.

ਗੁਰਬਾਣੀ ਦਾ ਸੱਚ

(ਕਿਸ਼ਤ ਨੰ: 20)

ਗੁਰਬਾਣੀ ਦਾ ਸੱਚ (ਅਕਾਲ ਪੁਰਖ ਦਾ ਤਖ਼ਤ)

ਗੁਰੂ ਗ੍ਰੰਥ ਸਾਹਿਬ ਵਿੱਚ ਜਿਸ ਤਰ੍ਹਾਂ ਪ੍ਰਭੂ ਦਾ ਮਹਲ, ਹਰਿ ਮੰਦਰ ਆਦਿ ਸ਼ਬਦਾਂ ਦੀ ਵਰਤੋਂ ਦੇਖ ਕੇ, ਕਿਸੇ ਵਿਸ਼ੇਸ਼ ਸਥਾਨ ਦੀ ਕਲਪਣਾ ਕਰਨ ਲੱਗ ਪੈਂਦੇ ਹਾਂ, ਇਸੇ ਤਰ੍ਹਾਂ ਪ੍ਰਭੂ ਦੇ ਤਖ਼ਤ ਸ਼ਬਦ ਦੀ ਵਰਤੋਂ ਦੇਖ ਕੇ, ਕੋਸ਼ਾਂ ਵਿੱਚ (ਬੈਠਣ ਦੀ ਚੌਕੀ; ਰਾਜ ਸਿੰਘਾਸਨ) ਇਸ ਤਖ਼ਤ ਸ਼ਬਦ ਦੇ ਅਰਥਾਂ ਦਾ ਭਾਵਾਰਥ ਲੈਣ ਲੱਗ ਪੈਂਦੇ ਹਾਂ। ਗੁਰੂ ਗ੍ਰੰਥ ਸਾਹਿਬ ਵਿੱਚ ਇਸ ਸ਼ਬਦ ਤੋਂ ਕੀ ਭਾਵ ਹੈ, ਇਹ ਗੱਲ ਗੁਰਬਾਣੀ ਵਿਚੋਂ ਹੀ ਸਮਝੀ ਜਾ ਸਕਦੀ ਹੈ। ਗੁਰਬਾਣੀ ਵਿੱਚ ਅਜਿਹੇ ਸ਼ਬਦਾਂ ਦੇ ਭਾਵਾਰਥ ਨੂੰ ਬਾਣੀਕਾਰਾਂ ਨੇ ਆਪ ਹੀ ਸਪਸ਼ਟ ਕੀਤਾ ਹੋਇਆ ਹੈ। ਅਸੀਂ ਕਿਸੇ ਵਿਸ਼ੇਸ਼ ਸਥਾਨ ਬਾਰੇ ਭਰਮ-ਭੇਲੇਖੇ ਦਾ ਤਦ ਹੀ ਸ਼ਿਕਾਰ ਹੁੰਦੇ ਹਾਂ ਜਦ ਇਹੋ ਜੇਹੇ ਭਾਵ ਵਾਲੇ ਸ਼ਬਦਾਂ ਨੂੰ ਬਾਣੀ ਦੀ ਰੌਸ਼ਨੀ ਵਿੱਚ ਸਮਝਣ ਦੀ ਬਜਾਏ ਇਨ੍ਹਾਂ ਸ਼ਬਦਾਂ ਦੇ ਪ੍ਰਚਲਤ ਅਰਥ ਕਰਨ ਲੱਗ ਪੈਂਦੇ ਹਾਂ। ਬਾਣੀ ਨੂੰ ਸਮਝਣ ਲਈ ਬਾਣੀ ਦੇ ਸੁਮੱਚੇ ਸਿਧਾਂਤ ਨੂੰ ਹੀ ਸਾਹਮਣੇ ਰੱਖਣ ਦੀ ਲੋੜ ਹੁੰਦੀ ਹੈ, ਨਾ ਕਿ ਕਿਸੇ ਇੱਕ ਪੰਗਤੀ ਜਾਂ ਸ਼ਬਦ ਨੂੰ। ਜਦ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਮੁੱਚੇ ਸਿਧਾਂਤ ਨੂੰ ਸਾਹਮਣੇ ਨਹੀਂ ਰੱਖਾਂਗੇ ਤਾਂ ਬਾਣੀ ਦੇ ਭਾਵਾਰਥ ਨੂੰ ਸਮਝਣ `ਚ ਜ਼ਰੂਰ ਟਪਲਾ ਖਾ ਜਾਵਾਂਗੇ। ਉਦਾਹਰਣ ਵਜੋਂ ਜਿਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਗੱਲ ਦਾ ਕਈ ਵਾਰ ਵਰਣਨ ਆਇਆ ਹੈ ਕਿ ਨੀਚ ਜਾਤ ਵਾਲੇ ਵੀ ਪ੍ਰਭੂ ਦਾ ਨਾਮ ਜਪ ਕੇ ਉੱਚਾ ਆਤਮਕ ਦਰਜਾ ਪ੍ਰਾਪਤ ਕਰ ਸਕਦੇ ਹਨ: ਨੀਚ ਜਾਤਿ ਹਰਿ ਜਪਤਿਆ ਉਤਮ ਪਦਵੀ ਪਾਇ॥ ਪੂਛਹੁ ਬਿਦਰ ਦਾਸੀ ਸੁਤੈ ਕਿਸਨੁ ਉਤਰਿਆ ਘਰਿ ਜਿਸੁ ਜਾਇ॥ (ਪੰਨਾ 733)

