.

ਝੂਠੁ ਨਾ ਬੋਲਿ ਪਾਡੇ ਸਚੁ ਕਹੀਐ

ਦੂਸਰੇ ਦਾ ਸੱਚ ਤੇ ਅਪਣਾ ਝੂਠੁ ਮਨੁੱਖ ਨੂੰ ਹਮੇਸ਼ਾਂ ਹੀ ਚੰਗਾ ਲਗਦਾ ਹੈ ਇਹੁ ਗਲ ਵੱਖਰੀ ਹੈ ਕਿ ਝੂਠ ਦੀ ਮਿਆਂਦ ਬਹੁਤਾ ਚਿਰ ਲਈ ਨਹੀਂ ਹੁੰਦੀ ਪਰ ਫਿਰ ਵੀ ਇਨਸਾਨ ਸੋਨੇ ਦੇ ਗਹਿਣਿਆਂ ਵਾਂਗੂ ਅਪਣੇ ਝੂਠ ਨੂੰ ਸੁੰਦਰ ਬਨਾ ਕੇ ਪੇਸ਼ ਕਰਦਾ ਹੈ, ਦੁਨਆਵੀ ਲੋਕ ਨਾ ਸਮਝੀ ਦੇ ਕਾਰਣ ਇਸਨੂੰ ਗਹਣਾ ਸਮਝ ਕੇ ਅਪਣੇ ਗਲੇ ਦਾ ਹਾਰ ਬਨਾ ਲੈਂਦੇ ਹਨ ਤੇ ਸਮਾਂ ਪਾ ਕੇ ਇਹ ਵਹਿਮ ਭਰਮ ਸੱਪਾਂ ਦਾ ਰੂਪ ਧਾਰਣ ਕਰਕੇ ਡੰਕ ਮਾਰਣ ਵਿੱਚ ਕਾਮਯਾਬ ਹੋ ਜਾਂਦੇ ਹਨ-ਇਕ ਅਦੀਬ ਦਾ ਕਹਿਣਾ ਹੈ
ਜਿਸਕੋ ਹਾਰ ਸਮਝਾ ਥਾ ਗਲਾ ਅਪਣਾ ਸਜਾਣੇ ਕੋ॥ ਵਹੀ ਕਾਲੇ ਨਾਗ ਬਨ ਬੈਠੇ ਮੇਰੇ ਹੀ ਕਾਠ ਖਾਣੇ ਕੋ॥
ਸੱਚ ਦਾ ਆਸਰਾ ਪਰਣਾ ਲੈ ਕੇ ਲੁਕਾਈ ਨੂੰ ਝੂਠ ਦੇ ਮਿੱਠੇ ਕੈਪਸੂਲ ਦੇਣ ਵਾਲੇ, ਲੋਕਾਂ ਦੇ ਝੂਠ ਨੂੰ ਹਜ਼ੂਰ ਪਾਤਸ਼ਾਹ ਜੀ ਨੇ ਇਸ ਤਰਾਂ ਦਰਸਾਇਆ ਹੈ:
ਮੁਖਿ ਝੂਠ ਬਿਭੂਖਣ ਸਾਰੰ॥
ਅੰਦਰ ਕੂੜ ਹੈ ਬਾਹਰ ਸੱਚ ਦਾ ਵਿਖਾਵਾ ਹੈ ਗੱਲਾਂ ਚੰਗੀਆਂ ਨੇ ਪਰ ਆਚਾਰ ਚੰਗੇ ਨਹੀਂ ਹੱਥ ਜੁੜੇ ਨੇ ਮਨ ਕਾਤਲ ਹੈ, ਸਿੱਖ ਉਸਦੇ ਜੋ ਗਿਆਨ ਦਾ ਮੁਜੱਸ਼ਮਾ ਹੈ, ਪਰ ਪੂਜਾ ਉਸਦੀ ਜੋ ਸੱਚ ਤੋਂ ਕੋਹਾਂ ਦੂਰ ਹੈ ਐਸੇ ਮਨੁੱਖ ਲਈ ਹੀ ਗੁਰੂ ਸਾਹਿਬ ਨੇ ਪਾਂਡਾ ਸ਼ਬਦਿ ਵਰਤਿਆ ਹੈ ਜੋ ਅੱਕ ਨੂੰ ਅੰਬ ਤੇ ਅਗਿਆਨ ਨੂੰ ਗਿਆਨ ਕਹਿ ਰਿਹਾ ਹੈ।
