ਸੁਣਿ ਮਨ ਮ੍ਰਿਤ ਪਿਆਰਿਆ ਮਿਲੁ ਵੇਲਾ ਹੈ ਇਹੁ॥
ਸੰਸਾਰ ਦੀ ਰਚਨਾ ਰਚਣਹਾਰ ਨੇ,
ਪੰਜਾਂ ਤੱਤਾਂ ਦੇ ਮਨੁੱਖੀ ਸਰੀਰ ਅੰਦਰਿ ਇੱਕ ਨਿਰੰਕਾਰ ਰੂਪੀ ਅਗਮੀ ਵਸਤੂ ਪਾ ਦਿੱਤੀ, ਜੋ ਆਪਣੀ
ਅਸਲੀ ਅਵਸਥਾ ਵਿੱਚ (ਸੁੱਘੜ ਸਰੂਪ) ਬਹੁਤ ਹੀ ਪਿਆਰੀ, ਅਤੇ ਆਪਣੇ ਅਸਲੇ ਨੂੰ ਛੱਡ ਜਾਵੇ ਤਾਂ ਇਹ
ਕਰੂਪ ਲੱਗਣ ਲੱਗ ਜਾਂਦੀ ਹੈ। ਗੁਰਬਾਣੀ ਅੰਦਰ (ਗੁਰੂ ਗ੍ਰੰਥ ਸਾਹਿਬ ਜੀ) ਸਾਰੇ ਮਹਾਂਪੁਰਖਾਂ ਨੇ
ਇੱਕ ਮਤ ਹੋ ਕੇ ਇਸਦੇ ਦੋਨਾਂ ਸਰੂਪਾਂ ਦੀ ਵਿਆਖਿਆ ਕੀਤੀ ਹੈ। ਇਸਨੂੰ ਗੁਰਸਿੱਖਾਂ ਨਾਲ ਸਾਂਝਾ ਕਰਨ
ਦਾ ਉਪਰਾਲਾ ਕਰ ਰਹੇ ਹਾਂ।
ਮਨ ਬਾਰੇ ਕਬੀਰ ਸਾਹਿਬ ਫੁਰਮਾਉਂਦੇ ਹਨ ਕਿ ਇਹ ਪਰਮਾਤਮਾ ਦੀ ਅੰਸ਼ ਹੈ। ਇਹ ਵੀ ਸਮਝਾਉਂਦੇ ਹਨ, ਕਿ
ਇਸ ਮਨ ਅੰਦਰ ਜੋ ਵੀ ਚੰਗਾ ਮਾੜਾ ਵਸਾ ਲਿਆ, ਉਸੀ ਦਿਸ਼ਾ ਵੱਲ ਇਹ ਮਨ ਸਰੀਰ ਨੁੰ ਤੋਰੇਗਾ। ਕਬੀਰ ਜੀ
ਫੁਮਾਉਂਦੇ ਹਨ ਕਿ ਨਾ ਇਹ ਔਰਤ ਹੈ, ਨਾ ਮਰਦ, ਨਾ ਜਤੀ, ਨਾ ਸੰਨਿਆਸੀ ਹੈ, ਫਿਰ ਇਸ ਮਨ ਨੂੰ ਮਮਤਾ,
ਮੈਂ –ਮੇਰੀ ਦੀ ਪਕੜ ਕਿੱਥੋਂ ਲੱਗੀ?
