.

ਗੁਰਬਾਣੀ ਦਾ ਸੱਚ

(ਕਿਸ਼ਤ ਨੰ: 22)

ਗੁਰਬਾਣੀ ਦਾ ਸੱਚ (ਬੰਦੇ ਸੇ ਜਿ ਪਵਹਿ ਵਿਚਿ ਬੰਦੀ ਵੇਖਣ ਕਉ ਦੀਦਾਰੁ)

ਆਮ ਪਾਠਕ ਜਦ ਭਿੰਨ ਭਿੰਨ ਵਿਦਵਾਨਾਂ ਦੀਆਂ ਲਿਖਤਾਂ ਜਾਂ ਉਨ੍ਹਾਂ ਦੇ ਵਿਆਖਿਆਨ ਸੁਣਦਾ ਹੈ ਤਾਂ ਇਹ ਪੜ੍ਹ ਸੁਣ ਕੇ ਕਈ ਵਾਰ ਦੁਬਿਧਾ ਦਾ ਸ਼ਿਕਾਰ ਹੋ ਜਾਂਦਾ ਹੈ ਕਿ ਇੱਕ ਵਿਦਵਾਨ ਕੁੱਝ ਆਖ ਰਿਹਾ ਹੈ, ਦੂਜਾ ਵਿਦਵਾਨ ਉਸੇ ਹੀ ਗੱਲ ਬਾਰੇ ਕੁੱਝ ਹੋਰ ਕਹਿ ਰਿਹਾ ਹੈ। ਇਤਨਾ ਹੀ ਨਹੀਂ ਜਦ ਕੋਈ ਵਿਦਵਾਨ ਸੱਜਣ ਆਪਣੀ ਕਹੀ ਜਾਂ ਲਿਖੀ ਹੋਈ ਗੱਲ ਦੀ ਪ੍ਰਮਾਣਕਤਾ ਦਰਸਾਉਣ ਲਈ, ਗੁਰੂ ਗ੍ਰੰਥ ਸਾਹਿਬ ਵਿਚੋਂ ਪ੍ਰਮਾਣ ਦੇਂਦਾ ਜਾਂ ਲਿਖਦਾ ਹੈ, ਤਾਂ ਇਹ ਦੁਬਿਧਾ ਹੋਰ ਵੀ ਵੱਧ ਜਾਂਦੀ ਹੈ। ਆਮ ਸਿੱਖ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਰਧਾ ਤਾਂ ਅਥਾਹ ਰੱਖਦਾ ਹੈ, ਪਰ ਇਹ ਸ਼ਰਧਾ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ, ਸੁੰਦਰ ਰੁਮਾਲਾ ਚੜ੍ਹਾਉਣ ਆਦਿ ਤੱਕ ਹੀ ਜ਼ਿਆਦਾਤਰ ਸੀਮਤ ਹੈ। ਇਸ ਲਈ ਆਮ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਵਿਚਾਰ ਸਹਿਤ ਪੜ੍ਹਨ ਵਿਚਾਰਨ ਦੀ ਲੋੜ ਮਹਿਸੂਸ ਹੀ ਨਹੀਂ ਕਰਦਾ। ਜੇਕਰ ਹਰੇਕ ਸਿੱਖ ਗੁਰਬਾਣੀ ਨੂੰ ਧਿਆਨ ਨਾਲ ਵਿਚਾਰਨ ਲੱਗ ਪਵੇ ਤਾਂ ਫਿਰ ਕਿਸੇ ਵੀ ਲੇਖਕ ਜਾਂ ਪਰਚਾਰਕ ਵਲੋਂ ਗੁਰਬਾਣੀ ਦੇ ਪ੍ਰਮਾਣ ਨੂੰ ਪੜ੍ਹ ਸੁਣ ਕੇ, ਝੱਟ-ਪੱਟ ਹੀ ਇਸ ਗੱਲ ਨੂੰ ਸਵੀਕਾਰ ਨਹੀਂ ਕਰ ਲਵੇਗਾ ਕਿ ਇਹ ਗੁਰਬਾਣੀ ਦਾ ਸੱਚ ਹੈ। ਉਹ ਇਸ ਗੱਲ ਨੂੰ ਸਮਝਣ ਦਾ ਯਤਨ ਕਰੇਗਾ ਕਿ ਕੀ ਇਹ ਜੋ ਪ੍ਰਮਾਣ ਦਿੱਤਾ ਗਿਆ ਹੈ, ਇਸ ਦਾ ਇਹੀ ਭਾਵਾਰਥ ਹੈ ਜਾਂ ਕੁੱਝ ਹੋਰ ਹੈ। ਇਸ ਪੰਗਤੀ ਜਾਂ ਸ਼ਬਦ ਵਿੱਚ ਬਾਣੀਕਾਰਾਂ ਨੇ ਆਪਣਾ ਮਤ ਦਰਸਾਇਆ ਹੈ ਕਿ ਅਨਮਤੀ ਵਿਚਾਰਧਾਰਾ ਦਾ ਵਰਣਨ ਕੀਤਾ ਹੈ।

ਸੋ, ਭਾਂਵੇ ਗੁਰੂ ਗ੍ਰੰਥ ਸਾਹਿਬ ਦੇ ਫ਼ਰਮਾਨ ਦੀ ਮੌਜੂਦਗੀ ਵਿੱਚ ਕਿਸੇ ਹੋਰ ਪ੍ਰਮਾਣ ਦੀ ਜ਼ਰੂਰਤ ਨਹੀਂ ਹੈ ਪਰ ਇਹ ਦੇਖਣਾ/ਜਾਨਣਾ ਨਿਹਾਇਤ ਜ਼ਰੂਰੀ ਹੈ ਕਿ ਜਿਸ ਗੱਲ ਦੀ ਪੁਸ਼ਟੀ ਵਜੋਂ ਪ੍ਰਮਾਣ ਦਿੱਤਾ ਗਿਆ ਹੈ, ਉਸ ਵਿੱਚ ਵਾਕਿਆ ਹੀ ਇਹੀ ਪ੍ਰਕਰਣ ਹੈ। ਇਸ ਲਈ ਕਿਸੇ ਲੇਖਕ ਜਾਂ ਪਰਚਾਰਕ ਵਲੋਂ ਕੇਵਲ ਬਾਣੀ ਦਾ ਪ੍ਰਮਾਣ ਦੇਖ ਸੁਣ ਕੇ ਹੀ ਇਹ ਧਾਰਨਾ ਬਣਾ ਲੈਣੀ ਠੀਕ ਨਹੀਂ ਹੈ ਕਿ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਧਾਰਨਾ ਹੈ। ਇਸ ਤਰ੍ਹਾਂ ਦੀ ਸੋਚ ਨਾਲ ਸਾਨੂੰ ਗੁਰਬਾਣੀ ਦੇ ਸੱਚ ਨੂੰ ਸਮਝਣੋਂ ਉਕਾਈ ਲਗਣ ਦੀ ਪੂਰੀ ਪੂਰੀ ਸੰਭਾਵਨਾ ਹੈ। ਇਸ ਲਈ ਕਿਸੇ ਸੱਜਣ ਵਲੋਂ ਪੇਸ਼ ਕੀਤਾ ਗੁਰਬਾਣੀ ਦੇ ਪ੍ਰਮਾਣ ਨੂੰ ਬਾਣੀਕਾਰਾਂ ਦਾ ਮਤ ਮੰਨਣ ਤੋਂ ਪਹਿਲਾਂ ਇਹ ਦੇਖਣਾ/ਸਮਝਣਾ ਜ਼ਰੂਰੀ ਹੈ ਕਿ ਪੇਸ਼ ਕੀਤੇ ਗੁਰਬਾਣੀ ਦੇ ਫ਼ਰਮਾਨ ਵਿੱਚ ਬਾਣੀਕਾਰਾਂ ਨੇ ਆਪਣਾ ਮਤ ਪ੍ਰਗਟ ਕੀਤਾ ਹੋਇਆ ਹੈ ਜਾਂ ਕਿਸੇ ਦੂਜੇ ਮਤ ਦਾ। ਕਈ ਵਾਰੀ ਵਿਦਵਾਨ ਸੱਜਣ ਗੁਰਬਾਣੀ ਦੇ ਕਿਸੇ ਸ਼ਬਦ ਦੀ ਕੇਵਲ ਅੱਧੀ ਪੰਗਤੀ ਦਾ ਹੀ ਹਵਾਲਾ ਦੇ ਕੇ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੀਵਨ-ਜਾਚ ਨੂੰ ਦਰਸਾਉਣ ਦਾ ਯਤਨ ਕਰਦੇ ਹਨ। ਸਿੱਟੇ ਵਜੋਂ ਬਾਣੀਕਾਰਾਂ ਨੇ ਜੋ ਸੁਨੇਹਾ ਉਸ ਸ਼ਬਦ ਦੁਆਰਾ ਦਿੱਤਾ ਹੈ, ਉਸ ਨੂੰ ਸਮਝਣੋਂ ਅਸੀਂ ਉਕਾਈ ਖਾ ਜਾਂਦੇ ਹਾਂ। ਚੂੰਕਿ ਬਾਣੀਕਾਰਾਂ ਦਾ ਸੰਦੇਸ਼ ਅਗਲੀ ਪੰਗਤੀ ਜਾਂ ਪੂਰੇ ਸ਼ਬਦ ਨੂੰ ਪੜ੍ਹਿਆਂ ਹੀ ਸਪਸ਼ਟ ਹੁੰਦਾ ਹੈ। ਮਿਸਾਲ ਦੇ ਤੌਰ `ਤੇ ‘ਅਲਹੁ ਏਕੁ ਮਸੀਤਿ ਬਸਤੁ ਹੈ’ ਕਬੀਰ ਸਾਹਿਬ ਜੀ ਦੇ ਪ੍ਰਭਾਤੀ ਰਾਗ `ਚ ਉਚਾਰਣ ਸ਼ਬਦ ਦੀ ਪਹਿਲੀ ਪੰਗਤੀ ਦਾ ਪ੍ਰਾਰੰਭਕ ਭਾਗ ਹੈ। ਜੇਕਰ ਇਸ ਪੰਗਤੀ ਦੇ ਪਹਿਲੇ ਅੱਧੇ ਹਿੱਸੇ ਦਾ ਅਰਥ ਕਰਾਂਗੇ ਤਾਂ ਅਰਥ ਬਣੇਗਾ ਕਿ ਅੱਲ੍ਹਾ ਮਸੀਤ ਵਿੱਚ ਵੱਸਦਾ ਹੈ; ਪਰ ਕਬੀਰ ਸਾਹਿਬ ਤਾਂ ਇਸ ਗੱਲ ਦਾ ਖੰਡਨ ਕਰ ਰਹੇ ਹਨ ਕਿ ਮੁਸਲਮਾਨ ਭਰਾਵਾਂ ਦੀ ਇਹ ਧਾਰਨਾ ਗ਼ਲਤ ਹੈ ਕਿ ਖ਼ੁਦਾ ਕੇਵਲ ਮਸੀਤ ਵਿੱਚ ਹੀ ਵੱਸਦਾ ਹੈ। ਇਹ ਭਾਵ ਪੂਰੀ ਤੁਕ ਨੂੰ ਪੜ੍ਹਿਆਂ ਹੀ ਸਪਸ਼ਟ ਹੁੰਦਾ ਹੈ। ਪੂਰੀ ਪੰਗਤੀ ਹੈ:-ਅਲਹੁ ਏਕੁ ਮਸੀਤਿ ਬਸਤੁ ਹੈ ਅਵਰੁ ਮੁਲਖੁ ਕਿਸੁ ਕੇਰਾ॥ (ਪੰਨਾ 1349) ਅਰਥ: ਜੇ (ਉਹ) ਇੱਕ ਖ਼ੁਦਾ (ਸਿਰਫ਼) ਕਾਹਬੇ ਵਿੱਚ ਵੱਸਦਾ ਹੈ ਤਾਂ ਬਾਕੀ ਦਾ ਮੁਲਕ ਕਿਸ ਦਾ (ਕਿਹਾ ਜਾਏ)? (ਸੋ, ਮੁਸਲਮਾਨ ਦਾ ਇਹ ਅਕੀਦਾ ਠੀਕ ਨਹੀਂ ਹੈ)। ਕਈ ਵਾਰ ਕਈ ਸੱਜਣ ਕਿਸੇ ਸ਼ਬਦ ਦੀ ਅਜਿਹੀ ਪੰਗਤੀ ਹਵਾਲਾ ਦੇਂਦੇ ਹਨ ਜਿਸ ਦੀ ਅਗਲੀ ਜਾਂ ਪਿਛਲੀ ਪੰਗਤੀ ਨੂੰ ਇਕੱਠਿਆਂ ਵਿਚਾਰਨ ਨਾਲ ਹੀ ਭਾਵ ਸਪਸ਼ਟ ਹੁੰਦਾ ਹੈ। ਮਿਸਾਲ ਦੇ ਤੌਰ `ਤੇ “ਕੋਟਿ ਦਾਨ ਇਸਨਾਨੰ ਅਨਿਕ ਸੋਧਨ ਪਵਿਤ੍ਰਤਹ॥” (ਪੰਨਾ 706) ਦੀ ਪੰਗਤੀ ਹੈ। ਇਹ ਜੈਤਸਰੀ ਕੀ ਵਾਰ ਦੇ ਪੰਜਵੀ ਪਉੜੀ ਦੇ ਨਾਲ ਜੋ ਦੋ ਸ਼ਲੋਕ ਦਰਜ ਹਨ, ਉਨ੍ਹਾਂ ਵਿਚੋਂ ਪਹਿਲੇ ਸ਼ਲੋਕ ਦੀ ਪਹਿਲੀ ਪੰਗਤੀ ਹੈ। ਇਸ ਪੰਗਤੀ ਦਾ ਸਹੀ ਭਾਵਾਰਥ ਸਮਝਣ ਲਈ ਇਸ ਤੋਂ ਅਗਲੀ ਪੰਗਤੀ ਨੂੰ ਪੜ੍ਹਿਆਂ ਹੀ ਇਸ ਸ਼ਲੋਕ ਦਾ ਭਾਵਾਰਥ ਸਪਸ਼ਟ ਹੁੰਦਾ ਹੈ। ਅਗਲੀ ਤੁਕ ਹੈ “ਉਚਰੰਤਿ ਨਾਨਕ ਹਰਿ ਹਰਿ ਰਸਨਾ ਸਰਬ ਪਾਪ ਬਿਮੁਚਤੇ॥” ਹੁਣ ਜਦ ਇਸ ਸ਼ਲੋਕ ਦੇ ਅਰਥ ਕਰਾਂਗੇ ਤਾਂ ਭਾਵ ਸਪਸ਼ਟ ਹੁੰਦਾ ਹੈ ਕਿ ਹਜ਼ੂਰ ਇਸ ਸ਼ਲੋਕ ਵਿੱਚ ਫ਼ਰਮਾਂਦੇ ਹਨ ਕਿ, ਹੇ ਨਾਨਕ! ਜੋ ਮਨੁੱਖ ਜੀਭ ਨਾਲ ਪ੍ਰਭੂ ਦਾ ਨਾਮ ਉਚਾਰਦੇ ਹਨ, ਉਨ੍ਹਾਂ ਦੇ ਸਾਰੇ ਪਾਪ ਨਾਸ ਹੋ ਜਾਂਦੇ ਹਨ, ਸੋ, ਉਨ੍ਹਾਂ ਨੇ (ਮਾਨੋਂ) ਕ੍ਰੋੜਾਂ (ਰੁਪਏ) ਦਾਨ ਕਰ ਲਏ, ਕ੍ਰੋੜਾਂ ਵਾਰੀ ਤੀਰਥ ਇਸ਼ਨਾਨ ਕਰ ਲਏ ਤੇ ਅਨੇਕਾਂ ਹੀ ਸੁੱਚ ਤੇ ਪਵਿਤ੍ਰਤਾ ਦੇ ਸਾਧਨ ਕਰ ਲਏ ਹਨ। ਭਾਵ ਪ੍ਰਭੂ ਦੀ ਸਿਫ਼ਤ ਸਾਲਾਹ ਕਰ ਕੇ ਰੱਬੀ ਗੁਣਾਂ ਨੂੰ ਧਾਰਨ ਕਰਨ ਵਾਲਿਆਂ ਪ੍ਰਾਣੀਆਂ ਨੂੰ ਤੀਰਥ ਇਸ਼ਨਾਨ ਅਤੇ ਹੋਰ ਅਜਿਹੀ ਪਵਿਤ੍ਰਤਾ ਦੇ ਸਾਧਨ ਕਰਨ ਦੀ ਲੋੜ ਨਹੀਂ ਹੈ। ਉਨ੍ਹਾਂ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ ਕਿ ਆਤਮਕ ਜੀਵਨ ਲਈ ਇਨ੍ਹਾਂ ਕਰਮਾਂ-ਕਾਂਡਾਂ ਦੀ ਜ਼ਰੂਰਤ ਨਹੀਂ ਹੈ ਅਥਵਾ ਆਤਮਕ ਜੀਵਨ ਵਿੱਚ ਇਹ ਸਹਾਇਕ ਨਹੀਂ ਹਨ।

ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਤਰ੍ਹਾਂ ਦੇ ਕਈ ਸ਼ਬਦ ਹਨ ਜਿਨ੍ਹਾਂ ਸ਼ਬਦਾਂ ਦੀ ਇੱਕ ਜਾਂ ਅੱਧੀ ਪੰਗਤੀ ਨੂੰ ਗੁਰਬਾਣੀ ਦਾ ਸੱਚ ਆਖ ਕੇ ਪ੍ਰਚਾਰਿਆ ਜਾ ਰਿਹਾ ਹੈ। ਗੁਰਮਤਿ ਦਾ ਸਿਧਾਂਤ ਜੇਕਰ ਇੱਕ ਜਾਂ ਅੱਧੀ ਪੰਗਤੀ ਵਿਚੋਂ ਵੀ ਸਪਸ਼ਟ ਹੁੰਦਾ ਹੋਵੇ ਤਾਂ ਵਰਤਣ `ਚ ਕੋਈ ਸੰਕੋਚ ਨਹੀਂ ਹੋਣਾ ਚਾਹੀਦਾ ਪਰੰਤੂ ਪੂਰੇ ਸ਼ਬਦ ਨੂੰ ਹੀ ਵਿਚਾਰਨ ਦੀ ਲੋੜ ਹੈ। ਗੁਰਬਾਣੀ ਦੇ ਇਸ ਤਰ੍ਹਾਂ ਦੇ ਸ਼ਬਦ ਜਿਨ੍ਹਾਂ ਦੀ ਇੱਕ ਜਾਂ ਅੱਧੀ ਪੰਗਤੀ ਨੂੰ ਹੀ ਗੁਰਮਤਿ ਸਮਝਿਆ ਜਾ ਰਿਹਾ ਹੈ, ਉਨ੍ਹਾਂ ਵਿਚੋਂ ਹੀ ਇੱਕ ਆਸਾ ਕੀ ਵਾਰ ਦੀ ਛੇਵੀਂ ਪਉੜੀ ਦੇ ਨਾਲ ਦਰਜ ਪਹਿਲੇ ਸ਼ਲੋਕ ਦੀ ਦੂਜੀ ਪੰਗਤੀ “ਬੰਦੇ ਸੇ ਜਿ ਪਵਹਿ ਵਿਚਿ ਬੰਦੀ ਵੇਖਣ ਕਉ ਦੀਦਾਰ” ਹੈ। ਇਸ ਪੰਗਤੀ ਬਾਰੇ ਇਹ ਸਮਝਿਆ ਜਾਂਦਾ ਹੈ ਕਿ ਗੁਰੂ ਨਾਨਕ ਸਾਹਿਬ ਦਾ ਇਹ ਮੰਨਣਾ ਹੈ ਕਿ ਰੱਬ ਦਾ ਦੀਦਾਰ ਦੇਖਣ ਲਈ ਜੋ ਮਨੁੱਖ (ਸ਼ਰਹ ਦੀ) ਬੰਦਸ਼ ਵਿੱਚ ਪੈਂਦੇ ਹਨ, ਉਹੀ ਰੱਬ ਦੇ ਬੰਦੇ ਹਨ। ਗੁਰੂ ਨਾਨਕ ਸਾਹਿਬ ਨੇ ਇਸ ਪੰਗਤੀ ਵਿੱਚ ਆਪਣਾ ਮਤ ਪੇਸ਼ ਕੀਤਾ ਹੈ ਜਾਂ ਅਨਮਤ ਦਾ, ਇਸ ਗੱਲ ਦੀ ਚਰਚਾ ਕਰਨ ਤੋਂ ਪਹਿਲਾਂ ਸੰਖੇਪ ਵਿੱਚ ਸ਼ਰ੍ਹਾ ਸਬੰਧੀ ਗੁਰੂ ਗ੍ਰੰਥ ਸਾਹਿਬ ਜੀ ਦੇ ਦ੍ਰਿਸ਼ਟੀਕੋਣ ਨੂੰ ਦੇਖਣ/ਸਮਝਣ ਦਾ ਯਤਨ ਕਰਦੇ ਹਾਂ। ਗੁਰੂ ਗ੍ਰੰਥ ਸਾਹਿਬ ਵਿੱਚ ਕੇਵਲ ਸ਼ਰ੍ਹਾ ਦੀ ਪਾਬੰਧੀ ਨੂੰ ਹੀ ਆਤਮਕ ਉੱਚਤਾ ਦਾ ਲਖਾਇਕ ਨਹੀਂ ਮੰਨਿਆ ਹੈ। ਇਸ ਸਬੰਧੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਿਮਨ ਲਿਖਤ ਫ਼ਰਮਾਨ ਸਾਨੂੰ ਅਗਵਾਈ ਬਖ਼ਸ਼ਸ਼ ਕਰਦੇ ਹਨ:- (ੳ) ਸਰੈ ਸਰੀਅਤਿ ਕਰਹਿ ਬੀਚਾਰੁ॥ ਬਿਨੁ ਬੂਝੇ ਕੈਸੇ ਪਾਵਹਿ ਪਾਰੁ॥ ਸਿਦਕੁ ਕਰਿ ਸਿਜਦਾ ਮਨੁ ਕਰਿ ਮਖਸੂਦੁ॥ ਜਿਹ ਧਿਰਿ ਦੇਖਾ ਤਿਹ ਧਿਰਿ ਮਉਜੂਦੁ॥ (ਪੰਨਾ 84) ਅਰਥ: ਜੋ ਮਨੁੱਖ ਨਿਰੀ ਸ਼ਰ੍ਹਾ ਆਦਿ (ਭਾਵ, ਬਾਹਰਲੀਆਂ ਧਾਰਮਿਕ ਰਸਮਾਂ) ਦੀ ਹੀ ਵਿਚਾਰ ਕਰਦੇ ਹਨ, ਉਹ (ਜੀਵਨ ਦੇ ਸਹੀ ਮਨੋਰਥ ਨੂੰ) ਸਮਝਣ ਤੋਂ ਬਿਨਾ (ਜੀਵਨ ਦਾ) ਪਾਰਲਾ ਕੰਢਾ ਕਿਵੇਂ ਲੱਭ ਸਕਦੇ ਹਨ? (ਹੇ ਭਾਈ!) ਰੱਬ ਤੇ ਭਰੋਸਾ ਰੱਖ—ਇਹ ਹੈ ਉਸ ਦੇ ਅੱਗੇ ਸਿਰ ਨਿਵਾਉਣਾ, ਆਪਣੇ ਮਨ ਨੂੰ ਰੱਬ ਵਿੱਚ ਜੋੜਨਾ—ਇਸ ਨੂੰ ਹੀ ਜ਼ਿੰਦਗੀ ਦਾ ਨਿਸ਼ਾਨਾ ਬਣਾ। ਫਿਰ ਜਿਸ ਪਾਸੇ ਵੇਖੀਏ, ਉਸ ਹੀ ਪਾਸੇ ਰੱਬ ਹਾਜ਼ਰ ਦਿੱਸਦਾ ਹੈ।

