.

ਮੇਰੀ ਪਟੀਆ ਲਿਖਿ ਦੇਹੁ ਗੋਬਿੰਦ ਮੁਰਾਰਿ

ਭੈਰਉ ਮਹਲਾ 3 ਘਰੁ 2 ੴਸਤਿਗੁਰ ਪ੍ਰਸਾਦਿ॥
ਤਿਨਿ ਕਰਤੈ ਇਕੁ ਚਲਤੁ ਉਪਾਇਆ॥ ਅਨਹਦ ਬਾਣੀ ਸਬਦੁ ਸੁਣਾਇਆ॥
ਮਨਮੁਖਿ ਭੂਲੇ ਗੁਰਮੁਖਿ ਬੁਝਾਇਆ॥ ਕਾਰਣੁ ਕਰਤਾ ਕਰਦਾ ਆਇਆ॥ 1॥
ਗੁਰ ਕਾ ਸਬਦੁ ਮੇਰੈ ਅੰਤਰਿ ਧਿਆਨੁ॥
ਹਉ ਕਬਹੁ ਨ ਛੋਡਉ ਹਰਿ ਕਾ ਨਾਮੁ॥ 1॥ ਰਹਾਉ॥
ਪਿਤਾ ਪ੍ਰਹਲਾਦੁ ਪੜਣ ਪਠਾਇਆ॥ ਲੈ ਪਾਟੀ ਪਾਧੇ ਕੈ ਆਇਆ॥
ਨਾਮ ਬਿਨਾ ਨਹ ਪੜਉ ਅਚਾਰ॥
ਮੇਰੀ ਪਟੀਆ ਲਿਖਿ ਦੇਹੁ ਗੋਬਿੰਦ ਮੁਰਾਰਿ॥ 2॥
ਗੁਰੂ ਗ੍ਰੰਥ ਸਾਹਿਬ, ਪੰਨਾ 1154

ਨੋਟ – ਜਿਵੇਂ ਆਪਾਂ ਪਿੱਛੇ ਵੀ ਜ਼ਿਕਰ ਕਰ ਆਏ ਹਾਂ ਕਿ ਹਰੇਕ ਸ਼ਬਦ ਵੀਚਾਰਨ ਤੋਂ ਪਹਿਲਾਂ ਗੁਰਮਤਿ ਸਿਧਾਂਤ ਨਹੀਂ ਭੁੱਲਣਾ ਚਾਹੀਦਾ, ਅਤੇ ਸ਼ਬਦ ਵੀਚਾਰਨ ਤੋਂ ਪਹਿਲਾਂ ਇਹ ਗੱਲ ਵੀ ਨਹੀਂ ਭੁੱਲਣੀ ਚਾਹੀਦੀ ਕਿ ਗੁਰਮਤਿ ਹਰੇਕ ਕਰਮਕਾਂਡੀ ਕਹਾਣੀ ਦਾ ਖੰਡਨ ਕਰਦੀ ਹੈ। ਸੋ ਪ੍ਰਹਿਲਾਦ ਜੀ ਦੇ ਜੀਵਨ ਨਾਲ ਜੋ ਕਰਮਕਾਂਡੀਆਂ ਵਲੋਂ ਕਹਾਣੀਆਂ ਜੋੜੀਆਂ ਗਈਆਂ ਹਨ, ਦਾ ਇੱਕ ਲੁਕਵਾਂ ਮਨੋਰਥ
(Hidden Agenda) ਹੈ ਕਿ ਪ੍ਰਹਿਲਾਦ ਜੀ ਦੀ ਵੀਚਾਰਧਾਰਾ ਨੂੰ ਖ਼ਤਮ ਕਰ ਕੇ ਕਰਮ ਕਾਂਡ ਦਾ ਡੰਕਾ ਹੀ ਵਜਾਇਆ ਜਾਵੇ।
ਇਸ ਸ਼ਬਦ ਅੰਦਰ ਜੋ ਮਾਤਾ ਪਿਤਾ ਦਾ ਸੰਕਲਪ ਹੈ, ਉਸ ਉੱਪਰ ਝਾਤ ਮਾਰੀਏ ਤਾਂ ਗੁਰਮਤਿ ਅਨੁਸਾਰ ਮਾਤਾ ਪਿਤਾ ਸ਼ਬਦ ਕਿਸ ਸੰਦਰਭ ਵਿੱਚ ਵਰਤੇ ਗਏ ਹਨ, ਦਾ ਪਤਾ ਚੱਲਦਾ ਹੈ।
ਗੁਰਮਤ ਮਾਤਾ ਮੱਤ ਹੈ ਪਿਤਾ ਸੰਤੋਖ ਮੋਖ ਪਦ ਪਾਯਾ।
ਭਾਈ ਗੁਰਦਾਸ, ਵਾਰ 6
ਗੁਰਬਾਣੀ ਅੰਦਰ ਮਾਤਾ ਜਾਂ ਪਿਤਾ ਸ਼ਬਦ ਜਿੱਥੇ ਵੀ ਕਿਤੇ ਆਇਆ ਹੈ, ਜ਼ਿਆਦਾ ਕਰਕੇ ਇਨ੍ਹਾਂ ਦਾ ਸਬੰਧ ਦੁਨਿਆਵੀ ਰਿਸ਼ਤਿਆਂ ਨਾਲ ਜੋੜ ਦਿੱਤਾ ਗਿਆ। ਇਸੇ ਕਾਰਨ ਕਦੇ ਅਸੀਂ ਨਾਮਦੇਵ ਜੀ ਹੋਰਾਂ ਦੀ ਮਾਤਾ ਨੂੰ ਰੁਦਨ ਕਰਦੇ ਦਿਖਾ ਰਹੇ ਹਾਂ, ਕਦੇ ਪ੍ਰਹਿਲਾਦ ਜੀ ਦੀ ਮਾਤਾ ਜੀ ਨੂੰ, ਅਤੇ ਕਦੇ ਕਬੀਰ ਜੀ ਦੀ ਮਾਤਾ ਜੀ ਨੂੰ। ਅਸਲ ਵਿੱਚ ਇਨ੍ਹਾਂ ਸ਼ਬਦਾਂ ਅੰਦਰ ਦੁਨਿਆਵੀ ਰਿਸ਼ਤਿਆਂ ਦਾ ਕੋਈ ਸਬੰਧ ਨਹੀਂ ਹੈ, ਜਿਸ ਤਰ੍ਹਾਂ ਕਿ ਅਸੀਂ ਬਣਾ ਦਿੱਤਾ ਹੈ, ਜਿਵੇਂ ਕਬੀਰ ਜੀ ਦੇ ਉਚਾਰਨ ਸ਼ਬਦ “ਸੁਨਹੁ ਜਿਠਾਨੀ ਸੁਨਹੁ ਦਿਰਾਨੀ” ਵਾਲੇ ਵਿੱਚ ਕੀਤਾ ਗਿਆ ਹੈ। ਇਸ ਸ਼ਬਦ ਦੀ ਵਿਆਖਿਆ ਆਪਾਂ ਪਹਿਲਾਂ ਕਰ ਆਏ ਹਾਂ। ਸੋ ਇਸ ਸ਼ਬਦ ਅੰਦਰ ਮਾਤਾ ਪਿਤਾ ਦਾ ਸਿਧਾਂਤ ਗੁਰਮਤਿ ਵਾਲਾ ਹੀ ਸਮਝਣਾ ਹੈ।
ਮਾਤਾ ਮਤਿ ਪਿਤਾ ਸੰਤੋਖੁ॥ ਸਤੁ ਭਾਈ ਕਰਿ ਏਹੁ ਵਿਸੇਖੁ॥ 1॥
ਗੁਰੂ ਗ੍ਰੰਥ ਸਾਹਿਬ, ਪੰਨਾ 151
ਪਦ ਅਰਥ
ਤਿਨਿ ਕਰਤੈ – ਉਸ ਕਰਤੇ ਵਾਹਿਗੁਰੂ ਨੇ
ਚਲਤੁ – ਚਲਾਏਮਾਨ
ਅਨਹਦ ਬਾਣੀ – ਆਤਮਿਕ ਗਿਆਨ ਦੀ ਬਖ਼ਸ਼ਿਸ਼ ਰੂਪ ਅਸਚਰਜਤਾ
ਪਿਤਾ – ਸੰਤੋਖ ਰੂਪ ਪਿਤਾ
ਪਠਾਇਆ – ਦ੍ਰਿੜ੍ਹ ਕਰਨਾ
ਪਾਟੀ – ਹਿਰਦੈ ਰੂਪੀ ਪੱਟੀ
ਸਚੀ ਪਟੀ ਸਚੁ ਮਨਿ ਪੜੀਐ ਸਬਦੁ ਸੁ ਸਾਰੁ॥
ਨਾਨਕ ਸੋ ਪੜਿਆ ਸੋ ਪੰਡਿਤੁ ਬੀਨਾ ਜਿਸੁ ਰਾਮ ਨਾਮੁ ਗਲਿ ਹਾਰੁ॥ 54॥ 1॥
ਗੁਰੂ ਗ੍ਰੰਥ ਸਾਹਿਬ, ਪੰਨਾ 938
ਪਾਧੇ – ਆਤਮਿਕ ਗਿਆਨ ਰੂਪ ਪਾਂਧਾ
ਪਾਧਾ ਗੁਰਮੁਖਿ ਆਖੀਐ ਚਾਟੜਿਆ ਮਤਿ ਦੇਇ॥
ਨਾਮੁ ਸਮਾਲਹੁ ਨਾਮੁ ਸੰਗਰਹੁ ਲਾਹਾ ਜਗ ਮਹਿ ਲੇਇ॥
ਗੁਰੂ ਗ੍ਰੰਥ ਸਾਹਿਬ, ਪੰਨਾ 938
ਪਾਧੇ ਕੈ ਆਇਆ – ਆਤਮਿਕ ਗਿਆਨ ਦੀ ਸ਼ਰਨ ਆਉਣ ਨਾਲ
ਅਚਾਰ – ਸਿੱਖਿਆ
ਨਾਮ ਬਿਨਾ ਨਹ ਪੜਉ ਅਚਾਰ – ਨਾਮ ਤੋਂ ਬਿਨਾ ਹੋਰ ਕੋਈ ਸਿੱਖਿਆ ਨਹੀਂ ਪੜ੍ਹਨੀ; ਨਹੀਂ ਦ੍ਰਿੜ੍ਹ ਕਰਨੀ
ਅਰਥ
ਹੇ ਭਾਈ ਮੇਰੇ ਗੁਰੂ ਦਾ ਆਤਮਿਕ ਗਿਆਨ ਰੂਪ ਸ਼ਬਦ ਮੇਰੇ ਅੰਦਰ ਵਸ ਗਿਆ ਹੈ, ਅਤੇ ਗੁਰੂ ਦੇ ਬਖ਼ਸ਼ੇ ਹੋਏ ਆਤਮਿਕ ਗਿਆਨ ਰਾਹੀਂ ਮੇਰੀ ਸੁਰਤ ਗੁਰ ਸ਼ਬਦ ਅੰਦਰ ਜੁੜ ਚੁੱਕੀ ਹੈ, ਅਤੇ ਮੈਂ ਹੁਣ ਉਸ ਪ੍ਰਮਾਤਮਾ ਦਾ ਨਾਮ ਕਦੇ ਨਹੀਂ ਛੱਡਾਂਗਾ।
ਹੇ ਭਾਈ ਚਲਾਏਮਾਨ ਜਗਤ ਕਰਤਾਰ ਨੇ ਰਚਿਆ ਹੈ, ਭਾਵ ਜੀਵ ਆਉਂਦੇ ਹਨ ਅਤੇ ਚਲੇ ਜਾਂਦੇ ਹਨ। ਇਹ ਜਗਤ ਇੱਕ ਸਰਾਂ ਦੀ ਤਰ੍ਹਾਂ ਹੈ, ਅਤੇ ਉਸ ਕਰਤੇ ਦੇ ਅਸਚਰਜ ਆਤਮਿਕ ਗਿਆਨ ਦੀ ਬਖ਼ਸ਼ਿਸ਼ ਗੁਰ ਸ਼ਬਦ ਰਾਹੀਂ ਸੁਰਤ ਜੋੜਨ ਨਾਲ ਹੀ ਸਮਝ ਪੈਦੀ ਹੈ। ਅਤੇ ਇਹ ਸੱਚ ਜਾਣਿਆ ਜਾ ਸਕਦਾ ਹੈ। ਮਨਮੁਖਿ ਇਸ ਅਸਚਰਜ ਆਤਮਿਕ ਗਿਆਨ ਦੀ ਬਖ਼ਸ਼ਿਸ਼ ਤੋਂ ਵਾਂਝੇ ਰਹਿ ਕੇ ਆਪਣਾ ਜੀਵਨ ਵਿਅਰਥ ਗੁਆ ਜਾਂਦੇ ਹਨ, ਅਤੇ ਗੁਰਮੁਖਿ ਇਸ ਅਸਚਰਜਤਾ ਨੂੰ ਆਤਮਿਕ ਗਿਆਨ ਰੂਪੀ ਬਖ਼ਸ਼ਿਸ਼ ਨਾਲ ਸਮਝ ਜਾਂਦੇ ਹਨ। ਉਹ ਇਹ ਸਮਝ ਜਾਂਦੇ ਹਨ ਕਿ ਇਹ ਕਰਤੇ ਦੀ ਕਰਨੀ ਹੈ, ਭਾਵ ਉਸ ਦੀ ਰਜ਼ਾ ਹੈ, ਅਤੇ ਉਸ ਦੀ ਰਜ਼ਾ ਅੰਦਰ ਮੁੱਢ ਤੋਂ ਹੀ ਆਉਣਾ ਜਾਣਾ ਬਣਿਆ ਹੈ।
