ਵਾਹ ਨੀ ਅਜਾਦੀਏ. . ! ! ! !
ਬੜਾ ਸ਼ੋਰਗੁੱਲ ਸੁਣ ਰਿਹਾ ਸਾਂ
ਭਾਰਤ ਦੇ ਗੰਣਤੰਤਰ ਦਿਵਸ ਦਾ। ਤੇ ਕਈ ਬੜੇ ਖੁਸ਼ ਸਨ ਜਿਹੜੇ ਸੱਦੇ ਤੇ ਗਏ ਰਸਗੁੱਲੇ ਛੱਕ ਕੇ ਆਏ ਸਨ।
ਪਰ ਚਲੋ ਇਹ ਬੰਦੇ ਦੀ ਅਪਣੀ-ਅਪਣੀ ਮਾਨਸਿਕਤਾ ਹੁੰਦੀ ਹੈ ਕਿ ਉਹ ਕਿੰਨਾ ਕੁ ਸਮਝਦਾਰ ਹੈ ਜਿਹੜਾ
ਇੰਨਾ ਵੀ ਨਹੀ ਸਮਝਦਾ ਕਿ ਇਸ 62 ਸਾਲਾ ਅਜਾਦੀ ਦੀਆਂ ਵਧਾਈਆਂ ਦਾ ਮੱਲਤਬ ਉਨ੍ਹਾਂ ਕ੍ਰੋੜਾਂ ਲੋਕਾਂ
ਨੂੰ ਪੁੱਛਿਆ ਬਣਦਾ ਹੈ ਜਿਹੜੇ ਪੱਸ਼ੂਆਂ ਤੋਂ ਵੀ ਬਦਤਰ ਜਿੰਦਗੀ ਜੀਣ ਲਈ ਮਜਬੂਰ ਹਨ। ਜੀਹਨਾ ਦੀਆਂ
ਪੀਹੜੀਆਂ ਦੀਆਂ ਪੀਹੜੀਆਂ ਹੀ ਸੜਕਾਂ ਤੇ ਜੰਮੀਆਂ ਤੇ ਸੜਕਾਂ ਤੇ ਹੀ ਮਰ ਗਈਆਂ।
ਇਹ ਉਹ ‘ਮਹਾਨ ਮੁਲਖ’ ਹੈ ਜਿਥੇ ਪਸ਼ੂਆਂ ਨੂੰ ਤਾਂ ਪੂਜਿਆ ਜਾਂਦਾ ਹੈ ਪਰ ਮਨੁੱਖਾਂ ਨੂੰ ਸੜਕ ਉਪਰ ਹੀ
ਮਰਨ ਲਈ ਛੱਡ ਦਿੱਤਾ ਜਾਂਦਾ ਹੈ। ਅੰਮ੍ਰਤਿਸਰ ਸ਼ਹਿਰੋਂ ਮੇਰੇ ਪਿੰਡ ਨੂੰ ਜਾਂਦਿਆ ਬਹੁਤ ਭੀੜ ਵਾਲੀ
ਅਤੇ ਮਹਿੰਗੀ ਥਾਂ ਤੇ ਇੱਕ ਗਊਸ਼ਾਲਾ ਹੈ ਜਿਥੇ ਗਊਆਂ ਨੂੰ ਰੱਖ ਕੇ ਉਨ੍ਹਾਂ ਦੀ ਖੂਬ ਸੇਵਾ ਕੀਤੀ
ਜਾਂਦੀ ਹੈ। ਸਰਦੀਆਂ ਵਿੱਚ ਇਨ੍ਹਾਂ ਅਵਾਰਾਂ ਗਊਆਂ ਉਪਰ ਝੁੱਲ ਪਾਏ ਜਾਂਦੇ ਹਨ। ਸੈਕੜੇ ਟੰਨ ਅਨਾਜ
ਫੰਡਰ ਗਊਆਂ ਦੀ ਰੋਜਾਨਾ ਭੇਟ ਕਰ ਦਿਤਾ ਜਾਂਦਾ ਹੈ ਪਰ ਉਥੇ ਹੀ ਨੇੜੇ ਸੜਕ ਤੇ ਅਨੇਕਾਂ ਉਹ ਗਰੀਬ
ਮਨੁੱਖੀ ਸਰੀਰ ਹਨ ਜਿਹੜੇ ਇਸ ਵਾਰੀ ਯੱਖ ਠੰਡ ਪੈਣ ਕਾਰਨ ਸੜਕਾਂ ਉਪਰ ਹੀ ਮਰ ਗਏ! ਉਨ੍ਹਾਂ ਦੀ ਕੋਈ
ਗਿਣਤੀ ਨਹੀ ਜਿਹੜੇ ਰੋਜਾਨਾ ਭੁੱਖੇ ਸਾਉਂਣ ਲਈ ਮਜਬੂਰ ਹਨ। 10 ਵਿੱਚੋਂ 8 ਬੱਚੇ ਗੰਦਾ ਪਾਣੀ ਪੀ ਕੇ
ਉਨ੍ਹਾਂ ਤੋਂ ਪੈਦਾ ਹੋਈਆਂ ਬੀਮਾਰੀਆਂ ਕਾਰਨ ਤਫੜ-ਤੜਫ ਕੇ ਮਰ ਰਹੇ ਹਨ। ਇਹ ਕਿਹੜਾ ਧਰਮ ਹੈ ਜਿਸ
ਵਿੱਚ ਪਸ਼ੂ, ਚੂਹੇ, ਪੱਥਰ ਅਤੇ ਰੁੱਖ ਤਾਂ ਪੂਜੇ ਜਾਂਦੇ ਹਨ ਪਰ ਮਨੁੱਖ ਨੂੰ ਖੂਹ ਨਹੀ ਚੜ੍ਹਨ ਦਿੱਤਾ
ਜਾਂਦਾ, ਪ੍ਰਛਾਵਾਂ ਨਹੀ ਪੈਣ ਦਿੱਤਾ ਜਾਂਦਾ ਹੈ। ਧਰਮ ਦੇ ਨਾਂ ਤੇ ਮਨੁੱਖ ਨੂੰ ਜਿਉਂਦਿਆਂ ਫੂਕ
ਦਿੱਤਾ ਜਾਂਦਾ ਹੈ। ਕੀ ਅੱਜ ਵੀ ਮੁਲਖ ਦੀ ਵਾਗਡੋਰ ਉਸੇ ਸ਼ੁਧ ਬ੍ਰਾਹਮਣ ਦੇ ਹੱਥ ਨਹੀ ਜਿਸ ਮਨੁੱਖ
ਕੋਲੋਂ ਮਨੁੱਖ ਹੋਣ ਦੇ ਹੀ ਸਾਰੇ ਹੱਕ ਖੋਹ ਲਏ? ਅੱਜ ਵੀ ਉਸੇ ਮੰਨੂ ਸਿਮ੍ਰਤੀ ਨੂੰ ਉਂਝ ਹੀ ਪੂਜਿਆ
ਜਾਂਦਾ ਹੈ, ਹਾਲੇ ਵੀ ਰਾਜਸਥਾਨ ਦੇ ਕੋਰਟ ਵਿੱਚ ਮੰਨੂ ਦਾ ਬੁੱਤ ਲੱਗਾ ਹੋਇਆ ਹੈ। ਅਜਿਹੇ ਹਾਲਾਤਾਂ
ਵਿੱਚ ਇਨ੍ਹਾਂ ਵਧਾਈਆਂ ਜਾਂ 62 ਸਾਲਾ ਗੰਣਤੰਤਰ ਦਿਵਸ ਦਾ ਉਨ੍ਹਾਂ ਲੋਕਾਂ ਲਈ ਕੀ ਅਰਥ ਰਹਿ ਗਿਆ
ਜਿਹੜੇ ਹਾਲੇ ਵੀ ਮੰਨੂ ਦੀ ਕ੍ਰਿਪਾ ਸਦਕਾ ਕੁੱਤਿਆਂ ਤੋਂ ਭੈੜੀ ਜਿੰਦਗੀ ਜੀਣ ਲਈ ਮਜਬੂਰ ਹਨ। ਇਸ
ਗੰਣਤੰਤਰ ਦੀ ਖੁਸ਼ੀ ਅਤੇ ਜਸ਼ਨ ਉਨ੍ਹਾਂ ‘ਗਊ ਮਾਤਾਵਾਂ’ ਜਾਂ ਉਪਰ ਬੈਠੀਆਂ ਜੋਕਾਂ ਨੂੰ ਰੱਜ ਕੇ
ਮਨਾਉਂਣੀ ਚਾਹੀਦੀ ਹੈ ਜਿਹੜੇ ਖਾਣ ਨਾਲੋਂ ਵੀ ਮਿੱਧਦੇ ਜਿਆਦਾ ਹਨ ਤੇ ਸਿੰਗ ਮਾਰ ਕੇ ਮੱਨੁਖਤਾ ਦੀਆਂ
ਵੱਖੀਆਂ ਵੀ ਪਾੜਦੇ ਹਨ।
