.

ਮਹੱਤਵ ਘਟਨਾਵਾਂ ਦਾ ਹੁੰਦਾ ਹੈ ਦਿਨਾਂ ਦਾ ਨਹੀਂ
(ਡਾ ਗੁਰਮੀਤ ਸਿੰਘ ਬਰਸਾਲ ਕੈਲੇਫੋਰਨੀਆਂ)

ਕੌਮੀ ਜਹਾਜ ਦੇ ਅਖਾਉਤੀ ਮਲਾਹਾਂ ਨੇ ਅੱਜ ਜਿਸ ਮੰਝਦਾਰ ਵਿੱਚ ਸਭ ਨੂੰ ਫਸਾਇਆ ਹੈ, ਉਥੋਂ ਕੇਵਲ ਤੇ ਕੇਵਲ ਗੁਰੂ ਨਾਨਕ ਸਾਹਿਬ ਦੇ ਬਖਸ਼ੇ ਗਿਆਨ ਦੇ ਚੱਪੂ ਹੀ ਪਾਰ ਕਰਾ ਸਕਣ ਦੀ ਸਮਰੱਥਾ ਰੱਖਦੇ ਹਨ। ਭਾਵੇਂ ਅਸੀਂ ਅਕਸਰ ਇਹ ਆਖਦੇ ਹਾਂ ਕਿ ਫਲਾਣਾ ਦਿਨ ਬਹੁਤ ਚੰਗਾ ਹੈ, ਕਿਓਕਿ ਉਸ ਦਿਨ ਕੋਈ ਵਧੀਆ ਘਟਨਾਂ ਘਟੀ ਸੀ ਜਾਂ ਉਸ ਦਿਨ ਕਿਸੇ ਖਾਸ ਸ਼ਖਸ਼ੀਅਤ ਦਾ ਜਨਮ ਹੋਇਆ ਸੀ। ਪਰ ੳਸ ਵੇਲੇ ਅਸੀ ਭਾਵਨਾਂ ਵਸ ਮੂਹੋਂ ਨਿਕਲਨ ਵਾਲੇ ਸ਼ਬਦਾਂ ਦੇ ਵਾਰੇ ਨਹੀਂ ਸੋਚ ਰਹੇ ਹੁੰਦੇ ਸਗੋਂ ਸਾਡੀ ਗੱਲ ਦਾ ਮਕਸਦ ਉਹ ਚੰਗੀ ਘਟਨਾਂ ਹੀ ਹੁੰਦੀ ਹੈ।
ਜਦੋਂ ਅਸੀਂ ਇਹ ਕਹਿ ਰਹੇ ਹੁੰਦੇ ਹਾਂ ਕਿ ਫਲਾਣਾ ਦਿਨ ਬਹੁਤ ਪਵਿੱਤਰ ਹੈ ਕਿਉਂਕਿ ਉਸ ਦਿਨ ਗੁਰੂ ਸਾਹਿਬ ਦਾ ਜਨਮ ਹੋਇਆ ਸੀ ਉਦੋਂ ਵੀ ਸਾਡਾ ਭਾਵ ਕਿਸੇ ਖਾਸ ਦਿਨ ਦੀ ਪਵਿਤਰਤਾ ਤੋਂ ਨਹੀਂ ਹੁੰਦਾ ਸਗੋਂ ਗੁਰੂ ਸਾਹਿਬ ਦੇ ਆਗਮਨ ਨੂੰ ਪਵਿੱਤਰ ਕਹਿਣਾ ਹੁੰਦਾ ਹੈ।
ਥਿੱਤੀ ਵਾਰ ਸੇਵਹਿ ਮੁਗਧ ਗਵਾਰ (ਪੰਨਾ 843)
