.

ਗੁਰਬਾਣੀ ਦਾ ਸੱਚ

(ਕਿਸ਼ਤ ਨੰ: 19)

ਗੁਰਬਾਣੀ ਦਾ ਸੱਚ (ਢਾਢੀ ਸਚੈ ਮਹਲਿ ਖਸਮਿ ਬੁਲਾਇਆ)

ਗੁਰੂ ਗ੍ਰੰਥ ਸਾਹਿਬ ਦੇ ਇਸ ਫ਼ਰਮਾਨ ‘ਢਾਢੀ ਸਚੈ ਮਹਲਿ ਖਸਮਿ ਬੁਲਾਇਆ’ ਬਾਰੇ ਕਈ ਵਿਦਵਾਨਾਂ ਦੀ ਇਹ ਰਾਏ ਹੈ ਕਿ ਇਨ੍ਹਾਂ ਪੰਗਤੀਆਂ ਵਿੱਚ ਗੁਰੂ ਸਾਹਿਬ ਨੇ ਪ੍ਰਭੂ ਵਲੋਂ ਉਨ੍ਹਾਂ ਨੂੰ ਆਪਣੇ ਮਹਿਲ ਵਿੱਚ ਬੁਲਾਉਣ ਦਾ ਜ਼ਿਕਰ ਕੀਤਾ ਹੈ। ਇਨ੍ਹਾਂ ਪੰਗਤੀਆਂ ਦਾ ਅਜਿਹਾ ਭਾਵ ਲੈਣ ਵਾਲੇ ਵਿਦਵਾਨਾਂ ਦਾ ਇਹ ਮੰਨਣਾ ਹੈ ਕਿ ਮਹਿਲ ਤੋਂ ਇੱਥੇ ਭਾਵ ਅਕਾਲ ਪੁਰਖ ਦੇ ਖ਼ਾਸ ਟਿਕਾਣੇ ਤੋਂ ਹੈ, ਜਿੱਥੇ ਪ੍ਰਭੂ ਨੇ ਗੁਰੂ ਸਾਹਿਬ ਨੂੰ ਬੁਲਾਇਆ। ਜੇਕਰ ਅਸੀਂ ਇਸ ਧਾਰਨਾ ਨੂੰ ਇਸ ਰੂਪ ਵਿੱਚ ਸਵੀਕਾਰ ਕਰਦੇ ਹਾਂ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਭੂ ਦਾ ਜੋ ਸਰੂਪ ਦਰਸਾਇਆ ਹੈ, ਉਸ ਦੀ ਸਪਸ਼ਟ ਰੂਪ ਵਿੱਚ ਉਲੰਘਣਾ ਹੁੰਦੀ ਹੈ। ਗੁਰਬਾਣੀ ਦੇ ਕਿਸੇ ਵੀ ਸ਼ਬਦ ਦੀ ਵਿਚਾਰ ਕਰਨ ਸਮੇਂ ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਗੁਰਬਾਣੀ ਵਿੱਚ ਕਿਧਰੇ ਵੀ ਸਵੈ-ਵਿਰੋਧ ਨਹੀਂ ਹੈ।

ਇਨ੍ਹਾਂ ਪੰਗਤੀਆਂ ਦਾ ਭਾਵਾਰਥ ਸਮਝਣ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਵਿੱਚ ‘ਮਹਲ’ ਸ਼ਬਦ ਜਿਨ੍ਹਾਂ ਅਰਥਾਂ ਵਿੱਚ ਆਇਆ ਹੈ, ਉਸ ਦੀ ਸੰਖੇਪ ਵਿੱਚ ਚਰਚਾ ਕਰਨੀ ਅਢੁਕਵੀਂ ਨਹੀਂ ਹੋਵੇਗੀ। ਗੁਰੂ ਗ੍ਰੰਥ ਸਾਹਿਬ ਵਿੱਚ ਮਹਲ ਸ਼ਬਦ ਨਿਮਨ ਲਿਖਤ ਅਰਥਾਂ ਵਿੱਚ ਆਇਆ ਹੈ:

(ੳ) ਇਸਤ੍ਰੀ:-ਮਹਲ ਕੁਚਜੀ ਮੜਵੜੀ ਕਾਲੀ ਮਨਹੁ ਕਸੁਧ॥ ਜੇ ਗੁਣ ਹੋਵਨਿ ਤਾ ਪਿਰੁ ਰਵੈ ਨਾਨਕ ਅਵਗੁਣ ਮੁੰਧ॥ (ਪੰਨਾ 1088) ਅਰਥ: ਉਸ (ਜੀਵ-) ਇਸਤ੍ਰੀ ਨੂੰ ਕੋਈ ਚੱਜ ਨਹੀਂ ਜੋ ਨਿਰਾ ਆਪਣੇ ਸਰੀਰ ਨਾਲ ਪਿਆਰ ਕਰਦੀ ਹੈ, ਉਹ ਅੰਦਰੋਂ ਕਾਲੀ ਹੈ, ਮੈਲੀ ਹੈ। ਹੇ ਨਾਨਕ! (ਜੀਵ-ਇਸਤ੍ਰੀ) ਖਸਮ ਪ੍ਰਭੂ ਨੂੰ ਤਾਂ ਹੀ ਮਿਲ ਸਕਦੀ ਹੈ ਜੇ (ਉਸ ਦੇ) ਅੰਦਰ ਗੁਣ ਹੋਣ, (ਪਰ ਕੁਚੱਜੀ) ਇਸਤ੍ਰੀ ਦੇ ਪਾਸ ਹੋਏ ਨਿਰੇ ਔਗੁਣ ਹੀ।

(ਅ) ਵੱਡੀਆਂ ਵੱਡੀਆਂ ਇਮਾਰਤਾਂ:- ਕਿਤੈ ਦੇਸਿ ਨ ਆਇਆ ਸੁਣੀਐ ਤੀਰਥ ਪਾਸਿ ਨ ਬੈਠਾ॥ ਦਾਤਾ ਦਾਨੁ ਕਰੇ ਤਹ ਨਾਹੀ ਮਹਲ ਉਸਾਰਿ ਨ ਬੈਠਾ॥ (ਪੰਨਾ 902) ਅਰਥ: ਕਿਸੇ ਨੇ ਕਦੇ ਨਹੀਂ ਸੁਣਿਆ ਕਿ ਕਲਿਜੁਗ ਕਿਸੇ ਖ਼ਾਸ ਦੇਸ ਵਿੱਚ ਆਇਆ ਹੋਇਆ ਹੈ, ਕਿਸੇ ਖ਼ਾਸ ਤੀਰਥ ਕੋਲ ਬੈਠਾ ਹੋਇਆ ਹੈ। ਜਿਥੇ ਕੋਈ ਦਾਨੀ ਦਾਨ ਕਰਦਾ ਹੈ ਉਥੇ ਭੀ ਬੈਠਾ ਹੋਇਆ ਕਿਸੇ ਨਹੀਂ ਸੁਣਿਆ, ਕਿਸੇ ਥਾਂ ਕਲਿਜੁਗ ਮਹਲ ਉਸਾਰ ਕੇ ਨਹੀਂ ਬੈਠ ਰਿਹਾ।

(ੲ) ਥਾਂ-ਕੁਥਾਂ:- ਮਹਲੁ ਕੁਮਹਲੁ ਨ ਜਾਣਨੀ ਮੂਰਖ ਅਪਣੈ ਸੁਆਇ॥ ਸਬਦੁ ਚੀਨਹਿ ਤਾ ਮਹਲੁ ਲਹਹਿ ਜੋਤੀ ਜੋਤਿ ਸਮਾਇ॥ (ਪੰਨਾ 649) ਅਰਥ: ਮੂਰਖ ਆਪਣੀ ਗ਼ਰਜ਼ ਦੇ ਕਾਰਨ ਥਾਂ ਕੁਥਾਂ ਨਹੀਂ ਜਾਣਦੇ, (ਕਿ ਕਿੱਥੇ ਗ਼ਰਜ਼ ਪੂਰੀ ਹੋ ਸਕਦੀ ਹੈ) ਜੇ ਸਤਿਗੁਰੂ ਦੇ ਸ਼ਬਦ ਨੂੰ ਖੋਜਣ ਤਾਂ ਹਰੀ ਦੀ ਜੋਤਿ ਵਿਚ ਬ੍ਰਿਤੀ ਜੋੜ ਕੇ (ਹਰੀ ਦੀ ਹਜ਼ੂਰੀ-ਰੂਪ ਅਸਲ) ਟਿਕਾਣਾ ਲੱਭ ਲੈਣ।

