.

ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥

ਬਾਬੇ ਨਾਨਕ ਜੀ ਤੋਂ ਪਹਿਲਾਂ ਸਾਡੇ ਦੇਸ਼ ਦੀ ਲੋਕਾਈ ਦੇਹਧਾਰੀ ਗੁਰੂ ਨੂੰ ਮਾਨਤਾ ਦਿੰਦੀ ਤੇ ਪੂਜਦੀ ਸੀ। ਉਸ ਦੇ ਉਪਦੇਸ਼ ਅਨੁਸਾਰ ਹੀ ਲੋਕ ਅਪਣਾ ਧਾਰਮਕ ਜੀਵਨ ਜਿਊਂਦੇ ਸਨ। ਦੇਹਧਾਰੀ ਗੁਰੂ ਜਿਸ ਮਤ ਦਾ ਅਤੇ ਧਰਮ ਦਾ ਧਾਰਨੀ ਹੁੰਦਾ ਸੀ, ਉਸੇ ਮਤ ਦੇ ਧਰਮ ਅਨੁਸਾਰ ਉਪਦੇਸ਼ ਕਰਦਾ ਸੀ। ਦੇਹਧਾਰੀ ਗੁਰੂ ਕੇਵਲ ਬ੍ਰਾਹਮਣ ਹੁੰਦਾ ਸੀ ਜੋ ਸ਼ੂਦਰ ਨੂੰ ਧਰਮ ਦੇ ਗਿਆਨ ਦਾ ਅਧਿਕਾਰੀ ਨਹੀਂ ਸੀ ਸਮਝਦਾ। ਇਸੇ ਲਈ ਬ੍ਰਾਹਮਣ ਨੇ ਲੋਕਾਂ ਨੂੰ ਇਨ੍ਹਾਂ ਝੂਠੇ ਵਹਿਮਾਂ-ਭਰਮਾਂ ਤੇ ਅਗਿਆਨਤਾ ਵਿੱਚ ਫਸਾ ਦਿਤਾ ਕਿ ਹਿੰਦੁਸਤਾਨ ਦੇ ਲੋਕ ਇਨ੍ਹਾਂ ਵਹਿਮਾਂ-ਭਰਮਾਂ `ਚੋਂ ਕਦੇ ਨਿਕਲ ਹੀ ਨਾ ਸਕਣ। ਦੇਹਧਾਰੀ ਗੁਰੂ ਉਪਦੇਸ਼ ਕਾਰਨ ਏਕ ਪਿਤਾ ਦੇ ਬਾਰਕ ਹੁੰਦੇ ਹੋਏ ਵੀ ਅਸੀ ਇੱਕ –ਦੂਜੇ ਤੋਂ ਬਹੁਤ ਦੂਰ ਹੋ ਗਏ।
ਬਾਬੇ ਨਾਨਕ ਨੇ ਨਿਰੰਜਨੀ ਗੁਰ-ਜੋਤ ਦੇ ਗਿਆਨ ਹਿਤ ਨਿਰੰਕਾਰੀ ਰਚਨਾ ਨੁੰ ਬਹੁਤ ਨੇੜਿਉਂ ਵੇਖ ਕੇ ਆਪਣਾ ਅਨੁਭਵ ਲੋਕਾਂ ਨੂੰ ਜਣਾਇਆ ਕਿ ਅਸੀ ਸਾਰੇ ਇਕੋ ਹੀ ਆਤਮ ਰੂਪ ਧਾਗੇ ਵਿੱਚ ਸਮਾਏ ਹੋਏ ਹਾਂ। ਬਾਬਾ ਨਾਨਕ ਨੇ ਇਹ ਵੀ ਜਾਣਕਾਰੀ ਦਿਤੀ ਕਿ ਉਹ ਗੁਰਜੋਤਿ ਸਾਰਿਆਂ ਵਿੱਚ ਸਮਾਈ ਹੋਈ, ਪਰਮ ਚੇਤਨਾ ਦੀ ਪ੍ਰਤੀਕ ਵੀ ਹੈ। ਕੋਈ ਵੀ 84 ਲੱਖ ਜੂਨ ਦਾ ਜੀਵ ਇਸ ਤੋਂ ਬਾਹਰ ਨਹੀਂ, ਪੰਜਾਂ ਤੱਤਾਂ ਦੇ ਸਰੀਰ ਵਿੱਚ ਚੇਤਨਾ ਉਸ ਪਰਮ ਤੱਤ ਰੂਪੀ ਜੋਤ, ਜੋ ਪ੍ਰਮਾਤਮਾ ਨੇ ਸਰੀਰਾਂ ਵਿੱਚ ਰੱਖੀ ਹੈ, ਕਾਰਨ ਹੀ ਹੈ। ਉਸੇ ਪਰਮ ਜੋਤ ਨੁੰ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਕਿਹਾ ਹੈ।
ਤਤੁ ਨਿਰੰਜਨ ਜੋਤ ਸਬਾਈ ਸੋਹੰਮ ਭੇਦੁ ਨਾ ਕੋਈ ਜੀਉ॥ ਅਪਰੰਪਰ ਪਾਰਬ੍ਰਹਮ ਪਰਮੇਸਰ ਨਾਨਕ ਗੁਰੁ ਮਿਲਿਆ ਸੋਈ ਜੀਉ॥ ਅੰਕ 599
ਬਾਬੇ ਨਾਨਕ ਨੇ ਅੰਕ 469 ਤੇ ‘ਬਲਿਹਾਰੀ ਕੁਦਰਤ ਵਸਿਆ’ ਕਹਿ ਕੇ ਲੋਕਾਂ ਨੁੰ ਜਾਣਕਾਰੀ ਦਿਤੀ ਕਿ ਉਸ ਪਰਮ ਜੋਤ ਨੇ ਜੀਵਾਂ ਦੀ ਪੈਦਾਇਸ਼ ਤੋਂ ਪਹਿਲਾਂ ਉਨ੍ਹਾਂ ਦੀ ਖੁਰਾਕ ਦਾ ਪ੍ਰਬੰਧ ਕਰ ਰਖਿਆ ਹੈ। ਅਸੀ ਵੇਖਦੇ ਹਾਂ, ਬੱਚੇ ਦੇ ਜਨਮ ਤੋਂ ਪਹਿਲਾਂ ਹੀ ਮਾਤਾ ਦੇ ਸਰੀਰ `ਚੋਂ ਦੁੱਧ ਪੈਦਾ ਹੋ ਜਾਂਦਾ ਹੈ ਜਿਸ ਦਾ ਮਾਂ ਨੁੰ ਕੋਈ ਗਿਆਨ ਨਹੀਂ ਹੁੰਦਾ ਕਿ ਕਿਸ ਤਰ੍ਹਾਂ ਉਸ ਦੇ ਸਰੀਰ ਅੰਦਰ ਖ਼ੂਨ ਵਿੱਚੋਂ ਦੁੱਧ ਬਣ ਜਾਂਦਾ ਹੈ।
ਇਸ ਤੋਂ ਇਲਾਵਾ ਅਸੀ ਜੋ ਸਾਇੰਸ ਦੀ ਤਰੱਕੀ ਵੇਖ ਕੇ ਖ਼ੁਸ਼ ਹੁੰਦੇ ਹਾਂ ਅਤੇ ਇਸ ਖ਼ੁਸੀ ਵਿੱਚ ਉਸ ਪਰਮ ਜੋਤ ਨੂੰ ਭੁਲ ਜਾਂਦੇ ਹਾਂ, ਇਹ ਵੀ ਸਾਡਾ ਇੱਕ ਬਹੁਤ ਵੱਡਾ ਭੁਲੇਖਾ ਹੈ ਕਿਉਂਕਿ ਸਾਇੰਸ ਦੀ ਤਰੱਕੀ ਵਾਸਤੇ ਵੀ ਉਸੇ ਪਰਮ ਸ਼ਕਤੀ ਨੇ ਅਨੇਕ ਪ੍ਰਕਾਰ ਦੀਆਂ ਧਾਤਾਂ: ਲੋਹਾ, ਪਿੱਤਲ, ਤਾਂਬਾ, ਸੋਨਾ, ਚਾਂਦੀ, ਪਲਾਟੀਨਮ ਅਤੇ ਪੈਟਰੋਲੀਅਮ ਵਸਤੂਆਂ, ਕੋਲਾ ਆਦਿ ਮਨੁੱਖ ਤੋਂ ਪਹਿਲਾ ਹੀ ਧਰਤੀ ਵਿੱਚ ਪੈਦਾ ਕਰ ਰਖੀਆਂ ਹਨ ਅਤੇ ਅਨੇਕ ਤਰ੍ਹਾਂ ਦੀਆਂ ਤਰੰਗਾਂ ਉਸ ਗੁਰ-ਸ਼ਕਤੀ ਨੇ ਪੈਦਾ ਕੀਤੀਆਂ ਹਨ। ਮਨੁੱਖ ਨੇ ਇਨ੍ਹਾਂ ਨੂੰ ਲੱਭ ਕੇ ਵਰਤਣਾ ਹੀ ਸਿਖਿਆ ਹੈ। ਮਨੁੱਖ ਇਨ੍ਹਾਂ ਸਾਰੀਆਂ ਕੁਦਰਤੀ ਵਸਤੂਆਂ ਨੂੰ ਵਰਤ ਤਾਂ ਸਕਦਾ ਹੈ ਪਰ ਇਨ੍ਹਾਂ ਨੁੰ ਪੈਦਾ ਨਹੀ ਕਰ ਸਕਦਾ। ਲੱਭਣ ਵਾਲਾ ਕਿਸੇ ਵੀ ਚੀਜ਼ ਦਾ ਕਰਤਾ ਨਹੀਂ ਬਣ ਸਕਦਾ। ਇਸੇ ਹੀ ਆਤਮ ਤੱਤ ਨੁੰ ਬਾਬਾ ਨਾਨਕ ਜੀ ਨੇ ਗੁਰੂ ਕਿਹਾ ਸੀ।
ਅਸੀ ਇਸ ਗੁਰ ਜੋਤਿ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਨਾ ਹੀ ਸੰਗਤਾਂ ਨੂੰ ਸਮਝਾਇਆ, ਕੇਵਲ ਘਿਉ ਦੀਆਂ ਜੋਤਾਂ ਜਗਾ ਕੇ ਇਸ ਨੂੰ ਧੁੰਦਲਾ ਹੀ ਕੀਤਾ। ਇਸ ਅਗਿਆਨਤਾ ਦਾ ਕਾਰਨ ਇਹ ਹੈ ਕਿ ਅਸੀ ਗੁਰਬਾਣੀ ਛੱਡ ਕੇ, ਉਹ ਪੋਥੀਆਂ ਪੜ੍ਹਨ ਲੱਗ ਜਾਂਦੇ ਹਾਂ ਜੋ ਸਾਨੂੰ ਗੁਰਬਾਣੀ ਦੇ ਗਿਆਨ ਤੋਂ ਬਹੁਤ ਦੂਰ ਲੈ ਜਾ ਰਹੀਆਂ ਹਨ। ਇਨ੍ਹਾਂ ਪੋਥੀਆਂ ਵਿੱਚ ਭਾਈ ਬਾਲੇ ਦੀ ਜਨਮ ਸਾਖੀ, ਭਗਤ ਮਾਲਾ, ਗੁਰਬਿਲਾਸ ਪਾ. ਛੇਵੀਂ, ਸੂਰਜ ਪ੍ਰਕਾਸ਼ ਆਦਿ ਹਨ। ਸਿੱਖਾਂ ਵਾਸਤੇ ਮਹਾਨ, ਗੁਰੂ ਗ੍ਰੰਥ ਸਾਹਿਬ ਜੀ ਹਨ। ਦੂਜੀਆਂ ਪੋਥੀਆਂ ਨੂੰ ਇਸ ਦੀ ਕਸਵੱਟੀ `ਤੇ ਹੀ ਪਰਖਣਾ ਚਾਹੀਦਾ ਹੈ।