ਟੀ. ਵੀ ਉਪਰ ਲਤਾ ਦਾ ਗਾਣਾ, ਆਂਖ ਮੇ ਭਰ ਲੋ ਪਾਣੀ, ਦੇ ਨਾਲ ਲੀਡਰ ਵੀ ਖੜੋਤੇ ਦਿੱਸ ਰਹੇ ਸਨ
ਇਨ੍ਹਾਂ ਵਿੱਚ ਉਹ ‘ਮਹਾਨ’ ਲੀਡਰ ਵੀ ਸਨ ਜਿਹੜੇ ‘ਸ਼ਹੀਦਾਂ’ ਦੀ ਕੁਰਬਾਨੀ ਨੂੰ ਯਾਦ ਕਰਕੇ ਮੱਗਰਮੱਛ
ਦੇ ਅੱਥਰੂ ਵਹਾ ਰਹੇ ਸਨ ਪਰ ਕੁੱਝ ਚਿਰ ਪਹਿਲਾਂ ਉਨ੍ਹਾਂ ਹੀ ‘ਸ਼ਹੀਦਾਂ’ ਦੇ ਤਬੂਤ ਵੀ ਵੇਚ ਕੇ ਛੱਕ
ਗਏ ਸਨ। ਉਹ ਵੀ ਸਨ ਜਿਹੜੇ ਵਿਸਕੀ ਦੀ ਬੋਤਲ ਅਤੇ ਕੁੱਝ ਡਾਲਰਾਂ ਪਿੱਛੇ ਮੁੱਲਖ ਦੀਆਂ ਫਾਇਲਾਂ
‘ਸੇਲ’ ਕਰਦੇ ਫੜੇ ਗਏ ਸਨ। ਇਸੇ ਵਤਨ ਵਿੱਚ ਉਸ ਬੀਬੀ ਦੇ ਨਾਂ ਦੀ ਏਅਰਪੋਰਟ ਵੀ ਬਣੀ ਹੋਈ ਹੈ ਜਿਸ
ਨੇ ਸਿੱਖਾਂ ਦੇ ਰੱਜ ਕੇ ਲਹੂ ਵਿੱਚ ਨਹਾਤਾ ਅਤੇ ‘ਅਪਣੇ’ ਹੀ ਲੋਕਾਂ ਉਪਰ ਟੈਂਕ ਤੋਪਾਂ ਚਾਹੜੀਆਂ।
ਇਸੇ ਵਤਨ ਦਾ ਅਰਬਾਂ ਰੁਪਿਇਆ ਇੰਦਰਾ ਗਾਂਧੀ ਦੇ ਮੁੰਡਿਆਂ ਅਤੇ ਖੁਦ ਉਸ ਆਪ ਸਵਿੱਜਰਲੈਂਡ ਦੀਆਂ
ਬੈਂਕਾਂ ਤੂੜ ਛੱਡਿਆ ਜਿਹੜਾਂ ਉਹ ਸਾਰਾ ਉਥੇ ਹੀ ਛੱਡ ਕੇ ਮਰ ਗਏ! ! !
ਵਤਨ ਕੀ ਕਿਸੇ ਮਿੱਟੀ-ਢੀਮਾਂ ਦਾ ਨਾਂ ਹੈ? ਵਤਨ ਕਹਿੰਦੇ ਕਿਸੇ ਸਿਸਟਮ ਨੂੰ ਜਿਹੜਾ ਲੋਕਾਂ ਦੀ
ਜਿੰਦਗੀ ਦੀ ਕੋਈ ਤਾਂ ਜਿੰਮੇਵਾਰੀ ਲੈਂਦਾ ਹੋਵੇ! ਵਤਨ ਉਪਰ ਮਰ ਮਿੱਟਣ ਦਾ ਸੰਘ ਪਾੜਨ ਵਾਲਿਆਂ
ਇਨ੍ਹਾਂ ਹੀ ਲੀਡਰਾਂ ਦਾ 18 ਲੱਖ ਅਰਬ ਰੁਪਇਆ ਕੇਵਲ ਜਰਮਨ ਦੀਆਂ ਬੈਕਾਂ ਵਿੱਚ ਪਿਆ ਹੈ ਹਾਲੇ
ਸਵਿਜਰਲੈਂਡ ਵਾਲੇ ਪੈਸੇ ਦਾ ਕੋਈ ਅੰਦਾਜਾ ਨਹੀ। ਅਜਿਹੇ ਸਿਸਟਮ ਅਤੇ ਜੋਕਾਂ ਦੇ ਹੁੰਦਿਆਂ ਕੀ ਅਰਥ
