਆਲ॥” ਗੋਂਡ ਮ: ੫

ਭਾਵ: ਸੱਚਾ ਸਨੇਹੀ ਉਹੀ ਸੰਤ/ਗੁਰੂ ਹੈ ਜਿਸ ਦੀ ਸੰਗਤ ਕਰਨ ਨਾਲ ਮਨ ਸ਼ੁੱਧ ਹੁੰਦਾ ਹੈ; ਜਿਸ ਦੀ ਸੰਗਤ ਵਿੱਚ ਕੇਵਲ ਹਰਿ-ਨਾਮ-ਸਿਮਰਨ ਹੀ ਕੀਤਾ ਜਾਂਦਾ ਹੈ। ਜਿਸ ਦੀ ਸਭਾ ਵਿੱਚ ਬੈਠਣ ਨਾਲ ਮਨ/ਆਤਮਾ ਦੇ ਪਾਪ ਵਿਨਾਸ਼ ਹੋ ਜਾਣ; ਅਤੇ ਮਨ ਅੰਦਰ ਆਤਮ-ਗਿਆਨ ਦਾ ਪ੍ਰਕਾਸ਼ ਹੋ ਜਾਵੇ। ਮੇਰੇ ਮਿੱਤ੍ਰ-ਸਨੇਹੀ ਉਹੀ ਰੱਬ ਦੇ ਬੰਦੇ ਹਨ ਜਿਨ੍ਹਾਂ ਦੀ ਸੁਹਬਤ ਵਿੱਚ ਸਿਰਫ਼ ਪ੍ਰਭੂ ਦੀ ਸਿਫ਼ਤ-ਸਲਾਹ ਦੇ ਗੀਤ ਹੀ ਗਾਏ ਜਾਂਦੇ ਹਨ। ਅਜਿਹੇ ਦਯਾਲੂ ਗੁਰੂ ਨਾਲ ਮਿਲਾਪ ਓਦੋਂ ਹੀ ਨਸੀਬ ਹੁੰਦਾ ਹੈ ਜਦ ਪਾਰਬ੍ਰਹਮ ਪਰਮਾਤਮਾ ਦੀ ਬਖ਼ਸ਼ਿਸ਼ ਹੋਵੇ!

ਗੁਰਮੱਤ ਅਨੁਸਾਰ, ਮਨ/ਆਤਮਾ ਦੇ ਸਾਰੇ ਰੋਗਾਂ, ਅਤੇ ਅਗਿਆਨਤਾ ਦੇ ਅੰਧਕਾਰ ਵਿੱਚੋਂ ਨਿਕਲਕੇ ਪ੍ਰਭੂ ਨਾਲ ਸਦੀਵੀ ਸਾਂਝ ਪਾਉਣ ਦਾ ਕੇਵਲ ਇੱਕੋ ਇੱਕ ਸਾਧਨ ਹੈ: ਨਾਮ-ਸਿਮਰਨ।

“ਨਾਮਿ ਰਤੇ ਸਿਧ ਗੋਸਟਿ ਹੋਇ॥” ਸਿਧ ਗੋਸਟਿ

ਭਾਵ: ਹਰਿ-ਨਾਮ ਦੇ ਮਜੀਠੀ ਰੰਗ ਵਿੱਚ ਰੰਗੀਜ ਕੇ ਹੀ ਪਰਮ-ਸਿਧ ਪਰਮਾਤਮਾ ਨਾਲ ਮਿਲਾਪ ਹੋ ਸਕਦਾ ਹੈ।

ਮੁਕਤੀ ਦੇ ਇਸ ਕੀਮੀਆਈ ਨੁਸਖੇ ਨੂੰ ਧਿਆਨ ਵਿੱਚ ਰੱਖਦਿਆਂ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਗੂਰੂ ਦਾ ਪਰਮੁੱਖ, ਸਰਵ-ਸ੍ਰੇਸ਼ਟ ਲੱਛਣ ਹੈ: ਸਦਾ ਹਰਿ- ਨਾਮ-ਧਨ ਦੀ ਕਮਾਈ ਦੇ ਆਹਰੇ ਲੱਗੇ ਰਹਿਣਾਂ।