“ਪੰਡਿਤ ਇਸ ਮਨ ਕਾ ਕਰੋ ਵੀਚਾਰੁ”, “ਕਬੀਰ ਜੀ ਵਿਦਵਾਨਾ ਨੂੰ ਕਹਿੰਦੇ ਹਨ ਕਿ ਲੋਕਾਂ ਨੂੰ
ਭਰਮ-ਭੁਲੇਖਿਆਂ ਵਿੱਚ ਨਾ ਪਾਵੋ। ਇਸ ਮਨ ਨੁੰ ਵੀਚਾਰੋ। ਇਹ ਪਰਮਾਤਮਾ ਦੀ ਅੰਸ਼ ਹੈ। ਇਹ ਮਾਇਆ ਦੀ
ਪਕੜ ਵਿੱਚ ਕਿਵੇਂ ਆ ਗਿਆ। ਇਸ ਗੱਲ ਉੱਤੇ ਸਾਰੇ ਮਹਾਂਪੁਰਖ ਇੱਕ ਮਤ ਹਨ (ਜਿੰਨ੍ਹਾਂ ਦੀ ਬਾਣੀ ਗੁਰੂ
ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ।)
ਕਮਾਲ ਦੀ ਗੱਲ ਹੋਰ ਦੇਖੋ ਸਾਰੇ ਹੀ ਮਹਾਂਪੁਰਖ ਕਹਿੰਦੇ ਹਨ ਕਿ ਵੱਡੇ ਰਿਸ਼ੀਆਂ, ਮੁਨੀਆਂ ਨੇ ਵੀ ਇਸ
ਸਰੀਰ ਅੰਦਰ ਮਨ ਨੂੰ ਨਹੀਂ ਦੇਖਿਆ। ਤਾਕੀਦ ਕੀਤੀ ਕਿ ਇਸ ਮਨ ਨੂੰ ਖੋਜੋ (ਇਸ ਮਨ ਕਉ ਕੋਈ ਖੋਜੋ
ਭਾਈ॥)
ਬਾਬੇ ਨਾਨਕ ਜੀਆਂ ਨੇ ਵੀ ਮਨ ਨੂੰ ਜੋਿਤ ਸਰੂਪ ਕਿਹਾ, ਨਾਲ ਹੀ ਆਪਣੇ ਮੂਲ ਨੁੰ ਪਛਾਨਣਾ ਜ਼ਰੂਰੀ
ਕਰਾਰ ਦਿੱਤਾ। ਗੁਰੂ ਜੀ ਫੁਮਾਉਂਦੇ ਹਨ:-
“ਮਨ ਤੂੰ ਜੋਤਿ ਸਰੂਪ ਹੈ ਆਪਣਾ ਮੂਲੁ ਪਛਾਣੁ॥” ਇਹ ਮਨ ਨਾ ਜੰਮਦਾ ਹੈ, ਨਾ ਮਰਦਾ ਹੈ,
ਕਿਉਂਕਿ ਜੋਤਿ ਵੀ ਜੰਮਦੀ, ਮਰਦੀ ਨਹੀ।
ਕੋਈ ਵੀ ਚੀਜ਼ ਮੈਲੀ ਜਾਂ ਖਰਾਬ ਗਿਣੀ ਜਾਂਦੀ ਹੈ ਜਦੋਂ ਉਸ ਅੰਦਰਿ ਕੋਈ ਦੂਜੀ ਵਸਤੂ ਮਿਲ ਜਾਏ, ਜਿਸ
ਤਰ੍ਹਾਂ ਚੀਨੀ ਵਿੱਚ ਸੂਜੀ ਰਲ ਜਾਵੇ ਇਤਿਆਦਿ। ਮਨ ਨੂੰ ਮਹਾਂਪੁਰਖਾਂ ਨੇ ਜੋਤਿ ਰੂਪ ਕਿਹਾ ਸੀ।