ਗੁਰਮੁਖਿ ਸਮਝ ਜਾਂਦੇ ਹਨ ਕਿ ਸੰਸਾਰ ਚਲਾਏਮਾਨ ਹੈ, ਇਥੇ ਸਦੀਵੀ ਨਹੀਂ ਰਹਿਣਾ ਅਤੇ ਸਦੀਵੀ ਰਹਿਣ ਵਾਲੇ ਕਰਤਾਰ ਦੀ ਸ਼ਰਨ ਆ ਜਾਂਦੇ ਹਨ। ਮਨਮੁਖ ਅਸਲ ਮਾਰਗ ਤੋਂ ਭਟਕ ਕੇ ਆਪਣਾ ਜੀਵਨ ਵਿਅਰਥ ਗਵਾ ਜਾਂਦੇ ਹਨ। ਜਿਨ੍ਹਾਂ ਨੂੰ ਅਨਹਦ ਬਾਣੀ ਆਤਮਿਕ ਗਿਆਨ ਰੂਪੀ ਬਖ਼ਸ਼ਿਸ਼ ਜੋ ਗੁਰ ਸ਼ਬਦ ਹੈ, ਵਿੱਚ ਸੁਰਤ ਜੋੜਨ ਨਾਲ ਦ੍ਰਿੜ੍ਹਤਾ ਆ ਜਾਂਦੀ ਹੈ, ਉਹ ਫਿਰ ਕਹਿੰਦੇ ਹਨ ਕਿ ਉਹ ਕਦੇ ਹਰੀ ਨਾਮ ਨਹੀਂ ਛੱਡਣਗੇ।
ਪ੍ਰਹਿਲਾਦ ਜੀ ਬਾਬਤ ਇਸੇ ਤਰ੍ਹਾਂ ਸਾਹਿਬ ਫੁਰਮਾਉਂਦੇ ਹਨ ਕਿ: -
ਪਿਤਾ ਪ੍ਰਹਲਾਦੁ ਪੜਣ ਪਠਾਇਆ॥ ਲੈ ਪਾਟੀ ਪਾਧੇ ਕੈ ਆਇਆ॥
ਨਾਮ ਬਿਨਾ ਨਹ ਪੜਉ ਅਚਾਰ॥
ਮੇਰੀ ਪਟੀਆ ਲਿਖਿ ਦੇਹੁ ਗੋਬਿੰਦ ਮੁਰਾਰਿ॥ 2॥
ਗੁਰੂ ਗ੍ਰੰਥ ਸਾਹਿਬ, ਪੰਨਾ 1154
ਪਦ ਅਰਥ
ਪਿਤਾ – “ਪਿਤਾ ਸੰਤੋਖ” ਸੰਤੋਖ ਰੂਪ ਪਿਤਾ
ਪੜਣ – ਪੜ੍ਹਨਾ
ਪੜਨ ਪਠਾਇਆ – ਪਾਠ ਦ੍ਰਿੜ੍ਹ ਕਰਾਇਆ
ਪਾਟੀ – ਹਿਰਦੇ ਰੂਪੀ ਪੱਟੀ
ਲਿਖਿ ਦੇਹੁ – ਲਿਖਿਆ ਜਾ ਚੁੱਕਾ ਹੈ
ਨਹ ਪੜਉ – ਨਾਂਹ ਪੜਉਂ
ਅਚਾਰ – ਸਿੱਖਿਆ
ਨਾਮ ਬਿਨਾ ਨਹ ਪੜਉ ਅਚਾਰ – ਨਾਮ ਤੋਂ ਬਿਨਾ ਹੋਰ ਕੋਈ ਸਿੱਖਿਆ ਨਾਂਹ ਪੜ੍ਹਨੀ
ਗੋਬਿੰਦੁ ਮੁਰਾਰਿ – ਪ੍ਰਭੂ ਪਿਤਾ
ਅਰਥ
ਸਾਹਿਬ ਫੁਰਮਾਉਂਦੇ ਹਨ ਕਿ ਪ੍ਰਹਿਲਾਦ ਨੇ ਵੀ ਇਹ ਆਤਮਿਕ ਅਨਹਦ ਗਿਆਨ ਰੂਪ ਸ਼ਬਦੁ ਹਰੀ ਨਾਮ, ਸੰਤੋਖ ਰੂਪ ਪਿਤਾ ਦੀ ਬਖ਼ਸ਼ਿਸ਼ ਨਾਲ ਆਤਮਿਕ ਗਿਆਨ-ਰੂਪ ਪਾਂਧੇ ਦੀ ਸ਼ਰਨ ਆਉਣ ਨਾਲ ਦ੍ਰਿੜ੍ਹ ਕੀਤਾ ਸੀ। ਪ੍ਰਹਿਲਾਦ ਨੇ ਹੀ ਇਹ ਨਾਹਰਾ ਮਾਰਿਆ ਸੀ, ਕਿ ਨਾਮ ਤੋਂ ਬਿਨਾਂ ਹੋਰ ਕੋਈ ਸਿੱਖਿਆ ਦ੍ਰਿੜ੍ਹ ਨਾਂਹ ਕਰੋ, ਕਿਉਂਕਿ ਆਤਮਿਕ ਗਿਆਨ ਰੂਪ ਗੁਰ ਸ਼ਬਦ ਦੀ ਸ਼ਰਨ ਆਉਣ ਨਾਲ ਮੇਰੀ ਹਿਰਦੇ ਰੂਪੀ ਪੱਟੀਆਂ ਉੱਤੇ ਗੋਬਿੰਦ, ਮੁਰਾਰ, ਹਰੀ, ਨਾਮ ਲਿਖਿਆ ਜਾ ਚੁੱਕਾ ਹੈ।
ਪੁਤ੍ਰ ਪ੍ਰਹਿਲਾਦ ਸਿਉ ਕਹਿਆ ਮਾਇ॥
ਪਰਵਿਰਤਿ ਨ ਪੜਹੁ ਰਹੀ ਸਮਝਾਇ॥
ਨਿਰਭਉ ਦਾਤਾ ਹਰਿ ਜੀਉ ਮੇਰੈ ਨਾਲਿ॥
ਜੇ ਹਰਿ ਛੋਡਉ ਤਉ ਕੁਲਿ ਲਾਗੈ ਗਾਲਿ॥ 3॥
ਗੁਰੂ ਗ੍ਰੰਥ ਸਾਹਿਬ, ਪੰਨਾ 1154
ਪਦ ਅਰਥ
ਪੁਤ੍ਰ ਪ੍ਰਹਿਲਾਦ – “ਹਰਿ ਜੀ ਮਾਤਾ, ਹਰਿ ਜੀ ਪਿਤਾ”
ਮਾਇ – ਮੱਤ
