| . |
|
ਅੰਨਾ ਬੋਲਾ ਖੁਇ ਉਝੜਿ ਪਾਇ॥
ਦੁਨਿਆਵੀ ਝਮੇਲਿਆਂ
ਵਿੱਚ ਫਸੇ ਹੋਏ ਇੰਨਸਾਨ ਹਉਮੈ ਅਤੇ ਲਾਲਚ ਵਸ ਨਾਂਹ ਕਿਸੇ ਦਾ ਆਪ ਸਦੀਵੀ ਸਾਥੀ ਬਣ ਸਕਦਾ ਹੈ ਅਤੇ
ਨਾਂਹ ਹੀ ਕਿਸੇ ਨੂੰ ਸਦੀਵੀ ਸਾਥੀ ਬਣਾ ਸਕਦਾ ਹੈ। ਵਿਆਨਾਂ ਵਿੱਚ ਰਾਏਪੁਰ-ਬੱਲਾਂ ਵਾਲੇ ਡੇਰੇਦਾਰਾਂ
ਵਲੋਂ ਰਚੇ ਛੜਯੰਤਰ ਤਹਿਤ ਅਣਮਨੁੱਖੀ ਤਸੀਹੇ ਦੇ ਕੇ ਗੁਰਸਿੱਖਾਂ ਦੇ ਕੀਤੇ ਗਏ ਕਤਲ ਅਤੇ ਇਸਤੋਂ
ਬਾਅਦ ਪੰਜਾਬ ਭਰ ਵਿੱਚ ਗੁਮਰਾਹ ਹੋਏ ਦਲਿਤ (ਬ੍ਰਾਹਮਣ ਵਲੋਂ ਘੜਿਆ ਲਫਜ਼) ਭਾਈਚਾਰੇ ਵਲੋਂ ਕੀਤੇ ਗਏ
ਤਾਂਡਵ ਨਾਚ ਅਤੇ ਕਤਲ ਇਸ ਸੋਚ ਦੇ ਪ੍ਰਤੱਖ ਸਬੂਤ ਹਨ। ਇਸ ਡੇਰੇ ਨੇ ਆਪਣੀ ਛਵੀ ਚਮਕਾਉਣ ਅਤੇ
ਡੇਰੇਦਾਰਾਂ ਨੇ ਆਪਣੀ ਹਉਮੈ ਨੂੰ ਪੱਠੇ ਪਾਉਣ ਲਈ ਗੁਰੂ ਗ੍ਰੰਥ ਸਹਿਬ ਜੀ ਨਾਲੋਂ ਆਪਣਾ ਨਾਤਾ ਤੋੜਨ
ਲਈ ਇਹ ਸਾਰਾ ਉਪੱਦਰ ਮਨੂੰਵਾਦੀ ਸੋਚ ਦੇ ਪੈਰੋਕਾਰਾਂ (ਜਿਹਨਾਂ ਨੇ ਇਹਨਾਂ ਨੂੰ ਮੁਢ ਕਦੀਮ ਤੋਂ
ਆਪਣੇ ਗ਼ੁਲਾਮ ਸੇਵਾਦਾਰਾਂ ਦੇ ਤੌਰ ਤੇ ਦਬਾ ਕੇ ਰੱਖਿਆ ਹੋਇਆ ਸੀ ਅਤੇ ਬਿਪਰਵਾਦੀ ਚਾਲਾਂ ਅਧੀਨ
ਦੁਬਾਰਾ ਬ੍ਰਾਮਣਵਾਦ ਦੇ ਗ਼ਲਬੇ ਹੇਠ ਦੇਣ ਲਈ ਯਤਨਸ਼ੀਲ ਹਨ) ਦੀ ਚੁੱਕ ਵਿੱਚ ਆ ਕੇ ਕਰਵਾਇਆ ਸੀ।
ਇਹਨਾਂ ਵਲੋਂ ਗੁਰੂ ਗ੍ਰੰਥ ਸਹਿਬ ਜੀ ਵਿੱਚੋਂ ਭਗਤ ਰਵੀਦਾਸ ਜੀ ਦੀ ਰਚੀ ਹੋਈ ਰੱਬੀ-ਬਾਣੀ ਨੂੰ ਵੱਖ
ਕਰਨ ਦੇ ਕੁਚੱਜੇ ਕੁਕਰਮ ਨੇ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਇਹ ਹਾਲੇ ਵੀ ਬ੍ਰਾਹਮਣੀ ਸੋਚ ਦੇ
ਗ਼ੁਲਾਮ ਹਨ।