ਰੱਖਦੀ ਹੈ ਅਜਾਦੀ। ਕਿੰਨਾ ਵੱਡਾ ਝੂਠ ਅਸੀਂ ਦੁਨੀਆਂ ਸਾਹਵੇਂ ਬੋਲ ਰਹੇ ਹਾਂ ਕਿ ਇਥੇ ਹਰੇਕ ਧਰਮ ਦਾ
ਸਤਿਕਾਰ ਕੀਤਾ ਜਾਂਦਾ ਹੈ! ਪੰਜਾਬ ਵਿੱਚ ਕੀ ਹੋਇਆ? ਬਾਬਰੀ ਮੱਸਜਦ ਨਾਲ ਕੀ ਹੋਇਆ? ਗੁਜਰਾਤ ਵਿੱਚ
ਕੀ ਹੋਇਆ? ਹੱਦ ਹੋ ਗਈ। ਇਹ ਕੀ ਕੋਈ ਤੁਸੀਂ ਪੁਰਾਣਾਂ ਦੀ ਕਥਾ ਸੁਣਾ ਰਹੇ ਹੋ ਕਿ ਜੋ ਮਰਜੀ ਗੱਪਾਂ
ਮਾਰੀ ਜਾਓ ਤੇ ਲੋਕ ਸਿਰ ਮਾਰ ਕੇ ਸੁਣੀ ਜਾਣਗੇ?
ਗੰਣਤੰਤਰ ਦਿਵਸ ਤੇ ਜਾ ਕੇ ਸਲੂਟ ਮਾਰਨ ਵਾਲੇ ਤੇ ਰੁੱਸਗੁਲੇ ਛੱਕਣ ਵਾਲਿਆਂ ਕੀ ਕਦੇ ਅਜਾਦੀ ਦੇ ਅਰਥ
ਜਾਨਣ ਜਾਂ ਪੁੱਛਣ ਦੀ ਕਦੇ ਜੁਅਰਤ ਕੀਤੀ? ਏਡਜ਼ ਦਾ ਚੈਪੀਅਨ ਬਣਨ ਜਾ ਰਿਹੈ ਇਹ ਵਤਨ. . ? ਰਿਪੋਟਾਂ
ਪੜੋ। ਗਰੀਬੀ, ਭੁੱਖਮਰੀ, ਗੰਦਾ ਪਾਣੀ, ਬੀਮਾਰੀਆਂ ਨਾਲ ਭਰਿਆ ਪਿਆ ਹੈ ਇਹ ਵਤਨ। ਸਾਨੂੰ ਪਤੈ ਬਹੁਤ
ਲੋਕਾਂ ਕੋਲੇ ਕਹਿਣ ਨੂੰ ਦੋ ਲਫਜ ਬਚੇ ਹਨ ਕਿ ਜੀ ਜਿਸ ਮੁੱਲਖ ਦਾ ਖਾਈਏ ਉਸ ਨੂੰ ਭੰਡੀਦਾ ਨਹੀ।
ਕਿਉਂ? ਕੰਧ ਤੇ ਲਿਖਿਆ ਪੜਨਾ ਕੀ ਭੰਡਣਾ ਹੈ? ਮੈ ਤਾਜਾ ਦੇਖ ਕੇ ਆਇਆਂ ‘ਤਰੱਕੀ’ ਦੀਆਂ ਬੁਲੰਦੀਆਂ
ਛੂਹ ਰਿਹਾ ਇਹ ਵਤਨ। ਆਮ ਲੁਕਾਈ ਦੀ ਮੁੱਢਲੀਆਂ ਲੋੜਾਂ ਤੱਕ ਹੀ ਪਹੁੰਚ ਨਹੀ। ਯੱਖ ਠੰਡ ਸੀ, ਪਰ ਰਾਤ
9 ਵਜੇ ਦੀ ਬਿੱਜਲੀ ਗਈ ਸਵੇਰੇ 9 ਵਜੇ ਆਉਂਦੀ ਸੀ ਉਹ ਵੀ ਕੇਵਲ ਦੋ ਘੰਟੇ ਵਾਸਤੇ! ਤਰੱਕੀ ਇਸ ਗੱਲ
ਦਾ ਨਾਂ ਨਹੀ ਕਿ ਇਸ ਮੁਲਖ ਦੀ ਅਬਾਦੀ ਸਵਾ ਅਰਬ ਨੂੰ ਹੱਥ ਲਾ ਗਈ ਹੈ ਤਰੱਕੀ ਇਸ ਨੂੰ ਕਹਿੰਦੇ ਕਿ