ਅਸੀਂ ਸਭ ਜਾਣਦੇ ਹਾਂ ਕਿ ਇਸ ਧਰਤੀ ਤੇ ਇੱਕ ਦਿਨ ਵਿੱਚ ਕੇਵਲ ਇੱਕ ਹੀ ਬੱਚਾ ਜਨਮ ਨਹੀਂ ਲੈਂਦਾ ਬਲਕਿ ਹਜਾਰਾਂ ਨਵੇਂ ਬੱਚੇ ਪੈਦਾ ਹੁੰਦੇ ਹਨ। ਇੱਕ ਖਾਸ ਦਿਨ ਜਨਮੇਂ ਬੱਚੇ ਸਾਰੇ ਹੀ ਧਰਮਾਤਮਾਂ ਨਹੀਂ ਹੁੰਦੇ। ਉਹਨਾ ਵਿੱਚੋਂ ਕੁੱਝ ਚੋਰ ਠੱਗ ਕਾਤਿਲ ਵੀ ਬਣ ਜਾਂਦੇ ਹਨ। ਇੱਥੋਂ ਤੱਕ ਕਿ ਜਿਆਦਾਤਰ ਜੌੜੇ ਬੱਚਿਆਂ ਦਾ ਵੀ ਸੁਭਾਅ ਨਹੀਂ ਰਲਦਾ। ਫਿਰ ਅਸੀਂ ਕਿਸੇ ਖਾਸ ਸ਼ਖਸ਼ੀਅਤ ਦੇ ਜਨਮ ਵਾਲੇ ਦਿਨ ਨੂੰ ਕਿਵੇਂ ਪਵਿੱਤਰ ਕਹਿ ਸਕਦੇ ਹਾਂ ਜਦ ਕਿ ੳਸ ਦਿਨ ਚੋਰਾਂ ਤੇ ਕਾਤਲਾਂ ਨੇ ਵੀ ਜਨਮ ਲਿਆ ਹੁੰਦਾ ਹੈ। ਇਸ ਤਰਾਂ ਸਾਡੇ ਲਈ ਮਹੱਤਵਪੂਰਣ ਗੁਰੂ ਸਾਹਿਬ ਦਾ ਆਗਮਨ ਹੈ ਨਾਂ ਕਿ ਕੋਈ ਦਿਨ। ਅਸੀਂ ਗੁਰੂ ਸਾਹਿਬ ਦਾ ਜਨਮ ਦਿਨ ਵੀ ਏਸੇ ਭਾਵਨਾ ਨਾਲ ਮਨਾਉਂਦੇ ਹਾਂ ਕਿ ਘੱਟੋ ਘੱਟ ਸਾਲ ਬਾਅਦ ਗੁਰੂ ਸਾਹਿਬ ਦੇ ਆਗਮਨ ਨੂੰ ਯਾਦ ਕਰਦਿਆਂ ਉਹਨਾਂ ਦੇ ਜੀਵਨ ਅਤੇ ਸਿੱਖਆਵਾਂ ਅਨੁਸਾਰ ਸਾਡੇ ਚੱਲਣ ਦਾ ਮੁਲਾਂਕਣ ਕਰਕੇ ਭਵਿੱਖ ਲਈ ਬਚਨਵੱਧਤਾ ਪ੍ਰਗਟਾ ਸਕੀਏ। ਪਰਦੇਸਾਂ ਵਿੱਚ ਹੱਡ ਭੰਨਵੀਂ ਮਿਹਨਤ ਕਰਨ ਵਾਲੇ ਲੋਗ ਜਦ ਹਫਤੇ ਦੀ ਸਖਤ ਮਿਹਨਤ ਬਾਅਦ ਐਤਵਾਰ ਗੁਰਦਵਾਰੇ ਜਾਂਦੇ ਹਨ ਤਾਂ ਉਦੋਂ ਹੀ ਹਰ ਗੁਰਪੁਰਵ ਮਨਾਉਂਦੇ ਹਨ। ੳਹੀ ਸੰਗਤ ਦੇ ਇਕੱਠੇ ਹੋਣ ਦਾ ਸਹੀ ਅਤੇ ਕਿਹਾ ਜਾਂਦਾ ਪਵਿੱਤਰ ਸਮਾਂ ਹੁੰਦਾ ਹੈ। ਗੁਰਬਾਣੀ ਅਨੁਸਾਰ ਸਭ ਦਿਨ ਬਰਾਬਰ ਹੁੰਦੇ ਹਨ। ਪਰ ਪੁਜਾਰੀ ਅਤੇ ਜੋਤਸੀ ਦਿਨਾਂ ਨੂੰ ਚੰਗੇ-ਮਾੜੇ ਕਹਿ ਲੁਕਾਈ ਨੂੰ ਭਰਮ ਵਿੱਚ ਫਸਾਅ ਆਪਣਾ ਹਲਵਾ-ਮੰਡਾ ਚਲਾਈ ਰੱਖਦੇ ਹਨ। ਜੇਕਰ ਸਾਡੇ ਮਨਾਂ ਵਿੱਚ ਕਿਸੇ ਖਾਸ ਦਿਨ ਦੀ ਪਵਿੱਤਰਤਾ ਦਾ ਖਿਆਲ ਆਵੇਗਾ ਤਾਂ ਹੀ ਪੁਜਾਰੀ ਵਰਗ ਸਾਨੂੰ ਚੰਗੇ ਸਮੇ ਦੇ ਸ਼ੁਭ ਮਹੂਰਤ ਦੇ ਭਰਮਜਾਲ ਵਿੱਚ ਫਸਾਕੇ ਠੱਗ ਸਕੇਗਾ।
ਸਗੁਨ ਅਪਸਗਨ ਤਿਸ ਕਉ ਲਗਹਿ ਜਿਸੁ ਚੀਤਿ ਨ ਆਵੈ (ਪੰਨਾਂ 401)
ਹਿੰਦੋਸਤਾਨ ਦੀ ਹਜਾਰਾਂ ਸਾਲਾਂ ਦੀ ਗੁਲਾਮੀ ਏਸੇ ਗੱਲ ਦਾ ਸਬੂਤ ਹੈ ਕਿ ਪੁਜਾਰੀ ਦੁਸ਼ਮਣਾਂ ਦਾ ਮੁਕਾਬਲਾ ਕਰਨ ਦੀ ਥਾਂ ਚੰਗੇ ਦਿਨਾਂ ਦਾ ਮਹੂਰਤ ਕੱਡਦੇ ਰਹੇ ਤੇ ਧਾੜਵੀ ਬਿਨਾਂ ਮਹੂਰਤ ਤੋਂ ਹੀ ਕੁੱਟਕੇ ਹਿੰਦੋਸਤਾਨ ਨੂੰ ਗੂਲਾਮ ਬਣਾਂਉਂਦੇ ਰਹੇ। ਇਹ ਕਹਿਣਾ ਗਲਤ ਹੈ ਕਿ ਜਦੋਂ ਧਾੜਵੀ ਹਮਲੇ ਕਰਦੇ ਸਨ ਉਦੋਂ ਸਮਾਂ ਮਾੜਾ ਸੀ ਅਸਲ ਵਿੱਚ ਉਹ ਸੋਚ ਮਾੜੀ ਸੀ ਜੋ ਮੁਕਾਬਲਾ ਕਰਨ ਦੀ ਥਾਂ ਕੇਵਲ ਮੰਤਰ ਪੜਨ ਲਈ ਹੀ ਪ੍ਰੇਰਦੀ ਸੀ। ਜੀਸਜ਼ ਕਰਾਈਸਟ ਦੇ ਜਨਮ ਸਮੇ ਦਾ ਕਿਸੇ ਨੂੰ ਕੁੱਝ ਵੀ ਨਹੀਂ ਪਤਾ। ਸਾਲ ਦੇ ਅਖੀਰ ਦਾ ਹਫਤਾ ਬਹੁਤ ਜਗਾ ਤੇ ਮੌਸਮੀ ਤਿਉਹਾਰ ਵਜੋਂ ਮਨਾਇਆ ਜਾਂਦਾ ਸੀ। ਸੂਝਵਾਨ ਇਸਾਈਆਂ ਨੇ ੳਸੇ ਸਮੇ ਦੌਰਾਨ 25 ਦਿਸੰਬਰ ਮਿਥ ਕੇ ਕ੍ਰਿਸਮਿਸ ਵਜੋਂ ਸਮੁੱਚੇ ਸੰਸਾਰ ਵਿੱਚ ਮਸ਼ਹੂਰ ਕਰ ਦਿੱਤਾ। ਅੱਜ ਕਿਸੇ ਬੱਚੇ ਤੱਕ ਨੂੰ ਵੀ ਏਸ ਦਿਨ ਵਾਰੇ ਕਿਸੇ ਨੂੰ ਪੁੱਛਣ ਦੀ ਜਰੂਰਤ ਨਹੀਂ ਹੈ। ਪਰ ਦੁਨੀਆਂ ਦੇ ਸਭ ਤੋਂ ਨਵੀਨ ਅਤੇ ਵਿਗਆਂਨਿਕ ਅਖਵਾਉਣ ਵਾਲੇ ਸਿੱਖ ਪੰਥ ਵਾਲੇ ਅਸੀਂ ਅਜੇ ਤੱਕ ਦੁਨੀਆਂ ਦੇ ਮਹਾਨ ਰਹਿਬਰ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਜਨਮ ਦਿਨ ਲੱਭਦੇ ਫਿਰਦੇ ਹਾਂ। ਕਿਉਂਕੇ ਸਾਨੂੰ ਵੀ ਅਜੇ ੳਸੇ ਪਵਿਤਰ ਦਿਨ ਦੀ ਖੋਜ ਹੈ। ਭਾਵੇਂ ਕਿ ਅਸੀ ਜਾਣਦੇ ਹਾਂ ਕਿ ਉਸ ਦਿਨ ਵੀ ਅਨੇਕਾਂ ਨਲਾਇਕਾਂ ਦਾ ਜਨਮ ਹੋਇਆ ਹੋਵੇਗਾ। ਅਸੀਂ ਜਾਣਦੇ ਹਾਂ ਕਿ ਸਿੱਖ ਦੇਹ ਪੂਜਕ ਨਹੀਂ ਸਗੋਂ ਵਿਚਾਰ ਪੂਜਕ ਹੈ। ਸਿੱਖ ਦੀ ਪੂਜਾ ਵੀ ਕਰਮਕਾਂਢ ਨਹੀਂ ਸਗੋਂ ਗੁਰਮਤਿ ਜੁਗਤਿ ਅਨੁਸਾਰ ਪਰੈਕਟੀਕਲ ਜੀਵਨ ਹੈ। ਸੋ ਗੁਰੂ ਨਾਨਕ ਸਾਹਿਬ ਦੇ ਆਗਮਨ ਨਾਲ ਇੱਕ ਨਵਾਂ ਵਿਚਾਰ ਸੰਸਾਰ ਤੇ ਆਇਆ ਜੋ ਦਸਾਂ ਜਾਮਿਆਂ ਤੋਂ ਹੁੰਦਾ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਪਰਗਟ ਹੋ ਗਿਆ। ਸੋ ਇਹ ਨਵੀਂ ਗਿਆਨ ਰੂਪੀ ਜੋਤ ਜੋ ਗੁਰੂ ਨਾਨਕ ਤੋਂ ਗੁਰੂ ਗ੍ਰੰਥ ਸਾਹਿਬ ਤੱਕ 10 ਜਾਮਿਆਂ ਵਿੱਚ ਦੀ ਗੁਜਰੀ, ਸੰਸਾਰ ਦਾ ਮਾਰਗ ਦਰਸ਼ਕ ਅਰਥਾਤ ਗੁਰੂ ਹੋ ਨਿਬੜੀ। ਸੋ ਇਸ ਮਹਾਨ ਜੋਤ ਦੇ ਪ੍ਰਕਾਸ਼ ਨੂੰ ਸਮੁੱਚੇ ਸੰਸਾਰ ਤੱਕ ਪਹੁਚਾਉਣ ਲਈ ਇਸ ਦੇ ਆਗਮਨ ਦਾ ਦਿਨ ਜੱਗ ਅੱਗੇ ਰੱਖਣ ਲਈ ਵਿਸ਼ੇਸ਼ ਠਰੰਮੇ ਦੀ ਜਰੂਰਤ ਹੈ ਨਾਂਕਿ ਦਿਨਾਂ ਦੀ ਆਖੀ ਜਾਂਦੀ ਪਵਿਤਰਤਾ ਭਾਲਣ ਲਈ ਇਤਹਾਸਿਕ-ਮਿਥਹਾਸਿਕ ਹਵਾਲੇ ਦੇਖਣ ਦੀ। ਸਾਨੂੰ ਤਾਂ ਕਰਿਸ਼ਚੀਅਨਾਂ ਵਾਂਗ ਕਿਸੇ ਨੀਤੀ ਦੀ ਵੀ ਜਰੂਰਤ ਨਹੀਂ ਕਿੳਂਕਿ ਬਹੁਤ ਸਾਰੇ ਗੁਰਮਤਿ ਅਭਿਲਾਸ਼ੀ ਵਿਦਵਾਨ ਇਸ ਜੋਤ ਦਾ ਆਗਮਨ ਵੈਸਾਖੀ ਤੋਂ ਸ਼ੁਰੂ ਕਰਦੇ ਹਨ ਜਿਸ ਨਾਲ ਦੋ ਇੰਕਲਾਬੀ ਦਿਹਾੜੇ ਇੱਕ ਮੰਜਿਲ ਹੋ ਨਿਬੜਦੇ ਹਨ।
ਬਾਕੀ ਦੇ 9 ਨਾਨਕ ਸਰੂਪਾਂ ਦਾ ਜਨਮ ਦਿਨ, ਗੁਰਗੱਦੀ ਦਿਨ ਜਾਂ ਜੋਤੀ ਜੋਤ ਦਿਨ ਸ਼ਾਇਦ ਅੰਤਰਰਾਸ਼ਟਰੀ ਪੱਧਰ ਤੇ ਇਸ ਕਾਰਣ ਹੀ ਨਹੀਂ ਮਨਾਇਆ ਜਾਂਦਾ ਕਿ ਜੋ ਨਾਨਕ ਜੋਤ ਇੱਕ ਵਾਰ ਜਗ ਚੁੱਕੀ ਹੈ ਉਹ ਜੋਤੀ ਜੋਤ ਨਹੀਂ ਸਮਾਏਗੀ ਸਗੋਂ ਅਨੰਤਕਾਲ ਤੱਕ ਜਗੇਗੀ।
ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਨਾਨਕ ਜੋਤ ਨੂੰ ਮਿਲਣ ਤੋਂ ਪਹਿਲਾਂ ਦੇਵੀ ਦਰਸ਼ਣ ਅਤੇ ਗੰਗਾ ਇਸਨਾਨ ਵਰਗੇ ਕਰਮਕਾਂਢ ਕਰਦੇ ਸਨ। ਸੋ ਗੁਰਮਤਿ ਅਨੁਸਾਰ ਉਹਨਾਂ ਦਾ ਆਗਮਨ ਨਾਨਕ ਜੋਤ ਨਾਲ ਮਿਲਾਪ ਤੋਂ ਬਣਦਾ ਹੈ। ਇਸ ਤਰਾਂ ਬਾਕੀ ਦੇ 9 ਜਾਮਿਆਂ ਵਿੱਚ ਨਾਨਕ ਜੋਤ ਦਾ ਆਗਮਨ ਜਨਮ ਤੋਂ ਨਹੀਂ ਹੁੰਦਾ। ਸੋ ਇਸ ਤਰਾਂ ਹੋਲੀ ਹੋਲੀ ਦੇਹ ਵਿੱਚੋਂ ਨਿਕਲਕੇ ਕੇਵਲ ਗੁਰਗਿਆਨ ਰੂਪੀ ਜੋਤ ਜੋ ਅੱਜ ਵੀ ਨਿਰੰਤਰ ਜਗ ਰਹੀ ਹੈ ਦਾ ਦੇਹ ਨਾਲੋਂ ਨਿਖੇੜਾ ਸਪੱਸਟ ਹੋ ਜਾਂਦਾ ਹੈ ਇਸ ਜੋਤ ਨੂੰ ਨਿਰੰਤਰ ਜਗਦੇ ਰੱਖਣ ਵਿੱਚ 2 ਗੁਰੂ ਸਾਹਿਬਾਂ ਅਤੇ ਅਣਗਿਣਤ ਪੁਰਾਤਨ ਤੇ ਅਧੁਨਿਕ ਸਿੱਖਾਂ ਨੇ ਸ਼ਹੀਦੀਆਂ ਦਿੱਤੀਆਂ ਹਨ। ਸੋ ਇਸ ਜੋਤ ਲਈ ਦਿੱਤੀਆਂ ਸ਼ਹੀਦੀਆਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਹਨ।