ਨੋਟ – ਮਾਇ ਦੇ ਅਰਥ ਮੱਤ, ਅਗਿਆਨਤਾ ਰੂਪੀ ਮੱਤ ਵੀ ਹਨ, ਪਰ ਇਸ ਸ਼ਬਦ ਅੰਦਰ ‘ਰਹੀ ਸਮਝਾਇ’ ਕਾਰਨ ਚੰਗੀ ਮੱਤ ਅਰਥ ਹੀ ਬਣਦੇ ਹਨ
ਕਹਿਆ – ਕਹਿਣਾ
ਪਰਵਿਰਤਿ –
ਗੁਰਮੁਖਿ ਸਰ ਅਪਸਰ ਬਿਧਿ ਜਾਣੈ॥
ਗੁਰਮੁਖਿ ਪਰਵਿਰਤਿ ਨਰਵਿਰਤਿ ਪਛਾਣੈ॥
ਗੁਰੂ ਗ੍ਰੰਥ ਸਾਹਿਬ, ਪੰਨਾ 941
ਪਰਵਿਰਤਿ ਨ ਪੜਹੁ – ਪ੍ਰਵਿਰਤ ਨਹੀਂ ਪੜ੍ਹਨੀ
ਰਹੀ – ਵਸੀ, ਠਹਿਰੀ, ਰੁਕੀ, ਬੰਦ ਹੋਈ, ਪਈ
ਰਹੀ ਸਮਝਾਇ – ਸਮਝ ਪੈ ਜਾਣੀ
ਨਿਰਭਉ ਦਾਤਾ ਹਰਿ ਜੀਉ ਮੇਰੈ ਨਾਲਿ –
ਤੇ ਗੁਰ ਕੇ ਸਿਖ ਮੇਰੇ ਹਰਿ ਪ੍ਰਭਿ ਭਾਏ
ਜਿਨਾ ਹਰਿ ਪ੍ਰਭੁ ਜਾਨਿਓ ਮੇਰਾ ਨਾਲਿ॥
ਜਨ ਨਾਨਕ ਕਉ ਮਤਿ ਹਰਿ ਪ੍ਰਭਿ ਦੀਨੀ
ਹਰਿ ਦੇਖਿ ਨਿਕਟਿ ਹਦੂਰਿ ਨਿਹਾਲ ਨਿਹਾਲ ਨਿਹਾਲ ਨਿਹਾਲ॥ 2॥ 3॥ 9॥
ਗੁਰੂ ਗ੍ਰੰਥ ਸਾਹਿਬ, ਪੰਨਾ 978
ਤਉ – ਤੇਰਾ, ਤੇਰੇ, ਤੁਹਾਡਾ, ਤਾਂ
ਕੁਲਿ – ਕੁਲਿ, ਘਰਾਣਾ
ਗਾਲਿ – ਧੱਬਾ, ਕਲੰਕ
ਅਰਥ
ਇਸ ਤਰ੍ਹਾਂ ਪ੍ਰਹਿਲਾਦ ਪੁਤ੍ਰ ਨੂੰ ਆਤਮਿਕ ਗਿਆਨ ਗੁਰ ਸ਼ਬਦ ਦੀ ਸੂਝ ਪਈ ਤਾਂ ਪ੍ਰਹਿਲਾਦ ਨੇ ਇਹ ਆਤਮਿਕ ਗਿਆਨ ਦੀ ਗੱਲ ਕਹੀ ਕਿ ਪ੍ਰਵਿਰਤ ਨਾਂਹ ਪੜ੍ਹਉ। ਗੁਰ ਗਿਆਨ ਰਾਹੀਂ ਮੈਨੂੰ ਇਹ ਗੱਲ ਸਮਝ ਪਈ ਹੈ, ਕਿ ਨਿਰਭਉ ਦਾਤਾ ਹਰੀ ਤਾਂ ਮੇਰੇ ਨਾਲ ਹੈ, ਅਤੇ ਜੇਕਰ ਆਤਮਿਕ ਗਿਆਨ ਭਾਵ ਗੁਰ ਸ਼ਬਦ ਤਿਆਗੀਏ ਤਾਂ ਤੱਤ-ਗਿਆਨੀਆਂ ਦੀ ਕੁਲ ਲਈ ਧੱਬਾ ਹੈ, ਕਲੰਕ ਹੈ।
ਇਹ ਪ੍ਰਹਿਲਾਦ ਜੀ ਦਾ ਨਾਹਰਾ ਸੀ। ਸੰਡੇ ਮਰਕੇ ਨੇ ਪ੍ਰਹਿਲਾਦ ਅਤੇ ਪ੍ਰਹਿਲਾਦ ਜੀ ਵਾਲੀ ਗੁਰਮਤਿ ਵੀਚਾਰਧਾਰਾ ਦੇ ਧਾਰਨੀਆਂ ਨਾਲ ਗੋਸ਼ਟੀ ਕਰਨ ਤੋਂ ਬਾਅਦ ਦੀ ਜੋ ਗੱਲ ਆਪਣੀ ਸਭਾ ਵਿੱਚ ਕਹੀ ਉਹ ਕੀ ਸੀ:
ਪ੍ਰਹਲਾਦਿ ਸਭਿ ਚਾਟੜੇ ਵਿਗਾਰੇ॥
ਹਮਾਰਾ ਕਹਿਆ ਨ ਸੁਣੈ ਆਪਣੇ ਕਾਰਜ ਸਵਾਰੇ॥
ਸਭ ਨਗਰੀ ਮਹਿ ਭਗਤਿ ਦ੍ਰਿੜਾਈ॥
ਦੁਸਟ ਸਭਾ ਕਾ ਕਿਛੁ ਨ ਵਸਾਈ॥ 4॥
ਸੰਡੈ ਮਰਕੈ ਕੀਈ ਪੂਕਾਰ॥ ਸਭੇ ਦੈਤ ਰਹੇ ਝਖ ਮਾਰਿ॥
ਭਗਤ ਜਨਾ ਕੀ ਪਤਿ ਰਾਖੈ ਸੋਈ॥ ਕੀਤੇ ਕੈ ਕਹਿਐ ਕਿਆ ਹੋਈ॥ 5॥
ਗੁਰੂ ਗ੍ਰੰਥ ਸਾਹਿਬ, ਪੰਨਾ 1154
ਪਦ ਅਰਥ
ਵਿਗਾਰੇ – ਵਿਗਾੜਨਾ; ਸ਼ਕਲ ਹੀ ਬਦਲ ਦੇਣੀ ਭਾਵ ਵੀਚਾਰਧਾਰਾ ਬਦਲ ਦੇਣੀ
ਹਮਾਰਾ ਕਹਿਆ – ਮੇਰਾ ਕਹਿਆ, ਮੇਰੀ ਕਹੀ ਹੋਈ ਗੱਲ
ਕਾਰਜ – ਕਾਰਜ
ਕਾਰਜ ਸਵਾਰੇ – ਆਪਣੇ ਕਾਰਜ ਵਿੱਚ ਸਫਲ ਹੋ ਜਾਣਾ
ਸਭ ਨਗਰੀ ਮਹਿ – ਸਾਰੇ ਨਗਰ ਅੰਦਰ
ਭਗਤਿ – ਬੰਦਗੀ ਕਰਨ ਨਾਲ ਆਤਮਿਕ ਤੱਤ ਗਿਆਨ ਦੀ ਸੂਝ ਪ੍ਰਾਪਤ ਹੋ ਜਾਣੀ
ਦ੍ਰਿੜਾਈ - ਦ੍ਰਿੜ੍ਹ ਕਰਵਾ ਦਿੱਤੀ ਹੈ
ਦੁਸਟ ਸਭਾ – ਕਰਮਕਾਂਡੀਆਂ ਵਲੋਂ, ਸੰਡੇ ਮਰਕੇ ਵਲੋਂ, –ਪ੍ਰਹਿਲਾਦ ਜੀ ਅਤੇ ਪ੍ਰਹਿਲਾਦ ਦੀ ਗੁਰਮਤਿ ਵੀਚਾਰਧਾਰਾ ਦੇ ਹਾਮੀਆਂ ਨੂੰ ਦਿੱਤਾ ਨਾਂਅ
ਵਸਾਈ – ਵਸ ਚੱਲਣਾ
ਸੰਡੇ ਮਰਕੈ – ਕਰਮਕਾਂਡੀ ਪਾਂਧੇ, ਊਲ-ਜਲੂਲ ਪੜ੍ਹਾਉਣ ਵਾਲੇ
ਸਭੇ ਦੈਤ – ਸਾਰੇ ਸੰਡੇ ਮਰਕੈ, ਕਰਮਕਾਂਡੀ ਲੋਗ
ਝਖ ਮਾਰਿ – ਝਖਿ ਮਾਰ ਰਹੇ ਸਨ
ਭਗਤ ਜਨਾਂ – ਬੰਦਗੀ ਵਾਲੇ ਪੁਰਖ
ਪਤਿ ਰਾਖੈ ਸੋਈ – ਪੱਤ ਸਰਬ-ਵਿਆਪਕ ਆਪ ਰੱਖਦਾ ਹੈ ਭਾਵ ਬਖ਼ਸ਼ਿਸ਼ ਕਰਦਾ ਹੈ
ਅਰਥ
ਸੰਡੇ ਮਰਕੈ ਨੇ ਇਹ ਗੱਲ ਵਪਸ ਆਪਣੀ ਸਭਾ ਵਿੱਚ ਆ ਕੇ ਕਹੀ ਕਿ ‘ਦੁਸ਼ਟਾਂ ਦੀ ਸਭਾ’ ਨੇ ਤਾਂ ਭਗਤਿ ਬੰਦਗੀ ਕਰਨ ਵਾਲੇ ਤੱਤ ਗਿਆਨ ਦੀ ਸੂਝ ਪ੍ਰਾਪਤ ਕਰਕੇ ਇਹ ਸੂਝ ਸਾਰੀ ਨਗਰੀ ਅੰਦਰ ਦ੍ਰਿੜ੍ਹ ਕਰਵਾ ਦਿੱਤੀ ਹੈ। ਜੋ ਸਾਰੇ ਚਾਟੜੇ ਪ੍ਰਹਿਲਾਦ ਦੀ ਵੀਚਾਰਧਾਰਾ ਦੇ ਧਾਰਨੀ ਹਨ, ਉਨ੍ਹਾਂ ਦਾ ਰੂਪ ਹੀ ਬਦਲ ਗਿਆ ਹੈ। ਪ੍ਰਹਿਲਾਦ ਆਪਣੇ ਕਾਰਜ ਵਿੱਚ ਪੂਰੀ ਤਰ੍ਹਾਂ ਸਫਲ ਹੈ ਅਤੇ ਉਨ੍ਹਾਂ ‘ਦੁਸਟਾਂ ਦੀ ਸਭਾ’ ਨੇ ਮੇਰੀ ਕੋਈ ਗੱਲ ਗ੍ਰਹਿਣ ਨਹੀਂ ਕੀਤੀ।
ਇਸ ਤਰ੍ਹਾਂ ਤਮਾਮ ਸੰਡੇ ਮਰਕੈ ਜੋ ਦੈਂਤ ਰੂਪ ਸਨ, ਪ੍ਰਹਿਲਾਦ ਜੀ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਆਪਣੀ ਕਰਮਕਾਂਡੀ ਵੀਚਾਰਧਾਰਾ ਮੁੜ ਅਪਨਾਉਣ ਲਈ ਪ੍ਰੇਰਨ ਦੀ ਕੋਸ਼ਿਸ਼ ਵਿੱਚ ਸਨ। ਇਹ ਸਭ ਝਖਿ ਮਾਰਨ ਦੇ ਤੁੱਲ ਸੀ। ਭਗਤ ਜਨਾਂ ਉੱਪਰ ਅਜਿਹੀ ਕਰਮਕਾਂਡੀ ਝਖਿ ਦਾ ਕੋਈ ਅਸਰ ਨਹੀਂ ਹੁੰਦਾ, ਕਿਉਂਕਿ ਉਨ੍ਹਾਂ ਦੀ ਪੱਤ ਉਹ ਸਰਬ-ਵਿਆਪਕ ਵਾਹਿਗੁਰੂ ਆਪ ਰੱਖਦਾ ਹੈ। ਐਵੇਂ ਕਹਿਣ ਨਾਲ ਝੱਖ ਮਾਰਨ ਨਾਲ ਕਿਸੇ ਸੱਚ ਨੂੰ ਬਦਲਿਆ ਨਹੀਂ ਜਾ ਸਕਦਾ।
ਨੋਟ – ਗੁਰੂ ਪਾਤਸ਼ਾਹ ਨੇ ਕਰਮਕਾਂਡੀਆਂ ਦੀ ਬਣਾਈ ਹੋਈ ਗਾਥਾ ਰੱਦ ਕੀਤੀ ਹੈ, ਅਤੇ ਪ੍ਰਹਿਲਾਦ ਜੀ ਦੇ ਅਸਲ ਗੁਰਮਤਿ ਵਿਚਾਰਧਾਰਾ ਦੇ ਧਾਰਨੀਂ ਹੋਣ ਦੀ ਪ੍ਰੋੜ੍ਹਤਾ ਕੀਤੀ ਹੈ ਅਤੇ ਕਰਮਕਾਂਡੀਆਂ ਦਾ ਪਾਜ ਉਧੇੜਿਆ ਹੈ।
ਕਿਰਤ ਸੰਜੋਗੀ ਦੈਤਿ ਰਾਜੁ ਚਲਾਇਆ॥