ਗੁਰੂ ਗ੍ਰੰਥ ਸਾਹਿਬ ਵਿੱਚ ਵਰਨ- ਵੰਡ ਨੂੰ ਸਵੀਕਾਰ ਨਹੀਂ ਕੀਤਾ ਹੈ। ਗੁਰਬਾਣੀ ਅਨੁਸਾਰ ਕਿਸੇ ਖ਼ਾਸ ਕੁਲ ਵਿੱਚ ਜਨਮ ਲੈਣ ਕਾਰਨ ਹੀ ਕੋਈ ਪ੍ਰਾਣੀ ਉੱਚਾ ਜਾਂ ਨੀਂਵਾਂ ਨਹੀਂ ਹੈ; ਸਗੋਂ ਕਰਮ ਤੋਂ ਹੀ ਉੱਚਾ ਜਾਂ ਨੀਂਵਾਂ ਹੈ:-ਭਗਤਿ ਰਤੇ ਸੇ ਊਤਮਾ ਜਤਿ ਪਤਿ ਸਬਦੇ ਹੋਇ॥ ਬਿਨੁ ਨਾਵੈ ਸਭ ਨੀਚ ਜਾਤਿ ਹੈ ਬਿਸਟਾ ਕਾ ਕੀੜਾ ਹੋਇ॥ (ਪੰਨਾ 426)

ਜੇਕਰ ਕੋਈ ਸੱਜਣ ਇਸ ਭਾਵ ਵਾਲੇ ਸ਼ਬਦਾਂ ਦੀਆਂ ਉਦਾਰਹਣਾਂ ਦੇ ਕੇ ਇਹ ਆਖੇ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਜ਼ਾਤ-ਪਾਤ ਨੂੰ ਮੰਨਿਆ ਗਿਆ ਹੈ, ਤਾਂ ਅਜਿਹਾ ਸੱਜਣ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨਾਲ ਕਿੰਨਾ ਕੁ ਨਿਆਂ ਕਰ ਰਿਹਾ ਹੋਵੇਗਾ; ਇਸ ਗੱਲ ਦਾ ਪਾਠਕ ਜਨ ਖ਼ੁਦ ਹੀ ਅੰਦਾਜ਼ਾ ਲਗਾ ਸਕਦੇ ਹਨ। ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਸੇ ਵੀ ਸ਼ਬਦ ਦਾ ਠੀਕ ਭਾਵਾਰਥ ਸਮਝਣ ਲਈ ਬਾਣੀ ਦੇ ਸਮੁੱਚੇ ਸਿਧਾਂਤ ਨੂੰ ਹੀ ਵਿਚਾਰਨ ਦੀ ਲੋੜ ਹੈ।