ਇਨ੍ਹਾ ਵਿਚੋਂ ਰੋਟੀ ਕਿੰਨੇ ਰੱਜ ਕੇ ਖਾਂਦੇ।
ਇਥੇ ਹਰੇਕ ਨੂੰ ਇਥੋਂ ਤੱਕ ਕਿ ਪਸ਼ੂਆਂ ਨੂੰ ਵੀ ਪੂਜਿਆ ਜਾਂਦਾ ਹੈ। ਕੀ ਇਹ ਕੋਈ ਮਾਣ ਵਾਲੀ ਗੱਲ ਹੈ
ਕਿ ਪਸੂਆਂ ਨੂੰ ਤਾਂ ਪੂਜਿਆ ਜਾਂਦਾ ਪਰ ਮੱਨੁਖਾਂ ਨੂੰ. . ? ਚੂਹਿਆਂ ਨੂੰ ਵੀ ਇਸ ਮੁਲੱਖ ਵਿੱਚ
ਲੱਡੂ ਪਾਏ ਜਾਂਦੇ ਹਨ ਪਰ ਮੱਨੁਖਾਂ ਨੂੰ. . ? ਇਸ ਮੁੱਲਖ ਦਾ ‘ਸ਼ਾਹੀ ਧਰਮ’ ਮੰਨੂੰ ਕੀ ਮਨੁੱਖ ਨੂੰ
ਮਨੁੱਖ ਮੰਨਦਾ?
ਪੁੱਛੋ ਜਾ ਕੇ ਆਖੇ ਜਾਂਦੇ ਸ਼ੂਦਰਾਂ ਨੂੰ ਕਿ ਸਦੀਆਂ ਤੱਕ ਉਨ੍ਹਾਂ ਨਾਲ ਕੀ ਵਾਪਰਿਆ? ਤੇ ਜਿਹੜਾ
ਹਾਲੇ ਵੀ ਵਾਪਰ ਰਿਹੈ। ਜਿਸ ਦੀ ਔਰਤ ਨੂੰ ਛਾਤੀ ਨੰਗੀ ਕਰਕੇ ਤੁਰਨ ਦਾ ਹੁਕਮ ਦਿੰਦਾ ਮੁੱਲਖ ਦਾ
‘ਧਰਮ’ ਉਸ ਨੂੰ ਪੁੱਛੋ ਅਜਾਦੀ ਦੇ ਕੀ ਮਾਇਨੇ ਹਨ। ਜਿਹੜਾ ਅੰਧੇਰਾ ਸਾਰੀ ਮੱਨੁਖਤਾ ਉਪਰ ਧਰਮ ਦੇ
ਨਾਂ ਤੇ ਠੋਸਿਆ ਜਾ ਰਿਹੈ ਕੀ ਉਹ ਮਨੁਖ ਨੂੰ ਅਜਾਦੀ ਦਿੰਦਾ. . ? ਉਥੋਂ ਦਾ ਮੀਡੀਆ ਦਿਨ ਪੁਰ ਰਾਤ
ਟੀ. ਵੀ. ਸੀਰੀਅਲ ਰਾਹੀਂ ਮਨੁੱਖ ਨੂੰ ਹਨੇਰਾ ਵੰਡ ਰਿਹੈ, ਹਾਲੇ ਤੱਕ ਇਥੋਂ ਦੇ ਲੋਕਾਂ ਦਾ ਨਜਰ
ਲੱਗਣ ਤੋਂ ਹੀ ਛੁਟਕਾਰਾ ਨਹੀ ਹੋਇਆ ਪਰ ਇਸ ਨੂੰ ਲੋਕਾਂ ਤੱਕ ਲੈ ਕੇ ਕੌਣ ਜਾ ਰਿਹੈ? ਹੇੜਾਂ ਦੀਆਂ
ਹੇੜਾਂ ‘ਧਾਰਮਿਕ’ ਅਤੇ ਰੰਗ ਬਰੰਗੇ ਬੂਬੁਨਿਆਂ ਦੀਆਂ ਰੋਜਾਨਾ ਸਵੇਰੇ ਸਵੇਰੇ ਲੋਕਾਂ ਨੂੰ ਛਾਂਤੀਂ
ਵੰਡਦਾ ਫਿਰਦਾ ਪਰ ਖੁਦ ਅਜਿਹੇ ਆਸਾਰਾਮ ਅਤੇ ਸ੍ਰੀ ਸ੍ਰੀ ਰਵੀ ਵਰਗਿਆਂ ਦੇ ਆਸ਼ਰਮਾਂ ਵਿੱਚੋਂ ਕੀ
ਨਿਕਲ ਰਿਹੈ?