ਜੋਤਿ ਦੀ ਜਾਣਕਾਰੀ ਤੋਂ ਪਤਾ ਚਲਦਾ ਹੈ ਕਿ ਜੋਤਿ ਪੂਰਨ ਚੇਤਨ ਸੱਤਾ ਹੈ, ਜਿਸਦਾ ਕੋਈ ਹੱਦ-ਬੰਨਾਂ
ਨਹੀਂ, ਇਹ ਪੂਰੇ ਬ੍ਰਹਿਮੰਡ ਵਿੱਚ ਸਾਰੇ ਜੀਵਾਂ ਅੰਦਰ-ਬਾਹਰ ਪਸਰੀ ਹੋਈ ਹੈ। ਇਸ ਅੰਦਰ ਕੋਈ
ਮੇਰਾ-ਤੇਰਾ ਨਹੀਂ, ਕੋਈ ਜਾਤ-ਪਾਤ ਨਹੀਂ, ਕੋਈ ਵਰਨ ਨਹੀਂ।
“ਅਬ ਮੋਹਿ ਖੂਬ ਵਤਨ ਗਹਿ ਪਾਈ॥” (ਆਤਮਾ ਦਾ ਵਤਨ) ਗੁਰਬਾਣੀ ਦੇ ਉਪਰੋਕਤ ਸਬਦ ਅਨੁਸਾਰ ਭਗਤ ਰਵਿਦਾਸ
ਜੀ ਨੇ ਮਨ ਦੀ ਇਸ ਅਵਸਥਾ ਨੂੰ ਇਸ ਦਾ ਵਤਨ ਦਸਦੇ ਹੋਏ, ਇਸਨੂੰ ‘ਬੇਗਮਪੁਰਾ’ ਕਿਹਾ ਹੈ।
ਪਰੰਤੂ ਮਨ ਇਨ੍ਹਾਂ ਜੋਤਿ ਦੇ ਗੁਣਾਂ ਨੂੰ ਭੁੱਲ ਗਿਆ। ਦਿਸਣ ਵਾਲੀ ਰਚਨਾ ਦੇ ਰਸਾਂ ਅੰਦਰ ਖਚਤ ਹੋ
ਗਿਆ, ਜੋ ਇਸਨੂੰ ਭੋਗਣ ਵਾਸਤੇ ਕਿਸੇ ਸੰਜਮ ਵਿੱਚ ਦਿੱਤੇ ਸਨ। ਇਸ ਨੇ ਇਨ੍ਹਾਂ ਰਸਾਂ ਦੀ ਮਿਕਦਾਰ
ਨੂੰ ਇਤਨਾ ਵਧਾ ਲਿਆ ਕਿ ਇਹ ਆਪਣੇ ਅਸਲੇ ਨੂੰ ਭੁੱਲ ਗਿਆ, ਜੋ ਬੇਗਮਪੁਰਾ ਹੈ। ਇਸ ਭੁੱਲ ਦੇ ਕਾਰਣ
ਇਹ ਜਾਤਾਂ-ਪਾਤਾਂ, ਧਰਮਾਂ ਆਦਿ ਅਨੇਕ ਤਰ੍ਹਾਂ ਦੇ ਵਿਸ਼ਵਾਸ਼ ਵਿੱਚ ਜੀੳਣ ਕਾਰਣ ਕਮਜ਼ੋਰ ਤੇ ਚਿੰਤਾਵਾਂ
ਵਿੱਚ ਘਿਰ ਕੇ ਬਹੁਤ ਤੰਗ ਦਿਲ ਬਣ ਗਿਆ। ਜੋ ਇਸਦਾ ਅਸਲੀ ਸੁਭਾੳ ਨਹੀਂ ਸੀ।
ਇਸ ਮਨ ਨੁੰ ਜੋਤਿ ਰੂਪ ਅਸਲੇ ਵੱਲ ਲਿਆਉਣ ਵਾਸਤੇ ਗੁਰੂ ਗ੍ਰੰਥ ਸਾਹਿਬ ਜੀਆਂ ਅੰਦਰ ਸਾਰੇ
ਮਹਾਂਪੁਰਖਾਂ ਨੇ ਇਕੋਂ ਉਪਦੇਸ਼ ਦਿੱਤਾ ਕਿ ਜੇ ਮਨ ਇੱਕ ਪਰਮਾਤਮਾ, ਅਕਾਲ ਪੁਰਖ ਨਾਲ ਲੱਗ ਜਾਏ, ਜੁੜ
ਜਾਏ ਤਾਂ ਇਹ ਬਿਲਕੁਲ ਆਪਣੇ ਅਸਲੇ (ਮੂਲ) ਦੇ ਗੁਣਾਂ ਵਾਲਾ, ਹਿਰਦੇ ਦੀ ਵਿਸ਼ਾਲਤਾ, ਸ਼ਾਂਤੀ, ਸੰਤੋਖ,
ਦਇਆ, ਸੰਜਮ ਇਤਆਦਿ ਅਤੇ ਭੇਦ ਭਾਵ, ਜਾਤ-ਪਾਤ ਦੇ ਭੇਦਾਂ, ਵਰਨਾਂ ਤੋ ਰਹਿਤ, ਨਿਰਭਉ, ਨਿਰਵੈਰ ਰੂਪ,
ਜੋ ਕਿ ਇਸ ਮਨ ਦਾ ਅਸਲੀ ਰੂਪ ਸੀ, ਅਸਲੇ ਦੇ ਇਸ ਰੂਪ ਨਾਲ ਸੰਸਾਰ ਵਿੱਚ ਵਿਚਰੇ, ਤਾਂ ਮਨ ਦੇ ਸਾਰੇ
ਝਗੜੇ ਦੂਰ ਹੋ ਸਕਦੇ ਹਨ। ਨਾਲ ਹੀ ਇਸਨੂੰ ਕੋਈ ਬੈਗਾਨਾ, ਦੂਜਾ, ਨਜ਼ਰ ਨਹੀਂ ਆਵੇਗਾ ਤੇ ਇਸਨੂੰ ਹਰ
ਇੱਕ ਵਿੱਚ ਆਪਣਾ ਹੀ ਰੂਪ ਨਜ਼ਰ ਆਵੇਗਾ। ਗੁਰਬਾਣੀ ਅੰਕ: 1411, 1412 ਉਪਰ ਮਨ ਦੀ ਇਸ ਅਵਸਥਾ ਨੂੰ
ਸੁਘੜ ਸਰੂਪ ਵਾਲੀ ਕਿਹਾਂ ਹੈ। ਇਸਤੋਂ ਉਲਟ ਜੇ ਅਸੀਂ ਅਗਿਆਨਤਾ, ਹਊਮੈ, ਭੇਦ-ਭਾਵ ਵਿੱਚ ਜੀਵਨ ਬਿਤਾ
ਰਹੇ ਹਾਂ ਤਾਂ ਇਸ ਨੂੰ ਮਨ ਦੀ ਕਰੂਪਤਾ ਵਾਲੀ ਅਵਸਥਾਂ ਦਰਸਾਇਆ ਗਿਆ ਹੈ।
ਮਨ ਦੀ ਸੁੱਘੜ ਸਰੂਪ ਅਵਸਥ ਮਨੁੱਖਤਾ ਦਾ ਸਿਖਰ ਹੈ, ਇਸ ਨੂੰ ਬੇਗਮਪੁਰਾ, ਸਹਿਜ ਆਦਿ ਨਾਵਾਂ ਨਾਲ
ਵਰਣਨ ਕੀਤਾ ਗਿਆ ਹੈ। ਮਨੁੱਖਤਾ ਦਾ ਅਸਲੀ ਧਰਮ ਇਹ ਹੀ ਹੈ, ਇਸ ਅਵਸਥਾ ਵਿੱਚ ਮਨ ਜਾਗਿਆ ਹੋਇਆ,
ਪੂਰਨ ਸਾਵਧਨਤਾ, ਬ੍ਰਹਿਮੰਡੀ ਜੀਵਨ ਢੰਗ ਨਾਲ ਇਕਮਿਕ ਹੋ ਕੇ ਹੁਕਮ, ਰਜਾ ਦਾ ਜਾਣੂੰ ਹੋ (ਸਵਾਮੀ)
ਦੇ ਹੁਕਮ, ਭਾਣੇ, ਵਿੱਚ ਚੱਲੇਗਾ।