ਗੁਰੂ ਗ੍ਰੰਥ ਸਾਹਿਬ ਵਿੱਚ ‘ਵਡਾ ਤੇਰਾ ਦਰਬਾਰੁ ਸਚਾ ਤੁਧੁ ਤਖਤੁ॥ ਸਿਰਿ ਸਾਹਾ ਪਾਤਿਸਾਹੁ ਨਿਹਚਲ ਚਉਰ ਛਤ’ ਦਾ ਭਾਵ ਪ੍ਰਗਟ ਕਰਨ ਵਾਲੀਆਂ ਪੰਗਤੀਆਂ ਨੂੰ ਆਧਾਰ ਬਣਾ ਕੇ ਕਈ ਵਿਦਵਾਨ ਸੱਜਣ ਇਹ ਧਾਰਨਾ ਬਣਾ ਲੈਂਦੇ ਹਨ ਕਿ ਗੁਰੂ ਸਾਹਿਬਾਨ ਨੇ ਰੱਬੀ ਤਖ਼ਤ ਦੀ ਹੋਂਦ ਬਾਰੇ ਆਪ ਜ਼ਿਕਰ ਕੀਤਾ ਹੈ। ਇਸ ਪੰਗਤੀ ਜਾਂ ਇਹੋ ਜੇਹੇ ਭਾਵ ਵਾਲੀਆਂ ਹੋਰ ਤੁਕਾਂ ਨੂੰ ਆਧਾਰ ਬਣਾ ਇਹ ਅੰਦਾਜ਼ਾ ਲਗਾ ਲੈਣਾ ਠੀਕ ਨਹੀਂ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕਿਸੇ ਵਿਸ਼ੇਸ਼ ਸਥਾਨ ਨੂੰ ਹੀ ਅਕਾਲ ਪੁਰਖ ਦਾ ਤੱਖ਼ਤ ਆਖਿਆ ਹੈ। ਚੂੰਕਿ ਬਾਣੀ ਵਿੱਚ ਅਕਾਲ ਪੁਰਖ ਦੇ ਇਸ ਤੱਖ਼ਤ ਅਤੇ ਇਸ ਨਾਲ ਜੁੜੇ ਹੋਏ ਹਰੇਕ ਪ੍ਰਸ਼ਨ ਦਾ ਉੱਤਰ ਦਿੱਤਾ ਹੋਇਆ ਹੈ; ਅਰਥਾਤ ਇਸ ਤੱਖਤ ਦੇ ਸਰੂਪ, ਇਸ ਦੇ ਸਥਾਨ ਆਦਿ ਬਾਰੇ ਭਰਪੂਰ ਚਰਚਾ ਕੀਤੀ ਹੋਈ ਹੈ। ਜਿਸ ਦੀ ਮੌਜੂਦਗੀ ਵਿੱਚ ਕਿਸੇ ਤਰ੍ਹਾਂ ਦੇ ਭਰਮ-ਭੁਲੇਖੇ ਦੀ ਸੰਭਾਵਨਾ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਪਰਮਾਤਮਾ ਦੇ ਤੱਖ਼ਤ ਸਬੰਧੀ ਜੋ ਸਾਡੀ ਦ੍ਰਿਸ਼ਟੀਗੋਚਰ ਹੁੰਦਾ ਹੈ, ਉਸ ਦੀ ਸੰਖਪਿਤ ਚਰਚਾ ਕਰ ਰਹੇ ਹਾਂ।

(ੳ) ਸਚੁ ਹੁਕਮੁ ਤੁਮਾਰਾ ਤਖਤਿ ਨਿਵਾਸੀ॥ (ਪੰਨਾ 562) ਅਰਥ: ਹੇ ਪ੍ਰਭੂ! ਤੇਰਾ ਹੁਕਮ ਸਦਾ-ਥਿਰ ਰਹਿਣ ਵਾਲਾ ਹੈ, ਤੂੰ (ਸਦਾ) ਤਖ਼ਤ ਉਤੇ ਨਿਵਾਸ ਰੱਖਣ ਵਾਲਾ ਹੈਂ (ਤੂੰ ਸਦਾ ਸਭ ਦਾ ਹਾਕਮ ਹੈਂ) ।

(ਅ) ਸਚੈ ਤਖਤਿ ਸਚ ਮਹਲੀ ਬੈਠੇ ਨਿਰਭਉ ਤਾੜੀ ਲਾਈ॥ 8॥ (ਪੰਨਾ 907) ਅਰਥ: (ਮੇਰਾ ਗੁਰੂ ਇੱਕ ਐਸਾ ਨਾਥਾਂ ਦਾ ਭੀ ਨਾਥ ਹੈ ਜੋ) ਸਦਾ ਅਟੱਲ ਰਹਿਣ ਵਾਲੇ ਅਡੋਲਤਾ ਦੇ ਤਖ਼ਤ ਉਤੇ ਬੈਠਾ ਹੋਇਆ ਹੈ ਜੋ ਸਦਾ-ਥਿਰ ਰਹਿਣ ਵਾਲੇ ਮਹਿਲ ਵਿੱਚ ਬੈਠਾ ਹੋਇਆ ਹੈ, (ਉਥੇ ਆਸਣ ਜਮਾਈ) ਬੈਠੇ (ਮੇਰੇ ਗੁਰੂ-ਜੋਗੀ) ਨੇ ਨਿਡਰਤਾ ਦੀ ਸਮਾਧੀ ਲਾਈ ਹੋਈ ਹੈ।

(ੲ) ਕਹੁ ਨਾਨਕ ਥਿਰੁ ਤਖਤਿ ਨਿਵਾਸੀ ਸਚੁ ਤਿਸੈ ਦੀਬਾਣੋ॥ 3॥ (ਪੰਨਾ 924) ਅਰਥ: ਹੇ ਨਾਨਕ! ਆਖ—ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, (ਸਦਾ ਆਪਣੇ) ਤਖ਼ਤ ਉਤੇ ਟਿਕਿਆ ਰਹਿਣ ਵਾਲਾ ਹੈ। (ਸਿਰਫ਼) ਉਸ ਦਾ ਹੀ ਦਰਬਾਰ ਸਦਾ ਕਾਇਮ ਰਹਿਣ ਵਾਲਾ ਹੈ।