ਹਰਿ ਨ ਬੂਝੈ ਤਿਨਿ ਆਪਿ ਭੁਲਾਇਆ॥
ਪੁਤ੍ਰ ਪ੍ਰਹਲਾਦਸਿਉ ਵਾਦੁ ਰਚਾਇਆ॥
ਅੰਧਾ ਨ ਬੂਝੈ ਕਾਲੁ ਨੇੜੈ ਆਇਆ॥ 6॥
ਪ੍ਰਹਲਾਦੁ ਕੋਠੇ ਵਿਚਿ ਰਾਖਿਆ ਬਾਰਿ ਦੀਆ ਤਾਲਾ॥
ਨਿਰਭਉ ਬਾਲਕੁ ਮੂਲਿ ਨ ਡਰਈ ਮੇਰੈ ਅੰਤਰਿ ਗੁਰ ਗੋਪਾਲਾ॥
ਕੀਤਾ ਹੋਵੈ ਸਰੀਕੀ ਕਰੈ ਅਨਹੋਦਾ ਨਾਉ ਧਰਾਇਆ॥
ਜੋ ਧੁਰਿ ਲਿਖਿਆ ਸ+ ਆਇ ਪਹੁਤਾ ਜਨ ਸਿਉ ਵਾਦੁ ਰਚਾਇਆ॥ 7॥
ਪਿਤਾ ਪ੍ਰਹਲਾਦ ਸਿਉ ਗੁਰਜ ਉਠਾਈ॥
ਕਹਾਂ ਤੁਮਾੑਰਾ ਜਗਦੀਸ ਗੁਸਾਈ॥
ਜਗਜੀਵਨੁ ਦਾਤਾ ਅੰਤਿ ਸਖਾਈ॥
ਜਹ ਦੇਖਾ ਤਹ ਰਹਿਆ ਸਮਾਈ॥ 8॥
ਥੰਮੑੁ ਉਪਾੜਿ ਹਰਿ ਆਪੁ ਦਿਖਾਇਆ॥
ਅਹੰਕਾਰੀ ਦੈਤੁ ਮਾਰਿ ਪਚਾਇਆ॥
ਭਗਤਾ ਮਨਿ ਆਨੰਦੁ ਵਜੀ ਵਧਾਈ॥
ਅਪਨੇ ਸੇਵਕ ਕਉ ਦੇ ਵਡਿਆਈ॥ 9॥
ਜੰਮਣੁ ਮਰਣਾ ਮੋਹੁ ਉਪਾਇਆ॥
ਆਵਣੁ ਜਾਣਾ ਕਰਤੈ ਲਿਖਿ ਪਾਇਆ॥
ਪ੍ਰਹਲਾਦ ਕੈ ਕਾਰਜਿ ਹਰਿ ਆਪੁ ਦਿਖਾਇਆ॥
ਭਗਤਾ ਕਾ ਬੋਲੁ ਆਗੈ ਆਇਆ॥ 10॥
ਗੁਰੂ ਗ੍ਰੰਥ ਸਾਹਿਬ, ਪੰਨਾ 1154

ਪਦ ਅਰਥ
ਰਾਜੁ – ਸੰ: ਗੁਪਤ ਭੇਦ, ਮਨਸੂਬਾ, ਗੁਪਤ ਮਨੋਰਥ
(Hidden Agenda)
ਕਿਰਤ – ਸੰ: ਕਰਣੀ, ਕਰਤੂਤ
ਕਿਰਤਿ ਕਰਮ ਕੇ ਵੀਛੁੜੇ ਕਰਿ ਕਿਰਪਾ ਮੇਲਹੁ ਰਾਮ॥
ਚਾਰਿ ਕੁੰਟ ਦਹ ਦਿਸ ਭ੍ਰਮੇ ਥਕਿ ਆਏ ਪ੍ਰਭ ਕੀ ਸਾਮ॥
ਗੁਰੂ ਗ੍ਰੰਥ ਸਾਹਿਬ, ਪੰਨਾ 133
ਆਪਣੀ ਕਰਤੂਤ ਕਰਕੇ ਮਨੁੱਖ ਵਿੱਛੜਦਾ ਹੈ।
ਸੰਜੋਗੀ – ਉਪਾਉ ਨਾਲ, ਯਤਨ ਨਾਲ, ਕੋਸ਼ਿਸ਼ ਨਾਲ
ਦੈਤਿ – ਦੈਂਤ = ਨਿਗਲਣਾ, ਦੈਤਿ - ਨਿਗਲਣ ਦਾ ਯਤਨ ਕਰਨਾ
ਚਲਾਇਆ – ਪਰਚੱਲਤ ਕਰਨਾ, ਕੋਈ ਮਨੋਕਲਪਿਤ ਕਹਾਣੀ ਪਰਚੱਲਤ ਕਰਨੀ
ਵਾਦੁ – ਝਗੜਾ, ਲੜਾਈ, ਬਹਿਸ
ਰਚਾਇਆ – ਰਚਨਾ ਕਰਨੀ, ਕੋਈ ਕਹਾਣੀ ਰਚ ਧਰਨੀ
ਅੰਧਾ – ਅਗਿਆਨੀ, ਬੇਸਮਝ, ਗਿਆਨ ਤੋਂ ਸੱਖਣਾ, ਕਰਮਕਾਂਡੀ
ਕਾਲੁ – ਬੀਤ ਚੁੱਕਾ ਸਮਾਂ
ਕਾਲੁ ਨੇੜੇ – ਬੀਤ ਜਾਣ ਦੇ ਨੇੜੇ (ਕਿਸੇ ਝੂਠ ਦਾ ਅੰਤ ਸਮਾਂ ਬਹੁਤਾ ਦੂਰ ਨਾਂਹ ਹੋਣਾ)
ਸਰੀਕੀ – ਸੰ: ਬਰਾਬਰਤਾ, ਬਰਾਬਰ
ਅਨਹੋਦਾ – ਮਿਥਿਆ ਖ਼ਿਆਲ, ਅਣਵਾਪਰੀ ਘਟਨਾਂ, ਮਨੋਕਲਪਿਤ ਕਹਾਣੀ
ਨਾਉ ਧਰਾਇਆ – ਧਰ ਦੇਣਾ, ਰੱਖ ਦੇਣਾ, ਅਣਹੋਣੀ ਭਾਵ ਮਨੋਕਲਪਿਤ ਕਹਾਣੀ ਘੜ ਕੇ ਕੋਈ ਨਾਉਂ ਰੱਖ ਦੇਣਾ। ਅੱਜ ਦਾ ਸਮਾਜ ਵੀ ਫ਼ਿਲਮਾਂ ਅੰਦਰ ਮਨੋਕਲਪਿਤ ਕਹਾਣੀਆਂ ਦੇਖ ਕੇ ਉਨ੍ਹਾਂ ਉੱਪਰ ਵਿਸ਼ਵਾਸ ਕਰ ਕੇ ਆਪਣਾ ਸਮਾਜਿਕ ਜੀਵਨ ਬਰਬਾਦ ਕਰ ਰਿਹਾ ਹੈ।