ਹਸਪਤਾਲਾਂ ਵਿੱਚ ਜਾ ਕੇ ਦੇਖੋ ਕਿਵੇਂ ਮਾਂ ਦੀ ਗੋਦ ਵਿੱਚ ਉਸ ਦਾ ਬੱਚਾ ਮਰ ਰਿਹੈ। ਕਿਉਂ. . ?
ਕਿਸੇ ਕੋਲੇ ਖਾਣ ਲਈ ਲਈ ਅੰਨ ਦਾ ਦਾਣਾ ਨਹੀ, ਰਹਿਣ ਲਈ ਸਿਰ ਤੇ ਛੱਤ ਨਹੀ, ਉਪਰ ਲੈਣ ਲਈ ਕੰਬਲ
ਰਜਾਈ ਨਹੀ, ਹਾਜਤ ਲਈ ਟਾਇਲਿਟ ਨਹੀ, ਕੀ ਇਹ ਤਰੱਕੀ ਹੈ? ਤਰੱਕੀ ਕੀਤੀ ਬਿਰਲੇ-ਟਾਟਿਆਂ, ਅੰਬਾਨੀਆਂ।
ਤਰੱਕੀ ਕੀਤੀ ਉਪਰ ਬੈਠੀਆਂ ਜੋਕਾਂ ਨੇ ਆਮ ਬੰਦੇ ਨੇ ਕਾਹਦੀ ਤਰੱਕੀ ਕੀਤੀ। ਮੇਰੇ ਸਾਹਵੇਂ ਇੱਕ ਬਰੀਬ
ਜਿਹਾ ਬੰਦਾ ਦੁਕਾਨ ਤੋਂ 15 ਰੁਪਏ ਦੇ ਚਿੱਟੇ ਛੋਲੇ ਲੈ ਕੇ ਜਾਂਦਾ ਹੈ। ਇੱਕ ਮੁੱਠ ਨਹੀ ਹੋਣੀ। ਮੈਂ
ਉਸ ਨੂੰ ਪੁੱਛਿਆ ਕਿ ਇਹ ਕਿੰਨਿਆਂ ਖਾਂਣੇ ਤਾਂ ਮੇਰੀ ਹੈਰਾਨੀ ਦੀ ਹੱਦ ਨਾ ਰਹੀ ਜਦ ਉਸ ਛੇ ਜਣੇ
ਕਹੇ। ਮਾਂ-ਪਿਓ, ਦੋ ਬੱਚੇ ਤੇ ਦੋਵੇਂ ਆਪ। ਇੰਨਿਆਂ ਨਾਲ ਸਰ ਜਾਊ? ਹਾਂਅ। ਪਾਣੀ ਜਿਆਦਾ ਪਾ ਕੇ!
ਗੁਜਾਰਾ ਤਾਂ ਕਰਨਾ ਹੀ ਹੈ ਤਿੰਨ ਦਿਨ ਤੋਂ ਲੂਣ ਮਿਰਚਾਂ ਨਾਲ ਰੋਟੀ ਖਾ ਰਹੇ ਆਂ! ਆਮ ਬੰਦੇ ਲਈ ਤਾਂ
ਖੰਡ ਗੁੜ ਹੀ ਸੁਪਨਾ ਹੋ ਗਈ। ਮੰਤਰੀ ਕਹਿ ਰਿਹਾ ਸੀ ‘ਮੈ ਕੋਈ ਜੋਤਸ਼ੀ ਹਾਂ ਕਿ ਦੱਸਾਂ ਕਿ ਖੰਡ ਕਦੋਂ
ਸਸਤੀ ਹੋਵੇਗੀ’! !
