.

ਸੰਮਨ ਮੂਸਨ ਵਾਲੀ ਕਹਾਣੀ (ਕੋਰਾ ਝੂਠ)

ਗੁਰੂ ਗ੍ਰੰਥ ਸਾਹਿਬ ਦੇ ਪੰਨਾ 1364 ਤੇ ਚੌਬੋਲੇ ਵਾਲੇ ਸ਼ਬਦ ਦੇ ਉਲਟ ਕਹਾਣੀ ਘੜਕੇ ਸਿੱਖਾਂ ਨੂੰ ਸਨਾਤਨ ਧਰਮ ਵਿੱਚ ਧਕੇਲਣ ਲਈ ਕਿਸੇ ਨੇ ਸੋਚਿਆ ਤੇ ਸੱਚ ਖੰਡ ਵਾਸੀ, ਬ੍ਰਹਮਗਿਆਨੀ, ਗੁਰਮਤਿ ਮਾਰਤੰਡ, ਸੰਤ ਤੇ ਪਤਾ ਨਹੀਂ ਹੋਰ ਕਿਤਨੀਆਂ ਕੁ ਡਿਗਰੀਆਂ ਨਾਲ ਨਿਵਾਜੇ ਤੇ ਅਖਾੜੇ ਪਿੰਡ ਵਿੱਚ ਪੈਦਾ ਹੋਏ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਇਸਦਾ ਰੱਜ ਕੇ ਪ੍ਰਚਾਰ ਕੀਤਾ ਤੇ ਅੱਜ ਦਮਦਮੀ ਟਕਸਾਲ ਦਾ ਹਰ ਸਿਪਾਹੀ ਇਸਦਾ ਅੱਗੇ ਤੋਂ ਅੱਗੇ ਪ੍ਰਚਾਰ ਕਰਨ ਵਿੱਚ ਫਖਰ ਮਹਿਸੂਸ ਕਰਦਾ ਹੈ ਕਿਉਂਕਿ ਇਹ ਕਹਾਣੀ ਉਨ੍ਹਾਂ ਦੇ ਮਹਾਂਪਰਸ਼ਾਂ ਨੇ ਸੁਣਾਈ ਸੀ।
ਇਹ ਕਹਾਣੀ ਇੰਞ ਹੈ:
ਸੰਮਨ ਤੇ ਮੂਸਨ, ਪਿਓ ਪੁੱਤ ਹਨ ਤੇ ਇਹ ਦੇਵੇਂ ਗੁਰੂ ਅਰਜਨ ਪਾਤਸ਼ਾਹ ਦੇ ਸਿੱਖ ਹਨ ਪਰ ਹਨ ਬਹੁਤ ਗਰੀਬ। ਗੁਰੂ ਜੀ ਨੂੰ ਸਤਿਕਾਰ ਸਹਿਤ ਇਹ ਪ੍ਰਛਾਦਾ ਛਕਾਉਣਾ ਚਾਹੁੰਦੇ ਹਨ ਪਰ ਪੈਸਾ ਕੋਲ ਹੈ ਨਹੀਂ। ਕਿਸੇ ਲਾਲਾ ਜੀ ਕੋਲ ਜਾਂਦੇ ਹਨ ਜਿਸ ਤੋਂ ਇਹ ਸਿੱਖ ਪਹਿਲਾਂ ਵੀ ਅਕਸਰ ਸੌਦਾ ਉਧਾਰ ਲੈ ਆਉਂਦੇ ਸਨ। ਪਰ ਹੁਣ ਉਸਨੇ ਇਉਂ ਕਰਨ ਤੋਂ ਇਨਕਾਰ ਕਰ ਦਿੱਤਾ। ਇਨ੍ਹਾਂ ਦੋਹਾਂ ਪਿਓ ਪੁਤਾਂ ਨੇ ਰਾਤ ਨੂੰ ਸੰਨ੍ਹ ਲਾ ਕੇ, ਚੋਰੀ ਕਰਕੇ, ਲੋੜੀਂਦਾ ਮਾਲ ਕੱਢ ਲਿਆਉਣ ਦੀ ਸਕੀਮ ਬਣਾਈ। ਬਣੀ ਸਕੀਮ ਮੁਤਾਬਕ ਰਾਤ ਨੂੰ ਮਾਲ ਕੱਢ ਕੇ ਵਾਪਸ ਆਉਂਦੇ ਸਮੇਂ ਛੱਤ ਵਿੱਚ ਕੀਤੇ ਪਾੜ ਵਿੱਚ ਪੁੱਤਰ ਦੀ ਧੜ ਫੱਸ ਗਈ ਤੇ ਪਿਓ ਨੇ ਇਹ ਸੋਚ ਕੇ ਆਪਣੇ ਪੁਤਰ ਦਾ ਸਿਰ ਵੱਡ ਕੇ ਨਾਲ ਲੈ ਆਂਦਾ ਕਿ ਕਿਸੇ ਨੂੰ ਪਤਾ ਨਾ ਚੱਲ ਜਾਏ ਕਿ ਕੌਣ ਚੌਰੀ ਕਰਕੇ ਗਿਆ ਹੈ। ਲਾਲਾ ਜੀ ਅਗਲੇ ਦਿਨ ਇਸ ਧੜ ਨੂੰ ਦੇਖਕੇ ਡਰਦੇ ਮਾਰੇ ਉਸੇ ਸਿੱਖ ਨੂੰ ਆਪਣੇ ਘਰ ਬੁਲਾਉਂਦੇ ਹਨ ਤੇ ਇਹ ਆਖਦੇ ਹਨ ਕਿ ਸਿੱਖ ਤੇਰਾ ਪਿਛਲਾ ਕਰਜ਼ਾ ਮੁਆਫ ਤੇ ਹੋਰ ਵੀ ਪੈਸੇ ਲੈ ਸਕਦਾ ਹੈਂ ਪਰ ਇਸ ਧੜ ਨੂੰ ਕਿਸੇ ਬਿਲੇ ਲਾ। ਸਿੱਖ ਤਾਂ ਜਾਣਦਾ ਹੈ ਕਿ ਇਹ ਮੇਰੇ ਪੁਤਰ ਦੀ ਧੜ ਤੇ ਉਹ ਇਸ ਨੂੰ ਆਪਣੇ ਘਰ ਲੈ ਆਊਂਦਾ ਹੈ।
ਅਗਲੇ ਦਿਨ ਗੁਰੂ ਅਰਜਨ ਪਾਤਸ਼ਾਹ ਉਨ੍ਹਾਂ ਦੇ ਘਰ ਪ੍ਰਛਾਦਾ ਛੱਕਣ ਲਈ ਆਉਂਦੇ ਹਨ ਤੇ ਪਿਓ ਨੂੰ ਕਹਿੰਦੇ ਹਨ ਕਿ ਆਪਣੇ ਪੁੱਤਰ ਨੂੰ ਬੁਲਾਓ। ਪਿਓ ਕਹਿੰਦਾ ਹੈ ਕਿ ਜੀ ਉਹ ਤਾਂ ਚਓਬਾਰੇ `ਚ ਜਾਂ ਸਬਾਤ `ਚ ਸੁੱਤਾ ਪਿਆ ਹੈ ਤੇ ਗੁਰੂ ਜੀ ਕਹਿੰਦੇ ਹਨ ਕਿ ਸਿੱਖਾ ਆਪਣੇ ਪੁੱਤਰ ਨੂੰ ਉਠਾ ਲਿਆਓ। ਪਿਓ ਚਓਬਾਰੇ ਜਾਂ ਸਬਾਤ ਅੰਦਰ ਜਾਂਦਾ ਹੈ, ਪੁਤਰ ਜਿਉਂਦਾ ਹੋ ਕੇ ਪਿਤਾ ਨਾਲ ਗੁਰੂ ਜੀ ਦੇ ਬੋਲ ਮੁਤਾਬਕ ਬਾਹਰ ਆ ਜਾਂਦਾ ਹੈ। ਪਰਵਾਰ ਵਿੱਚ ਖੁਸ਼ੀਆਂ ਦੀ ਲਹਿਰ ਦੌੜ ਗਈ ਤੇ ਗੁਰੂ ਜੀ ਪ੍ਰਛਾਦ ਛੱਕ ਕੇ ਕਿਸੇ ਹੋਰ ਟਿਕਾਣੇ ਚਲੇ ਜਾਂਦੇ ਹਨ।
ਆਓ ਹੁਣ ਇਸ ਕਹਾਣੀ ਦੀ ਚੀਰ ਫਾੜ ਕਰੀਏ।
ਇਸ ਕਹਾਣੀ ਮੁਤਾਬਕ ਤਾਂ ਸੰਮਨ ਮੂਸਨ ਦੋਵੇਂ ਗੁਰੂ ਕੇ ਸਿੱਖ ਚੋਰ ਹਨ ਤੇ ਗੁਰੂ ਜੀ ਵੀ ਚੋਰੀ ਦਾ ਮਾਲ ਛੱਕ ਕੇ ਆਪਣੇ ਸਿੱਖਾਂ ਨੁੰ ਅਸੀਸਾਂ ਦਿੰਦੇ ਨਹੀਂ ਥੱਕਦੇ?
