.

ਸਵੈ ਜੀਵਨੀ

(ਅਤੀ ਸੰਖੇਪ – ਕਿਸ਼ਤ ਨੰ: 02)

Biography (Extra Brief)

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਭਾਈ ਗੁਰਮੁਖ ਸਿੰਘ, ਗਿਆਨੀ ਦਿੱਤ ਸਿੰਘ, ਜਿਨ੍ਹਾਂ ਨਾਵਾਂ ਦੇ ਕੌਮ ਅੱਜ ਸੋਹਿਲੇ ਗਾ ਰਹੀ ਹੈ। ਇਥੋਂ ਤੀਕ ਕਿ ਕੁੱਝ ਸਮਾਂ ਪਹਿਲਾਂ, ਕੌਮ ਨੇ ਭਾਈ ਗੁਰਮੁਖ ਸਿੰਘ ਪ੍ਰਤੀ ‘ਹੁਕਮਨਾਮਾ’ ਵੀ ਵਾਪਸ ਲੈ ਲਿਆ ਹੈ। ਇਸੇ ਤਰ੍ਹਾਂ ਗਿਆਨੀ ਦਿੱਤ ਸਿੰਘ ਕੋਲ ਵੀ ਜੇ ਜ਼ਿੰਦਗੀ ਦੇ ਕੁੱਝ ਦਿਨ ਬਾਕੀ ਹੁੰਦੇ ਤਾਂ ਉਹਨਾਂ ਲਈ ਵੀ ਅਜਿਹਾ ‘ਹੁਕਮਨਾਮਾ’ ਤਿਆਰ ਸੀ। ਜਦਕਿ ਉਹੀ ਗਿਆਨੀ ਦਿੱਤ ਸਿੰਘ, ਆਪਣੇ ਜੀਵਨ `ਚ ਬਿਮਾਰੀ ਦੀ ਗੁੰਝਲਦਾਰ (Cronic) ਹਾਲਤ ਦਾ ਸ਼ਿਕਾਰ ਹੋ ਕੇ ਸੰਸਾਰ ਤੋਂ ਗਏ; ਉਹਨਾਂ ਕੋਲ ਆਪਣੇ ਦੁਆ-ਦਾਰੂ ਲਈ ਵੀ ਪੈਸੇ ਨਹੀਂ ਸਨ। ਅੱਜ ਜਿਹੜੀ ਸਿੱਖ ਕੌਮ ਉਹਨਾਂ ਦੀ ਪੂਜਾ ਕਰ ਰਹੀ ਹੈ, ਉਹਨਾਂ ਦੇ ਨਾਮ `ਤੇ ਐਕੇਡੈਮੀਆਂ ਖੋਲ ਰਹੀ ਹੈ। ਜੇਕਰ ਵੇਲੇ ਸਿਰ ਉਹਨਾਂ ਦਾ ਮੁੱਲ ਨਹੀਂ ਸੀ ਪਾਇਆ ਤਾਂ ਜ਼ਾਤੀ ਤੌਰ `ਤੇ ਗਿਆਨੀ ਜੀ ਨੂੰ ਇਸ ਸਾਰੇ ਦਾ ਕੀ ਲਾਭ? ਪ੍ਰੋਫ਼ੇਸਰ ਸਾਹਿਬ ਸਿੰਘ, ਜਿਨ੍ਹਾਂ ਰਾਹੀਂ ਕੀਤੇ ਗੁਰਬਾਣੀ ਅਰਥਾਂ ਤੋਂ ਬਿਨਾ ਕੌਮ ਦਾ ਛੁਟਕਾਰਾ ਨਹੀਂ, ਜੀਉਂਦੇ ਜੀਅ ਤਾਂ ਸ਼੍ਰੋਮਣੀ ਕਮੇਟੀ ਸਮੇਤ ਉਹਨਾਂ ਦੀਆਂ ਅਮੁਲੀਆਂ ਲਿਖਤਾਂ ਨੂੰ ਸੰਭਾਲਣ ਲਈ ਇੱਕ ਵੀ ਸੰਸਥਾ ਨਾ ਨਿਤਰੀ; ਇਹ ਕੇਵਲ ਮਿਸਾਲਾਂ ਹਨ। ਜੇਕਰ ਦਿਆਣਤਦਾਰੀ ਨਾਲ ਦੇਖਿਆ ਜਾਵੇ ਤਾਂ ਪੰਥਕ ਪੱਧਰ ਦੇ ਵਿਦਵਾਨਾਂ ਲਈ ਅੱਜ ਵੀ ਮਾਪਦੰਡ ਉਹੀ ਹੈ ਤੇ ਇਸ `ਚ ਰਤਾ ਫ਼ਰਕ ਨਹੀਂ ਆਇਆ। ਕਾਸ਼, ਕੌਮ ਵੇਲੇ ਸਿਰ ਆਪਣੇ ਵਿਦਵਾਨਾਂ ਦੀ ਕੱਦਰ ਪਾ ਸਕੇ, ਜਿਸ ਤੋਂ ਕੌਮ ਦੀ ਸੰਭਾਲ ਵੀ ਹੋਵੇ ਤੇ ਕੌਮ ਨੂੰ ਉਹਨਾਂ ਤੋਂ ਲੋੜੀਂਦਾ ਲਾਭ ਵੀ।

ਖੈਰ ਵਿਸ਼ਾ ਸੀ ਗਿਆਨੀ ਭਾਗ ਸਿੰਘ ਜੀ- ਗੱਲ ਚਲ ਰਹੀ ਸੀ ਗਿਆਨੀ ਭਾਗ ਸਿੰਘ ਅੰਬਾਲਾ ਤੇ ਉਹਨਾਂ ਨਾਲ ਮਿਲਾਪ ਸਬੰਧੀ। ਇਸ `ਚ ਅਤਿ ਕੱਥਨਂੀ ਨਹੀਂ, ਸੰਸਾਰ ਪੱਧਰ ਤੇ ਜਿਹੜੀ ਅੱਜ ਸਿੱਖ ਮਿਸ਼ਨਰੀ ਤੇ ਗੁਰਮਤਿ ਜਾਗ੍ਰਿਤੀ ਲਹਿਰ ਦੇਖ ਰਹੇ ਹਾਂ ਇਸ ਦੀਆਂ ਜੜ੍ਹਾਂ `ਚ ਜੇ ਕਰ ਕਿਸੇ ਵਿਦਵਾਨ ਤੇ ਪੰਥ ਦਰਦੀ ਦਾ ਖੂਨ ਪਸੀਨਾ ਇੱਕ ਹੋਇਆ ਹੈ ਤਾਂ ਉਹ ਕਿਸੇ ਹੋਰ ਦਾ ਨਹੀਂ-ਬਲਕਿ ਉਹ ਹੈ ਕੇਵਲ ਤੇ ਕੇਵਲ ਸਤਿਕਾਰ ਜੋਗ, ਗੁਰਪੁਰਵਾਸੀ ਗਿਆਨੀ ਭਾਗ ਸਿੰਘ ਜੀ ਅੰਬਾਲਾ ਦਾ।

ਜਦੋਂ ਗਿਆਨੀ ਜੀ ਨੂੰ ਕਿਸੇ ਤਰੀਕੇ ਦੱਸ ਪਈ ਕਿ ੧੦੦ ‘ਸੰਤ ਨਗਰ, ਲਾਜਪਤ ਨਗਰ, ਨਵੀਂ ਦਿੱਲੀ `ਚ ਕੁੱਝ ਨੌਜੁਆਨ ਗੁਰਬਾਣੀ ਜੀਵਨ ਨਾਲ ਜੁੜਣ ਲਈ ਯਤਨਸ਼ੀਲ ਹਨ। ਤਾਂ ਫ਼ਿਰ ਕੀ ਸੀ, ਪੁਛਦੇ ਪੁਛਾਂਦੇ ਆਪ ਵੀ ਸੰਤ ਨਗਰ ਪੁੱਜ ਗਏ। ਇਸ ਵਿਸ਼ੇ `ਤੇ ਸਾਡੀ ਦੌੜ ਤਾਂ ਪਾਤਸ਼ਾਹ ਵਲੋਂ ਪਹਿਲਾਂ ਹੀ ਚਲ ਰਹੀ ਸੀ ਭਾਵ ਗੁਰਬਾਣੀ ਅਰਥ ਬੋਧ ਸਮਝਣ ਤੇ ਜਾਨਣ ਦੀ। ਜਦੋਂ ਗਿਆਨੀ ਜੀ ਨਾਲ ਮਿਲਾਪ ਹੋਇਆ ਤਾਂ ਇਸ ਤੋਂ ਸਾਨੂੰ ਵੀ ਵੱਡਾ ਉਤਸਾਹ ਮਿਲਿਆ। ਗਿਆਨੀ ਜੀ ਨੇ ਸਾਡੇ ਤੋਂ ਪੁਛਿਆ ਤੇ ਕਹਿਣ ਲੱਗੇ “ਕੀ ਤੁਸੀਂ ਗੁਰਬਾਣੀ ਪੜ੍ਹਨਾ ਤੇ ਗੁਰਬਾਣੀ ਦੇ ਅਰਥ-ਬੋਧ ਸਮਝਣਾ ਚਾਹੁੰਦੇ ਹੋ ਤਾਂ ਤੇ ਬਹੁਤ ਚੰਗੀ ਗੱਲ ਹੈ। ਇਸ ਬਾਰੇ ਤੁਸੀਂ ਚਿੰਤਾ ਨਾ ਕਰੋ ਤੁਸੀਂ ਪੜ੍ਹੋਗੇ ਤੇ ਤੁਹਾਨੂੰ ਪੜ੍ਹਾਵਾਂਗਾ ਮੈ। ਪਰ ਹਾਲ ਦੀ ਘੜੀ ਤੁਸੀਂ ਇੱਕ ਕੰਮ ਕਰੋ, ਕੌਮ ਦੇ ਸਾਰੇ ਵਿਦਵਾਨ ਸਤਿਕਾਰ ਜੋਗ ਹਨ, ਫ਼ਿਰ ਵੀ ਬਾਕੀਆਂ ਨੂੰ ਬਾਅਦ `ਚ ਪੜ੍ਹਦੇ ਰਹਿਣਾ। ਮੇਰੇ ਕਹਿਣ `ਤੇ ਤੁਸੀਂ ਅਜੇ ਕੇਵਲ ਪ੍ਰੋਫ਼ੈਸਰ ਸਾਹਿਬ ਸਿੰਘ ਨੂੰ ਪੱਕੜ ਲਵੋ, ਇਹ ਜ਼ਿਕਰ ਹੈ ਸੰਨ 1968 ਦਾ।” (ਇਸ ਮਿਲਾਪ ਬਾਰੇ ਹੋਰ ਵੇਰਵਾ ਗੁਰਮਤਿ ਪਾਠ ਨੰ: ੧੪੦ `ਚ)

