.

ਬਚਿੱਤਰ ਨਾਟਕ ਦੀ ਦੁਬਿਧਾ

ਜਿਤੁ ਸੇਵਿਐ ਸੁਖੁ ਪਾਈਐ ਸੋ ਸਾਹਿਬੁ ਸਦਾ ਸਮਾੑਲੀਐ॥
ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ॥
ਮੰਦਾ ਮੂਲਿ ਨ ਕੀਚਈ ਦੇ ਲੰਮੀ ਨਦਰਿ ਨਿਹਾਲੀਐ॥
ਜਿਉ ਸਾਹਿਬ ਨਾਲਿ ਨ ਹਾਰੀਐ ਤੇਵੇਹਾ ਪਾਸਾ ਢਾਲੀਐ॥
ਕਿਛੁ ਲਾਹੇ ਉਪਰਿ ਘਾਲੀਐ॥

ਗੁਰੂ ਨਾਨਕ ਨਾਮ ਲੇਵਾ ਹਰ ਗੁਰਸਿੱਖ ਜਾਣਦਾ ਹੈ ਕਿ ਭਾਈ ਲਹਿਣਾ ਜੀ (ਗੁਰੂ ਅੰਗਦ ਸਾਹਿਬ ਜੀ) ਸਤਿਗੁਰੂ ਨਾਨਕ ਸਾਹਿਬ ਜੀ ਦੀ ਸ਼ਰਣ ਵਿੱਚ ਆਉਣ ਤੋਂ ਪਹਿਲਾਂ ਹਿੰਦੂ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਸਨ। ਭਾਈ ਲਹਿਣਾ ਜੀ (ਗੁਰੂ ਅੰਗਦ ਸਾਹਿਬ ਜੀ) ਗੁਰੂ ਨਾਨਕ ਸਾਹਿਬ ਜੀ ਦੀ ਸ਼ਰਣ ਵਿੱਚ ਕਿਉਂ ਆਏ? ਇਸਦਾ ਬਿਲਕੁਲ ਹੀ ਸੌਖਾ ਜਿਹਾ ਜਵਾਬ ਇਹ ਹੈ ਕਿ ਦੇਵੀਆਂ ਆਦਿਕ ਦੀ ਪੂਜਾ ਦੇ ਪਖੰਡ ਕਰਮ-ਕਾਂਡ ਵਿੱਚੋਂ ਉਨ੍ਹਾਂ ਨੂੰ “ਸਦਾ ਵਿਗਾਸ” ਅਤੇ “ਲੈ ਲਾਹਾ ਮਨ ਹਸ” ਦੀ ਪ੍ਰਾਪਤੀ ਦੂਰ-ਦੂਰ ਤਕ ਵੀ ਨਜ਼ਰ ਨਹੀਂ ਸੀ ਆ ਰਹੀ।
ਸਿੱਖ ਇਤਹਾਸ ਇਹ ਗਵਾਹੀ ਭਰਦਾ ਹੈ ਕਿ ਉਨ੍ਹਾਂ ਨੂੰ ਭਾਈ ਜੋਧ ਜੀ ਤੋਂ ਉਪਰੋਕਤ ਪਉੜੀ ਦੀ ਸਿੱਖਿਆ ਸੁਨਣ ਨੂੰ ਮਿਲੀ, ਅਤੇ ਭਾਈ ਸੀਹਾਂ ਉੱਪਲ ਜੀ ਦਾ ਆਚਰਣ ਸਤਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਉਪਦੇਸ਼ਾਂ ਅਨੁਸਾਰ ਨਜ਼ਰ ਆਇਆ। ਇਨ੍ਹਾਂ ਦੋਹਾਂ ਕਾਰਣਾਂ ਕਰਕੇ ਭਾਈ ਲਹਿਣਾ ਜੀ ਨੂੰ ਵੀ ਇਹ ਆਸ ਦੀ ਕਿਰਣ ਨਜ਼ਰ ਆਈ ਕਿ ਜਿਸ ਆਤਮਕ ਸੁਖ ਲਈ ਮੈਂ ਭਟਕ ਰਿਹਾ ਹਾਂ ਉਹ ਕੇਵਲ ਤੇ ਕੇਵਲ ਸੱਚੇ ਸਤਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਉੱਤਮ ਉਪਦੇਸ਼ਾਂ ਉੱਤੇ ਅਮਲ ਕਰਕੇ ਹੀ ਮਿਲ ਸਕਦਾ ਹੈ। ਬੱਸ ਭਾਈ ਲਹਿਣਾ ਜੀ ਗੁਰੁ ਨਾਨਕ ਸਾਹਿਬ ਜੀ ਦੇ ਚਰਣਾਂ ਵਿੱਚ ਪਹੁੰਚੇ ਅਤੇ “ਸਿਖੀ ਸਿਖਿਆ ਗੁਰ ਵੀਚਾਰਿ” ਦੀ ਕਮਾਈ ਅਰੰਭ ਕਰ ਦਿੱਤੀ ਤੇ ਗੁਰੂ ਨਾਨਕ ਸਾਹਿਬ ਜੀ ਦਾ ਰੂਪ ਗੁਰੂ ਅੰਗਦ ਹੋ ਨਿਬੜੇ।
ਇਹ ਪ੍ਰਾਪਤੀ ਭਾਈ ਲਹਿਣਾ ਜੀ ਨੂੰ ਇਸ ਕਰਕੇ ਹੋਈ ਕੇ ਜੋ ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਬਾਰੇ ਉਨ੍ਹਾਂ ਦੇ ਮਨ ਵਿੱਚ ਵੀਚਾਰ ਬਣੇ ਸਨ, ਸਤਗੁਰੂ ਜੀ ਦੇ ਦਰਸ਼ਨ ਕਰਕੇ, ਸਿੱਖਿਆ ਸੁਣ ਕੇ, ਉਹ ਵੀਚਾਰ ਹੋਰ ਦ੍ਰਿੜ੍ਹ ਹੋਏ। ਉਨ੍ਹਾਂ ਦੇ ਮਨ ਵਿੱਚ ਗੁਰੂ ਜੀ ਪ੍ਰਤੀ ਸਤਕਾਰ ਅਤੇ ਵਿਸ਼ਵਾਸ ਹੋਰ ਪ੍ਰਬਲ ਹੋਇਆ।
ਪਰ ਅੱਜ ਜੇ ਕੋਈ ਮਨੁੱਖ ਸਿੱਖ ਬਣਨ ਦੀ ਇੱਛਾ ਰਖਦਾ ਹੋਏ ਤਾਂ ਕੀ ਉਸਦਾ ਵਿਸ਼ਵਾਸ ਗੁਰੂ ਅਤੇ ਸਿੱਖ ਧਰਮ ਪ੍ਰਤੀ ਪ੍ਰਬਲ ਰਹਿ ਸਕਦਾ ਹੈ? ਜੇ ਉਸ ਦੇ ਅੱਗੇ ਸਾਡੇ ਧਰਮ ਦੇ ਠੇਕੇਦਾਰ ਦਸਮ ਗ੍ਰੰਥ (ਬਚਿੱਤਰ ਨਾਟਕ) ਅਤੇ ਆਪਣਾ ਦੁਸ਼ਟਤਾ ਭਰਿਆ ਅਤਿ ਨੀਵੇਂ ਦਰਜੇ ਦਾ ਕਿਰਦਾਰ {ਦਸਮ ਗ੍ਰੰਥ (ਬਚਿੱਤਰ ਨਾਟਕ) ਅਨੁਸਾਰ} ਪੇਸ਼ ਕਰਣਗੇ। ਤਾਂ ਹਰਗਿਜ ਨਹੀਂ।
ਦਾਸ ਦਾ ਪਿਛੋਕੜ ਤਾਂ ਗੁਰੂ ਸਾਹਿਬ ਜੀ ਦੇ ਮਹਾਨ ਸਿੱਖਾਂ, ਸ਼ਹੀਦਾਂ ਦੇ ਨਾਲ ਜੁੜਦਾ ਹੈ। ਪਰ ਪਤਾ ਨਹੀਂ ਕਿਨ੍ਹਾਂ ਹਾਲਾਤਾਂ ਕਰਕੇ ਅਸੀਂ ਗੁਰੂ ਘਰ ਤੋਂ ਦੂਰ ਹੋ ਗਏ ਸੀ? ਸਾਰੇ ਹੀ ਲਗਭਗ ਹਿੰਦੂ ਬਣ ਗਏ। ਗੁਰੂ ਦੀ ਅਪਾਰ ਮਿਹਰ ਸਦਕਾ ਦਾਸ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਪ੍ਰਾਪਤ ਹੋਈ। ਸਤਗੁਰੂ ਜੀ ਦੀ ਕ੍ਰਿਪਾ ਸਦਕਾ ਸਿੱਖ ਕੌਮ ਦੇ ਮਹਾਨ ਅਦਾਰੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵਿਚੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਕਲਿਆਣਕਾਰੀ ਬਾਣੀ ਦੇ ਮਹਾਨ ਸਿਧਾਂਤਾਂ ਅਤੇ ਇਤਿਹਾਸ ਆਦਿਕ ਦਾ ਗਿਆਨ ਪ੍ਰਾਪਤ ਕੀਤਾ। ਦਾਸ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਵਡਭਾਗੀ ਮਨੁੱਖ ਸਮਝਦਾ ਹੈ ਕਿਉਂਕਿ ਅਨੁਪਮ, ਮਿਠ ਬੋਲੜੇ ਸਤਗੁਰੂ (ਗੁਰੂ ਨਾਨਕ ਸਾਹਿਬ ਜੀ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤਕ ਅਤੇ ਗੁਰੂ ਗ੍ਰੰਥ ਸਾਹਿਬ ਜੀ) ਜੀ ਦਾ ਪਿਆਰ ਮੈਂ ਨਿਮਾਣੇ ਦੀ ਸੱਖਣੀ ਝੋਲੀ ਵਿੱਚ ਪਿਆ। ਜਿੱਥੇ ਗੁਰੂ ਸਾਹਿਬਾਨ ਦੇ ਪਿਆਰੇ ਸਿਧਾਂਤਾਂ ਦੀ ਸਮਝ ਲਗੀ ਉੱਥੇ ਇਨ੍ਹਾਂ ਸਿਧਾਂਤਾਂ ਅਨੁਸਾਰ ਜੀਵਨ ਜਿਉਣ ਵਾਲੇ ਗੁਰੂ ਦੇ ਪਿਆਰੇ ਸਿੱਖਾਂ ਦੀ ਨੇੜਤਾ ਵੀ ਪ੍ਰਾਪਤ ਹੋਈ।
ਦਾਸ ਨੂੰ ਇਹ ਖੁਸ਼ੀ ਪ੍ਰਾਪਤ ਹੋਈ ਕਿਉਂਕਿ ਗੁਰੂ ਦੇ ਉੱਚੇ-ਸੁੱਚੇ ਆਦਰਸ਼ਾਂ ਨੂੰ ਸਮਝਾਉਣ ਵਾਲੇ “ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ” ਦੇ ਸਿਧਾਂਤ ਉੱਤੇ ਪਹਿਰਾ ਦੇਣ ਵਾਲੇ ਗੁਰੂ ਪਿਆਰਿਆਂ ਦੀ ਸੰਗਤ ਮਿਲ ਗਈ ਸੀ।