“ਗਿਆਨੀਆ ਕਾ ਧਨੁ ਨਾਮੁ ਹੈ, ਸਦ ਹੀ ਰਹੈ ਸਮਾਇ॥” ਮਲਾਰ ਕੀ ਵਾਰ ਮ: ੧

ਭਾਵ: (ਮਾਇਆ-ਮੈਲ ਤੋਂ ਬੇਲਾਗ ਰਹਿੰਦਿਆਂ) ਗਿਆਨੀਆਂ ਦੇ ਜੀਵਨ ਦੀ ਪੂੰਜੀ ਪ੍ਰਭੂ ਦਾ ਨਾਮ ਹੀ ਹੁੰਦੀ ਹੈ; ਉਹ ਇਸੇ ਧਨ ਤੋਂ ਪ੍ਰਾਪਤ ਆਤਮਿਕ ਖੁਸ਼ੀ ਵਿੱਚ ਮਸਤ ਰਹਿੰਦੇ ਹਨ।

ਗੁਰੂ ਉਸੇ ਮਹਾਂਪੁਰਖ ਨੂੰ ਕਿਹਾ ਜਾ ਸਕਦਾ ਹੈ ਜੋ ਅਗਿਆਨ-ਅਨ੍ਹੇਰੇ ਵਿੱਚ ਭਟਕਦੀ ਲੋਕਾਈ ਨੂੰ, ਮਿਥਿਹਾਸਕ ਦੇਵੀ ਦੇਵਤਿਆਂ ਆਦਿ ਅਤੇ ਕਾਲਪਨਿਕ ਰੂਹ-ਰਹਿਤ ਬੁੱਤਾਂ/ਮੂਰਤੀਆਂ/ਤਸਵੀਰਾਂ ਦੀ ਨਿਰਾਰਥਕ ਪੂਜਾ/ਉਪਾਸਨਾਂ ਵੱਲੋਂ ਵਰਜ ਕੇ, ਬ੍ਰਹਮ-ਬੋਧ ਕਰਾਉਂਦਾ ਹੋਇਆ ਹਰਿ-ਨਾਮ-ਸਿਮਰਨ ਦੇ ਰਾਹ ਪਾਉਂਦਾ ਹੈ। ਇਸ ਸਿਧਾਂਤ ਨੂੰ ਮੁੱਖ ਰੱਖਦਿਆਂ ਗੁਰੂ ਜੀ ਫ਼ਰਮਾਉਂਦੇ ਹਨ:

“ਸੋ ਗੁਰੁ ਕਰਉ ਜਿ ਸਾਚੁ ਦ੍ਰਿੜਾਵੈ॥ ਅਕਥੁ ਕਥਾਵੈ ਸਬਦੁ ਮਿਲਾਵੈ॥” ਧਨਾਰਸੀ ਅ: ਮ: ੧

ਭਾਵ: ਮੇਰੀ ਇਹ ਇੱਛਾ ਹੈ ਕਿ ਮੈਂ ਉਸੇ ਗੁਰੂ ਦੀ ਸਰਨ ਜਾਵਾਂ ਜਿਹੜਾ ਸਦ-ਸਥਿਰ ਪਰਮਾਤਮਾ ਦੀ ਯਾਦ ਪੱਕੇ ਤੌਰ `ਤੇ ਮੇਰੇ ਹਿਰਦੇ ਵਿੱਚ ਟਿਕਾ ਦੇਵੇ; ਜਿਸ ਦੇ ਪ੍ਰਭਾਵਾਧੀਨ ਮੈ ਉਸ ਅਕਾਲਪੁਰਖ ਦੇ ਹੀ ਗੁਣ ਗਾਂਦਾ ਰਹਾਂ, ਅਤੇ ਜਿਸ ਦੀ ਸਿੱਖਿਆ ਪਾਕੇ ਮੈ ਪ੍ਰਭੂ ਵਿੱਚ ਹੀ ਲੀਨ ਰਹਾਂ।