ਅਕਾਲ ਪੁਰਖ ਦਾ ਇਹ ਤੱਖ਼ਤ ਹਮੇਸ਼ਾਂ ਕਾਇਮ ਰਹਿਣ ਵਾਲਾ ਹੈ:-

ਸਾਚਾ ਤਖਤੁ ਸਚੀ ਪਾਤਿਸਾਹੀ॥ (ਪੰਨਾ 1073) ਅਰਥ: ਹੇ ਭਾਈ! ਉਹ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਸ਼ਾਹਨਸ਼ਾਹ ਹੈ, ਉਸ ਦਾ ਖ਼ਜ਼ਾਨਾ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦੀ ਪਾਤਿਸ਼ਾਹੀ ਸਦਾ ਕਾਇਮ ਰਹਿਣ ਵਾਲੀ ਹੈ, ਉਸ ਦਾ ਤਖ਼ਤ ਸਦਾ ਕਾਇਮ ਰਹਿਣ ਵਾਲਾ ਹੈ।

ਪਰਮਾਤਮਾ ਦਾ ਸਦਾ ਥਿਰ ਇਹ ਤੱਖ਼ਤ ਕਿੱਥੇ ਕੁ ਹੈ? ਇਸ ਦਾ ਉੱਤਰ ਗੁਰੂ ਗ੍ਰੰਥ ਸਾਹਿਬ ਵਿੱਚ ਇਉਂ ਦਿੱਤਾ ਹੋਇਆ ਹੈ:-

ਘਰੁ ਦਰੁ ਮੰਦਰੁ ਜਾਣੈ ਸੋਈ॥ ਜਿਸੁ ਪੂਰੇ ਗੁਰ ਤੇ ਸੋਝੀ ਹੋਈ॥ ਕਾਇਆ ਗੜ ਮਹਲ ਮਹਲੀ ਪ੍ਰਭੁ ਸਾਚਾ ਸਚੁ ਸਾਚਾ ਤਖਤੁ ਰਚਾਇਆ॥ (ਪੰਨਾ 1039) ਅਰਥ: ਉਹੀ ਬੰਦਾ ਪਰਮਾਤਮਾ ਦਾ ਘਰ ਪਰਮਾਤਮਾ ਦਾ ਦਰ ਪਰਮਾਤਮਾ ਦਾ ਮਹਲ ਪਛਾਣ ਲੈਂਦਾ ਹੈ ਜਿਸ ਨੂੰ ਪੂਰੇ ਗੁਰੂ ਤੋਂ (ਉੱਚੀ) ਸਮਝ ਮਿਲਦੀ ਹੈ। ਉਸ ਨੂੰ ਸਮਝ ਆ ਜਾਂਦੀ ਹੈ ਕਿ ਇਹ ਸਰੀਰ ਪਰਮਾਤਮਾ ਦੇ ਕਿਲ੍ਹੇ ਹਨ, ਮਹਲ ਹਨ। ਉਹ ਮਹਲਾਂ ਦਾ ਮਾਲਕ ਪ੍ਰਭੂ ਸਦਾ ਹੀ ਥਿਰ ਰਹਿਣ ਵਾਲਾ ਹੈ (ਮਨੁੱਖਾ ਸਰੀਰ) ਉਸ ਨੇ ਆਪਣੇ ਬੈਠਣ ਲਈ ਤਖ਼ਤ ਬਣਾਇਆ ਹੋਇਆ ਹੈ।