ਪਰ ਜੇ ਕੋਈ ਮੇਰੇ ਵਰਗਾ ਅਭਾਗਾ (ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਣ ਵਿੱਚ ਆਉਣ ਤੋਂ ਪਹਿਲਾਂ) ਮਨੁੱਖ ਭਗੌਤੀ ਦੀ ਪੂਜਾ ਕਰਨ, ਵਰਤ ਰੱਖਣ ਵਾਲਾ, ਪੱਥਰਾਂ ਦੀ ਪੂਜਾ ਕਰਨ ਵਾਲਾ, ਸਪਾਂ ਦੀ ਪੂਜਾ ਕਰਨ ਵਾਲਾ, ਦਰਖ਼ਤਾਂ ਦੀ ਪੂਜਾ ਕਰਨ ਵਾਲਾ, ਮੰਦਰਾਂ ਵਿੱਚ ਪੱਥਰ ਦੀ ਮੂਰਤੀਆਂ ਨੂੰ ਹੀ ਰੱਬ ਸਮਝ ਕੇ ਮੱਥੇ ਟੇਕਣ ਵਾਲਾ, ਆਦਿ, ਮਨਮਤ ਦੇ ਸਾਰੇ ਕਰਮ ਕਰਨ ਵਾਲਾ----------------ਕੇਸਾਂ ਦੀ ਬੇਅਦਬੀ ਕਰਨ ਵਾਲਾ, ਅੱਜ ਸਿੱਖ ਧਰਮ ਇਸ ਕਰਕੇ ਅਪਨਾਏ ਕਿ ਇਹ ਧਰਮ ਸਭ ਤੋਂ ਸ਼੍ਰੇਸ਼ਠ ਧਰਮ ਹੈ, ਇਹ ਧਰਮ “ਸਾਹਿਬ ਮੇਰਾ ਏਕੋ ਹੈ” ਦਾ ਉਪਦੇਸ਼ ਦਿੰਦਾ ਹੈ। ਪਰ ਉਹ ਮੱਨੁਖ ਜੋ ‘ਜੈ ਅੰਬੇ ਗੌਰੀ’ — ‘ਸ਼ੁੰਭ ਨਿਸ਼ੁੰਭ ਵਿਡਾਰੇ ਮਹਿਸਾਸੁਰ ਘਾਤੀ’ ‘ਜੈ ਗਣੇਸ਼ ਜੈ ਗਣੇਸ਼ ਦੇਵਾ’ ਆਦਿ ਨੂੰ ਛੱਡ ਕੇ “ਸਾਹਿਬ ਮੇਰਾ ਏਕੋ ਹੈ” ਨੂੰ ਮੰਨਣ ਦੀ ਕੋਸ਼ਿਸ ਕਰੇ ਪਰ ਉਸਨੂੰ ਜ਼ਬਰਦਸਤੀ ‘ਮਹਾਕਾਲ ਰਖਵਾਰ ਹਮਾਰੋ’, ‘ਕ੍ਰਿਪਾ ਕਾਲ ਕੇਰੀ’, ‘ਕ੍ਰਿਪਾ ਕਰੀ ਹਮ ਪਰ ਜਗਮਾਤਾ’, ਆਦਿ ਦਾ ਹੀ ਜ਼ਹਿਰ ਫਿਰ ਤੋਂ ਪਿਆਇਆ ਜਾਏ, ਤਾਂ ਕੀ ਉਸ ਦੀ ਗੁਰੂਆਂ ਅਤੇ ਸਿੱਖੀ ਪ੍ਰਤੀ ਆਸਥਾ ਕਾਇਮ ਰਹਿ ਸਕਦੀ ਹੈ? ਉਹ ਤਾਂ ਸੋਚੇਗਾ ਕਿ ਇਹ ਕੰਮ ਤਾਂ ਮੈਂ ਪਹਿਲਾਂ ਹੀ ਕਰਦਾ ਸੀ। ਜੇ ਹੁਣ ਵੀ ਉਹੋ ਕੰਮ ਕਰਣੇ ਨੇ ਅਤੇ ਇਖ਼ਲਾਕ ਬਚਿੱਤਰ ਨਾਟਕ ਦੀ ਸਿੱਖਿਆ ਤੋਂ ਬਿਨਾਂ ਮੁਕੰਮਲ ਨਹੀਂ ਹੋਣਾ (ਕਿਉਂਕਿ ਬਹੁਤ ਸਾਰੇ ਦਸਮ ਗ੍ਰੰਥ ਦੇ ਉਪਾਸਕ ਕਹਿ ਰਹਿ ਨੇ ਕਿ ਦਸਮ ਗ੍ਰੰਥ (ਬਚਿੱਤਰ ਨਾਟਕ) ਨੇ ਦੁਨਿਆਵੀ ਸਿੱਖਿਆ ਦੇਣੀ ਹੈ, ਅਤੇ ਜਪੁ ਜੀ ਪੜ੍ਹ ਕੇ ਮਨੁੱਖ ਸਾਧੂ ਬਣ ਜਾਂਦਾ ਹੈ) ਤਾਂ ਐਸੇ ਧਰਮ ਤੋਂ ਮੈਂ ਕੀ ਲੈਣਾ?
