.

ਕੀ ਅਸੀਂ ਧਾਰਮਿਕ ਹਾਂ?

ਤੁਸੀਂ ਅੱਜ ਸਹਿਜੇ ਹੀ ਸਾਰੀ ਦੁਨੀਆਂ ਨੂੰ ਦੋ ਭਾਗਾਂ ਵਿੱਚ ਵੰਡੀ ਹੋਈ ਦੇਖ ਸਕਦੇ ਹੋ। ਇੱਕ ਉਹ ਹੈ ਜੋ ਆਪਣੇ ਆਪ ਨੂੰ ਧਾਰਮਿਕ ਅਖਵਾਉਂਦੇ ਹਨ ਅਤੇ ਦੁਜੇ ਜੋ ਧਰਮ ਤੋਂ ਦੂਰ ਮੰਨੇ ਜਾਂਦੇ ਹਨ। ਪਰ ਇਹ ਸਾਰੀ ਵੰਡ ਸਾਡੀ ਆਪੂੰ ਸਿਰਜੀ ਹੀ ਹੈ, ਕਿਉਂਕੀ ਧਰਮ ਦੀ ਪਰਿਭਾਸ਼ਾ ਸਾਰਿਆਂ ਨੇ ਆਪੋ ਆਪਣੀ ਬਣਾ ਰੱਖੀ ਹੈ। ਅੱਜ ਬਹੁਤਾਇਤ ਵਿੱਚ ਧਾਰਮਿਕ ਹੋਣਾ ਉਹਨਾਂ ਲੋਕਾਂ ਨੂੰ ਕਿਹਾ ਜਾਂਦਾ ਹੈ, ਜੋ ਕਿਸੇ ਧਰਮ ਵਿਸ਼ੇਸ਼ ਦੀਆਂ ਪਰੰਪਰਾਵਾਂ ਨੂੰ ਮੰਨਦਾ ਹੋਵੇ। ਉਹ ਪਰੰਪਰਾਵਾਂ ਜੋ ਧਾਰਮਿਕ ਉਪਦੇਸ਼ ਨੂੰ ਸੁਣਨ ਵਾਸਤੇ ਕੀਤੀਆਂ ਜਾਂਦੀਆਂ ਸਨ। ਜਿਸ ਵਿੱਚ ਕਿਸੇ ਧਾਰਮਿਕ ਅਸਥਾਨ ਤੇ ਜਾਣਾ ਅਤੇ ਉਸ ਅਸਥਾਨ ਦੀ ਮਰਿਯਾਦਾ ਅਨੁਸਾਰ ਸਾਰੇ ਕਰਮ ਕਰਨੇ ਸਨ।
ਅੱਜ ਸਾਡੇ ਸਾਰਿਆਂ ਦੀ ਬੜੀ ਵੱਡੀ ਬਦਕਿਸਮਤੀ ਹੈ ਕਿ ਜੋ ਪਰੰਪਰਾਂਵਾਂ ਜਾ ਕਰਮ ਜੀਵਨ ਨੂੰ ਸਹੀ ਢੰਗ ਨਾਲ ਜੀਣ ਦੇ ਉਪਦੇਸ਼ ਜੋ ਕਿ ਧਰਮ ਸੀ, ਨੂੰ ਸਿੱਖਣ ਲੱਗਿਆਂ ਸਹਜੇ ਹੀ ਬਣ ਗਏ ਸੀ ਜਿਸ ਵਿੱਚ ਉਪਦੇਸ਼ ਸੁਣਨ ਵਾਸਤੇ ਕਿਸੇ ਅਸਥਾਨ ਤੇ ਇਕੱਠੇ ਹੋਣਾ, ਜਿਸ ਨੂੰ ਧਾਰਮਿਕ ਅਸਥਾਨ ਕਿਹਾ ਜਾਂਦਾ ਸੀ, ਉਪਦੇਸ਼ ਸੁਨਣ ਆਏ ਸਾਰੇ ਮੈਬਰਾਂ ਦੇ ਵਧੀਆ ਤਰੀਕੇ ਦੇ ਨਾਲ ਬੈਠਣ, ਉਹਨਾਂ ਦੇ ਖਾਣ ਪੀਣ ਅਤੇ ਉਸ ਅਸਥਾਨ ਦੀ ਸਾਫ ਸਫਾਈ ਕਰਨੀ, ਜਿਸ ਨੂੰ ਸੇਵਾ ਕਿਹਾ ਜਾਂਦਾ ਸੀ, ਆਦਿ ਆਉਂਦੇ ਸਨ, ਬੱਸ ਹੁਣ ਇਹਨਾ ਕਰਮਾਂ ਨੂੰ ਹੀ ਧਰਮ ਕਿਹਾ ਜਾਂਦਾ ਹੈ ਅਤੇ ਇਹਨਾਂ ਨੂੰ ਕਰਨ ਵਾਲੇ ਨੂੰ ਧਾਰਮਿਕ ਇਨਸਾਨ। ਜੀਵਣ ਜੀਣ ਦੀ ਸਿੱਿਖਆ ਜਿਸ ਲਈ ਇਹ ਸਾਰੇ ਕਰਮ ਕੀਤੇ ਜਾਂਦੇ ਸੀ ਵਿਚੋਂ ਖੰਭ ਲਾ ਕੇ ਉੱਡ ਹੀ ਗਏ ਹਨ।