ਇਸ ਹਿਰਦੇ-ਤੱਖ਼ਤ `ਤੇ ਬੈਠਾ ਹੋਇਆ ਹੀ ਵਾਹਿਗੁਰੂ ਜੀਵਾਂ ਦਾ ਲੇਖਾ-ਜੋਖਾ ਕਰ ਰਿਹਾ ਹੈ:-

ਅੰਦਰਿ ਰਾਜਾ ਤਖਤੁ ਹੈ ਆਪੇ ਕਰੇ ਨਿਆਉ॥ ਗੁਰ ਸਬਦੀ ਦਰੁ ਜਾਣੀਐ ਅੰਦਰਿ ਮਹਲੁ ਅਸਰਾਉ॥ ਖਰੇ ਪਰਖਿ ਖਜਾਨੈ ਪਾਈਅਨਿ ਖੋਟਿਆ ਨਾਹੀ ਥਾਉ॥ ਸਭੁ ਸਚੋ ਸਚੁ ਵਰਤਦਾ ਸਦਾ ਸਚੁ ਨਿਆਉ॥ ਅੰਮ੍ਰਿਤ ਕਾ ਰਸੁ ਆਇਆ ਮਨਿ ਵਸਿਆ ਨਾਉ॥ 18॥ (ਪੰਨਾ 1092) ਅਰਥ: (ਜੀਵ ਦੇ) ਅੰਦਰ ਹੀ (ਜੀਆਂ ਦਾ) ਮਾਲਕ (ਬੈਠਾ) ਹੈ, (ਜੀਵ ਦੇ) ਅੰਦਰ ਹੀ (ਉਸ ਦਾ) ਤਖ਼ਤ ਹੈ, ਉਹ ਆਪ ਹੀ (ਅੰਦਰ ਬੈਠਾ ਹੋਇਆ, ਜੀਵ ਦੇ ਕੀਤੇ ਕਰਮਾਂ ਦਾ) ਨਿਆਂ ਕਰੀ ਜਾਂਦਾ ਹੈ; (ਜੀਵ ਦੇ) ਅੰਦਰ ਹੀ (ਉਸ ਦਾ) ਮਹਲ ਹੈ, (ਜੀਵ ਦੇ) ਅੰਦਰ ਹੀ (ਬੈਠਾ ਜੀਵ ਨੂੰ) ਆਸਰਾ (ਦੇਈ ਜਾ ਰਿਹਾ) ਹੈ, ਪਰ ਉਸ ਦੇ ਮਹਲ ਦਾ ਬੂਹਾ ਗੁਰੂ ਦੇ ਸ਼ਬਦ ਦੀ ਰਾਹੀਂ ਲੱਭਦਾ ਹੈ।

(ਜੀਵ ਦੇ ਅੰਦਰ ਹੀ ਬੈਠੇ ਹੋਏ ਦੀ ਹਜ਼ੂਰੀ ਵਿਚ) ਖਰੇ ਜੀਵ ਪਰਖ ਕੇ ਖ਼ਜ਼ਾਨੇ ਵਿੱਚ ਰੱਖੇ ਜਾਂਦੇ ਹਨ (ਭਾਵ, ਅੰਦਰ ਬੈਠਾ ਹੋਇਆ ਹੀ ਖਰੇ ਜੀਵਾਂ ਦੀ ਆਪ ਸੰਭਾਲ ਕਰੀ ਜਾਂਦਾ ਹੈ), ਖੋਟਿਆਂ ਨੂੰ ਥਾਂ ਨਹੀਂ ਮਿਲਦੀ। ਉਹ ਸਦਾ-ਥਿਰ ਰਹਿਣ ਵਾਲਾ ਪ੍ਰਭੂ ਹਰ ਥਾਂ ਮੌਜੂਦ ਹੈ, ਉਸ ਦਾ ਨਿਆਂ ਸਦਾ ਅਟੱਲ ਹੈ; ਉਨ੍ਹਾਂ ਨੂੰ ਉਸ ਦੇ ਨਾਮ-ਅੰਮ੍ਰਿਤ ਦਾ ਸੁਆਦ ਆਉਂਦਾ ਹੈ ਜਿਨ੍ਹਾਂ ਦੇ ਮਨ ਵਿੱਚ ਨਾਮ ਵੱਸਦਾ ਹੈ।

ਅਕਾਲ ਪੁਰਖ ਇਸ ਹਿਰਦੇ-ਤੱਖ਼ਤ `ਤੇ ਹੀ ਆਪਣੇ ਪਿਆਰ ਵਿੱਚ ਰੰਗੀਜਿਆਂ ਨੂੰ ਬੁਲਾਉਂਦਾ ਹੈ:-

ਸਚੈ ਤਖਤਿ ਬੁਲਾਵੈ ਸੋਇ॥ ਦੇ ਵਡਿਆਈ ਕਰੇ ਸੁ ਹੋਇ॥ (ਪੰਨਾ 355) ਅਰਥ: ਆਪਣੇ ਸਦਾ-ਅਟੱਲ ਤਖ਼ਤ ਉਤੇ (ਬੈਠਾ ਹੋਇਆ ਪ੍ਰਭੂ) ਉਸ ਸੇਵਕ ਨੂੰ ਸੱਦਦਾ ਹੈ, ਤੇ ਉਹ ਸਭ ਕੁੱਝ ਕਰਨ ਦੇ ਸਮਰੱਥ ਪ੍ਰਭੂ ਉਸ ਨੂੰ ਮਾਣ-ਆਦਰ ਦੇਂਦਾ ਹੈ।

ਪ੍ਰਭੂ ਪਾਸੋਂ ਪ੍ਰੇਮ ਦਾ ਪਟੋਲਾ ਹਾਸਲ ਕਰਨ ਵਾਲੇ ਗੁਰਮੁਖ ਸਦਾ ਇਸ ਤੱਖ਼ਤ ਉੱਤੇ ਬੈਠੇ ਰਹਿੰਦੇ ਹਨ:-