ਯਾਦ ਰਹੇ ਕਿ ਭਗਤ ਰਵੀਦਾਸ ਜੀ ਦੀ ਬਾਣੀ ਨੂੰ ਜੋ ਸਤਿਕਾਰ ਗੁਰੂ ਨਾਨਕ ਸਹਿਬ
ਜੀ ਦੀ ਵਿਚਰ ਰਹੀ ਇਲਾਹੀ ਜੋਤ ਨੇ ਪੋਥੀ ਸਹਿਬ ਵਿੱਚ ਦਰਜ਼ ਕਰ ਕੇ ਦਿੱਤਾ ਸੀ ਅਤੇ ਜਿਸ ਨੂੰ ਗੁਰੂ
ਨਾਨਕ ਜੀ ਦਾ ਸਿੱਖ ਪੰਥ ੧੬੦੪ ਤੋਂ ਅੱਜ ਤਿੱਕਰ ਨਿਰੰਤਰ ਸਤਿਕਾਰਦਾ ਆ ਰਿਹਾ ਹੈ ਅਤੇ ਅੱਗੋਂ ਵੀ
ਰਹਿੰਦੀ ਦੁਨੀਆਂ ਤੱਕ ਸਤਿਕਾਰਦਾ ਅਤੇ ਸੀਸ ਨਿਵਾਉਂਦਾ ਰਹੇਗਾ। ਕਿਉਂ ਕਿ ਇਸੇ ਪੋਥੀ ਸਹਿਬ (ਸ਼ਬਦ)
ਨੂੰ ਗੁਰੂ ਨਾਨਕ ਜੀ ਦੀ ਸਰੀਰਕ ਰੂਪ ਵਿੱਚ ਵਿਚਰਦੀ ਅੰਤਮ (ਦਸਮੀਂ) ਜੋਤ ਨੇ ੧੭੦੮ ਵਿੱਚ ਸਦੀਵੀ
ਗੁਰਿਆਈ ਬਖਸ਼ ਕੇ ਸ਼ਬਦ ਗੁਰੂ (ਗੁਰੂ ਗ੍ਰੰਥ) ਦੀ ਤਾਬਿਆਂ ਰਹਿਣ ਦੀ ਅਤੇ ਇਸਤੋਂ ਅਗਵਾਈ ਲੈਣ ਦੀ
ਨਸੀਅਤ ਗੁਰਸਿੱਖਾਂ ਨੂੰ ਕੀਤੀ ਸੀ। ਇਸ
ਧੁਰ ਕੀ ਬਾਣੀ ਆਈ॥
(ਪੰਨਾ ੬੨੮) ਵਿੱਚ ਕਿਸੇ ਤਰਾਂ ਦੀ ਤੇ ਕੋਈ ਭੀ ਤਬਦੀਲੀ
ਨਾ ਕਰਨ ਦੀ ਤਾਕੀਦ ਭਰਿਆ ਹੁਕਮ ਭੀ ਗੁਰੂ ਵਲੋਂ ਹੀ ਹੈ। ਸੰਸਾਰਿਕ
ਜ਼ਿੰਦਗੀ ਦੀ ਖ਼ੂਬਸੂਰਤੀ ਮਾਨਣ ਲਈ ਸਹੀ ਸੇਧ ਲੈਣ ਦਾ ਸਿਰਫ ਇੱਕੋ ਇੱਕ ਸੋਮਾਂ ਧੁਰ ਕੀ ਬਾਣੀ ਹੀ ਹੈ
ਇਸੇ ਕਰਕੇ ਬਾਣੀ ਵਿੱਚ ਸੁਨੇਹਾ
ਗਾਵਹੁ ਸਚੀ ਬਾਣੀ॥
(ਪੰਨਾ ੯੧੮) ਦਾ ਦਿੱਤਾ ਗਿਆ ਹੈ। ਗੁਰੂਬਾਣੀ ਵਿੱਚ ਭਗਤ
ਰਵੀਦਾਸ ਜੀ ਅਤੇ ਹੋਰ ਸਾਰੇ ਭਗਤਾਂ ਦੇ ਰਚੇ ਹੋਏ ਰੱਬੀ ਕਲਾਮ ਨੂੰ ਬਾਣੀ ਭਗਤਾਂ ਕੀ ਥੱਲੇ ਅੰਕਤ
ਕੀਤਾ ਗਿਆ ਹੈ। ਇਸੇ ਕਰਕੇ ਆਮ ਸਿੱਖ ਭਗਤ ਰਵੀਦਾਸ ਜੀ ਅਤੇ ਹੋਰਨਾਂ ਭਗਤਾਂ ਨੂੰ ਗੁਰੂ ਹੁਕਮ
ਅਨੁਸਾਰ ਭਗਤ ਵਜੋਂ ਹੀ ਸਤਿਕਾਰਦੇ ਅਤੇ ਸਿਜਦਾ ਕਰਦੇ ਹਨ ਕਿਉਂ ਕਿ ਗੁਰਬਾਣੀ ਦੀ ਰੌਸ਼ਨੀ ਵਿੱਚ ਕਿਸੇ
ਭੀ ਭਗਤ ਜੀ ਸਹਿਬਾਨ ਨੂੰ ਗੁਰੂ ਕਹਿਣਾ ਸੋਭਦਾ ਨਹੀਂ। ਪਰ ਉਹਨਾਂ ਦੀ ਬਾਣੀ ਚੂੰ ਕਿ ਗੁਰੂ ਗ੍ਰੰਥ
ਸਹਿਬ ਵਿੱਚ ਦਰਜ਼ ਹੈ ਇਸ ਲਈ ਪੂਰੀ ਗੁਰਬਾਣੀ ਸਿਰਫ ਸਿੱਖਾਂ ਲਈ ਹੀ ਨਹੀਂ ਬਲਕਿ ਹਰ ਇੱਕ ਲਈ ਸ਼ਬਦ
ਗੁਰੂ ਦਾ ਦਰਜ਼ਾ ਰੱਖਦੀ ਹੈ, ਜੋ ਸਦੀਵੀ ਸੱਚ ਹੈ, ਪੂਰੀ ਮਾਨਵਤਾ ਲਈ ਪ੍ਰੇਰਨਾ ਸਰੋਤ, ਅਤੇ ਜੀਵਨ
ਜਾਚ ਦਾ ਖ਼ਜ਼ਾਨਾਂ ਹੈ। ਇਸ ਤੱਥ ਨੂੰ ਦੁਨੀਆਂ ਭਰ ਦੀ ਸਰਵ-ਸ੍ਰੇਸ਼ਟ ਸੰਸਥਾ ਯੂ ਐਨ ਓ ਨੇ ਭੀ ਸਰਬ ਧਰਮ
ਅਧਿਅਨ ਕਰਵਾਉਣ ਉਪ੍ਰੰਤ ਸਵੀਕਾਰ ਕੀਤਾ ਹੋਇਆ ਹੈ। ਏਨੀ ਸਤਿਕਾਰਤ ਅਤੇ ਮਾਣਤਾ ਯਾਫਤ ਸ਼ੁਧ ਸਚਾਈ ਜੋ
ਕੇਵਲ ਇੱਕ (ਪ੍ਰਮੇਸ਼ਰ) ਨਾਲ ਜੋੜਨ ਦੀ ਸਿੱਖਿਆ ਦਿੰਦੀ ਹੈ ਨੂੰ ਅਲਵਿਦਾ ਕੋਈ ਛੱਪੜ ਦੇ ਡਿੱਡੂ ਵਾਲੀ
ਸੋਚ ਦਾ ਧਾਰਨੀ ਹੀ ਕਹਿ ਸਕਦਾ ਹੈ ਗੁਰਬਾਣੀ ਫੁਰਮਾਣ ਹੈ
ਅੰਨਾ ਬੋਲਾ ਖੁਇ ਉਝੜਿ ਪਾਇ॥
(ਪੰਨਾ ੩੧੪) ਭਾਵ ਇੱਕ ਪ੍ਰਮੇਸ਼ਰ ਦੇ ਰਸਤੇ ਤੋਂ ਭਟਕ ਕੇ
ਕੁਰਾਹੇ ਪੈ ਕੇ ਦਰ-ਦਰ ਦੀਆਂ ਠੋਕਰਾਂ ਤਾਂ ਪੈਣਗੀਆਂ ਹੀ।
ਇਸ ਵਰਗ ਨਾਲ ਸਬੰਧਿਤ ਕੁੱਝ ਰੌਸ਼ਨ ਦਿਮਾਗ ਹਸਤੀਆਂ ਦੇ ਆਖਣ ਤੇ ਇਹਨਾਂ ਦੀਆਂ
ਕੁੱਝ ਸੰਸਥਾਵਾਂ ਨੇ ਜਾਗਰੂਕ ਅਵਸਥਾ ਦਾ ਪ੍ਰਗਟਾਵਾ ਕਰਦੇ ਹੋਏ ਸ਼ਰੇਆਮ ਇਸ ਸਾਧ ਡੇਰੇ ਵਾਲੇ
ਡੇਰੇਦਾਰਾਂ ਦੇ ਕੁਕਰਮ ਨੂੰ ਭਾਂਪਦੇ ਹੋਏ ਆਪਣਾ ਨਾਤਾ ਇਹਨਾਂ ਨਾਲੋਂ ਤੋੜਨਾ ਅਰੰਭ ਕਰ ਦਿੱਤਾ ਹੈ,