(ਸ) ਸਰੀਰ/ਦੇਹ:- (1) ਮਹਲੈ ਅੰਦਰਿ ਮਹਲੁ ਕੋ ਪਾਏ॥ ਗੁਰ ਕੈ ਸਬਦਿ ਸਚਿ ਚਿਤੁ ਲਾਏ॥ ਜਿਸ ਨੋ ਸਚੁ ਦੇਇ ਸੋਈ ਸਚੁ ਪਾਏ ਸਚੇ ਸਚਿ ਮਿਲਾਇਦਾ॥ (ਪੰਨਾ 1064) ਅਰਥ: ਹੇ ਭਾਈ! ਜਿਹੜਾ ਕੋਈ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ) ਸਰੀਰ ਵਿੱਚ ਪ੍ਰਭੂ ਦਾ ਟਿਕਾਣਾ ਲੱਭ ਲੈਂਦਾ ਹੈ, ਉਹ ਸਦਾ-ਥਿਰ ਹਰਿ-ਨਾਮ ਵਿੱਚ ਚਿੱਤ ਜੋੜੀ ਰੱਖਦਾ ਹੈ। ਪਰ, ਹੇ ਭਾਈ! ਜਿਸ ਮਨੁੱਖ ਨੂੰ ਸਦਾ-ਥਿਰ ਪ੍ਰਭੂ ਆਪਣਾ ਸਦਾ-ਥਿਰ ਹਰਿ-ਨਾਮ ਦੇਂਦਾ ਹੈ, ਉਹੀ ਇਹ ਹਰਿ-ਨਾਮ ਹਾਸਲ ਕਰਦਾ ਹੈ, ਤੇ, ਉਹ ਹਰ ਵੇਲੇ ਇਸ ਸਦਾ-ਥਿਰ ਹਰਿ-ਨਾਮ ਵਿੱਚ ਇਕ-ਮਿਕ ਹੋਇਆ ਰਹਿੰਦਾ ਹੈ।

(2) ਅਰਥ: ਉਹ ਅਵਸਥਾ ਜਿਥੋਂ ਅਕਾਲ ਪੁਰਖ ਸਾਖਿਆਤ ਹੁੰਦਾ ਹੈ:- ਖੋਜਤ ਖੋਜਤ ਦੁਆਰੇ ਆਇਆ॥ ਤਾ ਨਾਨਕ ਜੋਗੀ ਮਹਲੁ ਘਰੁ ਪਾਇਆ॥ (ਪੰਨਾ 886) ਅਰਥ: ਹੇ ਨਾਨਕ! (ਆਖ-ਹੇ ਜੋਗੀ!) ਜਦੋਂ ਕੋਈ ਮਨੁੱਖ (ਪਰਮਾਤਮਾ ਦੇ ਦੇਸ ਦੀ) ਭਾਲ ਕਰਦਾ ਕਰਦਾ (ਗੁਰੂ ਦੇ) ਦਰ ਤੇ ਆ ਪਹੁੰਚਦਾ ਹੈ, ਤਦੋਂ ਪ੍ਰਭੂ-ਚਰਨਾਂ ਵਿਚ ਜੁੜੇ ਉਸ ਮਨੁੱਖ ਨੂੰ ਪਰਮਾਤਮਾ ਦਾ ਮਹਲ ਪਰਮਾਤਮਾ ਦਾ ਘਰ ਲੱਭ ਪੈਂਦਾ ਹੈ।

(ਹ) ਸੱਬਬ/ਮੌਕਾ:-ਟਹਲ ਮਹਲ ਤਾ ਕਉ ਮਿਲੈ ਜਾ ਕਉ ਸਾਧ ਕ੍ਰਿਪਾਲ॥ ਸਾਧੂ ਸੰਗਤਿ ਤਉ ਬਸੈ ਜਉ ਆਪਨ ਹੋਹਿ ਦਇਆਲ॥ (ਪੰਨਾ 255) ਅਰਥ: ਸੇਵਾ-ਭਗਤੀ ਦਾ ਮੌਕਾ ਉਸੇ ਨੂੰ ਮਿਲਦਾ ਹੈ, ਜਿਸ ਉਤੇ ਗੁਰੂ ਦਿਆਲ ਹੋਵੇ। ਤੇ, ਗੁਰੂ ਦੀ ਸੰਗਤਿ ਵਿੱਚ ਮਨੁੱਖ ਤਦੋਂ ਟਿਕਦਾ ਹੈ, ਜੇ ਪ੍ਰਭੂ ਆਪ ਕਿਰਪਾ ਕਰੇ। (ਨੋਟ: ਇਸ ਸਬੰਧੀ ਹੋਰ ਵਿਸਤਾਰ ਸਹਿਤ ਦੇਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ-ਪ੍ਰੋ: ਸਾਹਿਬ ਸਿੰਘ ਜੀ) (ਨੋਟ: ਇੱਥੇ ਅਸੀਂ ਕੇਵਲ ਪ੍ਰਭੂ ਦੇ ਮਹਲ ਦੀ ਹੀ ਚਰਚਾ ਕਰ ਰਹੇ ਹਾਂ।)

‘ਮਹਲ’ ਸ਼ਬਦ ਦੇ ਭਿੰਨ ਭਿੰਨ ਅਰਥ ਦੀ ਸੰਖਪਿਤ ਚਰਚਾ ਕਰਨ ਮਗਰੋਂ, ਪਾਠਕਾਂ ਦਾ ਇਸ ਪਹਿਲੂ ਵਲ ਵੀ ਧਿਆਨ ਦਿਵਾ ਰਹੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦਾ ਸੱਚ ਇਕੋ ਹੀ ਹੈ। ਭਾਵ, ਬਾਣੀਕਾਰਾਂ ਦਾ ਰੱਬ/ਰੱਬੀ ਹੁਕਮ ਅਤੇ ਸਚਿਆਰ ਆਦਿ ਬਾਰੇ ਇੱਕ ਦੂਜੇ ਨਾਲੋਂ ਵਿਰੋਧਾਭਾਸ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਆਦਿ ਤੋਂ ਲੈ ਕੇ ਅੰਤ ਤੱਕ ਭਾਵਾਂ/ਵਿਚਾਰਾਂ ਵਿੱਚ ਇਕਸਾਰਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਸੰਪੂਰਨ ਰੂਪ ਨੂੰ ਹੀ ਅਸੀਂ ਗੁਰੂ ਦੇ ਰੂਪ ਵਿੱਚ ਸਵੀਕਾਰਦੇ ਹਾਂ। (ਨੋਟ: ਸਾਡੀ ਸਮਝ ਦੀ ਸੀਮਾ ਦੇ ਕਾਰਨ ਇਸ ਗੱਲ ਦੀ ਸੰਭਾਵਨਾ ਅਵੱਸ਼ ਹੈ ਕਿ ਬਾਣੀ ਦੇ ਕਿਸੇ ਸ਼ਬਦ ਦਾ ਭਾਵਾਰਥ ਚੰਗੀ ਤਰ੍ਹਾਂ ਸਾਡੀ ਸਮਝ ਵਿੱਚ ਨਾ ਆਵੇ। ਅਜਿਹੀ ਸਥਿੱਤੀ ਵਿੱਚ ਜੇਕਰ ਕਿਧਰੇ ਗੁਰੂ ਗ੍ਰੰਥ ਸਾਹਿਬ ਦੇ ਭਾਵਾਂ ਵਿੱਚ ਇਕਸਾਰਤਾ ਨਜ਼ਰ ਨਹੀਂ ਆ ਰਹੀ ਤਾਂ ਇਹ ਸਾਡੀ ਅਸਮਰਥਾ ਦਾ ਹੀ ਲਖਾਇਕ ਸਮਝਣਾ ਚਾਹੀਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਕਿਧਰੇ ਵੀ ਬਾਣੀਕਾਰਾਂ ਦੇ ਵਿਚਾਰਾਂ ਵਿੱਚ ਵਿਰੋਧ ਨਹੀਂ ਹੈ।) ਇਸ ਲਈ ਇਹ ਨਹੀਂ ਹੋ ਸਕਦਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਥਾਂ `ਤੇ ਬਾਣੀਕਾਰਾਂ ਨੇ ਕੁੱਝ ਆਖਿਆ ਹੈ ਅਤੇ ਦੂਜੀ ਜਗ੍ਹਾ ਤੇ ਆਪ ਹੀ ਉਸ ਦਾ ਖੰਡਨ ਕਰ ਦਿੱਤਾ ਹੈ ਜਾਂ ਇੱਕ ਬਾਣੀਕਾਰ ਨੇ ਦੂਜੀ ਬਾਣੀਕਾਰ ਨਾਲ ਅਸਹਿਮਤੀ ਪ੍ਰਗਟ ਕਰਦਿਆਂ ਹੋਇਆਂ ਉਸ ਦੇ ਵਿਚਾਰਾਂ ਨਾਲ ਅਸਹਿਮਤੀ ਪ੍ਰਗਟਾਈ ਹੈ। (ਨੋਟ: ਬਾਬਾ ਫ਼ਰੀਦ ਅਤੇ ਕਬੀਰ ਸਾਹਿਬ ਦੇ ਸ਼ਲੋਕਾਂ ਵਿੱਚ ਗੁਰੂ ਸਾਹਿਬਾਨ ਦੇ ਸ਼ਲੋਕਾਂ ਸਬੰਧੀ ਵੱਖਰੇ ਪ੍ਰਕਰਣ ਵਿੱਚ ਚਰਚਾ ਕਰਾਂਗੇ।) ਇਸ ਸੰਖਪਿਤ ਚਰਚਾ ਮਗਰੋਂ ‘ਢਾਢੀ ਸਚੈ ਮਹਲਿ ਖਸਮਿ ਬੁਲਾਇਆ’ ਦਾ ਭਾਵਾਰਥ ਸਮਝਣ ਦਾ ਜਤਨ ਕਰਦੇ ਹਾਂ।

