.

ਇਸੁ ਮਨ ਕਉ ਕੋਈ ਖੋਜਹੁ ਭਾਈ॥

ਤਨ ਛੂਟੇ ਮਨੁ ਕਹਾ ਸਮਾਈ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਆਖਿਰ ਸਾਡੇ ਸਰੀਰ `ਚ ‘ਮਨ’ ਹੈ ਕੀ ਚੀਜ਼? ਗੁਰਬਾਣੀ `ਚ ਮਨ ਦੇ ਵਿਸ਼ੇ `ਤੇ ਦੋ ਸ਼ਬਦ ਅਜਿਹੇ ਵੀ ਆਏ ਹਨ ਜਿਨ੍ਹਾਂ ਦੀ ਸ਼ਬਦਾਵਲੀ ਆਪਸ `ਚ ਪੂਰੀ ਤਰ੍ਹਾਂ ਮਿਲਵੀਂ ਹੈ ਅਤੇ ਦੋਨੋਂ ਸ਼ਬਦ ਇੱਕ ਦੂਜੇ ਨਾਲ ਸਬੰਧਤ ਵੀ ਹਨ। ਠੀਕ ਉਸੇ ਤਰ੍ਹਾਂ ਜਿਵੇਂ ਰਾਗ ਸੂਹੀ `ਚ ਫ਼ਰੀਦ ਸਾਹਿਬ ਦਾ ਸ਼ਬਦ “ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ” ਅਤੇ ਪਹਿਲੇ ਪਾਤਸ਼ਾਹ ਦਾ “ਜਪ ਤਪ ਕਾ ਬੰਧੁ ਬੇੜੁਲਾ ਜਿਤੁ ਲੰਘਹਿ ਵਹੇਲਾ”। ਇਹ ਦੋਵੇਂ ਸ਼ਬਦ ਵੀ ਇੱਕ ਦੂਜੇ ਸ਼ਬਦ ਨਾਲ ਪੂਰੀ ਤਰ੍ਹਾਂ ਸਬੰਧਤ ਹਨ। ਦਰਅਸਲ, ਗੁਰੂ ਨਾਨਕ ਪਾਤਸ਼ਾਹ ਨੇ ਭਗਤਾਂ ਦੀ ਬਾਣੀ ਅਪਣੇ ਪ੍ਰਚਾਰ ਦੌਰਿਆਂ ਸਮੇਂ ਆਪ ਇਕਤ੍ਰ ਕੀਤੀ ਸੀ। ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਦੇਖਿਆ ਕਿ ਫ਼ਰੀਦ ਸਾਹਿਬ ਨੇ ਜੋ ਗੱਲ ਕਹੀ ਹੈ, ਵਿਸ਼ਾ ਤਾਂ ਬਹੁਤ ਜ਼ਰੂਰੀ ਹੈ ਪਰ ਜਗਿਆਸੂ ਲਈ ਇੱਕ ਪੱਖੀ ਹੈ। ਇਸ `ਤੇ ਗੁਰਦੇਵ ਨੇ ਉਸ ਵਿਸ਼ੇ ਨੂੰ ਪੂਰੀ ਤਰ੍ਹਾਂ ਖੋਲਣ ਲਈ ਉਸੇ ਸ਼ਬਦਾਵਲੀ ਬਲਕਿ ਉਸੇ ਰਾਗ `ਚ ਇੱਕ ਸ਼ਬਦ ਆਪਣੇ ਵੱਲੋਂ ਵੀ ਦਰਜ ਕਰ ਦਿੱਤਾ। ਇਸੇ ਤਰ੍ਹਾਂ ਇਥੇ ਵੀ ਹੋਇਆ ਹੈ।

ਮਨ ਦੇ ਵਿਸ਼ੇ `ਤੇ ਇੱਕ ਸ਼ਬਦ ਕਬੀਰ ਸਾਹਿਬ ਦਾ ‘ਰਾਗੁ ਗਉੜੀ ਗੁਆਰੇਰੀ `ਚ ਹੈ ਤੇ ਦੂਜਾ ਭੈਰਉ ਰਾਗ `ਚ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦਾ ਹੈ। ਇਹਨਾ ਦੋਨਾਂ ਸ਼ਬਦਾਂ `ਚ ਸ਼ਬਦਾਵਲੀ ਤੇ ਵਿਸ਼ੇ ਦੀ ਵੀ ਪੂਰੀ ਸਾਂਝ ਹੈ। ਮਿਸਾਲ ਵਜੋਂ ਕਬੀਰ ਸਾਹਿਬ ਦੇ ਸ਼ਬਦ `ਚ “ਇਸੁ ਮਨ ਕਉ ਕੋਈ ਖੋਜਹੁ ਭਾਈ॥ ਤਨ ਛੂਟੇ ਮਨੁ ਕਹਾ ਸਮਾਈ” ਜਾਂ ਸਨਕਾਦਿਕ ਨਾਰਦ ਮੁਨਿ ਸੇਖਾ॥ ਤਿਨ ਭੀ ਤਨ ਮਹਿ ਮਨੁ ਨਹੀਂ ਪੇਖਾ” ਦੂਜੇ ਪਾਸੇ ਤੀਜੇ ਪਾਤਸ਼ਾਹ ਦੇ ਸ਼ਬਦ `ਚ “ਇਸੁ ਮਨ ਕਉ ਕੋਈ ਖੋਜਹੁ ਭਾਈ॥ ਮਨੁ ਖੋਜਤ ਨਾਮੁ ਨਉ ਨਿਧਿ ਪਾਈ” ਅਤੇ “ਸੋ ਮੁਨਿ, ਜਿ ਮਨ ਕੀ ਦੁਬਿਧਾ ਮਾਰੇ॥ ਦੁਬਿਧਾ ਮਾਰਿ ਬ੍ਰਹਮੁ ਬੀਚਾਰੇ” ਆਦਿ। ਦੂਜੀ ਗੱਲ, ਇਥੇ ਸਾਡੇ ਵਲੋਂ ਉਚੇਚੇ ਕਬੀਰ ਸਾਹਿਬ ਦੇ ਇਸ ਸ਼ਬਦ ਨੂੰ ਦੇਣ ਦਾ ਕਾਰਨ ਇੱਕ ਹੋਰ ਵੀ ਹੈ। ਉਹ ਕਾਰਨ ਹੈ ਕਿ ਕੁੱਝ ਵਿਦਵਾਨਾਂ ਵਲੋਂ ਉਹਨਾਂ ਦੇ ਇਸ ਸ਼ਬਦ ਦੇ ਬਿਲਕੁਲ ਗੁਰਬਾਣੀ ਸਿਧਾਂਤ ਵਿਰੁਧ ਗ਼ਲਤ ਅਰਥ ਕੀਤੇ ਤੇ ਪ੍ਰਚਾਰੇ ਗਏ ਹਨ ਜੋ ਸ਼ਬਦ ਦੀ ਬੇਅਦਬੀ ਤੁੱਲ ਵੀ ਹਨ। ਇਸ ਲਈ ਸਬੰਧਤ ਸ਼ਬਦ ਦੇ ਠੀਕ ਅਰਥਾਂ ਨੂੰ ਸੰਗਤਾਂ ਵਿਚਾਲੇ ਲਿਆਉਣ ਲਈ ਵੀ ਇਹ ਉੱਦਮ ਜ਼ਰੂਰੀ ਸੀ। ਤਾਂ ਤੇ ਕਬੀਰ ਸਾਹਿਬ ਦਾ ਸ਼ਬਦ ਹੈ:-

ੴ ਸਤਿ ਗੁਰਪ੍ਰਸਾਦਿ॥ ਰਾਗੁ ਗਉੜੀ ਗੁਆਰੇਰੀ ਅਸਟਪਦੀ ਕਬੀਰ ਜੀ ਕੀ॥ ਸੁਖੁ ਮਾਂਗਤ ਦੁਖੁ ਆਗੈ ਆਵੈ॥ ਸੋ ਸੁਖੁ ਹਮਹੁ ਨ ਮਾਂਗਿਆ ਭਾਵੈ॥ ੧॥ ਬਿਖਿਆ ਅਜਹੁ ਸੁਰਤਿ ਸੁਖ ਆਸਾ॥ ਕੈਸੇ ਹੋਈ ਹੈ ਰਾਜਾ ਰਾਮ ਨਿਵਾਸਾ॥ ੧॥ ਰਹਾਉ॥ ਇਸੁ ਸੁਖ ਤੇ ਸਿਵ ਬ੍ਰਹਮ ਡਰਾਨਾ॥ ਸੋ ਸੁਖੁ ਹਮਹੁ ਸਾਚੁ ਕਰਿ ਜਾਨਾ॥ ੨॥ ਸਨਕਾਦਿਕ ਨਾਰਦ ਮੁਨਿ ਸੇਖਾ॥ ਤਿਨ ਭੀ ਤਨ ਮਹਿ ਮਨੁ ਨਹੀਂ ਪੇਖਾ॥ ੩॥ ਇਸੁ ਮਨ ਕਉ ਕੋਈ ਖੋਜਹੁ ਭਾਈ॥ ਤਨ ਛੂਟੇ ਮਨੁ ਕਹਾ ਸਮਾਈ॥ ੪॥ ਗੁਰ ਪਰਸਾਦੀ ਜੈਦੇਉ ਨਾਮਾਂ॥ ਭਗਤਿ ਕੈ ਪ੍ਰੇਮਿ ਇਨ ਹੀ ਹੈ ਜਾਨਾਂ॥ ੫॥ ਇਸੁ ਮਨ ਕਉ ਨਹੀਂ ਆਵਨ ਜਾਨਾ॥ ਜਿਸ ਕਾ ਭਰਮੁ ਗਇਆ, ਤਿਨਿ ਸਾਚੁ ਪਛਾਨਾ॥ ੬॥ ਇਸੁ ਮਨ ਕਉ ਰੂਪੁ ਨ ਰੇਖਿਆ ਕਾਈ॥ ਹੁਕਮੇ ਹੋਇਆ, ਹੁਕਮੁ ਬੂਝਿ ਸਮਾਈ॥ ੭॥ ਇਸ ਮਨ ਕਾ ਕੋਈ ਜਾਨੈ ਭੇਉ॥ ਇਹ ਮਨਿ ਲੀਣ ਭਏ ਸੁਖਦੇਉ॥ ੮॥ ਜੀਉ ਏਕੁ ਅਰੁ ਸਗਲ ਸਰੀਰਾ॥ ਇਸੁ ਮਨ ਕਉ ਰਵਿ ਰਹੇ ਕਬੀਰਾ॥ ੯॥ ੧॥ ੩੬॥ {ਪੰ: ੩੩੦}