ਜੋ ਇੱਕ ਨੇਕ ਸ਼ੁਰੂਆਤ ਦਾ ਜਾਮਨ ਹੈ। ਕਿਉਂ ਕਿ ਸੱਚ ਦੇ ਇਹ ਝੰਡਾ ਬਰਦਾਰ ਗੁਰੂ ਗ੍ਰੰਥ ਸਹਿਬ ਵਿਚਲੇ
ਮਾਨਵੀ ਬਰਾਬਰਤਾ ਦੇ ਰੱਬੀ ਗਿਆਨ ਨੂੰ ਖੋਰਾ ਲਗਦਾ ਨਹੀਂ ਦੇਖ ਸਕਦੇ। ਉਹ ਇਹ ਭੀ ਜਾਣ ਗਏ ਹਨ ਕਿ ਜੋ
ਮਨੁੱਖ ਇਸ ਸਦੀਵੀ ਸੱਚ ਵਾਲੇ ਰਸਤੇ ਉੱਪਰ ਚਲਦੇ ਹਨ, ਪ੍ਰਮੇਸ਼ਰ ਉਹਨਾਂ ਦਾ ਹਰ ਪਲ ਮਦਦਗ਼ਾਰ ਹੁੰਦਾ
ਹੈ। ਸਮੇਂ ਦੇ ਬੀਤਣ ਨਾਲ ਇਸ ਜਾਗਰੂਕ ਕਾਫਲੇ ਵਿੱਚ ਵਾਧਾ ਹੋ ਰਿਹਾ ਹੈ। ਇਸ ਵਰਗ ਦੇ ਕਈ ਵੀਰ ਹੌਲੀ
ਹੌਲੀ ਡੇਰੇਦਾਰਾਂ ਦੇ ਸਵਾਰਥ ਨੂੰ ਸਮਝਣ ਦੇ ਯੋਗ ਹੋ ਰਹੇ ਹਨ ਅਤੇ ਮਨਮੁੱਖਤਾ ਤਿਆਗ ਕੇ ਗੁਰਮੁੱਖਤਾ
ਵਾਲੀ ਸੋਚ ਵਲ ਵਧ ਰਹੇ ਹਨ, ਉਹ ਲਾਜ਼ਮੀਂ ਵਧਾਈ ਦੇ ਪਾਤਰ ਹਨ।
ਸਿੱਖਾਂ ਦੀਆਂ ਉੱਚ ਧਾਰਮਿਕ ਸੰਸਥਾਵਾਂ ਵਲੋਂ ਨਿਭਾਏ ਜਾਂਦੇ ਮਾੜੇ ਕਿਰਦਾਰ
ਕਾਰਨ ਭਗਤ ਜੀ ਦੇ ਸ਼ਰਧਾਲੂ ਇਹ ਭੀ ਜਾਣ ਰਹੇ ਹਨ ਕਿ ਉਹਨਾਂ ਨੂੰ ਪਿਛਾਂਹ ਧਕਣ ਵਾਲੇ ਸਿੱਖ ਖ਼ੁਦ
ਗੁਰੂ ਗ੍ਰੰਥ ਸਹਿਬ ਦੇ ਸਿਧਾਂਤ ਨਾਲੋਂ ਟੁੱਟੇ ਹੋਏ ਹਨ ਇਸੇ ਕਰਕੇ ਇਹਨਾਂ ਨੂੰ ਨਜ਼ਰ ਅੰਦਾਜ਼ ਕਰ ਰਹੇ
ਹਨ। ਇਹਨਾਂ ਵੀਰਾਂ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਜਿਸ ਵੇਲੇ ਗੁਰੂ ਗ੍ਰੰਥ ਸਹਿਬ ਜੀ ਦੇ
ਸਿਧਾਂਤ ਨੂੰ ਪ੍ਰਣਾਏ ਹੋਏ ਗੁਰਸਿੱਖਾਂ ਦਾ ਸਿੱਖ ਸੰਸਥਾਵਾਂ ਉੱਪਰ ਸ਼ਾਸਕੀ ਪ੍ਰਬੰਧ ਹੋ ਜਾਵੇਗਾ ਉਸ
ਵੇਲੇ ਕਿਸੇ ਫਿਰਕੇ ਨਾਲ ਵਿਤਕਰਾ ਭੀ ਆਪਣੇ ਆਪ ਹੀ ਬੰਦ ਹੋ ਜਾਵੇਗਾ। ਇਸ ਲਈ ਇਹ ਜ਼ਰੂਰੀ ਹੈ ਕਿ ਭਗਤ
