.

ਸੋਚ, ਸਚਿਆਰ, ਅਸਲੀਅਤ ਤੇ ਯੋਗਤਾ ਦੇ ਵੈਰੀ ਕੌਣ?

ਰਾਮ ਸਿੰਘ, ਗਰੇਵਜ਼ੈਂਡ

ਮਰਦੇ ਕਮਾਲ ਸ੍ਰੀ ਗੁਰੂ ਨਾਨਕ ਸਾਹਿਬ ਜੀ ਸੱਚ, ਸਚਿਆਰਪਨ, ਅਸਲੀਅਤ ਤੇ ਯੋਗਤਾ ਦੀ ਉਸ ਮਸਾਲ ਦੇ ਨਾਲ ਪ੍ਰਗਟ ਹੋਇ ਜਿਸਨੇ ਹਨੇਰੇ ਵਿੱਚ ਧਕੇਲੇ ਜਾ ਰਹੇ ਹਰ ਪੱਖ ਖਾਸ ਕਰਕੇ ਸਮਾਜਿਕ ਅਤੇ ਧਾਰਮਿਕ ਪੱਖ ਨੂੰ ਐਸਾ ਰ੍ਰੁਸ਼ਨਾਉਣਾ ਸ਼ੁਰੂ ਕੀਤਾ ਕਿ ਲੋਕਾਂ ਦੇ, ਖਾਸ ਕਰਕੇ ਦੁਬਲੀ ਕੁਚਲੀ ਜੰਤਾ ਦੇ ਜੀਵਨ ਵਿੱਚ ਰਸ ਭਰਨਾ ਸ਼ੁਰੂ ਕਰ ਦਿੱਤਾ। ਪਰ ਸਮਾਜਿਕ ਤੇ ਧਾਰਮਿਕ ਖੇਤਰ ਦੇ ਆਪੂੰ ਬਣੇ ਆਗੂ ਜੋ ਜੰਤਾ ਨੂੰ ਅੰਧ ਵਿਸ਼ਵਾਸ ਵਿੱਚੋਂ ਨਿਕਲਨ ਨਹੀਂ ਦੇਣਾ ਚਾਹੁੰਦੇ ਸਨ, ਉਨ੍ਹਾਂ ਨੂੰ ਅਪਣੀ ਸਰਦਾਰੀ ਲਈ ਇੱਹ ਬਹੁਤ ਵਡੀ ਵੰਗਾਰ ਜਾਪੀ। ਪਰ ਉਹ ਆਪਣੇ ਆਪ ਨੂੰ ਗੁਰੂ ਸਾਹਿਬ ਦੀ ਮਹਾਨ ਨੂਰਾਨੀ ਜੋਤ ਅੱਗੇ ਬੇਬੱਸ ਸਮਝਦੇ ਰਹੇ, ਅੰਦਰੋਂ ਅੰਦਰੀ ਭਾਵੇਂ ਵਿਸ ਘੋਲਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਸਮਝਿਆ ਕਿ ਜਿਵੇਂ ਸ੍ਰੀ ਕਬੀਰ ਜੀ ਅਤੇ ਹੋਰ ਭਗਤਿ ਸਾਹਿਬਾਨ ਭਾਵੇਂ ਉਸ ਦੀਆਂ ਕਰਤੂਤਾਂ ਬਾਰੇ ਬੜਾ ਕੁੱਝ ਲੋਕਾਂ ਸਾਹਮਣੇ ਬੋਲ ਗਏ ਹਨ, ਪਰ ਉਨ੍ਹਾਂ ਤੋਂ ਬਾਅਦ ਉਨ੍ਹਾਂ ਦੇ ਕਿਸੇ ਉਤਰ-ਅਧਿਕਾਰੀ ਨੇ ਉਨ੍ਹਾਂ ਦੇ ਸ਼ੁਭ ਕਾਰਜ ਨੂੰ ਅਗੇ ਨਹੀ ਤੋਰਿਆ ਤੇ ਸਭ ਕੁੱਝ ਠੀਕ ਠਾਕ ਹੀ ਰਿਹਾ ਸੀ, ਇਸੇ ਤਰਾਂ ਗੁਰੂ ਨਾਨਕ ਸਾਹਿਬ ਤੋਂ ਬਾਅਦ ਭੀ ਇਸ ਤਰਾਂ ਹੀ ਹੋਵੇਗਾ ਅਤੇ ਉਨ੍ਹਾਂ ਦੀ ਸਰਦਾਰੀ ਨੂੰ ਕੋਈ ਖਤਰਾ ਨਹੀਂ ਹੋਵੇਗਾ।
ਪਰ ਜਦ ਗੁਰੂ ਸਾਹਿਬ ਨੇ ਅਪਣੀ ਦੈਵੀ ਤੇ ਨੂਰਾਨੀ ਜੋਤ ਯੋਗ ਵਿਅਕਤੀ ਵਿੱਚ ਧਰ ਕੇ ਇੱਸ ਮਸ਼ਾਲ ਨੂੰ ਅਟੱਲ ਰੂਪ ਵਿੱਚ ਜਗਮਗਾ ਦਿੱਤਾ, ਤਦ ਇਸ ਆਗੂ ਨੂੰ ਹੱਥਾਂ ਪੈਰਾਂ ਦੀਆਂ ਪੈ ਗਈਆਂ। ਪਰ ਜਦ ਉਸਨੇ ਦੇਖਿਆ ਕਿ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਗੁਰੂ ਸਾਹਿਬ ਦੇ ਤੇਜਮਈ ਵਿਚਾਰਾਂ ਨਾਲ ਸਹਿਮਤ ਨਹੀਂ, ਤਦ ਅਗਿਆਨਤਾ ਦਾ ਹਨੇਰਾ ਫੈਲਾਉਣ ਵਾਲੇ ਇਸ ਸਵਾਰਥੀ ਆਗੂ ਦੇ ਦਿਲ ਨੇ ਕੁੱਝ ਧੀਰਜ ਫੜਿਆ ਅਤੇ ਸੋਚਣ ਲਗਾ ਕਿ ਕਿੱਸ ਤਰਾਂ ਇਸ ਸੱਚੇ ਸੁੱਚੇ ਘੱਰ ਵਿੱਚ ਭੀ ਸੰਨ੍ਹ ਲਾਈ ਜਾ ਸਕਦੀ ਹੈ। ਬਾਬਾ ਦਾਸੂ ਤੇ ਬਾਬਾ ਦਾਤੂ ਦੀਆਂ ਹਰਕਤਾਂ ਨੇ ਤਾਂ ਇਸ ਦਾ ਹੌਂਸਲਾ ਕਾਫੀ ਵਧਾ ਦਿੱਤਾ। ਬਾਬਾ ਪ੍ਰਿਥੀ ਚੰਦ ਦੀ ਜਗਤ ਪ੍ਰਸਿੱਧ ਈਰਖਾ ਨੂੰ ਦੇਖ ਕੇ ਤਾਂ ਇਹ ਮੈਦਾਨ ਵਿੱਚ ਉਤਰ ਆਇਆ ਅਤੇ ਪ੍ਰਿਥੀ ਚੰਦ ਦੀ ਸਹਾਇਤਾ ਲਈ ਬਾਲਕ ਹਰਿ ਗੋਬਿੰਦ ਜੀ ਤੇ ਮਾਰੂ ਵਾਰ ਕੀਤੇ ਅਤੇ ਅੰਤ ਸ੍ਰੀ ਗੁਰੁ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾ ਕੇ ਹੀ ਸਾਹ ਲਿਆ।
ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਦੀ ਮੀਰੀ ਪੀਰੀ ਸ਼ਕਤੀ ਅੱਗੇ ਇਸ ਨੂੰ ਕੁੱਝ ਚੁੱਪ ਧਾਰਨੀ ਪਈ। ਸਮਾਜਿਕ ਤੇ ਧਾਰਮਿਕ ਹਾਲਾਤ ਦੇ ਨਾਲ ਨਾਲ ਰਾਜਨੀਤਕ ਮਾਹੌਲ ਨੂੰ ਮੁਖ ਰਖਦਿਆਂ ਗੁਰੂ ਸਾਹਿਬ ਨੇ ਸ੍ਰੀ ਅਕਾਲ ਤਖਤ ਦੀ ਸਾਜਨਾ ਦੁਨਿਆਵੀ ਤਖਤਾਂ ਨਾਲੋਂ ਉਚਾ ਰੱਖ ਕੇ ਅਤੇ ਦੂਸਰੇ ਖਾਸ ਕਰਕੇ ਲੋਕਾਂ ਦੀ ਫਰਿਆਦ ਖੁੱਲੇ ਦਰਬਾਰ ਵਿੱਚ, ਨਾ ਕਿ ਕਿਸੇ ਬੰਦ ਕੋਠੜੀ ਵਿੱਚ, ਸਭ ਦੇ ਸਾਮ੍ਹਣੇ ਸੁਣੀ ਜਾਣ ਲਈ ਕੀਤੀ। ਇਸਨੇ ਲੋਕਾਂ ਦੇ ਦਿਲਾਂ ਵਿੱਚ ਹੌਂਸਲਾ ਤੇ ਦਲੇਰੀ ਪੈਦਾ ਕਰ ਦਿੱਤੀ।
ਜਦ ਸ੍ਰੀ ਗੁਰੂ ਹਰਿ ਰਾਏ ਸਹਿਬ ਦੇ ਵੱਡੇ ਪੁੱਤਰ ਰਾਮ ਰਾਏ ਦੀਆਂ ਗੁਰੂ ਘਰ ਵਿਰੁਧ ਗਤੀ