ਰਾਜਾ ਤਖਤਿ ਟਿਕੈ ਗੁਣੀ ਭੈ ਪੰਚਾਇਣ ਰਤੁ॥ (ਪੰਨਾ 992) ਅਰਥ: ਪ੍ਰਭੂ ਦੇ ਡਰ-ਅਦਬ ਵਿੱਚ ਰੱਤਾ ਹੋਇਆ ਜੀਵਾਤਮਾ ਪ੍ਰਭੂ ਦੇ ਗੁਣਾਂ ਵਿੱਚ ਪਰਵਿਰਤ ਰਹਿਣ ਕਰਕੇ ਅੰਦਰ ਹੀ ਹਿਰਦੇ-ਤਖ਼ਤ ਉਤੇ ਟਿਕਿਆ ਰਹਿੰਦਾ ਹੈ (ਬਾਹਰ ਨਹੀਂ ਭਟਕਦਾ)।

ਹਰਿ ਕੈ ਤਖਤਿ ਬਹਾਲੀਐ ਨਿਜ ਘਰਿ ਸਦਾ ਵਸੀਜੈ॥ (ਪੰਨਾ 515) ਅਰਥ: ਇਸ ਬੇਅੰਤ/ਅਨੰਤ ਪਸਾਰਾ ਪਸਾਰਨੇ ਵਾਲੇ ਪ੍ਰਭੂ ਦਾ ਕੇਵਲ ਮਨੁੱਖੀ ਹਿਰਦਾ ਹੀ ਤੱਖ਼ਤ ਹੈ? ਇਸ ਸਬੰਧ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਫ਼ਰਮਾਨ ਹੈ:-

(ੳ) ਕੁਦਰਤਿ ਤਖਤੁ ਰਚਾਇਆ ਸਚਿ ਨਿਬੇੜਣਹਾਰੋ॥ (ਪੰਨਾ 580) ਅਰਥ: ਹੇ ਪ੍ਰਭੂ! ਇਹ ਸਾਰੀ ਰਚਨਾ (-ਰੂਪ) ਤਖ਼ਤ ਤੂੰ (ਆਪਣੇ ਬੈਠਣ ਵਾਸਤੇ) ਬਣਾਇਆ ਹੈ, ਆਪਣੇ ਸਦਾ-ਥਿਰ ਨਾਮ ਵਿਚ (ਜੋੜ ਕੇ ਜੀਵਾਂ ਦੇ ਕਰਮਾਂ ਦੇ ਲੇਖ ਭੀ) ਤੂੰ ਆਪ ਹੀ ਮੁਕਾਣ ਵਾਲਾ ਹੈਂ।

(ਅ) ਆਪੇ ਤਖਤੁ ਰਚਾਇਓਨੁ ਆਕਾਸ ਪਤਾਲਾ॥ ਹੁਕਮੇ ਧਰਤੀ ਸਾਜੀਅਨੁ ਸਚੀ ਧਰਮ ਸਾਲਾ॥ (ਪੰਨਾ 785) ਅਰਥ: ਆਕਾਸ਼ ਤੇ ਪਾਤਾਲ ਦੇ ਵਿਚਲਾ ਸਾਰਾ ਜਗਤ-ਰੂਪ ਤਖ਼ਤ ਪ੍ਰਭੂ ਨੇ ਹੀ ਬਣਾਇਆ ਹੈ, ਉਸ ਨੇ ਆਪਣੇ ਹੁਕਮ ਵਿਚ ਹੀ ਧਰਤੀ ਦੇ ਜੀਵਾਂ ਦੇ ਧਰਮ ਕਮਾਣ ਲਈ ਥਾਂ ਬਣਾਈ ਹੈ।

(ੲ) ਸਚੈ ਤਖਤੁ ਰਚਾਇਆ ਬੈਸਣ ਕਉ ਜਾਂਈ॥ (ਪੰਨਾ 947) ਅਰਥ: ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੇ ਇਹ (ਜਗਤ-ਰੂਪ) ਤਖ਼ਤ ਆਪਣੇ ਬੈਠਣ ਲਈ ਥਾਂ ਬਣਾਇਆ ਹੈ।

ਉਪਰੋਕਤ ਗੁਰ ਫ਼ਰਮਾਨਾਂ ਤੋਂ ਸਪਸ਼ਟ ਹੈ ਕਿ ਅਕਾਲ ਪੁਰਖ ਆਪਣੀ ਕੁਦਰਤ ਵਿੱਚ ਹੀ ਵੱਸਿਆ ਹੋਇਆ ਅਥਵਾ ਪ੍ਰਭੂ ਦੀ ਕ੍ਰਿਤ ਹੀ ਉਸ ਦਾ ਤੱਖ਼ਤ ਹੈ। ਇੱਕ ਤੋਂ ਅਨੇਕ ਹੋ ਕੇ ਵਿਚਰਨ ਵਾਲੇ ਨਿਰੰਕਾਰ ਬਾਰੇ ਫਿਰ ਇਹ ਵੀ ਸਪਸ਼ਟ ਕੀਤਾ ਹੈ:-