ਦਰਅਸਲ ਕੁੱਝ ਵਿਦਵਾਨਾ ਨੇ ਕਬੀਰ ਸਾਹਿਬ ਦੇ ਇਸ ਸ਼ਬਦ ਦੇ ਬੜੇ ਗ਼ਲਤ ਤੇ ਗੁਮਰਾਹਕੁਣ ਬਲਕਿ ਗੁਰਮਤਿ ਵਿਰੁਧ ਅਰਥ ਪ੍ਰਚਾਰੇ ਹਨ। ਉਹਨਾਂ ਜਾਚੇ ਕਬੀਰ ਸਾਹਿਬ ਪ੍ਰਭੂ ਕੋਲੋਂ ਸੁਖ ਮੰਗਣੋਂ ਇਸ ਲਈ ਡਰਦੇ ਹਨ; ਉਹ ਕਹਿੰਦੇ ਹਨ ਕਿਉਂਕਿ ਹਰੇਕ ਸੁਖ ਦੇ ਬਦਲੇ ਦੁਖ ਆਉਂਦਾ ਹੈ ਇਸ ਲਈ ਮੈਨੂੰ ਸੁੱਖਾਂ ਦੀ ਲੋੜ ਹੀ ਨਹੀਂ। ਇਸ ਤੋਂ ਵੱਡਾ ਦੁਖਾਂਤ ਇਹ ਵੀ ਹੈ ਕਿ ਅਜੋਕੇ ਮੀਡੀਏ ਦੀ ਸਹੂਲਿਅਤ ਕਾਰਨ ਇਹ ਗ਼ਲਤ ਪ੍ਰਚਾਰ ਕੇਵਲ ਆਪਣੇ ਦੇਸ਼ `ਚ ਹੀ ਨਹੀਂ ਬਲਕਿ ਵਿਦੇਸ਼ਾਂ `ਚ ਬੈਠੀਆਂ ਸੰਗਤਾਂ ਤੀਕ ਵੀ ਪੁੱਜ ਰਿਹਾ ਹੈ। ਇਸ ਲਈ ਹਰੇਕ ਲਈ ਸਮਝਣਾ ਜ਼ਰੂਰੀ ਹੈ ਕਿ ਇਥੇ ਕਬੀਰ ਸਾਹਿਬ ਕਿਸੇ ਗੁਰਮਤਿ ਸਿਧਾਂਤ ਦੀ ਉਲੰਘਣਾ ਨਹੀਂ ਕਰ ਰਹੇ। ਇਥੇ ਤਾਂ ਗੁਰਮਤਿ ਦੇ ਉਸੇ ਸਿਧਾਂਤ ਦੀ ਗੱਲ ਕਰ ਰਹੇ ਹਨ ਜਿਸ ਨੂੰ ਗੁਰਦੇਵ ਨੇ ਆਪ ਵੀ ਬਾਣੀ `ਚ ਅਨੇਕਾਂ ਥਾਵੇਂ ਵੱਖ ਵੱਖ ਢੰਗਾਂ ਨਾਲ ਬਿਆਣਿਆ ਹੈ, ਜਿਵੇਂ “ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ” (ਪੰ: ੬੩੩) ਭਾਵ ਪ੍ਰਭੂ ਪਿਆਰੇ, ਆਪਣੇ ਜੀਵਨ ਨੂੰ ਆਸ਼ਾਵਾਂ, ਤ੍ਰਿਸ਼ਨਾਵਾਂ, ਕਾਮਨਾਵਾਂ `ਚ ਨਹੀਂ ਉਲਝਾਉਂਦੇ। ਉਹ ਤਾਂ “ਜੇ ਸੁਖੁ ਦੇਹਿ ਤ ਤੁਝਹਿ ਅਰਾਧੀ, ਦੁਖਿ ਭੀ ਤੁਝੈ ਧਿਆਈ॥ ॥ ਜੇ ਭੁਖ ਦੇਹਿ ਤ ਇਤ ਹੀ ਰਾਜਾ, ਦੁਖ ਵਿਚਿ ਸੂਖ ਮਨਾਈ” (ਪੰ: ੭੫੭) ਵਾਲੀ ਅਵਸਥਾ `ਚ ਹੀ ਜੀਊਂਦੇ ਹਨ। ਅਜਿਹੀ ਉੱਚੀ ਅਵਸਥਾ `ਚ ਪੁਗੇ ਹੋਏ ਪ੍ਰਭੂ ਪਿਆਰੇ ਚੰਗੀ ਤਰ੍ਹਾਂ ਜਾਣਦੇ ਹਨ ਕਿ “ਨਾਨਕ ਬੋਲਣੁ ਝਖਣਾ, ਦੁਖ ਛਡਿ ਮੰਗੀਅਹਿ ਸੁਖ॥ ਸੁਖੁ ਦੁਖੁ ਦੁਇ ਦਰਿ ਕਪੜੇ, ਪਹਿਰਹਿ ਜਾਇ ਮਨੁਖ॥ ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁਪ” (ਪੰ: ੧੪੯)। ਦਰਅਸਲ ਉਪ੍ਰੋਕਤ ਗ਼ਲਤ ਪ੍ਰਚਾਰੇ ਜਾ ਰਹੇ ਅਰਥਾਂ ਦਾ ਮੁੱਖ ਕਾਰਨ ਹੈ ਕਿ ਉਹਨਾਂ ਪ੍ਰਚਾਰਕ ਸੱਜਨਾਂ ਨੂੰ ਵੀ ਸ਼ਾਇਦ ਮਨੁੱਖਾ ਸਰੀਰ ਅੰਦਰੋਂ ਖੁਦ ਹੀ ਗੁਰਮਤਿ ਅਨੁਸਾਰ ‘ਮਨ’ ਦੀ ਪਹਿਚਾਣ ਨਹੀਂ ਆਈ।

ਇਸ ਲਈ ਇਸ ਸ਼ਬਦ ਨੂੰ ਜੇ ਗਹੁ ਨਾਲ ਵਿਚਾਰ ਕੇ, ਗੁਰਬਾਣੀ ਸਿਖਿਆ-ਸੇਧ `ਚ ਸਮਝਣ ਦਾ ਯਤਨ ਕੀਤਾ ਜਾਵੇ ਤਾਂ ਇਥੇ ਕਬੀਰ ਸਾਹਿਬ ਦੇ ਸ਼ਬਦ ਦਾ ਆਧਾਰ ਵੀ ਉਹੀ ਹੈ ਜਿਸ ਨੂੰ ਨੌਵੇਂ ਪਾਤਸ਼ਾਹ ਇਸ ਤਰ੍ਹਾਂ ਬਿਆਨਦੇ ਹਨ “ਸੁਖ ਕੈ ਹੇਤਿ ਬਹੁਤੁ ਦੁਖੁ ਪਾਵਤ, ਸੇਵ ਕਰਤ ਜਨ ਜਨ ਕੀ॥ ਦੁਆਰਹਿ ਦੁਆਰਿ ਸੁਆਨ ਜਿਉ ਡੋਲਤ, ਨਹ ਸੁਧ ਰਾਮ ਭਜਨ ਕੀ” (ਪੰ: ੪੧੧) ਗੁਰਦੇਵ ਫ਼ੁਰਮਾਉਂਦੇ ਹਨ ਜਿਵੇਂ ਕੋਈ ਕੁੱਤਾ ਮਾਲਿਕ ਦਾ ਵਫ਼ਾਦਾਰ ਨਾ ਹੋ ਕੇ ਕਦੇ ਇੱਕ ਦਰ `ਤੇ ਅਤੇ ਕਦੇ ਦੂਜੇ ਤੋਂ ਟੁਕੜ ਮੰਗਦਾ ਫ਼ਿਰਦਾ ਤੇ ਦੁਰੇ-ਦੁਰੇ ਅਖਵਾਉਂਦਾ ਹੈ। ਇਸੇ ਤਰ੍ਹਾਂ ਮਨੁੱਖ ਦਾ ਜੀਵਨ ਜਿਹੜਾ ਕਿ ਧੁਰੋਂ ਹੀ ਘੜਿਆ ਆਉਂਦਾ ਹੈ, ਤਾਂ ਤੇ ਮਨੁੱਖ ਨੇ ਕੇਵਲ ਪ੍ਰਭੂ ਦੀ ਰਜ਼ਾ `ਚ ਜੀਵਨ ਜੀਊ ਕੇ ਹੀ ਆਪਣੇ ਜੀਵਨ ਨੂੰ ਸਫ਼ਲ ਬਨਾਉਣਾ ਹੁੰਦਾ ਹੈ। ਨਾ ਹੀ ਤਾਂ ਮਨੁੱਖ ਨੇ ਧਿਰ ਧਿਰ ਦਾ ਮਹੁਤਾਜ ਹੋਣਾ ਹੈ ਤੇ ਨਾ ਪ੍ਰਭੂ ਦੇ ਕੀਤੇ `ਤੇ ਕਿਉਂ-ਕਿੰਤੂ ਜਾਂ ਉਲਾਹਣਿਆਂ ਵਾਲਾ ਸੁਭਾਅ ਹੀ ਬਨਾਉਣਾ ਹੈ। ਫ਼ੁਰਮਾਣ ਹਨ “ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ॥ ਨਾਨਕ ਦੋਵੈ ਕੂੜੀਆ ਥਾਇ ਨ ਕਾਈ ਪਾਇ” (ਪੰ: ੪੭੪)। ਇਸੇ ਤਰ੍ਹਾਂ “ਉਲਾਹਨੋ ਮੈ ਕਾਹੂ ਨ ਦੀਓ॥ ਮਨ ਮੀਠ ਤੁਹਾਰੋ ਕੀਓ” (ਪੰ: ੯੭੮) ਅਨੁਸਾਰ ਇਸ ਜਨਮ ਨੂੰ ਅਸ਼ਾਵਾਂ-ਮਨਸ਼ਾਵਾਂ-ਕਾਮਨਾਵਾਂ ਦਾ ਗ਼ੁਲਾਮ ਬਣਾ ਕੇ ਪ੍ਰਭੂ ਨੂੰ ਉਲਾਹਣੇ ਨਹੀਂ ਦੇਣੇ, ਬਲਕਿ ਉਸ ਦੀ ਰਜ਼ਾ `ਚ ਸਦਾ ਖਿੜੇ ਮੱਥੇ ਰਹਿਣਾ ਹੈ। ਇਹੀ ਢੰਗ ਹੈ ਜੀਵਨ ਨੂੰ ਅਨੰਦ ਮਈ, ਮਾਨਸਿਕ ਟਿਕਾਅ, ਮਨ ਦੀ ਸ਼ਾਂਤੀ ਵਾਲਾ ਤੇ ਸਫ਼ਲ ਜੀਵਨ ਬਨਾਉਣ ਦਾ। ਜਦਕਿ ਅਗਿਆਨੀ ਮਨੁੱਖ ਮ੍ਰਿਗ ਤ੍ਰਿਸ਼ਨਾ ਦੀ ਨਿਆਈਂ ਆਪਣੀਆਂ ਕਾਮਨਾਵਾਂ ਦਾ ਗ਼ੁਲਾਮ ਹੋ ਕੇ ਅਤੇ ਮਨਮਤੀਆ ਬਣ ਕੇ ਆਪ ਮਿੱਥੇ ਮਾਇਕ ਸੁੱਖਾਂ ਦੀ ਦੌੜ `ਚ ਹੀ ਜੀਵਨ ਨੂੰ ਮਾਨਸਿਕ ਤਨਾਉ, ਉਖਾੜ ਵਾਲਾ ਤੇ ਅਉਗੁਣਾਂ ਨਾਲ ਭਰਪੂਰ ਕਰ ਲੈਂਦਾ ਹੈ। ਇਸ ਤਰ੍ਹਾਂ ਆਪਣੀ ਸਾਰੀ ਉਮਰ ਭਟਕਣਾ, ਤ੍ਰਿਸ਼ਨਾ ਤੇ ਦੁਬਿਧਾ `ਚ ਹੀ ਬਤੀਤ ਕਰ ਦਿੰਦਾ ਹੈ।

ਠੀਕ ਉਸੇ ਆਧਾਰ `ਤੇ ਕਬੀਰ ਸਾਹਿਬ ਵੀ ਮੋਹ ਮਾਇਆ `ਚ ਖੱਚਤ ਇਨਸਾਨ ਨੂੰ ਸਮਝਾਉਣ ਲਈ ਪ੍ਰਭੂ ਚਰਨਾਂ `ਚ ਅਰਦਾਸ ਕਰਣ ਦੀ ਗੱਲ ਸਮਝਾ ਰਹੇ ਹਨ। ਫ਼ੁਰਮਾਉਂਦੇ ਹਨ, ਹੇ ਪ੍ਰਭੂ! ਮੈਨੂੰ ਅਜਿਹੇ ਸੁੱਖਾਂ ਦੀ ਲੋੜ ਨਹੀਂ ਜਿਨ੍ਹਾਂ ਬਦਲੇ ਮੈਨੂੰ ਤੇਰੇ ਤੋਂ ਵਿਛੋੜੇ ਵਾਲਾ ਦੁਖ ਸਹਿਣਾ ਪਵੇ। ਮੈਨੂੰ ਅਜਿਹੀ ਸੁਰਤ ਨਾ ਦੇ ਜੋ ਸੰਸਾਰਿਕ ਸੁਖਾਂ ਦੇ ਭਰਮ `ਚ ਮੈਨੂੰ ਹਰ ਸਮੇਂ ਮੋਹ ਮਾਇਆ ਦੀ ਲਪੇਟ `ਚ ਹੀ ਰਖੇ। ਕਬੀਰ ਜੀ ਤਾਂ ਆਸਾ, ਮਨਸ਼ਾ ਤੇ ਮੋਹ ਮਾਇਆ ਦੀ ਪੱਕੜ ਤੋਂ ਪੈਦਾ ਹੋਈ ਮਾਇਕ ਸੁਖਾਂ ਵਾਲੀ ਦੌੜ ਦੀ ਗੱਲ ਕਰ ਰਹੇ ਹਨ, ਉਹ ਦੌੜ ਜਿਸ ਬਾਰੇ ਨੌਵੇਂ ਪਾਤਸ਼ਾਹ ਦਾ ਫ਼ੁਰਮਾਣ ਦੇ ਚੁੱਕੇ ਹਾਂ “ਸੁਖ ਕੈ ਹੇਤਿ ਬਹੁਤੁ ਦੁਖੁ ਪਾਵਤ…” ਤਾਂ ਤੇ ਇਥੇ ਕਬੀਰ ਸਾਹਿਬ ਵੀ ਇਸ ਸ਼ਬਦ `ਚ ਫ਼ੁਰਮਾਉਂਦੇ ਹਨ:-

