.

ਸੰਡਾ ਮਰਕਾ ਜਾਇ ਪੁਕਾਰੇ
ਸੰਡਾ ਮਰਕਾ ਜਾਇ ਪੁਕਾਰੇ॥
ਪੜੈ ਨਹੀ ਹਮ ਹੀ ਪਚਿ ਹਾਰੇ॥
ਰਾਮੁ ਕਹੈ ਕਰ ਤਾਲ ਬਜਾਵੈ ਚਟੀਆ ਸਭੈ ਬਿਗਾਰੇ॥ 1॥
ਰਾਮ ਨਾਮਾ ਜਪਿਬੋ ਕਰੈ॥
ਹਿਰਦੈ ਹਰਿ ਜੀ ਕੋ ਸਿਮਰਨੁ ਧਰੈ॥ 1॥ ਰਹਾਉ॥
ਗੁਰੂ ਗ੍ਰੰਥ ਸਾਹਿਬ, ਪੰਨਾ 1165

ਨੋਟ – ਸੰਡਾ ਮਰਕਾ ਕਰਮਕਾਂਡੀ ਵੀਚਾਰਧਾਰਾ ਪੜ੍ਹਾਉਣ ਵਾਲਿਆਂ ਦਾ ਗਿਰੋਹ ਸੀ। ਇਹ ਪ੍ਰਹਿਲਾਦ ਜੀ ਉੱਪਰ ਆਪਣੇ ਊਲ-ਜਲੂਲ ਦਾ ਪ੍ਰਭਾਵ ਪਾਉਣ ਗਏ ਸਨ ਤਾਂ ਕਿ ਪ੍ਰਹਿਲਾਦ ਅਸਲ ਮਾਰਗ ਤੋਂ ਭਟਕ ਕੇ ਫਿਰ ਤੋਂ ਗਾਇਤ੍ਰੀ ਮੰਤਰ ਅਤੇ ਤਰਪਣ ਵਲ ਮੋੜੇ ਪਾ ਦੇਵੇ। ਇਨ੍ਹਾਂ ਦੀ ਇਹ ਕੋਸ਼ਿਸ਼ ਨਾਕਾਮ ਹੋਈ ਅਤੇ ਆਪਣੀ ਸਭਾ ਵਿੱਚ ਵਾਪਿਸ ਆ ਕੇ ਪਿੱਟਦੇ ਹਨ ਕਿ ਪ੍ਰਹਿਲਾਦ ਤਾਂ ਸਾਨੂੰ ਵੀ ਨਾਮ ਸਿਮਰਨ (ਭਾਵ ਸਚ ਨੂੰ ਹਿਰਦੇ ਅੰਦਰ ਵਸਾਉਣ) ਲਈ ਪ੍ਰੇਰਦਾ ਹੈ।
ਪਦ ਅਰਥ
ਸੰਡਾ ਮਰਕਾ – ਕਰਮਕਾਂਡ ਪੜ੍ਹਾੳਣ ਵਾਲੇ ਪਾਂਧੇ
ਹਮ ਹੀ – ਸਾਥ ਹੀ
ਪਚਿ ਹਾਰੇ – ਸਾਨੂੰ ਵੀ ਰਾਮ ਨਾਮ ਪਾਠ ਪੜ੍ਹਾਉਂਦਾ ਹੈ, ਪ੍ਰੇਰਨਾ ਕਰਦਾ ਹੈ
ਰਾਮ ਕਹੈ – ਆਪ ਰਾਮ ਕਹਿੰਦਾ ਹੈ ਭਾਵ ਰਾਮ ਨਾਮ ਸਿਮਰਨ ਕਰਦਾ ਹੈ
ਕਰ ਤਾਲ ਬਜਾਵੈ – ਇੱਕ ਸੁਰ ਰਾਮ ਨਾਮ ਦਾ ਸਿਮਰਨ ਕਰਨਾ
ਕਰ – ਭਾਵ ਅੰਦਰੋ ਅਤੇ ਬਾਹਰੋ ਇੱਕ ਹੋ ਕੇ ਸਿਮਰਨ ਕਰਨਾ
ਚਟੀਆ ਸਭੈ – ਤਮਾਮ ਲੋਕ ਜੋ ਪ੍ਰਹਿਲਾਦ ਜੀ ਦੀ ਸੋਚ ਦੇ ਹਾਮੀ ਸਨ
ਬਿਗਾਰੇ – ਬਗ਼ੈਰ ਉਜਰਤ ਲੈਣ ਦੇ ਭਾਵ ਬਗ਼ੈਰ ਕੁੱਝ ਲੈਣ ਦੇਣ ਦੇ ਨਿਸ਼ਕਾਮ ਸੇਵਾ ਕਰਨੀ, ਭਾਵ ਗੁਰਮਤਿ ਵਿਦਯਾ ਦੇਣੀ
ਰਾਮ ਨਾਮਾ ਜਪਿਬੋ ਕਰੈ – ਰਾਮ ਦਾ ਨਾ ਸਿਮਰਨ ਕਰਨਾ
ਰਾਮ – ਵਾਹਿਗੁਰੂ, ਕਰਤਾਰ, ਅਕਾਲ ਪੁਰਖੁ
ਅਰਥ
ਸੰਡਾ ਅਤੇ ਮਰਕਾਮਪ੍ਰਹਿਲਾਦ ਜੀ ਨਾਲ ਗੋਸ਼ਟੀ ਕਰਨ ਤੋਂ ਬਾਅਦ ਆਪਣੀ ਸਭਾ ਅੰਦਰ ਆ ਕੇ ਪੁਕਾਰੇ ਕਿ ਪ੍ਰਹਿਲਾਦ ਸਾਡੀ ਕੋਈ ਗੱਲ ਸੁਣਦਾ ਹੀ ਨਹੀਂ, ਸਗੋ ਸਾਨੂੰ ਉਲਟਾ ਰਾਮ ਨਾਮ ਦਾ ਪਾਠ ਪੜ੍ਹਾਉਂਦਾ ਹੈ। ਜਿਤਨੇ ਵੀ ਉਸ ਦੇ ਚੇਲੇ ਹਨ, ਉਸ ਦੀ ਸੋਚ ਦੇ ਧਾਰਨੀ ਹਨ। ਪ੍ਰਹਿਲਾਦ ਕੁਛ ਲੈਣ ਦੇਣ ਦੇ ਬਗ਼ੈਰ ਉਨ੍ਹਾਂ ਨੂੰ ਇੱਕ ਸੁਰ ਵਿੱਚ ਰਾਮ ਨਾਮ ਦੇ ਸਿਮਰਨ ਦਾ ਪਾਠ ਪੜ੍ਹਾ ਰਿਹਾ ਹੈ। ਉਹ ਨਾਮ ਸਿਮਰਨ ਕਰਨ ਦਾ ਭਾਵ ਸੱਚ ਨੂੰ ਦ੍ਰਿੜ ਕਰਨ ਦਾ ਢੰਗ ਵੀ ਸਿਖਾ ਰਿਹਾ ਹੈ ਅਤੇ ਦੱਸ ਰਿਹਾ ਹੈ ਕਿ ਕਿਵੇਂ ਹਰੀ ਦੀ ਯਾਦ ਹਿਰਦੇ ਵਿੱਚ ਟਿਕਾਉਣੀ ਹੈ।
ਬਸੁਧਾ ਬਸਿ ਕੀਨੀ ਸਭ ਰਾਜੇ ਬਿਨਤੀ ਕਰੈ ਪਟਰਾਨੀ॥
ਪੂਤੁ ਪ੍ਰਹਿਲਾਦੁ ਕਹਿਆ ਨਹੀ ਮਾਨੈ ਤਿਨਿ ਤਉ ਅਉਰੈ ਠਾਨੀ॥ 2॥
ਗੁਰੂ ਗ੍ਰੰਥ ਸਾਹਿਬ, ਪੰਨਾ 1165

ਪਦ ਅਰਥ
ਬਸੁਧਾ – ਧਰਤੀ
ਬਸਿ – ਵਸ ਹੋ ਜਾਣਾ; ਕਿਸੇ ਵਸਤ ਉੱਪਰ ਆਪਣਾ ਹੱਕ ਜਿਤਾਉਣਾ
ਬਿਨਤੀ – ਸੰ: ਸਿੱਜਦਾ ਕਰਨਾ, ਝੁਕਣਾ
ਪਟਰਾਨੀ – ਮਾਇਆ ਰੂਪੀ ਪਟਰਾਨੀ
