ਸਰਬ ਧਰਮ ਸੰਮੇਲਨ ਦੀ ਥਾਂ ਸਰਬ ਧਰਮ ਸੁ-ਮੇਲਨ ਕਿਉ ਨਹੀਂ ਕਰਦੇ?
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਅਪਣੇ ਅੰਦਰ ਅਜਿਹੀ ਨਿਰੰਕਾਰੀ ਬਾਣੀ ਅਤੇ ਆਦਿ ਸੱਚ ਧਰਮ ਦਾ ਖ਼ਜ਼ਾਨਾ ਸਮੋਈ ਬੈਠੇ ਹਨ ਜਿਸ ਦਾ ਕੋਈ
ਸਾਨੀ ਨਹੀਂ ਹੈ। ਹਰ ਧਰਮ, ਜਾਤ ਦੇ ਗੁਰਮੁਖਾਂ ਨੂੰ, ਮਹਾਂਮੁਰਸ਼ਾਂ ਨੂੰ, ਭਗਤਾਂ ਨੂੰ ਅਪਣੇ ਅੰਦਰ
ਸਤਿਕਾਰ ਨਾਲ ਥਾਂ ਦਿਤੀ ਜੋ ਕਿ ਗੁਰੂ ਗ੍ਰੰਥ ਸਾਹਿਬ ਦੀ ਸਿਖਿਆ ਨਾਲ ਇਕਮਿਕ ਹੋ ਗਏ ਹਨ ਅਤੇ ਇਕੋ
ਨਿਰੰਕਾਰੀ ਆਦਿ ਸੱਚ ਧਰਮ ਨੂੰ ਪ੍ਰਵਾਨ ਕੀਤਾ ਅਤੇ ਆਪੋ-ਆਪਣੀਆਂ ਜਾਤਾਂ, ਮੱਤਾਂ ਨੂੰ ਤਿਆਗ ਦਿਤਾ।
ਗੁਰੂ ਗ੍ਰੰਥ ਸਾਹਿਬ ਅੰਦਰ ਅਜਿਹਾ ‘ਧਰਮ ਸੰਮੇਲਨ’ ਹੋਇਆ ਹੈ ਜਿਸ ਨੂੰ ਵੇਖ ਕੇ ਅਜਕਲ ਦੇ ਧਰਮ
ਸੰਮੇਲਨ ਮਹਿਜ਼ ਇੱਕ ਵਿਖਾਵਾ ਅਤੇ ਪਖੰਡ ਲਗਦੇ ਹਨ ਕਿਉਂਕਿ ਅੱਜ ਦਾ ਕੋਈ ਵੀ ਧਾਰਮਿਕ ਆਗੂ,
ਮਹਾਂਪੁਰਸ਼ ਅਪਣੀ ਜਾਤ-ਪਾਤ ਦਾ ਵਿਤਕਰਾ ਅਤੇ ਅਪਣੇ ਧਰਮ ਨੁੰ ਤਿਆਗਣ ਲਈ ਤਿਆਰ ਨਹੀਂ ਹੈ।
ਗੁਰੂ ਗ੍ਰੰਥ ਸਾਹਿਬ ਦੀ ਸਿਖਿਆ ਅਨੁਸਾਰ ਮਨੁੱਖ ਨੇ ਇਸ ਬਹੁਰੰਗੀ ਦੁਨੀਆਂ ਵਿੱਚ ਵਿਚਰਦਿਆਂ, ਉਸ
ਸਦੀਵੀ ਸੱਚ ਧਰਮ ਨਾਲ ਚੰਗੀ ਤਰ੍ਹਾਂ ਜਾਣ-ਪਛਾਣ ਕਰ ਕੇ, ਅਕਾਲ ਪੁਰਖ ਦੀ ਨਿਰੰਜਨ, ਨਿਰਮਲਤਾ ਨੂੰ