ਪੁਤਰ ਦੀ ਧੜ ਲਾਲਾ ਜੀ ਦੇ ਘਰੋਂ ਲਿਆ ਕੇ ਇੱਕ ਦਿਨ ਆਪਣੇ ਘਰ ਵੀ ਰੱਖ ਲਈ ਤੇ ਖੂਨ ਸਾਰਾ ਨਿਕਲ ਜਾਣਦੇ ਬਾਵਜੂਦ ਵੀ ਸਿੱਖ ਦਾ ਪੁਤਰ ਗੁਰੂ ਜੀ ਦੀ ਅਸ਼ੀਵਾਦ ਨਾਲ ਜਿਉਂਦਾ ਹੋ ਗਿਆ ਪਰ ਗੁਰੂ ਅਰਜਨ ਪਾਤਸ਼ਾਹ ਆਪ ਆਪਣੇ ਆਪ ਨੂੰ ਜਹਾਂਗੀਰ ਦੇ ਜੁਲਮ ਤੋਂ ਨਹੀਂ ਬਚਾ ਸਕੇ?
ਲਾਲਾ ਜੀ ਤੇ ਉਸਦੇ ਘਰ ਵਾਲਿਆਂ ਨੂੰ ਧੱੜ ਦੇ ਡਿਗਣ ਨਾਲ ਜਾਗ ਨਹੀਂ ਆਈ? ਅਗਲੇ ਦਿੱਨ ਘਰੇ ਪਈ ਸਿਰ ਤੋਂ ਬਗੈਰ ਧੜ ਨੂੰ ਕਿਸੇ ਨਹੀਂ ਪਛਾਣਿਆ ਤੇ ਇਸ ਧੜ ਨੂੰ ਕਿਸੇ ਬੰਨੇ ਲਾਉਣ ਲਈ ਲਾਲਾ ਜੀ ਇਸੇ ਗੁਰੂ ਦੇ ਸਿੱਖ ਨੂੰ ਕਹਿੰਦੇ ਹਨ ਕਿ ਸਰਦਾਰ ਜੀ ਇਹ ਧੜ ਉਠਾ ਲੈ ਜਾਓ ਤੇ ਤੁਹਾਡਾ ਕਰਜ਼ਾ ਮੁਆਫ ਕੀਤਾ। ਕੀ ਪਿੰਡ ਦੇ ਆਦਮੀਆਂ ਨੂੰ ਲਾਲਾ ਜੀ ਨਹੀਂ ਪਛਾਣਦੇ?
ਚੋਰ ਪਾੜ ਛੱਤ ਵਿੱਚ ਨਹੀਂ ਲਾਉਂਦਾ ਸਗੋਂ ਕੰਧ ਵਿੱਚ ਲਾਉਂਦਾ ਹੈ।
ਜਦੋਂ ਮਾਲ ਦੀ ਪੰਡ ਮਘੋਰੇ ਵਿਚੋਂ ਦੀ ਲੰਘ ਗਈ ਤਾਂ ਪੁੱਤਰ ਦੀ ਧੜ ਛੱਤ ਵਾਲੇ ਪਾੜ ਵਿੱਚ ਕਿਵੇਂ ਫਸ ਸਕਦੀ ਹੈ?