(ਅ) ਹਿੰਦੂ ਕੈ ਘਰਿ ਹਿੰਦੂ ਆਵੈ॥ ਸੂਤੁ ਜਨੇਊ ਪੜਿ ਗਲਿ ਪਾਵੈ॥ ਸੂਤੁ ਪਾਇ ਕਰੇ ਬੁਰਿਆਈ॥ ਨਾਤਾ ਧੋਤਾ ਥਾਇ ਨ ਪਾਈ॥ ਮੁਸਲਮਾਨੁ ਕਰੇ ਵਡਿਆਈ॥ ਵਿਣੁ ਗੁਰ ਪੀਰੈ ਕੋ ਥਾਇ ਨ ਪਾਈ॥ ਰਾਹੁ ਦਸਾਇ ਓਥੈ ਕੋ ਜਾਇ॥ ਕਰਣੀ ਬਾਝਹੁ ਭਿਸਤਿ ਨ ਪਾਇ॥ ਜੋਗੀ ਕੈ ਘਰਿ ਜੁਗਤਿ ਦਸਾਈ॥ ਤਿਤੁ ਕਾਰਣਿ ਕਨਿ ਮੁੰਦ੍ਰਾ ਪਾਈ॥ ਮੁੰਦ੍ਰਾ ਪਾਇ ਫਿਰੈ ਸੰਸਾਰਿ॥ ਜਿਥੈ ਕਿਥੈ ਸਿਰਜਣਹਾਰੁ॥ ਜੇਤੇ ਜੀਅ ਤੇਤੇ ਵਾਟਾਊ॥ ਚੀਰੀ ਆਈ ਢਿਲ ਨ ਕਾਊ॥ ਏਥੈ ਜਾਣੈ ਸੁ ਜਾਇ ਸਿਞਾਣੈ॥ ਹੋਰੁ ਫਕੜੁ ਹਿੰਦੂ ਮੁਸਲਮਾਣੈ॥ ਸਭਨਾ ਕਾ ਦਰਿ ਲੇਖਾ ਹੋਇ॥ ਕਰਣੀ ਬਾਝਹੁ ਤਰੈ ਨ ਕੋਇ॥ ਸਚੋ ਸਚੁ ਵਖਾਣੈ ਕੋਇ॥ ਨਾਨਕ ਅਗੈ ਪੁਛ ਨ ਹੋਇ॥ (ਪੰਨਾ 952)

ਅਰਥ: (ਕਿਸੇ ਖਤ੍ਰੀ ਆਦਿਕ) ਹਿੰਦੂ ਦੇ ਘਰ ਵਿੱਚ ਬ੍ਰਾਹਮਣ ਆਉਂਦਾ ਹੈ ਤੇ (ਮੰਤ੍ਰ ਆਦਿਕ) ਪੜ੍ਹ ਕੇ (ਉਸ ਖੱਤ੍ਰੀ ਦੇ) ਗਲ ਵਿੱਚ ਧਾਗਾ ਜਨੇਊ ਪਾ ਦੇਂਦਾ ਹੈ; (ਇਹ ਮਨੁੱਖ ਜਨੇਊ ਤਾਂ ਪਾ ਲੈਂਦਾ ਹੈ, ਪਰ) ਜਨੇਊ ਪਾ ਕੇ ਭੀ ਮੰਦ-ਕਰਮ ਕਰੀ ਜਾਂਦਾ ਹੈ (ਇਸ ਤਰ੍ਹਾਂ ਨਿੱਤ) ਨ੍ਹਾਉਣ ਧੋਣ ਨਾਲ ਉਹ (ਪ੍ਰਭੂ ਦੇ ਦਰ ਤੇ) ਕਬੂਲ ਨਹੀਂ ਹੋ ਜਾਂਦਾ।

ਮੁਸਲਮਾਨ ਮਨੁੱਖ (ਦੀਨ ਦੀ) ਵਡਿਆਈ ਕਰਦਾ ਹੈ ਪਰ ਜੇ ਗੁਰੂ ਪੀਰ ਦੇ ਹੁਕਮ ਵਿੱਚ ਨਹੀਂ ਤੁਰਦਾ ਤਾਂ (ਦਰਗਾਹ ਵਿਚ) ਕਬੂਲ ਨਹੀਂ ਹੋ ਸਕਦਾ; (ਬਹਿਸ਼ਤ ਦਾ) ਰਸਤਾ ਤਾਂ ਹਰ ਕੋਈ ਪੁੱਛਦਾ ਹੈ ਪਰ ਉਸ ਰਸਤੇ ਉਤੇ ਤੁਰਦਾ ਕੋਈ ਵਿਰਲਾ ਹੈ ਤੇ ਨੇਕ ਅਮਲਾਂ ਤੋਂ ਬਿਨਾ ਬਹਿਸ਼ਤ ਮਿਲਦਾ ਨਹੀਂ ਹੈ।

ਜੋਗੀ ਦੇ ਡੇਰੇ ਤੇ (ਮਨੁੱਖ ਜੋਗ ਦੀ) ਜੁਗਤਿ ਪੁੱਛਣ ਜਾਂਦਾ ਹੈ ਉਸ (‘ਜੁਗਤਿ’) ਦੀ ਖ਼ਾਤਰ ਕੰਨ ਵਿੱਚ ਮੁੰਦ੍ਰਾਂ ਪਾ ਲੈਂਦਾ ਹੈ; ਮੁੰਦ੍ਰਾਂ ਪਾ ਕੇ ਸੰਸਾਰ ਵਿੱਚ ਚੱਕਰ ਲਾਂਦਾ ਹੈ (ਭਾਵ, ਗ੍ਰਿਹਸਤ ਛੱਡ ਕੇ ਬਾਹਰ ਜਗਤ ਵਿੱਚ ਭਉਂਦਾ ਹੈ), ਪਰ ਸਿਰਜਣਹਾਰ ਤਾਂ ਹਰ ਥਾਂ ਮੌਜੂਦ ਹੈ (ਬਾਹਰ ਜੰਗਲਾਂ ਵਿੱਚ ਭਾਲਣਾ ਵਿਅਰਥ ਹੈ)।

(ਜਗਤ ਵਿਚ) ਜਿਤਨੇ ਭੀ ਜੀਵ (ਆਉਂਦੇ) ਹਨ ਸਾਰੇ ਮੁਸਾਫ਼ਿਰ ਹਨ, ਜਿਸ ਜਿਸ ਨੂੰ ਸੱਦਾ ਆਉਂਦਾ ਹੈ ਉਹ ਇਥੇ ਢਿੱਲ ਨਹੀਂ ਲਾ ਸਕਦਾ; ਜਿਸ ਨੇ ਇਸ ਜਨਮ ਵਿੱਚ ਰੱਬ ਨੂੰ ਪਛਾਣ ਲਿਆ ਹੈ ਉਹ (ਪਰਲੋਕ ਵਿਚ) ਜਾ ਕੇ ਭੀ ਪਛਾਣ ਲੈਂਦਾ ਹੈ (ਜੇ ਇਹ ਉੱਦਮ ਨਹੀਂ ਕੀਤਾ ਤਾਂ) ਹੋਰ ਦਾਹਵਾ ਕਿ ਮੈਂ ਹਿੰਦੂ ਹਾਂ ਜਾਂ ਮੁਸਲਮਾਨ ਹਾਂ ਸਭ ਫੋਕਾ ਹੈ। (ਹਿੰਦੂ ਹੋਵੇ ਚਾਹੇ ਮੁਸਲਮਾਨ) ਹਰੇਕ ਦੇ ਅਮਲਾਂ ਦਾ ਲੇਖਾ ਪ੍ਰਭੂ ਦੀ ਹਜ਼ੂਰੀ ਵਿੱਚ ਹੁੰਦਾ ਹੈ, ਆਪਣੇ ਨੇਕ ਅਮਲਾਂ ਤੋਂ ਬਿਨਾ ਕਦੇ ਕੋਈ ਪਾਰ ਨਹੀਂ ਲੰਘਿਆ। ਜੋ ਮਨੁੱਖ (ਐਸ ਜਨਮ ਵਿਚ) ਕੇਵਲ ਸੱਚੇ ਰੱਬ ਨੂੰ ਯਾਦ ਕਰਦਾ ਹੈ, ਹੇ ਨਾਨਕ! ਪਰਲੋਕ ਵਿੱਚ ਉਸ ਨੂੰ ਲੇਖਾ ਨਹੀਂ ਪੁੱਛਿਆ ਜਾਂਦਾ।