ਅਪਣੇ ਅੰਦਰ ਵਸਾ ਕੇ, ਅਪਣੇ ਸੁੱਕੇ ਹੋਏ ਮਨ ਵਿੱਚੋਂ ਨਿਰੰਕਾਰੀ ਗੁਣਾਂ ਨੂੰ ਪ੍ਰਗਟ ਕਰਦਿਆਂ ਹੋਇਆਂ
ਉਸ ਸੱਚ ਨਾਲ ਸੁਮੇਲ ਕਰਨਾ ਸੀ ਜਿਸ ਤਰ੍ਹਾਂ ਸੰਸਾਰ ਦੀਆਂ ਸਾਰੀਆਂ ਨਦੀਆਂ ਸਮੁੰਦਰ ਵਿੱਚ ਸਮਾ
ਜਾਂਦੀਆਂ ਹਨ। ਇਹੋ ਜਿਹਾ ਸੁ-ਮੇਲਨ ਸਾਰੇ ਧਰਮਾਂ ਵਾਲੇ ਕਰਨ ਨੂੰ ਤਿਆਰ ਹੋਣ ਜਾਂ ਉਸ ਨਿਰੰਕਾਰੀ
ਧਰਮ ਵਿੱਚ ਸੁਮੇਲ ਕਰਨਾ ਚਾਹੁਣ ਜਾਂ ਇਕੋ ਇੱਕ ਸਦੀਵੀ ਸੱਚ ਨੂੰ ਧਰਮ ਮੰਨਦੇ ਹੋਣ ਤਾਂ ਉਹ ਇਕੋ ਇੱਕ
ਨਿਰੰਕਾਰੀ ਗੁਣਾਂ ਵਾਲੇ ਸੁਭਾਅ ਵਾਲੇ ਬਣ ਕੇ, ਇੱਕ ਸੁਰਤਾ ਵਾਲਾ ਪਿਆਰ ਭਰਿਆ ਜੀਵਨ ਜੀਅ ਕੇ ਲੋਕਾਈ
ਨੂੰ ਦੱਸਣ, ਜੋ ਗੁਰੂ ਗ੍ਰੰਥ ਸਾਹਿਬ ਅੰਦਰ ਭਗਤਾਂ ਨੇ, ਗੁਰਮੁੱਖਾਂ ਨੇ, ਗੁਰੂ ਸਾਹਿਬਾਨ ਨੇ ਆਪ ਜੀ
ਕੇ ਦਸਿਆ ਸੀ। ਇਹੋ ਜਿਹੇ ਜੀਵਨ ਅੰਦਰ ਝਗੜੇ, ਦੰਗੇ, ਫਸਾਦ, ਨਫ਼ਰਤ ਈਰਖਾ ਆਦਿ ਪੈਦਾ ਨਹੀਂ ਹੋ ਸਕਦੇ
ਜੋ ਸਾਡੇ ਅੰਦਰ ਆਮ ਪਾਏ ਜਾਂਦੇ ਹਨ॥ ਗੁਰੂ ਗ੍ਰੰਥ ਸਾਹਿਬ ਜੀ ਦੇ ਸੁ-ਮੇਲਨ ਦੀ ਇਹ ਸਚਾਈ ਜੱਗ ਜ਼ਾਹਰ
ਹੈ ਕਿ ਬਾਬੇ ਨਾਨਕ ਨਾਲ ਸ਼ੇਖ ਫ਼ਰੀਦ ਜੀ, ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਭਗਤ ਨਾਮਦੇਵ ਜੀ, ਭਗਤ
ਪਰਮਾਨੰਦ ਜੀ ਅਤੇ ਹੋਰ ਸਾਰੇ ਮਹਾਂਪੁਰਖ ਗੁਰੂ ਗ੍ਰੰਥ ਸਾਹਿਬ ਅੰਦਰ ਬੈਠੇ ਨਜ਼ਰ ਆ ਰਹੇ ਹਨ ਜੋ ਕਿ
ਸਾਰੇ ਵਰਣਾਂ-ਜਾਤਾਂ ਨਾਲ ਸਬੰਧਤ ਹੁੰਦੇ ਹੋਏ ਵੀ, ਆਪਣੇ ਵਿਤਕਰੇ ਛੱਡ ਕੇ, ਇਕਮਤ ਹੋਏ।
ਕੀ ਸਾਡੀ ਸ਼੍ਰੋਮਣੀ ਕਮੇਟੀ ਇਹੋ ਜਿਹੇ ਸੁ-ਮੇਲਨ ਕਰਵਾ ਸਕਦੀ ਹੈ ਜਾਂ ਸੁ-ਮੇਲਨ ਕਰਨ ਵਾਲਿਆਂ ਨੂੰ
ਆਪੋ-ਆਪਣੇ ਮਤਾਂ ਅਤੇ ਭੇਦਾਂ ਵਿੱਚ ਖੁੱਭੇ ਹੋਇਆਂ ਦਾ ਸੁ-ਮੇਲਨ ਕਰ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ
ਜੀ ਦੇ ਉਚੇ-ਸੁਚੇ ਸੁ-ਮੇਲਨ ਨੂੰ ਝੁਠਲਾਉਣ ਦੀ ਕੋਸ਼ਿਸ਼ ਕਰੇਗੀ?
ਅਨਮਤੀ ਧਰਮਾਂ ਵਾਲੇ, ਅਪਣੇ ਧਰਮ ਗ੍ਰੰਥਾਂ ਵਿੱਚੋਂ ਵਰਣਾਂ ਅਤੇ ਜਾਤਾਂ ਦਾ ਵਿਤਕਰਾ ਕਦੇ ਨਹੀਂ ਕੱਢ
ਸਕਦੇ ਤੇ ਨਾ ਹੀ ਹਰ ਮਨੁੱਖ ਨੁੰ ਮੰਦਰਾ ਵਿੱਚ ਜਾਣ ਦੀ ਇਜਾਜ਼ਤ ਦੇ ਸਕਦੇ ਹਨ। ਉਪਰੋਕਤ ਭਗਤਾਂ ਨੂੰ
ਆਪਣੇ ਧਰਮ ਗ੍ਰੰਥਾਂ ਵਿੱਚ ਥਾਂ ਦੇ ਕੇ ਇਕਮਿਕਤਾ ਵਾਲਾ ਸੁ-ਮੇਲਨ ਵੀ ਉਹ ਨਹੀਂ ਕਰ ਸਕਦੇ। ਇਸ
ਤਰ੍ਹਾਂ ਦੇ ਵਿਤਕਰਿਆਂ ਦੇ ਹੁੰਦਿਆਂ ਹੋਇਆਂ ਸਰਬ ਧਰਮ ਸੰਮੇਲਨ ਨਹੀਂ ਹੋ ਸਕਦਾ ਜੇ ਉਹ ਆਪਣੇ
ਵਿੱਚੋਂ ਅਤੇ ਆਪਣੇ ਧਰਮ ਗ੍ਰੰਥਾਂ ਵਿੱਚੋਂ, ਵਿਤਕਰੇ ਵਾਲੀਆਂ ਗੱਲਾਂ ਨਹੀਂ ਕਢਦੇ/ਤਿਆਗਦੇ।
ਜਿਹੜੇ ਧਾਰਮਿਕ ਆਗੂ ਇਹ ਕਹਿੰਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵੇਦਾਂ ਦਾ ਸਾਰ-ਅੰਸ਼