ਕੀ ਘਰ ਵਾਲੇ ਆਪ ਇਨ੍ਹਾਂ ਦੇ ਚੋਰੀ ਕਰਨ ਲਈ, ਜਦੋਂ ਇਹ ਜਾਂਦੇ ਹਨ ਤੇ ਵਾਪਸ ਆਉਂਦੇ ਹਨ, ਪਉੜੀ ਫੜੀ ਖੜੇ ਸਨ? ਨਹੀਂ ਤਾਂ ਅੰਦਰ ਜਾਣਾ ਤੇ ਬਾਹਰ ਆਉਣਾ ਮੁਸਕਲ ਹੀ ਨਹੀਂ ਸਗੋਂ ਅਸੰਭਵ ਵੀ ਹੈ।
ਇਹ ਹਨ ਕੁੱਝ ਮੋਟੇ ਮੋਟੇ ਸਵਾਲ। ਗੁਰੂ ਪਿਆਰਿਓ! ਗੁਰੂ ਚੋਰੀ ਕਰਨੀ ਨਹੀਂ ਮਿਹਨਤ ਕਰਨੀ ਸਿਖਾਉਂਦੇ ਹਨ। ਗੁਰੂ ਜੀ ਦਾ ਉਪਦੇਸ਼ ਸੁਣ ਤਾਂ ਵੱਡੇ ਵੱਡੇ ਚੋਰ ਤੇ ਠੱਗ ਆਪਣਾ ਸੁਭਾਓ ਬਦਲ ਕੇ ਗੁਰੂ ਜੀ ਦੇ ਸਿੱਖ ਬਣ ਗਏ ਪਰ ਸਿੱਖੀ ਦੇ ਨਿਘਾਰ ਲਈ ਸਨਾਤਨੀ ਧਰਮ ਵਾਲਿਆਂ ਦੀਆਂ ਘੜੀਆਂ ਕਹਾਣੀਆ ਨੂੰ ਅਸੀਂ ਕਿਉਂ ਜੱਫਾ ਮਾਰੀ ਬੈਠੇ ਹਾਂ? ਸੋਚੋ ਜੋ ਵੀ ਕਹਾਣੀ ਗੁਰੂ ਜੀ ਦੇ ਉਪਦੇਸ਼ ਦੇ ਉਲਟ ਹੈ ਉਹ ਸਾਨੂੰ ਛੱਡ ਦੇਣੀ ਚਾਹੀਦੀ ਹੈ। 1364 ਪੰਨੇ ਤੇ ਚੌਬੋਲੇ ਵਾਲਾ ਸਲੋਕ ਵੀ ਗੁਰੂ ਅਰਜਨ ਪਾਤਸ਼ਾਹ ਜੀ ਦਾ ਹੀ ਹੈ ਤੇ ਹੁਣ ਇਸਦੇ ਦਰਸ਼ਨ ਕਰਦੇ ਹਾਂ।
ੴ ਸਤਿਗੁਰ ਪ੍ਰਸਾਦਿ॥
ਚਉਬੋਲੇ ਮਹਲਾ 5

ਸੰਮਨ ਜਉ ਇਸ ਪ੍ਰੇਮ ਕੀ ਦਮ ਕਿ੍ਯ੍ਯਹੁ ਹੋਤੀ ਸਾਟ॥ ਰਾਵਨ ਹੁਤੇ ਸੁ ਰੰਕ ਨਹਿ ਜਿਨਿ ਸਿਰ ਦੀਨੇ ਕਾਟਿ॥ 1॥ ਪ੍ਰੀਤਿ ਪ੍ਰੇਮ ਤਨੁ ਖਚਿ ਰਹਿਆ ਬੀਚੁ ਨ ਰਾਈ ਹੋਤ॥ ਚਰਨ ਕਮਲ ਮਨੁ ਬੇਧਿਓ ਬੂਝਨੁ ਸੁਰਤਿ ਸੰਜੋਗ॥ 2॥ (ਪੰਨਾ 1363)
ਹੇ ਦਾਨੀ ਮਨੁੱਖ! (ਧਨ ਦੇ ਵੱਟੇ ਹਰਿ-ਨਾਮ ਦਾ ਪ੍ਰੇਮ ਨਹੀਂ ਮਿਲ ਸਕਦਾ) ਜੇ ਇਸ ਪ੍ਰੇਮ ਦਾ ਵਟਾਂਦਰਾ ਧਨ ਤੋਂ ਹੋ ਸਕਦਾ, ਤਾਂ ਉਹ (ਰਾਵਣ) ਜਿਸ ਨੇ ਸ਼ਿਵ ਜੀ ਨੂੰ ਖ਼ੁਸ਼ ਕਰਨ ਲਈ ਗਿਆਰਾਂ ਵਾਰੀ ਆਪਣੇ) ਸਿਰ ਕੱਟ ਕੇ ਦਿੱਤੇ ਸਨ (ਸਿਰ ਦੇਣ ਦੇ ਥਾਂ ਬੇਅੰਤ ਧਨ ਦੇ ਦੇਂਦਾ, ਕਿਉਂਕਿ) ਰਾਵਣ ਵਰਗੇ ਕੰਗਾਲ ਨਹੀਂ ਸਨ। 1.