ਦੇਖਣ ਦੀ ਗਲ ਹੈ, ਸੰਨ ੧੯੮੦ ਤੀਕ ਰਹਿ ਚੁੱਕੇ “ਗੁਰਮਤਿ ਮਿਸ਼ਨਰੀ ਕਾਲਿਜ, ੧੦੦ ਸੰਤ ਨਗਰ ਦਿੱਲੀ ਤੇ ਉਸੇ ਤੋਂ ਹੀ ਬਦਲਵੀ ਹੋਂਦ `ਚ ਆਏ ਲੁਧਿਆਣੇ ਵਾਲੇ ‘ਸਿੱਖ ਮਿਸ਼ਨਰੀ ਕਲਿਜ’ ਦੇ ਪਤ੍ਰਾਚਾਰ ਕੋਰਸ `ਚ ਅੱਠ ਤਿਮਾਹੀਆਂ `ਚ ਵੰਡੇ ਹੋਏ ਜੋ ਵੱਖ ਵੱਖ ਗੁਰਮਤਿ ਸਿਧਾਂਤਾਂ ਤੇ ਆਧਾਰਿਤ 48 ਚੌਣਵੇਂ ਸ਼ਬਦ ਹਨ, ਇਹ ਚੌਣ ਤੇ ਇਹਨਾ ਸ਼ਬਦਾਂ ਦੀ ਉਸ ਸਮੇਂ ਕਰਵਾਈ ਵਿਆਖਿਆ ਵੀ ਗਿਆਨੀ ਭਾਗ ਸਿੰਘ ਜੀ ਦੀ ਹੀ ਦੇਣ ਹੈ। ਇਹ ਵੱਖਰੀ ਗੱਲ ਹੈ ਕਿ ਉਸ ਸਮੇਂ ਜੋ ਵਿਆਖਿਆ ਗਿਆਨੀ ਜੀ ਨੇ ਕੀਤੀ, ਉਹਨਾਂ ਨੇ ਉਸ ਨੂੰ ਟੇਪ ਵੀ ਕਰਵਾਇਆ ਸੀ ਜੋ ਸਮੇਂ ਨਾਲ ਟੇਪਾਂ ਅੱਗੇ-ਪਿਛੇ ਹੋ ਗਈਆਂ ਹਨ। ਖੈਰ ਇਹ ਲੰਮੀ ਵਿੱਥਿਆ ਹੈ ਪਰ ਦਿਨ ਦੇ ਸੂਰਜ ਵਾਂਗ ਸੱਚ ਹੈ, ਜੇਕਰ ਉਸ ਸਮੇਂ ਗਿਆਨੀ ਜੀ ਸਾਡੇ ਸੰਪਰਕ `ਚ ਨਾ ਆਏ ਹੁੰਦੇ ਤਾਂ ਸ਼ਾਇਦ ਅੱਜ ਇਸ ‘ਸਿੱਖ ਮਿਸ਼ਨਰੀ ਲਹਿਰ ਸੰਨ ੧੯੫੬’ ਦਾ ਵਜੂਦ ਵੀ ਨਾ ਹੁੰਦਾ ਜਾਂ ਇਸ ਦੇ ਬਦਲੇ ਕੁੱਝ ਹੋਰ ਹੀ ਹੁੰਦਾ।

ਇਹ ਗਿਆਨੀ ਜੀ ਦੀ ਲਗਣ, ਹਿੰਮਤ ਤੇ ਮੇਹਨਤ ਹੀ ਸੀ ਕਿ ਇਤਨੀ ਵਡੇਰੀ ਉਮਰ ਦੇ ਬਾਵਜੂਦ, ਆਪ ਮਈ-ਜੂਨ ਦੀਆਂ ਭਖਦੀਆਂ ਦੁਪਿਹਰਾਂ, ਸਰਦੀਆਂ ਦੀਆਂ ਕਾਲੀਆਂ ਠੰਡੀਆਂ ਰਾਤਾਂ, ਸਾਵਨ-ਭਾਦੋਂ ਦੀਆਂ ਵਰਦੀਆਂ ਬਾਰਿਸ਼ਾਂ `ਚ ਵੀ, ਕੇਵਲ ਦੋ-ਦੋ ਤੇ ਚਾਰ-ਚਾਰ ਨੌਜੁਆਨਾ ਲਈ, ਸਾਡੇ ਨਾਲ ਦਿੱਲੀ ਦੇ ਕੋਨੇ ਕੋਨੇ `ਚ ਪੁੱਜ ਕੇ, ਬਿਨਾ ਭੇਟਾ ਗੁਰਮਤਿ-ਗੁਰਬਾਣੀ ਦੀ ਤਿਆਰੀ ਕਰਵਾਂਦੇ ਰਹੇ। ਜੇਕਰ ਅਜਿਹਾ ਨਾ ਹੋਇਆ ਹੁੰਦਾ ਤਾਂ ਸੰਸਾਰ ਪੱਧਰ `ਤੇ ਪੰਥ ਅੰਦਰ ਦਿਖਾਈ ਦੇ ਰਹੀ, ਅੱਜ ਵਾਲੀ “ਗੁਰਮਤਿ ਜਾਗ੍ਰਿਤੀ” ਅਥਵਾ “ਸਿੱਖ ਮਿਸ਼ਨਰੀ ਲਹਿਰ ਸੰਨ ੧੯੫੬” ਤੇ ਸੰਸਾਰ ਭਰ `ਚ ਫੈਲ ਚੁੱਕੀਆਂ ‘ਗੁਰਮਤਿ-ਗੁਰਬਾਣੀ ਦੀਆਂ ਕਲਾਸਾਂ ਵਾਲੀ ਲਹਿਰ’ ਕਦੇ ਹੋਂਦ `ਚ ਵੀ ਨਹੀਂ ਸੀ ਆਉਣੀ। ਇਹ ਸਾਰਾ ਉਸ ਸਮੇਂ ਗਿਆਨੀ ਭਾਗ ਸਿੰਘ ਜੀ ਰਾਹੀਂ ੧੦੦ ਸੰਤ ਨਗਰ, ਦਿੱਲੀ `ਚ ਕੀਤੀ ਬੇਅੰਤ ਹਿੰਮਤ, ਲਗਣ ਤੇ ਮੇਹਨਤ ਦਾ ਹੀ ਫਲ ਹੈ। ਇਸ ਤੋਂ ਇਲਾਵਾ ਉਸ ਸਮੇਂ ਦਿੱਲੀ `ਚ ਜੋ ‘ਗੁਰਮਤਿ ਮਿਸ਼ਨਰੀ ਕਾਲਿਜ’, ੧੦੦ ਸੰਤ ਨਗਰ, ਦਿੱਲੀ ਵਲੋਂ, ਗੁਰਮਤਿ-ਗੁਰਬਾਣੀ ਦੀਆਂ ਕੇਂਦਰੀ ਕਲਾਸਾਂ ਲਗਦੀਆਂ ਤੇ ਜਿਨ੍ਹਾਂ `ਚ ਹਾਜ਼ਰੀ ਵੀ ਤਿੰਨ ਸੌ ਤੋਂ ਉਪਰ ਹੀ ਹੁੰਦੀ ਸੀ, ਉਹ ਕਲਾਸਾਂ ਵੀ ਗਿਆਨੀ ਜੀ ਨਿਯਮ ਨਾਲ ਲੈਂਦੇ ਰਹੇ।

ਮਿਸ਼ਨਰੀ ਸਸੰਥਾਂਵਾਂ ਦਾ ਅਰੰਭ ਤੇ ਵਿਸਤਾਰ- ਜਿਵੇਂ ਜ਼ਿਕਰ ਆ ਚੁੱਕਾ ਹੈ, ਦਰਅਸਲ ਮੋਜੂਦਾ ਮਿਸ਼ਨਰੀ ਲਹਿਰ ਦਾ ਅਰੰਭ ਤਾਂ ਸੰਨ 1956 ਦਾਸ ਦੇ ਕੈਂਪ ਕਾਲਿਜ ਦਿੱਲੀ ਸਮੇਂ ਹੀ ਹੋ ਚੁੱਕਾ ਸੀ ਅਤੇ ਇਸ ਲਹਿਰ ਦੇ ਮੋਢੀ ਹੋਣ ਦਾ ਮਾਨ ਵੀ ਅਕਾਲਪੁਰਖ ਵਲੋਂ ਦਾਸ ਤੇ ਦਾਸ ਦੇ ਹੀ ਦੂਜੇ ਸਾਥੀ ਸ੍ਰ: ਮਹਿੰਦਰ ਸਿੰਘ ਜੋਸ਼ ਨੂੰ ਪ੍ਰਾਪਤ ਹੋਇਆ ਸੀ। ਇਸ ਤਰ੍ਹਾਂ ਉਸ ਸਮੇਂ ਸਾਡੇ ਕੋਲ, ਗੁਰੂ ਬਖਸ਼ਿਆ ਪੰਥਕ ਸੰਭਾਲ ਲਈ ਫੁਰਣਾ ਤੇ ਨਿਸ਼ਾਨਾ ਤਾਂ ਸੀ, ਪਰ ਇਸ ਦੇ ਅਜੋਕੇ ਫੈਲਾਅ ਬਾਰੇ ਅੰਦਾਜ਼ਾ ਨਹੀਂ ਸੀ। ਅਸਲ `ਚ ਇਸ ਇਲਾਹੀ ਪ੍ਰੋਗ੍ਰਾਮ ਦਾ ਕੁੱਝ ਕੁ ਮੂਲ ਤੇ ਸੰਸਥਾ ਦਾ ਰੂਪ ਉਸ ਦਿਨ ਬੱਝਾ ਜਦੋਂ ਜੋਸ਼ ਜੀ ਨੇ ਆਪਣੀ ਰਿਹਾਇਸ਼, ਤਿਲਕ ਨਗਰ ਤੋਂ 100 ਸੰਤ ਨਗਰ, ਲਾਜਪਤ ਨਗਰ, ਦਿੱਲੀ ਵਿਖੇ ਤਬਦੀਲ ਕਰ ਕੇ, ਉਥੇ ਗੁਰਬਾਣੀ ਦੀਆਂ ਕਲਾਸਾਂ ਅਰੰਭ ਕੀਤੀਆਂ। (ਇਸ ਬਾਰੇ ਵੀ ਹੋਰ ਵੇਰਵਾ ਗੁਰਮਤਿ ਪਾਠ ਨੰ: ੧੪੦ `ਚ)

