.

ਪੂਤਾ ਮਾਤਾ ਕੀ ਆਸੀਸਕਿਸ ਦੇ ਲਈ॥

ਪਿਆਰੇ ਸਤਸੰਗੀ ਜਨੋ ਅੱਜ ਆਪਾਂ ਸਾਰੇ ਇਹ ਗੱਲ ਵਿਚਾਰਨ ਜਾ ਰਹੇ ਹਾਂ ਕਿ ਪੂਤਾ ਮਾਤਾ ਕੀ ਆਸੀਸ ਵਾਲੇ ਸ਼ਬਦ ਵਿੱਚ ਗੁਰੂ ਸਾਹਿਬ ਅਸੀਸ ਕਿਸ ਨੂੰ ਦੇ ਰਹੇ ਨੇ। ਆਮ ਤੋਰ ਤੇ ਜਦੋਂ ਕੋਈ ਪਰਵਾਰ ਆਪਣੇ ਪੁੱਤਰ ਦੇ ਜਨਮ ਦਿਨ ਸਬੰਧੀ ਗੁਰਦੁਆਰੇ ਵਿੱਚ ਅਰਦਾਸ ਕਰਵਾਉਣ ਲਈ ਜਾਂਦੇ ਹਨ ਤਾਂ ਰਾਗੀ ਸਿੰਘ ਇਹ ਸ਼ਬਦ ਪੜ੍ਹਦੇ ਦੇਖੇ ਜਾ ਸਕਦੇ ਹਨ। ਰਾਗੀ ਸਿੰਘ ਵਾਰ-ਵਾਰ ਬੱਚੇ ਦਾ ਨਾਮ ਲੈ-ਲੈ ਕੇ ਇਹ ਕਹਿ ਰਹੇ ਹੁੰਦੇ ਹਨ ਕਿ ਹੇ ਪੁੱਤਰ ਤੈਨੂੰ ਤੇਰੀ ਮਾਂ ਅਸੀਸ ਦੇ ਰਹੀ ਹੈ ਕਿ ਪਰਮਾਤਮਾ ਦਾ ਨਾਮ ਤੈਨੂੰ ਨਾਂ ਭੁੱਲੇ। ਤੇ ਇਹ ਵੀ ਬੜੇ ਜ਼ੋਰ ਨਾਲ ਕਹਿ ਰਹੇ ਹੁੰਦੇ ਹਨ ਕਿ ਤੇਰੀ ਸੰਤਾਂ ਨਾਲ ਪਰੀਤ ਪੈ ਜਾਵੇ। ਅਸੀਂ ਇੱਥੇ ਇਹ ਵੀ ਵਿਚਾਰ ਕਰਨੀ ਹੈ ਕਿ ਗੁਰੂ ਸਾਹਿਬ ਕਿਹੜੇ ਸੰਤ ਨਾਲ ਪਰੀਤ ਪਾਉਣ ਵਾਸਤੇ ਕਹਿ ਰਹੇ ਹਨ।

ਅਸੀਂ ਸਾਰੇ ਇਸ ਗੱਲ ਤੋਂ ਵਾਕਿਫ ਹਾਂ ਕਿ ਗੁਰਬਾਣੀ ਦਾ ਉਪਦੇਸ਼ ਹਰੇਕ ਪ੍ਰਾਣੀ ਲਈ ਹੈ ਚਾਹੇ ਉਹ ਔਰਤ ਹੈ ਜਾ ਮਰਦ, ਬੱਚਾ ਹੈ ਜਾ ਬਜ਼ੁਰਗ। ਪਰ ਅਸੀਂ ਜਦੋਂ ਗੁਰਬਾਣੀ ਦੇ ਅਰਥ ਕਰਨ ਲਗਦੇ ਹਾਂ ਤਾਂ ਇਹ ਗੱਲ ਵਿਸਾਰ ਦਿੰਦੇ ਹਾਂ। ਚਾਹੇ ਬੱਚੇ ਦਾ ਪਿਤਾ ਜਿੰਨੇ ਮਰਜ਼ੀ ਗਲਤ ਕੰਮ ਕਰਦਾ ਹੋਵੇ, ਨਸ਼ੇ ਕਰਦਾ ਹੋਵੇ ਤੇ ਮਾਂ ਭਾਵੇਂ ਆਪ ਸਿੱਖੀ ਤੋਂ ਬਹੁਤ ਦੂਰ ਹੋਵੇ ਤੇ ਬੱਚਾ ਭਾਵੇਂ ਬਹੁਤ ਚੰਗੇ ਸੁਭਾ ਦਾ ਹੋਵੇ ਪਰ ਫੇਰ ਵੀ ਇਹ ਅਸੀਸ ਬੱਚੇ ਨੂੰ ਹੀ ਦਿੱਤੀ ਜਾਂਦੀ ਹੈ। ਜੇ ਅਸੀਂ ਇਹ ਗੱਲ ਮੰਨਦੇ ਹਾਂ ਕਿ ਗੁਰਬਾਣੀ ਸਰਬ ਸਾਂਝੀ ਹੈ ਤਾਂ ਸਾਨੂੰ ਇਹ ਵੀ ਮੰਨਣਾ ਪਵੇਗਾ ਕਿ ਗੁਰੂ ਸਾਹਿਬ ਮਾਂ ਦੇ ਰੂਪ ਵਿੱਚ ਸਾਨੂੰ ਸਾਰਿਆਂ ਨੂੰ ਹੀ ਅਸੀਸ ਦੇ ਰਹੇ ਹਨ ਕਿ ਸਾਨੂੰ ਇੱਕ ਨਿਮਖ ਵੀ ਪਰਮਾਤਮਾ ਦਾ ਨਾਮ ਨਾ ਵਿਸਰੇ। ਗੁਰਬਾਣੀ ਦਾ ਫੁਰਮਾਨ ਹੈ