(ਹੇ ਦਾਨੀ ਮਨੁੱਖ! ਵੇਖ, ਜਿਸ ਮਨੁੱਖ ਦਾ) ਹਿਰਦਾ (ਆਪਣੇ ਪ੍ਰੀਤਮ ਦੇ) ਪ੍ਰੇਮ-ਪਿਆਰ ਵਿੱਚ ਮਗਨ ਹੋਇਆ ਰਹਿੰਦਾ ਹੈ (ਉਸ ਦੇ ਅੰਦਰ ਆਪਣੇ ਪ੍ਰੀਤਮ ਨਾਲੋਂ) ਰਤਾ ਭਰ ਭੀ ਵਿੱਥ ਨਹੀਂ ਹੁੰਦੀ, (ਜਿਵੇਂ ਭੌਰਾ ਕੌਲ-ਫੁੱਲ ਵਿੱਚ ਵਿੱਝ ਜਾਂਦਾ ਹੈ, ਤਿਵੇਂ ਉਸ ਮਨੁੱਖ ਦਾ) ਮਨ (ਪਰਮਾਤਮਾ ਦੇ) ਸੋਹਣੇ ਚਰਨਾਂ ਵਿੱਚ ਵਿੱਝਿਆ ਰਹਿੰਦਾ ਹੈ, ਉਸ ਦੀ ਸਮਝਣ ਵਾਲੀ ਮਾਨਸਕ ਤਾਕਤ ਲਗਨ ਵਿੱਚ ਹੀ ਲੀਨ ਹੋਈ ਰਹਿੰਦੀ ਹੈ। 2.
ਸਾਗਰ ਮੇਰ ਉਦਿਆਨ ਬਨ ਨਵ ਖੰਡ ਬਸੁਧਾ ਭਰਮ॥ ਮੂਸਨ ਪ੍ਰੇਮ ਪਿਰੰਮ ਕੈ ਗਨਉ ਏਕ ਕਰਿ ਕਰਮ॥ 3॥ ਮੂਸਨ ਮਸਕਰ ਪ੍ਰੇਮ ਕੀ ਰਹੀ ਜੁ ਅੰਬਰੁ ਛਾਇ॥ ਬੀਧੇ ਬਾਂਧੇ ਕਮਲ ਮਹਿ ਭਵਰ ਰਹੇ ਲਪਟਾਇ॥ 4॥ ਜਪ ਤਪ ਸੰਜਮ ਹਰਖ ਸੁਖ ਮਾਨ ਮਹਤ ਅਰੁ ਗਰਬ॥ ਮੂਸਨ ਨਿਮਖਕ ਪ੍ਰੇਮ ਪਰਿ ਵਾਰਿ ਵਾਰਿ ਦੇਂਉ ਸਰਬ॥ 5॥ ਮੂਸਨ ਮਰਮੁ ਨ ਜਾਨਈ ਮਰਤ ਹਿਰਤ ਸੰਸਾਰ॥ ਪ੍ਰੇਮ ਪਿਰੰਮ ਨ ਬੇਧਿਓ ਉਰਝਿਓ ਮਿਥ ਬਿਉਹਾਰ॥ 6॥ ਘਬੁ ਦਬੁ ਜਬ ਜਾਰੀਐ ਬਿਛੁਰਤ ਪ੍ਰੇਮ ਬਿਹਾਲ॥ ਮੂਸਨ ਤਬ ਹੀ ਮੂਸੀਐ ਬਿਸਰਤ ਪੁਰਖ ਦਇਆਲ॥ 7॥ (ਪੰਨਾ 1364)
ਸਮੁੰਦਰ, ਪਰਬਤ, ਜੰਗਲ, ਸਾਰੀ ਧਰਤੀ-- (ਇਹਨਾਂ ਦੀ ਜਾਤ੍ਰਾ ਆਦਿਕ ਦੀ ਖ਼ਾਤਰ) ਭ੍ਰਮਣ ਕਰਨ ਵਿੱਚ ਹੀ ਆਤਮਕ ਜੀਵਨ ਵਲੋਂ ਲੁੱਟੇ ਜਾ ਰਹੇ ਹੇ ਮਨੁੱਖ! ਪ੍ਰੀਤਮ-ਪ੍ਰਭੂ ਦੇ ਪ੍ਰੇਮ ਦੇ ਰਸਤੇ ਵਿੱਚ ਮੈਂ ਤਾਂ (ਇਸ ਸਾਰੇ ਰਟਨ ਨੂੰ) ਸਿਰਫ਼ ਇੱਕ ਕਦਮ ਦੇ ਬਰਾਬਰ ਹੀ ਸਮਝਦਾ ਹਾਂ। 3.
ਹੇ ਆਤਮਕ ਜੀਵਨ ਲੁਟਾ ਰਹੇ ਮਨੁੱਖ! (ਚੰਦ ਦੀ) ਚਾਨਣੀ ਸਾਰੇ ਆਕਾਸ਼ ਉਤੇ ਖਿਲਰੀ ਹੋਈ ਹੁੰਦੀ ਹੈ (ਉਸ ਵੇਲੇ) ਭੌਰੇ ਕੌਲ-ਫੁੱਲ ਵਿੱਚ ਵਿੱਝੇ ਹੋਏ ਬੱਝੇ ਹੋਏ (ਕੌਲ-ਫੁੱਲ ਵਿੱਚ ਹੀ) ਲਪਟ ਰਹੇ ਹੁੰਦੇ ਹਨ (ਇਸੇ ਤਰ੍ਹਾਂ ਜਿਨ੍ਹਾਂ ਮਨੁੱਖਾਂ ਦੇ ਹਿਰਦੇ-) ਆਕਾਸ਼ ਨੂੰ ਪ੍ਰਭੂ-ਪ੍ਰੇਮ ਦੀ ਚਾਨਣੀ ਰੌਸ਼ਨ ਕਰ ਰਹੀ ਹੁੰਦੀ ਹੈ (ਉਹ ਮਨੁੱਖ ਪ੍ਰਭੂ-ਪ੍ਰੇਮ ਵਿਚ) ਵਿੱਝੇ ਹੋਏ (ਪ੍ਰਭੂ ਦੇ) ਸੋਹਣੇ ਚਰਨਾਂ ਵਿੱਚ ਜੁੜੇ ਰਹਿੰਦੇ ਹਨ। 4.
(ਦੇਵਤਿਆਂ ਨੂੰ ਪ੍ਰਸੰਨ ਕਰਨ ਦੀ ਖ਼ਾਤਰ ਮੰਤ੍ਰਾਂ ਦੇ) ਜਾਪ, ਧੂਣੀਆਂ ਤਪਾਣੀਆਂ, ਇੰਦ੍ਰਿਆਂ ਨੂੰ ਵੱਸ ਕਰਨ ਲਈ (ਪੁੱਠੇ ਲਟਕਣ ਆਦਿਕ ਦੇ ਅਨੇਕਾਂ) ਜਤਨ--ਇਹਨਾਂ ਸਾਧਨਾਂ ਤੋਂ ਮਿਲੀ ਖ਼ੁਸ਼ੀ, ਇੱਜ਼ਤ, ਵਡਿਆਈ, ਇਹਨਾਂ ਤੋਂ ਮਿਲਿਆ ਸੁਖ ਅਤੇ ਅਹੰਕਾਰ--ਇਹਨਾਂ ਵਿੱਚ ਹੀ ਆਤਮਕ ਜੀਵਨ ਨੂੰ ਲੁਟਾ ਰਹੇ ਹੇ ਮਨੁੱਖ! ਮੈਂ ਤਾਂ ਅੱਖ ਝਮਕਣ ਜਿਤਨੇ ਸਮੇ ਲਈ ਮਿਲੇ ਪ੍ਰਭੂ-ਪਿਆਰ ਤੋਂ ਇਹਨਾਂ ਸਾਰੇ ਸਾਧਨਾਂ ਨੂੰ ਕੁਰਬਾਨ ਕਰਦਾ ਹਾਂ। 5.
ਹੇ ਆਤਮਕ ਜੀਵਨ ਨੂੰ ਲੁਟਾ ਰਹੇ ਮਨੁੱਖ! (ਵੇਖ, ਤੇਰੇ ਵਾਂਗ ਹੀ ਇਹ) ਜਗਤ (ਪ੍ਰੇਮ ਦਾ) ਭੇਤ ਨਹੀਂ ਜਾਣਦਾ, (ਤੇ) ਆਤਮਕ ਮੌਤੇ ਮਰ ਰਿਹਾ ਹੈ, ਆਤਮਕ ਜੀਵਨ ਦੀ ਰਾਸ-ਪੂੰਜੀ ਲੁਟਾ ਰਿਹਾ ਹੈ, ਪ੍ਰੀਤਮ-ਪ੍ਰਭੂ ਦੇ ਪਿਆਰੇ ਵਿੱਚ ਨਹੀਂ ਵਿੱਝਦਾ, ਨਾਸਵੰਤ ਪਦਾਰਥਾਂ ਦੇ ਵਿਹਾਰ-ਕਾਰ ਵਿੱਚ ਹੀ ਫਸਿਆ ਰਹਿੰਦਾ ਹੈ। 6.
(ਜਦੋਂ ਕਿਸੇ ਮਨੁੱਖ ਦਾ) ਘਰ ਸੜ ਜਾਂਦਾ ਹੈ ਧਨ-ਪਦਾਰਥ ਸੜ ਜਾਂਦਾ ਹੈ (ਉਸ ਜਾਇਦਾਦ ਤੋਂ) ਵਿਛੁੜਿਆ ਹੋਇਆ ਉਹ ਮਨੁੱਖ ਉਸ ਦੇ ਮੋਹ ਦੇ ਕਾਰਨ ਬੜਾ ਦੁਖੀ ਹੁੰਦਾ ਹੈ (ਤੇ ਪੁਕਾਰਦਾ ਹੈ 'ਮੈਂ ਲੁੱਟਿਆ ਗਿਆ, ਮੈਂ ਲੁੱਟਿਆ ਗਿਆ')। ਪਰ ਆਤਮਕ ਜੀਵਨ ਨੂੰ ਲੁਟਾ ਰਹੇ ਹੇ ਮਨੁੱਖ! (ਅਸਲ ਵਿਚ) ਤਦੋਂ ਹੀ ਲੁੱਟੇ ਜਾਈਦਾ ਹੈ ਜਦੋਂ ਦਇਆ ਦਾ ਸੋਮਾ ਅਕਾਲ ਪੁਰਖ (ਮਨੋਂ) ਭੁੱਲਦਾ ਹੈ। 7.
ਜਾ ਕੋ ਪ੍ਰੇਮ ਸੁਆਉ ਹੈ ਚਰਨ ਚਿਤਵ ਮਨ ਮਾਹਿ॥ ਨਾਨਕ ਬਿਰਹੀ ਬ੍ਰਹਮ ਕੇ ਆਨ ਨ ਕਤਹੂ ਜਾਹਿ॥ 8॥ ਲਖ ਘਾਟੀਂ ਊਂਚੌ ਘਨੋ ਚੰਚਲ ਚੀਤ ਬਿਹਾਲ॥ ਨੀਚ ਕੀਚ ਨਿਮ੍ਰਿਤ ਘਨੀ ਕਰਨੀ ਕਮਲ ਜਮਾਲ॥ 9॥ ਕਮਲ ਨੈਨ ਅੰਜਨ ਸਿਆਮ ਚੰਦ੍ਰ ਬਦਨ ਚਿਤ ਚਾਰ॥ ਮੂਸਨ ਮਗਨ ਮਰੰਮ ਸਿਉ ਖੰਡ ਖੰਡ ਕਰਿ ਹਾਰ॥ 10॥ ਮਗਨੁ ਭਇਓ ਪ੍ਰਿਅ ਪ੍ਰੇਮ ਸਿਉ ਸੂਧ ਨ ਸਿਮਰਤ ਅੰਗ॥ ਪ੍ਰਗਟਿ ਭਇਓ ਸਭ ਲੋਅ ਮਹਿ ਨਾਨਕ ਅਧਮ ਪਤੰਗ॥ 11॥ (ਪੰਨਾ 1364)
ਹੇ ਨਾਨਕ! ਜਿਨ੍ਹਾਂ ਮਨੁੱਖਾਂ ਦਾ ਜੀਵਨ-ਨਿਸ਼ਾਨਾ (ਪ੍ਰਭੂ-ਚਰਨਾਂ ਦਾ) ਪਿਆਰ ਹੈ, (ਜਿਨ੍ਹਾਂ ਮਨੁੱਖਾਂ ਦੇ) ਮਨ ਵਿੱਚ (ਪ੍ਰਭੂ ਦੇ) ਚਰਨਾਂ ਦੀ ਯਾਦ (ਟਿਕੀ ਰਹਿੰਦੀ) ਹੈ, ਉਹ ਮਨੁੱਖ ਪਰਮਾਤਮਾ ਦੇ ਆਸ਼ਿਕ ਹਨ, ਉਹ ਮਨੁੱਖ ('ਨਵਖੰਡ ਬਸੁਧਾ ਭਰਮ' ਅਤੇ 'ਜਪ ਤਪ ਸੰਜਮ' ਆਦਿਕ) ਹੋਰ ਕਿਸੇ ਭੀ ਪਾਸੇ ਵਲ ਨਹੀਂ ਜਾਂਦੇ। 8.