ਕੁਝ ਸਮਾਂ ਬਾਅਦ, ਸਾਡਾ ਇਸ ਤੋਂ ਅਗਲਾ ਕਦਮ ਦਿੱਲੀ ਗੁਰਦੁਆਰਾ ਕਮੇਟੀ ਨਾਲ ਸੰਪਰਕ ਪੈਦਾ ਕਰਕੇ ਗੁਰਪੁਰਬਾਂ ਦੇ ਵੱਡੇ ਸਮਾਗਮਾ ਸਮੇਂ ਜੋੜਿਆਂ ਦੀ ਸੇਵਾ ਰਸਤੇ, ਵਧ ਤੋਂ ਵਧ ਗੁਰੂ ਕੀਆਂ ਸੰਗਤਾਂ ਤੇ ਨੌਜੂਆਨਾਂ ਨੂੰ ਸੰਸਥਾ ਦੇ ਸੰਪਰਕ `ਚ ਲਿਆਉਣਾ ਸੀ। ਇਹਨਾ ਗੁਰਪੁਰਬਾਂ ਸਮੇਂ ਜਿੰਨੀ ਸੰਗਤ ਸੇਵਾ ਕਰਣ ਲਈ ਸਾਡੇ ਨਾਲ ਸ਼ਾਮਿਲ ਹੁੰਦੀ, ਵਿਚਕਾਰ ਰਜਿਸਟਰ ਰਖ ਕੇ ਉਹਨਾਂ ਦੇ ਅਡਰੈਸ-ਨਾਮ ਪਤੇ ਲੈ ਲਏ ਜਾਂਦੇ। ਇਸ ਤਰ੍ਹਾਂ ਬਾਅਦ `ਚ ਰਾਤ-ਰਾਤ ਭਰ ਦਾਸ ਵਲੋਂ ਉਹਨਾਂ ਨੂੰ ਇਕਤ੍ਰਤਾ ਲਈ ੧੦੦ ਬਲਕਿ ਕਈ ਵਾਰੀ ਤਾਂ ੧੫੦-੧੫੦ ਤੀਕ ਪੋਸਟ ਕਾਰਡ ਲਿਖ ਕੇ ਪੋਸਟ ਕੀਤੇ ਜਾਂਦੇ। ਇਕਤ੍ਰਤਾ ਦਾ ਸਥਾਨ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਦੇ ਬਾਹਰ ਵਾਲਾ ਹਾਲ, ਜਿਹੜਾ ਕਿ ਬਾਅਦ `ਚ ਤੋੜ ਕੇ ਉਸ ਛੱਤ ਹੇਠ ਅਜਕਲ ਗੁਰੂ ਹਰਿਕ੍ਰਿਸ਼ਨ ਹਸਪਤਾਲ ਚਲ ਰਿਹਾ ਹੈ, ਸਦਾ ਵਾਸਤੇ ਨਿਯਤ ਸੀ। ਇਕਤ੍ਰਤਾਵਾਂ ਲਈ ਅਜੰਡਾ ਵੀ ਆਮ ਤੌਰ `ਤੇ ਪਰ ਬਦਲਵੇ ਲਫ਼ਜ਼ਾਂ `ਚ ਇਕੋ ਹੀ ਹੁੰਦਾ ‘ਕੌਮ ਦਾ ਕੀ ਬਣੇਗਾ? ਉਪ੍ਰੰਤ ਇਤਨੀ ਭਾਰੀ ਮੇਹਨਤ ਤੇ ਇਤਨੇ ਪੋਸਟ ਕਾਰਡ ਆਦਿ ਲਿਖਣ ਤੇ ਪੋਸਟ ਕਰਣ ਬਾਅਦ ਵੀ, ਹਰ ਵਾਰੀ ਨਤੀਜਾ ‘ਢਾਕ ਕੇ ਤੀਨ ਪਾਤ’ ਵਾਲਾ ਹੀ ਹੁੰਦਾ।

ਉਹ ਜ਼ਮਾਨਾ ਚੂੰਕਿ ਸਾਈਕਲ ਦਾ ਹੀ ਸੀ, ਇਸ ਲਈ ਇੱਕ ਪਾਸਿਓਂ ਲੋਧੀ ਰੋਡ ਤੋਂ ਸਾਈਕਲ `ਤੇ ਦਾਸ ਤੇ ਦੂਜੇ ਪਾਸਿਓਂ ਤਿਲਕ ਨਗਰ ਤੋਂ ਜੋਸ਼ ਜੀ। ਇਸ ਤੋਂ ਵੱਧ ਸੌ-ਪੰਜਾਹ ਨਹੀਂ ਬਲਕਿ ਮੁੜ-ਤੁੜ ਕੇ ਚਾਰ ਜਾਂ ਪੰਜ ਸਰੀਰ ਹੀ ਪੁੱਜਦੇ। ਇਸ ਤੋਂ ਵੱਡੀ ਗੱਲ ਇਹ ਕਿ ਜਿਹੜੇ ਸੱਜਨ ਇੱਕ ਮੀਟਿੰਗ `ਚ ਆ ਜਾਂਦੇ ਅਗਲੀ `ਚ ਉਹ ਨਹੀਂ ਬਲਕਿ ਦੂਜ ਹੋਰ ਹੀ ਚਾਰ-ਪੰਜ ਹੁੰਦੇ, ਵਧ ਫ਼ਿਰ ਵੀ ਨਹੀਂ। ਇਕਤ੍ਰਤਾ ਤੋਂ ਬਾਅਦ ਸਾਡਾ ਦੋਨਾਂ ਦਾ ਘਰ-ਘਰ `ਚ ਫ਼ੀਲਡ ਵਰਕ ਵਾਲਾ ਜਨੂੰਨ ਚਾਲੂ ਹੋ ਜਾਂਦਾ। ਇਹ ਵੀ ਉਸ ਜ਼ਮਾਨੇ `ਚ, ਜਦੋਂ ਦਿੱਲੀ `ਚ ਅਡਰੈਸ-ਪਤੇ ਢੂੰਡਣੇ ਵੀ ਸੌਖੇ ਨਹੀਂ ਸਨ ਹੁੰਦੇ ਤੇ ਸਾਧਨ ਵੀ ਸਾਈਕਲ ਹੀ ਸੀ। ਖੈਰ ਉਥੇ ਵੀ ਜਿਸਨੇ ਇੱਕ ਵਾਰੀ ਘਰ `ਚ ਮਿਲ ਪੈਣਾ, ਪਹਿਲੀ ਵਾਰ ਤਾਂ ਚੰਗੀ ਆਉ-ਭਗਤ ਹੋ ਜਾਣੀ ਪਰ ਦੂਜੀ ਵਾਰੀ, ਸਾਨੂੰ ਘਰੋਂ ਕਢੇ ਹੋਏ ਤੇ ਵਿਹਲੜ ਮੰਨ ਕੇ ਬਾਹਰੋਂ ਹੀ ਅਖਵਾ ਦਿੱਤਾ ਜਾਂਦਾ ਕਿ ‘ਘਰ ਨਹੀਂ ਹਨ।

ਕਾਰਣ ਇਕੋ ਹੀ ਹੁੰਦਾ, ਇੱਕ ਪਾਸੇ ਤਾਂ ਸੋਚਣੀ-ਕਰਣੀ `ਚ, ਅਕਾਲਪੁਰਖ ਵਲੋਂ ਭਾਂਬੜ ਮਚਿਆ ਪਿਆ ਸੀ ਤੇ ਦੂਜੇ ਪਾਸੇ ਸੰਗਤਾਂ ਇਸ ਕੰਮ ਨੂੰ ਸਾਡੀ ਪੱਧਰ ਦਾ ਨਹੀਂ ਬਲਕਿ ‘ਸ਼੍ਰੋਮਣੀ ਕਮੇਟੀ’ ਤੇ ‘ਦਿੱਲੀ ਕਮੇਟੀ’ ਦੀ ਪੱਧਰ ਦਾ ਮੰਨ ਕੇ ਚਲ ਰਹੀਆਂ ਸਨ। ਸੰਗਤਾਂ ਵਿਚੋਂ ਵੀ ਬਹੁਤੇ ਤਾਂ ਉਹ ਹੁੰਦੇ ਜੋ ਇਸ ਕੰਮ ਦੀ ਲੋੜ ਨੂੰ ਹੀ ਨਕਾਰਦੇ ਤੇ ਇਸ ਦੇ ਲਈ ਸਾਡੇ ਨਾਲ ਬਹਿਸ-ਮੁਬਾਹਿਸੇ ਵੀ ਕਰਦੇ। ਇਸ ਲਈ ਇਸ ਅਰੰਭ ਹੋ ਚੁੱਕੇ ਪੰਥਕ ਪੱਧਰ ਦੇ ਕਾਰਜ ਲਈ ਹੀ ਸਾਡੇ ਤੇ ਸੰਗਤਾਂ ਵਿਚਕਾਰ ਵੱਡਾ ਪਾੜਾ ਸੀ।

ਸੰਗਤਾਂ ਨਾਲ ਸੰਪਰਕ ਵਧਾਉਣ ਵਾਲੇ ਵਿਚਾਰ ਅਨੁਸਾਰ ਹੀ ਇੱਕ ਹੋਰ ਕਦਮ ਵੀ ਚੁਕਿਆ। ਹਰੇਕ ਐਤਵਾਰ ਗੁਰਦੁਆਰਾ ਬੰਗਲਾ ਸਾਹਿਬ ਸਵੇਰ ਦੇ ਸਮਾਗਮ ਸਮੇਂ, ਜਦੋਂ ਕਿ ਉਥੇ ਅੱਜ ਦੀ ਤਰ੍ਹਾਂ ਪਾਈਪਾਂ ਵਾਲੀ ਵੰਡ ਤੇ ਸੰਗਤਾਂ ਦੀਆਂ ਕਤਾਰਾਂ ਵਾਲਾ ਢੰਗ ਲਾਗੂ ਨਹੀਂ ਸੀ ਹੋਇਆ; ਮੱਥਾ ਟੇਕਣ ਵਾਲੀਆਂ ਸੰਗਤਾਂ ਦੀਆਂ ਕਤਾਰਾਂ ਲਗਵਾਉਣ ਦੀ ਸੇਵਾ ਅਰੰਭ ਕੀਤੀ ਗਈ ਜੋ ਕਾਫ਼ੀ ਸਮਾਂ ਚਲਦੀ ਰਹੀ ਤੇ ਸੰਗਤਾਂ ਵਿਚਕਾਰ ਉਸ ਸੇਵਾ ਨੇ ਸ਼ਲਾਘਾ ਵੀ ਬਹੁਤ ਲਈ। ਉਸ ਸਮੇਂ ਸੰਸਥਾ ਦਾ ਅਰੰਭਕ ਨਾਮ “ਭਾਈ ਸੁਖਾ ਸਿੰਘ ਮਹਿਤਾਬ ਸਿੰਘ ਖਾਲਸਾ ਧਰਮ ਪ੍ਰਚਾਰਕ ਦਲ’ ਤੇ ਉਸ ਤੋਂ ਬਾਅਦ “ਸ੍ਰੀ ਕਲਗੀਧਰ ਗੁਰਮਤਿ ਪ੍ਰਚਾਰਕ ਦਲ” ਪੱਕਾ ਕੀਤਾ ਗਿਆ। ਨਾਮ ਨੂੰ ਬਦਲਣ ਲਈ ਵੱਡਾ ਕਾਰਣ ਸੀ ਕਿ ਉਸ ਸਮੇਂ ਸੰਗਤਾਂ `ਚ ਗੁਰਮਤਿ ਤੇ ਸਿੱਖ ਇਤਿਹਾਸ ਬਾਰੇ ਅਗਿਆਣਤਾ ਕਾਰਣ “ਭਾਈ ਸੁਖਾ ਸਿੰਘ ਮਹਿਤਾਬ ਸਿੰਘ” ਕੌਣ ਸਨ ਕੇਵਲ ਇਸ ਬਾਰੇ ਸਮਝਾਉਣਾ ਹੀ ਆਪਣੇ ਆਪ `ਚ ਮਸਲਾ ਹੁੰਦਾ ਸੀ। ਇਸੇ ਤਰ੍ਹਾਂ ਸੰਸਥਾ ਦੇ ਇਕ-ਦੋ ਹੋਰ ਨਾਮ ਬਦਲਣ ਤੋਂ ਬਾਅਦ ਜੋਸ਼ ਜੀ ਤੇ ਦਾਸ ਵਿਚਕਾਰ ਕੀਤੇ ਫ਼ੈਸਲੇ ਅਨੁਸਾਰ ਸੰਸਥਾ ਦਾ ਨਾਮ “ਸ਼੍ਰੋਮਣੀ ਸਿੱਖ ਸਮਾਜ” ਪੱਕਾ ਕੀਤਾ ਗਿਆ। ਇਹ ਸਾਰਾ ਤੇ ਨਾਲ ਹੋਰ ਕਈ ਸਬੰਧਤ ਗੱਲਾਂ ਦਾ ਜ਼ਿਕਰ ਤੇ ਵੇਰਵਾ, ਦਾਸ ਜੋਸ਼ ਜੀ ਬਾਰੇ ਆਪਣੀ ਲਿਖਤ, ਗੁਰਮਤਿ ਪਾਠ ੧੪੦ `ਚ ਦੇ ਚੁੱਕਾ ਹੈ, ਇਥੇ ਦੌਰਾਨ ਦੀ ਲੋੜ ਨਹੀਂ, ਪਾਠਕ ਉਹਨਾਂ ਵੇਰਵਿਆਂ ਦਾ ਲਾਭ ਵੀ ਉਥੋਂ ਲੈ ਸਕਦੇ ਹਨ।