ਬਾਬਾ ਨਾਨਕ ਜੀ ਫ਼ੁਰਮਾਉਂਦੇ ਹਨ ਕਿ “ਮੈਂ ਅਪਣਾ ਗੁਰ ਪੂਛਿ ਦੇਖਿਅ”, ਹੁਣ ਸਵਾਲ ਪੈਦਾ ਹੁੰਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦਾ ਗੁਰੂ ਕੋਣ ਸੀ ਜਿਸ ਅੱਗੇ ਉਹ ਬੇਨਤੀ ਕਰਦੇ ਹਨ? ਇਸ ਦਾ ਉਤੱਰ 599 ਅੰਕ’ ਤੇ ਉਹ ਆਪ ਹੀ ਇਨ੍ਹਾਂ ਬਚਨਾਂ ਰਾਹੀ ਦਿੰਦੇ ਹਨ: ਅਪਰੰਪਰ ਪਾਰਬ੍ਰਹਮ ਪਰਮੇਸਰ ਨਾਨਕ ਗੁਰੂ ਮਿਲਿਆ ਸੋਈ ਜੀਊ॥ ਜਿਹੜਾ ਗੁਰੂ, ਬਾਬੇ ਨਾਨਕ ਦਾ ਸੀ, ਉਸੇ ਗੁਰੂ ਦਾ ਪੱਲਾ ਉਨ੍ਹਾਂ ਨੇ ਸਾਨੂੰ ਫੜਾਇਆ ਹੈ। ਗੁਰੂ ਸਿੱਖੁ ਸਿੱਖੁ ਗੁਰੂ ਹੈ (ਅੰਕ: 444) ਏਕਾ ਗੁਰ ਉਪਦੇਸ਼ ਚਲਾਏ॥ ਉਪਰੋਕਤ ਪ੍ਰਮਾਣਾ ਦੇ ਹੁੰਦਿਆਂ ਜੋ ਮਨੁੱਖ ਇਹ ਸੋਚਦੇ ਹਨ ਕਿ ਮਨੁੱਖ ਤੋਂ ਬਿਨਾਂ ਗਿਆਨ ਨਹੀਂ ਹੋ ਸਕਦਾ, ਇਹ ਉਨ੍ਹਾਂ ਦੀ ਬਹੁਤ ਵੱਡੀ ਭੁੱਲ ਹੈ। ਇਸ ਪੱਖ ਨੂੰ ਦਰਸਾਉਣ ਵਾਸਤੇ ਬੇਨਤੀ ਹੈ ਕਿ ਅਸੀ ਸਾਰੇ ਵੇਖਦੇ ਹਾਂ, ਜਾਣਦੇ ਵੀ ਹਾਂ ਕਿ ਸਾਰੀ 84 ਲੱਖ (ਬੇਅੰਤ) ਜੂਨਾ ਦੇ ਜੀਵ ਅਪਣੇ ਘਰ ਬਨਾਉਣਾ, ਬੱਚਿਆਂ ਨੁੰ ਪਾਲਣਾ, ਸੁਤੇ ਸਿੱਧ ਹੀ ਅੰਦਰ ਸਮੋਈ ਹੋਈ ਜੋਤਿ ਕਾਰਨ, ਬਿਨਾਂ ਕਿਸੇ ਬਾਹਰੀ ਸਿਖਿਆ ਤੋਂ ਜਾਣਦੇ ਹਾਂ, ਉਹ ਸਹਿਜ ਸੁਭਾਏ ਸਾਨੂੰ ਗੁਰੂ ਦੀ ਯਾਦ ਦਿਵਾਉਂਦੇ ਹਨ। ਜਿਸ ਤਰ੍ਹਾਂ ਸ਼ਹਿਦ ਦੀਆਂ ਮੱਖੀਆਂ ਅਪਣੇ ਘਰ ਵਾਸਤੇ ਜੋ ਸਮੱਗਰੀ ਲਿਆ ਕੇ ਇਸਤੇਮਾਲ ਕਰਦੀਆਂ ਹਨ, ਉਹ ਬਾਹਰ ਨਹੀਂ ਮਿਲ ਸਕਦੀ। ਛੱਤਾ ਬਣਾਉਣ ਦੀ ਕਲ੍ਹਾਂ ਇਨ੍ਹਾਂ ਨੇ ਕਿਸ ਤੋਂ ਸਿਖੀ? ਬਿਜੜਾ ਪੰਛੀ ਜੋ ਅਪਣਾ ਆਲ੍ਹਣਾ ਬਣਾਉਂਦਾ ਹੈ, ਉਹ ਸ਼ਾਇਦ ਮਨੁੱਖ ਵੀ ਬਿਨਾਂ ਸਿੱਖੇ ਤੋਂ ਨਹੀ ਬਣਾ ਸਕਦਾ। ਮੋਰ ਅੰਦਰ ਖੰਭਾਂ ਦਾ ਬਣਨਾ ਅਤੇ ਸੰਭਾਲਣ ਦੀ ਜੋ ਸਮੱਰਥਾ ਹੁੰਦੀ ਹੈ, ਉਹ, ਉਸ ਅੰਦਰ ਹੀ ਤਿਆਰ ਹੁੰਦੀ ਹੈ, ਤੋਤੇ ਦੇ ਮੂੰਹ ਵਿੱਚ ਏਨੀ ਤਾਕਤ ਮੌਜੂਦ ਹੁੰਦੀ ਹੈ ਕਿ ਉਹ ਸੁਪਾਰੀ ਨੁੰ ਕੱਟ ਦਿੰਦਾ ਹੈ। ਸੈਂਕੜੇ ਕੀੜੀਆਂ ਦਾ ਇੱਕ ਖੁੱਡ ਵਿੱਚ ਰਹਿਣਾ ਅਤੇ ਇੱਕ ਦੂਜੇ ਦੇ ਪਿੱਛੇ ਤੁਰਨਾ ਆਦਿ ਅਨੇਕਾਂ ਹੋਰ ਜੀਵਾਂ ਦੇ ਕਾਰਨਾਮਿਆਂ ਨੂੰ ਵੇਖ ਉਸ ਪਰਮ ਜੋਤਿ, ਗੁਰੂ ਸੰਪੂਰਨ ਸੱਚ, ਨਿਰੰਕਾਰ ਸ਼ਕਤੀ ਪ੍ਰਮਾਤਮਾ `ਤੇ ਭਰੋਸਾ ਦ੍ਰਿੜ ਹੁੰਦਾ ਹੈ।
ਇਕ ਹੋਰ ਹੈਰਾਨ ਕਰਨ ਵਾਲੀ ਗੱਲ ਹੈ ਕਿ ਬਹੁਤ ਸਾਰੇ ਪਸ਼ੂ, ਪੰਛੀ ਅਤੇ ਰੀਂਗਣ ਵਾਲੇ ਜੀਵ ਆਦਿ ਬਿਨਾਂ ਕਿਸੇ ਦੇ ਸਿਖਾਏ ਤੋਂ ਕੇਵਲ ਉਸ ਜੋਤ ਗੁਰੂ ਕਾਰਨ ਤੈਰਨਾ ਜਾਣਦੇ ਹਨ। ਪਰ ਅਕਲਮੰਦ ਮਨੁੱਖ ਬਿਨਾਂ ਕਿਸੇ ਤੋਂ ਸਿੱਖੇ ਤੈਰ ਨਹੀਂ ਸਕਦਾ। ਅਕਾਸ਼ ਵਿੱਚ ਉੱਡਣ ਵਾਲੇ ਪੰਛੀ ਹਜ਼ਾਰਾਂ ਮੀਲਾਂ ਦੀ ਦੂਰੀ ਹਵਾ ਵਿੱਚ ਤੈਅ ਕਰ ਕੇ ਫਿਰ ਬਿਨਾਂ ਕੰਪਾਸ ਤੋਂ ਅਪਣੇ ਟਿਕਾਣੇ `ਤੇ ਪਹੁੰਚ ਜਾਂਦੇ ਹਨ। ਇਥੇ ਵੀ ਉਸ ਜੋਤ ਰੂਪੀ ਗੁਰੂ ਦਾ ਕਮਾਲ ਹੀ ਹੈ। ਪਰ ਮਨੁੱਖ ਸਿਖ ਕੇ ਵੀ ਹਵਾਈ ਜਹਾਜ਼ ਬਿਨ੍ਹਾਂ ਕੰਪਾਸ ਅਤੇ ਕੰਟਰੋਲ ਰੂਮ ਦੀ ਸਹਾਇਤਾ ਤੋਂ ਬਿਨਾਂ ਆਪਣੀ ਮੰਜਿਲ ਤੇ ਨਹੀ ਪਹੁੰਚ ਸਕਦਾ।
ਮਨੁੱਖ ਅੰਦਰ ਪ੍ਰਚੰਡ ਹਊਮੈਂ ਹੋਣ ਕਾਰਨ ਅਪਣੇ ਅੰਦਰ ਦੀ ਇਸ ਗੁਰੂ ਸ਼ਕਤੀ ਤੋਂ ਪੂਰਾ ਲਾਭ ਨਹੀਂ ਉਠਾ ਸਕਿਆ। ਦੇਹਧਾਰੀ ਅਖੌਤੀ ਗੁਰੂਆਂ ਨੇ ਸਾਡੇ ਅੰਦਰ ਇੱਕ ਇਹ ਅਗਿਆਨਤਾ ਪਾ ਦਿੱਤੀ ਹੈ ਕਿ ਪ੍ਰਮਾਤਮਾ ਜੋ ਵੀ ਦਿੰਦਾ ਹੈ, ਕਿਸੇ ਦੇ ਰਾਹੀਂ ਦਿੰਦਾ ਹੈ ਪਰ ਬਾਬੇ ਦੀ ਬਾਣੀ ਇਸ ਗੱਲ ਨੂੰ ਨਹੀਂ ਮੰਨਦੀ। ਗੁਰੂ ਫ਼ੁਰਮਾਨ ਹੈ:
ਕਿਸ ਹਉ ਜਾਚੀ ਕਿਸ ਆਰਾਧੀ ਜਾ ਸਭੁ ਕੋ ਕੀਤਾ ਹੋਸੀ॥ ਜੋ ਜੋ ਦੀਸੈ ਵੱਡਾ ਵਡੇਰਾ ਸੋ ਸੋ ਖਾਕੂ ਰਲਸੀ॥ ਅੰਕ 608
ਭਾਵ ਅਪਣੇ ਪ੍ਰਮਾਤਮਾ ਗੁਰੂ ਅੱਗੇ ਕਹੋ ਜੋ ਤੁਹਾਡੇ ਦੁੱਖ ਤਤਕਾਲ ਕੱਟਣ ਦੀ ਸਮਰਥਾ ਰੱਖਣ ਵਾਲਾ ਹੈ। ਜਦੋਂ ਇਤਿਹਾਸ ਵਲ ਨਜ਼ਰ ਮਾਰ ਕੇ ਵੇਖੀਏ ਤਾਂ ਪਤਾ ਲਗਦਾ ਹੈ ਕਿ ਕੋਈ ਵੀ ਦੇਹਧਾਰੀ ਗੁਰੂ ਆਤਮਕ ਗਿਆਨ ਨਹੀਂ ਦੇ ਸਕਦਾ, ਜਿੰਨੀ ਦੇਰ ਉਸ ਨੂੰ ਗ੍ਰਹਿਣ ਕਰਨ ਵਾਲੇ ਇਨਸਾਨ ਅੰਦਰ ਨਿਰੰਕਾਰੀ ਸ਼ਕਤੀ ਬਾਰੇ ਜਾਨਣ ਦੀ ਤੀਬਰ ਇੱਛਾ ਪੈਦਾ ਨਾ ਹੋਵੇ। ਜਿਸ ਮੱਨੁਖ ਅੰਦਰ ਆਤਮਕ ਗਿਆਨ ਪ੍ਰਾਪਤ ਕਰਨ ਦੀ ਤਿਬਰ ਇੱਛਾ ਹੋਵੇ ਉਸ ਨੂੰ ਬਾਣੀ ਗੁਰੂ ਦੇ ਰਾਹੀ ਬਾਣੀ ਦਾ ਕਹਿਣਾ ਮੰਨਣ ਨਾਲ ਹੀ ਇਹ ਦਾਤ ਪ੍ਰਾਪਤ ਹੋ ਜਾਦੀ ਹੈ। ਇਸ ਦੀ ਪ੍ਰੋੜਤਾ ਸਾਨੂੰ ਗੁਰੂ ਘਰ ਵਿੱਚ ਪ੍ਰਿਥਵੀਏ, ਦਾਸੂ, ਦਾਤੂ ਅਤੇ ਬਾਬਾ ਨਾਨਕ ਦੇ ਪੁੱਤਰ ਸ੍ਰੀ ਚੰਦ ਤੇ ਲਖਮੀ ਚੰਦ ਤੋਂ ਮਿਲਦੀ ਹੈ ਕਿ ਉਨ੍ਹਾਂ ਨੇ ਘਰ ਹੀ ਗਿਆਨ ਦਾ ਖ਼ਜ਼ਾਨਾ ਹੁੰਦਿਆਂ ਹੋਇਆਂ ਵੀ ਕੋਈ ਲਾਭ ਨਾ ਉਠਾਇਆ। ਗੁਰੂ ਗ੍ਰੰਥ ਸਾਹਿਬ ਅੰਦਰ ਬਾਬੇ ਨਾਨਕ ਨੇ ਜਾਂ ਉਨ੍ਹਾਂ ਮਗਰੋਂ ਇਸ ਪ੍ਰਚਾਰ ਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਕਿਸੇ ਵੀ ਵਿਅਕਤੀ ਗੁਰੂ ਨੇ ਆਪਣੇ ਆਪ ਨੁੰ ਗੁਰੂ ਨਹੀਂ ਕਹਾਇਆ, ਨਾ ਹੀ ਗੁਰਸਿੱਖਾਂ ਨੂੰ ਚੇਲੇ ਬਣਾਇਆ। ਇਸ ਦਾ ਇਹ ਵੀ ਕਾਰਨ ਹੈ ਕਿ ਗੁਰਸਿੱਖ ਅੱਖਰ ਹੀ ਸਾਬਤ ਕਰਦਾ ਹੈ ਕਿ ਉਸ ਦੇ ਅੰਦਰ ਪਰਮ ਜੋਤ ਗੁਰੂ ਦੀ ਹੀ ਸਿੱਖਿਆ ਹੈ। ਗੁਰਸਿੱਖ ਨੂੰ ਤਾਂ ਮੇਰੇ ਗੁਰੂ ਕੇ ਪਿਆਰੇ ਗੁਰਸਿੱਖ ਕਰ ਕੇ ਬੁਲਾਇਆ ਹੈ। ਆਇ ਮਿਲੁ ਗੁਰਸਿਖ (ਅੰਕ: 725) ਦੇਹਧਾਰੀ ਧਾਰਮਕ ਗੁਰੂ ਨੂੰ ਬਾਬੇ ਨਾਨਕ ਨੇ ਉਜਾੜੇ ਦਾ ਬੰਨਾ ਦਸਿਆ ਸੀ,
ਕਾਦੀ ਕੂੜ ਬੋਲਿ ਮਲ ਖਾਏ ਬ੍ਹਾਮਣ ਨਾਵੈ ਜੀਆਂ ਘਾਇ॥ ਜੋਗੀ ਜੁਗਤ ਨਾ ਜਾਣੇ ਅੰਧ ਤੀਨੇ ਉਜਾੜੇ ਕਾ ਬੰਧੁ॥ ਅੰਕ662