“ਤੀਰਥ ਪੂਰਾ ਸਤਿਗੁਰੂ, ਜੋ ਅਨਦਿਨੁ ਹਰਿ ਹਰਿ ਨਾਮੁ ਧਿਆਏ॥

…ਜਨ ਨਾਨਕ ਤਿਸੁ ਬਲਿਹਾਰਣੈ, ਜੋ ਆਪ ਜਪੈ ਅਵਰਾ ਨਾਮੁ ਜਪਾਏ॥” ਮ: ੪

ਭਾਵ: ਜਿਹੜਾ ਪੁਰਖ ਦਿਨ ਰਾਤ ਪ੍ਰਭੂ ਦੀ ਸਿਫ਼ਤ ਸਲਾਹ ਕਰਦਾ ਰਹਿੰਦਾ ਹੈ, ਉਹੀ ਪੂਰਾ ਗੂਰੂ ਹੈ, ਮਨ/ਆਤਮਾ ਉੱਤੋਂ ਵਿਕਾਰਾਂ ਦੀ ਮੈਲ ਧੋਣ ਦੀ ਸਮਰੱਥਾ ਰੱਖਣ ਵਾਲਾ ਤੀਰਥ ਹੈ, ਅਥਵਾ ਉਹ ਹਰਿ-ਨਾਮ-ਜਲ ਦਾ ਸੋਮਾ ਹੈ। ਨਾਨਕ ਐਸੇ ਗੁਰੂ ਤੋਂ ਕੁਰਬਾਨ ਜਾਂਦਾ ਹੈ ਜੋ ਆਪ ਨਾਮ ਜਪਦਾ ਹੋਇਆ ਦੂਸਰਿਆਂ ਨੂੰ ਵੀ ਨਾਮ-ਸਿਮਰਨ ਦੇ ਰਾਹ ਪਾਉਂਦਾ ਹੈ।

“ਤਿਸੁ ਗੁਰ ਕਉ ਹਉ ਸਦ ਬਲਿ ਜਾਈ॥ ਜਿਸ ਪ੍ਰਸਾਦਿ ਹਰਿ ਨਾਮੁ ਧਿਆਈ॥

ਐਸਾ ਗੁਰੁ ਪਾਈਐ ਵਡਭਾਗੀ॥ ਜਿਸੁ ਮਿਲਤੇ ਰਾਮ ਲਿਵ ਲਾਗੀ॥” ਪ੍ਰਭਾਤੀ ਮ: ੫

ਭਾਵ: ਮੈਂ ਅਜਿਹੇ ਗੁਰੂ ਤੋਂ ਹਮੇਸ਼ਾ ਕੁਰਬਾਨ ਹੁੰਦਾ ਹਾਂ ਜਿਸ ਦੀ ਕ੍ਰਿਪਾ ਸਦਕਾ ਮੈਨੂੰ ਪ੍ਰਭੂ ਦਾ ਨਾਮ ਜਪਨ ਦੀ ਲਗਨ ਲੱਗੀ ਹੈ। ਅਜਿਹਾ ਗੁਰੂ ਸੁਭਾਗ ਨਾਲ ਹੀ ਮਿਲਦਾ ਹੈ ਜਿਸ ਦੀ ਸਰਨ ਗਿਆਂ ਪਰਮਾਤਮਾ ਨਾਲ ਪ੍ਰੀਤਿ ਪੈਂਦੀ ਹੈ।

ਇਥੇ ਬਾਣੀ ਦੀਆਂ ਕੁੱਝ ਹੋਰ ਤੁਕਾਂ ਦਾ ਪ੍ਰਮਾਣ ਵੀ ਜ਼ਰੂਰੀ ਹੈ ਜਿਨ੍ਹਾਂ ਤੋਂ ਗੁਰੂ ਦੀ ਲਾਸਾਨੀ ਇਲਾਹੀ ਸ਼ਖ਼ਸੀਅਤ ਦਾ ਦੀਦਾਰ ਹੁੰਦਾ ਹੈ, ਅਤੇ ਉਸ ਦੇ ਕਿਰਦਾਰ ਦੀ ਪਰਿਭਾਸ਼ਤ ਪਹਿਚਾਣ ਵੀ ਹੁੰਦੀ ਹੈ:-