ਉਪ੍ਰੰਤ ਇਸੇ “ਸ਼੍ਰੋਮਣੀ ਸਿੱਖ ਸਮਾਜ” ਅਧੀਨ ਚਲਣ ਵਾਲੇ ਗੁਰਮਤਿ ਦੇ ਪ੍ਰਸਾਰ ਤੇ ਪ੍ਰਚਾਰ ਲਈ ਪ੍ਰਾਜੈਕਟ ਦਾ ਨਾਮ “ਇਨਸਟੀਚਿਊਟ ਆਫ ਗੁਰਮਤਿ ਸਟਡੀਜ਼” ਰਖਿਆ ਗਿਆ। ਇਸੇ ਤਰ੍ਹਾਂ ਉਸ ਸਮੇਂ ਅਰੰਭਕ ਧਾਰਮਿਕ ਪਤ੍ਰ (ਮੈਗ਼ਜ਼ੀਨ) ਫ਼ਰੀਦਾਬਾਦ ਦੀ ਇੱਕ ਗੁਰਮਤਿ ਪ੍ਰੇਮੀ ਸੰਸਥਾ ਨਾਲ ਮਿਲ ਕੇ “ਗਰੀਬੀ ਗਦਾ ਹਮਾਰੀ…” ਚਾਲੂ ਕੀਤਾ। ਇਸ ਤੋਂ ਬਾਅਦ ਆਪਣੇ ਤੌਰ `ਤੇ ਸੰਸਥਾ ਦਾ ਜੋ ਪਹਿਲਾ ਮਾਸਕ ਪਤ੍ਰ ਅਰੰਭ ਹੋਇਆ ਉਸ ਨੂੰ ਨਾਮ ਦਿੱਤਾ ਗਿਆ “ਜਾਗੋ ਜਾਗੋ ਸੂਤਿਯੋ”। ਚਲਦੇ ਪੰਥਕ ਪ੍ਰੋਗਰਾਮਾਂ ਅਧੀਨ ਹੀ ‘ਗਰਮੀਆਂ ਸਮੇਂ ਸਕੂਲਾਂ `ਚ ਬਚਿੱਆਂ ਨੂੰ ਹੋਣ ਵਾਲੀਆਂ ਦੋ ਮਹੀਨਿਆਂ ਦੀਆਂ ਛੁਟੀਆਂ ਦਾ ਸਦੀਵੀ ਲਾਭ ਲੈਣ ਲਈ ਚਲਾਏ ਗਏ ਬਚਿਆਂ ਲਈ ਗੁਰਮਤਿ ਪ੍ਰਾਜੈਕਟ ਦਾ ਨਾਮ “ਬਾਬਾ ਫਤਹਿ ਸਿੰਘ ਬਾਲ ਖਾਲਸਾ ਮਿਸ਼ਨ” ਰਖਿਆ ਗਿਆ। ਇਹ ਪ੍ਰਾਜੈਕਟ ਵੀ ਆਪਣੇ ਸਮੇਂ ਬੜਾ ਸਫ਼ਲ ਰਿਹਾ। ਸੰਗਤਾਂ ਨਾਲ ਸੰਪਰਕ ਵਧਾਉਣ ਲਈ ਉਸ ਸਮੇਂ ਇੱਕ ਹੋਰ ਪ੍ਰੋਗਰਾਮ ਆਰੰਭ ਕੀਤਾ ਗਿਆ ਸੀ ਤੇ ਉਹ ਸੀ ਘਰ ਘਰ `ਚ ਬਿਨਾ ਭੇਟਾ ਅਖੰਡ ਪਾਠਾਂ ਦੀ ਲੜੀ ਜਿਸਦਾ ਕੁੱਝ ਜ਼ਿਕਰ ਆ ਵੀ ਚੁੱਕਾ ਹੈ। ਅਖੰਡ ਪਾਠਾਂ ਵਾਲੀ ਇਸ ਲੜੀ ਨੂੰ “ਬਾਬਾ ਫ਼ਤਹਿ ਸਿੰਘ ਬਾਲ ਖਾਲਸਾ ਮਿਸ਼ਨ” ਦੇ ਬੱਚਿਆਂ `ਚ ਉਤਸਾਹ ਭਰਣ ਲਈ ਵੀ ਵਰਤਿਆ ਗਿਆ। ਪਾਠਾਂ `ਚ ਬੱਚਿਆਂ ਤੋਂ ਸੇਵਾਵਾਂ ਲੈਣੀਆਂ, ਜਿਸ ਤੋਂ ਇਹਨਾ ਪਾਠਾਂ ਦੌਰਾਨ ਹੀ ਵੱਡੀ ਗਿਣਤੀ `ਚ ਬੱਚਿਆਂ ਨੂੰ ਬਾਬਾ ਜੀ ਦੇ ਚਰਨੀਂ ਲਗਾਇਆ ਜਾਂਦਾ। ਉਪ੍ਰੰਤ ਇਸੇ ਪ੍ਰਾਜੈਕਟ ਤੋਂ ‘ਬੱਚਿਆਂ ਦੀਆਂ ਗੁਰਮਤਿ ਦੀਆਂ ਕਲਾਸਾਂ ਵੀ ਆਪਣੇ ਆਪ `ਚ ਇਸ ਲਹਿਰ ਲਈ ਬੜੀਆਂ ਲਾਹੇਵੰਦ ਸਾਬਤ ਹੋਈਆਂ। ਉਪਰ ਵਰਣਿਤ ‘ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ’ ਨਾਲ ਸੰਪਰਕ ਕਰ ਕੇ ਗੁਰਪੁਰਬ ਸਮਾਗਮਾਂ ਸਮੇਂ ਵੱਡੀ ਪੱਧਰ `ਤੇ ਚਲ ਰਹੀ ਸੰਗਤਾਂ ਦੇ ਜੋੜਿਆਂ ਦੀ ਸੇਵਾ `ਚ ਦਿੱਲੀ ਦੇ ਵੱਖ-ਵੱਖ ਤੇ ਦੂਰ ਨੇੜੇ ਦੇ ਇਲਾਕਿਆਂ `ਚੋਂ ਵੀ “ਬਾਬਾ ਫਤਹਿ ਸਿੰਘ ਬਾਲ ਖਾਲਸਾ ਮਿਸ਼ਨ” ਦੇ ਬੱਚਿਆਂ ਨੂੰ ਨਾਲ ਲਿਜਾ ਕੇ, ਇਹਨਾ ਸੇਵਾਵਾਂ ਨੂੰ ਬੱਚਿਆਂ `ਚ ਗੁਰਮਤਿ ਤੇ ਗੁਰੂਦਰ ਲਈ ਉਤਸਾਹ ਭਰਣ ਲਈ ਵੀ ਵਰਤਿਆ ਜਾਂਦਾ। ਸ਼ੱਕ ਨਹੀਂ, ਬੱਚਿਆਂ ਵਾਲੇ ਇਸ ਪ੍ਰਾਜੈਕਟ `ਚੋਂ ਵੀ ਕਈ ਬੱਚੇ ਇਸ ਲਹਿਰ ਲਈ ਉਭਰੇ। ਬਹੁਤੇ ਨਾਮ ਤਾਂ ਧਿਆਣ `ਚ ਨਹੀਂ ਰਹੇ, ਪਰ ਦਾਸ ਦੀਆਂ ਕਰਬਲਾ-ਲੋਧੀਰੋਡ ਵਾਲੇ ਮਿਸ਼ਨ ਦੀਆਂ ਕਲਾਸਾਂ `ਚ ਅਜੋਕੇ ਸ੍ਰ: ਮਨਵਿੰਦਰ ਪਾਲ ਸਿੰਘ ਤੇ ਜੋਸ਼ ਜੀ ਅਧੀਨ ਚਲ ਰਹੀਆਂ ਤਿਲਕ ਨਗਰ ਨਗਰ ਵਾਲੀਆਂ ਮਿਸ਼ਨ ਦੀਆਂ ਕਲਾਸਾਂ `ਚੋਂ ਸ੍ਰ: ਕ੍ਰਿਪਾਲ ਸਿੰਘ ਚੰਦਨ, ਮੌਜੂਦਾ ਸਹਿ ਸੰਪਾਦਕ ਮਾਸਕ ਪੱਤ੍ਰ ‘ਸਿੱਖ ਫੁਲਵਾੜੀ’ ਇਸ ਦੀ ਮਿਸਾਲ ਹਨ। ਇਸ ਬਾਰੇ ਵੀ ਹੋਰ ਵੇਰਵੇ ਜੋਸ਼ ਜੀ ਦੇ ਅਕਾਲ ਚਲਾਣੇ ਸਮੇਂ ਉਹਨਾਂ ਦੇ ਸਬੰਧ `ਚ ਲਿਖੇ ਗੁਰਮਤਿ ਪਾਠ ਨ: ੧੪੦ `ਚ ਮੌਜੂਦ ਹੈ।