ਮਾਰਿ ਪਚਾਇਆ – ਖ਼ਤਮ ਕਰ ਦੇਣਾ
ਭਗਤਾ – ਪ੍ਰਭੂ ਦੀ ਰਜ਼ਾ ਵਿੱਚ ਰਹਿਣ ਵਾਲਾ, ਪ੍ਰਭੂ ਦੀ ਸਿਫ਼ਤੋ-ਸਲਾਹ ਕਰਨ ਵਾਲਾ
ਵਡਿਆਈ – ਵੱਡਾਪਣ, ਵਡੱਪਣ
ਦਿਖਾਇਆ – ਦਿਖਾਉਣਾ, ਜਿਵੇਂ ਰਸਤਾ ਦਿਖਾਉਣਾ
ਮੋਹੁ – ਅਗਿਆਨ, ਅਵਿੱਦਯਾ
ਰਿਧਿ ਸਿਧਿ ਸਭੁ ਮੋਹੁ ਹੈ ਨਾਮੁ ਨ ਵਸੈ ਮਨਿ ਆਇ॥
ਗੁਰ ਸੇਵਾ ਤੇ ਮਨੁ ਨਿਰਮਲੁ ਹੋਵੈ ਅਗਿਆਨੁ ਅੰਧੇਰਾ ਜਾਇ॥
ਗੁਰੂ ਗ੍ਰੰਥ ਸਾਹਿਬ, ਪੰਨਾ 593
ਬ੍ਰਹਮਾ ਬਿਸਨੁ ਸਿਰੇ ਤੈ ਅਗਨਤ ਤਿਨ ਕਉ ਮੋਹੁ ਭਯਾ ਮਨ ਮਦ ਕਾ॥
ਚਵਰਾਸੀਹ ਲਖ ਜੋਨਿ ਉਪਾਈ ਰਿਜਕੁ ਦੀਆ ਸਭ ਹੂ ਕਉ ਤਦ ਕਾ॥
ਗੁਰੂ ਗ੍ਰੰਥ ਸਾਹਿਬ, ਪੰਨਾ 1403
ਅਗਿਆਨਤਾ ਦੀ ਮਦਰਾ ਦੇ ਨਸ਼ੇ ਨਾਲ ਮਨ ਦੀ ਬੇਹੋਸ਼ੀ।
ਅਰਥ
ਹੇ ਭਾਈ, ਪ੍ਰਹਿਲਾਦ ਜੀ ਨੂੰ ਹਰੀ ਦੇ ਸੱਚ ਰੂਪ ਆਤਮਿਕ ਗਿਆਨ ਦੀ ਸੂਝ ਪ੍ਰਾਪਤ ਹੋ ਚੁੱਕੀ ਸੀ, ਅਤੇ ਜੋ ਬੇਸਮਝ ਅੰਧਾ ਅਗਿਆਨੀ, ਗਿਆਨ ਤੋਂ ਸੱਖਣਾ ਹੈ, ਸੱਚ ਨਹੀਂ ਸਮਝਣਾ ਚਾਹੁੰਦਾ, ਉਹ ਦੂਸਰਿਆਂ ਨੂੰ ਭੁਲਾ ਕੇ ਰੱਖਣਾ ਚਾਹੁੰਦਾ ਹੈ। ਇਸ ਕਰਕੇ ਅਗਿਆਨੀ ਲੋਕਾਂ ਵਲੋਂ ਪ੍ਰਹਿਲਾਦ ਜੀ ਦੇ ਪ੍ਰਚਾਰੇ ਜਾ ਰਹੇ ਸੱਚ ਰੂਪ ਆਤਮਿਕ ਗਿਆਨ ਨੂੰ ਆਪਣੇ ਗੁਪਤ ਮੰਤਵ
(Hidden Agenda) ਰਾਹੀਂ ਪਿਉ ਪੁੱਤ੍ਰ ਦੀ ਲੜਾਈ ਵਿੱਚ ਰੰਗ ਕੇ ਪੇਸ਼ ਕਰਨ ਦਾ ਜਤਨ ਕੀਤਾ ਗਿਆ। ਅੰਧਾ ਅਤੇ ਬੇਸਮਝ, ਇਹ ਨਹੀਂ ਸਮਝਦਾ ਕਿ ਇਸ ਅੰਧ, ਅਗਿਆਨ ਦਾ ਸਮਾਂ ਬੀਤ ਜਾਣ ਦੇ ਨੇੜੇ ਹੈ, ਭਾਵ ਝੂਠ ਬਹੁਤਾ ਚਿਰ ਨਹੀਂ ਚੱਲਣਾ।
ਇਹ ਝੂਠ ਨਹੀਂ ਚੱਲਣਾ ਕਿ ਪ੍ਰਹਿਲਾਦ ਨੂੰ ਕੋਠੇ ਵਿੱਚ ਰੱਖਿਆ, ਬਾਹਰੋਂ ਤਾਲਾ ਲਗਾ ਦਿੱਤਾ। ਜਦੋਂ ਕਿ ਅਸਲੀਅਤ ਇਹ ਹੈ ਕਿ ਨਿਰਭਉ ਬਾਲਕ ਮੂਲੋਂ ਹੀ ਨਹੀਂ ਡਰਿਆ, ਕਿਉਂਕਿ ਪ੍ਰਹਿਲਾਦ ਤਾਂ ਇਹ ਕਹਿੰਦਾ ਹੈ ਕਿ ‘ਮੇਰੈ ਅੰਤਰਿ ਗੁਰ ਗੋਪਾਲਾ’ ਸ੍ਰਿਸ਼ਟੀ ਦੇ ਪਾਲਕ ਅਤੇ ਰੱਖਿਅਕ ਦਾ ਸੱਚਾ ਗੁਰ ਗਿਆਨ ਵਸ ਚੁਕਾ ਹੈ। ਜੋ ਧੁਰਿ ਅਕਾਲ ਪੁਰਖੁ ਦੇ ਬਖ਼ਾਸ਼ਸ਼ ਰੂਪ ਹਿਰਦੇ ਅੰਦਰ ਉੱਕਰੇ ਹੋਏ ਸਚੁ ਤੱਕ ਜਨ ਦੇ ਪਹੁੰਚਣ ਦਾ ਗਿਆਨ ਸੀ, ਉਸ ਨੂੰ ਕਰਮਕਾਂਡੀਆਂ ਨੇ ਗੁਪਤ ਮੰਤਵ ਦੀ ਪੂਰਤੀ ਲਈ, ਪਿਉ ਪੁੱਤਰ ਦੀ ਲੜਾਈ ਵਿੱਚ ਬਦਲ ਕੇ, ਇੱਕ ਇਲਾਹੀ ਆਤਮਿਕ ਗਿਆਨ ਰੂਪੀ ਸੱਚ ਦੇ ਬਰਾਬਰ ਮਿਥੀ ਹੋਈ ਗਾਥਾ ਲਿਖ ਧਰੀ।