“ਜਿਸੁ ਅੰਤਰੁ ਹਿਰਦਾ ਸੁਧੁ ਹੈ ਤਿਸੁ ਜਨ ਕਉ ਸਭਿ ਨਮਸਕਾਰੀ॥

ਜਿਸੁ ਅੰਦਰਿ ਨਾਮੁ ਨਿਧਾਨੁ ਹੈ ਤਿਸੁ ਜਨ ਕਉ ਹਉ ਬਲਿਹਾਰੀ॥

ਜਿਸੁ ਅੰਦਰਿ ਬੁਧਿ ਬਿਬੇਕੁ ਹੈ ਹਰਿ ਨਾਮੁ ਮੁਰਾਰੀ॥

ਸੋ ਸਤਿਗੁਰੁ ਸਭਨ ਕਾ ਮਿਤੁ ਹੈ ਸਭ ਤਿਸੈ ਪਿਆਰੀ॥” ਵਡਹੰਸ ਕੀ ਵਾਰ ਮ: ੪

ਭਾਵ: ਜਿਸ ਵਿਅਕਤੀ ਦਾ ਅੰਤਹਕਰਨ/ਮਨ ਪਵਿੱਤ੍ਰ ਹੈ ਉਸ ਦਾ ਸਾਰੇ ਸੂਝਵਾਨ ਸਤਿਕਾਰ ਕਰਦੇ ਹਨ। ਜਿਸ ਨੇਂ (ਮਾਇਆ-ਮੁਕਤ ਹੋਕੇ) ਨਾਮ-ਧਨ ਨੂੰ ਹੀ ਆਪਣਾ ਸਰਮਾਇਆ ਬਣਾਇਆ ਹੈ ਮੈਂ ਉਸ ਤੋਂ ਸਦਕੇ ਜਾਂਦਾ ਹਾਂ। ਜਿਸ ਵਿੱਚ ਤਰਕ-ਸ਼ਕਤੀ ਹੈ ਅਤੇ ਉਹ ਸਹੀ ਗ਼ਲਤ ਦੀ ਪਹਿਚਾਨ ਰੱਖਦਾ ਹੈ, ਅਤੇ ਜਿਸ ਦੇ ਹਿਰਦੇ ਵਿੱਚ ਅਗਿਆਨ-ਵਿਨਾਸ਼ਕ ਪਰਮਗੁਰੂ ਪਰਮਾਤਮਾ ਦਾ ਨਾਮ ਹੈ, ਉਹੀ ਸੱਚਾ ਗੁਰੂ ਹੈ; ਅਤੇ ਅਜਿਹਾ ਗੁਰੂ ਸਾਰੇ ਜੀਵਾਂ ਦਾ ਸੱਚਾ ਸਨੇਹੀ ਹੈ। ਅਜਿਹੇ ਮਹਾਂਪੁਰਖ ਨੂੰ ਸਾਰੀ ਮਨੁੱਖਤਾ ਪਿਆਰੀ ਹੈ।

“ਮਨਿ ਸਾਚਾ ਮੁਖਿ ਸਾਚਾ ਸੋਇ॥ ਅਵਰ ਨ ਪੇਖੈ ਏਕਸੁ ਬਿਨੁ ਕੋਇ॥

ਨਾਨਕ ਇਹ ਲਛਣ ਬ੍ਰਹਮ ਗਿਆਨੀ ਹੋਇ॥” ਸੁਖਮਨੀ

ਭਾਵ: ਬ੍ਰਹਮਗਿਆਨੀ ਦੀ ਇਹ ਨਿਸ਼ਾਨੀ ਹੈ ਕਿ ਉਹ ਅੰਦਰੋਂ ਬਾਹਰੋਂ ਪਵਿੱਤ੍ਰ ਹੁੰਦਾ ਹੈ, ਅਤੇ ਉਸ ਦਾ ਧਿਆਨ-ਕੇਂਦ੍ਰ ਕੇਵਲ ੴ ਅਕਾਲਪੁਰਖ ਹੀ ਹੈ, ਅਰਥਾਤ ਉਹ ਮਿਥਿਹਾਸਕ ਹੋਂਦਾਂ ਵਿੱਚ ਵਿਸ਼ਵਾਸ ਨਹੀਂ ਰੱਖਦਾ।

ਸਦਾਚਾਰਕਤਾ ਦੇ ਪੰਜੇ ਗੁਣ (ਸਤੁ, ਸੰਤੋਖ, ਦਯਾ, ਧਰਮ, ਤੇ ਧੀਰਜ) ਗੁਰੂ ਦੇ ਸਦਾ ਦੇ ਸੰਗੀ ਹਨ; ਅਤੇ ਮਨ/ਆਤਮਾ ਨੂੰ ਮਲੀਨ ਕਰਨ ਵਾਲੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਨਿੰਦਾ, ਚੁਗਲੀ-ਚੋਰੀ ਤੇ ਠੱਗੀ-ਠੋਰੀ ਆਦਿ, ਅਤੇ ਇਨ੍ਹਾਂ ਦੀ ਮਾਈ ਮਾਇਆ ਨਾਲ ਉਸ ਦਾ ਦੂਰ ਦਾ ਵੀ ਵਾਸਤਾ ਨਹੀਂ; ਅਰਥਾਤ ਗੁਰੂ ਪਰਉੋਕਾਰਤਾ ਦੇ ਮਾਨਵੀ ਗੁਣਾਂ ਦਾ ਧਾਰਨੀ ਅਤੇ ਅਮਾਨਵੀ ਵਿਕਾਰੀ ਕਲੰਕਾਂ ਤੋਂ ਪਾਕ ਹੁੰਦਾ ਹੈ।