ਹੇ ਭਾਈ! (ਮਨੁੱਖ ਦਾ) ਚੰਚਲ ਮਨ (ਦੁਨੀਆਵੀ ਵਡੱਪਣ ਦੀਆਂ) ਅਨੇਕਾਂ ਉੱਚੀਆਂ ਚੋਟੀਆਂ (ਉੱਤੇ ਅਪੜਨ) ਨੂੰ (ਆਪਣਾ) ਨਿਸ਼ਾਨਾ ਬਣਾਈ ਰੱਖਦਾ ਹੈ, ਤੇ, ਦੁਖੀ ਹੁੰਦਾ ਹੈ। ਪਰ ਚਿੱਕੜ ਨੀਵਾਂ ਹੈ (ਨੀਵੇਂ ਥਾਂ ਟਿਕਿਆ ਰਹਿੰਦਾ ਹੈ। ਨੀਵੇਂ ਥਾਂ ਟਿਕੇ ਰਹਿਣ ਵਾਲੀ ਉਸ ਵਿਚ) ਬੜੀ ਨਿਮ੍ਰਤਾ ਹੈ। ਇਸ ਜੀਵਨ-ਕਰਤੱਬ ਦੀ ਬਰਕਤਿ ਨਾਲ (ਉਸ ਵਿਚ) ਕੋਮਲ ਸੁੰਦਰਤਾ ਵਾਲਾ ਕੌਲ-ਫੁੱਲ ਉੱਗਦਾ ਹੈ। 9.
ਹੇ ਆਤਮਕ ਜੀਵਨ ਨੂੰ ਲੁਟਾ ਰਹੇ ਮਨੁੱਖ! ਜੇ ਤੂੰ (ਉਸ ਪਰਮਾਤਮਾ ਦੇ ਮਿਲਾਪ ਦੇ) ਭੇਤ ਵਿੱਚ ਮਸਤ ਹੋਣਾ ਚਾਹੁੰਦਾ ਹੈਂ ਜੋ ਚੰਦ ਵਰਗੇ ਸੋਹਣੇ ਮੁਖ ਵਾਲਾ ਹੈ, ਅਤੇ ਸੋਹਣੇ ਚਿੱਤ ਵਾਲਾ ਹੈ ਜਿਸ ਦੇ ਕੌਲ-ਫੁੱਲਾਂ ਵਰਗੇ ਸੋਹਣੇ ਨੇਤ੍ਰ ਹਨ ਜਿਨ੍ਹਾਂ ਵਿੱਚ ਕਾਲਾ ਸੁਰਮਾ ਪਿਆ ਹੈ (ਭਾਵ, ਜੋ ਪਰਮਾਤਮਾ ਅੱਤ ਹੀ ਸੋਹਣਾ ਹੈ), ਤਾਂ ਆਪਣੇ ਇਹਨਾਂ ਹਾਰਾਂ ਨੂੰ ('ਨਵਖੰਡ ਬਸੁਧਾ ਭਰਮ' ਅਤੇ 'ਜਪ ਤਪ ਸੰਜਮ' ਆਦਿਕ ਵਿਖਾਵਿਆਂ ਨੂੰ) ਟੋਟੇ ਟੋਟੇ ਕਰ ਦੇਹ। 10.
ਹੇ ਨਾਨਕ! (ਵਿਚਾਰਾ) ਨੀਚ (ਜਿਹਾ) ਪਤੰਗਾ (ਆਪਣੇ) ਪਿਆਰੇ (ਜਗਦੇ-ਦੀਵੇ) ਦੇ ਪਿਆਰ ਵਿੱਚ (ਇਤਨਾ) ਮਸਤ ਹੋ ਜਾਂਦਾ ਹੈ (ਕਿ ਪਿਆਰੇ ਨੂੰ) ਯਾਦ ਕਰਦਿਆਂ ਉਸਨੂੰ ਆਪਣੇ ਸਰੀਰ ਦੀ ਸੁਧ-ਬੁਧ ਨਹੀਂ ਰਹਿੰਦੀ (ਉਹ ਪਤੰਗਾ ਜਗਦੇ ਦੀਵੇ ਦੀ ਲਾਟ ਉੱਤੇ ਸੜ ਮਰਦਾ ਹੈ। ਪਰ ਆਪਣੇ ਇਸ ਇਸ਼ਕ ਦਾ ਸਦਕਾ) ਨੀਚ ਜਿਹਾ ਪਤੰਗਾ ਸਾਰੇ ਜਗਤ ਵਿੱਚ ਉੱਘਾ ਹੋ ਗਿਆ ਹੈ। 11.
ਇਸ ਸਲੋਕ ਦੀ ਵਿਆਖਿਆ ਪ੍ਰੋ. ਸਾਹਿਬ ਸਿੰਘ ਵਾਲੀ ਹੀ ਹੈ। ਸਿੱਖ ਜਗਿਆਸੂ ਆਪ ਵਿਚਾਰ ਕਰਨ ਕਿ ਕੀ ਠੀਕ ਤੇ
ਕੀ ਗਲਤ ਹੈ?
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ ਕੈਨੇਡਾ। ਸੈਲ# 716 536 2346

www.singhsabhacanada.com, www.gurugranthdarpan.com




.