ਹਾਲੇ ਤਾਜੀ ਖ਼ਬਰ ਹੈ ਕਿ ਗੁਜਰਾਤ ਵਿੱਚ 62 ਸਾਲਾਂ ਬਾਅਦ ਇੱਕ ਪਿੰਡ ਨੂੰ ਬਿਜਲੀ ਮਿਲੀ ਹੈ। ਇਹ ਹਾਲ
ਹੈ ਇਸ 21ਵੀਂ ਸਦੀ ਵਿੱਚ ਕਦਮ ਰੱਖ ਚੁੱਕੇ ਮੁਲਖ ਦਾ। ਟੀ. ਵੀ. ਫਿਲਮਾਂ ਉਪਰ ਲਿੰਬਿਆਂ-ਪੋਚਿਆ
ਦਿਖਾਇਆ ਜਾਂਦਾ ਮੁਲਖ ਅਸਲ ਹਿੰਦੋਸਤਾਨ ਨਹੀ। ਅਸਲ ਦੇਖਣਾ ਹੈ ਤਾਂ ਹੈਠਲੇ ਪੱਧਰ ਤੇ ਜਾ ਕੇ ਦੇਖੋ।
ਆਮ ਬੰਦੇ ਦੇ ਜੀਵਨ ਦੇ ਨੇੜੇ ਤਾਂ ਜਾਓ। ਅਗਲੇ ਦੇ ਬੂਟਾਂ ਵਿੱਚ ਪੈਰ ਪਾ ਕੇ ਖੜੋ ਕੇ ਦੇਖੋ ਕੀ ਹਾਲ
ਹੋਇਆ ਪਿਆ ਮਨੁੱਖਤਾ ਦਾ। ਬੰਦਾ ਲਹੂ-ਲੁਹਾਨ ਸੜਕ ਤੇ ਤਫੜ ਰਿਹਾ ਹੁੰਦਾ ਕੋਈ ਨੇੜੇ ਨਹੀ ਲੱਗਦਾ।
ਕਿਉਂ? ਕਿਉਂਕਿ ਉਥੋਂ ਦੇ ਕਨੂੰਨ ਦੇ ਰਾਖੇ ਪਹਿਲਾਂ ਨੇੜੇ ਲੱਗਣ ਵਾਲੇ ਦੀ ਹੀ ਜ੍ਹੇਬ ਪਾੜਦੇ ਹਨ।
‘ਉਏ! ਪਿਉ ਨੂੰ ਮਾਰ ਕੇ ਹੁਣ ਤਮਾਸ਼ਾਂ ਦੇਖਦਾਂ? ਤੇ ਅਗਲੇ ਦੀ ਜ੍ਹੇਬ ਖਾਲੀ, ਬੇਇੱਜਤੀ ਵਾਧੂ ਦੀ!
ਬੰਦਾ ਤਫੜ ਰਿਹਾ ਹੁੰਦਾ, ਮਰ ਰਿਹਾ ਹੁੰਦਾ ਪਰ ਹਸਪਤਾਲਾਂ ਵਿੱਚ ਬੈਠੀਆਂ (ਡਾਕਟਰ) ਜੋਕਾਂ ਪੈਸੇ ਲੈ
ਕੇ ਆਉਂਣ ਤੋਂ ਬਿਨਾ ਗੱਲ ਨਹੀ ਕਰਦੀਆਂ। ਕੋਈ ਆਨਾ-ਕਾਨੀ ਕਰੇ ਤਾਂ ਸਮੇਤ ਮਰੀਜ ਦੇ ਧੱਕੇ ਮਾਰ ਕੇ
ਕੱਢ ਦਿੰਦੇ ਹਨ। ਅੰਮ੍ਰਤਿਸਰ ਦੇ ਸਰਕਾਰੀ ਹਸਪਤਾਲਾਂ ਵਿੱਚ ਮੈਂ ਗਿਆ ਹਾਂ। ਹੇਠਾਂ ਠਰੀ ਫਰਸ਼ ਤੇ ਪਏ
ਮਰੀਜ ਕਰਾਹ ਰਹੇ ਹਨ। ਸਿੱਖਾਂ ਦੇ ਬਾਬੇ ਜਾਂ ਬ੍ਰਹਾਮਣ ਐਵੇਂ ਬਕਵਾਸ ਮਾਰਦੇ ਰਹੇ ਹਨ ਕਿ ਨਰਕ ਕਿਤੇ
ਉਪਰ ਜਾ ਕੇ ਹੈ ਕਿਉਂਕਿ ਮਖਮਲੀ ਰਜਾਈਆਂ ਵਿੱਚ ਸਾਉਂਣ ਵਾਲਿਆਂ ਇੰਨਾ ਧਰਤੀ ਉਪਰਲਾ ਨਰਕ ਦੇਖਿਆ
ਹੋਇਆ ਨਹੀ। ਉਨ੍ਹਾਂ ਲੋਕਾਂ ਨੂੰ ਕਿਸੇ ਨਰਕ ਦੀ ਲੋੜ ਨਹੀ ਜਿਹੜਾ ਨਰਕ ਮੁਲਖ ਦੀਆਂ ਜੋਕਾਂ ਨੇ
ਉਨ੍ਹਾ ਨੂੰ ਇਥੇ ਹੀ, ਇਸੇ ਹੀ ਧਰਤੀ ਤੇ ਦੇ ਦਿੱਤਾ ਹੋਇਆ। ਕਿਸੇ ਮਾਂ ਦਾ ਪੁੱਤਰ ਉਸ ਦੀ ਗੋਦ ਵਿੱਚ
ਮਰ ਰਿਹੈ, ਕਿਸੇ ਦਾ ਪਤੀ, ਕਿਸੇ ਭਰਾ ਤੇ ਸਭ ਸਦੀਆਂ ਤੋਂ ਪੜਾਈ ਗਈ ‘ਕੁਦਰਤ ਦੀ ਕ੍ਰੋਪੀ’ ਸਮਝ ਕੇ
ਹਲਾਤਾਂ ਨਾਲ ਸਮਝੌਤਾ ਕਰਨ ਲਈ ਮਜਬੂਰ ਹਨ, ਬੇਬੱਸ ਹਨ ਤੇ ਤੁਸੀਂ ਹੈਰਾਨ ਹੋਵੋਂਗੇ ਕਈਆਂ ਕੋਲੇ
ਅਪਣਾ ਬੰਦਾ ਫੂਕਣ ਲਈ ਲਕੜਾਂ ਵੀ ਨਹੀ ਹਨ! !