“ਸਤ ਸੰਤੋਖੀ ਸਤਿਗੁਰੁ ਪੂਰਾ॥ ਗੁਰ ਕਾ ਸਬਦੁ ਮਨੇ ਸੋ ਸੂਰਾ॥” ਮਾਰੂ ਸੋਲਹੇ ਮ: ੧

ਭਾਵ: ਸਰਬਗੁਣ-ਸੰਪੰਨ ਪੂਰਾ ਗੁਰੂ ਉਹ ਹੈ ਜੋ (ਕ੍ਰਿਤੀਆਂ ਦੀ ਕਮਾਈ ਠੱਗ ਕੇ ਖਾਣ ਦੀ ਬਜਾਏ ਆਪਣੀ ਕਮਾਈ ਲੋੜਵੰਦਾਂ ਨੂੰ) ਦੇਣ, ਅਤੇ ਸਬਰ ਦੇ ਸਿਧਾਂਤ ਵਿੱਚ ਵਿਸ਼ਵਾਸ ਰੱਖਦਾ ਹੈ। ਅਜਿਹੇ ਗੁਰੂ ਦੀ ਸਿੱਖਿਆ `ਤੇ ਚੱਲਣ ਵਾਲਾ ਸੇਵਕ ਹੀ ਵਿਕਾਰਾਂ ਨਾਲ ਲੜਣ ਵਾਲਾ ਯੋਧਾ ਅਖਵਾਉਂਦਾ ਹੈ।

“ਖੰਡਿਤ ਨਿਦ੍ਰਾ ਅਲਪ ਅਹਾਰੰ॥ ਨਾਨਕ ਤਤੁ ਬੀਚਾਰੋ॥” ਸਿਧ ਗੋਸਟਿ

ਭਾਵ: ਗੁਰਮੁੱਖ ਖਾਣ-ਪੀਣ ਵੱਲੋਂ ਸੰਜਮ ਰੱਖਦਾ ਹੈ, ਤੇ ਥੋੜਾ ਸੌਂਦਾ ਹੈ। (ਮੁਫ਼ਤ ਦਾ, ਸੂਰ ਵਾਂਗ ਖਾ ਕੇ ਸੁੱਤਾ ਨਹੀਂ ਰਹਿੰਦਾ)। ਉਹ ਸੁਚੇਤ ਰਹਿ ਕੇ ਪਰਮਤੱਤ ਪਰਮਾਤਮਾ ਬਾਰੇ ਹੀ ਸੋਚ-ਵਿਚਾਰ ਕਰਦਾ ਰਹਿੰਦਾ ਹੈ।

“ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਹ ਕੇਰੀ, ਬਿਖਮ ਮਾਰਗਿ ਚਲਣਾ॥

ਲ਼ਬੁ ਲੋਭੁ ਅਹੰਕਾਰੁ ਤਜਿ ਤ੍ਰਿਸਨਾ, ਬਹੁਤ ਨਾਹੀ ਬੋਲਣਾ॥” ਰਾਮਕਲੀ ਮ: ੩ ਅਨੰਦ

ਭਾਵ: (ਪ੍ਰਭੂ ਦੀ ਨੇੜਤਾ ਦਾ ਅਨੰਦ ਮਾਣਨ ਵਾਲੇ ਸੁਭਾਗੇ) ਭਗਤਾਂ ਦੀ ਜੀਵਨ-ਜੁਗਤੀ ਨਿਵੇਕਲੀ ਹੁੰਦੀ ਹੈ, ਨਿਸ਼ਚੇ ਹੀ ਉਨ੍ਹਾਂ ਦੀ ਰਹਿਤ-ਮਰਯਾਦਾ ਅਣੋਖੀ ਅਤੇ ਔਖੀ ਹੁੰਦੀ ਹੈ। ਇਸ ਬਿਖੜੇ ਪੈਂਡੇ `ਤੇ ਚੱਲਣ ਲਈ ਭਗਤ-ਜਨ ਪਹਿਲਾਂ ਮਾਇਕ ਲਾਲਚ ਤੇ ਹੋਰ ਹੋਰ ਦੀ ਤ੍ਰਿਸ਼ਨਾਂ ਤਿਆਗ ਦਿੰਦੇ ਹਨ, ਅਤੇ ਥੋਥੇ ਚਣੇ ਵਾਂਗ ਐਵੇਂ ਨਹੀਂ ਖੜਕੀ ਜਾਂਦੇ ਸਗੋਂ ਸੋਚ ਸਮਝ ਕੇ ਠਰ੍ਹਮੇ ਨਾਲ ਮਤਲਬ ਦੀ ਗੱਲ ਕਰਦੇ ਹਨ। ਅਰਥਾਤ ਬੋਲ-ਚਾਲ ਪੱਖੋਂ ਵੀ ਸੱਚੇ ਸੁੱਚੇ ਤੇ ਸੰਯਮੀ ਹੁੰਦੇ ਹਨ।

“ਹਉ ਬਲਿਹਾਰੀ ਸੰਤਨ ਤੇਰੇ ਜਿਨਿ ਕਾਮੁ ਕ੍ਰੋਧੁ ਲੋਭੁ ਪੀਠਾ ਜੀਉ॥” ਮਾਝ ਮ: ੫

ਭਾਵ: ਮੈਂ ਉਨ੍ਹਾਂ ਸੰਤਾਂ/ਗੁਰਮੁਖਾਂ ਤੋਂ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਨੇਂ ਆਪਣੇ ਅੰਦਰੋਂ ਕਾਮਾਦਿਕ ਵਿਕਾਰਾਂ ਦਾ ਸਫ਼ਾਇਆ ਕਰ ਲਿਆ ਹੈ।

“ਤਿਸੁ ਮਿਲੀਐ ਸਤਿਗੁਰ ਪ੍ਰੀਤਮੈ ਜਿਨਿ ਹੰਉਮੈ ਵਿਚਹੁ ਮਾਰੀ॥” ਵਡਹੰਸ ਕੀ ਵਾਰ ਮ: ੪

ਭਾਵ: ਉਸ ਸਨੇਹੀ ਸਤਿਗੁਰੂ ਦੇ ਦਰ `ਤੇ ਜਾਣਾ ਲੋੜੀਏ ਜਿਸਨੇ ਹਉਮੈ ਦੇ ਦੀਰਘ ਰੋਗ ਨੂੰ ਮਨ/ਆਤਮਾ ਵਿੱਚੋਂ ਦੂਰ ਕੀਤਾ ਹੋਇਆ ਹੈ।

ਗੁਰਬਾਣੀ ਦੁਆਰਾ ਨਿਧਾਰਿਤ ਮਾਪਦੰਡ ਅਨੁਸਾਰ ‘ਗ੍ਰਿਹਸਥ’ ਅਤੇ ‘ਕ੍ਰਿਤ’ ਅਰਥਾਤ ਘਾਲਿ ਕਮਾਈ ਗੁਰੂ ਦੇ ਕਿਰਦਾਰ ਦੀਆਂ ਦੋ ਵਿਸ਼ੇਸ਼ ਲੋੜਾਂ ਹਨ। ਪੁਨਰ-ਉਤਪਾਦਨ (reproduction) ਸਿਰਜਨਹਾਰ ਕਾਦਰ ਦੀ ਕੁਦਰਤ ਦਾ ਅਟੱਲ ਨਿਯਮ ਹੈ। ਬ੍ਰਹਮਚਰਯ ਅਥਵਾ ਗ੍ਰਿਹਸਥੀ ਨਾਂ ਹੋਣਾਂ ਕੁਦਰਤ ਦੇ ਇਸ ਪਵਿੱਤ੍ਰ ਨਿਯਮ ਦੀ ਘੋਰ ਉਲੰਘਣਾ ਹੈ। ਅਤੇ, ਕਰਤਾਰ ਦੇ ਹੁਕਮ ਦੀ ਅਵੱਗਿਆ ਕਰਨ ਵਾਲਾ ਗੁਰੂ-ਪਦ ਦਾ ਦਾਅਵੇਦਾਰ ਕਤਈ ਨਹੀਂ ਹੋ ਸਕਦਾ! ਗੁਰਮੱਤ ਦੇ ਇਸ ਸਿਧਾਂਤ ਦੀ ਪੁਸ਼ਟੀ ਬਾਣੀ ਦੀਆਂ ਕਈ ਤੁਕਾਂ ਤੋਂ ਹੁੰਦੀ ਹੈ।