“ਸੁਖੁ ਮਾਂਗਤ ਦੁਖੁ ਆਗੈ ਆਵੈ॥ ਸੋ ਸੁਖੁ ਹਮਹੁ ਨ ਮਾਂਗਿਆ ਭਾਵੈ॥ ੧॥” ਹੇ ਪ੍ਰਭੂ! ਮੈਨੂੰ ਆਸ਼ਾਵਾਂ, ਕਾਮਨਾਵਾਂ, ਤ੍ਰਿਸ਼ਨਾਵਾਂ ਤੋਂ ਪੈਦਾ ਹੋਣ ਵਾਲੇ ਅਜਿਹੇ ਮਾਇਕ ਸੁਖਾਂ ਦੀ ਲੋੜ ਨਹੀਂ, ਜਿਹੜੇ ਸੁਖਾਂ ਦੀ ਲਾਲਸਾ ਮਨੁੱਖ ਦੀ ਸੁਰਤ `ਚ ਟਿਕਾਅ ਹੀ ਨਹੀਂ ਆਉਣ ਦਿੰਦੀਆਂ। ਸੁਰਤ `ਚ ਭਟਕਣਾ ਤੇ ਉਖਾੜ ਹੀ ਬਣਿਆ ਰਹਿੰਦਾ ਹੈ। ਉਪ੍ਰੰਤ ਹੇ ਪ੍ਰਭੂ! ਇਹੀ ਮਾਨਸਿਕ ਉਖਾੜ ਹੀ ਤੇਰੇ ਤੋਂ ਵਿੱਥ ਪੈਦਾ ਕਰਕੇ ਤੈਨੂੰ ਵਿਸਾਰਣ ਦਾ ਕਾਰਨ ਬਣਦਾ ਹੈ। ਇਸ ਲਈ ਪ੍ਰਭੂ! ਮੈਨੂੰ ਆਪਣੀ ਰਜ਼ਾ `ਚ ਜੀਵਨ ਜੀਊਣ ਦੀ ਸਮ੍ਰਥਾ ਬਖ਼ਸ਼। ੧।

“ਬਿਖਿਆ ਅਜਹੁ ਸੁਰਤਿ ਸੁਖ ਆਸਾ॥ ਕੈਸੇ ਹੋਈ ਹੈ ਰਾਜਾ ਰਾਮ ਨਿਵਾਸਾ॥ ੧॥ ਰਹਾਉ॥” ਜਦ ਤੀਕ ਮਨੁੱਖ ਦੀ ਸੁਰਤ ਹੀ ਮੋਹ-ਮਾਇਆ `ਚ ਟਿਕੀ ਹੋਵੇ ਤਾਂ ਅਜਿਹੀ ਖਿੰਡੀ ਹੋਈ ਸੁਰਤ ਨਾਲ ਪ੍ਰਭੂ ਮਿਲਾਪ ਤੇ ਪ੍ਰਭੂ `ਚ ਵਾਸਾ ਹੋ ਹੀ ਕਿਵੇਂ ਸਕਦਾ ਹੈ? ਭਾਵ ਅਜਿਹੇ ਲਾਲਸਾਵਾਂ ਤੇ ਕਾਮਨਾਵਾਂ ਭਰੇ ਜੀਵਨ `ਚ ਮਾਨਸਿਕ ਟਿਕਾਅ ਤੇ ਸ਼ਾਂਤੀ ਜਾਂ ਪ੍ਰਭੂ ਮਿਲਾਪ ਵਾਲੀ ਅਵਸਥਾ ਪੈਦਾ ਹੀ ਨਹੀਂ ਹੋ ਸਕਦੀ। ੧। ਰਹਾਉ।

“ਇਸੁ ਸੁਖ ਤੇ ਸਿਵ ਬ੍ਰਹਮ ਡਰਾਨਾ॥ ਸੋ ਸੁਖੁ ਹਮਹੁ ਸਾਚੁ ਕਰਿ ਜਾਨਾ॥ ੨॥” ਸਨਕਾਦਿਕ ਨਾਰਦ ਮੁਨਿ ਸੇਖਾ॥ ਤਿਨ ਭੀ ਤਨ ਮਹਿ ਮਨੁ ਨਹੀਂ ਪੇਖਾ॥ ੩॥ ਕਬੀਰ ਜੀ ਦਸਦੇ ਹਨ ਕਿ ਮੋਹ ਮਾਇਆ `ਚੋਂ ਪੈਦਾ ਹੋਣ ਵਾਲੇ ਮਾਇਕ ਸੁੱਖਾਂ ਦੀ ਦੌੜ `ਚ ਉਲਝੇ ਰਹਿ ਕੇ ਜਦੋਂ ਸ਼ਿਵ ਜੀ, ਬ੍ਰਹਮਾ ਤੇ ਉਸ ਦੇ ਚਾਰੇ ਪੁੱਤਰਾਂ ਸਨਕ, ਸਨੰਦਨ, ਸਨਾਤਨ, ਸਨਤਕੁਮਾਰ ਤੋਂ ਇਲਾਵਾ ਜਦੋਂ ਨਾਰਦ ਮੁਨੀ ਤੇ ਸ਼ੇਸ਼ ਨਾਗ—ਨੇ ਵੀ ਕੰਨਾਂ ਨੂੰ ਹੱਥ ਲਗਾ ਲਏ, ਤਾਂ ਵਿਚਾਰਣ ਦਾ ਵਿਸ਼ਾ ਹੈ ਕਿ ਆਸ਼ਾ-ਮਨਸ਼ਾ ਤ੍ਰਿਸ਼ਨਾ, ਕਾਮਨਾਵਾਂ ਦੀ ਉਪਜ ਇਹਨਾ ਸੁਖਾਂ ਤੋਂ ਮਨੁੱਖ ਕਿਹੜੇ ਸਦੀਵੀ ਸੁਖ, ਸ਼ਾਂਤੀ ਤੇ ਮਾਨਸਿਕ ਟਿਕਾਅ ਦੀ ਆਸ ਕਰ ਰਿਹਾ ਹੈ।

ਭਾਵ, ਉਹ ਲੋਕ ਜਿਨ੍ਹਾਂ ਨੂੰ ਦੇਵਤੇ ਤੇ ਇਸ਼ਟ ਕਰਕੇ ਮੰਨਿਆ-ਪੂਜਿਆ ਜਾਂਦਾ ਹੈ ਪਰ ਜਦੋਂ ਉਹਨਾਂ ਬਾਰੇ ਪ੍ਰਚਲਤ ਤੇ ਪੌਰਾਣਿਕ ਕਹਾਣੀਆਂ `ਚ ਜਾਵੋ ਤਾਂ ਕਹਾਣੀਆਂ ਸਾਬਤ ਕਰਦੀਆਂ ਹਨ ਕਿ ਉਹ ਲੋਕ ਵੀ ਸਦਾ ਮਾਇਕ ਤੇ ਮਾਨਸਿਕ ਸੁਖਾਂ ਪਿਛੇ ਹੀ ਦੋੜਦੇ ਰਹੇ ਜਿਸ ਤੋਂ ਉਹ ਲੋਕ ਵੀ ਕਦੇ ਮਾਨਸਿਕ ਸ਼ਾਂਤੀ ਤੇ ਜੀਵਨ ਦਾ ਆਨੰਦ ਨਾ ਮਾਨ ਸਕੇ।

ਸਪਸ਼ਟ ਹੈ ਜਦੋਂ ਕਹੇ ਜਾਂਦੇ ਦੇਵਤੇ ਵੀ ਮਨ ਤੋਂ ਪੈਦਾ ਕੀਤੀ ਉਛਲ ਕੂਦ ਦਾ ਹੀ ਸ਼ਿਕਾਰ ਬਣੇ ਰਹੇ। ਇਸ ਦਾ ਇਕੋ ਕਾਰਨ ਸੀ ਜੋ ਜੀਵਨ `ਚ ਬੇਸੁਆਦੀ ਪੈਦਾ ਕਰ ਰਹੇ ਤੇ ਕੁਰਾਹੇ ਪਏ ਮਨ ਨੂੰ ਉਹ ਲੋਕ ਵੀ ਨਾ ਪਹਿਚਾਣ ਸਕੇ। ਉਹਨਾਂ ਨੂੰ ਸਮਝ ਨਹੀਂ ਆਈ ਕਿ ਮਨ ਦੀ ਅਸਲੀਅਤ ਹੈ ਕੀ? ਇਸ ਨੂੰ ਕਾਬੂ `ਚ ਕਿਵੇਂ ਰਖਣਾ ਹੈ? ਮਨ ਨੂੰ ਕੁਰਾਹੇ ਪੈਣ ਤੋਂ ਬਚਾਉਣਾ ਕਿਵੇਂ ਹੈ ਤਾ ਕਿ ਜੀਵਨ `ਚ ਟਿਕਾਅ ਤੇ ਆਤਮਕ ਰੱਸ ਬਣਿਆ ਰਹੇ।

ਤਾਂ ਤੇ ਹੇ ਭਾਈ! ਸਰੀਰ ਅੰਦਰੋਂ ਮਨ ਦੀ ਅਸਲੀਅਤ ਬਾਰੇ ਸੋਝੀ ਨਾ ਹੋਣ ਕਾਰਨ ਜਦੋਂ ਇਸ਼ਟ ਮੰਨੇ ਜਾਣ ਵਾਲੇ ਵੀ ਹਮੇਸ਼ਾਂ ਮਨ ਪਿਛੇ ਹੀ ਦੌੜਦੇ ਰਹੇ। ਤਾਂ ਫ਼ਿਰ ਜਦੋਂ ਸੰਸਾਰਕ ਲੋਕਾਂ ਨੇ ਵੀ ਆਸ਼ਾ-ਤ੍ਰਿਸ਼ਨਾ, ਕਾਮਨਾਵਾਂ ਤੋਂ ਪੈਦਾ ਹੋਣ ਵਾਲੇ ਮੋਹ ਮਾਇਆ ਭਾਵ ਮਾਇਕ ਸੁਖਾਂ ਨੂੰ ਹੀ ਆਪਣੇ ਲਈ ਸਦੀਵੀ ਸੁੱਖ ਕਿਵੇਂ ਮੰਨ ਲਿਆ? ਕਾਰਨ ਉਹੀ ਸੀ ਕਿ ਇਹਨਾ ਨੂੰ ਵੀ ਸਮਝ ਨਾ ਆਈ ਕਿ ਮਨ ਦੀ ਯੋਗ ਵਰਤੋਂ ਕੀ ਹੈ ਤੇ ਅਯੋਗ ਕੀ? । ੨।। ੩।