“ਇਨਸਟੀਚਿਉਟ ਆਫ ਗੁਰਮਤਿ ਸਟਡੀਜ਼” ਤੋਂ “ਗੁਰਮਤਿ ਮਿਸ਼ਨਰੀ ਕਾਲਿਜ” - ਉਪ੍ਰੰਤ ਸੰਨ 1971-72 `ਚ ਜਦੋਂ ਆਪਣੇ ਵਿਚੋਂ ਹੀ ਕੁੱਝ ਸੱਜਨਾਂ ਨੇ “ਇਨਸਟੀਚਿਉਟ ਆਫ ਗੁਰਮਤਿ ਸਟਡੀਜ਼” ਵਾਲੇ ਨਾਮ ਨੂੰ ਆਪਣੇ ਲਈ ਰਜਿਸਟਰ ਕਰਵਾ ਲਿਆ ਤਾਂ “ਸ਼੍ਰੋਮਣੀ ਸਿੱਖ ਸਮਾਜ” ਅਧੀਨ ਚਲ ਰਹੇ ਇਸ ਗੁਰਮਤਿ ਪ੍ਰਾਜੈਕਟ ਦਾ ਨਾਮ ਬਦਲ ਕੇ “ਗੁਰਮਤਿ ਮਿਸ਼ਨਰੀ ਕਾਲਿਜ” ਕਰ ਦਿੱਤਾ ਗਿਆ। ਇਸੇ ਤਰ੍ਹਾਂ ਉਸ ਸਮੇਂ ਤੀਕ ਚਲ ਰਹੇ “ਜਾਗੋ ਜਾਗੋ ਸੂਤਿਯੋ” ਵਾਲੇ ਮਾਸਿਕ ਪਤ੍ਰ ਦਾ ਨਾਮ ਵੀ ਬਦਲ ਕੇ ਜੋ ਨਵਾਂ ਧਾਰਮਿਕ ਪਰਚਾ ਚਾਲੂ ਕੀਤਾ ਗਿਆ; ਪ੍ਰਾਜੈਕਟ ਦੇ ਨਵੇਂ ਨਾਮ ਅਨੁਸਾਰ ਉਸ ਦਾ ਨਾਮ ਵੀ “ਗੁਰਮਤਿ ਮਿਸ਼ਨਰੀ” ਰਖਿਆ ਗਿਆ। ਇਸ “ਗੁਰਮਤਿ ਮਿਸ਼ਨਰੀ” ਪਤ੍ਰ ਦਾ ਅਰੰਭਕ ਸੰਪਾਦਕ ਹੋਣ ਦਾ ਮਾਣ ਵੀ ਦਾਸ ਨੂੰ ਹੀ ਸੀ। 1977-78 `ਚ ਸੰਸਥਾ ਅੰਦਰ ਜਦੋਂ ਕੁੱਝ ਅੰਦਰੂਨੀ ਖਿੱਚਾਤਾਣੀਆਂ ਵਧੀਆਂ ਤਾਂ ਸੰਨ 1980 `ਚ ਸੰਸਥਾ ਦਾ ਨਵਾਂ ਹੈਡ ਆਫਿਸ ਫੀਲਡ ਗੰਜ, ਲੁਧਿਆਣੇ ਵਾਲੇ ਸਥਾਨ ਤੇ ਤਬਦੀਲ ਕਰ ਦਿੱਤਾ ਗਿਆ। ਉਸ ਤੋਂ ਪਹਿਲਾਂ ਲਗਭਗ ਸੰਨ 1976-77 ਤੋਂ ਲੁਧਿਆਣੇ `ਚ ਇਸ ਸਥਾਨ `ਤੇ “ਗੁਰਮਤਿ ਮਿਸ਼ਨਰੀ ਕਾਲਿਜ” ੧੦੦ ਸੰਤ ਨਗਰ ਦਿੱਲੀ ਦਾ ਹੀ ਸਬ-ਆਫਿਸ ਚਲ ਰਿਹਾ ਸੀ।

ਕਾਲਿਜ `ਚ ਹੋਏ ਅੰਦਰੂਨੀ ਵਾਧਿਆਂ-ਘਾਟਿਆਂ ਤੇ ਆਪਸੀ ਖਿਚਾਤਾਣੀਆਂ ਦਾ ਹੀ ਅਸਰ ਸੀ, ਸੰਨ 1980 `ਚ ਲੁਧਿਆਣੇ ਵਾਲੇ ਸਬ-ਆਫ਼ਿਸ ਨੂੰ “ਸਿਖ ਮਿਸ਼ਨਰੀ ਕਾਲਿਜ” ਦੇ ਨਾਮ ਹੇਠ ਤਬਦੀਲ ਕਰਣਾ। ਜਦਕਿ ਨਵੀਂ ਵੰਡ ਨਹੀਂ ਵੱਡੀ ਪੱਧਰ `ਤੇ ਇਸ ਲਹਿਰ `ਚ ਪਾਟਕ ਅਨੁਸਾਰ ਦਿੱਲੀ ਵਾਲਾ “ਗੁਰਮਤਿ ਮਿਸ਼ਨਰੀ ਕਾਲਿਜ-100 ਸੰਤ ਨਗਰ ਦੇ ਨਾਮ ਹੇਠ ਚਲ ਰਿਹਾ ਆਫ਼ਿਸ, ਕੁੱਝ ਸੱਜਨਾਂ ਪਾਸ ਦਿੱਲੀ `ਚ ਹੀ ਤੇ ਉਸੇ ਜਗ੍ਹਾ ਰਿਹਾ। ਉਸ ਵੱਕਤ ਤੀਕ “ਗੁਰਮਤਿ ਮਿਸ਼ਨਰੀ ਕਾਲਿਜ” ੧੦੦ ਸੰਤ ਨਗਰ ਦਿੱਲੀ ਦੀਆਂ 150 ਤੋਂ ਵੱਧੀਕ ਲਿਖਿਤਾਂ ਛਪ ਕੇ ਸੰਗਤਾਂ `ਚ ਪ੍ਰਾਪਤ ਸਨ। ਇਸੇ ਤਰ੍ਹਾਂ ਮਾਸਿਕ ਪਤ੍ਰ “ਗੁਰਮਤਿ ਮਿਸ਼ਨਰੀ” ਦੇ ਨਾਮ ਹੇਠ ਲਗਭਗ 25,000 (ਪੰਜੀ ਹਜ਼ਾਰ ਕਾਪੀਆਂ) ਪ੍ਰਤੀ ਮਹੀਨਾ ਦੀ ਗਿਣਤੀ `ਚ ਸੰਗਤਾਂ ਦੀ ਮੈਬਰਸ਼ਿਪ ਸੀ ਤੇ ਉਹਨਾਂ ਕੋਲ “ਗੁਰਮਤਿ ਮਿਸ਼ਨਰੀ’ ਦੇ ਨਾਮ ਹੇਠ ਪਰਚਾ ਵੀ ਪੁੱਜ ਰਿਹਾ ਸੀ। ਅਜੋਕਾ ‘ਸਿੱਖ ਮਿਸ਼ਨਰੀ ਕਾਲਿਜ’ ਵਾਲਾ, ਅੱਠ ਤਿਮਾਹੀਆਂ `ਚ ਵੰਡਿਆ, ਦੋ ਸਾਲਾ ਪਤ੍ਰਾਚਾਰ ਕੋਰਸ ਵੀ “ਗੁਰਮਤਿ ਮਿਸ਼ਨਰੀ ਕਾਲਿਜ” ੧੦੦ ਸੰਤ ਨਗਰ ਦਿੱਲੀ ਦੇ ਨਾਮ ਹੇਠ ਹੀ ਚਾਲੂ ਹੋਇਆ ਸੀ। ਇਥੋਂ ਤੀਕ ਕਿ ਉਸ ਸਮੇਂ ਤੀਕ ੧੦੦ ਸੰਤ ਨਗਰ ਦਿੱਲੀ `ਚ ਤਾਂ ਕਾਲਿਜ ਦੀ ਆਪਣੀ ਪ੍ਰੈਸ ਵੀ ਲਗ ਚੁੱਕੀ ਸੀ। ਇਸੇ ਤਰ੍ਹਾਂ ‘ਗੁਰਮਤਿ ਕਲਾਸਾਂ ਤੇ ਗੁਰਮਤਿ ਸਟਾਲਾਂ ਦਾ ਜਾਲ ਵੀ ਸੰਸਾਰ ਭਰ `ਚ ਵਿੱਛ ਚੁੱਕਾ ਸੀ। ਇਸ ਸਾਰੇ ਤੋਂ ਇਲਾਵਾ ਉਸ ਸਮੇਂ ਸੰਗਤਾਂ ਦੇ ਉਤਸਾਹ ਕਾਰਣ ਪ੍ਰਭਾਤੇ ਦਿੱਲੀ ਭਰ `ਚ ਸੰਗਤਾਂ ਦੇ ਘਰੋ ਘਰੀ ਨਿਤਨੇਮ ਦੇ ਪ੍ਰੋਗਰਾਮ ਵੀ ਚਲਦੇ ਸਨ। ਇਸ ਦੇ ਨਾਲ ਹੀ ਪ੍ਰਭਾਤੇ ਆਰੰਭ ਕਰਕੇ ਨਿਤਾਪ੍ਰਤੀ ਇਲਾਕੇ-ਇਲਾਕੇ `ਚੋਂ ਮਾਸਕ ਪਤ੍ਰ ਗੁਰਮਤਿ ਮਿਸ਼ਨਰੀ ਦੀ ਬੁਕਿੰਗ ਵੀ ਜ਼ੋਰਾਂ ਨਾਲ ਚਲਦੀ ਸੀ। ਉਸ ਸਮੇਂ ਤੀਕ ਕਾਲਿਜ ਦੇ ਲਿਟ੍ਰੇਚਰ ਦੇ ਲੁਧਿਆਣੇ `ਚ ਵੱਖ ਤੇ ਦਿੱਲੀ ਆਫ਼ਿਸ `ਚ ਵੱਖ, ਵੱਡੇ ਸਟਾਕ ਵੀ ਮੌਜੂਦ ਸਨ।

ਦੂਸਰੇ ਪਾਸੇ ਕਾਲਿਜ `ਚ ਅੰਦਰੂਨੀ ਲਗਭਗ ੧੯੭੩-੭੪ ਤੋਂ ਸੁਲਗ ਰਹੀ ਖਿਚਾਤਾਣੀ ਵਾਲੀ ਅੱਗ ਵੀ ੧੯੭੬-੭੭ `ਚ ਅਚਾਨਕ ਹੀ ਭੜਕ ਉਠੀ। ਜਦਕਿ ਕੁੱਝ ਸੱਜਨਾਂ ਅਨੁਸਾਰ ਤਾਂ ਇਸ ਭਾਂਬੜ ਕੁੱਝ ਵਿਸ਼ੇਸ਼ ਅਨਸਰ ਨੇ ਸੁਆਰਥ ਵਸ ਤੇ ਜਾਣਬੁਝ ਕੇ ਪਿਛਲੇ ਦਰਵਾਜ਼ੇ ਤੋਂ ਤੇਜ਼ੀ ਨਾਲ ਭੜਕਾਇਆ ਸੀ। ਤਾਕਿ ਇਸ ਭਾਂਬੜ ਤੋਂ ਪੈਦਾ ਹੋ ਰਹੀ ਸੰਸਥਾ ਪੱਧਰ ਦੀ ਪਾਟਕ ਦਾ ਮਾੜਾ ਅਸਰ ਬਾਹਿਰ ਸੰਗਤਾਂ `ਤੇ ਨਾ ਪਵੇ, ਯੋਗ ਸੱਜਨਾਂ ਦੀ ਸਮੇਂ ਸਿਰ ਦੂਰ-ਅੰਦੇਸ਼ੀ ਦਾ ਨਤੀਜਾ ਸੀ ਕਿ ਲੁਧਿਆਣੇ ਵਾਲਾ ਸਟਾਕ ਲੁਧਿਆਣੇ, ਤੇ ਦਿੱਲੀ ਸੰਤ ਨਗਰ ਵਾਲੇ ਸਟਾਕ ਨੂੰ ਦਿੱਲੀ `ਚ ਹੀ ਰਹਿਣ ਦਿੱਤਾ ਗਿਆ। ਇਹ ਵੱਖਰੀ ਗੱਲ ਹੈ ਕਿ ਦਿੱਲੀ ਤੇ ਲੁਧਿਆਣੇ, ਦੋਵੇਂ ਪਾਸੇ ਲਿਟ੍ਰੇਚਰ ਦਾ ਸਟਾਕ ਵੀ ਭਾਰੀ ਮਾਤ੍ਰਾ `ਚ ਸੀ ਤੇ ਲਗਭਗ ਇਕੋ ਜਿਹਾ ਵੀ ਸੀ।