ਵਿਧੀਆਂ ਨੇ ਸਿਰਫ ਇਸ ਸਵਾਰਥੀ ਆਗੂ ਦਾ ਹੀ ਹੌਂਸਲਾ ਨਹੀ ਵਧਾਇਆ, ਹਾਕਮ ਸ਼ਕਤੀ ਨੂੰ ਭੀ ਗੁਰੁ ਘਰ ਵਿੱਚ ਦਖਲ ਦੇਣ ਦੀ ਸ਼ਹਿ ਦਿੱਤੀ। ਜਹਾਂਗੀਰ ਨੇ ਤਾਂ, ੳਸਦੇ ਲਫਜ਼ਾਂ ਅਨੁਸਾਰ -
“ਇਸ ਝੂਠ ਦੀ ਦੁਕਾਨ” – (ਜਦ ਕਿ ਗੁਰੂ ਘਰ ਦਾ ਸਿਧਾਂਤ ਸੱਚ ਅਤੇ ਅਸਲੀ ਗਿਆਨ ਦਾ ਪ੍ਰਚਾਰ ਕਰਨਾ ਹੈ) ਨੂੰ ਬੰਦ ਕਰਨ ਦਾ ਹੀ ਕਿਹਾ ਸੀ, ਪਰ ਔਰੰਗਜ਼ੇਬ ਨੇ ਗੁਰੂ ਨਾਨਕ ਸਾਹਿਬ ਦੇ ਮਹਾਨ ਸੱਚੇ ਸੁੱਚੇ ਘਰ ਦੇ ਗੁਰੂ ਨੂੰ ਕੱਠ ਪੁਤਲੀ ਦੇ ਤੌਰ ਤੇ ਵਰਤਨ ਦੀ ਗੋਂਦ ਰੁਦਣੀ ਸ਼ੁਰੂ ਕੀਤੀ। ਸੋ ਇਸ ਤੋਂ ਅੱਗੇ ਦੋ ਤਾਕਤਾਂ ਸ੍ਰੀ ਗੁਰੂ ਨਾਨਕ ਸਾਹਿਬ ਦੀ ਸੋਚ ਅਤੇ ਅਗਲੀਅਤ ਦੀ ਮਸਾਲ ਨੂੰ ਬੁਝਾਉਣ ਜਾਂ ਵੱਧ ਤੋਂ ਵੱਧ ਧੁੰਦਲੀ ਕਰਨ ਵਿੱਚ ਹਰ ਹੀਲਾ ਵਰਤਣ ਲਈ ਤੱਤਪਰ ਹੋ ਗਈਆਂ – ਘਰ ਵਿੱਚ ਹੀ ਪੈਦਾ ਹੋਈ - “ਇਸ ਘੱਰ ਕੋ ਆਗ ਲੱਗ ਗਈ ਘੱਰ ਕੇ ਚਰਾਗ ਸੇ” - ਰਾਮ ਰਾਈਆਂ ਅਤੇ ਧੀਰਮਲੀਆਂ ਦੀ ਵਿਦਰੋਹੀ ਸ਼ਕਤੀ ਨੇ ਉਨ੍ਹਾਂ ਤਾਕਤਾਂ ਨੂੰ ਹੋਰ ਭੀ ਹੱਲਾ ਸ਼ੇਰੀ ਦਿਤੀ। ਦਸਮੇਸ਼ ਜੀ ਦੇ ਖਾਲਸਾ ਪ੍ਰਗਟ ਕਰਨ ਸਮੇਂ ਜੋ ਕਰਤੱਵ ਮਸੰਦ ਕਿਸਮ ਦੇ ਬੰਦਿਆਂ ਨੇ ਨਿਭਾਇਆ ਸੀ, ਉਹ ਮਸੰਦ ਕਿਸਮ ਦੇ ਬੰਦੇ, ਮਹੰਤਾਂ, ਪੁਜਾਰੀਆਂ ਅਤੇ ਡੇਰਾਵਾਦੀਆਂ ਦੀ ਸ਼ਕਲ ਧਾਰ ਗਿਆ। ਇਸ ਸਭ ਕੁੱਝ ਰਾਹੀਂ ਉਨ੍ਹਾਂ ਤਾਕਤਾਂ ਨੂੰ ਪਤਾ ਲੱਗ ਗਿਆ ਕਿ ਇਸ ਸੱਚੇ ਸੁੱਚੇ ਘੱਰ ਵਿੱਚ ਭੀ ਵਿਕਾਊ ਮਾਲ ਹੈ ਅਤੇ ਹਥੋਂ ਠੋਕੇ ਬਣ ਸਕਦੇ ਹਨ, ਜੋ ਗੁਰੂ ਜੋਤ ਦੇ ਦੇਹ ਰੂਪ ਵਿੱਚ ਵਰਤਣ ਤੋਂ ਬਾਅਦ ਅਸਾਨੀ ਨਾਲ ਖਰੀਦੀ ਜਾਣੀ ਸ਼ੁਰੂ ਹੋ ਗਈ।
ਬੰਦਾ ਬਹਾਦਰ ਜੀ ਤੋਂ ਬਾਅਦ, ਅਸਲੀ ਸਿੱਖੀ ਜੋ ਜੰਗਲਾਂ ਤੇ ਰੇਗਿਸਤਾਨਾਂ ਵਿੱਚ ਵਸਦੀ ਸੀ ਅਤੇ ਜੋ ਥੋੜੀ ਗਿਣਤੀ ਵਿੱਚ ਪਿੰਡਾਂ ਵਿੱਚ ਵਸਦੀ ਅਪਣੇ ਭਰਾਵਾਂ ਦੀ ਕਈ ਤਰਾਂ ਮਦਦ ਕਰਦੀ ਸੀ, ਉਸਨੂੰ ਖਤਮ ਕਰਨ ਲਈ ਨਿਮਨ ਲਿਖਤ ਬੰਦੇ ਖੁਲ੍ਹੇ ਆਮ ਹਿਸਾ ਪਾ ਰਹੇ ਸਨ:- ਕਰਮਾ ਛੀਨਾ, ਰਾਮਾ ਰੰਧਾਵਾ ਤਲਵੰਡੀ, ਸਾਹਿਬ ਰਾਇ ਸੰਧੂ ਨੌਸ਼ਹਿਰਾ ਡੱਲਾ, ਧਰਮ ਦਾਸ ਟੋਪੀ ਜੋਧ ਨਗਰ, ਨਿਰੰਜਨੀਆਂ ਹਰਿ ਭਗਤ ਤੇ ਸਾਈਂ ਦਾਸ ਜੰਡਿਆਲਾ - ਇਨ੍ਹਾਂ ਸਾਰਿਆਂ ਨੇ ਉਨ੍ਹਾਂ ਜਾਨਬਾਜ਼ ਸਿੱਖਾਂ ਦੇ ਸਿਰਾਂ ਦੇ ਮੁੱਲ ਲਏ, ਜੋ ਦੇਸ਼ ਦੀ ਅਣਖ, ਗੈਰਤ ਤੇ ਇਜ਼ਤ ਦੀ ਰਾਖੀ ਲਈ ਜੂਝ ਰਹੇ ਸਨ। - ਇੱਕ ਸਿੱਖ ਰਾਜ ਜਿਵੇਂ ਕਿਵੇਂ ਚਲੇ ਗਿਆ, ਦੂਜੇ ਉਸ ਤੋਂ ਬਾਅਦ ਉਹ ਦੋ ਸ਼ਕਤੀਆਂ, ਅੰਗ੍ਰੇਜ਼ੀ ਰਾਜ ਤੇ ਉਨ੍ਹਾਂ ਦੇ ਈਸਾਈ ਪ੍ਰਚਾਰਕ (ਮਿਸ਼ਨਰੀ) ਅਤੇ ਬਿਪਰ ਸ਼ਕਤੀ ਆਰੀਆ ਸਮਾਜ ਦੇ ਰੂਪ ਵਿੱਚ ਆਗੂ-ਰਹਿਤ ਹੋਈ ਸਿੱਖੀ ਨੂੰ ਹਰ ਪਾਸਿਓਂ ਨਿਗਲਣ ਲਈ ਇੱਕ ਦੂਜੇ ਤੋਂ ਮੂਹਰੇ ਹੋਕੇ ਮੈਦਾਨ ਵਿੱਚ ਉੱਤਰ ਆਈਆਂ। ਪਰ ਸਿੱਖੀ ਨਾਲ ਦਿਲੋਂ ਦਰਦ ਰੱਖਣ ਵਾਲੇ ਮਾਇਕ ਅਤੇ ਜਾਤੀ ਤੌਰ ਤੇ ਗਰੀਬ, ਪਰ ਸਿੱਖੀ ਗੁਣਾਂ ਨਾਲ ਭਰਪੂਰ ਦੋ ਮਹਾਨ ਵਿਅਕਤੀ ਪ੍ਰੋਫੈਸਰ ਗੁਰਮੁਖ ਸਿੰਘ ਅਤੇ ਗਿਆਨੀ ਦਿੱਤ ਸਿੰਘ ਜੀ, ਗੁਰੂ ਜੀ ਦੇ ਲਾਡਲੇ, ਸਿੱਖ ਸਿਧਾਂਤ ਦੀ ਰਾਖੀ ਲਈ ਐਸੀ ਤਨਦੇਹੀ ਨਾਲ ਅੱਗੇ ਆਏ ਕਿ ਉਨ੍ਹਾਂ ਵਲੋਂ ਚਲਾਈ ਲਹਿਰ, ਸਿੰਘ ਸਭਾ ਲਹਿਰ ਦਾ ਰੂਪ ਧਾਰ ਗਈ, ਜਿਸਨੇ ਕਾਫੀ ਮੱਲਾਂ ਮਾਰੀਆਂ। ਐਸੇ ਦਿਮਾਗੀ ਬੰਦਿਆਂ ਨੂੰ ਵਿਰੋਧੀ ਤਾਂ ਚਾਹੁੰਦੇ ਹੀ ਨਹੀ ਹੁੰਦੇ ਕਿ ਅਪਣੇ ਸਿਧਾਂਤ ਦੀ ਰਾਖੀ ਕਰਨ, ਪਰ ਜਦ ਘਰ ਵਿੱਚ ਹੀ ਇਨ੍ਹਾਂ ਬੰਦਿਆਂ ਦੇ ਜਾਨੀ ਦੁਸ਼ਮਣ ਬਣ ਜਾਂਣ, ਤਾਂ ਇਸ ਬਾਰੇ ਕੀ ਕਿਹਾ ਜਾ ਸਕਦਾ ਹੈ? ਇਹ ਹੀ ਹਾਲ ਹੋਇਆ, ਇਨ੍ਹਾਂ ਵਲੋਂ ਚਲਾਈ ਲਹਿਰ ਨੂੰ ਖੁੰਡੀ ਕਰਨ ਲਈ ਵਿਕਾਊ ਮਾਲ ਛੇਤੀ ਹੀ ਸਾਮ੍ਹਣੇ ਆ ਗਿਆ। ਆਇਆ ਭੀ ਆਪਣੇ ਆਪ ਨੂੰ ਸਿੱਖੀ ਦਾ ਥੰਮ੍ਹ ਸਮਝਣ ਵਾਲਾ ਬਾਬਾ ਖੇਮ ਸਿੰਘ ਬੇਦੀ, ਜਿਸ ਨੂੰ ਅੰਗ੍ਰੇਜ਼ੀ ਸ੍ਰਕਾਰ ਵਲੋਂ ‘ਸਰ’ ਦੀ ਪਦਵੀ ਅਤੇ ਊਨੇ ਵਾਲੀ ਜਗੀਰ ਦੇ ਨਾਲ ਨਾਲ ਮਿੰਟਗੁਮਰੀ (ਹੁਣ ਪਾਕਿਸਤਾਨ) ਦੇ ਜ਼ਿਲੇ ਵਿੱਚ ਬਹੁਤ ਵੱਡੀ ਜਗੀਰ ਇਨਾਮ ਵਜੋਂ ਮਿਲੀ। ਇਹ ਹੀ ਨਹੀਂ, ਫਰੀਦਕੋਟ ਦੇ ਰਾਜਾ ਬਿਕਰਮ ਸਿੰਘ ਅਤੇ ਕਈ ਹੋਰ ਰਜਵਾੜਿਆਂ ਨੇ ਬਾਬਾ ਖੇਮ ਸਿੰਘ ਬੇਦੀ ਨੂੰ ਗੁਰੂ ਵਜੋਂ ਜਾਣੇ ਜਾਣ ਲਈ ਉਤਸ਼ਾਹਿਤ ਕੀਤਾ। ਬੇਦੀ ਜੀ ਨੂੰ ਇਸ ਉਤਸ਼ਾਹ ਰਾਹੀਂ ਸਿੱਖੀ ਵਿੱਚ ਮੁੜ ਬ੍ਰਾਹਮਣੀ ਕਰਮ ਕਾਂਡ, ਜਾਤ ਪਾਤ ਅਤੇ ਦਰਬਾਰ ਸਾਹਿਬ ਵਿਖੇ ਬੁੱਤ ਪੂਜਾ ਚਾਲੂ ਕਰਨ ਦਾ ਹੀਆ ਮਿਲਿਆ।
ਦਸਮੇਸ਼ ਜੀ ਵੱਲੋਂ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਮੰਨਣ ਅਤੇ ਹੋਰ ਕਿਸੇ ਦੇਹਧਾਰੀ ਨੂੰ ਗੁਰੂ ਨਾ ਮੰਨਣ ਦੇ ਹੁਕਮ ਨੂੰ ਮੁਖ ਰਖਦਿਆਂ ਪ੍ਰੋਫੈਸਰ ਗੁਰਮੁਖ ਸਿੰਘ ਅਤੇ ਗਿਆਨੀ ਦਿੱਤ ਸਿੰਘ ਜੀ ਨੇ ਬਾਬਾ ਬੇਦੀ ਜੀ ਦੀਆਂ ਇਨ੍ਹਾਂ ਗਤੀ ਵਿਧੀਆਂ ਨੂੰ ਗੁਰਮਤਿ ਦੇ ਵਿਰੁਧ ਆਖ ਕੇ ਉਨ੍ਹਾਂ ਦੀ ਬਾ-ਦਲੀਲ ਅਤੇ ਸਖਤੀ ਨਾਲ ਵਿਰੋਧਤਾ ਕੀਤੀ। ਇਨ੍ਹਾਂ ਦੋਹਾਂ ਦੀ ਆਮ ਲੋਕਾਂ ਵਿੱਚ ਲੋਕ ਪ੍ਰਿਅਤਾ ਤੋਂ ਅੰਗ੍ਰੇਜ਼ ਹਕੂਮਤ ਦੇ ਹੱਥ ਠੋਕੇ ਇੰਨੇ ਬੁਖਲਾ ਉੱਠੇ ਕਿ ਪਹਿਲਾਂ ਇਨ੍ਹਾਂ ਨੇ ਇੱਕ ਇਕੱਠ ਵਿੱਚ ਇਹ ਮਤਾ ਪਾਸ ਕਰਵਾਇਆ ਕਿ “ਜਦ ਤੱਕ ਭਾਈ ਗੁਰਮੁਖ ਸਿੰਘ ਮੁਆਫੀ ਨਹੀਂ ਮੰਗਦਾ ਉਦੋਂ ਤੱਕ ਉਸ ਨੂੰ ਸਿੰਘ ਸਭਾ ਤੇ ਖਾਲਸਾ ਦੀਵਾਨ ਤੋਂ ਪਰੇ ਰੱਖਿਆ ਜਾਵੇ।” ਇਸ ਮਤੇ ਤੇ ਬਾਬਾ ਖੇਮ ਸਿੰਘ ਬੇਦੀ, ਬਾਬਾ ਸੁਮੇਰ ਸਿੰਘ ਪਟਨਾ ਸਾਹਿਬ ਦੇ ਮਹੰਤ, ਫਰੀਦਕੋਟ ਦਾ ਰਾਜਾ, ਬਾਬਾ ਉਦੇ ਸਿੰਘ ਫਰੀਦਕੋਟ ਦੇ ਮੁਲਾਜ਼ਮ, ਕਪੂਰਥਲਾ ਦੇ ਗਿਆਨੀ ਸੰਤ ਸਿੰਘ ਨੇ ਦਸਖਤ ਕੀਤੇ ਅਤੇ ਬਾਅਦ ਵਿੱਚ ਇਸ ਮਤੇ ਨੂੰ ਸਿੰਘ ਸਭਾ ਅੰਮ੍ਰਿਤਸਰ ਵਲੋਂ ਸ. ਕਾਹਨ ਸਿੰਘ ਮਜੀਠਾ, ਭਾਈ ਵੀਰ ਸਿੰਘ ਜੀ ਦੇ ਪਿਤਾ ਡਾ. ਚਰਨ ਸਿੰਘ ਜੀ ਅਤੇ ਗਿਆਨੀ ਸਰਦੂਲ ਸਿੰਘ ਨੇ ਤਸਦੀਕ ਕੀਤਾ
(Page: 616, History of Sikh People by Dr. Gopal Singh) ਪ੍ਰੋਫੈਸਰ ਵਿਰੁਧ ਹੋਰ ਭੀ ਜ਼ੋਰਦਾਰ ਹਮਲਾ ਸ਼ੁਰੂ ਹੋਇਆ ਅਤੇ ਅੰਤ ਸ੍ਰੀ ਅਕਾਲ ਤਖਤ ਸਾਹਿਬ, ਜੋ ਸ੍ਰਕਾਰ ਪ੍ਰਸਤ ਅਨਸਾਰ ਦੇ ਅਧੀਨ ਸੀ, ਵਲੋਂ ਭਾਈ ਗੁਰਮੁਖ ਸਿੰਘ (ਪ੍ਰੋਫੈਸਰ) ਨੂੰ ਪੰਥ ਤੋਂ ਛੇਕੇ ਜਾਣ ਦਾ ਹੁਕਮਨਾਮਾ ਜਾਰੀ ਕਰਵਾਇਆ ਗਿਆ (ਜਿਸ ਨੂੰ ਸਤੰਬਰ 1995 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੇ ਬੁਲਾਈ ਗਈ ਵਰਲਡ ਸਿੱਖ ਕਾਨਫਰੰਸ ਸਮੇ ਰੱਦ ਕਰਕੇ ਪ੍ਰੋਫੈਸਰ ਗੁਰਮੁਖ ਸਿੰਘ ਦੀਆਂ ਸਿਖੀ ਲਈ ਕੀਤੀਆਂ ਸੇਵਾਵਾਂ ਦੀ ਭਰਭੂਰ ਸ਼ਿਲਾਘਾ ਕੀਤੀ ਗਈ) ਉਸ ਸਮੇਂ ਭਾਈ ਗੁਰਮੁਖ ਸਿੰਘ ਨੇ ਅਪਣਾ ਜੁਦਾ ਖਾਲਸਾ ਦੀਵਾਨ ਕਾਇਮ ਕਰ ਲਿਆ। ਗਿਆਨੀ ਦਿਤ ਸਿੰਘ, ਸੰਪਾਦਿਕ ਖਾਲਸਾ ਪਤ੍ਰਕਾ ਅਤੇ ਕਈ ਚੰਗੇ ਚੰਗੇ ਬੰਦੇ ਅਤੇ ਗੁਰਮਤਿ ਤੇ ਚੰਗੀ ਤਰਾਂ ਪਹਿਰਾ ਦੇਣ ਵਾਲੀਆਂ ਸਿੰਘ ਸਭਾਵਾਂ ਭੀ ਸ਼ਾਮਿਲ ਹੋ ਗਈਆਂ। ਗਿ. ਦਿੱਤ ਸਿੰਘ ਜੀ ਨੇ ਤਾਂ ਸਿੱਖੀ ਪ੍ਰਚਾਰ ਲਈ ਤਨ, ਮਨ, ਧਨ ਸਭ ਲਾ ਦਿੱਤੇ। ਉਸਨੇ ਦੋ ਦਰਜਨਾਂ ਕਿਤਾਬਾਂ, ਕਿਤਾਬਚੇ ਲਿਖ ਕੇ ਸਿੱਖ ਮੱਤ ਅਤੇ ਇਤਿਹਾਸ ਬਾਰੇ ਆਮ ਲੋਕਾਂ ਵਿੱਚ ਜਾਗ੍ਰਤੀ ਲਿਆਂਦੀ ਅਤੇ ਖਾਲਸਾ ਪਤ੍ਰਕਾ ਰਾਹੀਂ ਸਿੱਖੀ ਦੀ ਅਸਲੀਅਤ ਅਤੇ ਬਹਿਰੂਪੀਏ (ਬਾਬਾ ਖੇਮ ਸਿੰਘ ਬੇਦੀ, ਤਖਤਾਂ ਦੇ ਪੁਜਾਰੀ ਅਤੇ ਮਹੰਤਾਂ) ਸਿੱਖਾਂ ਦੇ ਪੋਲ ਖੋਲੇ। ਜਿਸ ਤੋਂ ਗੁੱਸੇ ਵਿੱਚ ਆ ਕੇ ਬੇਦੀ ਜੀ ਦੇ ਹਮਾਇਤੀ ਫਰੀਦਕੋਟ ਰਾਜੇ ਦੇ ਮੁਲਾਜ਼ਮ ਬਾਬਾ ਉਦੇ ਸਿੰਘ ਨੇ ਅਪਮਾਨ ਦੇ ਅਧਾਰ ਤੇ ਗਿ. ਦਿੱਤ ਸਿੰਘ ਤੇ ਮੁਕੱਦਮਾ ਚਲਾ ਕੇ 51 ਰੁਪਏ ਜੁਰਮਾਨਾ ਕਰਵਾਇਆ। ਪਰ ਬਾਅਦ ਵਿੱਚ ਸੈਸ਼ਨ ਕੋਰਟ ਨੇ ਗਿਆਨੀ ਜੀ ਨੂੰ ਬਰੀ ਕਰ ਦਿੱਤਾ। ਪਰ ਗਿਆਨੀ ਜੀ ਵਿਚਾਰਗੀ ਦੀ ਹਾਲਤ ਵਿੱਚ 17-6-1901 ਨੂੰ ਰੱਬ ਜੀ ਨੂੰ ਪਿਆਰੇ ਹੋ ਗਏ। ਇਹ ਹਾਲਤ ਸਿੱਖੀ ਦਾ ਬੁਰਕਾ ਪਹਿਨ ਕੇ ਸ੍ਰਕਾਰੀ ਤੇ ਅਨਮਤੀਆਂ ਦੇ ਹੱਥ ਠੋਕੇ ਬਣ ਕੇ ਗੁਰੂ ਜੀ ਦੇ ਅਸਲੀ ਤੇ ਯੋਗ ਸਿੱਖਾਂ ਦਾ ਕਰਦੇ ਆ ਰਹੇ ਹਨ।
13-4-1919 ਵੈਸਾਖੀ ਤੇ ਜਲਿਆਂਵਾਲਾ ਬਾਗ ਦੇ ਕਾਤਲ ਜਨਰਲ ਡਾਇਰ ਨੂੰ ਸ੍ਰਕਾਰੀ ਹਥ ਠੋਕੇ, ਸ੍ਰੀ ਅਕਾਲ ਤਖਤ ਸਾਹਿਬ ਦੇ ਸਰਬਰਾਹ (ਜਥੇਦਾਰ) ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁਖ ਸੇਵਾਦਾਰ ਅਰੂੜ ਸਿੰਘ ਨੇ ਸਰੋਪਾ ਦੇਣ ਦੇ ਨਾਲ ਨਾਲ ਉਸਨੂੰ ਤੇ ਕੈਪਟਨ ਬ੍ਰਿਗਜ਼ ਨੂੰ ਬਿਨਾਂ ਕੇਸਾਂ ਦੇ ਪੰਜ ਕਕਾਰ ਦੇ ਕੇ ਸਿੱਖੀ ਵਿੱਚ ਸ਼ਾਮਿਲ ਕਰ ਲਿਆ। ਸ੍ਰਕਾਰੀ ਹੱਥ ਠੋਕੇ (ਜੋ ਔਰੰਗਜ਼ੇਬ ਦੀ ਸੋਚਣੀ ਸੀ ਅਤੇ ਪ੍ਰਵਾਨ ਚੜ੍ਹ ਰਹੀ ਸੀ) ਜਦ ਇਸ ਤਰਾਂ ਵਰਤੇ ਜਾਣ ਤਾਂ ਕੈਸੀ ਆਸ ਰੱਖੀ ਜਾ ਸਕਦੀ ਹੈ ਯੋਗ ਤੇ ਦਿਮਾਗੀ ਬੰਦਿਆਂ ਦੀ ਕਿਸਮਤ ਬਾਰੇ? ? ਫਿਰ ਬਾਬਾ ਖੜਕ ਸਿੰਘ ਤੋਂ ਬਾਅਦ ਜੋ ਸਿੱਖ ਲੀਡਰਾਂ ਨੇ ਕਲੀ ਘੋਲੀ ਅਤੇ ਵੱਧ ਤੋਂ ਵੱਧ ਕੁਰਬਾਨੀਆਂ ਦੇ ਕੇ ਸਭ ਕੁਛ ਭਾਵ ਅਜ਼ਾਦੀ ਦੀ ਦੇਵੀ ਉਨ੍ਹਾਂ ਦੇ ਪੱਲੇ ਪਾ ਦਿੱਤੀ ਜਿਨ੍ਹਾਂ ਦਾ ਅਜ਼ਾਦੀ ਦੀ ਲਹਿਰ ਵਿੱਚ ਇੱਕ ਵਾਲ ਭੀ ਵਿੰਗਾ ਨਾ ਸੀ ਹੋਇਆ। ਇਹ ਕਿਉਂ ਹੋਇਆ? ਕਿਉਂਕਿ ਇਹ ਸਵਾਰਥੀ, ਵਿਕਾਊ ਮਾਲ, ਅਨਮਤੀਆਂ ਦੇ ਹਥ ਠੋਕੇ (ਬਲਦੇਵ ਸਿੰਘ ਵਰਗੇ) ਚਲਾਕ ਸਿੱਖ ਵਿਰੋਧੀ ਅਨਸਰਾਂ ਦੇ ਹਥਾਂ ਵਿੱਚ ਬਿਨਾਂ ਕਿਸੇ ਦੂਰ ਅੰਦੇਸ਼ੀ ਦੇ ਖੇਲ੍ਹ ਖੇਲ੍ਹ ਰਹੇ ਸਨ।
ਅਗਾਂਹ ਸਿੱਧੇ ਹੀ 1978 ਦੇ ਵੈਸਾਖੀ ਕਾਂਡ ਦਾ ਹੀ ਜ਼ਿਕਰ ਕਰੀਏ। ਇਹ ਕਿਵੇਂ ਵਾਪਰਿਆ? ਭਾਈ ਫੌਜਾ ਸਿੰਘ ਜੀ ਗੁਰਦਾਸਪੁਰ ਜ਼ਿਲ੍ਹੇ ਵਿੱਚ ਸਿੱਖੀ ਪ੍ਰਚਾਰ, ਗੱਤਕੇ ਦੀ ਸਿਖਲਾਈ ਅਤੇ ਲੋੜਵੰਦਾਂ ਦੀ ਸਿੱਖੀ ਰਵਾਇਤਾਂ ਅਨੁਸਾਰ ਸਹਾਇਤਾ ਕਰ ਰਹੇ ਸਨ। ਆਰ. ਐਸ. ਐਸ, ਜੋ ਆਪ ਹਰ ਸ਼ਹਿਰ ਵਿੱਚ ਦੇਰ ਤੋਂ ਹਰ ਤਰਾਂ ਦੀ ਸ਼ਸ਼ਤ੍ਰ ਸਿਖਲਾਈ ਕਰਦੇ ਆ ਰਹੇ ਸਨ, ਉਨ੍ਹਾਂ ਨੂੰ ਭਾਈ ਸਾਹਿਬ ਦਾ ਇਹ ਸਭ ਕੁਛ ਚੁੱਭਣ ਲੱਗਾ। ਉਹ ਭਾਈ ਸਾਹਿਬ ਨੂੰ ਰਾਹ ਵਿਚੋਂ ਹਟਾਉਣਾ ਚਾਹੁੰਦੇ ਸਨ। 1978 ਦੀ ਵੈਸਾਖੀ ਨੂੰ ਨਕਲੀ ਨਿਰੰਕਾਰੀਆਂ ਦਾ ਅੰਮ੍ਰਿਤਸਰ ਵਿਖੇ ਸਮਾਗਮ ਕਰਵਾਇਆ ਗਿਆ। ਇਹ ਲੋਕ ਹਰ ਸਮਾਗਮ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਸਾਹਿਬਾਨ ਦੇ ਵਿਰੁਧ ਕਈ ਤਰਾਂ ਦੇ ਅਵਾਜ਼ੇ ਕੱਸਿਆ ਕਰਦੇ ਸਨ। ਸਮਾਗਮ ਦਾ ਪਤਾ ਲੱਗਣ ਤੇ ਭਾਈ ਫੌਜਾ ਸਿੰਘ, ਕਾਫੀ ਸੰਗਤ ਸਮੇਤ ਐਸੇ ਸਮਾਗਮ ਨੂੰ ਰੋਕਣ ਲਈ ਸ਼ਾਂਤੀ ਪੂਰਬਕ ਢੰਗ ਨਾਲ ਸਤਿਨਾਮ ਵਾਹਿਗੁਰੂ ਦਾ ਜਾਪੁ ਕਰਦੇ ਉਧਰ ਨੂੰ ਵਧੇ। ਉਨ੍ਹਾਂ ਦੇ ਪਾਲੇ ਗੁੰਡਿਆਂ ਅਤੇ ਪੁਲੀਸ ਵਲੋਂ ਗੋਲੀ ਚਲਾਈ ਗਈ ਜਿਸ ਕਾਰਨ ਤੇਰਾਂ ਸਿੰਘ ਸ਼ਹੀਦ ਹੋਏ ਤੇ ਕਾਫੀ ਜ਼ਖਮੀ ਹੋਏ। ਭਾਈ ਫੌਜਾ ਸਿੰਘ ਨੂੰ ਉਸ ਵੇਲੇ ਦੇ ਡੀ. ਐਸ. ਪੀ. ਨੇਂ ਆਪ ਨੇੜੇ ਹੋਕੇ ਸ਼ਹੀਦ ਕੀਤਾ। ਵੇਲੇ ਦੀ ਸ੍ਰਕਾਰ ਅਕਾਲੀ ਸ੍ਰਕਾਰ ਸੀ। ਇਸ ਤੋਂ ਕੀ ਸਿੱਟਾ ਕੱਢਿਆ ਜਾ ਸਕਦਾ ਹੈ, ਕੋਈ ਔਖਾ ਨਹੀਂ? ਉਸ ਹੀ ਸਮੇਂ ਭਾਈ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਸਿੱਖੀ ਪ੍ਰਚਾਰ ਦੇ ਨਾਲ ਨਾਲ ਸਿਆਸੀ ਆਗੂਆਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਦਰਬਾਰ ਸਾਹਿਬ ਦੇ ਮੁਖੀਆਂ ਨੂੰ ਖਾਸ ਕਰਕੇ ਉਨ੍ਹਾਂ ਉਚ ਅਸਥਾਨਾਂ ਦੇ ਸੱਚੇ ਦਿਲੋਂ ਸੇਵਾਦਾਰ ਬਣਨ ਲਈ ਵੰਗਾਰ ਪਾਉਂਦੇ ਰਹਿੰਦੇ ਸਨ, ਕਿਉਂਕਿ ਉਨ੍ਹਾਂ ਨੇ ਉਨ੍ਹਾਂ ਸਭ ਨੂੰ ਕਈ ਗੱਲਾਂ ਵਿੱਚ ਝੂਠ ਦਾ ਸਹਾਰਾ ਲੈਂਦੇ ਦੇਖਿਆ ਸੀ। ਇਨ੍ਹਾਂ ਅਸਥਾਨਾਂ ਤੇ ਬੈਠੇ ਸੇਵਾਦਾਰਾਂ ਨੂੰ ਇਸ ਤਰਾਂ ਗੁਰਮਤਿ ਤੋਂ ਬਿਲਕੁਲ ਉਲਟ ਝੂਠ ਦਾ ਸਹਾਰਾ ਲੈਂਦੇ ਸੱਚੇ ਸੁੱਚੇ ਬੰਦਿਆਂ ਨੂੰ ਬਿਲਕੁਲ ਨਹੀਂ ਭਾਉਦਾ। ਉਸਤੋਂ ਉਲਟ ਐਸੇ ਬੰਦੇ ਨੂੰ ਅਨਮਤੀ ਅਤੇ ਉਨ੍ਹਾਂ ਦੇ ਹੱਥ ਠੋਕੇ ਬਣਨ ਵਾਲੇ ਬਹਿਰੂਪੀ ਸਿੱਖ ਅਪਣੇ ਰਾਹ ਵਿੱਚੋਂ ਕੱਢਣ ਦਾ ਹਰ ਹੀਲਾ ਕਰਦੇ ਹਨ। 1984 ਦੇ ਸ੍ਰੀ ਦਰਬਾਰ ਸਾਹਿਬ ਤੇ ਹਮਲੇ ਰਾਹੀਂ ਉਨ੍ਹਾਂ ਦਾ ਕਾਰਜ ਸਿੱਧ ਹੋ ਗਿਆ ਅਤੇ ਉਨ੍ਹਾਂ ਦੀ ਸ਼ਹੀਦੀ ਤੇ ਇਨ੍ਹਾਂ ਨੇ ਖੁਸ਼ੀ ਮਨਾਈ।
ਬੀਬੀ ਇੰਦਰਾ ਵਲੋਂ ਸ੍ਰੀ ਦਰਬਾਰ ਸਾਹਿਬ ਤੇ ਹਮਲੇ ਅਤੇ ਹਜ਼ਾਰਾਂ ਸਿੱਖਾਂ ਦੀ ਕਾਤਲ ਬੀਬੀ ਇੰਦਰਾ ਨੂੰ ਪ੍ਰੋਫੈਸਰ ਦਰਸ਼ਨ ਸਿੰਘ ਜੀ ਨੇ ਰਾਵਣ ਦੀ ਤੁਲਨਾ ਕਰਕੇ ਕਿਹਾ ਸੀ ਕਿ ਜਿਵੇਂ ਹਿੰਦੂ ਵੀਰ ਹਰ ਸਾਲ ਰਾਵਣ ਦਾ ਬੜਾ ਸਾਰਾ ਪੁਤਲ ਬਣਾ ਕੇ ਸਾੜਦੇ ਹਨ, ਐਨ ਉਸ ਤਰਾਂ ਸਿੱਖਾਂ ਨੂੰ ਬੀਬੀ ਇੰਦਰਾ ਦਾ ਪੁਤਲਾ ਬਣਾ ਕੇ ਹਰ 31 ਅਕਤੂਬਰ ਨੂੰ ਸਾੜਨਾ ਚਾਹੀਦਾ ਹੈ। ਸਿੱਖੀ ਦੇ ਪ੍ਰਚਾਰ ਅਤੇ ਗੁਰਬਾਣੀ ਦੇ ਅਧਾਰ ਤੇ ਹਰ ਪੱਖੋਂ (ਧਾਰਮਿਕ, ਸਮਾਜਿਕ, ਸਿਆਸੀ ਆਦਿ) ਐਸੀਆਂ ਦਲੀਲਾਂ ਪੇਸ਼ ਕੀਤੀਆਂ ਕਿ ਪੰਜਾਬੀ ਦੇ ਪ੍ਰਸਿੱਧ ਤੇ ਵੱਧ ਤੋਂ ਪੜ੍ਹੇ ਜਾਣ ਵਾਲੇ ਲੇਖਕ ਤੇ ਨਾਵਲਕਾਰ ਸ. ਜਸਵੰਤ ਸਿੰਘ ਕੰਵਲ ਨੇ ਪ੍ਰੋਫੈਸਰ ਦਰਸ਼ਨ ਸਿੰਘ ਨੂੰ “ਦਲੀਲ ਦਾ ਬਾਦਸ਼ਾਹ” ਆਖਿਆ ਸੀ। ਕੰਵਲ ਜੀ ਨੇ ਠੀਕ ਹੀ ਕਿਹਾ ਸੀ, ਕਿਉਂਕਿ ਸੁਸ਼ੀਲ ਮੁਨੀ ਅਤੇ ਬਾਬੇ ਆਪਟੇ ਨੂੰ ਚੁੱਪ ਕਰਾਉਣ ਅਤੇ ਉਨ੍ਹਾਂ ਨੂੰ ਅਪਣੀ ਵਿਦਵਤਾ ਬਾਰੇ ਕਾਇਲ ਕਰਾਉਣ ਵਾਲੇ ਪ੍ਰੋਫੈਸਰ ਦਰਸ਼ਨ ਸਿੰਘ ਹੀ ਸਨ ਨਾ ਕਿ ਕੋਈ ਹੋਰ। ਪਰ ਹੈਰਾਨੀ ਦੀ ਗੱਲ ਹੈ ਕਿ ਉਨ੍ਹਾਂ ਨੂੰ ਕਿਵੇਂ ਇੱਕ ਚਲਾਕ ਬੰਦੇ ਰਾਹੀਂ ਦਸਮੇਸ਼ ਜੀ ਦੀ ਬੇਅਦਬੀ ਦੇ ਬੋਲ ਬੋਲਦੇ ਕਹਿਕੇ ਬਿਨਾਂ ਉਨ੍ਹਾਂ ਤੋਂ ਸਪਸ਼ਟੀਕਰਨ ਲਿਆਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਪਹਿਲਾਂ ਤਨਖਾਹੀਆ ਕਰਾਰ ਦੇ ਦਿੱਤਾ। ਉਹ ਕਿਵੇਂ? ਉਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਸੱਦਿਆ, ਜਿੱਥੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹਾਜ਼ਰ ਹੋਏ। ਜਿਥੇ ਕਿ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਨੇ ਖੁੱਲ੍ਹੇ ਦਰਬਾਰ ਵਿੱਚ ਆਕੇ ਅਪਣੀ ਫਰਿਆਦ ਨਿਡਰ ਹੋਕੇ ਸੰਗਤ ਦੇ ਸਾਮ੍ਹਣੇ ਸੁਨਾਉਣ ਤੇ ਸੁਣੀ ਜਾਣ ਲਈ ਖਾਸ ਧੁਰਵਾ ਬੰਨ੍ਹ ਦਿੱਤਾ ਸੀ। ਪਰ ਅੱਜਕਲ ਚਲਾਕ ਸ੍ਰਕਾਰਾਂ ਨੇ ਕਿਸੇ ਡਰ ਤੇ ਅਧੀਨ ਅੰਦਰਖਾਤੇ ਜੇਲ੍ਹ ਵਿੱਚ ਕਚਹਿਰੀਆਂ ਲਾਉਣੀਆਂ ਸ਼ੁਰੂ ਕਰ ਦਿਤੀਆਂ ਹਨ। ਕੀ ਸਾਡੇ ਉੱਚ ਅਸਥਾਨ ਤੇ ਬੈਠੇ ਅਖੌਤੀ ਲੀਡਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਉੱਚੀ ਸੁੱਚੀ ਸ਼ਾਨ ਤੇ ਜਾਹੋ ਜਹਾਲ ਦੀ ਪ੍ਰਵਾਹ ਨਾ ਕਰਦੇ ਹੋਇ ਇਹ ਜੇਲ੍ਹ ਕਚਹਿਰੀ ਦੀ ਕਿਤੇ ਨਕਲ ਤਾਂ ਨਹੀਂ ਕਰ ਲਈ? ਕਿਉਂਕਿ ਪ੍ਰੋਫੈਸਰ ਦਰਸ਼ਨ ਸਿੰਘ ਦਾ ਸਪਸ਼ਟੀਕਰਨ ਗੁਰੂ ਸਾਹਿਬ ਅਤੇ ਸੰਗਤ ਦੀ ਹਜ਼ੂਰੀ ਵਿੱਚ ਸੁਣਨ ਦੀ ਥਾਂ ਜੇਲ੍ਹ ਨੁਮਾ ਕਚਹਿਰੀ ਵਿੱਚ ਸੁਣੀ ਜਾਣ ਦੀ ਜ਼ਿਦ ਕੀਤੀ, ਜੋ ਗੁਰੂ ਆਸੇ ਤੋਂ ਬਿਲਕੁਲ ਉਲਟ ਹੈ। ਵੈਸੇ ਪ੍ਰੋਫੈਸਰ ਨੇ ਜੋ ਅਪਣਾ ਸਪਸ਼ਟੀਕਰਨ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਪੇਸ਼ ਕੀਤਾ, ਉਹ ਅਖੌਤੀ ਲੀਡਰਾਂ ਨੇ ਜ਼ਰੂਰ ਪੜ੍ਹ ਲਿਆ ਹੋਵੇਗਾ ਅਤੇ ਸਾਰੀਆਂ ਸੰਗਤਾਂ ਦੇ ਗਿਆਤ ਲਈ ਬੜੇ ਸੰਖੇਪ ਰੂਪ ਵਿੱਚ ਸ. ਮਨਜੀਤ ਸਿੰਘ ਖਾਲਸਾ, ਮੋਹਾਲੀ ਦੇ “ਗੁਰਮਤ ਪ੍ਰਚਾਰ ਦੇ ਰਾਹ ਵਿੱਚ ਰੁਕਾਵਟ ਪਾਉਣ ਵਾਲੇ ਅਸਲ ਲੋਗ ਕੌਣ (ਭਾਗ-4) “ਸਿੱਖ ਮਾਰਗ ਵੈਬਸਾਈਟ ਤੇ 11-01-2010 ਨੂੰ ਛਪੇ ਲੇਖ ਵਿੱਚ ਦਿਤਾ ਹੋਇਆ ਹੈ। ਉਹ ਪੜ੍ਹ ਕੇ ਪਤਾ ਲਗਦਾ ਹੈ ਕਿ ਪ੍ਰੋਫੈਸਰ ਦਰਸ਼ਨ ਸਿੰਘ ਵਲੋਂ ਗੁਰੂ ਸਾਹਿਬ ਜੀ ਦੀ ਸ਼ਾਨ ਦੇ ਵਿਰੁਧ ਕੁਛ ਭੀ ਨਹੀਂ ਕਿਹਾ ਗਿਆ। ਜੋ ਲੋਕ ਉਹ ਸਭ ਕੁਛ ਗੁਰੂ ਜੀ ਵਲੋਂ ਲਿਖਿਆ ਕਹਿੰਦੇ ਹਨ (ਪਰ ਉਹ ਗੁਰੂ ਜੀ ਵਲੋਂ ਕਦੇ ਭੀ ਇੱਦਾਂ ਲਿਖਿਆ ਨਹੀਂ ਹੋ ਸਕਦਾ) ਉਸਦਾ ਉਲਥਾ ਜੋ ਡਾ. ਜੋਧ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕੀਤਾ ਹੋਇਆ ਹੈ, ਉਹ ਪੜ੍ਹਨ ਯੋਗ ਹੈ। ਸ. ਮਨਜੀਤ ਸਿੰਘ ਜੀ ਲੇਖ ਦੇ ਅੰਤ ਵਿੱਚ ਲਿਖਦੇ ਹਨ, “ਇਹ ਸਭ ਕੁੱਝ ਨੂੰ ਪੜਨ ਤੋਂ ਬਾਦ ਜੇ ਕੋਈ ਇਸ ਨੂੰ ਦਸਵੇਂ ਨਾਨਕ ਦੀ ਆਤਮ ਕਥਾ ਹੀ ਕਹੀ ਜਾਣ ਅਤੇ ਐਸਾ ਕਹਿਣ ਤੇ ਮੰਨਣ ਵਾਲਿਆਂ ਦਾ ਨਾਨਕ ਸਰੂਪਾ ਨਾਲ ਕਿੰਨਾ ਕੁ ਹਿਤ ਹੋ ਸਕਦਾ ਹੈ? ਉਹ ਇਸ ਗੰਦ ਦੇ ਢੇਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸ ਆਸ਼ੇ ਨਾਲ ਪ੍ਰਕਾਸ਼ ਕਰ ਰਹੇ ਹਨ? ਇਹੋ ਜਿਹੀਆਂ ਰਚਨਾਵਾਂ ਨੂੰ ਕਿਸੇ ਭੀ ਤਰੀਕੇ ਨਾਲ ਨਾਨਕ ਸਰੂਪਾਂ ਦੀ ਉਸਤਤ ਸਿੱਧ ਨਹੀਂ ਕੀਤਾ ਜਾ ਸਕਦਾ ਅਤੇ ਜੇ ਇਸ ਸੱਭ ਕੁਲ ਨੂੰ ਪੜ੍ਹਣ ਸਮਝਣ ਦੇ ਬਾਦ ਭੀ ਐਸੀਆਂ ਰਚਨਾਵਾਂ ਨੂੰ ਦਸਵੇਂ ਨਾਨਕ ਦੀਆਂ ਹੀ ਸਾਬਤ ਕਰਨਾ ਹੈ ਤਾਂ ਫਿਰ ਉਨ੍ਹਾਂ ਨੂੰ ਉਸ ਨੂੰ ਫਰੋਲ ਦੇਖਣਾ ਪਵੇਗਾ ਜਿਸਨੂੰ ਮੰਨਣ ਤੋਂ ਪਹਿਲਾਂ ਹੀ ਸਿੱਖ ਨੂੰ ਮਰ ਜਾਣਾ ਚਾਹੀਦਾ ਹੈ ਅਤੇ ਜੇ ਐਸੀਆਂ ਕਹਾਣੀਆਂ ਨੂੰ ਬੇਪਰਦ ਕਰਦੇ ਹੋਏ ਪ੍ਰੋਫੈਸਰ ਦਰਸ਼ਨ ਸਿੰਘ ਜੀ ਸੰਗਤਾਂ ਨੂੰ ਸੁਚੇਤ ਕਰਨ ਤਾਂ ਸਾਡੇ ਕਹੇ ਜਾਂਦੇ ਇਹ ਜਥੇਦਾਰ (ਪੁਜਾਰੀ) ਉਨ੍ਹਾਂ ਨੂੰ ਤਨਖਾਹੀਆ ਕਰਾਰ ਦੇਣ ਲੱਗਿਆਂ ਵੀ ਸ਼ਰਮ ਮਹਿਸੂਸ ਨਹੀ ਕਰਦੇ। ਕੀ ਇਨ੍ਹਾਂ ਨੂੰ ਕਦੇ ਸਮਝ ਆਵੇਗੀ?” ਸ. ਮਨਜੀਤ ਸਿੰਘ ਜੀ, ਸਮਝ ਤਾਂ ਇੱਕ ਪਾਸੇ ਇਹ ਤਾਂ ਕਈ ਕਦਮ ਅਗਾਂਹ ਲੰਘ ਗਏ ਹਨ। ਸ. ਮਨਜੀਤ ਸਿੰਘ ਵਲੋਂ ਇਸ ਲੇਖ ਦੇ ਪੰਨਾਂ ਨੰ: 3 ਤੇ ਮਦ 6 ਚਰਿਤਰ ਹੀਨ ਲੀਡਰਾਂ ਬਾਰੇ ਖਾਸ ਧਿਆਨ ਨਾਲ ਪੜ੍ਹਨ ਵਾਲੀ ਹੈ। ਪੰਜਾਬ ਐਂਡ ਸਿੰਧ ਬੈਂਕ ਦੇ ਸਾਬਕਾ ਮੈਨੇਜਰ ਸ. ਪ੍ਰਿਤਪਾਲ ਸਿੰਘ ਚਾਵਲਾ ਨੇ ਪ੍ਰੋਫੈਸਰ ਦਰਸ਼ਨ ਸਿੰਘ ਬਾਰੇ ਇੱਕ ਵਿਸ਼ਾਲ ਕਾਨਫਰੰਸ ਵਿੱਚ (23-1-2010) ਗੱਲ ਕਰਦਿਆਂ ਕਿਹਾ, “ਸਿੰਘ ਸਾਹਿਬ (ਪ੍ਰੋਫੈਸਰ) ਉਤੇ ਬੇਬੁਨਿਆਦ ਦੋਸ਼ ਲਾਏ ਜਾ ਰਹੇ ਹਨ, ਉਹ ਸਿੰਘ ਸਾਹਿਬ ਨੂੰ ਬੜੇ ਸਾਲਾਂ ਤੋਂ ਜਾਣਦੇ ਹਨ, ਉਨ੍ਹਾਂ ਦਾ ਜੀਵਨ ਬੜਾ ਸਾਫ ਤੇ ਗੁਰਮਤਿ ਦਾ ਧਾਰਨੀ ਹੈ।” ਐਸੇ ਵਿਦਵਾਨ ਤੇ ਦਲੀਲ ਦੇ ਬਾਦਸ਼ਾਹ ਜੋ ਇਸ ਬਿਖੜੇ ਸਮੇਂ ਪੰਥ ਦੀ ਸੇਵਾ ਵਿੱਚ ਵੱਧ ਤੋਂ ਵੱਧ ਹਿਸਾ ਪਾ ਸਕਦੇ ਹਨ, ਉਨ੍ਹਾਂ ਨੂੰ ਉਨ੍ਹਾਂ ਵਲੋਂ ਖੁਲ੍ਹੇ ਦਰਬਾਰ ਵਿੱਚ ਸਪਸ਼ਟੀਕਰਨ ਸੁਣਨ ਤੋਂ ਬਿਨਾਂ ਹੀ ਪਹਿਲਾ ਤਨਖਾਹੀਆ ਤੇ ਫਿਰ ਪੰਥ ਤੋਂ ਛੇਕ ਦੇਣਾ ਸਿੰਘ ਸਭਾ ਦੇ ਮੋਢੀਆਂ ਵਿਚੋਂ ਪ੍ਰੋਫੈਸਰ ਗੁਰਮੁਖ ਸਿੰਘ ਜੀ ਨੂੰ ਭੀ ਅਜ ਕਲ ਦੀ ਪੁਜਾਰੀ ਸ਼੍ਰੇਣੀ ਵਰਗਿਆਂ ਵਲੋਂ ਪੰਥ ਵਿਚੋਂ ਛੇਕੇ ਜਾਣ ਦੀ ਯਾਦ ਦਿਲਾਉਂਦਾ ਹੈ। ਇੱਥੇ ਮੁੜ ਔਰੰਗਜ਼ੇਬ ਦੀ ਸੋਚਣੀ ਵਰਤ ਹੋ ਰਹੀ, ਤੇ ਭਾਈ ਸਾਹਿਬ ਭਾਈ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਬੋਲ “ਇਹ ਉੱਚੀ ਸੁੱਚੀ ਅਸਥਾਨ ਤੇ ਬੈਠੇ ਸੇਵਾਦਾਰ ਝੂਠ ਦਾ ਸਹਾਰਾ ਲੈਂਦੇ ਹਨ ਜੋ ਇਨ੍ਹਾਂ ਨੂੰ ਸ਼ੋਭਦਾ ਨਹੀਂ” ਦੀ ਯਾਦ ਆਉਂਦੀ ਹੈ। ਲਗਦਾ ਹੈ ਕਿ ਇਹ ਲੋਕ ਭੋਲੇ ਭਾਲੇ ਸਿੱਖਾਂ ਨੂੰ ਦਸਮ ਗ੍ਰੰਥ ਵਿੱਚ ਅੰਨ੍ਹਾਂ ਵਿਸ਼ਵਾਸ਼ ਰੱਖਣ ਲਈ ਮਜਬੂਰ ਕਰਨਾ ਚਾਹੁੰਦੇ ਹਨ।
ਸੋ ਐਸੇ ਅਨਮਤੀਆਂ ਅਤੇ ਸ੍ਰਕਾਰੀ ਮਸ਼ੀਨਰੀ ਦੇ ਬਣੇ ਹਥ ਠੋਕਿਆਂ ਨੂੰ ਜਿਵੇਂ ਕਿਸੇ ਵੇਲੇ ਪ੍ਰੋਫੈਸਰ ਗੁਰਮੁਖ ਸਿੰਘ, ਗਿਆਨੀ ਦਿੱਤ ਸਿੰਘ, ਤੇ ਫਿਰ ਭਾਈ ਫੌਜਾ ਸਿੰਘ ਅਤੇ ਭਾਈ ਸਾਹਿਬ ਜਰਨੈਲ ਸਿੰਘ ਭਿੰਡਰਾਂਵਾਲੇ ਨਹੀਂ ਭਾਉਂਦੇ ਸਨ ਤੇ ਰਾਹ ਵਿੱਚੋਂ ਹਟਿਆ ਚਾਹੁੰਦੇ ਸਨ, ਐਨ ਇਸ ਹੀ ਤਰਾਂ ਹੁਣ ਪ੍ਰੋਫੈਸਰ ਦਰਸ਼ਨ ਸਿੰਘ ਨਹੀਂ ਭਾਉਂਦੇ ਅਤੇ ਅਪਣੇ ਵਲੋਂ ਉਨ੍ਹਾਂ ਨੂੰ ਪੰਥ ਵਿੱਚੋਂ ਛੇਕ ਦਿੱਤਾ ਗਿਆ ਹੈ। ਪਰ ਇਨ੍ਹਾਂ ਪੰਥ ਦਾ ਮਖੌਟਾ ਪਹਿਲੇ ਪੁਜਾਰੀਆਂ ਅਤੇ ਅਖੌਤੀ ਲੀਡਰਾਂ ਨੂੰ ਪਤਾ ਹੋਣਾਂ ਚਾਹੀਦਾ ਹੈ ਕਿ ਦਿਲੋਂ ਜਾਨ ਨਾਲ ਪੰਥ ਨਾਲ ਪਿਆਰ ਹੀ ਨਹੀਂ ਹਰ ਤਰਾਂ ਦੀ ਕੁਰਬਾਨੀ ਕਰਨ ਵਾਲੇ ਪੰਥ ਨੇ ਉਨ੍ਹਾਂ ਨੂੰ ਗਲੇ ਲਾ ਲਿਆ ਹੈ ਤੇ ਜਿਵੇਂ ਪ੍ਰੋ. ਗੁਰਮੁਖ ਸਿੰਘ ਜੀ ਨੂੰ 1995 ਦੀ ਸਿੱਖ ਵਰਲਡ ਕਾਨਫਰੰਸ ਨੇ ਹੱਥ ਠੋਕਿਆਂ ਵਲੋਂ ਪੰਥ ਤੋਂ ਛੇਕੇ ਹੋਏ ਦਾ ਹੁਕਮਨਾਮਾ ਰੱਦ ਕਰਕੇ ਉਨ੍ਹਾਂ ਦੀਆਂ ਸੇਵਾਵਾਂ ਦੀ ਪ੍ਰਸੰਸਾ ਕੀਤੀ ਸੀ, ਇਸ ਤਰਾਂ ਹੀ ਕਿਸੇ ਵੇਲੇ ਪ੍ਰੋ. ਦਰਸ਼ਨ ਸਿੰਘ ਜੀ ਦੇ ਸੰਬੰਧ ਵਿੱਚ ਭੀ ਹੋਵੇਗਾ। ਇਨ੍ਹਾਂ ਭੱਦਰ ਪੁਰਸ਼ਾਂ ਅੱਗੇ ਬੇਨਤੀ ਹੈ ਕਿ ਸ. ਤਰਲੋਚਨ ਸਿੰਘ ਜੀ ਦਪਾਲਪੁਰ, ਸਾਬਕਾ ਸ਼੍ਰੋ. ਘੁ. ਪ੍ਰ. ਕਮੇਟੀ (ਹੁਣ ਯੂ. ਐ. ਏ) ਦੇ ਇਨ੍ਹਾਂ ਬੋਲਾਂ ਦੀ ਪੁਸ਼ਟੀ ਨਾ ਕਰਨ, “ਪ੍ਰੋਫੈਸਰ ਦਰਸ਼ਨ ਸਿੰਘ ਦੀ ਜ਼ਬਾਨ-ਬੰਦ ਕਰਾਉਣ ਵਾਲੇ ਕੋਈ ਬੋਧੀ, ਮੁਸਲਮਾਨ, ਜਾਂ ਈਸਾਈ ਨਹੀਂ ਹਨ, ਸਗੋਂ ਸਾਡੇ ਅਪਣੇ ਹੀ, ਕਿਸੇ ਦੇ ਹੱਥ-ਠੋਕੇ ਬਣਕੇ ਸਿੱਖ ਕੌਮ ਦੀਆਂ ਗਲੀਆਂ ਸੁੰਨੀਆਂ ਕਰਨ ਦੀ ਸੇਵਾ ਵਿੱਚ ਜੁਟੇ ਹੋਏ ਹਨ। ਅਕਸਰ ਬਜ਼ੁਰਗ ਕਿਹਾ ਕਰਦੇ ਨੇ - “ਸਿੱਖ ਨੂੰ ਸਿੱਖ ਮਾਰੇ, ਯਾ ਮਾਰੇ ਕਰਤਾਰ! ਸਾਡੇ ਕਾਜੇ ਦੇਖਕੇ ਕਰਤਾਰ ਵੀ ਰੁੱਸ ਗਿਆ ਜਾਪਦਾ ਹੈ”।
ਸਰਦਾਰ ਦਲਬੀਰ ਸਿੰਘ ਪੱਤਰਕਾਰ ਅਨੁਸਾਰ “ਪੰਜ ਸਿੰਘ ਸਾਹਿਬਾਨ ਅਖਵਾਉਣ ਵਾਲੇ ਵਿਅਕਤੀ ਕਿਸੇ ਤਰ੍ਹਾਂ ਵੀ ਇੰਨੇ ਉੱਚੇ ਅਹੁਦੇ ਦੇ ਯੋਗ ਨਹੀ। ਉਹ ਕੇਵਲ ਬਾਦਲਕਿਆਂ ਅਤੇ ਉਨ੍ਹਾਂ ਦੇ ਸਹਿਯੋਗੀ ਭ੍ਰਿਸ਼ਟਾਚਾਰੀਆਂ ਦੇ ਕਾਲੇ ਕਾਰਨਾਮਿਆਂ ਨੂੰ ਸਿੱਖੀ ਦੇ ਬੁਰਕੇ ਥੱਲੇ ਲੁਕਾਉਣ ਲਈ ਸਦਾ ਤੱਤਪਰ ਰਹਿੰਦੇ ਹਨ”। ਭਾਰਤ ਵਿੱਚ ਕਈ ਕੀਰਤਨ ਦੀਵਾਨਾਂ ਵਿੱਚ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਸਨਮਾਨਿਆ ਗਿਆ ਅਤੇ ਖਾਸ ਕਰ ਚੋਹਲਾ ਸਾਹਿਬ, ਰਾਏਪੁਰ, ਲੁਧਿਆਣਾ ਆਦਿ ਵਿਖੇ ਜਿਥੇ ਮੱਕੜ ਤੇ ਬਾਬਾ ਹਰਨਾਮ ਸਿੰਘ ਦੇ ਪੁਤਲੇ ਸਾੜੇ ਗਏ ਅਤੇ ਪੁਜਾਰੀਆਂ ਵਿਰੁੱਧ ਜੋਰਦਾਰ ਨਾਹਰੇਬਾਜ਼ੀ ਕੀਤੀ ਗਈ, ਉਥੇ ਕੌਮ ਨੂੰ ਅਪੀਲ ਕੀਤੀ ਗਈ ਕਿ, “ਅਵਤਾਰ ਸਿੰਘ ਮੱਕੜ, ਇਕਬਾਲ ਸਿੰਘ (ਪੱਟਨੇ ਵਾਲਾ), ਗੁਰਬਚਨ ਸਿੰਘ ਤੇ ਗੁਰਚਰਨ ਸਿੰਘ ਲਾਂਬਾ ਦਾ ਸਮਾਜਕ ਤੇ ਧਾਰਮਿਕ ਬਾਈਕਾਟ ਕੀਤਾ ਜਾਏ ਤੇ ਆਉਣ ਵਾਲੀਆਂ ਗੁਰਦਵਾਰਾ ਚੋਣਾਂ ਵਿੱਚ ਇਨ੍ਹਾਂ ਦਸਮ ਗ੍ਰੰਥੀਆਂ ਨੂੰ ਪੂਰੀ ਤਰ੍ਹਾਂ ਨਾਲ ਮਾਂਜ ਦਿੱਤਾ ਜਾਵੇ।” ਅਕਾਲੀ ਜੱਥਾ ਕਾਨਪੁਰ ਦੇ ਪ੍ਰਧਾਨ ਹਰਚਰਨ ਸਿੰਘ ਭੱਠੇ ਵਾਲੇ ਨੇ ਕਿਹਾ, “ਪ੍ਰੋ. ਦਰਸ਼ਨ ਸਿੰਘ ਨੂੰ ਛੇਕਣ ਵਾਲੇ ਡਰਾਮੇ ਨੂੰ ਅਸੀਂ ਸਿਰੇ ਤੋਂ ਖਾਰਜ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਗਣ ਵਾਲੇ ਪੰਥ ਵਿਚੋਂ ਅਸੀਂ ਖੁਦ ਇਨ੍ਹਾਂ ਸਿੰਘ ਸਾਹਿਬਾਨਾਂ ਨੂੰ ਕੱਢਣ ਦਾ ਐਲਾਨ ਕਰਦੇ ਹਾਂ ਅਤੇ ਐਲਾਨ ਕਰਦੇ ਹਾਂ ਕਿ ਅੱਜ ਤੋਂ ਬਾਅਦ ਸਾਡਾ ‘ਖਾਲਸਾ ਪੰਥੀਆਂ’ ਦਾ ‘ਕਾਲਕਾ ਪੰਥੀਆਂ’ ਨਾਲ ਕੋਈ ਸਰੋਕਾਰ ਨਹੀਂ ਹੈ।”
ਅੰਤ ਵਿੱਚ ਪ੍ਰੋ. ਭੁਪਿੰਦਰ ਸਿੰਘ ਸੋਲਿਸਟਰ ਚੀਫ ਸੇਵਾਦਾਰ ‘ਸਿੱਖ-ਵੀਜ਼ਨ’ ਦੇ ਵਿਚਾਰ ਦੇਣੇ ਜ਼ਰੂਰੀ ਹਨ। ਉਹ ਕਹਿੰਦੇ ਹਨ, “ਅਗਿਆਨੀ, ਖੁਦਗਰਜ਼, ਚਾਪਲੂਸ ਅਤੇ ਮੁਲਾਜ਼ਮ, ਜਥੇਦਾਰ, ਨਾਮ ਧਰੀਕ ‘ਸੰਤ’, ‘ਬਾਬੇ’ ਅਤੇ ਡੇਰੇਦਾਰ ਕੌਮ ਦਾ ਕਖ ਨਹੀਂ ਸੁਆਰ ਸਕਦੇ, ਨਾ ਸੁਆਰ ਸਕਣਗੇ।” ਹਾਂ ਪਰ ਮੀਡੀਆ ਇਹਨਾ ਦੇ ਪੋਲ ਖੋਲ ਕੇ ਇਹਨਾ ਨੂੰ ਸਿਧੇ ਰਾਹ ਪਾ ਸਕਦਾ ਹੈ। ਅੱਜ ਕਲ ਕਿਨੇ ਰੇਡੀਓ ਸਟੇਸ਼ਨ ਚੱਲ ਗਏ ਹਨ, ਸਿੱਖ ਟੀ. ਵੀ ਖੁਲ ਗਿਆ ਹੈ। ਜੇ ਇਹ ਰੇਡੀਓ, ਟੀ ਵੀ, ਮੀਡੀਆ ਦੋ ਕੁ ਸਿੱਖੀ ਤੇ ਗੁਰਮਤਿ ਸਿਧਾਂਤ ਦੀਆਂ ਗੱਲਾਂ ਕਰਕੇ, ਦਸ ਮਨਮਤ ਦੀਆਂ ਕਰਨਗੇ ਜਾਂ ਇੱਕ ਮਨਮਤ ਦੀ ਕਰਨ ਤੇ ਭਾਵੇਂ ਦਸ ਗੁਰਮਤਿ ਦੀਆਂ ਇਹ ਸਭ ਭੰਬਲ-ਭੂਸਾ ਹੀ ਪੈਦਾ ਕਰਨਗੇ। ਜਦ ਤੀਕ ਇਹ ਮੀਡੀਆ ਨਿਰੋਲ ਗੁਰਮਤਿ ਦੀ ਗੱਲ ਨਹੀਂ ਕਰੇਗਾ, ਇਸ ਨਾਲ ਨੁਕਸਾਨ ਹੀ ਕੀਤਾ ਜਾਏਗਾ। ਅੱਜ ਮੀਡੀਆ ਅਤੇ ਇਹ ਡੇਰੇਦਾਰ ਕੀ ਕਹਿੰਦੇ ਹਨ: “ਸਾਰੇ ਧਰਮ ਬਰਾਬਰ ਹਨ? ਫਿਰ ਸਤਿਗੁਰ ਨਾਨਕ ਪਾਤਿਸ਼ਾਹ ਜੀ ਨੂੰ ਦਸ ਜਾਮਿਆਂ ਵਿੱਚ ਆ ਕੇ ‘ਨਿਰਮਲ ਪੰਥ – ਖਾਲਸਾ ਪੰਥ’ ਦੀ ਸਿਰਜਨਾ ਕਰਨ ਦੀ ਕੀ ਲੋੜ ਸੀ? ਆਸ਼ੂਤੋਸ਼ੀਆਂ, ਸਿਰਸੇ ਵਾਲਾ ਪਾਖੰਡੀ ਇਹੋ ਕੁੱਝ ਕਰ ਰਿਹਾ ਹੈ, ਫਿਰ ਇਹ ਮੀਡੀਆ ਸਿੱਖ ਕਿਵੇਂ ਹੋਇਆ, ਇਹ ਤਾਂ ਸਿੱਖਾਂ ਨੂੰ ਕੁਰਾਹੇ ਪਾ ਰਿਹਾ ਹੈ।” ਇਥੇ ਇੱਕ ਗੱਲ ਦਾ ਜਿਕਰ ਹੋਰ ਭੀ ਜ਼ਰੂਰੀ ਹੈ ਧਰਮ ਵਿੱਚ ਸਿਆਸੀ ਦਖਲ ਕਿਥੇ ਤੱਕ ਪੁੱਜ ਗਿਆ ਹੈ ਸੁਣ ਕੇ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਉਹ ਇਹ ਕਿ ਜੇ ਸਰਕਾਰ ਦੇ ਮੁਖੀ ਦੇ ਘਰੋਂ ਦਰਬਾਰ ਸਾਹਿਬ ਵਿਖੇ ਕੀਰਤਨ ਦੇ ਸ਼ਬਦ ਤੋਂ ਸਿਖਿਆ ਲੈਣ ਦੀ ਥਾਂ ਇਹ ਕਹੇ ਕਿ ਮੈਨੂੰ ਲਾਕੇ ਇਹ ਸ਼ਬਦ ਪੜ੍ਹਿਆ ਹੈ ਕਿ ਕੀਰਤਨੀ ਜਥੇ ਨੂੰ ਨੌਕਰੀ ਤੋਂ ਹੀ ਕਢਵਾ ਦੇਵੇ ਤਾਂ ਉਸ ਦਾ ਕੀ ਮਤਲਬ?
ਅਖੀਰ ਵਿੱਚ ਭਾਵੇਂ ਕੋਈ ਕੰਮ ਹੱਥ ਠੋਕਾ ਬਣਕੇ ਨਿਭਾਇਆ ਜਾਏ ਜਾਂ ਆਪਣੇ ਆਪ ਉਸ ਲਈ “ਸਭਨਾ ਕਾ ਦਰਿ ਲੇਖਾ ਹੋਇ “(ਪੰ. 952) ਅਤੇ ਖਾਸ ਕਰਕੇ “ਮਨ ਮੇਰੇ ਭੂਲੇ ਕਪਟੁ ਨ ਕੀਜੈ॥ ਅੰਤਿ ਨਬੇਰਾ ਤੇਰੇ ਜੀਅ ਪਹਿ ਲੀਜੈ॥” (ਪੰ. 656) ਇਹ ਹੀ ਚਿਤਾਵਨੀ ਭਾਈ ਸਾਹਿਬ ਜਰਨੈਲ ਸਿੰਘ ਭਿੰਡਰਾਵਾਲਾ ਜੀ ਨੇ ਉਸ ਵੇਲੇ ਦੇ ਸ੍ਰੀ ਅਕਾਲ ਤੱਖਤ ਸਾਹਿਬ ਅਤੇ ਦਰਬਾਰ ਸਾਹਿਬ ਦੇ ਝੂਠ ਦਾ ਸਹਾਰਾ ਲੈਂਦੇ ਮੁਖੀਆਂ ਨੂੰ ਦਿੱਤੀ ਸੀ, ਗੁਰਵਾਕ ਸਾਮ੍ਹਣੇ ਰਖਣੇ ਚਾਹੀਦੇ ਹਨ। ਗੁਰੂ ਜੀ ਸਭ ਨੂੰ ਸਮੱਤ ਬਖਸ਼ਣ। ਅਤੇ ਸੱਚ, ਸਚਿਆਰ, ਅਸਲੀਅਤ ਅਤੇ ਯੋਗਤਾ ਦੇ ਵੈਰੀ ਨਾ ਬਣਿਆ ਜਾਵੇ!




.