ਸੋ ਸਾਨੂੰ ਸਿੱਖਾਂ ਨੂੰ ਇੱਕ ਦਿਨ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਅੰਤਰਰਾਸ਼ਟਰੀ ਪੱਧਰ ਤੇ ਨਿਰਧਾਰਿਤ ਕਰਨਾਂ ਚਾਹੀਦਾ ਹੈ ਤਾਂ ਕਿ ਸਮੁੱਚੇ ਸ਼ਹੀਦਾਂ ਦੀ ਸ਼ਹਾਦਤ ਤੋਂ ਮਨੁਖਤਾ ਨੂੰ ਸੇਧ ਮਿਲ ਸਕੇ। ਵੈਸੇ ਤਾਂ ਸਾਲ ਦਾ ਅਜਿਹਾ ਕੋਈ ਵੀ ਦਿਨ ਨਹੀਂ ਹੋਵੇਗਾ ਜਦੋਂ ਸਿੱਖ ਇਤਹਾਸ ਵਿੱਚ ਕੋਈ ਨਾਂ ਕੋਈ ਯਾਦ ਰੱਖਣ ਯੋਗ ਘਟਨਾਂ ਨਾਂ ਵਾਪਰੀ ਹੋਵੇ। ਦਿਨ ਭਾਵੇਂ 2 ਹੀ ਮਨਾਏ ਜਾਣ ਪਰ ਸਾਰੇ ਸੰਸਾਰ ਨੂੰ ਪਤਾ ਹੋਣਾ ਚਾਹੀਦਾ ਹੈ। ਤਾਂ ਕਿ ਗੁਰਮਤਿ ਦਾ ਪ੍ਰਕਾਸ਼ ਅਸਾਨੀਂ ਨਾਲ ਦੂਰ ਦੂਰ ਤੱਕ ਪੁਜਦਾ ਕੀਤਾ ਜਾ ਸਕੇ।
ਪੁਜਾਰੀ ਵਰਗ ਤੋਂ ਛੁਟਕਾਰਾ ਵੀ ਏਸੇ ਵਿੱਚ ਹੈ ਕਿ ਗੁਰਮਤਿ ਅਨੁਸਾਰ ਦਿਨ ਮੁਕੱਰਰ ਕੀਤੇ ਜਾਣ ਵਰਨਾਂ ਪੁਜਾਰੀ ਤਾਂ ਇਹੋ ਚਾਹੁਣਗੇ ਕਿ ਹਰ ਰੋਜ ਹੀ ਕੋਈ ਨਾਂ ਕੋਈ ਦਿਨ ਮੇਲੇ ਦੀ ਤਰਜ ਤੇ ਮਨਾਇਆ ਜਾਂਦਾ ਰਹੇ ਤਾਂ ਕਿ ਉਹਨਾਂ ਦਾ ਹਲਵਾਂ-ਮਾਂਡਾ ਚਲਦਾ ਰਹੇ।