62 ਸਾਲ ਹੋਗੇ ਇਸ ਮੁਲਖ ਨੂੰ ਅਜਾਦ ਹੋਇਆਂ ਤੇ ਇਸ ਮੁਲਖ ਨੂੰ ਤਾਂ ਹਾਲੇ ਤੱਕ ਨਿਆਣੇ ਜੰਮਣ ਤੋਂ
ਵਿਹਲ ਨਹੀ ਮਿਲੀ। ਤੇ ਲੀਡਰ ਕਹਿੰਦੇ ਹੋਰ ਜੰਮੋ, ਹੋਰ ਜੰਮੋ। ਇਨ੍ਹਾਂ ਨੂੰ ਪੁੱਛੇ ਪਹਿਲੇ ਕੀ ਸਾਂਭ
ਲਏ ਹਨ? ਪਹਿਲਿਆਂ ਨੂੰ ਕੀ ਰੋਟੀ ਦੇ ਦਿੱਤੀ ਹੈ? ਪਹਿਲੇ ਹਾਲੇ ਸੜਕਾਂ ਤੇ ਰੁਲ ਰਹੇ ਅਗੇ ਹੋਰ ਤੋਂ
ਹੋਰ ਪੈਦਾ ਕਰੋ। ਲੋਕ ਜਾਣਗੇ ਕਿਧਰ? ਸ਼ਹਿਰੋਂ ਮੇਰੇ ਪਿੰਡ ਨੂੰ ਜਾਂਦਿਆਂ ਫਾਟਕ ਪੈਂਦਾ ਹੈ, ਬੜੇ
ਅਰਾਮ ਨਾਲ ਲੰਘ ਜਾਈਦਾ ਸੀ ਇਹ ਕੇਵਲ ਦੋ ਸਾਲ ਪਹਿਲਾਂ ਦੀ ਗੱਲ ਹੈ ਤੇ ਇਸ ਵਾਰੀ ਚਾਰ-ਚਾਰ ਘੰਟੇ ਦਾ
ਜਾਮ ਲਗ ਜਾਂਦਾ ਜਦ ਟਰੇਨ ਆ ਕੇ ਲੰਘਦੀ ਹੈ। ਇਸ ਦਾ ਕੀ ਅਰਥ ਹੋਇਆ? ਤੁਸੀਂ ਸੋਚ ਸਕਦੇ ਹੋਂ ਕਿ 5
ਸਾਲ 10 ਸਾਲ ਬਾਅਦ ਕੀ ਹੋਵੇਗਾ? ਅੰਮ੍ਰਤਿਸਰ ਜਿਥੇ ਜਾਓ ਜਾਮ! ਕਾਰਨ? ਹੁਣ ਥਾਂ ਨਹੀ ਵੱਧਣੀ। ਚੀਨ
ਤਾਂ ਪਹਿਲੀ ਵੀ ਲਿਜਾ ਰਿਹੈ ਪਾਕਿਸਤਾਨ ਦੇਣ ਨਹੀ ਲੱਗਾ। ਤੇ ਇਹ ਅਬਾਦੀ ਕੀ ਚੰਨ ਤੇ ਜਾਊਗੀ?
ਉਪਰਲਿਆਂ ਸਵਾਲਾਂ ਦਾ ਕੀ ਹੱਲ ਹੈ? ਜੇ ਨਹੀ ਤਾਂ ਅਜਾਦੀ ਕਾਹਦੀ?
ਗੁਰਦੇਵ ਸਿੰਘ ਸੱਧੇਵਾਲੀਆ