ਇਸ ਪਾਟਕ ਦਾ ਸਭ ਤੋਂ ਵੱਡਾ ਨੁਕਸਾਨ ਜੋ ਕੌਮ ਨੂੰ ਉਠਾਣਾ ਪਿਆ ਉਹ ਸੀ ਕਿ ‘ਸ਼੍ਰੋਮਣੀ ਸਿੱਖ ਸਮਾਜ’ ਅਧੀਨ ਜੋ ਕਿ ਪਹਿਲਾਂ “ਇਨਸਟੀਚਿਉਟ ਆਫ ਗੁਰਮਤਿ ਸਟਡੀਜ਼” ਤੇ ਫ਼ਿਰ ਉਸੇ ਤੋਂ ਬਣੇ ਗੁਰਮਤਿ ਦੇ ਪ੍ਰਾਜੈਕਟ “ਗੁਰਮਤਿ ਮਿਸ਼ਨਰੀ ਕਾਲਿਜ” ਤੋਂ ਬਾਅਦ ਦਾਸ ਤੇ ਜੋਸ਼ ਜੀ ਦਾ ਕੌਮ ਨੂੰ ਸੰਸਾਰ ਪੱਧਰ ਦੇ ਜੋ ਹੋਰ ੫-੭ ਪ੍ਰਾਜੈਕਟ ਦੇਣ ਦਾ ਸੁਪਨਾ ਸੀ ਉਹ ਉਥੇ ਹੀ ਧਰਿਆ-ਧਰਾਇਆ ਰਹਿ ਗਿਆ।

“ਗੁਰਮਤਿ ਮਿਸ਼ਨਰੀ” ਤੋਂ ਅਚਾਨਕ “ਸਿਖ ਫੁਲਵਾੜੀ” -ਸੰਸਥਾ `ਚ ਆ ਚੁੱਕੀ ਇਸੇ ਅੰਦਰੂਨੀ ਵੱਡੀ ਪਾਟਕ ਦਾ ਨਤੀਜਾ, ਦਿੱਲੀ ਦੇ ਪਤੇ ਤੋਂ ਛੱਪ ਰਹੇ ਮਾਸਕ ਪਤ੍ਰ, “ਗੁਰਮਤਿ ਮਿਸ਼ਨਰੀ” ਦੇ ਬਦਲੇ ਲੁਧਿਆਣੇ ਤੋਂ ਰਜਿਸਟਰ ਕਰਵਾ ਕੇ ਇੱਕ ਨਵਾਂ ਮਾਸਿਕ ਪਤ੍ਰ “ਸਿਖ ਫੁਲਵਾੜੀ” ਅਰੰਭ ਕਰ ਦਿੱਤਾ ਗਿਆ। ਚੂੰਕਿ ਕੁੱਝ ਕਾਰਣਾ ਕਰਕੇ ਜਿਸ ਦਾ ਵੇਰਵਾ ਜੋਸ਼ ਜੀ ਨਾਲ ਸਬੰਧਤ ਗੁਰਮਤਿ ਪਾਠ ਨੰ: ੧੪੦ `ਚ ਦਿੱਤਾ ਹੈ, ਇਸ ਨਵੇਂ ਨਾਮ “ਸਿਖ ਫੁਲਵਾੜੀ” ਹੇਠ ਪਾਠਕਾਂ ਦੀ ‘ਗੁਰਮਤਿ ਮਿਸ਼ਨਰੀ’ ਦੀ ਪਹਿਲੇ ਵਾਲੀ ਸੂਚੀ, ਜਿਹੜੀ ਕਿ ਪਹਿਲਾਂ ਤੋਂ ਹੀ ਲੁਧਿਆਣੇ ਸਬ-ਆਫ਼ਿਸ ਤੋਂ ਵਰਤੀ ਜਾ ਰਹੀ ਸੀ, ਉਸੇ ਨੂੰ ‘ਸਿੱਖ ਫੁਲਵਾੜੀ’ `ਚ ਤਬਦੀਲ ਕਰਕੇ ਵਰਤ ਲਿਆ ਗਿਆ। ਇਸੇ ਤਰ੍ਹਾਂ ਹੀ ਦੋ ਸਾਲਾ ਪਤ੍ਰਾਚਾਰ ਕੋਰਸ ਵਾਲੇ ਵਿਦਿਆਰਥੀਆਂ ਦੀ ਸੂਚੀ ਨੂੰ ਵੀ। ਜਦਕਿ ਪਹਿਲੇ ਦੀ ਤਰ੍ਹਾਂ ਲੁਧਿਆਣੇ ਤੋਂ ਅਰੰਭ ਕੀਤੇ ਮਾਸਿਕ ਪਤ੍ਰ “ਸਿਖ ਫੁਲਵਾੜੀ” ਦਾ ਅਰੰਭਕ ਸੰਪਾਦਕ ਹੋਣ ਦਾ ਮਾਣ ਵੀ ਦਾਸ ਨੂੰ ਹੀ ਪ੍ਰਾਪਤ ਹੋਇਆ। ਇਸੇ ਤਰ੍ਹਾਂ ਇਸ ਨਵੇਂ ਨਾਮ “ਸਿੱਖ ਮਿਸ਼ਨਰੀ ਕਾਲਿਜ” ਦੇ ਨਵੇਂ ਤੇ ਰਜਿ: ਵਿਧਾਨ ਅਨੁਸਾਰ ਕੁਲ ਨੌਂ ਫਾਉਂਡਰ ਮੈਬਰਾਂ ਵਿਚੋਂ ਦਾਸ ਤੇ ਜੋਸ਼ ਜੀ ਦੋਵੇਂ ਹੀ ਫਾਉਂਡਰ ਮੈਬਰ ਸੀ।

ਮੁੱਕਦੀ ਗੱਲ ਅੱਜ ਦਾ ਸਾਰਾ ਮਿਸ਼ਨਰੀ ਲਹਿਰ ਦੇ ਵਿਸਤਾਰ ਦਾ ਮੂਲ ਧੁਰਾ ਉਹੀ ਸੰਨ 1956 ‘ਚ ਅਰੰਭ ਹੋਈ ਸੰਸਥਾ ‘ਸ਼੍ਰੋਮਣੀ ਸਿੱਖ ਸਮਾਜ’ ਹੀ ਸੀ। ਇਸੇ ਤਰ੍ਹਾਂ ੧੦੦ ਸੰਤ ਨਗਰ ਦਿੱਲੀ ਵਿਖੇ “ਗੁਰਮਤਿ ਮਿਸ਼ਨਰੀ ਕਾਲਿਜ” ਦੇ ਨਾਮ ਹੇਠ ਲਗਭਗ ਸੰਨ ੧੯੭੩ ਤੀਕ ਜੋ ਲਹਿਰ ਦਾ ਮਜ਼ਬੂਤ ਆਧਾਰ ਬੱਝਾ ਤੇ ਇਸਦਾ ਮੂਲ ਕੰਮ ਹੋਇਆ ਉਹ ਬਿਲਕੁਲ ਬੇਰੋਕ ਚਲਿਆ। ਫ਼ਿਰ ੧੯੭੩ ਤੋਂ ੧੯੭੬ ਤੀਕ ਕੁੱਝ ਅੰਦਰੂਨੀ ਖਿਚਾਤਾਣੀਆਂ-ਉਖਾੜਾਂ `ਚ। ਉਪ੍ਰੰਤ ਇਸ ਤਰ੍ਹਾਂ ਸੰਨ ਇਹਨਾ ਉਖਾੜਾਂ `ਚ ਜੋ ਤੇਜ਼ੀ ਆਈ ਤੇ ਸੁਲਗਾਹਟ ਤੋਂ ਅਚਾਨਕ ਹੀ ਭਾਂਬੜ ਬਣ ਗਏ; ਉਹ ਸਮਾਂ ਸੀ ਸੰਨ ੧੯੭੬ ਤੋਂ ੧੯੮੦ ਵਿਚਕਾਰਲਾ। ਜਦਕਿ ਕੁੱਝ ਸੱਜਨਾਂ ਅਨੁਸਾਰ ਇਹ ਤੇਜ਼ੀ ਆਈ ਨਹੀਂ ਸੀ ਬਲਕਿ ਕੁੱਝ ਨਵੇਂ ਸੰਸਥਾ ਨਾਲ ਜੁੜੇ ਸੱਜਣਾ ਰਾਹੀਂ ਜਾਣਬੁਝ ਕੇ ਨਿਜੀ ਸੁਆਰਥਾਂ ਅਧੀਨ ਲਿਆਂਦੀ ਗਈ ਸੀ।