ਇਨ੍ਹਾਂ ਪੰਗਤੀਆਂ ਦਾ ਠੀਕ ਭਾਵਾਰਥ ਸਮਝਣ ਲਈ ਇਹ ਜ਼ਰੂਰੀ ਹੈ ਕਿ ਪਹਿਲਾਂ ਇਹ ਦੇਖਿਆ ਜਾਵੇ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਭੂ ਦੇ ਮਹਲ, ਇਸ `ਚ ਪਹੁੰਚਣ ਅਤੇ ਪ੍ਰਭੂ ਵਲੋਂ ਮਹਲ `ਚ ਬੁਲਾਉਣ ਤੋਂ ਕੀ ਭਾਵ ਲਿਆ ਗਿਆ ਹੈ।

ਗੁਰੂ ਗ੍ਰੰਥ ਸਾਹਿਬ ਵਿੱਚ ਅਕਾਲ ਪੁਰਖ ਦੇ ਮਹਲ ਬਾਰੇ ਚਰਚਾ ਕਰਦਿਆਂ ਹੋਇਆਂ ਇਹ ਸਪਸ਼ਟ ਕੀਤਾ ਹੈ ਕਿ ਰੱਬੀ ਮਹਲ ਤੱਕ ਗੁਰੂ/ਗੁਰ ਸ਼ਬਦ ਦੀ ਕਮਾਈ ਦੁਆਰਾ ਹੀ ਪਹੁੰਚ ਸਕੀਦਾ ਹੈ:- ਸਾਚ ਮਹਲਿ ਗੁਰਿ ਅਲਖੁ ਲਖਾਇਆ॥ ਨਿਹਚਲ ਮਹਲੁ ਨਹੀ ਛਾਇਆ ਮਾਇਆ॥ ਸਾਚਿ ਸੰਤੋਖੇ ਭਰਮੁ ਚੁਕਾਇਆ॥ (ਪੰਨਾ 228) ਅਰਥ: ਸਦਾ-ਥਿਰ ਪ੍ਰਭੂ ਦੇ ਮਹਲ ਵਿੱਚ (ਅਪੜਾ ਕੇ) ਗੁਰੂ ਨੇ ਜਿਸ ਮਨੁੱਖ ਨੂੰ ਅਲੱਖ ਪ੍ਰਭੂ ਦਾ ਸਰੂਪ (ਹਿਰਦੇ ਵਿਚ) ਪ੍ਰਤੱਖ ਕਰ ਦਿੱਤਾ ਹੈ, ਉਸ ਨੂੰ ਉਹ ਅਚੱਲ ਟਿਕਾਣਾ (ਸਦਾ ਲਈ ਪ੍ਰਾਪਤ ਹੋ ਜਾਂਦਾ ਹੈ) ਜਿਸ ਉਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ। ਜੇਹੜੇ ਜੇਹੜੇ ਬੰਦੇ ਸਦਾ-ਥਿਰ ਪ੍ਰਭੂ ਵਿੱਚ ਜੁੜ ਕੇ ਮਾਇਆ ਵਲੋਂ ਰੱਜ ਜਾਂਦੇ ਹਨ, ਉਹਨਾਂ ਦੀ ਭਟਕਣਾ ਮੁੱਕ ਜਾਂਦੀ ਹੈ।

ਗੁਰਬਾਣੀ ਅਨੁਸਾਰ ਆਪਣੇ ਜੀਵਨ ਨੂੰ ਢਾਲ ਕੇ ਪਰਮਾਤਮਾ ਦੇ ਮਹਲ `ਚ ਅਪੜੇ ਹੋਏ ਸੁਭਾਗੇ ਪ੍ਰਾਣੀਆਂ ਦਾ ਪ੍ਰਭੂ ਮਹਲ `ਚ ਨਿਵਾਸ ਵਕਤੀ ਨਹੀਂ ਸਦੈਵੀ ਹੈ:- ਸਚਾ ਅਮਰੁ ਸਚਾ ਪਾਤਿਸਾਹੁ॥ ਮਨਿ ਸਾਚੈ ਰਾਤੇ ਹਰਿ ਵੇਪਰਵਾਹੁ॥ ਸਚੈ ਮਹਲਿ ਸਚਿ ਨਾਮਿ ਸਮਾਹੁ॥ (ਪੰਨਾ 161) ਅਰਥ: ਪਰਮਾਤਮਾ (ਜਗਤ ਦਾ) ਸਦਾ-ਥਿਰ ਰਹਿਣ ਵਾਲਾ ਪਾਤਿਸ਼ਾਹ ਹੈ, ਉਸ ਦਾ ਹੁਕਮ ਅਟੱਲ ਹੈ। ਜੇਹੜੇ ਮਨੁੱਖ (ਆਪਣੇ) ਮਨ ਦੀ ਰਾਹੀਂ ਉਸ ਸਦਾ-ਥਿਰ ਪਰਮਾਤਮਾ (ਦੇ ਨਾਮ-ਰੰਗ) ਵਿੱਚ ਰੰਗੇ ਜਾਂਦੇ ਹਨ, ਉਹ ਉਸ ਵੇਪਰਵਾਹ ਹਰੀ ਦਾ ਰੂਪ ਹੋ ਜਾਂਦੇ ਹਨ, ਉਹ ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਹਜ਼ੂਰੀ ਵਿੱਚ ਰਹਿੰਦੇ ਹਨ, ਉਸ ਦੇ ਸਦਾ-ਥਿਰ ਨਾਮ ਵਿੱਚ ਲੀਨਤਾ ਪ੍ਰਾਪਤ ਕਰ ਲੈਂਦੇ ਹਨ।

ਗੁਰੂ ਗ੍ਰੰਥ ਸਾਹਿਬ ਵਿੱਚ ਦਰਸਾਈ ਜੀਵਨ-ਜਾਚ ਨੂੰ ਅਪਣਾ ਕੇ ਪਰਮਾਤਮਾ ਦੇ ਮਹਲ ਵਿੱਚ ਸਦੈਵੀ ਨਿਵਾਸ ਦਾ ਅਨੰਦ ਮਾਣ ਰਹੇ ਗੁਰਮੁਖਾਂ ਦੀ ਰਹਿਣੀ ਦਾ ਵਰਣਨ ਕਰਦਿਆਂ ਆਖਿਆ ਹੈ:- ਗੁਰਮੁਖਿ ਕਰਣੀ ਹਰਿ ਕੀਰਤਿ ਸਾਰੁ॥ ਗੁਰਮੁਖਿ ਪਾਏ ਮੋਖ ਦੁਆਰੁ॥ ਅਨਦਿਨੁ ਰੰਗਿ ਰਤਾ ਗੁਣ ਗਾਵੈ ਅੰਦਰਿ ਮਹਲਿ ਬੁਲਾਵਣਿਆ॥ (ਪੰਨਾ 115) ਅਰਥ: ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਨੂੰ ਹੀ ਕਰਨ-ਜੋਗ ਕੰਮ ਸਮਝਦਾ ਹੈ ਅਤੇ ਸਭ ਤੋਂ ਸ੍ਰੇਸ਼ਟ ਉੱਦਮ ਜਾਣਦਾ ਹੈ। ਗੁਰੂ ਦੇ ਸਨਮੁਖ ਰਹਿ ਕੇ ਉਹ (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਵਿਕਾਰਾਂ ਤੋਂ ਖ਼ਲਾਸੀ ਦਾ ਦਰਵਾਜ਼ਾ ਲੱਭ ਲੈਂਦਾ ਹੈ। ਉਹ ਹਰ ਵੇਲੇ ਪ੍ਰਭੂ ਦੇ ਨਾਮ-ਰੰਗ ਵਿੱਚ ਰੰਗਿਆ ਰਹਿ ਕੇ ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹੈ। ਪ੍ਰਭੂ ਉਸ ਨੂੰ ਆਪਣੇ ਚਰਨਾਂ ਵਿਚ, ਆਪਣੀ ਹਜ਼ੂਰੀ ਵਿੱਚ ਬੁਲਾਈ ਰੱਖਦਾ ਹੈ (ਭਾਵ ਜੋੜੀ ਰੱਖਦਾ ਹੈ)।

ਪ੍ਰਭੂ ਦੇ ਜਿਸ ਮਹਲ ਵਿੱਚ ਸਤਿਗੁਰੂ ਦਾ ਗਿਆਨ ਮਨੁੱਖ ਨੂੰ ਪਹੁੰਚਾਉਂਦਾ ਹੈ ਉਹ ਕਿੱਥੇ ਹੈ? ਇਸ ਦਾ ਉੱਤਰ ਗੁਰੂ ਗ੍ਰੰਥ ਸਾਹਿਬ ਵਿੱਚ ਇਉਂ ਦਿੱਤਾ ਹੈ:- ਪਰ ਦਾਰਾ ਪਰ ਧਨੁ ਪਰ ਲੋਭਾ ਹਉਮੈ ਬਿਖੈ ਬਿਕਾਰ॥ ਦੁਸਟ ਭਾਉ ਤਜਿ ਨਿੰਦ ਪਰਾਈ ਕਾਮੁ ਕ੍ਰੋਧੁ ਚੰਡਾਰ॥ 1॥ ਮਹਲ ਮਹਿ ਬੈਠੇ ਅਗਮ ਅਪਾਰ॥ ਭੀਤਰਿ ਅੰਮ੍ਰਿਤੁ ਸੋਈ ਜਨੁ ਪਾਵੈ ਜਿਸੁ ਗੁਰ ਕਾ ਸਬਦੁ ਰਤਨੁ ਆਚਾਰ॥ 1॥ ਰਹਾਉ॥ ਦੁਖ ਸੁਖ ਦੋਊ ਸਮ ਕਰਿ ਜਾਨੈ ਬੁਰਾ ਭਲਾ ਸੰਸਾਰ॥ ਸੁਧਿ ਬੁਧਿ ਸੁਰਤਿ ਨਾਮਿ ਹਰਿ ਪਾਈਐ ਸਤਸੰਗਤਿ ਗੁਰ ਪਿਆਰ॥ 2॥ ਅਹਿਨਿਸਿ ਲਾਹਾ ਹਰਿ ਨਾਮੁ ਪਰਾਪਤਿ ਗੁਰੁ ਦਾਤਾ ਦੇਵਣਹਾਰੁ॥ ਗੁਰਮੁਖਿ ਸਿਖ ਸੋਈ ਜਨੁ ਪਾਏ ਜਿਸ ਨੋ ਨਦਰਿ ਕਰੇ ਕਰਤਾਰੁ॥ 3॥ ਕਾਇਆ ਮਹਲੁ ਮੰਦਰੁ ਘਰੁ ਹਰਿ ਕਾ ਤਿਸੁ ਮਹਿ ਰਾਖੀ ਜੋਤਿ ਅਪਾਰ॥ ਨਾਨਕ ਗੁਰਮੁਖਿ ਮਹਲਿ ਬੁਲਾਈਐ ਹਰਿ ਮੇਲੇ ਮੇਲਣਹਾਰ॥ 4॥ (ਪੰਨਾ 1255-56) ਅਰਥ: ਅਪਹੁੰਚ ਤੇ ਬੇਅੰਤ ਪ੍ਰਭੂ ਜੀ ਹਰੇਕ ਸਰੀਰ ਵਿੱਚ ਬੈਠੇ ਹੋਏ ਹਨ (ਮੌਜੂਦ ਹਨ), ਪਰ ਉਹੀ ਮਨੁੱਖ ਪ੍ਰਭੂ ਜੀ ਦਾ ਨਾਮ-ਅੰਮ੍ਰਿਤ ਹਾਸਲ ਕਰਦਾ ਹੈ ਜਿਸ ਦੀ ਨਿੱਤ ਦੀ ਕ੍ਰਿਆ ਗੁਰੂ ਦਾ ਸ੍ਰੇਸ਼ਟ ਸ਼ਬਦ (ਆਪਣੇ ਅੰਦਰ ਵਸਾਣਾ) ਹੋ ਜਾਏ। 1. ਰਹਾਉ। (ਜੇਹੜਾ ਮਨੁੱਖ ਗੁਰੂ ਦਾ ਸ਼ਬਦ ਹਿਰਦੇ ਵਿੱਚ ਵਸਾਂਦਾ ਹੈ ਤੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਹਾਸਲ ਕਰਦਾ ਹੈ, ਉਹ) ਪਰਾਈ ਇਸਤ੍ਰੀ (ਦਾ ਸੰਗ), ਪਰਾਇਆ ਧਨ, ਬਹੁਤ ਲਾਲਚ, ਹਉਮੈ, ਵਿਸ਼ਿਆਂ (ਵਾਲੀ ਰੁਚੀ), ਮੰਦੇ ਕਰਮ, ਭੈੜੀ ਨੀਅਤ, ਪਰਾਈ ਨਿੰਦਿਆ, ਕਾਮ ਅਤੇ ਚੰਡਾਲ ਕ੍ਰੋਧ—ਇਹ ਸਭ ਕੁੱਝ ਤਿਆਗ ਦੇਂਦਾ ਹੈ। 1. ਉਹ ਮਨੁੱਖ ਦੁੱਖਾਂ ਨੂੰ ਇਕੋ ਜਿਹਾ ਜਾਣਦਾ ਹੈ, ਜਗਤ ਵਲੋਂ ਮਿਲਦੇ ਚੰਗੇ ਮੰਦੇ ਸਲੂਕ ਨੂੰ ਭੀ ਬਰਾਬਰ ਜਾਣ ਕੇ ਹੀ ਸਹਾਰਦਾ ਹੈ (ਇਹ ਸਭ ਕੁੱਝ ਹਰਿ-ਨਾਮ ਦੀ ਬਰਕਤਿ ਹੈ)। ਪਰ ਇਹ ਸੂਝ ਬੂਝ ਪ੍ਰਭੂ ਦੇ ਨਾਮ ਵਿੱਚ ਸੁਰਤਿ ਜੋੜਿਆਂ ਹੀ ਪ੍ਰਾਪਤ ਹੁੰਦੀ ਹੈ, ਸਾਧ ਸੰਗਤਿ ਵਿੱਚ ਰਹਿ ਕੇ ਗੁਰੂ-ਚਰਨਾਂ ਨਾਲ ਪਿਆਰ ਕੀਤਿਆਂ ਹੀ ਮਿਲਦੀ ਹੈ। 2. ਗੁਰੂ ਦੇ ਸਨਮੁਖ ਹੋ ਕੇ ਸਿੱਖਿਆ ਭੀ ਉਹੀ ਮਨੁੱਖ ਲੈ ਸਕਦਾ ਹੈ ਜਿਸ ਉਤੇ ਕਰਤਾਰ ਮਿਹਰ ਦੀ ਨਜ਼ਰ ਕਰਦਾ ਹੈ। ਗੁਰੂ ਨਾਮ ਦੀ ਦਾਤਿ ਦੇਣ ਦੇ ਸਮਰੱਥ ਹੈ (ਜਿਸ ਮਨੁੱਖ ਉਤੇ ਕਰਤਾਰ ਦੀ ਨਜ਼ਰ ਹੁੰਦੀ ਹੈ, ਉਸ ਮਨੁੱਖ ਨੂੰ ਗੁਰੂ ਪਾਸੋਂ) ਦਿਨ ਰਾਤ ਪ੍ਰਭੂ-ਨਾਮ ਦਾ ਲਾਭ ਮਿਲਿਆ ਰਹਿੰਦਾ ਹੈ। 3. ਇਹ ਮਨੁੱਖਾ ਸਰੀਰ ਪਰਮਾਤਮਾ ਦਾ ਮਹਲ ਹੈ, ਪਰਮਾਤਮਾ ਦਾ ਮੰਦਰ ਹੈ, ਪਰਮਾਤਮਾ ਦਾ ਘਰ ਹੈ, ਬੇਅੰਤ ਪਰਮਾਤਮਾ ਨੇ ਇਸ ਵਿੱਚ ਆਪਣੀ ਜੋਤਿ ਟਿਕਾ ਰੱਖੀ ਹੈ। (ਜੀਵ ਆਪਣੇ ਹਿਰਦੇ-ਮਹਲ ਵਿੱਚ ਵੱਸਦੇ ਪ੍ਰਭੂ ਨੂੰ ਛੱਡ ਕੇ ਬਾਹਰ ਭਟਕਦਾ ਫਿਰਦਾ ਹੈ) ਹੇ ਨਾਨਕ! (ਬਾਹਰ ਭਟਕਦਾ ਜੀਵ) ਗੁਰੂ ਦੀ ਰਾਹੀਂ ਹੀ ਹਿਰਦੇ-ਮਹਲ ਵਿੱਚ ਮੋੜ ਕੇ ਲਿਆਂਦਾ ਜਾ ਸਕਦਾ ਹੈ, ਤੇ ਤਦੋਂ ਮੇਲਣ ਦੇ ਸਮਰੱਥ ਪ੍ਰਭੂ ਉਸ ਨੂੰ ਆਪਣੇ ਚਰਨਾਂ ਵਿੱਚ ਜੋੜ ਲੈਂਦਾ ਹੈ। 4.

ਗੁਰੂ ਗ੍ਰੰਥ ਸਾਹਿਬ ਜੀ ਅਕਾਲ ਪੁਰਖ ਦੇ ਮਹਲ ਸਬੰਧੀ ਰੌਸ਼ਨੀ ਪਾਉਂਦਿਆਂ ਹੋਇਆਂ ਕਹਿੰਦੇ ਹਨ ਕਿ ਪ੍ਰਭੂ ਜੀ ਦਾ ਉਹ ਮਹਲ ਮਨੁੱਖ ਦੇ ਹਿਰਦੇ ਵਿੱਚ ਹੀ ਹੈ। ਇਸ ਮਹਲ `ਚ ਵੱਸਦੇ ਵਾਹਿਗੁਰੂ ਦੇ ਦਰਸ਼ਨ ਹੀ, ਗੁਰੂ ਆਤਮਕ ਜੀਵਨ ਦੀ ਸੋਝੀ ਪ੍ਰਦਾਨ ਕਰਕੇ ਕਰਾਉਂਦਾ ਹੈ:-ਖੋਲਿ ਕਿਵਾਰਾ ਮਹਲਿ ਬੁਲਾਇਆ॥ ਜੈਸਾ ਸਾ ਤੈਸਾ ਦਿਖਲਾਇਆ॥ ਕਹੁ ਨਾਨਕ ਸਭੁ ਪੜਦਾ ਤੂਟਾ॥ ਹਉ ਤੇਰਾ ਤੂ ਮੈ ਮਨਿ ਵੂਠਾ॥ 4॥ (ਪੰਨਾ 887) ਅਰਥ: ਹੇ ਨਾਨਕ! ਆਖ- (ਹੇ ਪ੍ਰਭੂ! ਮੇਰੇ ਮਨ ਦੇ) ਕਿਵਾੜ ਖੋਲ੍ਹ ਕੇ ਤੂੰ ਮੈਨੂੰ ਆਪਣੇ ਚਰਨਾਂ ਵਿਚ ਜੋੜ ਲਿਆ ਹੈ, ਤੂੰ ਮੈਨੂੰ ਸਾਖਿਆਤ ਆਪਣਾ ਦੀਦਾਰ ਬਖ਼ਸ਼ਿਆ ਹੈ। (ਤੇਰੇ ਨਾਲੋਂ ਵਿੱਥ ਪਾਣ ਵਾਲਾ ਮੇਰੇ ਅੰਦਰੋਂ) ਸਾਰਾ ਪਰਦਾ ਹੁਣ ਟੁੱਟ ਗਿਆ ਹੈ, ਹੁਣ ਤੂੰ ਮੇਰੇ ਮਨ ਵਿਚ ਆ ਵੱਸਿਆ ਹੈਂ, ਮੈਂ ਤੇਰਾ ਹੋ ਚੁਕਾ ਹਾਂ।

ਅਕਾਲ ਪੁਰਖ ਦੇ ਇਸ ਮਹਲ ਸਬੰਧੀ ਹੀ ਚਰਚਾ ਕਰਦਿਆਂ ਹੋਇਆਂ ਕਿਹਾ ਹੈ ਕਿ ਮਾਲਕ ਨੇ ਆਪਣੇ ਮਹਲ ਵਿੱਚ ਆਪਣੇ ਸੇਵਕ/ਸੇਵਕਾਂ ਨੂੰ ਬੁਲਾਇਆ ਹੈ ਜਾਂ ਬੁਲਾਉਂਦਾ ਹੈ:-

(ੳ) ਸਚੇ ਦੈ ਦਰਿ ਜਾਇ ਸਚੁ ਚਵਾਂਈਐ॥ ਸਚੈ ਅੰਦਰਿ ਮਹਲਿ ਸਚਿ ਬੁਲਾਈਐ॥ (ਪੰਨਾ 145) ਅਰਥ: ਜੇ ਸੱਚੇ ਪ੍ਰਭੂ ਦੇ ਚਰਨਾਂ ਵਿੱਚ ਜੁੜ ਕੇ ਸੱਚੇ ਦਾ ਨਾਮ ਜਪੀਏ, ਤਾਂ ਇਸ ਸੱਚੇ ਨਾਮ ਦੀ ਰਾਹੀਂ ਸੱਚੇ ਪ੍ਰਭੂ ਦੀ ਹਜ਼ੂਰੀ ਵਿੱਚ ਥਾਂ ਮਿਲਦਾ ਹੈ। ਹੇ ਨਾਨਕ! (ਜਿਸ ਦੇ ਪੱਲੇ) ਸਦਾ ਸੱਚ ਹੈ ਉਹ ਸੱਚ ਦਾ ਵਪਾਰੀ ਹੈ ਉਹ ਸੱਚ ਵਿੱਚ ਲੀਨ ਰਹਿੰਦਾ ਹੈ।