ਹੈ, ਸ਼ਾਇਦ ਉਹ ਇਹ ਨਹੀਂ ਜਾਣਦੇ ਕਿ ਗੁਰੂ ਗ੍ਰੰਥ ਸਾਹਿਬ ਜੀ ਆਪਣੀ ਹੀ ਵਿਲੱਖਣਤਾ ਵਾਲੀ ਹਸਤੀ ਦੇ
ਮਾਲਕ ਹਨ।
ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ਾਂ ਨੁੰ ਵੇਖਦਿਆਂ ਹੋਇਆਂ, ਉਨ੍ਹਾਂ ਦੀ ਇਹ ਧਾਰਨਾ ਬਿਲਕੁਲ ਝੂਠੀ
ਅਤੇ ਨਿਰਮੂਲ ਸਾਬਤ ਹੁੰਦੀ ਹੈ। ਭਾਰਤ ਦਾ ਪੁਰਾਤਨ ਵੇਦਾਂਤੀ ਮੱਤ ਨੀਵੀਆਂ ਜਾਤਾਂ ਵਾਲਿਆਂ ਨੂੰ ਧਰਮ
ਦੀ ਸਿਖਿਆ ਦੇਣੋਂ ਮਨ੍ਹਾਂ ਕਰਦਾ ਹੈ ਜਦਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਅਨੁਸਾਰ ਰੱਬ ਨਾ
ਜੰਮਦਾ ਹੈ ਤੇ ਨਾ ਮਰਦਾ ਹੈ। ਉਹ ਅਬਿਨਾਸ਼ੀ ਹੋਂਦ ਹੈ। ਸਾਰਿਆਂ ਅੰਦਰ ਵਸਦਾ ਹੈ ਤੇ ਸਰਬ-ਵਿਆਪਕ ਹੈ
ਅਤੇ ਉਹੀ ਸਾਰੇ ਬ੍ਰਹਿਮੰਡ ਦਾ ਰਚਣਹਾਰਾ ਹੈ ਪਰ ਵੇਦਾਂਤ ਇਸ ਨੂੰ ਨਹੀਂ ਮੰਨਦਾ। ਅਨਮਤੀਏ ਭਗਵਾਨ ਦਾ
ਜਨਮ ਦਿਨ ਵੀ ਮਨਾਉਂਦੇ ਹਨ ਜਦਕਿ ਗੁਰਬਾਣੀ ਇਨ੍ਹਾਂ ਸਾਰੀਆਂ ਮਨਮਤਾਂ ਅਤੇ ਧਾਰਨਾਵਾਂ ਦਾ ਖੰਡਨ
ਕਰਦੀ ਹੈ। ਗੁਰੂ ਗ੍ਰੰਥ ਸਾਹਿਬ ਅਨੁਸਾਰ ਧਰਤੀ ਉਤੇ ਜੋ ਵੀ ਵੱਡੇ ਤੋਂ ਵੱਡਾ ਦੇਵੀ-ਦੇਵਤਾ ਪੈਦਾ
ਹੋਇਆ ਹੈ, ਉਸ ਨੇ ਨਿਰੰਕਾਰੀ ਰਚਨਾ ਦਾ ਰਚਣਹਾਰ ਤਾਂ ਕੀ ਬਣਨਾ ਸੀ, ਰਚਨਾ ਬਾਰੇ ਸਹੀ ਪੇਸ਼ੀਨਗੋਈ ਵੀ
ਨਹੀ ਕਰ ਸਕਦਾ॥ ਨਾ ਹੀ ਇਕੋ ਸਮੇਂ ਸਰਬ-ਨਿਰੰਤਰ, ਸਰਬ-ਵਿਆਪਕ ਹੋ ਸਕਦਾ ਹੈ। ਇਹ ਸ਼ਕਤੀ ਸਿਰਫ਼ ਇਕੋ
