ਸਿੱਖੀ ਦੇ ਪਹਿਰੇਦਾਰਾਂ ਨੂੰ ਸੁਚੇਤ ਰਹਿਣ ਦੀ ਲੋੜ
ਸਮਾ ਬੰਦੇ ਨੂੰ ਮੌਕਾ ਜ਼ਰੂਰ ਦਿੰਦਾ
ਹੈ, ਜੋ ਬੰਦਾ ਮੌਕਾ ਸੰਭਾਲ ਲੈਂਦਾ ਹੈ ਉਹ ਇਤਿਹਾਸ ਬਦਲ ਦੇਂਦਾ ਹੈ, ਜੋ ਨਹੀਂ ਸੰਭਾਲ ਪਾਉਂਦਾ, ਉਹ
ਇਤਿਹਾਸ ਦੇ ਪੰਨਿਆਂ ਵਿੱਚ ਰੁਲ ਜਾਂਦਾ ਹੈ। ਇਸ ਵੇਲੇ ਇਤਿਹਾਸ ਬੜਾ ਤਿੱਖਾ ਮੋੜ ਕੱਟ ਰਿਹਾ ਹੈ,
ਜਿਸ ਬਾਦਲ ਸਰਕਾਰ ਦਾ ਇੱਕ ਮਹੀਨਾ ਪਹਿਲਾਂ ਇਕੋ ਟੀਚਾ ਸੀ, ਸ੍ਰ, ਸੁਖਬੀਰ ਸਿੰਘ ਬਾਦਲ ਨੂੰ ਪੰਜਾਬ
ਦਾ ਹੋਣ ਵਾਲਾ ਮੂੱਖ ਮੰਤ੍ਰੀ ਸਥਾਪਤ ਕਰਨਾ, ਅੱਜ ਉਹੀ ਬਾਦਲ ਸਰਕਾਰ, ਵਰੋਲੇ ਵਿੱਚ ਉੜਦੇ ਤੀਲੇ
ਸਮਾਨ ਅਸਥਿਰ ਨਜ਼ਰ ਆ ਰਹੀ ਹੈ।
ਲੁਧਿਆਣਾ ਗੋਲੀ ਕਾਂਡ ਨੇ ਇੱਕ ਸਵਾਲ ਖੜਾ ਕਰ ਦਿੱਤਾ ਹੈ ਕਿ ਦੋ ਦਿਨ ਪਹਿਲਾਂ ਓਸੇ ਸ਼ਹਰ (ਲੁਧਿਆਣਾ)
ਵਿੱਚ ਭਈਆਂ ਵਲੋਂ ਕ੍ਰੋੜਾਂ ਰੁਪਏ ਦੀ ਸਰਕਾਰੀ ਅਤੇ ਨਿੱਜੀ ਸੰਪਤੀ ਦੀ ਸਾੜ-ਫੂਕ ਕਰਨ, ਅਤੇ ਰੱਜ ਕੇ
ਗੁੰਡਾ ਗਰਦੀ ਕਰਨ ਤੇ ਵੀ, ਪੰਜਾਬ ਸਰਕਾਰ ਵਲੋਂ, ਪੰਜਾਬ ਪੁਲਸ ਵਲੋਂ ਫਿੱਟੇ-ਮੂੰਹ ਵੀ ਨਹੀਂ ਕਿਹਾ
ਗਿਆ ਸੀ। (ਸ਼ਾਇਦ ਇਸ ਲਈ ਕਿ ਉਨ੍ਹਾਂ ਦੀ ਪਿੱਠ ਤੇ, ਅਕਾਲੀ ਦਲ ਦੇ ਪਤੀ-ਪਰਮੇਸ਼ਰ, ਆਰ, ਐਸ, ਐਸ, ਦੀ
ਔਲਾਦ ਬੀ, ਜੇ, ਪੀ, ਦਾ ਹਲਕਾ ਵਿਧਾਇਕ ਹਰੀਸ਼ ਬੇਦੀ ਸੀ)
ਓਸੇ ਸ਼ਹਰ ਵਿੱਚ ਸਿੰਘਾਂ ਵਲੋਂ ਪੰਜਾਬ ਦੀ ਪੱਤ ਰੋਲਣ ਵਾਲੇ, ਆਸ਼ੂਤੋਸ਼ ਦੇ ਪੰਜਾਬ ਵਿੱਚ ਹੀ ਹੋ ਰਹੇ
ਪ੍ਰੋਗਰਾਮ ਨੂੰ ਰੋਕਣ ਲਈ, ਪੰਜਾਬ ਸਰਕਾਰ ਤੋਂ ਕੀਤੀ ਗਈ ਮੰਗ, ਉਸ ਮਗਰੋਂ ਦਿੱਤੀ ਗਈ ਚਿਤਾਵਨੀ ਤੇ
ਵੀ ਜਦ ਪੰਜਾਬ ਸਰਕਾਰ ਨੇ ਕੰਨ ਨਾ ਦਿੱਤਾ ਤਾਂ, ਉਸ ਦੇ ਵਿਰੋਧ ਵਿੱਚ ਕੱਢੇ ਜਾਂਦੇ, ਸ਼ਾਂਤ ਮਈ ਰੋਸ
ਮਾਰਚ ਦੌਰਾਨ, ਸਿੰਘਾਂ ਤੇ, ਬਿਨਾ ਕਿਸੇ ਭੜਕਾਹਟ, ਬਿਨਾ ਕਿਸੇ ਚਿਤਾਵਨੀ ਦੇ ਸਿੱਧੀਆਂ ਗੋਲੀਆਂ ਚਲਾ
ਕੇ, ਇੱਕ ਸਿੰਘ ਨੂੰ ਸ਼ਹੀਦ ਕਰ ਦੇਣ ਅਤੇ ਦਰਜਣ ਭਰ ਤੋਂ ਵੱਧ ਨੂੰ ਜ਼ਖਮੀ ਕਰਨ ਪਿੱਛੇ ਕੀ ਕਾਰਨ ਹੈ?
ਇਸ ਪਿੱਛੇ ਕਿਤੇ ਨਾ ਕਿਤੇ, ਕੋਈ ਨਾ ਕੋਈ ਗੱਲ ਤਾਂ ਹੈ। ਸ਼ਾਇਦ ਡੇਰੇ ਵਾਲਿਆਂ ਦੀ ਵੋਟਾਂ ਦੀ ਗਿਣਤੀ
ਹੋਵੇ।
ਸਮੇ ਦੇ ਮੋੜ ਕੱਟਣ ਦਾ ਵੱਡਾ ਕਾਰਨ ਤਾਂ ਸਿੱਖਾਂ ਵਿੱਚ ਆ ਰਹੀ ਜਾਗ੍ਰਤੀ ਹੈ। ੧੯੭੮ ਵਿੱਚ ਵੀ ਬਾਦਲ
ਵਲੋਂ ਅਜਿਹੇ ਹੀ ਕਾਂਡ ਦੀ ਪੁਸ਼ਤ ਪਨਾਹੀ ਕਰਨ ਮਗਰੋਂ, ਸਿੱਖਾਂ ਵਿੱਚ ਜਾਗ੍ਰਤੀ ਨਾ ਹੋਣ ਕਾਰਨ,
ਅਜਿਹਾ ਕੋਈ ਪ੍ਰਤੀਕਰਮ ਨਹੀਂ ਹੋਇਆ ਸੀ। ਅਜੇ ਪਿਛਲੇ ਦਿਨੀਂ, ਸੌਦਾ ਸਾਧ ਦੇ ਕਾਂਡ ਵਿੱਚ ਬਾਦਲ
ਸਰਕਾਰ ਵਲੋਂ ਚੰਡੀਗੜ੍ਹ, ਗਵਰਨਰ ਨੂੰ ਮੰਗ ਪੱਤ੍ਰ ਦੇਣ ਜਾ ਰਹੀ ਬਹੁਤ ਵੱਡੀ ਗਿਣਤੀ ਵਿੱਚ ਸੰਗਤ
ਨੂੰ, ਪੁਲਸ ਦੇ ਜ਼ੋਰ ਨਾਲ ਫਤਿਹਗੜ੍ਹ ਸਾਹਿਬ ਵਿਖੇ ਹੀ ਰੋਕ ਲੈਣ ਬਾਰੇ ਵੀ ਸਿੱਖਾਂ ਨੇ ਉਹ
ਪ੍ਰਤੀਕਰਮ ਨਹੀਂ ਜ਼ਾਹਰ ਕੀਤਾ ਸੀ ਜੋ ਕਰਨਾ ਚਾਹੀਦਾ ਸੀ, ਉਸ ਦਾ ਕਾਰਨ ਸੰਤ ਯੂਨੀਅਨ ਦੀ ਦੋਗਲੀ
ਨੀਤੀ ਸੀ। ਪਰ ਖੈਰ ਦੇਰ ਆਇੰਦ ਦਰੁਸਤ ਆਇੰਦ ਦੀ ਕਹਾਵਤ ਮੁਤਾਬਕ ਦੇਰ ਨਾਲ ਹੀ ਜਾਗ੍ਰਤੀ ਆਈ ਸਹੀ ਪਰ
ਠੀਕ ਆਈ।
ਇਸ ਦੇ ਨਾਲ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਆਸ਼ੂਤੋਸ਼ ਦੀ ਭਾਈਵਾਲ ਜੁੰਡਲੀ, ਸੰਤ ਯੂਨੀਅਨ, ਆਸ਼ੂਤੋਸ਼
ਦੇ ਵਿਰੋਧ ਦਾ ਡਰਾਮਾ ਕਰ ਕੇ, ਮੁੜ ਸਿੱਖਾਂ ਦਾ ਆਗੂ ਸਥਾਪਤ ਹੋਣ ਲਈ ਅੱਡੀਆਂ ਚੁਕ ਚੁਕ ਕੇ ਜ਼ੋਰ
ਲਗਾ ਰਹੀ ਹੈ। ਅਜੇ ਦੋ ਮਹੀਨੇ ਪਹਿਲਾਂ ਦੀ ਹੀ ਗੱਲ ਹੈ ਕਿ ਸਿੱਖਾਂ ਨੂੰ ਬਚਿਤ੍ਰ ਨਾਟਕ (ਅਖੌਤੀ
ਦਸਮ ਗ੍ਰੰਥ) ਬਾਰੇ ਜਾਗ੍ਰਤ ਕਰਨ ਬਦਲੇ ਸਾਨੂੰ ਅਪਣੇ ਫੋਨਾਂ ਤੇ ਧਮਕੀਆਂ ਅਤੇ ਗਾਲ੍ਹਾਂ ਸੁਣਨ ਨੂੰ