ਅਸਲ ਵਿੱਚ ਗੁਰੂ ਨਾਨਕ ਸਾਹਿਬ ਦਾ ਆਗਮਨ ਪੁਰਬ ਹੀ ਦਸੇ ਗੁਰਾਂ ਦਾ ਵਿਚਾਰਧਾਰਕ ਜਨਮ ਦਿਨ ਹੈ। ਗੁਰੂ ਨਾਨਕ ਸਾਹਿਬ ਨੇ ਨਾਨਕ ਜੋਤ ਦੇ ਨਾਲ, ਸਦਾ ਲਈ ਇੱਕ ਆਦਰਸ਼ ਮਨੁੱਖ ਦਾ ਮਾਡਲ ਤਿਆਰ ਕੀਤਾ ਹੈ। ਬਾਕੀ ਦੇ 9 ਗੁਰੂ ਸਾਹਿਬਾਂ ੳਸੇ ਮਾਡਲ ਨੂੰ, ਆਪੋ ਆਪਣੇ ਸਮੇ, ਬੋਲੀਂ ਅਤੇ ਹਾਲਾਤਾਂ ਵੇਲੇ ਸਮਾਂ, ਸਥਾਨ ਤੇ ਸਥਿੱਤੀ ਅਨੁਸਾਰ ਉਸੇ ਜੋਤ ਨਾਲ ਤਰਾਸਿਆ ਹੈ। ਸੋ ਗੁਰੂ ਨਾਨਕ ਸਾਹਿਬ ਦਾ ਤਿਆਰ ਕੀਤਾ ਸੰਪੂਰਨ ਮਨੁੱਖ ਦਾ ਮਾਡਲ ਦੁਨੀਆਂ ਦੇ ਕੋਨੇ ਕੋਨੇ ਤੱਕ ਪਹੁੰਚਾਉਣ ਲਈ ਮੇਲੇ ਨੁਮਾ ਰਵਾਇਤੀ ਜਿਆਦਾ ਦਿਨਾਂ ਨਾਲੋਂ ਥੋੜੇ ਦਿਨ ਹੀ ਸਹੀ ਪਰ ਗੁਰੂ ਨਾਨਕ ਸਾਹਿਬ ਦੇ ਮਨੁੱਖਤਾ ਲਈ ਬਖਸ਼ੇ ਸਿਧਾਂਤ ਅਨੁਸਾਰ ਹੀ ਮਨਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਅੰਤ ਵਿੱਚ ਅਸੀਂ ਸਾਰੇ, ਪਾਲ ਸਿੰਘ ਜੀ ਕਨੇਡਾ ਵਾਲਿਆਂ ਦੇ ਤਿਆਰ ਕੀਤੇ ਅਤੇ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਨੂੰ ਸਵੀਕਾਰਣ ਵਾਲੇ ਸਮੂਹ ਵਿਦਵਾਨਾਂ ਅਤੇ ਸੰਸਥਾਵਾਂ ਤੋਂ ਮਾਨਤਾ ਪ੍ਰਾਪਤ, ਅੰਕ ਗਣਿਤ ਵਿਗਿਆਨ ਅਨੁਸਾਰ ਘੱਟ ਤੋਂ ਘੱਟ ਸੰਭਾਵਿਤ ਗਲਤੀਆਂ ਵਾਲੇ ਸੂਰਜੀ ਕੈਲੰਡਰ ਨੂੰ ਅਪਣਾਅ, ਅਖਾਉਤੀ ਸਾਧਾਂ ਸੰਤਾਂ ਦੀਆਂ ਕਹੀਆਂ ਪਵਿੱਤਰ ਪੂਰਨਮਾਸੀਆਂ, ਮੱਸਿਆ, ਸੰਗਰਾਂਦਾਂ ਵਰਗੀਆਂ ਅੰਧਵਿਸਵਾਸੀ ਪਰੰਪਰਾਂਵਾਂ ਤੋਂ ਛੁਟਕਾਰਾ ਪਾ ਵਿਗਆਨਿਕ ਤਰੀਕੇ ਨਾਲ ਗੁਰਮਤਿ ਅਨੁਸਾਰ ਵਾਤਾਵਰਨ ਸਿਰਜਣ ਵਿੱਚ ਸਹਾਈ ਹੋਈਏ।




.