ਇਨ੍ਹਾਂ ਉਪਰੋਕਤ ਗੁਰ ਫ਼ਰਮਾਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਰ੍ਹਾ ਦੇ ਬੰਧੇਜ ਸਬੰਧੀ ਦ੍ਰਿਸ਼ਟੀਕੋਣ ਬਿਲਕੁਲ ਸਪਸ਼ਟ ਹੈ। ਗੁਰੂ ਗ੍ਰੰਥ ਸਾਹਿਬ ਦੇ ਸ਼ਰ੍ਹਾ ਸਬੰਧੀ ਦ੍ਰਿਸ਼ਟੀਕੋਣ ਦੀ ਸੰਖੇਪ ਵਿੱਚ ਚਰਚਾ ਕਰਨ ਮਗਰੋਂ ਗੁਰੂ ਗ੍ਰੰਥ ਸਾਹਿਬ ਦੀ ਇਸ ਪੰਗਤੀ “ਬੰਦੇ ਸੇ ਜਿ ਪਵਹਿ ਵਿਚਿ ਬੰਦੀ ਵੇਖਣ ਕਉ ਦੀਦਾਰੁ” ਨੂੰ ਵਿਚਾਰਦੇ ਹਾਂ। ਇਸ ਪੰਗਤੀ (ਬੰਦੇ ਸੇ ਜਿ ਪਵਹਿ ਵਿਚਿ ਬੰਦੀ ਵੇਖਣ ਕਉ ਦੀਦਾਰੁ) ਵਿੱਚ ਗੁਰਬਾਣੀ ਦਾ ਸੱਚ ਬਿਆਨ ਨਹੀਂ ਕੀਤਾ ਗਿਆ ਹੈ। ਚੂੰਕਿ ਗੁਰਦੇਵ ਇਸ ਸ਼ਲੋਕ ਦੀ ਇਸ ਪੰਗਤੀ ਵਿੱਚ ਆਪਣੇ ਮਤ ਦਾ ਨਹੀਂ ਬਲਕਿ ਇਸਲਾਮ ਦੇ ਪੈਰੋਕਾਰਾਂ ਦੇ ਮਤ ਦਾ ਵਰਣਨ ਕੀਤਾ ਹੈ। ਇਸ ਸ਼ਲੋਕ ਨੂੰ ਧਿਆਨ ਨਾਲ ਪੜ੍ਹਨ ਵਿਚਾਰਨ ਨਾਲ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਇਸ ਸ਼ਲੋਕ ਵਿੱਚ ਸਤਿਗੁਰੂ ਜੀ ਨੇ ਆਪਣਾ ਮਤ ਵਰਣਨ ਕਰਨ ਤੋਂ ਪਹਿਲਾਂ ਇਸਲਾਮ, ਹਿੰਦੂ ਅਤੇ ਜੋਗੀਆਂ ਆਦਿ ਦੀ ਧਾਰਨਾ ਦਾ ਵਰਣਨ ਕੀਤਾ ਹੈ ਅਤੇ ਅੰਤ ਵਿੱਚ ਆਪਣਾ ਮਤ ਦਰਸਾਇਆ ਹੈ। ਪੂਰਾ ਸ਼ਲੋਕ ਇਸ ਪ੍ਰਕਾਰ ਹੈ:-

ਮੁਸਲਮਾਨਾ ਸਿਫਤਿ ਸਰੀਅਤਿ ਪੜਿ ਪੜਿ ਕਰਹਿ ਬੀਚਾਰੁ॥ ਬੰਦੇ ਸੇ ਜਿ ਪਵਹਿ ਵਿਚਿ ਬੰਦੀ ਵੇਖਣ ਕਉ ਦੀਦਾਰੁ॥ ਹਿੰਦੂ ਸਾਲਾਹੀ ਸਾਲਾਹਨਿ ਦਰਸਨਿ ਰੂਪਿ ਅਪਾਰੁ॥ ਤੀਰਥਿ ਨਾਵਹਿ ਅਰਚਾ ਪੂਜਾ ਅਗਰ ਵਾਸੁ ਬਹਕਾਰੁ॥ ਜੋਗੀ ਸੁੰਨਿ ਧਿਆਵਨਿੑ ਜੇਤੇ ਅਲਖ ਨਾਮੁ ਕਰਤਾਰੁ॥ ਸੂਖਮ ਮੂਰਤਿ ਨਾਮੁ ਨਿਰੰਜਨ ਕਾਇਆ ਕਾ ਆਕਾਰੁ॥ ਸਤੀਆ ਮਨਿ ਸੰਤੋਖੁ ਉਪਜੈ ਦੇਣੈ ਕੈ ਵੀਚਾਰਿ॥ ਦੇ ਦੇ ਮੰਗਹਿ ਸਹਸਾ ਗੂਣਾ ਸੋਭ ਕਰੇ ਸੰਸਾਰੁ॥ ਚੋਰਾ ਜਾਰਾ ਤੈ ਕੂੜਿਆਰਾ ਖਾਰਾਬਾ ਵੇਕਾਰ॥ ਇਕਿ ਹੋਦਾ ਖਾਇ ਚਲਹਿ ਐਥਾਊ ਤਿਨਾ ਭਿ ਕਾਈ ਕਾਰ॥ ਜਲਿ ਥਲਿ ਜੀਆ ਪੁਰੀਆ ਲੋਆ ਆਕਾਰਾ ਆਕਾਰ॥ ਓਇ ਜਿ ਆਖਹਿ ਸੁ ਤੂੰਹੈ ਜਾਣਹਿ ਤਿਨਾ ਭਿ ਤੇਰੀ ਸਾਰ॥ ਨਾਨਕ ਭਗਤਾ ਭੁਖ ਸਾਲਾਹਣੁ ਸਚੁ ਨਾਮੁ ਆਧਾਰੁ॥ ਸਦਾ ਅਨੰਦਿ ਰਹਹਿ ਦਿਨੁ ਰਾਤੀ ਗੁਣਵੰਤਿਆ ਪਾ ਛਾਰੁ॥ (ਪੰਨਾ 466)