ਪੂਤੁ ਪ੍ਰਹਿਲਾਦੁ ਕਹਿਆ ਨਹੀਂ ਮਾਨੈ – ਪ੍ਰਹਿਲਾਦ ਮਾਇਆ ਦਾ ਪੁੱਤ ਹੀ ਨਹੀਂ, ਕਿਉਂਕਿ ਉਸ ਉੱਪਰ ਮਾਇਆ (ਅਗਿਆਨਤਾ) ਦਾ ਪ੍ਰਭਾਵ ਹੀ ਨਹੀੁ। ਭਗਤਾਂ ਉੱਤੇ ਮਾਇਆ ਦਾ ਅਸਰ ਹੀ ਨਹੀਂ ਕਿਉਂਕਿ ਉਹ ਸਦਾ ਟਿਕਾਉ ਵਿੱਚ ਰਹਿੰਦੇ ਹਨ।
ਪਵਨ ਝੁਲਾਰੇ ਮਾਇਆ ਦੇਇ॥ ਹਰਿ ਕੇ ਭਗਤ ਸਦਾ ਥਿਰੁ ਸੇਇ॥
ਹਰਖ ਸੋਗ ਤੇ ਰਹਹਿ ਨਿਰਾਰਾ॥ ਸਿਰ ਊਪਰਿ ਆਪਿ ਗੁਰੂ ਰਖਵਾਰਾ॥ 2॥
ਗੁਰੂ ਗ੍ਰੰਥ ਸਾਹਿਬ, ਪੰਨਾ 801
ਅਉਰੈ – ਸੰ: ਪਹਿਲਾਂ ਹੀ
ਠਾਨੀ – ਕਿਸੇ ਸੰਕਲਪ ਨੂੰ ਵੀਚਾਰ ਕਰਨ ਤੋਂ ਬਾਅਦ ਮਨ ਵਿੱਚ ਦ੍ਰਿੜ ਕਰ ਲੈਣਾ
ਅਰਥ
ਜਿਤਨੇ ਤਮਾਮ ਧਰਤੀ ਦੇ ਰਾਜੇ ਹਨ, ਅਤੇ ਧਰਤੀ ਉੱਪਰ ਆਪਣਾ ਹੱਕ ਜਿਤਾਉਂਦੇ ਹਨ, ਸਭ ਮਾਇਆ ਰੂਪੀ ਪਟਰਾਨੀ ਅੱਗੇ ਝੁਕਦੇ ਹਨ ਅਤੇ ਨਮਸਕਾਰ ਕਰਦੇ ਹਨ। ਇਸੇ ਤਰ੍ਹਾਂ ਕਰਮਕਾਂਡੀ ਲੋਕ ਵੀ ਜੋ ਆਪਣੇ ਆਪ ਨੂੰ ਧਰਮੀ ਅਖਵਾਉਂਦੇ ਹਨ, ਅਤੇ ਉਜਰਤ ਲੈਂਦੇ ਹਨ, ਇਹ ਲੋਗ ਮਾਇਆ ਦੇ ਪੁੱਤ ਹਨ। ਪਰ, ਪ੍ਰਹਿਲਾਦ ਮਾਇਆ ਦਾ ਪੁੱਤ ਨਹੀਂ ਹੈ ਕਿਉਂਕਿ ਉਸ ਨੇ ਪਹਿਲਾਂ ਹੀ ਆਪਣੇ ਅੰਦਰ ਇਹ ਸੰਕਲਪ ਦ੍ਰਿੜ੍ਹ ਕੀਤਾ ਹੋਇਆ ਹੈ ਕਿ ਕਿਸੇ ਤੋਂ ਉਜਰਤ ਲੈਣੀ ਹੀ ਨਹੀਂ।
ਦੁਸਟ ਸਭਾ ਮਿਲਿ ਮੰਤਰ ਉਪਾਇਆ ਕਰਸਹ ਅਉਧ ਘਨੇਰੀ॥
ਗਿਰਿ ਤਰ ਜਲੁ ਜੁਆਲਾ ਭੈ ਰਾਖਿਓ ਰਾਜਾ ਰਾਮਿ ਮਾਇਆ ਫੇਰੀ॥ 3॥
ਗੁਰੂ ਗ੍ਰੰਥ ਸਾਹਿਬ, ਪੰਨਾ 1165

ਦੁਸਟ ਸਭਾ – ਕਰਮਕਾਂਡੀਆ ਵਲੋਂ ਪ੍ਰਹਿਲਾਦ ਨੂੰ ਅਤੇ ਉਸ ਦੇ ਸਾਥੀਆਂ ਨੂੰ ਦਿੱਤਾ ਨਾਮ