ਰਵੀਦਾਸ ਜੀ ਦੀ ਵੀਚਾਰਧਾਰਾ, ਜੋ ਗੁਰੂ ਗ੍ਰੰਥ ਸਹਿਬ ਜੀ ਦੀ ਹੀ ਵੀਚਾਰਧਾਰਾ ਹੈ, ਨੂੰ ਪ੍ਰਣਾਏ ਹੋਏ
ਰੰਘਰੇਟੇ ਗੁਰੂ ਕੇ ਬੇਟੇ ਵੀਰ ਸਭ ਤੋਂ ਪਹਿਲਾਂ ਆਪਣੇ ਸਰੂਪ ਨੂੰ ਗੁਰੂ ਵੀਚਾਰਧਾਰਾ ਅਨੁਸਾਰ ਸੁਆਰਨ
ਦੀ ਜੁਰਅਤ ਕਰਨ ਜਾਣੀ ਕਿ
ਸਾਬਤ ਸੂਰਤ ਜੋ ਕੁਦਰਤ ਵਲੋਂ ਬਖਸ਼ਿਆ ਹੋਇਆ ਸਰੂਪ ਹੈ ਵਲ ਪਰਤਣ ਅਤੇ ਜ਼ਾਤਪਾਤ ਦੇ ਕ੍ਹੋੜ ਤੋਂ ਨਿਜਾਤ
ਪਾ ਚੁੱਕੇ ਗੁਰਸਿੱਖ ਕਾਫਲੇ ਵਿੱਚ ਸ਼ਾਮਿਲ ਹੋ ਕੇ ਇਸ ਵਿੱਚ ਵਾਧਾ ਕਰਨ। ਤਾਂ ਹੀ ਸਿੱਖ ਸੰਸਥਾਵਾਂ
ਦੇ ਪ੍ਰਬੰਧਕੀ ਢਾਂਚੇ ਨੂੰ ਗੁਰਮੁਖਾਂ ਦੇ ਹੱਥਾਂ ਵਿੱਚ ਦੇ ਕੇ ਲੋੜੀਂਦੇ ਗੁਰਮਤਿ ਅਨੁਸਾਰ ਸੁਧਾਰਾਂ
ਜੋ ਨਾ ਕੋ ਬੈਰੀ ਨਹੀ ਬਿਗਾਨਾ
ਸਗਲ ਸੰਗਿ ਹਮ ਕਉ ਬਨਿ ਆਈ॥ (ਪੰਨਾ ੧੨੯੯) ਉੱਪਰ
ਅਧਾਰਿਤ ਹੋਣ ਨੂੰ ਸਰ-ਅੰਜ਼ਾਮ ਕਰਨ ਦੀ ਸ਼ੁਰੂਆਤ ਕੀਤੀ ਜਾ ਸਕੇ।
ਇਸ ਸ਼ਾਸਕੀ ਪ੍ਰਬੰਧ ਵਿੱਚ ਇਹੋ ਜੇਹੇ ਸਜਣ ਹੋਣ ਜਿਹਨਾਂ ਦੀ ਸੋਚ ਅੰਦਰ ਕਿਸੇ
ਲਈ ਬੁਰਿਆਈ ਜਾਂ ਮੰਦ ਭਾਵਨਾ ਨਾਂਹ ਹੋਵੇ ਕਿਉਂ ਕਿ
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ
ਕੋ ਮੰਦੇ॥ (ਪੰਨਾ ੧੩੪੯)। ਕਿਸੇ ਦੀ ਖੁਸ਼ਾਮਦ ਕਰਨ
ਦੀ ਭੈੜੀ ਵਾਦੀ ਨਾਂਹ ਹੋਵੇ ਅਤੇ ਜੋ ਕਾਮ, ਕ੍ਰੋਧ, ਲਬ-ਲੋਭ, ਮੋਹ, ਅਹੰਕਾਰ ਦੀ ਜਕੜ ਤੋਂ ਆਜ਼ਾਦ
ਹੋਣ। ਖੁਸ਼ੀ ਤੇ ਗ਼ਮੀ
ਤੋਂ ਨਿਰਲੇਪ ਰਹਿਣ ਵਾਲੇ ਹੋਣ ਅਤੇ ਜਿਹਨਾਂ ਨੂੰ ਨਾਂਹ ਆਦਰ ਅਕ੍ਰਸ਼ਿਤ ਕਰ ਸਕੇ ਅਤੇ ਨਾਂਹ ਨਿਰਾਦਰੀ
ਲਈ ਸ਼ਰਮਸਾਰ ਹੋਣ ਦਾ ਵਲ ਆਉਂਦਾ ਹੋਵੇ