(ਅ) ਜੋ ਸਚੈ ਲਾਏ ਸੇ ਸਚਿ ਲਗੇ ਨਿਤ ਸਚੀ ਕਾਰ ਕਰੰਨਿ॥ ਤਿਨਾ ਨਿਜ ਘਰਿ ਵਾਸਾ ਪਾਇਆ ਸਚੈ ਮਹਲਿ ਰਹੰਨਿ॥ ਨਾਨਕ ਭਗਤ ਸੁਖੀਏ ਸਦਾ ਸਚੈ ਨਾਮਿ ਰਚੰਨਿ॥ (ਪੰਨਾ 70) ਅਰਥ: ਜਿਨ੍ਹਾਂ ਜੀਵਾਂ ਨੂੰ ਸਦਾ-ਥਿਰ ਪ੍ਰਭੂ ਨੇ ਆਪਣੀ ਯਾਦ ਵਿੱਚ ਜੋੜਿਆ, ਉਹੀ ਸਦਾ-ਥਿਰ ਦੇ ਨਾਮ ਵਿੱਚ ਲੱਗੇ ਹਨ, ਉਹੀ ਸਦਾ ਇਹ ਨਾਲ ਨਿਭਣ ਵਾਲੀ ਕਾਰ ਕਰਦੇ ਹਨ। ਉਹਨਾਂ ਬੰਦਿਆਂ ਨੇ (ਮਾਇਆ ਦੀ ਭਟਕਣਾ ਤੋਂ ਬਚ ਕੇ) ਅੰਤਰ-ਆਤਮੇ ਟਿਕਾਣਾ ਪ੍ਰਾਪਤ ਕਰ ਲਿਆ ਹੈ, ਉਹ ਬੰਦੇ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਹਜ਼ੂਰੀ ਵਿੱਚ ਰਹਿੰਦੇ ਹਨ। ਹੇ ਨਾਨਕ! ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਸਦਾ ਸੁਖੀ ਰਹਿੰਦੇ ਹਨ, ਉਹ ਸਦਾ-ਥਿਰ ਪ੍ਰਭੂ ਦੇ ਨਾਮ ਵਿੱਚ ਸਦਾ ਮਸਤ ਰਹਿੰਦੇ ਹਨ।

ਗੁਰੂ ਗ੍ਰੰਥ ਸਾਹਿਬ ਜੀ ਦੇ ਉਪਰੋਕਤ ਫ਼ਰਮਾਨਾਂ ਵਿੱਚ ਅਕਾਲ ਪੁਰਖ ਦਾ ਮਹਲ ਮਨੁੱਖ ਦੇ ਅੰਦਰ ਹੀ ਦਰਸਾਇਆ ਹੈ। ਪਰਮਾਤਮਾ ਦਾ ਆਪਣੇ ਮਹਲ ਵਿੱਚ ਬੁਲਾਉਣ ਤੋਂ ਭਾਵ ਪ੍ਰਭੂ ਚਰਨਾਂ ਵਿੱਚ ਜੁੜਨਾ ਲਿਆ ਗਿਆ ਹੈ। ਇਨ੍ਹਾਂ ਉਪਰੋਕਤ ਫ਼ਰਮਾਨਾਂ ਵਿੱਚ ਹੀ ਨਹੀਂ, ਸਗੋਂ ਗੁਰੂ ਗ੍ਰੰਥ ਸਾਹਿਬ ਵਿੱਚ ਜਿੱਥੇ ਵੀ ਅਕਾਲ ਪੁਰਖ ਵਲੋਂ ਆਪਣੇ ਮਹਲ ਵਿੱਚ ਬੁਲਾਉਣ ਦਾ ਜ਼ਿਕਰ ਆਇਆ ਹੈ, ਉੱਥੇ ਮਹਲ `ਚ ਬੁਲਾਉਣ ਤੋਂ ਇਹੀ ਭਾਵ ਲਿਆ ਗਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਭੂ ਮਿਲਾਪ ਸਬੰਧੀ ਇਹ ਨਿਰਣਾਇਕ ਫ਼ੈਸਲਾ ਹੈ ਕਿ ਜਿਸ ਕਿਸੇ ਨੂੰ ਵੀ ਅਕਾਲ ਪੁਰਖ ਨੂੰ ਮਿਲਣ ਅਥਵਾ ਜੁੜਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਬਾਹਰੋਂ ਨਹੀਂ ਅੰਦਰੋਂ ਹੀ ਹੋਇਆ ਹੈ। ਚੂੰਕਿ ਪਰਮਾਤਮਾ ਦੇਖਣ ਦਾ ਨਹੀਂ ਅਨੁਭਵ ਦਾ ਵਿਸ਼ਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਫ਼ਰਮਾਨ ਇਸ ਪਹਿਲੂ ਉੱਤੇ ਹੀ ਰੌਸ਼ਨੀ ਪਾਉਂਦਾ ਹੈ:- ਅਨਭਉ ਕਿਨੈ ਨ ਦੇਖਿਆ ਬੈਰਾਗੀਅੜੇ॥ ਬਿਨੁ ਭੈ ਅਨਭਉ ਹੋਇ ਵਣਾਹੰਬੈ॥ (ਪੰਨਾ 1104) ਅਰਥ: ਹੇ ਅੰਞਾਣ ਵੈਰਾਗੀ! (ਪਰਮਾਤਮਾ ਨੂੰ ਇਹਨਾਂ ਅੱਖਾਂ ਨਾਲ ਕਦੇ) ਕਿਸੇ ਨੇ ਨਹੀਂ ਵੇਖਿਆ, ਉਸ ਦਾ ਤਾਂ ਆਤਮਕ ਝਲਕਾਰਾ ਹੀ ਵੱਜਦਾ ਹੈ। ਤੇ, ਇਹ ਆਤਮਕ ਝਲਕਾਰਾ ਤਦੋਂ ਵੱਜਦਾ ਹੈ, ਜਦੋਂ ਮਨੁੱਖ ਦੁਨੀਆ ਦੇ ਡਰਾਂ ਤੋਂ ਰਹਿਤ ਹੋ ਜਾਂਦਾ ਹੈ।

ਅਜਿਹੇ ਅਨੁਭਵ ਨਾਲ ਹੀ ਇਹ ਸਮਝ ਆਉਂਦੀ ਹੈ ਕਿ ਉਹ ਪ੍ਰਭੂ ਆਪ ਹੀ ਇੱਕ ਤੋਂ ਅਨੇਕ ਹੋ ਕੇ ਵਿਚਰ ਰਿਹਾ ਹੈ। ਉਸ ਨੂੰ ਪਾਉਣ ਅਥਵਾ ਜੁੜਨ ਲਈ ਬਾਹਰ ਭਟਕਣ ਦੀ ਲੋੜ ਨਹੀਂ ਹੈ। ਗੁਰਬਾਣੀ ਦਾ ਇਹ ਫ਼ਰਮਾਨ ਇਸ ਸੱਚ ਨੂੰ ਇਉਂ ਬਿਆਨ ਕਰਦਾ ਹੈ:- ਬਾਹਰਿ ਢੂਢਨ ਤੇ ਛੂਟਿ ਪਰੇ ਗੁਰਿ ਘਰ ਹੀ ਮਾਹਿ ਦਿਖਾਇਆ ਥਾ॥ ਅਨਭਉ ਅਚਰਜ ਰੂਪੁ ਪ੍ਰਭ ਪੇਖਿਆ ਮੇਰਾ ਮਨੁ ਛੋਡਿ ਨ ਕਤਹੂ ਜਾਇਆ ਥਾ॥ (ਪੰਨਾ 1002) ਅਰਥ: (ਮੇਰੇ) ਗੁਰਦੇਵ ਜੀ ਨੇ ਮੇਰੇ ਹਿਰਦੇ-ਘਰ ਵਿੱਚ ਹੀ ਮੈਨੂੰ ਪਰਮਾਤਮਾ ਦੇ ਦਰਸ਼ਨ ਕਰਾ ਦਿੱਤੇ ਹਨ, ਸੋ ਹੁਣ ਬਾਹਰ ਭਾਲ ਕਰਨ ਦੀ ਲੋੜ ਨਹੀਂ ਰਹੀ। ਉਹ ਅਚਰਜ ਰੂਪ ਪਰਮਾਤਮਾ ਦਾ ਅਜਿਹਾ (ਆਤਮਕ) ਝਲਕਾਰਾ ਵੱਜਾ ਹੈ ਕਿ ਹੁਣ ਮੇਰਾ ਮਨ ਉਸ ਨੂੰ ਛੱਡ ਕੇ ਬਾਹਰ ਕਿਤੇ ਨਹੀਂ ਜਾਂਦਾ।