ਇਨ੍ਹਾਂ ਨੇ ਲੋਕਾਈ ਨੂੰ ਵਹਿਮਾਂ ਭਰਮਾ ਵਿੱਚ ਪਾ ਕੇ ਰੂਹਾਨੀਅਤ ਦੇ ਗਿਆਨ ਦਾ ਉਜਾੜਾ ਕੀਤਾ ਜੋ ਅਸਲੀ ਜੀਵਨ ਦਾ ਸਰੋਤ ਸੀ। ਮਨੁੱਖ ਦੀ ਰੂਹਾਨੀਅਤ, ਆਤਮਾ ਦਾ ਇਲਾਜ ਕੇਵਲ ਪ੍ਰਮਾਤਮਾ ਕੋਲ ਹੈ ਕਿਉਂਕਿ ਅਸੀ ਉਸ ਦੀ ਅੰਸ਼ ਹਾਂ। ਮਨੁੱਖ ਦਾ ਆਸਰਾ ਸੁਖਮਨੀ ਬਾਣੀ ਅੰਦਰ 14ਵੀ ਅਸਟਪਦੀ ਦੇ ਸਲੋਕ ਰਾਹੀ ਮਨਾਂ ਕੀਤਾ ਹੈ ਬਾਬੇ ਨਾਨਕ ਨੇ ਆਪਣੇ ਹੁੰਦਿਆ ਹੋਇਆ ਹੀ ਸ਼ਬਦ, ਬਾਣੀ ਨੂੰ ਗੁਰੂ ਕਿਹਾ ਹੈ, ਵਿਅਕਤੀ ਨੂੰ ਨਹੀ।
ਆਪੇ ਵੈਦ ਆਪ ਨਾਰਾਇਣ ਇਹ ਵੈਦ ਜੀ ਕਾ ਦੁਖ ਲਾਇਣ (ਅੰਕ 962)
ਧਰਤੀ ਦੇ ਦੇਹਧਾਰੀ ਵੈਦ ਆਤਮਾ ਦਾ ਇਲਾਜ ਨਹੀਂ ਕਰ ਸਕਦੇ ਪਰ ਅਗਿਆਨਤਾ ਵਿੱਚ ਪਾ ਕੇ ਖਰਾਬ ਕਰਦੇ ਹਨ। ਉਪਰੋਕਤ ਵਿਚਾਰ ਅਧੀਨ ਬੇਨਤੀ ਹੈ ਕਿ ਅਸੀ ਗੁਰਬਾਣੀ ਨਾਲ ਛੇੜ-ਛਾੜ ਨਾ ਕਰੀਏ ਜਿਸ ਤਰ੍ਹਾਂ ਅਸੀ ਬਾਣੀ॥ ਜਪ॥ ਨੁੰ ਜਪੁਜੀ ਸਾਹਿਬ, ‘ਅਨੰਦ’ ਨੁੰ ਅਨੰਦ ਸਾਹਿਬ ਜਾਂ ‘ਗਉੜੀ ਸੁਖਮਨੀ’ ਨੁੰ ਸੁਖਮਨੀ ਸਾਹਿਬ ਕਰ ਲਿਆ ਹੈ। ਸੱਭ ਤੋਂ ਵੱਡਾ ਸਤਿਕਾਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੁੰ ਮੰਨੀਏ, ਵਿਚਾਰ ਕਰੀਏ ਅਤੇ ਉਸ ਤੇ ਚਲਣਾ ਸ਼ੁਰੂ ਕਰ ਕੇ, ਇਕੋ ਨਿਰੰਜਨੀ ਜੋਤਿ ਗੁਰੂ ਦਾ ਪ੍ਰਚਾਰ ਕਰੀਏ ਜਿਸ ਨਾਲ ਅਸੀਂ ਭਿੰਨਤਾ ਜਾਤ-ਪਾਤ ਅਤੇ ਹਊਮੈ ਦੀ ਮੈਲ ਤੋਂ ਦੂਰ ਰਹਿ ਕੇ ਪਿਆਰ ਵਾਲਾ ਪੁਰਾਤਨ ਸਿੱਖੀ ਜੀਵਨ ਜੀਵੀਏ।
ਗੁਰਬਖਸ਼ ਸਿੰਘ
094172-31762




.