ਇੱਕ ਨਿਰੰਕਾਰ ਅੰਦਰ ਹੀ ਹੈ।
ਭਾਰਤ ਦਾ ਇਤਿਹਾਸ ਪੜ੍ਹ ਕੇ ਪਤਾ ਲਗਦਾ ਹੈ ਕਿ ਬੁੱਧ ਮੱਤ ਵਾਲਿਆਂ ਨਾਲ ਇਨ੍ਹਾਂ ਅਖੌਤੀ ਧਰਮੀਆਂ ਨੇ
ਕਿਹੋ ਜਿਹਾ ਸੁ-ਮੇਲਨ ਕੀਤਾ ਤੇ ਕਿੰਨੇ ਬੌਧੀਆਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਇਹੋ ਜਿਹੇ ਧਰਮ
ਸੁ-ਮੇਲਨਾਂ ਕਾਰਨ ਹੀ ਸਾਡੇ ਧਰਮ ਅਸਥਾਨਾਂ ਉਤੇ ਅਨਮਤੀਆਂ ਵਾਲੇ ਕਰਮ-ਕਾਂਡ ਹੋ ਰਹੇ ਹਨ। ਜਿਸ
ਤਰ੍ਹਾਂ ਗੁਰਦੁਆਰਿਆ ਦੇ ਸਰੋਵਰਾਂ ਵਿੱਚ ਇਸ਼ਨਾਨ ਕਰ ਕੇ ਪਾਪਾਂ ਤੋਂ ਮੁਕਤ ਹੋਣ ਦੀ ਧਾਰਨਾ,
ਗੋਇੰਦਵਾਲ ਸਾਹਿਬ ਦੀ ਬਾਉਲੀ ਦੀਆਂ ਪੋੜੀਆਂ ਤੇ 84 ਵਾਰ ਜਪੁ ਜੀ ਸਾਹਿਬ ਦੇ ਪਾਠ ਕਰਨ ਨਾਲ ਮੁਕਤ
ਹੋਣ ਦਾ ਪ੍ਰਚਾਰ ਕਰਨਾ, ਜੋੜਿਆਂ ਦੀ ਮਿੱਟੀ ਦੀਆਂ ਪੂੜੀਆਂ ਬਣਾ ਕੇ ਚਰਨ ਧੂੜ ਨੂੰ ਪ੍ਰਸ਼ਾਦ ਵਾਂਗ
ਵੰਡਣਾ, ਥਿਤਾਂ-ਵਾਰਾਂ ਨੁੰ ਪੁਰਬਾਂ ਵਾਂਗ ਮੰਨਣਾ, ਮੱਸਿਆ, ਸੰਗਰਾਂਦ, ਪੂਰਨਮਾਸ਼ੀ ਆਦਿ ਅਜਿਹੇ
ਕਰਮ-ਕਾਂਡ ਹਨ ਜੋ ਗੁਰਦਵਾਰਿਆਂ, ਖਾਸ ਤੌਰ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਗੁਰਦਵਾਰਿਆਂ
ਵਿੱਚ ਸ਼ਰੇਆਮ ਹੋ ਰਹੇ ਹਨ।
ਕਿਸੇ ਵੀ ਤੀਰਥ ਦਾ ਪਾਣੀ ਤੁਹਾਡੇ ਚਿੱਤ ਨੂੰ ਨਹੀ ਧੋ ਸਕਦਾ, ਸਿਰਫ਼ ਪਿਆਸ ਬੁਝਾ ਸਕਦਾ ਹੈ।