ਕਿਉਂਕੇ ਪਾਂਡੇ ਸ਼ਬਦ ਕਿਸੇ ਜਾਤ ਜਾਂ ਫਿਰਕੇ ਨਾਲ ਸੰਬਧਤ ਨਹੀਂ ਬਲਕੇ ਹਰਿ ਦੇਸ਼ ਜਾਤ ਵਰਗ ਦਾ ਉਹ ਜੀਵ ਜੋ ਧਰਮ ਦਾ ਵਿਖਾਵਾ ਕਰਕੇ ਮਨੁਖਤਾ ਨੂੰ ਠੱਗਣ ਦਾ ਯਤਨ ਕਰਦਾ ਹੈ ਪੂਜਾ ਦਾ ਧਾਨ ਖਾਣ ਵਾਸਤੇ ਪੱਤ੍ਰੀਆਂ ਵਾਚ ਵਾਚ ਕੇ ਸ਼ਗਨ ਅਪਸ਼ਗਨ ਮਹੂਰਤਾਂ ਆਦਿਕ ਭਰਮਾਂ ਰਾਹੀਂ ਸਮੇਂ ਦੀ ਵੰਡ ਕਰਦਾ ਹੈ ਤਾਂ ਕੇ ਦੁਨੀਆਂ ਦਾ ਹਰਿ ਮਨੁੱਖ ਜਨਮ ਮਰਣ ਵਿਆਹ ਸ਼ਾਦੀਆਂ ਸਮੇਂ ਪਾਂਡੇ ਤੋਂ ਹੀ ਸਲਾਹ ਮਸ਼ਵਰਾ ਲੈ ਕੇ ਅਪਣਾ ਹਰਿ ਕਰਮ ਕਰ ਸਕੇ ਔਰ ਰੁਜ਼ਗਾਰ ਚੰਗਾ ਚਲਦਾ ਰਹੇ ਇਸ ਤਰਾਂ ਰੱਬ ਦੇ ਗਿਆਣ ਤੋਂ ਸਖੱਣੇ ਮਨੱੂਖ ਨੇ ਝੂਠ ਬੋਲ ਬੋਲ ਕੇ ਲੁਕਾਈ ਨੂੰ ਠੱਗਣਾ ਸੁਰੂ ਕਰ ਦਿੱਤਾ ਪਰ ਠੱਗੇ ਓਹੀ ਜਾਂਦੇ ਹਨ ਜੋ ਪ੍ਰਮੇਸ਼ਰ ਦੇ ਗਿਆਨ ਤੋਂ ਸੱਖਣੇ ਹਨ ਜਿਨ੍ਹਾਂ ਦੇ ਅੰਦਰ ਕਰਤੇ ਦੀ ਜੋਤ ਦਾ ਚਾਨਣ ਹੈ ਜੋ ਉਸ ਚਾਨਣ ਵਿੱਚ ਅਪਣੇ ਮੂਲ ਦੀ ਪਹਿਚਾਨ ਕਰ ਲੈਂਦੇ ਨੇ ਨਾ ਹੀ ਉਨ੍ਹਾਂ ਦੀ ਆਤਿਮਕ ਮੌਤ ਹੁੰਦੀ ਹੈ ਤੇ ਨਾ ਹੀ ਉਹੁ ਭਰਮਾਂ ਤੇ ਵਿਸ਼ੇ ਵਿਕਾਰਾਂ ਵਿੱਚ ਠੱਗੇ ਜਾਂਦੇ ਹਨ ਗੁਰਦੇਵ ਪਾਤਸ਼ਾਹ ਜੀ ਦਾ ਕਥਨ ਹੈ-
ਨਾ ਉਹ ਮਰਹਿ ਨਾ ਠਾਗੇ ਜਾਹਿ ਜਿਨਕੈ ਰਾਮ ਵਸਹਿ ਮਨਿ ਮਾਹਿ {ਜਪੁ ਜੀ ਸਾਹਿਬ}
ਪਰ ਜਿਵੇਂ ਖੋਟਾ ਸੋਇਨਾ ਕਸਵੱਟੀ ਤੇ ਪੂਰਾ ਨਹੀਂ ਉਤਰਦਾ, ਇਵੇਂ ਹੀ ਝੂਠ ਵੀ ਸੱਚ ਦੀ ਕਸਵੱਟੀ ਤੇ ਕਦੇ ਪੂਰਾ ਨਹੀਂ ਉਤਰਦਾ-ਭਗਤ ਕਬੀਰ ਜੀ ਇਸ ਬਾਰੇ ਬੜਾ ਸੁੰਦਰ ਉਪਦੇਸ਼ ਦਿੰਦੇ ਹਨ-