“ਇਸੁ ਮਨ ਕਉ ਕੋਈ ਖੋਜਹੁ ਭਾਈ॥ ਤਨ ਛੂਟੇ ਮਨੁ ਕਹਾ ਸਮਾਈ॥ ੪॥” ਇਸ ਤਰ੍ਹਾਂ ਜਦੋਂ ਸਪਸ਼ਟ ਹੋ ਗਿਆ ਕਿ ਜੀਵਨ ਦੀ ਸਫ਼ਲਤਾ-ਅਸਫ਼ਲਤਾ; ਜੀਵਨ `ਚ ਟਿਕਾਅ ਦਾ ਆਉਣਾ ਜਾਂ ਇਸ `ਚ ਉਖਾੜ ਤੇ ਪ੍ਰੇਸ਼ਾਣੀਆਂ ਦਾ ਬਣੇ ਰਹਿਣਾ; ਸਾਰੇ ਦਾ ਕਾਰਨ ਹੀ, ਸਾਡੇ ਅੰਦਰ ਸਾਡਾ ਮਨ ਤੇ ਇਸ ਮਨ ਬਾਰੇ ਸੋਝੀ ਜਾਂ ਅਗਿਆਣਤਾ ਹੀ ਹੈ। ਤਾਂ ਵਿਸ਼ਾ ਹੋਰ ਵੀ ਜ਼ਰੂਰੀ ਤੇ ਉਚੇਚੇ ਸਮਝਣ ਵਾਲਾ ਬਣ ਜਾਂਦਾ ਹੈ, ਆਖਿਰ ਸਾਡੇ ਅੰਦਰ ਇਹ ਮਨ ਹੈ ਕਿੱਥੇ? ਮਨ ਦਾ ਵਜੂਦ ਕੀ ਹੈ? ਇਸ ਨੂੰ ਕਾਬੂ `ਚ ਕਿਵੇਂ ਰਖਣਾ ਹੈ? ਤਾ ਕਿ ਜ਼ਿੰਦਗੀ ਨੂੰ ਆਸ਼ਾ, ਤ੍ਰਿਸ਼ਨਾ, ਚਿੰਤਾਂਵਾਂ, ਕਾਮਨਾਵਾਂ ਤੋਂ ਮੁਕਤ ਰਖਿਆ ਜਾ ਸਕੇ। ਜੀਵਨ ਨੂੰ ਸੁਆਦਲਾ, ਟਿਕਾਅ ਵਾਲਾ, ਸ਼ਾਂਤੀ ਦਾਇਕ ਤੇ ਸਦੀਵੀ ਅਨੰਦ ਵਾਲਾ ਬਣਾਇਆ ਜਾ ਸਕੇ?

ਤਾਂ ਤੇ ਮਨ ਵਾਲੀ ਸਚਾਈ ਨੂੰ ਸਮਝਣ ਲਈ ਸਭ ਤੋਂ ਵਧ ਜ਼ਰੂਰੀ ਹੈ ਖੋਜਣਾ ਕਿ ਸਰੀਰ ਦੇ ਬਿਨਸਨ ਤੋਂ ਬਾਅਦ ਆਖਿਰ ਸਾਡਾ ਮਨ ਕਿੱਥੇ ਜਾ ਕੇ ਟਿਕਦਾ ਹੈ? ਇਸ ਦਾ ਵਜੂਦ ਕੀ ਹੈ ਭਾਵ ਮਨ ਦਾ ਆਦਿ ਕੀ ਹੈ ਤੇ ਤੇ ਮਨ ਦਾ ਅੰਤ ਕੀ ਹੈ? । ੪।

“ਗੁਰ ਪਰਸਾਦੀ ਜੈਦੇਉ ਨਾਮਾਂ॥ ਭਗਤਿ ਕੈ ਪ੍ਰੇਮਿ ਇਨ ਹੀ ਹੈ ਜਾਨਾਂ॥ ੫॥” ਇਸ ਤੋਂ ਅੱਗੇ ਕਬੀਰ ਸਾਹਿਬ ਇਸ ਭੇਦ ਨੂੰ ਵੀ ਖੋਲਦੇ ਹਨ ਕਿ ਸਤਿਗੁਰੂ ਦੀ ਕਿਰਪਾ ਨਾਲ, ਭਾਵ ਆਤਮਿਕ ਗਿਆਨ ਦੀ ਪ੍ਰਾਪਤੀ ਨਾਲ ਜੈਦੇਵ, ਨਾਮਦੇਵ ਵਰਗੇ ਭਗਤਾਂ ਨੇ ਪ੍ਰਭੂ ਪਿਆਰਿਆਂ ਦੀ ਸੰਗਤ `ਚ ਆ ਕੇ ਇਹ ਗੱਲ ਸਮਝ ਲਈ ਕਿ “ਤਨ ਛੂਟੇ ਮਨੁ ਕਹਾ ਸਮਾਈ” ਕਿ ਸਰੀਰ ਦੇ ਬਿਨਸਨ ਤੋਂ ਬਾਅਦ ਮਨ ਦਾ ਵਜੂਦ ਕੀ ਹੁੰਦਾ ਹੈ? । ੫।

“ਇਸੁ ਮਨ ਕਉ ਨਹੀਂ ਆਵਨ ਜਾਨਾ॥ ਜਿਸ ਕਾ ਭਰਮੁ ਗਇਆ, ਤਿਨਿ ਸਾਚੁ ਪਛਾਨਾ॥ ੬॥” ਕਬੀਰ ਜੀ ਫ਼ੈਸਲਾ ਦਿੰਦੇ ਹਨ, ਦਰਅਸਲ ਸਾਧ ਸੰਗਤ ਰਾਹੀਂ ਉਹਨਾਂ ਭਗਤਾਂ ਨੂੰ ਤਾਂ ਸਮਝ ਆ ਗਈ ਕਿ ਇਹ ਮਨ ਆਪਣੇ ਆਪ `ਚ ਕੁੱਝ ਨਹੀਂ। ਇਸ ਮਨ ਦਾ ਜਨਮ ਹੀ ਮਨੁੱਖ ਦੀ ਮਾਇਆ ਮੋਹ ਵਾਲੀ ਪਕੜ ਤੇ ਪ੍ਰਭੂ ਨੂੰ ਭੁਲਾਉਣ ਭਾਵ ਭੁਲਾਵਾ ਮਾਤ੍ਰ ਹੀ ਹੈ। ਜਦੋਂ ਮਨੁੱਖ ਆਪਣੇ ਅੰਦਰੋਂ ਪ੍ਰਭੂ ਦੀ ਪਛਾਣ ਕਰ ਲੈਂਦਾ ਹੈ ਤਾਂ ਇਸ ਅੰਦਰੋਂ ਮਾਇਆ ਮੋਹ ਵਾਲੀ ਪਕੜ ਵੀ ਆਪੇ ਹੀ ਮੁੱਕ ਜਾਂਦੀ ਹੈ। ਇਸ ਤਰ੍ਹਾਂ ਮਨੁੱਖ ਦੇ ਮਨ ਵਾਲੀ ਹੋਂਦ ਵੀ ਮੁੱਕ ਜਾਂਦੀ ਹੈ ਜਿਸ ਤੋਂ ਮਨ, ਪ੍ਰਭੂ `ਚ ਹੀ ਸਮਾ ਜਾਂਦਾ ਹੈ।

ਭਾਵ ਪ੍ਰਭੂ ਤੋਂ ਵਿਛੋੜੇ ਵਾਲੀ ਅਵਸਥਾ `ਚੋਂ ਹੀ ਮਨ ਦਾ ਜਨਮ ਹੁੰਦਾ ਹੈ ਤੇ ਪ੍ਰਭੂ ਮਿਲਾਪ `ਚ ਆ ਕੇ ਇਸ ਦੀ ਹੋਂਦ ਵੀ ਆਪਣੇ ਆਪ ਹੀ ਮੁੱਕ ਜਾਂਦੀ ਹੀ। ਸਪਸ਼ਟ ਹੈ, ਮਨ ਪ੍ਰਭੂ ਨਾਲੋਂ ਅੱਡ ਹੋ ਕੇ ਕੀਤੇ ਚੰਗੇ-ਮੰਦੇ ਕਰਮਾਂ-ਸੰਸਕਾਰਾਂ ਦਾ ਸਮੂਹ ਹੈ। ਕੇਵਲ ਮਨੁੱਖਾ ਜਨਮ ਹੀ ਹੈ ਜਦੋਂ ਕਿ ਗੁਰੂ ਦੀ ਕ੍ਰਿਪਾ ਰਾਹੀਂ, ਜੀਵ ਦੇ ਅਸਲੇ ਪ੍ਰਭੂ `ਚ ਸਮਾਉਣ ਨਾਲ ਮਨ ਦੀ ਹੋਂਦ ਵੀ ਮੁੱਕ ਜਾਂਦੀ ਹੈ। ਇਸ ਦੀ ਹੋਂਦ ਰਹਿੰਦੀ ਹੀ ਨਹੀਂ ਜਦਕਿ ਬਾਕੀ ਜੂਨੀਆਂ ਸਮੇਂ ਅਜਿਹਾ ਸੰਭਵ ਨਹੀਂ।

ਇਸੁ ਮਨ ਕਉ ਨਹੀਂ ਆਵਨ ਜਾਨਾ” -ਇਸੇ ਲਈ ਕਬੀਰ ਸਾਹਿਬ ਫ਼ੁਰਮਾਅ ਰਹੇ ਹਨ ਇਸੁ ਮਨ ਕਉ ਨਹੀਂ ਆਵਨ ਜਾਨਾ” ਭਾਵ ਇਸ ਮਨ ਦੀ ਹੋਂਦ ਬਣਦੀ ਵੀ ਜੀਵ ਦੀ ਪ੍ਰਭੂ ਤੋਂ ਆਪਣੀ ਅੱਡ ਹਸਤੀ ਬਨਣ ਕਾਰਨ ਹੈ; ਇਹ ਮੰਨ ਲੈਣ ਨਾਲ ਕਿ ਮੈ ਕੁੱਝ ਹੋਰ ਹਾਂ ਤੇ ਪ੍ਰਭੂ ਮੇਰੇ ਅੱਡ ਹੈ। ਉਪ੍ਰੰਤ ਮਨ ਦੀ ਹੋਂਦ ਮੁਕਦੀ ਵੀ ਹੈ ਤਾਂ ਪ੍ਰਭੂ `ਚ ਸਮਾਉਣ ਨਾਲ, ਪ੍ਰਭੂ `ਚ ਇਕ-ਮਿਕ ਹੋਣ ਨਾਲ। ਇਸ ਤਰ੍ਹਾਂ ਮਨ ਦੀ ਆਪਣੀ ਕੋਈ ਹੋਂਦ ਨਹੀਂ, ਇਹ ਕੇਵਲ ਭੁਲਾਵਾ ਹੈ। ਪ੍ਰਭੂ ਹੁਕਮ `ਚ ਹੀ ਮਨੁਖਾ ਜੂਨ `ਚ ਇਹ ਕੇਵਲ ਇੱਕ ਸਾਧਨ ਹੁੰਦਾ ਹੈ ਪ੍ਰਭੂ ਮਿਲਾਪ ਅਥਵਾ ਮਨੁੱਖਾ ਜੀਵਨ ਸਫ਼ਲ ਕਰਣ ਲਈ। ਉਂਝ ਨਾ ਇਸ ਮਨ ਨੇ ਕਿਧਰੋਂ ਆਉਣਾ ਹੁੰਦਾ ਹੈ ਤੇ ਨਾ ਹੀ ਕਿਧਰੇ ਜਾਣਾ ਹੁੰਦਾ ਹੈ।