ਏਕੋ ਤਖਤੁ ਏਕੋ ਪਾਤਿਸਾਹੁ॥ ਸਰਬੀ ਥਾਈ ਵੇਪਰਵਾਹੁ॥ (ਪੰਨਾ 1188) ਅਰਥ: (ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜਦਾ ਹੈ ਉਸ ਨੂੰ ਯਕੀਨ ਬਣ ਜਾਂਦਾ ਹੈ ਕਿ ਸਾਰੇ ਜਗਤ ਦਾ ਮਾਲਕ ਪਰਮਾਤਮਾ ਹੀ ਸਦਾ-ਥਿਰ) ਇਕੋ ਇੱਕ ਪਾਤਿਸ਼ਾਹ ਹੈ (ਤੇ ਉਸੇ ਦਾ ਹੀ ਸਦਾ-ਥਿਰ ਰਹਿਣ ਵਾਲਾ) ਇਕੋ ਇੱਕ ਤਖ਼ਤ ਹੈ, ਉਹ ਪਾਤਿਸ਼ਾਹ ਸਭ ਥਾਵਾਂ ਵਿੱਚ ਵਿਆਪਕ ਹੈ (ਸਾਰੇ ਜਗਤ ਦੀ ਕਾਰ ਚਲਾਂਦਾ ਹੋਇਆ ਭੀ ਉਹ ਸਦਾ) ਬੇ-ਫ਼ਿਕਰ ਰਹਿੰਦਾ ਹੈ।

ਗੁਰੂ ਗ੍ਰੰਥ ਸਾਹਿਬ ਜੀ ਦਾ ਨਿਮਨ ਲਿਖਤ ਫ਼ਰਮਾਨ ਪ੍ਰਭੂ ਦੇ ਇਸ ਤੱਖ਼ਤ ਵਲ ਹੀ ਇਸ਼ਾਰਾ ਕਰ ਰਿਹਾ ਹੈ:-

ਵਡਾ ਤੇਰਾ ਦਰਬਾਰੁ ਸਚਾ ਤੁਧੁ ਤਖਤੁ॥ ਸਿਰਿ ਸਾਹਾ ਪਾਤਿਸਾਹੁ ਨਿਹਚਲੁ ਚਉਰੁ ਛਤੁ॥ (ਪੰਨਾ 964) ਅਰਥ: ਹੇ ਪ੍ਰਭੂ! ਤੇਰਾ ਦਰਬਾਰ ਵੱਡਾ ਹੈ, ਤੇਰਾ ਤਖ਼ਤ ਸਦਾ-ਥਿਰ ਰਹਿਣ ਵਾਲਾ ਹੈ, ਤੇਰਾ ਚਵਰ ਤੇ ਛਤਰ ਅਟੱਲ ਹੈ, ਤੂੰ (ਦੁਨੀਆ ਦੇ ਸਾਰੇ) ਸ਼ਾਹਾਂ ਦੇ ਸਿਰ ਉਤੇ ਪਾਤਿਸ਼ਾਹ ਹੈਂ।