ਕਬੀਰ ਕਸਉਟੀ ਰਾਮ ਕੀ ਝੂਠਾ ਟਿਕੈ ਨਾ ਕੋਇ॥ ਰਾਮ ਕਸਉਟੀ ਸੋ ਸਹੈ ਜੋ ਮਰਜੀਵਾ ਹੋਇ॥
ਜਦੋਂ ਵੀ ਮਨੁੱਖ ਦੇ ਜੀਵਨ ਅੰਦਰ ਅਪਣੀ ਪੂਜਾ ਕਰਾਉਣ ਦਾ ਝੱਸ ਪੈਦਾ ਹੋਇਆ ਉਸਨੇ ਝੂਠ ਦੇ ਰਾਹੀਂ ਮਨੁੱਖਤਾ ਤੇ ਇਹੁ ਜਿਹੀ ਡੂੰਘੀ ਸਾਜਿਸ ਦੇ ਰਾਹੀਂ ਅਪਣੇ ਧਰਮੀ ਹੋਣ ਦਾ ਜਾਲ ਪਾਇਆ ਕੇ ਵੇਖਣ ਵਾਲਿਆਂ ਨੇ ਇਸ ਦੇ ਹੱਥ ਵਿੱਚ ਫੜੀ ਹੋਈ ਮਾਲਾ, ਤਨ ਤੇ ਪਾਏ ਹੋਇ ਲੰਬੇ ਚੋਲੇ, ਹੱਥਾਂ ਵਿੱਚ ਪਾਣੀ ਦੇ ਗੜਵੇ, ਚਿਮਟੇ ਛੈਣੇ ਤੇ ਵੀਹ ਪੰਝੀ ਚੇਲਿਆਂ ਨੂੰ ਵੇਖ ਕੇ ਦੂਰੋਂ ਹੀ ਸਿਰ ਝੁਕਾ ਦਿੱਤਾ, ਨੀ ਬੇਬੇ, ਨੀ ਬੇਬੇ, ਦੇਖ ਸੰਤ ਜੀ ਤੁਰੇ ਆਉਂਦੇ ਨੇ ਤੇ ਸੰਤ ਜੀ ਦਾ ਪਤਾ ਹੀ ਉਦੋਂ ਚਲਿਆ ਜਦੋਂ ਬੇਬੇ ਦੀ ਸੋਨੇ ਦੀ ਜ਼ੰਜੀਰ ਵੀ ਲਵਾ ਕੇ ਲੈ ਗਏ ਤੇ ਜਾਂਦੇ ਜਾਂਦੇ ਕਹਿ ਗਏ ਚੰਗਾ ਬੀਬਾ ਡੇਰੇ ਆਉਣਾ ਨਾ ਭੁਲਨਾ ਉੱਥੋਂ ਆਪ ਜੀ ਦੀ ਹਰਿ ਮੁਰਾਦ ਪੂਰੀ ਹੋਵੇਗੀ ਬੇਬੇ ਦੀ ਮੁਰਾਦ ਤੇ ਕੀ ਪੂਰੀ ਹੋਣੀ ਸੀ ਉਹ ਅਪਣੀ ਮੁਰਾਦ ਪੂਰੀ ਕਰਕੇ ਚਲਦੇ ਬਣੇ ਤੇ ਬੇਬੇ ਬਿੱਟ ਬਿੱਟ ਕਰਕੇ ਤੱਕਦੀ ਰਹਿ ਗਈ ਐਸੇ ਦੰਭੀਆਂ ਦੇ ਮੁਖ ਤੋਂ ਝੂਠ ਦੇ ਨਕਾਬ ਉਤਾਰ ਕੇ ਉਨ੍ਹਾਂ ਦੇ ਫਰੇਬ ਨੂੰ ਸੰਸਾਰ ਅੱਗੇ ਸੱਚ ਦੇ ਸਨੇਹੇ ਰਾਹੀਂ ਭਗਤ ਕਬੀਰ ਜੀ ਨੇ ਇਸ ਤਰਾਂ ਉਜਾਗਰ ਕੀਤਾ ਹੈ-
ਗਲੀ ਜਿਨਾ ਜਪਮਾਲੀਆ ਲੋਟੇ ਹਥ ਨਿਬਗ॥ ਓਇ ਹਰਿ ਕੇ ਸੰਤ ਨਾ ਆਖੀਐ ਬਾਨਾਰਸ ਕੇ ਠਗ॥