ਮਿਲਦੀਆਂ ਸਨ, ਪਰ ਅੱਜ ਇਸ ਬਾਰੇ ਸਾਰੇ ਸਿੱਖ ਜਗਤ ਵਿਚ, ਖੁਲ੍ਹੇ ਰੂਪ ਵਿੱਚ ਚਰਚਾ ਚਲ ਪਈ ਹੈ। ਇਸ
ਦਾ ਕੋਈ ਸੁਖਾਵਾਂ ਹੱਲ ਕੱਢਣ ਦੀ ਥਾਂ, ਬਾਦਲ ਦੇ ਹੱਥਾਂ ਦੀ ਕਠਪੁਤਲੀ ਸ਼੍ਰੋਮਣੀ ਗੁਰਦਵਾਰਾ
ਪ੍ਰਬੰਧਕ ਕਮੇਟੀ, ਅਖੌਤੀ ਤਖਤਾਂ ਦੇ ਅਖੌਤੀ ਜਥੇਦਾਰ, ਦਮਦਮੀ ਟਕਸਾਲ, ਨਿਹੰਗ ਜਥੇਬੰਦੀਆਂ,
ਡੇਰੇਦਾਰ, ਉਦਾਸੀਆਂ ਅਤੇ ਨਿਰਮਲਿਆਂ ਦੇ ਅਖਾੜੇ, ਅਕਾਲਤਖਤ ਸਾਹਿਬ ਤੇ ਕਬਜ਼ੇ ਦਾ ਦੁਰ ੳਪਯੋਗ
ਕਰਦਿਆਂ, ਪ੍ਰੋ, ਦਰਸ਼ਨ ਸਿੰਘ ਦੀ ਆਵਾਜ਼ ਬੰਦ ਕਰਨ ਵਿੱਚ ਜੁੱਟ ਗਈਆਂ ਹਨ।
ਦੂਸਰੇ ਪਾਸੇ ਇਹ ਬਿਆਨ ਦਿੱਤੇ ਜਾ ਰਹੇ ਹਨ ਕਿ ਬਚਿਤ੍ਰ ਨਾਟਕ, ਗੁਰੁ ਗ੍ਰੰਥ ਸਾਹਿਬ ਦੇ ਬਰਾਬਰ ਦਾ
ਅਧਿਆਤਮਕ ਗ੍ਰੰਥ ਹੈ। ਇਸ ਵਿੱਚ ਉਹ ਕੁੱਝ ਹੈ ਜੋ ਗੁਰੁ ਗ੍ਰੰਥ ਸਾਹਿਬ ਵਿੱਚ ਨਹੀਂ ਹੈ (ਇਹ ਖਾਸ
ਤੌਰ ਤੇ ਉਨ੍ਹਾਂ ਦੇ ਵਿਚਾਰਨ ਦੀ ਗੱਲ ਹੈ ਜੋ ਬਚਿਤ੍ਰ ਨਾਟਕ ਦੇ ਹਮੈਤੀਆਂ ਦਾ ਪੱਖ ਪੂਰਦੇ ਸਾਨੂੰ
ਕਹਿੰਦੇ ਸਨ ਕਿ ਉਨ੍ਹਾਂ (ਅਖੌਤੀ ਦਸਮ ਗ੍ਰੰਥ ਦੇ ਹਾਮੀਆਂ) ਨੇ ਉਸ ਨੂੰ ਗੁਰੂ ਤਾਂ ਨਹੀਂ ਬਣਾ
ਲਿਆ?) ਮੀਟਿੰਗਾਂ ਕਰ ਕੇ, ਬਚਿਤ੍ਰ ਨਾਟਕ ਦੇ ਹੱਕ ਵਿੱਚ ਫੈਸਲੇ ਕਰਦੇ ਦੋ ਕਮੇਟੀਆਂ ਬਣਾਈਆਂ ਹਨ।
੧. ਦਸਮ ਗ੍ਰੰਥ ਪ੍ਰਬੋਧ ਕਮੇਟੀ। ੨. ਦਸਮ ਗ੍ਰੰਥ ਬਾਰੇ ਜਾਣਕਾਰੀ ਦੇਣ (ਪਰਚਾਰ ਕਰਨ) ਵਾਲੀ ਕਮੇਟੀ।
ਇਨ੍ਹਾਂ ਕਮੇਟੀਆਂ ਵਿਚ, ੧. ਦਰਬਾਰ ਸਾਹਿਬ ਦਾ ਹੈਡ ਗ੍ਰੰਥੀ, ਮੱਲ ਸਿੰਘ। ੨. ਗਿਆਨੀ ਇਕਬਾਲ ਸਿੰਘ,