ਅਕਾਲ ਪੁਰਖ ਦੇ ਮਹਲ, ਇਸ ਦੇ ਸਰੂਪ ਅਤੇ ਇਸ ਮਹਲ `ਚ ਪ੍ਰਭੂ ਵਲੋਂ ਬੁਲਾਉਣ ਦੀ ਸੰਖਪਿਤ ਚਰਚਾ ਉਪਰੰਤ ‘ਢਾਢੀ ਕਉ ਮਹਲਿ ਬੁਲਾਵੈ’ ਦੀ ਪੰਗਤੀ ਨੂੰ ਵਿਚਾਰਦੇ ਹਾਂ ਤਾਂ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਇਸ ਪੰਗਤੀ ਵਿੱਚ ਵੀ ਗੁਰਦੇਵ ਪ੍ਰਭੂ ਦੀ ਹਜ਼ੂਰੀ ਲਈ ਹੀ ‘ਮਹਲ’ ਸ਼ਬਦ ਦੀ ਵਰਤੋਂ ਕਰ ਰਹੇ ਹਨ। ਇਹ ਹਜ਼ੂਰੀ ਕਿਧਰੇ ਬਾਹਰ ਨਹੀਂ ਸਗੋਂ ਮਨੁੱਖ ਦਾ ਅੰਤਰ-ਆਤਮੇ ਟਿਕ ਕੇ ਆਪਣੇ ਮੂਲ ਸੋਮੇ ਪ੍ਰਭੂ ਨਾਲ ਜੁੜਨਾ ਹੈ। ਗੁਰਬਾਣੀ ਦੇ ਸਿਧਾਂਤ ਨੂੰ ਸਮਝਣ ਲਈ ਇਹ ਜ਼ਰੂਰੀ ਹੈ ਕਿ ਹਰੇਕ ਸ਼ਬਦ/ਪੰਗਤੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸਮੁੱਚੇ ਸਿਧਾਂਤ ਨੂੰ ਸਾਹਮਣੇ ਰੱਖ ਕੇ ਹੀ ਸਮਝਣ ਦਾ ਜਤਨ ਕੀਤਾ ਜਾਵੇ। ਜੇਕਰ ਅਸੀਂ ਇਸ ਗੱਲ ਨੂੰ ਨਜ਼ਰ-ਅੰਦਾਜ਼ ਕਰਕੇ ਕਿਸੇ ਸ਼ਬਦ/ਪੰਗਤੀ ਨੂੰ ਸਮਝਣ ਦਾ ਜਤਨ ਕਰਾਂਗੇ ਤਾਂ ਅਵੱਸ਼ ਉਕਾਈ ਖਾ ਜਾਵਾਂਗੇ। ਗੁਰੂ ਗ੍ਰੰਥ ਸਾਹਿਬ ਜੀ ਦੇ ਸਮੁੱਚੇ ਸਿਧਾਂਤ ਨੂੰ ਸਾਹਮਣੇ ਰੱਖ ਕੇ ਜਦ ਅਸੀਂ ‘ਮਹਲਿ ਬੁਲਾਵੈ’ ਵਾਲੀ ਪੰਗਤੀ ਦਾ ਭਾਵ-ਅਰਥ ਸਮਝਣ ਦੀ ਕੋਸ਼ਸ਼ ਕਰਾਂਗੇ ਤਾਂ ਕਿਸੇ ਤਰ੍ਹਾਂ ਦੇ ਭਰਮ-ਭੁਲੇਖੇ ਦੀ ਸੰਭਾਵਨਾ ਦੀ ਗੁੰਜ਼ਾਇਸ਼ ਨਹੀਂ ਰਹੇਗੀ। ਇਸ ਲਈ ‘ਮਹਲਿ ਬੁਲਾਵੈ’ ਸ਼ਬਦ ਪ੍ਰਭੂ ਵਲੋਂ ਆਪਣੇ ਕਿਸੇ ਖ਼ਾਸ ਟਿਕਾਣੇ `ਚ ਬੁਲਾਉਣ ਦਾ ਲਖਾਇਕ ਨਹੀਂ, ਬਲਕਿ ਮਨੁੱਖ ਦਾ ਆਪਣੇ ਅੰਦਰੋਂ ਕੂੜ ਦੀ ਕੰਧ ਨੂੰ ਢਾਹ ਕੇ, ਪ੍ਰਭੂ ਨਾਲ ਇਕਮਿਕਤਾ ਦਾ ਨਿੱਘ ਮਾਣਦਿਆਂ ਹੋਇਆਂ, ਉਸ ਦੀ ਹਜ਼ੂਰੀ ਵਿੱਚ ਵਿਚਰਨ ਦਾ ਪ੍ਰਤੀਕ ਹੈ। ਮਨੁੱਖ ਦਾ ਗੁਰਬਾਣੀ ਦੇ ਆਸ਼ੇ ਅਨੁਸਾਰ ਆਪਣੇ ਜੀਵਨ ਨੂੰ ਢਾਲ ਕੇ ਗੁਰਮੁਖਤਾਈ ਦਾ ਜੀਵਨ ਜਿਉਂਦਿਆਂ, ਆਪਣੇ ਨਿਜ ਘਰ ਵਿੱਚ ਟਿਕੇ ਰਹਿਣ ਦਾ ਲਖਾਇਕ ਹੈ।

ਇਸ ਭਾਵ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਤਰ੍ਹਾਂ ਵੀ ਦਰਸਾਇਆ ਹੈ:-

(ੳ) ਗੁਸਾਈ ਤੇਰਾ ਕਹਾ ਨਾਮੁ ਕੈਸੇ ਜਾਤੀ॥ ਜਾ ਤਉ ਭੀਤਰਿ ਮਹਲਿ ਬੁਲਾਵਹਿ ਪੂਛਉ ਬਾਤ ਨਿਰੰਤੀ॥ (ਪੰਨਾ 992) ਅਰਥ: ਹੇ ਧਰਤੀ ਦੇ ਖਸਮ-ਪ੍ਰਭੂ! ਜਦੋਂ ਤੂੰ ਮੈਨੂੰ ਅੰਤਰ ਆਤਮੇ ਚਰਨਾਂ ਵਿੱਚ ਸੱਦਦਾ ਹੈਂ (ਜੋੜਦਾ ਹੈਂ) ਤਦੋਂ ਮੈਂ (ਤੈਥੋਂ) ਇਹ ਭੇਦ ਦੀ ਗੱਲ ਪੁੱਛਦਾ ਹਾਂ ਕਿ ਤੇਰਾ ਕਿਥੇ ਕੋਈ ਖ਼ਾਸ ਨਾਮ ਹੈ ਤੇ ਕਿਵੇਂ ਤੇਰੀ ਕੋਈ ਖ਼ਾਸ ਜਾਤਿ ਹੈ (ਭਾਵ, ਜਦੋਂ ਤੂੰ ਆਪਣੀ ਮੇਹਰ ਨਾਲ ਮੈਨੂੰ ਆਪਣੇ ਚਰਨਾਂ ਵਿੱਚ ਜੋੜਦਾ ਹੈਂ ਤਦੋਂ ਮੈਨੂੰ ਸਮਝ ਆਉਂਦੀ ਹੈ ਕਿ ਨਾਹ ਕੋਈ ਤੇਰਾ ਖ਼ਾਸ ਨਾਮ ਹੈ ਅਤੇ ਨਾਹ ਹੀ ਤੇਰੀ ਕੋਈ ਖ਼ਾਸ ਜਾਤਿ ਹੈ)।