ਅਰਥ: ਮੁਸਲਮਾਨਾਂ ਨੂੰ ਸ਼ਰਹ ਦੀ ਵਡਿਆਈ (ਸਭ ਤੋਂ ਵਧੀਕ ਚੰਗੀ ਲੱਗਦੀ ਹੈ), ਉਹ ਸ਼ਰਹ ਨੂੰ ਪੜ੍ਹ ਪੜ੍ਹ ਕੇ (ਇਹ) ਵਿਚਾਰ ਕਰਦੇ ਹਨ (ਕਿ) ਰੱਬ ਦਾ ਦੀਦਾਰ ਦੇਖਣ ਲਈ ਜੋ ਮਨੁੱਖ (ਸ਼ਰਹ ਦੀ) ਬੰਦਸ਼ ਵਿੱਚ ਪੈਂਦੇ ਹਨ, ਉਹੀ ਰੱਬ ਦੇ ਬੰਦੇ ਹਨ।

(ਨੋਟ: ਪੋਫੈਸਰ ਸਾਹਿਬ ਸਿੰਘ ਜੀ ਨੇ ਇਸ ਪੰਗਤੀ ਦੇ ਅਰਥ ਕਰਨ ਉਪਰੰਤ ਨੋਟ ਦੇ ਰੂਪ ਵਿੱਚ ਲਿਖਿਆ ਹੈ, “ਗੁਰਬਾਣੀ ਨੂੰ ਗਹੁ ਨਾਲ ਪੜ੍ਹ ਕੇ ਵਿਚਾਰਨ ਵਾਲੇ ਸੱਜਣ ਜਾਣਦੇ ਹਨ ਕਿ ਜਦੋਂ ਕਦੇ ਸਤਿਗੁਰੂ ਜੀ ਕਿਸੇ ਇੱਕ ਜਾਂ ਕਈ ਮਤਾਂ ਤੇ ਕੋਈ ਵਿਚਾਰ ਕਰਦੇ ਹਨ, ਤਾਂ ਪਹਿਲਾਂ ਆਪ ਉਹਨਾਂ ਮਤਾਂ ਦੇ ਖ਼ਿਆਲ ਲਿਖਦੇ ਹਨ, ਅੰਤ ਵਿੱਚ ਆਪਣਾ ਮਤ ਪੇਸ਼ ਕਰਦੇ ਹਨ। ਇਸ ਸਲੋਕ ਦੀਆਂ ਜੇ ਦੋ ਦੋ ਤੁਕਾਂ ਨੂੰ ਗਹੁ ਨਾਲ ਵੇਖਿਆ ਜਾਵੇ, ਤਾਂ ਸਾਫ਼ ਪਰਗਟ ਹੁੰਦਾ ਹੈ ਕਿ ਇਸਲਾਮ, ਹਿੰਦੂ ਮਤ, ਜੋਗ ਮਤ, ਦਾਨੀ ਅਤੇ ਵਿਕਾਰੀ ਆਦਿਕਾਂ ਸੰਬੰਧੀ ਗੁਰੂ ਸਾਹਿਬ ਖ਼ਿਆਲ ਦੱਸ ਰਹੇ ਹਨ। ਸੁਤੇ ਹੀ ਯੋਗ ਇਹੀ ਦਿੱਸਦਾ ਹੈ ਕਿ ਇਹਨਾਂ ਸਭਨਾਂ ਦਾ ਜ਼ਿਕਰ ਕਰ ਕੇ ਗੁਰੂ ਸਾਹਿਬ ਆਪਣਾ ਸਾਂਝਾ ਖ਼ਿਆਲ ਅਖ਼ੀਰ ਤੇ ਦੱਸਦੇ। ਤਾਂ ਤੇ ਉਪਰਲੀਆਂ ਦੋ ਤੁਕਾਂ ਵਿਚੋਂ ਪਹਿਲੀ ਨੂੰ ਇਸਲਾਮ ਸੰਬੰਧੀ ਵਰਤ ਕੇ ਦੂਜੀ ਨੂੰ ਗੁਰਮਤ ਦਾ ਸਿੱਧਾਂਤ ਦੱਸਣਾ ਭੁੱਲ ਹੈ, ਕਿਉਂਕਿ ਇਹ ਨਿਯਮ ਅਗਲੀਆਂ ਤੁਕਾਂ ਵਿੱਚ ਕਿਤੇ ਨਹੀਂ ਵਰਤਿਆ ਗਿਆ. .”

ਹਿੰਦੂ ਸ਼ਾਸਤਰ ਦੁਆਰਾ ਹੀ ਸਾਲਾਹੁਣ-ਜੋਗ ਸੁੰਦਰ ਤੇ ਬੇਅੰਤ ਹਰੀ ਨੂੰ ਸਲਾਹੁੰਦੇ ਹਨ, ਹਰੇਕ ਤੀਰਥ ਤੇ ਨ੍ਹਾਉਂਦੇ ਹਨ, ਮੂਰਤੀਆਂ ਅਗੇ ਭੇਟਾ ਧਰਦੇ ਹਨ ਤੇ ਚੰਦਨ ਆਦਿਕ ਦੇ ਸੁਗੰਧੀ ਵਾਲੇ ਪਦਾਰਥ ਵਰਤਦੇ ਹਨ।

ਜੋਗੀ ਲੋਕ ਸਮਾਧੀ ਲਾ ਕੇ ਕਰਤਾਰ ਨੂੰ ਧਿਆਉਂਦੇ ਹਨ ਅਤੇ ‘ਅਲਖ, ਅਲਖ’ ਉਸ ਦਾ ਨਾਮ ਉਚਾਰਦੇ ਹਨ। (ਉਹਨਾਂ ਦੇ ਮਤ ਅਨੁਸਾਰ ਜਿਸ ਦਾ ਉਹ ਸਮਾਧੀ ਵਿੱਚ ਧਿਆਨ ਧਰਦੇ ਹਨ ਉਹ) ਸੂਖਮ ਸਰੂਪ ਵਾਲਾ ਹੈ, ਉਸ ਉਤੇ ਮਾਇਆ ਦਾ ਪਰਭਾਵ ਨਹੀਂ ਪੈ ਸਕਦਾ ਅਤੇ ਇਹ ਸਾਰਾ (ਜਗਤ ਰੂਪ) ਆਕਾਰ (ਉਸੇ ਦੀ ਹੀ) ਕਾਇਆਂ (ਸਰੀਰ) ਦਾ ਹੈ।