ਸੇਵਾਦਾਰ ਤਖਤ ਪਟਣਾ ਸਾਹਿਬ। ੩. ਗਿਆਨੀ ਕੁਲਵੰਤ ਸਿੰਘ, ਹਜ਼ੂਰ ਸਾਹਿਬ। ੪. ਹਰਨਾਮ ਸਿੰਘ ਧੁੰਮਾ,
ਦਮਦਮੀ ਟਕਸਾਲ। ੫. ਜੋਗਿੰਦਰ ਸਿੰਘ ਰਕਬਾ, ਬੁੱਢਾ ਦਲ। ੬. ਬਾਬਾ ਨਿਹਾਲ ਸਿੰਘ, ਹਰੀਆਂ ਵੇਲਾਂ। ੭.
ਦਯਾ ਸਿੰਘ, ਸੁਰ ਸਿੰਘ ਵਾਲਾ। ੮. ਸਰਬ ਜੋਤ ਸਿੰਘ ਬੇਦੀ। ੯. ਡਾ, ਜੋਧ ਸਿੰਘ। ੧੦. ਅਨੁਰਾਗ ਸਿੰਘ,
ਲੁਧਿਆਣਾ। ੧੧. ਕੰਵਰ ਅਜੀਤ ਸਿੰਘ। ੧੨. ਅਮਰ ਜੀਤ ਸਿੰਘ ਖੋਸਾ, ਕਨੇਡਾ। ੧੩. ਸੁਖਦੇਵ ਸਿੰਘ ਕਨੇਡਾ
ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਸੰਤ ਗਿਆਨ ਦੇਵ ਸਿੰਘ, ਮੁਖੀ ਨਿਰਮਲ ਪੰਚਾਇਤ ਅਖਾੜਾ, ਹਰਦਵਾਰ।
ਗਿਆਨੀ ਗੋਪਾਲ ਸਿੰਘ ਉਰਫ ਬ੍ਰਹਮ ਦੇਵ ਉਦਾਸੀ, ਅਤੇ ਸੰਤ ਜੋਧ ਸਿੰਘ, ਨਿਰਮਲ ਆਸ਼ਰਮ, ਰਿਸ਼ੀ ਕੇਸ਼ ਦਾ
ਨਾਮ ਵੀ ਸੁਣਿਆ ਜਾਂਦਾ ਹੈ।
ਇਨ੍ਹਾਂ ਬਾਰੇ ਗਿਆਨੀ ਗੁਰਬਚਨ ਸਿੰਘ ਦਾ ਪ੍ਰਤੀਕਰਮ ਕੀ ਹੁੰਦਾ ਹੈ? ਇਸ ਬਾਰੇ ਸੋਚ ਹੀ ਰਿਹਾ ਸੀ
ਕਿ ਉਸ ਦਾ ਵੀ ਬਿਆਨ ਆ ਗਿਆ ਕਿ ਸ੍ਰ, ਪਰਮਜੀਤ ਸਿੰਘ ਸਰਨਾ, ਬਚਿਤ੍ਰ ਨਾਟਕ ਦੇ ਵਿਰੋਧੀਆਂ ਨੂੰ
ਪਨਾਹ ਦੇਣਾ ਬੰਦ ਕਰੇ, ਨਹੀਂ ਤਾਂ ……………।
ਸੰਤ ਸਮਾਜ ਸਾਡੇ ਸਮਾਜ ਦਾ ਮਹੱਤਵ ਪੂਰਨ ਅੰਗ ਹੈ। ਅਕਾਲ ਤਖਤ ਤੇ ਵੀ ਬਚਿਤ੍ਰ ਨਾਟਕ ਦੇ ੩੨ ਸਰੂਪਾਂ
(ਕਰੂਪਾਂ) ਦਾ ਪਰਕਾਸ਼ (ਹਨੇਰਾ) ਕਰ ਕੇ ਅਖੰਡ ਪਾਠ ਦੇ ਭੋਗ ਪਾਏ ਗਏ ਸਨ। ਗਿਆਨੀ ਗੁਰਬਚਨ ਸਿੰਘ ਨੇ
ਇਹ ਵੀ ਜਾਣਕਾਰੀ ਦਿੱਤੀ ਕਿ ਜਦ ਉਹ ਮੁਕਤਸਰ ਵਿਖੇ ਹੈਡ ਗ੍ਰੰਥੀ ਸੀ ਤਾਂ ਓਥੇ ਵੀ ਬਚਿਤ੍ਰ ਨਾਟਕ ਦਾ
ਪ੍ਰਕਾਸ਼ ਹੁੰਦਾ ਸੀ।