ਅੱਜ ਦੇ ਬਹੁਤ ਸੇ ਮਨੁੱਖ ਵੀ ਝੂਠ ਦਾ ਬੁਰਕਾ ਪਾ ਕੇ ਧਰਮ ਦੇ ਠੇਕੇਦਾਰ ਬਣੇ ਹੋਇ ਨੇ ਭਾਵੇਂ ਕੋਈ ਕਿਸੀ ਸੰਸਥਾ ਦਾ ਮੁਖੀ ਹੋਵੇ ਭਾਵੇਂ ਕੌਮ ਦਾ ਜੱਥੇਦਾਰ ਪਰ ਜਦੋਂ ਤਕ ਪਰਦਾ ਹੈ ਉਦੋਂ ਤੱਕ ਝੂਠ ਲੁਕਿਆ ਹੈ ਜਿਸ ਦਿਨ ਭਰਮਾਂ ਦਾ ਘੁੰਡ ਚੁਕਿਆ ਗਿਆ ਉਸ ਦਿਨ ਭੱਜਣ ਲਈ ਰਾਹ ਲੱਭਣਾ ਔਖਾ ਹੋ ਜਾਵੇਗਾ ਤੇ ਪੰਥ ਖੁਸ਼ੀ ਵਿੱਚ ਆਖੇਗਾ-
ਭਰਮ ਕੇ ਪਰਦੇ ਸਤਿਗੁਰ ਖੋਲੇ –ਭਰਮ ਕੇ ਪਰਦੇ ਸਤਿਗੁਰ ਖੋਲੇ॥
ਜਿਵੇ ਕੇਲੇ ਦੇ ਪੱਤੇ ਵਿੱਚੋਂ ਪੱਤਾ ਨਿਕਲਦਾ ਹੈ ਤਿਵੇਂ ਇਨ੍ਹਾਂ ਦੇ ਪਾਏ ਹੋਇ ਭਰਮਾਂ ਵਿੱਚੋਂ ਨਵੇਂ ਨਵੇਂ ਭਰਮ ਨਿਕਲਦੇ ਹਨ ਪਰ ਜਿਸ ਦਿਨ ਸੱਚ ਦਾ ਅਹਿਸਾਸ ਹੋਇਆ ਉਸ ਦਿਨ ਹਰਿ ਗੁਰ ਨਾਨਕ ਨਾਮ ਲੇਵਾ ਨੇ ਲੰਬੀਆਂ ਬਾਹਵਾਂ ਕਰ ਅਪਣੇ ਭਰਾਵਾਂ ਨੂੰ ਅਪਣੇ ਗਲ ਨਾਲ ਲਾ ਕੇ ਆਖ ਦੇਣਾ ਹੈ-
ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ॥
ਜਿਸ ਦਿਨ ਸਿੱਖ ਨੇ ਗੁਰੂ ਗ੍ਰੰਥ ਸਾਹਿਬ ਨੂੰ ਦਿਲੋਂ ਗੁਰੂ ਮੰਨ ਲਇਆ ਉਸ ਦਿਨ ਪੰਥ ਵਿੱਚ ਪਏ ਹੋਇ ਵਿਤਕਰੇ ਅਪਣੇ ਆਪ ਹੀ ਖ਼ਤਮ ਹੋ ਜਾਣਗੇ ਪਰ ਕੁੱਝ ਕੁ ਖ਼ੁਦਗ਼ਰਜ਼ ਲੋਕ ਅਪਣੀ ਕੁਰਸੀ ਦੀ ਸਲਾਮਤੀ ਦੀ ਖ਼ਾਤਰ ਸੱਚ ਨੂੰ ਨਜ਼ਰ ਅੰਦਾਜ਼ ਕਰ ਕੂੜ ਦਾ ਪਸਾਰਾ ਪਾਈ ਬੈਠੇ ਹਨ, ਜਿਸ ਕਰਕੇ ਕੂੜ ਕੁਰਸੀ ਤੇ ਬੈਠ ਕੇ ਪ੍ਰਧਾਨ {ਮੁਖੀ} ਬਨਿਆ ਹੋਇਆ ਹੈ ਤੇ ਸੱਚ ਤੇ ਫਤਵੇ ਲਾਏ ਹੋਇ ਨੇ ਕੇ ਉਹੁ ਬਾਹਰ ਨਾ ਨਿਕਲੇ ਕਿਉਂਕਿ ਤੁਹਾਡੇ ਬਾਹਰ ਨਿਕਲਣ ਨਾਲ ਸਾਨੂੰ ਖ਼ਤਰਾ ਪੈਦਾ ਹੂੰਦਾ ਹੈ ਪਰ ਸੱਚ ਕਿਸੇ ਦਾ ਗੁਲਾਮ ਨਹੀਂ ਉਸਨੂੰ ਚਾਰ ਦਿਵਾਰੀ ਵਿੱਚ ਕੈਦ ਨਹੀਂ ਕੀਤਾ ਜਾ ਸਕਦਾ ਸੱਚ ਤੇ ਉਹ ਫੁੱਲ ਹੈ ਜੋ ਹਰਿ ਰਾਹਗੀਰ ਨੂੰ ਮਹਿਕ ਵੰਡਦਾ ਹੈ ਸੱਚ ਤੇ ਉਹੁ ਕਿਰਣ ਹੈ ਜੋ ਗੰਦਗੀ ਦੇ ਢੇਰ ਤੇ ਪੈ ਕੇ ਵੀ ਨਿਰਦੋਖ ਹੈ ਸੱਚ ਤੇ ਉਹ ਹੀਰਾ ਹੈ ਜੋ ਲੁਕਾਇਆਂ ਵੀ ਚਮਕਦਾ ਹੈ, ਪਰ ਸਮਾਂ ਆਉਣ ਤੇ ਕੂੜ ਫੈਲਾਉਣ ਵਾਲਾ ਮਨੱੂਖ ਅਪਣੇ ਕੂੜ ਤੋਂ ਹੀ ਨਫਰਤ ਕਰਨ ਲਗ ਪੈਂਦਾ ਹੈ, ਇਹ ਵੀ ਇੱਕ ਕੌੜਾ ਸੱਚ ਹੈ ਕੇ ਕੂੜ ਵਿੱਚ ਰਹਿਣ ਵਾਲਾ ਮਨੁੱਖ ਕੂੜ ਨੂੰ ਹੀ ਸੱਚ ਮੰਨ ਲੈਦਾ ਹੈ ਤੇ ਹਰਿ ਪਾਸੇ ਉਸ ਦਾ ਪਸਾਰਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਹੋਲੀ ਹੋਲੀ ਸਹਿਜੇ ਸਹਿਜੇ ਇੱਕ ਦਿਨ ਇਹ ਪੂਰੇ ਜਗਤ ਵਿੱਚ ਪਸ਼ਰ ਜਾਂਦਾ ਹੈ ਤੇ ਕਲਿਯੁਗੀ ਜੀਵ ਇਸ ਕੂੜ ਨੂੰ ਚਾਦਰ ਦਾ ਰੂਪ ਦੇ ਕੇ ਅਪਣੇ ਤਨ ਤੇ ਪਾ ਲੈਦਾ ਹੈ, ਇਸ ਤਰਾਂ ਸਾਰੀ ਉੱਮਰ ਵਾਸਤੇ ਇਸਦਾ ਗੁਲਾਮ ਬਨਕੇ ਰਹਿ ਜਾਂਦਾ ਹੈ ਫਿਰ ਪੂਰਬ ਕੀ ਤੇ ਪਛੱਮ ਕੀ ਉੱਤਰ ਕੀ ਤੇ ਦੱਖਣ ਕੀ ਘਰ ਕੀ ਤੇ ਮੰਦਰ ਕੀ ਹਰਿ ਪਾਸੇ ਜੀਵ ਇਸਦੀ ਬੁੱਕਲ ਮਾਰਕੇ ਬੈਠਾ ਹੋਇਆ ਨਜ਼ਰ ਆਉਂਦਾ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਕੁੱਝ ਐਸਾ ਹੀ ਵੇਖ ਕੇ ਬਚਨ ਆਖੇ ਸਨ-