ਮਿਲਿ – ਇਕੱਠੇ ਹੋ ਕੇ, ਇੱਕ ਸੁਰ ਹੋ ਕੇ, ਮਿਲ ਕੇ
ਮੰਤਰ – ਮਤਾ
ਉਪਾਇਆ – ਪਾਸ ਕਰਨਾ, ਲਾਗੂ ਕਰਨਾ
ਕਰ – ਕਰਨਾ
ਸਹ – ਸੰ: ਦ੍ਰਿੜ ਵਿਸ਼ਵਾਸ
ਅਉਧ ਘਨੇਰੀ – ਜੀਵਨ ਰੂਪੀ ਰਾਤ
ਗਿਰਿ – ਸੰ: ਵਾਕਿਯਾ ਬਾਣੀ (ਗੁਰਮਤਿ ਅਨੁਸਾਰ ਬਖ਼ਸ਼ਿਸ਼ ਦਾ ਨਾਮ ਬਾਣੀ ਹੈ)
ਵਾਕਿਆ – ਸਹੀ ਭਾਵ ਸੱਚੀਂ
ਤਰ – ਸੰ: ਮਾਰਗ ਰਸਤਾ
ਜਲ – ਜਲਣ ਦੀ ਕ੍ਰਿਆ
ਜੁਆਲਾ ਅਗਨੀ, ਮਾਇਆ ਰੂਪੀ ਤ੍ਰਿਸਨਾ, ਰੂਪੀ ਅਗਨੀ
ਰਾਜਾ ਰਾਮ – ਪਰਮੇਸਰ ਜੋ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ; ਵਾਹਿਗੁਰੂ
ਮਾਇਆ ਫੇਰੀ – ਮੱਤ ਵਿੱਚ ਬਦਲਾਉ ਆਉਣਾ
ਅਰਥ
‘ਦੁਸਟਾਂ ਦੀ ਸਭਾ’ ਨੇ ਇਹ ਮਤਾ ਪਾਸ ਕਰ ਦਿੱਤਾ ਹੈ ਕਿ ਰਾਜਾ ਰਾਮ ਜੋ ਆਪਣੇ ਆਪ ਤੋਂ ਆਪ ਪ੍ਰਕਾਸ਼ਮਾਨ ਹੈ,
ਉਸ ਉੱਪਰ ਦ੍ਰਿੜ੍ਹ ਵਿਸ਼ਵਾਸ ਕਰਕੇ ਆਤਮਿਕ ਗਿਆਨ ਦੇ ਮਾਰਗ ਉੱਪਰ ਤੁਰਨ ਨਾਲ ਹੀ ਜੀਵਨ ਰੂਪੀ ਰਾਤ ਵਿੱਚ ਬਦਲਾਉ ਆਉਂਦਾ ਹੈ। ਇਹ ਬਦਲਾਉ ਪ੍ਰਭੂ ਦੀ ਬਖ਼ਸ਼ਿਸ਼ ਨਾਲ ਹੀ ਆਉਂਦਾ ਹੈ ਭਾਵ ਅਗਿਆਨਤਾ ਰੂਪੀ ਹਨੇਰਾ ਵਾਹਿਗੁਰੂ ਦੀ ਬਖ਼ਸ਼ਿਸ਼ ਨਾਲ, ਉਸ ਦੀ ਸ਼ਰਨ ਵਿੱਚ ਆਉਣ ਨਾਲ ਹੀ ਗਿਆਨ ਪ੍ਰਕਾਸ਼ ਵਿੱਚ ਬਦਲ ਸਕਦਾ ਹੈ। ਇਹ ਆਤਮਿਕ ਗਿਆਨ ਹੀ ਮਾਇਆ ਰੂਪੀ ਤ੍ਰਿਸ਼ਨਾ ਦੀ ਅਗਨ-ਜਲਨ ਤੋਂ ਬਚਾ ਸਕਦਾ ਹੈ।
ਨੋਟ – ਆਤਮਿਕ ਗਿਆਨ ਦੇ ਪ੍ਰਕਾਸ਼ ਨਾਲ ਹੀ ਬੁਧਿ ਬਦਲਦੀ ਹੈ: -