(ਅ) ਸਤਿਗੁਰ ਮਿਲੈ ਤ ਮਹਲਿ ਬੁਲਾਏ॥ ਸਾਚੀ ਦਰਗਹ ਗਤਿ ਪਤਿ ਪਾਏ॥ ਸਾਕਤ ਠਾਉਰ ਨਾਹੀ ਹਰਿ ਮੰਦਰ ਜਨਮ ਮਰੈ ਦੁਖੁ ਪਾਇਦਾ॥ (ਪੰਨਾ 1042) ਅਰਥ: ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਪਰਮਾਤਮਾ ਉਸ ਨੂੰ ਆਪਣੀ ਹਜ਼ੂਰੀ ਵਿੱਚ ਸੱਦਦਾ ਹੈ (ਭਾਵ, ਆਪਣੇ ਚਰਨਾਂ ਵਿੱਚ ਜੋੜੀ ਰੱਖਦਾ ਹੈ)। ਉਹ ਮਨੁੱਖ ਪ੍ਰਭੂ ਦੇ ਚਰਨਾਂ ਵਿੱਚ ਜੁੜ ਕੇ ਉੱਚੀ ਆਤਮਕ ਅਵਸਥਾ ਪ੍ਰਾਪਤ ਕਰਦਾ ਹੈ (ਲੋਕ ਪਰਲੋਕ ਵਿਚ) ਇੱਜ਼ਤ ਪਾਂਦਾ ਹੈ। ਪਰ ਮਾਇਆ-ਵੇੜ੍ਹੇ ਬੰਦੇ ਨੂੰ ਪਰਮਾਤਮਾ ਦੇ ਮਹਲ ਦਾ ਟਿਕਾਣਾ ਨਹੀਂ ਲੱਭਦਾ, ਉਹ ਜਨਮਾਂ ਦੇ ਗੇੜ ਵਿੱਚ ਪੈ ਕੇ ਮਰਦਾ ਤੇ ਦੁੱਖ ਸਹਾਰਦਾ ਹੈ।

(ੲ) ਤਿਨਿ ਕਰਤੈ ਇਕੁ ਖੇਲੁ ਰਚਾਇਆ॥ ਕਾਇਆ ਸਰੀਰੈ ਵਿਚਿ ਸਭੁ ਕਿਛੁ ਪਾਇਆ॥ ਸਬਦਿ ਭੇਦਿ ਕੋਈ ਮਹਲੁ ਪਾਏ ਮਹਲੇ ਮਹਲਿ ਬੁਲਾਵਣਿਆ॥ . . ਆਪੇ ਦੇਵੈ ਸਬਦਿ ਬੁਲਾਏ॥ ਮਹਲੀ ਮਹਲਿ ਸਹਜ ਸੁਖੁ ਪਾਏ॥ ਨਾਨਕ ਨਾਮਿ ਮਿਲੈ ਵਡਿਆਈ ਆਪੇ ਸੁਣਿ ਸੁਣਿ ਧਿਆਵਣਿਆ॥ (ਪੰਨਾ 117) ਅਰਥ: ਹੇ ਭਾਈ!) ਉਸ ਕਰਤਾਰ ਨੇ (ਇਹ ਜਗਤ) ਇੱਕ ਤਮਾਸ਼ਾ ਰਚਿਆ ਹੋਇਆ ਹੈ, ਉਸ ਨੇ ਮਨੁੱਖਾ ਸਰੀਰ ਵਿੱਚ ਹਰੇਕ ਗੁਣ ਭਰ ਦਿੱਤਾ ਹੈ। ਜੇਹੜਾ ਕੋਈ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਆਪੇ ਦੀ) ਖੋਜ ਕਰ ਕੇ ਪਰਮਾਤਮਾ ਦੀ ਹਜ਼ੂਰੀ ਹਾਸਲ ਕਰ ਲੈਂਦਾ ਹੈ, ਪਰਮਾਤਮਾ ਉਸ ਨੂੰ ਆਪਣੀ ਹਜ਼ੂਰੀ ਵਿੱਚ ਹੀ ਟਿਕਾਈ ਰੱਖਦਾ ਹੈ. . ਪਰਮਾਤਮਾ ਆਪ ਹੀ ਗੁਰੂ ਦੇ ਸ਼ਬਦ ਵਿੱਚ ਜੋੜ ਕੇ (ਇਹ ਨਾਮ ਵੱਥ) ਦੇਂਦਾ ਹੈ ਤੇ ਆਪ ਹੀ (ਜੀਵਾਂ ਨੂੰ ਆਪਣੇ ਨੇੜੇ) ਸੱਦਦਾ ਹੈ। (ਜਿਸ ਨੂੰ ਸੱਦਦਾ ਹੈ ਉਹ) ਮਹਲ ਦੇ ਮਾਲਕ-ਪ੍ਰਭੂ ਦੀ ਹਜ਼ੂਰੀ ਵਿੱਚ (ਪਹੁੰਚ ਕੇ) ਆਤਮਕ ਅਡੋਲਤਾ ਦਾ ਆਨੰਦ ਮਾਣਦਾ ਹੈ। ਹੇ ਨਾਨਕ! ਜੋ ਮਨੁੱਖ ਪ੍ਰਭੂ-ਨਾਮ ਵਿੱਚ ਜੁੜਦਾ ਹੈ, ਉਸ ਨੂੰ (ਪ੍ਰਭੂ ਦੀ ਦਰਗਾਹ ਵਿਚ) ਆਦਰ ਮਿਲਦਾ ਹੈ, (ਉਸ ਨੂੰ ਯਕੀਨ ਬਣ ਜਾਂਦਾ ਹੈ ਕਿ ਪ੍ਰਭੂ) ਆਪ ਹੀ (ਜੀਵਾਂ ਦੀ ਅਰਜ਼ੋਈ) ਸੁਣ ਸੁਣ ਕੇ ਆਪ ਹੀ ਉਹਨਾਂ ਦਾ ਧਿਆਨ ਰੱਖਦਾ ਹੈ।

ਸੋ, ਗੁਰੂ ਗ੍ਰੰਥ ਸਾਹਿਬ ਵਿੱਚ ਅਕਾਲ ਪੁਰਖ ਵਲੋਂ ਆਪਣੇ ਮਹਲ ਵਿੱਚ ਬੁਲਾਉਣ ਤੋਂ ਭਾਵ, ਪ੍ਰਭੂ ਵਲੋਂ ਮਨੁੱਖ ਨੂੰ ਕਿਸੇ ਵਿਸ਼ੇਸ਼ ਸਥਾਨ `ਤੇ ਬੁਲਾਉਣ ਤੋਂ ਨਹੀਂ ਹੈ, ਪਰਮਾਤਮਾ ਵਲੋਂ ਪ੍ਰਾਣੀ ਨੂੰ ਅੰਤਰ-ਆਤਮੇ ਆਪਣੇ ਨਾਮ ਨਾਲ ਜੋੜਨ ਤੋਂ ਹੈ। ਇਸ ਤੋਂ ਭਾਵ ਉਸ ਆਤਮਕ ਅਵਸਥਾ ਤੋਂ ਹੈ, ਜਿਸ ਵਿੱਚ ਮਨੁੱਖ ਅਕਾਲ ਪੁਰਖ ਦੀ ਹਜ਼ੂਰੀ ਦਾ ਸਦੈਵੀ ਨਿੱਘ ਮਾਣਦਾ ਹੈ। ਅਕਾਲ ਪੁਰਖ ਦੇ ਇਸ ਮਹਲ ਤਕ ਗੁਰੂ ਦੇ ਤਤ ਗਿਆਨ ਨੂੰ ਸਮਝ ਕੇ, ਉਸ ਅਨੁਸਾਰ ਆਪਣੇ ਜੀਵਨ ਨੂੰ ਢਾਲਣ ਨਾਲ ਹੀ ਪਹੁੰਚ ਸਕੀਦਾ ਹੈ। (ਨੋਟ: ਗੁਰੂ ਗ੍ਰੰਥ ਸਾਹਿਬ ਵਿੱਚ ਅਜਿਹੇ ਭਾਵ ਵਾਲੇ ਸ਼ਬਦਾਂ ਵਿਚਲੇ ਪ੍ਰਤੀਕ, ਅਲੰਕਾਰ ਆਦਿ ਨੂੰ ਸਮਝ ਕੇ ਗੁਰਬਾਣੀ ਦੇ ਰੌਸ਼ਨੀ ਵਿੱਚ ਭਾਵਾਰਥ ਨੂੰ ਸਮਝਣ ਦੀ ਲੋੜ ਹੈ।)

ਜਸਬੀਰ ਸਿੰਘ ਵੈਨਕੂਵਰ




.