ਇਸ ਤੋਂ ਸਾਬਤ ਹੁੰਦਾ ਹੈ ਕਿ ਗਿਆਨੀ ਗੁਰਬਚਨ ਸਿੰਹੁ ਉਸ ਧਿਰ ਦਾ ਅਨਿਖੜਵਾਂ ਅੰਗ ਹੈ, ਜੋ ਗੁਰੂ
ਗ੍ਰੰਥ ਸਾਹਿਬ ਦੇ ਬਰਾਬਰ ਬ੍ਰਾਹਮਣੀ ਪੁਰਾਣਾਂ ਤੇ ਆਧਾਰਿਤ ਕਿਤਾਬ ਨੂੰ ਸਥਾਪਤ ਕਰਨ ਦੇ ਵਾਹਵਾਨ
ਹਨ। ਇਸ ਤੋਂ ਵੱਧ ਅਕਾਲ ਤਖਤ ਦੇ ਸਿਧਾਂਤ ਨੂੰ ਹੋਰ ਕੀ ਸੱਟ ਮਾਰੀ ਜਾ ਸਕਦੀ ਹੈ? ਜਿਸ ਬੰਦੇ ਨੂੰ
ਸਿੱਖਾਂ ਦਾ ਹੀ ਨਹੀਂ, ਪੰਜਾਬ ਵਾਸੀਆਂ ਦਾ ਹੀ ਨਹੀਂ, ਭਾਰਤ ਵਾਸੀਆਂ ਦਾ ਹੀ ਨਹੀਂ, ਪੂਰੀ
ਇੰਸਾਨੀਅਤ ਦਾ ਅਲੰਬਰਦਾਰ ਹੋਣਾ ਚਾਹੀਦਾ ਸੀ, ਉਹ ਬੰਦਾ ਬਾਬੇ ਨਾਨਕ ਦੇ ਸਿਧਾਂਤ, ਗੁਰੂ ਗ੍ਰੰਥ
ਸਾਹਿਬ ਜੀ ਦੇ ਹੀ ਵਿਰੋਧ `ਚ ਖੜਾ ਹੈ। (ਅਜਿਹੀ ਹਾਲਤ ਵਿੱਚ ‘ਦਾ ਖਾਲਸਾ ‘ਜਥੇਬੰਦੀ ਦਾ ਇਹ ਫੈਸਲਾ,
ਕਿ ਅਸੀਂ ਇਨ੍ਹਾਂ ਜਥੇਦਾਰਾਂ ਦੇ ਕਿਸੇ ਵੀ ਅਧਿਕਾਰ ਨੂੰ ਰੱਦ ਕਰਦੇ ਹਾਂ, ਬਹੁਤ ਹੱਦ ਤਕ ਠੀਕ ਕਿਹਾ
ਜਾ ਸਕਦਾ ਹੈ।) ਆਮ ਆਦਮੀ ਦੇ ਸੋਚਣ ਦੀ ਗੱਲ ਹੈ ਕਿ ਇਸ (ਜਥੇਦਾਰ ਦੀ) ਕੁਰਸੀ ਤੇ ਬੈਠਣ ਵਾਲੇ ਲੋਕ,
ਅਕਾਲ ਤਖਤ ਸਾਹਿਬ ਦੇ ਸਿਧਾਂਤ, ਉਸ ਦੀ ਇਜ਼ਤ ਨੂੰ ਰੋਲਦੇ ਹਨ? ਜਾਂ ਉਹ ਲੋਕ, ਜੋ ਇਨ੍ਹਾਂ ਦੀਆਂ
ਕਾਲੀਆਂ ਕਰਤੂਤਾਂ ਦੀ ਕਾਲਖ ਤੋਂ ਅਕਾਲ ਤਖਤ ਸਾਹਿਬ ਨੂੰ ਬਚਾਉਣ ਦੇ ਚਾਹਵਾਨ ਹਨ? (ਜਿਨ੍ਹਾਂ ਨੂੰ
ਅਕਾਲ ਤਖਤ ਤੋਂ ਬਾਗੀ ਪਰਚਾਰਿਆਂ ਜਾਂਦਾ ਹੈ।)
ਇੱਕ ਹੋਰ ਮਸਲ੍ਹਾ ਵੀ ਸਾਮ੍ਹਣੇ ਆ ਰਿਹਾ ਹੈ ਕਿ ਕੁੱਝ ਲੀਡਰ ਟਾਈਪ ਦੇ ਲੋਕ ਅਪਣੀ ਪੀੜ੍ਹੀ ਥੱਲੇ
ਸੋਟਾ ਫੇਰਨ ਦੀ ਥਾਂ, ਡਾ, ਮਨਮੋਹਨ ਸਿੰਘ ਵਲੋਂ ਦੁਨੀਆਂ ਵਿੱਚ ਸਿੱਖਾਂ ਦਾ ਵਕਾਰ ਉੱਚਾ ਕਰਨ, ਅਤੇ
੧੯੮੪ ਦੇ ਸਿੱਖ ਕਤਲੇਆਮ ਦੇ ਮਸਲ੍ਹੇ ਨੂੰ ਕੁੱਝ ਲੀਹਾਂ ਤੇ ਲਿਆਉਣ ਦੇ ਉਪਰਾਲੇ ਦੇ ਰਾਹ ਵਿੱਚ
(ਸਿਆਸੀ ਸਵਾਰਥਾਂ ਖਾਤਰ) ਕੰਡੇ ਖਿਲਾਰ ਰਹੇ ਹਨ। ਜਿਵੇਂ ਐਸ. ਐਸ. ਆਹਲੁਵਾਲੀਆ ਜੀ ਦੀ ਗੜੈਂ-ਗੜੈਂ
ਬੜੇ ਦਿਨਾਂ ਮਗਰੋਂ ਸੁਣਨ ਨੂੰ ਮਿਲੀ। ਉਨ੍ਹਾਂ ਦਾ ਬਿਆਨ ਸੀ ਕਿ ਖਾਲੀ ਸਿੱਖ ਪ੍ਰਧਾਨ ਮੰਤ੍ਰੀ
ਬਨਾਉਣਾ ਹੀ ਕਾਫੀ ਨਹੀਂ, ਭਾਰਤ ਸਰਕਾਰ ਨੂੰ ਛੇਤੀ ਤੋਂ ਛੇਤੀ, ੧੯੮੪ ਦੇ ਸਿੱਖ ਕਤਲੇਆਮ ਲਈ ਸਿੱਖਾਂ
ਕੋਲੋਂ ਮੂਆਫੀ ਮੰਗਣੀ ਚਾਹੀਦੀ ਹੈ। ਰਾਜ ਸਭਾ ਵਿੱਚ ਇਸ ਵਿਸ਼ੇ ਤੇ ਹੋਈ ਬਹਿਸ ਦਾ ਸਿਹਰਾ ਵੀ ਉਹ
ਅਪਣੇ ਸਿਰ ਬੰਨ੍ਹ ਰਹੇ ਹਨ। (ਸ਼ਾਇਦ ਲੀਡਰ ਲੋਕ ਹਮੇਸ਼ਾ ਇਸੇ ਖੁਸ਼ ਫਹਿਮੀ ਵਿੱਚ ਰਹਿੰਦੇ ਹਨ ਕਿ ਆਮ
ਆਦਮੀ ਦੀ ਯਾਦ-ਦਾਸ਼ਤ ਬਹੁਤ ਕਮਜ਼ੋਰ ਹੁੰਦੀ ਹੈ, ਉਹ ਸਾਲ ਦੋ ਸਾਲ ਵਿੱਚ ਸਾਡੀਆਂ ਕਰਤੂਤਾਂ ਭੁੱਲ
ਜਾਂਦੇ ਹਨ। ਪਰ ਸਾਡੀ ਮਜਬੂਰੀ ਇਹ ਹੈ ਕਿ, ਇਸ ਹਮਾਮ ਵਿੱਚ ਸਾਰੇ ਹੀ ਨੰਗੇ ਹਨ, ਅਤੇ ਇਹ ਮਹਾਨ
ਭਾਰਤ ਦੀ ਮਹਾਨ ਡੈਮੋਕਰੇਸੀ ਹੀ ਹੈ ਜਿਸ ਵਿੱਚ ੪, ੫ % ਵੋਟਾਂ ਪੈਣ ਤੇ ਵੀ ਸਰਕਾਰਾਂ ਬਣ ਜਾਂਦੀਆਂ
ਹਨ।
ਮੈਂ ਆਹਲੂਵਾਲੀਆ ਜੀ ਤੋਂ ਸਿਰਫ ਇਹੀ ਪੁਛਣਾ ਚਾਹਾਂ ਗਾ ਕਿ ਉਨ੍ਹਾਂ ਨੇ, ਪਟਣਾ ਸਾਹਿਬ ਦਾ ਪ੍ਰਧਾਨ
ਹੁੰਦਿਆਂ ਇਸ ਬਾਰੇ ਕੀ ਉਪਰਾਲਾ ਕੀਤਾ ਸੀ? ਰਾਜਸਭਾ ਦੇ ਮੈਂਬਰ ਹੁੰਦਿਆਂ ਕੇਂਦਰ ਵਿੱਚ ਤੁਹਾਡੀ
ਪਾਰਟੀ ਦੀ ਸਰਕਾਰ ਹੁੰਦਿਆਂ, ਤੁਸੀਂ ਇਹ ਸਾਰਾ ਕੁਝ, ਕਿਸ ਮਜਬੂਰੀ ਵੱਸ ਨਹੀਂ ਕਰ ਸਕੇ?