ਥਿੱਤਾਂ-ਵਾਰਾਂ ਦੀ ਪੂਜਾ ਨੂੰ ਗੁਰਬਾਣੀ ਉਚੇਚੇ ਤੌਰ ਤੇ ਮਨ੍ਹਾਂ ਕਰਦੀ ਹੈ। ਗਉੜੀ ਰਾਗ ਅੰਦਰ ਗੁਰੂ
ਅਰਜਨ ਸਾਹਿਬ, ਭਗਤ ਕਬੀਰ ਜੀ, ਬਿਲਾਵਲ ਰਾਗੁ ਵਿੱਚ ਗੁਰੂ ਨਾਨਕ ਸਾਹਿਬ ਅਤੇ ਗੁਰੂ ਅਮਰਦਾਸ ਜੀ ਨੇ,
ਪੂਰੇ ਵਿਸਥਾਰ ਨਾਲ, ਸਮਝਾਇਆ ਹੈ ਕਿ ਮੂਰਖ ਅਤੇ ਗਵਾਰ ਲੋਕ ਥਿੱਤਾਂ ਤੇ ਵਾਰਾਂ ਦੀ ਪੂਜਾ ਕਰਦੇ ਹਨ।
ਚਰਨ ਧੂੜ ਲਈ, ਗੁਰੂ ਗ੍ਰੰਥ ਸਾਹਿਬ ਦਾ ਇਸ਼ਾਰਾ, ਪਰਮ ਤੱਤ, ਨਾਮ, ਸ਼ਬਦ ਦੀ ਉੱਚੀ-ਸੁੱਚੀ ਪ੍ਰਾਪਤੀ
ਅਤੇ ਨਿਮਰਤਾ ਵਲ ਹੈ ਨਾਕਿ ਮਿੱਟੀ ਦੀਆਂ ਪੂੜੀਆਂ ਵਲ। ਮੁਕਤੀ ਵਾਸਤੇ ਗੁਰਬਾਣੀ, ਜਿਉਂਦਿਆਂ ਹੀ,
ਆਪਣੀਆਂ ਇੰਦਰੀਆਂ ਦੀਆਂ ਵਾਸਨਾਵਾਂ ਤੋਂ ਮੁਕਤ ਹੋਣਾ ਸਿਖਾਉਂਦੀ ਹੈ ਨਾਕਿ ਸਿਰਫ਼ ਪਾਠਾਂ ਦੀ ਗਿਣਤੀ
ਨਾਲ। ਅਨਮਤੀਆਂ ਦੇ ਸੁ-ਮੇਲਨ ਕਾਰਨ ਗੁਰੂ ਸਾਹਿਬਾਨ ਦੇ ਹਰ ਪ੍ਰਕਾਰ ਦੇ ਹੋਰਡਿੰਗਜ਼/ਇਸ਼ਤਿਹਾਰ, ਆਪਣੀ
ਮਰਜ਼ੀ ਅਨੁਸਾਰ, ਕਿਸੇ ਵੀ ਦੇਵੀ-ਦੇਵਤੇ ਦੇ ਆਸ਼ੀਰਵਾਦ ਅਧੀਨ, ਬਹੁਤੀਆਂ ਥਾਵਾਂ ਤੇ ਲੱਗੇ ਵੇਖੇ
ਜਾਂਦੇ ਹਨ। ਗੁਰਬਾਣੀ ਦੇ ਸਿਧਾਂਤਾਂ ਤੋਂ ਉਲਟ ਰੀਤਾਂ ਵਾਲੇ ਸਾਹਿਤ ਦੀ ਵੀ ਵਿਚਾਰ ਹੁੰਦੀ ਹੈ ਜਿਸ
ਤਰ੍ਹਾਂ ਗੁਰਬਿਲਾਸ ਪਾਤਸ਼ਾਹੀ-6, ਗੁਰੂ ਗ੍ਰੰਥ ਸਾਹਿਬ ਅਤੇ ਦਸਮ ਗ੍ਰੰਥ ਦਾ ਇਕੋ ਜਿਲਦ ਵਿੱਚ