ਜੋ ਮਨੁੱਖ ਦਾਨੀ ਹਨ ਉਹਨਾਂ ਦੇ ਮਨ ਵਿੱਚ ਖ਼ੁਸ਼ੀ ਪੈਦਾ ਹੁੰਦੀ ਹੈ, ਜਦੋਂ (ਉਹ ਕਿਸੇ ਲੋੜਵੰਦੇ ਨੂੰ) ਕੁੱਝ ਦੇਣ ਦੀ ਵਿਚਾਰ ਕਰਦੇ ਹਨ; (ਪਰ ਲੋੜਵੰਦਿਆਂ ਨੂੰ) ਦੇ ਦੇ ਕੇ (ਉਹ ਅੰਦਰੇ ਅੰਦਰ ਕਰਤਾਰ ਪਾਸੋਂ ਉਸ ਤੋਂ) ਹਜ਼ਾਰਾਂ ਗੁਣਾ ਵਧੀਕ ਮੰਗਦੇ ਹਨ ਅਤੇ (ਬਾਹਰ) ਜਗਤ (ਉਨ੍ਹਾਂ ਦੇ ਦਾਨ ਦੀ) ਵਡਿਆਈ ਕਰਦਾ ਹੈ।

(ਦੂਜੇ ਪਾਸੇ, ਜਗਤ ਵਿਚ) ਬੇਅੰਤ ਚੋਰ, ਪਰ-ਇਸਤ੍ਰੀ ਗਾਮੀ, ਝੂਠੇ, ਭੈੜੇ ਤੇ ਵਿਕਾਰੀ ਭੀ ਹਨ, ਜੋ (ਵਿਕਾਰ ਕਰ ਕਰ ਕੇ) ਪਿਛਲੀ ਕੀਤੀ ਕਮਾਈ ਨੂੰ ਮੁਕਾ ਕੇ (ਇਥੋਂ ਖ਼ਾਲੀ ਹੱਥ) ਤੁਰ ਪੈਂਦੇ ਹਨ (ਪਰ ਇਹ ਕਰਤਾਰ ਦੇ ਰੰਗ ਹਨ) ਉਹਨਾਂ ਨੂੰ ਭੀ (ਉਸੇ ਨੇ ਹੀ) ਕੋਈ ਇਹੋ ਜਿਹੀ ਕਾਰ ਸੌਂਪੀ ਹੋਈ ਹੈ।

ਜਲ ਵਿੱਚ ਰਹਿਣ ਵਾਲੇ, ਧਰਤੀ ਉੱਤੇ ਵੱਸਣ ਵਾਲੇ, ਬੇਅੰਤ ਪੁਰੀਆਂ, ਲੋਕਾਂ ਅਤੇ ਬ੍ਰਹਿਮੰਡ ਦੇ ਜੀਵ—ਉਹ ਸਾਰੇ ਜੋ ਕੁੱਝ ਆਖਦੇ ਹਨ ਸਭ ਕੁਝ, (ਹੇ ਕਰਤਾਰ!) ਤੂੰ ਜਾਣਦਾ ਹੈਂ, ਉਹਨਾਂ ਨੂੰ ਤੇਰਾ ਹੀ ਆਸਰਾ ਹੈ।

ਹੇ ਨਾਨਕ! ਭਗਤ ਜਨਾਂ ਨੂੰ ਕੇਵਲ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਦੀ ਤਾਂਘ ਲੱਗੀ ਹੋਈ ਹੈ, ਹਰੀ ਦਾ ਸਦਾ ਅਟੱਲ ਰਹਿਣ ਵਾਲਾ ਨਾਮ ਹੀ ਉਹਨਾਂ ਦਾ ਆਸਰਾ ਹੈ। ਉਹ ਸਦਾ ਦਿਨ ਰਾਤ ਅਨੰਦ ਵਿੱਚ ਰਹਿੰਦੇ ਹਨ ਅਤੇ (ਆਪਣੇ ਆਪ ਠੀਕ ਨਹੀਂ ਹੈ ਨੂੰ) ਗੁਣਵਾਨਾਂ ਦੇ ਪੈਰਾਂ ਦੀ ਖ਼ਾਕ ਸਮਝਦੇ ਹਨ।

ਸੋ, ਗੁਰੂ ਨਾਨਕ ਸਾਹਿਬ ਜੀ ਨੇ “ਬੰਦੇ ਸੇ ਜਿ ਪਵਹਿ ਵਿਚਿ ਬੰਦੀ ਵੇਖਣ ਕਉ ਦੀਦਾਰੁ” ਪੰਗਤੀ `ਚ ਆਪਣਾ ਨਹੀਂ ਸਗੋਂ ਇਸਲਾਮ ਦੇ ਪੈਰੋਕਾਰਾਂ ਦੇ ਦ੍ਰਿਸ਼ਟੀਕੋਣ ਦਾ ਵਰਣਨ ਕੀਤਾ ਹੈ। ਗੁਰਦੇਵ ਨੇ ਆਪਣਾ ਦ੍ਰਿਸ਼ਟੀਕੋਣ ਸ਼ਲੋਕ ਦੀਆਂ ਅੰਤਲੀਆਂ ਪੰਗਤੀਆਂ “ਨਾਨਕ ਭਗਤਾ ਭੁਖ ਸਾਲਾਹਣੁ ਸਚੁ ਨਾਮੁ ਆਧਾਰੁ” ਵਿੱਚ ਦਰਸਾਇਆ ਹੈ। ਇਹ ਅੰਤਲਾ ਦ੍ਰਿਸ਼ਟੀਕੋਣ ਹੀ ਗੁਰਬਾਣੀ ਦਾ ਸੱਚ ਹੈ। ਇਸ ਲਈ ਇਸ ਸੱਚ ਨੂੰ ਹੀ ਅਪਣਾਉਣ ਦੀ ਲੋੜ ਹੈ।

ਜਸਬੀਰ ਸਿੰਘ ਵੈਨਕੂਵਰ




.