ਜਬ ਬੁਧਿ ਹੋਤੀ ਤਬ ਬਲੁ ਕੈਸਾ ਅਬ ਬੁਧਿ ਬਲੁ ਨ ਖਟਾਈ॥
ਕਹਿ ਕਬੀਰ ਬੁਧਿ ਹਰਿ ਲਈ ਮੇਰੀ ਬੁਧਿ ਬਦਲੀ ਸਿਧਿ ਪਾਈ॥
ਗੁਰੂ ਗ੍ਰੰਥ ਸਾਹਿਬ, ਪੰਨਾ 339

ਕਾਢਿ ਖੜਗੁ ਕਾਲੁ ਭੈ ਕੋਪਿਓ ਮੋਹਿ ਬਤਾਉ ਜੁ ਤੁਹਿ ਰਾਖੈ॥
ਪੀਤ ਪੀਤਾਂਬਰ ਤ੍ਰਿਭਵਣ ਧਣੀ ਥੰਭ ਮਾਹਿ ਹਰਿ ਭਾਖੈ॥ 4॥
ਗੁਰੂ ਗ੍ਰੰਥ ਸਾਹਿਬ, ਪੰਨਾ 1165
ਨੋਟ – ਇਹ ਪ੍ਰਹਿਲਾਦ ਜੀ ਵਲੋਂ ਸਮਝਾਈ ਹੋਈ ਵੀਚਾਰਧਾਰਾ ਦਾ ਵਰਨਣ ਹੈ।
ਪਦ ਅਰਥ
ਕਾਢਿ – ਸੋਚ, ਵੀਚਾਰਧਾਰਾ, ਤਰਤੀਬ, ਕੋਈ ਕਾਢ ਕੱਢਣੀ; ਜਿਵੇਂ ਕਿਸੇ ਨੇ ਜਹਾਜ਼ ਦੀ ਕਾਢ ਕੱਢੀ
ਡੁਬਦਾ ਕਾਢਿ ਕਢੀਜੈ॥ 2॥
ਗੁਰੂ ਗ੍ਰੰਥ ਸਾਹਿਬ, ਪੰਨਾ 1326
ਖੜਗੁ - ਸੰ: ਜੋ ਖੰਡਨ (ਭੇਦਨ) ਕਰੇ ਸੋ ਖੜਗ ਹੈ
ਕਾਲੁ – ਆਤਮਿਕ ਤੌਰ ਤੇ ਮਾਰ ਮੁਕਾਉਣ ਵਾਲੀ ਵੀਚਾਰਧਾਰਾ
ਮੋਹਿ – ਮੈਨੂੰ, ਸਾਨੂੰ
ਤੁਹਿ – ਤੁਹਾਨੂੰ
ਬਤਾਉ – ਸਮਝਾਉਣਾ
ਰਾਖੈ – ਰਖਿਆ ਕਰਨੀ
ਪੀਤ ਪੀਤਾਂਬਰ – ਅਕਾਲ ਪੁਰਖੁ
ਤ੍ਰਿਭਵਣ ਧਣੀ – ਤਿੰਨਾਂ ਭਵਨਾਂ ਦਾ ਮਾਲਕ, ਤ੍ਰਿਲੋਕੀ ਦਾ ਮਾਲਕ, ਵਾਹਿਗੁਰੂ
ਥੰਭ – ਥੰਭਲਾ, ਆਸਰਾ ਦੇਣ ਵਾਲਾ
ਜਿਉ ਮੰਦਰ ਕਉ ਥਾਮੈ ਥੰਮਨੁ॥ ਤਿਉ ਗੁਰ ਕਾ ਸਬਦੁ ਮਨਹਿ ਅਸਥੰਮਨੁ॥
ਗੁਰੂ ਗ੍ਰੰਥ ਸਾਹਿਬ, ਪੰਨਾ 282

ਹਰਿ ਭਾਖੈ – ਹਰੀ ਸਿਮਰਨ ਕਰੇ
ਕਾਢਿ ਖੜਗੁ ਕਾਲੁ – ਆਤਮਿਕ ਤੌਰ ਤੇ ਮਾਰ ਮੁਕਾਉਣ ਵਾਲੀ ਵੀਚਾਰਧਾਰਾ ਦੀ ਸੋਚ ਰੂਪੀ ਖੜਗ
ਮੋਹਿ ਬਤਾਉ – ਸਾਨੂੰ/ਮੈਨੂੰ ਸਮਝਾਉਂਦਾ ਹੈ
ਜੁ ਤੁਹਿ ਰਾਖੈ – ਤੁਹਾਨੂੰ ਵੀ ਆਤਮਿਕ ਮੌਤ ਵਾਲੀ ਵੀਚਾਰਧਾਰਾ ਤੋਂ ਮੁਕਤੀ ਦਿਵਾ ਸਕਦਾ ਹੈ
ਚੰਦਨ ਵਾਸੁ ਭੁਇਅੰਗਮ ਵੇੜੀ ਕਿਵ ਮਿਲੀਐ ਚੰਦਨੁ ਲੀਜੈ॥
ਕਾਢਿ ਖੜਗੁ ਗੁਰ ਗਿਆਨੁ ਕਰਾਰਾ ਬਿਖੁ ਛੇਦਿ ਛੇਦਿ ਰਸੁ ਪੀਜੈ॥ 3॥
ਗੁਰੂ ਗ੍ਰੰਥ ਸਾਹਿਬ, ਪੰਨਾ 1324
ਇਸ ਸ਼ਬਦ ਅੰਦਰ ਆਤਮਕ ਗਿਆਨ ਦੀ ਵੀਚਾਰਧਾਰਾ ਦੀ ਖੜਗ
ਖੜਗ - ਖੜਗ ਹੀ ਹੈ। ਸਿਰਫ਼ ਚਲਾਉਣ ਵਿੱਚਲੀ ਵੀਚਾਰਧਾਰਾ ਵਿੱਚ ਫ਼ਰਕ ਹੈ। ਖੜਗ ਚੁੱਕ ਕੇ ਕੋਈ ਜ਼ੁਲਮ ਕਰ ਸਕਦਾ ਹੈ, ਅਤੇ ਕੋਈ ਖੜਗ ਚੁੱਕ ਕੇ ਜ਼ੁਲਮ ਦਾ ਨਾਸ਼ ਕਰ ਸਕਦਾ ਹੈ। ਕਾਲ ਖੜਗ ਆਤਮਿਕ ਤੌਰ ਤੇ ਮਾਰ ਮੁਕਾਉਂਦੀ ਹੈ ਅਤੇ ਗੁਰੁ ਗਿਆਨ ਖੜਗ ਆਤਮਿਕ ਤੌਰ ਤੇ ਮਾਰਨ ਵਾਲੀ ਵੀਚਾਰਧਾਰਾ ਨੂੰ ਖ਼ਤਮ ਕਰ ਦਿੰਦੀ ਹੈ।
ਕਾਲੁ ਖੜਗ – ਮੌਤ ਲਿਆਉਣ ਵਾਲੀ ਖੜਗ, ਆਤਮਿਕ ਮੌਤ ਕਰਨ ਵਾਲੀ
ਗੁਰਗਿਆਨ ਖੜਗ – ਆਤਮਿਕ ਤੌਰ ਤੇ ਜੀਵਾਲਣ ਵਾਲੀ ਖੜਗ
ਅਰਥ
ਸੰਡਾ ਮਰਕਾ ਵਾਪਸ ਆਪਣੀ ਸਭਾ ਅੰਦਰ ਆਕੇ ਦਸਦੇ ਹਨ ਕਿ ਪ੍ਰਹਿਲਾਦ ਸਾਨੂੰ ਇਹ ਗੱਲ ਸਮਝਾਉਂਦਾ ਹੈ ਕਿ ਤੁਹਾਨੂੰ ਵੀ ਆਤਮਿਕ ਤੌਰ ਤੇ ਖ਼ਤਮ ਕਰ ਦੇਣ ਵਾਲੀ, ਕ੍ਰੋਧਿਤ ਵੀਚਾਰਾਂ ਦੀ ਕਰਮਕਾਂਡੀ ਕਾਢਿ ਵਾਲੀ ਖੜਗ ਦੇ ਭੈ ਤੋਂ ਬਚਣ ਲਈ ਤ੍ਰਿਭਵਣ ਧਣੀ (ਜੋ ਅਕਾਲ ਪੁਰਖੁ ਹੈ) ਦੇ ਸਿਮਰਨ ਦਾ ਆਸਰਾ ਲੈਣਾ ਚਾਹੀਦਾ ਹੈ