ਮਿਲਣਾ, ਥਿੱਤਾਂ-ਵਾਰਾਂ ਅਤੇ ਹੋਰ ਬਿਪਰਨ ਕੀ ਰੀਤ ਵਾਲੇ ਸਾਹਿਤ, ਪਟਨਾ ਸਾਹਿਬ ਤੇ ਨਾਂਦੇੜ ਸਾਹਿਬ
ਦੇ ਤਖਤਾਂ ਅਤੇ ਹੋਰ ਗੁਰਦੁਆਰਿਆਂ ਅੰਦਰ ਵੇਖੇ ਜਾ ਸਕਦੇ ਹਨ।
ਸ਼੍ਰੋਮਣੀ ਕਮੇਟੀ ਨੂੰ, ਅੰਤਰ-ਆਤਮਾ ਨਾਲ, ਸਿੱਖ ਜਥੇਬੰਦੀਆਂ, ਵਿਦਵਾਨ ਗੁਰਸਿੱਖਾਂ ਨਾਲ ਸੁ-ਮੇਲਨ
ਕਰ ਕੇ ਨਿਰੋਲ ਗੁਰਮਤਿ ਪ੍ਰਚਾਰ ਤੇ ਪਹਿਰਾ ਦੇਣਾ ਚਾਹੀਦਾ ਹੈ ਅਤੇ ਮਨਮੱਤਾਂ ਤਿਆਗਣੀਆਂ ਚਾਹੀਦੀਆਂ
ਹਨ। ਉਪਰੰਤ ਤਖ਼ਤ ਪਟਨਾ ਸਾਹਿਬ, ਤਖ਼ਤ ਹਜ਼ੂਰ ਸਾਹਿਬ ਨਾਲ ਤਾਲਮੇਲ ਕਰ ਕੇ, ਸਾਰਿਆਂ ਨੁੰ ਇਕੋ ਇੱਕ
ਗੁਰੂ ਗ੍ਰੰਥ ਸਾਹਿਬ ਦਾ ਸੁ-ਮੇਲਨ ਕਰਵਾਉਣਾ ਚਾਹੀਦਾ ਹੈ। ਇਸ ਦੇ ਨਾਲ ਹੀ ਜਿਨ੍ਹਾਂ ਡੇਰਿਆਂ ਅਤੇ
ਹੋਰ ਥਾਵਾਂ ਤੇ ਜਿਥੇ ਸ਼ਬਦ ਗੁਰੂ ਦਾ ਪ੍ਰਕਾਸ਼ ਹੈ ਅਤੇ ਜੋ ਕਮੇਟੀ ਤੋਂ ਬਾਹਰ ਹਨ, ਉਨ੍ਹਾਂ ਦੀ ਵੱਖੋ
ਵਖਰੀ ਮਰਿਆਦਾ ਦਾ ਵੀ, ਗੁਰਮਤਿ ਅਨੁਸਾਰ, ਸੁ-ਮੇਲਨ ਕਰਵਾਉਣਾ ਚਾਹੀਦਾ ਹੈ।
ਗੁਰਬਾਣੀ ਦੀ ਸਿਖਿਆ ਵਾਲਾ ਗੁਰਸਿੱਖ ਅੰਨ੍ਹਾ, ਬੋਲਾ ਅਤੇ ਗੁੰਗਾ ਨਹੀਂ ਹੈ। ਉਹ ਗੁਰੂ ਦੇ ਹੁਕਮ
ਅੰਦਰ ਚੁੱਪ ਰਹਿ ਸਕਦਾ ਹੈ, ਅਣਡਿੱਠ ਕਰ ਸਕਦਾ ਹੈ ਪਰ ਸੱਭ ਕੁੱਝ ਜਾਣਦਾ ਹੈ। ਅਸੀ ਸਪੋਕਸਮੈਨ ਦਾ
ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਹੜਾ ਬਿਖੜੇ ਪੈਂਡੇ ਤਹਿ ਕਰ ਕੇ, ਅਰਬਾਂ ਖਰਬਾਂ ਰੁਪਏ ਦੇ ਬਜਟ