ਇੱਕ ਹਨ ਸ੍ਰ, ਤਰਲੋਚਨ ਸਿੰਘ ਜੀ, ਜੋ ਕਿਸੇ ਵੇਲੇ, ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸਨ। ਉਨ੍ਹਾਂ
ਦਾ ਵੀ ਬਿਆਨ ਵੇਖਿਆ ਕਿ ਸਿੱਖ ਕਤਲੇਆਮ ਦੇ ਮਾਮਲਿਆਂ ਲਈ, ਸੁਪ੍ਰੀਮ ਕੋਰਟ ਦੇ ਜੱਜਾਂ ਦਾ ਪੈਨਲ
ਬਣੇ। ਉਨ੍ਹਾਂ ਨੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਹੁੰਦਿਆਂ ਪੂਰਾ ਜ਼ੋਰ ਇਸੇ ਗੱਲ ਤੇ ਲਾਇਆ ਸੀ ਕਿ
ਸਿੱਖ ਹਿੰਦੂਆਂ ਵਿਚੋਂ ਹੀ ਹਨ। ਉਨ੍ਹਾਂ ਦੀ ਇਸ ਗੱਲ ਤੋਂ ਮੈਂ ਉਨ੍ਹਾਂ ਨੂੰ ਇੱਕ ਚਿੱਠੀ ਵੀ ਲਿਖੀ
ਸੀ ਕਿ ਜੇ ਸਿੱਖ ਹਿੰਦੂਆਂ ਵਿਚੋਂ ਹੀ ਹਨ ਤਾਂ ਸਿੱਖ ਘੱਟ ਗਿਣਤੀ ਕਿਵੇਂ ਹਨ? ਉਹ ਕਿਵੇਂ ਘੱਟ
ਗਿਣਤੀ ਕਮਿਸ਼ਨ ਦੇ ਚੇਅਰਮੈਨ ਬਣੇ ਬੈਠੇ ਹਨ? ਉਹ ਅਸਲੀ ਘੱਟ ਗਿਣਤੀਆਂ, ਈਸਾਈਆਂ ਜਾਂ ਮੁਸਲਮਾਨਾਂ ਲਈ
ਇਹ ਕੁਰਸੀ ਵੇਹਲੀ ਕਿਉਂ ਨਹੀਂ ਕਰ ਦੇਂਦੇ? ਉਹ ਤੁਹਾਡੇ ਨਾਲੋਂ ਜ਼ਿਆਦਾ ਚੰਗੀ ਤਰ੍ਹਾਂ ਸਿੱਖਾਂ ਦੀ
ਗੱਲ ਰੱਖ ਦੇਣ ਗੇ। ਪਰ ਉਨ੍ਹਾਂ ਇਸ ਦਾ ਜਵਾਬ ਕਦੀ ਵੀ ਨਹੀਂ ਦਿੱਤਾ।
ਉਨ੍ਹਾਂ ਕੋਲੋਂ ਵੀ ਇਹੀ ਪੁਛਣਾ ਹੈ ਕਿ ਉਨ੍ਹਾਂ ਉਸ ਵੇਲੇ ਇਸ ਮਸਲ੍ਹੇ ਬਾਰੇ ਕੀ ਕਾਰਵਾਈ ਕੀਤੀ ਸੀ,
ਅਤੇ ਉਨ੍ਹਾਂ ਦੀ ਪਾਰਟੀ ਦੀ ਕੇਂਦਰ ਵਿੱਚ ਦੋ ਵਾਰੀ ਸਰਕਾਰ ਬਣਨ ਤੇ ਉਨ੍ਹਾਂ ਨੇ ਅਜਿਹਾ ਪੈਨਲ ਕਿਸ
ਮਜਬੂਰੀ ਵੱਸ ਨਹੀਂ ਬਣਵਾਇਆ ਸੀ?