ਤੂੰ ਗੁਰੁ ਪਿਤਾ ਤੂੰਹੈ ਗੁਰੁ ਮਾਤਾ ਤੂੰ ਗੁਰੁ ਬੰਧਪੁ ਮੇਰਾ ਸਖਾ ਸਖਾਇ॥ (167)

ਆਉ ਹੁੱਣ ਇਸ ਪੱਖ ਤੇ ਵੀ ਵਿਚਾਰ ਕਰੀਏ ਕਿ ਗੁਰੂ ਸਾਹਿਬ ਕਿਹੜੇ ਸੰਤ ਨਾਲ ਪ੍ਰੀਤ ਪਾਉਣ ਲਈ ਕਹਿ ਰਹੇ ਹਨ। ਜਦੋ ਕਿਤੇ ਗੁਰਬਾਣੀ ਵਿੱਚ ਸੰਤ ਸ਼ਬਦ ਆਉਂਦਾ ਹੈ ਤਾਂ ਸਾਡਾ ਸਾਰਿਆਂ ਦਾ ਧਿਆਨ ਕਿਸੇ ਕਾਲੀ ਓਡੀ (Audi) ਵਾਲੇ ਅਖੌਤੀ ਸੰਤ ਵੱਲ ਚਲਿਆ ਜਾਂਦਾ ਹੈ। ਇਹਨਾ ਅਖੌਤੀ ਸੰਤਾਂ ਬਾਰੇ ਤਾਂ ਗੁਰਬਾਣੀ ਉਪਦੇਸ਼ ਕਰਦੀ ਹੈ ਕਿ

ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ॥

ਗਲੀ ਜਿਨਾੑ ਜਪਮਾਲੀਆ ਲੋਟੇ ਹਥਿ ਨਿਬਗ॥

ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ॥ (476)

ਪਰ ਇਸ ਸ਼ਬਦ ਵਿੱਚ ਗੁਰੂ ਸਾਹਿਬ ਕਿਸੇ ਅਖੌਤੀ ਸੰਤ ਨਾਲ ਨਹੀਂ ਬਲਕਿ ਸ਼ਬਦ ਗੁਰੂ ਦੀ ਸਿਖਿਆ ਤੇ ਚੱਲ੍ਹ ਕੇ ਪਰਮਾਤਮਾ ਰੂਪੀ ਸੰਤ ਨਾਲ ਪ੍ਰੀਤ ਪਾਉਣ ਨੂੰ ਕਹਿ ਰਹੇ ਹਨ।

ਅਖੀਰ ਵਿੱਚ ਸਾਰੇ ਵੀਰਾਂ ਤੇ ਭੈਣਾ ਅਗੇ ਇਹੋ ਬੇਨਤੀ ਕਰਦਾ ਹਾਂ ਕਿ ਆਪਾਂ ਸਾਰੇ ਆਪਣੇ ਘਰਾਂ ਵਿੱਚ ਗੁਰਬਾਣੀ ਵਿਚਾਰ ਕਰੀਏ ਤੇ ਗੁਰਬਾਣੀ ਅਨੁਸਾਰ ਆਪਣੇ ਜੀਵਨ ਨੂੰ ਢਾਲੀਏ। ਤੇ ਇੱਕ ਸੋਹਣੇ ਸਮਾਜ ਦੀ ਸਿਰਜਣਾ ਕਰੀਏ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ॥

ਹਰਮਨਪ੍ਰੀਤ ਸਿੰਘ

Mobile - 96463-67479




.