ਦਸਾਂ ਨੌਹਾਂ ਦੀ ਕ੍ਰਿਤ ਅਥਵਾ ਘਾਲਿ-ਕਮਾਈ ਮਨੁੱਖਾ ਜੀਵਨ ਦਾ ਪਰਮਪਵਿੱਤ੍ਰ ਅਸੂਲ ਹੈ। ਗ੍ਰਿਹਸਥ ਦਾ ਫ਼ਰਜ਼ ਭਲੀਭਾਂਤ ਨਿਭਾਉਣ ਲਈ ਮਿਹਨਤ-ਮਜ਼ਦੂਰੀ ਜ਼ਰੂਰੀ ਹੈ। ਇਸ ਅਸੂਲ ਤੋਂ ਮੁਨਕਰ ਮਨੁੱਖ, ‘ਮਖਟੂ’ /ਹੱਡਰੱਖ/ ਮੁਰਦਾਰ-ਖ਼ੋਰ ਹੋਣ ਕਰਕੇ, ਨਿਸ਼ਚੇ ਹੀ ਪਤਿਤ, ਪਾਪੀ, ਤੇ ਭ੍ਰਿਸ਼ਟਬੁੱਧਿ ਵਾਲਾ ਵਿਕਾਰੀ ਹੋਵੇਗਾ। ਅਜਿਹੇ ਕਾਮਚੋਰ ਮੁਫ਼ਤਖ਼ੋਰੇ ਤੋਂ ਸਾਵਧਾਨ ਕਰਦੇ ਹੋਏ ਗੁਰੂ ਨਾਨਕ ਦੇਵ ਜੀ ਫ਼ੁਰਮਾਉਂਦੇ ਹਨ:

“ਗੁਰੁ ਪੀਰੁ ਸਦਾਏ ਮੰਗਣ ਜਾਇ॥ ਤਾ ਕੈ ਮੂਲਿ ਨਾ ਲਗੀਐ ਪਾਇ॥” ਸਲੋਕ ਮ: ੧

ਭਾਵ: ਜਿਹੜਾ ਭੇਖੀ, ਗੁਰੂ (ਹਿੰਦੂਆਂ ਦਾ) ਜਾਂ ਪੀਰ (ਮੁਸਲਮਾਨਾਂ ਦਾ) ਹੋਣ ਦਾ ਦਾਅਵਾ ਕਰਦਾ ਹੈ, ਪਰ, ਕ੍ਰਿਤੀਆਂ ਦੀ ਖ਼ੂਨ-ਪਸੀਨੇ ਦੀ ਕਮਾਈ ਰੱਬ ਤੇ ਧਰਮ ਦੇ ਨਾਂ `ਤੇ ਠੱਗ ਕੇ ਖਾਂਦਾ ਹੈ, ਉਹ ਗੁਰੁ/ਪੀਰ ਨਹੀਂ ਸਗੋਂ ਹੱਡ-ਹਰਾਮ ਦੰਭੀ, ਫ਼ਰੇਬੀ, ਧਾਨਕ, ਤੇ ਮੁਫ਼ਤ-ਖ਼ੋਰਾ ਹੈ। ਅਜਿਹਾ ਕਪਟੀ ਇਨਸਾਨੀਅਤ ਤੋਂ ਥਿੜਕਿਆ ਹੋਇਆ ਸ਼ੈਤਾਨ ਹੈ। ਅਜਿਹੇ ਪਾਜੀ ‘ਗੁਰੂ’ ਤੋਂ ਦੂਰ ਰਹਿਣਾ ਲੋੜੀਏ। (ਗੁਰੂ ਨਾਨਕ ਦੇਵ ਜੀ ਦੇ ਸਥਾਪਿਤ ਕੀਤੇ ਪੰਥ ਦੇ ਭੇਖੀ ਸਰਪਰਸਤਾਂ, ਸੇਵਾਦਾਰਾਂ, ਸੰਤਾਂ, ਸਾਧਾਂ, ਬਾਬਿਆਂ, ਮਹੰਤਾਂ, ਤੇ ਅਖਾਉਤੀ ਖੇਖਣਹਾਰੇ ਨਾਮਧਰੀਕ ਗੁਰੂਆਂ ਆਦਿ ਲਈ ਵੀ ਇਹ ਫ਼ੁਰਮਾਨ ਲਾਗੂ ਹੁੰਦਾ ਹੈ)।