ਕੇਵਲ ਸੰਸਾਰਿਕ ਵਿਦਿਆ ਇਸ ਅਵਸਥਾ ਤੱਕ ਨਹੀਂ ਪੁਜਾ ਸਕਦੀ। ਇਸ ਦਾ ਪ੍ਰਮਾਣ ਇਹ ਹੈ ਕਿ ਜਿੰਨੇ ਵੀ
ਵਿਕਾਸ਼ੀਲ ਦੇਸ਼ ਹਨ, ਉਹਨਾਂ ਨੇ ਬਹੁਤ ਹੀ ਜ਼ਿਆਦਾ ਮਾਰੂ ਹਥਿਆਰ ਬਣਾਕੇ ਸੰਸਾਰ ਨੁੰ ਪਾੜਣ ਵਾਲਾ ਕੰਮ
ਹੀ ਕੀਤਾ, ਜੋੜਨ ਵਾਲਾ ਨਹੀਂ। ਇਸ ਕਾਰਣ ਸਾਡਾ ਜੀਵਨ ਵੀ ਬਨਾਉਟੀ ਕਿਸਮ ਦਾ ਬਣ ਗਿਆ। ਇਸ ਜੀਵਨ
ਵਿੱਚੋਂ ਭਾਈਚਾਰਕ ਸਾਂਝ, ਪਿਆਰ, ਰੱਬੀ ਗੁਣ, ਉੱਡ ਪੁੱਡ ਜਾਣ ਨਾਲ ਮਨੁੱਖੀ ਪਿਆਰ ਲੀਰੋ ਲੀਰ ਹੋ
ਚੁੱਕਾ ਹੈ।
ਮਨ ਦੇ ਸੁੱਘੜ ਰੂਪ ਵਾਲਾ ਜੀਵਨ ਲੀਰੋ-ਲੀਰ ਹੋਈ ਮਨੁੱਖਤਾ ਨੂੰ ਜੋੜ ਕੇ ਏਕ ਪਿਤਾ ਦੇ ਬਾਰਿਕ ਬਨਾਣ
ਦੀ ਸਮਰੱਥਾ ਰਖਦਾ ਹੈ।
ਕੁੱਝ ਪੜ੍ਹੇ-ਲਿਖੇ ਵਿਦਵਾਨਾਂ ਦਾ ਕਹਿਣਾ ਹੈ ਕਿ ਮਨ ਦਿਮਾਗ ਦਾ ਨਾਂ ਹੈ। ਇਹ ਬਿਲਕੁੱਲ ਗਲਤ ਹੈ।
ਸਭ ਨੂੰ ਇਹ ਜਾਣਕਾਰੀ ਹੈ ਕਿ ਸਾਡੇ ਦੇਸ਼ ਦੇ ਵੱਡੇ-ਵੱਡੇ ਸਰਕਾਰੀ ਕਰਿੰਦੇ ਲਾਲ ਫੀਤਾਸ਼ਾਹੀ ਵਾਲੇ,
ਵੱਡੇ-ਵੱਡੇ ਨੇਤਾ, ਅਖੌਤੀ ਸਾਧ ਅਤੇ ਹੋਰ ਵਿਕਸਤ ਦਿਮਾਗ ਵਾਲੇ ਇਨ੍ਹਾਂ ਵਿੱਚੋਂ ਕਈ ਵੱਡੀਆਂ
ਹਸਤੀਆਂ ਉਤੇ ਬਲਾਤਕਾਰ, ਠੱਗੀ ਤੇ ਗਰੀਬਾਂ ਦੀਆਂ ਗਰਾਟਾਂ ਦੇ ਪੈਸੇ ਹਜ਼ਮ ਕਰਨ ਦੇ ਕੇਸ ਚੱਲ ਰਹੇ
ਹਨ, ਇਹਨਾਂ ਵਿੱਚ ਕਾਨੂੰਨ ਦੇ ਰੱਖਵਾਲੇ, ਕਾਨੂੰਨ ਬਨਾਉਣ ਵਾਲੇ, ਧਾਰਮਿਕ ਆਗੂ ਵੀ ਸ਼ਾਮਲ ਹਨ। ਜੇ
ਇਹਨਾਂ ਦਾ ਮਨ ਵਿਕਸਤ ਹੋ ਕੇ ਸੁੱਘੜ ਸਰੂਪ ਵਾਲਾ ਹੁੰਦਾ ਤਾਂ ਇਹ ਕਦੇ ਵੀ ਗਲਤੀ ਨਾ ਕਰਦੇ ਅਤੇ