ਝੂਠ ਇਹ ਬਣਾਇਆ ਕਿ ਪਿਤਾ ਨੇ ਪੁੱਤਰ ਉੱਪਰ ਗੁਰਜ ਚੁੱਕ ਲਈ ਅਤੇ ਕਿਹਾ ਕਿ ਤੇਰਾ ਗੁਸਾਈਂ ਕਿੱਥੇ ਹੈ? ਜੋ ਤੇਰੇ ਅੰਤ ਸਮੇਂ ਸਹਾਈ ਹੋ ਕੇ ਤੈਨੂੰ ਬਚਾ ਸਕੇ। ਪ੍ਰਹਿਲਾਦ ਜੀ ਨੇ ਕਿਹਾ ਕਿ ਜਿੱਧਰ ਦੇਖਦਾ ਹਾਂ, ਓਧਰ ਹੀ ਹੈ, ਸਰਬ-ਵਿਆਪਿਕ ਹੈ। ਪ੍ਰਹਿਲਾਦ ਜੀ ਦੀ ਟੇਕ ਉਸ ਸਰਬ-ਵਿਆਪਿਕ ਉੱਪਰ ਹੈ, ਤਾਂ ਸਾਹਿਬ ਕਹਿੰਦੇ ਹਨ ਕਿ ਥੰਮ ਪਾੜ ਕੇ ਹਰੀ ਦੇ ਪ੍ਰਗਟ ਹੋਣ ਅਤੇ ਹੰਕਾਰੀ ਦੈਂਤ ਨੂੰ ਮਾਰਨ ਵਾਲੀ ਮਿਥੀ, ਅਣਹੋਈ ਕਹਾਣੀ ਆਪਣੇ ਆਪ ਹੀ ਰੱਦ ਹੋ ਜਾਂਦੀ ਹੈ।
ਨੋਟ – ਗੁਰੂ ਪਤਸ਼ਾਹ ਸਾਨੂੰ ਸਮਝਾ ਰਹੇ ਹਨ ਕਿ ਪ੍ਰਹਿਲਾਦ ਜੀ ਦਾ ਗੁਸਾਈਂ ਸਰਬ-ਵਿਆਪਿਕ ਹੈ, ‘ਰਹਿਆ ਸਮਾਈ’ ਹੈ। ਹਰ ਥਾਂ ਪ੍ਰਗਟ ਹੈ, ਮੌਜੂਦ ਹੈ ਤਾਂ ਥੰਮ ਪਾੜ ਕੇ ਪ੍ਰਗਟ ਹੋ ਕੇ ਅਹੰਕਾਰੀ ਦੈਂਤ ਨੂੰ ਮਾਰਨ ਵਾਲੀ ਕਹਾਣੀ ਜੋ ਮਿਥੀ ਹੈ, ਉਸ ਦਾ ਕੋਈ ਅਧਾਰ ਹੀ ਨਹੀਂ ਰਹਿ ਜਾਂਦਾ।
‘ਅਨਹੋਦਾ ਨਾਉ ਧਰਾਇਆ’ ਸਾਰੇ ਸ਼ਬਦ ਦਾ ਅਧਾਰ ਹੈ।
ਪ੍ਰਭੂ ਆਪਣੀ ਸ਼ਰਨ ਆਉਣ ਵਾਲਿਆਂ ਨੂੰ ਵਡਿਆਈ ਬਖ਼ਸ਼ਦਾ ਹੈ। ਇਹ ਉਸ ਵੱਡੇ ਦਾ ਵੱਡਾਪਣ ਹੈ। ਇਸੇ ਤਰ੍ਹਾਂ ਜੋ ਸਰਬ-ਵਿਆਪਕ ਹਰੀ ਦੀ ਸਿਫ਼ਤੋ-ਸਲਾਹ ਕਰਨ ਵਾਲੇ ਹਨ, ਉਨ੍ਹਾਂ ਅੰਦਰ ਉਸ ਦੀ ਵਡਿਆਈ, ਸਿਫ਼ਤੋ-ਸਲਾਹ ਕਰਨ ਨਾਲ ਅਨੰਦ ਖੇੜਾ ਬਣਿਆ ਰਹਿੰਦਾ ਹੈ। ਕਰਮਕਾਂਡੀ ਅੰਧੇ ਅਗਿਆਨੀ ਜੰਮਣ ਮਰਨ ਦੇ ਮੋਹ ਦਾ ਉਪਾਉ ਹੀ ਕਰਦੇ ਰਹਿੰਦੇ ਹਨ। ਪ੍ਰਹਿਲਾਦ ਵਰਗੇ ਹੀ ਗਿਆਨੀ ਜਨ ਇਸ ਜੰਮਣ ਮਰਨ ਨੂੰ ਕਰਤੇ ਦੀ ਹੀ ਕਿਰਤ, ਲਿਖਤ ਸਮਝਦੇ ਹਨ, ਅਤੇ ਇਸ ਤਰ੍ਹਾਂ ਹਰੀ ਨੇ ਆਪ ਪ੍ਰਹਿਲਾਦ ਦੇ ਇਸ ਆਤਮਿਕ ਗਿਆਨ ਦੇ ਕਾਰਜ ਵਿੱਚ ਸਹਾਈ ਹੋ ਕੇ ਅਸਲ ਆਤਮਿਕ ਗਿਆਨ ਦਾ ਸੱਚਾ ਮਾਰਗ ਪ੍ਰਹਿਲਾਦ ਜੀ ਨੂੰ ਦਿਖਾਇਆ। ਪ੍ਰਹਿਲਾਦ ਦੇ ਉਸ ਹਰੀ ਦੀ ਸਿਫ਼ਤੋ-ਸਲਾਹ ਦੀ ਰਜ਼ਾ ਵਿੱਚ ਆਉਣ ਵਾਲੇ ਬੋਲ ਅੱਗੇ ਪਰਚੱਲਤ ਹੋਏ, ਜੋ ਹਮੇਸ਼ਾ ਲਈ ਮਨੁੱਖਤਾ ਨੂੰ ਉਸ ਸਰਬ-ਵਿਆਪਕ ਦੀ ਰਜ਼ਾ ਵਿੱਚ ਆਉਣ ਲਈ ਪ੍ਰੇਰਦੇ ਹਨ ਅਤੇ ਰਹਿਣਗੇ। ਕਰਮਕਾਂਡੀਆਂ ਦੇ ਮਨਘੜਤ ਕਰਮਕਾਂਡ ਦਾ ਭਾਂਡਾ ਭੰਨਦੇ ਰਹਿਣਗੇ।
ਬਲਦੇਵ ਸਿੰਘ ਟੋਰਾਂਟੋ




.