ਇਸੇ ਤਰ੍ਹਾਂ ਬਾਣੀ `ਚ ਅਨੇਕਾਂ ਥਾਵੇਂ ਜਿਵੇਂ “ਇਹੁ ਮਨੁ ਪੰਚ ਤਤੁ ਤੇ ਜਨਮਾ” (ਪੰ: ੪੧੫) ਅਥਵਾ “ਇਹੁ ਮਨੁ ਪੰਚ ਤਤ ਕੋ ਜੀਉ” (ਪੰ: ੩੪੨)। ‘ਮਨ’, ਕੇਵਲ ਸੰਸਕਾਰਾਂ ਦਾ ਸਮੂਹ ਹੈ। ਇਸ ਤਰ੍ਹਾਂ ਜਦੋਂ ਤੀਕ ਜੀਵ ਦੇ ਆਪਣੇ ਕਰਮ-ਸੰਸਕਾਰ ਬਣੇ ਰਹਿੰਦੇ ਹਨ, ਇਸ ‘ਮਨ’ ਦੀ ਹੋਂਦ ਵੀ ਬਣੀ ਰਹਿੰਦੀ ਹੈ। ਜੀਵ ਨੂੰ ਆਪਣੇ ਕੀਤੇ ਕਰਮਾਂ-ਸੰਸਕਾਰਾਂ ਅਨੁਸਾਰ “ਅਨੇਕ ਜੂਨੀ ਭਰਮਿ ਆਵੈ, ਵਿਣੁ ਸਤਿਗੁਰ ਮੁਕਤਿ ਨ ਪਾਏ॥ ਫਿਰਿ ਮੁਕਤਿ ਪਾਏ ਲਾਗਿ ਚਰਣੀ…” (ਪੰ: ੯੨੦) ਭਿੰਨ ਭਿੰਨ ਜੂਨੀਆਂ ਭੋਗਣੀਆਂ ਪੈਂਦੀਆਂ ਹਨ। ਅੰਤ ਪ੍ਰਭੂ ਮਿਲਾਪ ਲਈ ਤਾਂ “ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ" (ਪੰ: ੧੨) ਅਨੁਸਾਰ ਕੇਵਲ ਮਨੁੱਖਾ ਜੂਨ ਹੀ ਇਕੋ ਇੱਕ ਅਵਸਰ ਹੈ ਅਤੇ ਇਸ ਅਵਸਰ ਨੂੰ ਸਫ਼ਲ ਕਰਣ ਲਈ ਹੀ ਪ੍ਰਭੂ ਵਲੋਂ ਮਨ ਇੱਕ ਸਾਧਨ ਵਜੋਂ ਮਿਲਦਾ ਹੈ। ਜੇ ਕਰ “ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ, ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ” (ਪੰ: ੪੪੧) ਅਨੁਸਾਰ ਜੀਵ ਫ਼ਿਰ ਤੋਂ ਮਿਲੇ ਇਸ ਮਨੁੱਖਾ ਜਨਮ ਨੂੰ ਸਫ਼ਲ ਕਰ ਲਵੇ ਤਾਂ ਇਸ ‘ਮਨ’ ਦੀ ਵੱਖਰੀ ਹੋਂਦ ਵੀ ਆਪਣੇ ਆਪ ਹੀ ਮੁੱਕ ਜਾਂਦੀ ਹੈ; ਜੇ ਨਹੀਂ ਤਾਂ ਫ਼ਿਰ ਤੋਂ ਉਸ ਲਈ ਜਨਮ-ਮਰਣ ਵਾਲਾ ਗੇੜ ਚਾਲੂ ਹੋ ਜਾਂਦਾ ਹੈ। ੬।

“ਇਸੁ ਮਨ ਕਉ ਰੂਪੁ ਨ ਰੇਖਿਆ ਕਾਈ॥ ਹੁਕਮੇ ਹੋਇਆ, ਹੁਕਮੁ ਬੂਝਿ ਸਮਾਈ॥ ੭॥” ਅਸਲ `ਚ ਸਾਡਾ ਮਨ, ਪ੍ਰਭੂ ਤੋਂ ਵੱਖਰਾ ਆਪਣਾ ਕੋਈ ਰੂਪ, ਚਿਨ੍ਹ ਨਹੀਂ ਰਖਦਾ। ਜੀਵ ਦੀ ਪ੍ਰਭੂ ਤੋਂ ਦੂਰੀ ਤੇ ਮੋਹ ਮਾਇਆ ਦੀ ਪਕੜ ਕਾਰਨ ਮਾਨੋ ਮਨੁੱਖ ਦੇ ਆਪਣੇ ਪ੍ਰਛਵੇਂ ਦੀ ਨਿਆਈਂ ਹੀ ਇਸ ਦੀ ਕਰਮਾਂ-ਸੰਸਕਾਰਾਂ ਦੇ ਰੂਪ `ਚ ਵੱਖਰੀ ਹੋਂਦ ਬਣ ਜਾਂਦੀ ਹੈ। ਇਸੇ ਤੋਂ ਜੀਵ ਭਿੰਨ ਭਿੰਨ ਜੂਨਾਂ `ਚ ਭਟਕਦਾ ਰਹਿੰਦਾ ਹੈ; ਪ੍ਰਭੂ ਨਾਲ ਇੱਕ ਮਿਕ ਨਹੀਂ ਹੋ ਸਕਦਾ। ਇਸ ਤਰ੍ਹਾਂ ਇਸ ਦੀ ਇਹ ਵੱਖਰੀ ਹੋਂਦ ਵੀ ਪ੍ਰਭੂ ਦੇ ਹੁਕਮ ਭਾਵ ਨਿਆਂ `ਚ ਬਣਦੀ ਹੈ, ਅੰਤ ਸਾਡਾ ਇਹ ਮਨ ਪ੍ਰਭੂ ਦੀ ਰਜ਼ਾ ਨੂੰ ਸਮਝ ਕੇ ਪ੍ਰਭੂ `ਚ ਹੀ ਲੀਨ ਵੀ ਹੋ ਜਾਂਦਾ ਹੈ, ਇਸ ਤਰ੍ਹਾਂ ਇਸ ਦੀ ਹੋਂਦ ਵੀ ਉਸੇ ਦੇ ਹੁਕਮ ਅਤੇ ਨਿਆਂ `ਚ ਮੁੱਕਦੀ ਹੈ। ੭।

“ਇਸ ਮਨ ਕਾ ਕੋਈ ਜਾਨੈ ਭੇਉ॥ ਇਹ ਮਨਿ ਲੀਣ ਭਏ ਸੁਖਦੇਉ॥ ੮॥” ਜੋ ਮਨੁੱਖ ਇਸ ਮਨ ਦਾ ਭੇਦ ਜਾਣ ਲੈਂਦਾ ਹੈ, ਉਹ ਇਸੇ ਮਨ ਦੀ ਵਰਤੋਂ ਰਾਹੀਂ ਹੀ ਅੰਤਰ-ਆਤਮੇ, ਸਦੀਵੀ ਸੁਖ ਦੇਣ ਵਾਲੇ ਪ੍ਰਭੂ `ਚ ਲੀਣ ਹੋ ਜਾਂਦਾ ਹੈ। ਉਸ ਦੀ ਤੇ ਉਸ ਤੋਂ ਪੈਦਾ ਹੋ ਚੁੱਕੇ ਇਸ ਮਨ ਵਾਲੀ ਵੱਖਰੀ ਹੋਂਦ ਵੀ ਮੁੱਕ ਜਾਂਦੀ ਹੈ। ਇਸੇ ਤੋਂ ਮਨੁੱਖ ਦਾ ਇਹ ਲੋਕ ਵੀ ਪ੍ਰਭੂ ਮਿਲਾਪ `ਚ ਬਤੀਤ ਹੁੰਦਾ ਹੈ ਤੇ ਪ੍ਰਲੋਕ ਭਾਵ ਸਰੀਰ ਤਿਆਗਣ ਬਾਅਦ ਵੀ ਫ਼ਿਰ ਤੋਂ ਜੂਨਾਂ `ਚ ਨਹੀਂ ਆਉਂਦਾ। ੮।

“ਜੀਉ ਏਕੁ ਅਰੁ ਸਗਲ ਸਰੀਰਾ॥ ਇਸੁ ਮਨ ਕਉ ਰਵਿ ਰਹੇ ਕਬੀਰਾ॥ ੯॥” ਇਸ ਤਰ੍ਹਾਂ ਸ਼ਬਦ ਦੀ ਸਮਾਪਤੀ `ਤੇ ਕਬੀਰ ਸਾਹਿਬ ਫ਼ੁਰਮਾਉਂਦੇ ਹਨ ਕਿ ਮੈ ਤਾਂ ਆਪਣੇ ਇਸ ਮਨ ਰਾਹੀਂ ਹੀ ਸਰਬ-ਵਿਆਪਕ ਪ੍ਰਮਾਤਮਾ `ਚ ਹੀ ਇੱਕ ਮਿਕ ਹੋ ਚੁੱਕਾ ਹਾਂ ਭਾਵ ਅਕਾਲਪੁਰਖ ਦੀ ਰਜ਼ਾ `ਚ ਜੀਊਣਾ ਸਿੱਖ ਲਿਆ ਹੈ। ਉਹ ਅਕਾਲਪੁਰਖ ਜੋ ਸਾਰੀ ਰਚਨਾ `ਚ ਇੱਕ ਰਸ ਵਿਆਪਕ ਹੈ ਤੇ ਸਾਰੇ ਸਰੀਰਾਂ `ਚ ਵੱਸ ਰਿਹਾ ਹੈ। ੯। ੧। ੩੬।

“ਜੀਉ ਏਕੁ ਅਰੁ ਸਗਲ ਸਰੀਰਾ” -ਦਰਅਸਲ ਸ਼ਬਦ ਦਾ ਭਾਵ ਹੀ ਇਹੀ ਹੈ ਕਿ ਜਦ ਤੀਕ ਮਨ `ਚ ਮਾਇਕ ਸੁਖਾਂ ਦੀ ਲਾਲਸਾ ਟਿਕੀ ਹੋਵੇ, ਤਦ ਤੀਕ ਜੀਵ ਦਾ ਪ੍ਰਭੂ ਨਾਲ ਮਿਲਾਪ ਸੰਭਵ ਨਹੀਂ। ਜੀਵਨ `ਚ ਉਖਾੜ ਤੇ ਭਟਕਣਾ ਹੀ ਬਣੀ ਰਹਿੰਦੀ ਹੈ। ਪ੍ਰਭੂ ਨਾਲ ਮਿਲਾਪ ਤਾਂ ਹੀ ਸੰਭਵ ਹੈ ਜਦੋਂ ਮਨ ਦੀ ਆਪਣੀ ਅੱਡਰੀ ਹੋਂਦ ਖਤਮ ਹੋ ਜਾਏ ਤੇ ਮਨ ਆਪਣੇ ਅਸਲੇ ਪ੍ਰਭੂ `ਚ ਸਮਾ ਜਾਏ। ਇਸ ਦੌਰਾਨ ਜੀਵ ਨੂੰ ਚਾਹੇ ਕਿਤਣੀਆਂ ਵੀ ਜੂਨਾਂ ਕਿਉਂ ਨਾ ਭੁਗਤਣੀਆਂ ਪੈਣ, ਉਪ੍ਰੰਤ ਪ੍ਰਭੂ ਮਿਲਾਪ ਲਈ ਜੇ ਕੋਈ ਹੈ ਤਾਂ ਉਹ ਕੇਵਲ ਮਨੁੱਖਾ ਜਨਮ ਹੀ ਇਕੋ ਇੱਕ ਅਵਸਰ ਹੁੰਦਾ ਹੈ।

“ਮਨੁ ਖੋਜਤ ਨਾਮੁ ਨਉ ਨਿਧਿ ਪਾਈ” - ਹੁਣ ਆਉਂਦੇ ਹਾਂ ਤੀਜੇ ਪਾਤਸਾਹ ਦੇ ਸਬੰਧਿਤ ਸ਼ਬਦ ਵੱਲ ਤਾ ਕਿ ਇੱਕ ਤਾਂ ਗੁਰਬਾਣੀ ਚੋਂ ਮਨ ਦੇ ਵਿਸ਼ੇ ਨੂੰ ਕੁੱਝ ਹੋਰ ਖੁੱਲ ਕੇ ਸਮਝਿਆ ਜਾ ਸਕੇ ਦੂਜਾ ਸਪਸ਼ਟ ਹੋ ਜਾਵੇ ਆਖਿਰ ਗੁਰਦੇਵ ਨੂੰ ਕਬੀਰ ਸਾਹਿਬ ਦੇ ਉਸ ਸ਼ਬਦ ਨੂੰ ਕਿਸ ਪੱਖੋਂ ਤੇ ਕਿੳਂ ਹੋਰ ਖੋਲਣ ਦੀ ਲੋੜ ਪਈ।

ਤੀਜੇ ਪਾਤਸ਼ਾਹ ਦਾ ਸ਼ਬਦ ਹੈ, “ਭੈਰਉ ਮਹਲਾ ੩॥ ਸੋ ਮੁਨਿ, ਜਿ ਮਨ ਕੀ ਦੁਬਿਧਾ ਮਾਰੇ॥ ਦੁਬਿਧਾ ਮਾਰਿ ਬ੍ਰਹਮੁ ਬੀਚਾਰੇ॥ ੧॥ ਇਸੁ ਮਨ ਕਉ ਕੋਈ ਖੋਜਹੁ ਭਾਈ॥ ਮਨੁ ਖੋਜਤ ਨਾਮੁ ਨਉ ਨਿਧਿ ਪਾਈ॥ ੧॥” ਰਹਾਉ॥ ਮੂਲੁ ਮੋਹੁ ਕਰਿ ਕਰਤੈ ਜਗਤੁ ਉਪਾਇਆ॥ ਮਮਤਾ ਲਾਇ ਭਰਮਿ ਭ+ਲਾਇਆ॥ ੨॥ ਇਸੁ ਮਨ ਤੇ ਸਭ ਪਿੰਡ ਪਰਾਣਾ॥ ਮਨ ਕੈ ਵੀਚਾਰਿ ਹੁਕਮੁ ਬੁਝਿ ਸਮਾਣਾ॥ ੩॥ ਕਰਮੁ ਹੋਵੈ ਗੁਰੁ ਕਿਰਪਾ ਕਰੈ॥ ਇਹੁ ਮਨੁ ਜਾਗੈ ਇਸੁ ਮਨ ਕੀ ਦੁਬਿਧਾ ਮਰੈ॥ ੪॥ ਮਨ ਕਾ ਸੁਭਾਉ ਸਦਾ ਬੈਰਾਗੀ॥ ਸਭ ਮਹਿ ਵਸੈ ਅਤੀਤੁ ਅਨਰਾਗੀ॥ ੫॥ ਕਹਤ ਨਾਨਕੁ ਜੋ ਜਾਣੈ ਭੇਉ॥ ਆਦਿ ਪੁਰਖੁ ਨਿਰੰਜਨ ਦੇਉ॥ ੬॥ ੫॥ (ਪੰ: ੧੧੨੮) ਵੇਰਵੇ ਨਾਲ ਸ਼ਬਦ ਤੇ ਉਸ ਦੇ ਅਰਥ ਜ਼ਰੂਰੀ ਵਿਆਖਿਆ ਸਹਿਤ:-

“ਇਸੁ ਮਨ ਕਉ ਕੋਈ ਖੋਜਹੁ ਭਾਈ॥ ਮਨੁ ਖੋਜਤ ਨਾਮੁ ਨਉ ਨਿਧਿ ਪਾਈ॥ ੧॥ ਰਹਾਉ॥” ਇਸ ਸ਼ਬਦ `ਚ ਗੁਰਦੇਵ ਦਸਦੇ ਹਨ ਕਿ ਮਨੁੱਖ ਨੂੰ ਆਪਣੇ ਮਨ ਦੀ ਅਸਲੀਅਤ ਬਾਰੇ ਸਦਾ ਖੋਜਦੇ ਰਹਿਣਾ ਚਾਹੀਦਾ ਹੈ। ਮਨੁੱਖ ਆਪਣੇ ਮਨ ਨੂੰ ਜਿਉਂ ਜਿਉਂ ਬਾਹਰੀ ਦੋੜ ਭੱਜ ਤੋਂ ਰੋਕ ਕੇ ਨਾਮ-ਬਾਣੀ ਨਾਲ ਟਿਕਾਅ `ਚ ਲਿਆਉਂਦਾ ਹੈ ਤਾਂ ਸੰਸਾਰ ਦੇ ਨੌ ਦੇ ਨੌ ਖਜ਼ਾਨੇ ਹੀ ਉਸ ਲਈ ਤੁੱਛ ਹੋ ਜਾਂਦੇ ਹਨ ਭਾਵ ਪ੍ਰਮਾਤਮਾ ਦੇ ਦਰਸ਼ਨ ਤਾਂ ਉਸ ਨੂੰ ‘ਇਸ ਮਨ ਚੋਂ ਹੀ ਹੋ ਜਾਂਦੇ ਹਨ। ਮਨ `ਚੋਂ ਇਹ ਖਜ਼ਾਨੇ ਕਿਵੇਂ ਮਿਲਦੇ ਹਨ ਗੁਰਦੇਵ ਨੇ ਪਹਿਲੇ ਬੰਦ `ਚ ਜੀਵਨ ਦੀ ਇਸ ਸਚਾਈ ਨੂੰ ਸਪਸ਼ਟ ਵੀ ਕੀਤਾ ਹੈ। ੧। ਰਹਾਉ।

“ਸੋ ਮੁਨਿ, ਜਿ ਮਨ ਕੀ ਦੁਬਿਧਾ ਮਾਰੇ॥ ਦੁਬਿਧਾ ਮਾਰਿ ਬ੍ਰਹਮੁ ਬੀਚਾਰੇ॥ ੧॥” ਗੁਰਦੇਵ ਦਸਦੇ ਹਨ ਅਸਲ `ਚ “ਰਿਸ਼ੀ-ਮੁਨੀ” ਉਹ ਨਹੀਂ ਜੋ ਆਪਣੇ ਮਨ ਪਿਛੇ ਹੀ ਦੌੜਦਾ ਫ਼ਿਰੇ। ਮੁਨੀ ਉਹ ਹੈ ਜੋ ਆਪਣੇ ਮਨ ਅੰਦਰੋਂ ਮੇਰ-ਤੇਰ, ਵਿਤਕਰਿਆਂ ਵਾਲੇ ਸੁਭਾਅ ਨੂੰ ਖਤਮ ਕਰ ਕੇ ਸਾਰਿਆ `ਚੋਂ ਬ੍ਰਹਮ ਦੀ ਹੀ ਪਹਿਚਾਣ ਕਰੇ। ਸਪਸ਼ਟ ਹੋਇਆ ਕਿ ਮਨ ਦੀ ਮੈ ਮੇਰਾ ਅਤੇ ਮੇਰ-ਤੇਰ ਵਾਲੀ ਬਾਹਰ ਦੀ ਦੌੜ-ਭੱਜ ਹੀ ਮਨ ਨੂੰ ਇਸ ਦੇ ਮੂਲ ਪ੍ਰਭੂ ਤੋਂ ਤੋੜਦੀ ਤੇ ਇਸ ਲਈ ਵਿੱਥ ਪੈਦਾ ਕਰਦੀ ਹੈ। ਉਪ੍ਰੰਤ ਜਦੋਂ ਇਸੇ ਮਨ ਦੀ ਸੁਵਰਤੋਂ ਕਰਕੇ ਮਨੁੱਖ ਪ੍ਰਭੂ ਵੱਲ ਮੁੜਦਾ ਹੈ ਤਾਂ ਇਸ ਚੋਂ ਮੈ ਮੇਰਾ ਅਤੇ ਮੇਰ-ਤੇਰ ਵਾਲੀ ਦੌੜ-ਭੱਜ ਮੁੱਕ ਵੀ ਜਾਂਦੀ ਹੈ। ਇਸ ਤਰ੍ਹਾਂ ਮਨ “ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ, ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ” (ਪੰ: ੪੪੧) ਅਨੁਸਾਰ ਆਪਣੇ ਮੂਲ, ਪ੍ਰਭੂ `ਚ ਹੀ ਸਮਾ ਜਾਂਦਾ ਹੈ। ੧।

ਮੂਲੁ ਮੋਹੁ ਕਰਿ ਕਰਤੈ ਜਗਤੁ ਉਪਾਇਆ॥ ਮਮਤਾ ਲਾਇ ਭਰਮਿ ਭ+ਲਾਇਆ॥ ੨॥” ਉਪ੍ਰੰਤ ਇਥੇ ਗੁਰਦੇਵ ਗੁਰਮਤਿ ਦੇ ਇੱਕ ਹੋਰ ਵੱਡੇ ਸਿਧਾਂਤ ਨੂੰ ਉਜਾਗਰ ਕਰ ਰਹੇ ਹਨ। ਇਹ ਵਿਸ਼ਾ ਬਾਣੀ ਅਨੰਦ `ਚ ਵੀ ਗੁਰਦੇਵ ਨੇ ਨਿਭਾਇਆ ਤੇ ਦਸਿਆ ਹੈ ਕਿ ‘ਮੋਹ’ ਤਾਂ ਪ੍ਰਭੂ ਦੀ ਅਜਿਹੀ ਦਾਤ ਹੈ ਜਿਸ ਤੋਂ ਬਿਨਾ ਸੰਸਾਰ ਦਾ ਚਲਣ ਹੀ ਸੰਭਵ ਨਹੀਂ। ਫ਼ੁਰਮਾਣ ਹੈ “ਜਾ ਤਿਸੁ ਭਾਣਾ ਤਾ ਜੰਮਿਆ, ਪਰਵਾਰਿ ਭਲਾ ਭਾਇਆ” (ਪੰ: ੯੨੧) ਭਾਵ ਸੰਸਾਰਿਕ ਤੌਰ `ਤੇ ਹਰੇਕ ਬੱਚੇ ਨੂੰ ਇਸੇ ਮੋਹ ਵਾਲੀ ਦਾਤ ਕਾਰਨ ਹੀ ਪ੍ਰਵਾਰ ਵਲੋਂ ਜਨਮ ਤੋਂ ਹੀ ਭਲਾਈ (ਮੋਹ) ਵਾਲੀ ਸਾਂਝ ਮਿਲ ਜਾਂਦੀ ਹੈ ਜੋ ਹਰੇਕ ਦੇ ਜੀਵਨ ਨੂੰ ਅਗੇ ਲਿਜਾਉਣ ਦਾ ਕਾਰਨ ਬਣਦੀ ਹੈ।

ਇਸ ਤਰ੍ਹਾਂ ਕਰਤੇ ਵਲੋਂ ਸੰਸਾਰ ਅੰਦਰ ਇਹ ਮੋਹ ਵਾਲੀ ਦਾਤ ਹੀ ਹੈ, ਜਿਸ ਤੋਂ ਸੰਸਾਰ ਦਾ ਚਲਣ ਚਲ ਰਿਹਾ ਹੈ। ਇਸ ਦੇ ਉਲਟ ਕੁਰਾਹੇ ਪੈ ਚੁੱਕਾ ਮਨੁੱਖ ਦਾ ‘ਮਨ’ ਜਦੋਂ ਆਪਣੀ ਅਸਲੀਅਤ ਬਾਰੇ ਅਨਜਾਣ ਹੋਣ ਕਾਰਨ ਇਸੇ ‘ਮੋਹ’ ਨੂੰ ‘ਮਮਤਾ’ `ਚ ਬਦਲ ਦਿੰਦਾ ਹੈ। ਪ੍ਰਭੂ ਦੀ ਹਰੇਕ ਦਾਤ `ਤੇ ਆਪਣੀ ਪੱਕੜ (ਅਪਣਤ) ਬਣਾ ਲੈਂਦਾ ਹੈ ਜੋ ਕਿ ਅਸਲੋਂ ਇਸ ਦਾ ਭਰਮ ਹੀ ਹੁੰਦਾ ਹੈ। ਉਪ੍ਰੰਤ ਇਸੇ ਪਦਾਰਥਕ ਮਮਤਾ, ਪੱਕੜ, ਅਪਣਤ ਵਾਲਾ ਭਰਮ ਹੀ, ਮਨ ਦੀ ਪ੍ਰਭੂ ਨਾਲੋਂ ਵਿੱਥ ਅਥਵਾ ਅੱਡ ਹਸਤੀ ਬਨਾਉਣ ਜਾਂ ਕਾਇਮ ਕਰਣ ਦਾ ਕਾਰਨ ਬਣ ਜਾਂਦਾ ਹੈ। ਤਾਂ ਤੇ ਇੱਕ ਤਰੀਕੇ ਮੋਹ ਤੋਂ ਬਣੀ ਮਮਤਾ ਵਾਲੀ ਪ੍ਰਭੂ ਤੋਂ ਜੀਵ ਦੀ ਵਿੱਥ (ਅੱਡ ਹਸਤੀ) ਵੀ ਪ੍ਰਭੂ ਦੇ ਹੁਕਮ (ਨਿਆਂ) `ਚ ਹੀ ਬਣਦੀ ਹੈ।