“ਸਿੱਖ ਮਿਸ਼ਨਰੀ ਲਹਿਰ” ਸੰਨ ੧੯੮੦ ਤੋਂ ਅੱਜ ਤੀਕ- ਇਸ `ਚ ਅਤਿ ਕਥਨੀ ਨਹੀਂ ਕਿ ਇਸ ਵੱਕਤ ਦਾਸ ਦੇ ਸਿੱਧੇ ਪ੍ਰਬੰਧ ਅਧੀਨ ਚਲ ਰਹੇ ਮੋਜੂਦਾ “ਗੁਰਮਤਿ ਐਜੁਕੇਸ਼ਨ ਸੈਂਟਰ-ਦਿਲੀ” ਸਮੇਤ- “ਸਿਖ ਮਿਸ਼ਨਰੀ ਕਾਲਿਜ, ਲੁਧਿਆਣਾ”, “ਬਾਬਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਿਜ” ਚੌਤਾ ਰੋਪੜ, “ਮਾਤਾ ਸਾਹਿਬ ਕੌਰ ਗੁਰਮਤਿ ਮਿਸ਼ਨਰੀ ਕਾਲਿਜ ਫਰੀਦਾਬਾਦ” “ਗੁਰਮਤਿ ਗਿਆਨ ਮਿਸ਼ਨਰੀ ਕਾਲਿਜ, ਲੁਧਿਆਣਾ”, ‘ਗੁਰਮਤਿ ਪ੍ਰਚਾਰ ਪ੍ਰਸਾਰ ਮਿਸ਼ਨਰੀ ਕਾਲਿਜ-ਚੰਡੀਗੜ੍ਹ” ਉਪ੍ਰੰਤ ਅਨੰਦਪੁਰ ਸਾਹਿਬ, ਜੰਮੂ ਤੇ ਵਿਦੇਸ਼ਾਂ ਤੀਕ ਕਿਤਨੇ ਹੀ ਕਾਲਿਜਾਂ, ਮਿਸ਼ਨਰੀ ਸੰਸਥਾਂਵਾਂ ਤੇ ਇਕਾਈਆਂ ਦਾ ਵਿਸਤਾਰ ਹੋ ਚੁੱਕਾ ਹੈ। ਜਦ ਕਿ ਇਹਨਾ ਸਾਰਿਆਂ ਦਾ ਧੁਰਾ ਤੇ ਵਿਸਤਾਰ, ਸੰਨ ੧੯੫੬ `ਚ ਅਰੰਭ ਹੋਈ ਉਪ੍ਰੰਤ “ਗੁਰਮਤਿ ਮਿਸ਼ਨਰੀ ਕਾਲਿਜ, ੧੦੦ ਸੰਤ ਨਗਰ ਦਿੱਲੀ” `ਚ, ਆਪਣੀਆਂ ਜੜ੍ਹਾ ਜਮਾ ਚੁੱਕੀ “ਸਿੱਖ ਮਿਸ਼ਨਰੀ ਲਹਿਰ” ਅਥਵਾ “ਸ਼੍ਰੋਮਣੀ ਸਿੱਖ ਸਮਾਜ” ਦਾ ਹੀ ਹੈ।

ਦਰਅਸਲ “ਗੁਰਮਤਿ ਮਿਸ਼ਨਰੀ ਕਾਲਿਜ, ੧੦੦ ਸੰਤ ਨਗਰ ਦਿੱਲੀ” ਸਮੇਂ ਗੁਰਮਤਿ ਪੱਖੋਂ ਸੰਗਤਾਂ ਦੀ ਤਿਆਰ ਇਤਨੀ ਮਜ਼ਬੂਤ, ਨਿਯਮਿਤ ਤੇ ਗੁਰਬਾਣੀ ਆਧਾਰਤ ਸੀ ਕਿ ਉਹ ਸਿਲਸਿਲਾ ਫ਼ਿਰ ਦੋਬਾਰਾ ਕਿਸੇ ਵੀ ਕਿੱਤੇ ਅਧੀਨ ਨਿਯਮਬੱਧ ਨਹੀਂ ਹੋ ਸਕਿਆ। ਇਹ ਕੜਵੀ ਸਚਾਈ ਹੈ ਕਿ ਉਸ ਸਮੇਂ ਸੰਤ ਨਗਰ ਤੋਂ ਤਿਆਰ ਹੋਇਆ ਜੇ ਕਰ ਕੋਈ ਇੱਕ ਵੀ ਸੱਜਨ, ਦੇਸ਼-ਵਿਦੇਸ਼ਾਂ `ਚ ਜਿੱਥੇ ਕਿਧਰੇ ਵੀ ਪੁੱਜਾ, ਉਹ ਗੁਰਬਾਣੀ ਗਿਆਨ ਤੇ ਜੀਵਨ-ਜਾਚ ਵਾਲੀ ਇਸ ਵੱਡੀ ਪੰਥਕ ਲੋੜ ਤੋਂ ਅਵੇਸਲਾ ਹੋ ਕੇ ਨਹੀਂ ਬੈਠ ਸਕਿਆ। ਦੂਜੇ ਲਫ਼ਜ਼ਾਂ `ਚ ਹਰੇਕ ਇਕਲੇ-ਇਕਲੇ ਦਰਦੀ ਸੱਜਨ ਨੇ ਚਾਹੇ ਕਿਸੇ ਨਾਮ ਹੇਠ ਤੇ ਕਿਸੇ ਵੀ ਢੰਗ ਲਹਿਰ ਨੂੰ ਅੱਗੇ ਵਧਾਇਆ ਜ਼ਰੂਰ। ਇਸ ਤਰ੍ਹਾਂ ਇਸ ਲਹਿਰ `ਚ ਅਜੋਕੀ ਅਨੇਕਤਾ ਤੇ ਨਿੱਤ ਵੱਧ ਰਹੀ ਇਹਨਾ ਦੀ ਗਿਣਤੀ ਦਾ ਮੁੱਖ ਕਾਰਣ ਹੈ ਸੰਨ ੧੯੮੦ ਦੀ ਦਿੱਲੀ ਤੇ ਲੁਧਿਆਣਾ ਵਾਲੀ ਪਾਟਕ ਜਿਸ ਨੇ ਕੌਮ ਦਾ ਗੁਰਮਤਿ-ਗੁਰਬਾਣੀ ਪ੍ਰਸਾਰ ਪੱਖੋਂ ਭਾਰੀ ਨੁਕਸਾਨ ਕੀਤਾ, ਉਹ ਨੁਕਸਾਨ ਜਿਹੜਾ ਕਿ ਸ਼ਾਇਦ ਕਦੇ ਪੂਰਿਆ ਵੀ ਨਾ ਜਾ ਸਕੇ।

ਇਸ ਲਈ ਸੰਸਥਾ ਦਾ ਇਸ ਪਾਟਕ ਤੀਕ ਪੁੱਜਣ ਦਾ ਜੇ ਕਰ ਕੋਈ ਮੁੱਖ ਕਾਰਣ ਸੀ ਤਾਂ ਉਹ ਸੀ ਸੰਸਥਾ ਦੀ ਅੰਦਰੂਨੀ ਚਲ ਰਹੀ ੧੯੭੩ ਤੋਂ ਕੁੱਝ ਸੱਜਨਾਂ ਦੇ ਆਪਸੀ ਗ਼ਲਤ ਵਤੀਰੇ ਕਾਰਣ ਉਭਰਣ ਵਾਲੀ ਖਿਚਾਤਾਣੀ। ਇਸੇ ਖਿਚਾਤਾਣੀ ਤੋਂ ਸੰਸਥਾ `ਚ ਪ੍ਰਵੇਸ਼ ਲਈ ਰਸਤਾ ਮਿਲਿਆ ਕੁੱਝ ਸੁਆਰਥੀ ਅਨਸਰ ਨੂੰ। ਬੱਸ ਸੰਸਥਾ `ਚ ਇਸੇ ਅਨਸਰ ਦੇ ਪ੍ਰਵੇਸ਼ ਦਾ ਹੀ ਨਤੀਜਾ ਸੰਨ ੧੯੮੦ ਵਾਲੀ ਵੱਡੀ ਪਾਟਕ ਬਣੀ ਤੇ ਅੱਜ ਵਾਲੀ ‘ਸਿੱਖ ਮਿਸ਼ਨਰੀ ਲਹਿਰ ੧੯੫੬’ `ਚ ਆ ਚੁੱਕੀ ਅਨੇਕਤਾ। ਉਪ੍ਰੰਤ ਆਪਣੇ ਜੀਵਨ ਕਾਲ `ਚ ਜੋਸ਼ ਜੀ ਵਲੋਂ ਤੇ ਬਹੁਤ ਵਾਰੀ ਦਾਸ ਵਲੋਂ ਆਪਣੇ ਆਪਣੇ ਤੌਰ ਤੇ ਕੁੱਝ ਹੋਰ ਵੀ ਪੰਥਕ ਹੇਤੂਆਂ ਵਲੋਂ ਸਮੇਂ ਸਮੇਂ `ਤੇ ਇਸ ਅਨੇਕਤਾ ਨੂੰ ਖਤਮ ਕਰਣ ਦੇ ਬਹੁਤੇਰੇ ਯਤਣ ਤਾਂ ਹੋਏ ਪਰ ਗੱਲ ਕਿਧਰੇ ਵੀ ਸਿਰੇ ਨਾ ਚੜ੍ਹ ਸਕੀ।

“ਗੁਰਮਤਿ ਐਜੁਕੇਸ਼ਨ ਸੈਂਟਰ-ਦਿੱਲੀ” ਬਾਰੇ- “ਗੁਰਮਤਿ ਪਾਠਾਂ ਦੀ ਲੜੀ” ਰਾਹੀਂ “ਘਰ ਘਰ `ਚ ਗੁਰਮਤਿ ਦੀ ਅਪਣੇ ਆਪ ਤੇ ਮੁਫਤ ਪੜ੍ਹਾਈ” (Gurmat Education-with the help of Topic-wise Gurmat Lessons & Self Gurmat Education at Home) ਦੇ ਅਰੰਭ ਲਈ ਫੁਰਣਾ ਵੀ ਲੇਖਕ ਦੇ ਜੀਵਨ `ਚ ਕਰਤੇ ਦੀ ਇੱਕ ਹੋਰ ਵੱਡੀ ਦੇਣ ਹੈ। ਗੁਰਮਤਿ ਖੇਤਰ `ਚ ਵਿਚਰਦੇ ਪਾਤਸ਼ਾਹ ਨੇ ਇਹ ਨਵੀਂ ਸੋਚ ਵੀ ਬਖ਼ਸ਼ੀ ਤੇ ਇਸ ਸੋਚ ਨੂੰ ਸੁਚਾਰੂ ਰੂਪ ਦੇਣ ਲਈ ਸਮ੍ਰਥਾ ਤੇ ਉਦੱਮ ਵੀ। ਤੀਬਰਤਾ ਨਾਲ ਮਹਿਸੂਸ ਕੀਤਾ ਗਿਆ ਕਿ ਪਾਤਸ਼ਾਹ ਨੇ ਜਿਹੜੀ ਗੁਰਮਤਿ ਪਖੋਂ ਦਾਸ ਨੂੰ ਸਪਸ਼ਟਤਾ ਬਖਸ਼ੀ ਹੈ। ਇਸ ਨੂੰ ਬੀਜ ਰੂਪ `ਚ, ਬਿਨਾ ਉਡੀਕ, ਕਿਸੇ ਵੀ ਢੰਗ-ਵਿਸ਼ੇ ਅਨੁਸਾਰ (Topic wise) ਗੁਰੂ ਕੀਆਂ ਸੰਗਤਾਂ ਵਿੱਚਕਾਰ ਮੁਫਤ ਫੈਲਾਉਣ ਲਈ ਯੋਗ ਪ੍ਰਬੰਧਾਂ ਦਾ ਹੋਣਾ ਜ਼ਰੂਰੀ ਹੈ। ‘ਮੁਫਤ’ ਇਸ ਲਈ ਕਿ ਗੁਰਬਾਣੀ ਵਾਲੇ ਇਸ ਇਲਾਹੀ ਸੱਚ ਨੂੰ ਲੈਣਾ, ਉਂਝ ਤਾਂ ਹਰੇਕ ਮਨੁੱਖ ਨਹੀਂ ਤਾਂ ਹਰੇਕ ਗੁਰੂਦਰ ਨਾਲ ਸਬੰਧਤ ਪ੍ਰਵਾਰ ਦਾ ਜੰਮਾਂਦਰੂ ਹੱਕ ਹੈ। ਤਾਂ ਤੇ ਕਿਸੇ ਦੀ ਇਸ ਜੰਮਾਂਦਰੂ ਹੱਕ ਵਾਲੀ ਪ੍ਰਾਪਤੀ ਵਿਚਕਾਰ ਮਾਇਕ ਆਦਿਕ ਕਿਸੇ ਤਰ੍ਹਾਂ ਦੀ ਵੀ ਰੁਕਾਵਟ ਦਾ ਆਉਣਾ ਗੁਰਮਤਿ ਸਿਧਾਂਤ ਨਾਲ ਮੇਲ ਨਹੀਂ ਖਾਂਦਾ। ਦੂਜਾ, ਇਸ ਤਰ੍ਹਾਂ ਸ਼ਾਇਦ ਇਹ ਵੀ ਸੰਭਵ ਹੋ ਜਾਵੇ ਕਿ ਸਿੱਖ ਮਾਨਸ ਵਿੱਚਕਾਰ ਆ ਚੁੱਕੀ ਤੇ ਨਿੱਤ ਆ ਰਹੀ ਗੁਰਮਤਿ ਪੱਖੋਂ ਬੱਦਦਿਲੀ-ਉਪ੍ਰਾਮਤਾ ਤੇ ਗੁਰਬਾਣੀ ਜੁਗਤ (ਜੀਵਨ-ਜਾਚ) ਪੱਖੋਂ ਦੂਰੀ ਤੇ ਅਗਿਆਣਤਾ `ਚੋਂ ਕੋਮ ਨੂੰ ਕੱਢਿਆ ਜਾ ਸਕੇ।