ਸੁਖੁ ਦੁਖੁ ਦੋਨੋ ਸਮ ਕਰਿ ਜਾਨੈ ਅਉਰੁ
ਮਾਨੁ ਅਪਮਾਨਾ (ਪੰਨਾ ੨੧੮)। ਹਰ ਵਕਤ ਅਕਾਲ ਪੁਰਖ
ਪ੍ਰਮੇਸ਼ਰ ਨੂੰ ਆਪਣੇ ਅੰਗ ਸੰਗ ਸਮਝਦੇ ਹੋਏ ਹਰ ਕਾਰ ਕਰਨ ਜਾਂ ਫੈਸਲੇ ਲੈਣ ਵੇਲੇ ਵੀ ਹਰ ਪ੍ਰਾਣੀ
ਮਾਤਰ ਨੂੰ ਬਰਾਬਰ ਸਮਝਦੇ ਹੋਏ ਪਿਆਰ ਕਰਨ ਦੀ ਜਾਚ ਆਉਂਦੀ ਹੋਵੇ। ਜਿਹਨਾਂ ਦਾ ਸਮਾਜਕ, ਸਭਿਆਚਾਰਕ
ਅਤੇ ਆਤਮਿਕ ਜੀਵਨ ਦਾ ਧੁਰਾ ਹਰ ਘੜੀ ਹਰ ਪਲ ੴ ਦੀ ਰਜ਼ਾ ਨੂੰ ਮਿੱਠਾ ਕਰਕੇ ਮੰਨਣ ਵਾਲੀ ਸੋਚ ਦੁਆਲੇ
ਘੁੰਮਦਾ ਰਹੇ। ਜਿਸ ਦਿਨ ਐਸੀ ਜੀਵਨ-ਸ਼ੈਲੀ ਵਾਲਾ ਗੁਣੀ-ਜੀਵਨ ਹਰ ਗੁਰੂ ਨਾਨਕ ਜੀ ਦੇ ਸਿੱਖ ਨੇ ਅਪਣਾ
ਲਿਆ ਤਾਂ ਹਰ ਇੰਨਸਾਨ ਆਪਣੇ ਆਪ ਨੂੰ ਬੇਗਮ ਪੁਰੇ ਦਾ ਵਾਸੀ ਅਨੁਭਵ ਕਰੇਗਾ।
ਹੁਣ ਵੇਖਦੇ ਹਾਂ ਕਿ ਇੰਨਸਾਨ ਵਿੱਚ ਐਸੇ ਗੁਣ ਕਿਵੇਂ ਆ ਸਕਦੇ ਹਨ। ਗੁਰਬਾਣੀ
ਰੱਬੀ ਗੁਣਾਂ ਦਾ ਖ਼ਜ਼ਾਨਾ ਹੈ। ਇਸ ਨੂੰ ਸਮਝਣ ਲਈ ਗੁਰਮੁਖੀ ਅੱਖਰਾਂ ਨੂੰ ਜਾਣਨਾ ਜ਼ਰੂਰੀ ਹੈ ਤਾਂ ਕਿ
ਗੁਰਬਾਣੀ ਨੂੰ ਸਮਝ ਕੇ ਪੜ੍ਹਨਾ ਜਾਂ ਪਾਠ ਕਰਨਾ ਆ ਜਾਏ ਇਸ ਤਰਾਂ ਨਾਲ ਮਨੁੱਖ ਰੱਬੀ ਗੁਣਾਂ ਨਾਲ
ਸਾਂਝ ਪਾ ਸਕਦਾ ਹੈ। ਇਸ ਤੋਂ ਅਗਲਾ ਕਦਮ ਗੁਣਾਂ ਨੂੰ ਆਪਣੇ ਜੀਵਨ ਵਿੱਚ ਥਾਂਹ ਦੇਣਾ ਜਾਂ ਅਪਣਾ ਲੈਣ
ਦਾ ਹੈ। ਇਸ ਤਰਾਂ ਇੱਕ ਇੱਕ ਕਰਕੇ ਰੱਬੀ ਗੁਣਾਂ ਨੂੰ ਜਦੋਂ ਅਸੀਂ ਆਪਣੇ ਜੀਵਨ ਵਿੱਚ ਅਪਣਾਉਂਦੇ
ਜਾਵਾਂਗੇ ਤਾਂ ਸਾਡੀ ਜੀਵਨ-ਸ਼ੈਲੀ ਸਹਿਜੇ ਸਹਿਜੇ ਗੁਰਮਤਿ ਅਨੁਸਾਰ ਢਲ੍ਹਦੀ ਜਾਏਗੀ। ਸਾਨੂੰ ਬਾਣੀ