ਇਸ ਤਰ੍ਹਾਂ ਮੋਹ ਨੂੰ ਜਗਤ-ਰਚਨਾ ਦਾ ਮੁੱਢ ਬਣਾ ਕੇ ਕਰਤਾਰ ਨੇ ਜਗਤ ਪੈਦਾ ਕੀਤਾ ਹੈ। ਉਪ੍ਰੰਤ ਜੀਵਾਂ ਨੂੰ ਅਪਣੱਤ (ਮਮਤਾ) ਚੰਬੋੜ ਕੇ ਇਹਨਾ ਨੂੰ ਭਟਕਣਾ `ਚ ਪਾ ਕੇ ਕੁਰਾਹੇ ਵੀ ਆਪ ਹੀ ਪਾ ਦਿੱਤਾ। ੨।

“ਇਸੁ ਮਨ ਤੇ ਸਭ ਪਿੰਡ ਪਰਾਣਾ॥ ਮਨ ਕੈ ਵੀਚਾਰਿ, ਹੁਕਮੁ ਬੁਝਿ ਸਮਾਣਾ॥ ੩॥” ਇਸ ਤਰ੍ਹਾਂ ਕੁਰਾਹੇ ਪੈ ਚੁੱਕੇ ਇਸ ਮਨ ਦੇ ਮੇਰ-ਤੇਰ ਤੇ ਅਪਣੱਤ ਵਾਲੇ ਸੁਭਾਅ ਤੋਂ ਬਣੇ ਕਰਮਾਂ-ਸੰਸਕਾਰਾਂ ਦਾ ਨਤੀਜਾ, ਬਾਰ ਬਾਰ ਦੇ ਜਨਮ ਮਰਨ ਵਾਲਾ (ਪਿੰਡ ਪਰਾਣਾ) ਸਿਲਸਿਲਾ ਚਾਲੂ ਹੋ ਜਾਂਦਾ ਹੈ। ਉਪ੍ਰੰਤ ਮਨ ਦੇ ਸੁਚੱਜੇ ਵੀਚਾਰਾਂ ਰਾਹੀਂ, ਸੋਝੀ ਆ ਜਾਣ `ਤੇ ਇਹੀ ਮਨ, ਪ੍ਰਭੂ ਦੀ ਰਜ਼ਾ ਨੂੰ ਸਮਝ ਕੇ ਅੰਤ ਉਸੇ `ਚ ਹੀ ਲੀਨ ਹੋ ਜਾਂਦਾ ਹੈ। ੩। ਤਾਂ ਤੇ ਸੁਆਲ ਪੈਦਾ ਹੁੰਦਾ ਹੈ ਕਿ ਕੁਰਾਹੇ ਪੈ ਚੁੱਕੇ ਮਨ `ਚ ਸੁਚੱਜੇ ਵਿਚਾਰ ਆਉਂਦੇ ਕਿਥੋਂ ਹਨ ਤਾਂ ਗੁਰਦੇਵ ਇਸ ਦਾ ਵੇਰਵਾ ਬੰਦ ਨੰ: ੪ `ਚ ਦੇ ਰਹੇ ਹਨ।

“ਕਰਮੁ ਹੋਵੈ ਗੁਰੁ ਕਿਰਪਾ ਕਰੈ॥ ਇਹੁ ਮਨੁ ਜਾਗੈ, ਇਸੁ ਮਨ ਕੀ ਦੁਬਿਧਾ ਮਰੈ॥ ੪॥” ਜਦੋਂ ਜੀਵ `ਤੇ ਅਕਾਲਪੁਰਖ ਦੀ ਮਿਹਰ ਹੁੰਦੀ ਹੈ ਤਾਂ ਗੁਰੂ, ਜੀਵ `ਤੇ ਕ੍ਰਿਪਾ ਕਰਦਾ ਹੈ। ਉਦੋਂ ਜੀਵ ਦਾ ਕੁਰਾਹੇ ਪਿਆ ਮਨ ਮਾਇਆ ਦੇ ਮੋਹ ਦੀ ਨੀਂਦ `ਚੋਂ ਜਾਗ ਜਾਂਦਾ ਹੈ ਤੇ ਇਸ ਚੋਂ ਮੇਰ-ਤੇਰ ਮੁੱਕ ਜਾਂਦੀ ਹੈ। ੪।

“ਮਨ ਕਾ ਸੁਭਾਉ ਸਦਾ ਬੈਰਾਗੀ॥ ਸਭ ਮਹਿ ਵਸੈ ਅਤੀਤੁ ਅਨਰਾਗੀ॥ ੫॥” ਜੀਵਾਂ ਦੇ ਮਨ ਦਾ ਮੂਲ ਤਾਂ ਪ੍ਰਭੂ ਆਪ ਹੀ ਹੈ ਜੋ ਸਦਾ ਮਾਇਆ ਤੋਂ ਨਿਰਲੇਪ ਰਹਿੰਦਾ ਹੈ, ਸਭ `ਚ ਵੱਸਦਾ ਹੈ ਪਰ ਪ੍ਰਭੂ ਆਪ ਵਿਰਕਤ ਤੇ ਨਿਰਮੋਹੀ ਵੀ ਹੈ। ੫।

“ਕਹਤ ਨਾਨਕੁ ਜੋ ਜਾਣੈ ਭੇਉ॥ ਆਦਿ ਪੁਰਖੁ ਨਿਰੰਜਨ ਦੇਉ॥ ੬॥ ੫॥” ਗੁਰਦੇਵ ਫ਼ੁਰਮਾਉਂਦੇ ਹਨ ਜਿਹੜਾ ਮਨੁੱਖ “ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ” ਅਨੁਸਾਰ ਆਪਣੇ ਮੂਲ ਪ੍ਰਭੂ ਵਾਲੇ ਭੇਤ ਨੂੰ ਸਮਝ ਲੈਂਦਾ ਹੈ ਤਾਂ ਉਹ ਕਰਤੇ ਦੀ ਯਾਦ `ਚ ਜੁੜ ਕੇ ਉਸ ਦੇ ਨਾਮ ਦੀ ਬਰਕਤ ਨਾਲ ਆਪਣੇ ਅੰਦਰੋਂ ਮਮਤਾ ਪੈਦਾ ਕਰਣ ਵਾਲੀ ਦੁਬਿਧਾ ਨੂੰ ਮੁਕਾਅ ਕੇ ਆਪਣੇ ਅਸਲੇ ਪ੍ਰਮਾਤਮਾ `ਚ ਹੀ ਲੀਣ ਹੋ ਜਾਂਦਾ ਹੈ। ਉਹ ਪ੍ਰਭੂ, ਜੋ ਰਚਨਾ ਦਾ ਮੁੱਢ ਹੈ, ਸਰਬ ਵਿਆਪਕ ਹੈ, ਮਾਇਆ ਤੋਂ ਨਿਰਲੇਪ ਹੈ ਤੇ ਜਾਗਦੀ ਜੋਤ ਵੀ ਹੈ। ੬। ੫।

ਹੁਣ ਦੋਵੇਂ ਸ਼ਬਦ ਆਹਮਣੇ ਸਾਹਮਣੇ ਰਖ ਕੇ- ਮਨ ਸਬੰਧੀ ਇਹਨਾ ਦੋਨਾਂ ਸ਼ਬਦਾਂ ਨੂੰ ਆਹਮਣੇ ਸਾਹਮਣੇ ਰਖ ਕੇ ਵਿਚਾਰਿਆ ਜਾਵੇ ਤਾਂ ਦੋਨਾਂ ਦਾ ਕੇਂਦਰੀ ਧੁਰਾ ਇਕੋ ਹੀ ਹੈ ਇਤਨਾ ਹੀ ਨਹੀਂ, ਬਲਕਿ ਸ਼ਬਦਾਵਲੀ ਤੀਕ ਦੀ ਵੀ ਸਾਂਝ ਹੈ ਜਿਵੇਂ ਆਪਣੀ ਰਚਨਾ `ਚ ਕਬੀਰ ਸਾਹਿਬ ਜਗਿਆਸੂ ਸਾਹਮਣੇ ਸੁਆਲ ਰਖਦੇ ਹਨ “ਇਸੁ ਮਨ ਕਉ ਕੋਈ ਖੋਜਹੁ ਭਾਈ॥ ਤਨ ਛੂਟੇ ਮਨੁ ਕਹਾ ਸਮਾਈ” ਜਦਕਿ ਦੂਜੇ ਪਾਸੇ, ਤੀਜੇ ਪਾਤਸ਼ਾਹ ਇਸ ਨੂੰ ਉਸੇ ਸ਼ਬਦਾਵਲੀ `ਚ ਸਪਸ਼ਟ ਵੀ ਕਰ ਦਿੰਦੇ ਹਨ ਜਿਵੇਂ “ਇਸੁ ਮਨ ਕਉ ਕੋਈ ਖੋਜਹੁ ਭਾਈ॥ ਮਨੁ ਖੋਜਤ ਨਾਮੁ ਨਉ ਨਿਧਿ ਪਾਈ”।

ਫ਼ਿਰ, ਕਬੀਰ ਸਾਹਿਬ ਫ਼ੁਰਮਾਉਂਦੇ ਹਨ ਇਸੁ ਸੁਖ ਤੇ ਸਿਵ ਬ੍ਰਹਮ ਡਰਾਨਾ॥ ਸੋ ਸੁਖੁ ਹਮਹੁ ਸਾਚੁ ਕਰਿ ਜਾਨਾ॥ ੨॥ ਸਨਕਾਦਿਕ ਨਾਰਦ ਮੁਨਿ ਸੇਖਾ॥ ਤਿਨ ਭੀ ਤਨ ਮਹਿ ਮਨੁ ਨਹੀਂ ਪੇਖਾ॥ ੩॥” ਇਧਰ, ਤੀਜੇ ਪਾਤਸ਼ਾਹ ਫ਼ੁਰਮਾਉਂਦੇ ਹਨ ਹੈ ਕਿ “ਐ ਕਬੀਰ ਜੀ! ਜਿਨ੍ਹਾਂ ਨੂੰ ਤੁਸੀਂ ਮੁਨੀ ਆਦਿ ਲਫ਼ਜ਼ਾ ਨਾਲ ਸੰਬੋਧਨ ਕਰ ਰਹੇ ਹੋ, ਦਰਅਸਲ ਉਹ ਲੋਕ ਤਾਂ ਜੀਵਨ ਕਰਕੇ ਇਸ ਉਚੇ ਪਦ ਨੂੰ ਪ੍ਰਾਪਤ ਹੀ ਨਹੀਂ ਸਨ। ਉਹ ਲੋਕ ਤਾਂ ਆਪਣੇ ਮਨ ਦੀ ਪੱਕੜ ਤੋਂ ਕਦੇ ਬਾਹਿਰ ਹੀ ਨਹੀਂ ਸਨ ਨਿਕਲੇ। ਇਸੇ ਲਈ ਤੁਸੀਂ ਆਪ ਵੀ ਤਾਂ ਕਹਿ ਰਹੇ ਹੋ “ਤਿਨ ਭੀ ਤਨ ਮਹਿ ਮਨੁ ਨਹੀਂ ਪੇਖਾ”। ਇਸ ਤੋਂ ਵੱਧ, ਜੇ ਸੱਚਮੁਚ ਉਹ ਲੋਕ ਜੀਵਨ ਕਰਕੇ ਵੀ ਉਭਰੇ ਹੋਏ ਹੁੰਦੇ ਤਾਂ ਉਹਨਾਂ ਦੀ ਅਵਸਥਾ ਹੋਣੀ ਸੀ “ਸੋ ਮੁਨਿ, ਜਿ ਮਨ ਕੀ ਦੁਬਿਧਾ ਮਾਰੇ॥ ਦੁਬਿਧਾ ਮਾਰਿ ਬ੍ਰਹਮੁ ਬੀਚਾਰੇ॥ ੧॥”