ਗੁਰੂ-ਪਦ ਤੱਕ ਅੱਪੜਣ ਦਾ ਬਿਖੜਾ ਪੈਂਡਾ ਸਰ ਕਰਨ ਲਈ ‘ਆਪਾ ਚੀਨਣ’ ਅਥਵਾ ਆਤਮ-ਅਵਲੋਕਨ/ਸ੍ਵੈ-ਪੜਚੋਲ (self-introspection) ਦਾ ਗੁਣ ਹੋਣਾ ਅਤਿ ਜ਼ਰੂਰੀ ਹੈ। ਇਸ ਦੁਰਲੱਭ ਗੁਣ ਦਾ ਵਾਸਾ ਉਸੇ ਅੰਤਹਕਰਣ ਵਿੱਚ ਸੰਭਵ ਹੈ ਜਿਸ ਵਿੱਚ ਅਹੰਕਾਰ ਦਾ ਪੂਰਨ ਅਭਾਵ ਹੋਵੇ। ਇਸ ਸੰਬੰਧ ਵਿੱਚ ਗੁਰ-ਵਿਚਾਰ ਹੈ:

“ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ॥

ਨਾਨਕ ਚੀਨੈ ਆਪ ਕਉ ਸੋ ਅਪਰ ਅਪਾਰਾ॥” ਗਉੜੀ ਅ: ਮ; ੧

ਭਾਵ: ਜਿਹੜਾ ਵਿਅਕਤੀ ਆਪਣੇ ਅੰਦਰ ਝਾਤੀ ਮਾਰਨ (ਜੀਵਨ ਦੇ ਭੇਦ ਤੇ ਜੀਵਨ-ਮਨੋਰਥ) ਦੀ ਸੋਝੀ ਤੇ ਸਮਰੱਥਾ ਰੱਖਦਾ ਹੈ, ਉਹ ਅਸੀਮ ਅਤੇ ਬੇਅੰਤ ਅਕਾਲਪੁਰਖ ਦਾ ਰੂਪ ਹੀ ਹੋ ਜਾਂਦਾ ਹੈ। ਜੋ ਈਸ਼ਵਰੀ ਪੁਰਖ ਆਪੇ ਦੀ ਪਹਿਚਾਨ ਵਾਲੀ ਉੱਚਤਮ ਆਤਮਿਕ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ, ਓਹੀ ਸਾਡਾ ਗੁਰੂ ਹੈ, ਅਤੇ ਉਸੇ ਦੀ ਸਰਨ ਜਾਣਾਂ ਲੋੜੀਏ।

“ਚੀਨੈ ਆਪੁ ਪਛਾਣੈ ਸੋਈ ਜੋਤੀ ਜੋਤਿ ਮਿਲਾਈ ਹੇ॥” ਮਾਰੂ ਸੋਲਹੇ ਮ: ੧

ਸਾਰੰਸ਼, ਜਿਹੜਾ ਈਸ਼ਵਰੀ ਪੁਰਖ, ਪ੍ਰਭੂ ਦੀ ਕ੍ਰਿਪਾ ਨਾਲ ਉਪਰੋਕਤ ਗੁਣਾਂ ਵਾਲੀ ਉੱਚਤਮ ਆਤਕਿਮ ਅਵਸਥਾ ਪ੍ਰਾਪਤ ਕਰਕੇ ਅਧਿਆਤਮਕਤਾ ਤੇ ਸੱਚ-ਆਚਾਰ ਦਾ ਨਮੂਨਾਂ ਬਣਕੇ ਦੂਸਰਿਆਂ ਨੂੰ ਸੱਚ ਦਾ ਮਾਰਗ ਦਿਖਾਉਂਦਾ ਹੈ, ਉਹ ਗੁਰੂ ਪਦਵੀ ਦਾ ਸਹੀ ਅਧਿਕਾਰੀ ਹੈ।

(ਚਲਦਾ------)

ਭੁੱਲ ਚੁਕ ਲਈ ਖਿਮਾ ਦਾ ਜਾਚਕ

ਦਾਸ,

ਗੁਰਇੰਦਰ ਸਿੰਘ ਪਾਲ

ਮਾਰਚ 7, 2010.




.