.

ਤਾਜ਼ਾਂ ਵਾਲੇ, ਤਖ਼ਤਾਂ ਵਾਲੇ

ਤਾਜਾਂ ਵਾਲੇ ਤਖ਼ਤਾਂ ਵਾਲਿਆਂ ਨੂੰ ਆਖ ਰਹੇ ਹਨ ਕਿ ਅਸੀਂ ਤੁਹਾਨੂੰ ਤਖ਼ਤਾਂ `ਤੇ ਕਾਬਜ਼ ਕਰਵਾਇਆ ਹੈ, ਤੁਸੀਂ ਸਾਡੇ ਸਭ ਵਿਰੋਧੀਆਂ ਨੂੰ ਮੁੱਛ ਦਿਓ ਤਾਂ ਕਿ ਉਹ ਸਾਡੀ ਬਰਾਬਰੀ ਨਾ ਕਰ ਸਕਣ। ਇਹ ਹੁਕਮ ਸੁਣਦਿਆਂ ਹੀ ਤਖ਼ਤਾਂ ਵਾਲੇ, ਤਾਜਾਂ ਵਾਲਿਆਂ ਦਾ ਅਹਿਸਾਨ ਮੰਨਦੇ ਹੋਏ, ਤੁਰੰਤ ਤਾਜਾਂ ਵਾਲਿਆਂ ਦੀ ਢਾਲ ਬਣ ਕਲਮਾਂ ਚੁੱਕ ਲੈਂਦੇ ਹਨ ਅਤੇ ਹੁਕਮਨਾਮੇ ਰੂਪੀ ਤੀਰ ਆਪਣੇ ਆਕਾ ਦੀ ਮੁਖਾਲਫਿਤ ਕਰਨ ਵਾਲਿਆਂ ਵੱਲ ਸੇਧ ਲੈਂਦੇ ਹਨ। ਆਪਣੇ ਰਾਜਸੀ ਹਿੱਤਾਂ ਕਰਕੇ ਫਿਰ ਤਾਜਾਂ ਵਾਲੇ, ਤਖ਼ਤਾਂ ਵਾਲਿਆਂ ਦੇ ਹੁਕਮਨਾਮੇ ਰੂਪੀ ਤੀਰ ਨੂੰ ਰੱਬੀ ਫੁਰਮਾਨ ਦੱਸ ਕੇ ਅਜਿਹਾ ਚੱਕਰਵਿਊ ਸਿਰਜਦੇ ਹਨ ਜਿਸ ਦੀ ਸਮਝ ਹਰ ਇੱਕ ਮਨੁੱਖ ਦੇ ਵੱਸ ਦੀ ਗੱਲ ਨਹੀਂ ਹੈ।
ਜਦੋਂ ਤੋਂ ਤਖ਼ਤਾਂ ਵਾਲਿਆਂ ਦੀ ਚੋਣ, ਤਾਜਾਂ ਵਾਲਿਆਂ ਦੇ ਹੱਥ ਵਿੱਚ ਆਈ ਹੈ ਉਸ ਸਮੇਂ ਤੋਂ ਹੀ ਸਿੱਖ ਧਰਮ ਦਾ ਸਭ ਤੋਂ ਵੱਧ ਨੁਕਸਾਨ ਹੋਣ ਲੱਗਿਆ ਹੈ। ਜਿਨ੍ਹਾਂ ਤਖ਼ਤਾਂ ਵਾਲਿਆਂ ਤੋਂ ਕੌਮ ਚੰਗੇ ਫੈਸਲਿਆਂ ਦੀ ਆਸ ਰੱਖਦੀ ਹੈ ਉਹ ਤਖ਼ਤਾਂ ਵਾਲੇ ਕੌਮ ਭਲਾਈ ਦੇ ਫੈਸਲਿਆਂ ਦੀ ਥਾਂ ਤਾਜਾਂ ਵਾਲਿਆਂ ਦੇ ਇਸ਼ਾਰੇ ਦੀ ਉਡੀਕ ਕਰਦੇ ਹਨ, ਅੰਤ ਵਿੱਚ ਫੈਸਲਾ ਉਹ ਹੁੰਦਾ ਹੈ ਜੋ ਤਾਜਾਂ ਵਾਲਿਆਂ ਨੂੰ ਮਨਜ਼ੂਰ ਹੁੰਦਾ ਹੈ। ਜਿਸ ਤਰ੍ਹਾਂ ਗੁਰੂ ਸਾਹਿਬਾਨਾਂ ਨੇ ਕਿਹਾ ਹੈ ਕਿ ਜੋ ਗਾਂ ਦੁੱਧ ਨਹੀਂ ਦਿੰਦੀ ਉਹ ਕਿਸੇ ਕੰਮ ਦੀ ਨਹੀਂ। ਉਸੇ ਤਰ੍ਹਾਂ ਜਦੋਂ ਤਖ਼ਤਾਂ ਵਾਲੇ, ਤਾਜਾਂ ਵਾਲਿਆਂ ਦੀ ‘ਸੱਜਰ ਗਾਂ’ ਨਹੀਂ ਰਹਿੰਦੇ ਉਹਨਾਂ ਦਾ ਰੱਸਾ ਲਾਹ ਦਿੱਤਾ ਜਾਂਦਾ।
ਤਾਜਾਂ ਵਾਲੇ ਸਪੋਕਸਮੈਨ ਦੇ ਸੰਪਾਦਕ ਸ: ਜੋਗਿੰਦਰ ਸਿੰਘ ਤੋਂ ਬਹੁਤ ਔਖੇ ਸਨ। ਅਕਾਲੀ ਰਵਾਇਤਾਂ ਨੂੰ ਤਿਲਾਂਜਲੀ ਦੇਣ ਦੇ ਸਬੰਧ ਵਿੱਚ ਨਿੱਤ ਪ੍ਰਕਾਸ਼ਿਤ ਹੁੰਦੀਆਂ ਖ਼ਬਰਾਂ ਤੋਂ ਘਬਰਾਅ ਕੇ ਉਹਨਾਂ ਤਖ਼ਤਾਂ ਵਾਲਿਆਂ ਦੀ ਡਿਊਟੀ ਲਗਾ ਦਿੱਤੀ ਕਿ ਹੁਣ ਤੁਹਾਡੀ ਜ਼ਿੰਮੇਵਾਰੀ ਹੈ ਕਿ ਇਸ ਖੱਬੀਖਾਨ ਬਣੇ ਫਿਰਦੇ ਸੰਪਾਦਕ ਨੂੰ ਲੱਤ ਹੇਠੋਂ ਦੀ ਲੰਘਾ ਦੇਵੋ ਤੁਹਾਡੀਆਂ ਕੁਰਸੀਆਂ ਪੱਕੀਆਂ ਸਮਝੋ। ਤਖ਼ਤਾਂ ਵਾਲਿਆਂ ਨੇ ਹੁਕਮ ਮਿਲਦੇ ਹੀ ਕਲਮਾਂ ਤਿੱਖੀਆਂ ਕਰ ਲਈਆਂ। ਤਖ਼ਤਾਂ ਵਾਲਿਆਂ ਦੀ ਕੋਈ ਪੇਸ਼ ਨਾ ਚੱਲੀ। ਸਿੱਖ ਸੰਗਤ ਨੇ ਤਖ਼ਤਾਂ ਵਾਲਿਆਂ ਦਾ ਸਿੱਖ ਧਰਮ ਖਿਲਾਫ਼ ਫੈਸਲਾ ਕਬੂਲ ਨਾ ਕੀਤਾ। ਤਖ਼ਤਾਂ `ਤੇ ਕਾਬਜ਼ ਪੁਜਾਰੀਆਂ ਨੂੰ ਕੁੱਝ ਨਮੋਸ਼ੀ ਜ਼ਰੂਰ ਹੋਈ ਹੋਵੇਗੀ।
ਸਰਸਾ ਡੇਰੇ ਦੇ ਆਗੂਆਂ ਨੇ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਮੱਦਦ ਕੀਤੀ ਤਾਂ ਤਾਜਾਂ ਵਾਲਿਆਂ ਨੂੰ ਮਹਿਸੂਸ ਹੋਇਆ ਕਿ ਇਹ ਤਾਂ ਸਾਰੇ ਤਾਜ ਲਈ ਖਤਰਾ ਪੈਦਾ ਕਰ ਰਹੇ ਹਨ। ਸਰਕਾਰ ਬਣ ਜਾਣ ਤੋਂ ਬਾਅਦ ਉਹਨਾਂ ਤਖ਼ਤਾਂ ਵਾਲਿਆਂ ਨੂੰ ਕਿਹਾ ਕਿ ਕੋਈ ਅਜਿਹੀ ਯੁਕਤ ਵਰਤੋਂ ਜਿਸ ਨਾਲ ਸਰਸਾ ਡੇਰੇ ਵਾਲੇ ਸਾਡੇ ਤਾਜ ਦੇ ਵਿਰੋਧੀ ਹੋਣ ਦੀ ਥਾਂ ਰਖਵਾਲੇ ਬਣ ਜਾਣ। ਤਖ਼ਤਾਂ ਵਾਲਿਆਂ ਝੱਟ ਹੁਕਮਨਾਮਾ ਜਾਰੀ ਕਰ ਦਿੱਤਾ ਕਿ ਸਰਸਾ ਡੇਰੇ ਦੇ ਸ਼ਰਧਾਲੂਆਂ ਨਾਲ ਮਿਲਵਰਤਨ ਬੰਦ ਕਰ ਦੇਵੋ, ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਰੂਪ ਨਹੀਂ ਦੇਣਾ, ਸਮਾਜਿਕ ਭਾਈਚਾਰਕ ਸਾਂਝ ਨਹੀਂ ਰੱਖਣੀ, ਪੰਜਾਬ ਵਿੱਚ ਅੱਗ ਦੀਆਂ ਲਪਟਾਂ ਪੈਦਾ ਹੋਈਆਂ, ਪੰਜਾਬ ਅਤੇ ਕੌਮ ਦਾ ਨੁਕਸਾਨ ਹੋਇਆ, ਕੁੱਝ ਸਿੰਘ ਸ਼ਹੀਦ ਹੋ ਗਏ ਅਨੇਕਾਂ ਜ਼ਖਮੀ ਹੋ ਗਏ, ਕੁੱਝ ਅਜੇ ਤੱਕ ਜੇਲਾਂ ਵਿੱਚ ਬੰਦ ਹਨ। ਬਠਿੰਡੇ ਦੀ ਲੋਕ ਸਭਾ ਸੀਟ ਜਦੋਂ ਫਿਰ ਤਾਜ ਲਈ ਖਤਰਾ ਬਣਨ ਲੱਗੀ ਤਾਂ ਤਾਜਾਂ ਵਾਲਿਆਂ ਨੇ ਚੁੱਪ ਵੱਟ ਲਈ ਤਖ਼ਤਾਂ ਵਾਲਿਆਂ ਨੇ ਅੱਖਾਂ ਬੰਦ ਕਰ ਲਈਆਂ। ਅਖੀਰ ਉਹਨਾਂ ਸਰਸਾ ਪ੍ਰੇਮੀਆਂ ਦੀ ਮੱਦਦ ਨਾਲ ਹੀ ਆਪਣਾ ਤਾਜ ਸਲਾਮਤ ਕਰ ਲਿਆ। ਤਖ਼ਤਾਂ ਵਾਲਿਆਂ ਫਿਰ ਬੋਲੇ ਸੋ ਨਿਹਾਲ ਦੇ ਜੈਕਾਰੇ ਗੂੰਜਾਏ।
ਕੌਮ ਨਾਲ ਨਿਭਾਈਆਂ ਬੇਵਫਾਈਆਂ ਤਾਜਾਂ ਵਾਲਿਆਂ ਨੂੰ ਸਾਹਮਣੇ ਦਿਸਣ ਲੱਗੀਆਂ। ਆਉਣ ਵਾਲੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਜਦੋਂ ਤਾਜ ਨੂੰ ਖਤਰਾ ਪੈਦਾ ਹੁੰਦਾ ਦਿਸਿਆ ਤਾਂ ਝੱਟ ਉਹਨਾਂ ਨੂੰ ਫਿਰ ਤਖ਼ਤਾਂ ਵਾਲਿਆਂ ਦੀ ਯਾਦ ਆ ਗਈ। ਤੁਰੰਤ ਹੁਕਮ ਜਾਰੀ ਕੀਤੇ ਗਏ ‘ਜੋ ਅਸੀਂ ਨਾਨਕਸ਼ਾਹੀ ਕੈਲੰਡਰ ਪਿਛਲੇ ਸਾਲਾਂ ਵਿੱਚ ਰਿਲੀਜ਼ ਕੀਤਾ ਸੀ, ਤੁਰੰਤ ਰੱਦ ਕਰ ਦੇਵੋ’ ਕਿਉਂਕਿ ਸਮਝਦਾਰ ਸਿੱਖਾਂ ਨੂੰ ਹੁਣ ਇਹਨਾਂ ਤਾਜਾਂ ਦੀ ਚਮਕ ਬੁਰੀ ਲੱਗਣ ਲੱਗ ਗਈ ਹੈ ਇਸ ਲਈ ਕੌਮ ਦਾ ਮਿਲਗੋਭਾ ਭਾਈਚਾਰਾ ਸੰਤ ਸਮਾਜ ਜਾਂ ਅਜਿਹੇ ਹੀ ਹਿੰਦੂਵਾਦੀ ਪ੍ਰਭਾਵ ਹੇਠਲੇ ਲੋਕ ਚਾਹੁੰਦੇ ਸਨ ਕਿ ਅਸੀਂ ਤਾਂ ਤੁਹਾਡੇ ਤਾਜਾਂ ਦੀ ਤਾਂ ਹੀ ਰੱਖਿਆ ਕਰਾਂਗੇ ਜੇ ਸਾਡਾ ਹਲਵਾ-ਮੰਡਾ ਚਲਦਾ ਰੱਖਣ ਲਈ ਅੜਿੱਕਾ ਬਣੇ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰੋਗੇ। ਤਾਜਾਂ ਵਾਲਿਆਂ ਝੱਟ ਤਖ਼ਤਾਂ ਵਾਲਿਆਂ ਨੂੰ ਹੁਕਮ ਜਾਰੀ ਕੀਤੇ ਕੁੱਝ ਦਿਨ ਸਿੱਖਾਂ ਨੂੰ ਭੁਲੇਖੇ ਵਿੱਚ ਰੱਖ ਕੇ ਤਖ਼ਤਾਂ ਵਾਲਿਆਂ ਨੇ ਨਾਨਕਸ਼ਾਹੀ ਕੈਲੰਡਰ ਰੱਦ ਕਰ ਦਿੱਤਾ। ਤਾਜਾਂ ਵਾਲਿਆਂ ਦੀ ਜੈ-ਜੈ ਕਾਰ ਹੋਈ ਅਤੇ ਕੌਮੀ ਆਗੂਆਂ ਤੋਂ ਫਿੱਟੇ ਮੂੰਹ ਵੀ ਮਿਲੀ, ਪਰ ਚਲੋ ਤਾਜ ਸਲਾਮਤ ਹੋਣ ਦੀ ਉਮੀਦ ਜਾਗੀ ਧਰਮ ਦੀ ਆੜ ਹੇਠ ਹੀ ਸਹੀ।
ਹਰਿਆਣਾ ਦੇ ਸਿੱਖਾਂ ਨੂੰ ਅੱਖੋਂ ਉਹਲੇ ਕਰਕੇ ਅਤੇ ਉਥੋਂ ਦੇ ਸਥਾਨਕ ਗੁਰਦੁਆਰਿਆਂ ਦੀਆਂ ਗੋਲਕਾਂ `ਤੇ ਰਾਜਨੀਤੀ ਨੂੰ ਮਜ਼ਬੂਤ ਕਰਨ ਵਾਲਿਆਂ ਨੇ ਸਥਾਨਕ ਸਿੱਖਾਂ ਨੂੰ ਅਣਗੌਲਿਆ ਕੀਤਾ। ਉਹਨਾਂ ਸਿੱਖਾਂ ਨੇ ਮੰਗ ਕੀਤੀ ਕਿ ਸਾਨੂੰ ਸਾਡੇ ਬਣਦੇ ਹੱਕ ਦੇਵੋ ਨਹੀਂ ਤਾਂ ਸਾਨੂੰ ਵੀ ਵੱਖਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਲੈਣ ਦੇਵੋ। ਹਰਿਆਣਵੀ ਸਿੱਖਾਂ ਦੀਆਂ ਭਾਵਨਾਵਾਂ ਦੀ ਜਦੋਂ ਕਦਰ ਨਾ ਕੀਤੀ ਗਈ ਤਾਂ ਉਹਨਾਂ ਆਪਣੇ ਤੌਰ `ਤੇ ਹੀ ਵੱਖਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਲਾਨ ਕਰ ਦਿੱਤਾ। ਇਸ ਘਟਨਾ ਨਾਲ ਫਿਰ ਤਾਜਾਂ ਵਾਲਿਆਂ ਨੂੰ ਫਿਰ ਆਪਣੇ ਤਾਜ ਝੁਕਦੇ ਪ੍ਰਤੀਤ ਹੋਏ ਉਹਨਾਂ ਤਖ਼ਤਾਂ ਵਾਲਿਆਂ ਨੂੰ ਕਿਹਾ ਕਿ ਸਾਡੇ ਤਾਜਾਂ ਦੀ ਰੱਖਿਆ ਕਰੋ। ਤਖ਼ਤਾਂ ਵਾਲਿਆਂ ਨੇ ਆਪਣੇ ਆਕਾ ਤਾਜਾਂ ਵਾਲਿਆਂ ਦੀ ਫਿਰ ਪਹਿਰੇਦਾਰੀ ਕੀਤੀ। ਹਰਿਆਣਾ ਕਮੇਟੀ ਦੀ ਮੰਗ ਕਰਨ ਵਾਲਿਆਂ ਦੇ ਮੂਹਰੇ ਭਾਂਡਿਆਂ ਦੇ ਢੇਰ ਲਗਾ ਦਿੱਤੇ, ਜੁੱਤੀਆਂ ਸਾਫ਼ ਕਰਵਾ ਲਈਆਂ, ਤਾਜਾਂ ਵਾਲਿਆਂ ਨੂੰ ਆਪਣੇ ਤਾਜ ਹੁਣ ਬਹੁਤ ਮਜ਼ਬੂਤ ਮਹਿਸੂਸ ਹੋਏ ਉਹਨਾਂ ਆਪਣੇ ਤਖ਼ਤਾਂ ਵਾਲਿਆਂ ਨੂੰ ਪਾਰਟੀ ਦੇ ਵਰਕਰਾਂ ਨੂੰ ਸਾਬਾਸ਼ ਦਿੱਤੀ। ਬੋਲੇ ਸੋ ਨਿਹਾਲ … … ਹਾ, ਹਾ, ਹਾ! ! ! ਦੇ ਜੈਕਾਰੇ ਗੂੰਜੇ।
ਪ੍ਰੋ. ਦਰਸ਼ਨ ਸਿੰਘ ਰਾਗੀ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਇੱਕ ਜ਼ਾਲਮ ਡੈਣ ਨੂੰ ਖਤਮ ਕਰਨ ਲਈ ਅਜਿਹਾ ਮਾਹੌਲ ਸਿਰਜਿਆ ਜਿਸ ਸਦਕਾ ਸਿੱਖ ਆਪਣੀ ਪੁਰਾਤਨ ਪ੍ਰੰਪਰਾ ਨੂੰ ਮੁੜ ਸੁਰਜੀਤ ਕਰਨ ਵਿੱਚ ਕਾਮਯਾਬ ਹੋਏ। ਅਜਿਹੇ ਆਗੂ ਨੇ ਇੱਕ ਸਟੇਜ ਤੋਂ ‘ਬਾਬਰ ਨੂੰ ਜਾਬਰ’ ਆਖਣ ਦੀ ਹਿੰਮਤ ਕੀਤੀ, ਫਿਰ ਤਾਜਾਂ ਵਾਲਿਆਂ ਨੇ ਤਖ਼ਤਾਂ ਵਾਲਿਆਂ ਨੂੰ ਕਿਹਾ ਕਿ ਤਖ਼ਤਾਂ `ਤੇ ਬਿਰਾਜਮਾਨ ਕੀਤੇ ਮੇਰੇ ਸ਼ੇਰੋ, ਸਾਡੇ ਤਾਜਾਂ ਨੂੰ ਅੱਜ ਫਿਰ ਤੁਹਾਡੀ ਜ਼ਰੂਰਤ ਹੈ। ਤਖ਼ਤਾਂ ਵਾਲਿਆਂ ਨੇ ਚਾਰੋਂ ਤਰਫ਼ ਫੰਦੇ ਵਿਛਾ ਦਿੱਤੇ ਅਤੇ ਅਖੀਰ ਨਦੀ ਕਿਨਾਰੇ ਪਾਣੀ ਪੀ ਰਹੇ ਆਪਣੇ ਸ਼ਿਕਾਰ ਨੂੰ ਘੇਰ ਲਿਆੇ। ਪ੍ਰੋ. ਦਰਸ਼ਨ ਸਿੰਘ ਪੁੱਛਿਆ ‘ਮੇਰਾ ਕਸੂਰ’ ਤਖ਼ਤਾਂ ਵਾਲਿਆਂ ਫਸੇ ਲੇਲ਼ੇ ਨੂੰ ਸ਼ੇਰ ਵਾਲੀ ਸਾਖੀ ਸੁਣਾਈ ਕਿ ਅਸੀਂ ਜੰਗਲੀ ਜਾਨਵਰਾਂ ਦੇ ਰਾਜੇ ਅਤੇ ਤੂੰ ਸਾਡੇ ਪੀਣ ਵਾਲਾ ਪਾਣੀ ਜੂਠਾ ਕਰ ਰਿਹਾ ਹੈ’ ਫਸੇ ਲੇਲ਼ੇ ਨੇ ਫਿਰ ਕਿਹਾ ਕਿ ‘ਨਹੀਂ ਮਹਾਰਾਜ ਪਾਣੀ ਸਗੋਂ ਤੁਹਾਡੇ ਵੱਲੋਂ ਮੇਰੇ ਵੱਲ ਆਉਂਦਾ ਹੈ ਇਸ ਲਈ ਇਸ ਵਿੱਚ ਮੇਰਾ ਕੋਈ ਕਸੂਰ ਨਹੀਂ, ਪਰ ਸ਼ਿਕਾਰੀ ਨੂੰ ਤਾਂ ਸ਼ਿਕਾਰ ਦੀ ਹੀ ਲੋੜ ਸੀ, ਪਾਣੀ ਜੂਠਾ ਕਰਨ ਜਾਂ ਦਸਮ ਗ੍ਰੰਥ ਦਾ ਤਾਂ ਸਿਰਫ਼ ਬਹਾਨਾ ਹੀ ਸੀ। ਸ਼ਿਕਾਰ ਫਿਰ ਸ਼ਿਕਾਰੀਆਂ ਨੂੰ ਮਾਤ ਦੇ ਗਿਆ। ਸ਼ਿਕਾਰੀਆਂ ਨੇ ਐਲਾਨ ਕਰ ਦਿੱਤਾ ਕਿ ਇਹਨਾਂ ਜੰਗਲੀ ਜਾਨਵਰਾਂ ਦੇ ਅਸੀਂ ਰਾਜੇ ਹਾਂ ਇਥੇ ਸਾਡੀ ਸਲਤਨਤ ਹੈ, ਅਸੀਂ ਐਲਾਨ ਕਰਦੇ ਹਾਂ ਕਿ ਤੂੰ ਸਭ ਜੰਗਲੀ ਜਾਨਵਰਾਂ ਵਿਚੋਂ ਸਭ ਤੋਂ ਮਾੜਾ ਤੇ ਬੁਰਾ ਹੈ, ਪਰ ਸ਼ਿਕਾਰ ਨੇ ਖੁਦ ਨੂੰ ਜੰਗਲੀ ਜਾਨਵਰਾਂ ਦਾ ਹਿੱਸਾ ਬਣਨੋਂ ਬਚਾ ਲਿਆ। ਤਖ਼ਤਾਂ ਵਾਲਿਆਂ ਨੂੰ ਫਿਰ ਨਮੋਸ਼ੀ ਹੋਈ। ਹੁਣ ਤਖ਼ਤਾਂ ਵਾਲੇ ਅਤੇ ਤਾਜਾਂ ਵਾਲੇ ਦੋਨੋਂ ਹੀ ਇਹ ਗੱਲ ਸਮਝ ਲੈਣ ਕਿ ਦੋਨਾਂ ਦੇ ਹੁਕਮਨਾਮਿਆਂ ਦੀ ਜੋ ਦੁਰਦਸ਼ਾ ਹੋਈ ਹੈ, ਇਹ ਕੌਮ ਵਿੱਚ ਜਾਗ੍ਰਿਤੀ ਦੀ ਨਵੀਂ ਸਵੇਰ ਹੈ।
-ਗੁਰਸੇਵਕ ਸਿੰਘ ਧੌਲਾ
ਮੋਬਾ. 94632-16267
.