ਕੁਦਰਤੀ ਹੁਕਮਾਂ ਵਿੱਚ ਵਿਚਰਦੇ। ਦਿਮਾਗ ਪੰਜਾਂ ਤੱਤਾਂ ਦੇ ਸਰੀਰ ਦਾ ਹਿੱਸਾ ਹੈ। ਵਿਕਸਤ ਮਨ ਅਕਾਲ
ਪੁਰਖ ਦੀ ਜੋਤਿ ਹੈ, ਜੋ ਭੁੱਲਣ ਵਿੱਚ ਨਹੀ ਆਉਂਦੀ।
ਕਿੰਨਾ ਚੰਗਾ ਹੋਵੇ ਜੇ ਸਾਰੇ ਧਰਮ ਫੋਕੇ ਕਰਮ-ਕਾਡਾਂ ਦੀ ਥਾਂ ਮਨ ਨੂੰ ਜਾਨਣ ਅਤੇ ਸੁਧਾਰਨ ਦੀ
ਸਿੱਖਿਆ ਦਾ ਲੋਕਾਂ ਵਿੱਚ ਪ੍ਰਚਾਰ ਕਰਨ, ਜੋ ਸਹੀ ਮਨੁੱਖਤਾ ਦਾ ਧਰਮ ਹੈ।
ਮਹਾਂਪੁਰਖਾਂ ਦੀਆਂ ਉਪਰੋਕਤ ਵੀਚਾਰਾਂ ਨੁੰ ਧਿਆਨ ਵਿੱਚ ਰੱਖਦਿਆ ਉਹਨਾਂ ਵੀਰਾਂ ਨੁੰ ਜੋ ਗੁਰੂ ਘਰਾਂ
ਦੇ ਉੱਚ ਅਸਥਾਨਾਂ ਤੇ ਬੈਠੇ ਹੁਕਮ ਚਲਾਉਂਦੇ ਹਨ ਸਨਿਮਰ ਬੇਨਤੀ ਹੈ ਕਿ ਪਹਿਲਾਂ ਗੁਰਬਾਣੀ ਅਨੂੰਸਾਰ
ਆਪਣੇ ਮਨ ਨੁੰ ਪਛਾਣੋ, ਵਿਕਸਤ ਕਰੋ, ਫਿਰ ਇਸਨੂੰ ਕਰਨੀ ਵਿੱਚ ਲਿਆਕੇ ਪ੍ਰਚਾਰ ਕਰੋ, ਤਾਂ ਕਦੇ ਵੀ
ਤੁਹਾਡੇ ਫੈਸਲਿਆ ਨੁੰ ਕੋਈ ਗੁਰਸਿੱਖ ਰੱਦ ਨਹੀਂ ਕਰੇਗਾ। ਨਾ ਹੀ ਗੁਰਦੁਆਰਿਆਂ ਅੰਦਰ ਝਗੜੇ ਹੋਣਗੇ।
ਇਹ ਗੱਲਾਂ ਗੁਰੂ ਘਰ ਦੇ ਸੇਵਕਾਂ ਨੂੰ ਇਸ ਕਰਕੇ ਕਹਿ ਰਹੇ ਹਾਂ, ਕਿਉਂਕਿ ਤੁਸੀਂ ਇਕੋ ਇੱਕ ਸਾਂਝੇ
ਮਨੁੱਖਤਾ ਦੇ ਧਰਮ, ਗੁਰਬਾਣੀ ਤੇ ਕਬਜ਼ਾ ਕਰੀ ਬੈਠੇ ਹੋ।
ਉਪਰੋਕਤ ਵਿਚਾਰਾਂ ਦਾ ਅਧਾਰ ਗੁਰੂ ਗ੍ਰੰਥ ਸਾਹਿਬ ਜੀ:- ਅੰਕ 330, 441, 668, 945, 425, 1253,
1030 ਤੇ ਅੰਕਿਤ ਹੈ। ਭੁੱਲਾਂ ਦੀ ਖਿਮਾ
ਗਰਬਖਸ਼ ਸਿੰਘ
9417231762