ਇਸ ਭਾਵ ਨੂੰ ਵਿਸਤਾਰ ਨਾਲ ਇਉਂ ਦਰਸਾਇਆ ਹੈ:-

ਆਪੀਨੈੑ ਆਪੁ ਸਾਜਿ ਆਪੁ ਪਛਾਣਿਆ॥ ਅੰਬਰੁ ਧਰਤਿ ਵਿਛੋੜਿ ਚੰਦੋਆ ਤਾਣਿਆ॥ ਵਿਣੁ ਥੰਮਾੑ ਗਗਨੁ ਰਹਾਇ ਸਬਦੁ ਨੀਸਾਣਿਆ॥ ਸੂਰਜੁ ਚੰਦੁ ਉਪਾਇ ਜੋਤਿ ਸਮਾਣਿਆ॥ ਕੀਏ ਰਾਤਿ ਦਿਨੰਤੁ ਚੋਜ ਵਿਡਾਣਿਆ॥ ਤੀਰਥ ਧਰਮ ਵੀਚਾਰ ਨਾਵਣ ਪੁਰਬਾਣਿਆ॥ ਤੁਧੁ ਸਰਿ ਅਵਰੁ ਨ ਕੋਇ ਕਿ ਆਖਿ ਵਖਾਣਿਆ॥ ਸਚੈ ਤਖਤਿ ਨਿਵਾਸੁ ਹੋਰ ਆਵਣ ਜਾਣਿਆ॥ (ਪੰਨਾ 1279) ਅਰਥ: (ਪ੍ਰਭੂ ਨੇ) ਆਪ ਹੀ ਆਪਣੇ ਆਪ ਨੂੰ ਪਰਗਟ ਕਰ ਕੇ ਆਪਣਾ ਅਸਲਾ ਸਮਝਿਆ ਹੈ, ਆਕਾਸ਼ ਤੇ ਧਰਤੀ ਨੂੰ ਵਖੋ-ਵਖ ਕਰ ਕੇ (ਇਹ ਆਕਾਸ਼ ਉਸ ਨੇ ਮਾਨੋ, ਆਪਣੇ ਤਖ਼ਤ ਉਤੇ) ਚੰਦੋਆ ਤਾਣਿਆ ਹੋਇਆ ਹੈ; (ਸਾਰੇ ਜਗਤ-ਰੂਪ ਦਰਬਾਰ ਉਤੇ) ਆਕਾਸ਼ ਨੂੰ ਥੰਮ੍ਹਾਂ ਤੋਂ ਬਿਨਾ ਟਿਕਾ ਕੇ ਆਪਣੇ ਹੁਕਮ ਨੂੰ ਨਗਾਰਾ ਬਣਾਇਆ ਹੈਂ; ਆਪਣੀ) ਜੋਤਿ ਟਿਕਾਈ ਹੈ; (ਜੀਵਾਂ ਦੇ ਵਿਹਾਰ-ਕਾਰ ਲਈ) ਰਾਤ ਤੇ ਦਿਨ (-ਰੂਪ) ਅਚਰਜ ਤਮਾਸ਼ੇ ਬਣਾ ਦਿੱਤੇ ਹਨ। ਪੁਰਬਾਂ ਸਮੇ ਤੀਰਥਾਂ ਉਤੇ ਨ੍ਹਾਉਣ ਆਦਿਕ ਧਰਮਾਂ ਦੇ ਖ਼ਿਆਲ (ਭੀ ਪ੍ਰਭੂ ਨੇ ਆਪ ਹੀ ਜੀਵਾਂ ਦੇ ਅੰਦਰ ਪੈਦਾ ਕੀਤੇ ਹਨ)। (ਹੇ ਪ੍ਰਭੂ!) (ਤੇਰੀ ਇਸ ਅਸਰਜ ਖੇਡ ਦਾ) ਕੀਹ ਬਿਆਨ ਕਰੀਏ? ਤੇਰੇ ਵਰਗਾ ਹੋਰ ਕੋਈ ਨਹੀਂ ਹੈ; ਤੂੰ ਤਾਂ ਸਦਾ ਕਾਇਮ ਰਹਿਣ ਵਾਲੇ ਤਖ਼ਤ ਉਤੇ ਬੈਠਾ ਹੈਂ ਤੇ ਹੋਰ (ਸ੍ਰਿਸ਼ਟੀ) ਜੰਮਦੀ ਹੈ (ਪੈਦਾ ਹੁੰਦੀ ਹੈ ਤੇ ਨਾਸ ਹੁੰਦੀ ਹੈ)।

ਸੋ, ਉਪਰੋਕਤ ਗੁਰ ਫ਼ਰਮਾਨਾਂ ਤੋਂ ਸਪਸ਼ਟ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਰੱਬੀ ਤੱਖ਼ਤ ਦੀ ਚਰਚਾ ਕਰਦਿਆਂ ਹੋਇਆਂ, ਤੱਖ਼ਤ ਸ਼ਬਦ ਦਾ ਭਾਵ ਕੋਸ਼ਾਂ ਵਿਚਲਾ ਨਹੀਂ ਲਿਆ ਹੈ। ਅਕਾਲ ਪੁਰਖ ਦਾ ਤੱਖ਼ਤ ਕਿਸੇ ਇੱਕ ਵਿਸ਼ੇਸ਼ ਸਥਾਨ `ਤੇ ਨਹੀਂ ਸਗੋਂ ਸਾਰਾ ਸੰਸਾਰ/ਸ੍ਰਿਸ਼ਟੀ ਅਥਵਾ ਕਣ ਕਣ ਹੀ ਪਰਮਾਤਮਾ ਦਾ ਤੱਖ਼ਤ ਹੈ। ਪਰਮਾਤਮਾ ਆਪਣੀ ਨਾਨਾ ਪ੍ਰਕਾਰ ਦੀ ਕ੍ਰਿਤ ਵਿੱਚ ਹੀ ਸਮਾਇਆ ਹੋਇਆ ਹੈ।

ਜਸਬੀਰ ਸਿੰਘ ਵੈਨਕੂਵਰ
.