ਉਂਝ ਤਾਂ ਇਸ ਪ੍ਰਾਜੈਕਟ ਦੀ ਵੱਡੀ ਪੰਥਕ ਲੋੜ ਤੇ ਇਸ ਦੀ ਕਾਰਜ-ਵਿਧੀ ਆਦਿ ਨੂੰ ਗੁਰਮਤਿ ਪਾਠ ਨੰ: ੯੫ “ਆਪਸੀ ਜਾਣ-ਪਹਿਚਾਣ” `ਚ ਵੇਰਵੇ ਨਾਲ ਦਿੱਤਾ ਜਾ ਚੁੱਕਾ ਹੈ ਪਾਠਕ ਉਸ ਦਾ ਲਾਭ ਲੈ ਸਕਦੇ ਹਨ। ਫ਼ਿਰ ਵੀ ਸੰਗਤਾਂ ਨੂੰ ਸੰਖੇਪ ਜਾਣਕਾਰੀ ਹਿੱਤ, ਪ੍ਰਾਜੈਕਟ ਦੀ ਰੂਪ ਰੇਖਾ ਇਸ ਤਰ੍ਹਾਂ ਹੈ ਜੋ ਕਿ ਤਿਆਰ ਹੋ ਚੁੱਕੇ ਵਿਸ਼ੇ ਬੰਦ (Topic-wise) ਗੁਰਮਤਿ ਪਾਠ ਵੱਡੀ ਗਿਣਤੀ `ਚ ਛੱਪ ਕੇ ਸੰਗਤਾਂ ਦੇ ਹੀ ਸਹਿਯੋਗ ਨਾਲ, ਦੇਸ਼-ਵਿਦੇਸ਼ਾਂ `ਚ ਸੰਗਤਾਂ ਵਿਚਾਲੇ ਪਹੁੰਚ ਰਹੇ ਹਨ। ਇਸ ਤੋਂ ਬਾਅਦ, ਇਸ ਸਬੰਧ `ਚ ਦਾਸ ਨੂੰ ਖਾਸ ਤੌਰ `ਤੇ ਜੋ ਸਹਿਯੋਗ ਗੁਰਮੁਖ ਪਿਆਰੇ ਸ੍ਰ: ਮੱਖਣ ਸਿੰਘ ਜੀ ਪੁਰੇਵਾਲ ਤੋਂ ਮਿਲਿਆ ਤੇ ਮਿਲ ਰਿਹਾ ਹੈ, ਉਸ ਨੂੰ ਵੀ ਨਜ਼ਰੋਂ ਉਹਲੇ ਨਹੀਂ ਕੀਤਾ ਜਾ ਸਕਦਾ। ਇਸਦੇ ਲਈ ਪੁਰੇਵਾਲ ਜੀ ਦਾ ਜਿੰਨਾਂ ਵੀ ਧੰਨਵਾਦ ਕੀਤਾ ਜਾਵੇ ਘੱਟ ਹੈ। ਪੁਰੇਵਾਲ ਜੀ ਨੇ ਵੀ ਇਹਨਾ ਪਾਠਾਂ ਦੀ ਪੰਥਕ ਲੋੜ ਨੂੰ ਸਭ ਤੋਂ ਪਹਿਲਾਂ ਪਹਿਚਾਣਿਆ। ਉਪ੍ਰੰਤ ਦਾਸ ਵਲੋਂ ਬਿਨਾ ਕਿਸੇ ਬੇਨਤੀ ਦੇ, ਖ਼ੁਦ ਮੈਦਾਨ `ਚ ਨਿੱਤਰੇ। ਆਪ ਦੇ ਉੱਦਮ ਤੇ ਸਹਿਯੋਗ ਸਦਕਾ, ਦਾਸ ਦੇ ਸਾਰੇ ਗੁਰਮਤਿ ਪਾਠ, ਬਲਕਿ ਪੁਸਤਕਾਂ ਵੀ ਉਹਨਾਂ ਦੀ ਵੈਬ ਸਾਈਟ www.sikhmarg.com `ਤੇ ਲੋਡ ਹੋ ਕੇ ਸੰਸਾਰ ਦੇ ੭੭ ਤੋਂ ਵੱਧ ਦੇਸ਼ਾਂ `ਚ ਗੁਰੂ ਕੀਆਂ ਸੰਗਤਾਂ ਤੀਕ ਪੁੱਜ ਰਹੇ ਹਨ। ਇਸ ਤਰੀਕੇ ਵੀ ਇਹਨਾ ਗੁਰਮਤਿ ਪਾਠਾਂ ਤੇ ਪੁਸਤਕਾਂ ਦਾ ਸੰਗਤਾਂ ਭਰਪੂਰ ਲਾਭ ਲੈ ਰਹੀਆਂ ਹਨ। ਹੋਰ ਤਾਂ ਹੋਰ, ਜੇ ਕਰ ਅੱਜ ਵੀ ਕੋਈ ਸੱਜਨ, ਸੰਸਥਾ ਜਾਂ ਵੈਬ ਸਾਇਟ ਇਹਨਾ ਦਾ ਲਾਭ ਲੈਣਾ ਜਾਂ ਆਪਣੀ ਸੀਮਾ ਤੇ ਆਪਣੇ ਨਾਲ ਸਬੰਧਤ ਸੰਗਤਾਂ ਤੀਕ ਪਹੁੰਚਾਉਣਾ ਚਾਹੇ ਤਾਂ ਵੀ ਇਸ ਵੈਬ ਸਾਈਟ `ਤੇ ਹਰ ਸਮੇਂ ਪ੍ਰਾਪਤ ਹਨ, ਜਿਨ੍ਹਾਂ ਨੂੰ ਬਿਨਾ ਤਬਦੀਲੀ ਤੇ ਲੇਖਕ ਨਾਮ ਸਹਿਤ ਵਰਤਿਆ ਜਾ ਸਕਦਾ ਹੈ।

ਇਸ ਪ੍ਰਾਜੈਕਟ ਪਿਛੇ ਜੋ ਮੁੱਖ ਸੋਚ ਹੈ ਉਹ ਇਹੀ ਹੈ ਕਿ ਗੁਰਮਤਿ ਲੈਣੀ ਹਰੇਕ ਗੁਰੂਦਰ ਨਾਲ ਸਬੰਧਤ ਪ੍ਰਵਾਰ ਦਾ ਜਮਾਂਦਰੂ ਹੱਕ ਹੈ ਜੋ ਉਸ ਨੂੰ ਅੱਜ ਸੰਸਾਰ ਭਰ `ਚ ਆਪਣੇ ਮਾਪਿਆਂ, ਗੁਰਦੁਆਰਿਆਂ ਤੇ ਖਾਲਸਾ ਸਕੂਲਾਂ ਸਮੇਤ ਕੌਮ `ਚੋਂ ਕਿਸੇ ਵੀ ਪਾਸਿਓਂ ਵੀ ਨਹੀਂ ਮਿਲ ਰਿਹਾ। ਇਹੀ ਮੁਖ ਕਾਰਣ ਹੈ ਜੋ ਅੱਜ ਸਿੱਖ ਨੌਜੁਆਨ ਬੱਚਾ-ਬੱਚੀ ਧੜਾਧੜ ਨਾਸਤਿਕਤਾ, ਗੁਰੂਡੰਮਾਂ, ਸਾਧਾਂ ਦੇ ਡੇਰਿਆਂ ਦਾ ਸ਼ਿਕਾਰ ਹੋ ਰਿਹਾ ਹੈ। ਇਸੇ ਦਾ ਅਗਲਾ ਕਦਮ ਹੈ ਉਹਨਾਂ ਦਾ ਪਤਿੱਤਪੁਣੇ ਤੀਕ ਪੁਜਣਾ। ਇਸ ਲਈ ਇਸੇ ਮੂਲ ਸੋਚ ਨੂੰ ਮੁਖ ਰੱਖ ਕੇ ਸੈਂਟਰ ਦਾ ਨਿਸ਼ਾਨਾ ਸੰਸਾਰ ਪੱਧਰ `ਤੇ ਗੁਰੂ ਦਰ ਨਾਲ ਸਬੰਧਤ ਹਰੇਕ ਪ੍ਰਵਾਰ ਤੀਕ ਬਿਨਾ ਮੰਗੇ, ਬਿਨਾ ਮੰਗਵਾਏ, ਬਿਨਾ ਭੇਟਾ, ਲਗਭਗ ਦੋ ਮਹੀਨੇ `ਚ ਇੱਕ ਵਾਰੀ, ਨਿਰੋਲ ਗੁਰਬਾਣੀ ਅਧਾਰਤ ਨਵੇਂ ਸਿਰਿਓ ਤਿਆਰ ਕੀਤੇ ਇਹਨਾ ਵਿਸ਼ੇ-ਬੰਦ (Topic-wise) ਗੁਰਮਤਿ ਪਾਠਾਂ ਨੂੰ ਪਹੁੰਚਾਉਣਾ ਜ਼ਰੂਰੀ ਹੈ। ਅਜਿਹਾ ਕਹਿਣ `ਚ ਵੀ ਝਿਝਕ ਨਹੀਂ ਕਿ ਇਸ ਪਾਸੇ, ਸੰਗਤਾਂ ਵਲੋਂ ਸੈਂਟਰ ਨੂੰ ਮਿਲ ਰਹੇ ਸਹਿਯੋਗ `ਚ ਵੀ ਦਿਨੋ-ਦਿਨ ਵਾਧਾ ਹੋ ਰਿਹਾ ਹੈ।




.