ਵਾਲੀ ਸ਼੍ਰੋਮਣੀ ਕਮੇਟੀ ਨਾਲੋਂ ਵੱਧ ਕੰਮ ਕਰ ਕੇ, ਸਿੱਖ ਕੌਮ ਨੁੰ ਜਾਗ੍ਰਿਤ ਕਰ ਰਿਹਾ ਹੈ। ਜਿਸ
ਤਰ੍ਹਾਂ ਪਿਛੇ ਜਹੇ ਕਲ਼ਗੀ ਦਾ ਮਸਲਾ ਅਤੇ ਦਰਬਾਰ ਸਾਹਿਬ ਦੀ ਦਰਸ਼ਨੀ ਡਿਉਢੀ ਬਾਰੇ ਸਿੱਖ ਕੌਮ ਨੂੰ
ਸਮੇਂ ਸਿਰ ਜਾਗ੍ਰਿਤ ਕੀਤਾ, ਜਿਸ ਕਾਰਨ ਸ਼੍ਰੋਮਣੀ ਕਮੇਟੀ ਨੁੰ ਆਪਣੇ ਫ਼ੈਸਲੇ ਬਦਲਣੇ ਪਏ। ਇਸੇ
ਤਰ੍ਹਾਂ ਸਾਨੂੰ ਵੀ ਚਾਹੀਦਾ ਹੈ ਕਿ ਅਸੀ ਵੀ ਗੁਰਦਵਾਰਿਆਂ ਦੇ ਪ੍ਰਬੰਧ ਲਈ ਸ਼੍ਰੋਮਣੀ ਕਮੇਟੀ ਵਲ
ਵੇਖਣ ਦੀ ਥਾਂ, ਸਪੋਕਸਮੈਨ ਦੀ ਮਦਦ ਕਰੀਏ ਅਤੇ ਬਾਬੇ ਨਾਨਕ ਦਾ ਫ਼ਲਸਫ਼ਾ ਘਰ-ਘਰ ਪਹੁੰਚਾਈਏ।
ਅਖ਼ੀਰ ਵਿਚ, ਉਪਰੋਕਤ ਵਿਚਾਰਾਂ ਨੁੰ ਧਿਆਨ ਵਿੱਚ ਰਖਦਿਆਂ, ਸ਼੍ਰੋਮਣੀ ਕਮੇਟੀ ਨੂੰ ਸਨਿਮਰ ਬੇਨਤੀ
ਕਰਦੇ ਹਾਂ ਕਿ ਬਾਬੇ ਨਾਨਕ ਨੇ ਜੋ ਧਰਮ-ਸੁਮੇਲਨ ਕਰ ਕੇ ਵਿਖਾ ਦਿੱਤਾ ਹੈ, ਜੇ ਬਾਬੇ ਕਿਆਂ ਨਾਲ
ਸੁ-ਮੇਲਨ ਕਰਨਾ ਹੋਵੇ ਤਾਂ ਉਹ ਆਪੋ-ਆਪਣੇ ਮੱਤਾਂ, ਧਾਰਨਾਵਾਂ ਨੁੰ ਤਿਆਗ ਕੇ ਬਾਬੇ ਨਾਨਕ ਦੇ ਨਿਰਮਲ
ਪੰਥ ਨਾਲ-ਸੁ-ਮੇਲਨ ਕਰ ਸਕਦੇ ਹਨ। ਇਸ ਕੰਮ ਵਲ ਸ਼੍ਰੋਮਣੀ ਕਮੇਟੀ ਨੁੰ ਬਹੁਤ ਸ਼ਿੱਦਤ ਨਾਲ ਧਿਆਨ ਦੇਣਾ
ਚਾਹੀਦਾ ਹੈ ਅਤੇ ਗੁਰਸਿੱਖਾਂ ਦੇ ਵਿਸ਼ਵਾਸ ਨੂੰ ਠੇਸ ਨਹੀ ਪਹੁੰਚਾਉਣੀ ਚਾਹੀਦੀ।
ਗੁਰਬਖਸ ਸਿੰਘ
094172-31762