ਜੇ ਗੁਰੂ ਨਾਨਕ ਸਾਹਿਬ ਜੀ ਭਾਈ ਲਹਿਣਾ ਜੀ ਨੂੰ ਇੱਕ ਅਕਾਲ ਪੁਰਖ ਦੀ ਭਗਤੀ “ਸਭਨਾ ਜੀਆਂ ਕਾ ਇਕੁ ਦਾਤਾ” ਦਾ ਉਪਦੇਸ਼ ਨਾ ਦੇ ਕੇ ਫਿਰ ਦੇਵੀ-ਦੇਵਤਿਆਂ ਦੇ ਖਾਰੇ ਸਮੁੰਦਰ ਵਿੱਚ ਹੀ ਧਕੇਲ ਦਿੰਦੇ ਤਾਂ ਭਾਈ ਲਹਿਣਾ ਜੀ ਨੇ ਕਹਿਣਾ ਸੀ ਬਾਬਾ ਜੀ ਮੈਂ ਤਾਂ ਤੁਹਾਡੇ ਇਹ ਬਚਨ
“ਜਿਤੁ ਸੇਵਿਐ ਸੁਖੁ ਪਾਈਐ ਸੋ ਸਾਹਿਬੁ ਸਦਾ ਸਮਾੑਲੀਐ॥
ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ॥
ਮੰਦਾ ਮੂਲਿ ਨ ਕੀਚਈ ਦੇ ਲੰਮੀ ਨਦਰਿ ਨਿਹਾਲੀਐ॥
ਜਿਉ ਸਾਹਿਬ ਨਾਲਿ ਨ ਹਾਰੀਐ ਤੇਵੇਹਾ ਪਾਸਾ ਢਾਲੀਐ॥
ਕਿਛੁ ਲਾਹੇ ਉਪਰਿ ਘਾਲੀਐ॥”
ਸੁਣ ਕੇ ਤੁਹਾਡਾ ਸਿੱਖ ਬਣਨ ਲਈ ਆਇਆ ਸੀ। ਪਰ ਹੁਣ ਇਹ ਦੇਵੀ-ਦੇਵਤਿਆਂ ਦੀ ਪੂਜਾ? ਮੈਨੂੰ ਤੇਰੀ ਸਿੱਖੀ ਦੀ ਲੋੜ ਨਹੀ ਹੈ। ਇਹ ਕੰਮ ਤਾਂ ਮੈਂ ਕਰਦਾ ਹੀ ਸੀ। ਤਾਂ ਸ਼ਾਇਦ ਉਹ ਗੁਰੂ ਨਾਨਕ ਸਾਹਿਬ ਦੇ ਨਾ ਸਿੱਖ ਬਣਦੇ ਅਤੇ ਨਾ ਹੀ ਸਾਡੇ “ਜਨਮ ਮਰਣ ਦੁਖ ਜਾਇ” ਦੁਖ ਦੂਰ ਕਰਨ ਵਾਲੇ ਗੁਰੂ ਬਣਨੇ ਸਨ।
ਗੁਰੂ ਪਿਆਰਿਓ! ਮੇਰੇ ਜਿਹੀ ਕਿਸਮਤ ਸਾਰਿਆਂ ਦੀ ਸ਼ਾਇਦ ਨਾ ਹੋਵੇ। ਸਾਰਿਆਂ ਨੂੰ ਗੁਰੂ ਦਾ ਗਿਆਨ ਸ਼ਾਇਦ ਇਸ ਤਰ੍ਹਾਂ ਨਾ ਮਿਲ ਸਕਦਾ ਹੋਵੇ। ਜੇ ਗੁਰੂ ਦੇ ਪਿਆਰ ਦੇ ਹਕਦਾਰ ਸਿੱਖ ਬਣਨ ਲਈ ਸੋਚਦੇ ਹੋਣ ਤਾਂ ਕੀ ਸਾਡੀ ਇਹ ਬਚਿੱਤਰ ਨਾਟਕ ਦੀ ਦੁਬਿਧਾ ਅਤੇ ਲੋਕਾਂ ਅੰਦਰ ਸਿੱਖੀ ਦਾ ਬਣਦਾ ਪਿਆਰ ਅਤੇ ਸਤਕਾਰ ਕਾਇਮ ਰਹਿਣ ਦਏਗੀ?
ਆਓ ਸਾਰੇ ਇਕਜੁਟ ਹੋ ਕੇ ਦੁਨਿਆ ਨੂੰ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਅਮੋਲਕ ਉਪਦੇਸ਼ਾਂ ਤੋਂ ਜਾਣੂ ਕਰਵਾਉਣ ਲਈ ਉਦੱਮ ਕਰੀਏ।
ਗੁਰੂ ਗ੍ਰੰਥ ਸਾਹਿਬ ਜੀ ਦੇ ਖ਼ਾਲਸਾ ਪੰਥ
ਦਾ ਸੇਵਕ
ਭਾਈ ਸ਼ਰਨਜੀਤ ਸਿੰਘ (ਦੇਹਰਾਦੂਨ)




.