ਸਰਮੁ ਧਰਮੁ ਦੁਇ ਛਪਿ ਖਲੋਇ ਕੂੜੁ ਫਿਰੈ ਪਰਧਾਨੁ ਵੇ ਲਾਲੋ॥
ਕੂੜ ਦਾ ਅਡੰਬਰ ਰਚਣ ਵਾਲਿਆਂ ਨੇ ਭੋਲੀ ਭਾਲੀ ਲੁਕਾਈ ਨੂੰ ਝੂਠ ਦੇ ਇਹੁ ਜਿਹੇ ਇੰਜਕਸ਼ਨ ਲਾਏ, ਕੇ ਜਗਤ ਦੇ ਲੋਕ ਹਲੇ ਤੱਕ ਬੇਹੋਸ਼ ਤੇ ਬੇਸੁਰਤ ਪਏ ਹੋਇ ਹਨ, ਜਦੋਂ ਕੂੜੁ ਦਾ ਕੂੜ ਨਾਲ ਸੰਬੰਧ ਬਨਦਾ ਹੈ ਤੇ ਕਰਤੇ ਦੇ ਉੱਚੇ ਸੁੱਚੇ ਗੁਣ ਸਹਜੇ ਹੀ ਉਸ ਦੇ ਜੀਵਣ ਵਿੱਚੋਂ ਅਲੋਪ ਹੋ ਜਾਂਦੇ ਹਨ, ਗੁਰੂ ਨਾਨਕ ਸਾਹਿਬ ਜੀ ਨੇ ਐਸੇ ਲੋਕਾਂ ਤੋਂ ਸੁਚੇਤ ਹੋਣ ਲਈ ਬੜੇ ਪਿਆਰੇ ਬਚਨ ਕੀਤੇ ਹਨ ਐ ਜੀਵ, ਕੂੜ ਨਾਲ ਦੋਸਤੀ, ਮੇਲ ਜੋਲ, ਰੋਟੀ ਬੇਟੀ ਦੀ ਸਾਂਝ ਨਾ ਪਾਈਂ, ਕਿਉਂਕੇ ਜਗਤ ਬਿਨਸਨਹਾਰ ਹੈ ਇਸ ਕਰਕੇ ਸੱਚ ਨਾਲ ਸਾਂਝ ਪਾ, ਝੂਠ ਪਖੰਡ ਵਾਦ ਤੋਂ ਅਪਣੀ ਖ਼ਲਾਸੀ ਕਰ ਤੇ ਗੁਰਦੇਵ ਦੇ ਬਚਣ ਚੇਤੇ ਰੱਖ-
ਕੂੜਿ ਕੂੜੈ ਨੇਹੁ ਲਗਾ ਵਿਸਰਿਆ ਕਰਤਾਰੁ॥ ਕਿਸੁ ਨਾਲ ਕੀਚੈ ਦੋਸਤੀ ਸਭੁ ਜਗੁ ਚਲਣਹਾਰੁ॥
ਕੂੜ ਦਾ ਹਸ਼ਰ ਇਤਨਾ ਮਾੜਾ ਹੁੰਦਾ ਹੈ ਸੱਚ ਦੀ ਗੋਦ ਵਿੱਚ ਬੈਠ ਕੇ ਵੀ ਮਨੁੰਖ ਸੱਚ ਬੋਲਣ ਤੋਂ ਗੁਰਹੇਜ ਕਰਦਾ ਹੈ, ਮਾੜੀ ਸ਼ੋਭਤ ਜੀਵਣ ਵਿੱਚ ਇਹੁ ਜਿਹੀਆਂ ਬੁਰਿਆਈਆਂ ਪੈਦਾ ਕਰ ਦਿੰਦੀ ਹੈ ਕੇ ਜੀਵ ਨੂੰ ਚੰਗੇ ਅਤੇ ਮੰਦੇ ਦੀ ਪਹਿਚਾਨ ਭੁੱਲ ਜਾਂਦੀ ਹੈ ਗੁਣ ਅਵਗੁਣ ਅਤੇ ਅਵਗੁਣ ਗੁਣ ਭਾਸਣ ਲਗ ਪੈਂਦੇ ਹਨ ਜਿੱਥੋਂ ਵਾਦ ਵਿਵਾਦ ਦਾ ਜਨਮ ਹੁੰਦਾ ਹੈ ਅਪਣੀ ਹਉਂ ਦੇ ਅਧੀਨ ਜੀਵ ਹਰਿ ਹੀਲਾ ਵਰਤਦਾ ਹੈ ਕਿ ਮੈ ਕਿਵੇਂ ਅਪਣੀ ਗਲ ਮਨਾਉਣੀ ਹੈ ਨਾ ਕੇ ਮੈ ਪੰਥ ਜਾਂ ਗੁਰੂ ਦੀ ਗਲ ਮੰਨਣੀ ਹੈ ਪਰ ਹੰਕਾਰੀ ਜੀਵ ਇਉਂ ਸੱਚ ਦੇ ਗਿਆਨ ਤੋਂ ਖਾਲੀ ਰਹਿ ਜਾਂਦਾ ਹੈ ਜਿਵੇਂ ਬਾਂਸ ਚੰਦਨ ਦੇ ਨਿਕਟ ਹੋ ਕੇ ਵੀ ਉਸਦੀ ਵਾਸ਼ਨਾ ਤੋਂ ਵੰਜਿਤ ਹੁੰਦਾ ਹੈ- ਭਗਤ ਕਬੀਰ ਜੀ ਇਸ ਪ੍ਰਥਾਏ ਬੜਾ ਸੋਹਣਾ ਹਵਾਲਾ ਦਿੰਦੇ ਹਨ-
ਕਬੀਰ ਬਾਂਸੁ ਬਡਾਈ ਬੂਡਿਆ ਇਉ ਮਤ ਡੂਬਹੁ ਕੋਇ॥ ਚੰਦਨ ਕੈ ਨਿਕਟੇ ਬਸੈ ਬਾਂਸੁ ਸੁੰਗਧੁ ਨ ਹੋਇ॥ {ਪੰਨਾ1365}
ਜੇ ਫੁੱਲ ਵਿੱਚੋਂ ਮਹਿਕ ਚਲੀ ਜਾਏ ਤੇ ਉਸਨੂੰ ਕੂੜ ਦੇ ਢੇਰ ਤੇ ਸੱਟ ਦਿੱਤਾ ਜਾਂਦਾ ਹੈ ਇਸੇ ਤਰਾਂ ਗਿਆਨ ਤੋਂ ਸੱਖਣਾ ਮਨੁੱਖ ਵੀ ਕੇਵਲ ਤੇ ਕੇਵਲ ਇੱਕ ਕੂੜ ਦਾ ਹੀ ਪਸਾਰਾ ਹੈ ਭਾਵੇਂ ਉਹ ਰਾਜਾ ਹੈ ਭਾਵੇਂ ਪਰਜਾ ਜਦੋਂ ਜੀਵ ਅਪਣੀਆਂ ਅਖਾਂ ਤੇ ਅਗਿਆਨਤਾ ਦੀ ਪੱਟੀ ਬੰਨ ਲੈਂਦਾ ਹੈ ਫਿਰ ਉਹ ਕਿਸੇ ਨੂੰ ਰਾਹ ਨਹੀਂ ਦਸ ਸਕਦਾ ਬਲਕੇ ਰਾਹ ਵਿੱਚ ਚਲਣ ਵਾਲਿਆਂ ਦੀ ਰੁਕਾਵਟ ਬਨ ਕੇ ਰਹਿ ਜਾਂਦਾ ਹੈ ਕਦੀ ਕਿਸੇ ਵਿੱਚ ਵੱਜਦਾ ਹੈ, ਕਦੇ ਕਿਸੇ ਵਿੱਚ, ਅਗਰ ਕੋਈ ਉਸਦੀਆਂ ਅਖਾਂ ਤੋਂ ਅਗਿਆਨਤਾ ਦੀ ਪੱਟੀ ਖੋਲਣ ਦੀ ਕੋਸ਼ਿਸ਼ ਵੀ ਕਰਦਾ ਹੈ ਤੇ ਇਸਨੂੰ ਉਹੁ ਨੇਕ ਇਨਸਾਨ ਅਪਣਾ ਦੋਖੀ ਨਜ਼ਰ ਆਉਂਦਾ ਹੈ ਜੈਸਾ ਕੇ ਅੱਜ ਹੋ ਰਿਹਾ ਹੈ ਇਸ ਕਰਕੇ ਸਿਖੀ ਸਿਧਾਂਤਾਂ ਦੀ ਗਲ ਕਰਨ ਵਾਲਾ ਹਰਿ ਵਿਦਵਾਨ ਇਨ੍ਹਾਂ ਦੀਆਂ ਨਜ਼ਰਾਂ ਵਿੱਚ ਦੁਸ਼ਮਨ ਹੈ, ਜੈਸਾ ਕੇ ਹੈ ਨਹੀ, ਪਰ ਐਸੇ ਲੋਕ ਅਪਣੀਆਂ ਅਖਾਂ ਤੋਂ ਪੱਟੀ ਖੋਲਣ ਦੀ ਬਜਾਏ ਇੱਕ ਹੋਰ ਪੱਟੀ ਸਿੱਖ ਵਿਰੋਧੀ ਤਾਕਤਾਂ ਦੀ ਅਪਣੀਆਂ ਅਖਾਂ ਤੇ ਬੰਨ ਲੈਂਦੇ ਨੇ ਜਿਸ ਤੋਂ ਇਨ੍ਹਾਂ ਨੂੰ ਝੂਠ ਦਾ ਢਿਢੋਰਾ ਪਿੱਟਣਾ ਹੋਰ ਆਸਾਨ ਹੋ ਜਾਂਦਾ ਹੈ ਪਰ ਸ਼ਾਇਦ ਐਸੇ ਲੋਕਾਂ ਨੂੰ ਇਹ ਗਲ ਭੁੱਲ ਗਈ ਕਿ ਹਮੇਸ਼ਾਂ ਜਿੱਤ ਸੱਚ ਦੀ ਹੀ ਹੁੰਦੀ ਹੈ ਤੇ ਝੂਠ ਨੂੰ ਹਮੇਸ਼ਾਂ ਸ਼ਰਮਿੰਦਾ ਹੀ ਹੋਣਾ ਪੈਂਦਾ ਹੈ ਗੁਰਦੇਵ ਪਾਤਸ਼ਾਹ ਜੀ ਬਚਨ ਕਰਦੇ ਨੇ –
ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ॥ {953}
ਇਸ ਕਰਕੇ ਯਤਨ ਕਰੀਏ ਅਪਣੇ ਆਪ ਨੂੰ ਉਨ੍ਹਾਂ ਵਹਿਮਾ ਭਰਮਾ ਜਾਦੂ ਟੂਣਿਆਂ ਨਕਲੀ ਸਾਧੂ ਸੰਤਾਂ ਦੇ ਜਾਲ ਵਿੱਚੋਂ ਕੱਢ ਕੇ ਗੁਰੂ ਗੰਥੁ ਸਾਹਿਬ ਦੀ ਸ਼ਰਣੀ ਪਵੀਏ ਤੇ ਜੋ ਗੁਰੂ ਦੇ ਸਿਧਾਂਤ ਤੋਂ ਤੋੜ ਕੇ ਅਸ਼ਲੀਲ ਕਥਾ ਕਹਾਣੀਆਂ ਨੂੰ ਗੁਰੂ ਸਾਹਿਬ ਦੀ ਬਾਣੀ ਦਸ ਕੇ ਗੁਰ ਨਾਨਕ ਨਾਮ ਲੇਵਾ ਵਿਚਕਾਰ ਫੁੱਟ ਪਾਉਣ ਦੀ ਕੋਸ਼ਿਸ਼ ਕਰਦੇ ਨੇ ਉਨਾਂ ਤੋਂ ਕਿਨਾਰਾ ਕਰ ਕੈ ਹਰਿ ਜੀਵ ਨੂੰ ਗੁਰੂ ਸਾਹਿਬ ਦਾ ਇਹ ਸਨੇਹਾ ਦੇਈਏ-
ਝੂਠੁ ਨਾ ਬੋਲਿ ਪਾਡੇ ਸਚੁ ਕਹੀਐ॥
ਹਉਮੈ ਜਾਇ ਸਬਦਿ ਘਰੁ ਲਹੀਐ॥ {904}
ਗੁਰੂ ਕ੍ਰਿਪਾ ਕਰੇ ਸੱਚ ਬੋਲਣ ਸੱਚ ਸੁਨਣ ਤੇ ਸੱਚ ਲਿਖਣ ਦੀ ਸਮਰਥਾ ਆਵੇ॥
ਭਾਈ ਗੁਰਨਾਮ ਸਿੰਘ {ਕਥਾਵਾਚਕ}
ਗੁਰਦੁਆਰਾ ਸਿੱਖ ਸੈਂਟਰ ਆਫ ਸਿਆਟਲ {ਬੋਥਲ}
.