ਕੁੱਝ ਚਲਾਕ ਅਤੇ ਸ਼ਾਤਰ ਲੋਕ ਜੋ ਕਿ ਧਰਮ ਦੇ ਠੇਕੇਦਾਰ ਬਣੇ ਹੋਏ ਹਨ ਨੇ ਇਸ ਗੱਲ ਨੂੰ ਸਾਰੇ ਜ਼ੋਰ ਨਾਲ ਪ੍ਰਚਾਰਿਆ ਹੈ ਕਿ ਤੁਸੀ ਇਹ ਕਰਮਕਾਂਡ ਅਤੇ ਪਰੰਪਰਾਵਾਂ ਨੂੰ ਪੂਰਾ ਕਰਦੇ ਰਹੋ ਤੁਹਾਨੂੰ ਜੀਵਨ ਜੀਣ ਦੀ ਸਿੱਖਿਆ ਦਾ ਆਪੇ ਹੀ ਪਤਾ ਚੱਲ ਜਾਵੇਗਾ। ਇਸੇ ਲਈ ਅੱਜ ਸਾਰਿਆਂ ਦਾ ਜੋਰ ਕੇਵਲ ਇਹਨਾਂ ਕਰਮਾਂ ਵਿੱਚ ਹੀ ਲੱਗ ਗਿਆ ਹੈ ‘ਉਪਦੇਸ਼’ ਵਿੱਚੋਂ ਅਲੋਪ ਹੀ ਹੋ ਗਿਆ ਹੈ।
ਇਹਨਾਂ ਸਾਰੀਆਂ ਗੱਲਾਂ ਕਰਕੇ ਅੱਜ ਧਾਰਮਿਕ ਇਨਸਾਨ ਉਹਨਾਂ ਲੋਕਾਂ ਨੂੰ ਗਿਣਿਆ ਜਾਂਦਾ ਹੈ ਜੋ ਚੁੱਪ-ਚੁੱਪ ਜਿਹੇ ਰਹਿੰਦੇ ਹਨ, ਹਰ-ਦਮ ਗੁੰਮ-ਸੁੰਮ ਜਿਹੇ ਰਹਿਣ, ਅੱਖਾਂ ਵਿਚੋਂ ਪਾਣੀ ਵਗਦਾ ਰਹੇ ਅਤੇ ਜਿਹੜੇ ਦੁਨੀਆਂ ਤੋਂ ਵੈਰਾਗੀ ਜਿਹੇ ਜਾਪਦੇ ਹਨ। ਸਾਡਾ ਧਾਰਮਿਕ ਬਣਨ ਦਾ ਸਾਰਾ ਜੋਰ ਕੇਵਲ ਬਾਹਰੋਂ-ਬਾਹਰੋਂ ਹੀ ਲੱਗਾ ਹੋਇਆ ਹੈ। ਧਾਰਮਿਕ ਉਪਦੇਸ਼ ਜਿਸ ਨਾਲ ਜੀਵਨ ਵਿੱਚ ਤਬਦੀਲੀ ਆਉਣੀ ਸੀ, ਜਿਸ ਨਾਲ ਮਨੁੱਖ ਨੇ ਮਨੁੱਖ ਨਾਲ ਪਿਆਰ ਕਰਨਾ ਸੀ, ਹਰ ਇਨਸਾਨ ਨੇ ਉਸ ਪਰਮਾਤਮਾ ਦੀ ਬਣਾਈ ਖਲਕਤ ਨੂੰ ਹੋਰ ਸੋਹਣਾ ਬਣਾਉਣਾ ਸੀ, ਸਾਰੀ ਦੁਨੀਆਂ ਨੇ ਇੱਕ ਪਰਿਵਾਰ ਵਾਂਗੂ ਰਹਿਣਾ ਸੀ, ਨੂੰ ਸੁਣਨ ਅਤੇ ਮੰਨਣ ਦੀ ਬਜਾਇ ਆਪੋ ਆਪਣਾ ਰੂਪ ਬਾਹਰੋਂ ਧਾਰਮਿਕ ਪੁਰਸ਼ਾਂ ਵਾਲਾ ਬਣਾ ਕੇ ਤੁਰੇ ਫਿਰਦੇ ਹਾਂ। ਅੱਜ ਦੁਨੀਆਂ ਅੰਦਰ ਬਾਹਰੋਂ ਧਾਰਮਿਕ ਦਿਸਣ ਵਾਲਿਆਂ ਦੀ ਗਿਣਤੀ ਤਾਂ ਬਹੁਤ ਵੱਧ ਗਈ ਹੈ ਪਰ ਧਰਮ ਖਤਮ ਹੁੰਦਾ ਜਾ ਰਿਹਾ ਹੈ। ਇਸੇ ਲਈ ਤਾਂ ਦੁਨੀਆਂ ਅੰਦਰ ਪਿਆਰ ਵਧਣ ਦੀ ਥਾਂ ਤੇ ਨਫਰਤ ਵਧਦੀ ਜਾ ਰਹੀ ਹੈ। ਸਾਰੇ ਜਣੇ ਆਪੋ ਆਪਣਾ ਰਾਗ ਅਲਾਪੀ ਜਾ ਰਹੇ ਹਨ ਕੋਈ ਵੀ ਇੱਕ ਸ਼ਾਂਝਾ ਰਾਹ ਕੱਢਣ ਨੂੰ ਤਿਆਰ ਨਹੀਂ।
ਅੱਜ ਧਰਮ ਨੂੰ ਇੱਕ ਬਾਹਰੀ ਪ੍ਰਕਿਰਿਆ ਜਿਹਾ ਮੰਨ ਲਿਆ ਗਿਆ ਹੈ। ਧਰਮ ਸਾਨੂੰ ਜਿੰਦਗੀ ਜੀਣ ਦੇ ਛੋਟੇ ਤੋਂ ਛੋਟੇ ਅਤੇ ਵੱਡੇ ਤੋਂ ਵੱਡੇ ਨੁਕਤੇ ਦੱਸਦਾ ਹੈ, ਜਿਸ ਨਾਲ ਜਿੰਦਗੀ ਨੂੰ ਵਧੀਆ ਤਰੀਕੇ ਦੇ ਨਾਲ ਜੀਵਿਆ ਜਾ ਸਕੇ। ਪਰ ਅੱਜ ਧਰਮ ਨੂੰ ਇੰਨੇ ਔਖੇ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ, ਹਰ ਬੰਦਾ ਇਸ ਤੋਂ ਦੂਰ ਨੱਸਦਾ ਹੈ ਜਾਂ ਕੇਵਲ ਵਖਾਵਾ ਹੀ ਕਰ ਰਿਹਾ ਹੈ।
ਅੱਜ ਜੋ ਇਹਨਾਂ ਕਰਮਕਾਂਡਾ ਨੂੰ ਕਰ ਕੇ ਆਪਣੇ ਆਪ ਨੰ ਧਾਰਮਿਕ ਅਖਵਾਉਂਦੇ ਹਨ ਉਹ ਇਹਨਾਂ ਕਰਮਕਾਂਡਾ ਨੂੰ ਨਾ ਕਰਨ ਵਾਲੇ ਜਿਹਨਾਂ ਨੁੰ ਅਧਰਮ ਕਿਹਾ ਜਾਂਦਾ ਹੈ, ਨਾਲ ਨਫਰਤ ਕਰਦੇ ਹਨ। ਅੱਜ ਸਾਨੂੰ ਲੋੜ ਹੈ ਵਧੀਆ ਇਨਸਾਨ ਬਣਨ ਦੀ, ਆਪਣੇ ਘਰ, ਪਰਿਵਾਰ ਅਤੇ ਸਮਾਜ ਨਾਲ ਰਲ ਕੇ ਚੱਲਣ ਦੀ, ਉਸ ਪਰਮਾਤਮਾ ਦੀ ਬਣਾਈ ਖਲਕਤ ਨੂੰ ਹੋਰ ਸੋਹਣਾ ਬਣਾਉਣ ਦੀ। ਜਿਸ ਦਿਨ ਸਾਡੇ ਧਾਰਮਿਕ ਆਗੂ ਇਸ ਤਰਾਂ ਦੇ ਜੀਵਨ ਨੂੰ ਧਰਮ ਨਾਲ ਜੋੜ ਕੇ ਪੇਸ਼ ਕਰਨਗੇ ਤਾਂ ਸਾਰੇ ਇਨਸਾਨ ਹੀ ਧਾਰਮਿਕ ਹੋ ਜਾਣਗੇ। ਇਹ ਧਾਰਮਿਕ ਅਤੇ ਅਧਾਰਮਿਕ ਦੀ ਵੰਡ ਹੀ ਮੁੱਕ ਜਾਵੇਗੀ।
ਬਲਜਿੰਦਰ ਸਿੰਘ
.