ਇਸ ਸਾਰੇ ਤੋਂ ਇਲਾਵਾ ਤੀਜੇ ਪਾਤਸ਼ਾਹ ਨੇ ਤਾਂ ਆਪਣੇ ਸ਼ਬਦ `ਚ ਜੀਵਨ ਦਾ ਇੱਕ ਹੋਰ ਬਹੁਤ ਵੱਡਾ ਸਿਧਾਂਤ ਵੀ ਸਾਹਮਣੇ ਲਿਆਂਦਾ ਹੈ। ਉੇਹ ਸਿਧਾਂਤ ਹੈ “ਮੂਲੁ ਮੋਹੁ ਕਰਿ ਕਰਤੈ ਜਗਤੁ ਉਪਾਇਆ॥ ਮਮਤਾ ਲਾਇ ਭਰਮਿ ਭ+ਲਾਇਆ॥ ੨॥” ਜਿਸ ਦੇ ਅਰਥ ਹਨ, ਕਰਤੇ ਨੇ ਤਾਂ ਮੋਹ ਨੂੰ ਰਚਨਾ ਦੇ ਚਲਣ ਨੂੰ ਚਲਾਉਣ ਲਈ ਕਾਇਮ ਕੀਤਾ। ਜਦਕਿ ਮਨੁੱਖ ਦਾ ਮਨ ਜਦੋਂ ਆਪਣੇ ਮੂਲ ਪ੍ਰਭੂ ਨਾਲ ਨਾਲੋਂ ਟੁੱਟ ਕੇ ਕੁਰਾਹੇ ਪੈ ਜਾਂਦਾ ਹੈ ਤਾਂ ਮਨ ਦੀ ਕੁਵਰਤੋਂ ਕਰ ਕੇ ਹੀ ਪ੍ਰਭੂ ਦੀ ਵੱਡਮੁਲੀ ਦਾਤ ‘ਮੋਹ’ ਨੂੰ ਹੀ ਮਮਤਾ, ਪਦਾਰਥਾ ਦੀ ਪੱਕੜ ਅਥਵਾ ਅਪਣਤ `ਚ ਬਦਲ ਦਿੰਦਾ ਹੈ।

ਉਪ੍ਰੰਤ ਇਹ ਮਮਤਾ, ਪਦਾਰਥਾ ਦੀ ਪੱਕੜ ਅਥਵਾ ਅਪਣਤ ਦਾ ਹੀ ਨਤੀਜਾ ਹੁੰਦਾ ਹੈ ਕਿ “ਇਸੁ ਮਨ ਤੇ ਸਭ ਪਿੰਡ ਪਰਾਣਾ” ਭਾਵ ਕੁਰਾਹੇ ਪੈ ਚੁੱਕੇ ਮਨ ਤੋਂ ਬਣੇ ਕਰਮਾਂ-ਸੰਸਕਾਰਾਂ ਕਾਰਨ ਹੀ ਜੀਵਾਂ ਦਾ ਫ਼ਿਰ ਤੋਂ ਜਨਮ-ਮਰਣ (ਪਿੰਡ ਪਰਾਣਾ) ਭਾਵ ਜੂਨਾਂ ਵਾਲਾ ਸਿਲਸਿਲਾ ਚਾਲੂ ਹੋ ਜਾਂਦਾ ਹੈ। ਇਹ ਚਕਰ ਤਦ ਤੀਕ ਚਲਦਾ ਰਹਿੰਦਾ ਹੈ ਜਦੋਂ ਤੀਕ ਕਿ “ਮਨ ਕੈ ਵੀਚਾਰਿ ਹੁਕਮੁ ਬੁਝਿ ਸਮਾਣਾ” ਇਹ ਕੁਰਾਹੇ ਪੈ ਚੁੱਕਾ ਮਨ ਫ਼ਿਰ ਤੋਂ ‘ਉਤਮ ਵਿਚਾਰਾਂ’ ਭਾਵ ਸਾਧਸੰਗਤ `ਚ ਆ ਕੇ ਆਪਣੇ ਮੂਲ ਪ੍ਰਭੂ `ਚ ਹੀ ਨਹੀਂ ਸਮਾ ਜਾਂਦਾ। ਇਥੇ ਗੁਰਦੇਵ ਤਾਂ ਇਸ ਦਾ ਸਮਾਧਾਨ ਵੀ ਦਸਦੇ ਹਨ ਕਿ ਉੱਤਮ ਵਿਚਾਰ ਉਦੋਂ ਬਣਦੇ ਹਨ, ਜਦੋਂ “ਕਰਮੁ ਹੋਵੈ ਗੁਰੁ ਕਿਰਪਾ ਕਰੈ॥ ਇਹੁ ਮਨੁ ਜਾਗੈ ਇਸੁ ਮਨ ਕੀ ਦੁਬਿਧਾ ਮਰੈ॥ ੪॥”

ਦੂਜੇ ਪਾਸੇ ਜੀਵਨ ਦੀ ਇਸ ਉਤਮ ਅਵਸਥਾ ਦੀ ਮਿਸਾਲ ਤਾਂ ਕਬੀਰ ਸਾਹਿਬ ਜੀ ਨੇ ਵੀ ਦਿੱਤੀ ਹੈ ਜਿਵੇਂ “ਗੁਰ ਪਰਸਾਦੀ ਜੈਦੇਉ ਨਾਮਾਂ॥ ਭਗਤਿ ਕੈ ਪ੍ਰੇਮਿ ਇਨ ਹੀ ਹੈ ਜਾਨਾਂ॥ ੫॥” ਪਰ ਉਥੇ ਇਹ ਗੱਲ ਇਤਨੀ ਸਪਸ਼ਟ ਨਹੀਂ ਹੋਈ ਜਿਨਾਂ ਜ਼ਿਆਦਾ ਕਿ ਇਸ ਨੂੰ ਤੀਜੇ ਪਾਤਸ਼ਾਹ ਨੇ ਸਪਸ਼ਟ ਕੀਤਾ। ਭਾਵ ਕਬੀਰ ਸਾਹਿਬ ਕਹਿ ਰਹੇ ਹਨ “ਗੁਰ ਪਰਸਾਦੀ ਜੈਦੇਉ ਨਾਮਾਂ” ਅਤੇ ਤੀਜੇ ਪਾਤਸ਼ਾਹ ਦੀ ਸ਼ਬਦਾਵਲੀ ਹੈ “ਕਰਮੁ ਹੋਵੈ ਗੁਰੁ ਕਿਰਪਾ ਕਰੈ”। ਇਸ ਤਰ੍ਹਾਂ ਤੀਜੇ ਪਾਤਸ਼ਾਹ ਸਪਸ਼ਟ ਕਰ ਰਹੇ ਹਨ ਕਿ ਮਨੁੱਖ `ਤੇ ਗੁਰੂ ਦੀ ਕ੍ਰਿਪਾ ਵੀ ਤਾਂ ਹੀ ਹੁੰਦੀ ਹੈ ਜਦੋਂ “ਕਰਮੁ ਹੋਵੈ” ਭਾਵ ਅਕਾਲਪੁਰਖ ਆਪ ਹੀ ਬਖਸ਼ਿਸ਼ ਕਰੇ ਤਾਂ।

ਹੋਰ ਲਵੋ ਕਬੀਰ ਸਾਹਿਬ ਦੇ ਲਫ਼ਜ਼ਾਂ `ਚ “ਇਸੁ ਮਨ ਕਉ ਨਹੀਂ ਆਵਨ ਜਾਨਾ” ਅਤੇ ਤੀਜੇ ਪਾਤਸ਼ਾਹ ਦੇ ਲਫ਼ਜ਼ ਹਨ “ਮਨ ਕਾ ਸੁਭਾਉ ਸਦਾ ਬੈਰਾਗੀ॥ ਸਭ ਮਹਿ ਵਸੈ ਅਤੀਤੁ ਅਨਰਾਗੀ”। ਇਥੇ ਹੀ ਬਸ ਨਹੀਂ ਕਬੀਰ ਸਾਹਿਬ ਫ਼ੁਰਮਾਉਂਦੇ ਹਨ “ਜਿਸ ਕਾ ਭਰਮੁ ਗਇਆ, ਤਿਨਿ ਸਾਚੁ ਪਛਾਨਾ” ਜਦਕਿ ਤੀਜੇ ਪਾਤਸ਼ਾਹ ਮਨ ਦੀ ਇਸੇ ਤਬਦੀਲੀ ਨੂੰ “ਇਹੁ ਮਨੁ ਜਾਗੈ ਇਸੁ ਮਨ ਕੀ ਦੁਬਿਧਾ ਮਰੈ” ਵਾਲੀ ਸ਼ਬਦਾਵਲੀ ਨਾਲ ਪ੍ਰਗਟ ਕਰਦੇ ਹਨ।

ਇਸ ਤੋਂ ਬਾਅਦ ਇਹਨਾ ਦੋਨਾਂ ਸ਼ਬਦਾਂ ਨੂੰ ਆਹਮਣੇ ਸਾਹਮਣੇ ਰਖ ਕੇ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ ਪਹਿਲੇ ਪਾਤਸ਼ਾਹ ਤੋਂ ਚਲਦੀ ਆ ਰਹੀ ਪਰੀਪਾਟੀ ਅਨੁਸਾਰ ਕਬੀਰ ਸਾਹਿਬ ਦੀ ਬਾਣੀ ਵੀ ਤੀਜੇ ਪਾਤਸ਼ਾਹ ਕੋਲ ਮੌਜੂਦ ਸੀ, ਜਿਥੋਂ ਕਿ ਉਹਨਾਂ ਨੇ ਜਗਿਆਸੂ ਲਈ ਇਸ ਸ਼ਬਦ ਦਾ ਅਰਥਾਂ ਨੂੰ ਹੋਰ ਨਿਖਾਰਣਾ ਜ਼ਰੂਰੀ ਸਮਝਿਆ। ਦੂਜਾ ਇਸ ਤੋਂ ਬਾਅਦ ਇਹ ਸਮਝਣਾ ਵੀ ਗ਼ਲਤ ਨਹੀਂ ਹੋਵੇਗਾ ਕਿ ਇਕੋ ਹੀ ਵਿਸ਼ੇ `ਤੇ ਲਗਭਗ ਉਸੇ ਸ਼ਬਦਾਵਲੀ `ਚ ਗੁਰਦੇਵ ਨੂੰ ਇਹ ਸ਼ਬਦ ਦੇਣ ਦੀ ਲੋੜ ਕਿਉਂ ਪਈ? ਦੋਨਾਂ ਸ਼ਬਦਾਂ ਦੀ ਗਹਰੀ ਵਿਚਾਰ ਤੋਂ ਜੋ ਸਮਝ `ਚ ਆਉਂਦਾ ਹੈ ਉਹ ਇਹ ਕਿ ਕਬੀਰ ਸਾਹਿਬ ਜਿਸ ਇਲਾਹੀ ਵਿਚਾਰ ਨੂੰ ਸਤਸੰਗੀਆਂ ਤੀਕ ਪਹੁਚਾਉਣਾ ਚਾਹੁੰਦੇ ਹਨ, ਉਥੇ ਸ਼ਬਦ ਦੀ ਸ਼ੈਲੀ ਕਾਫ਼ੀ ਗੁੰਝਲਦਾਰ ਹੈ ਜੋ ਆਮ ਜਗਿਆਸੂ ਦੀ ਸਮਝ `ਚ ਆਉਣੀ ਸੋਖੀ ਨਹੀਂ ਸੀ। ਉਪ੍ਰੰਤ ਜਦੋਂ ਤੀਜੇ ਪਾਤਸ਼ਾਹ ਦੀ ਰਚਨਾ ਦੇ ਦਰਸ਼ਨ ਕਰਦੇ ਹਾਂ ਤਾਂ ਗੁਰਦੇਵ ਨੇ ਉਸੇ ਵਿਸ਼ੇ ਨੂੰ ਲੜੀਵਾਰ ਢੰਗ ਨਾਲ ਕੇਵਲ ਛੇ ਬੰਦਾਂ `ਚ ਤੇ ਬਹੁਤ ਹੀ ਸਰਲ ਭਾਸ਼ਾ `ਚ ਸਪਸ਼ਟ ਕੀਤਾ ਹੈ। #187s10.03s10#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮਤਿ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 187

ਇਸੁ ਮਨ ਕਉ ਕੋਈ ਖੋਜਹੁ ਭਾਈ॥

ਤਨ ਛੂਟੇ ਮਨੁ ਕਹਾ ਸਮਾਈ

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org (Also Available at www.sikhmarg.com)




.