ਪੜ੍ਹਨ, ਸੁਣਨ ਅਤੇ ਸਮਝਣ ਦੀ ਇੱਕ ਤਰਾਂ ਦੀ ਲਤ ਲੱਗ ਜਾਏਗੀ। ਨਤੀਜਨ ਰੱਬ ਦੀ ਰਜ਼ਾ ਵਿੱਚ ਰਹਿੰਦਿਆਂ
ਸਭ ਕੁਝ, ਚੰਗਾ ਜਾਂ ਮੰਦਾ, ਵਾਪਰਨ ਵਾਲਾ ਭਾਣਾ ਮਿਠਾ ਲੱਗਣ ਲੱਗ ਪਏਗਾ। ਤੁਹਾਡੇ ਵਲੋਂ ਰੱਬ ਵਲ
ਵਧਾਇਆ ਇੱਕ ਕਦਮ ਕੋਟਾਂ ਹੀ ਕਦਮਾਂ ਬਰਾਬਰ ਹੋ ਨਿਬੜੇਗਾ –
ਚਰਨ ਸਰਨਿ ਗੁਰ ਏਕ ਪੈਡਾ ਜਇ ਚਲ
ਸਤਿਗੁਰ ਕੋਟਿ ਪੈਡਾ ਆਗੇ ਹੋਇ ਲੇਤ ਹੈ॥
(ਭਾਈ ਗੁਰਦਾਸ)।
ਸਾਨੂੰ ਇਹ ਤਾਂ ਪਤਾ ਹੈ ਕਿ ਅਸੀਂ ਖਾਲੀ ਹੱਥ ਆਏ ਸਾਂ ਅਤੇ ਖਾਲੀ ਹੱਥ ਹੀ
ਇਸ ਫਾਨੀ ਜਗਤ ਤੋਂ ਚਲੇ ਜਾਣਾ ਹੈ –
ਜੋ ਆਇਆ ਸੋ ਚਲਸੀ
(ਪੰਨਾ ੬੩)। ਜੋ ਸਾਡੇ ਪਾਸ ਹੈ ਸਭ ਉਸ ਇੱਕ ਅਕਾਲ ਪੁਰਖ ਪ੍ਰਮੇਸ਼ਰ ਦਾ ਦਿੱਤਾ ਹੋਇਆ ਹੈ ਜਿਸ ਨੇ
ਸਾਨੂੰ ਇਹ ਮਨੁੱਖੀ-ਜੀਵਨ ਦਿੱਤਾ ਹੈ। ਇਸ ਲਈ ਸਾਡਾ ਅਸਲ ਲਗਾਅ ਪਦਾਰਥਵਾਦ ਨਾਲ ਨਹੀਂ ਸਗੋਂ ਪਦਾਰਥ
ਦੇਣ ਵਾਲੇ ਦਾਤਾਰ ਨਾਲ ਹੋਣਾ ਚਾਹੀਦਾ ਹੈ ਜੋ ਜ਼ਰ੍ਰੇ-ਜ਼ਰ੍ਰੇ ਵਿੱਚ ਰਮਿਆ ਹੋਇਆ ਹੈ –
ਕਬੀਰ ਮੇਰਾ ਮੁਝ ਮਹਿ ਕਿਛੁ ਨਹੀ ਜੋ
ਕਿਛੁ ਹੈ ਸੋ ਤੇਰਾ
(ਪੰਨਾ ੧੩੭੫)। ਇਸ ਵਾਸਤੇ ਸਾਨੂੰ ਆਪਣੇ ਜੀਵਨ ਜਿਊਣ ਦੇ ਢੰਗ ਵਿੱਚ ਸੁਧਾਰ ਕਰਕੇ ਧੁਰ ਕੀ ਬਾਣੀ
ਵਿੱਚ ਦਰਸਾਈ ਜੀਵਨ ਜਾਚ ਅਨੁਸਾਰ ਢਾਲ੍ਹ ਲੈਣਾ ਚਾਹੀਦਾ ਹੈ। ਤਾਂ ਹੀ ਅਸੀਂ ਇਸ ਸਮੁੱਚੀ ਧਰਤੀ ਨੂੰ
ਗ਼ਮ ਰਹਿਤ - ਬੇਗਮ ਪੁਰਾ ਸਹਰ
ਕੋ ਨਾਉ (ਪੰਨਾ ੩੪੫) ਵਾਲੀ ਰੰਗਤ ਵਿੱਚ ਰੰਗਣ ਦੇ
ਕਾਬਿਲ ਹੋ ਕੇ ਆਪਣਾ ਬਣਦਾ ਯੋਗਦਾਨ ਪਾ ਸਕਾਂਗੇ। ਇਹ ਤਾਂ ਹੀ ਸੰਭਵ ਹੋ ਸਕੇਗਾ ਅਗਰ ਅਸੀਂ ਸਾਰੇ
ਮਨੁੱਖਤਾ ਨੂੰ ਲੁੱਟਣ ਅਤੇ ਵੰਡਣ ਵਾਲੇ ਡੇਰੇਦਾਰ ਵ੍ਹੇਲੜ ਸਾਧੜਿਆਂ ਨੂੰ ਮਾਣਤਾ ਦੇਣੀ ਬੰਦ ਕਰ ਕੇ
ਇਹਨਾਂ ਦਾ ਸੰਪੂਰਨ ਬਾਈਕਾਟ ਕਰ ਦੇਈਏ ਅਤੇ ਅਗਵਾਈ ਲੈਣ ਦਾ ਆਧਾਰ ਸਿਰਫ, ਰੱਬੀ ਗੁਣਾ ਦੇ ਭੰਡਾਰ,
ਸ਼ਬਦ ਗੁਰੂ ਗੁਰੂ ਗ੍ਰੰਥ ਸਹਿਬ ਜੀ ਨੂੰ ਹੀ ਬਣਾਉਨ ਦਾ ਯਤਨ ਅਰੰਭੀਏ। ਗੁਰਬਾਣੀ ਨੂੰ ਸਮਝ ਸਮਝ ਕੇ
ਪੜ੍ਹਨ ਜਾਂ ਪਾਠ ਕਰਨ ਨਾਲ (ਤੋਤਾ ਰਟਨ ਨਹੀਂ) ਹੌਲੀ ਹੌਲੀ ਤੁਹਾਡੇ ਗੁਣਾਂ ਦਾ ਭੰਡਾਰ ਵਧਦਾ
ਜਾਵੇਗਾ, ਮਾਨਸਿਕ ਵਿਕਾਸ ਵਿਕਸਤ ਹੋਣਾ ਸ਼ੁਰੂ ਹੋ ਜਾਵੇਗਾ ਅਤੇ ਆਤਮਿਕ ਜੀਵਨ ਉਚਾਈਆਂ ਵਲ ਨੂੰ
ਮਟਕੜੀ ਚਾਲੇ ਤੁਰਨਾ ਸਿੱਖ ਜਾਵੇਗਾ। ਜੋ ਤੁਹਾਡੀ ਲਗਨ ਤੇ ਮੇਹਨਤ ਨਾਲ ਸਮਾਂ ਪਾ ਕੇ ਪੂਰੀ ਗਤੀ
ਵਿੱਚ ਆ ਜਾਏਗਾ ਜਿਵੇਂ ਪ੍ਰਭੂ ਨਾਲ ਇੱਕਮਿੱਕ ਹੋਏ ਗੁਰਮੁਖ ਬਿਰਤੀ ਵਾਲੇ ਬੁਧੀਮਾਨ ਸੱਜਣਾ ਦਾ ਹੋਇਆ
ਕਰਦਾ ਹੈ। (ਇੱਕ) ਰੱਬ ਦੀ ਓਟ, ਆਤਮ ਵਿਸ਼ਵਾਸ, ਸੁਭਾਅ ਦੀ ਨਿਮਰਤਾ, ਜ਼ਬਾਨ ਦੀ ਮਿਠਾਸ ਅਤੇ ਮਨ ਦਾ
ਦ੍ਰਿੜ ਸੰਕਲਪ ਇੰਨਸਾਨ ਦੀ ਹਰ ਹਾਰ ਨੂੰ ਵੀ ਜਿੱਤ ਵਿੱਚ ਬਦਲਣ ਦੇ ਸਮਰੱਥ ਹੈ। ਇਸ ਵਾਸਤੇ ਗ਼ਫਲਤ ਦੀ
ਨੀਂਦ ਵਿੱਚੋਂ ਜਾਗੋ, ਉੱਠੋ ਅਤੇ ਆਓ ਮਿਲਜੁਲ, ਹੰਭਲਾ ਮਾਰ ਕੇ ਉੱਚੇ-ਨੀਵੇਂ ਭੇਦ-ਭਾਵ ਵਾਲੇ ਮੰਨੂੰ
ਸਮਾਜ ਵਲੋਂ ਫੈਲਾਏ ਹੋਏ ਜ਼ਾਤਪਾਤੀ ਨਿਜ਼ਾਂਮ ਦਾ ਦਲਿਦਰ ਮਨੁੱਖੀ ਪ੍ਰੀਵਾਰ ਦੇ ਵੇਹੜੇ ਵਿੱਚੋਂ ਵਗਾਹ
ਮਾਰੀਏ।
ਵਾਰਸ ਸ਼ਾਹ ਉਹ ਕਦੇ ਨਾਂ ਹਾਰਦੇ ਨੇ, ਜਿਹੜੇ ਧੜਾਂ ਤੇ ਬਾਜ਼ੀਆਂ ਲਾ ਬੈਠੇ।
ਨਿਰਭੈ ਸਿੰਘ
|
. |