ਹਰਨਾਖਸੁ ਜਿਨਿ ਨਖਹ ਬਿਦਾਰਿਓ ਸੁਰਿ ਨਰ ਕੀਏ ਸਨਾਥਾ॥
ਕਹਿ ਨਾਮਦੇਉ ਹਮ ਨਰ ਹਰਿ ਧਿਆਵਹ ਰਾਮੁ ਅਭੈ ਪਦ ਦਾਤਾ॥ 5॥ 3॥ 9॥
ਗੁਰੂ ਗ੍ਰੰਥ ਸਾਹਿਬ, ਪੰਨਾ 1165

ਪਦ ਅਰਥ
ਹਰਨਾਖਸੁ – ਆਤਮਿਕ ਤੌਰ ਤੇ ਖ਼ਤਮ ਕਰ ਦੇਣ ਵਾਲੀ ਵੀਚਾਰਧਾਰਾ, ਸੋਚ, ਬਿਰਤੀ
ਨਖਹ – ਅਖੌਤੀ ਉੱਚੀ ਕੁੱਲ ਦਾ ਭਰਮ
ਬਿਦਾਰਿਓ – ਖ਼ਤਮ ਕਰਨਾ, ਖ਼ਤਮ ਹੋ ਜਾਣਾ
ਸੁਰਿ ਨਰ – ਦੈਵੀ ਗੁਣਾਂ ਵਾਲੇ ਮਨੁੱਖ
ਸੁਰਿ ਨਰ ਕੀਏ ਸਨਾਥਾ – ਜੋ ਮਨੁੱਖਾਂ ਨੂੰ ਦੈਵੀ ਗੁਣ ਬਖ਼ਸ਼ਿਸ਼ ਕਰਨ ਵਾਲਾ ਸਾਰੇ ਨਾਥਾਂ ਦਾ ਨਾਥ ਹੈ
ਨਰ ਹਰਿ ਧਿਆਵਹ – ਮੈਂ ਵੀ ਉਸ ਅਕਾਲ ਪੁਰਖੁ ਜੋ ਸਾਰੇ ਨਾਥਾਂ ਦਾ ਨਾਥ ਹੈ ਦੀ ਬੰਦਗੀ ਕਰਦਾ ਹਾਂ
ਅਭੈ ਪਦ ਦਾਤਾ – ਆਤਮਿਕ ਤੌਰ ਤੇ ਮਾਰ ਮੁਕਾਉਣ ਵਾਲੀ ਵੀਚਾਰਧਾਰਾ ਨੂੰ ਖ਼ਤਮ ਕਰਕੇ ਅਭੈ ਪਦ ਬਖਸ਼ਣ ਵਾਲਾ ਅਕਾਲ ਪੁਰਖੁ
ਅਰਥ
ਜਿਸ ਵਾਹਿਗੁਰੂ ਨੇ ਪ੍ਰਹਿਲਾਦ ਦੀ ਹਰਨਾਖਸ਼ੀ ਬਿਰਤੀ ਖ਼ਤਮ ਕਰ ਕੇ ਦੈਵੀ ਗੁਣ ਬਖ਼ਸ਼ਿਸ਼ ਕੀਤੇ ਸਨ ਅਤੇ ਜੋ ਸਾਰਿਆ ਦਾ ਨਾਥ ਹੈ, ਨਾਮਦੇਵ ਜੀ ਵੀ ਇਹ ਹੀ ਕਹਿ ਰਹੇ ਹਨ ਕਿ ਮੈਂ ਵੀ ਉਸ ਵਾਹਿਗੁਰੂ ਅਕਾਲ ਪੁਰਖੁ ਦੀ ਹੀ ਬੰਦਗੀ ਕਰਦਾ ਹਾਂ। ਉਹ ਆਤਮਿਕ ਤੌਰ ਤੇ ਮਾਰ ਮੁਕਾਉਣ ਵਾਲੀ (ਹਰਨਾਖਸ਼ੀ) ਵੀਚਾਰਧਾਰਾ ਤੋਂ ਮੁਕਤੀ ਦਿਵਾ ਦਿੰਦਾ ਹੈ ਅਤੇ ਅਭੈ ਪਦਵੀ ਬਖ਼ਸ਼ਦਾ ਹੈ।
ਬਲਦੇਵ ਸਿੰਘ ਟੋਰਾਂਟੋ
.