ਇਨ੍ਹਾਂ ਤੋਂ ਇਲਾਵਾ ਇੱਕ ਸੱਜਣ ਹੋਰ ਹਨ ਸ੍ਰ, ਅਵਤਾਰ ਸਿੰਘ ਹਿੱਤ, ਜੋ ਕਿਸੇ ਵੇਲੇ ਦਿੱਲੀ
ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਹਨ, ਉਨ੍ਹਾਂ ਨੇ ਅਪਣੀ ਪ੍ਰਧਾਨਗੀ ਵੇਲੇ, ੮੪ ਦੀਆਂ
ਵਿਧਵਾਵਾਂ ਦੇ, ਅਪਣੇ ਇੰਸਾਫ ਲਈ ਲੜੇ ਜਾਂਦੇ ਕੇਸ ਦਾ ਜਿੰਨਾ ਨੁਕਸਾਨ ਕੀਤਾ ਹੈ, ਓਨਾ ਸ਼ਾਇਦ
ਪ੍ਰਹਿਲਾਦ ਸਿੰਘ ਚੰਡੋਕ ਨੇ ਵੀ ਨਾ ਕੀਤਾ ਹੋਵੇ, ਪਰ ਹੱਦ ਹੈ ਬੇਸ਼ਰਮੀ ਦੀ ਕਿ ਜਿਸ ਬੰਦੇ ਨੂੰ ਅਪਣੀ
ਕਰਤੂਤ ਕਾਰਨ ਸ਼ਰਮ ਨਾਲ ਡੁੱਬ ਮਰਨਾ ਚਾਹੀਦਾ ਸੀ, ਉਹ ਕਿਸ ਬੇਸ਼ਰਮੀ ਨਾਲ ਅੱਜ ਦਿੱਲੀ ਦੇ ਰਾਜਪਾਲ
ਨੂੰ ਅਲਟੀਮੇਟਮ ਦੇ ਰਹੇ ਹਨ ਕਿ ਜੇ ੩੧ ਦਸੰਬਰ ੨੦੦੯ ਤਕ ੮੪ ਦੇ ਕਤਲੇਆਮ ਦੇ ਦੋਸ਼ੀਆਂ ਵਿਰੁੱਧ
ਕਾਰਵਾਈ ਨਾ ਕੀਤੀ ਗਈ ਤਾਂ ਉਹ ਇੰਸਾਫ ਪਸੰਦ ਲੋਕਾਂ ਨੂੰ ਨਾਲ ਲੈ ਕੇ ਰਾਜ ਭਵਨ ਦਾ ਘਿਰਾਉ ਕਰਨ ਗੇ।
ਅੱਜ ਸਿੱਖੀ ਦੇ ਪਹਿਰੇਦਾਰਾਂ ਨੂੰ ਇਨ੍ਹਾਂ ਬਰਸਾਤੀ ਡਡੂਆਂ ਵਾਙ ਟਪੂਸੀਆਂ ਮਾਰ ਕੇ ਸਿੱਖਾਂ ਦੇ
ਲੀਡਰਾਂ ਦੀ ਕਤਾਰ ਵਿੱਚ ਖੜੇ ਹੋਣ ਵਾਲਿਆਂ ਤੋਂ ਸੁਚੇਤ ਰਹਣ ਦੀ ਲੋੜ ਹੈ, ਉਨ੍ਹਾਂ ਨੂੰ ਅਪਣੇ
ਉਲੀਕੇ ਟੀਚੇ ਮੁਤਾਬਕ ਚਲਦੇ ਰਹਣਾ ਚਾਹੀਦਾ ਹੈ। ਇਹ ਨਾ ਹੋਵੇ ਕਿ ਖੱਡ `ਚੋਂ ਨਿਕਲ ਕੇ ਖੂਹ ਵਿੱਚ
ਜਾ ਪਈਏ। ਸੰਘ੍ਰਸ਼ ਦੀ ਕੁਠਾਲੀ ਵਿੱਚ ਪਏ ਸਿੱਖ ਆਪੇ ਲੀਡਰ ਵੀ ਬਣ ਜਾਣਗੇ।
ਅਮਰ ਜੀਤ ਸਿੰਘ ਚੰਦੀ
ਫੋਨ: ੯੭੫੬੨੬੪੬੨੧.